Skip to content

Skip to table of contents

ਜੀਵਨੀ

ਮਾਲਕ ਦੇ ਪਿੱਛੇ-ਪਿੱਛੇ ਜਾਣ ਲਈ ਚੀਜ਼ਾਂ ਨੂੰ ਛੱਡਣਾ

ਮਾਲਕ ਦੇ ਪਿੱਛੇ-ਪਿੱਛੇ ਜਾਣ ਲਈ ਚੀਜ਼ਾਂ ਨੂੰ ਛੱਡਣਾ

ਜਦੋਂ ਮੈਂ 16 ਸਾਲ ਦਾ ਸੀ, ਤਾਂ ਮੇਰੇ ਪਿਤਾ ਜੀ ਨੇ ਕਿਹਾ: “ਜੇ ਤੂੰ ਪ੍ਰਚਾਰ ’ਤੇ ਗਿਆ, ਤਾਂ ਘਰੇ ਵਾਪਸ ਨਾ ਆਈ। ਜੇ ਤੂੰ ਵਾਪਸ ਆਇਆ, ਤਾਂ ਮੈਂ ਤੇਰੀਆਂ ਲੱਤਾਂ ਭੰਨ ਦਿਆਂਗਾ।” ਮੈਂ ਆਪਣੇ ਪਿਤਾ ਜੀ ਦੇ ਡਰ ਤੋਂ ਆਪਣਾ ਘਰ ਛੱਡ ਦਿੱਤਾ। ਇਹ ਪਹਿਲੀ ਵਾਰ ਸੀ ਜਦੋਂ ਮੈਂ ਆਪਣੇ ਮਾਲਕ ਯਿਸੂ ਦੇ ਪਿੱਛੇ-ਪਿੱਛੇ ਜਾਣ ਲਈ ਚੀਜ਼ਾਂ ਨੂੰ ਛੱਡਿਆ ਸੀ।

ਮੇਰੇ ਪਿਤਾ ਜੀ ਇੰਨੇ ਗੁੱਸੇ ਵਿਚ ਕਿਉਂ ਸਨ? ਚੱਲੋ ਆਓ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਹਾਂ। ਮੇਰਾ ਜਨਮ 29 ਜੁਲਾਈ 1929 ਵਿਚ ਹੋਇਆ ਅਤੇ ਮੈਂ ਫ਼ਿਲਪੀਨ ਦੇ ਬੁਲਕਾਨ ਇਲਾਕੇ ਵਿਚ ਵੱਡਾ ਹੋਇਆ। ਅਸੀਂ ਅਮੀਰ ਨਹੀਂ ਸੀ ਅਤੇ ਸਾਡੀ ਜ਼ਿੰਦਗੀ ਬਹੁਤ ਸਾਦੀ ਸੀ। ਜਦੋਂ ਮੈਂ ਹਾਲੇ ਛੋਟਾ ਹੀ ਸੀ, ਤਾਂ ਜਪਾਨੀ ਫ਼ੌਜਾਂ ਨੇ ਫ਼ਿਲਪੀਨ ’ਤੇ ਹਮਲਾ ਕਰ ਦਿੱਤਾ ਅਤੇ ਯੁੱਧ ਸ਼ੁਰੂ ਹੋ ਗਿਆ। ਸਾਡਾ ਪਿੰਡ ਬਹੁਤ ਦੂਰ-ਦੁਰਾਡੇ ਦੇ ਇਲਾਕੇ ਵਿਚ ਸੀ ਇਸ ਕਰਕੇ ਸਾਡੇ ਉੱਤੇ ਕੋਈ ਹਮਲਾ ਨਹੀਂ ਹੋਇਆ। ਸਾਡੇ ਕੋਲ ਨਾ ਤਾਂ ਰੇਡੀਓ, ਟੈਲੀਵਿਯਨ ਸੀ ਤੇ ਨਾ ਹੀ ਸਾਡੇ ਅਖ਼ਬਾਰ ਆਉਂਦੀ ਸੀ। ਇਸ ਕਰਕੇ ਸਾਨੂੰ ਯੁੱਧ ਬਾਰੇ ਲੋਕਾਂ ਕੋਲੋਂ ਹੀ ਪਤਾ ਲੱਗਦਾ ਸੀ।

ਮੇਰੇ ਸੱਤ ਭੈਣ-ਭਰਾ ਸਨ। ਜਦੋਂ ਮੈਂ ਅੱਠ ਸਾਲ ਦਾ ਸੀ, ਤਾਂ ਮੇਰੇ ਦਾਦਾ-ਦਾਦੀ ਮੈਨੂੰ ਆਪਣੇ ਨਾਲ ਲੈ ਗਏ। ਚਾਹੇ ਅਸੀਂ ਕੈਥੋਲਿਕ ਸੀ, ਪਰ ਫਿਰ ਵੀ ਮੇਰੇ ਦਾਦਾ ਜੀ ਨੂੰ ਧਰਮਾਂ ’ਤੇ ਗੱਲ ਕਰਨੀ ਪਸੰਦ ਸੀ। ਨਾਲੇ ਉਹ ਆਪਣੇ ਦੋਸਤਾਂ ਤੋਂ ਧਾਰਮਿਕ ਕਿਤਾਬਾਂ ਲੈ ਕੇ ਪੜ੍ਹਦੇ ਸੀ। ਮੈਨੂੰ ਯਾਦ ਹੈ ਕਿ ਉਨ੍ਹਾਂ ਨੇ ਮੈਨੂੰ ਟਾਗਾਲੋਗ ਭਾਸ਼ਾ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਕੁਝ ਕਿਤਾਬਾਂ ਦੇ ਨਾਲ-ਨਾਲ ਬਾਈਬਲ ਵੀ ਦਿਖਾਈ ਸੀ। ਉਨ੍ਹਾਂ ਕਿਤਾਬਾਂ ਵਿਚ ਝੂਠੇ ਧਰਮਾਂ ਦੀਆਂ ਸਿੱਖਿਆਵਾਂ ਦਾ ਪਰਦਾ ਫ਼ਾਸ਼ ਕੀਤਾ ਗਿਆ ਅਤੇ ਬਾਈਬਲ ਦੀਆਂ ਸੱਚਾਈਆਂ ਬਾਰੇ ਦੱਸਿਆ ਗਿਆ ਸੀ। ਮੈਨੂੰ ਬਾਈਬਲ ਪੜ੍ਹਨੀ ਬਹੁਤ ਪਸੰਦ ਸੀ ਖ਼ਾਸ ਕਰਕੇ ਚਾਰ ਇੰਜੀਲ। ਇਨ੍ਹਾਂ ਨੂੰ ਪੜ੍ਹ ਕੇ ਮੈਂ ਯਿਸੂ ਦੀ ਮਿਸਾਲ ’ਤੇ ਚੱਲਣਾ ਚਾਹੁੰਦਾ ਸੀ।​—ਯੂਹੰ. 10:27.

ਮਾਲਕ ਦੇ ਪਿੱਛੇ-ਪਿੱਛੇ ਚੱਲਣਾ ਸਿੱਖਿਆ

1945 ਵਿਚ ਜਪਾਨੀ ਫ਼ੌਜਾਂ ਫ਼ਿਲਪੀਨ ਨੂੰ ਛੱਡ ਕੇ ਚੱਲੀਆਂ ਗਈਆਂ। ਉਸ ਸਮੇਂ ਮੇਰੇ ਮਾਪਿਆਂ ਨੇ ਮੈਨੂੰ ਘਰ ਵਾਪਸ ਆਉਣ ਲਈ ਕਿਹਾ। ਮੇਰੇ ਦਾਦਾ ਜੀ ਨੇ ਮੈਨੂੰ ਸਮਝਾਇਆ ਅਤੇ ਮੈਂ ਆਪਣੇ ਮੰਮੀ-ਡੈਡੀ ਦੇ ਘਰ ਵਾਪਸ ਚਲਾ ਗਿਆ।

ਦਸੰਬਰ 1945 ਅੰਗਤ ਸ਼ਹਿਰ ਤੋਂ ਕੁਝ ਯਹੋਵਾਹ ਦੇ ਗਵਾਹ ਸਾਡੇ ਪਿੰਡ ਪ੍ਰਚਾਰ ਕਰਨ ਆਏ। ਇਕ ਸਿਆਣੀ ਉਮਰ ਦਾ ਗਵਾਹ ਸਾਡੇ ਘਰ ਆਇਆ ਅਤੇ ਉਸ ਨੇ ਸਾਨੂੰ ਸਮਝਾਇਆ ਕਿ ਬਾਈਬਲ ‘ਆਖ਼ਰੀ ਦਿਨਾਂ’ ਬਾਰੇ ਕੀ ਕਹਿੰਦੀ ਹੈ। (2 ਤਿਮੋ. 3:1-5) ਉਸ ਨੇ ਸਾਨੂੰ ਨੇੜਲੇ ਪਿੰਡ ਵਿਚ ਬਾਈਬਲ ਅਧਿਐਨ ’ਤੇ ਆਉਣ ਦਾ ਸੱਦਾ ਦਿੱਤਾ। ਭਾਵੇਂ ਮੇਰੇ ਮਾਪੇ ਨਹੀਂ ਗਏ, ਪਰ ਮੈਂ ਫਿਰ ਵੀ ਗਿਆ। ਉੱਥੇ ਲਗਭਗ 20 ਜਣੇ ਸਨ ਅਤੇ ਕੁਝ ਜਣੇ ਬਾਈਬਲ ਦੀਆਂ ਗੱਲਾਂ ਸਮਝਣ ਲਈ ਸਵਾਲ ਪੁੱਛ ਰਹੇ ਸਨ।

ਸੱਚ-ਮੁੱਚ ਮੈਨੂੰ ਉਨ੍ਹਾਂ ਦੀਆਂ ਪੱਲੇ ਨਹੀਂ ਸੀ ਪੈ ਰਹੀਆਂ ਇਸ ਲਈ ਮੈਂ ਉੱਥੋਂ ਚਲੇ ਜਾਣ ਬਾਰੇ ਸੋਚਿਆ। ਪਰ ਜਦੋਂ ਉਨ੍ਹਾਂ ਨੇ ਰਾਜ ਦਾ ਗੀਤ ਗਾਉਣਾ ਸ਼ੁਰੂ ਕੀਤਾ, ਤਾਂ ਮੈਨੂੰ ਸੁਣ ਕੇ ਬਹੁਤ ਵਧੀਆ ਲੱਗਾ ਅਤੇ ਮੈਂ ਉੱਥੇ ਹੀ ਰੁਕ ਗਿਆ। ਗੀਤ ਅਤੇ ਪ੍ਰਾਰਥਨਾ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਅਗਲੇ ਐਤਵਾਰ ਅੰਗਤ ਸ਼ਹਿਰ ਵਿਚ ਸਭਾ ’ਤੇ ਆਉਣ ਦਾ ਸੱਦਾ ਦਿੱਤਾ ਗਿਆ।

ਇਹ ਸਭਾ ਕਰੂਜ਼ ਪਰਿਵਾਰ ਦੇ ਘਰ ਵਿਚ ਹੋਈ ਸੀ। ਸਾਡੇ ਵਿੱਚੋਂ ਕੁਝ ਜਣਿਆਂ ਨੇ ਉੱਥੇ ਪਹੁੰਚਣ ਲਈ ਲਗਭਗ ਅੱਠ ਕਿਲੋਮੀਟਰ (ਪੰਜ ਮੀਲ) ਦਾ ਸਫ਼ਰ ਪੈਦਲ ਤੈਅ ਕੀਤਾ। ਉੱਥੇ ਲਗਭਗ 50 ਲੋਕ ਹਾਜ਼ਰ ਸਨ ਅਤੇ ਮੈਂ ਬਹੁਤ ਹੈਰਾਨ ਹੋਇਆ ਜਦੋਂ ਮੈਂ ਦੇਖਿਆ ਕਿ ਛੋਟੇ ਬੱਚੇ ਵੀ ਬਾਈਬਲ ਦੇ ਔਖੇ ਵਿਸ਼ਿਆਂ ਬਾਰੇ ਜਵਾਬ ਦੇ ਰਹੇ ਸਨ। ਇਸ ਤੋਂ ਬਾਅਦ ਮੈਂ ਕਈ ਵਾਰੀ ਸਭਾਵਾਂ ਵਿਚ ਗਿਆ। ਸਿਆਣੀ ਉਮਰ ਦਾ ਭਰਾ ਡੈਮਿਅਨ ਸਾਂਤੋਸ ਪਾਇਨੀਅਰ ਸੀ। ਉਸ ਨੇ ਮੈਨੂੰ ਆਪਣੇ ਘਰ ਰਾਤ ਰੁਕਣ ਲਈ ਕਿਹਾ। ਅਸੀਂ ਉਸ ਰਾਤ ਕਾਫ਼ੀ ਦੇਰ ਤਕ ਬਾਈਬਲ ਵਿੱਚੋਂ ਗੱਲਾਂ ਕਰਦੇ ਰਹੇ।

ਉਸ ਸਮੇਂ ਬਾਈਬਲ ਦੀਆਂ ਮੁਢਲੀਆਂ ਸਿੱਖਿਆਵਾਂ ਸਿੱਖਣ ਤੋਂ ਬਾਅਦ ਹੀ ਬਪਤਿਸਮਾ ਦੇ ਦਿੱਤਾ ਜਾਂਦਾ ਸੀ। ਕੁਝ ਸਭਾਵਾਂ ਵਿਚ ਜਾਣ ਤੋਂ ਬਾਅਦ ਭਰਾਵਾਂ ਨੇ ਮੈਨੂੰ ਅਤੇ ਹੋਰਨਾਂ ਨੂੰ ਪੁੱਛਿਆ: “ਕੀ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ?” ਮੈਂ ਜਵਾਬ ਦਿੱਤਾ: “ਜੀ ਹਾਂ।” ਮੈਨੂੰ ਸਿਰਫ਼ ਇੰਨਾ ਪਤਾ ਸੀ ਕਿ ਮੈਂ “ਆਪਣੇ ਮਾਲਕ ਮਸੀਹ ਲਈ ਤਨ-ਮਨ ਨਾਲ ਮਿਹਨਤ” ਕਰਨੀ ਚਾਹੁੰਦਾ ਸੀ। (ਕੁਲੁ. 3:24) 15 ਫਰਵਰੀ 1946 ਵਿਚ ਨੇੜੇ ਪੈਂਦੇ ਇਕ ਦਰਿਆ ਵਿਚ ਸਾਨੂੰ ਦੋ ਜਣਿਆਂ ਨੂੰ ਬਪਤਿਸਮਾ ਦਿੱਤਾ ਗਿਆ।

ਮੈਨੂੰ ਅਹਿਸਾਸ ਹੋਇਆ ਕਿ ਬਪਤਿਸਮਾ ਲੈਣ ਤੋਂ ਬਾਅਦ ਯਿਸੂ ਦੇ ਚੇਲਿਆਂ ਨੂੰ ਉਸ ਵਾਂਗ ਲਗਾਤਾਰ ਪ੍ਰਚਾਰ ਕਰਨਾ ਚਾਹੀਦਾ ਹੈ। ਪਰ ਮੇਰੇ ਪਿਤਾ ਜੀ ਨੂੰ ਲੱਗਾ ਕਿ ਮੈਂ ਹਾਲੇ ਬਹੁਤ ਛੋਟਾ ਸੀ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਬਪਤਿਸਮਾ ਲੈ ਕੇ ਕੋਈ ਪ੍ਰਚਾਰਕ ਨਹੀਂ ਬਣ ਜਾਂਦਾ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ। (ਮੱਤੀ 24:14) ਮੈਂ ਇਹ ਵੀ ਕਿਹਾ ਕਿ ਮੈਂ ਪਰਮੇਸ਼ੁਰ ਨਾਲ ਕੀਤਾ ਆਪਣਾ ਵਾਅਦਾ ਨਹੀਂ ਤੋੜਨਾ। ਇਹ ਉਹ ਵੇਲਾ ਸੀ ਜਦੋਂ ਮੈਨੂੰ ਲੱਤਾਂ ਭੰਨਣ ਦੀ ਧਮਕੀ ਦਿੱਤੀ ਗਈ ਸੀ। ਮੇਰੇ ਪਿਤਾ ਜੀ ਨੇ ਮੈਨੂੰ ਰੋਕ ਕੇ ਹੀ ਸਾਹ ਲੈਣਾ ਸੀ। ਇਹ ਪਹਿਲੀ ਵਾਰ ਸੀ ਜਦੋਂ ਮੈਂ ਯਹੋਵਾਹ ਦੀ ਸੇਵਾ ਕਰਨ ਲਈ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡਿਆ।

ਕਰੂਜ਼ ਪਰਿਵਾਰ ਨੇ ਮੈਨੂੰ ਆਪਣੇ ਨਾਲ ਰਹਿਣ ਲਈ ਅੰਗਤ ਸ਼ਹਿਰ ਵਿਚ ਬੁਲਾਇਆ। ਉਨ੍ਹਾਂ ਨੇ ਮੈਨੂੰ ਅਤੇ ਆਪਣੀ ਸਭ ਤੋਂ ਛੋਟੀ ਬੇਟੀ ਨੋਰਾ ਨੂੰ ਪਾਇਨੀਅਰਿੰਗ ਕਰਨ ਦੀ ਹੱਲਾਸ਼ੇਰੀ ਦਿੱਤੀ। 1 ਨਵੰਬਰ 1947 ਵਿਚ ਅਸੀਂ ਦੋਨਾਂ ਨੇ ਪਾਇਨੀਅਰਿੰਗ ਸ਼ੁਰੂ ਕੀਤੀ। ਨੋਰਾ ਦੂਸਰੇ ਸ਼ਹਿਰ ਵਿਚ ਪਾਇਨੀਅਰਿੰਗ ਕਰਨ ਚਲੀ ਗਈ, ਪਰ ਮੈਂ ਅੰਗਤ ਵਿਚ ਰਹਿ ਕੇ ਹੀ ਪਾਇਨੀਅਰਿੰਗ ਕੀਤੀ।

ਚੀਜ਼ਾਂ ਨੂੰ ਪਿੱਛੇ ਛੱਡਣ ਦਾ ਇਕ ਹੋਰ ਮੌਕਾ

ਦੋ ਸਾਲ ਪਾਇਨੀਅਰਿੰਗ ਕਰਨ ਤੋਂ ਬਾਅਦ ਬੈਥਲ ਤੋਂ ਆਏ ਭਰਾ ਅਰਲ ਸਟੂਅੱਟ ਨੇ ਅਗੰਤ ਸ਼ਹਿਰ ਦੇ ਚੌਂਕ ਵਿਚ 500 ਤੋਂ ਵੀ ਜ਼ਿਆਦਾ ਲੋਕਾਂ ਨੂੰ ਭਾਸ਼ਣ ਦਿੱਤਾ। ਉਸ ਨੇ ਅੰਗ੍ਰੇਜ਼ੀ ਵਿਚ ਭਾਸ਼ਣ ਦਿੱਤਾ ਅਤੇ ਬਾਅਦ ਵਿਚ ਮੈਂ ਟਾਗਾਲੋਗ ਭਾਸ਼ਾ ਵਿਚ ਉਸ ਦਾ ਸਾਰ ਦੱਸਿਆ। ਇਹ ਪਹਿਲੀ ਵਾਰ ਸੀ ਜਦੋਂ ਮੈਂ ਭਾਸ਼ਣ ਦਾ ਤਰਜਮਾ ਕੀਤਾ। ਪਰ ਮੈਂ ਇਹ ਕਿੱਦਾਂ ਕਰ ਸਕਿਆ? ਭਾਵੇਂ ਮੈਂ ਸਿਰਫ਼ ਸੱਤ ਸਾਲ ਸਕੂਲ ਗਿਆ, ਪਰ ਮੇਰੇ ਅਧਿਆਪਕ ਜ਼ਿਆਦਾਤਰ ਅੰਗ੍ਰੇਜ਼ੀ ਵਿਚ ਗੱਲ ਕਰਦੇ ਸੀ। ਨਾਲੇ ਮੈਂ ਸੰਗਠਨ ਦੀਆਂ ਕਾਫ਼ੀ ਕਿਤਾਬਾਂ ਅੰਗ੍ਰੇਜ਼ੀ ਵਿਚ ਪੜ੍ਹਦਾ ਹੁੰਦਾ ਸੀ ਕਿਉਂਕਿ ਉਸ ਵੇਲੇ ਟਾਗਾਲੋਗ ਭਾਸ਼ਾ ਵਿਚ ਬਹੁਤ ਘੱਟ ਪ੍ਰਕਾਸ਼ਨ ਮਿਲਦੇ ਸਨ। ਇਨ੍ਹਾਂ ਗੱਲਾਂ ਕਰਕੇ ਮੈਂ ਗੁਜ਼ਾਰੇ-ਜੋਗੀ ਅੰਗ੍ਰੇਜ਼ੀ ਸਿੱਖੀ ਜਿਸ ਕਰਕੇ ਮੈਂ ਬੈਥਲ ਦੇ ਭਰਾ ਦਾ ਭਾਸ਼ਣ ਅਤੇ ਉਸ ਤੋਂ ਬਾਅਦ ਵੀ ਕਈ ਭਾਸ਼ਣਾਂ ਦਾ ਅਨੁਵਾਦ ਕਰ ਸਕਿਆ।

ਭਰਾ ਸਟੂਅੱਟ ਨੇ ਸਾਡੀ ਮੰਡਲੀ ਨੂੰ ਦੱਸਿਆ ਕਿ ਸਾਰੇ ਮਿਸ਼ਨਰੀ 1950 ਵਿਚ “ਪਰਮੇਸ਼ੁਰੀ ਰਾਜ ਦਾ ਵਾਧਾ ਸੰਮੇਲਨ” ’ਤੇ ਹਾਜ਼ਰ ਹੋਣ ਲਈ ਨਿਊਯਾਰਕ, ਅਮਰੀਕਾ ਜਾ ਰਹੇ ਹਨ। ਇਸ ਕਰਕੇ ਕੰਮ ਕਰਨ ਲਈ ਸ਼ਾਖ਼ਾ ਦਫ਼ਤਰ ਵਿਚ ਇਕ ਜਾਂ ਦੋ ਪਾਇਨੀਅਰਾਂ ਦੀ ਲੋੜ ਸੀ। ਮੈਨੂੰ ਵੀ ਬੁਲਾਇਆ ਗਿਆ। ਮੈਂ ਇਕ ਵਾਰ ਫਿਰ ਸਾਰੀਆਂ ਚੀਜ਼ਾਂ ਪਿੱਛੇ ਛੱਡੀਆਂ, ਪਰ ਇਸ ਵਾਰ ਬੈਥਲ ਜਾਣ ਲਈ।

ਮੈਂ 19 ਜੂਨ 1950 ਵਿਚ ਬੈਥਲ ਆ ਗਿਆ। ਬੈਥਲ ਦੀ ਇਮਾਰਤ ਬਹੁਤ ਵੱਡੀ ਤੇ ਪੁਰਾਣਾ ਸੀ ਜਿਸ ਦੇ ਆਲੇ-ਦੁਆਲੇ ਬਹੁਤ ਸਾਰੇ ਉੱਚੇ-ਉੱਚੇ ਦਰਖ਼ਤ ਸਨ। ਇਹ ਇਮਾਰਤ ਢਾਈ ਏਕੜ (ਇਕ ਹੈਕਟੇਅਰ) ਦੇ ਜ਼ਮੀਨ ’ਤੇ ਸੀ। ਇੱਥੇ ਲਗਭਗ 12-13 ਕੁਆਰੇ ਭਰਾ ਕੰਮ ਕਰਦੇ ਸਨ। ਸਵੇਰੇ-ਸਵੇਰੇ ਮੈਂ ਰਸੋਈ ਵਿਚ ਕੰਮ ਕਰਦਾ ਸੀ। ਫਿਰ ਨੌਂ ਵਜੇ ਮੈਂ ਸਾਰਿਆਂ ਦੇ ਕੱਪੜੇ ਪ੍ਰੈੱਸ ਕਰਦਾ ਸੀ ਅਤੇ ਮੈਂ ਦੁਪਹਿਰ ਨੂੰ ਵੀ ਇਹੀ ਕੰਮ ਕਰਦਾ ਸੀ। ਭਾਵੇਂ ਕਿ ਮਿਸ਼ਨਰੀ ਅੰਤਰਰਾਸ਼ਟਰੀ ਸੰਮੇਲਨ ਤੋਂ ਵਾਪਸ ਆ ਗਏ, ਫਿਰ ਵੀ ਮੈਂ ਬੈਥਲ ਵਿਚ ਕੰਮ ਕਰਦਾ ਰਿਹਾ। ਮੈਨੂੰ ਭਰਾ ਜੋ ਵੀ ਕੰਮ ਕਰਨ ਨੂੰ ਕਹਿੰਦੇ ਸਨ ਮੈਂ ਖ਼ੁਸ਼ੀ ਨਾਲ ਕਰਦਾ ਸੀ। ਮੈਂ ਡਾਕ ਭੇਜਣ ਲਈ ਰਸਾਲੇ ਪੈਕ ਕਰਦਾ ਸੀ, ਲਗਾਤਾਰ ਰਸਾਲੇ ਮੰਗਵਾਉਣ ਵਾਲਿਆਂ ਦਾ ਲੇਖਾ ਰੱਖਦਾ ਸੀ ਅਤੇ ਰਿਸੈਪਸ਼ਨ ’ਤੇ ਵੀ ਕੰਮ ਕਰਦਾ ਸੀ।

ਗਿਲਿਅਡ ਸਕੂਲ ਜਾਣ ਲਈ ਫ਼ਿਲਪੀਨ ਨੂੰ ਛੱਡਿਆ

1952 ਵਿਚ ਫ਼ਿਲਪੀਨ ਤੋਂ ਮੈਨੂੰ ਅਤੇ ਛੇ ਭਰਾਵਾਂ ਨੂੰ ਗਿਲਿਅਡ ਸਕੂਲ ਦੀ 20ਵੀਂ ਕਲਾਸ ਵਿਚ ਹਾਜ਼ਰ ਹੋਣ ਲਈ ਬੁਲਾਇਆ ਗਿਆ। ਮੈਂ ਬੇਹੱਦ ਖ਼ੁਸ਼ ਸੀ! ਅਮਰੀਕਾ ਵਿਚ ਅਸੀਂ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖੀਆਂ ਅਤੇ ਕਈ ਅਜੀਬੋ-ਗ਼ਰੀਬ ਚੀਜ਼ਾਂ ਵੀ ਦੇਖੀਆਂ। ਮੈਂ ਪਿੰਡ ਵਿਚ ਰਹਿਣ ਵਾਲਾ ਸੀ ਇਸ ਕਰਕੇ ਮੇਰੇ ਲਈ ਸ਼ਹਿਰ ਦੀ ਜ਼ਿੰਦਗੀ ਬਹੁਤ ਅਲੱਗ ਸੀ।

ਗਿਲਿਅਡ ਸਕੂਲ ਵਿਚ ਸਾਥੀ ਭਰਾਵਾਂ ਨਾਲ

ਮਿਸਾਲ ਲਈ, ਸਾਨੂੰ ਘਰ ਦੀਆਂ ਚੀਜ਼ਾਂ ਅਤੇ ਭਾਂਡੇ ਵਰਤਣੇ ਸਿੱਖਣੇ ਪਏ ਕਿਉਂਕਿ ਅਸੀਂ ਇੱਦਾਂ ਦੀਆਂ ਚੀਜ਼ਾਂ ਪਹਿਲਾਂ ਕਦੀ ਨਹੀਂ ਵੇਖਿਆ। ਇੱਥੋਂ ਤਕ ਕਿ ਮੌਸਮ ਵੀ ਅਲੱਗ ਸੀ। ਇਕ ਸਵੇਰ ਜਦੋਂ ਮੈਂ ਉੱਠਿਆ, ਤਾਂ ਬਾਹਰ ਚਾਰੇ-ਪਾਸੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀ। ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਬਰਫ਼ ਵੇਖੀ। ਇਹ ਨਜ਼ਾਰਾ ਬਹੁਤ ਹੀ ਸੋਹਣਾ ਸੀ, ਪਰ ਛੇਤੀ ਹੀ ਮੈਨੂੰ ਪਤਾ ਲੱਗਾ ਕਿ ਠੰਢ ਵੀ ਅੱਤ ਦੀ ਸੀ।

ਗਿਲਿਅਡ ਦੀ ਸਿਖਲਾਈ ਇੰਨੀ ਵਧੀਆ ਸੀ ਕਿ ਮੈਨੂੰ ਨਵੇਂ ਹਾਲਾਤਾਂ ਵਿਚ ਢਲ਼ਣਾ ਔਖਾ ਨਹੀਂ ਲੱਗਾ। ਸਿਖਲਾਈ ਦੇਣ ਭਰਾ ਬਹੁਤ ਵਧੀਆ ਸਿਖਲਾਈ ਦਿੰਦੇ ਸਨ। ਉਨ੍ਹਾਂ ਨੇ ਸਾਨੂੰ ਅਧਿਐਨ ਅਤੇ ਖੋਜਬੀਨ ਕਰਨੀ ਸਿਖਾਈ। ਗਿਲਿਅਡ ਦੀ ਸਿਖਲਾਈ ਲੈ ਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਮਜ਼ਬੂਤ ਹੋਇਆ।

ਸਿਖਲਾਈ ਲੈਣ ਤੋਂ ਬਾਅਦ ਮੈਨੂੰ ਨਿਊਯਾਰਕ ਸਿਟੀ ਦੇ ਬਰੌਂਕਸ ਨਗਰ ਵਿਚ ਥੋੜ੍ਹੇ ਸਮੇਂ ਲਈ ਸਪੈਸ਼ਲ ਪਾਇਨੀਅਰ ਵਜੋਂ ਭੇਜਿਆ ਗਿਆ। ਇਸ ਕਰਕੇ ਮੈਂ ਜੁਲਾਈ 1953 ਵਿਚ ਬਰੌਂਕਸ ਨਗਰ ਵਿਚ ਹੋਏ “ਨਵਾਂ ਸੰਸਾਰ ਸਮਾਜ” ਨਾਂ ਦੇ ਸੰਮੇਲਨ ’ਤੇ ਹਾਜ਼ਰ ਹੋ ਸਕਿਆ। ਸੰਮੇਲਨ ਤੋਂ ਬਾਅਦ ਮੈਨੂੰ ਵਾਪਸ ਫ਼ਿਲਪੀਨ ਦੇਸ਼ ਭੇਜ ਦਿੱਤਾ ਗਿਆ।

ਸ਼ਹਿਰ ਦੀਆਂ ਸੁੱਖ-ਸਹੂਲਤਾਂ ਨੂੰ ਛੱਡਿਆ

ਸ਼ਾਖ਼ਾ ਦਫ਼ਤਰ ਦੇ ਭਰਾਵਾਂ ਨੇ ਮੈਨੂੰ ਸਫ਼ਰੀ ਨਿਗਾਹਬਾਨ ਦੀ ਜ਼ਿੰਮੇਵਾਰੀ ਸੌਂਪੀ। ਮਾਲਕ ਯਿਸੂ ਦੀ ਰੀਸ ਕਰਨ ਦੇ ਹੁਣ ਮੇਰੇ ਕੋਲ ਹੋਰ ਵੀ ਮੌਕੇ ਸਨ ਜਿਸ ਨੇ ਦੂਰ-ਦੁਰਾਡੇ ਨਗਰਾਂ ਅਤੇ ਸ਼ਹਿਰਾਂ ਵਿਚ ਜਾ ਕੇ ਯਹੋਵਾਹ ਦੇ ਲੋਕਾਂ ਦੀ ਮਦਦ ਕੀਤੀ। (1 ਪਤ. 2:21) ਮੈਨੂੰ ਫ਼ਿਲਪੀਨ ਦੇ ਸਭ ਤੋਂ ਵੱਡੇ ਟਾਪੂ ਲਿਓਜ਼ੋਨ ’ਤੇ ਸੇਵਾ ਕਰਨ ਲਈ ਭੇਜਿਆ ਗਿਆ ਅਤੇ ਮੈਂ ਮੱਧ ਲਿਓਜ਼ੋਨ ਵਿਚ ਪੈਂਦੀਆਂ ਸਾਰੀਆਂ ਮੰਡਲੀਆਂ ਦਾ ਦੌਰਾ ਕਰਨਾ ਸੀ। ਇਹ ਖੇਤਰ ਬਹੁਤ ਵਿਸ਼ਾਲ ਸੀ, ਇਸ ਵਿਚ ਬੁਲਾਕਾਨ, ਨੂਏਵਾ ਈਸੀਜਾ, ਤਰਲੈਕ ਅਤੇ ਜਾਮਬੈਲਸ ਪ੍ਰਾਂਤ ਸ਼ਾਮਲ ਸਨ। ਕੁਝ ਨਗਰਾਂ ਤਕ ਪਹੁੰਚਣ ਲਈ ਮੈਨੂੰ ਸੀਅਰਾ ਮਾਦਰੇ ਪਹਾੜਾਂ ਨੂੰ ਪਾਰ ਕਰਨਾ ਪੈਂਦਾ ਸੀ। ਉਨ੍ਹਾਂ ਥਾਵਾਂ ’ਤੇ ਨਾ ਤਾਂ ਕੋਈ ਬੱਸ ਜਾਂਦੀ ਸੀ ਤੇ ਨਾ ਹੀ ਕੋਈ ਰੇਲ-ਗੱਡੀ, ਪਰ ਉੱਥੇ ਟਰੱਕਾਂ ਦਾ ਆਉਣਾ-ਜਾਣਾ ਸੀ ਜੋ ਵੱਢੇ ਹੋਏ ਦਰਖ਼ਤਾਂ ਨੂੰ ਲੱਦ ਕੇ ਲਿਆਉਂਦੇ ਸਨ। ਮੈਂ ਡਰਾਈਵਰਾਂ ਨੂੰ ਪੁੱਛਦਾ ਸੀ ਕਿ ‘ਮੈਂ ਦਰਖ਼ਤਾਂ ਦੇ ਉੱਤੇ ਬੈਠ ਕੇ ਜਾ ਸਕਦਾ ਸੀ?’ ਕਈ ਵਾਰ ਉਹ ਮੈਨੂੰ ਬਿਠਾ ਲੈਂਦੇ ਸਨ, ਪਰ ਮੇਰੀਆਂ ਵੱਖੀਆਂ ਟੁੱਟ ਜਾਂਦੀਆਂ ਸਨ।

ਬਹੁਤ ਸਾਰੀਆਂ ਮੰਡਲੀਆਂ ਨਵੀਆਂ ਅਤੇ ਛੋਟੀਆਂ ਸਨ। ਭਰਾ ਇਸ ਗੱਲ ਦੀ ਬਹੁਤ ਕਦਰ ਕਰਦੇ ਸਨ ਕਿ ਮੈਂ ਵਧੀਆ ਤਰੀਕੇ ਨਾਲ ਪ੍ਰਚਾਰ ਅਤੇ ਮੀਟਿੰਗਾਂ ਦਾ ਪ੍ਰਬੰਧ ਕਰਨ ਵਿਚ ਉਨ੍ਹਾਂ ਦੀ ਮਦਦ ਕਰਦਾ ਸੀ।

ਬਾਅਦ ਵਿਚ ਮੈਨੂੰ ਪੂਰੇ ਬਾਈਕੋਲ ਇਲਾਕੇ ਦੀਆਂ ਮੰਡਲੀਆਂ ਦਾ ਦੌਰਾ ਕਰਨ ਲਈ ਭੇਜਿਆ ਗਿਆ। ਉੱਥੇ ਦੂਰ-ਦੁਰਾਡੇ ਇਲਾਕਿਆਂ ਵਿਚ ਬਹੁਤ ਸਾਰੇ ਛੋਟੇ-ਛੋਟੇ ਗਰੁੱਪ ਸਨ। ਉੱਥੇ ਉਨ੍ਹਾਂ ਥਾਵਾਂ ’ਤੇ ਸਪੈਸ਼ਲ ਪਾਇਨੀਅਰ ਪ੍ਰਚਾਰ ਕਰਦੇ ਸਨ ਉੱਥੇ ਪਹਿਲਾਂ ਕਦੇ ਪ੍ਰਚਾਰ ਨਹੀਂ ਸੀ ਹੋਇਆ। ਇਕ ਘਰ ਵਿਚ ਜਿੱਥੇ ਮੈਂ ਰੁਕਿਆ ਸੀ ਉੱਥੇ ਜੰਗਲ-ਪਾਣੀ ਜਾਣ ਲਈ ਸਿਰਫ਼ ਇਕ ਟੋਆ ਸੀ ਜਿਸ ਉੱਤੇ ਬੈਠਣ ਲਈ ਦੋ ਲੱਕੜਾਂ ਰੱਖੀਆਂ ਹੋਈਆਂ ਸਨ। ਜਦੋਂ ਮੈਂ ਉਨ੍ਹਾਂ ਉੱਤੇ ਪੈਰ ਰੱਖੇ, ਤਾਂ ਲੱਕੜਾਂ ਟੋਏ ਵਿਚ ਡਿਗ ਗਈਆਂ ਅਤੇ ਮੈਂ ਵੀ ਟੋਏ ਵਿਚ ਡਿਗ ਗਿਆ। ਮੈਨੂੰ ਨਹਾਉਣ ਤੇ ਤਿਆਰ ਹੋਣ ਲਈ ਕਾਫ਼ੀ ਸਮਾਂ ਲੱਗ ਗਿਆ।

ਜਦੋਂ ਮੈਂ ਉਸ ਇਲਾਕੇ ਵਿਚ ਸੇਵਾ ਕਰਦਾ ਸੀ, ਤਾਂ ਮੈਂ ਨੋਰਾ ਬਾਰੇ ਸੋਚਣਾ ਲੱਗਾ। ਇਹ ਉਹੀ ਕੁੜੀ ਸੀ ਜਿਸ ਨੇ ਮੇਰੇ ਨਾਲ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ ਸੀ। ਉਹ ਹੁਣ ਦੁਮਗੁਏਟੇ ਸ਼ਹਿਰ ਵਿਚ ਸਪੈਸ਼ਲ ਪਾਇਨੀਅਰਿੰਗ ਕਰਦੀ ਸੀ ਅਤੇ ਮੈਂ ਉਸ ਨੂੰ ਮਿਲਣ ਗਿਆ। ਇਸ ਤੋਂ ਬਾਅਦ ਅਸੀਂ ਇਕ-ਦੂਜੇ ਨੂੰ ਕੁਝ ਸਮੇਂ ਲਈ ਚਿੱਠੀਆਂ ਲਿਖਦੇ ਰਹੇ ਅਤੇ 1956 ਵਿਚ ਸਾਡਾ ਵਿਆਹ ਹੋ ਗਿਆ। ਵਿਆਹ ਦਾ ਪਹਿਲਾ ਹਫ਼ਤਾ ਅਸੀਂ ਰੌਪੂ ਰੌਪੂ ਟਾਪੂ ’ਤੇ ਮੰਡਲੀ ਦਾ ਦੌਰਾ ਕਰਨ ਵਿਚ ਬਿਤਾਇਆ। ਦੂਰ-ਦੂਰ ਦੇ ਇਲਾਕਿਆਂ ਵਿਚ ਰਹਿੰਦੇ ਭੈਣਾਂ-ਭਰਾਵਾਂ ਤਕ ਪਹੁੰਚਣ ਲਈ ਅਸੀਂ ਕਈ ਕਿਲੋਮੀਟਰ ਪੈਦਲ ਸਫ਼ਰ ਕੀਤਾ ਅਤੇ ਪਹਾੜਾਂ ’ਤੇ ਵੀ ਚੜ੍ਹੇ। ਪਰ ਅਸੀਂ ਇਕੱਠੇ ਬਹੁਤ ਖ਼ੁਸ਼ ਸੀ।

ਫਿਰ ਤੋਂ ਬੈਥਲ ਵਿਚ ਸੇਵਾ ਕਰਨ ਦਾ ਸੱਦਾ

ਲਗਭਗ ਚਾਰ ਸਾਲ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨ ਤੋਂ ਬਾਅਦ ਸਾਨੂੰ ਬੈਥਲ ਆਉਣ ਦਾ ਸੱਦਾ ਮਿਲਿਆ। ਅਸੀਂ ਜਨਵਰੀ 1960 ਵਿਚ ਉੱਥੇ ਕੰਮ ਕਰਨਾ ਸ਼ੁਰੂ ਕੀਤਾ। ਬੈਥਲ ਵਿਚ ਕਈ ਸਾਲ ਕੰਮ ਕਰ ਕੇ ਮੈਂ ਉਨ੍ਹਾਂ ਭਰਾਵਾਂ ਕੋਲੋਂ ਬਹੁਤ ਕੁਝ ਸਿੱਖਿਆ ਜੋ ਯਹੋਵਾਹ ਦੇ ਸੰਗਠਨ ਵਿਚ ਭਾਰੀ ਜ਼ਿੰਮੇਵਾਰੀਆਂ ਸੰਭਾਲਦੇ ਸਨ। ਨੋਰਾ ਨੇ ਬੈਥਲ ਵਿਚ ਬਹੁਤ ਸਾਰੇ ਕੰਮਾਂ ਦਾ ਆਨੰਦ ਮਾਣਿਆ।

ਵੱਡੇ ਸੰਮੇਲਨ ਵਿਚ ਭਾਸ਼ਣ ਦਿੰਦਿਆਂ ਸੇਬੁਆਨੋ ਭਾਸ਼ਾ ਦੇ ਅਨੁਵਾਦਕ ਨਾਲ

ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਫ਼ਿਲਪੀਨ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਧ ਰਹੀ ਹੈ। ਜਦੋਂ ਮੈਂ ਕੁਆਰੇ ਹੁੰਦਿਆਂ ਬੈਥਲ ਆਇਆਂ ਸੀ, ਤਾਂ ਉਸ ਵੇਲੇ ਪੂਰੇ ਦੇਸ਼ ਵਿਚ ਲਗਭਗ 10,000 ਪ੍ਰਚਾਰਕ ਸਨ। ਪਰ ਹੁਣ ਇੱਥੇ 2 ਲੱਖ ਤੋਂ ਵੀ ਜ਼ਿਆਦਾ ਪ੍ਰਚਾਰਕ ਹਨ। ਨਾਲੇ ਸੈਂਕੜੇ ਹੀ ਭੈਣ-ਭਰਾ ਪ੍ਰਚਾਰ ਦੇ ਕੰਮ ਨੂੰ ਸਹਿਯੋਗ ਦੇਣ ਲਈ ਬੈਥਲ ਵਿਚ ਸੇਵਾ ਕਰ ਰਹੇ ਹਨ।

ਸਮੇਂ ਦੇ ਬੀਤਣ ਨਾਲ ਬੈਥਲ ਵਿਚ ਕੰਮ ਕਰਨ ਲਈ ਜ਼ਿਆਦਾ ਜਗ੍ਹਾ ਦੀ ਲੋੜ ਸੀ। ਪ੍ਰਬੰਧਕ ਸਭਾ ਨੇ ਸਾਨੂੰ ਹੋਰ ਜਗ੍ਹਾ ਲੱਭਣ ਲਈ ਕਿਹਾ ਤਾਂਕਿ ਅਸੀਂ ਵੱਡਾ ਸ਼ਾਖ਼ਾ ਦਫ਼ਤਰ ਬਣਾ ਸਕੀਏ। ਮੈਂ ਅਤੇ ਛਪਾਈ ਵਿਭਾਗ ਦੇ ਨਿਗਰਾਨ ਨੇ ਬੈਥਲ ਦੇ ਗੁਆਂਢ ਵਿਚ ਲੋਕਾਂ ਨੂੰ ਘਰ-ਘਰ ਜਾ ਕੇ ਪੁੱਛਿਆ ਕਿ ‘ਕੀ ਕੋਈ ਜ਼ਮੀਨ ਵੇਚਣੀ ਚਾਹੁੰਦਾ ਹੈ?’ ਕੋਈ ਵੀ ਵੇਚਣ ਲਈ ਤਿਆਰ ਨਹੀਂ ਸੀ ਇੱਥੋਂ ਤਕ ਕਿ ਇਕ ਬੰਦੇ ਨੇ ਕਿਹਾ: “ਚੀਨੀ ਲੋਕ ਜ਼ਮੀਨ ਵੇਚਦੇ ਨਹੀਂ, ਸਗੋਂ ਖ਼ਰੀਦਦੇ ਹਨ।”

ਭਰਾ ਐਲਬਰਟ ਸ਼੍ਰੋਡਰ ਦੇ ਭਾਸ਼ਣ ਦਾ ਅਨੁਵਾਦ ਕਰਦਿਆਂ

ਪਰ ਇਕ ਦਿਨ ਕੁਝ ਅਜਿਹਾ ਹੋਇਆ ਕਿ ਅਸੀਂ ਹੈਰਾਨ ਰਹਿ ਗਏ। ਇਕ ਗੁਆਂਢੀ ਅਮਰੀਕਾ ਰਹਿਣ ਜਾ ਰਿਹਾ ਸੀ ਤੇ ਉਸ ਨੇ ਸਾਨੂੰ ਪੁੱਛਿਆ: ‘ਕੀ ਤੁਸੀਂ ਮੇਰੀ ਜ਼ਮੀਨ ਖ਼ਰੀਦਣੀ ਚਾਹੁੰਦੇ ਹੋ?’ ਫਿਰ ਇਕ ਹੋਰ ਗੁਆਂਢੀ ਸਾਨੂੰ ਆਪਣੀ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ ਅਤੇ ਉਸ ਨੇ ਹੋਰਨਾਂ ਨੂੰ ਵੀ ਆਪਣੀ ਜ਼ਮੀਨ ਸਾਨੂੰ ਵੇਚਣ ਲਈ ਕਿਹਾ। ਅਸੀਂ ਉਸ ਆਦਮੀ ਦੀ ਵੀ ਜ਼ਮੀਨ ਖ਼ਰੀਦੀ ਜਿਸ ਨੇ ਕਿਹਾ ਸੀ: “ਚੀਨੀ ਲੋਕ ਜ਼ਮੀਨ ਵੇਚਦੇ ਨਹੀਂ।” ਥੋੜ੍ਹੇ ਸਮੇਂ ਵਿਚ ਹੀ ਸ਼ਾਖ਼ਾ ਦਫ਼ਤਰ ਦੀ ਜ਼ਮੀਨ ਤਿੰਨ ਗੁਣਾ ਵਧ ਗਈ। ਮੈਨੂੰ ਇਸ ਗੱਲ ਦਾ ਕੋਈ ਸ਼ੱਕ ਨਹੀਂ ਕਿ ਇਸ ਦੇ ਪਿੱਛੇ ਯਹੋਵਾਹ ਦਾ ਹੀ ਹੱਥ ਸੀ।

1950 ਵਿਚ ਬੈਥਲ ਵਿਚ ਸੇਵਾ ਕਰਨ ਵਾਲਿਆਂ ਵਿੱਚੋਂ ਮੈਂ ਸਭ ਤੋਂ ਛੋਟੀ ਉਮਰ ਦਾ ਸੀ। ਪਰ ਹੁਣ ਮੈਂ ਤੇ ਮੇਰੀ ਪਤਨੀ ਬੈਥਲ ਵਿਚ ਸਭ ਤੋਂ ਵੱਡੀ ਉਮਰ ਦੇ ਹਾਂ। ਮੇਰੇ ਮਾਲਕ ਯਿਸੂ ਨੇ ਮੈਨੂੰ ਜਿੱਥੇ-ਕਿਤੇ ਵੀ ਭੇਜਿਆ ਮੈਂ ਗਿਆ। ਮੈਨੂੰ ਉਸ ਦੇ ਪਿੱਛੇ-ਪਿੱਛੇ ਚੱਲਣ ਦਾ ਕੋਈ ਪਛਤਾਵਾ ਨਹੀਂ। ਭਾਵੇਂ ਮੇਰੇ ਮਾਪਿਆਂ ਨੇ ਮੈਨੂੰ ਘਰੋ ਕੱਢ ਦਿੱਤਾ ਸੀ, ਫਿਰ ਵੀ ਯਹੋਵਾਹ ਨੇ ਮੈਨੂੰ ਉਸ ਨਾਲ ਪਿਆਰ ਕਰਨ ਵਾਲਾ ਇਕ ਬਹੁਤ ਵੱਡਾ ਪਰਿਵਾਰ ਦਿੱਤਾ। ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਯਹੋਵਾਹ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਹ ਸਾਨੂੰ ਕਦੀ ਵੀ ਕੋਈ ਕਮੀ ਨਹੀਂ ਆਉਣ ਦੇਵੇਗਾ। ਮੈਂ ਤੇ ਨੋਰਾ ਯਹੋਵਾਹ ਦੀ ਦਇਆ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਉਹ ਵੀ ਯਹੋਵਾਹ ਨੂੰ ਪਰਖ ਕੇ ਦੇਖਣ।​—ਮਲਾ. 3:10.

ਯਿਸੂ ਨੇ ਮੱਤੀ ਲੇਵੀ ਨਾਂ ਦੇ ਟੈਕਸ ਵਸੂਲਣ ਵਾਲੇ ਬੰਦੇ ਨੂੰ ਆਪਣਾ ਚੇਲਾ ਬਣਨ ਦਾ ਸੱਦਾ ਦਿੱਤਾ। ਮੱਤੀ ਨੇ ਕੀ ਕੀਤਾ? “ਉਹ ਆਪਣਾ ਸਾਰਾ ਕੁਝ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਿਆ।” (ਲੂਕਾ 5:27, 28) ਮੈਨੂੰ ਵੀ ਕਈ ਮੌਕੇ ਮਿਲੇ ਕਿ ਮੈਂ ਆਪਣਾ ਸਭ ਕੁਝ ਛੱਡ ਕੇ ਯਿਸੂ ਦੇ ਪਿੱਛੇ-ਪਿੱਛੇ ਚੱਲਾ। ਮੈਂ ਦੂਜਿਆਂ ਨੂੰ ਵੀ ਇਸ ਤਰ੍ਹਾਂ ਕਰਨ ਦਾ ਹੌਸਲਾ ਦਿੰਦਾ ਹਾਂ ਤਾਂਕਿ ਉਹ ਵੀ ਬੇਸ਼ੁਮਾਰ ਬਰਕਤਾਂ ਪਾਉਣ।

ਮੈਂ ਅੱਜ ਵੀ ਖ਼ੁਸ਼ੀ-ਖ਼ੁਸ਼ੀ ਫ਼ਿਲਪੀਨ ਵਿਚ ਸੇਵਾ ਕਰਦਾ ਹਾਂ