Skip to content

Skip to table of contents

ਅਧਿਐਨ ਲੇਖ 45

ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰਦੀ ਹੈ?

ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰਦੀ ਹੈ?

“ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।”—ਫ਼ਿਲਿ. 4:13.

ਗੀਤ 38 ਆਪਣਾ ਬੋਝ ਯਹੋਵਾਹ ’ਤੇ ਸੁੱਟੋ

ਖ਼ਾਸ ਗੱਲਾਂ *

1-2. (ੳ) ਹਰ ਰੋਜ਼ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰਦੀ ਹੈ? ਸਮਝਾਓ। (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?

“ਜਦੋਂ ਮੈਂ ਸੋਚਦਾ ਹਾਂ ਕਿ ਮੈਂ ਕਿਸੇ ਅਜ਼ਮਾਇਸ਼ ਦਾ ਸਾਮ੍ਹਣਾ ਕਿੱਦਾਂ ਕੀਤਾ, ਤਾਂ ਮੈਨੂੰ ਪਤਾ ਕਿ ਇਹ ਮੈਂ ਆਪਣੀ ਤਾਕਤ ਨਾਲ ਨਹੀਂ ਕਰ ਪਾਇਆ।” ਕੀ ਤੁਸੀਂ ਕਦੇ ਇੱਦਾਂ ਸੋਚਿਆ? ਸਾਡੇ ਵਿੱਚੋਂ ਬਹੁਤਿਆਂ ਨੇ ਇੱਦਾਂ ਸੋਚਿਆ ਹੋਣਾ। ਤੁਸੀਂ ਸ਼ਾਇਦ ਕਿਸੇ ਗੰਭੀਰ ਬੀਮਾਰੀ ਦਾ ਸਾਮ੍ਹਣਾ ਕਰਨ ਤੋਂ ਬਾਅਦ ਜਾਂ ਆਪਣੇ ਕਿਸੇ ਅਜ਼ੀਜ਼ ਦੀ ਮੌਤ ਤੋਂ ਬਾਅਦ ਇੱਦਾਂ ਸੋਚਿਆ ਹੋਣਾ। ਆਪਣੀ ਔਖੀ ਘੜੀ ਬਾਰੇ ਸੋਚਦਿਆਂ ਤੁਹਾਨੂੰ ਯਕੀਨ ਹੋਇਆ ਹੋਣਾ ਕਿ ਸਿਰਫ਼ ਯਹੋਵਾਹ ਦੀ ਪਵਿੱਤਰ ਸ਼ਕਤੀ ਕਰਕੇ ਤੁਸੀਂ ਇਸ ਵਿੱਚੋਂ ਲੰਘ ਪਾਏ ਜੋ ਕਿ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।”—2 ਕੁਰਿੰ. 4:7-9.

2 ਇਸ ਬੁਰੀ ਦੁਨੀਆਂ ਦੇ ਪ੍ਰਭਾਵ ਤੋਂ ਬਚਣ ਲਈ ਵੀ ਸਾਨੂੰ ਪਵਿੱਤਰ ਸ਼ਕਤੀ ਦੀ ਲੋੜ ਹੈ। (1 ਯੂਹੰ. 5:19) ਨਾਲੇ ਸਾਨੂੰ “ਸ਼ਕਤੀਸ਼ਾਲੀ ਦੁਸ਼ਟ ਦੂਤਾਂ” ਨਾਲ ਵੀ ਲੜਨਾ ਪੈਂਦਾ ਹੈ। (ਅਫ਼. 6:12) ਇਨ੍ਹਾਂ ਦਬਾਵਾਂ ਨੂੰ ਮਨ ਵਿਚ ਰੱਖਦਿਆਂ ਅਸੀਂ ਦੇਖਾਂਗੇ ਕਿ ਪਵਿੱਤਰ ਸ਼ਕਤੀ ਕਿਹੜੇ ਦੋ ਤਰੀਕਿਆਂ ਰਾਹੀਂ ਸਾਡੀ ਮਦਦ ਕਰਦੀ ਹੈ। ਫਿਰ ਅਸੀਂ ਦੇਖਾਂਗੇ ਕਿ ਪਵਿੱਤਰ ਸ਼ਕਤੀ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ।

ਪਵਿੱਤਰ ਸ਼ਕਤੀ ਸਾਨੂੰ ਤਾਕਤ ਦਿੰਦੀ ਹੈ

3. ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਯਹੋਵਾਹ ਕਿਹੜੇ ਇਕ ਤਰੀਕੇ ਨਾਲ ਸਾਡੀ ਮਦਦ ਕਰਦਾ ਹੈ?

3 ਯਹੋਵਾਹ ਦੀ ਪਵਿੱਤਰ ਸ਼ਕਤੀ ਸਾਨੂੰ ਤਾਕਤ ਦਿੰਦੀ ਹੈ ਤਾਂਕਿ ਅਸੀਂ ਅਜ਼ਮਾਇਸ਼ਾਂ ਦੇ ਬਾਵਜੂਦ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕੀਏ। ਪੌਲੁਸ ਰਸੂਲ ਮੰਨਦਾ ਸੀ ਕਿ ਉਹ ਪਰਮੇਸ਼ੁਰ ਦੀ ਸੇਵਾ ਇਸ ਲਈ ਕਰ ਪਾਇਆ ਕਿਉਂਕਿ ਉਸ ਨੂੰ “ਮਸੀਹ ਦੀ ਤਾਕਤ” ’ਤੇ ਭਰੋਸਾ ਸੀ। (2 ਕੁਰਿੰ. 12:9) ਪਵਿੱਤਰ ਸ਼ਕਤੀ ਨੇ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਪੌਲੁਸ ਦੀ ਕਿਵੇਂ ਮਦਦ ਕੀਤੀ? ਆਪਣੇ ਦੂਜੇ ਮਿਸ਼ਨਰੀ ਦੌਰੇ ਦੌਰਾਨ ਪੌਲੁਸ ਨੇ ਪ੍ਰਚਾਰ ਕੰਮ ਵਿਚ ਸਖ਼ਤ ਮਿਹਨਤ ਕਰਨ ਦੇ ਨਾਲ-ਨਾਲ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਵੀ ਕੀਤਾ। ਜਦੋਂ ਉਹ ਕੁਰਿੰਥੁਸ ਵਿਚ ਅਕੂਲਾ ਤੇ ਪ੍ਰਿਸਕਿੱਲਾ ਦੇ ਘਰ ਰਿਹਾ, ਤਾਂ ਉਹ ਉਨ੍ਹਾਂ ਨਾਲ ਤੰਬੂ ਬਣਾਉਣ ਦਾ ਕੰਮ ਕਰਦਾ ਸੀ ਕਿਉਂਕਿ ਉਹ ਦਾ ਵੀ ਉਹੀ ਕਿੱਤਾ ਸੀ। (ਰਸੂ. 18:1-4) ਆਪਣਾ ਗੁਜ਼ਾਰਾ ਤੋਰਨ ਅਤੇ ਪ੍ਰਚਾਰ ਦਾ ਕੰਮ ਪੂਰਾ ਕਰਨ ਵਿਚ ਪਵਿੱਤਰ ਸ਼ਕਤੀ ਨੇ ਪੌਲੁਸ ਦੀ ਮਦਦ ਕੀਤੀ।

4. ਦੂਜਾ ਕੁਰਿੰਥੀਆਂ 12:7ਅ-9 ਅਨੁਸਾਰ ਪੌਲੁਸ ਨੂੰ ਕਿਹੜੀ ਮੁਸ਼ਕਲ ਸੀ?

4 ਦੂਜਾ ਕੁਰਿੰਥੀਆਂ 12:7ਅ-9 ਪੜ੍ਹੋ। ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਉਸ ਦੇ “ਸਰੀਰ ਵਿਚ ਇਕ ਕੰਡਾ ਚੋਭਿਆ ਗਿਆ”? ਜੇ ਤੁਹਾਡੇ ਸਰੀਰ ਵਿਚ ਕੋਈ ਕੰਡਾ ਖੁੱਭਿਆ ਹੋਵੇ, ਤਾਂ ਤੁਹਾਨੂੰ ਬਹੁਤ ਦਰਦ ਹੋਵੇਗਾ। ਸੋ ਪੌਲੁਸ ਕਹਿ ਰਿਹਾ ਸੀ ਕਿ ਉਹ ਦੁੱਖ ਦੇਣ ਵਾਲੀ ਕੋਈ ਅਜ਼ਮਾਇਸ਼ ਸਹਿ ਰਿਹਾ ਸੀ। ਉਸ ਨੇ ਦੱਸਿਆ ਕਿ ਇਹ ਅਜ਼ਮਾਇਸ਼ “ਸ਼ੈਤਾਨ ਦੇ ਦੂਤ” ਵਾਂਗ ਸੀ ਜੋ ਉਸ ਨੂੰ “ਦੁੱਖ” ਦੇ ਰਹੀ ਸੀ। ਸ਼ੈਤਾਨ ਜਾਂ ਉਸ ਦੇ ਦੁਸ਼ਟ ਦੂਤਾਂ ਨੇ ਸ਼ਾਇਦ ਸਿੱਧੇ ਤੌਰ ਤੇ ਪੌਲੁਸ ਲਈ ਅਜ਼ਮਾਇਸ਼ਾਂ ਖੜ੍ਹੀਆਂ ਕਰ ਕੇ ਉਸ ਦੇ ਸਰੀਰ ਵਿਚ ਕੰਡਾ ਨਾ ਚੋਭਿਆ ਹੋਵੇ। ਪਰ ਜਦੋਂ ਦੁਸ਼ਟ ਦੂਤਾਂ ਨੇ ਇਹ “ਕੰਡਾ” ਦੇਖਿਆ, ਤਾਂ ਸ਼ਾਇਦ ਉਹ ਇਸ ਕੰਡੇ ਨੂੰ ਉਸ ਦੇ ਸਰੀਰ ਵਿਚ ਹੋਰ ਧੱਸਣਾ ਯਾਨੀ ਉਸ ਦੇ ਦਰਦ ਨੂੰ ਹੋਰ ਵਧਾਉਣਾ ਚਾਹੁੰਦੇ ਸਨ। ਪੌਲੁਸ ਨੇ ਕੀ ਕੀਤਾ?

5. ਯਹੋਵਾਹ ਨੇ ਪੌਲੁਸ ਦੀਆਂ ਪ੍ਰਾਰਥਨਾਵਾਂ ਦਾ ਕੀ ਜਵਾਬ ਦਿੱਤਾ?

5 ਪੌਲੁਸ ਚਾਹੁੰਦਾ ਸੀ ਕਿ ਯਹੋਵਾਹ ਇਸ ‘ਕੰਡੇ’ ਨੂੰ ਕੱਢ ਦੇਵੇ। ਉਸ ਨੇ ਕਿਹਾ: “ਮੈਂ ਪ੍ਰਭੂ [ਯਹੋਵਾਹ] ਨੂੰ ਤਿੰਨ ਵਾਰ ਪ੍ਰਾਰਥਨਾ ਕੀਤੀ ਕਿ ਉਹ ਮੇਰੇ ਸਰੀਰ ਵਿੱਚੋਂ ਇਹ ਕੰਡਾ ਕੱਢ ਦੇਵੇ।” ਪਰ ਪੌਲੁਸ ਦੀਆਂ ਪ੍ਰਾਰਥਨਾਵਾਂ ਦੇ ਬਾਵਜੂਦ ਇਹ ਕੰਡਾ ਨਹੀਂ ਨਿਕਲਿਆ। ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਨੇ ਪੌਲੁਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦਿੱਤਾ? ਨਹੀਂ, ਇੱਦਾਂ ਨਹੀਂ ਸੀ। ਉਸ ਨੇ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। ਯਹੋਵਾਹ ਨੇ ਮੁਸ਼ਕਲ ਖ਼ਤਮ ਨਹੀਂ ਕੀਤੀ, ਪਰ ਉਸ ਨੇ ਪੌਲੁਸ ਨੂੰ ਮੁਸ਼ਕਲ ਸਹਿਣ ਦੀ ਤਾਕਤ ਦਿੱਤੀ। ਯਹੋਵਾਹ ਨੇ ਪੌਲੁਸ ਨੂੰ ਕਿਹਾ: “ਕਮਜ਼ੋਰੀ ਦੌਰਾਨ ਮੇਰੀ ਤਾਕਤ ਪੂਰੀ ਤਰ੍ਹਾਂ ਤੇਰੇ ਨਾਲ ਹੁੰਦੀ ਹੈ।” (2 ਕੁਰਿੰ. 12:8, 9) ਪਰਮੇਸ਼ੁਰ ਦੀ ਮਦਦ ਨਾਲ ਪੌਲੁਸ ਆਪਣੀ ਖ਼ੁਸ਼ੀ ਤੇ ਮਨ ਦੀ ਸ਼ਾਂਤੀ ਬਣਾਈ ਰੱਖ ਸਕਿਆ।—ਫ਼ਿਲਿ. 4:4-7.

6. (ੳ) ਯਹੋਵਾਹ ਸ਼ਾਇਦ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦੇਵੇ? (ਅ) ਪੈਰੇ ਵਿਚ ਦਿੱਤੇ ਹਵਾਲਿਆਂ ਤੋਂ ਤੁਹਾਨੂੰ ਕਿਵੇਂ ਤਾਕਤ ਮਿਲਦੀ ਹੈ?

6 ਕੀ ਤੁਸੀਂ ਵੀ ਕਦੇ ਪੌਲੁਸ ਵਾਂਗ ਯਹੋਵਾਹ ਦੇ ਤਰਲੇ ਕੀਤੇ ਹਨ ਕਿ ਉਹ ਤੁਹਾਨੂੰ ਕਿਸੇ ਅਜ਼ਮਾਇਸ਼ ਵਿੱਚੋਂ ਬਾਹਰ ਕੱਢ ਦੇਵੇ? ਜੇ ਦਿਲੋਂ ਕੀਤੀਆਂ ਤੁਹਾਡੀਆਂ ਬੇਨਤੀਆਂ ਦੇ ਬਾਵਜੂਦ ਵੀ ਮੁਸ਼ਕਲ ਖ਼ਤਮ ਨਹੀਂ ਹੋਈ ਜਾਂ ਮੁਸ਼ਕਲ ਹੋਰ ਵਧ ਗਈ, ਤਾਂ ਕੀ ਤੁਸੀਂ ਪਰੇਸ਼ਾਨ ਹੋ ਗਏ ਕਿ ਸ਼ਾਇਦ ਯਹੋਵਾਹ ਤੁਹਾਡੇ ਤੋਂ ਨਾਖ਼ੁਸ਼ ਹੈ? ਜੇ ਹਾਂ, ਤਾਂ ਪੌਲੁਸ ਨੂੰ ਯਾਦ ਰੱਖੋ। ਜਿੱਦਾਂ ਯਹੋਵਾਹ ਨੇ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ, ਉੱਦਾਂ ਹੀ ਉਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਵੀ ਜ਼ਰੂਰ ਜਵਾਬ ਦੇਵੇਗਾ! ਸ਼ਾਇਦ ਯਹੋਵਾਹ ਕੰਡਾ ਨਾ ਕੱਢੇ। ਪਰ ਪਵਿੱਤਰ ਸ਼ਕਤੀ ਦੇ ਜ਼ਰੀਏ ਉਹ ਤੁਹਾਨੂੰ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਦੀ ਲੋੜੀਂਦੀ ਤਾਕਤ ਦੇਵੇਗਾ। (ਜ਼ਬੂ. 61:3, 4) ਤੁਹਾਨੂੰ ਸ਼ਾਇਦ “ਡੇਗਿਆ” ਜਾਵੇ, ਪਰ ਯਹੋਵਾਹ ਤੁਹਾਨੂੰ ਕਦੇ ਬੇਸਹਾਰਾ ਨਹੀਂ ਛੱਡੇਗਾ।—2 ਕੁਰਿੰ. 4:8, 9; ਫ਼ਿਲਿ. 4:13.

ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਅੱਗੇ ਵਧਦੇ ਹਾਂ

7-8. (ੳ) ਪਵਿੱਤਰ ਸ਼ਕਤੀ ਹਵਾ ਵਾਂਗ ਕਿਵੇਂ ਹੈ? (ਅ) ਪਤਰਸ ਨੇ ਪਵਿੱਤਰ ਸ਼ਕਤੀ ਬਾਰੇ ਕਿਵੇਂ ਸਮਝਾਇਆ?

7 ਪਵਿੱਤਰ ਸ਼ਕਤੀ ਹੋਰ ਕਿਸ ਤਰੀਕੇ ਨਾਲ ਸਾਡੀ ਮਦਦ ਕਰਦੀ ਹੈ? ਤੂਫ਼ਾਨੀ ਸਮੁੰਦਰ ਵਿਚ ਸਹੀ ਦਿਸ਼ਾ ਵਿਚ ਚੱਲਦੀ ਹਵਾ ਜਹਾਜ਼ ਨੂੰ ਮੰਜ਼ਲ ਤਕ ਪਹੁੰਚਾ ਦਿੰਦੀ ਹੈ। ਉਸੇ ਤਰ੍ਹਾਂ ਪਵਿੱਤਰ ਸ਼ਕਤੀ ਸਾਨੂੰ ਤੂਫ਼ਾਨ ਵਰਗੀਆਂ ਅਜ਼ਮਾਇਸ਼ਾਂ ਵਿੱਚੋਂ ਦੀ ਲੰਘਾ ਕੇ ਪਰਮੇਸ਼ੁਰ ਵੱਲੋਂ ਵਾਅਦਾ ਕੀਤੀ ਨਵੀਂ ਦੁਨੀਆਂ ਵੱਲ ਵਧਣ ਵਿਚ ਮਦਦ ਕਰਦੀ ਹੈ।

8 ਪਤਰਸ ਰਸੂਲ ਇਕ ਮਛੇਰਾ ਸੀ ਅਤੇ ਉਹ ਸਮੁੰਦਰੀ ਸਫ਼ਰ ਬਾਰੇ ਬਹੁਤ ਕੁਝ ਜਾਣਦਾ ਸੀ। ਇਸ ਕਰਕੇ ਇਹ ਗੌਰ ਕਰਨ ਵਾਲੀ ਗੱਲ ਹੈ ਕਿ ਪਵਿੱਤਰ ਸ਼ਕਤੀ ਬਾਰੇ ਸਮਝਾਉਂਦਿਆਂ ਉਸ ਨੇ ਸਮੁੰਦਰੀ ਸਫ਼ਰ ਨਾਲ ਮਿਲਦੇ-ਜੁਲਦੇ ਸ਼ਬਦ ਵਰਤੇ। ਉਸ ਨੇ ਲਿਖਿਆ: “ਕੋਈ ਵੀ ਭਵਿੱਖਬਾਣੀ ਕਦੀ ਵੀ ਇਨਸਾਨ ਦੀ ਮਰਜ਼ੀ ਨਾਲ ਨਹੀਂ ਕੀਤੀ ਗਈ, ਸਗੋਂ ਇਨਸਾਨ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।” ਇੱਥੇ “ਪ੍ਰੇਰਣਾ ਅਧੀਨ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ, “ਅੱਗੇ ਵਧਾਇਆ ਜਾਣਾ; ਅੱਗੇ ਲਿਜਾਇਆ ਜਾਣਾ।”—2 ਪਤ. 1:21.

9. ਪਤਰਸ ਨੇ ‘ਅੱਗੇ ਵਧਾਉਣ’ ਦੀ ਗੱਲ ਕਰ ਕੇ ਮਨ ਵਿਚ ਕਿਹੜੀ ਤਸਵੀਰ ਬਣਾਈ?

9 ਜਦੋਂ ਪਤਰਸ ਨੇ ‘ਅੱਗੇ ਵਧਾਉਣ’ ਦੀ ਗੱਲ ਕੀਤੀ, ਤਾਂ ਉਸ ਨੇ ਮਨ ਵਿਚ ਕਿਹੜੀ ਤਸਵੀਰ ਬਣਾਈ? ਰਸੂਲਾਂ ਦੇ ਕੰਮ ਦੀ ਕਿਤਾਬ ਦੇ ਲਿਖਾਰੀ ਲੂਕਾ ਨੇ ਵੀ ਇਸੇ ਤਰ੍ਹਾਂ ਦਾ ਯੂਨਾਨੀ ਸ਼ਬਦ ਵਰਤਿਆ ਸੀ ਜਦੋਂ ਉਸ ਨੇ ਦੱਸਿਆ ਕਿ ਜਹਾਜ਼ ਹਵਾ ਦੇ ਨਾਲ ‘ਵਹਿਣ ਲੱਗਾ।’ (ਰਸੂ. 27:15) ਇਸ ਲਈ ਇਕ ਬਾਈਬਲ ਵਿਦਵਾਨ ਨੇ ਕਿਹਾ ਕਿ ਜਦੋਂ ਪਤਰਸ ਨੇ ਲਿਖਿਆ ਕਿ ਬਾਈਬਲ ਲਿਖਾਰੀ ‘ਅੱਗੇ ਵਧਾਏ ਗਏ’, ਤਾਂ ਪੜ੍ਹਨ ਵਾਲੇ ਦੇ ਮਨ ਵਿਚ “ਸਮੁੰਦਰੀ ਸਫ਼ਰ ਦੀ ਤਸਵੀਰ” ਬਣੀ। ਦਰਅਸਲ, ਪਤਰਸ ਨੇ ਕਿਹਾ ਕਿ ਜਿਸ ਤਰ੍ਹਾਂ ਹਵਾ ਜਹਾਜ਼ ਨੂੰ ਮੰਜ਼ਲ ਤਕ ਪਹੁੰਚਾਉਣ ਲਈ ਅੱਗੇ ਵਧਾਉਂਦੀ ਹੈ, ਉਸੇ ਤਰ੍ਹਾਂ ਪਵਿੱਤਰ ਸ਼ਕਤੀ ਤੋਂ ਬਾਈਬਲ ਦੇ ਨਬੀਆਂ ਤੇ ਲਿਖਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਦੀ ਪ੍ਰੇਰਣਾ ਮਿਲੀ। ਉਸੇ ਵਿਦਵਾਨ ਨੇ ਕਿਹਾ: “ਕਹਿਣ ਦਾ ਮਤਲਬ ਹੈ ਕਿ ਨਬੀਆਂ ਨੇ ਆਪਣੇ ਬਾਦਬਾਨ ਖੋਲ੍ਹ ਦਿੱਤੇ ਸਨ।” ਯਹੋਵਾਹ ਨੇ ਆਪਣਾ ਕੰਮ ਕੀਤਾ। ਉਸ ਨੇ “ਹਵਾ” ਯਾਨੀ ਪਵਿੱਤਰ ਸ਼ਕਤੀ ਦਿੱਤੀ। ਬਾਈਬਲ ਲਿਖਾਰੀਆਂ ਨੇ ਆਪਣਾ ਕੰਮ ਕੀਤਾ। ਉਨ੍ਹਾਂ ਨੇ ਉਸ ਸ਼ਕਤੀ ਦੀ ਅਗਵਾਈ ਮੁਤਾਬਕ ਕੰਮ ਕੀਤਾ।

ਪਹਿਲਾ ਕਦਮ: ਬਾਕਾਇਦਾ ਪਰਮੇਸ਼ੁਰੀ ਕੰਮਾਂ ਵਿਚ ਹਿੱਸਾ ਲਓ

ਦੂਜਾ ਕਦਮ: ਪੂਰੀ ਵਾਹ ਲਾ ਕੇ ਪਰਮੇਸ਼ੁਰੀ ਕੰਮਾਂ ਵਿਚ ਹਿੱਸਾ ਲਓ (ਪੈਰਾ 11 ਦੇਖੋ) *

10-11. ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਚੱਲਦੇ ਰਹਿਣ ਲਈ ਸਾਨੂੰ ਕਿਹੜੇ ਦੋ ਕਦਮ ਚੁੱਕਣ ਦੀ ਲੋੜ ਹੈ? ਇਕ ਮਿਸਾਲ ਦਿਓ।

10 ਅੱਜ ਯਹੋਵਾਹ ਕਿਸੇ ਕੋਲੋਂ ਪਵਿੱਤਰ ਲਿਖਤਾਂ ਨਹੀਂ ਲਿਖਵਾਉਂਦਾ। ਪਰ ਪਵਿੱਤਰ ਸ਼ਕਤੀ ਅਜੇ ਵੀ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰ ਰਹੀ ਹੈ। ਯਹੋਵਾਹ ਅਜੇ ਵੀ ਆਪਣਾ ਕੰਮ ਕਰ ਰਿਹਾ ਹੈ। ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ? ਸਾਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਆਪਣਾ ਕੰਮ ਪੂਰਾ ਕਰਦੇ ਰਹੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?

11 ਜ਼ਰਾ ਇਸ ਮਿਸਾਲ ਬਾਰੇ ਸੋਚੋ। ਹਵਾ ਤੋਂ ਫ਼ਾਇਦਾ ਲੈਣ ਲਈ ਮਲਾਹ ਨੂੰ ਦੋ ਕੰਮ ਕਰਨ ਦੀ ਲੋੜ ਹੁੰਦੀ ਹੈ। ਪਹਿਲਾ, ਉਸ ਨੂੰ ਕਿਸ਼ਤੀ ਬੰਦਰਗਾਹ ਤੋਂ ਦੂਰ ਉੱਥੇ ਲਿਜਾਣ ਦੀ ਲੋੜ ਹੈ ਜਿੱਥੇ ਹਵਾ ਦਾ ਵਹਾਅ ਹੈ, ਨਹੀਂ ਤਾਂ ਉਹ ਅੱਗੇ ਨਹੀਂ ਵਧੇਗੀ। ਦੂਜਾ, ਉਸ ਨੂੰ ਕਿਸ਼ਤੀ ਦੇ ਬਾਦਬਾਨ ਪੂਰੀ ਤਰ੍ਹਾਂ ਖੋਲ੍ਹਣ ਦੀ ਲੋੜ ਹੈ। ਭਾਵੇਂ ਹਵਾ ਚੱਲ ਰਹੀ ਹੋਵੇ, ਪਰ ਜੇ ਬਾਦਬਾਨਾਂ ਵਿਚ ਹਵਾ ਨਹੀਂ ਭਰਦੀ, ਤਾਂ ਕਿਸ਼ਤੀ ਅੱਗੇ ਨਹੀਂ ਵਧੇਗੀ। ਇਸੇ ਤਰ੍ਹਾਂ ਅਸੀਂ ਯਹੋਵਾਹ ਦੀ ਸੇਵਾ ਤਾਂ ਹੀ ਕਰਦੇ ਰਹਿ ਸਕਾਂਗੇ ਜੇ ਸਾਡੇ ਕੋਲ ਪਵਿੱਤਰ ਸ਼ਕਤੀ ਹੈ। ਪਵਿੱਤਰ ਸ਼ਕਤੀ ਤੋਂ ਫ਼ਾਇਦਾ ਲੈਣ ਲਈ ਸਾਨੂੰ ਦੋ ਕਦਮ ਚੁੱਕਣ ਦੀ ਲੋੜ ਹੈ। ਪਹਿਲਾ, ਸਾਨੂੰ ਪਰਮੇਸ਼ੁਰੀ ਕੰਮ ਕਰਨ ਦੀ ਲੋੜ ਹੈ ਜੋ ਪਵਿੱਤਰ ਸ਼ਕਤੀ ਸਾਨੂੰ ਕਰਨ ਲਈ ਕਹਿੰਦੀ ਹੈ। ਦੂਜਾ, ਸਾਨੂੰ “ਆਪਣੇ ਬਾਦਬਾਨ ਖੋਲ੍ਹਣ ਦੀ ਲੋੜ ਹੈ” ਯਾਨੀ ਸਾਨੂੰ ਪਰਮੇਸ਼ੁਰੀ ਕੰਮਾਂ ਵਿਚ ਪੂਰੀ ਵਾਹ ਲਾ ਕੇ ਹਿੱਸਾ ਲੈਣਾ ਚਾਹੀਦਾ ਹੈ। (ਜ਼ਬੂ. 119:32) ਇਹ ਕੰਮ ਕਰਨ ਕਰਕੇ ਪਵਿੱਤਰ ਸ਼ਕਤੀ ਸਾਨੂੰ ਵਿਰੋਧਤਾ ਤੇ ਅਜ਼ਮਾਇਸ਼ਾਂ ਦੀਆਂ ਲਹਿਰਾਂ ਤੋਂ ਪਾਰ ਕਰਾਏਗੀ ਅਤੇ ਸਾਡੀ ਮਦਦ ਕਰੇਗੀ ਕਿ ਅਸੀਂ ਨਵੀਂ ਦੁਨੀਆਂ ਵਿਚ ਪਹੁੰਚਣ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ।

12. ਹੁਣ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

12 ਹੁਣ ਤਕ ਅਸੀਂ ਦੇਖਿਆ ਹੈ ਕਿ ਦੋ ਤਰੀਕਿਆਂ ਨਾਲ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ। ਪਵਿੱਤਰ ਸ਼ਕਤੀ ਸਾਨੂੰ ਤਾਕਤ ਦਿੰਦੀ ਹੈ ਅਤੇ ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰਦੀ ਹੈ। ਨਾਲੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਅੱਗੇ ਵਧਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਜਾਂਦੇ ਰਾਹ ’ਤੇ ਚੱਲਦੇ ਰਹਿੰਦੇ ਹਾਂ। ਹੁਣ ਅਸੀਂ ਚਾਰ ਕੰਮਾਂ ’ਤੇ ਗੌਰ ਕਰਾਂਗੇ ਜੋ ਪਵਿੱਤਰ ਸ਼ਕਤੀ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਜ਼ਰੂਰੀ ਹਨ।

ਪਵਿੱਤਰ ਸ਼ਕਤੀ ਤੋਂ ਪੂਰੀ ਤਰ੍ਹਾਂ ਫ਼ਾਇਦਾ ਕਿਵੇਂ ਲਈਏ?

13. ਦੂਜਾ ਤਿਮੋਥਿਉਸ 3:16, 17 ਅਨੁਸਾਰ ਪਰਮੇਸ਼ੁਰ ਦਾ ਬਚਨ ਸਾਡੇ ਲਈ ਕੀ ਕਰ ਸਕਦਾ ਹੈ, ਪਰ ਸਾਨੂੰ ਕੀ ਕਰਨਾ ਚਾਹੀਦਾ ਹੈ?

13 ਪਹਿਲਾ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੋ। (2 ਤਿਮੋਥਿਉਸ 3:16, 17 ਪੜ੍ਹੋ।) ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਪਰਮੇਸ਼ੁਰ ਦੇ ਬਚਨ ਵਿਚਲੀਆਂ ਗੱਲਾਂ ਉਸ ਦੇ ਮੂੰਹੋਂ” ਸਨ। ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਬਾਈਬਲ ਦੇ ਲਿਖਾਰੀਆਂ ਦੇ ਮਨਾਂ ਵਿਚ ਆਪਣੇ ਵਿਚਾਰ ਪਾਏ। ਬਾਈਬਲ ਪੜ੍ਹ ਕੇ ਅਤੇ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਪਰਮੇਸ਼ੁਰ ਦੀਆਂ ਹਿਦਾਇਤਾਂ ਨੂੰ ਆਪਣੇ ਦਿਲ-ਦਿਮਾਗ਼ ਵਿਚ ਬਿਠਾਉਂਦੇ ਹਾਂ। ਇਹ ਹਿਦਾਇਤਾਂ ਸਾਨੂੰ ਆਪਣੀ ਜ਼ਿੰਦਗੀ ਪਰਮੇਸ਼ੁਰ ਦੀ ਇੱਛਾ ਮੁਤਾਬਕ ਜੀਉਣ ਲਈ ਪ੍ਰੇਰਿਤ ਕਰਦੀਆਂ ਹਨ। (ਇਬ. 4:12) ਪਰ ਪਵਿੱਤਰ ਸ਼ਕਤੀ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨ ਅਤੇ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ। ਫਿਰ ਪਰਮੇਸ਼ੁਰ ਦਾ ਬਚਨ ਸਾਡੀ ਕਹਿਣੀ ਤੇ ਕਰਨੀ ’ਤੇ ਅਸਰ ਪਾਵੇਗਾ।

14. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡੀਆਂ ਸਭਾਵਾਂ ਵਿਚ “ਹਵਾ ਚੱਲ ਰਹੀ ਹੁੰਦੀ ਹੈ”? (ਅ) ਅਸੀਂ “ਬਾਦਬਾਨ ਖੋਲ੍ਹ ਕੇ” ਸਭਾਵਾਂ ਵਿਚ ਕਿਵੇਂ ਹਾਜ਼ਰ ਹੋ ਸਕਦੇ ਹਾਂ?

14 ਦੂਜਾ, ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰੋ। (ਜ਼ਬੂ. 22:22) ਕਿਹਾ ਜਾ ਸਕਦਾ ਹੈ ਕਿ ਸਾਡੀਆਂ ਸਭਾਵਾਂ ਅਜਿਹੀਆਂ ਥਾਵਾਂ ਹਨ ਜਿੱਥੇ “ਹਵਾ ਚੱਲ ਰਹੀ ਹੁੰਦੀ ਹੈ” ਯਾਨੀ ਯਹੋਵਾਹ ਦੀ ਪਵਿੱਤਰ ਸ਼ਕਤੀ ਹੁੰਦੀ ਹੈ। (ਪ੍ਰਕਾ. 2:29) ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਜਦੋਂ ਅਸੀਂ ਭਗਤੀ ਕਰਨ ਲਈ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੁੰਦੇ ਹਾਂ, ਤਾਂ ਅਸੀਂ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਦੇ ਹਾਂ, ਅਸੀਂ ਪਰਮੇਸ਼ੁਰ ਦੇ ਬਚਨ ’ਤੇ ਆਧਾਰਿਤ ਗੀਤ ਗਾਉਂਦੇ ਹਾਂ ਅਤੇ ਪਵਿੱਤਰ ਸ਼ਕਤੀ ਨਾਲ ਨਿਯੁਕਤ ਭਰਾਵਾਂ ਵੱਲੋਂ ਬਾਈਬਲ-ਆਧਾਰਿਤ ਦੱਸੀਆਂ ਗੱਲਾਂ ਸੁਣਦੇ ਹਾਂ। ਇਹੀ ਪਵਿੱਤਰ ਸ਼ਕਤੀ ਭੈਣਾਂ ਦੀ ਵੀ ਆਪਣੇ ਭਾਗ ਤਿਆਰ ਕਰਨ ਤੇ ਪੇਸ਼ ਕਰਨ ਵਿਚ ਮਦਦ ਕਰਦੀ ਹੈ। ਪਰ ਪਵਿੱਤਰ ਸ਼ਕਤੀ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਸਾਨੂੰ ਸਭਾਵਾਂ ਵਿਚ ਤਿਆਰੀ ਕਰ ਕੇ ਆਉਣ ਦੀ ਲੋੜ ਹੈ ਤਾਂ ਜੋ ਅਸੀਂ ਇਨ੍ਹਾਂ ਵਿਚ ਹਿੱਸਾ ਲੈ ਸਕੀਏ। ਇਸ ਤਰ੍ਹਾਂ ਅਸੀਂ “ਬਾਦਬਾਨ ਖੋਲ੍ਹ ਕੇ” ਸਭਾਵਾਂ ਵਿਚ ਹਾਜ਼ਰ ਹੁੰਦੇ ਹਾਂ।

15. ਪ੍ਰਚਾਰ ਵਿਚ ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰਦੀ ਹੈ?

15 ਤੀਜਾ, ਪ੍ਰਚਾਰ ਵਿਚ ਹਿੱਸਾ ਲਓ। ਜਦੋਂ ਅਸੀਂ ਪ੍ਰਚਾਰ ਤੇ ਸਿਖਾਉਣ ਦੇ ਕੰਮ ਵਿਚ ਬਾਈਬਲ ਵਰਤਦੇ ਹਾਂ, ਤਾਂ ਅਸੀਂ ਪਵਿੱਤਰ ਸ਼ਕਤੀ ਨੂੰ ਆਪਣੀ ਮਦਦ ਕਰਨ ਦਿੰਦੇ ਹਾਂ। (ਰੋਮੀ. 15:18, 19) ਪਰ ਪਵਿੱਤਰ ਸ਼ਕਤੀ ਤੋਂ ਪੂਰਾ ਫ਼ਾਇਦਾ ਲੈਣ ਲਈ ਤੁਹਾਨੂੰ ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਜਦੋਂ ਹੋ ਸਕੇ, ਤੁਹਾਨੂੰ ਬਾਈਬਲ ਵਰਤਣੀ ਚਾਹੀਦੀ ਹੈ। ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਤੋਂ “ਗੱਲਬਾਤ ਕਿਵੇਂ ਕਰੀਏ” ਭਾਗ ਵਰਤ ਕੇ ਤੁਸੀਂ ਪ੍ਰਚਾਰ ਵਿਚ ਹੋਰ ਵਧੀਆ ਤਰੀਕੇ ਨਾਲ ਲੋਕਾਂ ਨਾਲ ਗੱਲਬਾਤ ਕਰ ਸਕਦੇ ਹੋ।

16. ਪਵਿੱਤਰ ਸ਼ਕਤੀ ਲੈਣ ਦਾ ਸਭ ਤੋਂ ਸਿੱਧਾ ਤਰੀਕਾ ਕਿਹੜਾ ਹੈ?

16 ਚੌਥਾ, ਯਹੋਵਾਹ ਨੂੰ ਪ੍ਰਾਰਥਨਾ ਕਰੋ। (ਮੱਤੀ 7:7-11; ਲੂਕਾ 11:13) ਪਵਿੱਤਰ ਸ਼ਕਤੀ ਲੈਣ ਦਾ ਸਭ ਤੋਂ ਸਿੱਧਾ ਤਰੀਕਾ ਹੈ, ਪ੍ਰਾਰਥਨਾ ਵਿਚ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗਣੀ। ਕੋਈ ਵੀ ਚੀਜ਼ ਨਾ ਤਾਂ ਸਾਡੀਆਂ ਪ੍ਰਾਰਥਨਾਵਾਂ ਨੂੰ ਯਹੋਵਾਹ ਤਕ ਪਹੁੰਚਣ ਤੋਂ ਰੋਕ ਸਕਦੀ ਹੈ ਤੇ ਨਾ ਹੀ ਪਵਿੱਤਰ ਸ਼ਕਤੀ ਦੀ ਦਾਤ ਨੂੰ ਸਾਡੇ ਤਕ ਪਹੁੰਚਣ ਵਿਚ ਕੋਈ ਰੁਕਾਵਟ ਖੜ੍ਹੀ ਕਰ ਸਕਦੀ ਹੈ। ਇੱਥੋਂ ਤਕ ਕਿ ਕੋਈ ਵੀ ਜੇਲ੍ਹ ਅਤੇ ਸ਼ੈਤਾਨ ਵੀ ਨਹੀਂ। (ਯਾਕੂ. 1:17) ਪਵਿੱਤਰ ਸ਼ਕਤੀ ਤੋਂ ਪੂਰਾ ਫ਼ਾਇਦਾ ਲੈਣ ਲਈ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ? ਇਸ ਦਾ ਜਵਾਬ ਲੈਣ ਲਈ ਆਓ ਆਪਾਂ ਪ੍ਰਾਰਥਨਾ ਬਾਰੇ ਹੋਰ ਵਿਸਤਾਰ ਨਾਲ ਗੱਲ ਕਰਨ ਲਈ ਲੂਕਾ ਦੀ ਇੰਜੀਲ ਵਿਚ ਦਿੱਤੀ ਮਿਸਾਲ ’ਤੇ ਗੌਰ ਕਰੀਏ। ਇਹ ਮਿਸਾਲ ਸਿਰਫ਼ ਇਸ ਕਿਤਾਬ ਵਿਚ ਦਿੱਤੀ ਗਈ ਹੈ। *

ਪ੍ਰਾਰਥਨਾ ਕਰਨੀ ਨਾ ਛੱਡੋ

17. ਲੂਕਾ 11:5-9, 13 ਵਿਚ ਦਿੱਤੀ ਯਿਸੂ ਦੀ ਮਿਸਾਲ ਤੋਂ ਅਸੀਂ ਪ੍ਰਾਰਥਨਾ ਬਾਰੇ ਕੀ ਸਿੱਖ ਸਕਦੇ ਹਾਂ?

17 ਲੂਕਾ 11:5-9, 13 ਪੜ੍ਹੋ। ਯਿਸੂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਪਵਿੱਤਰ ਸ਼ਕਤੀ ਲਈ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਮਿਸਾਲ ਵਿਚ ਦੱਸੇ ਆਦਮੀ ਦੀਆਂ ਲੋੜਾਂ ਪੂਰੀਆਂ ਹੋਈਆਂ ਕਿਉਂਕਿ ਉਸ ਨੇ ਆਪਣੇ ਦੋਸਤ ਦਾ “ਪਿੱਛਾ ਨਹੀਂ ਛੱਡਿਆ।” ਭਾਵੇਂ ਕਿ ਬਹੁਤ ਰਾਤ ਹੋ ਚੁੱਕੀ ਸੀ, ਪਰ ਉਹ ਆਪਣੇ ਗੁਆਂਢੀ ਦੀ ਮਦਦ ਲੈਣ ਤੋਂ ਨਹੀਂ ਡਰਿਆ। (ਲੂਕਾ 11:8) * ਯਿਸੂ ਨੇ ਇਹ ਮਿਸਾਲ ਪ੍ਰਾਰਥਨਾ ’ਤੇ ਕਿਵੇਂ ਲਾਗੂ ਕੀਤੀ? ਉਸ ਨੇ ਕਿਹਾ: “ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।” ਸੋ ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਪਵਿੱਤਰ ਸ਼ਕਤੀ ਤੋਂ ਮਦਦ ਪਾਉਣ ਲਈ ਸਾਨੂੰ ਪ੍ਰਾਰਥਨਾ ਕਰਨੀ ਨਹੀਂ ਛੱਡਣੀ ਚਾਹੀਦੀ।

18. ਯਿਸੂ ਦੀ ਮਿਸਾਲ ਮੁਤਾਬਕ ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ?

18 ਯਿਸੂ ਦੀ ਮਿਸਾਲ ਤੋਂ ਸਾਡੀ ਇਹ ਵੀ ਦੇਖਣ ਵਿਚ ਮਦਦ ਹੁੰਦੀ ਹੈ ਕਿ ਯਹੋਵਾਹ ਸਾਨੂੰ ਪਵਿੱਤਰ ਸ਼ਕਤੀ ਕਿਉਂ ਦੇਵੇਗਾ। ਮਿਸਾਲ ਵਿਚ ਉਹ ਆਦਮੀ ਵਧੀਆ ਪਰਾਹੁਣਚਾਰੀ ਕਰਨ ਵਾਲਾ ਬਣਨਾ ਚਾਹੁੰਦਾ ਸੀ। ਉਸ ਨੂੰ ਲੱਗਾ ਕਿ ਉਸ ਨੂੰ ਦੇਰ ਰਾਤ ਘਰ ਆਏ ਮਹਿਮਾਨ ਨੂੰ ਕੁਝ ਖਾਣ ਨੂੰ ਦੇਣਾ ਚਾਹੀਦਾ ਹੈ, ਪਰ ਉਸ ਕੋਲ ਕੁਝ ਦੇਣ ਨੂੰ ਨਹੀਂ ਸੀ। ਯਿਸੂ ਨੇ ਕਿਹਾ ਗੁਆਂਢੀ ਨੇ ਉਸ ਨੂੰ ਰੋਟੀਆਂ ਇਸ ਲਈ ਦਿੱਤੀਆਂ ਕਿਉਂਕਿ ਉਸ ਆਦਮੀ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਯਿਸੂ ਕੀ ਸਿਖਾਉਣਾ ਚਾਹੁੰਦਾ ਸੀ? ਜੇ ਇਕ ਪਾਪੀ ਆਦਮੀ ਆਪਣੇ ਗੁਆਂਢੀ ਦੇ ਪਿੱਛੇ ਪੈਣ ’ਤੇ ਮਦਦ ਕਰਨ ਲਈ ਤਿਆਰ ਹੈ, ਤਾਂ ਸਾਡਾ ਪਿਆਰ ਕਰਨ ਵਾਲਾ ਸਵਰਗੀ ਪਿਤਾ ਉਨ੍ਹਾਂ ਦੀ ਮਦਦ ਕਰਨ ਲਈ ਕਿੰਨਾ ਜ਼ਿਆਦਾ ਤਿਆਰ ਹੋਵੇਗਾ ਜੋ ਪਵਿੱਤਰ ਸ਼ਕਤੀ ਮੰਗਣੀ ਨਹੀਂ ਛੱਡਦੇ! ਇਸ ਲਈ ਅਸੀਂ ਭਰੋਸੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ ਕਿ ਯਹੋਵਾਹ ਪਵਿੱਤਰ ਸ਼ਕਤੀ ਲਈ ਕੀਤੀਆਂ ਸਾਡੀਆਂ ਖ਼ਾਸ ਬੇਨਤੀਆਂ ਦਾ ਜਵਾਬ ਜ਼ਰੂਰ ਦੇਵੇਗਾ।—ਜ਼ਬੂ. 10:17; 66:19.

19. ਸਾਨੂੰ ਪੱਕਾ ਭਰੋਸਾ ਕਿਉਂ ਹੈ ਕਿ ਅਸੀਂ ਜਿੱਤਾਂਗੇ?

19 ਸ਼ੈਤਾਨ ਵੱਲੋਂ ਸਾਨੂੰ ਹਰਾਉਣ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਾਨੂੰ ਪੱਕਾ ਭਰੋਸਾ ਹੈ ਕਿ ਅਸੀਂ ਜ਼ਰੂਰ ਜਿੱਤਾਂਗੇ। ਕਿਉਂ? ਕਿਉਂਕਿ ਪਵਿੱਤਰ ਸ਼ਕਤੀ ਸਾਡੀ ਦੋ ਤਰੀਕਿਆਂ ਨਾਲ ਮਦਦ ਕਰਦੀ ਹੈ। ਪਹਿਲਾ, ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਇਹ ਸਾਨੂੰ ਲੋੜੀਂਦੀ ਤਾਕਤ ਦਿੰਦੀ ਹੈ। ਦੂਜਾ, ਇਸ ਵਿਚ “ਸਾਡੇ ਬਾਦਬਾਨਾਂ ਵਿਚ ਹਵਾ ਭਰਨ” ਦੀ ਤਾਕਤ ਹੈ ਯਾਨੀ ਇਹ ਸਾਡੀ ਮਦਦ ਕਰਦੀ ਹੈ ਕਿ ਅਸੀਂ ਨਵੀਂ ਦੁਨੀਆਂ ਵਿਚ ਪਹੁੰਚਣ ਤਕ ਯਹੋਵਾਹ ਦੀ ਸੇਵਾ ਵਿਚ ਅੱਗੇ ਵਧਦੇ ਰਹੀਏ। ਆਓ ਆਪਾਂ ਪਵਿੱਤਰ ਸ਼ਕਤੀ ਦੀ ਮਦਦ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਂਦੇ ਰਹਿਣ ਦਾ ਪੱਕਾ ਇਰਾਦਾ ਕਰੀਏ!

ਗੀਤ 6 ਪਰਮੇਸ਼ੁਰ ਦੇ ਦਾਸ ਦੀ ਦੁਆ

^ ਪੈਰਾ 5 ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ। ਨਾਲੇ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਪਵਿੱਤਰ ਸ਼ਕਤੀ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਕੀ ਕਰ ਸਕਦੇ ਹਾਂ।

^ ਪੈਰਾ 16 ਹੋਰ ਕਿਸੇ ਵੀ ਇੰਜੀਲ ਦੇ ਲਿਖਾਰੀ ਨਾਲੋਂ ਲੂਕਾ ਨੇ ਸਾਡੀ ਇਹ ਸਮਝਣ ਵਿਚ ਮਦਦ ਕੀਤੀ ਕਿ ਯਿਸੂ ਦੀ ਜ਼ਿੰਦਗੀ ਵਿਚ ਪ੍ਰਾਰਥਨਾ ਅਹਿਮ ਸੀ।—ਲੂਕਾ 3:21; 5:16; 6:12; 9:18, 28, 29; 18:1; 22:41, 44.

^ ਪੈਰਾ 17 ਜੁਲਾਈ 2018 ਦੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ ਦੇ ਸਫ਼ੇ 6 ’ਤੇ “ਪਿੱਛਾ ਨਹੀਂ ਛੱਡਿਆ” ਲਈ ਖ਼ਾਸ ਜਾਣਕਾਰੀ ਦੇਖੋ।

^ ਪੈਰਾ 60 ਤਸਵੀਰਾਂ ਬਾਰੇ ਜਾਣਕਾਰੀ: ਪਹਿਲਾ ਕਦਮ: ਇਕ ਭੈਣ ਤੇ ਭਰਾ ਕਿੰਗਡਮ ਹਾਲ ਵਿਚ ਪਹੁੰਚ ਗਏ ਹਨ। ਭੈਣਾਂ-ਭਰਾਵਾਂ ਨਾਲ ਮਿਲ ਕੇ ਉਹ ਉਸ ਜਗ੍ਹਾ ਹਨ ਜਿੱਥੇ ਯਹੋਵਾਹ ਦੀ ਪਵਿੱਤਰ ਸ਼ਕਤੀ ਹੈ। ਦੂਜਾ ਕਦਮ: ਉਨ੍ਹਾਂ ਨੇ ਸਭਾ ਵਿਚ ਹਿੱਸਾ ਲੈਣ ਦੀ ਤਿਆਰੀ ਕੀਤੀ ਹੈ। ਤਸਵੀਰ ਵਿਚ ਦਿੱਤੇ ਦੋ ਕਦਮ ਇਸ ਲੇਖ ਵਿਚ ਚਰਚਾ ਕੀਤੇ ਇਨ੍ਹਾਂ ਕੰਮਾਂ ’ਤੇ ਵੀ ਲਾਗੂ ਹੁੰਦੇ ਹਨ: ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ, ਪ੍ਰਚਾਰ ਵਿਚ ਹਿੱਸਾ ਲੈਣਾ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ।