Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਸੱਚਾਈ ਵਿਚ ਤਰੱਕੀ ਕਰਨ ਲਈ ਸ਼ਰਨਾਰਥੀ ਮਾਪਿਆਂ ਨੂੰ ਇਹ ਫ਼ੈਸਲਾ ਕਿਉਂ ਕਰਨਾ ਚਾਹੀਦਾ ਕਿ ਉਨ੍ਹਾਂ ਦਾ ਪਰਿਵਾਰ ਕਿਹੜੀ ਭਾਸ਼ਾ ਦੀ ਮੰਡਲੀ ਵਿਚ ਜਾਵੇਗਾ?

ਤੁਹਾਡੇ ਬੱਚੇ ਨਵੇਂ ਦੇਸ਼ ਦੀ ਭਾਸ਼ਾ ਸਕੂਲ ਵਿਚ ਜਾਂ ਆਲੇ-ਦੁਆਲੇ ਦੇ ਲੋਕਾਂ ਤੋਂ ਸਿੱਖ ਲੈਂਦੇ ਹਨ। ਇਕ ਤੋਂ ਜ਼ਿਆਦਾ ਭਾਸ਼ਾ ਜਾਣਨ ਦਾ ਬੱਚੇ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ। ਇਹ ਮਾਪਿਆਂ ਦਾ ਫ਼ੈਸਲਾ ਹੈ ਕਿ ਸੱਚਾਈ ਵਿਚ ਤਰੱਕੀ ਕਰਨ ਲਈ ਬੱਚਿਆਂ ਲਈ ਕਿਹੜੀ ਭਾਸ਼ਾ ਦੀ ਮੰਡਲੀ ਵਿਚ ਜਾਣਾ ਸਹੀ ਰਹੇਗਾ। ਚਾਹੇ ਉਹ ਤੁਹਾਡੀ ਮਾਂ-ਬੋਲੀ ਵਾਲੀ ਮੰਡਲੀ ਹੋਵੇ ਜਾਂ ਨਵੇਂ ਦੇਸ਼ ਦੀ ਭਾਸ਼ਾ ਵਾਲੀ ਮੰਡਲੀ ਹੋਵੇ। ਮਾਪਿਆਂ ਨੂੰ ਆਪਣੀਆਂ ਨਹੀਂ, ਸਗੋਂ ਆਪਣੇ ਬੱਚਿਆਂ ਦੀਆਂ ਲੋੜਾਂ ਨੂੰ ਪਹਿਲ ਦੇਣੀ ਚਾਹੀਦੀ ਹੈ।​—w17.05, ਸਫ਼ੇ 9-11.

ਜਦੋਂ ਯਿਸੂ ਨੇ ਸ਼ਮਊਨ ਪਤਰਸ ਨੂੰ ਕਿਹਾ: “ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?”, ਤਾਂ ਯਿਸੂ ਕਿਸ ਚੀਜ਼ ਵੱਲ ਇਸ਼ਾਰਾ ਕਰ ਰਿਹਾ ਸੀ? (ਯੂਹੰਨਾ 21:15)

ਲੱਗਦਾ ਹੈ ਕਿ ਯਿਸੂ ਲਾਗੇ ਪਈਆਂ ਮੱਛੀਆਂ ਜਾਂ ਪਤਰਸ ਦੇ ਮੱਛੀਆਂ ਦੇ ਕਾਰੋਬਾਰ ਵੱਲ ਇਸ਼ਾਰਾ ਕਰ ਰਿਹਾ ਸੀ। ਯਿਸੂ ਦੀ ਮੌਤ ਤੋਂ ਬਾਅਦ ਪਤਰਸ ਫਿਰ ਤੋਂ ਇਹੀ ਕੰਮ ਕਰਨ ਲੱਗ ਪਿਆ। ਮਸੀਹੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਕੰਮ-ਧੰਦਾ ਉਨ੍ਹਾਂ ਲਈ ਕਿੰਨਾ ਕੁ ਮਾਅਨੇ ਰੱਖਦਾ ਹੈ।​—w17.05, ਸਫ਼ੇ 22-23.

ਕੀ ਮਸੀਹੀ ਨੂੰ ਕਿਸੇ ਇਨਸਾਨ ਤੋਂ ਆਪਣਾ ਬਚਾਅ ਕਰਨ ਲਈ ਬੰਦੂਕ ਰੱਖਣੀ ਚਾਹੀਦੀ ਹੈ?

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਜ਼ਿੰਦਗੀ ਪਵਿੱਤਰ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣਾ ਬਚਾ ਕਰਨ ਲਈ ਤਲਵਾਰ ਖ਼ਰੀਦਣ ਲਈ ਨਹੀਂ ਕਿਹਾ। (ਲੂਕਾ 22:36, 38) ਬਾਈਬਲ ਸਾਨੂੰ ਕਹਿੰਦੀ ਹੈ ਕਿ ਸਾਨੂੰ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਾ ਚਾਹੀਦਾ ਹੈ। ਕਿਸੇ ਵੀ ਚੀਜ਼ ਨਾਲੋਂ ਸਾਡੀ ਜਾਨ ਜ਼ਿਆਦਾ ਕੀਮਤੀ ਹੈ। ਅਸੀਂ ਦੂਜਿਆਂ ਦੀ ਵੀ ਜ਼ਮੀਰ ਦੀ ਕਦਰ ਕਰਦੇ ਹਾਂ ਅਤੇ ਮਿਸਾਲੀ ਬਣਨਾ ਚਾਹੁੰਦੇ ਹਾਂ। (2 ਕੁਰਿੰ. 4:2)​—w17.07, ਸਫ਼ੇ 31-32.

ਮੱਤੀ ਅਤੇ ਲੂਕਾ ਦੀਆਂ ਕਿਤਾਬਾਂ ਵਿਚ ਯਿਸੂ ਦੇ ਬਚਪਨ ਬਾਰੇ ਲਿਖੀਆਂ ਗੱਲਾਂ ਵਿਚ ਫ਼ਰਕ ਕਿਉਂ ਹੈ?

ਮੱਤੀ ਨੇ ਜ਼ਿਆਦਾ ਯੂਸੁਫ਼ ਨਾਲ ਜੁੜੀਆਂ ਘਟਨਾਵਾਂ ਬਾਰੇ ਲਿਖਿਆ ਸੀ। ਮਿਸਾਲ ਲਈ, ਮੱਤੀ ਦੱਸਦਾ ਹੈ ਕਿ ਯੂਸੁਫ਼ ਉੱਤੇ ਕੀ ਬੀਤੀ ਜਦੋਂ ਉਸ ਨੂੰ ਪਤਾ ਲੱਗਾ ਕਿ ਮਰੀਅਮ ਗਰਭਵਤੀ ਸੀ। ਮੱਤੀ ਨੇ ਦੱਸਿਆ ਕਿ ਇਕ ਹੋਰ ਸੁਪਨੇ ਰਾਹੀਂ ਇਕ ਦੂਤ ਨੇ ਯੂਸੁਫ਼ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਪਰਿਵਾਰ ਸਮੇਤ ਮਿਸਰ ਨੂੰ ਭੱਜ ਜਾਵੇ ਅਤੇ ਬਾਅਦ ਵਿਚ ਵਾਪਸ ਆਉਣ ਦਾ ਵੀ ਸੰਦੇਸ਼ ਦਿੱਤਾ। ਪਰ ਲੂਕਾ ਦੀ ਕਿਤਾਬ ਵਿਚ ਜ਼ਿਆਦਾ ਮਰੀਅਮ ਬਾਰੇ ਦੱਸਿਆ ਗਿਆ ਹੈ, ਜਿਵੇਂ ਕਿ ਜਦੋਂ ਮਰੀਅਮ ਇਲੀਸਬਤ ਨੂੰ ਮਿਲਣ ਗਈ ਅਤੇ ਯਿਸੂ ਦੇ ਮੰਦਰ ਵਿਚ ਰਹਿ ਜਾਣ ਤੇ ਮਰੀਅਮ ’ਤੇ ਕੀ ਬੀਤੀ ਸੀ।​—w17.08, ਸਫ਼ਾ 32.

ਕਿਨ੍ਹਾਂ ਗੱਲਾਂ ਦੇ ਬਾਵਜੂਦ ਵੀ ਪਰਮੇਸ਼ੁਰ ਦਾ ਬਚਨ ਸਦਾ ਕਾਇਮ ਰਿਹਾ ਹੈ?

ਸਮੇਂ ਦੇ ਬੀਤਣ ਨਾਲ ਬਾਈਬਲ ਦੇ ਕੁਝ ਸ਼ਬਦਾਂ ਅਤੇ ਵਾਕਾਂ ਦਾ ਮਤਲਬ ਬਦਲ ਗਿਆ ਹੈ। ਰਾਜਨੀਤਿਕ ਬਦਲਾਅ ਦਾ ਅਸਰ ਲੋਕਾਂ ਦੀ ਆਮ ਬੋਲੀ ’ਤੇ ਵੀ ਪਿਆ ਹੈ। ਬਾਈਬਲ ਦਾ ਅਨੁਵਾਦ ਆਮ ਬੋਲੀਆਂ ਵਿਚ ਕਰਨ ਦਾ ਵਿਰੋਧ ਕੀਤਾ ਗਿਆ।​—w17.09, ਸਫ਼ੇ 19-21.

ਸਭ ਤੋਂ ਉੱਤਮ ਪਿਆਰ ਕਿਹੜਾ ਹੈ?

ਸਭ ਤੋਂ ਉੱਤਮ ਪਿਆਰ ਅਸੂਲਾਂ ’ਤੇ ਆਧਾਰਿਤ ਹੁੰਦਾ ਹੈ। ਬਾਈਬਲ ਵਿਚ ਇਸ ਪਿਆਰ ਨੂੰ ਯੂਨਾਨੀ ਭਾਸ਼ਾ ਵਿਚ “ਅਗਾਪੇ” ਕਿਹਾ ਗਿਆ ਹੈ। ਇਸ ਪਿਆਰ ਵਿਚ ਕਿਸੇ ਨਾਲ ਮੋਹ ਰੱਖਣਾ ਅਤੇ ਕਿਸੇ ਲਈ ਡੂੰਘੀਆਂ ਭਾਵਨਾਵਾਂ ਰੱਖਣੀਆਂ ਸ਼ਾਮਲ ਹਨ। ਪਰ ਇਹ ਸਿਰਫ਼ ਉਦੋਂ ਜ਼ਾਹਰ ਹੁੰਦਾ ਹੈ, ਜਦੋਂ ਅਸੀਂ ਨਿਰਸੁਆਰਥ ਹੋ ਕੇ ਕਿਸੇ ਦੀ ਭਲਾਈ ਲਈ ਕੁਝ ਕਰਦੇ ਹਾਂ। ਇਹ ਸਾਨੂੰ ਦੂਜਿਆਂ ਵਾਸਤੇ ਚੰਗੇ ਕੰਮ ਕਰਨ ਲਈ ਪ੍ਰੇਰਦਾ ਹੈ।​—w17.10, ਸਫ਼ਾ 7.