Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਬਾਈਬਲ ਕਹਿੰਦੀ ਹੈ ਕਿ ਕਿਸੇ ਮਾਮਲੇ ਨੂੰ ਸਾਬਤ ਕਰਨ ਲਈ ਘੱਟੋ-ਘੱਟ ਦੋ ਗਵਾਹਾਂ ਦੀ ਲੋੜ ਹੁੰਦੀ ਹੈ। (ਗਿਣ. 35:30; ਬਿਵ. 17:6; 19:15; ਮੱਤੀ 18:16; 1 ਤਿਮੋ. 5:19) ਪਰ ਮੂਸਾ ਦੇ ਕਾਨੂੰਨ ਮੁਤਾਬਕ ਜੇ ਇਕ ਆਦਮੀ ਨੇ ਮੰਗੀ ਹੋਈ ਕੁੜੀ ਨਾਲ “ਖੇਤ ਵਿੱਚ” ਬਲਾਤਕਾਰ ਕੀਤਾ ਸੀ ਤੇ ਕੁੜੀ ਨੇ ਚੀਕਾਂ ਮਾਰੀਆਂ ਸਨ, ਤਾਂ ਕੁੜੀ ’ਤੇ ਹਰਾਮਕਾਰੀ ਕਰਨ ਦਾ ਦੋਸ਼ ਨਹੀਂ ਲਾਇਆ ਜਾਂਦਾ ਸੀ ਜਦ ਕਿ ਆਦਮੀ ’ਤੇ ਦੋਸ਼ ਲਾਇਆ ਜਾਂਦਾ ਸੀ। ਜੇ ਬਲਾਤਕਾਰ ਦਾ ਕੋਈ ਗਵਾਹ ਨਹੀਂ ਸੀ ਹੁੰਦਾ, ਤਾਂ ਕੁੜੀ ਨੂੰ ਨਿਰਦੋਸ਼ ਤੇ ਆਦਮੀ ਨੂੰ ਦੋਸ਼ੀ ਕਿਉਂ ਮੰਨਿਆ ਜਾਂਦਾ ਸੀ?

ਬਿਵਸਥਾ ਸਾਰ 22:25-27 ਦੇ ਬਿਰਤਾਂਤ ਦਾ ਮੁੱਖ ਮਕਸਦ ਆਦਮੀ ਨੂੰ ਦੋਸ਼ੀ ਸਾਬਤ ਕਰਨਾ ਨਹੀਂ ਸੀ ਕਿਉਂਕਿ ਉਸ ਨੂੰ ਪਹਿਲਾਂ ਹੀ ਦੋਸ਼ੀ ਮੰਨਿਆ ਜਾ ਚੁੱਕਾ ਸੀ। ਇਹ ਕਾਨੂੰਨ ਮੁੱਖ ਤੌਰ ਤੇ ਔਰਤ ਦੀ ਬੇਗੁਨਾਹੀ ਸਾਬਤ ਕਰਨ ਲਈ ਸੀ। ਜ਼ਰਾ ਅਗਲੀਆਂ-ਪਿਛਲੀਆਂ ਆਇਤਾਂ ’ਤੇ ਗੌਰ ਕਰੋ।

ਪਿਛਲੀਆਂ ਆਇਤਾਂ ਵਿਚ ਇਕ ਆਦਮੀ ਦੀ ਗੱਲ ਕੀਤੀ ਗਈ ਹੈ ਜਿਸ ਨੇ “ਸ਼ਹਿਰ ਵਿੱਚ” ਉਸ ਕੁੜੀ ਨਾਲ ਸਰੀਰਕ ਸੰਬੰਧ ਬਣਾਏ ਜਿਸ ਦੀ ਮੰਗਣੀ ਹੋ ਚੁੱਕੀ ਸੀ। ਇੱਦਾਂ ਕਰ ਕੇ ਉਹ ਹਰਾਮਕਾਰੀ ਕਰਨ ਦਾ ਦੋਸ਼ੀ ਬਣਿਆ ਕਿਉਂਕਿ ਮੰਗੀ ਹੋਈ ਕੁੜੀ ਵਿਆਹੀ ਸਮਝੀ ਜਾਂਦੀ ਸੀ। ਕੁੜੀ ਬਾਰੇ ਕੀ? ਉਸ ਨੇ “ਸ਼ਹਿਰ ਵਿੱਚ ਹੁੰਦਿਆਂ . . . ਚੀਕਾਂ ਨਹੀਂ ਮਾਰੀਆਂ।” ਜੇ ਉਹ ਚੀਕਾਂ ਮਾਰਦੀ, ਤਾਂ ਕੋਈ-ਨਾ-ਕੋਈ ਜ਼ਰੂਰ ਉਸ ਦੀਆਂ ਚੀਕਾਂ ਸੁਣਦਾ ਤੇ ਉਸ ਦੀ ਮਦਦ ਕਰਨ ਆਉਂਦਾ। ਪਰ ਉਸ ਨੇ ਚੀਕਾਂ ਨਹੀਂ ਮਾਰੀਆਂ। ਇਸ ਲਈ ਉਸ ਨੇ ਵੀ ਹਰਾਮਕਾਰੀ ਕੀਤੀ ਸੀ ਜਿਸ ਕਰਕੇ ਉਨ੍ਹਾਂ ਦੋਵਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ।—ਬਿਵ. 22:23, 24.

ਕਾਨੂੰਨ ਇਕ ਹੋਰ ਹਾਲਾਤ ਦੱਸਦਾ ਹੈ: “ਪਰ ਜੇ ਉਹ ਮਨੁੱਖ ਉਸ ਕੁੜਮਾਈ ਕੀਤੀ ਵਾਲੀ ਛੋਕਰੀ ਨੂੰ ਖੇਤ ਵਿੱਚ ਪਾਵੇ ਅਤੇ ਉਹ ਮਨੁੱਖ ਉਸ ਨਾਲ ਧੱਕੋ ਧੱਕੀ ਸੰਗ ਕਰੇ ਤਾਂ ਨਿਰਾ ਉਹ ਮਨੁੱਖ ਜਿਸ ਨੇ ਉਸ ਦੇ ਨਾਲ ਸੰਗ ਕੀਤਾ ਮਾਰਿਆ ਜਾਵੇ। ਪਰ ਉਸ ਛੋਕਰੀ ਨੂੰ ਕੁਝ ਨਾ ਕਰੋ। ਉਸ ਛੋਕਰੀ ਦਾ ਏਹ ਪਾਪ ਮੌਤ ਜੋਗ ਨਹੀਂ ਸੀ। ਜਿਵੇਂ ਮਨੁੱਖ ਆਪਣੇ ਗੁਆਂਢੀ ਉੱਤੇ ਚੜ੍ਹ ਕੇ ਉਸ ਨੂੰ ਜਾਨ ਤੋਂ ਮਾਰ ਦੇਵੇ ਤਿਵੇਂ ਹੀ ਏਹ ਗੱਲ ਹੈ। ਕਿਉਂ ਜੋ ਖੇਤ ਵਿੱਚੋਂ ਉਹ ਨੇ ਉਸ ਨੂੰ ਪਾਇਆ। ਉਸ ਕੁੜਮਾਈ ਕੀਤੀ ਹੋਈ ਛੋਕਰੀ ਨੇ ਚੀਕਾਂ ਮਾਰੀਆਂ ਪਰ ਉਸ ਦਾ ਸੁਣਨ ਵਾਲਾ ਕੋਈ ਨਹੀਂ ਸੀ।”—ਬਿਵ. 22:25-27.

ਇਸ ਮਾਮਲੇ ਵਿਚ ਨਿਆਈ ਇਹ ਸੋਚਦੇ ਸਨ ਕਿ ਕੁੜੀ ਨੇ “ਚੀਕਾਂ ਮਾਰੀਆਂ ਪਰ ਉਸ ਦਾ ਸੁਣਨ ਵਾਲਾ ਕੋਈ ਨਹੀਂ ਸੀ।” ਸੋ ਉਹ ਹਰਾਮਕਾਰੀ ਨਹੀਂ ਕਰ ਰਹੀ ਸੀ। ਪਰ ਉਹ ਆਦਮੀ ਬਲਾਤਕਾਰ ਅਤੇ ਹਰਾਮਕਾਰੀ ਕਰਨ ਦਾ ਦੋਸ਼ੀ ਸੀ ਕਿਉਂਕਿ ਉਸ ਨੇ ਮੰਗੀ ਹੋਈ ਕੁੜੀ ਨਾਲ “ਧੱਕੋ ਧੱਕੀ ਸੰਗ” ਕੀਤਾ ਸੀ।

ਸੋ ਭਾਵੇਂ ਕਿ ਇਹ ਕਾਨੂੰਨ ਮੁੱਖ ਤੌਰ ਤੇ ਔਰਤ ਦੀ ਬੇਗੁਨਾਹੀ ਸਾਬਤ ਕਰਨ ਲਈ ਸੀ, ਪਰ ਇਸ ਬਿਰਤਾਂਤ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਆਦਮੀ ਬਲਾਤਕਾਰ ਅਤੇ ਹਰਾਮਕਾਰੀ ਦਾ ਦੋਸ਼ੀ ਸੀ। ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਨਿਆਂਕਾਰ ਪੂਰੇ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਦੇ ਹੋਣੇ ਅਤੇ ਪਰਮੇਸ਼ੁਰ ਮੁਤਾਬਕ ਦਿੱਤੇ ਅਸੂਲਾਂ ਦੇ ਆਧਾਰ ’ਤੇ ਫ਼ੈਸਲਾ ਕਰਦੇ ਹੋਣੇ ਜਿਨ੍ਹਾਂ ਬਾਰੇ ਪਰਮੇਸ਼ੁਰ ਨੇ ਸਾਫ਼-ਸਾਫ਼ ਤੇ ਵਾਰ-ਵਾਰ ਦੱਸਿਆ ਸੀ।—ਬਿਵ. 13:14; 17:4; ਕੂਚ 20:14.