Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਲੇਵੀਆਂ 19:16 ਵਿਚ ਲਿਖਿਆ ਹੈ ਕਿ “ਤੁਸੀਂ ਆਪਣੇ ਗੁਆਂਢੀ ਦੀ ਜਾਨ ਦੇ ਦੁਸ਼ਮਣ ਨਾ ਬਣੋ।” ਇਸ ਦਾ ਕੀ ਮਤਲਬ ਹੈ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?

▪ ਯਹੋਵਾਹ ਚਾਹੁੰਦਾ ਸੀ ਕਿ ਇਜ਼ਰਾਈਲੀ ਪਵਿੱਤਰ ਰਹਿਣ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਸੇ ਨੂੰ ਬਦਨਾਮ ਕਰਨ ਲਈ ਇੱਧਰ-ਉੱਧਰ ਜਾ ਕੇ ਝੂਠੀਆਂ ਗੱਲਾਂ ਨਾ ਫੈਲਾਓ। ਤੁਸੀਂ ਆਪਣੇ ਗੁਆਂਢੀ ਦੀ ਜਾਨ ਦੇ ਦੁਸ਼ਮਣ ਨਾ ਬਣੋ। ਮੈਂ ਯਹੋਵਾਹ ਹਾਂ।”—ਲੇਵੀ. 19:2, 16.

ਜਿਨ੍ਹਾਂ ਇਬਰਾਨੀ ਸ਼ਬਦਾਂ ਦਾ ਅਨੁਵਾਦ ‘ਕਿਸੇ ਦੀ ਜਾਨ ਦੇ ਦੁਸ਼ਮਣ’ ਬਣਨਾ ਕੀਤਾ ਗਿਆ ਹੈ, ਉਹ ਇਕ ਮੁਹਾਵਰਾ ਹੈ। ਲੇਵੀਆਂ ਦੀ ਕਿਤਾਬ ਉੱਤੇ ਲਿਖੀ, ਇਕ ਕਿਤਾਬ ਵਿਚ ਦੱਸਿਆ ਗਿਆ ਹੈ: ‘ਆਇਤਾਂ ਦੇ ਇਸ ਹਿੱਸੇ ਨੂੰ ਸਮਝਣਾ ਇੰਨਾ ਸੌਖਾ ਨਹੀਂ ਕਿਉਂਕਿ ਅਸੀਂ ਇਸ ਇਬਰਾਨੀ ਮੁਹਾਵਰੇ ਦਾ ਅਸਲੀ ਮਤਲਬ ਨਹੀਂ ਜਾਣਦੇ।’

ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਇਨ੍ਹਾਂ ਸ਼ਬਦਾਂ ਦਾ ਸੰਬੰਧ ਆਇਤ 15 ਨਾਲ ਹੈ, ਜਿੱਥੇ ਲਿਖਿਆ ਹੈ: “ਤੁਸੀਂ ਕਿਸੇ ਨਾਲ ਅਨਿਆਂ ਨਾ ਕਰੋ। ਤੁਸੀਂ ਕਿਸੇ ਗ਼ਰੀਬ ਦਾ ਪੱਖ ਨਾ ਲਓ ਜਾਂ ਕਿਸੇ ਅਮੀਰ ਦੀ ਤਰਫ਼ਦਾਰੀ ਨਾ ਕਰੋ। ਤੁਸੀਂ ਆਪਣੇ ਗੁਆਂਢੀ ਨਾਲ ਨਿਆਂ ਕਰੋ।” (ਲੇਵੀ. 19:15) ਜੇ ਇੱਦਾਂ ਸੀ, ਤਾਂ ‘ਕਿਸੇ ਦੀ ਜਾਨ ਦੇ ਦੁਸ਼ਮਣ ਨਾ ਬਣਨ’ ਦਾ ਮਤਲਬ ਹੋ ਸਕਦਾ ਸੀ ਕਿ ਇਜ਼ਰਾਈਲੀਆਂ ਨੇ ਕਾਨੂੰਨੀ ਕਰਵਾਈ ਦੌਰਾਨ ਕਿਸੇ ਨਾਲ ਬੇਇਨਸਾਫ਼ੀ ਨਹੀਂ ਕਰਨੀ ਸੀ। ਨਾਲੇ ਉਨ੍ਹਾਂ ਨੇ ਕਾਰੋਬਾਰ ਅਤੇ ਪਰਿਵਾਰਕ ਮਾਮਲਿਆਂ ਵਿਚ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਸੀ। ਉਨ੍ਹਾਂ ਨੇ ਆਪਣੇ ਫ਼ਾਇਦੇ ਲਈ ਵੀ ਬੇਈਮਾਨੀ ਨਹੀਂ ਕਰਨੀ ਸੀ। ਇਹ ਸੱਚ ਹੈ ਕਿ ਸਾਨੂੰ ਵੀ ਇਹ ਸਾਰੇ ਕੰਮ ਨਹੀਂ ਕਰਨੇ ਚਾਹੀਦੇ, ਪਰ ਇਨ੍ਹਾਂ ਸ਼ਬਦਾਂ ਦੀ ਹੋਰ ਵੀ ਸਹੀ ਸਮਝ ਸਾਨੂੰ ਆਇਤ 16 ਤੋਂ ਮਿਲਦੀ ਹੈ।

ਆਇਤ 16 ਦੇ ਸ਼ੁਰੂ ਵਿਚ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਕਿਹਾ ਕਿ ਉਹ ਕਿਸੇ ਬਾਰੇ ਝੂਠੀਆਂ ਗੱਲਾਂ ਫੈਲਾ ਕੇ ਉਸ ਨੂੰ ਬਦਨਾਮ ਨਾ ਕਰਨ। ਕਿਸੇ ਨੂੰ ਬਦਨਾਮ ਕਰਨਾ ਉਸ ਬਾਰੇ ਗੱਪ-ਸ਼ੱਪ ਕਰਨ ਨਾਲੋਂ ਜ਼ਿਆਦਾ ਬੁਰਾ ਹੈ, ਭਾਵੇਂ ਕਿ ਗੱਪ-ਸ਼ੱਪ ਕਰਨ ਨਾਲ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। (ਕਹਾ. 10:19; ਉਪ. 10:12-14; 1 ਤਿਮੋ. 5:11-15; ਯਾਕੂ. 3:6) ਹੋ ਸਕਦਾ ਹੈ ਕਿ ਕਿਸੇ ਨੂੰ ਬਦਨਾਮ ਕਰਨ ਵਾਲਾ ਵਿਅਕਤੀ ਉਸ ਬਾਰੇ ਝੂਠੀ ਗਵਾਹੀ ਦੇਣ ਲਈ ਵੀ ਤਿਆਰ ਹੋ ਜਾਵੇ, ਫਿਰ ਚਾਹੇ ਇਸ ਨਾਲ ਦੂਸਰੇ ਵਿਅਕਤੀ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ। ਨਾਬੋਥ ਨਾਲ ਵੀ ਇੱਦਾਂ ਹੀ ਹੋਇਆ ਸੀ। ਕੁਝ ਲੋਕਾਂ ਨੇ ਉਸ ਬਾਰੇ ਝੂਠੀ ਗਵਾਹੀ ਦਿੱਤੀ ਜਿਸ ਕਰਕੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ। (1 ਰਾਜ. 21:8-13) ਤਾਂ ਫਿਰ ਲੇਵੀਆਂ 19:16 ਦੇ ਆਖ਼ਰੀ ਹਿੱਸੇ ਤੋਂ ਅਸੀਂ ਜਾਣਿਆ ਕਿ ਕਿਸੇ ਨੂੰ ਬਦਨਾਮ ਕਰਨ ਨਾਲ ਉਸ ਦੀ ਜਾਨ ਵੀ ਜਾ ਸਕਦੀ ਹੈ। ਇਸ ਤਰ੍ਹਾਂ ਬਦਨਾਮ ਕਰਨ ਵਾਲਾ ਵਿਅਕਤੀ ਉਸ ਦੀ ਜਾਨ ਦਾ ਦੁਸ਼ਮਣ ਬਣ ਜਾਂਦਾ ਹੈ।

ਸ਼ਾਇਦ ਕੋਈ ਨਫ਼ਰਤ ਕਰਨ ਕਰਕੇ ਵੀ ਕਿਸੇ ਨੂੰ ਬਦਨਾਮ ਕਰੇ। 1 ਯੂਹੰਨਾ 3:15 ਵਿਚ ਲਿਖਿਆ ਹੈ: “ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਕਾਤਲ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਕਾਤਲ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ।” ਧਿਆਨ ਦਿਓ ਕਿ ਕਿਸੇ ਦੀ ਜਾਨ ਦਾ ਦੁਸ਼ਮਣ ਨਾ ਬਣ, ਇਹ ਕਹਿਣ ਤੋਂ ਬਾਅਦ ਆਇਤ 17 ਵਿਚ ਯਹੋਵਾਹ ਨੇ ਕਿਹਾ: “ਤੁਸੀਂ ਆਪਣੇ ਦਿਲ ਵਿਚ ਆਪਣੇ ਭਰਾ ਲਈ ਨਫ਼ਰਤ ਨਾ ਪਾਲ਼ੋ।”—ਲੇਵੀ. 19:17.

ਲੇਵੀਆਂ 19:16 ਤੋਂ ਅਸੀਂ ਸਿੱਖਦੇ ਹਾਂ ਕਿ ਮਸੀਹੀਆਂ ਨੂੰ ਕਿਸੇ ਦੀ ਵੀ ਜਾਨ ਦਾ ਦੁਸ਼ਮਣ ਨਹੀਂ ਬਣਨਾ ਚਾਹੀਦਾ। ਸਾਨੂੰ ਨਾ ਤਾਂ ਕਿਸੇ ਬਾਰੇ ਬੁਰਾ ਸੋਚਣਾ ਚਾਹੀਦਾ ਤੇ ਨਾ ਹੀ ਕਿਸੇ ਨੂੰ ਬਦਨਾਮ ਕਰਨਾ ਚਾਹੀਦਾ। ਜੇ ਅਸੀਂ ਕਿਸੇ ਨੂੰ ਪਸੰਦ ਨਾ ਕਰਨ ਕਰਕੇ ਜਾਂ ਕਿਸੇ ਨਾਲ ਈਰਖਾ ਕਰਨ ਕਰਕੇ ਉਸ ਨੂੰ ਬਦਨਾਮ ਕਰਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਉਸ ਨਾਲ ਨਫ਼ਰਤ ਕਰਦੇ ਹਾਂ ਅਤੇ ਉਸ ਦੀ “ਜਾਨ ਦੇ ਦੁਸ਼ਮਣ” ਬਣਦੇ ਹਾਂ। ਇਸ ਲਈ ਮਸੀਹੀਆਂ ਨੂੰ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ।—ਮੱਤੀ 12:36, 37.