Skip to content

Skip to table of contents

ਨੌਜਵਾਨੋ, ਤੁਹਾਡਾ ਸਿਰਜਣਹਾਰ ਚਾਹੁੰਦਾ ਹੈ ਕਿ ਤੁਸੀਂ ਖ਼ੁਸ਼ ਰਹੋ

ਨੌਜਵਾਨੋ, ਤੁਹਾਡਾ ਸਿਰਜਣਹਾਰ ਚਾਹੁੰਦਾ ਹੈ ਕਿ ਤੁਸੀਂ ਖ਼ੁਸ਼ ਰਹੋ

“ਪਰਮੇਸ਼ੁਰ . . . ਸਾਨੂੰ ਸਾਰੀਆਂ ਚੀਜ਼ਾਂ ਦਿਲ ਖੋਲ੍ਹ ਕੇ ਦਿੰਦਾ ਹੈ ਤਾਂਕਿ ਅਸੀਂ ਇਨ੍ਹਾਂ ਦਾ ਮਜ਼ਾ ਲੈ ਸਕੀਏ।”​—1 ਤਿਮੋ. 6:17.

ਗੀਤ: 11, 4

1, 2. ਜਦੋਂ ਤੁਸੀਂ ਫ਼ੈਸਲਾ ਕਰਦੇ ਹੋ ਕਿ ਤੁਸੀਂ ਜ਼ਿੰਦਗੀ ਵਿਚ ਕੀ ਕਰੋਗੇ, ਤਾਂ ਆਪਣੇ ਸਿਰਜਣਹਾਰ ਦੀ ਗੱਲ ਸੁਣਨੀ ਬੁੱਧੀਮਾਨੀ ਕਿਉਂ ਹੈ? (ਇਸ ਲੇਖ ਦੀਆਂ ਪਹਿਲੀਆਂ ਤਸਵੀਰਾਂ ਦੇਖੋ।)

ਜੇ ਤੁਸੀਂ ਨੌਜਵਾਨ ਹੋ, ਤਾਂ ਦੂਜੇ ਤੁਹਾਨੂੰ ਜ਼ਰੂਰ ਭਵਿੱਖ ਬਾਰੇ ਬਹੁਤ ਸਾਰੀਆਂ ਸਲਾਹਾਂ ਦਿੰਦੇ ਹੋਣੇ। ਟੀਚਰ, ਕੈਰੀਅਰ ਬਾਰੇ ਸਲਾਹ-ਮਸ਼ਵਰਾ ਦੇਣ ਵਾਲੇ ਜਾਂ ਦੂਸਰੇ ਤੁਹਾਨੂੰ ਸ਼ਾਇਦ ਉੱਚ-ਸਿੱਖਿਆ ਲੈਣ ਜਾਂ ਅਜਿਹਾ ਕੈਰੀਅਰ ਚੁਣਨ ਲਈ ਕਹਿਣ ਜਿਸ ਨਾਲ ਤੁਸੀਂ ਬਹੁਤ ਸਾਰੇ ਪੈਸੇ ਕਮਾ ਸਕੋਗੇ। ਪਰ ਯਹੋਵਾਹ ਤੁਹਾਨੂੰ ਬਹੁਤ ਵੱਖਰੀ ਸਲਾਹ ਦਿੰਦਾ ਹੈ। ਯਕੀਨਨ, ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਸਕੂਲ ਵਿਚ ਚੰਗੀ ਤਰ੍ਹਾਂ ਪੜ੍ਹਾਈ ਕਰੋ ਤਾਂਕਿ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਦੇ ਕਾਬਲ ਬਣ ਸਕੋ। (ਕੁਲੁ. 3:23) ਪਰ ਉਹ ਇਹ ਵੀ ਜਾਣਦਾ ਹੈ ਕਿ ਤੁਹਾਨੂੰ ਜਵਾਨੀ ਵਿਚ ਹੀ ਜ਼ਰੂਰੀ ਫ਼ੈਸਲੇ ਕਰਨ ਦੀ ਲੋੜ ਹੈ ਜਿਨ੍ਹਾਂ ਦਾ ਤੁਹਾਡੇ ਭਵਿੱਖ ’ਤੇ ਅਸਰ ਪਵੇਗਾ। ਇਸ ਲਈ ਉਸ ਨੇ ਤੁਹਾਨੂੰ ਅਸੂਲ ਦਿੱਤੇ ਹਨ। ਇਹ ਅਸੂਲ ਤੁਹਾਡੀ ਮਦਦ ਤੇ ਅਗਵਾਈ ਕਰਦੇ ਹਨ ਤਾਂਕਿ ਤੁਸੀਂ ਇਨ੍ਹਾਂ ਆਖ਼ਰੀ ਦਿਨਾਂ ਵਿਚ ਉਸ ਦੇ ਮਕਸਦ ਅਤੇ ਮਰਜ਼ੀ ਮੁਤਾਬਕ ਜ਼ਿੰਦਗੀ ਬਿਤਾਓ।​—ਮੱਤੀ 24:14.

2 ਯਾਦ ਰੱਖੋ ਕਿ ਯਹੋਵਾਹ ਸਭ ਕੁਝ ਜਾਣਦਾ ਹੈ। ਉਹ ਜਾਣਦਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ ਅਤੇ ਇਸ ਦੁਨੀਆਂ ਦਾ ਅੰਤ ਕਿੰਨਾ ਕਰੀਬ ਹੈ। (ਯਸਾ. 46:10; ਮੱਤੀ 24:3, 36) ਯਹੋਵਾਹ ਤੁਹਾਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੂੰ ਪਤਾ ਹੈ ਕਿ ਕਿਸ ਗੱਲ ਤੋਂ ਤੁਹਾਨੂੰ ਖ਼ੁਸ਼ੀ ਮਿਲੇਗੀ ਤੇ ਕਿਸ ਗੱਲ ਤੋਂ ਦੁੱਖ ਹੋਵੇਗਾ। ਇਨਸਾਨਾਂ ਦੀ ਸਲਾਹ ਵਧੀਆ ਲੱਗ ਸਕਦੀ ਹੈ, ਪਰ ਪਰਮੇਸ਼ੁਰ ਦੇ ਬਚਨ ਤੋਂ ਨਾ ਹੋਣ ਕਰਕੇ ਇਸ ਵਿਚ ਬੁੱਧ ਸ਼ਾਮਲ ਨਹੀਂ ਹੁੰਦੀ।​—ਕਹਾ. 19:21.

ਬੁੱਧ ਸਿਰਫ਼ ਯਹੋਵਾਹ ਦਿੰਦਾ ਹੈ

3, 4. ਬੁਰੀ ਸਲਾਹ ਮੰਨਣ ਕਰਕੇ ਆਦਮ, ਹੱਵਾਹ ਅਤੇ ਉਨ੍ਹਾਂ ਦੇ ਬੱਚਿਆਂ ’ਤੇ ਕੀ ਅਸਰ ਪਿਆ?

3 ਬੁਰੀ ਸਲਾਹ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸ਼ੈਤਾਨ ਹੀ ਪਹਿਲਾਂ ਸ਼ਖ਼ਸ ਸੀ ਜਿਸ ਨੇ ਇਨਸਾਨਾਂ ਨੂੰ ਬੁਰੀ ਸਲਾਹ ਦਿੱਤੀ ਸੀ। ਉਸ ਨੇ ਹੱਵਾਹ ਨੂੰ ਕਿਹਾ ਸੀ ਕਿ ਜੇ ਉਹ ਤੇ ਆਦਮ ਆਪਣੀ ਜ਼ਿੰਦਗੀ ਵਿਚ ਆਪ ਫ਼ੈਸਲੇ ਕਰਨ, ਤਾਂ ਉਹ ਜ਼ਿਆਦਾ ਖ਼ੁਸ਼ ਰਹਿਣਗੇ। (ਉਤ. 3:1-6) ਪਰ ਸ਼ੈਤਾਨ ਸੁਆਰਥੀ ਸੀ। ਉਹ ਚਾਹੁੰਦਾ ਸੀ ਕਿ ਆਦਮ ਤੇ ਹੱਵਾਹ ਅਤੇ ਅਗਾਂਹ ਉਨ੍ਹਾਂ ਦੇ ਬੱਚੇ ਵੀ ਯਹੋਵਾਹ ਦੀ ਬਜਾਇ ਉਸ ਦਾ ਕਹਿਣਾ ਮੰਨਣ ਤੇ ਉਸ ਦੀ ਹੀ ਭਗਤੀ ਕਰਨ। ਪਰ ਸ਼ੈਤਾਨ ਨੇ ਇਨਸਾਨਾਂ ਲਈ ਕੁਝ ਨਹੀਂ ਕੀਤਾ ਸੀ। ਉਹ ਯਹੋਵਾਹ ਸੀ ਜਿਸ ਨੇ ਇਨਸਾਨਾਂ ਨੂੰ ਸਭ ਕੁਝ ਦਿੱਤਾ ਸੀ। ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਇਕ-ਦੂਜੇ ਲਈ ਬਣਾਇਆ ਸੀ, ਉਨ੍ਹਾਂ ਨੂੰ ਰਹਿਣ ਲਈ ਸੋਹਣਾ ਬਾਗ਼ ਦਿੱਤਾ ਸੀ ਅਤੇ ਮੁਕੰਮਲ ਸਰੀਰ ਦਿੱਤੇ ਸਨ ਜਿਸ ਕਰਕੇ ਉਹ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਸਨ।

4 ਦੁੱਖ ਦੀ ਗੱਲ ਹੈ ਕਿ ਆਦਮ ਤੇ ਹੱਵਾਹ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਜੀਵਨਦਾਤਾ ਤੋਂ ਆਪਣਾ ਰਿਸ਼ਤਾ ਤੋੜ ਲਿਆ। ਇਸ ਦੇ ਨਤੀਜੇ ਬਹੁਤ ਦੁਖਦਾਈ ਨਿਕਲੇ। ਟਾਹਣੀ ਤੋਂ ਟੁੱਟੇ ਇਕ ਫੁੱਲ ਵਾਂਗ ਆਦਮ ਤੇ ਹੱਵਾਹ ਹੌਲੀ-ਹੌਲੀ ਬੁੱਢੇ ਹੋ ਕੇ ਮਰ ਗਏ। ਉਨ੍ਹਾਂ ਦੇ ਬੱਚਿਆਂ ਨੂੰ ਵੀ ਦੁੱਖ ਸਹਿਣੇ ਪਏ ਜਿਨ੍ਹਾਂ ਵਿਚ ਅਸੀਂ ਵੀ ਸ਼ਾਮਲ ਹਾਂ। (ਰੋਮੀ. 5:12) ਆਦਮ ਤੇ ਹੱਵਾਹ ਵਾਂਗ ਅੱਜ ਜ਼ਿਆਦਾਤਰ ਲੋਕ ਪਰਮੇਸ਼ੁਰ ਦੀ ਨਹੀਂ ਸੁਣਦੇ, ਸਗੋਂ ਆਪਣੀ ਹੀ ਮਰਜ਼ੀ ਕਰਦੇ ਹਨ। (ਅਫ਼. 2:1-3) ਇਸ ਦੇ ਕੀ ਨਤੀਜੇ ਨਿਕਲਦੇ ਹਨ? ਬਾਈਬਲ ਕਹਿੰਦੀ ਹੈ ਕਿ ‘ਕੋਈ ਬੁੱਧ ਨਹੀਂ’ ਹੈ ਜੋ ਯਹੋਵਾਹ ਦੇ ਅੱਗੇ ਟਿਕ ਸਕੇ।​—ਕਹਾ. 21:30.

5. ਯਹੋਵਾਹ ਨੂੰ ਇਨਸਾਨਾਂ ’ਤੇ ਕਿਹੜਾ ਭਰੋਸਾ ਸੀ ਅਤੇ ਕੀ ਉਸ ਨੇ ਸਹੀ ਭਰੋਸਾ ਰੱਖਿਆ?

5 ਯਹੋਵਾਹ ਨੂੰ ਪੂਰਾ ਭਰੋਸਾ ਸੀ ਕਿ ਬਹੁਤ ਸਾਰੇ ਲੋਕ, ਜਿਨ੍ਹਾਂ ਵਿਚ ਨੌਜਵਾਨ ਵੀ ਹਨ, ਉਸ ਨੂੰ ਜਾਣਨਾ ਅਤੇ ਉਸ ਦੀ ਸੇਵਾ ਕਰਨੀ ਚਾਹੁਣਗੇ। (ਜ਼ਬੂ. 103:17, 18; 110:3) ਇਹ ਨੌਜਵਾਨ ਯਹੋਵਾਹ ਨੂੰ ਬਹੁਤ ਅਨਮੋਲ ਹਨ। ਕੀ ਤੁਸੀਂ ਉਨ੍ਹਾਂ ਵਿੱਚੋਂ ਇਕ ਹੋ? ਜੇ ਹੋ, ਤਾਂ ਤੁਸੀਂ ਜ਼ਰੂਰ ਪਰਮੇਸ਼ੁਰ ਵੱਲੋਂ ਮਿਲੀਆਂ ਉਨ੍ਹਾਂ “ਸਾਰੀਆਂ ਚੀਜ਼ਾਂ” ਦਾ ਆਨੰਦ ਮਾਣਦੇ ਹੋਣੇ ਜਿਸ ਕਰਕੇ ਤੁਹਾਨੂੰ ਜ਼ਿੰਦਗੀ ਵਿਚ ਹੋਰ ਵੀ ਜ਼ਿਆਦਾ ਖ਼ੁਸ਼ੀ ਮਿਲਦੀ ਹੋਣੀ। (1 ਤਿਮੋ. 6:17; ਕਹਾ. 10:22) ਅਸੀਂ ਇਨ੍ਹਾਂ ਵਿੱਚੋਂ ਚਾਰ ਚੀਜ਼ਾਂ ’ਤੇ ਚਰਚਾ ਕਰਾਂਗੇ। ਇਹ ਹਨ, ਪਰਮੇਸ਼ੁਰ ਵੱਲੋਂ ਮਿਲਦਾ ਗਿਆਨ, ਚੰਗੇ ਦੋਸਤ, ਸਹੀ ਟੀਚੇ ਅਤੇ ਸੱਚੀ ਆਜ਼ਾਦੀ।

ਯਹੋਵਾਹ ਤੁਹਾਨੂੰ ਗਿਆਨ ਦਿੰਦਾ ਹੈ

6. ਤੁਹਾਨੂੰ ਆਪਣੀ ਕਿਹੜੀ ਲੋੜ ਪੂਰੀ ਕਰਨੀ ਚਾਹੀਦੀ ਹੈ ਤੇ ਕਿਉਂ? ਇਹ ਲੋੜ ਪੂਰੀ ਕਰਨ ਲਈ ਯਹੋਵਾਹ ਨੇ ਕਿਹੜੇ ਇੰਤਜ਼ਾਮ ਕੀਤੇ ਹਨ?

6 ਜਾਨਵਰ ਆਪਣੇ ਸਿਰਜਣਹਾਰ ਨੂੰ ਜਾਣਨ ਦੀ ਲੋੜ ਮਹਿਸੂਸ ਨਹੀਂ ਕਰਦੇ, ਪਰ ਅਸੀਂ ਇਹ ਲੋੜ ਮਹਿਸੂਸ ਕਰਦੇ ਹਾਂ। (ਮੱਤੀ 4:4) ਪਰਮੇਸ਼ੁਰ ਦੀ ਗੱਲ ਸੁਣ ਕੇ ਅਸੀਂ ਸਮਝ, ਬੁੱਧ ਅਤੇ ਖ਼ੁਸ਼ੀ ਪਾਉਂਦੇ ਹਾਂ। ਯਿਸੂ ਨੇ ਕਿਹਾ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।” (ਮੱਤੀ 5:3) ਪਰਮੇਸ਼ੁਰ ਨੇ ਸਾਨੂੰ ਬਾਈਬਲ ਦਿੱਤੀ ਹੈ ਅਤੇ ਉਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਸਾਨੂੰ ਭੋਜਨ ਯਾਨੀ ਗਿਆਨ ਦਿੰਦਾ ਹੈ। (ਮੱਤੀ 24:45) ਇਹ ਨੌਕਰ ਪ੍ਰਕਾਸ਼ਨਾਂ ਰਾਹੀਂ ਸਾਨੂੰ ਗਿਆਨ ਦਿੰਦਾ ਹੈ ਜਿਨ੍ਹਾਂ ਨੂੰ ਪੜ੍ਹ ਕੇ ਸਾਡੀ ਨਿਹਚਾ ਅਤੇ ਯਹੋਵਾਹ ਨਾਲ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ। ਅੱਜ ਸਾਨੂੰ ਬਹੁਤਾਤ ਵਿਚ ਵਧੀਆ ਭੋਜਨ ਮਿਲਦਾ ਹੈ!​—ਯਸਾ. 65:13, 14.

7. ਪਰਮੇਸ਼ੁਰ ਵੱਲੋਂ ਮਿਲਦਾ ਗਿਆਨ ਲੈਣ ਨਾਲ ਤੁਹਾਨੂੰ ਕਿਹੜੇ ਕੁਝ ਫ਼ਾਇਦੇ ਹੁੰਦੇ ਹਨ?

7 ਪਰਮੇਸ਼ੁਰ ਵੱਲੋਂ ਮਿਲਦੇ ਗਿਆਨ ਕਰਕੇ ਤੁਹਾਨੂੰ ਬੁੱਧ ਅਤੇ ਸੋਚਣ-ਸਮਝਣ ਦੀ ਕਾਬਲੀਅਤ ਮਿਲ ਸਕਦੀ ਹੈ ਜਿਨ੍ਹਾਂ ਕਰਕੇ ਕਈ ਤਰੀਕਿਆਂ ਨਾਲ ਤੁਹਾਡੀ ਰਾਖੀ ਹੋ ਸਕਦੀ ਹੈ। (ਕਹਾਉਤਾਂ 2:10-14 ਪੜ੍ਹੋ।) ਮਿਸਾਲ ਲਈ, ਇਨ੍ਹਾਂ ਗੁਣਾਂ ਦੀ ਮਦਦ ਨਾਲ ਤੁਸੀਂ ਝੂਠੀਆਂ ਸਿੱਖਿਆਵਾਂ ਨੂੰ ਪਛਾਣ ਸਕੋਗੇ, ਜਿਵੇਂ ਕਿ ਕੋਈ ਸ੍ਰਿਸ਼ਟੀਕਰਤਾ ਨਹੀਂ ਹੈ। ਨਾਲੇ ਇਸ ਝੂਠ ਤੋਂ ਰਾਖੀ ਹੋਵੇਗੀ ਕਿ ਪੈਸੇ ਅਤੇ ਚੀਜ਼ਾਂ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ। ਇਨ੍ਹਾਂ ਗੁਣਾਂ ਦੀ ਮਦਦ ਨਾਲ ਤੁਸੀਂ ਉਨ੍ਹਾਂ ਇੱਛਾਵਾਂ ਜਾਂ ਆਦਤਾਂ ਤੋਂ ਦੂਰ ਰਹਿ ਸਕੋਗੇ ਜਿਨ੍ਹਾਂ ਤੋਂ ਤੁਹਾਨੂੰ ਨੁਕਸਾਨ ਹੋਵੇਗਾ। ਇਸ ਲਈ ਬੁੱਧੀਮਾਨ ਬਣਨ ਅਤੇ ਸੋਚਣ-ਸਮਝਣ ਦੀ ਕਾਬਲੀਅਤ ਪੈਦਾ ਕਰਨ ਲਈ ਪੂਰੀ ਵਾਹ ਲਾਓ। ਫਿਰ ਤੁਸੀਂ ਦੇਖੋਗੇ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡਾ ਭਲਾ ਚਾਹੁੰਦਾ ਹੈ।​—ਜ਼ਬੂ. 34:8; ਯਸਾ. 48:17, 18.

8. ਜੇ ਤੁਸੀਂ ਹੁਣ ਪਰਮੇਸ਼ੁਰ ਦੇ ਨੇੜੇ ਜਾਂਦੇ ਹੋ, ਤਾਂ ਤੁਹਾਨੂੰ ਭਵਿੱਖ ਵਿਚ ਇਸ ਦਾ ਕੀ ਫ਼ਾਇਦਾ ਹੋਵੇਗਾ?

8 ਜਲਦੀ ਹੀ ਪੂਰੀ ਤਰ੍ਹਾਂ ਸ਼ੈਤਾਨ ਦੀ ਦੁਨੀਆਂ ਦਾ ਖ਼ਾਤਮਾ ਕੀਤਾ ਜਾਵੇਗਾ। ਸਿਰਫ਼ ਯਹੋਵਾਹ ਹੀ ਸਾਡੀ ਰਾਖੀ ਕਰ ਸਕੇਗਾ ਅਤੇ ਸਾਨੂੰ ਉਹ ਹਰ ਚੀਜ਼ ਦੇ ਸਕੇਗਾ ਜਿਸ ਦੀ ਉਸ ਸਮੇਂ ਸਾਨੂੰ ਲੋੜ ਹੋਵੇਗੀ ਜਿਸ ਵਿਚ ਸ਼ਾਇਦ ਸਾਡੇ ਅਗਲੇ ਡੰਗ ਦੀ ਰੋਟੀ ਵੀ ਹੋਵੇ। (ਹਬ. 3:2, 12-19) ਇਸ ਲਈ ਹੁਣ ਹੀ ਪਰਮੇਸ਼ੁਰ ਦੇ ਨੇੜੇ ਜਾਣ ਅਤੇ ਉਸ ’ਤੇ ਆਪਣਾ ਭਰੋਸਾ ਮਜ਼ਬੂਤ ਕਰਨ ਦਾ ਸਮਾਂ ਹੈ। (2 ਪਤ. 2:9) ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਤਾਂ ਫਿਰ ਤੁਹਾਡੇ ਆਲੇ-ਦੁਆਲੇ ਜੋ ਮਰਜ਼ੀ ਹੋਵੇ, ਤੁਸੀਂ ਦਾਊਦ ਵਾਂਗ ਮਹਿਸੂਸ ਕਰੋਗੇ ਜਿਸ ਨੇ ਕਿਹਾ: “ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।”​—ਜ਼ਬੂ. 16:8.

ਯਹੋਵਾਹ ਕਰਕੇ ਤੁਸੀਂ ਚੰਗੇ ਦੋਸਤ ਬਣਾਉਂਦੇ ਹੋ

9. (ੳ) ਯੂਹੰਨਾ 6:44 ਮੁਤਾਬਕ ਯਹੋਵਾਹ ਕੀ ਕਰਦਾ ਹੈ? (ਅ) ਗਵਾਹਾਂ ਨੂੰ ਮਿਲਣ ਵਿਚ ਕਿਹੜੀ ਗੱਲ ਖ਼ਾਸ ਹੈ?

9 ਜਦੋਂ ਤੁਸੀਂ ਕਿਸੇ ਅਵਿਸ਼ਵਾਸੀ ਨੂੰ ਪਹਿਲੀ ਵਾਰ ਮਿਲਦੇ ਹੋ, ਤਾਂ ਤੁਹਾਨੂੰ ਉਸ ਬਾਰੇ ਕਿੰਨਾ ਕੁ ਪਤਾ ਹੁੰਦਾ ਹੈ? ਸ਼ਾਇਦ ਤੁਸੀਂ ਉਸ ਦਾ ਨਾਂ ਜਾਣਦੇ ਹੋਵੋ ਅਤੇ ਜਾਣਦੇ ਹੋਵੋ ਕਿ ਉਹ ਦੇਖਣ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ, ਪਰ ਤੁਸੀਂ ਉਸ ਬਾਰੇ ਜ਼ਿਆਦਾ ਨਹੀਂ ਜਾਣਦੇ ਹੁੰਦੇ। ਪਰ ਜਦੋਂ ਤੁਸੀਂ ਪਹਿਲੀ ਵਾਰ ਉਸ ਵਿਅਕਤੀ ਨੂੰ ਮਿਲਦੇ ਹੋ ਜੋ ਸੱਚਾਈ ਵਿਚ ਹੈ, ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਉਹ ਯਹੋਵਾਹ ਨੂੰ ਪਿਆਰ ਕਰਦਾ ਹੈ। ਤੁਹਾਨੂੰ ਪਤਾ ਹੁੰਦਾ ਹੈ ਕਿ ਯਹੋਵਾਹ ਨੇ ਉਸ ਵਿਚ ਕੁਝ ਚੰਗਾ ਦੇਖਿਆ ਹੈ ਅਤੇ ਉਸ ਨੂੰ ਆਪਣੇ ਪਰਿਵਾਰ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। (ਯੂਹੰਨਾ 6:44 ਪੜ੍ਹੋ।) ਚਾਹੇ ਉਸ ਵਿਅਕਤੀ ਦਾ ਪਿਛੋਕੜ, ਦੇਸ਼, ਕਬੀਲਾ ਜਾਂ ਸਭਿਆਚਾਰ ਜੋ ਮਰਜ਼ੀ ਹੋਵੇ, ਫਿਰ ਵੀ ਤੁਸੀਂ ਉਸ ਬਾਰੇ ਅਤੇ ਉਹ ਤੁਹਾਡੇ ਬਾਰੇ ਬਹੁਤ ਕੁਝ ਜਾਣਦਾ ਹੁੰਦਾ ਹੈ।

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਭ ਤੋਂ ਵਧੀਆ ਦੋਸਤ ਬਣਾਈਏ ਅਤੇ ਉਸ ਦੀ ਸੇਵਾ ਵਿਚ ਟੀਚੇ ਰੱਖੀਏ (ਪੈਰੇ 9-12 ਦੇਖੋ)

10, 11. ਯਹੋਵਾਹ ਦੇ ਲੋਕਾਂ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ ਅਤੇ ਇਸ ਦਾ ਤੁਹਾਨੂੰ ਕੀ ਫ਼ਾਇਦਾ ਹੈ?

10 ਕਿਸੇ ਗਵਾਹ ਨੂੰ ਮਿਲਦੇ ਸਾਰ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਡੇ ਵਿਚ ਸਭ ਤੋਂ ਜ਼ਰੂਰੀ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਤੁਸੀਂ ਜਾਣਦੇ ਹੋ ਕਿ ਚਾਹੇ ਤੁਸੀਂ ਅਲੱਗ-ਅਲੱਗ ਭਾਸ਼ਾ ਬੋਲਦੇ ਹੋ, ਪਰ ਤੁਸੀਂ ਸਾਰੇ ਸੱਚਾਈ ਦੇ “ਪਵਿੱਤਰ ਬੋਲ ਬੋਲਦੇ” ਹੋ। (ਸਫ਼. 3:9, CL) ਇਸ ਦਾ ਮਤਲਬ ਹੈ ਕਿ ਤੁਸੀਂ ਦੋਨੋਂ ਪਰਮੇਸ਼ੁਰ ’ਤੇ ਵਿਸ਼ਵਾਸ ਕਰਦੇ ਹੋ, ਤੁਹਾਡੇ ਦੋਨਾਂ ਦੇ ਇੱਕੋ ਜਿਹੇ ਨੈਤਿਕ ਮਿਆਰ ਹਨ ਅਤੇ ਤੁਹਾਡੇ ਦੋਨਾਂ ਕੋਲ ਭਵਿੱਖ ਲਈ ਇੱਕੋ ਜਿਹੀ ਆਸ ਹੈ। ਇਨ੍ਹਾਂ ਗੱਲਾਂ ਕਰਕੇ ਤੁਸੀਂ ਇਕ-ਦੂਜੇ ’ਤੇ ਭਰੋਸਾ ਕਰ ਸਕਦੇ ਹੋ ਅਤੇ ਹਮੇਸ਼ਾ-ਹਮੇਸ਼ਾ ਲਈ ਦੋਸਤ ਬਣ ਸਕਦੇ ਹੋ।

11 ਸੋ ਯਹੋਵਾਹ ਦੀ ਭਗਤੀ ਕਰਨ ਕਰਕੇ ਤੁਸੀਂ ਵਾਕਈ ਕਹਿ ਸਕਦੇ ਹੋ ਕਿ ਤੁਹਾਡੇ ਸੱਚੇ ਦੋਸਤ ਹਨ। ਪੂਰੀ ਦੁਨੀਆਂ ਵਿਚ ਤੁਹਾਡੇ ਦੋਸਤ ਹਨ ਭਾਵੇਂ ਤੁਸੀਂ ਉਨ੍ਹਾਂ ਨੂੰ ਹਾਲੇ ਮਿਲੇ ਵੀ ਨਹੀਂ ਹੋ। ਯਹੋਵਾਹ ਦੇ ਲੋਕਾਂ ਤੋਂ ਇਲਾਵਾ ਹੋਰ ਕੌਣ ਹੈ ਜੋ ਇਸ ਅਨਮੋਲ ਤੋਹਫ਼ੇ ਦਾ ਆਨੰਦ ਮਾਣਦਾ ਹੈ?

ਯਹੋਵਾਹ ਦੀ ਮਦਦ ਨਾਲ ਤੁਸੀਂ ਸਹੀ ਟੀਚੇ ਰੱਖ ਸਕਦੇ ਹੋ

12. ਤੁਸੀਂ ਕਿਹੜੇ ਸਹੀ ਟੀਚੇ ਰੱਖ ਸਕਦੇ ਹੋ?

12 ਉਪਦੇਸ਼ਕ ਦੀ ਪੋਥੀ 11:9–12:1 ਪੜ੍ਹੋ। ਕੀ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਕੋਈ ਟੀਚਾ ਰੱਖਿਆ ਹੈ ਜਿਸ ਨੂੰ ਹਾਸਲ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ? ਸ਼ਾਇਦ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨ ਦਾ ਟੀਚਾ ਰੱਖਿਆ ਹੋਵੇ ਜਾਂ ਸਭਾਵਾਂ ਵਿਚ ਹੋਰ ਵਧੀਆ ਢੰਗ ਨਾਲ ਜਵਾਬ ਦੇਣ ਜਾਂ ਆਪਣਾ ਭਾਗ ਪੇਸ਼ ਕਰਨ ਦਾ ਟੀਚਾ ਰੱਖਿਆ ਹੋਵੇ। ਜਾਂ ਸ਼ਾਇਦ ਤੁਸੀਂ ਪ੍ਰਚਾਰ ਵਿਚ ਹੋਰ ਵੀ ਅਸਰਕਾਰੀ ਤਰੀਕੇ ਨਾਲ ਬਾਈਬਲ ਵਰਤਣ ਦਾ ਟੀਚਾ ਰੱਖਿਆ ਹੋਵੇ। ਤੁਹਾਨੂੰ ਕਿਵੇਂ ਲੱਗਦਾ ਹੈ ਜਦੋਂ ਤੁਸੀਂ ਖ਼ੁਦ ਦੇਖਦੇ ਹੋ ਜਾਂ ਦੂਸਰੇ ਤੁਹਾਨੂੰ ਦੱਸਦੇ ਹਨ ਕਿ ਤੁਸੀਂ ਤਰੱਕੀ ਕਰ ਰਹੋ ਹੋ? ਤੁਹਾਨੂੰ ਜ਼ਰੂਰ ਖ਼ੁਸ਼ੀ ਮਿਲਦੀ ਹੋਣੀ ਅਤੇ ਮਿਲਣੀ ਵੀ ਚਾਹੀਦੀ ਹੈ। ਕਿਉਂ? ਕਿਉਂਕਿ ਤੁਸੀਂ ਯਿਸੂ ਦੀ ਰੀਸ ਕਰਦਿਆਂ ਉਹ ਕਰ ਰਹੇ ਹੋ ਜੋ ਯਹੋਵਾਹ ਤੁਹਾਡੇ ਤੋਂ ਚਾਹੁੰਦਾ ਹੈ।​—ਜ਼ਬੂ. 40:8; ਕਹਾ. 27:11.

13. ਦੁਨੀਆਂ ਵਿਚ ਟੀਚੇ ਰੱਖਣ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਕਰਨੀ ਬਿਹਤਰ ਕਿਉਂ ਹੈ?

13 ਯਹੋਵਾਹ ਦੀ ਸੇਵਾ ’ਤੇ ਧਿਆਨ ਲਾ ਕੇ ਤੁਸੀਂ ਉਹ ਕੰਮ ਕਰ ਰਹੇ ਹੋ ਜਿਨ੍ਹਾਂ ਤੋਂ ਤੁਹਾਨੂੰ ਖ਼ੁਸ਼ੀ ਮਿਲੇਗੀ ਅਤੇ ਜ਼ਿੰਦਗੀ ਵਿਚ ਮਕਸਦ ਮਿਲੇਗਾ। ਪੌਲੁਸ ਨੇ ਸਲਾਹ ਦਿੱਤੀ: “ਤਕੜੇ ਹੋਵੋ, ਦ੍ਰਿੜ੍ਹ ਬਣੋ ਅਤੇ ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ ਰਹੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰਭੂ ਦੇ ਕੰਮ ਵਿਚ ਤੁਹਾਡੀ ਮਿਹਨਤ ਬੇਕਾਰ ਨਹੀਂ ਜਾਂਦੀ।” (1 ਕੁਰਿੰ. 15:58) ਪਰ ਦੁਨੀਆਂ ਦੇ ਟੀਚਿਆਂ, ਜਿਵੇਂ ਕਿ ਪੈਸਾ ਕਮਾਉਣ ਜਾਂ ਮਸ਼ਹੂਰ ਹੋਣ ’ਤੇ ਧਿਆਨ ਲਾਉਣ ਨਾਲ ਲੋਕਾਂ ਨੂੰ ਸੱਚੀ ਖ਼ੁਸ਼ੀ ਨਹੀਂ ਮਿਲਦੀ। ਚਾਹੇ ਉਹ ਸਫ਼ਲ ਹੁੰਦੇ ਹਨ, ਪਰ ਫਿਰ ਵੀ ਅਕਸਰ ਉਹ ਅੰਦਰੋਂ ਖਾਲੀਪਣ ਮਹਿਸੂਸ ਕਰਦੇ ਹਨ। (ਲੂਕਾ 9:25) ਇਸ ਬਾਰੇ ਅਸੀਂ ਸੁਲੇਮਾਨ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ।​—ਰੋਮੀ. 15:4.

14. ਤੁਸੀਂ ਸੁਲੇਮਾਨ ਦੇ ਤਜਰਬੇ ਤੋਂ ਕਿਹੜਾ ਸਬਕ ਸਿੱਖ ਸਕਦੇ ਹੋ?

14 ਅਮੀਰ ਅਤੇ ਸ਼ਕਤੀਸ਼ਾਲੀ ਸੁਲੇਮਾਨ ਨੇ ਇਕ ਤਜਰਬਾ ਕੀਤਾ ਸੀ। ਉਸ ਨੇ ਆਪਣੇ ਆਪ ਨੂੰ ਕਿਹਾ: “ਮੈਂ ਅਨੰਦ ਨਾਲ ਤੇਰਾ ਪਰਤਾਵਾ ਲਵਾਂਗਾ, ਸੋ ਸੁਖ ਭੋਗ।” (ਉਪ. 2:1-10) ਇਸ ਲਈ ਸੁਲੇਮਾਨ ਨੇ ਆਲੀਸ਼ਾਨ ਘਰ ਬਣਵਾਏ, ਬਹੁਤ ਵਧੀਆ ਬਾਗ਼-ਬਗ਼ੀਚੇ ਬਣਾਏ ਅਤੇ ਉਹ ਸਭ ਕੁਝ ਕੀਤਾ ਜੋ ਉਹ ਚਾਹੁੰਦਾ ਸੀ। ਕੀ ਉਸ ਨੂੰ ਸੰਤੁਸ਼ਟੀ ਤੇ ਖ਼ੁਸ਼ੀ ਮਿਲੀ? ਜਦੋਂ ਸੁਲੇਮਾਨ ਨੇ ਆਪਣੀ ਜ਼ਿੰਦਗੀ ਵਿਚ ਕੀਤੇ ਕੰਮਾਂ ’ਤੇ ਝਾਤ ਮਾਰੀ, ਤਾਂ ਉਸ ਨੇ ਕਿਹਾ: “ਓਹ ਸਾਰਿਆਂ ਦੇ ਸਾਰੇ ਵਿਅਰਥ” ਸਨ। ਉਸ ਨੇ ਅੱਗੇ ਕਿਹਾ: ਉਨ੍ਹਾਂ ਦਾ “ਕੋਈ ਲਾਭ ਨਹੀਂ ਸੀ।” (ਉਪ. 2:11) ਕੀ ਤੁਸੀਂ ਸੁਲੇਮਾਨ ਦੇ ਤਜਰਬੇ ਤੋਂ ਇਹ ਸਬਕ ਸਿੱਖੋਗੇ?

15. ਨਿਹਚਾ ਦੀ ਕਿਉਂ ਲੋੜ ਹੈ ਅਤੇ ਜ਼ਬੂਰ 32:8 ਮੁਤਾਬਕ ਇਸ ਦੇ ਕੀ ਫ਼ਾਇਦੇ ਹਨ?

15 ਕੁਝ ਲੋਕ ਗ਼ਲਤੀਆਂ ਕਰ ਕੇ ਅਤੇ ਬੁਰੇ ਨਤੀਜੇ ਭੋਗ ਕੇ ਹੀ ਸਬਕ ਸਿੱਖਦੇ ਹਨ। ਯਹੋਵਾਹ ਨਹੀਂ ਚਾਹੁੰਦਾ ਕਿ ਤੁਸੀਂ ਇਸ ਤਰ੍ਹਾਂ ਸਬਕ ਸਿੱਖੋ। ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਸੁਣੋ ਅਤੇ ਉਸ ਦਾ ਕਹਿਣਾ ਮੰਨੋ। ਇਸ ਤਰ੍ਹਾਂ ਕਰਨ ਲਈ ਨਿਹਚਾ ਚਾਹੀਦੀ ਹੈ, ਪਰ ਨਿਹਚਾ ਰੱਖਣ ਕਰਕੇ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਕੀਤੇ ਫ਼ੈਸਲਿਆਂ ਦਾ ਕਦੇ ਕੋਈ ਪਛਤਾਵਾ ਨਹੀਂ ਹੋਵੇਗਾ। ਨਾਲੇ ਯਹੋਵਾਹ ਕਦੇ ਉਸ “ਪਿਆਰ” ਨੂੰ ਨਹੀਂ ਭੁੱਲੇਗਾ “ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ।” (ਇਬ. 6:10) ਇਸ ਲਈ ਪੱਕੀ ਨਿਹਚਾ ਪੈਦਾ ਕਰਨ ਲਈ ਜਤਨ ਕਰਦੇ ਰਹੋ। ਫਿਰ ਤੁਸੀਂ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰੋਗੇ ਅਤੇ ਖ਼ੁਦ ਦੇਖੋਗੇ ਕਿ ਤੁਹਾਡਾ ਸਵਰਗੀ ਪਿਤਾ ਤੁਹਾਡਾ ਦਿਲੋਂ ਭਲਾ ਚਾਹੁੰਦਾ ਹੈ।​—ਜ਼ਬੂਰਾਂ ਦੀ ਪੋਥੀ 32:8 ਪੜ੍ਹੋ।

ਪਰਮੇਸ਼ੁਰ ਤੁਹਾਨੂੰ ਸੱਚੀ ਆਜ਼ਾਦੀ ਦਿੰਦਾ ਹੈ

16. ਸਾਨੂੰ ਆਜ਼ਾਦੀ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਸਮਝਦਾਰੀ ਨਾਲ ਕਿਉਂ ਵਰਤਣਾ ਚਾਹੀਦਾ ਹੈ?

16 ਪੌਲੁਸ ਨੇ ਲਿਖਿਆ: “ਜਿਸ ਇਨਸਾਨ ਕੋਲ ਯਹੋਵਾਹ ਦੀ ਪਵਿੱਤਰ ਸ਼ਕਤੀ ਹੁੰਦੀ ਹੈ, ਉਹ ਆਜ਼ਾਦ ਹੁੰਦਾ ਹੈ।” (2 ਕੁਰਿੰ. 3:17) ਯਹੋਵਾਹ ਨੂੰ ਆਜ਼ਾਦੀ ਪਸੰਦ ਹੈ ਅਤੇ ਉਸ ਨੇ ਤੁਹਾਡੇ ਵਿਚ ਵੀ ਇਹੀ ਇੱਛਾ ਪਾਈ ਹੈ। ਪਰ ਉਹ ਚਾਹੁੰਦਾ ਹੈ ਕਿ ਤੁਸੀਂ ਆਪਣੀ ਆਜ਼ਾਦੀ ਸਮਝਦਾਰੀ ਨਾਲ ਵਰਤੋ ਤਾਂਕਿ ਤੁਹਾਡੀ ਰਾਖੀ ਹੋਵੇ। ਸ਼ਾਇਦ ਤੁਹਾਡੇ ਕੁਝ ਹਾਣੀ ਗੰਦੀਆਂ ਤਸਵੀਰਾਂ ਅਤੇ ਵੀਡੀਓ ਦੇਖਦੇ ਹੋਣ, ਬਦਚਲਣ ਹੋਣ, ਇਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਹੋਣ ਜਿਨ੍ਹਾਂ ਵਿਚ ਜਾਨ ਨੂੰ ਖ਼ਤਰਾ ਹੋਵੇ ਜਾਂ ਨਸ਼ੇ ਕਰਦੇ ਹੋਣ ਜਾਂ ਸ਼ਰਾਬੀ ਹੋਣ। ਪਹਿਲਾਂ-ਪਹਿਲ ਤਾਂ ਸ਼ਾਇਦ ਇਹ ਚੀਜ਼ਾਂ ਮਜ਼ੇਦਾਰ ਲੱਗਣ, ਪਰ ਇਨ੍ਹਾਂ ਦੇ ਨਤੀਜੇ ਅਕਸਰ ਬੁਰੇ ਹੁੰਦੇ ਹਨ, ਜਿਵੇਂ ਕਿ ਬੀਮਾਰੀ, ਨਸ਼ੇ ਦੀ ਲਤ, ਇੱਥੋਂ ਤਕ ਕਿ ਮੌਤ ਵੀ। (ਗਲਾ. 6:7, 8) ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਨੌਜਵਾਨ ਸ਼ਾਇਦ ਸੋਚਣ ਕਿ ਉਹ ਆਜ਼ਾਦ ਹਨ, ਪਰ ਅਸਲ ਵਿਚ ਉਹ ਆਜ਼ਾਦ ਨਹੀਂ ਹੁੰਦੇ।​—ਤੀਤੁ. 3:3.

17, 18. (ੳ) ਪਰਮੇਸ਼ੁਰ ਦਾ ਕਹਿਣਾ ਮੰਨ ਕੇ ਸੱਚੀ ਆਜ਼ਾਦੀ ਕਿਵੇਂ ਮਿਲਦੀ ਹੈ? (ਅ) ਆਦਮ ਤੇ ਹੱਵਾਹ ਨੂੰ ਅੱਜ ਦੇ ਇਨਸਾਨਾਂ ਨਾਲੋਂ ਜ਼ਿਆਦਾ ਆਜ਼ਾਦੀ ਕਿਵੇਂ ਮਿਲੀ ਸੀ?

17 ਦੂਸਰੇ ਪਾਸੇ, ਯਹੋਵਾਹ ਦਾ ਕਹਿਣਾ ਮੰਨਣਾ ਸਾਡੇ ਲਈ ਵਧੀਆ ਹੈ। ਇਸ ਤਰ੍ਹਾਂ ਕਰਨ ਨਾਲ ਸਾਡੀ ਸਿਹਤ ਵਧੀਆ ਰਹਿੰਦੀ ਹੈ ਅਤੇ ਸਾਨੂੰ ਸੱਚੀ ਆਜ਼ਾਦੀ ਮਿਲਦੀ ਹੈ। (ਜ਼ਬੂ. 19:7-11) ਜਦੋਂ ਤੁਸੀਂ ਆਪਣੀ ਆਜ਼ਾਦੀ ਦੀ ਸਮਝਦਾਰੀ ਨਾਲ ਵਰਤੋਂ ਕਰਦੇ ਹੋ ਯਾਨੀ ਤੁਸੀਂ ਪਰਮੇਸ਼ੁਰ ਦੇ ਹੁਕਮ ਤੇ ਅਸੂਲ ਮੰਨਦੇ ਹੋ, ਤਾਂ ਤੁਸੀਂ ਪਰਮੇਸ਼ੁਰ ਅਤੇ ਆਪਣੇ ਮਾਪਿਆਂ ਨੂੰ ਦਿਖਾਉਂਦੇ ਹੋ ਕਿ ਤੁਸੀਂ ਇਕ ਜ਼ਿੰਮੇਵਾਰ ਇਨਸਾਨ ਹੋ। ਤੁਹਾਡੇ ਮਾਪੇ ਜ਼ਰੂਰ ਤੁਹਾਡੇ ’ਤੇ ਹੋਰ ਭਰੋਸਾ ਕਰਨਗੇ ਅਤੇ ਤੁਹਾਨੂੰ ਹੋਰ ਆਜ਼ਾਦੀ ਦੇਣਗੇ। ਨਾਲੇ ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਜਲਦੀ ਹੀ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਸੱਚੀ ਆਜ਼ਾਦੀ ਦੇਵੇਗਾ ਜਿਸ ਨੂੰ ਬਾਈਬਲ ਵਿਚ “ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਕਿਹਾ ਗਿਆ ਹੈ।​—ਰੋਮੀ. 8:21.

18 ਆਦਮ ਤੇ ਹੱਵਾਹ ਇਹੀ ਆਜ਼ਾਦੀ ਦਾ ਆਨੰਦ ਮਾਣਦੇ ਸਨ। ਅਦਨ ਦੇ ਬਾਗ਼ ਵਿਚ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿੰਨੇ ਹੁਕਮ ਦਿੱਤੇ ਸਨ? ਸਿਰਫ਼ ਇਕ। ਉਨ੍ਹਾਂ ਨੂੰ ਇਕ ਦਰਖ਼ਤ ਦਾ ਫਲ ਖਾਣ ਤੋਂ ਮਨ੍ਹਾ ਕੀਤਾ ਸੀ। (ਉਤ. 2:9, 17) ਕੀ ਤੁਸੀਂ ਸੋਚਦੇ ਹੋ ਕਿ ਯਹੋਵਾਹ ਨੇ ਇਹ ਕਾਨੂੰਨ ਦੇ ਕੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਸੀ ਜਾਂ ਉਨ੍ਹਾਂ ’ਤੇ ਬਹੁਤ ਜ਼ਿਆਦਾ ਬੰਦਸ਼ ਲਾਈ ਸੀ? ਬਿਲਕੁਲ ਨਹੀਂ। ਸੋਚੋ ਕਿ ਇਨਸਾਨਾਂ ਨੇ ਕਿੰਨੇ ਕਾਨੂੰਨ ਬਣਾਏ ਹਨ ਅਤੇ ਇਨ੍ਹਾਂ ਦੀ ਪਾਲਣਾ ਕਰਨ ਲਈ ਉਹ ਦੂਜਿਆਂ ਨੂੰ ਮਜਬੂਰ ਕਰਦੇ ਹਨ। ਪਰ ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਸਿਰਫ਼ ਇੱਕੋ ਕਾਨੂੰਨ ਦਿੱਤਾ ਸੀ।

19. ਯਹੋਵਾਹ ਅਤੇ ਯਿਸੂ ਸਾਨੂੰ ਕੀ ਸਿਖਾਉਂਦੇ ਹਨ ਜਿਸ ਕਰਕੇ ਸਾਨੂੰ ਆਜ਼ਾਦੀ ਮਿਲਦੀ ਹੈ?

19 ਯਹੋਵਾਹ ਸਾਡੇ ਨਾਲ ਬਹੁਤ ਹੀ ਸਮਝਦਾਰੀ ਨਾਲ ਪੇਸ਼ ਆਉਂਦਾ ਹੈ। ਸਾਨੂੰ ਬਹੁਤ ਸਾਰੇ ਕਾਨੂੰਨ ਦੇਣ ਦੀ ਬਜਾਇ ਉਹ ਸਾਨੂੰ ਧੀਰਜ ਨਾਲ ਪਿਆਰ ਦੇ ਕਾਨੂੰਨ ਦੀ ਪਾਲਣਾ ਕਰਨੀ ਸਿਖਾਉਂਦਾ ਹੈ। ਉਹ ਸਾਨੂੰ ਆਪਣੇ ਅਸੂਲਾਂ ਮੁਤਾਬਕ ਜੀਉਣਾ ਅਤੇ ਬੁਰਾਈ ਨਾਲ ਨਫ਼ਰਤ ਕਰਨੀ ਸਿਖਾਉਂਦਾ ਹੈ। (ਰੋਮੀ. 12:9) ਪਰਮੇਸ਼ੁਰ ਦੇ ਪੁੱਤਰ ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਸਾਡੀ ਸਮਝਣ ਵਿਚ ਮਦਦ ਕੀਤੀ ਕਿ ਲੋਕ ਬੁਰੇ ਕੰਮ ਕਿਉਂ ਕਰਦੇ ਹਨ। (ਮੱਤੀ 5:27, 28) ਨਵੀਂ ਦੁਨੀਆਂ ਵਿਚ ਵੀ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ, ਯਿਸੂ ਸਾਨੂੰ ਆਪਣੇ ਵਾਂਗ ਸਹੀ ਅਤੇ ਗ਼ਲਤ ਵਿਚ ਫ਼ਰਕ ਦੇਖਣਾ ਸਿਖਾਉਂਦਾ ਰਹੇਗਾ। (ਇਬ. 1:9) ਨਾਲੇ ਯਿਸੂ ਸਾਡੇ ਮਨਾਂ ਅਤੇ ਸਰੀਰਾਂ ਨੂੰ ਮੁਕੰਮਲ ਬਣਾਵੇਗਾ। ਸੋਚੋ ਉਦੋਂ ਕਿੰਨਾ ਵਧੀਆ ਹੋਵੇਗਾ ਜਦੋਂ ਮੁਕੰਮਲ ਹੋਣ ਕਰਕੇ ਅਸੀਂ ਕਿਸੇ ਵੀ ਤਰ੍ਹਾਂ ਦਾ ਬੁਰਾ ਕੰਮ ਕਰਨ ਦੇ ਲਾਲਚ ਵਿਚ ਨਹੀਂ ਫਸਾਂਗੇ ਅਤੇ ਸਾਨੂੰ ਇਸ ਦੇ ਅੰਜਾਮ ਨਹੀਂ ਭੁਗਤਣੇ ਪੈਣਗੇ। ਫਿਰ ਅਖ਼ੀਰ ਅਸੀਂ ਯਹੋਵਾਹ ਵੱਲੋਂ ਵਾਅਦਾ ਕੀਤੀ “ਸ਼ਾਨਦਾਰ ਆਜ਼ਾਦੀ” ਦਾ ਆਨੰਦ ਮਾਣਾਂਗੇ।

20. (ੳ) ਯਹੋਵਾਹ ਆਪਣੀ ਆਜ਼ਾਦੀ ਕਿਵੇਂ ਵਰਤਦਾ ਹੈ? (ਅ) ਤੁਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹੋ?

20 ਨਵੀਂ ਦੁਨੀਆਂ ਵਿਚ ਸਾਡੀ ਆਜ਼ਾਦੀ ਦੀਆਂ ਹੱਦਾਂ ਹੋਣਗੀਆਂ। ਕਿਵੇਂ? ਅਸੀਂ ਹਰ ਕੰਮ ਪਰਮੇਸ਼ੁਰ ਅਤੇ ਹੋਰਨਾਂ ਨਾਲ ਪਿਆਰ ਹੋਣ ਕਰਕੇ ਕਰਾਂਗੇ। ਜਦੋਂ ਅਸੀਂ ਪਿਆਰ ਹੋਣ ਕਰਕੇ ਕੰਮ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਰੀਸ ਕਰ ਰਹੇ ਹੁੰਦੇ ਹਾਂ। ਚਾਹੇ ਯਹੋਵਾਹ ਕੋਲ ਪੂਰੀ ਆਜ਼ਾਦੀ ਹੈ, ਪਰ ਫਿਰ ਵੀ ਉਹ ਹਰ ਕੰਮ ਪਿਆਰ ਹੋਣ ਕਰਕੇ ਹੀ ਕਰਦਾ ਹੈ ਜਿਸ ਵਿਚ ਸਾਡੇ ਨਾਲ ਉਸ ਦਾ ਪੇਸ਼ ਆਉਣ ਦਾ ਤਰੀਕਾ ਵੀ ਸ਼ਾਮਲ ਹੈ। (1 ਯੂਹੰ. 4:7, 8) ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਰੀਸ ਕਰ ਕੇ ਹੀ ਅਸੀਂ ਸੱਚੀ ਆਜ਼ਾਦੀ ਪਾ ਸਕਦੇ ਹਾਂ।

21. (ੳ) ਦਾਊਦ ਯਹੋਵਾਹ ਬਾਰੇ ਕਿਵੇਂ ਮਹਿਸੂਸ ਕਰਦਾ ਸੀ? (ਅ) ਅਗਲੇ ਲੇਖ ਅਸੀਂ ਕਿਸ ਗੱਲ ’ਤੇ ਚਰਚਾ ਕਰਾਂਗੇ?

21 ਕੀ ਤੁਸੀਂ ਯਹੋਵਾਹ ਵੱਲੋਂ ਮਿਲੀਆਂ “ਸਾਰੀਆਂ ਚੀਜ਼ਾਂ” ਲਈ ਉਸ ਦੇ ਅਹਿਸਾਨਮੰਦ ਹੋ? ਉਸ ਨੇ ਸਾਨੂੰ ਗਿਆਨ, ਚੰਗੇ ਦੋਸਤ, ਸਹੀ ਟੀਚੇ, ਭਵਿੱਖ ਵਿਚ ਸੱਚੀ ਆਜ਼ਾਦੀ ਦੀ ਉਮੀਦ ਅਤੇ ਹੋਰ ਬਹੁਤ ਸਾਰੇ ਸ਼ਾਨਦਾਰ ਤੋਹਫ਼ੇ ਦਿੱਤੇ ਹਨ। (1 ਤਿਮੋ. 6:17) ਤੁਸੀਂ ਜ਼ਰੂਰ ਦਾਊਦ ਵਾਂਗ ਮਹਿਸੂਸ ਕਰਦੇ ਹੋਣੇ ਜਦੋਂ ਉਸ ਨੇ ਪ੍ਰਾਰਥਨਾ ਕੀਤੀ: “ਤੂੰ ਮੈਨੂੰ ਜੀਉਣ ਦਾ ਮਾਰਗ ਵਿਖਾਵੇਂਗਾ, ਤੇਰੇ ਹਜ਼ੂਰ ਅਨੰਦ ਦੀ ਭਰਪੂਰੀ ਹੈ, ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ।” (ਜ਼ਬੂ. 16:11) ਅਗਲੇ ਲੇਖ ਵਿਚ ਅਸੀਂ ਜ਼ਬੂਰ 16 ਵਿਚ ਦਿੱਤੀਆਂ ਹੋਰ ਸੱਚਾਈਆਂ ’ਤੇ ਚਰਚਾ ਕਰਾਂਗੇ। ਇਹ ਸੱਚਾਈਆਂ ਤੁਹਾਡੀ ਇਹ ਦੇਖਣ ਵਿਚ ਮਦਦ ਕਰਨਗੀਆਂ ਕਿ ਤੁਸੀਂ ਸਭ ਤੋਂ ਵਧੀਆ ਜ਼ਿੰਦਗੀ ਕਿਵੇਂ ਜੀ ਸਕਦੇ ਹੋ!