Skip to content

Skip to table of contents

ਅਧਿਐਨ ਲੇਖ 24

ਸ਼ੈਤਾਨ ਦੇ ਫੰਦਿਆਂ ਤੋਂ ਕਿਵੇਂ ਬਚੀਏ?

ਸ਼ੈਤਾਨ ਦੇ ਫੰਦਿਆਂ ਤੋਂ ਕਿਵੇਂ ਬਚੀਏ?

‘ਸ਼ੈਤਾਨ ਦੇ ਫੰਦੇ ਤੋਂ ਬਚੋ।’​—2 ਤਿਮੋ. 2:26.

ਗੀਤ 36 ਦਿਲ ਦੀ ਰਾਖੀ ਕਰੋ

ਖ਼ਾਸ ਗੱਲਾਂ *

1. ਅਸੀਂ ਸ਼ੈਤਾਨ ਦੀ ਤੁਲਨਾ ਇਕ ਸ਼ਿਕਾਰੀ ਨਾਲ ਕਿਉਂ ਕਰ ਸਕਦੇ ਹਾਂ?

ਇਕ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਜਾਂ ਤਾਂ ਫੜਨਾ ਚਾਹੁੰਦਾ ਹੈ ਜਾਂ ਮਾਰਨਾ ਚਾਹੁੰਦਾ ਹੈ। ਇਸ ਲਈ ਉਹ ਅਲੱਗ-ਅਲੱਗ ਫੰਦੇ ਜਾਂ ਜਾਲ਼ ਵਿਛਾਉਂਦਾ ਹੈ ਜਿਨ੍ਹਾਂ ਦਾ ਜ਼ਿਕਰ ਅੱਯੂਬ ਦੇ ਇਕ ਝੂਠੇ ਦੋਸਤ ਨੇ ਵੀ ਕੀਤਾ ਸੀ। (ਅੱਯੂ. 18:8-10) ਸ਼ਿਕਾਰੀ ਆਪਣੇ ਸ਼ਿਕਾਰ ਨੂੰ ਫੰਦੇ ਵਿਚ ਫਸਾਉਣ ਲਈ ਕਿਵੇਂ ਭਰਮਾਉਂਦਾ ਹੈ? ਉਹ ਧਿਆਨ ਨਾਲ ਦੇਖਦਾ ਹੈ ਕਿ ਸ਼ਿਕਾਰ ਕਿੱਥੇ-ਕਿੱਥੇ ਜਾਂਦਾ ਹੈ, ਉਸ ਨੂੰ ਕੀ ਪਸੰਦ ਹੈ ਅਤੇ ਉਸ ਲਈ ਕਿਹੜਾ ਜਾਲ਼ ਵਿਛਾਉਣਾ ਸਹੀ ਹੋਵੇਗਾ ਤਾਂਕਿ ਉਸ ਨੂੰ ਪਤਾ ਵੀ ਨਾ ਲੱਗੇ ਅਤੇ ਉਹ ਫਸ ਵੀ ਜਾਵੇ। ਸ਼ੈਤਾਨ ਵੀ ਇਸ ਸ਼ਿਕਾਰੀ ਵਾਂਗ ਹੈ। ਉਹ ਵੀ ਧਿਆਨ ਨਾਲ ਦੇਖਦਾ ਹੈ ਕਿ ਅਸੀਂ ਕਿੱਥੇ ਜਾ ਰਹੇ ਹਾਂ, ਸਾਨੂੰ ਕੀ ਪਸੰਦ ਹੈ ਅਤੇ ਫਿਰ ਉਹ ਉਸ ਮੁਤਾਬਕ ਆਪਣਾ ਜਾਲ਼ ਵਿਛਾਉਂਦਾ ਹੈ ਤਾਂਕਿ ਸਾਨੂੰ ਪਤਾ ਵੀ ਨਾ ਲੱਗੇ ਅਤੇ ਅਸੀਂ ਫਸ ਵੀ ਜਾਈਏ। ਪਰ ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਜੇ ਅਸੀਂ ਸ਼ੈਤਾਨ ਦੇ ਫੰਦੇ ਵਿਚ ਫਸ ਵੀ ਗਏ, ਤਾਂ ਵੀ ਅਸੀਂ ਉਸ ਵਿੱਚੋਂ ਨਿਕਲ ਸਕਦੇ ਹਾਂ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਉਸ ਦੇ ਫੰਦੇ ਵਿਚ ਕਦੇ ਫਸੀਏ ਹੀ ਨਾ।

ਘਮੰਡ ਅਤੇ ਲਾਲਚ ਸ਼ੈਤਾਨ ਦੇ ਸਭ ਤੋਂ ਅਸਰਕਾਰੀ ਫੰਦੇ ਸਾਬਤ ਹੋਏ ਹਨ (ਪੈਰਾ 2 ਦੇਖੋ) *

2. ਸ਼ੈਤਾਨ ਦੇ ਸਭ ਤੋਂ ਅਸਰਕਾਰੀ ਫੰਦੇ ਕਿਹੜੇ ਹਨ?

2 ਸ਼ੈਤਾਨ ਦੇ ਦੋ ਸਭ ਤੋਂ ਅਸਰਕਾਰੀ ਫੰਦੇ ਹਨ ਘਮੰਡ ਅਤੇ ਲਾਲਚ। * ਉਹ ਹਜ਼ਾਰਾਂ ਸਾਲਾਂ ਤੋਂ ਇਨ੍ਹਾਂ ਫੰਦਿਆਂ ਨੂੰ ਵਰਤਣ ਵਿਚ ਸਫ਼ਲ ਹੋਇਆ ਹੈ। ਉਹ ਇਕ ਚਿੜੀਮਾਰ ਵਾਂਗ ਆਪਣੇ ਸ਼ਿਕਾਰ ਨੂੰ ਫੜਨ ਲਈ ਕੋਈ ਜਾਲ਼ ਵਿਛਾਉਂਦਾ ਜਾਂ ਫੰਦਾ ਲਾਉਂਦਾ ਹੈ। (ਜ਼ਬੂ. 91:3) ਪਰ ਇਹ ਜ਼ਰੂਰੀ ਨਹੀਂ ਕਿ ਸ਼ੈਤਾਨ ਸਾਨੂੰ ਫਸਾ ਹੀ ਲਵੇਗਾ। ਕਿਉਂ? ਕਿਉਂਕਿ ਯਹੋਵਾਹ ਨੇ ਸ਼ੈਤਾਨ ਦੀਆਂ ਸਾਰੀਆਂ ਚਾਲਾਂ ਬਾਰੇ ਸਾਨੂੰ ਪਹਿਲਾਂ ਤੋਂ ਹੀ ਦੱਸਿਆ ਹੈ।​—2 ਕੁਰਿੰ. 2:11.

ਅਸੀਂ ਬਾਈਬਲ ਵਿਚ ਦਿੱਤੀਆਂ ਉਦਾਹਰਣਾਂ ਤੋਂ ਸਿੱਖ ਕੇ ਸ਼ੈਤਾਨ ਦੇ ਫੰਦਿਆਂ ਤੋਂ ਬਚਾਂਗੇ ਜਾਂ ਉਨ੍ਹਾਂ ਵਿੱਚੋਂ ਨਿਕਲਾਂਗੇ (ਪੈਰਾ 3 ਦੇਖੋ) *

3. ਯਹੋਵਾਹ ਨੇ ਸਾਡੇ ਲਈ ਬਾਈਬਲ ਵਿਚ ਉਦਾਹਰਣਾਂ ਕਿਉਂ ਲਿਖਵਾਈਆਂ ਹਨ?

3 ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਘਮੰਡ ਅਤੇ ਲਾਲਚ ਕਰਨਾ ਕਿੰਨਾ ਖ਼ਤਰਨਾਕ ਹੈ। ਉਹ ਸਾਨੂੰ ਆਪਣੇ ਉਨ੍ਹਾਂ ਸੇਵਕਾਂ ਦੀਆਂ ਉਦਾਹਰਣਾਂ ਰਾਹੀਂ ਇਹ ਸਿਖਾਉਂਦਾ ਹੈ ਜੋ ਇਨ੍ਹਾਂ ਫੰਦਿਆਂ ਵਿਚ ਫਸ ਗਏ ਸਨ ਤਾਂਕਿ ਅਸੀਂ ਉਨ੍ਹਾਂ ਵਰਗੀਆਂ ਗ਼ਲਤੀਆਂ ਨਾ ਕਰੀਏ। ਅਸੀਂ ਦੇਖਾਂਗੇ ਕਿ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਨ ਵਾਲਿਆਂ ਨੂੰ ਸ਼ੈਤਾਨ ਨੇ ਕਿਵੇਂ ਆਪਣੇ ਜਾਲ਼ ਵਿਚ ਫਸਾਇਆ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਸ਼ੈਤਾਨ ਦੇ ਫੰਦੇ ਤੋਂ ਬਚ ਹੀ ਨਹੀਂ ਸਕਦੇ? ਇੱਦਾਂ ਨਹੀਂ ਹੈ। ਯਹੋਵਾਹ ਨੇ ਇਹ ਉਦਾਹਰਣਾਂ “ਸਾਨੂੰ ਚੇਤਾਵਨੀ ਦੇਣ ਲਈ” ਬਾਈਬਲ ਵਿਚ ਲਿਖਵਾਈਆਂ ਹਨ। (1 ਕੁਰਿੰ. 10:11) ਉਹ ਜਾਣਦਾ ਹੈ ਕਿ ਅਸੀਂ ਇਨ੍ਹਾਂ ਚੇਤਾਵਨੀਆਂ ਤੋਂ ਸਿੱਖ ਕੇ ਸ਼ੈਤਾਨ ਦੇ ਫੰਦਿਆਂ ਤੋਂ ਬਚਾਂਗੇ ਜਾਂ ਫਿਰ ਉਸ ਦੇ ਫੰਦਿਆਂ ਵਿੱਚੋਂ ਨਿਕਲਾਂਗੇ।

ਘਮੰਡ ਦਾ ਫੰਦਾ

(ਪੈਰਾ 4 ਦੇਖੋ)

4. ਜੇ ਅਸੀਂ ਘਮੰਡੀ ਬਣ ਗਏ, ਤਾਂ ਕੀ ਹੋਵੇਗਾ?

4 ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਘਮੰਡੀ ਬਣ ਜਾਈਏ। ਉਹ ਜਾਣਦਾ ਹੈ ਕਿ ਜੇ ਅਸੀਂ ਘਮੰਡੀ ਬਣ ਗਏ, ਤਾਂ ਅਸੀਂ ਉਸ ਵਰਗੇ ਬਣ ਜਾਵਾਂਗੇ ਅਤੇ ਹਮੇਸ਼ਾ ਦੀ ਜ਼ਿੰਦਗੀ ਤੋਂ ਹੱਥ ਧੋ ਬੈਠਾਂਗੇ। (ਕਹਾ. 16:18) ਪੌਲੁਸ ਰਸੂਲ ਨੇ ਕਿਹਾ ਕਿ ਜੋ ਵਿਅਕਤੀ ‘ਘਮੰਡ ਨਾਲ ਫੁੱਲ ਜਾਂਦਾ ਹੈ, ਉਸ ਨੂੰ ਵੀ ਉਹੀ ਸਜ਼ਾ ਮਿਲਦੀ ਹੈ ਜੋ ਸ਼ੈਤਾਨ ਨੂੰ ਮਿਲੇਗੀ।’ (1 ਤਿਮੋ. 3:6, 7) ਸਾਡੇ ਵਿੱਚੋਂ ਕੋਈ ਵੀ ਘਮੰਡੀ ਬਣ ਸਕਦਾ ਹੈ, ਫਿਰ ਚਾਹੇ ਕੋਈ ਸੱਚਾਈ ਵਿਚ ਨਵਾਂ ਹੋਵੇ ਜਾਂ ਕਈ ਸਾਲਾਂ ਤੋਂ।

5. ਉਪਦੇਸ਼ਕ ਦੀ ਕਿਤਾਬ 7:16, 20 ਮੁਤਾਬਕ ਇਕ ਘਮੰਡੀ ਵਿਅਕਤੀ ਕੀ ਕਰਦਾ ਹੈ?

5 ਘਮੰਡੀ ਲੋਕ ਸੁਆਰਥੀ ਹੁੰਦੇ ਹਨ। ਸ਼ੈਤਾਨ ਚਾਹੁੰਦਾ ਹੈ ਕਿ ਜਦੋਂ ਸਾਡੇ ’ਤੇ ਮੁਸ਼ਕਲਾਂ ਆਉਣ, ਤਾਂ ਅਸੀਂ ਯਹੋਵਾਹ ਬਾਰੇ ਸੋਚਣ ਦੀ ਬਜਾਇ ਆਪਣੇ ਬਾਰੇ ਸੋਚੀਏ। ਉਦਾਹਰਣ ਲਈ, ਕੀ ਕਦੀ ਕਿਸੇ ਨੇ ਤੁਹਾਡੇ ’ਤੇ ਝੂਠਾ ਦੋਸ਼ ਲਾਇਆ ਹੈ? ਜਾਂ ਕੀ ਕਦੇ ਕਿਸੇ ਨੇ ਤੁਹਾਡੇ ਨਾਲ ਬੇਇਨਸਾਫ਼ੀ ਕੀਤੀ ਹੈ? ਸ਼ੈਤਾਨ ਚਾਹੁੰਦਾ ਹੈ ਕਿ ਤੁਸੀਂ ਇਸ ਦਾ ਸਾਰਾ ਦੋਸ਼ ਯਹੋਵਾਹ ਜਾਂ ਆਪਣੇ ਭੈਣਾਂ-ਭਰਾਵਾਂ ’ਤੇ ਮੜ੍ਹ ਦਿਓ। ਨਾਲੇ ਉਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਤਰੀਕੇ ਨਾਲ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ, ਨਾ ਕਿ ਬਾਈਬਲ ਤੋਂ ਯਹੋਵਾਹ ਦੀ ਸਲਾਹ ਲਓ।​—ਉਪਦੇਸ਼ਕ ਦੀ ਕਿਤਾਬ 7:16, 20 ਪੜ੍ਹੋ।

6. ਨੀਦਰਲੈਂਡਜ਼ ਦੀ ਇਕ ਭੈਣ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

6 ਨੀਦਰਲੈਂਡਜ਼ ਵਿਚ ਰਹਿਣ ਵਾਲੀ ਇਕ ਭੈਣ ਦੀ ਮਿਸਾਲ ’ਤੇ ਗੌਰ ਕਰੋ। ਜਦੋਂ ਭੈਣ-ਭਰਾ ਗ਼ਲਤੀਆਂ ਕਰਦੇ ਸਨ, ਤਾਂ ਉਸ ਨੂੰ ਖਿੱਝ ਚੜ੍ਹ ਜਾਂਦੀ ਸੀ। ਉਹ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਹੋਰ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ। ਉਹ ਕਹਿੰਦੀ ਹੈ: “ਮੈਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਮਾਫ਼ ਨਹੀਂ ਕਰ ਪਾ ਰਹੀ ਸੀ। ਇਸ ਲਈ ਮੈਂ ਬਹੁਤ ਇਕੱਲਾ ਮਹਿਸੂਸ ਕਰਨ ਲੱਗੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਹੁਣ ਮੈਂ ਇਸ ਮੰਡਲੀ ਵਿਚ ਨਹੀਂ ਜਾਣਾ।” ਫਿਰ ਇਸ ਭੈਣ ਨੇ ਮਾਰਚ 2016 ਦਾ JW ਬ੍ਰਾਡਕਾਸਟਿੰਗ ਪ੍ਰੋਗ੍ਰਾਮ ਦੇਖਿਆ। ਇਸ ਵਿਚ ਦੱਸਿਆ ਗਿਆ ਸੀ ਕਿ ਜਦੋਂ ਦੂਸਰੇ ਗ਼ਲਤੀਆਂ ਕਰਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। ਉਹ ਦੱਸਦੀ ਹੈ: “ਮੈਂ ਸਮਝ ਗਈ ਸੀ ਕਿ ਮੈਨੂੰ ਦੂਸਰਿਆਂ ਨੂੰ ਬਦਲਣ ਦੀ ਬਜਾਇ ਨਿਮਰ ਹੋ ਕੇ ਖ਼ੁਦ ਦੀਆਂ ਗ਼ਲਤੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਮੈਂ ਸਿੱਖਿਆ ਕਿ ਮੇਰਾ ਧਿਆਨ ਯਹੋਵਾਹ ’ਤੇ ਅਤੇ ਉਸ ਦੇ ਰਾਜ ਕਰਨ ਦੇ ਹੱਕ ’ਤੇ ਹੋਣਾ ਚਾਹੀਦਾ ਹੈ।” ਇਸ ਭੈਣ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਅਸੀਂ ਕਿਸੇ ਮੁਸ਼ਕਲ ਵਿਚ ਹੁੰਦੇ ਹਾਂ, ਤਾਂ ਸਾਡਾ ਧਿਆਨ ਸਿਰਫ਼ ਯਹੋਵਾਹ ’ਤੇ ਹੋਣਾ ਚਾਹੀਦਾ ਹੈ। ਸਾਨੂੰ ਉਸ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਅਸੀਂ ਦੂਸਰਿਆਂ ਨੂੰ ਉਸ ਦੇ ਨਜ਼ਰੀਏ ਤੋਂ ਦੇਖੀਏ। ਸਾਡਾ ਸਵਰਗੀ ਪਿਤਾ ਉਨ੍ਹਾਂ ਦੀਆਂ ਗ਼ਲਤੀਆਂ ਦੇਖਦਾ ਹੈ, ਫਿਰ ਵੀ ਉਹ ਉਨ੍ਹਾਂ ਨੂੰ ਮਾਫ਼ ਕਰਨਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਵੀ ਇੱਦਾਂ ਹੀ ਕਰੀਏ।​—1 ਯੂਹੰ. 4:20.

(ਪੈਰਾ 7 ਦੇਖੋ)

7. ਰਾਜਾ ਉਜ਼ੀਯਾਹ ਨਾਲ ਕੀ ਹੋਇਆ?

7 ਯਹੂਦਾਹ ਦਾ ਰਾਜਾ ਉਜ਼ੀਯਾਹ ਘਮੰਡੀ ਹੋ ਗਿਆ ਜਿਸ ਕਰਕੇ ਉਸ ਨੇ ਦੂਸਰਿਆਂ ਦੀ ਸਲਾਹ ਨਹੀਂ ਮੰਨੀ ਅਤੇ ਉਹ ਕੰਮ ਕੀਤਾ ਜਿਸ ਦਾ ਉਸ ਨੂੰ ਕੋਈ ਅਧਿਕਾਰ ਨਹੀਂ ਸੀ। ਉਸ ਨੇ ਪਹਿਲਾਂ ਬਹੁਤ ਸਾਰੇ ਚੰਗੇ ਕੰਮ ਕੀਤੇ ਸਨ। ਉਸ ਨੇ ਬਹੁਤ ਸਾਰੇ ਯੁੱਧ ਜਿੱਤੇ, ਕਈ ਬੁਰਜ ਤੇ ਸ਼ਹਿਰ ਬਣਾਏ ਅਤੇ ਉਸ ਦੇ ਬਹੁਤ ਸਾਰੇ ਖੇਤ ਸਨ। “ਸੱਚੇ ਪਰਮੇਸ਼ੁਰ ਨੇ ਉਸ ਨੂੰ ਖ਼ੁਸ਼ਹਾਲ ਬਣਾਇਆ।” (2 ਇਤਿ. 26:3-7, 10) ਬਾਈਬਲ ਦੱਸਦੀ ਹੈ: “ਤਾਕਤਵਰ ਹੁੰਦਿਆਂ ਹੀ ਉਸ ਦਾ ਦਿਲ ਘਮੰਡੀ ਬਣ ਗਿਆ ਜੋ ਉਸ ਨੂੰ ਉਸ ਦੇ ਨਾਸ਼ ਵੱਲ ਲੈ ਗਿਆ।” ਯਹੋਵਾਹ ਨੇ ਪਹਿਲਾਂ ਹੁਕਮ ਦਿੱਤਾ ਸੀ ਕਿ ਸਿਰਫ਼ ਪੁਜਾਰੀ ਹੀ ਮੰਦਰ ਵਿਚ ਜਾ ਕੇ ਧੂਪ ਧੁਖਾ ਸਕਦੇ ਸਨ। ਪਰ ਰਾਜਾ ਉਜ਼ੀਯਾਹ ਨੇ ਘਮੰਡ ਵਿਚ ਆ ਕੇ ਮੰਦਰ ਅੰਦਰ ਜਾ ਕੇ ਧੂਪ ਧੁਖਾਇਆ। ਯਹੋਵਾਹ ਇਸ ਗੱਲ ਤੋਂ ਖ਼ੁਸ਼ ਨਹੀਂ ਸੀ ਜਿਸ ਕਰਕੇ ਉਸ ਨੇ ਉਸ ਘਮੰਡੀ ਆਦਮੀ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ। ਉਜ਼ੀਯਾਹ ਆਪਣੀ ਮੌਤ ਤਕ ਕੋੜ੍ਹੀ ਰਿਹਾ।​—2 ਇਤਿ. 26:16-21.

8. ਪਹਿਲਾ ਕੁਰਿੰਥੀਆਂ 4:6, 7 ਮੁਤਾਬਕ ਅਸੀਂ ਘਮੰਡੀ ਬਣਨ ਤੋਂ ਕਿਵੇਂ ਬਚ ਸਕਦੇ ਹਾਂ?

8 ਕੀ ਅਸੀਂ ਵੀ ਉਜ਼ੀਯਾਹ ਵਾਂਗ ਘਮੰਡ ਦੇ ਫੰਦੇ ਵਿਚ ਫਸ ਕੇ ਪਾਪ ਕਰ ਸਕਦੇ ਹਾਂ? ਹੋਸੇ ਦੀ ਮਿਸਾਲ ’ਤੇ ਗੌਰ ਕਰੋ। ਹੋਸੇ ਇਕ ਕਾਮਯਾਬ ਬਿਜ਼ਨਿਸਮੈਨ ਸੀ ਅਤੇ ਮੰਡਲੀ ਦਾ ਇਕ ਕਾਬਲ ਬਜ਼ੁਰਗ ਸੀ। ਭੈਣ-ਭਰਾ ਉਸ ਦੀ ਬਹੁਤ ਇੱਜ਼ਤ ਕਰਦੇ ਸਨ। ਉਹ ਸੰਮੇਲਨਾਂ ਵਿਚ ਭਾਸ਼ਣ ਦਿੰਦਾ ਸੀ। ਇੱਥੋਂ ਤਕ ਕਿ ਕੁਝ ਸਰਕਟ ਓਵਰਸੀਅਰ ਵੀ ਕੁਝ ਮਾਮਲਿਆਂ ਵਿਚ ਉਸ ਦੀ ਸਲਾਹ ਲੈਂਦੇ ਸਨ। ਪਰ ਹੋਸੇ ਕਹਿੰਦਾ ਹੈ: “ਮੈਂ ਯਹੋਵਾਹ ਨਾਲੋਂ ਜ਼ਿਆਦਾ ਆਪਣੀਆਂ ਕਾਬਲੀਅਤਾਂ ਅਤੇ ਤਜਰਬੇ ’ਤੇ ਭਰੋਸਾ ਕਰਨ ਲੱਗਾ। ਮੈਨੂੰ ਲੱਗਦਾ ਸੀ ਕਿ ਮੇਰੀ ਨਿਹਚਾ ਬਹੁਤ ਮਜ਼ਬੂਤ ਹੈ। ਇਸ ਲਈ ਮੈਂ ਯਹੋਵਾਹ ਦੀਆਂ ਸਲਾਹਾਂ ਅਤੇ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੰਦਾ ਸੀ।” ਹੋਸੇ ਨੇ ਇਕ ਗੰਭੀਰ ਪਾਪ ਕੀਤਾ ਜਿਸ ਕਰਕੇ ਉਸ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ। ਕਈ ਸਾਲਾਂ ਬਾਅਦ ਉਸ ਨੂੰ ਬਹਾਲ ਕੀਤਾ ਗਿਆ। ਅੱਜ ਉਹ ਕਹਿੰਦਾ ਹੈ: “ਯਹੋਵਾਹ ਨੇ ਮੈਨੂੰ ਸਿਖਾਇਆ ਕਿ ਕੋਈ ਖ਼ਿਤਾਬ ਮਾਅਨੇ ਨਹੀਂ ਰੱਖਦਾ, ਸਗੋਂ ਇਹ ਗੱਲ ਮਾਅਨੇ ਰੱਖਦੀ ਹੈ ਕਿ ਅਸੀਂ ਯਹੋਵਾਹ ਦੀ ਗੱਲ ਸੁਣੀਏ।” ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਵਿਚ ਜੋ ਹੁਨਰ ਹਨ ਜਾਂ ਮੰਡਲੀ ਵਿਚ ਸਾਨੂੰ ਜੋ ਵੀ ਸਨਮਾਨ ਮਿਲੇ ਹਨ, ਉਹ ਸਾਰੇ ਯਹੋਵਾਹ ਵੱਲੋਂ ਹਨ। ਇਸ ਲਈ ਸਾਨੂੰ ਘਮੰਡ ਨਹੀਂ ਕਰਨਾ ਚਾਹੀਦਾ। (1 ਕੁਰਿੰਥੀਆਂ 4:6, 7 ਪੜ੍ਹੋ।) ਜੇ ਅਸੀਂ ਘਮੰਡੀ ਬਣਾਂਗੇ, ਤਾਂ ਯਹੋਵਾਹ ਸਾਨੂੰ ਕਦੇ ਵੀ ਨਹੀਂ ਵਰਤੇਗਾ।

ਲਾਲਚ ਦਾ ਫੰਦਾ

(ਪੈਰਾ 9 ਦੇਖੋ)

9. ਸ਼ੈਤਾਨ ਅਤੇ ਹੱਵਾਹ ਨੇ ਲਾਲਚ ਵਿਚ ਆ ਕੇ ਕੀ ਕੀਤਾ?

9 ਜਦੋਂ ਅਸੀਂ ਲਾਲਚ ਬਾਰੇ ਸੋਚਦੇ ਹਾਂ, ਤਾਂ ਸਾਡੇ ਮਨ ਵਿਚ ਸਭ ਤੋਂ ਪਹਿਲਾਂ ਖ਼ਿਆਲ ਸ਼ੈਤਾਨ ਦਾ ਆਉਂਦਾ ਹੈ। ਯਹੋਵਾਹ ਦਾ ਦੂਤ ਹੋਣ ਕਰਕੇ ਉਸ ਕੋਲ ਬਹੁਤ ਸਾਰੇ ਸਨਮਾਨ ਸਨ, ਪਰ ਉਹ ਇੰਨੇ ਵਿਚ ਹੀ ਖ਼ੁਸ਼ ਨਹੀਂ ਸੀ। ਸ਼ੈਤਾਨ ਉਹ ਭਗਤੀ ਚਾਹੁੰਦਾ ਸੀ ਜਿਸ ਦਾ ਹੱਕਦਾਰ ਸਿਰਫ਼ ਯਹੋਵਾਹ ਹੈ। ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਵੀ ਉਸ ਵਾਂਗ ਲਾਲਚੀ ਬਣੀਏ। ਇਸ ਲਈ ਉਹ ਸਾਨੂੰ ਇਹ ਅਹਿਸਾਸ ਕਰਾਉਣਾ ਚਾਹੁੰਦਾ ਹੈ ਕਿ ਜੋ ਚੀਜ਼ਾਂ ਸਾਡੇ ਕੋਲ ਹਨ, ਉਹ ਕਾਫ਼ੀ ਨਹੀਂ ਹਨ। ਉਸ ਨੇ ਹੱਵਾਹ ਨਾਲ ਵੀ ਇਹੀ ਚਾਲ ਚੱਲੀ ਸੀ। ਯਹੋਵਾਹ ਨੇ ਬੜੇ ਪਿਆਰ ਨਾਲ ਆਦਮ ਅਤੇ ਹੱਵਾਹ ਨੂੰ ਖਾਣ ਲਈ ਬਹੁਤ ਕੁਝ ਦਿੱਤਾ ਸੀ। ਉਹ “ਬਾਗ਼ ਦੇ ਹਰ ਦਰਖ਼ਤ ਦਾ ਫਲ” ਖਾ ਸਕਦੇ ਸਨ, ਸਿਵਾਇ ਇਕ ਦਰਖ਼ਤ ਤੋਂ। (ਉਤ. 2:16) ਪਰ ਸ਼ੈਤਾਨ ਨੇ ਹੱਵਾਹ ਦੇ ਮਨ ਵਿਚ ਇਹ ਗੱਲ ਪਾਈ ਕਿ ਜਿਸ ਦਰਖ਼ਤ ਦਾ ਫਲ ਖਾਣ ਤੋਂ ਯਹੋਵਾਹ ਨੇ ਮਨ੍ਹਾ ਕੀਤਾ ਹੈ, ਉਹੀ ਸਭ ਤੋਂ ਵਧੀਆ ਹੈ। ਹੱਵਾਹ ਕੋਲ ਜੋ ਸੀ, ਉਸ ਨੇ ਉਸ ਦੀ ਕਦਰ ਨਹੀਂ ਕੀਤੀ, ਸਗੋਂ ਉਸ ਨੂੰ ਹੋਰ ਚਾਹੀਦਾ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਇਸ ਦਾ ਨਤੀਜਾ ਕੀ ਨਿਕਲਿਆ। ਹੱਵਾਹ ਨੇ ਪਾਪ ਕੀਤਾ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ।​—ਉਤ. 3:6, 19.

(ਪੈਰਾ 10 ਦੇਖੋ)

10. ਲਾਲਚ ਦੇ ਫੰਦੇ ਵਿਚ ਫਸ ਕੇ ਦਾਊਦ ਨੇ ਕੀ ਕੀਤਾ?

10 ਯਹੋਵਾਹ ਨੇ ਰਾਜਾ ਦਾਊਦ ਨੂੰ ਦੌਲਤ ਅਤੇ ਸ਼ੁਹਰਤ ਦਿੱਤੀ ਸੀ। ਨਾਲੇ ਬਹੁਤ ਸਾਰੇ ਦੁਸ਼ਮਣਾਂ ’ਤੇ ਜਿੱਤ ਦਿਵਾਈ ਸੀ। ਦਾਊਦ ਨੇ ਇਨ੍ਹਾਂ ਤੋਹਫ਼ਿਆਂ ਲਈ ਸ਼ੁਕਰਗੁਜ਼ਾਰੀ ਦਿਖਾਉਂਦਿਆਂ ਕਿਹਾ: “ਉਹ ਇੰਨੇ ਜ਼ਿਆਦਾ ਹਨ ਕਿ ਉਨ੍ਹਾਂ ਬਾਰੇ ਦੱਸਣਾ ਮੇਰੇ ਵੱਸ ਦੀ ਗੱਲ ਨਹੀਂ।” (ਜ਼ਬੂ. 40:5) ਪਰ ਥੋੜ੍ਹੇ ਸਮੇਂ ਬਾਅਦ ਦਾਊਦ ਭੁੱਲ ਗਿਆ ਕਿ ਯਹੋਵਾਹ ਨੇ ਉਸ ਲਈ ਕੀ ਕੁਝ ਕੀਤਾ ਸੀ। ਉਸ ਕੋਲ ਜੋ ਕੁਝ ਸੀ, ਉਸ ਤੋਂ ਉਹ ਸੰਤੁਸ਼ਟ ਨਹੀਂ ਸੀ, ਉਹ ਹੋਰ ਜ਼ਿਆਦਾ ਚਾਹੁੰਦਾ ਸੀ। ਭਾਵੇਂ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ, ਪਰ ਉਸ ਨੇ ਕਿਸੇ ਹੋਰ ਦੀ ਪਤਨੀ ਲਈ ਆਪਣੇ ਦਿਲ ਵਿਚ ਗ਼ਲਤ ਇੱਛਾ ਪਲ਼ਣ ਦਿੱਤੀ। ਉਹ ਸੀ ਹਿੱਤੀ ਊਰੀਯਾਹ ਦੀ ਪਤਨੀ ਬਥ-ਸ਼ਬਾ। ਦਾਊਦ ਨੇ ਸੁਆਰਥੀ ਬਣ ਕੇ ਬਥ-ਸ਼ਬਾ ਨਾਲ ਸਰੀਰਕ ਸੰਬੰਧ ਬਣਾਏ ਤੇ ਉਹ ਗਰਭਵਤੀ ਹੋ ਗਈ। ਉਸ ਨੇ ਸਿਰਫ਼ ਹਰਾਮਕਾਰੀ ਹੀ ਨਹੀਂ ਕੀਤੀ, ਸਗੋਂ ਊਰੀਯਾਹ ਨੂੰ ਮਰਵਾਉਣ ਦਾ ਇੰਤਜ਼ਾਮ ਵੀ ਕੀਤਾ। (2 ਸਮੂ. 11:2-15) ਦਾਊਦ ਕੀ ਸੋਚ ਰਿਹਾ ਸੀ? ਕੀ ਉਹ ਇਹ ਸੋਚ ਰਿਹਾ ਸੀ ਕਿ ਯਹੋਵਾਹ ਇਹ ਸਾਰਾ ਕੁਝ ਨਹੀਂ ਦੇਖ ਸਕਦਾ? ਭਾਵੇਂ ਕਿ ਦਾਊਦ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਸੀ, ਪਰ ਉਹ ਲਾਲਚ ਦੇ ਫੰਦੇ ਵਿਚ ਫਸ ਗਿਆ ਜਿਸ ਦੇ ਉਸ ਨੇ ਬੁਰੇ ਨਤੀਜੇ ਭੁਗਤੇ। ਬਾਅਦ ਵਿਚ ਦਾਊਦ ਨੇ ਆਪਣੀ ਗ਼ਲਤੀ ਮੰਨ ਲਈ ਤੇ ਪਛਤਾਵਾ ਕੀਤਾ। ਉਹ ਕਿੰਨਾ ਸ਼ੁਕਰਗੁਜ਼ਾਰ ਸੀ ਕਿ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ!​—2 ਸਮੂ. 12:7-13.

11. ਅਫ਼ਸੀਆਂ 5:3, 4 ਮੁਤਾਬਕ ਲਾਲਚ ਵਿਚ ਆਉਣ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

11 ਅਸੀਂ ਦਾਊਦ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? ਯਹੋਵਾਹ ਨੇ ਸਾਡੇ ਲਈ ਜੋ ਕੀਤਾ ਹੈ, ਉਸ ਲਈ ਸਾਨੂੰ ਹਮੇਸ਼ਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਲਾਲਚ ਦੇ ਫੰਦੇ ਵਿਚ ਫਸਣ ਤੋਂ ਬਚਾਂਗੇ। (ਅਫ਼ਸੀਆਂ 5:3, 4 ਪੜ੍ਹੋ।) ਸਾਡੇ ਕੋਲ ਜੋ ਵੀ ਹੈ, ਸਾਨੂੰ ਉਸੇ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ। ਨਵੇਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ ਹਰ ਰੋਜ਼ ਯਹੋਵਾਹ ਤੋਂ ਮਿਲੀ ਕਿਸੇ ਇਕ ਬਰਕਤ ਲਈ ਉਸ ਦਾ ਧੰਨਵਾਦ ਕਰਨ। ਜੇ ਕੋਈ ਵਿਅਕਤੀ ਹਰ ਹਫ਼ਤੇ ਇਸ ਤਰ੍ਹਾਂ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਸੱਤ ਵੱਖੋ-ਵੱਖਰੀਆਂ ਗੱਲਾਂ ਲਈ ਪ੍ਰਾਰਥਨਾ ਕੀਤੀ ਹੈ। (1 ਥੱਸ. 5:18) ਕੀ ਅਸੀਂ ਵੀ ਕੁਝ ਇਸ ਤਰ੍ਹਾਂ ਦਾ ਕਰ ਸਕਦੇ ਹਾਂ? ਅਸੀਂ ਸੋਚ-ਵਿਚਾਰ ਕਰ ਸਕਦੇ ਹਾਂ ਕਿ ਯਹੋਵਾਹ ਨੇ ਸਾਡੇ ਲਈ ਕੀ-ਕੀ ਕੀਤਾ ਹੈ। ਇਸ ਤਰ੍ਹਾਂ ਅਸੀਂ ਉਸ ਦੇ ਸ਼ੁਕਰਗੁਜ਼ਾਰ ਹੋਵਾਂਗੇ। ਜੇ ਅਸੀਂ ਉਸ ਦੇ ਸ਼ੁਕਰਗੁਜ਼ਾਰ ਹੋਵਾਂਗੇ, ਤਾਂ ਅਸੀਂ ਸੰਤੁਸ਼ਟ ਰਹਾਂਗੇ। ਜੇ ਅਸੀਂ ਸੰਤੁਸ਼ਟ ਰਹਾਂਗੇ, ਤਾਂ ਅਸੀਂ ਕਦੇ ਵੀ ਲਾਲਚ ਨਹੀਂ ਕਰਾਂਗੇ।

(ਪੈਰਾ 12 ਦੇਖੋ)

12. ਯਹੂਦਾ ਇਸਕਰਿਓਤੀ ਨੇ ਲਾਲਚ ਵਿਚ ਆ ਕੇ ਕੀ ਕੀਤਾ?

12 ਲਾਲਚ ਕਰਨ ਕਰਕੇ ਯਹੂਦਾ ਇਸਕਰਿਓਤੀ ਨੇ ਯਿਸੂ ਨੂੰ ਧੋਖਾ ਦਿੱਤਾ। ਪਰ ਉਹ ਸ਼ੁਰੂ ਤੋਂ ਇੱਦਾਂ ਦਾ ਨਹੀਂ ਸੀ। (ਲੂਕਾ 6:13, 16) ਯਿਸੂ ਨੇ ਉਸ ਨੂੰ ਰਸੂਲ ਵਜੋਂ ਚੁਣਿਆ ਸੀ। ਉਹ ਕਾਬਲ ਤੇ ਭਰੋਸੇਯੋਗ ਸੀ, ਇਸ ਲਈ ਯਿਸੂ ਨੇ ਉਸ ਨੂੰ ਪੈਸਿਆਂ ਦਾ ਡੱਬਾ ਸੰਭਾਲਣ ਲਈ ਕਿਹਾ। ਯਿਸੂ ਅਤੇ ਰਸੂਲ ਪ੍ਰਚਾਰ ਕਰਦੇ ਸਮੇਂ ਹੁੰਦੇ ਖ਼ਰਚਿਆਂ ਨੂੰ ਇਨ੍ਹਾਂ ਪੈਸਿਆਂ ਦੀ ਮਦਦ ਨਾਲ ਪੂਰਾ ਕਰਦੇ ਸਨ। ਇਹ ਦਾਨ ਕੀਤੇ ਪੈਸੇ ਹੁੰਦੇ ਸਨ, ਠੀਕ ਜਿਵੇਂ ਅੱਜ ਪੂਰੀ ਦੁਨੀਆਂ ਵਿਚ ਪ੍ਰਚਾਰ ਦੇ ਕੰਮ ਲਈ ਦਾਨ ਦਿੱਤਾ ਜਾਂਦਾ ਹੈ। ਪਰ ਕੁਝ ਸਮੇਂ ਬਾਅਦ ਯਹੂਦਾ ਚੋਰੀ ਕਰਨ ਲੱਗ ਪਿਆ। ਉਸ ਨੇ ਉਹ ਚੇਤਾਵਨੀਆਂ ਵਾਰ-ਵਾਰ ਸੁਣੀਆਂ ਸਨ ਜੋ ਯਿਸੂ ਨੇ ਲੋਕਾਂ ਨੂੰ ਲਾਲਚ ਕਰਨ ਤੋਂ ਬਚਣ ਲਈ ਦਿੱਤੀਆਂ ਸਨ। (ਮਰ. 7:22, 23; ਲੂਕਾ 11:39; 12:15) ਫਿਰ ਵੀ ਯਹੂਦਾ ਨੇ ਯਿਸੂ ਦੀਆਂ ਚੇਤਾਵਨੀਆਂ ਵੱਲ ਕੋਈ ਧਿਆਨ ਨਾ ਦਿੱਤਾ।

13. ਇਹ ਕਦੋਂ ਜ਼ਾਹਰ ਹੋਇਆ ਕਿ ਯਹੂਦਾ ਲਾਲਚ ਦੇ ਫੰਦੇ ਵਿਚ ਫਸ ਚੁੱਕਾ ਸੀ?

13 ਯਿਸੂ ਦੀ ਮੌਤ ਤੋਂ ਬੱਸ ਥੋੜ੍ਹਾ ਚਿਰ ਪਹਿਲਾਂ ਇਹ ਸਾਫ਼ ਜ਼ਾਹਰ ਹੋ ਗਿਆ ਕਿ ਯਹੂਦਾ ਲਾਲਚ ਦੇ ਫੰਦੇ ਵਿਚ ਫਸ ਚੁੱਕਾ ਸੀ। ਯਿਸੂ ਅਤੇ ਉਸ ਦੇ ਚੇਲੇ, ਸ਼ਮਊਨ ਦੇ ਘਰ ਖਾਣਾ ਖਾਣ ਗਏ ਸਨ ਜੋ ਪਹਿਲਾਂ ਕੋੜ੍ਹੀ ਹੁੰਦਾ ਸੀ। ਮਾਰਥਾ ਅਤੇ ਮਰੀਅਮ ਵੀ ਉੱਥੇ ਗਈਆਂ ਸਨ। ਉਸ ਵੇਲੇ ਮਰੀਅਮ ਉੱਠਦੀ ਹੈ ਅਤੇ ਯਿਸੂ ਦੇ ਸਿਰ ’ਤੇ ਮਹਿੰਗਾ ਤੇ ਖ਼ੁਸ਼ਬੂਦਾਰ ਤੇਲ ਪਾਉਣ ਲੱਗ ਪੈਂਦੀ ਹੈ। ਇਹ ਦੇਖ ਕੇ ਯਹੂਦਾ ਅਤੇ ਦੂਸਰੇ ਚੇਲਿਆਂ ਨੂੰ ਗੁੱਸਾ ਚੜ੍ਹ ਗਿਆ। ਬਾਕੀ ਚੇਲਿਆਂ ਨੇ ਸੋਚਿਆ ਹੋਣਾ ਕਿ ਉਨ੍ਹਾਂ ਪੈਸਿਆਂ ਨਾਲ ਗ਼ਰੀਬਾਂ ਦਾ ਭਲਾ ਹੋ ਸਕਦਾ ਸੀ। ਪਰ ਯਹੂਦਾ ਦੇ ਮਨ ਵਿਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ। ਉਹ “ਚੋਰ ਸੀ” ਅਤੇ ਪੈਸਿਆਂ ਵਾਲੇ ਡੱਬੇ ਵਿੱਚੋਂ ਪੈਸੇ ਚੋਰੀ ਕਰਨੇ ਚਾਹੁੰਦਾ ਸੀ। ਬਾਅਦ ਵਿਚ ਉਸ ਦੇ ਦਿਲ ਵਿਚ ਇੰਨਾ ਲਾਲਚ ਆ ਗਿਆ ਕਿ ਉਸ ਨੇ ਥੋੜ੍ਹੇ ਜਿਹੇ ਪੈਸਿਆਂ ਲਈ ਯਿਸੂ ਨੂੰ ਧੋਖਾ ਦਿੱਤਾ।​—ਯੂਹੰ. 12:2-6; ਮੱਤੀ 26:6-16; ਲੂਕਾ 22:3-6.

14. ਇਕ ਜੋੜੇ ਨੇ ਲੂਕਾ 16:13 ਵਿਚ ਦਿੱਤੀ ਸਲਾਹ ਕਿਵੇਂ ਲਾਗੂ ਕੀਤੀ?

14 ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਗੱਲ ਕਹੀ ਸੀ: “ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ।” (ਲੂਕਾ 16:13 ਪੜ੍ਹੋ।) ਅੱਜ ਵੀ ਇਹ ਗੱਲ ਬਿਲਕੁਲ ਸੱਚ ਹੈ। ਉਦਾਹਰਣ ਲਈ, ਰੋਮਾਨੀਆ ਵਿਚ ਰਹਿਣ ਵਾਲੇ ਇਕ ਜੋੜੇ ਨੇ ਯਿਸੂ ਦੀ ਇਹ ਸਲਾਹ ਮੰਨੀ। ਉਨ੍ਹਾਂ ਨੂੰ ਇਕ ਅਮੀਰ ਦੇਸ਼ ਵਿਚ ਨੌਕਰੀ ਮਿਲ ਰਹੀ ਸੀ ਜੋ ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਕਰਨੀ ਸੀ। ਉਹ ਕਹਿੰਦੇ ਹਨ; “ਅਸੀਂ ਬੈਂਕ ਤੋਂ ਕਾਫ਼ੀ ਸਾਰਾ ਲੋਨ ਲਿਆ ਸੀ। ਪਹਿਲਾਂ-ਪਹਿਲ ਅਸੀਂ ਸੋਚਿਆ ਕਿ ਇਸ ਨੌਕਰੀ ਨਾਲ ਸਾਡਾ ਸਾਰਾ ਲੋਨ ਚੁਕਾ ਹੋ ਜਾਣਾ। ਸਾਨੂੰ ਲੱਗਾ ਕਿ ਇਹ ਨੌਕਰੀ ਯਹੋਵਾਹ ਵੱਲੋਂ ਬਰਕਤ ਸੀ।” ਪਰ ਇਹ ਇਕ ਫੰਦਾ ਸੀ। ਜੇ ਅਸੀਂ ਇਹ ਨੌਕਰੀ ਕਰਦੇ, ਤਾਂ ਅਸੀਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਸਮਾਂ ਨਹੀਂ ਲਾ ਪਾਉਣਾ ਸੀ। ਇਸ ਜੋੜੇ ਨੇ 15 ਅਗਸਤ 2008 ਦੇ ਪਹਿਰਾਬੁਰਜ ਵਿੱਚੋਂ ਇਕ ਲੇਖ ਪੜ੍ਹਿਆ ਜਿਸ ਦਾ ਵਿਸ਼ਾ ਸੀ, “ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ।” ਇਹ ਲੇਖ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਇਹ ਨੌਕਰੀ ਨਾ ਕਰਨ ਦਾ ਫ਼ੈਸਲਾ ਕੀਤਾ। ਉਹ ਕਹਿੰਦੇ ਹਨ: “ਜੇ ਅਸੀਂ ਪੈਸਾ ਕਮਾਉਣ ਲਈ ਹੋਰ ਦੇਸ਼ ਵਿਚ ਜਾਂਦੇ ਹਾਂ, ਤਾਂ ਅਸੀਂ ਪੈਸੇ ਨੂੰ ਅਹਿਮੀਅਤ ਦੇ ਰਹੇ ਹੋਵਾਂਗੇ, ਨਾ ਕਿ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ। ਅਸੀਂ ਜਾਣਦੇ ਸੀ ਕਿ ਜੇ ਅਸੀਂ ਇਹ ਨੌਕਰੀ ਕਰਦੇ, ਤਾਂ ਇਸ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ’ਤੇ ਅਸਰ ਪੈਣਾ ਸੀ।” ਬਾਅਦ ਵਿਚ ਭਰਾ ਨੂੰ ਆਪਣੇ ਹੀ ਦੇਸ਼ ਵਿਚ ਅਜਿਹੀ ਨੌਕਰੀ ਮਿਲ ਗਈ ਜਿਸ ਨਾਲ ਉਹ ਆਪਣਾ ਸਾਰਾ ਲੋਨ ਚੁਕਾ ਪਾਇਆ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਵੀ ਪੂਰੀਆਂ ਕਰ ਪਾਇਆ। ਉਸ ਦੀ ਪਤਨੀ ਕਹਿੰਦੀ ਹੈ: “ਯਹੋਵਾਹ ਹਮੇਸ਼ਾ ਆਪਣੇ ਸੇਵਕਾਂ ਦੀ ਮਦਦ ਕਰਦਾ ਹੈ।” ਇਹ ਜੋੜਾ ਖ਼ੁਸ਼ ਹੈ ਕਿ ਉਨ੍ਹਾਂ ਨੇ ਯਹੋਵਾਹ ਨੂੰ ਆਪਣਾ ਮਾਲਕ ਬਣਾਇਆ, ਨਾ ਕਿ ਪੈਸੇ ਨੂੰ।

ਸ਼ੈਤਾਨ ਦੇ ਫੰਦਿਆਂ ਤੋਂ ਬਚੋ

15. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਸ਼ੈਤਾਨ ਦੇ ਫੰਦਿਆਂ ਤੋਂ ਬਚਿਆ ਜਾ ਸਕਦਾ ਹੈ?

15 ਜੇ ਅਸੀਂ ਲਾਲਚ ਜਾਂ ਘਮੰਡ ਦੇ ਫੰਦੇ ਵਿਚ ਫਸ ਚੁੱਕੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਪੌਲੁਸ ਨੇ ਕਿਹਾ ਸੀ ਕਿ ਸ਼ੈਤਾਨ ਨੇ ਜਿਨ੍ਹਾਂ ਨੂੰ “ਆਪਣੇ ਫੰਦੇ ਵਿਚ ਜੀਉਂਦੇ-ਜੀ ਫਸਾ ਲਿਆ” ਸੀ, ਉਹ ਵੀ ਇਸ ਫੰਦੇ ਵਿੱਚੋਂ ਬਚ ਕੇ ਨਿਕਲ ਸਕਦੇ ਸਨ। (2 ਤਿਮੋ. 2:26) ਦਾਊਦ ਨੇ ਨਾਥਾਨ ਦੀ ਤਾੜਨਾ ਨੂੰ ਕਬੂਲ ਕੀਤਾ, ਗ਼ਲਤੀ ਦਾ ਪਛਤਾਵਾ ਕੀਤਾ ਅਤੇ ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਜੋੜਿਆ। ਸਾਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਯਹੋਵਾਹ ਸ਼ੈਤਾਨ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਇਸ ਲਈ ਜੇ ਅਸੀਂ ਯਹੋਵਾਹ ਦੀ ਮਦਦ ਲੈਂਦੇ ਹਾਂ, ਤਾਂ ਅਸੀਂ ਸ਼ੈਤਾਨ ਦੇ ਕਿਸੇ ਵੀ ਫੰਦੇ ਵਿੱਚੋਂ ਬਚ ਕੇ ਨਿਕਲ ਸਕਦੇ ਹਾਂ।

16. ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਸ਼ੈਤਾਨ ਦੇ ਫੰਦਿਆਂ ਵਿਚ ਫਸੀਏ ਹੀ ਨਾ?

16 ਸਾਡੇ ਲਈ ਸ਼ੈਤਾਨ ਦੇ ਫੰਦਿਆਂ ਵਿੱਚੋਂ ਬਚ ਕੇ ਨਿਕਲਣ ਨਾਲੋਂ ਚੰਗਾ ਹੋਵੇਗਾ ਕਿ ਅਸੀਂ ਉਨ੍ਹਾਂ ਵਿਚ ਕਦੇ ਫਸੀਏ ਹੀ ਨਾ। ਇਸ ਤਰ੍ਹਾਂ ਅਸੀਂ ਸਿਰਫ਼ ਪਰਮੇਸ਼ੁਰ ਦੀ ਮਦਦ ਨਾਲ ਹੀ ਕਰ ਸਕਦੇ ਹਾਂ। ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਸੱਚਾਈ ਵਿਚ ਬਹੁਤ ਮਜ਼ਬੂਤ ਹਾਂ ਅਤੇ ਅਸੀਂ ਕਦੇ ਵੀ ਘਮੰਡੀ ਜਾਂ ਲਾਲਚੀ ਨਹੀਂ ਬਣ ਸਕਦੇ। ਇੱਥੋਂ ਤਕ ਕਿ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਸੇਵਕ ਵੀ ਘਮੰਡੀ ਅਤੇ ਲਾਲਚੀ ਬਣ ਗਏ ਸਨ। ਇਸ ਲਈ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੀ ਮਦਦ ਕਰੇ ਤਾਂਕਿ ਤੁਸੀਂ ਆਪਣੀਆਂ ਸੋਚਾਂ ਅਤੇ ਕੰਮਾਂ ਦੀ ਜਾਂਚ ਕਰ ਸਕੋ। (ਜ਼ਬੂ. 139:23, 24) ਇਸ ਲਈ ਘਮੰਡ ਅਤੇ ਲਾਲਚ ਨੂੰ ਆਪਣੇ ’ਤੇ ਹਾਵੀ ਨਾ ਹੋਣ ਦਿਓ।

17. ਬਹੁਤ ਜਲਦ ਸ਼ੈਤਾਨ ਦਾ ਕੀ ਹਸ਼ਰ ਹੋਵੇਗਾ?

17 ਸ਼ੈਤਾਨ ਹਜ਼ਾਰਾਂ ਸਾਲਾਂ ਤੋਂ ਇਕ ਸ਼ਿਕਾਰੀ ਵਾਂਗ ਲੋਕਾਂ ਨੂੰ ਆਪਣੇ ਫੰਦਿਆਂ ਵਿਚ ਫਸਾਉਂਦਾ ਆ ਰਿਹਾ ਹੈ। ਪਰ ਬਹੁਤ ਜਲਦ ਉਸ ਨੂੰ ਫੜ ਕੇ ਬੰਨ੍ਹਿਆ ਜਾਵੇਗਾ ਅਤੇ ਫਿਰ ਉਸ ਦਾ ਨਾਸ਼ ਕਰ ਦਿੱਤਾ ਜਾਵੇਗਾ। (ਪ੍ਰਕਾ. 20:1-3, 10) ਅਸੀਂ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ, ਪਰ ਉਦੋਂ ਤਕ ਸਾਨੂੰ ਸ਼ੈਤਾਨ ਦੇ ਫੰਦਿਆਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਸਾਨੂੰ ਪੂਰੀ ਵਾਹ ਲਾ ਕੇ ਘਮੰਡ ਅਤੇ ਲਾਲਚ ਦੇ ਫੰਦੇ ਤੋਂ ਬਚਣਾ ਚਾਹੀਦਾ ਹੈ। ਇਸ ਲਈ “ਸ਼ੈਤਾਨ ਦਾ ਵਿਰੋਧ ਕਰੋ ਅਤੇ ਉਹ ਤੁਹਾਡੇ ਤੋਂ ਭੱਜ ਜਾਵੇਗਾ।”​—ਯਾਕੂ. 4:7.

ਗੀਤ 29 ਯਹੋਵਾਹ ਦੇ ਨਾਂ ਤੋਂ ਸਾਡੀ ਪਛਾਣ

^ ਪੈਰਾ 5 ਸ਼ੈਤਾਨ ਇਕ ਮਾਹਰ ਸ਼ਿਕਾਰੀ ਵਰਗਾ ਹੈ। ਉਹ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਹੈ, ਫਿਰ ਭਾਵੇਂ ਅਸੀਂ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਿਉਂ ਨਾ ਕਰ ਰਹੇ ਹੋਈਏ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸ਼ੈਤਾਨ ਕਿਵੇਂ ਘਮੰਡ ਅਤੇ ਲਾਲਚ ਦੇ ਫੰਦੇ ਵਿਚ ਫਸਾ ਕੇ ਪਰਮੇਸ਼ੁਰ ਨਾਲੋਂ ਸਾਡਾ ਰਿਸ਼ਤਾ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਅਸੀਂ ਕੁਝ ਲੋਕਾਂ ਦੀਆਂ ਮਿਸਾਲਾਂ ਵੀ ਦੇਖਾਂਗੇ ਜੋ ਇਸ ਫੰਦੇ ਵਿਚ ਫਸ ਗਏ ਸਨ। ਨਾਲੇ ਇਹ ਵੀ ਦੇਖਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਸ਼ੈਤਾਨ ਦੇ ਫੰਦਿਆਂ ਵਿਚ ਨਾ ਫਸੀਏ।

^ ਪੈਰਾ 2 ਸ਼ਬਦਾਂ ਦਾ ਮਤਲਬ: ਇਸ ਲੇਖ ਵਿਚ ਘਮੰਡ ਦਾ ਮਤਲਬ ਹੈ ਖ਼ੁਦ ਨੂੰ ਦੂਸਰਿਆਂ ਨਾਲੋਂ ਚੰਗਾ ਸਮਝਣਾ ਅਤੇ ਲਾਲਚ ਦਾ ਮਤਲਬ ਹੈ ਕਿਸੇ ਚੀਜ਼ ਨੂੰ ਪਾਉਣ ਦੀ ਹੱਦੋਂ ਵੱਧ ਇੱਛਾ ਰੱਖਣੀ, ਜਿਵੇਂ ਕਿ ਪੈਸਾ, ਰੁਤਬਾ ਜਾਂ ਸਰੀਰਕ ਸੰਬੰਧ।

^ ਪੈਰਾ 53 ਤਸਵੀਰ ਬਾਰੇ ਜਾਣਕਾਰੀ: ਘਮੰਡੀ ਹੋਣ ਕਰਕੇ ਇਕ ਭਰਾ ਨੂੰ ਦੂਸਰੇ ਭਰਾਵਾਂ ਦੀ ਸਲਾਹ ਚੰਗੀ ਨਹੀਂ ਲੱਗ ਰਹੀ। ਇਕ ਭੈਣ ਨੇ ਕਾਫ਼ੀ ਚੀਜ਼ਾਂ ਖ਼ਰੀਦ ਲਈਆਂ ਹਨ ਅਤੇ ਉਹ ਭੈਣ ਹੋਰ ਵੀ ਚੀਜ਼ਾਂ ਖ਼ਰੀਦਣ ਬਾਰੇ ਸੋਚ ਰਹੀ ਹੈ।

^ ਪੈਰਾ 55 ਤਸਵੀਰ ਬਾਰੇ ਜਾਣਕਾਰੀ: ਇਕ ਦੂਤ ਅਤੇ ਰਾਜਾ ਉਜ਼ੀਯਾਹ ਘਮੰਡੀ ਬਣ ਗਏ। ਲਾਲਚ ਵਿਚ ਆ ਕੇ ਹੱਵਾਹ ਨੇ ਮਨ੍ਹਾ ਕੀਤਾ ਗਿਆ ਫਲ ਖਾਧਾ, ਦਾਊਦ ਨੇ ਬਥ-ਸ਼ਬਾ ਨਾਲ ਹਰਾਮਕਾਰੀ ਕੀਤੀ ਅਤੇ ਯਹੂਦਾ ਨੇ ਪੈਸੇ ਚੁਰਾਏ।