ਪਾਠਕਾਂ ਵੱਲੋਂ ਸਵਾਲ
ਸ਼ੈਤਾਨ ਨੇ ਹੱਵਾਹ ਨੂੰ ਕਿਹਾ ਕਿ ਜੇ ਉਹ ਭਲੇ ਬੁਰੇ ਦੀ ਸਿਆਣ ਵਾਲੇ ਦਰਖ਼ਤ ਤੋਂ ਫਲ ਖਾਵੇ, ਤਾਂ ਨਹੀਂ ਮਰੇਗੀ। ਕੀ ਸ਼ੈਤਾਨ ਉਸ ਸਮੇਂ ਅਮਰ ਆਤਮਾ ਦੀ ਸਿੱਖਿਆ ਦੀ ਸ਼ੁਰੂਆਤ ਕਰ ਰਿਹਾ ਸੀ?
ਇੱਦਾਂ ਲੱਗਦਾ ਨਹੀਂ। ਸ਼ੈਤਾਨ ਨੇ ਹੱਵਾਹ ਨੂੰ ਇਹ ਨਹੀਂ ਕਿਹਾ ਸੀ ਕਿ ਜੇ ਉਹ ਪਰਮੇਸ਼ੁਰ ਵੱਲੋਂ ਮਨ੍ਹਾ ਕੀਤੇ ਦਰਖ਼ਤ ਤੋਂ ਫਲ ਖਾਵੇ, ਤਾਂ ਉਸ ਦਾ ਸਿਰਫ਼ ਸਰੀਰ ਮਰ ਜਾਵੇਗਾ, ਪਰ ਉਸ ਦੀ ਆਤਮਾ ਕਿਤੇ ਹੋਰ ਜੀਉਂਦੀ ਰਹੇਗੀ। ਸੱਪ ਰਾਹੀਂ ਗੱਲ ਕਰਦਿਆਂ ਸ਼ੈਤਾਨ ਨੇ ਦਾਅਵਾ ਕੀਤਾ ਕਿ ਜੇ ਹੱਵਾਹ ਪਰਮੇਸ਼ੁਰ ਵੱਲੋਂ ਮਨ੍ਹਾ ਕੀਤੇ ਦਰਖ਼ਤ ਤੋਂ ਫਲ ਖਾਵੇ, ਤਾਂ ‘ਉਹ ਕਦੇ ਨਾ ਮਰੇਗੀ।’ ਉਸ ਦੇ ਕਹਿਣ ਦਾ ਮਤਲਬ ਸੀ ਕਿ ਉਹ ਜੀਉਂਦੀ ਰਹੇਗੀ, ਧਰਤੀ ’ਤੇ ਵਧੀਆ ਜ਼ਿੰਦਗੀ ਦਾ ਆਨੰਦ ਮਾਣੇਗੀ ਅਤੇ ਉਸ ਨੂੰ ਰੱਬ ਦੀ ਕੋਈ ਲੋੜ ਨਹੀਂ ਹੋਵੇਗੀ।—ਉਤ. 2:17; 3:3-5.
ਜੇ ਅਮਰ ਆਤਮਾ ਦੀ ਝੂਠੀ ਸਿੱਖਿਆ ਦੀ ਸ਼ੁਰੂਆਤ ਅਦਨ ਦੇ ਬਾਗ਼ ਵਿਚ ਨਹੀਂ ਹੋਈ ਸੀ, ਤਾਂ ਫਿਰ ਕਦੋਂ ਹੋਈ ਸੀ? ਸਾਨੂੰ ਪੱਕਾ ਨਹੀਂ ਪਤਾ। ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਸਾਰੇ ਝੂਠੇ ਧਰਮਾਂ ਦਾ ਖ਼ਾਤਮਾ ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਨਾਲ ਹੋ ਗਿਆ ਸੀ। ਕੋਈ ਵੀ ਝੂਠੀ ਸਿੱਖਿਆ ਜਲ-ਪਰਲੋ ਵਿਚ ਨਹੀਂ ਬਚੀ ਕਿਉਂਕਿ ਸਿਰਫ਼ ਨੂਹ ਤੇ ਉਸ ਦਾ ਪਰਿਵਾਰ ਹੀ ਬਚਿਆ ਸੀ ਜੋ ਸੱਚੇ ਭਗਤ ਸਨ।
ਸੋ ਅਮਰ ਆਤਮਾ ਦੀ ਸਿੱਖਿਆ ਜ਼ਰੂਰ ਜਲ-ਪਰਲੋ ਤੋਂ ਬਾਅਦ ਸ਼ੁਰੂ ਹੋਈ ਹੋਣੀ। ਪਰਮੇਸ਼ੁਰ ਨੇ ਬਾਬਲ ਵਿਚ ਭਾਸ਼ਾਵਾਂ ਬਦਲ ਕੇ ਲੋਕਾਂ ਨੂੰ “ਸਾਰੀ ਧਰਤੀ ਉੱਤੇ ਖਿੰਡਾ ਦਿੱਤਾ” ਸੀ। (ਉਤ. 11:8, 9) ਬਿਨਾਂ ਸ਼ੱਕ, ਉਹ ਆਪਣੇ ਨਾਲ ਅਮਰ ਆਤਮਾ ਦੀ ਸਿੱਖਿਆ ਲੈ ਕੇ ਗਏ ਹੋਣੇ। ਚਾਹੇ ਇਸ ਝੂਠੀ ਸਿੱਖਿਆ ਦੀ ਸ਼ੁਰੂਆਤ ਜਿੱਦਾਂ ਮਰਜ਼ੀ ਹੋਈ ਹੋਵੇ, ਪਰ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਇਸ ਪਿੱਛੇ “ਝੂਠ ਦਾ ਪਿਉ” ਸ਼ੈਤਾਨ ਹੈ ਅਤੇ ਵੱਡੇ ਪੱਧਰ ’ਤੇ ਇਹ ਝੂਠੀ ਸਿੱਖਿਆ ਫੈਲੀ ਦੇਖ ਕੇ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।—ਯੂਹੰ. 8:44.