Skip to content

Skip to table of contents

ਜੀਵਨੀ

ਯਹੋਵਾਹ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਕੀਤੇ

ਯਹੋਵਾਹ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਕੀਤੇ

1984 ਵਿਚ ਇਕ ਦਿਨ ਸਵੇਰ ਨੂੰ ਮੈਂ ਘਰੋਂ ਕੰਮ ’ਤੇ ਜਾ ਰਿਹਾ ਸੀ। ਮੇਰਾ ਘਰ ਵੈਨੇਜ਼ੁਏਲਾ ਦੇ ਕਰਾਕਸ ਸ਼ਹਿਰ ਵਿਚ ਸੀ। ਇਸ ਇਲਾਕੇ ਵਿਚ ਬਹੁਤ ਸਾਰੇ ਅਮੀਰ ਲੋਕ ਰਹਿੰਦੇ ਸਨ। ਰਾਹ ਵਿਚ ਜਾਂਦਿਆਂ ਮੈਂ ਪਹਿਰਾਬੁਰਜ ਰਸਾਲੇ ਦੇ ਇਕ ਲੇਖ ’ਤੇ ਸੋਚ-ਵਿਚਾਰ ਕਰ ਰਿਹਾ ਸੀ। ਇਹ ਇਸ ਬਾਰੇ ਸੀ ਕਿ ਸਾਡੇ ਗੁਆਂਢੀ ਸਾਡੇ ਬਾਰੇ ਕੀ ਸੋਚਦੇ ਹਨ। ਨੇੜੇ ਦੇ ਘਰਾਂ ਵੱਲ ਦੇਖ ਕਿ ਮੈਂ ਖ਼ੁਦ ਨੂੰ ਪੁੱਛਿਆ: ‘ਕੀ ਮੇਰੇ ਗੁਆਂਢੀ ਮੈਨੂੰ ਬੈਂਕ ਵਿਚ ਚੰਗੀ-ਖ਼ਾਸੀ ਨੌਕਰੀ ਕਰਨ ਵਾਲਾ ਇਨਸਾਨ ਸਮਝਦੇ ਹਨ? ਜਾਂ ਫਿਰ ਕੀ ਉਹ ਮੈਨੂੰ ਪਰਮੇਸ਼ੁਰ ਦਾ ਸੇਵਕ ਸਮਝਦੇ ਹਨ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਬੈਂਕ ਵਿਚ ਨੌਕਰੀ ਕਰਦਾ ਹੈ?’ ਮੇਰੇ ਮਨ ਵਿਚ ਜੋ ਜਵਾਬ ਆਇਆ, ਉਸ ਤੋਂ ਮੈਂ ਖ਼ੁਸ਼ ਨਹੀਂ ਸੀ। ਇਸ ਲਈ ਮੈਂ ਸੋਚਿਆ ਕਿ ਮੈਨੂੰ ਕੁਝ ਕਰਨ ਦੀ ਲੋੜ ਹੈ।

ਮੇਰਾ ਜਨਮ 19 ਮਈ 1940 ਨੂੰ ਲੇਬਨਾਨ ਦੇ ਅੰਮੀਯੂਨ ਕਸਬੇ ਵਿਚ ਹੋਇਆ। ਕੁਝ ਸਾਲਾਂ ਬਾਅਦ ਸਾਡਾ ਪਰਿਵਾਰ ਟ੍ਰਿਪੋਲੀ ਸ਼ਹਿਰ ਚਲਾ ਗਿਆ ਜਿੱਥੇ ਮੇਰਾ ਪਾਲਣ-ਪੋਸ਼ਣ ਹੋਇਆ। ਮੇਰਾ ਪਰਿਵਾਰ ਬਹੁਤ ਚੰਗਾ ਸੀ ਅਤੇ ਉਹ ਯਹੋਵਾਹ ਪਰਮੇਸ਼ੁਰ ਬਾਰੇ ਜਾਣਦੇ ਸਨ ਅਤੇ ਉਸ ਨੂੰ ਬਹੁਤ ਪਿਆਰ ਕਰਦੇ ਸਨ। ਅਸੀਂ ਪੰਜ ਭੈਣ-ਭਰਾ ਸੀ, ਦੋ ਭਰਾ ਤੇ ਤਿੰਨ ਭੈਣਾਂ ਅਤੇ ਮੈਂ ਸਾਰਿਆਂ ਨਾਲੋਂ ਛੋਟਾ ਸੀ। ਮੇਰੇ ਮਾਪਿਆਂ ਲਈ ਇਹ ਜ਼ਿਆਦਾ ਜ਼ਰੂਰੀ ਨਹੀਂ ਸੀ ਕਿ ਉਹ ਬਹੁਤ ਸਾਰੇ ਪੈਸੇ ਕਮਾਉਣ। ਜ਼ਿੰਦਗੀ ਵਿਚ ਸਾਡੇ ਲਈ ਜ਼ਿਆਦਾ ਜ਼ਰੂਰੀ ਸੀ ਬਾਈਬਲ ਦਾ ਅਧਿਐਨ ਕਰਨਾ, ਮੀਟਿੰਗਾਂ ’ਤੇ ਜਾਣਾ ਅਤੇ ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਦੱਸਣਾ।

ਸਾਡੀ ਮੰਡਲੀ ਵਿਚ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਕਈ ਮਸੀਹੀ ਸਨ। ਉਨ੍ਹਾਂ ਵਿੱਚੋਂ ਇਕ ਸੀ ਭਰਾ ਮਿਸ਼ੈਲ ਅਬੂਦ। ਉਹ ਮੰਡਲੀ ਦੀ ਬਾਈਬਲ ਸਟੱਡੀ ਕਰਾਉਂਦਾ ਸੀ। ਉਸ ਨੂੰ ਨਿਊਯਾਰਕ ਵਿਚ ਸੱਚਾਈ ਮਿਲੀ ਸੀ ਅਤੇ ਉਸ ਨੇ 1921 ਵਿਚ ਲੇਬਨਾਨ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਗਿਲਿਅਡ ਸਕੂਲ ਤੋਂ ਗ੍ਰੈਜੂਏਟ ਹੋ ਕੇ ਦੋ ਭੈਣਾਂ ਲੇਬਨਾਨ ਵਿਚ ਸੇਵਾ ਕਰਨ ਆਈਆਂ ਸਨ। ਉਨ੍ਹਾਂ ਦੇ ਨਾਂ ਸਨ ਐਨ ਅਤੇ ਗਵੈੱਨ ਬੀਵਰ। ਭਰਾ ਅਬੂਦ ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ ਅਤੇ ਉਨ੍ਹਾਂ ਦੀ ਮਦਦ ਕਰਦੇ ਸਨ। ਅਸੀਂ ਸਾਰੇ ਚੰਗੇ ਦੋਸਤ ਬਣ ਗਏ। ਕਈ ਸਾਲਾਂ ਬਾਅਦ ਜਦੋਂ ਮੈਂ ਅਮਰੀਕਾ ਵਿਚ ਐਨ ਨੂੰ ਮਿਲਿਆ, ਤਾਂ ਮੈਨੂੰ ਬਹੁਤ ਖ਼ੁਸ਼ੀ ਹੋਈ! ਇਸ ਤੋਂ ਕੁਝ ਸਾਲਾਂ ਬਾਅਦ ਮੈਂ ਗਵੈੱਨ ਨੂੰ ਵੀ ਮਿਲਿਆ। ਉਸ ਦਾ ਵਿਆਹ ਵਿਲਫ੍ਰੈੱਡ ਗੂਚ ਨਾਲ ਹੋ ਚੁੱਕਾ ਸੀ ਅਤੇ ਉਹ ਦੋਵੇਂ ਲੰਡਨ ਬੈਥਲ ਵਿਚ ਸੇਵਾ ਕਰ ਰਹੇ ਸਨ।

ਲੇਬਨਾਨ ਵਿਚ ਪ੍ਰਚਾਰ

ਜਦੋਂ ਮੈਂ ਜਵਾਨ ਸੀ, ਤਾਂ ਲੇਬਨਾਨ ਵਿਚ ਥੋੜ੍ਹੇ ਜਿਹੇ ਗਵਾਹ ਸਨ। ਫਿਰ ਵੀ ਅਸੀਂ ਬੜੇ ਜੋਸ਼ ਨਾਲ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਂਦੇ ਸੀ। ਕੁਝ ਧਾਰਮਿਕ ਆਗੂ ਸਾਡਾ ਬਹੁਤ ਵਿਰੋਧ ਕਰਦੇ ਸਨ। ਮੈਨੂੰ ਕੁਝ ਘਟਨਾਵਾਂ ਅੱਜ ਵੀ ਚੰਗੀ ਤਰ੍ਹਾਂ ਯਾਦ ਹਨ।

ਇਕ ਦਿਨ ਮੈਂ ਤੇ ਮੇਰੀ ਭੈਣ ਸਨਾ ਇਕ ਬਿਲਡਿੰਗ ਵਿਚ ਪ੍ਰਚਾਰ ਕਰ ਰਹੇ ਸੀ। ਉਸ ਵੇਲੇ ਉੱਥੇ ਇਕ ਪਾਦਰੀ ਆ ਗਿਆ। ਸ਼ਾਇਦ ਕਿਸੇ ਨੇ ਉਸ ਨੂੰ ਖ਼ਬਰ ਦੇ ਦਿੱਤੀ ਸੀ। ਪਾਦਰੀ ਸਨਾ ਨੂੰ ਬੁਰਾ-ਭਲਾ ਕਹਿਣ ਲੱਗ ਪਿਆ ਅਤੇ ਉਸ ਨੇ ਸਨਾ ਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ। ਸਨਾ ਨੂੰ ਸੱਟ ਲੱਗ ਗਈ। ਕਿਸੇ ਨੇ ਪੁਲਸ ਨੂੰ ਫ਼ੋਨ ਕਰ ਕੇ ਬੁਲਾ ਲਿਆ। ਪੁਲਸ ਨੇ ਕਿਸੇ ਨੂੰ ਕਿਹਾ ਕਿ ਉਹ ਸਨਾ ਦੀ ਮਲ੍ਹਮ-ਪੱਟੀ ਕਰ ਦੇਵੇ ਅਤੇ ਉਹ ਪਾਦਰੀ ਨੂੰ ਥਾਣੇ ਲੈ ਗਏ। ਉੱਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਕੋਲ ਪਿਸਤੌਲ ਹੈ। ਫਿਰ ਇਕ ਵੱਡੇ ਅਫ਼ਸਰ ਨੇ ਉਸ ਨੂੰ ਪੁੱਛਿਆ, “ਤੂੰ ਪਾਦਰੀ ਹੈ ਜਾਂ ਗੁੰਡਾ?”

ਮੈਨੂੰ ਇਕ ਹੋਰ ਘਟਨਾ ਚੰਗੀ ਤਰ੍ਹਾਂ ਯਾਦ ਹੈ। ਪੂਰੀ ਮੰਡਲੀ ਨੇ ਇਕ ਬੱਸ ਕਿਰਾਏ ’ਤੇ ਲਈ ਸੀ ਅਤੇ ਅਸੀਂ ਪ੍ਰਚਾਰ ਕਰਨ ਲਈ ਦੂਰ ਇਕ ਪਿੰਡ ਵਿਚ ਗਏ ਸੀ। ਉੱਥੇ ਸਾਨੂੰ ਬਹੁਤ ਮਜ਼ਾ ਆ ਰਿਹਾ ਸੀ। ਉਸ ਵੇਲੇ ਉੱਥੋਂ ਦੇ ਇਕ ਪਾਦਰੀ ਨੂੰ ਪਤਾ ਲੱਗ ਕਿ ਅਸੀਂ ਕੀ ਕਰ ਰਹੇ ਸੀ ਅਤੇ ਉਹ ਲੋਕਾਂ ਨੂੰ ਇਕੱਠਾ ਕਰ ਕੇ ਲੈ ਆਇਆ। ਉਹ ਸਾਨੂੰ ਪਰੇਸ਼ਾਨ ਕਰਨ ਲੱਗੇ ਅਤੇ ਪੱਥਰ ਵੀ ਮਾਰਨ ਲੱਗ ਗਏ। ਡੈਡੀ ਦੇ ਸੱਟ ਲੱਗ ਗਈ। ਮੰਮੀ ਤੇ ਡੈਡੀ ਵਾਪਸ ਬੱਸ ਵਿਚ ਚਲੇ ਗਏ ਅਤੇ ਅਸੀਂ ਵੀ ਘਬਰਾਏ ਹੋਏ ਉਨ੍ਹਾਂ ਦੇ ਪਿੱਛੇ-ਪਿੱਛੇ ਚਲੇ ਗਏ। ਜਦੋਂ ਮੰਮੀ ਡੈਡੀ ਦਾ ਚਿਹਰਾ ਸਾਫ਼ ਕਰ ਰਹੇ ਸੀ, ਤਾਂ ਉਨ੍ਹਾਂ ਨੇ ਇਕ ਗੱਲ ਕਹੀ ਜੋ ਮੈਂ ਕਦੇ ਨਹੀਂ ਭੁੱਲਾਂਗਾ। ਉਨ੍ਹਾਂ ਨੇ ਕਿਹਾ: “ਯਹੋਵਾਹ ਇਨ੍ਹਾਂ ਨੂੰ ਮਾਫ਼ ਕਰ ਦੇਈਂ, ਇਨ੍ਹਾਂ ਨੂੰ ਨਹੀਂ ਪਤਾ ਕਿ ਇਹ ਕੀ ਕਰ ਰਹੇ ਹਨ।”

ਮੈਨੂੰ ਇਕ ਹੋਰ ਘਟਨਾ ਯਾਦ ਹੈ ਜਦੋਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਿੰਡ ਗਏ ਸੀ। ਜਦ ਅਸੀਂ ਉੱਥੇ ਪਹੁੰਚੇ, ਤਾਂ ਦਾਦਾ ਜੀ ਦੇ ਘਰ ਇਕ ਮੰਨਿਆ-ਪ੍ਰਮੰਨਿਆ ਬਿਸ਼ਪ ਬੈਠਾ ਸੀ। ਉਹ ਜਾਣਦਾ ਸੀ ਕਿ ਮੇਰੇ ਮੰਮੀ-ਡੈਡੀ ਯਹੋਵਾਹ ਦੇ ਗਵਾਹ ਹਨ। ਪਰ ਉਸ ਨੇ ਉਨ੍ਹਾਂ ਨੂੰ ਕੁਝ ਕਹਿਣ ਦੀ ਬਜਾਇ ਮੈਨੂੰ ਪੁੱਛਿਆ: “ਏ ਮੁੰਡਿਆ, ਤੂੰ ਹਾਲੇ ਤਕ ਬਪਤਿਸਮਾ ਕਿਉਂ ਨਹੀਂ ਲਿਆ?” ਮੈਂ ਉਸ ਵੇਲੇ 6 ਸਾਲ ਦਾ ਸੀ। ਇਸ ਲਈ ਮੈਂ ਕਿਹਾ ਕਿ ਮੈਂ ਅਜੇ ਬੱਚਾ ਹਾਂ। ਮੈਂ ਬਾਈਬਲ ਬਾਰੇ ਅਜੇ ਹੋਰ ਸਿੱਖਣਾ ਹੈ ਅਤੇ ਆਪਣੀ ਨਿਹਚਾ ਮਜ਼ਬੂਤ ਕਰਨੀ ਹੈ। ਮੇਰਾ ਜਵਾਬ ਸੁਣ ਕੇ ਉਸ ਨੂੰ ਚੰਗਾ ਨਹੀਂ ਲੱਗਾ। ਉਸ ਨੇ ਦਾਦਾ ਜੀ ਨੂੰ ਕਿਹਾ ਕਿ ਮੈਂ ਉਸ ਨਾਲ ਬੜੀ ਬਦਤਮੀਜ਼ੀ ਨਾਲ ਗੱਲ ਕੀਤੀ।

ਪਰ ਇੱਦਾਂ ਨਹੀਂ ਸੀ ਕਿ ਹਰ ਵਾਰ ਲੇਬਨਾਨ ਦੇ ਲੋਕਾਂ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ। ਆਮ ਤੌਰ ਤੇ ਇੱਥੇ ਦੇ ਲੋਕ ਬਹੁਤ ਚੰਗੇ ਸੁਭਾਅ ਦੇ ਹਨ ਅਤੇ ਪਰਾਹੁਣਚਾਰੀ ਕਰਦੇ ਹਨ। ਇਸ ਲਈ ਅਸੀਂ ਕਈ ਲੋਕਾਂ ਨਾਲ ਬਾਈਬਲ ਤੋਂ ਗੱਲ ਕਰ ਸਕੇ ਅਤੇ ਬਹੁਤ ਸਾਰੇ ਲੋਕਾਂ ਨੇ ਤਾਂ ਬਾਈਬਲ ਸਟੱਡੀ ਵੀ ਕੀਤੀ।

ਅਸੀਂ ਦੂਸਰੇ ਦੇਸ਼ ਵਿਚ ਜਾ ਕੇ ਵੱਸ ਗਏ

ਜਦੋਂ ਮੈਂ ਸਕੂਲ ਵਿਚ ਸੀ, ਤਾਂ ਵੈਨੇਜ਼ੁਏਲਾ ਤੋਂ ਇਕ ਜਵਾਨ ਭਰਾ ਲੇਬਨਾਨ ਆਇਆ। ਉਹ ਸਾਡੀਆਂ ਮੀਟਿੰਗਾਂ ਵਿਚ ਆਉਣ ਲੱਗਾ। ਉਸ ਦੀ ਮੇਰੀ ਭੈਣ ਵਾਫਾ ਦੇ ਨਾਲ ਜਾਣ-ਪਛਾਣ ਵਧਣ ਲੱਗੀ। ਉਨ੍ਹਾਂ ਦੋਹਾਂ ਦਾ ਵਿਆਹ ਹੋ ਗਿਆ ਅਤੇ ਉਹ ਵੈਨੇਜ਼ੁਏਲਾ ਚਲੇ ਗਏ। ਵਾਫਾ ਨੂੰ ਸਾਡੀ ਇੰਨੀ ਯਾਦ ਆਉਂਦੀ ਸੀ ਕਿ ਉਹ ਵਾਰ-ਵਾਰ ਡੈਡੀ ਨੂੰ ਚਿੱਠੀ ਲਿਖ ਕੇ ਕਹਿੰਦੀ ਸੀ ਕਿ ਸਾਨੂੰ ਸਾਰਿਆਂ ਨੂੰ ਵੀ ਵੈਨੇਜ਼ੁਏਲਾ ਆ ਜਾਣਾ ਚਾਹੀਦਾ ਹੈ। ਅਖ਼ੀਰ ਉਸ ਨੇ ਸਾਨੂੰ ਮਨਾ ਹੀ ਲਿਆ!

1953 ਵਿਚ ਅਸੀਂ ਕਰਾਕਸ ਆ ਗਏ। ਸਾਡਾ ਘਰ ਰਾਸ਼ਟਰਪਤੀ ਭਵਨ ਦੇ ਕੋਲ ਹੀ ਸੀ। ਜਦੋਂ ਵੀ ਮੈਂ ਰਾਸ਼ਟਰਪਤੀ ਨੂੰ ਵੱਡੀ ਅਤੇ ਚਮਕਦੀ ਗੱਡੀ ਵਿਚ ਜਾਂਦਾ ਦੇਖਦਾ ਸੀ, ਤਾਂ ਮੈਨੂੰ ਬਹੁਤ ਚੰਗਾ ਲੱਗਦਾ ਸੀ। ਮੇਰੇ ਮੰਮੀ-ਡੈਡੀ ਲਈ ਇਸ ਦੇਸ਼ ਦੇ ਰਹਿਣ-ਸਹਿਣ ਮੁਤਾਬਕ ਢਲ਼ਣਾ ਥੋੜ੍ਹਾ ਮੁਸ਼ਕਲ ਹੋ ਰਿਹਾ ਸੀ। ਇੱਥੋਂ ਦਾ ਸਭਿਆਚਾਰ, ਭਾਸ਼ਾ, ਮੌਸਮ ਅਤੇ ਖਾਣਾ-ਪੀਣਾ ਸਾਰਾ ਕੁਝ ਵੱਖਰਾ ਸੀ। ਅਜੇ ਮੰਮੀ-ਡੈਡੀ ਨੇ ਇੱਥੇ ਦੇ ਮਾਹੌਲ ਮੁਤਾਬਕ ਢਲ਼ਣਾ ਸ਼ੁਰੂ ਹੀ ਕੀਤਾ ਸੀ ਕਿ ਕੁਝ ਬਹੁਤ ਹੀ ਬੁਰਾ ਹੋਇਆ।

ਖੱਬੇ ਤੋਂ ਸੱਜੇ: ਮੇਰੇ ਡੈਡੀ। ਮੇਰੀ ਮੰਮੀ। 1953 ਦੀ ਮੇਰੀ ਫੋਟੋ ਜਦੋਂ ਅਸੀਂ ਵੈਨੇਜ਼ੁਏਲਾ ਚਲੇ ਗਏ ਸੀ।

ਸਾਡੇ ’ਤੇ ਕਹਿਰ ਟੁੱਟ ਪਿਆ

ਡੈਡੀ ਬੀਮਾਰ ਰਹਿਣ ਲੱਗੇ। ਸਾਨੂੰ ਯਕੀਨ ਨਹੀਂ ਹੋ ਰਿਹਾ ਸੀ ਕਿਉਂਕਿ ਉਨ੍ਹਾਂ ਦੀ ਸਿਹਤ ਹਮੇਸ਼ਾ ਠੀਕ ਰਹਿੰਦੀ ਸੀ। ਡਾਕਟਰ ਨੂੰ ਦਿਖਾਉਣ ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਪੈਨਕ੍ਰੀਆ (ਪਾਚਕ-ਗ੍ਰੰਥੀ) ਦਾ ਕੈਂਸਰ ਹੈ। ਉਨ੍ਹਾਂ ਦਾ ਓਪਰੇਸ਼ਨ ਵੀ ਹੋਇਆ। ਪਰ ਦੁੱਖ ਦੀ ਗੱਲ ਹੈ ਕਿ ਇਕ ਹਫ਼ਤੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿ ਡੈਡੀ ਦੀ ਮੌਤ ਦਾ ਸਾਨੂੰ ਕਿੰਨਾ ਵੱਡਾ ਸਦਮਾ ਲੱਗਾ। ਉਸ ਵੇਲੇ ਮੈਂ ਸਿਰਫ਼ 13 ਸਾਲਾਂ ਦਾ ਸੀ। ਮੈਨੂੰ ਇੱਦਾਂ ਲੱਗਾ ਜਿਵੇਂ ਸਾਡੀ ਦੁਨੀਆਂ ਹੀ ਉੱਜੜ ਗਈ ਹੋਵੇ। ਕੁਝ ਸਮੇਂ ਲਈ ਮੰਮੀ ਲਈ ਇਹ ਮੰਨਣਾ ਔਖਾ ਹੋ ਰਿਹਾ ਸੀ ਕਿ ਡੈਡੀ ਹੁਣ ਨਹੀਂ ਰਹੇ। ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇਹ ਦੁੱਖ ਸਹਿ ਪਾਏ ਅਤੇ ਆਪਣੀ ਜ਼ਿੰਦਗੀ ਦਾ ਸਫ਼ਰ ਜਾਰੀ ਰੱਖਿਆ। 16 ਸਾਲ ਦੀ ਉਮਰ ਵਿਚ ਮੈਂ ਕਰਾਕਸ ਵਿਚ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ। ਮੈਂ ਚਾਹੁੰਦਾ ਸੀ ਕਿ ਘਰ ਦਾ ਗੁਜ਼ਾਰਾ ਤੋਰਨ ਲਈ ਆਪਣੇ ਪਰਿਵਾਰ ਦੀ ਮਦਦ ਕਰਾਂ।

ਮੇਰੀ ਭੈਣ ਸਨਾ ਅਤੇ ਉਸ ਦਾ ਪਤੀ ਰੂਬੇਨ। ਉਨ੍ਹਾਂ ਨੇ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਵਿਚ ਮੇਰੀ ਬਹੁਤ ਮਦਦ ਕੀਤੀ

ਕੁਝ ਸਮੇਂ ਬਾਅਦ ਸਨਾ ਦਾ ਵਿਆਹ ਰੂਬੇਨ ਅਰਾਉਹੋ ਨਾਲ ਹੋ ਗਿਆ। ਉਹ ਗਿਲਿਅਡ ਸਕੂਲ ਤੋਂ ਗ੍ਰੈਜੂਏਟ ਹੋ ਕੇ ਵੈਨੇਜ਼ੁਏਲਾ ਵਾਪਸ ਆਇਆ ਸੀ। ਥੋੜ੍ਹੇ ਸਮੇਂ ਬਾਅਦ ਉਹ ਨਿਊਯਾਰਕ ਚਲੇ ਗਏ। ਮੇਰਾ ਪਰਿਵਾਰ ਚਾਹੁੰਦਾ ਸੀ ਕਿ ਮੈਂ ਨਿਊਯਾਰਕ ਦੀ ਯੂਨੀਵਰਸਿਟੀ ਵਿਚ ਪੜ੍ਹਾਂ ਅਤੇ ਆਪਣੀ ਭੈਣ ਕੋਲ ਰਹਾਂ। ਮੇਰੀ ਭੈਣ ਅਤੇ ਜੀਜੇ ਨੇ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਵਿਚ ਮੇਰੀ ਬਹੁਤ ਮਦਦ ਕੀਤੀ। ਉੱਥੇ ਮੈਂ ਬਰੁਕਲਿਨ ਦੀ ਸਪੈਨਿਸ਼ ਮੰਡਲੀ ਵਿਚ ਜਾਣ ਲੱਗਾ। ਉੱਥੇ ਕਈ ਤਜਰਬੇਕਾਰ ਭਰਾ ਸਨ। ਦੋ ਭਰਾਵਾਂ ਨਾਲ ਮੇਰੀ ਚੰਗੀ ਜਾਣ-ਪਛਾਣ ਹੋ ਗਈ, ਭਰਾ ਮਿਲਟਨ ਹੈੱਨਸ਼ਲ ਅਤੇ ਫਰੈਡਰਿਕ ਫ਼ਰਾਂਜ਼। ਇਹ ਦੋਵੇਂ ਭਰਾ ਬਰੁਕਲਿਨ ਬੈਥਲ ਵਿਚ ਸੇਵਾ ਕਰਦੇ ਸਨ।

1957 ਵਿਚ ਮੇਰਾ ਬਪਤਿਸਮਾ

ਯੂਨੀਵਰਸਿਟੀ ਵਿਚ ਮੇਰਾ ਪਹਿਲਾ ਸਾਲ ਪੂਰਾ ਹੋਣ ਵਾਲਾ ਸੀ। ਪਰ ਮੇਰੇ ਮਨ ਵਿਚ ਬੱਸ ਇਹੀ ਚੱਲ ਰਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਕੀ ਕਰ ਰਿਹਾ ਹਾਂ। ਮੈਂ ਪਹਿਰਾਬੁਰਜ ਰਸਾਲੇ ਵਿਚ ਅਜਿਹੇ ਕਈ ਭੈਣਾਂ-ਭਰਾਵਾਂ ਬਾਰੇ ਲੇਖ ਪੜ੍ਹੇ ਸਨ ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨ ਲਈ ਚੰਗੇ ਟੀਚੇ ਰੱਖੇ ਸਨ। ਮੈਂ ਦੇਖਦਾ ਸੀ ਕਿ ਮੇਰੀ ਮੰਡਲੀ ਦੇ ਪਾਇਨੀਅਰ ਅਤੇ ਬੈਥਲ ਦੇ ਭੈਣ-ਭਰਾ ਖ਼ੁਸ਼ ਰਹਿੰਦੇ ਸਨ। ਮੈਂ ਵੀ ਉਨ੍ਹਾਂ ਵਾਂਗ ਖ਼ੁਸ਼ ਰਹਿਣਾ ਚਾਹੁੰਦਾ ਸੀ। ਪਰ ਇਕ ਮੁਸ਼ਕਲ ਸੀ, ਮੇਰਾ ਹਾਲੇ ਤਕ ਬਪਤਿਸਮਾ ਨਹੀਂ ਹੋਇਆ ਸੀ। ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਨੀ ਚਾਹੀਦੀ ਹੈ। ਮੈਂ ਸਮਰਪਣ ਕਰ ਕੇ 30 ਮਾਰਚ 1957 ਨੂੰ ਬਪਤਿਸਮਾ ਲੈ ਲਿਆ।

ਅਹਿਮ ਫ਼ੈਸਲੇ

ਬਪਤਿਸਮਾ ਲੈਣ ਤੋਂ ਬਾਅਦ ਮੈਂ ਪਾਇਨੀਅਰਿੰਗ ਕਰਨੀ ਚਾਹੁੰਦਾ ਸੀ। ਪਰ ਇਹ ਕਦਮ ਚੁੱਕਣਾ ਇੰਨਾ ਸੌਖਾ ਨਹੀਂ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਯੂਨੀਵਰਸਿਟੀ ਦੀ ਪੜ੍ਹਾਈ ਦੇ ਨਾਲ-ਨਾਲ ਪਾਇਨੀਅਰਿੰਗ ਕਿਵੇਂ ਕਰਾਂ। ਇਸ ਬਾਰੇ ਮੈਂ ਆਪਣੇ ਘਰਦਿਆਂ ਨੂੰ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ। ਉਨ੍ਹਾਂ ਨੇ ਵੀ ਮੈਨੂੰ ਚਿੱਠੀਆਂ ਲਿਖੀਆਂ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਯੂਨੀਵਰਸਿਟੀ ਦੀ ਪੜ੍ਹਾਈ ਛੱਡਣੀ ਚਾਹੁੰਦਾ ਹਾਂ ਅਤੇ ਵੈਨੇਜ਼ੁਏਲਾ ਆ ਕੇ ਪਾਇਨੀਅਰਿੰਗ ਕਰਨੀ ਚਾਹੁੰਦਾ ਹਾਂ।

ਜੂਨ 1957 ਵਿਚ ਮੈਂ ਕਰਾਕਸ ਵਾਪਸ ਆਇਆ। ਜਦੋਂ ਮੈਂ ਵਾਪਸ ਆਇਆ, ਤਾਂ ਮੈਂ ਦੇਖਿਆ ਕਿ ਮੇਰੇ ਘਰਦਿਆਂ ਨੂੰ ਪੈਸੇ ਦੀ ਕਿੰਨੀ ਤੰਗੀ ਸੀ। ਇਸ ਲਈ ਮੈਨੂੰ ਵੀ ਕੰਮ ਕਰਨਾ ਪੈਣਾ ਸੀ। ਮੈਨੂੰ ਬੈਂਕ ਵਿਚ ਨੌਕਰੀ ਮਿਲ ਰਹੀ ਸੀ। ਪਰ ਮੈਂ ਪਾਇਨੀਅਰਿੰਗ ਕਰਨੀ ਚਾਹੁੰਦਾ ਸੀ। ਆਖ਼ਰ ਮੈਂ ਇਸੇ ਲਈ ਤਾਂ ਵਾਪਸ ਆਇਆ ਸੀ। ਮੈਂ ਸੋਚ ਲਿਆ ਕਿ ਮੈਂ ਦੋਵੇਂ ਕਰਾਂਗਾ। ਕਈ ਸਾਲਾਂ ਤਕ ਮੈਂ ਪੂਰੇ ਸਮੇਂ ਦੀ ਨੌਕਰੀ ਕੀਤੀ ਅਤੇ ਪਾਇਨੀਅਰਿੰਗ ਵੀ। ਮੈਂ ਪਹਿਲਾਂ ਕਦੇ ਵੀ ਇੰਨਾ ਬਿਜ਼ੀ ਨਹੀਂ ਰਿਹਾ ਤੇ ਨਾ ਹੀ ਇੰਨਾ ਖ਼ੁਸ਼!

ਉਦੋਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਮੈਂ ਜਰਮਨ ਦੀ ਇਕ ਖ਼ੂਬਸੂਰਤ ਭੈਣ ਸਿਲਵੀਆ ਨੂੰ ਮਿਲਿਆ ਅਤੇ ਉਸ ਨਾਲ ਮੇਰਾ ਵਿਆਹ ਹੋ ਗਿਆ। ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਸੀ। ਉਹ ਆਪਣੇ ਮੰਮੀ-ਡੈਡੀ ਨਾਲ ਜਰਮਨੀ ਤੋਂ ਵੈਨੇਜ਼ੁਏਲਾ ਆ ਕੇ ਰਹਿਣ ਲੱਗ ਪਈ ਸੀ। ਸਾਡੇ ਦੋ ਬੱਚੇ ਹੋਏ ਮਿਸ਼ੈਲ (ਮਾਈਕ) ਅਤੇ ਸਮੀਰਾ। ਮੇਰੇ ਮੰਮੀ ਸਾਡੇ ਨਾਲ ਆ ਕੇ ਰਹਿਣ ਲੱਗ ਪਏ ਅਤੇ ਮੈਂ ਉਨ੍ਹਾਂ ਦੀ ਵੀ ਦੇਖ-ਭਾਲ ਕਰਨ ਲੱਗਾ। ਪਰਿਵਾਰ ਦੀ ਦੇਖ-ਭਾਲ ਕਰਨ ਲਈ ਮੈਨੂੰ ਪਾਇਨੀਅਰਿੰਗ ਛੱਡਣੀ ਪਈ। ਪਰ ਫਿਰ ਵੀ ਮੈਂ ਪੂਰੇ ਜੋਸ਼ ਨਾਲ ਪ੍ਰਚਾਰ ਕਰਦਾ ਰਿਹਾ। ਜਦੋਂ ਵੀ ਮੈਨੂੰ ਅਤੇ ਸਿਲਵੀਆ ਨੂੰ ਮੌਕਾ ਮਿਲਦਾ ਸੀ, ਤਾਂ ਅਸੀਂ ਛੁੱਟੀਆਂ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਦੇ ਸੀ।

ਇਕ ਹੋਰ ਵੱਡਾ ਫ਼ੈਸਲਾ

ਇਸ ਲੇਖ ਦੀ ਸ਼ੁਰੂਆਤ ਵਿਚ ਜਿਸ ਘਟਨਾ ਬਾਰੇ ਮੈਂ ਦੱਸਿਆ, ਉਸ ਵੇਲੇ ਮੇਰੇ ਬੱਚੇ ਛੋਟੇ ਸਨ ਅਤੇ ਸਕੂਲ ਵਿਚ ਪੜ੍ਹ ਰਹੇ ਸਨ। ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਬੈਂਕ ਵਿਚ ਸਾਰੇ ਮੇਰੀ ਇੱਜ਼ਤ ਕਰਦੇ ਸਨ। ਪਰ ਮੈਂ ਚਾਹੁੰਦਾ ਸੀ ਕਿ ਲੋਕ ਮੈਨੂੰ ਯਹੋਵਾਹ ਦੇ ਸੇਵਕ ਵਜੋਂ ਜਾਣਨ। ਇਹ ਗੱਲ ਮੇਰੇ ਦਿਮਾਗ਼ ਵਿੱਚੋਂ ਨਿਕਲ ਨਹੀਂ ਰਹੀ ਸੀ। ਮੈਂ ਇਸ ਬਾਰੇ ਕੁਝ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਆਪਣੀ ਪਤਨੀ ਨਾਲ ਗੱਲਬਾਤ ਕੀਤੀ ਅਤੇ ਖ਼ਰਚਿਆਂ ਦਾ ਹਿਸਾਬ ਲਾਇਆ ਕਿ ਜੇ ਮੈਂ ਛੇਤੀ ਰੀਟਾਇਰਮੈਂਟ ਲੈ ਲੈਂਦਾ ਹਾਂ, ਤਾਂ ਬੈਂਕ ਤੋਂ ਮੈਨੂੰ ਬਹੁਤ ਸਾਰੇ ਪੈਸੇ ਮਿਲ ਜਾਣਗੇ। ਅਸੀਂ ਇਹ ਵੀ ਸੋਚਿਆ ਕਿ ਸਾਡੇ ਸਿਰ ’ਤੇ ਕੋਈ ਕਰਜ਼ਾ ਨਹੀਂ ਹੈ। ਇਸ ਲਈ ਜੇ ਅਸੀਂ ਸਾਦੀ ਜ਼ਿੰਦਗੀ ਜੀਉਂਦੇ ਹਾਂ, ਤਾਂ ਉਨ੍ਹਾਂ ਪੈਸਿਆਂ ਨਾਲ ਕਾਫ਼ੀ ਲੰਬੇ ਸਮੇਂ ਤਕ ਗੁਜ਼ਾਰਾ ਚੱਲ ਸਕਦਾ ਹੈ। ਸਾਨੂੰ ਪੈਸਿਆਂ ਦੀ ਕੋਈ ਚਿੰਤਾ ਨਹੀਂ ਹੋਵੇਗੀ।

ਨੌਕਰੀ ਛੱਡਣੀ ਆਸਾਨ ਨਹੀਂ ਸੀ, ਪਰ ਮੇਰੀ ਪਤਨੀ ਅਤੇ ਮੰਮੀ ਨੇ ਮੇਰਾ ਬਹੁਤ ਸਾਥ ਦਿੱਤਾ। ਮੈਂ ਬਹੁਤ ਖ਼ੁਸ਼ ਸੀ ਕਿ ਮੈਂ ਫਿਰ ਤੋਂ ਪਾਇਨੀਅਰਿੰਗ ਕਰ ਪਾਵਾਂਗਾ। ਮੈਂ ਪਾਇਨੀਅਰਿੰਗ ਸ਼ੁਰੂ ਕਰਨ ਲਈ ਬਿਲਕੁਲ ਤਿਆਰ ਸੀ। ਉਦੋਂ ਫਿਰ ਸਾਨੂੰ ਇਕ ਅਜਿਹੀ ਖ਼ਬਰ ਮਿਲੀ ਜਿਸ ਨੂੰ ਸੁਣ ਕੇ ਅਸੀਂ ਹੱਕੇ-ਬੱਕੇ ਰਹਿ ਗਏ।

ਹੈਰਾਨੀ ਵੀ ਬਹੁਤ ਹੋਈ ਅਤੇ ਖ਼ੁਸ਼ੀ ਵੀ!

ਸਾਡੇ ਤੀਜੇ ਮੁੰਡੇ ਗੈਬਰੀਅਲ ਦੀ ਖ਼ਬਰ ਸੁਣ ਕੇ ਸਾਨੂੰ ਖ਼ੁਸ਼ੀ ਵੀ ਹੋਈ ਅਤੇ ਹੈਰਾਨੀ ਵੀ

ਇਕ ਦਿਨ ਡਾਕਟਰ ਨੇ ਦੱਸਿਆ ਕਿ ਸਿਲਵੀਆ ਮਾਂ ਬਣਨ ਵਾਲੀ ਹੈ। ਇਹ ਸੁਣ ਕੇ ਅਸੀਂ ਥੋੜ੍ਹੇ ਹੈਰਾਨ ਤਾਂ ਹੋਏ, ਪਰ ਸਾਨੂੰ ਖ਼ੁਸ਼ੀ ਵੀ ਬਹੁਤ ਹੋਈ। ਅਸੀਂ ਇਸ ਬੱਚੇ ਦੀ ਉਡੀਕ ਕਰਨ ਲੱਗੇ। ਪਰ ਮੈਂ ਮਨ ਹੀ ਮਨ ਸੋਚਣ ਲੱਗਾ ਕਿ ਹੁਣ ਮੇਰੀ ਪਾਇਨੀਅਰਿੰਗ ਦਾ ਕੀ ਹੋਵੇਗਾ।

ਅਸੀਂ ਇਸ ਬਾਰੇ ਗੱਲ ਕੀਤੀ ਅਤੇ ਫ਼ੈਸਲਾ ਕੀਤਾ ਕਿ ਮੈਂ ਪਾਇਨੀਅਰਿੰਗ ਕਰਾਂਗਾ। ਅਪ੍ਰੈਲ 1985 ਵਿਚ ਗੈਬਰੀਅਲ ਪੈਦਾ ਹੋਇਆ। ਮੈਂ ਬੈਂਕ ਦੀ ਨੌਕਰੀ ਛੱਡ ਦਿੱਤੀ ਅਤੇ ਜੂਨ 1985 ਵਿਚ ਫਿਰ ਤੋਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਮੈਨੂੰ ਬ੍ਰਾਂਚ ਕਮੇਟੀ ਦਾ ਮੈਂਬਰ ਬਣਾਇਆ ਗਿਆ। ਪਰ ਬ੍ਰਾਂਚ ਆਫ਼ਿਸ ਕਰਾਕਸ ਤੋਂ ਲਗਭਗ 50 ਮੀਲ (80 ਕਿਲੋਮੀਟਰ) ਦੂਰ ਸੀ ਅਤੇ ਮੈਨੂੰ ਹਫ਼ਤੇ ਵਿਚ ਦੋ ਜਾਂ ਤਿੰਨ ਦਿਨ ਉੱਥੇ ਜਾਣਾ ਪੈਂਦਾ ਸੀ।

ਅਸੀਂ ਹੋਰ ਜਗ੍ਹਾ ਚਲੇ ਗਏ

ਬ੍ਰਾਂਚ ਆਫ਼ਿਸ ਲਾ-ਵਿਕਟੋਰੀਆ ਵਿਚ ਸੀ। ਇਸ ਲਈ ਅਸੀਂ ਫ਼ੈਸਲਾ ਕੀਤਾ ਕਿ ਅਸੀਂ ਲਾ-ਵਿਕਟੋਰੀਆ ਚਲੇ ਜਾਵਾਂਗੇ ਜੋ ਕਿ ਬੈਥਲ ਦੇ ਨੇੜੇ ਸੀ। ਇਹ ਸਾਡੇ ਲਈ ਬਹੁਤ ਵੱਡਾ ਫ਼ੈਸਲਾ ਸੀ। ਮੈਂ ਆਪਣੇ ਪਰਿਵਾਰ ਦਾ ਅਹਿਸਾਨਮੰਦ ਹਾਂ। ਉਨ੍ਹਾਂ ਨੇ ਇਹ ਫ਼ੈਸਲਾ ਕਰਨ ਵਿਚ ਮੇਰਾ ਸਾਥ ਦਿੱਤਾ। ਮੇਰੀ ਭੈਣ ਬਹਾ ਨੇ ਕਿਹਾ ਕਿ ਉਹ ਮੰਮੀ ਦਾ ਖ਼ਿਆਲ ਰੱਖੇਗੀ। ਮਾਇਕ ਦਾ ਵਿਆਹ ਹੋ ਗਿਆ ਸੀ ਅਤੇ ਉਹ ਅਲੱਗ ਰਹਿ ਰਿਹਾ ਸੀ। ਪਰ ਸਮੀਰਾ ਤੇ ਗੈਬਰੀਅਲ ਹਾਲੇ ਵੀ ਸਾਡੇ ਨਾਲ ਰਹਿ ਰਹੇ ਸਨ। ਉਨ੍ਹਾਂ ਨੂੰ ਆਪਣੇ ਦੋਸਤਾਂ ਨੂੰ ਛੱਡ ਕੇ ਜਾਣਾ ਪੈਣਾ ਸੀ। ਸਿਲਵੀਆ ਨੂੰ ਹੁਣ ਇਕ ਛੋਟੇ ਜਿਹੇ ਸ਼ਹਿਰ ਵਿਚ ਰਹਿਣ ਦੀ ਆਦਤ ਪਾਉਣੀ ਪੈਣੀ ਸੀ ਅਤੇ ਸਾਨੂੰ ਸਾਰਿਆਂ ਨੂੰ ਇਕ ਛੋਟੇ ਜਿਹੇ ਘਰ ਵਿਚ ਰਹਿਣਾ ਪੈਣਾ ਸੀ। ਸਾਡੇ ਲਈ ਕਰਾਕਸ ਛੱਡ ਕੇ ਲਾ-ਵਿਕਟੋਰੀਆ ਜਾਣਾ ਸੌਖਾ ਨਹੀਂ ਸੀ।

ਇਕ ਵਾਰ ਫਿਰ ਹਾਲਾਤ ਬਦਲ ਗਏ। ਗੈਬਰੀਅਲ ਦਾ ਵਿਆਹ ਹੋ ਗਿਆ ਅਤੇ ਉਹ ਅਲੱਗ ਰਹਿਣ ਲੱਗ ਪਿਆ। ਨਾਲੇ ਸਮੀਰਾ ਵੀ ਅਲੱਗ ਰਹਿਣ ਲੱਗ ਪਈ। ਫਿਰ 2007 ਵਿਚ ਸਾਨੂੰ ਬੈਥਲ ਬੁਲਾਇਆ ਗਿਆ ਜਿੱਥੇ ਅਸੀਂ ਅੱਜ ਤਕ ਸੇਵਾ ਕਰ ਰਹੇ ਹਾਂ। ਸਾਡਾ ਵੱਡਾ ਮੁੰਡਾ ਮਾਈਕ ਬਜ਼ੁਰਗ ਹੈ ਅਤੇ ਆਪਣੀ ਪਤਨੀ ਮੋਨਿਕਾ ਨਾਲ ਪਾਇਨੀਅਰਿੰਗ ਕਰ ਰਿਹਾ ਹੈ। ਸਮੀਰਾ ਵੀ ਪਾਇਨੀਅਰਿੰਗ ਕਰ ਰਹੀ ਹੈ ਅਤੇ ਆਪਣੇ ਘਰੋਂ ਬੈਥਲ ਲਈ ਕੰਮ ਵੀ ਕਰ ਰਹੀ ਹੈ। ਗੈਬਰੀਅਲ ਇਕ ਬਜ਼ੁਰਗ ਹੈ ਅਤੇ ਆਪਣੀ ਪਤਨੀ ਅੰਬਰਾ ਨਾਲ ਇਟਲੀ ਵਿਚ ਰਹਿੰਦਾ ਹੈ।

ਖੱਬੇ ਤੋਂ ਸੱਜੇ: ਆਪਣੀ ਪਤਨੀ ਸਿਲਵੀਆ ਨਾਲ ਵੈਨੇਜ਼ੁਏਲਾ ਦੇ ਬ੍ਰਾਂਚ ਆਫ਼ਿਸ ਵਿਚ। ਸਾਡਾ ਵੱਡਾ ਮੁੰਡਾ ਮਾਇਕ ਆਪਣੀ ਪਤਨੀ ਮੋਨਿਕਾ ਨਾਲ। ਸਾਡੀ ਕੁੜੀ ਸਮੀਰਾ। ਸਾਡਾ ਛੋਟਾ ਮੁੰਡਾ ਗੈਬਰੀਅਲ ਆਪਣੀ ਪਤਨੀ ਅੰਬਰਾ ਨਾਲ।

ਮੈਨੂੰ ਆਪਣੇ ਫ਼ੈਸਲਿਆਂ ਦਾ ਕੋਈ ਪਛਤਾਵਾ ਨਹੀਂ

ਮੈਂ ਆਪਣੀ ਜ਼ਿੰਦਗੀ ਵਿਚ ਕਈ ਵੱਡੇ-ਵੱਡੇ ਫ਼ੈਸਲੇ ਕੀਤੇ ਜਿਨ੍ਹਾਂ ਦਾ ਮੈਨੂੰ ਕੋਈ ਪਛਤਾਵਾ ਨਹੀਂ ਹੈ। ਜੇ ਮੈਨੂੰ ਦੁਬਾਰਾ ਇਹ ਫ਼ੈਸਲੇ ਕਰਨੇ ਪਏ, ਤਾਂ ਵੀ ਮੈਨੂੰ ਕੋਈ ਪਛਤਾਵਾ ਨਹੀਂ ਹੋਵੇਗਾ। ਮੈਂ ਖ਼ੁਸ਼ ਹਾਂ ਕਿ ਯਹੋਵਾਹ ਨੇ ਮੈਨੂੰ ਆਪਣੀ ਸੇਵਾ ਵਿਚ ਵੱਖੋ-ਵੱਖਰੇ ਕੰਮ ਕਰਨ ਦਾ ਮੌਕਾ ਦਿੱਤਾ। ਇਨ੍ਹਾਂ ਸਾਲਾਂ ਦੌਰਾਨ ਮੈਂ ਇਕ ਗੱਲ ਸਿੱਖੀ ਕਿ ਯਹੋਵਾਹ ਨਾਲ ਚੰਗਾ ਰਿਸ਼ਤਾ ਹੋਣਾ ਬਹੁਤ ਜ਼ਰੂਰੀ ਹੈ। ਚਾਹੇ ਅਸੀਂ ਕੋਈ ਵੱਡਾ ਫ਼ੈਸਲਾ ਕਰਦੇ ਹਾਂ ਜਾਂ ਛੋਟਾ, ਪਰ ਯਹੋਵਾਹ ਸਾਨੂੰ ਅਜਿਹੀ ਸ਼ਾਂਤੀ ਦੇ ਸਕਦਾ ਹੈ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” (ਫ਼ਿਲਿ. 4:6, 7) ਮੈਨੂੰ ਅਤੇ ਸਿਲਵੀਆ ਨੂੰ ਬੈਥਲ ਵਿਚ ਸੇਵਾ ਕਰਨੀ ਚੰਗੀ ਲੱਗਦੀ ਹੈ। ਅਸੀਂ ਦੇਖਿਆ ਕਿ ਯਹੋਵਾਹ ਨੇ ਸਾਡੇ ਹਰ ਫ਼ੈਸਲੇ ’ਤੇ ਬਰਕਤ ਪਾਈ ਕਿਉਂਕਿ ਅਸੀਂ ਉਸ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਕੀਤੇ।