Skip to content

Skip to table of contents

ਕੀ ਤੁਸੀਂ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਵਾਲੇ ਹੋ?

ਕੀ ਤੁਸੀਂ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਵਾਲੇ ਹੋ?

“ਉਦੋਂ ਮੈਂ ਰਾਜ ਮਿਸਤਰੀ ਵਜੋਂ ਉਸ ਦੇ ਨਾਲ ਸੀ। . . . ਮੈਂ ਉਸ ਅੱਗੇ ਹਰ ਵੇਲੇ ਆਨੰਦ ਮਾਣਦੀ ਸੀ।” (ਕਹਾ. 8:30) ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਧਰਤੀ ’ਤੇ ਆਉਣ ਤੋਂ ਪਹਿਲਾਂ ਆਪਣੇ ਪਿਤਾ ਨਾਲ ਮਿਲ ਕੇ ਅਰਬਾਂ-ਖਰਬਾਂ ਸਾਲਾਂ ਤਕ ਕੰਮ ਕੀਤਾ ਸੀ। ਗੌਰ ਕਰੋ ਕਿ ਇਸ ਆਇਤ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਸ ਨੂੰ ਆਪਣੇ ਪਿਤਾ ਨਾਲ ਮਿਲ ਕੇ ਕੰਮ ਕਰਨਾ ਕਿੱਦਾਂ ਦਾ ਲੱਗਦਾ ਸੀ। ਇੱਥੇ ਦੱਸਿਆ ਹੈ ਕਿ ਉਹ ਪਰਮੇਸ਼ੁਰ ਨਾਲ ਕੰਮ ਕਰ ਕੇ “ਆਨੰਦ” ਮਾਣਦਾ ਸੀ।

ਯਿਸੂ ਨੇ ਸਵਰਗ ਵਿਚ ਹੁੰਦਿਆਂ ਆਪਣੇ ਪਿਤਾ ਤੋਂ ਮਿਲ ਕੇ ਕੰਮ ਕਰਨ ਬਾਰੇ ਬਹੁਤ ਵਧੀਆ ਗੁਣ ਸਿੱਖੇ। ਫਿਰ ਜਦੋਂ ਉਹ ਧਰਤੀ ’ਤੇ ਆਇਆਂ, ਤਾਂ ਉਹ ਦੂਜਿਆਂ ਲਈ ਵਧੀਆ ਮਿਸਾਲ ਬਣਿਆ। ਯਿਸੂ ਦੀ ਮਿਸਾਲ ’ਤੇ ਗੌਰ ਕਰ ਕੇ ਅਸੀਂ ਤਿੰਨ ਅਸੂਲ ਜਾਣਾਂਗੇ। ਇਨ੍ਹਾਂ ਅਸੂਲਾਂ ਦੀ ਮਦਦ ਨਾਲ ਅਸੀਂ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਵਾਲੇ ਬਣ ਸਕਾਂਗੇ ਅਤੇ ਭੈਣਾਂ-ਭਰਾਵਾਂ ਨਾਲ ਸਾਡੀ ਏਕਤਾ ਵੀ ਬਣੀ ਰਹੇਗੀ।

ਯਹੋਵਾਹ ਤੇ ਯਿਸੂ ਦੀ ਰੀਸ ਕਰਦਿਆਂ ਤੁਸੀਂ ਵੀ ਸਿੱਖੀਆਂ ਗੱਲਾਂ ਦੂਜਿਆਂ ਨਾਲ ਸਾਂਝੀਆਂ ਕਰੋ

ਪਹਿਲਾ ਅਸੂਲ: ‘ਇਕ-ਦੂਜੇ ਦੀ ਇੱਜ਼ਤ ਕਰੋ’

ਦੂਜਿਆਂ ਨਾਲ ਮਿਲ ਕੇ ਕੰਮ ਕਰਨ ਵਾਲਾ ਇਨਸਾਨ ਨਿਮਰ ਹੁੰਦਾ ਹੈ। ਉਹ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਉਹ ਆਪਣੇ ਨਾਲ ਕੰਮ ਕਰਨ ਵਾਲਿਆਂ ਦੀ ਕਦਰ ਕਰਦਾ ਹੈ। ਚਾਹੇ ਯਹੋਵਾਹ ਨੇ ਹੀ ਸਾਰੀ ਸ੍ਰਿਸ਼ਟੀ ਰਚੀ, ਪਰ ਉਹ ਚਾਹੁੰਦਾ ਸੀ ਕਿ ਸਾਰੇ ਜਾਣਨ ਕਿ ਉਸ ਦੇ ਪੁੱਤਰ ਨੇ ਇਸ ਕੰਮ ਵਿਚ ਉਸ ਦਾ ਹੱਥ ਵਟਾਇਆ ਸੀ। ਇਸ ਗੱਲ ਦਾ ਸਬੂਤ ਸਾਨੂੰ ਪਰਮੇਸ਼ੁਰ ਦੀ ਕਹੀ ਇਸ ਗੱਲ ਤੋਂ ਮਿਲਦਾ ਹੈ: “ਆਓ ਆਪਾਂ ਇਨਸਾਨ ਨੂੰ ਆਪਣੇ ਸਰੂਪ ਉੱਤੇ ਅਤੇ ਆਪਣੇ ਵਰਗਾ ਬਣਾਈਏ।” (ਉਤ. 1:26) ਯਹੋਵਾਹ ਦੀ ਕਹੀ ਇਸ ਗੱਲ ਤੋਂ ਯਿਸੂ ਚੰਗੀ ਤਰ੍ਹਾਂ ਜਾਣ ਗਿਆ ਹੋਣਾ ਕਿ ਉਸ ਦਾ ਪਿਤਾ ਕਿੰਨਾ ਨਿਮਰ ਹੈ!​—ਜ਼ਬੂ. 18:35.

ਧਰਤੀ ’ਤੇ ਹੁੰਦਿਆਂ ਯਿਸੂ ਨੇ ਵੀ ਨਿਮਰਤਾ ਦਿਖਾਈ। ਜਦੋਂ ਲੋਕ ਉਸ ਦੇ ਕੰਮਾਂ ਦੀ ਤਾਰੀਫ਼ ਕਰਦੇ ਸਨ, ਤਾਂ ਉਹ ਇਸ ਦਾ ਸਿਹਰਾ ਯਹੋਵਾਹ ਨੂੰ ਦਿੰਦਾ ਸੀ, ਜੋ ਅਸਲ ਵਿਚ ਇਸ ਦਾ ਹੱਕਦਾਰ ਹੈ। (ਮਰ. 10:17, 18; ਯੂਹੰ. 7:15, 16) ਉਸ ਨੇ ਆਪਣੇ ਚੇਲਿਆਂ ਨਾਲ ਹਮੇਸ਼ਾ ਸ਼ਾਂਤੀ ਬਣਾ ਕੇ ਰੱਖੀ। ਉਹ ਉਨ੍ਹਾਂ ਨੂੰ ਆਪਣੇ ਗ਼ੁਲਾਮ ਨਹੀਂ, ਸਗੋਂ ਆਪਣੇ ਦੋਸਤ ਸਮਝਦਾ ਸੀ। (ਯੂਹੰ. 15:15) ਆਪਣੇ ਚੇਲਿਆਂ ਨੂੰ ਨਿਮਰ ਰਹਿਣ ਬਾਰੇ ਸਬਕ ਸਿਖਾਉਣ ਲਈ ਉਸ ਨੇ ਉਨ੍ਹਾਂ ਦੇ ਪੈਰ ਤਕ ਵੀ ਧੋਤੇ। (ਯੂਹੰ. 13:5, 12-14) ਸਾਨੂੰ ਵੀ ਯਿਸੂ ਵਾਂਗ ਆਪਣੇ ਨਾਲ ਕੰਮ ਕਰਨ ਵਾਲਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਆਪਣੇ ਤੋਂ ਪਹਿਲਾਂ ਉਨ੍ਹਾਂ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ। ਜਦੋਂ ਅਸੀਂ ‘ਇਕ-ਦੂਜੇ ਦੀ ਇੱਜ਼ਤ ਕਰਦੇ’ ਹਾਂ ਅਤੇ ਦੂਜਿਆਂ ਤੋਂ ਵਾਹ-ਵਾਹ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਤਾਂ ਅਸੀਂ ਮਿਲ ਕੇ ਬਹੁਤ ਸਾਰਾ ਕੰਮ ਕਰ ਸਕਦੇ ਹਾਂ।​—ਰੋਮੀ. 12:10.

ਇਕ ਨਿਮਰ ਇਨਸਾਨ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ ਕਿ “ਜੇ ਸਲਾਹ ਦੇਣ ਵਾਲੇ ਬਹੁਤੇ ਹੋਣ, ਤਾਂ ਕਾਮਯਾਬੀ ਮਿਲਦੀ ਹੈ।” (ਕਹਾ. 15:22) ਚਾਹੇ ਸਾਡੇ ਕੋਲ ਜਿੰਨਾ ਮਰਜ਼ੀ ਤਜਰਬਾ ਹੋਵੇ ਜਾਂ ਜਿੰਨੀ ਮਰਜ਼ੀ ਕਾਬਲੀਅਤ ਹੋਵੇ, ਪਰ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਨੂੰ ਸਾਰਾ ਕੁਝ ਨਹੀਂ ਪਤਾ ਹੁੰਦਾ। ਯਿਸੂ ਨੇ ਵੀ ਇਹ ਗੱਲ ਮੰਨੀ ਕਿ ਉਸ ਨੂੰ ਸਾਰਾ ਕੁਝ ਨਹੀਂ ਪਤਾ ਸੀ। (ਮੱਤੀ 24:36) ਯਿਸੂ ਦੇ ਚੇਲੇ ਨਾਮੁਕੰਮਲ ਸਨ, ਪਰ ਫਿਰ ਵੀ ਉਹ ਜਾਣਨ ਦੀ ਕੋਸ਼ਿਸ਼ ਕਰਦਾ ਸੀ ਕਿ ਕਿਸੇ ਵਿਸ਼ੇ ਬਾਰੇ ਉਸ ਦੇ ਚੇਲਿਆਂ ਦੀ ਕੀ ਰਾਇ ਸੀ ਜਾਂ ਉਹ ਕੀ ਜਾਣਦੇ ਸਨ। (ਮੱਤੀ 16:13-16) ਇਸੇ ਕਰਕੇ ਯਿਸੂ ਦੇ ਚੇਲਿਆਂ ਨੂੰ ਉਸ ਨਾਲ ਕੰਮ ਕਰਨਾ ਸੌਖਾ ਲੱਗਦਾ ਸੀ। ਯਿਸੂ ਵਾਂਗ ਜੇ ਅਸੀਂ ਵੀ ਨਿਮਰ ਰਹਿੰਦੇ ਹਾਂ ਅਤੇ ਇਹ ਗੱਲ ਮੰਨਦੇ ਹਾਂ ਕਿ ਅਸੀਂ ਸਭ ਕੁਝ ਨਹੀਂ ਜਾਣਦੇ ਤੇ ਦੂਸਰਿਆਂ ਤੋਂ ਵੀ ਸਲਾਹ ਲੈਂਦੇ ਹਾਂ, ਤਾਂ ਅਸੀਂ ਸ਼ਾਂਤੀ ਬਣਾਈ ਰੱਖ ਸਕਦੇ ਹਾਂ ਅਤੇ ਸਾਨੂੰ ਆਪਣੇ ਕੰਮ ਵਿਚ “ਕਾਮਯਾਬੀ” ਮਿਲਦੀ ਹੈ।

ਖ਼ਾਸ ਤੌਰ ਤੇ ਬਜ਼ੁਰਗਾਂ ਨੂੰ ਯਿਸੂ ਵਾਂਗ ਨਿਮਰ ਹੋਣਾ ਚਾਹੀਦਾ ਹੈ ਅਤੇ ਇਕ-ਦੂਜੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਬਜ਼ੁਰਗਾਂ ਦੀ ਮੀਟਿੰਗ ਦੌਰਾਨ ਪਵਿੱਤਰ ਸ਼ਕਤੀ ਕਿਸੇ ਵੀ ਬਜ਼ੁਰਗ ਨੂੰ ਉਕਸਾ ਸਕਦੀ ਹੈ ਕਿ ਉਹ ਕੁਝ ਇੱਦਾਂ ਦਾ ਕਹੇ ਜਿਸ ਨਾਲ ਬਜ਼ੁਰਗ ਵਧੀਆ ਫ਼ੈਸਲਾ ਲੈ ਸਕਣ। ਇਨ੍ਹਾਂ ਮੀਟਿੰਗਾਂ ਦੌਰਾਨ ਬਜ਼ੁਰਗ ਇੱਦਾਂ ਦਾ ਮਾਹੌਲ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਕਿ ਸਾਰੇ ਬਜ਼ੁਰਗ ਖੁੱਲ੍ਹ ਕੇ ਆਪਣੀ ਰਾਇ ਪੇਸ਼ ਕਰ ਸਕਣ। ਇੱਦਾਂ ਉਹ ਮਿਲ ਕੇ ਅਜਿਹੇ ਫ਼ੈਸਲੇ ਕਰ ਪਾਉਂਦੇ ਹਨ ਜਿਨ੍ਹਾਂ ਨਾਲ ਸਾਰੀ ਮੰਡਲੀ ਨੂੰ ਫ਼ਾਇਦਾ ਹੁੰਦਾ ਹੈ।

ਦੂਜਾ ਅਸੂਲ: “ਆਪਣੀ ਸਮਝਦਾਰੀ ਦਾ ਸਬੂਤ ਦਿਓ”

ਮਿਲ ਕੇ ਕੰਮ ਕਰਨ ਵਾਲਾ ਇਨਸਾਨ ਆਪਣੇ ਨਾਲ ਕੰਮ ਕਰਨ ਵਾਲਿਆਂ ਨਾਲ ਸਮਝਦਾਰੀ ਨਾਲ ਪੇਸ਼ ਆਉਂਦਾ ਹੈ। ਉਹ ਆਪਣੀ ਗੱਲ ’ਤੇ ਅੜਿਆ ਨਹੀਂ ਰਹਿੰਦਾ, ਸਗੋਂ ਆਪਣੇ ਆਪ ਨੂੰ ਬਦਲਣ ਲਈ ਤਿਆਰ ਰਹਿੰਦਾ ਹੈ। ਯਿਸੂ ਨੇ ਆਪਣੀ ਅੱਖੀਂ ਦੇਖਿਆ ਸੀ ਕਿ ਉਸ ਦਾ ਪਿਤਾ ਕਿਵੇਂ ਸਮਝਦਾਰੀ ਨਾਲ ਪੇਸ਼ ਆਉਂਦਾ ਹੈ। ਮਿਸਾਲ ਲਈ, ਯਿਸੂ ਨੇ ਖ਼ੁਦ ਦੇਖਿਆ ਕਿ ਉਸ ਦੇ ਪਿਤਾ ਨੇ ਮਨੁੱਖਜਾਤੀ ਨੂੰ ਮੌਤ ਦੀ ਸਜ਼ਾ ਤੋਂ ਛੁਡਾਉਣ ਲਈ ਉਸ ਨੂੰ ਭੇਜਿਆ।​—ਯੂਹੰ. 3:16.

ਸਮਝਦਾਰ ਹੋਣ ਕਰਕੇ ਯਿਸੂ ਵੀ ਆਪਣੀ ਗੱਲ ਤੇ ਅੜਿਆ ਨਹੀਂ ਰਿਹਾ, ਸਗੋਂ ਲੋੜ ਪੈਣ ਤੇ ਬਦਲਿਆ ਵੀ। ਯਾਦ ਕਰੋ ਕਿ ਚਾਹੇ ਯਿਸੂ ਨੂੰ ਇਜ਼ਰਾਈਲ ਦੇ ਘਰਾਣੇ ਦੀ ਮਦਦ ਕਰਨ ਲਈ ਭੇਜਿਆ ਗਿਆ ਸੀ, ਪਰ ਫਿਰ ਵੀ ਉਸ ਨੇ ਫੈਨੀਕੇ ਦੀ ਰਹਿਣ ਵਾਲੀ ਇਕ ਤੀਵੀਂ ਦੀ ਮਦਦ ਕੀਤੀ। (ਮੱਤੀ 15:22-28) ਉਸ ਨੇ ਆਪਣੇ ਚੇਲਿਆਂ ਤੋਂ ਹੱਦੋਂ-ਵੱਧ ਉਮੀਦ ਨਹੀਂ ਰੱਖੀ। ਇਕ ਵਾਰ ਜਦੋਂ ਉਸ ਦੇ ਚੇਲੇ ਪਤਰਸ ਨੇ ਸਾਰਿਆਂ ਸਾਮ੍ਹਣੇ ਯਿਸੂ ਨੂੰ ਜਾਣਨ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਵੀ ਯਿਸੂ ਨੇ ਉਸ ਨੂੰ ਮਾਫ਼ ਕੀਤਾ ਅਤੇ ਬਾਅਦ ਵਿਚ ਉਸ ਨੇ ਪਤਰਸ ਨੂੰ ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ। (ਲੂਕਾ 22:32; ਯੂਹੰ. 21:17; ਰਸੂ. 2:14; 8:14-17; 10:44, 45) ਯਿਸੂ ਦੀ ਮਿਸਾਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਨੂੰ ਵੀ ਆਪਣੀ ਗੱਲ ਤੇ ਅੜੇ ਨਾ ਰਹਿ ਕੇ “ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ” ਦੇਣਾ ਚਾਹੀਦਾ ਹੈ।​—ਫ਼ਿਲਿ. 4:5.

ਸਮਝਦਾਰ ਹੋਣ ਕਰਕੇ ਅਸੀਂ ਆਪਣੀ ਗੱਲ ’ਤੇ ਅੜੇ ਨਹੀਂ ਰਹਾਂਗੇ, ਸਗੋਂ ਬਦਲਣ ਲਈ ਤਿਆਰ ਰਹਾਂਗੇ। ਇਸ ਤਰ੍ਹਾਂ ਕਰ ਕੇ ਅਸੀਂ ਹਰ ਤਰ੍ਹਾਂ ਦੇ ਲੋਕਾਂ ਨਾਲ ਮਿਲ ਕੇ ਸ਼ਾਂਤੀ ਨਾਲ ਕੰਮ ਕਰ ਸਕਾਂਗੇ। ਯਿਸੂ ਸਾਰਿਆਂ ਨਾਲ ਵਧੀਆ ਢੰਗ ਨਾਲ ਪੇਸ਼ ਆਉਂਦਾ ਸੀ ਜਿਸ ਕਰਕੇ ਲੋਕ ਉਸ ਦੀ ਸੁਣਦੇ ਸਨ। ਇਸ ਕਰਕੇ ਉਸ ਨਾਲ ਈਰਖਾ ਕਰਨ ਵਾਲੇ ਉਸ ਦੇ ਦੁਸ਼ਮਣਾਂ ਨੇ ਕਿਹਾ ਕਿ ਇਹ “ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਦਾ ਯਾਰ” ਹੈ। (ਮੱਤੀ 11:19) ਯਿਸੂ ਵਾਂਗ ਅਸੀਂ ਵੀ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨਾਲ ਮਿਲ ਕੇ ਕੰਮ ਕਰ ਸਕੀਏ? ਭਰਾ ਲੂਇਸ ਦੀ ਮਿਸਾਲ ’ਤੇ ਗੌਰ ਕਰੋ। ਜਦੋਂ ਉਹ ਸਰਕਟ ਓਵਰਸੀਅਰ ਸੀ ਅਤੇ ਬੈਥਲ ਵਿਚ ਸੇਵਾ ਕਰਦਾ ਸੀ, ਤਾਂ ਉਸ ਨੇ ਅਲੱਗ-ਅਲੱਗ ਭੈਣਾਂ-ਭਰਾਵਾਂ ਨਾਲ ਕੰਮ ਕੀਤਾ। ਉਹ ਦੱਸਦਾ ਹੈ: “ਅਲੱਗ-ਅਲੱਗ ਪਿਛੋਕੜ ਦੇ ਲੋਕਾਂ ਨਾਲ ਕੰਮ ਕਰਨਾ ਇਸ ਤਰ੍ਹਾਂ ਹੈ ਜਿੱਦਾਂ ਅਸੀਂ ਅਲੱਗ-ਅਲੱਗ ਸਾਈਜ਼ ਦੀਆਂ ਇੱਟਾਂ ਨਾਲ ਇਕ ਸਿੱਧੀ ਕੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋਈਏ। ਅਲੱਗ-ਅਲੱਗ ਸਾਈਜ਼ ਦੀਆਂ ਇੱਟਾਂ ਹੋਣ ਕਰਕੇ ਸਾਨੂੰ ਜ਼ਿਆਦਾ ਸਮਾਂ ਤੇ ਤਾਕਤ ਲਾਉਣੀ ਪੈ ਸਕਦੀ ਹੈ, ਪਰ ਅਸੀਂ ਸਿੱਧੀ ਕੰਧ ਬਣਾ ਸਕਦੇ ਹਾਂ। ਦੂਜਿਆਂ ਨਾਲ ਮਿਲ ਕੇ ਸ਼ਾਂਤੀ ਨਾਲ ਕੰਮ ਕਰਨ ਲਈ ਮੈਂ ਵੀ ਆਪਣੇ ਆਪ ਵਿਚ ਬਦਲਾਅ ਕਰਨ ਦੀ ਕੋਸ਼ਿਸ਼ ਕਰਦਾ ਹਾਂ।”

ਮਿਲ ਕੇ ਕੰਮ ਕਰਨ ਵਾਲਾ ਦੂਜਿਆਂ ’ਤੇ ਰੋਅਬ ਪਾਉਣ ਲਈ ਜਾਣਕਾਰੀ ਨੂੰ ਆਪਣੇ ਤਕ ਹੀ ਸੀਮਿਤ ਨਹੀਂ ਰੱਖਦਾ

ਅਸੀਂ ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸਮਝਦਾਰੀ ਨਾਲ ਕਿਵੇਂ ਪੇਸ਼ ਆ ਸਕਦੇ ਹਾਂ? ਸ਼ਾਇਦ ਸਾਨੂੰ ਅਲੱਗ-ਅਲੱਗ ਉਮਰ ਦੇ ਜਾਂ ਪਰਿਵਾਰ ਵਿਚ ਅਲੱਗ-ਅਲੱਗ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਨ ਦਾ ਮੌਕਾ ਮਿਲੇ। ਆਪਣੇ ਤਰੀਕੇ ਨਾਲ ਪ੍ਰਚਾਰ ਕਰਨ ਦੀ ਬਜਾਇ ਕਿਉਂ ਨਾ ਅਸੀਂ ਉਸ ਤਰੀਕੇ ਨਾਲ ਪ੍ਰਚਾਰ ਕਰੀਏ ਜਿਹੜਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਤਾਂਕਿ ਉਨ੍ਹਾਂ ਨੂੰ ਪ੍ਰਚਾਰ ਵਿਚ ਹੋਰ ਵੀ ਜ਼ਿਆਦਾ ਖ਼ੁਸ਼ੀ ਮਿਲ ਸਕੇ।

ਤੀਜਾ ਅਸੂਲ: “ਦੂਸਰਿਆਂ ਨਾਲ ਆਪਣਾ ਸਭ ਕੁਝ ਸਾਂਝਾ ਕਰਨ ਲਈ ਤਿਆਰ” ਰਹੋ

ਮਿਲ ਕੇ ਕੰਮ ਕਰਨ ਵਾਲਾ ਇਨਸਾਨ “ਦੂਸਰਿਆਂ ਨਾਲ ਆਪਣਾ ਸਭ ਕੁਝ ਸਾਂਝਾ ਕਰਨ ਲਈ ਤਿਆਰ” ਰਹਿੰਦਾ ਹੈ। (1 ਤਿਮੋ. 6:18) ਆਪਣੇ ਪਿਤਾ ਨਾਲ ਕੰਮ ਕਰਦਿਆਂ ਯਿਸੂ ਨੇ ਇਸ ਗੱਲ ’ਤੇ ਧਿਆਨ ਦਿੱਤਾ ਕਿ ਉਸ ਦੇ ਪਿਤਾ ਨੇ ਉਸ ਕੋਲੋਂ ਕੋਈ ਗੱਲ ਨਹੀਂ ਲੁਕਾਈ। ਜਦੋਂ ਯਹੋਵਾਹ ਨੇ “ਆਕਾਸ਼ ਤਾਣੇ,” ਤਾਂ ਯਿਸੂ “ਉੱਥੇ ਸੀ।” ਉਸ ਨੇ ਆਪਣੇ ਪਿਤਾ ਤੋਂ ਬਹੁਤ ਕੁਝ ਸਿੱਖਿਆ। (ਕਹਾ. 8:27) ਉਸ ਨੇ “ਜਿਹੜੀਆਂ ਗੱਲਾਂ” ਆਪਣੇ ਪਿਤਾ ਤੋਂ ਸੁਣੀਆਂ ਸਨ, ਬਾਅਦ ਵਿਚ ਉਸ ਨੇ ਉਹ ਗੱਲਾਂ ਖ਼ੁਸ਼ੀ-ਖ਼ੁਸ਼ੀ ਆਪਣੇ ਚੇਲਿਆਂ ਨਾਲ ਸਾਂਝੀਆਂ ਕੀਤੀਆਂ। (ਯੂਹੰ. 15:15) ਯਹੋਵਾਹ ਦੀ ਰੀਸ ਕਰਦਿਆਂ ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਨਾਲ ਉਹ ਸਭ ਕੁਝ ਸਾਂਝਾ ਕਰਨਾ ਚਾਹੀਦਾ ਹੈ ਜੋ ਅਸੀਂ ਸਿੱਖਿਆ ਹੈ। ਦੂਜਿਆਂ ਨਾਲ ਮਿਲ ਕੇ ਕੰਮ ਕਰਨ ਵਾਲਾ ਇਨਸਾਨ ਦੂਜਿਆਂ ’ਤੇ ਰੋਅਬ ਪਾਉਣ ਲਈ ਉਨ੍ਹਾਂ ਤੋਂ ਕੋਈ ਵੀ ਜਾਣਕਾਰੀ ਲੁਕਾ ਕੇ ਨਹੀਂ ਰੱਖਦਾ, ਸਗੋਂ ਉਸ ਨੂੰ ਦੂਜਿਆਂ ਨਾਲ ਜਾਣਕਾਰੀ ਸਾਂਝੀ ਕਰ ਕੇ ਖ਼ੁਸ਼ੀ ਹੁੰਦੀ ਹੈ।

ਅਸੀਂ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਆਪਣੇ ਸ਼ਬਦਾਂ ਰਾਹੀਂ ਹੱਲਾਸ਼ੇਰੀ ਦੇ ਸਕਦੇ ਹਾਂ ਕਿਉਂਕਿ ਜਦੋਂ ਕੋਈ ਸਾਡੇ ਕੰਮਾਂ ਵੱਲ ਧਿਆਨ ਦਿੰਦਾ ਹੈ ਅਤੇ ਦਿਲੋਂ ਸਾਡੀ ਤਾਰੀਫ਼ ਕਰਦਾ ਹੈ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਯਿਸੂ ਨੇ ਵੀ ਸਮਾਂ ਕੱਢ ਕੇ ਆਪਣੇ ਚੇਲਿਆਂ ਦੀ ਤਾਰੀਫ਼ ਕੀਤੀ ਸੀ। (ਮੱਤੀ 25:19-23; ਲੂਕਾ 10:17-20 ਤੁਲਨਾ ਕਰੋ।) ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨਾਲੋਂ ਵੀ “ਵੱਡੇ-ਵੱਡੇ ਕੰਮ” ਕਰਨਗੇ। (ਯੂਹੰ. 14:12) ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਦੀ ਤਾਰੀਫ਼ ਕਰਦਿਆਂ ਕਿਹਾ: “ਤੁਸੀਂ ਹੀ ਹੋ ਜਿਨ੍ਹਾਂ ਨੇ ਮੇਰੀਆਂ ਅਜ਼ਮਾਇਸ਼ਾਂ ਦੌਰਾਨ ਮੇਰਾ ਸਾਥ ਨਿਭਾਇਆ।” (ਲੂਕਾ 22:28) ਜ਼ਰਾ ਸੋਚੋ ਕਿ ਯਿਸੂ ਦੇ ਇਹ ਸ਼ਬਦ ਉਨ੍ਹਾਂ ਦੇ ਦਿਲਾਂ ਨੂੰ ਕਿੰਨੇ ਛੂਹ ਗਏ ਹੋਣੇ ਅਤੇ ਉਨ੍ਹਾਂ ਨੂੰ ਹੋਰ ਜੋਸ਼ ਨਾਲ ਕੰਮ ਕਰਨ ਦੀ ਹੱਲਾਸ਼ੇਰੀ ਮਿਲੀ ਹੋਣੀ! ਜੇ ਅਸੀਂ ਵੀ ਸਮਾਂ ਕੱਢ ਕੇ ਆਪਣੇ ਨਾਲ ਕੰਮ ਕਰਨ ਵਾਲਿਆਂ ਦੀ ਤਾਰੀਫ਼ ਕਰਾਂਗੇ, ਤਾਂ ਉਨ੍ਹਾਂ ਨੂੰ ਜ਼ਰੂਰ ਖ਼ੁਸ਼ੀ ਮਿਲੇਗੀ ਅਤੇ ਉਹ ਹੋਰ ਵੀ ਜ਼ਿਆਦਾ ਜੋਸ਼ ਨਾਲ ਕੰਮ ਕਰ ਪਾਉਣਗੇ।

ਤੁਸੀਂ ਦੂਜਿਆਂ ਨਾਲ ਮਿਲ ਕੇ ਵਧੀਆ ਤਰੀਕੇ ਨਾਲ ਕੰਮ ਕਰਨ ਵਾਲੇ ਬਣ ਸਕਦੇ ਹੋ

ਕਾਓਡੇ ਨਾਂ ਦਾ ਭਰਾ ਦੱਸਦਾ ਹੈ: “ਦੂਜਿਆਂ ਨਾਲ ਮਿਲ ਕੇ ਕੰਮ ਕਰਨ ਲਈ ਜ਼ਰੂਰੀ ਨਹੀਂ ਕਿ ਅਸੀਂ ਕੋਈ ਗ਼ਲਤੀ ਨਹੀਂ ਕਰਾਂਗੇ, ਸਗੋਂ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਨੂੰ ਖ਼ੁਸ਼ ਰੱਖੀਏ ਅਤੇ ਕੰਮ ਨੂੰ ਸੌਖਾ ਬਣਾਈਏ।” ਕੀ ਤੁਸੀਂ ਵੀ ਇਹੋ ਜਿਹੇ ਇਨਸਾਨ ਹੋ? ਕਿਉਂ ਨਾ ਆਪਣੇ ਨਾਲ ਕੰਮ ਕਰਨ ਵਾਲੇ ਕਿਸੇ ਭੈਣ ਜਾਂ ਭਰਾ ਨੂੰ ਆਪਣੇ ਬਾਰੇ ਪੁੱਛੋ। ਕੀ ਉਨ੍ਹਾਂ ਨੂੰ ਤੁਹਾਡੇ ਨਾਲ ਕੰਮ ਕਰ ਕੇ ਖ਼ੁਸ਼ੀ ਮਿਲਦੀ ਹੈ, ਜਿਵੇਂ ਯਿਸੂ ਦੇ ਚੇਲਿਆਂ ਨੂੰ ਉਸ ਨਾਲ ਕੰਮ ਕਰ ਕੇ ਮਿਲਦੀ ਸੀ? ਜੇ ਹਾਂ, ਤਾਂ ਤੁਸੀਂ ਵੀ ਪੌਲੁਸ ਰਸੂਲ ਵਾਂਗ ਕਹਿ ਸਕਦੇ ਹੋ: “ਅਸੀਂ ਤੁਹਾਡੀ ਖ਼ੁਸ਼ੀ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਵਾਲੇ ਹਾਂ।”​—2 ਕੁਰਿੰ. 1:24.