Skip to content

Skip to table of contents

ਕੀ ਤੁਸੀਂ ਯਹੋਵਾਹ ਦੀ ਸੋਚ ਅਪਣਾ ਰਹੇ ਹੋ?

ਕੀ ਤੁਸੀਂ ਯਹੋਵਾਹ ਦੀ ਸੋਚ ਅਪਣਾ ਰਹੇ ਹੋ?

“ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ।”​—ਰੋਮੀ. 12:2.

ਗੀਤ: 34, 43

1, 2. ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਨੇੜੇ ਜਾਂਦੇ ਹਾਂ, ਉੱਦਾਂ-ਉੱਦਾਂ ਅਸੀਂ ਕੀ ਕਰਨਾ ਸਿੱਖਦੇ ਹਾਂ? ਮਿਸਾਲ ਦਿਓ।

ਕਲਪਨਾ ਕਰੋ ਕਿ ਕੋਈ ਜਣਾ ਇਕ ਛੋਟੇ ਬੱਚੇ ਨੂੰ ਤੋਹਫ਼ਾ ਦਿੰਦਾ ਹੈ। ਬੱਚੇ ਦੇ ਮਾਪੇ ਉਸ ਨੂੰ ਕਹਿੰਦੇ ਹਨ, “ਚੱਲ ਥੈਂਕਯੂ ਕਹਿ।” ਉਹ ਇੱਦਾਂ ਹੀ ਕਰਦਾ ਹੈ ਕਿਉਂਕਿ ਮਾਪਿਆਂ ਨੇ ਉਸ ਨੂੰ ਇੱਦਾਂ ਕਰਨ ਲਈ ਕਿਹਾ ਸੀ। ਪਰ ਜਿੱਦਾਂ-ਜਿੱਦਾਂ ਬੱਚਾ ਵੱਡਾ ਹੁੰਦਾ ਹੈ, ਉਹ ਆਪਣੇ ਮਾਪਿਆਂ ਦੀ ਸੋਚ ਅਤੇ ਦੂਜਿਆਂ ਵੱਲੋਂ ਦਿਖਾਏ ਪਿਆਰ ਦੀ ਜ਼ਿਆਦਾ ਕਦਰ ਕਰਨ ਲੱਗ ਪੈਂਦਾ ਹੈ। ਕਿਉਂ? ਕਿਉਂਕਿ ਉਸ ਨੇ ਸ਼ੁਕਰਗੁਜ਼ਾਰ ਹੋਣਾ ਸਿੱਖਿਆ ਹੈ।

2 ਸਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਜਦੋਂ ਅਸੀਂ ਯਹੋਵਾਹ ਬਾਰੇ ਸਿੱਖਣਾ ਸ਼ੁਰੂ ਕੀਤਾ ਸੀ, ਤਾਂ ਅਸੀਂ ਸਿੱਖਿਆ ਸੀ ਕਿ ਉਸ ਦੇ ਬੁਨਿਆਦੀ ਹੁਕਮ ਮੰਨਣੇ ਕਿੰਨੇ ਜ਼ਰੂਰੀ ਹਨ। ਪਰ ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਨੇੜੇ ਜਾਂਦੇ ਹਾਂ, ਉੱਦਾਂ-ਉੱਦਾਂ ਅਸੀਂ ਉਸ ਦੀ ਸੋਚ ਬਾਰੇ ਹੋਰ ਸਿੱਖਦੇ ਹਾਂ ਯਾਨੀ ਉਸ ਨੂੰ ਕੀ ਪਸੰਦ ਹੈ ਤੇ ਕੀ ਨਹੀਂ ਅਤੇ ਉਹ ਹਰ ਮਾਮਲੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ। ਜਦੋਂ ਅਸੀਂ ਆਪਣੇ ਫ਼ੈਸਲਿਆਂ ਅਤੇ ਕੰਮਾਂ ’ਤੇ ਯਹੋਵਾਹ ਦੀ ਸੋਚ ਦਾ ਅਸਰ ਪੈਣ ਦਿੰਦੇ ਹਾਂ, ਤਾਂ ਅਸੀਂ ਉਸ ਦੀ ਸੋਚ ਅਪਣਾਉਂਦੇ ਹਾਂ।

3. ਯਹੋਵਾਹ ਵਰਗਾ ਨਜ਼ਰੀਆ ਅਪਣਾਉਣਾ ਔਖਾ ਕਿਉਂ ਹੋ ਸਕਦਾ ਹੈ?

3 ਭਾਵੇਂ ਸਾਨੂੰ ਯਹੋਵਾਹ ਦੀ ਸੋਚ ਨੂੰ ਸਿੱਖਣ ਵਿਚ ਮਜ਼ਾ ਆਉਂਦਾ ਹੈ, ਪਰ ਪਾਪੀ ਹੋਣ ਕਰਕੇ ਕਈ ਵਾਰ ਸਾਡੇ ਲਈ ਉਸ ਵਰਗਾ ਨਜ਼ਰੀਆ ਅਪਣਾਉਣਾ ਔਖਾ ਹੁੰਦਾ ਹੈ। ਮਿਸਾਲ ਲਈ, ਸਾਨੂੰ ਪਤਾ ਹੈ ਕਿ ਯਹੋਵਾਹ ਦਾ ਧਨ-ਦੌਲਤ ਤੇ ਚੀਜ਼ਾਂ, ਪ੍ਰਚਾਰ ਕੰਮ, ਲਹੂ ਦੀ ਕੁਵਰਤੋਂ, ਅਨੈਤਿਕ ਕੰਮਾਂ ਤੇ ਹੋਰ ਮਾਮਲਿਆਂ ਬਾਰੇ ਕੀ ਨਜ਼ਰੀਆ ਹੈ। ਪਰ ਸ਼ਾਇਦ ਸਾਡੇ ਲਈ ਇਹ ਸਮਝਣਾ ਮੁਸ਼ਕਲ ਹੋਵੇ ਕਿ ਇਨ੍ਹਾਂ ਮਾਮਲਿਆਂ ਪ੍ਰਤੀ ਉਸ ਦਾ ਇਸ ਤਰ੍ਹਾਂ ਦਾ ਨਜ਼ਰੀਆ ਕਿਉਂ ਹੈ। ਸੋ ਅਸੀਂ ਕਿੱਦਾਂ ਜ਼ਿਆਦਾ ਤੋਂ ਜ਼ਿਆਦਾ ਯਹੋਵਾਹ ਦੀ ਸੋਚ ਅਪਣਾਉਣੀ ਸਿੱਖ ਸਕਦੇ ਹਾਂ? ਇਹ ਸਾਡੀ ਹੁਣ ਤੇ ਭਵਿੱਖ ਵਿਚ ਸਹੀ ਫ਼ੈਸਲੇ ਲੈਣ ਵਿਚ ਕਿਵੇਂ ਮਦਦ ਕਰੇਗੀ?

ਪਰਮੇਸ਼ੁਰ ਦੀ ਸੋਚ ਕਿਵੇਂ ਅਪਣਾਈਏ?

4. ਆਪਣੀ ਸੋਚ ਨੂੰ ਬਦਲਣ ਦਾ ਕੀ ਮਤਲਬ ਹੈ?

4 ਰੋਮੀਆਂ 12:2 ਪੜ੍ਹੋ। ਇੱਥੇ ਪੌਲੁਸ ਰਸੂਲ ਨੇ ਸਮਝਾਇਆ ਕਿ ਯਹੋਵਾਹ ਵਰਗਾ ਨਜ਼ਰੀਆ ਅਪਣਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ। ਉਸ ਨੇ ਕਿਹਾ ਕਿ ਸਾਨੂੰ “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ” ਦੇਣੀ ਚਾਹੀਦੀ ਹੈ। ਅਸੀਂ ਪਿਛਲੇ ਲੇਖ ਵਿਚ ਸਿੱਖਿਆ ਸੀ ਕਿ ਇਸ ਦਾ ਮਤਲਬ ਹੈ ਕਿ ਸਾਨੂੰ ਦੁਨੀਆਂ ਦੇ ਵਿਚਾਰਾਂ ਤੇ ਰਵੱਈਏ ਨੂੰ ਠੁਕਰਾਉਣਾ ਚਾਹੀਦਾ ਹੈ। ਪਰ ਪੌਲੁਸ ਨੇ ਇਹ ਵੀ ਕਿਹਾ ਸੀ ਕਿ ਸਾਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ, ਉਸ ਦੇ ਵਿਚਾਰਾਂ ਨੂੰ ਸਮਝਣ, ਉਨ੍ਹਾਂ ’ਤੇ ਸੋਚ-ਵਿਚਾਰ ਕਰਨ ਅਤੇ ਉਸ ਦੀ ਸੋਚ ਨੂੰ ਅਪਣਾਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ।

5. ਅਧਿਐਨ ਕਰਨ ਦਾ ਕੀ ਮਤਲਬ ਹੈ?

5 ਅਧਿਐਨ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਿਰਫ਼ ਜਾਣਕਾਰੀ ਨੂੰ ਪੜ੍ਹੀਏ ਜਾਂ ਸਵਾਲਾਂ ਦੇ ਜਵਾਬਾਂ ਥੱਲੇ ਲਕੀਰਾਂ ਮਾਰੀਏ। ਜਦੋਂ ਅਸੀਂ ਅਧਿਐਨ ਕਰਦੇ ਹਾਂ, ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਪੜ੍ਹੀਆਂ ਗੱਲਾਂ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਿਆ, ਉਹ ਕੁਝ ਕੰਮ ਖ਼ਾਸ ਤਰੀਕੇ ਨਾਲ ਕਿਉਂ ਕਰਦਾ ਹੈ ਅਤੇ ਉਸ ਦੀ ਸੋਚ ਕੀ ਹੈ। ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਯਹੋਵਾਹ ਸਾਨੂੰ ਕੋਈ ਕੰਮ ਕਰਨ ਨੂੰ ਕਿਉਂ ਕਹਿੰਦਾ ਹੈ ਤੇ ਕੋਈ ਕੰਮ ਕਰਨ ਤੋਂ ਮਨ੍ਹਾ ਕਿਉਂ ਕਰਦਾ ਹੈ। ਸਾਨੂੰ ਇਹ ਵੀ ਗੌਰ ਕਰਨਾ ਚਾਹੀਦਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਅਤੇ ਸੋਚ ਵਿਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਸ਼ਾਇਦ ਇਹ ਮੁਮਕਿਨ ਨਾ ਹੋਵੇ ਕਿ ਅਧਿਐਨ ਕਰਦਿਆਂ ਅਸੀਂ ਹਰ ਵਾਰ ਇਨ੍ਹਾਂ ਸਾਰੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਸਕੀਏ। ਪਰ ਵਧੀਆ ਹੋਵੇਗਾ ਕਿ ਅਸੀਂ ਅੱਧਾ ਸਮਾਂ ਅਧਿਐਨ ਕਰਨ ਅਤੇ ਅੱਧਾ ਸਮਾਂ ਅਧਿਐਨ ਕੀਤੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ’ਤੇ ਲਾਈਏ।​—ਜ਼ਬੂ. 119:97; 1 ਤਿਮੋ. 4:15.

6. ਪਰਮੇਸ਼ੁਰ ਦੇ ਬਚਨ ’ਤੇ ਸੋਚ-ਵਿਚਾਰ ਕਰਨ ਨਾਲ ਕੀ ਹੋਵੇਗਾ?

6 ਪਰਮੇਸ਼ੁਰ ਦੇ ਬਚਨ ’ਤੇ ਬਾਕਾਇਦਾ ਸੋਚ-ਵਿਚਾਰ ਕਰਨ ਦਾ ਵਧੀਆ ਨਤੀਜਾ ਨਿਕਲਦਾ ਹੈ। ਉਹ ਕੀ ਹੈ? ਅਸੀਂ ‘ਆਪ ਦੇਖ ਸਕਦੇ ਹਾਂ’ ਯਾਨੀ ਆਪਣੇ ਆਪ ਨੂੰ ਯਕੀਨ ਦਿਵਾ ਸਕਦੇ ਹਾਂ ਕਿ ਯਹੋਵਾਹ ਦੀ ਸੋਚ ਉੱਤਮ ਹੈ। ਸੋਚ-ਵਿਚਾਰ ਕਰ ਕੇ ਸਾਨੂੰ ਪਤਾ ਲੱਗਦਾ ਹੈ ਕਿ ਵੱਖੋ-ਵੱਖਰੇ ਮਾਮਲਿਆਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ ਅਤੇ ਅਖ਼ੀਰ ਅਸੀਂ ਉਸ ਦੇ ਨਜ਼ਰੀਏ ਨੂੰ ਅਪਣਾ ਲੈਂਦੇ ਹਾਂ। ਸੋ ਅਸੀਂ ਆਪਣੀ ਸੋਚ ਬਦਲਦੇ ਹਾਂ ਅਤੇ ਨਵੇਂ ਤਰੀਕੇ ਨਾਲ ਸੋਚਣਾ ਸ਼ੁਰੂ ਕਰਦੇ ਹਾਂ। ਹੌਲੀ-ਹੌਲੀ ਅਸੀਂ ਯਹੋਵਾਹ ਦੀ ਸੋਚ ਅਪਣਾ ਲੈਂਦੇ ਹਾਂ।

ਸਾਡੀ ਸੋਚ ਦਾ ਸਾਡੇ ਕੰਮਾਂ ’ਤੇ ਅਸਰ ਪੈਂਦਾ ਹੈ

7, 8. (ੳ) ਯਹੋਵਾਹ ਦਾ ਧਨ-ਦੌਲਤ ਤੇ ਚੀਜ਼ਾਂ ਬਾਰੇ ਕਿਹੋ ਜਿਹਾ ਨਜ਼ਰੀਆ ਹੈ? (ਇਸ ਲੇਖ ਦੀਆਂ ਪਹਿਲੀਆਂ ਤਸਵੀਰਾਂ ਦੇਖੋ।) (ਅ) ਜੇ ਅਸੀਂ ਧਨ-ਦੌਲਤ ਤੇ ਚੀਜ਼ਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਾਂਗੇ, ਤਾਂ ਸਾਡੇ ਲਈ ਸਭ ਤੋਂ ਅਹਿਮ ਕੀ ਹੋਵੇਗਾ?

7 ਸਾਡੀ ਸੋਚ ਦਾ ਸਿਰਫ਼ ਸਾਡੀਆਂ ਭਾਵਨਾਵਾਂ ’ਤੇ ਹੀ ਨਹੀਂ, ਸਗੋਂ ਸਾਡੇ ਕੰਮਾਂ ’ਤੇ ਵੀ ਅਸਰ ਪੈਂਦਾ ਹੈ। (ਮਰ. 7:21-23; ਯਾਕੂ. 2:17) ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਕੁਝ ਮਿਸਾਲਾਂ ’ਤੇ ਗੌਰ ਕਰੀਏ। ਇਕ ਮਿਸਾਲ ਯਿਸੂ ਦੇ ਜਨਮ ਦੇ ਬਿਰਤਾਂਤ ਬਾਰੇ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਧਨ-ਦੌਲਤ ਤੇ ਚੀਜ਼ਾਂ ਬਾਰੇ ਕਿਹੋ ਜਿਹਾ ਨਜ਼ਰੀਆ ਹੈ। ਪਰਮੇਸ਼ੁਰ ਨੇ ਖ਼ੁਦ ਯੂਸੁਫ਼ ਤੇ ਮਰੀਅਮ ਨੂੰ ਆਪਣੇ ਬੇਟੇ ਦੀ ਪਰਵਰਿਸ਼ ਕਰਨ ਲਈ ਚੁਣਿਆ ਭਾਵੇਂ ਕਿ ਉਨ੍ਹਾਂ ਕੋਲ ਜ਼ਿਆਦਾ ਧਨ-ਦੌਲਤ ਨਹੀਂ ਸੀ। (ਲੇਵੀ. 12:8; ਲੂਕਾ 2:24) ਜਦੋਂ ਯਿਸੂ ਦਾ ਜਨਮ ਹੋਇਆ, ਤਾਂ ਮਰੀਅਮ ਨੇ “ਉਸ ਨੂੰ ਕੱਪੜੇ ਵਿਚ ਲਪੇਟ ਕੇ ਖੁਰਲੀ ਵਿਚ ਲੰਮਾ ਪਾ ਦਿੱਤਾ, ਕਿਉਂਕਿ ਉਨ੍ਹਾਂ ਨੂੰ ਮੁਸਾਫ਼ਰਖ਼ਾਨੇ ਵਿਚ ਰਹਿਣ ਲਈ ਜਗ੍ਹਾ ਨਹੀਂ ਮਿਲੀ ਸੀ।” (ਲੂਕਾ 2:7) ਜੇ ਯਹੋਵਾਹ ਚਾਹੁੰਦਾ, ਤਾਂ ਉਹ ਆਪਣੇ ਬੇਟੇ ਦੇ ਜਨਮ ਲਈ ਵਧੀਆ ਜਗ੍ਹਾ ਦਾ ਪ੍ਰਬੰਧ ਕਰ ਸਕਦਾ ਸੀ। ਪਰ ਉਹ ਚਾਹੁੰਦਾ ਸੀ ਕਿ ਯਿਸੂ ਦੀ ਪਰਵਰਿਸ਼ ਉਸ ਪਰਿਵਾਰ ਵਿਚ ਹੋਵੇ ਜਿੱਥੇ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦਿੱਤੀ ਜਾਂਦੀ ਸੀ। ਯਹੋਵਾਹ ਲਈ ਇਹ ਗੱਲ ਸਭ ਤੋਂ ਜ਼ਿਆਦਾ ਮਾਅਨੇ ਰੱਖਦੀ ਸੀ।

8 ਯਿਸੂ ਦੇ ਜਨਮ ਦੇ ਇਸ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਧਨ-ਦੌਲਤ ਤੇ ਚੀਜ਼ਾਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ। ਕੁਝ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਕੋਲ ਸਭ ਤੋਂ ਵਧੀਆ ਚੀਜ਼ਾਂ ਹੋਣ ਭਾਵੇਂ ਇਨ੍ਹਾਂ ਕਰਕੇ ਬੱਚਿਆਂ ਦਾ ਯਹੋਵਾਹ ਨਾਲ ਰਿਸ਼ਤਾ ਖ਼ਰਾਬ ਹੀ ਕਿਉਂ ਨਾ ਹੋ ਜਾਵੇ। ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਨਾਲ ਸਾਡਾ ਰਿਸ਼ਤਾ ਸਭ ਤੋਂ ਅਹਿਮ ਹੈ। ਕੀ ਇਸ ਮਾਮਲੇ ਸੰਬੰਧੀ ਤੁਸੀਂ ਯਹੋਵਾਹ ਦਾ ਨਜ਼ਰੀਆ ਅਪਣਾਇਆ ਹੈ? ਤੁਹਾਡੇ ਕੰਮਾਂ ਤੋਂ ਕੀ ਪਤਾ ਲੱਗਦਾ ਹੈ?​—ਇਬਰਾਨੀਆਂ 13:5 ਪੜ੍ਹੋ।

9, 10. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਦੂਜਿਆਂ ਨੂੰ ਠੋਕਰ ਖੁਆਉਣ ਸੰਬੰਧੀ ਸਾਡਾ ਨਜ਼ਰੀਆ ਵੀ ਯਹੋਵਾਹ ਵਰਗਾ ਹੈ?

9 ਦੂਜੀ ਮਿਸਾਲ ਹੈ ਕਿ ਯਹੋਵਾਹ ਉਸ ਵਿਅਕਤੀ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ ਜੋ ਦੂਜਿਆਂ ਨੂੰ ਠੋਕਰ ਖੁਆਉਂਦਾ ਹੈ ਯਾਨੀ ਜਿਸ ਕਰਕੇ ਦੂਜੇ ਪਾਪ ਕਰ ਬੈਠਦੇ ਹਨ ਜਾਂ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੰਦੇ ਹਨ। ਯਿਸੂ ਨੇ ਕਿਹਾ: “ਜੇ ਮੇਰੇ ਉੱਤੇ ਨਿਹਚਾ ਕਰਨ ਵਾਲੇ ਇਨ੍ਹਾਂ ਨਿਮਾਣਿਆਂ ਵਿੱਚੋਂ ਕੋਈ ਕਿਸੇ ਇਨਸਾਨ ਕਰਕੇ ਨਿਹਚਾ ਕਰਨੀ ਛੱਡ ਦਿੰਦਾ ਹੈ, ਤਾਂ ਉਸ ਇਨਸਾਨ ਲਈ ਚੰਗਾ ਹੋਵੇਗਾ ਕਿ ਉਸ ਦੇ ਗਲ਼ ਵਿਚ ਚੱਕੀ ਦਾ ਪੁੜ ਪਾ ਕੇ ਸਮੁੰਦਰ ਵਿਚ ਸੁੱਟ ਦਿੱਤਾ ਜਾਵੇ।” (ਮਰ. 9:42) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਦੂਜਿਆਂ ਨੂੰ ਠੋਕਰ ਖੁਆਉਣ ਦੇ ਮਾਮਲੇ ਨੂੰ ਕਿੰਨਾ ਗੰਭੀਰ ਸਮਝਦਾ ਹੈ! ਸਾਨੂੰ ਪਤਾ ਹੈ ਕਿ ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜਦੋਂ ਕਿਸੇ ਦੇ ਕੰਮਾਂ ਕਰਕੇ ਯਿਸੂ ਦੇ ਚੇਲੇ ਨੂੰ ਠੋਕਰ ਲੱਗਦੀ ਹੈ, ਤਾਂ ਯਹੋਵਾਹ ਵੀ ਇਸ ਮਾਮਲੇ ਨੂੰ ਗੰਭੀਰ ਸਮਝਦਾ ਹੈ।​—ਯੂਹੰ. 14:9.

10 ਕੀ ਦੂਜਿਆਂ ਨੂੰ ਠੋਕਰ ਖੁਆਉਣ ਸੰਬੰਧੀ ਸਾਡਾ ਨਜ਼ਰੀਆ ਯਹੋਵਾਹ ਤੇ ਯਿਸੂ ਵਰਗਾ ਹੈ? ਸਾਡੇ ਕੰਮਾਂ ਤੋਂ ਕੀ ਪਤਾ ਲੱਗਦਾ ਹੈ? ਮਿਸਾਲ ਲਈ, ਸ਼ਾਇਦ ਸਾਨੂੰ ਕਿਸੇ ਖ਼ਾਸ ਸਟਾਈਲ ਦੇ ਕੱਪੜੇ ਪਾਉਣੇ ਤੇ ਹਾਰ-ਸ਼ਿੰਗਾਰ ਕਰਨਾ ਵਧੀਆ ਲੱਗਦਾ ਹੋਵੇ। ਪਰ ਜੇ ਸਾਨੂੰ ਪਤਾ ਹੈ ਕਿ ਸਾਡੇ ਕੱਪੜਿਆਂ ਕਰਕੇ ਮੰਡਲੀ ਦੇ ਕੁਝ ਮਸੀਹੀ ਪਰੇਸ਼ਾਨ ਹੋ ਸਕਦੇ ਹਨ ਜਾਂ ਉਨ੍ਹਾਂ ਦੇ ਮਨ ਵਿਚ ਅਨੈਤਿਕ ਖ਼ਿਆਲ ਆ ਸਕਦੇ ਹਨ, ਤਾਂ ਉਦੋਂ ਅਸੀਂ ਕੀ ਕਰਾਂਗੇ? ਕੀ ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਅਸੀਂ ਖ਼ਾਸ ਸਟਾਈਲ ਦੇ ਕੱਪੜੇ ਪਾਉਣ ਤੇ ਹਾਰ-ਸ਼ਿੰਗਾਰ ਨਾ ਕਰਨ ਲਈ ਪ੍ਰੇਰਿਤ ਨਹੀਂ ਹੋਵਾਂਗੇ?​—1 ਤਿਮੋ. 2:9, 10.

11, 12. ਜੇ ਅਸੀਂ ਸੰਜਮ ਪੈਦਾ ਕਰਨਾ ਅਤੇ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਨੀ ਸਿੱਖਦੇ ਹਾਂ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ, ਤਾਂ ਸਾਡੀ ਰਾਖੀ ਕਿਵੇਂ ਹੋਵੇਗੀ?

11 ਤੀਜੀ ਮਿਸਾਲ: ਯਹੋਵਾਹ ਬੁਰਾਈ ਤੋਂ ਨਫ਼ਰਤ ਕਰਦਾ ਹੈ। (ਯਸਾ. 61:8) ਦਰਅਸਲ, ਉਹ ਜਾਣਦਾ ਹੈ ਕਿ ਪਾਪੀ ਹੋਣ ਕਰਕੇ ਕਈ ਵਾਰ ਸਾਡੇ ਲਈ ਸਹੀ ਕੰਮ ਕਰਨੇ ਮੁਸ਼ਕਲ ਹੁੰਦੇ ਹਨ। ਪਰ ਫਿਰ ਵੀ ਉਹ ਚਾਹੁੰਦਾ ਹੈ ਕਿ ਅਸੀਂ ਉਸ ਵਾਂਗ ਸੋਚੀਏ ਅਤੇ ਬੁਰਾਈ ਤੋਂ ਨਫ਼ਰਤ ਕਰੀਏ। (ਜ਼ਬੂਰਾਂ ਦੀ ਪੋਥੀ 97:10 ਪੜ੍ਹੋ।) ਜੇ ਅਸੀਂ ਇਸ ਗੱਲ ’ਤੇ ਸੋਚ-ਵਿਚਾਰ ਕਰਾਂਗੇ ਕਿ ਯਹੋਵਾਹ ਬੁਰਾਈ ਤੋਂ ਨਫ਼ਰਤ ਕਿਉਂ ਕਰਦਾ ਹੈ, ਤਾਂ ਅਸੀਂ ਉਸ ਵਰਗਾ ਨਜ਼ਰੀਆ ਅਪਣਾ ਸਕਾਂਗੇ ਅਤੇ ਸਾਨੂੰ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਤਾਕਤ ਮਿਲੇਗੀ ਜਿਨ੍ਹਾਂ ਤੋਂ ਉਹ ਨਫ਼ਰਤ ਕਰਦਾ ਹੈ।

12 ਜੇ ਅਸੀਂ ਬੁਰਾਈ ਨਾਲ ਨਫ਼ਰਤ ਕਰਨੀ ਸਿੱਖਾਂਗੇ, ਤਾਂ ਸਾਡੀ ਇਹ ਵੀ ਜਾਣਨ ਵਿਚ ਮਦਦ ਹੋਵੇਗੀ ਕਿ ਕੁਝ ਕੰਮ ਗ਼ਲਤ ਕਿਉਂ ਹਨ ਭਾਵੇਂ ਕਿ ਉਨ੍ਹਾਂ ਕੰਮਾਂ ਬਾਰੇ ਬਾਈਬਲ ਵਿਚ ਸਾਫ਼-ਸਾਫ਼ ਨਹੀਂ ਦੱਸਿਆ ਗਿਆ। ਮਿਸਾਲ ਲਈ, ਲੈੱਪ ਡਾਂਸਿਗ ਨਾਂ ਦਾ ਨਾਚ ਦੁਨੀਆਂ ਵਿਚ ਆਮ ਹੁੰਦਾ ਜਾ ਰਿਹਾ ਹੈ ਜਿਸ ਵਿਚ ਬਦਚਲਣੀ ਸ਼ਾਮਲ ਹੈ। ਕੁਝ ਲੋਕ ਮੰਨਦੇ ਹਨ ਕਿ ਇਹ ਕਿਸੇ ਨਾਲ ਸੈਕਸ ਕਰਨ ਦੇ ਬਰਾਬਰ ਨਹੀਂ ਹੈ। ਇਸ ਲਈ ਉਹ ਸੋਚਦੇ ਹਨ ਕਿ ਇਸ ਨੂੰ ਕਰਨਾ ਕੋਈ ਗ਼ਲਤ ਨਹੀਂ ਹੈ। * ਪਰ ਕੀ ਯਹੋਵਾਹ ਵੀ ਇਸ ਬਾਰੇ ਇੱਦਾਂ ਹੀ ਸੋਚਦਾ ਹੈ? ਯਾਦ ਰੱਖੋ, ਯਹੋਵਾਹ ਹਰ ਤਰ੍ਹਾਂ ਦੀ ਬੁਰਾਈ ਤੋਂ ਨਫ਼ਰਤ ਕਰਦਾ ਹੈ। ਇਸ ਲਈ ਆਓ ਆਪਾਂ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰਹਿਣ ਲਈ ਆਪਣੇ ਵਿਚ ਸੰਜਮ ਪੈਦਾ ਕਰਨਾ ਅਤੇ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਨੀ ਸਿੱਖੀਏ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ।​—ਰੋਮੀ. 12:9.

ਹੁਣੇ ਸੋਚੋ ਕਿ ਤੁਸੀਂ ਭਵਿੱਖ ਵਿਚ ਕੀ ਕਰੋਗੇ

13. ਭਵਿੱਖ ਵਿਚ ਸਹੀ ਫ਼ੈਸਲੇ ਲੈਣ ਲਈ ਸਾਨੂੰ ਹੁਣ ਤੋਂ ਹੀ ਹਰ ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਕਿਉਂ ਦੇਖਣਾ ਚਾਹੀਦਾ ਹੈ?

13 ਅਧਿਐਨ ਕਰਦਿਆਂ ਸੋਚੋ ਕਿ ਯਹੋਵਾਹ ਹਰ ਮਾਮਲੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ ਕਿਉਂਕਿ ਇਸ ਨਾਲ ਤੁਹਾਡੀ ਭਵਿੱਖ ਵਿਚ ਸਹੀ ਫ਼ੈਸਲੇ ਕਰਨ ਵਿਚ ਮਦਦ ਹੋਵੇਗੀ। ਫਿਰ ਜੇ ਕਦੇ ਸਾਨੂੰ ਕਿਸੇ ਹਾਲਾਤ ਵਿਚ ਇਕਦਮ ਫ਼ੈਸਲਾ ਲੈਣਾ ਪਵੇ, ਤਾਂ ਅਸੀਂ ਤਿਆਰ ਹੋਵਾਂਗੇ ਕਿ ਅਸੀਂ ਕੀ ਕਰਨਾ ਹੈ। (ਕਹਾ. 22:3) ਆਓ ਆਪਾਂ ਬਾਈਬਲ ਦੀਆਂ ਕੁਝ ਮਿਸਾਲਾਂ ’ਤੇ ਗੌਰ ਕਰੀਏ।

14. ਪੋਟੀਫ਼ਰ ਦੀ ਪਤਨੀ ਨੂੰ ਦਿੱਤੇ ਯੂਸੁਫ਼ ਦੇ ਜਵਾਬ ਤੋਂ ਅਸੀਂ ਕੀ ਸਿੱਖਦੇ ਹਾਂ?

14 ਜਦੋਂ ਪੋਟੀਫ਼ਰ ਦੀ ਪਤਨੀ ਨੇ ਯੂਸੁਫ਼ ਨੂੰ ਸਰੀਰਕ ਸੰਬੰਧ ਬਣਾਉਣ ਲਈ ਭਰਮਾਇਆ, ਤਾਂ ਉਸ ਨੇ ਇਕਦਮ ਇਨਕਾਰ ਕਰ ਕੀਤਾ। ਬਿਨਾਂ ਸ਼ੱਕ, ਯੂਸੁਫ਼ ਨੇ ਸੋਚ-ਵਿਚਾਰ ਕੀਤਾ ਹੋਣਾ ਕਿ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਸੰਬੰਧੀ ਯਹੋਵਾਹ ਕਿਹੋ ਜਿਹਾ ਨਜ਼ਰੀਆ ਰੱਖਦਾ। (ਉਤਪਤ 39:8, 9 ਪੜ੍ਹੋ।) ਯੂਸੁਫ਼ ਨੇ ਪੋਟੀਫ਼ਰ ਦੀ ਪਤਨੀ ਨੂੰ ਕਿਹਾ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਪਰਮੇਸ਼ੁਰ ਦਾ ਨਜ਼ਰੀਆ ਅਪਣਾਇਆ ਸੀ। ਸਾਡੇ ਬਾਰੇ ਕੀ? ਜੇ ਤੁਹਾਡੇ ਨਾਲ ਕੰਮ ਕਰਨ ਵਾਲਾ ਤੁਹਾਡੇ ਨਾਲ ਅੱਖ-ਮਟੱਕਾ ਕਰੇ, ਤਾਂ ਤੁਸੀਂ ਕੀ ਕਰੋਗੇ? ਜਾਂ ਉਦੋਂ ਕੀ ਜੇ ਕੋਈ ਤੁਹਾਨੂੰ ਫ਼ੋਨ ’ਤੇ ਅਸ਼ਲੀਲ ਮੈਸਿਜ ਜਾਂ ਤਸਵੀਰ ਭੇਜੇ? * ਜੇ ਅਸੀਂ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਪਹਿਲਾਂ ਤੋਂ ਹੀ ਯਹੋਵਾਹ ਦੇ ਨਜ਼ਰੀਏ ਬਾਰੇ ਸਿੱਖਿਆ ਹੋਇਆ ਹੈ, ਉਸ ਦਾ ਨਜ਼ਰੀਆ ਅਪਣਾਇਆ ਹੋਇਆ ਹੈ ਅਤੇ ਫ਼ੈਸਲਾ ਕੀਤਾ ਹੋਇਆ ਹੈ ਕਿ ਅਸੀਂ ਕੀ ਕਰਾਂਗੇ, ਤਾਂ ਸਾਡੇ ਲਈ ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣਾ ਜ਼ਿਆਦਾ ਸੌਖਾ ਹੋਵੇਗਾ।

15. ਅਸੀਂ ਇਬਰਾਨੀ ਮੁੰਡਿਆਂ ਵਾਂਗ ਯਹੋਵਾਹ ਦੇ ਵਫ਼ਾਦਾਰ ਕਿਵੇਂ ਬਣੇ ਰਹਿ ਸਕਦੇ ਹਾਂ?

15 ਆਓ ਹੁਣ ਆਪਾਂ ਤਿੰਨ ਇਬਰਾਨੀ ਮੁੰਡਿਆਂ ਦੀ ਮਿਸਾਲ ’ਤੇ ਵੀ ਸੋਚ-ਵਿਚਾਰ ਕਰੀਏ ਜਿਨ੍ਹਾਂ ਨੂੰ ਸ਼ਦਰਕ, ਮੇਸ਼ਕ ਤੇ ਅਬਦਨਗੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਦੋਂ ਰਾਜਾ ਨਬੂਕਦਨੱਸਰ ਨੇ ਹੁਕਮ ਦਿੱਤਾ ਕਿ ਉਹ ਉਸ ਮੂਰਤੀ ਨੂੰ ਮੱਥਾ ਟੇਕਣ ਜਿਸ ਨੂੰ ਉਸ ਨੇ ਖੜ੍ਹੀ ਕਰਾਇਆ ਸੀ, ਤਾਂ ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਇਨਕਾਰ ਕੀਤਾ। ਰਾਜੇ ਨੂੰ ਦਿੱਤੇ ਜਵਾਬ ਤੋਂ ਸਾਫ਼-ਸਾਫ਼ ਪਤਾ ਲੱਗਦਾ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਸੋਚਿਆ ਹੋਇਆ ਸੀ ਕਿ ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਸੀ। (ਕੂਚ 20:4, 5; ਦਾਨੀ. 3:4-6, 12, 16-18) ਅੱਜ ਸਾਡੇ ਬਾਰੇ ਕੀ? ਜੇ ਤੁਹਾਡਾ ਮਾਲਕ ਤੁਹਾਨੂੰ ਕੋਈ ਤਿਉਹਾਰ ਮਨਾਉਣ ਲਈ ਪੈਸੇ ਦਾਨ ਕਰਨ ਲਈ ਕਹੇ, ਤਾਂ ਤੁਸੀਂ ਕੀ ਕਰੋਗੇ? ਇੱਦਾਂ ਦੇ ਹਾਲਾਤ ਪੈਦਾ ਹੋਣ ਦਾ ਇੰਤਜ਼ਾਰ ਕਰਨ ਦੀ ਬਜਾਇ ਹੁਣੇ ਹੀ ਸੋਚ-ਵਿਚਾਰ ਕਰੋ ਕਿ ਇੱਦਾਂ ਦੇ ਮਾਮਲਿਆਂ ਪ੍ਰਤੀ ਯਹੋਵਾਹ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ। ਫਿਰ ਜੇ ਕਦੇ ਤੁਸੀਂ ਇਸ ਤਰ੍ਹਾਂ ਦੇ ਕਿਸੇ ਹਾਲਾਤ ਵਿਚ ਹੋਵੋ, ਤਾਂ ਤੁਹਾਡੇ ਲਈ ਇਬਰਾਨੀ ਮੁੰਡਿਆਂ ਵਾਂਗ ਸਹੀ ਕੰਮ ਕਰਨਾ ਤੇ ਸਹੀ ਜਵਾਬ ਦੇਣਾ ਹੋਰ ਸੌਖਾ ਹੋਵੇਗਾ।

ਕੀ ਤੁਸੀਂ ਖੋਜਬੀਨ ਕੀਤੀ ਹੈ, ਇਲਾਜ ਸੰਬੰਧੀ ਕਾਨੂੰਨੀ ਦਸਤਾਵੇਜ਼ ਭਰਿਆ ਹੈ ਅਤੇ ਆਪਣੇ ਡਾਕਟਰ ਨਾਲ ਗੱਲ ਕੀਤੀ ਹੈ? (ਪੈਰਾ 16 ਦੇਖੋ)

16. ਯਹੋਵਾਹ ਦੇ ਨਜ਼ਰੀਏ ’ਤੇ ਸੋਚ-ਵਿਚਾਰ ਕਰਨ ਕਰਕੇ ਸਾਡੀ ਉਦੋਂ ਕਿਵੇਂ ਮਦਦ ਹੋ ਸਕਦੀ ਹੈ ਜਦੋਂ ਸਾਨੂੰ ਅਚਾਨਕ ਇਲਾਜ ਕਰਾਉਣਾ ਪਵੇ?

16 ਯਹੋਵਾਹ ਦੇ ਨਜ਼ਰੀਏ ’ਤੇ ਸੋਚ-ਵਿਚਾਰ ਕਰਨ ਕਰਕੇ ਸਾਡੀ ਉਦੋਂ ਵੀ ਉਸ ਦੇ ਵਫ਼ਾਦਾਰ ਬਣੇ ਰਹਿਣ ਵਿਚ ਮਦਦ ਹੋ ਸਕਦੀ ਹੈ ਜਦੋਂ ਸਾਨੂੰ ਅਚਾਨਕ ਇਲਾਜ ਕਰਾਉਣਾ ਪਵੇ। ਬਿਨਾਂ ਸ਼ੱਕ, ਅਸੀਂ ਸੁਧਾ ਲਹੂ ਜਾਂ ਲਹੂ ਦੇ ਚਾਰ ਮੁੱਖ ਤੱਤਾਂ ਨੂੰ ਨਾ ਲੈਣ ਦਾ ਪੱਕਾ ਇਰਾਦਾ ਕੀਤਾ ਹੈ। (ਰਸੂ. 15:28, 29) ਪਰ ਲਹੂ ਦੇ ਮਾਮਲੇ ਵਿਚ ਕੁਝ ਇਸ ਤਰ੍ਹਾਂ ਦੀਆਂ ਵਿਧੀਆਂ ਹਨ ਜਿਨ੍ਹਾਂ ਬਾਰੇ ਹਰ ਮਸੀਹੀ ਨੂੰ ਖ਼ੁਦ ਬਾਈਬਲ ਦੇ ਅਸੂਲਾਂ ਦੇ ਆਧਾਰ ’ਤੇ ਫ਼ੈਸਲਾ ਕਰਨ ਦੀ ਲੋੜ ਹੈ। ਫ਼ੈਸਲਾ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ? ਕੀ ਉਦੋਂ ਜਦੋਂ ਅਸੀਂ ਹਸਪਤਾਲ ਵਿਚ ਦਰਦ ਨਾਲ ਤੜਫ਼ ਰਹੇ ਹੋਈਏ ਤੇ ਸਾਡੇ ’ਤੇ ਇਕਦਮ ਫ਼ੈਸਲਾ ਕਰਨ ਦਾ ਦਬਾਅ ਹੋਵੇ? ਬਿਲਕੁਲ ਨਹੀਂ। ਹੁਣ ਹੀ ਸਮਾਂ ਹੈ ਕਿ ਅਸੀਂ ਖੋਜਬੀਨ ਕਰੀਏ ਤੇ ਇਲਾਜ ਸੰਬੰਧੀ ਆਪਣਾ ਕਾਨੂੰਨੀ ਦਸਤਾਵੇਜ਼ ਭਰੀਏ ਜਿਸ ’ਤੇ ਸਾਫ਼-ਸਾਫ਼ ਸਮਝਾਇਆ ਗਿਆ ਹੈ ਕਿ ਅਸੀਂ ਕਿਹੜਾ ਇਲਾਜ ਕਰਾਉਣਾ ਚਾਹੁੰਦੇ ਹਾਂ। ਨਾਲੇ ਅਸੀਂ ਆਪਣੇ ਡਾਕਟਰ ਨਾਲ ਵੀ ਗੱਲ ਕਰੀਏ। *

17-19. ਹੁਣ ਤੋਂ ਹੀ ਮਾਮਲਿਆਂ ਸੰਬੰਧੀ ਯਹੋਵਾਹ ਦੇ ਨਜ਼ਰੀਏ ਬਾਰੇ ਸਿੱਖਣਾ ਕਿਉਂ ਜ਼ਰੂਰੀ ਹੈ? ਇਕ ਮਿਸਾਲ ਦਿਓ।

17 ਅਖ਼ੀਰ ਵਿਚ ਜ਼ਰਾ ਯਿਸੂ ਦੇ ਜਵਾਬ ’ਤੇ ਗੌਰ ਕਰੋ ਜੋ ਉਸ ਨੇ ਪਤਰਸ ਦੀ ਨਾਸਮਝੀ ਵਾਲੀ ਸਲਾਹ ਦੇਣ ’ਤੇ ਦਿੱਤਾ ਸੀ: “ਪ੍ਰਭੂ, ਆਪਣੇ ’ਤੇ ਤਰਸ ਖਾ, ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।” ਬਿਨਾਂ ਸ਼ੱਕ, ਯਿਸੂ ਨੇ ਪਹਿਲਾਂ ਤੋਂ ਹੀ ਸੋਚ-ਵਿਚਾਰ ਕੀਤਾ ਹੋਣਾ ਕਿ ਪਰਮੇਸ਼ੁਰ ਉਸ ਤੋਂ ਕੀ ਚਾਹੁੰਦਾ ਸੀ ਅਤੇ ਉਨ੍ਹਾਂ ਭਵਿੱਖਬਾਣੀਆਂ ’ਤੇ ਵੀ ਜੋ ਉਸ ਦੀ ਜ਼ਿੰਦਗੀ ਤੇ ਮੌਤ ਬਾਰੇ ਸਨ। ਇਸ ਜਾਣਕਾਰੀ ਕਰਕੇ ਉਸ ਨੂੰ ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣ ਅਤੇ ਸਾਡੇ ਸਾਰਿਆਂ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਦੀ ਤਾਕਤ ਮਿਲੀ।​—ਮੱਤੀ 16:21-23 ਪੜ੍ਹੋ।

18 ਅੱਜ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਦੇ ਦੋਸਤ ਬਣੀਏ ਅਤੇ ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ। (ਮੱਤੀ 6:33; 28:19, 20; ਯਾਕੂ. 4:8) ਪਰ ਕੁਝ ਲੋਕ ਚੰਗੇ ਇਰਾਦੇ ਨਾਲ ਸ਼ਾਇਦ ਸਾਨੂੰ ਇਹ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨ ਜਿੱਦਾਂ ਪਤਰਸ ਨੇ ਯਿਸੂ ਨਾਲ ਕੀਤਾ ਸੀ। ਮਿਸਾਲ ਲਈ, ਉਦੋਂ ਕੀ ਜੇ ਤੁਹਾਡਾ ਮਾਲਕ ਤੁਹਾਨੂੰ ਹੋਰ ਵਧੀਆ ਨੌਕਰੀ ਦੀ ਪੇਸ਼ਕਸ਼ ਕਰੇ ਜਿਸ ਦੇ ਜ਼ਿਆਦਾ ਪੈਸੇ ਮਿਲਣਗੇ, ਪਰ ਤੁਹਾਨੂੰ ਆਪਣਾ ਉਹ ਸਮਾਂ ਕੰਮ ’ਤੇ ਲਾਉਣਾ ਪਵੇਗਾ ਜੋ ਤੁਸੀਂ ਹੁਣ ਸਭਾਵਾਂ ਤੇ ਪ੍ਰਚਾਰ ਵਿਚ ਲਾਉਂਦੇ ਹੋ? ਜਾਂ ਜੇ ਤੁਸੀਂ ਸਕੂਲ ਵਿਚ ਹੋ, ਤਾਂ ਮੰਨ ਲਓ ਤੁਹਾਨੂੰ ਆਪਣਾ ਘਰ ਛੱਡ ਕੇ ਕਿਸੇ ਹੋਰ ਸਕੂਲ ਵਿਚ ਵਧੀਆ ਪੜ੍ਹਾਈ ਕਰਨ ਦਾ ਮੌਕਾ ਮਿਲੇ। ਜੇ ਇੱਦਾਂ ਹੋਵੇ, ਤਾਂ ਕੀ ਫ਼ੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਪ੍ਰਾਰਥਨਾ ਕਰਨ, ਖੋਜਬੀਨ ਕਰਨ ਅਤੇ ਆਪਣੇ ਪਰਿਵਾਰ ਜਾਂ ਬਜ਼ੁਰਗਾਂ ਨਾਲ ਗੱਲ ਕਰਨ ਦੀ ਲੋੜ ਨਹੀਂ ਹੋਵੇਗੀ? ਵਧੀਆ ਹੋਵੇਗਾ ਜੇ ਤੁਸੀਂ ਹੁਣ ਤੋਂ ਹੀ ਇਨ੍ਹਾਂ ਮਾਮਲਿਆਂ ਸੰਬੰਧੀ ਯਹੋਵਾਹ ਦੇ ਨਜ਼ਰੀਏ ਬਾਰੇ ਸਿੱਖੋ ਅਤੇ ਉਸ ਦੇ ਨਜ਼ਰੀਏ ਨੂੰ ਅਪਣਾਓ। ਫਿਰ ਜੇ ਕਦੇ ਤੁਹਾਨੂੰ ਇੱਦਾਂ ਦੀ ਕੋਈ ਪੇਸ਼ਕਸ਼ ਕੀਤੀ ਜਾਵੇ, ਤਾਂ ਸ਼ਾਇਦ ਹੀ ਤੁਸੀਂ ਇਸ ਦੇ ਲਾਲਚ ਵਿਚ ਆਓ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਤੁਸੀਂ ਕੀ ਕਰਨਾ ਹੈ ਕਿਉਂਕਿ ਤੁਸੀਂ ਪਹਿਲਾਂ ਤੋਂ ਹੀ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਫ਼ੈਸਲਾ ਕੀਤਾ ਹੈ।

19 ਤੁਸੀਂ ਹੋਰ ਹਾਲਾਤਾਂ ਬਾਰੇ ਵੀ ਸੋਚ ਸਕਦੇ ਹੋ ਜਿਨ੍ਹਾਂ ਵਿਚ ਸ਼ਾਇਦ ਅਚਾਨਕ ਯਹੋਵਾਹ ਪ੍ਰਤੀ ਤੁਹਾਡੀ ਵਫ਼ਾਦਾਰੀ ਪਰਖੀ ਜਾਵੇ। ਬਿਨਾਂ ਸ਼ੱਕ, ਅਸੀਂ ਹਰ ਹਾਲਾਤ ਲਈ ਤਿਆਰ ਨਹੀਂ ਹੋ ਸਕਦੇ। ਪਰ ਜੇ ਅਸੀਂ ਅਧਿਐਨ ਕਰਦੇ ਹੋਏ ਯਹੋਵਾਹ ਦੇ ਨਜ਼ਰੀਏ ’ਤੇ ਸੋਚ-ਵਿਚਾਰ ਕਰਾਂਗੇ, ਤਾਂ ਸਾਨੂੰ ਸਿੱਖੀਆਂ ਗੱਲਾਂ ਯਾਦ ਰਹਿਣਗੀਆਂ ਅਤੇ ਹਰ ਹਾਲਾਤ ਵਿਚ ਸਹੀ ਫ਼ੈਸਲੇ ਕਰਨ ਲਈ ਇਸ ਜਾਣਕਾਰੀ ਨੂੰ ਵਰਤ ਸਕਾਂਗੇ। ਸੋ ਆਓ ਆਪਾਂ ਅਧਿਐਨ ਕਰਦਿਆਂ ਹਰ ਮਾਮਲੇ ਵਿਚ ਯਹੋਵਾਹ ਦੇ ਨਜ਼ਰੀਏ ਨੂੰ ਜਾਣੀਏ, ਉਸ ਦੇ ਨਜ਼ਰੀਏ ਨੂੰ ਅਪਣਾਈਏ ਅਤੇ ਸੋਚੀਏ ਕਿ ਇਹ ਗੱਲਾਂ ਸਾਡੀ ਹੁਣ ਤੇ ਭਵਿੱਖ ਵਿਚ ਸਹੀ ਫ਼ੈਸਲੇ ਲੈਣ ਵਿਚ ਕਿਵੇਂ ਮਦਦ ਕਰਨਗੀਆਂ।

ਯਹੋਵਾਹ ਦਾ ਨਜ਼ਰੀਆ ਤੇ ਤੁਹਾਡਾ ਭਵਿੱਖ

20, 21. (ੳ) ਅਸੀਂ ਨਵੀਂ ਦੁਨੀਆਂ ਵਿਚ ਆਜ਼ਾਦੀ ਦਾ ਮਜ਼ਾ ਕਿਉਂ ਲਵਾਂਗੇ? (ਅ) ਅਸੀਂ ਹੁਣ ਵੀ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ?

20 ਅਸੀਂ ਸਾਰੇ ਜਣੇ ਨਵੀਂ ਦੁਨੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਸਾਡੇ ਵਿੱਚੋਂ ਜ਼ਿਆਦਾਤਰ ਜਣਿਆਂ ਦੀ ਉਮੀਦ ਸੋਹਣੀ ਧਰਤੀ ’ਤੇ ਹਮੇਸ਼ਾ ਰਹਿਣ ਦੀ ਹੈ। ਪਰਮੇਸ਼ੁਰ ਦੇ ਰਾਜ ਅਧੀਨ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੁੱਖਾਂ-ਤਕਲੀਫ਼ਾਂ ਤੋਂ ਆਜ਼ਾਦੀ ਮਿਲੇਗੀ ਜੋ ਅੱਜ ਅਸੀਂ ਇਸ ਦੁਨੀਆਂ ਵਿਚ ਸਹਿ ਰਹੇ ਹਾਂ। ਬਿਨਾਂ ਸ਼ੱਕ, ਸਾਡੇ ਕੋਲ ਨਵੀਂ ਦੁਨੀਆਂ ਵਿਚ ਵੀ ਆਪਣੀ ਪਸੰਦ ਤੇ ਇੱਛਾ ਮੁਤਾਬਕ ਫ਼ੈਸਲੇ ਕਰਨ ਦੀ ਆਜ਼ਾਦੀ ਹੋਵੇਗੀ।

21 ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਡੀ ਆਜ਼ਾਦੀ ਦੀ ਕੋਈ ਹੱਦ ਨਹੀਂ ਹੋਵੇਗੀ। ਜਦੋਂ ਨਿਮਰ ਲੋਕਾਂ ਨੂੰ ਸਹੀ-ਗ਼ਲਤ ਵਿਚ ਫ਼ੈਸਲਾ ਕਰਨਾ ਪਵੇਗਾ, ਤਾਂ ਉਹ ਯਹੋਵਾਹ ਦੇ ਕਾਨੂੰਨਾਂ ਅਤੇ ਉਸ ਦੀ ਸੋਚ ਦੇ ਆਧਾਰ ’ਤੇ ਫ਼ੈਸਲੇ ਕਰਨਗੇ। ਇੱਦਾਂ ਕਰਕੇ ਉਹ ਬਹੁਤ ਖ਼ੁਸ਼ੀ ਤੇ ਸ਼ਾਂਤੀ ਪਾਉਣਗੇ। (ਜ਼ਬੂ. 37:11) ਉਹ ਸਮਾਂ ਆਉਣ ਤਕ ਅਸੀਂ ਹੁਣ ਵੀ ਯਹੋਵਾਹ ਦਾ ਨਜ਼ਰੀਆ ਅਪਣਾ ਕੇ ਖ਼ੁਸ਼ੀ ਪਾ ਸਕਦੇ ਹਾਂ।

^ ਪੈਰਾ 12 ਲੈੱਪ ਡਾਂਸਿਗ ਵਿਚ ਡਾਂਸਰ ਗਾਹਕ ਦੇ ਪੱਟਾਂ ’ਤੇ ਬੈਠ ਕੇ ਗੰਦੇ ਤਰੀਕੇ ਨਾਲ ਨੱਚਦਾ ਹੈ ਅਤੇ ਡਾਂਸਰ ਅੱਧਾ ਨੰਗਾ ਹੁੰਦਾ ਹੈ। ਜੇ ਕੋਈ ਮਸੀਹੀ ਇਸ ਤਰ੍ਹਾਂ ਦੇ ਮਾਮਲੇ ਵਿਚ ਸ਼ਾਮਲ ਹੈ, ਤਾਂ ਬਜ਼ੁਰਗ ਸਾਰੀ ਜਾਣਕਾਰੀ ਲੈ ਕੇ ਫ਼ੈਸਲਾ ਕਰਨਗੇ ਕਿ ਉਸ ਮਸੀਹੀ ਨੇ ਬਦਚਲਣੀ ਕੀਤੀ ਹੈ ਜਾਂ ਨਹੀਂ ਅਤੇ ਫ਼ੈਸਲਾ ਕਰਨਗੇ ਕਿ ਉਨ੍ਹਾਂ ਨੂੰ ਨਿਆਂ ਕਮੇਟੀ ਬਿਠਾਉਣ ਦੀ ਲੋੜ ਹੈ ਜਾਂ ਨਹੀਂ। ਜੇ ਕਿਸੇ ਮਸੀਹੀ ਨੇ ਇਸ ਤਰ੍ਹਾਂ ਕੀਤਾ ਹੈ, ਤਾਂ ਉਸ ਨੂੰ ਬਜ਼ੁਰਗਾਂ ਤੋਂ ਮਦਦ ਮੰਗਣੀ ਚਾਹੀਦੀ ਹੈ।​—ਯਾਕੂ. 5:14, 15.

^ ਪੈਰਾ 14 ਮੋਬਾਇਲ ਰਾਹੀਂ ਅਸ਼ਲੀਲ ਮੈਸਿਜ, ਫੋਟੋਆਂ ਜਾਂ ਵੀਡੀਓ ਭੇਜਣ ਨੂੰ ਸੈਕਸਟਿੰਗ ਕਿਹਾ ਜਾਂਦਾ ਹੈ। ਸੈਕਸਟਿੰਗ ਦੇ ਕੁਝ ਮਾਮਲਿਆਂ ਵਿਚ ਨਿਆਂ ਕਮੇਟੀ ਬਿਠਾਉਣੀ ਵੀ ਜ਼ਰੂਰੀ ਹੋ ਸਕਦੀ ਹੈ। ਕੁਝ ਮਾਮਲਿਆਂ ਵਿਚ ਸੈਕਸਟਿੰਗ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰੀ ਅਧਿਕਾਰੀਆਂ ਨੇ ਯੌਨ ਸ਼ੌਸ਼ਣ ਲਈ ਦੋਸ਼ੀ ਠਹਿਰਾਇਆ ਹੈ। ਹੋਰ ਜਾਣਕਾਰੀ ਲਈ jw.org ਵੈੱਬਸਾਈਟ ’ਤੇ ਜਾਓ ਅਤੇ “Young People Ask—What Should I Know About Sexting?” ਨਾਂ ਦਾ ਲੇਖ ਆਨ-ਲਾਈਨ ਪੜ੍ਹੋ। (Bible Teachings > Teenagers ਹੇਠਾਂ ਦੇਖੋ।) ਜਨਵਰੀ-ਮਾਰਚ 2014 ਦੇ ਜਾਗਰੂਕ ਬਣੋ! (ਹਿੰਦੀ) ਦੇ ਸਫ਼ੇ 4-5 ’ਤੇ “ਆਪਣੇ ਬੱਚੇ ਨਾਲ ਸੈਕਸਟਿੰਗ ਦੇ ਬਾਰੇ ਗੱਲ ਕਿਵੇਂ ਕਰੀਏ” ਨਾਂ ਦਾ ਲੇਖ ਪੜ੍ਹੋ।

^ ਪੈਰਾ 16 ਬਾਈਬਲ ਦੇ ਢੁਕਵੇਂ ਅਸੂਲਾਂ ਬਾਰੇ ਸਾਡੇ ਪ੍ਰਕਾਸ਼ਨਾਂ ਵਿਚ ਚਰਚਾ ਕੀਤੀ ਗਈ ਹੈ। ਮਿਸਾਲ ਲਈ, ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀ ਕਿਤਾਬ ਦੇ ਸਫ਼ੇ 215-218 ਦੇਖੋ।