Skip to content

Skip to table of contents

“ਸਤ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ”

“ਸਤ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ”

“ਸਤ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ, ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ।”​—ਕਹਾ. 23:23.

ਗੀਤ: 37, 34

1, 2. (ੳ) ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਅਨਮੋਲ ਚੀਜ਼ ਕਿਹੜੀ ਹੈ? (ਅ) ਸਾਡੇ ਲਈ ਕਿਹੜੀਆਂ ਸੱਚਾਈਆਂ ਅਨਮੋਲ ਹਨ ਅਤੇ ਕਿਉਂ? (ਇਸ ਲੇਖ ਦੀ ਪਹਿਲੀਆਂ ਤਸਵੀਰਾਂ ਦੇਖੋ।)

ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਅਨਮੋਲ ਚੀਜ਼ ਕਿਹੜੀ ਹੈ? ਯਹੋਵਾਹ ਦੇ ਲੋਕ ਹੋਣ ਕਰਕੇ ਸਾਡੇ ਲਈ ਸਭ ਤੋਂ ਅਨਮੋਲ ਚੀਜ਼ ਹੈ, ਉਸ ਨਾਲ ਸਾਡਾ ਰਿਸ਼ਤਾ। ਅਸੀਂ ਕਦੀ ਵੀ ਕਿਸੇ ਹੋਰ ਚੀਜ਼ ਦੇ ਬਦਲੇ ਇਸ ਨੂੰ ਨਹੀਂ ਵੇਚਾਂਗੇ। ਅਸੀਂ ਬਾਈਬਲ ਦੀਆਂ ਸੱਚਾਈਆਂ ਨੂੰ ਵੀ ਅਨਮੋਲ ਸਮਝਦੇ ਹਾਂ ਕਿਉਂਕਿ ਇਨ੍ਹਾਂ ਕਰਕੇ ਹੀ ਅਸੀਂ ਯਹੋਵਾਹ ਦੇ ਦੋਸਤ ਬਣ ਸਕੇ ਹਾਂ।​—ਕੁਲੁ. 1:9, 10.

2 ਮਹਾਨ ਸਿੱਖਿਅਕ ਹੋਣ ਕਰਕੇ ਯਹੋਵਾਹ ਸਾਨੂੰ ਆਪਣੇ ਬਚਨ ਬਾਈਬਲ ਤੋਂ ਬਹੁਤ ਸਾਰੀਆਂ ਅਨਮੋਲ ਸੱਚਾਈਆਂ ਸਿਖਾਉਂਦਾ ਹੈ। ਪਰਮੇਸ਼ੁਰ ਸਾਨੂੰ ਆਪਣੇ ਨਾਂ ਦੀ ਅਹਿਮੀਅਤ ਅਤੇ ਆਪਣੇ ਸ਼ਾਨਦਾਰ ਗੁਣਾਂ ਬਾਰੇ ਸਿਖਾਉਂਦਾ ਹੈ। ਉਹ ਸਾਨੂੰ ਸਿਖਾਉਂਦਾ ਹੈ ਕਿ ਸਾਡੇ ਸਾਰਿਆਂ ਨਾਲ ਪਿਆਰ ਹੋਣ ਕਰਕੇ ਉਸ ਨੇ ਆਪਣੇ ਪਿਆਰੇ ਪੁੱਤਰ ਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ। ਯਹੋਵਾਹ ਸਾਨੂੰ ਮਸੀਹ ਦੇ ਰਾਜ ਬਾਰੇ ਵੀ ਸਿਖਾਉਂਦਾ ਹੈ। ਉਹ ਚੁਣੇ ਹੋਇਆਂ ਨੂੰ ਸਵਰਗ ਜਾਣ ਦੀ ਅਤੇ “ਹੋਰ ਭੇਡਾਂ” ਨੂੰ ਸੋਹਣੀ ਧਰਤੀ ਉੱਤੇ ਰਹਿਣ ਦੀ ਉਮੀਦ ਦਿੰਦਾ ਹੈ। (ਯੂਹੰ. 10:16) ਯਹੋਵਾਹ ਸਾਨੂੰ ਦੱਸਦਾ ਹੈ ਕਿ ਸਾਨੂੰ ਜ਼ਿੰਦਗੀ ਕਿੱਦਾਂ ਗੁਜ਼ਾਰਨੀ ਚਾਹੀਦੀ ਹੈ। ਇਹ ਸੱਚਾਈਆਂ ਸਾਡੇ ਲਈ ਇਕ ਅਨਮੋਲ ਖ਼ਜ਼ਾਨੇ ਵਾਂਗ ਹਨ ਕਿਉਂਕਿ ਇਨ੍ਹਾਂ ਕਰਕੇ ਅਸੀਂ ਆਪਣੇ ਸਿਰਜਣਹਾਰ ਦੇ ਨੇੜੇ ਜਾਂਦੇ ਹਾਂ ਅਤੇ ਇਹ ਸਾਨੂੰ ਜ਼ਿੰਦਗੀ ਵਿਚ ਮਕਸਦ ਦਿੰਦੀਆਂ ਹਨ।

3. ਕੀ ਯਹੋਵਾਹ ਸੱਚਾਈ ਸਿਖਾਉਣ ਲਈ ਸਾਡੇ ਕੋਲੋਂ ਪੈਸੇ ਮੰਗਦਾ ਹੈ?

3 ਯਹੋਵਾਹ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ। ਉਹ ਇੰਨੇ ਖੁੱਲ੍ਹੇ ਦਿਲ ਵਾਲਾ ਹੈ ਕਿ ਉਸ ਨੇ ਸਾਡੇ ਲਈ ਆਪਣੇ ਪੁੱਤਰ ਨੂੰ ਕੁਰਬਾਨ ਕਰ ਦਿੱਤਾ। ਜਦੋਂ ਯਹੋਵਾਹ ਕਿਸੇ ਨੂੰ ਸੱਚਾਈ ਦੀ ਤਲਾਸ਼ ਕਰਦੇ ਹੋਏ ਦੇਖਦਾ ਹੈ, ਤਾਂ ਉਹ ਸੱਚਾਈ ਜਾਣਨ ਵਿਚ ਉਸ ਦੀ ਮਦਦ ਕਰਦਾ ਹੈ। ਉਹ ਕਦੀ ਵੀ ਸੱਚਾਈ ਸਿਖਾਉਣ ਲਈ ਸਾਡੇ ਕੋਲੋਂ ਪੈਸਿਆਂ ਦੀ ਮੰਗ ਨਹੀਂ ਕਰਦਾ। ਇਕ ਵਾਰ ਸ਼ਮਊਨ ਨਾਂ ਦੇ ਇਕ ਆਦਮੀ ਨੇ ਪਤਰਸ ਰਸੂਲ ਨੂੰ ਕਿਹਾ ਕਿ ਜੇ ਉਹ ਉਸ ਨੂੰ ਪਵਿੱਤਰ ਸ਼ਕਤੀ ਦੇਣ ਦਾ ਅਧਿਕਾਰ ਦੇ ਦੇਵੇ, ਤਾਂ ਉਹ ਇਸ ਦੇ ਬਦਲੇ ਪਤਰਸ ਨੂੰ ਪੈਸੇ ਦੇਵੇਗਾ। ਪਤਰਸ ਨੇ ਸਮਝਾਇਆ ਕਿ ਉਸ ਦੀ ਸੋਚ ਗ਼ਲਤ ਸੀ ਅਤੇ ਕਿਹਾ: “ਤੂੰ ਅਤੇ ਤੇਰੇ ਚਾਂਦੀ ਦੇ ਪੈਸੇ ਨਾਸ਼ ਹੋ ਜਾਣ ਕਿਉਂਕਿ ਤੂੰ ਉਸ ਦਾਤ ਨੂੰ ਪੈਸਿਆਂ ਨਾਲ ਖ਼ਰੀਦਣ ਬਾਰੇ ਸੋਚਿਆ ਜੋ ਪਰਮੇਸ਼ੁਰ ਮੁਫ਼ਤ ਵਿਚ ਦਿੰਦਾ ਹੈ।”​—ਰਸੂ. 8:18-20.

ਸੱਚਾਈ “ਮੁੱਲ” ਲੈਣ ਦਾ ਕੀ ਮਤਲਬ ਹੈ?

4. ਇਸ ਲੇਖ ਵਿਚ ਅਸੀਂ ਸੱਚਾਈ ਬਾਰੇ ਕੀ ਸਿੱਖਾਂਗੇ?

4 ਕਹਾਉਤਾਂ 23:23 ਪੜ੍ਹੋ। ਬਾਈਬਲ ਦੀਆਂ ਸੱਚਾਈਆਂ ਸਿੱਖਣ ਲਈ ਮਿਹਨਤ ਕਰਨੀ ਪੈਂਦੀ ਹੈ। ਸੱਚਾਈ ਸਿੱਖਣ ਲਈ ਸਾਨੂੰ ਤਿਆਗ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। “ਸਤ ਨੂੰ ਮੁੱਲ” ਲੈਣ ਯਾਨੀ ਸੱਚਾਈ ਸਿੱਖਣ ਤੋਂ ਬਾਅਦ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਕਦੀ ਵੀ ਇਸ ਨੂੰ ‘ਵੇਚੀਏ ਨਾ’ ਯਾਨੀ ਛੱਡੀਏ ਨਾ। ਅਸੀਂ ਬਾਈਬਲ ਦੀ ਸੱਚਾਈ ਕਿਵੇਂ “ਮੁੱਲ” ਲੈਂਦੇ ਹਾਂ? ਇਸ ਦੀ ਕਿੰਨੀ ਕੀਮਤ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਸੱਚਾਈ ਨੂੰ ਹੋਰ ਜ਼ਿਆਦਾ ਅਨਮੋਲ ਸਮਝਣ ਵਿਚ ਸਾਡੀ ਮਦਦ ਕਰਨਗੇ ਅਤੇ ਸਾਡਾ ਇਰਾਦਾ ਹੋਰ ਪੱਕਾ ਕਰਨਗੇ ਕਿ ਅਸੀਂ ਇਸ ਨੂੰ ਕਦੇ ਨਾ ਛੱਡੀਏ। ਅਸੀਂ ਇਹ ਗੱਲ ਵੀ ਸਮਝਾਂਗੇ ਕਿ ਯਹੋਵਾਹ ਵੱਲੋਂ ਮਿਲੀ ਸੱਚਾਈ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਅਨਮੋਲ ਕਿਉਂ ਹੈ।

5, 6. (ੳ) ਪੈਸਿਆਂ ਤੋਂ ਬਿਨਾਂ ਅਸੀਂ ਸੱਚਾਈ ਕਿਵੇਂ ਖ਼ਰੀਦ ਸਕਦੇ ਹਾਂ? ਸਮਝਾਓ। (ਅ) ਸੱਚਾਈ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

5 ਕਿਸੇ ਚੀਜ਼ ਦੇ ਮੁਫ਼ਤ ਹੋਣ ਦਾ ਇਹ ਮਤਲਬ ਨਹੀਂ ਕਿ ਇਸ ਦੀ ਕੋਈ ਕੀਮਤ ਨਹੀਂ ਹੁੰਦੀ। ਕਹਾਉਤਾਂ 23:23 ਵਿਚ ਦੱਸੇ ਇਬਰਾਨੀ ਸ਼ਬਦ “ਮੁੱਲ” ਲੈਣ ਦਾ ਮਤਲਬ “ਹਾਸਲ” ਕਰਨਾ ਵੀ ਹੋ ਸਕਦਾ ਹੈ। ਦੋਵੇਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਅਨਮੋਲ ਚੀਜ਼ ਨੂੰ ਪਾਉਣ ਲਈ ਮਿਹਨਤ ਕਰਨੀ ਪੈਂਦੀ ਹੈ ਜਾਂ ਕਿਸੇ ਤਰ੍ਹਾਂ ਦਾ ਤਿਆਗ ਕਰਨਾ ਪੈਂਦਾ ਹੈ। ਪਰ ਇਸ ਦਾ ਮਤਲਬ ਹਮੇਸ਼ਾ ਪੈਸੇ ਨਾਲ ਖ਼ਰੀਦਣਾ ਹੀ ਨਹੀਂ ਹੁੰਦਾ। ਸੱਚਾਈ ਖ਼ਰੀਦਣ ਦੀ ਗੱਲ ਨੂੰ ਅਸੀਂ ਇਕ ਮਿਸਾਲ ਰਾਹੀਂ ਸਮਝ ਸਕਦੇ ਹਾਂ। ਕਲਪਨਾ ਕਰੋ ਕਿ ਬਾਜ਼ਾਰ ਵਿਚ ਕੇਲੇ ਮੁਫ਼ਤ ਮਿਲ ਰਹੇ ਹਨ। ਕੀ ਅਸੀਂ ਇਹ ਉਮੀਦ ਰੱਖ ਸਕਦੇ ਹਾਂ ਕਿ ਕੇਲੇ ਆਪਣੇ ਆਪ ਹੀ ਚੱਲ ਕੇ ਸਾਡੇ ਘਰ ਆ ਜਾਣਗੇ? ਨਹੀਂ, ਸਾਨੂੰ ਬਾਜ਼ਾਰ ਜਾਣਾ ਪਵੇਗਾ। ਸੋ ਭਾਵੇਂ ਕੇਲੇ ਮੁਫ਼ਤ ਹਨ, ਪਰ ਇਨ੍ਹਾਂ ਨੂੰ ਲੈਣ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਸੱਚਾਈ ਸਿੱਖਣ ਲਈ ਸਾਨੂੰ ਪੈਸੇ ਨਹੀਂ ਦੇਣੇ ਪੈਂਦੇ, ਪਰ ਇਸ ਲਈ ਸਾਨੂੰ ਮਿਹਨਤ ਅਤੇ ਤਿਆਗ ਕਰਨੇ ਪੈਂਦੇ ਹਨ।

6 ਯਸਾਯਾਹ 55:1-3 ਪੜ੍ਹੋ। ਇਨ੍ਹਾਂ ਆਇਤਾਂ ਵਿਚ ਯਹੋਵਾਹ ਸਾਡੀ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਸੱਚਾਈ “ਮੁੱਲ” ਲੈਣ ਦਾ ਕੀ ਮਤਲਬ ਹੈ। ਯਹੋਵਾਹ ਆਪਣੇ ਬਚਨ ਦੀ ਤੁਲਨਾ ਪਾਣੀ, ਦੁੱਧ ਅਤੇ ਮਧ ਯਾਨੀ ਦਾਖਰਸ ਨਾਲ ਕਰਦਾ ਹੈ। ਜਿੱਦਾਂ ਪਾਣੀ ਕਿਸੇ ਪਿਆਸੇ ਨੂੰ ਤਰੋ-ਤਾਜ਼ਾ ਕਰਦਾ ਹੈ, ਉੱਦਾਂ ਹੀ ਸੱਚਾਈ ਸਾਨੂੰ ਤਰੋ-ਤਾਜ਼ਾ ਕਰਦੀ ਹੈ। ਜਿੱਦਾਂ ਦੁੱਧ ਨਾਲ ਸਾਨੂੰ ਤਾਕਤ ਮਿਲਦੀ ਹੈ ਅਤੇ ਬੱਚੇ ਵਧਦੇ-ਫੁੱਲਦੇ ਹਨ, ਉੱਦਾਂ ਹੀ ਬਾਈਬਲ ਦੀ ਸੱਚਾਈ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਦੀ ਹੈ। ਯਹੋਵਾਹ ਆਪਣੇ ਬਚਨ ਦੀ ਤੁਲਨਾ ਦਾਖਰਸ ਨਾਲ ਵੀ ਕਰਦਾ ਹੈ। ਕਿਉਂ? ਬਾਈਬਲ ਕਹਿੰਦੀ ਹੈ ਕਿ ਦਾਖਰਸ ਲੋਕਾਂ ਨੂੰ ਖ਼ੁਸ਼ ਕਰਦਾ ਹੈ। (ਜ਼ਬੂ. 104:15) ਇਸ ਲਈ ਜਦੋਂ ਯਹੋਵਾਹ ਸਾਨੂੰ ਕਹਿੰਦਾ ਹੈ ਕਿ ‘ਮਧ ਮੁੱਲ’ ਲੈ ਲਓ, ਤਾਂ ਉਸ ਦਾ ਮਤਲਬ ਹੈ ਕਿ ਅਸੀਂ ਉਸ ਦੀ ਅਗਵਾਈ ਵਿਚ ਚੱਲੀਏ। ਉਸ ਦੀ ਅਗਵਾਈ ਵਿਚ ਚੱਲ ਕੇ ਹੀ ਅਸੀਂ ਖ਼ੁਸ਼ ਰਹਾਂਗੇ। (ਜ਼ਬੂ. 19:8) ਇਸ ਤਰ੍ਹਾਂ ਤੁਲਨਾ ਕਰ ਕੇ ਯਹੋਵਾਹ ਸਾਡੀ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਜਦੋਂ ਅਸੀਂ ਸੱਚਾਈ ਸਿੱਖਦੇ ਹਾਂ ਅਤੇ ਇਸ ਨੂੰ ਲਾਗੂ ਕਰਦੇ ਹਾਂ, ਤਾਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ। ਆਓ ਆਪਾਂ ਪੰਜ ਚੀਜ਼ਾਂ ’ਤੇ ਗੌਰ ਕਰੀਏ ਜਿਨ੍ਹਾਂ ਰਾਹੀਂ ਅਸੀਂ ਸੱਚਾਈ “ਮੁੱਲ” ਲੈ ਸਕਦੇ ਹਾਂ।

ਸੱਚਾਈ ਮੁੱਲ ਲੈਣ ਲਈ ਤੁਸੀਂ ਕਿਹੜੇ ਤਿਆਗ ਕੀਤੇ ਹਨ?

7, 8. (ੳ) ਸਾਨੂੰ ਸੱਚਾਈ ਸਿੱਖਣ ਲਈ ਸਮਾਂ ਕਿਉਂ ਲਾਉਣਾ ਚਾਹੀਦਾ ਹੈ? (ਅ) ਇਕ ਨੌਜਵਾਨ ਕੁੜੀ ਨੇ ਕਿਹੜਾ ਤਿਆਗ ਕੀਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

7 ਸਮਾਂ। ਰਾਜ ਦਾ ਸੰਦੇਸ਼ ਸੁਣਨ, ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨ, ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨ, ਸਭਾਵਾਂ ਦੀ ਤਿਆਰੀ ਕਰਨ ਅਤੇ ਸਭਾਵਾਂ ’ਤੇ ਜਾਣ ਲਈ ਸਮਾਂ ਲੱਗਦਾ ਹੈ। ਇਹ ਸਭ ਕਰਨ ਲਈ ਸਾਨੂੰ ‘ਸਮੇਂ ਨੂੰ ਖ਼ਰੀਦਣਾ’ ਯਾਨੀ ਉਹ ਸਮਾਂ ਵਰਤਣਾ ਚਾਹੀਦਾ ਹੈ ਜੋ ਅਸੀਂ ਹੋਰ ਗ਼ੈਰ-ਜ਼ਰੂਰੀ ਕੰਮਾਂ ਵਿਚ ਲਾਉਂਦੇ ਹਾਂ। (ਅਫ਼ਸੀਆਂ 5:15, 16 ਅਤੇ ਫੁਟਨੋਟ ਪੜ੍ਹੋ।) ਬਾਈਬਲ ਦੀਆਂ ਬੁਨਿਆਦੀ ਸੱਚਾਈਆਂ ਸਿੱਖਣ ਲਈ ਕਿੰਨਾ ਸਮਾਂ ਲੱਗਦਾ ਹੈ? ਇਹ ਹਰੇਕ ਵਿਅਕਤੀ ਦੇ ਹਾਲਾਤਾਂ ’ਤੇ ਨਿਰਭਰ ਕਰਦਾ ਹੈ। ਯਹੋਵਾਹ ਦੀ ਬੁੱਧ, ਉਸ ਦੇ ਰਾਹਾਂ ਅਤੇ ਉਸ ਦੇ ਕੰਮਾਂ ਬਾਰੇ ਜਾਣਨ ਦੀ ਕੋਈ ਹੱਦ ਨਹੀਂ ਹੈ। (ਰੋਮੀ. 11:33) ਪਹਿਰਾਬੁਰਜ ਦੇ ਸਭ ਤੋਂ ਪਹਿਲੇ ਅੰਕ ਵਿਚ ਸੱਚਾਈ ਦੀ ਤੁਲਨਾ “ਇਕ ਛੋਟੇ ਜਿਹੇ ਫੁੱਲ” ਨਾਲ ਕੀਤੀ ਗਈ ਅਤੇ ਕਿਹਾ: “ਸੱਚਾਈ ਦੇ ਇੱਕੋ ਫੁੱਲ ਨਾਲ ਸੰਤੁਸ਼ਟ ਨਾ ਹੋਵੋ। ਜੇ ਇੱਕੋ ਹੀ ਕਾਫ਼ੀ ਹੁੰਦਾ, ਤਾਂ ਹੋਰ ਫੁੱਲ ਹੁੰਦੇ ਹੀ ਨਾ। ਇਨ੍ਹਾਂ ਨੂੰ ਇਕੱਠੇ ਕਰਦੇ ਜਾਓ, ਹੋਰ ਲੱਭਦੇ ਜਾਓ।” ਇਸ ਲਈ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਮੈਂ ਯਹੋਵਾਹ ਬਾਰੇ ਕਿੰਨਾ ਕੁ ਸਿੱਖ ਲਿਆ ਹੈ?’ ਭਾਵੇਂ ਅਸੀਂ ਹਮੇਸ਼ਾ ਲਈ ਜੀਉਂਦੇ ਰਹੀਏ, ਫਿਰ ਵੀ ਅਸੀਂ ਹਮੇਸ਼ਾ ਯਹੋਵਾਹ ਬਾਰੇ ਸਿੱਖਦੇ ਰਹਾਂਗੇ। ਪਰ ਅੱਜ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਹਾਲਾਤਾਂ ਅਨੁਸਾਰ ਸਮੇਂ ਦੀ ਸਮਝਦਾਰੀ ਨਾਲ ਵਰਤੋਂ ਕਰੀਏ ਅਤੇ ਸੱਚਾਈ ਸਿੱਖਣ ਵਿਚ ਆਪਣੀ ਪੂਰੀ ਵਾਹ ਲਾਈਏ। ਇਕ ਮਿਸਾਲ ’ਤੇ ਧਿਆਨ ਦਿਓ ਜਿਸ ਨੇ ਇੱਦਾਂ ਕੀਤਾ।

8 ਜਪਾਨ ਦੀ ਰਹਿਣ ਵਾਲੀ ਮਾਰੀਕੋ * ਨਾਂ ਦੀ ਇਕ ਨੌਜਵਾਨ ਕੁੜੀ ਪੜ੍ਹਾਈ ਕਰਨ ਲਈ ਨਿਊਯਾਰਕ ਚਲੀ ਗਈ। ਇਕ ਦਿਨ ਇਕ ਪਾਇਨੀਅਰ ਭੈਣ ਪ੍ਰਚਾਰ ਕਰਦੀ ਹੋਈ ਉਸ ਦੇ ਘਰ ਗਈ। ਮਾਰੀਕੋ ਪਹਿਲਾਂ ਹੀ ਇਕ ਧਰਮ ਦੀ ਮੈਂਬਰ ਸੀ, ਪਰ ਉਸ ਨੇ ਭੈਣ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਸਿੱਖੀਆਂ ਗੱਲਾਂ ਇੰਨੀਆਂ ਚੰਗੀਆਂ ਲੱਗੀਆਂ ਕਿ ਉਸ ਨੇ ਹਫ਼ਤੇ ਵਿਚ ਦੋ ਵਾਰ ਸਟੱਡੀ ਕਰਨ ਲਈ ਪੁੱਛਿਆ। ਮਾਰੀਕੋ ਨੇ ਛੇਤੀ ਸਭਾਵਾਂ ’ਤੇ ਜਾਣਾ ਸ਼ੁਰੂ ਕਰ ਦਿੱਤਾ ਭਾਵੇਂ ਕਿ ਉਹ ਪੜ੍ਹਾਈ ਅਤੇ ਪਾਰਟ-ਟਾਈਮ ਕੰਮ ਕਰਨ ਕਰਕੇ ਬਹੁਤ ਜ਼ਿਆਦਾ ਵਿਅਸਤ ਸੀ। ਉਹ ਮਨੋਰੰਜਨ ਕਰਨ ਵਿਚ ਘੱਟ ਸਮਾਂ ਲਾਉਂਦੀ ਸੀ ਤਾਂਕਿ ਯਹੋਵਾਹ ਬਾਰੇ ਸਿੱਖਣ ਲਈ ਉਸ ਕੋਲ ਜ਼ਿਆਦਾ ਸਮਾਂ ਹੋਵੇ। ਇੱਦਾਂ ਦੇ ਤਿਆਗ ਕਰਨ ਕਰਕੇ ਮਾਰੀਕੋ ਨੇ ਸੱਚਾਈ ਵਿਚ ਤਰੱਕੀ ਕੀਤੀ ਤੇ ਇਕ ਸਾਲ ਦੇ ਅੰਦਰ-ਅੰਦਰ ਉਸ ਨੇ ਬਪਤਿਸਮਾ ਲੈ ਲਿਆ। ਛੇ ਮਹੀਨਿਆਂ ਬਾਅਦ ਉਸ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਹਾਲੇ ਵੀ ਪਾਇਨੀਅਰਿੰਗ ਕਰ ਰਹੀ ਹੈ।

9, 10. (ੳ) ਸੱਚਾਈ ਸਿੱਖਣ ਕਰਕੇ ਚੀਜ਼ਾਂ ਲਈ ਸਾਡੀ ਸੋਚ ਕਿਵੇਂ ਬਦਲ ਜਾਂਦੀ ਹੈ? (ਅ) ਇਕ ਨੌਜਵਾਨ ਕੁੜੀ ਨੇ ਕਿਸ ਚੀਜ਼ ਦਾ ਤਿਆਗ ਕੀਤਾ ਤੇ ਉਹ ਕਿਵੇਂ ਮਹਿਸੂਸ ਕਰਦੀ ਹੈ?

9 ਚੀਜ਼ਾਂ। ਸੱਚਾਈ ਸਿੱਖਣ ਲਈ ਸ਼ਾਇਦ ਸਾਨੂੰ ਵਧੀਆ ਨੌਕਰੀ ਛੱਡਣੀ ਪਵੇ। ਮਿਸਾਲ ਲਈ, ਪਤਰਸ ਤੇ ਅੰਦ੍ਰਿਆਸ ਮਛਿਆਰੇ ਸਨ। ਜਦੋਂ ਯਿਸੂ ਨੇ ਉਨ੍ਹਾਂ ਨੂੰ ਉਸ ਦੇ ਚੇਲੇ ਬਣਨ ਲਈ ਕਿਹਾ, ਤਾਂ ਉਨ੍ਹਾਂ ਨੇ ਆਪਣਾ ਮੱਛੀਆਂ ਦਾ ਕਾਰੋਬਾਰ ਛੱਡ ਦਿੱਤਾ। (ਮੱਤੀ 4:18-20) ਇਸ ਦਾ ਮਤਲਬ ਇਹ ਨਹੀਂ ਕਿ ਸੱਚਾਈ ਜਾਣ ਕੇ ਤੁਹਾਨੂੰ ਆਪਣਾ ਕੰਮ ਛੱਡਣਾ ਪੈਣਾ। ਹਰ ਕਿਸੇ ਨੂੰ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੰਮ ਕਰਨ ਦੀ ਲੋੜ ਹੈ। (1 ਤਿਮੋ. 5:8) ਪਰ ਸੱਚਾਈ ਸਿੱਖਣ ਤੋਂ ਬਾਅਦ ਅਕਸਰ ਚੀਜ਼ਾਂ ਪ੍ਰਤੀ ਤੁਹਾਡਾ ਨਜ਼ਰੀਆ ਬਦਲ ਜਾਂਦਾ ਹੈ। ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਚੀਜ਼ ਕਿਹੜੀ ਹੈ। ਯਿਸੂ ਨੇ ਕਿਹਾ: “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ।” ਇਸ ਦੀ ਬਜਾਇ, ਉਸ ਨੇ ਸਾਨੂੰ ਹੱਲਾਸ਼ੇਰੀ ਦਿੱਤੀ: “ਸਵਰਗ ਵਿਚ ਆਪਣੇ ਲਈ ਧਨ ਜੋੜੋ।” (ਮੱਤੀ 6:19, 20) ਮਾਰੀਆ ਨਾਂ ਦੀ ਨੌਜਵਾਨ ਕੁੜੀ ਨੇ ਇੱਦਾਂ ਹੀ ਕੀਤਾ।

10 ਮਾਰੀਆ ਨੂੰ ਛੋਟੇ ਹੁੰਦਿਆਂ ਤੋਂ ਹੀ ਗੌਲਫ ਖੇਡਣਾ ਬਹੁਤ ਪਸੰਦ ਸੀ। ਜਦੋਂ ਉਹ ਹਾਈ ਸਕੂਲ ਗਈ, ਤਾਂ ਉਹ ਹੋਰ ਵੀ ਵਧੀਆ ਖੇਡਣ ਲੱਗ ਪਈ। ਉਹ ਇੰਨਾ ਵਧੀਆ ਖੇਡਦੀ ਸੀ ਕਿ ਯੂਨੀਵਰਸਿਟੀ ਉਸ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਲੱਗੀ। ਮਾਰੀਆ ਦਾ ਟੀਚਾ ਸੀ ਕਿ ਉਹ ਅੱਗੇ ਜਾ ਕੇ ਗੌਲਫ ਨੂੰ ਆਪਣਾ ਕੈਰੀਅਰ ਬਣਾਵੇ ਅਤੇ ਬਹੁਤ ਸਾਰਾ ਪੈਸਾ ਕਮਾਵੇ। ਫਿਰ ਉਸ ਨੇ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮਾਰੀਆ ਜੋ ਵੀ ਸਿੱਖਦੀ ਸੀ ਉਸ ਨੂੰ ਵਧੀਆ ਲੱਗਦਾ ਸੀ ਅਤੇ ਉਹ ਇਹ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲੱਗ ਪਈ। ਉਸ ਨੇ ਕਿਹਾ: “ਜਿੰਨਾ ਜ਼ਿਆਦਾ ਮੈਂ ਬਾਈਬਲ ਦੇ ਅਸੂਲਾਂ ਮੁਤਾਬਕ ਆਪਣਾ ਰਵੱਈਆ ਅਤੇ ਜੀਉਣ ਦਾ ਤਰੀਕਾ ਬਦਲਿਆ, ਉੱਨੀ ਜ਼ਿਆਦਾ ਮੈਨੂੰ ਖ਼ੁਸ਼ੀ ਮਿਲੀ।” ਮਾਰੀਆ ਨੂੰ ਅਹਿਸਾਸ ਹੋਇਆ ਕਿ ਉਹ ਜਾਂ ਤਾਂ ਸੱਚਾਈ ਵਿਚ ਤਰੱਕੀ ਕਰ ਸਕਦੀ ਸੀ ਜਾਂ ਖਿਡਾਰੀ ਵਜੋਂ ਆਪਣਾ ਕੈਰੀਅਰ ਬਣਾ ਸਕਦੀ ਸੀ। (ਮੱਤੀ 6:24) ਇਸ ਲਈ ਯਹੋਵਾਹ ਨੂੰ ਪਹਿਲ ਦੇਣ ਲਈ ਉਸ ਨੇ ਗੌਲਫ ਵਿਚ ਕੈਰੀਅਰ ਬਣਾਉਣ ਦਾ ਆਪਣਾ ਟੀਚਾ ਛੱਡ ਦਿੱਤਾ। ਅੱਜ ਮਾਰੀਆ ਇਕ ਪਾਇਨੀਅਰ ਹੈ ਅਤੇ ਕਹਿੰਦੀ ਹੈ ਕਿ ਉਹ “ਬਹੁਤ ਖ਼ੁਸ਼ ਹੈ ਅਤੇ ਇਕ ਮਕਸਦ ਭਰੀ ਜ਼ਿੰਦਗੀ ਜੀ ਰਹੀ ਹੈ।”

11. ਸੱਚਾਈ ਸਿੱਖਣ ਕਰਕੇ ਸ਼ਾਇਦ ਸਾਡੇ ਕੁਝ ਰਿਸ਼ਤਿਆਂ ’ਤੇ ਕੀ ਅਸਰ ਪਵੇ?

11 ਦੂਸਰਿਆਂ ਨਾਲ ਸਾਡੇ ਰਿਸ਼ਤੇ। ਜਦੋਂ ਅਸੀਂ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਨਾ ਸ਼ੁਰੂ ਕਰਦੇ ਹਾਂ, ਤਾਂ ਸ਼ਾਇਦ ਸਾਡੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਸਾਡੇ ਰਿਸ਼ਤੇ ’ਤੇ ਅਸਰ ਪਵੇ। ਯਿਸੂ ਨੇ ਇਸ ਦਾ ਕਾਰਨ ਜਾਣਨ ਵਿਚ ਮਦਦ ਕੀਤੀ ਜਦੋਂ ਉਸ ਨੇ ਆਪਣੇ ਚੇਲਿਆਂ ਲਈ ਇਹ ਪ੍ਰਾਰਥਨਾ ਕੀਤੀ: “ਉਨ੍ਹਾਂ ਨੂੰ ਸੱਚਾਈ ਨਾਲ ਪਵਿੱਤਰ ਕਰ; ਤੇਰਾ ਬਚਨ ਹੀ ਸੱਚਾਈ ਹੈ।” (ਯੂਹੰ. 17:17; ਫੁਟਨੋਟ) “ਪਵਿੱਤਰ” ਕਰਨ ਦਾ ਮਤਲਬ ਹੈ, “ਪਰਮੇਸ਼ੁਰ ਦੀ ਸੇਵਾ ਲਈ ਅਲੱਗ ਕਰਨਾ।” ਜਦੋਂ ਅਸੀਂ ਬਾਈਬਲ ਦੀਆਂ ਸੱਚਾਈਆਂ ਲਾਗੂ ਕਰਨੀਆਂ ਸ਼ੁਰੂ ਕਰਦੇ ਹਾਂ, ਤਾਂ ਅਸੀਂ ਦੁਨੀਆਂ ਤੋਂ ਅਲੱਗ ਹੁੰਦੇ ਹਾਂ ਕਿਉਂਕਿ ਅਸੀਂ ਬਾਈਬਲ ਦੇ ਮਿਆਰਾਂ ਅਨੁਸਾਰ ਆਪਣੀ ਜ਼ਿੰਦਗੀ ਜੀਉਂਦੇ ਹਾਂ। ਚਾਹੇ ਅਸੀਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਵਧੀਆ ਰਿਸ਼ਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਡੇ ਨਵੇਂ ਵਿਸ਼ਵਾਸਾਂ ਕਰਕੇ ਸ਼ਾਇਦ ਉਹ ਪਹਿਲਾਂ ਵਾਂਗ ਸਾਨੂੰ ਪਸੰਦ ਨਾ ਕਰਨ ਅਤੇ ਸਾਡਾ ਵਿਰੋਧ ਵੀ ਕਰਨ। ਸਾਨੂੰ ਇਸ ਗੱਲ ਤੋਂ ਕੋਈ ਹੈਰਾਨੀ ਨਹੀਂ ਹੁੰਦੀ ਕਿਉਂਕਿ ਯਿਸੂ ਨੇ ਕਿਹਾ ਸੀ: “ਵਾਕਈ, ਇਨਸਾਨ ਦੇ ਦੁਸ਼ਮਣ ਉਸ ਦੇ ਘਰ ਦੇ ਹੀ ਹੋਣਗੇ।” (ਮੱਤੀ 10:36) ਪਰ ਯਿਸੂ ਨੇ ਇਹ ਵਾਅਦਾ ਵੀ ਕੀਤਾ ਕਿ ਸੱਚਾਈ ਲਈ ਕੀਤੇ ਸਾਡੇ ਤਿਆਗ ਦੇ ਬਦਲੇ ਸਾਨੂੰ ਉਸ ਨਾਲੋਂ ਕਿਤੇ ਜ਼ਿਆਦਾ ਮਿਲੇਗਾ।​—ਮਰਕੁਸ 10:28-30 ਪੜ੍ਹੋ।

12. ਸੱਚਾਈ ਲਈ ਇਕ ਯਹੂਦੀ ਆਦਮੀ ਨੇ ਕੀ ਤਿਆਗ ਕੀਤਾ?

12 ਏਰਨ ਨਾਂ ਦੇ ਇਕ ਯਹੂਦੀ ਆਦਮੀ ਨੂੰ ਸਿਖਾਇਆ ਗਿਆ ਸੀ ਕਿ ਰੱਬ ਦੇ ਨਾਂ ਦਾ ਉਚਾਰਣ ਨਹੀਂ ਕਰਨਾ ਚਾਹੀਦਾ। ਪਰ ਉਹ ਸੱਚ-ਮੁੱਚ ਰੱਬ ਬਾਰੇ ਸੱਚਾਈ ਜਾਣਨੀ ਚਾਹੁੰਦਾ ਸੀ। ਇਕ ਦਿਨ ਇਕ ਗਵਾਹ ਨੇ ਉਸ ਨੂੰ ਦਿਖਾਇਆ ਕਿ ਜੇ ਉਹ ਪਰਮੇਸ਼ੁਰ ਦੇ ਨਾਂ ਦੇ ਚਾਰ ਇਬਰਾਨੀ ਅੱਖਰਾਂ ਵਿਚ ਸ੍ਵਰ-ਅੱਖਰ ਲਾਵੇ, ਤਾਂ ਉਹ ਇਸ ਦਾ ਉਚਾਰਣ “ਯਹੋਵਾਹ” ਕਰ ਸਕਦਾ ਹੈ। ਏਰਨ ਰੱਬ ਦਾ ਨਾਂ ਜਾਣ ਕੇ ਬਹੁਤ ਖ਼ੁਸ਼ ਹੋਇਆ। ਉਹ ਇਸ ਬਾਰੇ ਯਹੂਦੀ ਗੁਰੂਆਂ ਨੂੰ ਦੱਸਣ ਲਈ ਸਭਾ-ਘਰ ਗਿਆ। ਏਰਨ ਨੇ ਸੋਚਿਆ ਕਿ ਰੱਬ ਦੇ ਨਾਂ ਬਾਰੇ ਸੱਚਾਈ ਜਾਣ ਕੇ ਉਹ ਖ਼ੁਸ਼ ਹੋਣਗੇ, ਪਰ ਇਸ ਤਰ੍ਹਾਂ ਨਹੀਂ ਹੋਇਆ। ਇਸ ਦੀ ਬਜਾਇ, ਉਨ੍ਹਾਂ ਨੇ ਉਸ ’ਤੇ ਥੁੱਕਿਆ ਤੇ ਉਸ ਨਾਲ ਇੱਦਾਂ ਪੇਸ਼ ਆਏ ਜਿਵੇਂ ਉਹ ਗ਼ੈਰ-ਯਹੂਦੀ ਹੋਵੇ। ਏਰਨ ਦਾ ਪਰਿਵਾਰ ਵੀ ਉਸ ਨਾਲ ਗੁੱਸੇ ਹੋ ਗਿਆ। ਪਰ ਇਹ ਗੱਲਾਂ ਉਸ ਨੂੰ ਯਹੋਵਾਹ ਬਾਰੇ ਹੋਰ ਸਿੱਖਣ ਤੋਂ ਨਹੀਂ ਰੋਕ ਸਕੀਆਂ। ਏਰਨ ਯਹੋਵਾਹ ਦਾ ਗਵਾਹ ਬਣ ਗਿਆ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ। ਸਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਕਿ ਸੱਚਾਈ ਸਿੱਖਣ ਕਰਕੇ ਦੂਸਰਿਆਂ ਨਾਲ ਸਾਡੇ ਰਿਸ਼ਤਿਆਂ ’ਤੇ ਅਸਰ ਪੈ ਸਕਦਾ ਹੈ।

13, 14. ਸੱਚਾਈ ਦਾ ਸਾਡੀ ਸੋਚ ਅਤੇ ਚਾਲ-ਚਲਣ ’ਤੇ ਕੀ ਅਸਰ ਪੈਂਦਾ ਹੈ? ਮਿਸਾਲ ਦਿਓ।

13 ਬੁਰੀਆਂ ਸੋਚਾਂ ਅਤੇ ਗੰਦੇ ਕੰਮ। ਜਦੋਂ ਅਸੀਂ ਸੱਚਾਈ ਸਿੱਖਦੇ ਹਾਂ ਅਤੇ ਬਾਈਬਲ ਦੇ ਅਸੂਲਾਂ ਮੁਤਾਬਕ ਜੀਉਣਾ ਸ਼ੁਰੂ ਕਰਦੇ ਹਾਂ, ਤਾਂ ਸਾਨੂੰ ਆਪਣੀ ਸੋਚ ਅਤੇ ਕੰਮਾਂ ਵਿਚ ਸੁਧਾਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪਤਰਸ ਰਸੂਲ ਨੇ ਲਿਖਿਆ: “ਆਗਿਆਕਾਰ ਬੱਚਿਆਂ ਵਾਂਗ ਆਪਣੇ ਆਪ ਨੂੰ ਉਨ੍ਹਾਂ ਪੁਰਾਣੀਆਂ ਇੱਛਾਵਾਂ ਮੁਤਾਬਕ ਢਾਲਣਾ ਛੱਡ ਦਿਓ ਜੋ ਪਰਮੇਸ਼ੁਰ ਦਾ ਗਿਆਨ ਨਾ ਹੋਣ ਕਾਰਨ ਪਹਿਲਾਂ ਤੁਹਾਡੇ ਵਿਚ ਸਨ।” ਫਿਰ ਉਸ ਨੇ ਅੱਗੇ ਕਿਹਾ: “ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ।” (1 ਪਤ. 1:14, 15) ਪੁਰਾਣੇ ਸਮੇਂ ਵਿਚ ਕੁਰਿੰਥੁਸ ਸ਼ਹਿਰ ਦੇ ਬਹੁਤ ਸਾਰੇ ਲੋਕ ਅਨੈਤਿਕ ਕੰਮ ਕਰਦੇ ਸਨ। ਉੱਥੇ ਦੇ ਲੋਕਾਂ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਹੋਣ ਲਈ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨੀਆਂ ਪੈਣੀਆਂ ਸਨ। (1 ਕੁਰਿੰ. 6:9-11) ਅੱਜ ਵੀ ਬਹੁਤ ਸਾਰੇ ਲੋਕ ਸੱਚਾਈ ਸਿੱਖ ਕੇ ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰਦੇ ਹਨ। ਪੌਲੁਸ ਨੇ ਇਸ ਬਾਰੇ ਲਿਖਿਆ: “ਤੁਸੀਂ ਦੁਨੀਆਂ ਦੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਪਹਿਲਾਂ ਬਥੇਰਾ ਸਮਾਂ ਲਾਇਆ ਹੈ। ਉਸ ਵੇਲੇ ਤੁਸੀਂ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਦੇ ਸੀ, ਆਪਣੀਆਂ ਕਾਮ-ਵਾਸ਼ਨਾਵਾਂ ਨੂੰ ਕਾਬੂ ਵਿਚ ਨਹੀਂ ਰੱਖਦੇ ਸੀ, ਹੱਦੋਂ ਵੱਧ ਸ਼ਰਾਬਾਂ ਪੀਂਦੇ ਸੀ, ਪਾਰਟੀਆਂ ਵਿਚ ਰੰਗਰਲੀਆਂ ਮਨਾਉਂਦੇ ਸੀ, ਸ਼ਰਾਬ ਦੀਆਂ ਮਹਿਫ਼ਲਾਂ ਲਾਉਂਦੇ ਸੀ ਅਤੇ ਘਿਣਾਉਣੀ ਮੂਰਤੀ-ਪੂਜਾ ਕਰਦੇ ਸੀ।”​—1 ਪਤ. 4:3.

14 ਡੇਵਿਨ ਅਤੇ ਜਾਸਮੀਨ ਨੂੰ ਕਈ ਸਾਲਾਂ ਤੋਂ ਸ਼ਰਾਬ ਦੀ ਲਤ ਲੱਗੀ ਹੋਈ ਸੀ। ਚਾਹੇ ਡੇਵਿਨ ਬਹੁਤ ਵਧੀਆ ਅਕਾਊਂਟੈਂਟ ਸੀ, ਪਰ ਆਪਣੀ ਸ਼ਰਾਬ ਦੀ ਲਤ ਕਰਕੇ ਉਸ ਦੀ ਨੌਕਰੀ ਚਲੀ ਗਈ। ਜਾਸਮੀਨ ਗੁੱਸੇਖ਼ੋਰ ਅਤੇ ਹਿੰਸਕ ਕੁੜੀ ਵਜੋਂ ਮਸ਼ਹੂਰ ਸੀ। ਇਕ ਦਿਨ ਜਦੋਂ ਉਸ ਨੇ ਬਹੁਤ ਪੀਤੀ ਹੋਈ ਸੀ, ਤਾਂ ਉਸ ਨੂੰ ਸੜਕ ’ਤੇ ਇਕ ਮਿਸ਼ਨਰੀ ਜੋੜਾ ਮਿਲਿਆ। ਉਸ ਜੋੜੇ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਉਸ ਦੇ ਘਰ ਆ ਕੇ ਉਸ ਨੂੰ ਬਾਈਬਲ ਅਧਿਐਨ ਕਰਾਵੇਗਾ। ਪਰ ਜਦੋਂ ਉਹ ਉਸ ਦੇ ਘਰ ਗਏ, ਤਾਂ ਜਾਸਮੀਨ ਤੇ ਡੇਵਿਨ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਨੇ ਸੋਚਿਆ ਹੀ ਨਹੀਂ ਸੀ ਕਿ ਉਹ ਉਨ੍ਹਾਂ ਦੇ ਘਰ ਆਉਣਗੇ। ਅਗਲੀ ਵਾਰ ਜਦੋਂ ਮਿਸ਼ਨਰੀ ਉਨ੍ਹਾਂ ਦੇ ਘਰ ਗਏ, ਤਾਂ ਮਾਹੌਲ ਬਿਲਕੁਲ ਵੱਖਰਾ ਸੀ। ਜਾਸਮੀਨ ਤੇ ਡੇਵਿਨ ਬਾਈਬਲ ਤੋਂ ਸੱਚਾਈ ਸਿੱਖਣ ਲਈ ਬਹੁਤ ਉਤਾਵਲੇ ਸਨ। ਉਨ੍ਹਾਂ ਨੇ ਸਿੱਖੀਆਂ ਗੱਲਾਂ ਨੂੰ ਜਲਦੀ ਹੀ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ ਉਨ੍ਹਾਂ ਨੇ ਸ਼ਰਾਬ ਪੀਣੀ ਛੱਡ ਦਿੱਤੀ ਅਤੇ ਬਾਅਦ ਵਿਚ ਕਾਨੂੰਨੀ ਤੌਰ ’ਤੇ ਵਿਆਹ ਕਰਾ ਲਿਆ। ਬਹੁਤ ਸਾਰੇ ਲੋਕਾਂ ਨੇ ਦੇਖਿਆ ਕਿ ਜਾਸਮੀਨ ਤੇ ਡੇਵਿਨ ਕਿੰਨੇ ਬਦਲ ਗਏ ਸਨ। ਇਸ ਕਰਕੇ ਉਹ ਵੀ ਬਾਈਬਲ ਅਧਿਐਨ ਕਰਨਾ ਚਾਹੁੰਦੇ ਸਨ।

15. ਸੱਚਾਈ ਲਈ ਕਿਹੜੀ ਚੀਜ਼ ਦਾ ਤਿਆਗ ਕਰਨਾ ਬਹੁਤ ਔਖਾ ਹੋ ਸਕਦਾ ਹੈ ਅਤੇ ਕਿਉਂ?

15 ਰੀਤੀ-ਰਿਵਾਜ ਜਿਨ੍ਹਾਂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਨਹੀਂ ਹੁੰਦੀ। ਕੁਝ ਲੋਕ ਸੱਚਾਈ ਪਤਾ ਲੱਗਣ ’ਤੇ ਸੌਖਿਆਂ ਹੀ ਉਨ੍ਹਾਂ ਰੀਤੀ-ਰਿਵਾਜਾਂ ਨੂੰ ਛੱਡ ਦਿੰਦੇ ਹਨ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਨਹੀਂ ਹੁੰਦੀ। ਪਰ ਕਈਆਂ ਲਈ ਇਨ੍ਹਾਂ ਨੂੰ ਛੱਡਣਾ ਬਹੁਤ ਔਖਾ ਹੁੰਦਾ ਹੈ। ਉਨ੍ਹਾਂ ਨੂੰ ਚਿੰਤਾ ਹੁੰਦੀ ਹੈ ਕਿ ਉਨ੍ਹਾਂ ਦੇ ਪਰਿਵਾਰ ਵਾਲੇ, ਨਾਲ ਕੰਮ ਕਰਨ ਵਾਲੇ ਜਾਂ ਉਨ੍ਹਾਂ ਦੇ ਦੋਸਤ ਕੀ ਸੋਚਣਗੇ। ਉਹ ਜਾਣਦੇ ਹਨ ਕਿ ਲੋਕ ਅਕਸਰ ਕੁਝ ਰੀਤੀ-ਰਿਵਾਜਾਂ ਲਈ ਗਹਿਰੀ ਸ਼ਰਧਾ ਰੱਖਦੇ ਹਨ, ਜਿਵੇਂ ਕਿ ਮਰਿਆਂ ਹੋਇਆ ਨੂੰ ਆਦਰ ਦੇਣ ਵਾਲੇ ਕੁਝ ਰੀਤੀ-ਰਿਵਾਜ। (ਬਿਵ. 14:1) ਸੋ ਰੀਤੀ-ਰਿਵਾਜ ਛੱਡਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਨਹੀਂ ਹੁੰਦਾ? ਅਸੀਂ ਪੁਰਾਣੇ ਸਮੇਂ ਦੀਆਂ ਵਧੀਆ ਮਿਸਾਲਾਂ ਤੋਂ ਸਿੱਖ ਸਕਦੇ ਹਾਂ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਤਬਦੀਲੀਆਂ ਕੀਤੀਆਂ ਸਨ, ਜਿਵੇਂ ਕਿ ਅਫ਼ਸੁਸ ਦੇ ਪਹਿਲੀ ਸਦੀ ਦੇ ਮਸੀਹੀ।

16. ਅਫ਼ਸੁਸ ਦੇ ਕੁਝ ਲੋਕਾਂ ਨੇ ਕਿਹੜਾ ਤਿਆਗ ਕੀਤਾ?

16 ਪੁਰਾਣੇ ਸਮੇਂ ਦੇ ਅਫ਼ਸੁਸ ਸ਼ਹਿਰ ਵਿਚ ਜਾਦੂਗਰੀ ਕਰਨੀ ਆਮ ਸੀ। ਜਾਦੂਗਰੀ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਮਸੀਹੀ ਬਣਨ ’ਤੇ ਕੀ ਕੀਤਾ? ਬਾਈਬਲ ਦੱਸਦੀ ਹੈ: “ਬਹੁਤ ਸਾਰੇ ਚੇਲੇ ਜਿਹੜੇ ਪਹਿਲਾਂ ਜਾਦੂਗਰੀ ਕਰਦੇ ਹੁੰਦੇ ਸਨ, ਉਨ੍ਹਾਂ ਨੇ ਆਪਣੀਆਂ ਜਾਦੂਗਰੀ ਦੀਆਂ ਕਿਤਾਬਾਂ ਇਕੱਠੀਆਂ ਕਰ ਕੇ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ। ਅਤੇ ਉਨ੍ਹਾਂ ਨੇ ਕਿਤਾਬਾਂ ਦੇ ਮੁੱਲ ਦਾ ਹਿਸਾਬ ਲਾ ਕੇ ਦੇਖਿਆ ਕਿ ਉਨ੍ਹਾਂ ਦਾ ਮੁੱਲ ਚਾਂਦੀ ਦੇ 50,000 ਸਿੱਕੇ ਸਨ। ਇਸ ਤਰ੍ਹਾਂ ਯਹੋਵਾਹ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਰੁਕਾਵਟਾਂ ਪਾਰ ਕਰਦਾ ਹੋਇਆ ਸਾਰੇ ਪਾਸੇ ਫੈਲਦਾ ਗਿਆ।” (ਰਸੂ. 19:19, 20) ਅਫ਼ਸੁਸ ਦੇ ਵਫ਼ਾਦਾਰ ਮਸੀਹੀਆਂ ਨੇ ਆਪਣੀਆਂ ਮਹਿੰਗੀਆਂ ਕਿਤਾਬਾਂ ਦਾ ਤਿਆਗ ਕੀਤਾ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ।

17. (ੳ) ਸੱਚਾਈ ਲਈ ਸ਼ਾਇਦ ਸਾਨੂੰ ਕਿਨ੍ਹਾਂ ਕੁਝ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ? (ਅ) ਅਗਲੇ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?

17 ਸੱਚਾਈ ਸਿੱਖਣ ਲਈ ਤੁਸੀਂ ਕਿਹੜਾ ਤਿਆਗ ਕੀਤਾ? ਅਸੀਂ ਸਾਰਿਆਂ ਨੇ ਆਪਣਾ ਸਮਾਂ ਦਿੱਤਾ ਹੈ। ਕਈ ਜਣਿਆਂ ਨੇ ਅਮੀਰ ਬਣਨ ਦੇ ਮੌਕਿਆਂ ਦਾ ਤਿਆਗ ਕੀਤਾ। ਕਈ ਜਣਿਆਂ ਦਾ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਰਿਸ਼ਤੇ ’ਤੇ ਅਸਰ ਪਿਆ ਹੈ। ਸਾਡੇ ਵਿੱਚੋਂ ਬਹੁਤ ਜਣਿਆਂ ਨੇ ਆਪਣੀ ਸੋਚ ਅਤੇ ਕੰਮਾਂ ਵਿਚ ਬਦਲਾਅ ਕੀਤਾ। ਅਸੀਂ ਉਨ੍ਹਾਂ ਰੀਤੀ-ਰਿਵਾਜਾਂ ਨੂੰ ਛੱਡਿਆ ਹੈ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਨਹੀਂ ਹੁੰਦੀ। ਸਾਨੂੰ ਪੂਰਾ ਯਕੀਨ ਹੈ ਕਿ ਬਾਈਬਲ ਦੀ ਸੱਚਾਈ ਸਾਡੇ ਵੱਲੋਂ ਤਿਆਗ ਕੀਤੀਆਂ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੈ। ਬਾਈਬਲ ਦੀ ਸੱਚਾਈ ਕਰਕੇ ਹੀ ਅਸੀਂ ਯਹੋਵਾਹ ਨਾਲ ਪੱਕਾ ਰਿਸ਼ਤਾ ਜੋੜ ਸਕੇ ਹਾਂ ਅਤੇ ਇਹ ਰਿਸ਼ਤਾ ਸਾਡੇ ਲਈ ਸਭ ਤੋਂ ਜ਼ਿਆਦਾ ਅਨਮੋਲ ਹੈ। ਜਦੋਂ ਅਸੀਂ ਸੱਚਾਈ ਸਿੱਖਣ ਕਰਕੇ ਮਿਲੀਆਂ ਬਰਕਤਾਂ ਬਾਰੇ ਸੋਚਦੇ ਹਾਂ, ਤਾਂ ਸਾਡੇ ਲਈ ਇਹ ਸਮਝਣਾ ਬਹੁਤ ਔਖਾ ਹੈ ਕਿ ਕੋਈ ਵਿਅਕਤੀ ਸੱਚਾਈ ਨੂੰ ਕਿਉਂ ‘ਵੇਚਣਾ’ ਚਾਹੇਗਾ। ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਅਸੀਂ ਇਹ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਅਸੀਂ ਇਸ ਤਰ੍ਹਾਂ ਦੀ ਗੰਭੀਰ ਗ਼ਲਤੀ ਕਦੇ ਨਾ ਕਰੀਏ? ਅਸੀਂ ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ।

^ ਪੈਰਾ 8 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।