ਪਾਠਕਾਂ ਵੱਲੋਂ ਸਵਾਲ
ਕੀ 1 ਕੁਰਿੰਥੀਆਂ 15:29 ਵਿਚ ਪੌਲੁਸ ਰਸੂਲ ਦੇ ਸ਼ਬਦਾਂ ਦਾ ਇਹ ਮਤਲਬ ਹੈ ਕਿ ਉਸ ਜ਼ਮਾਨੇ ਦੇ ਕੁਝ ਮਸੀਹੀਆਂ ਨੇ ਮਰੇ ਹੋਇਆਂ ਲਈ ਬਪਤਿਸਮਾ ਲਿਆ ਸੀ?
ਨਹੀਂ। ਬਾਈਬਲ ਜਾਂ ਇਤਿਹਾਸ ਤੋਂ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ।
ਇਸ ਆਇਤ ਨੂੰ ਅਲੱਗ-ਅਲੱਗ ਬਾਈਬਲਾਂ ਵਿਚ ਪੜ੍ਹਨ ਤੋਂ ਬਾਅਦ ਕੁਝ ਲੋਕਾਂ ਨੂੰ ਲੱਗਾ ਹੈ ਕਿ ਪੌਲੁਸ ਦੇ ਦਿਨਾਂ ਵਿਚ ਮਰੇ ਹੋਇਆਂ ਲਈ ਬਪਤਿਸਮਾ ਲਿਆ ਜਾਂਦਾ ਸੀ। ਮਿਸਾਲ ਲਈ: “ਫਿਰ ਜੇਕਰ ਪੁੱਨਰ ਉੱਥਾਨ ਨਹੀਂ ਹੈ ਤਾਂ ਉਹਨਾਂ ਲੋਕਾਂ ਨੂੰ ਕੀ ਲਾਭ ਹੈ, ਜੋ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ?”—CL.
ਜ਼ਰਾ ਦੋ ਬਾਈਬਲ ਵਿਦਵਾਨਾਂ ਦੀਆਂ ਗੱਲਾਂ ’ਤੇ ਗੌਰ ਕਰੋ। ਡਾਕਟਰ ਗਰੈਗਰੀ ਲੌਕਵੁੱਡ ਨੇ ਕਿਹਾ ਕਿ “ਬਾਈਬਲ ਜਾਂ ਇਤਿਹਾਸ ਦੇ ਪੰਨਿਆਂ” ਵਿਚ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ “ਮੁਰਦਿਆਂ ਦੇ ਲਈ” ਬਪਤਿਸਮਾ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਪ੍ਰੋਫ਼ੈਸਰ ਗੋਰਡਨ ਨੇ ਲਿਖਿਆ: ‘ਇਸ ਤਰ੍ਹਾਂ ਦੇ ਬਪਤਿਸਮੇ ਬਾਰੇ ਬਾਈਬਲ ਜਾਂ ਇਤਿਹਾਸ ਵਿਚ ਕੁਝ ਨਹੀਂ ਦੱਸਿਆ ਗਿਆ। ਯੂਨਾਨੀ ਲਿਖਤਾਂ ਵਿਚ ਇਸ ਬਾਰੇ ਕਦੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਚਰਚਾਂ ਵਿਚ ਇੱਦਾਂ ਦਾ ਬਪਤਿਸਮਾ ਦਿੱਤਾ ਜਾਂਦਾ ਸੀ।’
ਬਾਈਬਲ ਕਹਿੰਦੀ ਹੈ ਕਿ ਯਿਸੂ ਦੇ ਚੇਲਿਆਂ ਨੇ ‘ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣਾ ਅਤੇ ਬਪਤਿਸਮਾ ਦੇਣਾ ਸੀ ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਣੀ ਸੀ’ ਜਿਹੜੇ ਹੁਕਮ ਯਿਸੂ ਨੇ ਦਿੱਤੇ ਸਨ। (ਮੱਤੀ 28:19, 20) ਬਪਤਿਸਮਾ ਲੈਣ ਤੋਂ ਪਹਿਲਾਂ ਇਕ ਵਿਅਕਤੀ ਲਈ ਯਹੋਵਾਹ ਅਤੇ ਉਸ ਦੇ ਪੁੱਤਰ ਬਾਰੇ ਸਿੱਖਣਾ, ਉਨ੍ਹਾਂ ’ਤੇ ਵਿਸ਼ਵਾਸ ਕਰਨਾ ਅਤੇ ਉਨ੍ਹਾਂ ਦੀ ਆਗਿਆ ਮੰਨਣੀ ਜ਼ਰੂਰੀ ਹੈ। ਇਕ ਮਰ ਚੁੱਕਾ ਵਿਅਕਤੀ ਨਾ ਤਾਂ ਆਪ ਅਤੇ ਨਾ ਹੀ ਕੋਈ ਹੋਰ ਉਸ ਲਈ ਇਹ ਸਭ ਕੁਝ ਕਰ ਸਕਦਾ ਹੈ।—ਉਪ. 9:5, 10; ਯੂਹੰ. 4:1; 1 ਕੁਰਿੰ. 1:14-16.
ਫਿਰ ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ?
ਕੁਰਿੰਥੁਸ ਦੇ ਕੁਝ ਮਸੀਹੀਆਂ ਦਾ ਮੰਨਣਾ ਸੀ ਕਿ ਮਰੇ ਹੋਏ ਜੀਉਂਦੇ ਨਹੀਂ ਹੋਣਗੇ। (1 ਕੁਰਿੰ. 15:12) ਪੌਲੁਸ ਨੇ ਇਸ ਗੱਲ ਨੂੰ ਗ਼ਲਤ ਸਾਬਤ ਕੀਤਾ। ਉਸ ਨੇ ਦੱਸਿਆ ਕਿ ਉਹ ‘ਹਰ ਰੋਜ਼ ਮੌਤ ਦਾ ਸਾਮ੍ਹਣਾ ਕਰਦਾ’ ਸੀ। ਬਿਨਾਂ ਸ਼ੱਕ, ਉਹ ਜੀਉਂਦਾ ਸੀ। ਪਰ ਖ਼ਤਰਿਆਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਉਸ ਨੂੰ ਪੱਕਾ ਯਕੀਨ ਸੀ ਕਿ ਮੌਤ ਤੋਂ ਬਾਅਦ ਉਸ ਨੂੰ ਯਿਸੂ ਵਾਂਗ ਸਵਰਗ ਵਿਚ ਇਕ ਸ਼ਕਤੀਸ਼ਾਲੀ ਦੂਤ ਵਜੋਂ ਜੀਉਂਦਾ ਕੀਤਾ ਜਾਵੇਗਾ।—1 ਕੁਰਿੰ. 15:30-32, 42-44.
ਇਨ੍ਹਾਂ ਮਸੀਹੀਆਂ ਨੂੰ ਸਮਝਣ ਦੀ ਲੋੜ ਸੀ ਕਿ ਸਵਰਗ ਲਈ ਚੁਣੇ ਜਾਣ ਕਰਕੇ ਉਨ੍ਹਾਂ ’ਤੇ ਮੁਸੀਬਤਾਂ ਆਉਣੀਆਂ ਸਨ ਅਤੇ ਮਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਜੀਉਂਦੇ ਕੀਤਾ ਜਾਣਾ ਸੀ। “ਬਪਤਿਸਮਾ ਲੈ ਕੇ ਯਿਸੂ ਮਸੀਹ ਨਾਲ ਏਕਤਾ ਵਿਚ ਬੱਝੇ” ਹੋਣ ਕਰਕੇ ਉਨ੍ਹਾਂ ਨੇ “ਉਸ ਦੀ ਮੌਤ ਵਿਚ ਹਿੱਸੇਦਾਰ” ਵੀ ਬਣਨਾ ਸੀ। (ਰੋਮੀ. 6:3) ਇਸ ਦਾ ਮਤਲਬ ਸੀ ਕਿ ਉਨ੍ਹਾਂ ਨੇ ਵੀ ਯਿਸੂ ਵਾਂਗ ਦੁੱਖ ਝੱਲ ਕੇ ਮਰ ਜਾਣਾ ਸੀ ਤਾਂਕਿ ਉਨ੍ਹਾਂ ਨੂੰ ਜੀਉਂਦਾ ਕੀਤਾ ਜਾ ਸਕੇ।
ਯਿਸੂ ਨੇ ਪਾਣੀ ਵਿਚ ਬਪਤਿਸਮਾ ਲੈਣ ਤੋਂ ਦੋ ਸਾਲ ਬਾਅਦ ਆਪਣੇ ਦੋ ਚੇਲਿਆਂ ਨੂੰ ਕਿਹਾ: “ਜੋ ਬਪਤਿਸਮਾ ਮੈਂ ਲੈਣ ਵਾਲਾ ਹਾਂ, ਉਹ ਬਪਤਿਸਮਾ ਤੁਸੀਂ ਵੀ ਲਓਗੇ।” (ਮਰ. 10:38, 39) ਉਸ ਸਮੇਂ ਯਿਸੂ ਪਾਣੀ ਵਿਚ ਬਪਤਿਸਮਾ ਨਹੀਂ ਲੈ ਰਿਹਾ ਸੀ। ਉਸ ਦੇ ਕਹਿਣ ਦਾ ਮਤਲਬ ਸੀ ਕਿ ਆਪਣੀ ਖਰਿਆਈ ਬਰਕਰਾਰ ਰੱਖਣ ਕਰਕੇ ਉਸ ਨੂੰ ਜਾਨੋਂ ਮਾਰਿਆ ਜਾਣਾ ਸੀ। ਪੌਲੁਸ ਨੇ ਲਿਖਿਆ ਕਿ ਚੁਣੇ ਹੋਏ ਮਸੀਹੀ ‘ਮਸੀਹ ਵਾਂਗ ਦੁੱਖ ਝੱਲਣਗੇ ਤਾਂਕਿ ਉਨ੍ਹਾਂ ਨੂੰ ਮਹਿਮਾ ਦਿੱਤੀ ਜਾਵੇ।’ (ਰੋਮੀ. 8:16, 17; 2 ਕੁਰਿੰ. 4:17) ਸੋ ਸਵਰਗੀ ਇਨਾਮ ਹਾਸਲ ਕਰਨ ਤੋਂ ਪਹਿਲਾਂ ਉਨ੍ਹਾਂ ਲਈ ਵੀ ਮਰਨਾ ਜ਼ਰੂਰੀ ਸੀ।
ਇਸ ਲਈ ਪੌਲੁਸ ਦੀ ਗੱਲ ਦਾ ਸਹੀ ਮਤਲਬ ਇਹੀ ਹੈ: “ਜੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ ਫਿਰ ਉਨ੍ਹਾਂ ਲੋਕਾਂ ਨੂੰ ਕੀ ਫ਼ਾਇਦਾ ਜਿਹੜੇ ਮਰਨ ਦੇ ਇਰਾਦੇ ਨਾਲ ਬਪਤਿਸਮਾ ਲੈਂਦੇ ਹਨ? ਤਾਂ ਫਿਰ ਉਹ ਇਸ ਇਰਾਦੇ ਨਾਲ ਕਿਉਂ ਬਪਤਿਸਮਾ ਲੈਂਦੇ ਹਨ?”