ਅਧਿਐਨ ਲੇਖ 47
ਕੀ ਤੁਸੀਂ ਆਪਣੇ ਵਿਚ ਸੁਧਾਰ ਲਿਆਉਂਦੇ ਰਹੋਗੇ?
“ਅਖ਼ੀਰ ਵਿਚ, ਭਰਾਵੋ, ਮੈਂ ਤੁਹਾਨੂੰ ਹੱਲਾਸ਼ੇਰੀ ਦਿੰਦਾ ਹਾਂ ਕਿ ਤੁਸੀਂ ਹਮੇਸ਼ਾ ਖ਼ੁਸ਼ ਰਹੋ, ਆਪਣੇ ਆਪ ਨੂੰ ਸੁਧਾਰਦੇ ਰਹੋ।”—2 ਕੁਰਿੰ. 13:11.
ਗੀਤ 32 ਤਕੜੇ ਹੋਵੋ, ਦ੍ਰਿੜ੍ਹ ਬਣੋ!
ਖ਼ਾਸ ਗੱਲਾਂ *
1. ਮੱਤੀ 7:13, 14 ਅਨੁਸਾਰ ਅਸੀਂ ਕਿਸ ਅਰਥ ਵਿਚ ਸਫ਼ਰ ਤੈਅ ਕਰ ਰਹੇ ਹਾਂ?
ਅਸੀਂ ਸਾਰੇ ਇਕ ਸਫ਼ਰ ਤੈਅ ਕਰ ਰਹੇ ਹਾਂ। ਸਾਡੀ ਮੰਜ਼ਲ ਜਾਂ ਟੀਚਾ ਯਹੋਵਾਹ ਦੇ ਰਾਜ ਅਧੀਨ ਨਵੀਂ ਦੁਨੀਆਂ ਵਿਚ ਰਹਿਣ ਦਾ ਹੈ। ਅਸੀਂ ਹਰ ਦਿਨ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦੇ ਰਾਹ ’ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਯਿਸੂ ਨੇ ਕਿਹਾ ਸੀ ਕਿ ਉਹ ਰਾਹ ਤੰਗ ਹੈ ਅਤੇ ਕਦੀ-ਕਦਾਈਂ ਉਸ ’ਤੇ ਚੱਲਣਾ ਮੁਸ਼ਕਲ ਹੋਵੇਗਾ। (ਮੱਤੀ 7:13, 14 ਪੜ੍ਹੋ।) ਨਾਮੁਕੰਮਲ ਹੋਣ ਕਰਕੇ ਅਸੀਂ ਆਸਾਨੀ ਨਾਲ ਹੀ ਇਸ ਰਾਹ ਤੋਂ ਭਟਕ ਸਕਦੇ ਹਾਂ।—ਗਲਾ. 6:1.
2. ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ? (“ ਆਪਣੇ ਆਪ ਵਿਚ ਸੁਧਾਰ ਕਰਨ ਵਿਚ ਨਿਮਰਤਾ ਸਾਡੀ ਮਦਦ ਕਰਦੀ ਹੈ” ਨਾਂ ਦੀ ਡੱਬੀ ਵੀ ਦੇਖੋ।)
2 ਜੇ ਅਸੀਂ ਜ਼ਿੰਦਗੀ ਵੱਲ ਜਾਂਦੇ ਇਸ ਤੰਗ ਰਾਹ ’ਤੇ ਚੱਲਦੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਖ਼ੁਸ਼ੀ-ਖ਼ੁਸ਼ੀ ਆਪਣੀ ਸੋਚ, ਆਪਣੇ ਰਵੱਈਏ ਅਤੇ ਕੰਮਾਂ ਵਿਚ ਸੁਧਾਰ ਕਰਦੇ ਰਹਿਣ ਦੀ ਲੋੜ ਹੈ। ਪੌਲੁਸ ਰਸੂਲ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ “ਆਪਣੇ ਆਪ ਨੂੰ ਸੁਧਾਰਦੇ” ਰਹਿਣ। (2 ਕੁਰਿੰ. 13:11) ਇਹ ਸਲਾਹ ਸਾਡੇ ’ਤੇ ਵੀ ਲਾਗੂ ਹੁੰਦੀ ਹੈ। ਇਸ ਲੇਖ ਤੋਂ ਅਸੀਂ ਸਿੱਖਾਂਗੇ ਕਿ ਆਪਣੇ ਵਿਚ ਸੁਧਾਰ ਕਰਨ ਲਈ ਬਾਈਬਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ ਅਤੇ ਜ਼ਿੰਦਗੀ ਵੱਲ ਜਾਂਦੇ ਰਾਹ ’ਤੇ ਚੱਲਦੇ ਰਹਿਣ ਵਿਚ ਸਮਝਦਾਰ ਮਸੀਹੀ ਸਾਡੀ ਕਿਵੇਂ ਮਦਦ ਕਰ ਸਕਦੇ ਹਨ। ਅਸੀਂ ਇਹ ਵੀ ਦੇਖਾਂਗੇ ਕਿ ਯਹੋਵਾਹ ਦੇ ਸੰਗਠਨ ਤੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਣਾ ਕਦੋਂ ਔਖਾ ਹੋ ਸਕਦਾ ਹੈ ਅਤੇ ਖ਼ੁਸ਼ੀ-ਖ਼ੁਸ਼ੀ ਸੁਧਾਰ ਕਰਨ ਵਿਚ ਨਿਮਰਤਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ।
ਪਰਮੇਸ਼ੁਰ ਦੇ ਬਚਨ ਨੂੰ ਆਪਣੇ ’ਤੇ ਕੰਮ ਕਰਨ ਦਿਓ
3. ਪਰਮੇਸ਼ੁਰ ਦਾ ਬਚਨ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?
3 ਜਦੋਂ ਅਸੀਂ ਆਪਣੇ ਖ਼ਿਆਲਾਂ ਅਤੇ ਭਾਵਨਾਵਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਡੇ ਲਈ ਇਕ ਚੁਣੌਤੀ ਖੜ੍ਹੀ ਹੁੰਦੀ ਹੈ। ਸਾਡਾ ਦਿਲ ਧੋਖੇਬਾਜ਼ ਹੈ ਅਤੇ ਸਾਡੇ ਲਈ ਇਹ ਜਾਣਨਾ ਮੁਸ਼ਕਲ ਹੁੰਦਾ ਹੈ ਕਿ ਇਹ ਸਾਨੂੰ ਕਿੱਧਰ ਲਿਜਾ ਰਿਹਾ ਹੈ। (ਯਿਰ. 17:9) ਅਸੀਂ ਆਸਾਨੀ ਨਾਲ ਆਪਣੇ ਆਪ ਨੂੰ “ਝੂਠੀਆਂ ਦਲੀਲਾਂ” ਨਾਲ ਧੋਖਾ ਦੇ ਸਕਦੇ ਹਾਂ। (ਯਾਕੂ. 1:22) ਸੋ ਸਾਨੂੰ ਪਰਮੇਸ਼ੁਰ ਦੇ ਬਚਨ ਰਾਹੀਂ ਆਪਣੀ ਜਾਂਚ ਕਰਨੀ ਚਾਹੀਦੀ ਹੈ। ਪਰਮੇਸ਼ੁਰ ਦੇ ਬਚਨ ਤੋਂ ਪਤਾ ਲੱਗਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਹਾਂ ਯਾਨੀ ਸਾਡੇ “ਮਨ ਦੀਆਂ ਸੋਚਾਂ ਅਤੇ ਇਰਾਦਿਆਂ” ਨੂੰ ਜ਼ਾਹਰ ਕਰਦਾ ਹੈ। (ਇਬ. 4:12, 13) ਕਿਹਾ ਜਾਵੇ ਤਾਂ ਪਰਮੇਸ਼ੁਰ ਦਾ ਬਚਨ ਇਕ ਐਕਸ-ਰੇ ਮਸ਼ੀਨ ਦੀ ਤਰ੍ਹਾਂ ਹੈ ਜੋ ਸਾਨੂੰ ਆਪਣੇ ਅੰਦਰ ਦੇਖਣ ਵਿਚ ਮਦਦ ਕਰਦਾ ਹੈ। ਪਰ ਬਾਈਬਲ ਜਾਂ ਨਿਯੁਕਤ ਕੀਤੇ ਹੋਏ ਭਰਾਵਾਂ ਦੀ ਸਲਾਹ ਤੋਂ ਫ਼ਾਇਦਾ ਲੈਣ ਲਈ ਸਾਨੂੰ ਨਿਮਰ ਬਣਨ ਦੀ ਲੋੜ ਹੈ।
4. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਸ਼ਾਊਲ ਘਮੰਡੀ ਬਣ ਗਿਆ ਸੀ?
4 ਰਾਜਾ ਸ਼ਾਊਲ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਨਿਮਰ ਨਾ ਹੋਣ ਤੇ ਕੀ ਹੋ ਸਕਦਾ ਹੈ। ਸ਼ਾਊਲ ਇੰਨਾ ਘਮੰਡੀ ਬਣ ਗਿਆ ਸੀ ਕਿ ਉਸ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਆਪਣੀ ਸੋਚ ਅਤੇ ਕੰਮਾਂ ਵਿਚ ਸੁਧਾਰ ਕਰਨ ਦੀ ਲੋੜ ਸੀ। (ਜ਼ਬੂ. 36:1, 2; ਹਬ. 2:4) ਇਹ ਗੱਲ ਉਦੋਂ ਸਾਫ਼ ਜ਼ਾਹਰ ਹੋਈ ਜਦ ਅਮਾਲੇਕੀਆਂ ਨੂੰ ਹਾਰ ਦਾ ਮੂੰਹ ਦਿਖਾਉਣ ਤੋਂ ਬਾਅਦ ਉਸ ਨੇ ਯਹੋਵਾਹ ਵੱਲੋਂ ਦਿੱਤੀਆਂ ਖ਼ਾਸ ਹਿਦਾਇਤਾਂ ਨਹੀਂ ਮੰਨੀਆਂ। ਨਾਲੇ ਜਦੋਂ ਸਮੂਏਲ ਨਬੀ ਨੇ ਉਸ ਨਾਲ ਇਸ ਮਸਲੇ ਬਾਰੇ ਗੱਲ ਕੀਤੀ, ਤਾਂ ਸ਼ਾਊਲ ਨੇ ਆਪਣੀ ਗ਼ਲਤੀ ਨਹੀਂ ਮੰਨੀ। ਇਸ ਦੀ ਬਜਾਇ, ਉਸ ਨੇ ਆਪਣੀ ਗ਼ਲਤੀ ਨੂੰ ਮਾਮੂਲੀ ਠਹਿਰਾਇਆ ਅਤੇ ਲੋਕਾਂ ’ਤੇ ਇਲਜ਼ਾਮ ਥੋਪ ਕੇ ਖ਼ੁਦ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। (1 ਸਮੂ. 15:13-24) ਸ਼ਾਊਲ ਨੇ ਪਹਿਲਾਂ ਵੀ ਇਸੇ ਤਰ੍ਹਾਂ ਦਾ ਰਵੱਈਆ ਦਿਖਾਇਆ ਸੀ। (1 ਸਮੂ. 13:10-14) ਦੁੱਖ ਦੀ ਗੱਲ ਹੈ ਕਿ ਉਸ ਨੇ ਆਪਣੇ ਅੰਦਰ ਘਮੰਡੀ ਰਵੱਈਆ ਪੈਦਾ ਹੋਣ ਦਿੱਤਾ। ਉਸ ਨੇ ਆਪਣੀ ਸੋਚ ਨਹੀਂ ਸੁਧਾਰੀ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਤਾੜਿਆ ਅਤੇ ਰਾਜੇ ਵਜੋਂ ਰੱਦ ਕਰ ਦਿੱਤਾ।
5. ਅਸੀਂ ਸ਼ਾਊਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
5 ਸ਼ਾਊਲ ਦੀ ਮਿਸਾਲ ਤੋਂ ਸਿੱਖਣ ਲਈ ਸਾਨੂੰ ਖ਼ੁਦ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਜਦੋਂ ਬਾਈਬਲ ਪੜ੍ਹ ਕੇ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਕੀ ਮੈਂ ਸੁਧਾਰ ਨਾ ਕਰਨ ਦੇ ਬਹਾਨੇ ਬਣਾਉਂਦਾ ਹਾਂ? ਕੀ ਮੈਂ ਆਪਣੀ ਗ਼ਲਤੀ ਨੂੰ ਮਾਮੂਲੀ ਸਮਝਦਾ ਹਾਂ? ਕੀ ਮੈਂ ਆਪਣੀ ਗ਼ਲਤੀ ਦਾ ਇਲਜ਼ਾਮ ਕਿਸੇ ਹੋਰ ’ਤੇ ਥੋਪ ਦਿੰਦਾ ਹਾਂ?’ ਜੇ ਅਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ “ਹਾਂ” ਵਿਚ ਦਿੰਦੇ ਹਾਂ, ਤਾਂ ਸਾਨੂੰ ਆਪਣੀ ਸੋਚ ਅਤੇ ਆਪਣੇ ਰਵੱਈਏ ਨੂੰ ਬਦਲਣ ਦੀ ਲੋੜ ਹੈ। ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਸਾਡਾ ਦਿਲ ਇੰਨਾ ਘਮੰਡੀ ਬਣ ਸਕਦਾ ਹੈ ਕਿ ਯਹੋਵਾਹ ਸਾਨੂੰ ਆਪਣੇ ਦੋਸਤ ਮੰਨਣ ਤੋਂ ਇਨਕਾਰ ਕਰ ਦੇਵੇਗਾ।—ਯਾਕੂ. 4:6.
6. ਰਾਜਾ ਸ਼ਾਊਲ ਅਤੇ ਰਾਜਾ ਦਾਊਦ ਵਿਚ ਕੀ ਫ਼ਰਕ ਸੀ?
6 ਹੁਣ ਜ਼ਰਾ ਗੌਰ ਕਰੋ ਕਿ ਰਾਜਾ ਦਾਊਦ ਕਿਵੇਂ ਵੱਖਰਾ ਸੀ। ਦਾਊਦ “ਯਹੋਵਾਹ ਦੀ ਬਿਵਸਥਾ” ਨੂੰ ਪਿਆਰ ਕਰਦਾ ਸੀ। (ਜ਼ਬੂ. 1:1-3) ਦਾਊਦ ਜਾਣਦਾ ਸੀ ਕਿ ਯਹੋਵਾਹ ਨਿਮਰ ਇਨਸਾਨਾਂ ਨੂੰ ਬਚਾਉਂਦਾ ਹੈ, ਪਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ। (2 ਸਮੂ. 22:28) ਇਸ ਕਰਕੇ ਦਾਊਦ ਨੇ ਪਰਮੇਸ਼ੁਰ ਦੀ ਬਿਵਸਥਾ ਮੁਤਾਬਕ ਆਪਣੀ ਸੋਚ ਸੁਧਾਰੀ। ਉਸ ਨੇ ਲਿਖਿਆ: “ਮੈਂ ਯਹੋਵਾਹ ਨੂੰ ਮੁਬਾਰਕ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ, ਰਾਤ ਦੇ ਵੇਲੇ ਮੇਰੇ ਗੁਰਦੇ ਮੈਨੂੰ ਸਿਖਲਾਉਂਦੇ ਹਨ।”—ਜ਼ਬੂ. 16:7.
7. ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਕੀ ਕਰਾਂਗੇ?
7 ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਸੋਚ ਸੁਧਾਰਨ ਦੇਵਾਂਗੇ ਤਾਂਕਿ ਅਸੀਂ ਕੋਈ ਗ਼ਲਤ ਕਦਮ ਨਾ ਚੁੱਕ ਲਈਏ। ਇਕ ਤਰ੍ਹਾਂ ਪਰਮੇਸ਼ੁਰ ਦਾ ਬਚਨ ਸਾਨੂੰ ਪਿੱਛੋਂ ਦੀ ਆਵਾਜ਼ ਮਾਰ ਕੇ ਕਹੇਗਾ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” ਜਦੋਂ ਅਸੀਂ ਸਹੀ ਰਾਹ ਤੋਂ ਭਟਕ ਕੇ ਸੱਜੇ ਜਾਂ ਖੱਬੇ ਨੂੰ ਜਾ ਰਹੇ ਹੋਵਾਂਗੇ, ਤਾਂ ਇਹ ਸਾਨੂੰ ਚੇਤਾਵਨੀ ਦੇਵੇਗਾ। (ਯਸਾ. 30:21) ਯਹੋਵਾਹ ਦੀ ਆਵਾਜ਼ ਸੁਣ ਕੇ ਸਾਨੂੰ ਕਈ ਫ਼ਾਇਦੇ ਹੋਣਗੇ। (ਯਸਾ. 48:17) ਮਿਸਾਲ ਲਈ, ਸਾਨੂੰ ਇਸ ਗੱਲ ਦੀ ਸ਼ਰਮਿੰਦਗੀ ਨਹੀਂ ਹੋਵੇਗੀ ਕਿ ਕਿਸੇ ਹੋਰ ਨੇ ਸਾਡੀ ਸੋਚ ਸੁਧਾਰੀ। ਨਾਲੇ ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾਵਾਂਗੇ ਕਿਉਂਕਿ ਸਾਨੂੰ ਅਹਿਸਾਸ ਹੋਵੇਗਾ ਕਿ ਉਹ ਪਿਆਰੇ ਪਿਤਾ ਵਾਂਗ ਸਾਡੀ ਪਰਵਾਹ ਕਰਦਾ ਹੈ।—ਇਬ. 12:7.
8. ਯਾਕੂਬ 1:22-25 ਅਨੁਸਾਰ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਸ਼ੀਸ਼ੇ ਵਾਂਗ ਕਿਵੇਂ ਵਰਤ ਸਕਦੇ ਹਾਂ?
8 ਪਰਮੇਸ਼ੁਰ ਦਾ ਬਚਨ ਸਾਡੇ ਲਈ ਇਕ ਸ਼ੀਸ਼ੇ ਵਾਂਗ ਹੋ ਸਕਦਾ ਹੈ। (ਯਾਕੂਬ 1:22-25 ਪੜ੍ਹੋ।) ਸਾਡੇ ਵਿੱਚੋਂ ਕਈ ਜਣੇ ਸਵੇਰ ਨੂੰ ਘਰੋਂ ਬਾਹਰ ਜਾਣ ਤੋਂ ਪਹਿਲਾਂ ਸ਼ੀਸ਼ਾ ਦੇਖਦੇ ਅਤੇ ਆਪਣੇ ਆਪ ਨੂੰ ਸੰਵਾਰਦੇ ਹਨ। ਇਸੇ ਤਰ੍ਹਾਂ, ਹਰ ਰੋਜ਼ ਬਾਈਬਲ ਪੜ੍ਹ ਕੇ ਅਸੀਂ ਦੇਖ ਸਕਾਂਗੇ ਕਿ ਸਾਨੂੰ ਆਪਣੀ ਸੋਚ ਅਤੇ ਆਪਣੇ ਰਵੱਈਏ ਵਿਚ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਕਈ ਜਣੇ ਹਰ ਰੋਜ਼ ਸਵੇਰੇ ਘਰੋਂ ਬਾਹਰ ਜਾਣ ਤੋਂ ਪਹਿਲਾਂ ਬਾਈਬਲ ਦਾ ਹਵਾਲਾ ਪੜ੍ਹਦੇ ਅਤੇ ਇਸ ਦਾ ਆਪਣੀ ਸੋਚ ’ਤੇ ਅਸਰ ਪੈਣ ਦਿੰਦੇ ਹਨ। ਫਿਰ ਪੂਰੇ ਦਿਨ ਦੌਰਾਨ ਉਹ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ, ਸਾਨੂੰ ਲਗਾਤਾਰ ਅਧਿਐਨ ਕਰਨ ਦੀ ਲੋੜ ਹੈ ਜਿਸ ਵਿਚ ਹਰ ਰੋਜ਼ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਅਤੇ ਇਸ ’ਤੇ ਸੋਚ-ਵਿਚਾਰ ਕਰਨਾ ਵੀ ਸ਼ਾਮਲ ਹੈ। ਸਾਨੂੰ ਸ਼ਾਇਦ ਇਹ ਗੱਲ ਮਾਮੂਲੀ ਲੱਗੇ, ਪਰ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ ਤਾਂਕਿ ਅਸੀਂ ਜ਼ਿੰਦਗੀ ਨੂੰ ਜਾਂਦੇ ਤੰਗ ਰਾਹ ’ਤੇ ਚੱਲਦੇ ਰਹਿ ਸਕੀਏ।
ਸਮਝਦਾਰ ਮਸੀਹੀਆਂ ਦੀ ਸਲਾਹ ਸੁਣੋ
9. ਸ਼ਾਇਦ ਇਕ ਦੋਸਤ ਤੁਹਾਨੂੰ ਕਦੋਂ ਸਲਾਹ ਦੇਵੇ?
9 ਕੀ ਤੁਸੀਂ ਕਦੇ ਅਜਿਹਾ ਰਾਹ ਚੁਣਿਆ ਸੀ ਜਿਸ ਕਰਕੇ ਤੁਸੀਂ ਯਹੋਵਾਹ ਤੋਂ ਦੂਰ ਹੋਣ ਲੱਗ ਪਏ? (ਜ਼ਬੂ. 73:2, 3) ਜੇ ਇਕ ਸਮਝਦਾਰ ਦੋਸਤ ਨੇ ਹਿੰਮਤ ਕਰ ਕੇ ਤੁਹਾਨੂੰ ਸਲਾਹ ਦਿੱਤੀ ਸੀ, ਤਾਂ ਕੀ ਤੁਸੀਂ ਉਸ ਦੀ ਸਲਾਹ ਮੰਨੀ ਸੀ? ਜੇ ਹਾਂ, ਤਾਂ ਤੁਸੀਂ ਠੀਕ ਕੀਤਾ ਅਤੇ ਬਿਨਾਂ ਸ਼ੱਕ ਤੁਸੀਂ ਆਪਣੇ ਦੋਸਤ ਦੇ ਸ਼ੁਕਰਗੁਜ਼ਾਰ ਵੀ ਸੀ।—ਕਹਾ. 1:5.
10. ਕਿਸੇ ਦੋਸਤ ਤੋਂ ਸਲਾਹ ਮਿਲਣ ’ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
10 ਪਰਮੇਸ਼ੁਰ ਦਾ ਬਚਨ ਸਾਨੂੰ ਯਾਦ ਕਰਾਉਂਦਾ ਹੈ: “ਹਿੱਤਕਾਰੀ ਵੱਲੋਂ ਘਾਉ ਵਫਾਦਾਰੀ ਵਾਲੇ ਹਨ।” (ਕਹਾ. 27:6) ਇਹ ਗੱਲ ਕਿਸ ਅਰਥ ਵਿਚ ਸੱਚ ਹੈ? ਜ਼ਰਾ ਇਸ ਮਿਸਾਲ ’ਤੇ ਗੌਰ ਕਰੋ: ਕਲਪਨਾ ਕਰੋ ਕਿ ਤੁਸੀਂ ਇਕ ਭੀੜ-ਭੜੱਕੇ ਵਾਲੀ ਸੜਕ ਪਾਰ ਕਰਨ ਦੀ ਉਡੀਕ ਕਰ ਰਹੇ ਹੋ ਅਤੇ ਤੁਹਾਡਾ ਧਿਆਨ ਫ਼ੋਨ ਵੱਲ ਚਲਾ ਜਾਂਦਾ ਹੈ। ਤੁਸੀਂ ਬਿਨਾਂ ਦੇਖੇ ਸੜਕ ਪਾਰ ਕਰਨ ਲੱਗਦੇ ਹੋ ਤੇ ਉਸੇ ਵੇਲੇ ਤੁਹਾਡਾ ਦੋਸਤ ਤੁਹਾਡੀ ਬਾਂਹ ਫੜ ਕੇ ਤੁਹਾਨੂੰ ਪਿੱਛੇ ਖਿੱਚ ਲੈਂਦਾ ਹੈ। ਉਸ ਨੇ ਤੁਹਾਨੂੰ ਇੰਨੀ ਘੁੱਟ ਕੇ ਫੜਿਆ ਕਿ ਤੁਹਾਡੀ ਬਾਂਹ ’ਤੇ ਨੀਲ ਪੈ ਜਾਂਦਾ ਹੈ, ਪਰ ਉਸ ਦੀ ਫੁਰਤੀ ਕਰਕੇ ਤੁਹਾਡੀ ਜਾਨ ਬਚ ਜਾਂਦੀ ਹੈ। ਭਾਵੇਂ ਉਸ ਨੀਲ ਕਰਕੇ ਤੁਹਾਨੂੰ ਕਈ ਦਿਨਾਂ ਤਕ ਦਰਦ ਸਹਿਣਾ ਪੈਂਦਾ ਹੈ, ਪਰ ਕੀ ਤੁਸੀਂ ਇਸ ਗੱਲ ਦਾ ਬੁਰਾ ਮਨਾਓਗੇ ਕਿ ਤੁਹਾਡੇ ਦੋਸਤ ਨੇ ਇੰਨੀ ਘੁੱਟ ਕੇ ਤੁਹਾਡੀ ਬਾਂਹ ਫੜੀ? ਹਰਗਿਜ਼ ਨਹੀਂ! ਤੁਸੀਂ ਉਸ ਦੀ ਮਦਦ ਲਈ ਸ਼ੁਕਰਗੁਜ਼ਾਰ ਹੋਵੋਗੇ। ਇਸੇ ਤਰ੍ਹਾਂ ਜੇ ਤੁਹਾਡਾ ਕੋਈ ਦੋਸਤ ਤੁਹਾਨੂੰ ਕਹਿੰਦਾ ਹੈ ਕਿ ਤੁਹਾਡੀ ਗੱਲਬਾਤ ਜਾਂ ਕੰਮ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਨਹੀਂ ਹਨ, ਤਾਂ ਪਹਿਲਾਂ-ਪਹਿਲ ਸ਼ਾਇਦ ਤੁਹਾਨੂੰ ਦੁੱਖ ਲੱਗੇ। ਪਰ ਉਸ ਦੀ ਸਲਾਹ ਦਾ ਬੁਰਾ ਨਾ ਮਨਾ ਕੇ ਅਸੀਂ ਸਮਝਦਾਰੀ ਦਿਖਾ ਰਹੇ ਹੋਵਾਂਗੇ। (ਉਪ. 7:9) ਇਸ ਦੀ ਬਜਾਇ, ਸ਼ੁਕਰਗੁਜ਼ਾਰ ਹੋਵੋ ਕਿ ਤੁਹਾਡੇ ਦੋਸਤ ਨੇ ਸਲਾਹ ਦੇਣ ਦੀ ਹਿੰਮਤ ਦਿਖਾਈ।
11. ਕੋਈ ਸ਼ਾਇਦ ਆਪਣੇ ਦੋਸਤ ਦੀ ਚੰਗੀ ਸਲਾਹ ਨੂੰ ਕਿਉਂ ਰੱਦ ਕਰ ਦੇਵੇ?
11 ਸ਼ਾਇਦ ਕੋਈ ਆਪਣੇ ਦੋਸਤ ਦੀ ਚੰਗੀ ਸਲਾਹ ਨੂੰ ਕਿਹੜੇ ਕਾਰਨ ਕਰਕੇ ਨਜ਼ਰਅੰਦਾਜ਼ ਕਰ ਦੇਵੇ? ਘਮੰਡ ਕਰਕੇ। ਘਮੰਡੀ ਲੋਕ ਉਹ ਗੱਲਾਂ “ਸੁਣਨੀਆਂ ਚਾਹੁੰਦੇ ਹਨ” ਜੋ ਉਨ੍ਹਾਂ ਨੂੰ ਪਸੰਦ ਹਨ। ਉਹ “ਸੱਚਾਈ ਦੀਆਂ ਗੱਲਾਂ ਸੁਣਨ ਤੋਂ ਇਨਕਾਰ” ਕਰਦੇ ਹਨ। (2 ਤਿਮੋ. 4:3, 4) ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਸਲਾਹ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਨੂੰ ਸਾਰਾ ਕੁਝ ਪਤਾ ਹੈ। ਪਰ ਪੌਲੁਸ ਰਸੂਲ ਨੇ ਕਿਹਾ: “ਜੇ ਕੋਈ ਕੁਝ ਨਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਕੁਝ ਸਮਝੇ, ਤਾਂ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ।” (ਗਲਾ. 6:3) ਰਾਜਾ ਸੁਲੇਮਾਨ ਨੇ ਇਸ ਗੱਲ ਦਾ ਵਧੀਆ ਨਿਚੋੜ ਕੱਢਿਆ। ਉਸ ਨੇ ਲਿਖਿਆ: “ਬੁੱਢਾ ਅਤੇ ਮੂਰਖ ਪਾਤਸ਼ਾਹ ਜੋ ਹੋਰ ਸਿੱਖਿਆ ਸਹਾਰਨਾ ਨਾ ਜਾਣੇ ਉਸ ਨਾਲੋਂ ਇੱਕ ਮਸਕੀਨ ਪਰ ਬੁੱਧਵਾਨ ਜੁਆਨ ਚੰਗਾ ਹੈ।”—ਉਪ. 4:13.
12. ਗਲਾਤੀਆਂ 2:11-14 ਵਿਚ ਦਰਜ ਪਤਰਸ ਰਸੂਲ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?
12 ਧਿਆਨ ਦਿਓ ਕਿ ਪਤਰਸ ਰਸੂਲ ਨੇ ਉਦੋਂ ਕੀ ਕੀਤਾ ਜਦੋਂ ਪੌਲੁਸ ਰਸੂਲ ਨੇ ਉਸ ਨੂੰ ਸਾਰਿਆਂ ਸਾਮ੍ਹਣੇ ਸਲਾਹ ਦਿੱਤੀ। (ਗਲਾਤੀਆਂ 2:11-14 ਪੜ੍ਹੋ।) ਪਤਰਸ ਆਸਾਨੀ ਨਾਲ ਪੌਲੁਸ ਦੀ ਗੱਲ ਦਾ ਬੁਰਾ ਮਨਾ ਸਕਦਾ ਸੀ, ਪਰ ਉਸ ਨੇ ਇਹ ਨਹੀਂ ਦੇਖਿਆ ਕਿ ਪੌਲੁਸ ਨੇ ਕਿਵੇਂ ਅਤੇ ਕਿੱਥੇ ਸਲਾਹ ਦਿੱਤੀ। ਪਤਰਸ ਸਮਝਦਾਰ ਸੀ। ਉਸ ਨੇ ਸਲਾਹ ਸਵੀਕਾਰ ਕੀਤੀ ਅਤੇ ਪੌਲੁਸ ਖ਼ਿਲਾਫ਼ ਕੋਈ ਗਿਲਾ-ਸ਼ਿਕਵਾ ਨਹੀਂ ਰੱਖਿਆ। ਇਸ ਦੀ ਬਜਾਇ, ਉਸ ਨੇ ਬਾਅਦ ਵਿਚ ਪੌਲੁਸ ਨੂੰ ਆਪਣਾ “ਭਰਾ” ਕਿਹਾ।—2 ਪਤ. 3:15.
13. ਸਲਾਹ ਦਿੰਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
13 ਜੇ ਤੁਹਾਨੂੰ ਕਦੇ ਲੱਗਦਾ ਹੈ ਕਿ ਤੁਹਾਨੂੰ ਆਪਣੇ ਕਿਸੇ ਦੋਸਤ ਨੂੰ ਸਲਾਹ ਦੇਣ ਦੀ ਲੋੜ ਹੈ, ਤਾਂ ਤੁਸੀਂ ਕਿਹੜੀਆਂ ਗੱਲਾਂ ਧਿਆਨ ਵਿਚ ਰੱਖ ਸਕਦੇ ਹੋ? ਆਪਣੇ ਦੋਸਤ ਨਾਲ ਗੱਲ ਕਰਨ ਤੋਂ ਪਹਿਲਾਂ ਖ਼ੁਦ ਨੂੰ ਪੁੱਛੋ, ‘ਕੀ ਮੈਂ “ਵਧੀਕ ਧਰਮੀ” ਤਾਂ ਨਹੀਂ ਬਣ ਰਿਹਾ?’ (ਉਪ. 7:16) ਇਕ ਵਧੀਕ ਧਰਮੀ ਇਨਸਾਨ ਦੂਜਿਆਂ ਬਾਰੇ ਯਹੋਵਾਹ ਦੇ ਮਿਆਰਾਂ ਮੁਤਾਬਕ ਨਹੀਂ, ਸਗੋਂ ਆਪਣੇ ਮਿਆਰਾਂ ਮੁਤਾਬਕ ਰਾਇ ਕਾਇਮ ਕਰਦਾ ਹੈ ਅਤੇ ਉਹ ਤਰਸ ਨਹੀਂ ਖਾਂਦਾ। ਜੇ ਆਪਣੀ ਜਾਂਚ ਕਰਨ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਹੈ ਕਿ ਆਪਣੇ ਦੋਸਤ ਨਾਲ ਗੱਲ ਕਰਨੀ ਜ਼ਰੂਰੀ ਹੈ, ਤਾਂ ਉਸ ਨੂੰ ਸਾਫ਼-ਸਾਫ਼ ਉਸ ਦੀ ਗ਼ਲਤੀ ਬਾਰੇ ਦੱਸੋ ਅਤੇ ਗ਼ਲਤੀ ਦਾ ਅਹਿਸਾਸ ਕਰਾਉਣ ਲਈ ਢੁਕਵੇਂ ਸਵਾਲ ਪੁੱਛੋ। ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੀ ਸਲਾਹ ਪਰਮੇਸ਼ੁਰ ਦੇ ਬਚਨ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਤੁਹਾਡਾ ਦੋਸਤ ਤੁਹਾਨੂੰ ਨਹੀਂ, ਬਲਕਿ ਯਹੋਵਾਹ ਨੂੰ ਜਵਾਬਦੇਹ ਹੈ। (ਰੋਮੀ. 14:10) ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਬੁੱਧ ਦਾ ਸਹਾਰਾ ਲਓ ਅਤੇ ਸਲਾਹ ਦਿੰਦੇ ਵੇਲੇ ਯਿਸੂ ਵਾਂਗ ਤਰਸ ਦਿਖਾਓ। (ਕਹਾ. 3:5; ਮੱਤੀ 12:20) ਕਿਉਂ? ਕਿਉਂਕਿ ਯਹੋਵਾਹ ਵੀ ਸਾਡੇ ਨਾਲ ਉਸੇ ਤਰ੍ਹਾਂ ਪੇਸ਼ ਆਉਂਦਾ ਹੈ ਜਿਵੇਂ ਅਸੀਂ ਦੂਜਿਆਂ ਨਾਲ ਆਉਂਦੇ ਹਾਂ।—ਯਾਕੂ. 2:13.
ਪਰਮੇਸ਼ੁਰ ਦੇ ਸੰਗਠਨ ਤੋਂ ਮਿਲਦੀਆਂ ਹਿਦਾਇਤਾਂ ਮੰਨੋ
14. ਪਰਮੇਸ਼ੁਰ ਦਾ ਸੰਗਠਨ ਸਾਡੇ ਲਈ ਕੀ ਪ੍ਰਬੰਧ ਕਰਦਾ ਹੈ?
14 ਯਹੋਵਾਹ ਆਪਣੇ ਸੰਗਠਨ ਰਾਹੀਂ ਵੀਡੀਓ, ਪ੍ਰਕਾਸ਼ਨਾਂ ਅਤੇ ਸਭਾਵਾਂ ਦੇ ਜ਼ਰੀਏ ਸਾਨੂੰ ਸੇਧ ਦਿੰਦਾ ਹੈ। ਇਸ ਨਾਲ ਜ਼ਿੰਦਗੀ ਵੱਲ ਜਾਂਦੇ ਰਾਹ ’ਤੇ ਚੱਲਦੇ ਰਹਿਣ ਅਤੇ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਸਲਾਹ ਨੂੰ ਲਾਗੂ ਕਰਨ ਵਿਚ ਸਾਡੀ ਮਦਦ ਹੁੰਦੀ ਹੈ। ਇਹ ਸਾਰੇ ਪ੍ਰਬੰਧ ਬਾਈਬਲ ਦੇ ਆਧਾਰ ’ਤੇ ਹਨ। ਪ੍ਰਬੰਧਕ ਸਭਾ ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਫ਼ੈਸਲਾ ਕਰਦੀ ਹੈ ਕਿ ਪ੍ਰਚਾਰ ਦਾ ਕੰਮ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ। ਪਰ ਪ੍ਰਬੰਧਕ ਸਭਾ ਪ੍ਰਚਾਰ ਦੇ ਕੰਮ ਬਾਰੇ ਲਗਾਤਾਰ ਆਪਣੇ ਫ਼ੈਸਲਿਆਂ ਦੀ ਜਾਂਚ ਕਰਦੀ ਹੈ। ਕਿਉਂ? ਕਿਉਂਕਿ “ਇਹ ਦੁਨੀਆਂ ਬਦਲਦੀ ਜਾ ਰਹੀ ਹੈ” ਅਤੇ ਪਰਮੇਸ਼ੁਰ ਦਾ ਸੰਗਠਨ ਨਵੇਂ ਹਾਲਾਤਾਂ ਮੁਤਾਬਕ ਢਲ਼ਣ ਲਈ ਤਿਆਰ ਰਹਿੰਦਾ ਹੈ।—1 ਕੁਰਿੰ. 7:31.
15. ਕੁਝ ਪ੍ਰਚਾਰਕਾਂ ਨੇ ਕਿਹੜੀ ਚੁਣੌਤੀ ਦਾ ਸਾਮ੍ਹਣਾ ਕੀਤਾ ਹੈ?
15 ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਆਪਣੇ ਵਿਸ਼ਵਾਸਾਂ ਜਾਂ ਨੈਤਿਕਤਾ ਸੰਬੰਧੀ ਬਾਈਬਲ ਦੀ ਸਲਾਹ ਝੱਟ ਮੰਨ ਲੈਂਦੇ ਹਾਂ। ਪਰ ਉਦੋਂ ਕੀ ਜਦ ਪਰਮੇਸ਼ੁਰ ਦਾ ਸੰਗਠਨ ਕੋਈ ਅਜਿਹੀ ਤਬਦੀਲੀ ਕਰਦਾ ਹੈ ਜਿਸ ਦਾ ਅਸਰ ਸਾਡੀ ਜ਼ਿੰਦਗੀ ਦੇ ਹੋਰ ਪਹਿਲੂਆਂ ’ਤੇ ਪੈਂਦਾ ਹੈ? ਮਿਸਾਲ ਲਈ, ਹਾਲ ਹੀ ਦੇ ਸਾਲਾਂ ਵਿਚ ਭਗਤੀ ਦੀਆਂ ਥਾਵਾਂ ਨੂੰ ਬਣਾਉਣ ਅਤੇ ਇਨ੍ਹਾਂ ਦੀ ਮੁਰੰਮਤ ਕਰਨ ਦਾ ਖ਼ਰਚਾ ਬਹੁਤ ਵਧ ਗਿਆ ਹੈ। ਸੋ ਪ੍ਰਬੰਧਕ ਸਭਾ ਨੇ ਕਿਹਾ ਕਿ ਵਧੀਆ ਹੋਵੇਗਾ ਜੇ ਵੱਧ ਤੋਂ ਵੱਧ ਮੰਡਲੀਆਂ ਇੱਕੋ ਕਿੰਗਡਮ ਹਾਲ ਵਰਤਣ। ਇਸ ਤਬਦੀਲੀ ਕਾਰਨ ਕਈ ਮੰਡਲੀਆਂ ਨੂੰ ਦੂਜੀਆਂ ਮੰਡਲੀਆਂ ਨਾਲ ਮਿਲਾਇਆ ਗਿਆ ਅਤੇ ਕੁਝ ਕਿੰਗਡਮ ਹਾਲਾਂ ਨੂੰ ਵੇਚਿਆ ਗਿਆ। ਉਸ ਪੈਸੇ ਨਾਲ ਉਨ੍ਹਾਂ ਥਾਵਾਂ ’ਤੇ ਕਿੰਗਡਮ ਹਾਲ ਬਣਾਏ ਜਾ ਰਹੇ ਹਨ ਜਿੱਥੇ ਸਭ ਤੋਂ ਜ਼ਿਆਦਾ ਲੋੜ ਹੈ। ਜੇ ਤੁਸੀਂ ਅਜਿਹੇ ਇਲਾਕੇ ਵਿਚ ਰਹਿੰਦੇ ਹੋ ਜਿੱਥੇ ਕਿੰਗਡਮ ਹਾਲ ਵੇਚੇ ਜਾ ਰਹੇ ਹਨ ਅਤੇ ਮੰਡਲੀਆਂ ਨੂੰ ਮਿਲਾਇਆ ਜਾ ਰਿਹਾ ਹੈ, ਤਾਂ ਸ਼ਾਇਦ ਤੁਹਾਨੂੰ ਨਵੇਂ ਹਾਲਾਤਾਂ ਮੁਤਾਬਕ ਢਲ਼ਣਾ ਔਖਾ ਲੱਗੇ। ਹੁਣ ਕੁਝ ਪ੍ਰਚਾਰਕਾਂ ਨੂੰ ਸਭਾਵਾਂ ’ਤੇ ਜਾਣ ਲਈ ਹੋਰ ਜ਼ਿਆਦਾ ਸਮਾਂ ਲੱਗਦਾ ਹੈ। ਨਾਲੇ ਜਿਨ੍ਹਾਂ ਨੇ ਕੋਈ ਕਿੰਗਡਮ ਹਾਲ ਬਣਾਉਣ ਜਾਂ ਮੁਰੰਮਤ ਕਰਨ ਵਿਚ ਸਖ਼ਤ ਮਿਹਨਤ ਕੀਤੀ ਸੀ, ਉਹ ਸ਼ਾਇਦ ਸੋਚਣ ਕਿ ਇਸ ਨੂੰ ਹੁਣ ਕਿਉਂ ਵੇਚਿਆ ਜਾ ਰਿਹਾ ਹੈ। ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਉਨ੍ਹਾਂ ਦਾ ਸਮਾਂ ਤੇ ਮਿਹਨਤ ਬੇਕਾਰ ਗਈ। ਫਿਰ ਵੀ
ਉਹ ਇਸ ਨਵੇਂ ਇੰਤਜ਼ਾਮ ਨੂੰ ਸਵੀਕਾਰ ਕਰ ਰਹੇ ਹਨ ਅਤੇ ਤਾਰੀਫ਼ ਦੇ ਕਾਬਲ ਹਨ।16. ਕੁਲੁੱਸੀਆਂ 3:23, 24 ਦੀ ਸਲਾਹ ਲਾਗੂ ਕਰ ਕੇ ਅਸੀਂ ਆਪਣੀ ਖ਼ੁਸ਼ੀ ਕਿਵੇਂ ਬਰਕਰਾਰ ਰੱਖ ਸਕਾਂਗੇ?
16 ਜੇ ਅਸੀਂ ਇਹ ਗੱਲ ਯਾਦ ਰੱਖਦੇ ਹਾਂ ਕਿ ਅਸੀਂ ਯਹੋਵਾਹ ਲਈ ਕੰਮ ਕਰ ਰਹੇ ਹਾਂ ਅਤੇ ਉਹ ਆਪਣੇ ਸੰਗਠਨ ਨੂੰ ਚਲਾ ਰਿਹਾ ਹੈ, ਤਾਂ ਅਸੀਂ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕਾਂਗੇ। (ਕੁਲੁੱਸੀਆਂ 3:23, 24 ਪੜ੍ਹੋ।) ਰਾਜਾ ਦਾਊਦ ਨੇ ਮੰਦਰ ਲਈ ਦਾਨ ਦੇ ਕੇ ਇਕ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਕਿਹਾ: “ਮੈਂ ਕੌਣ, ਅਰ ਮੇਰੀ ਪਰਜਾ ਕੌਣ, ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਉਣ ਦੀ ਸ਼ਕਤੀ ਰੱਖੀਏ? ਕਿਉਂ ਜੋ ਸਾਰੀਆਂ ਵਸਤਾਂ ਤੇਰੀ ਵੱਲੋਂ ਆਉਂਦੀਆਂ ਹਨ ਅਰ ਤੇਰੇ ਹੱਥ ਦੀ ਦਾਤ ਤੋਂ ਅਸਾਂ ਤੈਨੂੰ ਦਿੱਤਾ ਹੈ!” (1 ਇਤ. 29:14) ਜਦੋਂ ਅਸੀਂ ਦਾਨ ਦਿੰਦੇ ਹਾਂ, ਤਾਂ ਅਸੀਂ ਵੀ ਯਹੋਵਾਹ ਨੂੰ ਉਸ ਦੇ ਹੱਥ ਦੀ ਦਾਤ ਤੋਂ ਹੀ ਦੇ ਰਹੇ ਹੁੰਦੇ ਹਾਂ। ਪਰ ਫਿਰ ਵੀ ਯਹੋਵਾਹ ਸਾਡੇ ਸਮੇਂ, ਤਾਕਤ ਅਤੇ ਚੀਜ਼ਾਂ ਦੀ ਕਦਰ ਕਰਦਾ ਹੈ ਜੋ ਅਸੀਂ ਉਸ ਦਾ ਕੰਮ ਪੂਰਾ ਕਰਨ ਵਿਚ ਲਾਉਂਦੇ ਹਾਂ।—2 ਕੁਰਿੰ. 9:7.
ਤੰਗ ਰਾਹ ’ਤੇ ਚੱਲਦੇ ਰਹੋ
17. ਜੇ ਤੁਹਾਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਤੁਹਾਨੂੰ ਹੌਸਲਾ ਕਿਉਂ ਨਹੀਂ ਹਾਰਨਾ ਚਾਹੀਦਾ?
17 ਜ਼ਿੰਦਗੀ ਨੂੰ ਜਾਂਦੇ ਤੰਗ ਰਾਹ ’ਤੇ ਚੱਲਦੇ ਰਹਿਣ ਲਈ ਸਾਨੂੰ ਸਾਰਿਆਂ ਨੂੰ ਯਿਸੂ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲਣ ਦੀ ਲੋੜ ਹੈ। (1 ਪਤ. 2:21) ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਹੌਸਲਾ ਨਾ ਹਾਰੋ। ਇਹ ਇਕ ਚੰਗੀ ਗੱਲ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਯਹੋਵਾਹ ਦੀ ਸੇਧ ਅਨੁਸਾਰ ਚੱਲਣਾ ਚਾਹੁੰਦੇ ਹੋ। ਯਾਦ ਰੱਖੋ ਕਿ ਯਹੋਵਾਹ ਸਾਡੇ ਵਰਗੇ ਨਾਮੁਕੰਮਲ ਇਨਸਾਨਾਂ ਤੋਂ ਇਹ ਉਮੀਦ ਨਹੀਂ ਰੱਖਦਾ ਕਿ ਅਸੀਂ ਯਿਸੂ ਦੀ ਮਿਸਾਲ ਦੀ ਪੂਰੀ ਤਰ੍ਹਾਂ ਰੀਸ ਕਰੀਏ।
18. ਆਪਣੀ ਮੰਜ਼ਲ ’ਤੇ ਪਹੁੰਚਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
18 ਆਓ ਅਸੀਂ ਸਾਰੇ ਭਵਿੱਖ ’ਤੇ ਨਜ਼ਰਾਂ ਟਿਕਾਈ ਰੱਖੀਏ ਅਤੇ ਆਪਣੀ ਸੋਚ, ਰਵੱਈਏ ਅਤੇ ਕੰਮਾਂ ਵਿਚ ਬਦਲਾਅ ਕਰਨ ਲਈ ਤਿਆਰ ਰਹੀਏ। (ਕਹਾ. 4:25; ਲੂਕਾ 9:62) ਆਓ ਆਪਾਂ ਨਿਮਰ ਬਣੇ ਰਹੀਏ, ‘ਹਮੇਸ਼ਾ ਖ਼ੁਸ਼ ਰਹੀਏ ਅਤੇ ਆਪਣੇ ਆਪ ਨੂੰ ਸੁਧਾਰਦੇ ਰਹੀਏ।’ (2 ਕੁਰਿੰ. 13:11) ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ “ਪਿਆਰ ਤੇ ਸ਼ਾਂਤੀ ਦਾ ਪਰਮੇਸ਼ੁਰ [ਸਾਡੇ] ਨਾਲ ਹੋਵੇਗਾ।” ਨਾਲੇ ਅਸੀਂ ਸਿਰਫ਼ ਮੰਜ਼ਲ ’ਤੇ ਪਹੁੰਚਾਂਗੇ ਹੀ ਨਹੀਂ, ਸਗੋਂ ਸਫ਼ਰ ਦਾ ਮਜ਼ਾ ਵੀ ਲਵਾਂਗੇ।
ਗੀਤ 29 ਵਫ਼ਾ ਦੇ ਰਾਹ ’ਤੇ ਚੱਲੋ
^ ਪੈਰਾ 5 ਸਾਡੇ ਵਿੱਚੋਂ ਕੁਝ ਜਣਿਆਂ ਲਈ ਆਪਣੀ ਸੋਚ, ਆਪਣੇ ਰਵੱਈਏ ਅਤੇ ਕੰਮਾਂ ਵਿਚ ਬਦਲਾਅ ਕਰਨਾ ਸ਼ਾਇਦ ਔਖਾ ਹੋਵੇ। ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਸਾਨੂੰ ਬਦਲਾਅ ਕਿਉਂ ਕਰਨੇ ਚਾਹੀਦੇ ਹਨ ਅਤੇ ਇੱਦਾਂ ਕਰਦਿਆਂ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ।
^ ਪੈਰਾ 76 ਤਸਵੀਰ ਬਾਰੇ ਜਾਣਕਾਰੀ: ਜਦੋਂ ਛੋਟਾ ਭਰਾ ਦੱਸਦਾ ਹੈ ਕਿ ਗ਼ਲਤ ਫ਼ੈਸਲਾ ਲੈਣ ਤੋਂ ਬਾਅਦ ਉਸ ਨਾਲ ਕੀ ਹੋਇਆ, ਤਾਂ ਵੱਡਾ ਭਰਾ (ਸੱਜੇ ਪਾਸੇ) ਇਹ ਤੈਅ ਕਰਨ ਲਈ ਸ਼ਾਂਤੀ ਨਾਲ ਗੱਲ ਸੁਣਦਾ ਹੈ ਕਿ ਉਸ ਨੂੰ ਸਲਾਹ ਦੇਣ ਦੀ ਲੋੜ ਹੈ ਵੀ ਜਾਂ ਨਹੀਂ।