Skip to content

Skip to table of contents

“ਹਰ ਚੀਜ਼ ਲਈ . . . ਧੰਨਵਾਦ ਕਰੋ”

“ਹਰ ਚੀਜ਼ ਲਈ . . . ਧੰਨਵਾਦ ਕਰੋ”

ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸ਼ੁਕਰਗੁਜ਼ਾਰੀ ਦਿਖਾਉਂਦੇ ਹੋ? ਸਾਨੂੰ ਸਾਰਿਆਂ ਨੂੰ ਇਸ ਸਵਾਲ ’ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਡੇ ਸਮੇਂ ਵਿਚ ਬਹੁਤ ਸਾਰੇ ਲੋਕ “ਨਾਸ਼ੁਕਰੇ” ਹੋਣਗੇ। (2 ਤਿਮੋ. 3:2) ਤੁਹਾਡਾ ਵਾਹ ਸ਼ਾਇਦ ਅਜਿਹੇ ਲੋਕਾਂ ਨਾਲ ਪਿਆ ਹੋਵੇ ਜੋ ਸੋਚਦੇ ਹਨ ਕਿ ਉਨ੍ਹਾਂ ਨੂੰ ਮਿਲੀਆਂ ਚੀਜ਼ਾਂ ’ਤੇ ਉਨ੍ਹਾਂ ਦਾ ਪੂਰਾ ਅਧਿਕਾਰ ਹੈ। ਲੱਗਦਾ ਹੈ ਕਿ ਉਹ ਇਹ ਸੋਚਦੇ ਹਨ ਕਿ ਉਨ੍ਹਾਂ ਨੂੰ ਦੂਜਿਆਂ ਨੂੰ ਸ਼ੁਕਰਗੁਜ਼ਾਰੀ ਦਿਖਾਉਣ ਦੀ ਲੋੜ ਨਹੀਂ। ਕੀ ਤੁਹਾਨੂੰ ਅਜਿਹੇ ਲੋਕਾਂ ਨਾਲ ਸੰਗਤੀ ਕਰ ਕੇ ਖ਼ੁਸ਼ੀ ਮਿਲਦੀ ਹੈ?

ਪਰ ਯਹੋਵਾਹ ਦੇ ਸੇਵਕਾਂ ਨੂੰ ਇਹ ਕਿਹਾ ਗਿਆ ਹੈ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।” ਸਾਨੂੰ “ਹਰ ਚੀਜ਼ ਲਈ . . . ਧੰਨਵਾਦ” ਕਰਨਾ ਚਾਹੀਦਾ ਹੈ। (ਕੁਲੁ. 3:15; 1 ਥੱਸ. 5:18) ਦਰਅਸਲ, ਸ਼ੁਕਰਗੁਜ਼ਾਰੀ ਦਾ ਗੁਣ ਪੈਦਾ ਕਰਨਾ ਸਾਡੇ ਲਈ ਵਧੀਆ ਹੈ। ਇਸ ਤਰ੍ਹਾਂ ਕਰਨ ਦੇ ਬਹੁਤ ਸਾਰੇ ਕਾਰਨ ਹਨ।

ਸ਼ੁਕਰਗੁਜ਼ਾਰੀ ਦਿਖਾਉਣ ਨਾਲ ਅਸੀਂ ਆਪਣੇ ਬਾਰੇ ਚੰਗਾ ਮਹਿਸੂਸ ਕਰਾਂਗੇ

ਸ਼ੁਕਰਗੁਜ਼ਾਰੀ ਦਾ ਗੁਣ ਪੈਦਾ ਕਰਨ ਦਾ ਇਕ ਅਹਿਮ ਕਾਰਨ ਹੈ ਕਿ ਇਸ ਨਾਲ ਅਸੀਂ ਆਪਣੇ ਬਾਰੇ ਚੰਗਾ ਮਹਿਸੂਸ ਕਰਦੇ ਹਾਂ। ਸ਼ੁਕਰਗੁਜ਼ਾਰੀ ਦਿਖਾਉਣ ਵਾਲਾ ਵਿਅਕਤੀ ਖ਼ੁਦ ਬਾਰੇ ਤਾਂ ਚੰਗਾ ਮਹਿਸੂਸ ਕਰਦਾ ਹੀ ਹੈ, ਪਰ ਜਿਸ ਨੂੰ ਸ਼ੁਕਰਗੁਜ਼ਾਰੀ ਦਿਖਾਈ ਜਾਂਦੀ ਹੈ, ਉਸ ਨੂੰ ਵੀ ਵਧੀਆ ਲੱਗਦਾ ਹੈ। ਇੱਦਾਂ ਕਿਉਂ ਹੁੰਦਾ ਹੈ? ਜ਼ਰਾ ਇਸ ਮਿਸਾਲ ’ਤੇ ਗੌਰ ਕਰੋ: ਜੇ ਕੋਈ ਵਿਅਕਤੀ ਖ਼ੁਸ਼ੀ-ਖ਼ੁਸ਼ੀ ਤੁਹਾਡੇ ਲਈ ਕੋਈ ਕੰਮ ਕਰਦਾ ਹੈ, ਤਾਂ ਉਹ ਇਸ ਲਈ ਕਰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਤੁਸੀਂ ਇਸ ਦੇ ਕਾਬਲ ਹੋ। ਉਹ ਤੁਹਾਡੀ ਪਰਵਾਹ ਕਰਦਾ ਹੈ। ਇਸ ਗੱਲ ਦਾ ਅਹਿਸਾਸ ਹੋਣ ’ਤੇ ਤੁਹਾਨੂੰ ਵਧੀਆ ਲੱਗੇਗਾ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਰੂਥ ਨਾਲ ਵੀ ਇੱਦਾਂ ਹੀ ਹੋਇਆ ਸੀ। ਬੋਅਜ਼ ਨੇ ਰੂਥ ਨੂੰ ਖੁੱਲ੍ਹ-ਦਿਲੀ ਦਿਖਾਈ। ਬਿਨਾਂ ਸ਼ੱਕ, ਇਹ ਦੇਖ ਕੇ ਰੂਥ ਬਹੁਤ ਖ਼ੁਸ਼ ਹੋਈ ਕਿ ਕੋਈ ਉਸ ਦੀ ਪਰਵਾਹ ਕਰਦਾ ਸੀ।—ਰੂਥ 2:10-13.

ਖ਼ਾਸ ਕਰਕੇ ਪਰਮੇਸ਼ੁਰ ਨੂੰ ਸ਼ੁਕਰਗੁਜ਼ਾਰੀ ਦਿਖਾਉਣੀ ਜ਼ਰੂਰੀ ਹੈ। ਬਿਨਾਂ ਸ਼ੱਕ, ਤੁਸੀਂ ਕਦੇ-ਕਦੇ ਉਨ੍ਹਾਂ ਬਹੁਤ ਸਾਰੇ ਤੋਹਫ਼ਿਆਂ ਬਾਰੇ ਸੋਚਿਆ ਹੋਵੇ ਜੋ ਯਹੋਵਾਹ ਨੇ ਤੁਹਾਨੂੰ ਦਿੱਤੇ ਹਨ ਅਤੇ ਭਵਿੱਖ ਵਿਚ ਵੀ ਦੇਵੇਗਾ। (ਬਿਵ. 8:17, 18; ਰਸੂ. 14:17) ਪਰ ਪਰਮੇਸ਼ੁਰ ਵੱਲੋਂ ਦਿਖਾਈ ਗਈ ਭਲਾਈ ਬਾਰੇ ਥੋੜ੍ਹਾ-ਬਹੁਤਾ ਸੋਚਣ ਦੀ ਬਜਾਇ ਕਿਉਂ ਨਾ ਤੁਸੀਂ ਸਮਾਂ ਕੱਢ ਉਨ੍ਹਾਂ ਬਰਕਤਾਂ ਬਾਰੇ ਗਹਿਰਾਈ ਨਾਲ ਸੋਚੋ ਜੋ ਉਸ ਨੇ ਤੁਹਾਨੂੰ ਤੇ ਤੁਹਾਡੇ ਪਿਆਰਿਆਂ ਨੂੰ ਦਿੱਤੀਆਂ ਹਨ। ਸ੍ਰਿਸ਼ਟੀਕਰਤਾ ਵੱਲੋਂ ਦਿਖਾਈ ਗਈ ਭਲਾਈ ’ਤੇ ਸੋਚ-ਵਿਚਾਰ ਕਰਨ ਨਾਲ ਤੁਹਾਡੇ ਦਿਲ ਵਿਚ ਉਸ ਲਈ ਹੋਰ ਕਦਰਦਾਨੀ ਪੈਦਾ ਹੋਵੇਗੀ ਅਤੇ ਤੁਹਾਨੂੰ ਅਹਿਸਾਸ ਹੋਵੇਗਾ ਕਿ ਉਹ ਤੁਹਾਨੂੰ ਕਿੰਨਾ ਪਿਆਰ ਤੇ ਤੁਹਾਡੀ ਕਿੰਨੀ ਕਦਰ ਕਰਦਾ ਹੈ।—1 ਯੂਹੰ. 4:9.

ਯਹੋਵਾਹ ਦੀ ਖੁੱਲ੍ਹ-ਦਿਲੀ ਅਤੇ ਉਸ ਵੱਲੋਂ ਦਿੱਤੀਆਂ ਬਰਕਤਾਂ ’ਤੇ ਸੋਚ-ਵਿਚਾਰ ਹੀ ਨਾ ਕਰੋ, ਸਗੋਂ ਉਸ ਦੀ ਭਲਾਈ ਲਈ ਸ਼ੁਕਰਗੁਜ਼ਾਰੀ ਵੀ ਦਿਖਾਓ। (ਜ਼ਬੂ. 100:4, 5) ਇੱਦਾਂ ਕਿਹਾ ਗਿਆ ਹੈ ਕਿ “ਸ਼ੁਕਰਗੁਜ਼ਾਰੀ ਦਿਖਾਉਣ ਵਾਲੇ ਵਿਅਕਤੀ ਜ਼ਿਆਦਾ ਖ਼ੁਸ਼ ਰਹਿੰਦੇ ਹਨ।”

ਸ਼ੁਕਰਗੁਜ਼ਾਰੀ ਦਿਖਾਉਣ ਨਾਲ ਲੋਕ ਇਕ-ਦੂਜੇ ਦੇ ਹੋਰ ਨੇੜੇ ਆਉਂਦੇ ਹਨ

ਸ਼ੁਕਰਗੁਜ਼ਾਰੀ ਦਿਖਾਉਣ ਦਾ ਇਕ ਹੋਰ ਕਾਰਨ ਇਹ ਹੈ ਕਿ ਇਸ ਨਾਲ ਦੋਸਤੀ ਮਜ਼ਬੂਤ ਹੁੰਦੀ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਦੂਸਰੇ ਸਾਡੀ ਕਦਰ ਕਰਨ। ਕਿਸੇ ਦੇ ਚੰਗੇ ਕੰਮ ਲਈ ਦਿਲੋਂ ਸ਼ੁਕਰਗੁਜ਼ਾਰੀ ਦਿਖਾਉਣ ਨਾਲ ਤੁਹਾਡੀ ਦੋਸਤੀ ਹੋਰ ਗੂੜ੍ਹੀ ਹੁੰਦੀ ਹੈ। (ਰੋਮੀ. 16:3, 4) ਇਸ ਤੋਂ ਇਲਾਵਾ, ਸ਼ੁਕਰਗੁਜ਼ਾਰੀ ਦਿਖਾਉਣ ਵਾਲੇ ਲੋਕ ਅਕਸਰ ਦੂਜਿਆਂ ਦੀ ਮਦਦ ਕਰਦੇ ਹਨ। ਜਦੋਂ ਉਹ ਧਿਆਨ ਦਿੰਦੇ ਹਨ ਕਿ ਦੂਜੇ ਉਨ੍ਹਾਂ ਦਾ ਭਲਾ ਕਰਦੇ ਹਨ, ਤਾਂ ਉਹ ਵੀ ਦੂਜਿਆਂ ਦਾ ਭਲਾ ਕਰਨ ਲਈ ਉਭਾਰੇ ਜਾਂਦੇ ਹਨ। ਹਾਂ, ਦੂਜਿਆਂ ਦੀ ਮਦਦ ਕਰਨ ਨਾਲ ਖ਼ੁਸ਼ੀ ਮਿਲਦੀ ਹੈ। ਯਿਸੂ ਨੇ ਵੀ ਇਹੀ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂ. 20:35.

“ਕੈਲੇਫ਼ੋਰਨੀਆ ਯੂਨੀਵਰਸਿਟੀ” ਦੇ ਮਨੋਵਿਗਿਆਨੀ ਰਾਬਰਟ ਐਮੱਨਸ ਨੇ ਸ਼ੁਕਰਗੁਜ਼ਾਰੀ ਦਿਖਾਉਣ ’ਤੇ ਅਧਿਐਨ ਕੀਤਾ। ਉਸ ਨੇ ਕਿਹਾ ਕਿ ‘ਸ਼ੁਕਰਗੁਜ਼ਾਰੀ ਦਿਖਾਉਣ ਲਈ ਸਾਨੂੰ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਸਾਨੂੰ ਇਕ-ਦੂਜੇ ਦੀ ਲੋੜ ਹੈ ਅਤੇ ਜ਼ਿੰਦਗੀ ਵਿਚ ਲੈਣ-ਦੇਣ ਬਹੁਤ ਜ਼ਰੂਰੀ ਹੈ।’ ਸੱਚ ਤਾਂ ਇਹ ਹੈ ਕਿ ਜੀਉਂਦੇ ਰਹਿਣ ਅਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣ ਲਈ ਅਸੀਂ ਕਈ ਮਾਮਲਿਆਂ ਵਿਚ ਦੂਜਿਆਂ ’ਤੇ ਨਿਰਭਰ ਰਹਿੰਦੇ ਹਾਂ। ਮਿਸਾਲ ਲਈ, ਦੂਜੇ ਸ਼ਾਇਦ ਸਾਡੇ ਖਾਣ-ਪੀਣ ਜਾਂ ਦਵਾ-ਦਾਰੂ ਦੀਆਂ ਲੋੜਾਂ ਪੂਰੀਆਂ ਕਰਨ। (1 ਕੁਰਿੰ. 12:21) ਸ਼ੁਕਰਗੁਜ਼ਾਰੀ ਦਿਖਾਉਣ ਵਾਲਾ ਵਿਅਕਤੀ ਦੂਜਿਆਂ ਵੱਲੋਂ ਕੀਤੇ ਕੰਮਾਂ ਦੀ ਕਦਰ ਕਰਦਾ ਹੈ। ਇਸ ਕਰਕੇ ਕੀ ਤੁਸੀਂ ਵੀ ਦੂਜਿਆਂ ਨੂੰ ਸ਼ੁਕਰਗੁਜ਼ਾਰੀ ਦਿਖਾਉਣ ਦੀ ਆਦਤ ਪਾਈ ਹੈ?

ਸ਼ੁਕਰਗੁਜ਼ਾਰੀ ਅਤੇ ਜ਼ਿੰਦਗੀ ਬਾਰੇ ਤੁਹਾਡਾ ਨਜ਼ਰੀਆ

ਸ਼ੁਕਰਗੁਜ਼ਾਰੀ ਦਿਖਾਉਣ ਦਾ ਇਕ ਹੋਰ ਕਾਰਨ ਇਹ ਹੈ ਕਿ ਇਹ ਗੁਣ ਮਾੜੀਆਂ ਗੱਲਾਂ ਦੀ ਬਜਾਇ ਚੰਗੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਵਿਚ ਤੁਹਾਡੀ ਮਦਦ ਕਰੇਗਾ। ਇਹ ਗੁਣ ਇਕ ਤਰੀਕੇ ਨਾਲ ਤੁਹਾਡੇ ਦਿਮਾਗ਼ ਨੂੰ ਛਾਣਨ ਦਾ ਕੰਮ ਕਰਦਾ ਹੈ। ਸ਼ੁਕਰਗੁਜ਼ਾਰ ਹੋਣ ਕਰਕੇ ਤੁਸੀਂ ਮੁਸ਼ਕਲਾਂ ਵੱਲ ਘੱਟ, ਪਰ ਚੰਗੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦੇ ਸਕੋਗੇ। ਨਤੀਜੇ ਵਜੋਂ, ਤੁਸੀਂ ਹੋਰ ਜ਼ਿਆਦਾ ਸ਼ੁਕਰਗੁਜ਼ਾਰੀ ਦਿਖਾਓਗੇ। ਇਸ ਰਵੱਈਏ ਕਰਕੇ ਤੁਸੀਂ ਉਹ ਕਰੋਗੇ ਜੋ ਪੌਲੁਸ ਰਸੂਲ ਨੇ ਕਰਨ ਲਈ ਕਿਹਾ ਸੀ: “ਪ੍ਰਭੂ ਦੀ ਸੇਵਾ ਕਰਦਿਆਂ ਹਮੇਸ਼ਾ ਖ਼ੁਸ਼ ਰਹੋ।”—ਫ਼ਿਲਿ. 4:4.

ਸ਼ੁਕਰਗੁਜ਼ਾਰ ਹੋਣ ਕਰਕੇ ਅਸੀਂ ਨਿਰਾਸ਼ ਕਰਨ ਵਾਲੀਆਂ ਗੱਲਾਂ ’ਤੇ ਧਿਆਨ ਨਹੀਂ ਲਾਵਾਂਗੇ। ਸ਼ੁਕਰਗੁਜ਼ਾਰੀ ਦਿਖਾਉਣ ਦੇ ਨਾਲ-ਨਾਲ ਈਰਖਾ ਰੱਖਣੀ, ਉਦਾਸ ਜਾਂ ਗੁੱਸੇ ਰਹਿਣਾ ਮੁਮਕਿਨ ਨਹੀਂ ਹੈ। ਸ਼ੁਕਰਗੁਜ਼ਾਰੀ ਦਿਖਾਉਣ ਵਾਲੇ ਲੋਕ ਘੱਟ ਹੀ ਚੀਜ਼ਾਂ ਪਿੱਛੇ ਭੱਜਦੇ ਹਨ। ਉਨ੍ਹਾਂ ਕੋਲ ਜੋ ਹੁੰਦਾ ਹੈ, ਉਸ ਵਿਚ ਉਹ ਸੰਤੁਸ਼ਟ ਰਹਿੰਦੇ ਹਨ ਅਤੇ ਜ਼ਿਆਦਾ ਚੀਜ਼ਾਂ ਪਾਉਣ ’ਤੇ ਧਿਆਨ ਨਹੀਂ ਲਾਉਂਦੇ।—ਫ਼ਿਲਿ. 4:12.

ਆਪਣੀਆਂ ਬਰਕਤਾਂ ਬਾਰੇ ਸੋਚੋ!

ਮਸੀਹੀ ਹੋਣ ਦੇ ਨਾਤੇ, ਤੁਸੀਂ ਜਾਣਦੇ ਹੋ ਕਿ ਸ਼ੈਤਾਨ ਚਾਹੁੰਦਾ ਹੈ ਕਿ ਇਨ੍ਹਾਂ ਆਖ਼ਰੀ ਦਿਨਾਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਤੁਸੀਂ ਦੁਖੀ ਅਤੇ ਨਿਰਾਸ਼ ਹੋ ਜਾਓ। ਉਸ ਨੂੰ ਬਹੁਤ ਖ਼ੁਸ਼ੀ ਹੋਵੇਗੀ ਜੇ ਤੁਸੀਂ ਬੁਰਾ ਅਤੇ ਸ਼ਿਕਾਇਤੀ ਰਵੱਈਆ ਰੱਖੋ। ਅਜਿਹਾ ਰਵੱਈਆ ਹੋਣ ਕਰਕੇ ਸ਼ਾਇਦ ਤੁਸੀਂ ਖ਼ੁਸ਼ ਖ਼ਬਰੀ ਦਾ ਚੰਗੀ ਤਰ੍ਹਾਂ ਪ੍ਰਚਾਰ ਨਾ ਕਰ ਪਾਓ। ਦਰਅਸਲ, ਸ਼ੁਕਰਗੁਜ਼ਾਰੀ ਅਤੇ ਪਵਿੱਤਰ ਸ਼ਕਤੀ ਦੇ ਗੁਣਾਂ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਮਿਸਾਲ ਲਈ, ਪਰਮੇਸ਼ੁਰ ਵੱਲੋਂ ਮਿਲੀਆਂ ਚੀਜ਼ਾਂ ਕਰਕੇ ਤੁਹਾਨੂੰ ਖ਼ੁਸ਼ੀ ਹੁੰਦੀ ਹੈ ਅਤੇ ਭਵਿੱਖ ਲਈ ਕੀਤੇ ਉਸ ਦੇ ਵਾਅਦਿਆਂ ’ਤੇ ਤੁਸੀਂ ਨਿਹਚਾ ਕਰਦੇ ਹੋ।—ਗਲਾ. 5:22, 23.

ਯਹੋਵਾਹ ਦੇ ਲੋਕ ਹੋਣ ਦੇ ਨਾਤੇ, ਤੁਸੀਂ ਸ਼ਾਇਦ ਇਸ ਲੇਖ ਵਿਚ ਸ਼ੁਕਰਗੁਜ਼ਾਰੀ ਬਾਰੇ ਦੱਸੀਆਂ ਗੱਲਾਂ ਨਾਲ ਸਹਿਮਤ ਹੋਵੋ। ਸ਼ਾਇਦ ਤੁਹਾਨੂੰ ਇਹ ਅਹਿਸਾਸ ਹੋਵੇ ਕਿ ਸ਼ੁਕਰਗੁਜ਼ਾਰੀ ਦਿਖਾਉਣੀ ਅਤੇ ਸਹੀ ਨਜ਼ਰੀਆ ਰੱਖਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਪਰ ਇਸ ਗੱਲ ਕਰਕੇ ਤੁਸੀਂ ਨਿਰਾਸ਼ ਨਾ ਹੋਵੋ। ਤੁਸੀਂ ਸ਼ੁਕਰਗੁਜ਼ਾਰ ਬਣ ਸਕਦੇ ਹੋ ਅਤੇ ਇਸ ਗੁਣ ਨੂੰ ਬਰਕਰਾਰ ਵੀ ਰੱਖ ਸਕਦੇ ਹੋ। ਉਹ ਕਿੱਦਾਂ? ਹਰ ਰੋਜ਼ ਸਮਾਂ ਕੱਢ ਕੇ ਉਨ੍ਹਾਂ ਚੀਜ਼ਾਂ ਬਾਰੇ ਸੋਚੋ ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ ਸਕਦੇ ਹੋ। ਜਿੰਨਾ ਜ਼ਿਆਦਾ ਤੁਸੀਂ ਇੱਦਾਂ ਕਰੋਗੇ, ਉੱਨਾ ਜ਼ਿਆਦਾ ਤੁਸੀਂ ਸ਼ੁਕਰਗੁਜ਼ਾਰ ਬਣਨਾ ਚਾਹੋਗੇ। ਇਸ ਤਰ੍ਹਾਂ ਤੁਸੀਂ ਉਨ੍ਹਾਂ ਲੋਕਾਂ ਨਾਲੋਂ ਕਿਤੇ ਜ਼ਿਆਦਾ ਖ਼ੁਸ਼ ਹੋਵੋਗੇ ਜੋ ਆਪਣਾ ਧਿਆਨ ਮੁਸ਼ਕਲਾਂ ’ਤੇ ਲਾਉਂਦੇ ਹਨ। ਪਰਮੇਸ਼ੁਰ ਅਤੇ ਦੂਜੇ ਲੋਕਾਂ ਵੱਲੋਂ ਕੀਤੀਆਂ ਚੰਗੀਆਂ ਗੱਲਾਂ ਬਾਰੇ ਸੋਚੋ ਜਿਨ੍ਹਾਂ ਤੋਂ ਤੁਹਾਨੂੰ ਹੌਸਲਾ ਅਤੇ ਖ਼ੁਸ਼ੀ ਮਿਲਦੀ ਹੈ। ਤੁਸੀਂ ਚੰਗੀਆਂ ਗੱਲਾਂ ਨੂੰ ਲਿਖਣਾ ਵੀ ਸ਼ੁਰੂ ਕਰ ਸਕਦੇ ਹੋ। ਇਸ ਵਿਚ ਤੁਸੀਂ ਹਰ ਦਿਨ ਹੋਈਆਂ ਦੋ ਜਾਂ ਤਿੰਨ ਗੱਲਾਂ ਲਿਖ ਸਕਦੇ ਹੋ ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ।

ਖੋਜਕਾਰਾਂ ਨੇ ਇਹ ਦੇਖਿਆ ਹੈ ਕਿ ‘ਬਾਕਾਇਦਾ ਸ਼ੁਕਰਗੁਜ਼ਾਰੀ ਦਿਖਾਉਣ ਕਰਕੇ ਸਾਡੇ ਦਿਮਾਗ਼ ਦੇ ਕੰਮ ਕਰਨ ਦੇ ਤਰੀਕੇ ਵਿਚ ਬਦਲਾਅ ਆ ਸਕਦਾ ਹੈ ਤਾਂਕਿ ਸਾਡੇ ਲਈ ਆਪਣੀ ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਹੋਰ ਸੌਖਾ ਹੋਵੇ।’ ਇਕ ਸ਼ੁਕਰਗੁਜ਼ਾਰ ਇਨਸਾਨ ਖ਼ੁਸ਼ ਇਨਸਾਨ ਹੁੰਦਾ ਹੈ। ਇਸ ਲਈ ਆਪਣੀਆਂ ਬਰਕਤਾਂ ਬਾਰੇ ਸੋਚੋ, ਆਪਣੀ ਜ਼ਿੰਦਗੀ ਵਿਚ ਹੁੰਦੀਆਂ ਚੰਗੀਆਂ ਗੱਲਾਂ ਦਾ ਆਨੰਦ ਮਾਣੋ ਅਤੇ ਸ਼ੁਕਰਗੁਜ਼ਾਰੀ ਦਿਖਾਓ! ਚੰਗੀਆਂ ਗੱਲਾਂ ਨੂੰ ਐਵੇਂ ਸਮਝਣ ਦੀ ਬਜਾਇ “ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ।” ਜੀ ਹਾਂ, “ਹਰ ਚੀਜ਼ ਲਈ . . . ਧੰਨਵਾਦ ਕਰੋ।”—1 ਇਤ. 16:34; 1 ਥੱਸ. 5:18.