Skip to content

Skip to table of contents

ਅਧਿਐਨ ਲੇਖ 50

ਯਹੋਵਾਹ ਤੁਹਾਡੇ ਲਈ ਆਜ਼ਾਦੀ ਦਾ ਪ੍ਰਬੰਧ ਕਰਦਾ ਹੈ

ਯਹੋਵਾਹ ਤੁਹਾਡੇ ਲਈ ਆਜ਼ਾਦੀ ਦਾ ਪ੍ਰਬੰਧ ਕਰਦਾ ਹੈ

“ਤੁਸਾਂ . . . ਦੇਸ ਦਿਆਂ ਸਾਰਿਆਂ ਵਾਸੀਆਂ ਦੇ ਲਈ ਛੁਟਕਾਰੇ ਦਾ ਹੋਕਾ ਦੇਣਾ।”—ਲੇਵੀ. 25:10.

ਗੀਤ 16 ਪਰਮੇਸ਼ੁਰ ਦਾ ਰਾਜ—ਸਾਡੀ ਪਨਾਹ!

ਖ਼ਾਸ ਗੱਲਾਂ *

1-2. (ੳ) ਕੁਝ ਲੋਕ ਕਿਹੜਾ ਖ਼ਾਸ ਸਾਲ ਮਨਾਉਂਦੇ ਹਨ? (“ ਆਨੰਦ ਦਾ ਵਰ੍ਹਾ ਕੀ ਸੀ?” ਨਾਂ ਦੀ ਡੱਬੀ ਦੇਖੋ।) (ਅ) ਲੂਕਾ 4:16-18 ਵਿਚ ਯਿਸੂ ਨੇ ਕਿਸ ਬਾਰੇ ਗੱਲ ਕੀਤੀ ਸੀ?

ਕੁਝ ਦੇਸ਼ਾਂ ਵਿਚ ਕਿਸੇ ਰਾਜੇ ਜਾਂ ਰਾਣੀ ਦੇ ਰਾਜ ਦੇ 50ਵੇਂ ਸਾਲ ਨੂੰ ਮਨਾਉਣ ਲਈ ਖ਼ਾਸ ਜਸ਼ਨ ਕੀਤੇ ਜਾਂਦੇ ਹਨ। ਇਹ ਜਸ਼ਨ ਸ਼ਾਇਦ ਇਕ ਦਿਨ, ਇਕ ਹਫ਼ਤੇ ਜਾਂ ਹੋਰ ਲੰਬੇ ਸਮੇਂ ਤਕ ਚੱਲਦੇ ਹਨ। ਪਰ ਅਖ਼ੀਰ ਇਹ ਜਸ਼ਨ ਖ਼ਤਮ ਹੋ ਜਾਂਦੇ ਹਨ ਅਤੇ ਫਿਰ ਲੋਕ ਇਸ ਖ਼ੁਸ਼ੀ ਨੂੰ ਛੇਤੀ ਹੀ ਭੁੱਲ ਜਾਂਦੇ ਹਨ।

2 ਇਜ਼ਰਾਈਲ ਵਿਚ ਵੀ ਹਰ 50ਵੇਂ ਸਾਲ ਜਸ਼ਨ ਮਨਾਇਆ ਜਾਂਦਾ ਸੀ। ਇਹ ਜਸ਼ਨ ਪੂਰੇ ਸਾਲ ਮਨਾਇਆ ਜਾਂਦਾ ਸੀ ਅਤੇ ਇਸ ਸਾਲ ਲੋਕਾਂ ਨੂੰ ਆਜ਼ਾਦੀ ਮਿਲਦੀ ਸੀ। ਪਰ ਸਾਨੂੰ ਇਜ਼ਰਾਈਲੀਆਂ ਵੱਲੋਂ ਮਨਾਏ ਜਾਂਦੇ 50ਵੇਂ ਵਰ੍ਹੇ ਬਾਰੇ ਕਿਉਂ ਸਿੱਖਣਾ ਚਾਹੀਦਾ ਹੈ? ਕਿਉਂਕਿ ਇਸ ਤੋਂ ਸਾਨੂੰ ਯਹੋਵਾਹ ਵੱਲੋਂ ਕੀਤੇ ਇਕ ਹੋਰ ਪ੍ਰਬੰਧ ਦਾ ਪਤਾ ਲੱਗਦਾ ਹੈ। ਇਸ ਪ੍ਰਬੰਧ ਕਰਕੇ ਸਾਨੂੰ ਉਹ ਆਜ਼ਾਦੀ ਮਿਲੇਗੀ ਜੋ ਹਮੇਸ਼ਾ ਤਕ ਰਹੇਗੀ ਅਤੇ ਅਸੀਂ ਹੁਣ ਵੀ ਇਸ ਤੋਂ ਫ਼ਾਇਦਾ ਪਾ ਸਕਦੇ ਹਾਂ। ਯਿਸੂ ਨੇ ਇਸ ਸ਼ਾਨਦਾਰ ਆਜ਼ਾਦੀ ਬਾਰੇ ਗੱਲ ਕੀਤੀ ਸੀ।—ਲੂਕਾ 4:16-18 ਪੜ੍ਹੋ।

ਇਜ਼ਰਾਈਲ ਵਿਚ ਲੋਕ ਆਨੰਦ ਦੇ ਵਰ੍ਹੇ ਵਿਚ ਖ਼ੁਸ਼ੀ ਮਨਾਉਂਦੇ ਹੋਏ ਕਿਉਂਕਿ ਗ਼ੁਲਾਮ ਇਜ਼ਰਾਈਲੀ ਆਪਣੇ ਪਰਿਵਾਰ ਤੇ ਆਪਣੇ ਦੇਸ਼ ਵਿਚ ਵਾਪਸ ਆ ਰਹੇ ਹਨ (ਪੈਰਾ 3 ਦੇਖੋ) *

3. ਲੇਵੀਆਂ 25:8-12 ਅਨੁਸਾਰ ਇਜ਼ਰਾਈਲੀਆਂ ਨੂੰ ਆਨੰਦ ਦੇ ਵਰ੍ਹੇ ਤੋਂ ਕਿਵੇਂ ਫ਼ਾਇਦਾ ਹੁੰਦਾ ਸੀ?

3 ਜੇ ਅਸੀਂ ਪਹਿਲਾਂ ਉਸ ਆਨੰਦ ਦੇ ਵਰ੍ਹੇ ਦੇ ਪ੍ਰਬੰਧ ਬਾਰੇ ਦੇਖਾਂਗੇ ਜੋ ਪਰਮੇਸ਼ੁਰ ਨੇ ਆਪਣੇ ਲੋਕਾਂ ਲਈ ਕੀਤਾ ਸੀ, ਤਾਂ ਅਸੀਂ ਸੌਖਿਆਂ ਹੀ ਸਮਝ ਸਕਦੇ ਹਾਂ ਕਿ ਯਿਸੂ ਨੇ ਕਿਸ ਆਜ਼ਾਦੀ ਦੀ ਗੱਲ ਕੀਤੀ ਸੀ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ: ‘ਤੁਸਾਂ ਪੰਜਾਹਵੇਂ ਵਰਹੇ ਨੂੰ ਪਵਿੱਤ੍ਰ ਰੱਖਣਾ ਅਤੇ ਦੇਸ ਦਿਆਂ ਸਾਰਿਆਂ ਵਾਸੀਆਂ ਦੇ ਲਈ ਛੁਟਕਾਰੇ ਦਾ ਹੋਕਾ ਦੇਣਾ ਇਹ ਤੁਹਾਡੇ ਲਈ ਅਨੰਦ ਹੋਵੇਗਾ ਅਤੇ ਤੁਸਾਂ ਆਪੋ ਆਪਣੀ ਪੱਤੀ [ਯਾਨੀ ਜ਼ਮੀਨ] ਵਿੱਚ ਮੁੜ ਜਾਣਾ ਅਤੇ ਤੁਸਾਂ ਆਪੋ ਆਪਣੇ ਟੱਬਰਾਂ ਵਿੱਚ ਮੁੜ ਜਾਣਾ।’ (ਲੇਵੀਆਂ 25:8-12 ਪੜ੍ਹੋ।) ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਇਜ਼ਰਾਈਲੀਆਂ ਨੂੰ ਹਰ ਹਫ਼ਤੇ ਮਨਾਏ ਜਾਂਦੇ ਸਬਤ ਤੋਂ ਕਿਵੇਂ ਫ਼ਾਇਦਾ ਹੁੰਦਾ ਸੀ। ਪਰ ਇਜ਼ਰਾਈਲੀਆਂ ਨੂੰ ਆਨੰਦ ਦੇ ਵਰ੍ਹੇ ਤੋਂ ਕਿਵੇਂ ਫ਼ਾਇਦਾ ਹੁੰਦਾ ਸੀ? ਮੰਨ ਲਓ, ਇਕ ਇਜ਼ਰਾਈਲੀ ਕਰਜ਼ੇ ਹੇਠ ਡੁੱਬ ਗਿਆ ਸੀ। ਕਰਜ਼ਾ ਚੁਕਾਉਣ ਲਈ ਮਜਬੂਰਨ ਉਸ ਨੂੰ ਆਪਣੀ ਜ਼ਮੀਨ ਵੇਚਣੀ ਪੈਂਦੀ ਸੀ। ਪਰ ਆਨੰਦ ਦੇ ਵਰ੍ਹੇ ਦੌਰਾਨ ਉਸ ਨੂੰ ਆਪਣੀ ਜ਼ਮੀਨ ਵਾਪਸ ਮਿਲ ਜਾਣੀ ਸੀ। ਇਸ ਤਰ੍ਹਾਂ ਉਸ ਆਦਮੀ ਨੇ “ਆਪਣੀ ਪੱਤੀ ਵਿੱਚ ਮੁੜ ਜਾਣਾ” ਸੀ ਅਤੇ ਭਵਿੱਖ ਵਿਚ ਉਸ ਦੇ ਬੱਚਿਆਂ ਨੂੰ ਇਹ ਜ਼ਮੀਨ ਵਿਰਾਸਤ ਵਿਚ ਮਿਲਣੀ ਸੀ। ਇਕ ਹੋਰ ਮਾਮਲੇ ’ਤੇ ਗੌਰ ਕਰੋ। ਔਖੀਆਂ ਘੜੀਆਂ ਵਿਚ ਸ਼ਾਇਦ ਇਕ ਆਦਮੀ ਨੂੰ ਕਰਜ਼ਾ ਚੁਕਾਉਣ ਲਈ ਆਪਣੇ ਆਪ ਨੂੰ ਜਾਂ ਆਪਣੇ ਕਿਸੇ ਬੱਚੇ ਨੂੰ ਗ਼ੁਲਾਮੀ ਵਿਚ ਵੇਚਣਾ ਪੈਂਦਾ ਸੀ। ਪਰ ਆਨੰਦ ਦੇ ਵਰ੍ਹੇ ਦੌਰਾਨ ਉਹ ਗ਼ੁਲਾਮ ‘ਆਪਣੇ ਟੱਬਰ ਵਿੱਚ ਮੁੜ’ ਜਾਂਦਾ ਸੀ। ਇਸ ਤਰ੍ਹਾਂ ਕੋਈ ਵੀ ਗ਼ੁਲਾਮ ਹਮੇਸ਼ਾ ਲਈ ਗ਼ੁਲਾਮ ਨਹੀਂ ਰਹਿੰਦਾ ਸੀ ਅਤੇ ਉਸ ਨੂੰ ਛੁਟਕਾਰੇ ਦੀ ਉਮੀਦ ਹੁੰਦੀ ਸੀ। ਇਸ ਪ੍ਰਬੰਧ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਕਿੰਨੀ ਹੀ ਪਰਵਾਹ ਕਰਦਾ ਸੀ!

4-5. ਅੱਜ ਸਾਨੂੰ ਆਨੰਦ ਦੇ ਵਰ੍ਹੇ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

4 ਆਨੰਦ ਦੇ ਵਰ੍ਹੇ ਦਾ ਹੋਰ ਕੀ ਫ਼ਾਇਦਾ ਹੁੰਦਾ ਸੀ? ਯਹੋਵਾਹ ਨੇ ਮੂਸਾ ਰਾਹੀਂ ਦੱਸਿਆ: “ਤੁਹਾਡੇ ਵਿੱਚ ਕੋਈ ਕੰਗਾਲ ਨਾ ਰਹੇਗਾ ਕਿਉਂ ਜੋ ਯਹੋਵਾਹ ਤੁਹਾਨੂੰ ਉਸ ਧਰਤੀ ਵਿੱਚ ਬਰਕਤ ਦੇਵੇਗਾ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰ ਕੇ ਮਿਲਖ ਲਈ ਦੇਣ ਵਾਲਾ ਹੈ।” (ਬਿਵ. 15:4) ਇਹ ਪ੍ਰਬੰਧ ਅੱਜ ਦੀ ਦੁਨੀਆਂ ਨਾਲੋਂ ਕਿੰਨਾ ਹੀ ਵੱਖਰਾ ਸੀ ਕਿਉਂਕਿ ਅੱਜ ਅਮੀਰ ਹੋਰ ਅਮੀਰ ਹੋ ਰਹੇ ਹਨ ਤੇ ਗ਼ਰੀਬ ਹੋਰ ਗ਼ਰੀਬ!

5 ਮਸੀਹੀਆਂ ਵਜੋਂ ਅਸੀਂ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਾਂ। ਇਸ ਦਾ ਮਤਲਬ ਹੈ ਕਿ ਅਸੀਂ ਆਨੰਦ ਦਾ ਵਰ੍ਹਾ ਨਹੀਂ ਮਨਾਉਂਦੇ ਜਿਸ ਅਨੁਸਾਰ ਗ਼ੁਲਾਮਾਂ ਨੂੰ ਆਜ਼ਾਦ ਕੀਤਾ ਜਾਂਦਾ ਸੀ, ਕਰਜ਼ੇ ਮਾਫ਼ ਕੀਤੇ ਜਾਂਦੇ ਸਨ ਅਤੇ ਲੋਕਾਂ ਨੂੰ ਵਿਰਾਸਤ ਵਾਪਸ ਦਿੱਤੀ ਜਾਂਦੀ ਸੀ। (ਰੋਮੀ. 7:4; 10:4; ਅਫ਼. 2:15) ਪਰ ਜ਼ਰੂਰੀ ਹੈ ਕਿ ਅਸੀਂ ਆਨੰਦ ਦੇ ਵਰ੍ਹੇ ਵਿਚ ਦਿਲਚਸਪੀ ਲਈਏ। ਕਿਉਂ? ਕਿਉਂਕਿ ਇਸ ਤੋਂ ਸਾਨੂੰ ਯਾਦ ਆਉਂਦਾ ਹੈ ਕਿ ਸਾਨੂੰ ਪਾਪ ਤੋਂ ਆਜ਼ਾਦ ਕਰਾਉਣ ਲਈ ਯਹੋਵਾਹ ਨੇ ਕਿਹੜਾ ਪ੍ਰਬੰਧ ਕੀਤਾ ਹੈ।

ਯਿਸੂ ਨੇ ਆਜ਼ਾਦੀ ਦਾ ਐਲਾਨ ਕੀਤਾ

6. ਮਨੁੱਖਜਾਤੀ ਨੂੰ ਕਿਸ ਚੀਜ਼ ਤੋਂ ਆਜ਼ਾਦ ਹੋਣ ਦੀ ਲੋੜ ਹੈ?

6 ਸਾਨੂੰ ਸਾਰਿਆਂ ਨੂੰ ਆਜ਼ਾਦੀ ਦੀ ਲੋੜ ਹੈ ਕਿਉਂਕਿ ਅਸੀਂ ਸਾਰੇ ਜਣੇ ਪਾਪ ਦੀ ਗ਼ੁਲਾਮੀ ਵਿਚ ਹਾਂ। ਪਾਪੀ ਹੋਣ ਕਰਕੇ ਅਸੀਂ ਬੁੱਢੇ ਤੇ ਬੀਮਾਰ ਹੁੰਦੇ ਹਾਂ ਅਤੇ ਮਰ ਜਾਂਦੇ ਹਾਂ। ਇਸ ਗੱਲ ਦਾ ਸਬੂਤ ਸਾਨੂੰ ਸ਼ੀਸ਼ੇ ਵਿਚ ਦੇਖਦਿਆਂ ਜਾਂ ਇਲਾਜ ਲਈ ਡਾਕਟਰ ਕੋਲ ਜਾਂਦਿਆਂ ਮਿਲਦਾ ਹੈ। ਗ਼ਲਤੀਆਂ ਹੋਣ ਕਰਕੇ ਵੀ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਪੌਲੁਸ ਨੇ ਕਿਹਾ ਕਿ ਉਹ “ਪਾਪ ਦੇ ਕਾਨੂੰਨ ਦਾ ਗ਼ੁਲਾਮ” ਸੀ। ਉਸ ਨੇ ਅੱਗੇ ਕਿਹਾ: “ਮੈਂ ਕਿੰਨਾ ਬੇਬੱਸ ਇਨਸਾਨ ਹਾਂ! ਕੌਣ ਮੈਨੂੰ ਇਸ ਸਰੀਰ ਤੋਂ ਬਚਾਏਗਾ ਜੋ ਮਰਨ ਵਾਲਾ ਹੈ?”—ਰੋਮੀ. 7:23, 24.

7. ਯਸਾਯਾਹ ਨੇ ਆਜ਼ਾਦੀ ਬਾਰੇ ਕੀ ਕਿਹਾ ਸੀ?

7 ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਨੇ ਸਾਨੂੰ ਪਾਪ ਤੋਂ ਆਜ਼ਾਦ ਕਰਾਉਣ ਦਾ ਪ੍ਰਬੰਧ ਕੀਤਾ ਹੈ। ਯਿਸੂ ਕਰਕੇ ਸਾਡੀ ਆਜ਼ਾਦੀ ਮੁਮਕਿਨ ਹੋਈ ਹੈ। ਯਿਸੂ ਦੇ ਧਰਤੀ ’ਤੇ ਆਉਣ ਤੋਂ ਲਗਭਗ 700 ਸਾਲ ਪਹਿਲਾਂ ਯਸਾਯਾਹ ਨਬੀ ਨੇ ਭਵਿੱਖ ਵਿਚ ਮਿਲਣ ਵਾਲੀ ਆਜ਼ਾਦੀ ਬਾਰੇ ਦੱਸਿਆ ਸੀ। ਇਹ ਆਜ਼ਾਦੀ ਇਜ਼ਰਾਈਲੀਆਂ ਨੂੰ ਆਨੰਦ ਦੇ ਵਰ੍ਹੇ ਦੌਰਾਨ ਮਿਲਦੀ ਆਜ਼ਾਦੀ ਤੋਂ ਕਿਤੇ ਵਧੀਆ ਹੋਣੀ ਸੀ। ਉਸ ਨੇ ਲਿਖਿਆ: ‘ਪ੍ਰਭੁ ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਹੈ, ਏਸ ਲਈ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ, ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ, ਓਸ ਮੈਨੂੰ ਘੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਧੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁਲ੍ਹਣ ਦਾ ਪਰਚਾਰ ਕਰਾਂ।’ (ਯਸਾ. 61:1) ਇਹ ਭਵਿੱਖਬਾਣੀ ਕਿਨ੍ਹਾਂ ਲਈ ਕੀਤੀ ਗਈ ਸੀ?

8. ਯਸਾਯਾਹ ਦੀ ਭਵਿੱਖਬਾਣੀ ਕਿਸ ’ਤੇ ਲਾਗੂ ਹੁੰਦੀ ਹੈ?

8 ਆਜ਼ਾਦੀ ਬਾਰੇ ਕੀਤੀ ਇਸ ਅਹਿਮ ਭਵਿੱਖਬਾਣੀ ਦੀ ਪੂਰਤੀ ਉਦੋਂ ਹੋਣੀ ਸ਼ੁਰੂ ਹੋਈ ਜਦੋਂ ਯਿਸੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ। ਆਪਣੇ ਸ਼ਹਿਰ ਨਾਸਰਤ ਦੇ ਸਭਾ ਘਰ ਵਿਚ ਜਾ ਕੇ ਯਿਸੂ ਨੇ ਯਹੂਦੀਆਂ ਸਾਮ੍ਹਣੇ ਯਸਾਯਾਹ ਦੀ ਇਹੀ ਭਵਿੱਖਬਾਣੀ ਪੜ੍ਹੀ: “ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਹੈ ਅਤੇ ਉਸ ਨੇ ਮੈਨੂੰ ਚੁਣਿਆ ਹੈ ਕਿ ਮੈਂ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ, ਕੈਦੀਆਂ ਨੂੰ ਆਜ਼ਾਦੀ ਦੀ ਖ਼ਬਰ ਅਤੇ ਅੰਨ੍ਹਿਆਂ ਨੂੰ ਸੁਜਾਖੇ ਹੋਣ ਦੀ ਖ਼ਬਰ ਸੁਣਾਵਾਂ ਅਤੇ ਜ਼ੁਲਮਾਂ ਦੇ ਸਤਾਏ ਹੋਇਆਂ ਨੂੰ ਛੁਟਕਾਰਾ ਦੇਵਾਂ, ਅਤੇ ਯਹੋਵਾਹ ਦੀ ਮਿਹਰ ਪਾਉਣ ਦੇ ਸਮੇਂ ਦਾ ਪ੍ਰਚਾਰ ਕਰਾਂ।” (ਲੂਕਾ 4:16-19) ਫਿਰ ਉਸ ਨੇ ਇਹ ਭਵਿੱਖਬਾਣੀ ਆਪਣੇ ਆਪ ’ਤੇ ਲਾਗੂ ਕੀਤੀ। ਯਿਸੂ ਨੇ ਇਹ ਭਵਿੱਖਬਾਣੀ ਕਿਵੇਂ ਪੂਰੀ ਕੀਤੀ?

ਜਿਨ੍ਹਾਂ ਨੂੰ ਪਹਿਲਾਂ ਆਜ਼ਾਦ ਕੀਤਾ ਗਿਆ

ਯਿਸੂ ਨਾਸਰਤ ਦੇ ਸਭਾ ਘਰ ਵਿਚ ਆਜ਼ਾਦੀ ਬਾਰੇ ਗੱਲ ਕਰਦਾ ਹੋਇਆ (ਪੈਰੇ 8-9 ਦੇਖੋ)

9. ਯਿਸੂ ਦੇ ਦਿਨਾਂ ਵਿਚ ਬਹੁਤ ਸਾਰੇ ਲੋਕ ਕਿਸ ਤੋਂ ਆਜ਼ਾਦੀ ਪਾਉਣੀ ਚਾਹੁੰਦੇ ਸਨ?

9 ਯਿਸੂ ਦੇ ਦਿਨਾਂ ਦੌਰਾਨ ਲੋਕਾਂ ਨੂੰ ਉਹ ਆਜ਼ਾਦੀ ਮਿਲਣੀ ਸ਼ੁਰੂ ਹੋਈ ਜਿਸ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ। ਅਸੀਂ ਇਸ ਗੱਲ ’ਤੇ ਯਕੀਨ ਰੱਖ ਸਕਦੇ ਹਾਂ ਕਿਉਂਕਿ ਯਿਸੂ ਨੇ ਕਿਹਾ ਸੀ: “ਅੱਜ ਇਹ ਹਵਾਲਾ ਜੋ ਤੁਸੀਂ ਸੁਣਿਆ ਹੈ ਪੂਰਾ ਹੋਇਆ।” (ਲੂਕਾ 4:21) ਯਿਸੂ ਦੀਆਂ ਗੱਲਾਂ ਸੁਣਨ ਵਾਲਿਆਂ ਵਿੱਚੋਂ ਬਹੁਤ ਸਾਰਿਆਂ ਨੇ ਸ਼ਾਇਦ ਰੋਮੀ ਸਰਕਾਰ ਤੋਂ ਆਜ਼ਾਦ ਹੋਣ ਦੀ ਉਮੀਦ ਕੀਤੀ ਹੋਣੀ। ਸ਼ਾਇਦ ਲੋਕਾਂ ਨੇ ਉਨ੍ਹਾਂ ਦੋ ਆਦਮੀਆਂ ਵਾਂਗ ਸੋਚਿਆ ਹੋਵੇ ਜਿਨ੍ਹਾਂ ਨੇ ਕਿਹਾ: “ਸਾਨੂੰ ਉਮੀਦ ਸੀ ਕਿ ਉਹ ਆਦਮੀ ਇਜ਼ਰਾਈਲ ਨੂੰ ਛੁਟਕਾਰਾ ਦਿਵਾਏਗਾ।” (ਲੂਕਾ 24:13, 21) ਪਰ ਅਸੀਂ ਜਾਣਦੇ ਹਾਂ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਰੋਮ ਦੀ ਬੇਰਹਿਮ ਸਰਕਾਰ ਖ਼ਿਲਾਫ਼ ਬਗਾਵਤ ਕਰਨ ਲਈ ਨਹੀਂ ਕਿਹਾ ਸੀ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਨੂੰ “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ” ਦੇਣ ਲਈ ਕਿਹਾ ਸੀ। (ਮੱਤੀ 22:21) ਸੋ ਉਸ ਸਮੇਂ ਯਿਸੂ ਨੇ ਲੋਕਾਂ ਨੂੰ ਆਜ਼ਾਦੀ ਕਿਵੇਂ ਦਿਵਾਈ?

10. ਯਿਸੂ ਨੇ ਲੋਕਾਂ ਨੂੰ ਕਿਸ ਚੀਜ਼ ਤੋਂ ਆਜ਼ਾਦ ਕਰਾਇਆ?

10 ਪਰਮੇਸ਼ੁਰ ਦੇ ਪੁੱਤਰ ਨੇ ਦੋ ਤਰੀਕਿਆਂ ਨਾਲ ਆਜ਼ਾਦੀ ਪਾਉਣ ਵਿਚ ਲੋਕਾਂ ਦੀ ਮਦਦ ਕੀਤੀ। ਪਹਿਲਾ, ਯਿਸੂ ਨੇ ਲੋਕਾਂ ਲਈ ਧਾਰਮਿਕ ਆਗੂਆਂ ਦੀਆਂ ਗ਼ਲਤ ਸਿੱਖਿਆਵਾਂ ਤੋਂ ਆਜ਼ਾਦ ਹੋਣ ਦਾ ਰਾਹ ਖੋਲ੍ਹਿਆ। ਉਸ ਸਮੇਂ ਦੇ ਬਹੁਤ ਸਾਰੇ ਯਹੂਦੀ ਝੂਠੀਆਂ ਸਿੱਖਿਆਵਾਂ ਅਤੇ ਰੀਤੀ-ਰਿਵਾਜਾਂ ਦੇ ਗ਼ੁਲਾਮ ਸਨ। (ਮੱਤੀ 5:31-37; 15:1-11) ਲੋਕਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਨ ਵਾਲੇ ਧਾਰਮਿਕ ਆਗੂ ਅਸਲ ਵਿਚ ਖ਼ੁਦ ਅੰਨ੍ਹੇ ਸਨ। ਮਸੀਹ ਅਤੇ ਉਸ ਵੱਲੋਂ ਸਿਖਾਈਆਂ ਸੱਚਾਈਆਂ ਨੂੰ ਮੰਨਣ ਤੋਂ ਇਨਕਾਰ ਕਰ ਕੇ ਇਹ ਆਗੂ ਅੰਧਕਾਰ ਤੇ ਪਾਪ ਦੇ ਹੀ ਗ਼ੁਲਾਮ ਰਹੇ। (ਯੂਹੰ. 9:1, 14-16, 35-41) ਸੱਚਾਈ ਦੱਸ ਕੇ ਅਤੇ ਵਧੀਆ ਮਿਸਾਲ ਰੱਖ ਕੇ ਯਿਸੂ ਨੇ ਨਿਮਰ ਲੋਕਾਂ ਨੂੰ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਹੋਣਾ ਸਿਖਾਇਆ।—ਮਰ. 1:22; 2:23–3:5.

11. ਯਿਸੂ ਨੇ ਕਿਹੜੇ ਦੂਜੇ ਤਰੀਕੇ ਨਾਲ ਲੋਕਾਂ ਨੂੰ ਆਜ਼ਾਦ ਕਰਾਇਆ?

11 ਦੂਜਾ, ਯਿਸੂ ਨੇ ਲੋਕਾਂ ਨੂੰ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਇਆ। ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਪਾਪ ਮਾਫ਼ ਕਰਦਾ ਹੈ ਜੋ ਰਿਹਾਈ ਦੀ ਕੀਮਤ ’ਤੇ ਨਿਹਚਾ ਕਰਦੇ ਹਨ ਅਤੇ ਆਪਣੇ ਕੰਮਾਂ ਦੁਆਰਾ ਨਿਹਚਾ ਦਿਖਾਉਂਦੇ ਹਨ। (ਇਬ. 10:12-18) ਯਿਸੂ ਨੇ ਕਿਹਾ: “ਜੇ ਪੁੱਤਰ ਤੁਹਾਨੂੰ ਆਜ਼ਾਦ ਕਰਦਾ ਹੈ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋਵੋਗੇ।” (ਯੂਹੰ. 8:36) ਇਹ ਆਜ਼ਾਦੀ ਇਜ਼ਰਾਈਲ ਵਿਚ ਆਨੰਦ ਦੇ ਵਰ੍ਹੇ ਦੌਰਾਨ ਮਿਲਦੀ ਆਜ਼ਾਦੀ ਤੋਂ ਕਿਤੇ ਜ਼ਿਆਦਾ ਵਧੀਆ ਹੈ! ਮਿਸਾਲ ਲਈ, ਇਕ ਆਦਮੀ ਜਿਸ ਨੂੰ ਆਨੰਦ ਦੇ ਵਰ੍ਹੇ ਦੌਰਾਨ ਆਜ਼ਾਦ ਕੀਤਾ ਜਾਂਦਾ ਸੀ, ਉਹ ਸ਼ਾਇਦ ਦੁਬਾਰਾ ਗ਼ੁਲਾਮੀ ਵਿਚ ਚਲਾ ਜਾਂਦਾ ਸੀ ਅਤੇ ਅਖ਼ੀਰ ਉਸ ਦੀ ਮੌਤ ਹੋ ਜਾਂਦੀ ਸੀ। ਪਰ ਯਿਸੂ ਨੇ ਸਾਨੂੰ ਹਮੇਸ਼ਾ ਲਈ ਆਜ਼ਾਦ ਕਰਾਇਆ ਹੈ।

12. ਉਸ ਆਜ਼ਾਦੀ ਨੂੰ ਪਾਉਣ ਵਾਲੇ ਪਹਿਲੇ ਲੋਕ ਕੌਣ ਸਨ ਜਿਸ ਆਜ਼ਾਦੀ ਬਾਰੇ ਯਿਸੂ ਨੇ ਗੱਲ ਕੀਤੀ ਸੀ?

12 ਪੰਤੇਕੁਸਤ 33 ਈਸਵੀ ’ਤੇ ਯਹੋਵਾਹ ਨੇ ਰਸੂਲਾਂ ਅਤੇ ਹੋਰ ਵਫ਼ਾਦਾਰ ਆਦਮੀਆਂ ਤੇ ਔਰਤਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ। ਉਸ ਨੇ ਉਨ੍ਹਾਂ ਨੂੰ ਪੁੱਤਰਾਂ ਵਜੋਂ ਗੋਦ ਲਿਆ ਤਾਂਕਿ ਭਵਿੱਖ ਵਿਚ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਉਨ੍ਹਾਂ ਨੂੰ ਜੀ ਉਠਾਇਆ ਜਾਵੇ। (ਰੋਮੀ. 8:2, 15-17) ਉਸ ਆਜ਼ਾਦੀ ਨੂੰ ਪਾਉਣ ਵਾਲੇ ਇਹ ਪਹਿਲੇ ਲੋਕ ਸਨ ਜਿਸ ਬਾਰੇ ਯਿਸੂ ਨੇ ਨਾਸਰਤ ਦੇ ਸਭਾ ਘਰ ਵਿਚ ਗੱਲ ਕੀਤੀ ਸੀ। ਇਹ ਆਦਮੀ ਤੇ ਔਰਤਾਂ ਹੁਣ ਯਹੂਦੀ ਧਾਰਮਿਕ ਆਗੂਆਂ ਦੀਆਂ ਝੂਠੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਰੀਤੀ-ਰਿਵਾਜਾਂ ਦੇ ਗ਼ੁਲਾਮ ਨਹੀਂ ਸਨ। ਇਹ ਲੋਕ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵੀ ਪਾਪ ਤੋਂ ਆਜ਼ਾਦ ਹੋ ਗਏ ਸਨ ਜੋ ਮੌਤ ਵੱਲ ਲੈ ਕੇ ਜਾਂਦਾ ਹੈ। ਪਰਮੇਸ਼ੁਰ ਰਾਹੀਂ ਦੁਬਾਰਾ ਆਜ਼ਾਦੀ ਪਾਉਣ ਦਾ ਪ੍ਰਬੰਧ 33 ਈਸਵੀ ਵਿਚ ਮਸੀਹ ਦੇ ਚੇਲਿਆਂ ਦੇ ਚੁਣੇ ਜਾਣ ਵੇਲੇ ਸ਼ੁਰੂ ਹੋਇਆ ਸੀ ਤੇ ਇਹ ਮਸੀਹ ਦੇ ਹਜ਼ਾਰ ਸਾਲ ਦੇ ਅਖ਼ੀਰ ਵਿਚ ਖ਼ਤਮ ਹੋਵੇਗਾ। ਹੁਣ ਅਤੇ ਹਜ਼ਾਰ ਸਾਲ ਦੇ ਅਖ਼ੀਰ ਤਕ ਕਿਹੜੇ ਕੰਮ ਕੀਤੇ ਜਾਣਗੇ?

ਹੋਰ ਲੱਖਾਂ ਹੀ ਲੋਕਾਂ ਨੂੰ ਆਜ਼ਾਦੀ ਮਿਲੀ

13-14. ਚੁਣੇ ਹੋਏ ਮਸੀਹੀਆਂ ਤੋਂ ਇਲਾਵਾ ਹੋਰ ਕਿਹੜੇ ਲੋਕ ਉਹ ਆਜ਼ਾਦੀ ਪਾਉਂਦੇ ਹਨ ਜਿਸ ਬਾਰੇ ਯਿਸੂ ਨੇ ਗੱਲ ਕੀਤੀ ਸੀ?

13 ਅੱਜ “ਹੋਰ ਭੇਡਾਂ” ਵਿਚ ਲੱਖਾਂ ਹੀ ਨੇਕਦਿਲ ਲੋਕ ਸਾਰੀਆਂ ਕੌਮਾਂ ਵਿੱਚੋਂ ਆਏ ਹਨ। (ਯੂਹੰ. 10:16) ਉਨ੍ਹਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਨਹੀਂ ਚੁਣਿਆ ਗਿਆ। ਇਸ ਦੀ ਬਜਾਇ, ਉਨ੍ਹਾਂ ਨੂੰ ਧਰਤੀ ’ਤੇ ਹਮੇਸ਼ਾ ਰਹਿਣ ਦੀ ਉਮੀਦ ਮਿਲੀ ਹੈ। ਕੀ ਤੁਹਾਨੂੰ ਵੀ ਇਹੀ ਉਮੀਦ ਮਿਲੀ ਹੈ?

14 ਤੁਹਾਨੂੰ ਹੁਣ ਵੀ ਕੁਝ ਫ਼ਾਇਦੇ ਮਿਲ ਰਹੇ ਹਨ ਜੋ ਚੁਣੇ ਹੋਏ ਮਸੀਹੀਆਂ ਨੂੰ ਮਿਲੇ ਹਨ। ਯਿਸੂ ਦੀ ਕੁਰਬਾਨੀ ’ਤੇ ਨਿਹਚਾ ਕਰ ਕੇ ਤੁਸੀਂ ਆਪਣੇ ਪਾਪਾਂ ਦੀ ਮਾਫ਼ੀ ਪਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੀ ਮਨਜ਼ੂਰੀ ਪਾਓਗੇ ਅਤੇ ਉਸ ਸਾਮ੍ਹਣੇ ਤੁਹਾਡੀ ਜ਼ਮੀਰ ਸਾਫ਼ ਹੋਵੇਗੀ। (ਅਫ਼. 1:7; ਪ੍ਰਕਾ. 7:14, 15) ਜ਼ਰਾ ਉਨ੍ਹਾਂ ਬਰਕਤਾਂ ਬਾਰੇ ਵੀ ਸੋਚੋ ਜੋ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਹੋਣ ਕਰਕੇ ਮਿਲੀਆਂ ਹਨ। ਯਿਸੂ ਨੇ ਕਿਹਾ: “ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।” (ਯੂਹੰ. 8:32) ਇਸ ਤਰ੍ਹਾਂ ਦੀ ਆਜ਼ਾਦੀ ਪਾਉਣ ਨਾਲ ਕਿੰਨੀ ਹੀ ਖ਼ੁਸ਼ੀ ਮਿਲਦੀ ਹੈ!

15. ਅਸੀਂ ਭਵਿੱਖ ਵਿਚ ਕਿਹੜੀ ਆਜ਼ਾਦੀ ਤੇ ਕਿਹੜੀਆਂ ਬਰਕਤਾਂ ਦੀ ਉਮੀਦ ਰੱਖ ਸਕਦੇ ਹਾਂ?

15 ਤੁਸੀਂ ਹੋਰ ਵੀ ਵਧੀਆ ਆਜ਼ਾਦੀ ਪਾਉਣ ਦੀ ਉਮੀਦ ਰੱਖ ਸਕਦੇ ਹੋ। ਜਲਦੀ ਹੀ ਯਿਸੂ ਝੂਠੇ ਧਰਮਾਂ ਅਤੇ ਭ੍ਰਿਸ਼ਟ ਸਰਕਾਰਾਂ ਦਾ ਪੂਰੀ ਤਰ੍ਹਾਂ ਨਾਸ਼ ਕਰ ਦੇਵੇਗਾ। ਪਰਮੇਸ਼ੁਰ “ਵੱਡੀ ਭੀੜ” ਦੇ ਲੋਕਾਂ ਦੀ ਰਾਖੀ ਕਰੇਗਾ ਜੋ ਉਸ ਦੀ ਸੇਵਾ ਕਰਦੇ ਹਨ ਅਤੇ ਫਿਰ ਉਹ ਉਨ੍ਹਾਂ ਨੂੰ ਸੋਹਣੀ ਧਰਤੀ ’ਤੇ ਬਰਕਤਾਂ ਦੇਵੇਗਾ। (ਪ੍ਰਕਾ. 7:9, 14) ਬਹੁਤ ਸਾਰੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਉਨ੍ਹਾਂ ਕੋਲ ਆਦਮ ਦੁਆਰਾ ਮਿਲੇ ਪਾਪ ਦੇ ਬੁਰੇ ਨਤੀਜਿਆਂ ਤੋਂ ਆਜ਼ਾਦ ਹੋਣ ਦਾ ਮੌਕਾ ਹੋਵੇਗਾ।—ਰਸੂ. 24:15.

16. ਲੋਕ ਭਵਿੱਖ ਵਿਚ ਕਿਹੜੀ ਸ਼ਾਨਦਾਰ ਆਜ਼ਾਦੀ ਪਾਉਣਗੇ?

16 ਯਿਸੂ ਤੇ ਉਸ ਨਾਲ ਰਾਜ ਕਰਨ ਵਾਲੇ ਹਜ਼ਾਰ ਸਾਲ ਦੇ ਰਾਜ ਦੌਰਾਨ, ਲੋਕਾਂ ਦੀ ਪੂਰੀ ਤਰ੍ਹਾਂ ਤੰਦਰੁਸਤ ਬਣਨ ਅਤੇ ਪਰਮੇਸ਼ੁਰ ਨਾਲ ਮੁਕੰਮਲ ਰਿਸ਼ਤਾ ਜੋੜਨ ਵਿਚ ਮਦਦ ਕਰਨਗੇ। ਆਜ਼ਾਦੀ ਦਾ ਇਹ ਸਮਾਂ ਇਜ਼ਰਾਈਲ ਵਿਚ ਮਨਾਏ ਜਾਂਦੇ ਆਨੰਦ ਦੇ ਵਰ੍ਹੇ ਵਾਂਗ ਹੋਵੇਗਾ। ਨਤੀਜੇ ਵਜੋਂ, ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਵਾਲੇ ਲੋਕ ਪੂਰੀ ਤਰ੍ਹਾਂ ਮੁਕੰਮਲ ਹੋ ਜਾਣਗੇ ਯਾਨੀ ਉਹ ਪਾਪ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਜਾਣਗੇ।

ਨਵੀਂ ਦੁਨੀਆਂ ਵਿਚ ਅਸੀਂ ਉਹ ਕੰਮ ਕਰਾਂਗੇ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲੇਗੀ (ਪੈਰਾ 17 ਦੇਖੋ)

17. ਯਸਾਯਾਹ 65:21-23 ਮੁਤਾਬਕ ਪਰਮੇਸ਼ੁਰ ਦੇ ਲੋਕਾਂ ਨਾਲ ਕੀ ਹੋਵੇਗਾ? (ਪਹਿਲੇ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

17 ਯਸਾਯਾਹ 65:21-23 (ਪੜ੍ਹੋ।) ਵਿਚ ਦੱਸਿਆ ਗਿਆ ਹੈ ਕਿ ਭਵਿੱਖ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਕੁਝ ਲੋਕ ਸੋਚਦੇ ਹਨ ਕਿ ਨਵੀਂ ਦੁਨੀਆਂ ਵਿਚ ਸਾਰੇ ਜਣੇ ਕੰਮ ਨਹੀਂ ਕਰਨਗੇ, ਪਰ ਉਹ ਹਰ ਸਮੇਂ ਆਰਾਮ ਕਰਨਗੇ। ਇਸ ਦੀ ਬਜਾਇ, ਬਾਈਬਲ ਦੱਸਦੀ ਹੈ ਕਿ ਉਸ ਸਮੇਂ ਪਰਮੇਸ਼ੁਰ ਦੇ ਲੋਕ ਕੰਮ ਕਰਨਗੇ ਅਤੇ ਉਨ੍ਹਾਂ ਨੂੰ ਉਸ ਕੰਮ ਤੋਂ ਖ਼ੁਸ਼ੀ ਮਿਲੇਗੀ। ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਹਜ਼ਾਰ ਸਾਲ ਦੇ ਅਖ਼ੀਰ ਵਿਚ “ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਵੇਗੀ।”—ਰੋਮੀ. 8:21.

18. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਭਵਿੱਖ ਸ਼ਾਨਦਾਰ ਹੋਵੇਗਾ?

18 ਪੁਰਾਣੇ ਸਮੇਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਲਈ ਸਬਤ ਦਾ ਪ੍ਰਬੰਧ ਕੀਤਾ ਸੀ ਤਾਂਕਿ ਉਹ ਆਰਾਮ ਅਤੇ ਪਰਮੇਸ਼ੁਰ ਦੀ ਭਗਤੀ ਕਰ ਸਕਣ। ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਅਸੀਂ ਵੀ ਜ਼ਰੂਰ ਪਰਮੇਸ਼ੁਰ ਦੀ ਭਗਤੀ ਕਰਾਂਗੇ। ਖ਼ੁਸ਼ੀ ਪਾਉਣ ਲਈ ਪਰਮੇਸ਼ੁਰ ਦੀ ਭਗਤੀ ਕਰਨੀ ਲਾਜ਼ਮੀ ਹੈ ਅਤੇ ਨਵੀਂ ਦੁਨੀਆਂ ਵਿਚ ਵੀ ਇਹ ਗੱਲ ਸੱਚ ਹੋਵੇਗੀ। ਜੀ ਹਾਂ, ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਸਾਰੇ ਵਫ਼ਾਦਾਰ ਲੋਕ ਖ਼ੁਸ਼ ਹੋਣਗੇ ਕਿਉਂਕਿ ਉਸ ਸਮੇਂ ਸਾਰਿਆਂ ਕੋਲ ਖ਼ੁਸ਼ੀ ਭਰਿਆ ਕੰਮ ਹੋਵੇਗਾ ਅਤੇ ਸਾਰੇ ਜਣੇ ਪਰਮੇਸ਼ੁਰ ਦੀ ਭਗਤੀ ਕਰਨਗੇ।

ਗੀਤ 54 ਨਿਹਚਾ ਨਾਲ ਚੱਲੋ

^ ਪੈਰਾ 5 ਯਹੋਵਾਹ ਨੇ ਇਜ਼ਰਾਈਲੀਆਂ ਲਈ ਆਜ਼ਾਦੀ ਪਾਉਣ ਦਾ ਖ਼ਾਸ ਪ੍ਰਬੰਧ ਕੀਤਾ ਸੀ। ਹਰ 50ਵੇਂ ਸਾਲ ਨੂੰ ਆਨੰਦ ਦਾ ਵਰ੍ਹਾ ਕਿਹਾ ਜਾਂਦਾ ਸੀ। ਮਸੀਹੀ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਨ, ਪਰ ਇਹ ਆਨੰਦ ਦਾ ਵਰ੍ਹਾ ਸਾਡੇ ਲਈ ਮਾਅਨੇ ਰੱਖਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਪ੍ਰਬੰਧ ਤੋਂ ਸਾਡੇ ਲਈ ਯਹੋਵਾਹ ਵੱਲੋਂ ਕੀਤੇ ਇਕ ਹੋਰ ਪ੍ਰਬੰਧ ਬਾਰੇ ਕੀ ਪਤਾ ਲੱਗਦਾ ਹੈ ਅਤੇ ਅਸੀਂ ਇਸ ਤੋਂ ਕਿਵੇਂ ਫ਼ਾਇਦਾ ਪਾ ਸਕਦੇ ਹਾਂ।

^ ਪੈਰਾ 61 ਤਸਵੀਰ ਬਾਰੇ ਜਾਣਕਾਰੀ: ਆਨੰਦ ਦੇ ਵਰ੍ਹੇ ਦੌਰਾਨ ਗ਼ੁਲਾਮ ਆਦਮੀ ਆਜ਼ਾਦ ਹੋ ਕੇ ਆਪਣੇ ਪਰਿਵਾਰ ਤੇ ਆਪਣੇ ਦੇਸ਼ ਵਾਪਸ ਆਉਂਦੇ ਹੋਏ।