Skip to content

Skip to table of contents

“ਮੈਨੂੰ ਵੀ ਇਹ ਆਸ਼ਾ ਹੈ”

“ਮੈਨੂੰ ਵੀ ਇਹ ਆਸ਼ਾ ਹੈ”

“ਆਖ਼ਰੀ ਆਦਮ ਸਵਰਗੀ ਸਰੀਰ ਧਾਰ ਕੇ ਜੀਵਨ ਦੇਣ ਵਾਲਾ ਬਣਿਆ।”​—1 ਕੁਰਿੰ. 15:45.

ਗੀਤ: 12, 24

1-3. (ੳ) ਸਾਡੀਆਂ ਮੁੱਖ ਸਿੱਖਿਆਵਾਂ ਵਿਚ ਕਿਹੜੀ ਸਿੱਖਿਆ ਸ਼ਾਮਲ ਹੋਣੀ ਚਾਹੀਦੀ ਹੈ? (ਅ) ਜੀ ਉਠਾਏ ਜਾਣ ਦੀ ਸਿੱਖਿਆ ਸਾਡੇ ਲਈ ਇੰਨੀ ਮਾਅਨੇ ਕਿਉਂ ਰੱਖਦੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਜੇ ਕਿਸੇ ਨੇ ਤੁਹਾਨੂੰ ਇਹ ਸਵਾਲ ਪੁੱਛਿਆ ਕਿ ‘ਤੁਹਾਡੇ ਧਰਮ ਦੀਆਂ ਮੁੱਖ ਸਿੱਖਿਆਵਾਂ ਕਿਹੜੀਆਂ ਹਨ?’ ਤਾਂ ਤੁਸੀਂ ਕੀ ਜਵਾਬ ਦਿਓਗੇ? ਬਿਨਾਂ ਸ਼ੱਕ ਤੁਸੀਂ ਦੱਸੋਗੇ ਕਿ ਯਹੋਵਾਹ ਸਾਡਾ ਸ੍ਰਿਸ਼ਟੀਕਰਤਾ ਅਤੇ ਜੀਵਨਦਾਤਾ ਹੈ। ਤੁਸੀਂ ਇਹ ਵੀ ਜ਼ਰੂਰ ਦੱਸੋਗੇ ਕਿ ਤੁਸੀਂ ਯਿਸੂ ’ਤੇ ਨਿਹਚਾ ਕਰਦੇ ਹੋ ਜਿਸ ਨੇ ਸਾਡੀ ਖ਼ਾਤਰ ਆਪਣੀ ਜਾਨ ਦਿੱਤੀ ਸੀ। ਤੁਸੀਂ ਨਵੀਂ ਦੁਨੀਆਂ ਬਾਰੇ ਵੀ ਦੱਸਣਾ ਨਹੀਂ ਭੁੱਲੋਗੇ ਜਿੱਥੇ ਪਰਮੇਸ਼ੁਰ ਦੇ ਲੋਕ ਹਮੇਸ਼ਾ ਲਈ ਰਹਿਣਗੇ। ਪਰ ਕੀ ਤੁਸੀਂ ਇਸ ਵਿਸ਼ਵਾਸ ਬਾਰੇ ਵੀ ਦੱਸੋਗੇ ਕਿ ਮਰੇ ਚੁੱਕੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਤੁਸੀਂ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ?

2 ਚਾਹੇ ਅਸੀਂ ਮੰਨਦੇ ਹਾਂ ਕਿ ਮਹਾਂਕਸ਼ਟ ਤੋਂ ਪਹਿਲਾਂ ਅਸੀਂ ਨਹੀਂ ਮਰਾਂਗੇ ਅਤੇ ਜੀਉਂਦੇ ਜੀ ਨਵੀਂ ਦੁਨੀਆਂ ਵਿਚ ਪਹੁੰਚਾਂਗੇ, ਪਰ ਕੀ ਫਿਰ ਵੀ ਸਾਡੇ ਲਈ ਮੁੜ ਜੀ ਉਠਾਏ ਜਾਣ ਦੀ ਸਿੱਖਿਆ ਕੋਈ ਮਾਅਨੇ ਰੱਖਦੀ ਹੈ? ਪੌਲੁਸ ਰਸੂਲ ਨੇ ਸਮਝਾਇਆ ਕਿ ਇਹ ਸਿੱਖਿਆ ਇੰਨੀ ਅਹਿਮ ਕਿਉਂ ਹੈ। ਉਸ ਨੇ ਕਿਹਾ: “ਜੇ ਮਰੇ ਹੋਇਆਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ ਇਸ ਦਾ ਮਤਲਬ ਹੈ ਕਿ ਮਸੀਹ ਨੂੰ ਵੀ ਜੀਉਂਦਾ ਨਹੀਂ ਕੀਤਾ ਗਿਆ ਹੈ।” ਜੇ ਯਿਸੂ ਜੀਉਂਦਾ ਹੀ ਨਹੀਂ ਹੋਇਆ, ਤਾਂ ਉਹ ਸਵਰਗ ਵਿਚ ਰਾਜ ਕਿਵੇਂ ਕਰਦਾ ਅਤੇ ਕੀ ਸਾਡੇ ਪ੍ਰਚਾਰ ਦਾ ਕੋਈ ਫ਼ਾਇਦਾ ਹੋਣਾ ਸੀ? (1 ਕੁਰਿੰਥੀਆਂ 15:12-19 ਪੜ੍ਹੋ।) ਪਰ ਸਾਨੂੰ ਪੂਰਾ ਭਰੋਸਾ ਹੈ ਕਿ ਯਿਸੂ ਨੂੰ ਜੀਉਂਦਾ ਕੀਤਾ ਗਿਆ ਸੀ। ਇਹ ਗੱਲ ਮੰਨਣ ਕਰਕੇ ਅਸੀਂ ਯਹੂਦੀ ਸਦੂਕੀਆਂ ਤੋਂ ਬਹੁਤ ਵੱਖਰੇ ਹਾਂ ਕਿਉਂਕਿ ਉਹ ਨਹੀਂ ਸੀ ਮੰਨਦੇ ਕਿ ਮਰ ਚੁੱਕੇ ਲੋਕ ਜੀਉਂਦੇ ਹੋ ਸਕਦੇ ਸਨ। ਚਾਹੇ ਲੋਕ ਸਾਡਾ ਮਜ਼ਾਕ ਹੀ ਕਿਉਂ ਨਾ ਉਡਾਉਣ, ਪਰ ਫਿਰ ਵੀ ਅਸੀਂ ਮਰ ਚੁੱਕੇ ਲੋਕਾਂ ਦੇ ਜੀ ਉਠਾਏ ਜਾਣ ਦੀ ਉਮੀਦ ਨੂੰ ਘੁੱਟ ਕੇ ਫੜੀ ਰੱਖਾਂਗੇ।​—ਮਰ. 12:18; ਰਸੂ. 4:2, 3; 17:32; 23:6-8.

3 ਪੌਲੁਸ ਨੇ ਕਿਹਾ ਕਿ “ਮਸੀਹ ਬਾਰੇ ਬੁਨਿਆਦੀ ਸਿੱਖਿਆਵਾਂ” ਵਿਚ ‘ਮਰ ਚੁੱਕੇ ਲੋਕਾਂ ਦੇ ਜੀਉਂਦੇ ਹੋਣ ਦੀ ਸਿੱਖਿਆ’ ਵੀ ਸ਼ਾਮਲ ਹੈ। (ਇਬ. 6:1, 2) ਪੌਲੁਸ ਨੇ ਇਸ ਸਿੱਖਿਆ ਉੱਤੇ ਜ਼ੋਰ ਦਿੱਤਾ ਕਿਉਂਕਿ ਉਹ ਵੀ ਇਸ ਗੱਲ ’ਤੇ ਨਿਹਚਾ ਕਰਦਾ ਸੀ। (ਰਸੂ. 24:10, 15, 24, 25) ਚਾਹੇ ਇਹ ਸਿੱਖਿਆ “ਪਰਮੇਸ਼ੁਰ ਦੀ ਬਾਣੀ ਦੀਆਂ ਬੁਨਿਆਦੀ ਗੱਲਾਂ” ਵਿੱਚੋਂ ਇਕ ਹੈ, ਪਰ ਫਿਰ ਵੀ ਸਾਨੂੰ ਇਸ ਦਾ ਅਧਿਐਨ ਚੰਗੀ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ?​—ਇਬ. 5:12.

4. ਜੀ ਉਠਾਏ ਜਾਣ ਬਾਰੇ ਸ਼ਾਇਦ ਕਿਹੜੇ ਸਵਾਲ ਖੜ੍ਹੇ ਹੋਣ?

4 ਜਦੋਂ ਲੋਕ ਬਾਈਬਲ ਸਟੱਡੀ ਕਰਨੀ ਸ਼ੁਰੂ ਕਰਦੇ ਹਨ, ਤਾਂ ਉਹ ਅਕਸਰ ਪੁਰਾਣੇ ਸਮੇਂ ਵਿਚ ਜੀਉਂਦੇ ਕੀਤੇ ਲੋਕਾਂ ਦੀਆਂ ਘਟਨਾਵਾਂ ਬਾਰੇ ਪੜ੍ਹਦੇ ਹਨ, ਜਿਵੇਂ ਕਿ ਲਾਜ਼ਰ ਬਾਰੇ। ਉਹ ਇਹ ਵੀ ਸਿੱਖਦੇ ਹਨ ਕਿ ਅਬਰਾਹਾਮ, ਅੱਯੂਬ ਅਤੇ ਦਾਨੀਏਲ ਨੂੰ ਪੂਰਾ ਭਰੋਸਾ ਸੀ ਕਿ ਭਵਿੱਖ ਵਿਚ ਲੋਕਾਂ ਨੂੰ ਜ਼ਰੂਰ ਜੀ ਉਠਾਇਆ ਜਾਵੇਗਾ। ਪਰ ਤੁਹਾਡੇ ਬਾਰੇ ਕੀ? ਤੁਸੀਂ ਉਦੋਂ ਤੁਸੀਂ ਕੀ ਜਵਾਬ ਦਿਓਗੇ, ਜਦੋਂ ਕੋਈ ਤੁਹਾਨੂੰ ਬਾਈਬਲ ਵਿੱਚੋਂ ਸਾਬਤ ਕਰਨ ਨੂੰ ਕਹੇ ਕਿ ਤੁਸੀਂ ਸੈਂਕੜੇ ਸਾਲ ਪਹਿਲਾਂ ਜੀ ਉਠਾਏ ਜਾਣ ਦੇ ਵਾਅਦੇ ’ਤੇ ਯਕੀਨ ਕਿਉਂ ਕਰਦੇ ਹੋ? ਕੀ ਬਾਈਬਲ ਵਿਚ ਦੱਸਿਆ ਹੈ ਕਿ ਭਵਿੱਖ ਵਿਚ ਕਦੋਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਪਾ ਕੇ ਸਾਡੀ ਨਿਹਚਾ ਜ਼ਰੂਰ ਮਜ਼ਬੂਤ ਹੋਵੇਗੀ।

ਸਦੀਆਂ ਬਾਅਦ ਜੀ ਉਠਾਇਆ ਜਾਣਾ

5. ਅਸੀਂ ਹੁਣ ਕਿਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ?

5 ਸ਼ਾਇਦ ਸਾਡੇ ਲਈ ਇਹ ਗੱਲ ਮੰਨਣੀ ਔਖੀ ਨਾ ਹੋਵੇ ਕਿ ਉਸ ਇਨਸਾਨ ਨੂੰ ਜੀਉਂਦਾ ਕੀਤਾ ਜਾ ਸਕਦਾ ਹੈ ਜਿਸ ਨੂੰ ਮਰੇ ਹੋਏ ਨੂੰ ਜ਼ਿਆਦਾ ਦੇਰ ਨਹੀਂ ਹੋਈ। (ਯੂਹੰ. 11:11; ਰਸੂ. 20:9, 10) ਪਰ ਕੀ ਅਸੀਂ ਇਹ ਮੰਨ ਸਕਦੇ ਹਾਂ ਕਿ ਉਹ ਇਨਸਾਨ ਵੀ ਜੀਉਂਦਾ ਹੋ ਸਕਦਾ ਹੈ ਜਿਸ ਨੂੰ ਮਰਿਆ ਸਦੀਆਂ ਬੀਤ ਗਈਆਂ ਹਨ? ਕੀ ਅਸੀਂ ਉਸ ਵਾਅਦੇ ਉੱਤੇ ਯਕੀਨ ਕਰ ਸਕਦੇ ਹਾਂ ਜੋ ਸੈਂਕੜੇ ਸਾਲ ਪਹਿਲਾਂ ਕੀਤਾ ਗਿਆ ਸੀ? ਚਾਹੇ ਉਹ ਵਿਅਕਤੀ ਅੱਜ ਮਰਿਆ ਜਾਂ ਬਹੁਤ ਸਾਲ ਪਹਿਲਾਂ, ਪਰ ਕੀ ਫਿਰ ਵੀ ਉਸ ਦਾ ਜੀ ਉੱਠਣਾ ਮੁਮਕਿਨ ਹੈ? ਹਾਂਜੀ, ਸੱਚ ਤਾਂ ਇਹ ਹੈ ਕਿ ਉਸ ਇਨਸਾਨ ਨੂੰ ਜੀਉਂਦਾ ਕੀਤਾ ਗਿਆ ਸੀ ਜਿਸ ਦੇ ਜੀ ਉਠਾਏ ਜਾਣ ਬਾਰੇ ਸੈਂਕੜੇ ਸਾਲ ਪਹਿਲਾਂ ਦੱਸਿਆ ਗਿਆ ਸੀ। ਦਰਅਸਲ ਤੁਸੀਂ ਉਸ ਇਨਸਾਨ ਨੂੰ ਜਾਣਦੇ ਹੋ ਅਤੇ ਉਸ ’ਤੇ ਨਿਹਚਾ ਵੀ ਕਰਦੇ ਹੋ। ਉਹ ਵਿਅਕਤੀ ਕੌਣ ਸੀ ਅਤੇ ਉਸ ਦੇ ਜੀ ਉਠਾਏ ਜਾਣ ਦਾ ਸਾਡੀ ਨਿਹਚਾ ਨਾਲ ਕੀ ਸੰਬੰਧ ਹੈ?

6. ਜ਼ਬੂਰ 118 ਦੀ ਭਵਿੱਖਬਾਣੀ ਯਿਸੂ ’ਤੇ ਕਿਵੇਂ ਪੂਰੀ ਹੁੰਦੀ ਹੈ?

6 ਆਓ ਆਪਾਂ ਉਸ ਇਨਸਾਨ ਬਾਰੇ ਦੇਖੀਏ ਜਿਸ ਦੇ ਜੀ ਉਠਾਏ ਜਾਣ ਬਾਰੇ ਬਹੁਤ ਸਾਲ ਪਹਿਲਾਂ ਦੱਸਿਆ ਗਿਆ ਸੀ। ਕੁਝ ਲੋਕ ਮੰਨਦੇ ਹਨ ਕਿ 118 ਜ਼ਬੂਰ ਦਾਊਦ ਨੇ ਲਿਖਿਆ ਸੀ। ਗੌਰ ਕਰੋ ਕਿ ਉਸ ਨੇ ਕੀ ਲਿਖਿਆ: “ਹੇ ਯਹੋਵਾਹ, ਬਿਨਤੀ ਹੈ, ਬਚਾ ਲੈ . . . ਮੁਬਾਰਕ ਉਹ ਹੈ ਜਿਹੜਾ ਯਹੋਵਾਹ ਦੇ ਨਾਮ ਤੇ ਆਉਂਦਾ ਹੈ।” ਇਹ ਭਵਿੱਖਬਾਣੀ ਮਸੀਹ ਬਾਰੇ ਸੀ ਅਤੇ ਲੋਕਾਂ ਨੇ ਇਹ ਸ਼ਬਦ ਉਦੋਂ ਕਹੇ ਸਨ ਜਦੋਂ 9 ਨੀਸਾਨ ਨੂੰ ਯਿਸੂ ਗਧੀ ਦੇ ਬੱਚੇ ਉੱਤੇ ਬੈਠ ਕੇ ਯਰੂਸ਼ਲਮ ਆਇਆ ਸੀ। ਇਹ ਘਟਨਾ ਯਿਸੂ ਦੀ ਮੌਤ ਤੋਂ ਥੋੜ੍ਹੇ ਦਿਨ ਪਹਿਲਾਂ ਵਾਪਰੀ ਸੀ। (ਜ਼ਬੂ. 118:25, 26; ਮੱਤੀ 21:7-9) ਪਰ ਜ਼ਬੂਰ 118 ਦੀ ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਇਕ ਇਨਸਾਨ ਨੂੰ ਉਸ ਦੀ ਮੌਤ ਤੋਂ ਕਾਫ਼ੀ ਸਾਲਾਂ ਬਾਅਦ ਜੀਉਂਦਾ ਕੀਤਾ ਗਿਆ? ਗੌਰ ਕਰੋ ਕਿ ਜ਼ਬੂਰ 118 ਵਿਚ ਹੋਰ ਕੀ ਲਿਖਿਆ: “ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।”​—ਜ਼ਬੂ. 118:22.

“ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ” ਉਹ ਮਸੀਹ ਸੀ (ਪੈਰਾ 7 ਦੇਖੋ)

7. ਯਹੂਦੀਆਂ ਨੇ ਯਿਸੂ ਨੂੰ ਕਿਵੇਂ ਰੱਦਿਆ?

7 ਜਿਨ੍ਹਾਂ “ਰਾਜਾਂ” ਯਾਨੀ ਰਾਜ ਮਿਸਤਰੀਆਂ ਨੇ ਮਸੀਹ ਨੂੰ ਰੱਦਿਆ ਉਹ ਯਹੂਦੀ ਆਗੂ ਸਨ। ਉਨ੍ਹਾਂ ਨੇ ਯਿਸੂ ਨੂੰ ਕਿਵੇਂ ਰੱਦਿਆਂ? ਉਨ੍ਹਾਂ ਨੇ ਯਿਸੂ ਨੂੰ ਸਿਰਫ਼ ਨਜ਼ਰਅੰਦਾਜ਼ ਜਾਂ ਮਸੀਹਾ ਮੰਨਣ ਤੋਂ ਇਨਕਾਰ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਪਿਲਾਤੁਸ ਕੋਲੋਂ ਉਸ ਦੀ ਮੌਤ ਮੰਗੀ। (ਲੂਕਾ 23:18-23) ਜੀ ਹਾਂ, ਉਨ੍ਹਾਂ ਦੇ ਹੱਥ ਯਿਸੂ ਦੇ ਖ਼ੂਨ ਨਾਲ ਰੰਗੇ ਹੋਏ ਸਨ।

ਯਿਸੂ ਮਰਿਆ ਵਿੱਚੋਂ ਜੀਉਂਦਾ ਹੋ ਕੇ “ਕੋਨੇ ਦਾ ਮੁੱਖ ਪੱਥਰ ਬਣ ਗਿਆ” (ਪੈਰਾ 8, 9 ਦੇਖੋ)

8. ਯਿਸੂ ਕੋਨੇ ਦਾ ਮੁੱਖ ਪੱਥਰ ਕਿਵੇਂ ਬਣਿਆ?

8 ਜੇ ਯਿਸੂ ਨੂੰ ਰੱਦ ਕੇ ਮਾਰ ਦਿੱਤਾ ਗਿਆ ਸੀ, ਤਾਂ ਉਹ “ਖੂੰਜੇ ਦਾ ਸਿਰਾ” ਕਿਵੇਂ ਬਣ ਸਕਦਾ ਸੀ? * ਇਹ ਤਾਂ ਹੀ ਸੰਭਵ ਹੋਣਾ ਸੀ ਜੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਜਾਂਦਾ। ਯਿਸੂ ਨੇ ਇਸ ਗੱਲ ਨੂੰ ਸਮਝਾਉਣ ਲਈ ਇਕ ਮਿਸਾਲ ਦਿੱਤੀ। ਉਸ ਨੇ ਇਕ ਜ਼ਮੀਨ ਦੇ ਮਾਲਕ ਦੀ ਮਿਸਾਲ ਦੱਸੀ ਜਿਸ ਨੇ ਆਪਣਾ ਬਾਗ਼ ਠੇਕੇ ’ਤੇ ਦਿੱਤਾ ਸੀ। ਉਸ ਨੇ ਕਈ ਵਾਰ ਆਪਣੇ ਨੌਕਰਾਂ ਨੂੰ ਠੇਕੇਦਾਰਾਂ ਕੋਲ ਘੱਲਿਆ, ਪਰ ਉਨ੍ਹਾਂ ਨੇ ਨੌਕਰਾਂ ਨਾਲ ਬੁਰਾ ਸਲੂਕ ਕੀਤਾ। ਅਖ਼ੀਰ, ਮਾਲਕ ਨੇ ਆਪਣੇ ਪੁੱਤਰ ਨੂੰ ਇਸ ਉਮੀਦ ਨਾਲ ਘੱਲਿਆ ਕਿ ਘੱਟੋ-ਘੱਟ ਠੇਕੇਦਾਰ ਉਸ ਦੇ ਪੁੱਤਰ ਦੀ ਗੱਲ ਸੁਣਨਗੇ। ਪਰ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਵੀ ਮਾਰ ਕੇ ਪਾਸੇ ਕੀਤਾ। ਉਸੇ ਤਰ੍ਹਾਂ ਇਜ਼ਰਾਈਲੀਆਂ ਨੇ ਪਰਮੇਸ਼ੁਰ ਵੱਲੋਂ ਭੇਜੇ ਨਬੀਆਂ ਨਾਲ ਬੁਰਾ ਸਲੂਕ ਕੀਤਾ। ਅਖ਼ੀਰ ਯਹੋਵਾਹ ਨੇ ਆਪਣਾ ਪੁੱਤਰ ਮਸੀਹ ਵਜੋਂ ਘੱਲਿਆ। ਪਰ ਲੋਕਾਂ ਨੇ ਉਸ ਨੂੰ ਵੀ ਮਾਰ ਮੁਕਾਇਆ। ਇਹ ਮਿਸਾਲ ਦੇਣ ਤੋਂ ਬਾਅਦ ਯਿਸੂ ਨੇ ਜ਼ਬੂਰ 118:22 ਵਿਚ ਦੱਸੀ ਭਵਿੱਖਬਾਣੀ ਦਾ ਜ਼ਿਕਰ ਕੀਤਾ। (ਲੂਕਾ 20:9-17) ‘ਯਰੂਸ਼ਲਮ ਵਿਚ ਯਹੂਦੀਆਂ ਦੇ ਧਾਰਮਿਕ ਆਗੂਆਂ, ਬਜ਼ੁਰਗਾਂ ਅਤੇ ਗ੍ਰੰਥੀਆਂ’ ਨਾਲ ਗੱਲ ਕਰਦਿਆਂ ਪਤਰਸ ਰਸੂਲ ਨੇ ਵੀ ਇਸੇ ਆਇਤ ਦਾ ਹਵਾਲਾ ਦਿੱਤਾ। ਉਸ ਨੇ ਕਿਹਾ ‘ਤੁਸੀਂ ਯਿਸੂ ਮਸੀਹ ਨਾਸਰੀ ਨੂੰ ਸੂਲ਼ੀ ’ਤੇ ਟੰਗ ਦਿੱਤਾ ਸੀ, ਪਰ ਪਰਮੇਸ਼ੁਰ ਨੇ ਉਸ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ।’ ਫਿਰ ਉਸ ਨੇ ਕਿਹਾ: “ਉਹੀ ਯਿਸੂ ‘ਉਹ ਪੱਥਰ ਹੈ ਜਿਸ ਨੂੰ ਰਾਜ ਮਿਸਤਰੀਆਂ ਨੇ ਯਾਨੀ ਤੁਸੀਂ ਨਿਕੰਮਾ ਕਿਹਾ, ਉਹੀ ਕੋਨੇ ਦਾ ਮੁੱਖ ਪੱਥਰ ਬਣ ਗਿਆ ਹੈ।’”​—ਰਸੂ. 3:15; 4:5-11; 1 ਪਤ. 2:5-7.

9. ਜ਼ਬੂਰ 118:22 ਵਿਚ ਕਿਹੜੀ ਦਿਲਚਸਪ ਭਵਿੱਖਬਾਣੀ ਕੀਤੀ ਗਈ?

9 ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਜ਼ਬੂਰ 118:22 ਵਿਚ ਦੱਸੀ ਮੁੜ ਜੀਉਂਦੇ ਕੀਤੇ ਜਾਣ ਦੀ ਭਵਿੱਖਬਾਣੀ ਸੈਂਕੜੇ ਸਾਲ ਬਾਅਦ ਪੂਰੀ ਹੋਣੀ ਸੀ। ਮਸੀਹ ਨੂੰ ਰੱਦਿਆ ਅਤੇ ਮਾਰਿਆ ਜਾਣਾ ਸੀ। ਪਰ ਜੀਉਂਦੇ ਹੋਣ ਤੋਂ ਬਾਅਦ ਉਸ ਨੇ “ਖੂੰਜੇ ਦਾ ਸਿਰਾ” ਬਣਨਾ ਸੀ। ਯਿਸੂ ਤੋਂ ਇਲਾਵਾ “ਪਰਮੇਸ਼ੁਰ ਨੇ ਧਰਤੀ ਉੱਤੇ ਹੋਰ ਕਿਸੇ ਨੂੰ ਨਹੀਂ ਚੁਣਿਆ ਜਿਸ ਦੇ ਨਾਂ ’ਤੇ ਸਾਨੂੰ ਬਚਾਇਆ ਜਾਵੇਗਾ।”​—ਰਸੂ. 4:12; ਅਫ਼. 1:20.

10. (ੳ) ਜ਼ਬੂਰ 16:10 ਵਿਚ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਜ਼ਬੂਰ 16:10 ਦੀ ਭਵਿੱਖਬਾਣੀ ਦਾਊਦ ’ਤੇ ਲਾਗੂ ਨਹੀਂ ਹੋਈ?

10 ਇਕ ਹੋਰ ਆਇਤ ਵੱਲ ਧਿਆਨ ਦਿਓ ਜਿਸ ਵਿਚ ਕਿਸੇ ਦੇ ਜੀ ਉਠਾਏ ਜਾਣ ਦੀ ਭਵਿੱਖਬਾਣੀ ਕੀਤੀ ਗਈ ਸੀ। ਪਰ ਇਹ ਭਵਿੱਖਬਾਣੀ ਇਕ ਹਜ਼ਾਰ ਤੋਂ ਜ਼ਿਆਦਾ ਸਾਲ ਬਾਅਦ ਪੂਰੀ ਹੋਈ। ਇਸ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਉਹ ਇਨਸਾਨ ਵੀ ਜੀਉਂਦਾ ਹੋ ਸਕਦਾ ਹੈ ਜਿਸ ਦੇ ਜੀ ਉਠਾਏ ਜਾਣ ਬਾਰੇ ਬਹੁਤ ਸਾਲ ਪਹਿਲਾਂ ਦੱਸਿਆ ਗਿਆ ਹੋਵੇ। ਜ਼ਬੂਰ 16 ਵਿਚ ਦਾਊਦ ਨੇ ਲਿਖਿਆ: “ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤਰ ਪੁਰਖ ਨੂੰ ਗੋਰ ਵੇਖਣ ਦੇਵੇਂਗਾ।” (ਜ਼ਬੂ. 16:10) ਦਾਊਦ ਇਹ ਨਹੀਂ ਕਹਿ ਰਿਹਾ ਸੀ ਕਿ ਉਸ ਨੇ ਕਦੀ ਮਰਨਾ ਨਹੀਂ ਸੀ ਜਾਂ ਕਦੀ ਕਬਰ ਵਿਚ ਨਹੀਂ ਜਾਣਾ ਸੀ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਦਾਊਦ ਬੁੱਢਾ ਹੋ ਕੇ ਮਰ ਗਿਆ। ਉਹ “ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ।” (1 ਰਾਜ. 2:1, 10) ਜੇ ਇਹ ਆਇਤ ਦਾਊਦ ’ਤੇ ਨਹੀਂ, ਤਾਂ ਫਿਰ ਕਿਸ ’ਤੇ ਲਾਗੂ ਹੋਈ?

11. ਪਤਰਸ ਨੇ ਜ਼ਬੂਰ 16:10 ਦਾ ਭੇਤ ਕਦੋਂ ਸੁਲਝਾਇਆ?

11 ਜਦੋਂ ਜ਼ਬੂਰ 16:10 ਦੇ ਸ਼ਬਦ ਲਿਖੇ ਗਏ ਸਨ, ਤਾਂ ਉਸ ਤੋਂ ਹਜ਼ਾਰ ਤੋਂ ਵੀ ਜ਼ਿਆਦਾ ਸਾਲ ਬਾਅਦ ਪਤਰਸ ਨੇ ਦੱਸਿਆ ਕਿ ਇਹ ਸ਼ਬਦ ਕਿਸ ’ਤੇ ਲਾਗੂ ਹੋਏ। ਯਿਸੂ ਦੇ ਮਰਨ ਅਤੇ ਜੀ ਉਠਾਏ ਜਾਣ ਤੋਂ ਕੁਝ ਹਫ਼ਤੇ ਬਾਅਦ ਪਤਰਸ ਨੇ ਹਜ਼ਾਰਾਂ ਯਹੂਦੀ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲਿਆਂ ਨਾਲ ਇਸ ਬਾਰੇ ਗੱਲ ਕੀਤੀ। (ਰਸੂਲਾਂ ਦੇ ਕੰਮ 2:29-32 ਪੜ੍ਹੋ।) ਉਸ ਨੇ ਯਾਦ ਕਰਾਇਆ ਕਿ ਦਾਊਦ ਮਰ ਚੁੱਕਾ ਸੀ ਅਤੇ ਦਫ਼ਨਾਇਆ ਗਿਆ ਸੀ। ਸੁਣਨ ਵਾਲੇ ਸਾਰੇ ਲੋਕ ਇਹ ਗੱਲ ਜਾਣਦੇ ਸਨ। ਬਾਈਬਲ ਵਿਚ ਕਿਤੇ ਵੀ ਨਹੀਂ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਪਤਰਸ ਦੀ ਇਹ ਗੱਲ ਸੁਣ ਕੇ ਉਸ ਨਾਲ ਬਹਿਸ ਕੀਤੀ। ਉਹ ਵੀ ਮੰਨਦੇ ਸਨ ਕਿ “ਦਾਊਦ ਪਹਿਲਾਂ ਤੋਂ ਜਾਣਦਾ ਸੀ ਕਿ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਵੇਗਾ।”

12. ਜ਼ਬੂਰ 16:10 ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ? ਇਸ ਤੋਂ ਮੁੜ ਜੀਉਂਦੇ ਹੋਣ ਦੀ ਉਮੀਦ ਬਾਰੇ ਕੀ ਪਤਾ ਲੱਗਦਾ ਹੈ?

12 ਆਪਣੀ ਗੱਲ ’ਤੇ ਹੋਰ ਜ਼ੋਰ ਦੇਣ ਲਈ ਪਤਰਸ ਨੇ ਜ਼ਬੂਰ 110:1 ਵਿਚ ਲਿਖੇ ਦਾਊਦ ਦੇ ਸ਼ਬਦਾਂ ਦਾ ਹਵਾਲਾ ਦਿੱਤਾ। (ਰਸੂਲਾਂ ਦੇ ਕੰਮ 2:33-36 ਪੜ੍ਹੋ।) ਪਤਰਸ ਨੇ ਆਇਤਾਂ ’ਤੇ ਤਰਕ ਕਰ ਕੇ ਭੀੜ ਨੂੰ ਕਾਇਲ ਕੀਤਾ ਕਿ ਯਿਸੂ ਹੀ “ਪ੍ਰਭੂ ਅਤੇ ਮਸੀਹ” ਹੈ। ਲੋਕ ਇਹ ਗੱਲ ਸਮਝ ਗਏ ਸਨ ਕਿ ਜ਼ਬੂਰ 16:10 ਵਿਚ ਦੱਸੀ ਭਵਿੱਖਬਾਣੀ ਯਿਸੂ ਦੇ ਜੀ ਉਠਾਏ ਜਾਣ ਨਾਲ ਪੂਰੀ ਹੋਈ। ਪੌਲੁਸ ਨੇ ਵੀ ਇਹੀ ਦਲੀਲਾਂ ਦੇ ਕੇ ਪਸੀਦੀਆ ਦੇ ਸ਼ਹਿਰ ਅੰਤਾਕੀਆ ਵਿਚ ਯਹੂਦੀਆਂ ਨੂੰ ਕਾਇਲ ਕੀਤਾ। ਉਸ ਦੀਆਂ ਦਲੀਲਾਂ ਤੋਂ ਲੋਕ ਇੰਨੇ ਪ੍ਰਭਾਵਿਤ ਹੋਏ ਕਿ ਉਹ ਹੋਰ ਜਾਣਨਾ ਚਾਹੁੰਦੇ ਸਨ। (ਰਸੂਲਾਂ ਦੇ ਕੰਮ 13:32-37, 42 ਪੜ੍ਹੋ।) ਕੀ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ ਕਿ ਮਰੇ ਹੋਇਆਂ ਨੂੰ ਜੀਉਂਦਾ ਕਰਨ ਦੀਆਂ ਭਵਿੱਖਬਾਣੀਆਂ ਭਰੋਸੇ ਦੇ ਲਾਇਕ ਸਨ, ਚਾਹੇ ਇਹ ਹਜ਼ਾਰਾਂ ਸਾਲ ਬਾਅਦ ਪੂਰੀਆਂ ਹੋਈਆਂ?

ਮਰਿਆਂ ਨੂੰ ਜੀਉਂਦਾ ਕਦੋਂ ਕੀਤਾ ਜਾਵੇਗਾ?

13. ਸ਼ਾਇਦ ਮੁੜ ਜੀ ਉਠਾਏ ਜਾਣ ਬਾਰੇ ਕਿਹੜੇ ਸਵਾਲ ਖੜ੍ਹੇ ਹੋਣ?

13 ਸਾਨੂੰ ਇਹ ਜਾਣ ਕੇ ਬਹੁਤ ਹੌਸਲਾ ਮਿਲਦਾ ਹੈ ਕਿ ਇਕ ਇਨਸਾਨ ਨੂੰ ਜੀਉਂਦਾ ਕੀਤਾ ਜਾ ਸਕਦਾ ਹੈ, ਭਾਵੇਂ ਉਸ ਬਾਰੇ ਸੈਂਕੜੇ ਸਾਲ ਪਹਿਲਾਂ ਹੀ ਦੱਸਿਆ ਗਿਆ ਹੋਵੇ। ਪਰ ਫਿਰ ਵੀ ਸ਼ਾਇਦ ਕੁਝ ਇਹ ਸਵਾਲ ਪੁੱਛਣ: ‘ਕੀ ਇਸ ਦਾ ਇਹ ਮਤਲਬ ਹੈ ਕਿ ਆਪਣੇ ਅਜ਼ੀਜ਼ ਨੂੰ ਫਿਰ ਤੋਂ ਜੀਉਂਦਾ ਦੇਖਣ ਲਈ ਮੈਨੂੰ ਕਾਫ਼ੀ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇਗਾ? ਮਰਿਆਂ ਨੂੰ ਮੁੜ ਜੀਉਂਦਾ ਕਦੋਂ ਕੀਤਾ ਜਾਵੇਗਾ?’ ਯਾਦ ਰੱਖੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਨਾ ਤਾਂ ਕੁਝ ਗੱਲਾਂ ਪਤਾ ਸੀ ਤੇ ਨਾ ਹੀ ਉਨ੍ਹਾਂ ਨੂੰ ਜਾਣਨ ਦੀ ਲੋੜ ਸੀ ਕਿਉਂਕਿ “ਪਿਤਾ ਕੋਲ ਹੀ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਕਿਹੜਾ ਕੰਮ ਕਦੋਂ ਕਰਨਾ ਹੈ।” (ਰਸੂ. 1:6, 7; ਯੂਹੰ. 16:12) ਪਰ ਫਿਰ ਵੀ ਸਾਨੂੰ ਕੁਝ ਜਾਣਕਾਰੀ ਦਿੱਤੀ ਗਈ ਹੈ ਜਿਸ ਤੋਂ ਅਸੀਂ ਜਾਣ ਸਕਦੇ ਹਾਂ ਕਿ ਮਰਿਆਂ ਨੂੰ ਕਦੋਂ ਮੁੜ ਜੀਉਂਦਾ ਕੀਤਾ ਜਾਵੇਗਾ।

14. ਯਿਸੂ ਦਾ ਜੀ ਉਠਾਇਆ ਜਾਣਾ ਉਸ ਤੋਂ ਪਹਿਲਾਂ ਜੀ ਉਠਾਏ ਗਏ ਲੋਕਾਂ ਤੋਂ ਕਿਵੇਂ ਵੱਖਰਾ ਸੀ?

14 ਬਾਈਬਲ ਵਿਚ ਦੱਸੇ ਬਿਰਤਾਂਤਾਂ ਵਿੱਚੋਂ ਯਿਸੂ ਦਾ ਜੀ ਉਠਾਏ ਜਾਣਾ ਸਭ ਤੋਂ ਅਹਿਮ ਸੀ। ਪਰ ਕਿਉਂ? ਕਿਉਂਕਿ ਜੇ ਯਿਸੂ ਨੂੰ ਮੁੜ ਜੀਉਂਦਾ ਨਾ ਕੀਤਾ ਜਾਂਦਾ, ਤਾਂ ਸਾਡੇ ਕੋਲ ਆਪਣੇ ਪਿਆਰਿਆਂ ਨੂੰ ਦੁਬਾਰਾ ਦੇਖਣ ਦੀ ਕੋਈ ਉਮੀਦ ਨਹੀਂ ਸੀ ਹੋਣੀ। ਜਿਨ੍ਹਾਂ ਲੋਕਾਂ ਨੂੰ ਯਿਸੂ ਦੇ ਜੀ ਉਠਾਏ ਜਾਣ ਤੋਂ ਪਹਿਲਾਂ ਜੀਉਂਦਾ ਕੀਤਾ ਗਿਆ ਸੀ ਉਹ ਸਾਰੇ ਫਿਰ ਤੋਂ ਮਰ ਗਏ, ਜਿਵੇਂ ਕਿ ਏਲੀਯਾਹ ਅਤੇ ਅਲੀਸ਼ਾ ਦੁਆਰਾ ਜੀਉਂਦੇ ਕੀਤੇ ਗਏ ਲੋਕ। ਪਰ ਯਿਸੂ ਨੂੰ “ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕਰ ਦਿੱਤਾ ਗਿਆ ਹੈ ਅਤੇ ਉਹ ਦੁਬਾਰਾ ਨਹੀਂ ਮਰੇਗਾ; ਮੌਤ ਦਾ ਹੁਣ ਉਸ ਉੱਤੇ ਕੋਈ ਵੱਸ ਨਹੀਂ ਹੈ।” ਨਾਲੇ ਉਹ ਸਵਰਗ ਵਿਚ “ਹਮੇਸ਼ਾ-ਹਮੇਸ਼ਾ ਜੀਉਂਦਾ” ਰਹੇਗਾ।​—ਰੋਮੀ. 6:9; ਪ੍ਰਕਾ. 1:5, 18; ਕੁਲੁ. 1:18; 1 ਪਤ. 3:18.

15. ਯਿਸੂ ਨੂੰ “ਪਹਿਲਾ ਫਲ” ਕਿਉਂ ਕਿਹਾ ਗਿਆ?

15 ਯਿਸੂ ਸਭ ਤੋਂ ਪਹਿਲਾਂ ਵਿਅਕਤੀ ਸੀ ਜਿਸ ਨੂੰ ਜੀਉਂਦਾ ਕਰ ਕੇ ਸਵਰਗ ਲੈ ਜਾਇਆ ਗਿਆ ਸੀ ਅਤੇ ਉਸ ਦਾ ਇਸ ਤਰ੍ਹਾਂ ਜੀ ਉਠਾਏ ਜਾਣਾ ਸਭ ਤੋਂ ਅਹਿਮ ਸੀ। (ਰਸੂ. 26:23) ਪਰ ਉਹ ਇਕੱਲਾ ਨਹੀਂ ਸੀ ਜਿਸ ਨੂੰ ਜੀਉਂਦਾ ਕਰ ਕੇ ਸਵਰਗ ਲੈ ਜਾਇਆ ਗਿਆ। ਯਿਸੂ ਨੇ ਵਾਅਦਾ ਕੀਤਾ ਕਿ ਉਸ ਦੇ ਵਫ਼ਾਦਾਰ ਰਸੂਲ ਉਸ ਨਾਲ ਸਵਰਗ ਵਿਚ ਰਾਜ ਕਰਨਗੇ। (ਲੂਕਾ 22:28-30) ਪਰ ਉਨ੍ਹਾਂ ਨੂੰ ਇਹ ਇਨਾਮ ਮਰਨ ਤੋਂ ਬਾਅਦ ਹੀ ਮਿਲਦਾ ਹੈ। ਉਨ੍ਹਾਂ ਨੂੰ ਵੀ ਯਿਸੂ ਵਾਂਗ ਸਵਰਗੀ ਸਰੀਰ ਦਿੱਤਾ ਜਾਂਦਾ ਹੈ। ਪੌਲੁਸ ਨੇ ਲਿਖਿਆ: “ਜਿਹੜੇ ਲੋਕ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਨ੍ਹਾਂ ਵਿੱਚੋਂ ਮਸੀਹ ਨੂੰ ਸਭ ਤੋਂ ਪਹਿਲਾਂ ਜੀਉਂਦਾ ਕਰ ਦਿੱਤਾ ਗਿਆ ਹੈ।” ਪੌਲੁਸ ਨੇ ਕਿਹਾ ਕਿ ਹੋਰ ਵੀ ਜੀਉਂਦੇ ਹੋਣਗੇ ਅਤੇ ਸਵਰਗ ਵਿਚ ਜਾਣਗੇ। ਉਸ ਨੇ ਕਿਹਾ: “ਸਾਰਿਆਂ ਨੂੰ ਆਪੋ-ਆਪਣੀ ਵਾਰੀ ਸਿਰ: ਸਭ ਤੋਂ ਪਹਿਲਾਂ ਮਸੀਹ ਨੂੰ ਤੇ ਫਿਰ ਉਸ ਦੀ ਮੌਜੂਦਗੀ ਦੌਰਾਨ ਉਨ੍ਹਾਂ ਨੂੰ ਜਿਹੜੇ ਮਸੀਹ ਦੇ ਹਨ।”​—1 ਕੁਰਿੰ. 15:20, 23, ਫੁਟਨੋਟ।

16. ਕਿਹੜੀ ਗੱਲ ਤੋਂ ਸੰਕੇਤ ਮਿਲਦਾ ਹੈ ਕਿ ਸਵਰਗ ਲਈ ਜੀ ਉਠਾਏ ਜਾਣਾ ਕਦੋਂ ਸ਼ੁਰੂ ਹੋਣਾ ਸੀ?

16 ਪੌਲੁਸ ਦੀ ਗੱਲ ਤੋਂ ਸਾਨੂੰ ਸੰਕੇਤ ਮਿਲਦਾ ਹੈ ਕਿ ਸਵਰਗ ਲਈ ਜੀ ਉਠਾਏ ਜਾਣਾ ਕਦੋਂ ਸ਼ੁਰੂ ਹੋਣਾ ਸੀ। ਇਹ ਯਿਸੂ ਦੀ “ਮੌਜੂਦਗੀ ਦੌਰਾਨ” ਹੋਇਆ। ਬਹੁਤ ਸਾਲਾਂ ਤੋਂ ਯਹੋਵਾਹ ਦੇ ਗਵਾਹ ਬਾਈਬਲ ਤੋਂ ਸਬੂਤ ਦਿੰਦੇ ਆਏ ਹਨ ਕਿ ਯਿਸੂ ਦੀ “ਮੌਜੂਦਗੀ” 1914 ਤੋਂ ਸ਼ੁਰੂ ਹੋਈ। ਅੱਜ ਵੀ ਉਸ ਦੀ ਮੌਜੂਦਗੀ ਦਾ ਸਮਾਂ ਖ਼ਤਮ ਨਹੀਂ ਹੋਇਆ ਅਤੇ ਇਸ ਦੁਸ਼ਟ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ।

17, 18. ਮਸੀਹ ਦੀ ਮੌਜੂਦਗੀ ਦੌਰਾਨ ਬਾਕੀ ਚੁਣੇ ਹੋਏ ਮਸੀਹੀਆਂ ਨਾਲ ਕੀ ਹੋਵੇਗਾ?

17 ਬਾਈਬਲ ਵਿਚ ਸਵਰਗ ਲਈ ਜੀ ਉਠਾਏ ਜਾਣ ਬਾਰੇ ਹੋਰ ਵੀ ਬਹੁਤ ਕੁਝ ਦੱਸਿਆ ਗਿਆ ਹੈ: “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਗੱਲੋਂ ਵੀ ਅਣਜਾਣ ਨਾ ਰਹੋ ਕਿ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਨਾਲ ਕੀ ਹੋਵੇਗਾ . . . ਜੇ ਸਾਨੂੰ ਨਿਹਚਾ ਹੈ ਕਿ ਯਿਸੂ ਮਰਿਆ ਅਤੇ ਦੁਬਾਰਾ ਜੀਉਂਦਾ ਹੋਇਆ ਸੀ, ਤਾਂ ਸਾਨੂੰ ਇਹ ਵੀ ਨਿਹਚਾ ਹੈ ਕਿ ਯਿਸੂ ਦੇ ਪਿੱਛੇ-ਪਿੱਛੇ ਚੱਲਣ ਕਰਕੇ ਜਿਹੜੇ ਲੋਕ ਮੌਤ ਦੀ ਨੀਂਦ ਸੌਂ ਗਏ ਹਨ, ਉਨ੍ਹਾਂ ਨੂੰ ਵੀ ਪਰਮੇਸ਼ੁਰ ਜੀਉਂਦਾ ਕਰ ਕੇ ਮਸੀਹ ਦੇ ਨਾਲ ਮਿਲਾਵੇਗਾ . . . ਸਾਡੇ ਵਿੱਚੋਂ ਜਿਹੜੇ ਪ੍ਰਭੂ ਦੀ ਮੌਜੂਦਗੀ ਦੌਰਾਨ ਜੀ ਰਹੇ ਹੋਣਗੇ, ਉਨ੍ਹਾਂ ਨੂੰ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਤੋਂ ਪਹਿਲਾਂ ਸਵਰਗ ਨਹੀਂ ਲਿਜਾਇਆ ਜਾਵੇਗਾ; ਕਿਉਂਕਿ ਪ੍ਰਭੂ ਆਪ ਮਹਾਂ ਦੂਤ ਵਜੋਂ ਹੁਕਮ ਦਿੰਦਾ ਹੋਇਆ . . . ਸਵਰਗੋਂ ਥੱਲੇ ਆਵੇਗਾ ਅਤੇ ਮਸੀਹ ਦੇ ਜਿਹੜੇ ਚੇਲੇ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਹ ਪਹਿਲਾਂ ਜੀਉਂਦੇ ਹੋ ਜਾਣਗੇ। ਅਤੇ ਫਿਰ ਅਸੀਂ ਜਿਹੜੇ ਪ੍ਰਭੂ ਦੀ ਮੌਜੂਦਗੀ ਦੌਰਾਨ ਜੀ ਰਹੇ ਹੋਵਾਂਗੇ, ਉਨ੍ਹਾਂ ਦੇ ਨਾਲ ਹੋਣ ਲਈ ਅਤੇ ਹਵਾ ਵਿਚ ਪ੍ਰਭੂ ਨੂੰ ਮਿਲਣ ਲਈ ਬੱਦਲਾਂ ਵਿਚ ਉਠਾਏ ਜਾਵਾਂਗੇ; ਅਤੇ ਇਸ ਤਰ੍ਹਾਂ ਅਸੀਂ ਹਮੇਸ਼ਾ ਪ੍ਰਭੂ ਦੇ ਨਾਲ ਰਹਾਂਗੇ।”​—1 ਥੱਸ. 4:13-17.

18 ਮਸੀਹ ਦੀ “ਮੌਜੂਦਗੀ” ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਸਵਰਗ ਲਈ ਜੀ ਉਠਾਏ ਜਾਣਾ ਸ਼ੁਰੂ ਹੋਇਆ। ਜਿਹੜੇ ਚੁਣੇ ਹੋਏ ਮਸੀਹੀ ਮਹਾਂਕਸ਼ਟ ਦੌਰਾਨ ਬਚਣਗੇ ਉਨ੍ਹਾਂ ਨੂੰ ‘ਬੱਦਲਾਂ ਵਿਚ ਉਠਾਇਆ ਜਾਵੇਗਾ।’ ਇਸ ਦਾ ਕੀ ਮਤਲਬ ਹੈ? ਜਿਨ੍ਹਾਂ ਨੂੰ ‘ਬੱਦਲਾਂ ਵਿਚ ਉਠਾਇਆ ਜਾਵੇਗਾ’ “ਉਹ ਮੌਤ ਦੀ ਨੀਂਦ ਨਹੀਂ ਸੌਣਗੇ” ਯਾਨੀ ਉਹ ਲੰਬੇ ਸਮੇਂ ਤਕ ਮੌਤ ਦੀ ਨੀਂਦ ਨਹੀਂ ਸੁੱਤੇ ਰਹਿਣਗੇ। ਇਸ ਦੀ ਬਜਾਇ, ਉਹ “ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ” ਜਾਣਗੇ।​—1 ਕੁਰਿੰ. 15:51, 52; ਮੱਤੀ 24:31.

19. ਕਿਨ੍ਹਾਂ ਨੂੰ “ਦੁਬਾਰਾ ਮਰਨਾ” ਨਹੀਂ ਪਵੇਗਾ?

19 ਅੱਜ ਬਹੁਤ ਸਾਰੇ ਵਫ਼ਾਦਾਰ ਭੈਣ-ਭਰਾ ਚੁਣੇ ਹੋਏ ਨਹੀਂ ਹਨ ਤੇ ਨਾ ਹੀ ਉਨ੍ਹਾਂ ਨੂੰ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਲਈ ਚੁਣਿਆ ਗਿਆ ਹੈ। ਇਸ ਦੀ ਬਜਾਇ, ਉਹ ‘ਯਹੋਵਾਹ ਦੇ ਦਿਨ’ ਨੂੰ ਉਡੀਕਦੇ ਹਨ ਜਦੋਂ ਉਹ ਦੁਸ਼ਟ ਦੁਨੀਆਂ ਦਾ ਅੰਤ ਕਰੇਗਾ। ਕੋਈ ਵੀ ਨਹੀਂ ਜਾਣਦਾ ਕਿ ਅੰਤ ਕਦੋਂ ਆਵੇਗਾ, ਪਰ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਦਿਨ ਬਹੁਤ ਨੇੜੇ ਹੈ। (1 ਥੱਸ. 5:1-3) ਇਸ ਤੋਂ ਬਾਅਦ ਨਵੀਂ ਦੁਨੀਆਂ ਵਿਚ ਇਕ ਹੋਰ ਤਰੀਕੇ ਦਾ ਜੀ ਉਠਾਇਆ ਜਾਣਾ ਹੋਵੇਗਾ। ਉਸ ਸਮੇਂ ਜਿਨ੍ਹਾਂ ਨੂੰ ਧਰਤੀ ਉੱਤੇ ਜੀ ਉਠਾਇਆ ਜਾਵੇਗਾ, ਉਨ੍ਹਾਂ ਕੋਲ ਮੁਕੰਮਲ ਬਣਨ ਅਤੇ ਹਮੇਸ਼ਾ ਲਈ ਜੀਉਂਦੇ ਰਹਿਣ ਦੀ ਆਸ ਹੋਵੇਗੀ। ਪੁਰਾਣੇ ਸਮੇਂ ਵਿਚ ਜਿਨ੍ਹਾਂ ਨੂੰ ਜੀਉਂਦਾ ਕੀਤਾ ਗਿਆ ਸੀ ਉਹ ਸਾਰੇ ਕੁਝ ਸਮੇਂ ਬਾਅਦ ਮਰ ਗਏ। ਪਰ ਜਿਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜੀ ਉਠਾਇਆ ਜਾਵੇਗਾ ਉਨ੍ਹਾਂ ਨੂੰ “ਜੀਉਂਦਾ ਹੋਣ ਤੋਂ ਬਾਅਦ ਦੁਬਾਰਾ ਮਰਨਾ” ਨਹੀਂ ਪਵੇਗਾ।​—ਇਬ. 11:35.

20. ਅਸੀਂ ਇਹ ਉਮੀਦ ਕਿਉਂ ਰੱਖ ਸਕਦੇ ਹਾਂ ਕਿ ਮੁੜ ਜੀ ਉਠਾਏ ਜਾਣਾ ਢੰਗ ਸਿਰ ਹੋਵੇਗਾ?

20 ਬਾਈਬਲ ਦੱਸਦੀ ਹੈ ਕਿ ਜਿਨ੍ਹਾਂ ਨੂੰ ਸਵਰਗ ਜਾਣ ਲਈ ਜੀ ਉਠਾਇਆ ਜਾਵੇਗਾ ਉਹ “ਆਪੋ-ਆਪਣੀ ਵਾਰੀ ਸਿਰ” ਜੀ ਉਠਾਏ ਜਾਣਗੇ। (1 ਕੁਰਿੰ. 15:23) ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਧਰਤੀ ਉੱਤੇ ਵੀ ਜੀ ਉਠਾਏ ਜਾਣਾ ਗੜਬੜੀ ਨਾਲ ਨਹੀਂ, ਸਗੋਂ ਸਹੀ ਢੰਗ ਨਾਲ ਹੋਵੇਗਾ। ਪਰ ਅਸੀਂ ਸ਼ਾਇਦ ਕਹੀਏ: ਕੀ ਹੁਣੇ-ਹੁਣੇ ਮਰਨ ਵਾਲਿਆਂ ਨੂੰ ਯਿਸੂ ਦੇ ਹਜ਼ਾਰ ਸਾਲ ਦੇ ਰਾਜ਼ ਦੀ ਸ਼ੁਰੂਆਤ ਵਿਚ ਹੀ ਜੀ ਉਠਾਇਆ ਜਾਵੇਗਾ ਅਤੇ ਕੀ ਉਨ੍ਹਾਂ ਦਾ ਸੁਆਗਤ ਕਰਨ ਵਾਲੇ ਉਨ੍ਹਾਂ ਦੇ ਪਿਆਰਿਆਂ ਵਿੱਚੋਂ ਹੋਣਗੇ? ਕੀ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਨੂੰ ਪਹਿਲਾਂ ਜੀਉਂਦਾ ਕੀਤਾ ਜਾਵੇਗਾ ਜਿਨ੍ਹਾਂ ਨੇ ਚੰਗੇ ਤਰੀਕੇ ਨਾਲ ਅਗਵਾਈ ਕੀਤੀ ਸੀ ਤਾਂਕਿ ਉਹ ਨਵੀਂ ਦੁਨੀਆਂ ਵਿਚ ਪਰਮੇਸ਼ੁਰ ਦੇ ਲੋਕਾਂ ਲਈ ਵਧੀਆ ਇੰਤਜ਼ਾਮ ਕਰ ਸਕਣ? ਉਨ੍ਹਾਂ ਲੋਕਾਂ ਦਾ ਕੀ ਬਣੇਗਾ ਜਿਨ੍ਹਾਂ ਨੇ ਕਦੀ ਯਹੋਵਾਹ ਦੀ ਸੇਵਾ ਨਹੀਂ ਕੀਤੀ? ਉਨ੍ਹਾਂ ਨੂੰ ਕਦੋਂ ਅਤੇ ਕਿੱਥੇ ਜੀ ਉਠਾਇਆ ਜਾਵੇਗਾ? ਸ਼ਾਇਦ ਅਸੀਂ ਇਸ ਤਰ੍ਹਾਂ ਦੇ ਕਈ ਸਵਾਲ ਪੁੱਛੀਏ। ਪਰ ਅੱਜ ਸਾਨੂੰ ਇਨ੍ਹਾਂ ਗੱਲਾਂ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਵਧੀਆ ਹੋਵੇਗਾ ਕਿ ਅਸੀਂ ਉਡੀਕ ਕਰੀਏ। ਅਸੀਂ ਇਸ ਗੱਲ ਦੀ ਉਮੀਦ ਰੱਖ ਸਕਦੇ ਹਾਂ ਕਿ ਜਦੋਂ ਯਹੋਵਾਹ ਇਹ ਸਭ ਕੁਝ ਕਰੇਗਾ, ਤਾਂ ਉਹ ਨਜ਼ਾਰਾ ਸਾਡੀਆਂ ਸੋਚਾਂ ਤੋਂ ਵੀ ਪਰੇ ਹੋਵੇਗਾ।

21. ਤੁਹਾਨੂੰ ਕੀ ਆਸ਼ਾ ਹੈ?

21 ਉਸ ਸਮੇਂ ਤਕ ਸਾਨੂੰ ਯਹੋਵਾਹ ’ਤੇ ਆਪਣਾ ਭਰੋਸਾ ਹੋਰ ਵੀ ਪੱਕਾ ਕਰਨਾ ਚਾਹੀਦਾ ਹੈ। ਉਸ ਨੇ ਯਿਸੂ ਰਾਹੀਂ ਵਾਅਦਾ ਕੀਤਾ ਕਿ ਮਰ ਚੁੱਕੇ ਲੋਕ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਅਤੇ ਉਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ। (ਯੂਹੰ. 5:28, 29; 11:23) ਯਿਸੂ ਨੇ ਕਿਹਾ ਕਿ ਅਬਰਾਹਾਮ, ਇਸਹਾਕ ਅਤੇ ਯਾਕੂਬ ਪਰਮੇਸ਼ੁਰ ‘ਦੀਆਂ ਨਜ਼ਰਾਂ ਵਿਚ ਜੀਉਂਦੇ ਹਨ।’ ਇਸ ਗੱਲ ਤੋਂ ਸਾਨੂੰ ਇਕ ਹੋਰ ਸਬੂਤ ਮਿਲਦਾ ਹੈ ਕਿ ਯਹੋਵਾਹ ਮਰ ਚੁੱਕੇ ਲੋਕਾਂ ਨੂੰ ਜ਼ਰੂਰ ਜੀਉਂਦਾ ਕਰੇਗਾ। (ਲੂਕਾ 20:37, 38) ਸੱਚ-ਮੁੱਚ ਸਾਡੇ ਕੋਲ ਪੌਲੁਸ ਰਸੂਲ ਵਾਂਗ ਇਹ ਕਹਿਣ ਦੇ ਬਹੁਤ ਸਾਰੇ ਕਾਰਨ ਹਨ: “ਮੈਨੂੰ ਵੀ ਇਹ ਆਸ਼ਾ ਹੈ ਕਿ ਪਰਮੇਸ਼ੁਰ ਮਰ ਚੁੱਕੇ . . . ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”​—ਰਸੂ. 24:15.

^ ਪੈਰਾ 8 ਖੂੰਜੇ ਦਾ ਸਿਰਾ ਉਹ ਪੱਥਰ ਹੁੰਦਾ ਸੀ ਜੋ ਇਮਾਰਤ ਦੇ ਉਪਰਲੇ ਖੂੰਜੇ ਦੇ ਸਿਰੇ ’ਤੇ ਰੱਖਿਆ ਜਾਂਦਾ ਸੀ ਜਿੱਥੇ ਦੋ ਕੰਧਾਂ ਜੁੜਦੀਆਂ ਸਨ। ਇਹ ਪੱਥਰ ਇਨ੍ਹਾਂ ਦੋ ਕੰਧਾਂ ਨੂੰ ਮਜ਼ਬੂਤੀ ਨਾਲ ਜੋੜ ਕੇ ਰੱਖਦਾ ਸੀ। ਜਦੋਂ ਯਿਸੂ ਨੂੰ ਜੀਉਂਦਾ ਕੀਤਾ ਗਿਆ, ਤਾਂ ਉਹ ਚੁਣੀ ਹੋਈ ਮਸੀਹੀ ਮੰਡਲੀ ਦੇ “ਕੋਨੇ ਦਾ ਮੁੱਖ ਪੱਥਰ ਬਣ ਗਿਆ।” ਇਸ ਮੰਡਲੀ ਦੀ ਤੁਲਨਾ ਇਕ ਪਵਿੱਤਰ ਮੰਦਰ ਨਾਲ ਕੀਤੀ ਗਈ ਹੈ।