Skip to content

Skip to table of contents

ਅਧਿਐਨ ਲੇਖ 45

ਮਸੀਹ ਦੇ ਹੁਕਮਾਂ ਦੀ ਪਾਲਣਾ ਕਰਨ ਵਿਚ ਦੂਜਿਆਂ ਦੀ ਕਿਵੇਂ ਮਦਦ ਕਰੀਏ?

ਮਸੀਹ ਦੇ ਹੁਕਮਾਂ ਦੀ ਪਾਲਣਾ ਕਰਨ ਵਿਚ ਦੂਜਿਆਂ ਦੀ ਕਿਵੇਂ ਮਦਦ ਕਰੀਏ?

“ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ . . . ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।”—ਮੱਤੀ 28:19, 20.

ਗੀਤ 6 ਪਰਮੇਸ਼ੁਰ ਦੇ ਦਾਸ ਦੀ ਦੁਆ

ਖ਼ਾਸ ਗੱਲਾਂ *

1. ਯਿਸੂ ਨੇ ਮੱਤੀ 28:18-20 ਵਿਚ ਕਿਹੜਾ ਹੁਕਮ ਦਿੱਤਾ?

ਯਿਸੂ ਜੀਉਂਦਾ ਹੋਣ ਤੋਂ ਬਾਅਦ ਆਪਣੇ ਚੇਲਿਆਂ ਨੂੰ ਗਲੀਲ ਵਿਚ ਮਿਲਿਆ। ਉਸ ਨੇ ਉਨ੍ਹਾਂ ਨੂੰ ਇਕ ਜ਼ਰੂਰੀ ਗੱਲ ਦੱਸੀ। ਉਹ ਕੀ ਸੀ? ਇਹ ਗੱਲ ਮੱਤੀ 28:18-20 (ਪੜ੍ਹੋ।) ਵਿਚ ਦਰਜ ਹੈ।

2. ਅਸੀਂ ਕਿਹੜੇ ਸਵਾਲਾਂ ਦੇ ਜਵਾਬ ਲਵਾਂਗੇ?

2 ਯਿਸੂ ਵੱਲੋਂ ਚੇਲੇ ਬਣਾਉਣ ਦਾ ਹੁਕਮ ਅੱਜ ਪਰਮੇਸ਼ੁਰ ਦੇ ਸਾਰੇ ਸੇਵਕਾਂ ’ਤੇ ਵੀ ਲਾਗੂ ਹੁੰਦਾ ਹੈ। ਇਸ ਲਈ ਆਓ ਆਪਾਂ ਇਸ ਜ਼ਿੰਮੇਵਾਰੀ ਨਾਲ ਜੁੜੇ ਕੁਝ ਸਵਾਲਾਂ ’ਤੇ ਗੌਰ ਕਰੀਏ। ਪਹਿਲਾ, ਨਵੇਂ ਚੇਲਿਆਂ ਨੂੰ ਪਰਮੇਸ਼ੁਰ ਦੇ ਹੁਕਮ ਸਿਖਾਉਣ ਦੇ ਨਾਲ-ਨਾਲ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ? ਦੂਜਾ, ਮੰਡਲੀ ਦੇ ਸਾਰੇ ਪ੍ਰਚਾਰਕ ਬਾਈਬਲ ਵਿਦਿਆਰਥੀਆਂ ਦੀ ਤਰੱਕੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਨ? ਤੀਜਾ, ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਦੁਬਾਰਾ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਸਕਣ?

ਉਨ੍ਹਾਂ ਨੂੰ ਪਾਲਣਾ ਕਰਨੀ ਸਿਖਾਓ

3. ਯਿਸੂ ਨੇ ਹੁਕਮ ਦਿੰਦਿਆਂ ਕਿਹੜੀ ਖ਼ਾਸ ਹਿਦਾਇਤ ਦਿੱਤੀ?

3 ਯਿਸੂ ਨੇ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ। ਸਾਨੂੰ ਲੋਕਾਂ ਨੂੰ ਯਿਸੂ ਦੇ ਹੁਕਮ ਸਿਖਾਉਣੇ ਚਾਹੀਦੇ ਹਨ। ਪਰ ਸਾਨੂੰ ਇਕ ਜ਼ਰੂਰੀ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਯਿਸੂ ਨੇ ਇਹ ਨਹੀਂ ਕਿਹਾ: ‘ਉਨ੍ਹਾਂ ਨੂੰ ਸਾਰੇ ਹੁਕਮ ਸਿਖਾਓ ਜਿਹੜੇ ਮੈਂ ਤੁਹਾਨੂੰ ਦਿੱਤੇ ਹਨ।’ ਪਰ ਉਸ ਨੇ ਕਿਹਾ: “ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।” ਇਸ ਖ਼ਾਸ ਹਿਦਾਇਤ ਨੂੰ ਮੰਨਦਿਆਂ ਅਸੀਂ ਬਾਈਬਲ ਵਿਦਿਆਰਥੀ ਨੂੰ ਇਹ ਸਾਰੇ ਹੁਕਮ ਸਿਰਫ਼ ਦੱਸਾਂਗੇ ਹੀ ਨਹੀਂ, ਸਗੋਂ ਸਮਝਾਵਾਂਗੇ ਵੀ। (ਰਸੂ. 8:31) ਸਾਨੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ?

4. ਇਕ ਮਿਸਾਲ ਦੇ ਕੇ ਸਮਝਾਓ ਕਿ ਅਸੀਂ ਬਾਈਬਲ ਵਿਦਿਆਰਥੀ ਨੂੰ ਮਸੀਹ ਦੇ ਹੁਕਮਾਂ ਦੀ “ਪਾਲਣਾ” ਕਰਨੀ ਕਿਵੇਂ ਸਿਖਾ ਸਕਦੇ ਹਾਂ?

4 ਅਸੀਂ ਕਿਸੇ ਨੂੰ ਯਿਸੂ ਦੇ ਹੁਕਮਾਂ ਦੀ “ਪਾਲਣਾ” ਕਰਨੀ ਕਿਵੇਂ ਸਿਖਾ ਸਕਦੇ ਹਾਂ? ਇਸ ਗੱਲ ਨੂੰ ਸਮਝਣ ਲਈ ਆਓ ਅਸੀਂ ਇਕ ਮਿਸਾਲ ’ਤੇ ਗੌਰ ਕਰੀਏ। ਗੱਡੀ ਸਿਖਾਉਣ ਵਾਲਾ ਆਪਣੇ ਵਿਦਿਆਰਥੀ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਕਿੱਦਾਂ ਸਿਖਾਉਂਦਾ ਹੈ? ਸਭ ਤੋਂ ਪਹਿਲਾਂ ਸ਼ਾਇਦ ਉਹ ਆਪਣੇ ਵਿਦਿਆਰਥੀਆਂ ਨੂੰ ਇਨ੍ਹਾਂ ਨਿਯਮਾਂ ਬਾਰੇ ਦੱਸੇ। ਪਰ ਇਨ੍ਹਾਂ ਦੀ ਪਾਲਣਾ ਕਰਨੀ ਸਿਖਾਉਣ ਲਈ ਉਸ ਨੂੰ ਹੋਰ ਵੀ ਕੁਝ ਕਰਨ ਦੀ ਲੋੜ ਹੈ। ਜਦੋਂ ਵਿਦਿਆਰਥੀ ਗੱਡੀ ਚਲਾਉਂਦਾ ਹੈ, ਤਾਂ ਉਸ ਨੂੰ ਨਾਲ ਬੈਠ ਕੇ ਸਮਝਾਉਣਾ ਚਾਹੀਦਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਿੱਦਾਂ ਕਰਨੀ ਹੈ। ਅਸੀਂ ਇਸ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

5. (ੳ) ਯੂਹੰਨਾ 14:15 ਅਤੇ 1 ਯੂਹੰਨਾ 2:3 ਅਨੁਸਾਰ ਸਾਨੂੰ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਕੀ ਸਿਖਾਉਣ ਦੀ ਲੋੜ ਹੈ? (ਅ) ਬਾਈਬਲ ਦੇ ਅਸੂਲ ਲਾਗੂ ਕਰਨ ਵਿਚ ਅਸੀਂ ਵਿਦਿਆਰਥੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

5 ਅਸੀਂ ਬਾਈਬਲ ਸਟੱਡੀ ਦੌਰਾਨ ਦੂਜਿਆਂ ਨੂੰ ਸਿਖਾਉਂਦੇ ਹਾਂ ਕਿ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ। ਪਰ ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਸਾਨੂੰ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸਿੱਖੀਆਂ ਗੱਲਾਂ ਲਾਗੂ ਕਰਨੀਆਂ ਵੀ ਸਿਖਾਉਣੀਆਂ ਚਾਹੀਦੀਆਂ ਹਨ। (ਯੂਹੰਨਾ 14:15; 1 ਯੂਹੰਨਾ 2:3 ਪੜ੍ਹੋ।) ਅਸੀਂ ਆਪਣੀ ਮਿਸਾਲ ਰਾਹੀਂ ਵਿਦਿਆਰਥੀਆਂ ਨੂੰ ਦਿਖਾ ਸਕਦੇ ਹਾਂ ਕਿ ਉਹ ਸਕੂਲ ਵਿਚ, ਕੰਮ ’ਤੇ ਜਾਂ ਮਨੋਰੰਜਨ ਕਰਦਿਆਂ ਬਾਈਬਲ ਦੇ ਅਸੂਲ ਕਿੱਦਾਂ ਲਾਗੂ ਕਰ ਸਕਦੇ ਹਨ। ਅਸੀਂ ਆਪਣਾ ਕੋਈ ਤਜਰਬਾ ਦੱਸ ਸਕਦੇ ਹਾਂ ਕਿ ਬਾਈਬਲ ਦੀ ਸਲਾਹ ਲਾਗੂ ਕਰ ਕੇ ਸਾਡੀ ਕਿਵੇਂ ਰਾਖੀ ਹੋਈ ਜਾਂ ਅਸੀਂ ਕੋਈ ਸਹੀ ਫ਼ੈਸਲਾ ਕਿਵੇਂ ਲੈ ਸਕੇ। ਅਸੀਂ ਆਪਣੇ ਵਿਦਿਆਰਥੀਆਂ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਪਵਿੱਤਰ ਸ਼ਕਤੀ ਰਾਹੀਂ ਉਨ੍ਹਾਂ ਨੂੰ ਸੇਧ ਦੇਵੇ।—ਯੂਹੰ. 16:13.

6. ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਣ ਵਿਚ ਕੀ ਕੁਝ ਸ਼ਾਮਲ ਹੈ?

6 ਜਦ ਅਸੀਂ ਦੂਜਿਆਂ ਨੂੰ ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਂਦੇ ਹਾਂ, ਤਾਂ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ? ਸਾਨੂੰ ਆਪਣੇ ਬਾਈਬਲ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਮਨ ਵਿਚ ਚੇਲੇ ਬਣਾਉਣ ਦੀ ਇੱਛਾ ਪੈਦਾ ਕਰਨ। ਕੁਝ ਵਿਦਿਆਰਥੀ ਸ਼ਾਇਦ ਪ੍ਰਚਾਰ ਕਰਨ ਦੇ ਖ਼ਿਆਲ ਤੋਂ ਹੀ ਡਰ ਜਾਣ। ਇਸ ਲਈ ਜਦੋਂ ਅਸੀਂ ਬਾਈਬਲ ਸੱਚਾਈਆਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਇੱਦਾਂ ਕਰਨ ਕਰਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਵੇਗੀ, ਉਨ੍ਹਾਂ ਦੇ ਦਿਲਾਂ ’ਤੇ ਅਸਰ ਪਵੇਗਾ ਅਤੇ ਉਹ ਪ੍ਰਚਾਰ ਕਰਨ ਲਈ ਪ੍ਰੇਰਿਤ ਹੋਣਗੇ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਵਿਦਿਆਰਥੀਆਂ ਦੇ ਮਨਾਂ ਵਿਚ ਪ੍ਰਚਾਰ ਕਰਨ ਦੀ ਇੱਛਾ ਪੈਦਾ ਹੋਵੇ?

7. ਅਸੀਂ ਆਪਣੇ ਵਿਦਿਆਰਥੀ ਦੇ ਮਨ ਵਿਚ ਖ਼ੁਸ਼ ਖ਼ਬਰੀ ਸੁਣਾਉਣ ਦੀ ਇੱਛਾ ਕਿਵੇਂ ਪੈਦਾ ਕਰ ਸਕਦੇ ਹਾਂ?

7 ਅਸੀਂ ਆਪਣੇ ਬਾਈਬਲ ਵਿਦਿਆਰਥੀ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛ ਸਕਦੇ ਹਾਂ: “ਰਾਜ ਦਾ ਸੰਦੇਸ਼ ਸਵੀਕਾਰ ਕਰਨ ਕਰਕੇ ਤੁਹਾਡੀ ਜ਼ਿੰਦਗੀ ਵਿਚ ਕਿਵੇਂ ਸੁਧਾਰ ਹੋਇਆ ਹੈ? ਕੀ ਤੁਹਾਨੂੰ ਲੱਗਦਾ ਕਿ ਹੋਰਾਂ ਨੂੰ ਵੀ ਇਸ ਸੰਦੇਸ਼ ਦੀ ਲੋੜ ਹੈ? ਤੁਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹੋ?” (ਕਹਾ. 3:27; ਮੱਤੀ 9:37, 38) ਵਿਦਿਆਰਥੀ ਨੂੰ ਉਹ ਪਰਚੇ ਦਿਖਾਓ ਜੋ “ਸਿਖਾਉਣ ਲਈ ਪ੍ਰਕਾਸ਼ਨ” ਵਿਚ ਸ਼ਾਮਲ ਹਨ। ਉਸ ਨੂੰ ਕੋਈ ਅਜਿਹਾ ਪਰਚਾ ਚੁਣਨ ਲਈ ਕਹੋ ਜੋ ਉਸ ਦੇ ਰਿਸ਼ਤੇਦਾਰ, ਦੋਸਤ ਜਾਂ ਨਾਲ ਕੰਮ ਕਰਨ ਵਾਲੇ ਪੜ੍ਹਨਾ ਪਸੰਦ ਕਰਨਗੇ। ਫਿਰ ਆਪਣੇ ਵਿਦਿਆਰਥੀ ਨੂੰ ਸਿਖਾਓ ਕਿ ਉਹ ਸਮਝਦਾਰੀ ਨਾਲ ਦੂਜਿਆਂ ਨੂੰ ਇਹ ਪਰਚਾ ਕਿਵੇਂ ਦੇ ਸਕਦਾ ਹੈ ਅਤੇ ਉਸ ਨੂੰ ਕੁਝ ਪਰਚੇ ਦਿਓ। ਫਿਰ ਵਿਦਿਆਰਥੀ ਦੇ ਬਪਤਿਸਮਾ-ਰਹਿਤ ਪ੍ਰਚਾਰਕ ਬਣਨ ਤੋਂ ਬਾਅਦ ਸਾਨੂੰ ਉਸ ਨਾਲ ਪ੍ਰਚਾਰ ’ਤੇ ਜ਼ਰੂਰ ਜਾਣਾ ਚਾਹੀਦਾ ਹੈ।—ਉਪ. 4:9, 10; ਲੂਕਾ 6:40.

ਭੈਣ-ਭਰਾ ਵਿਦਿਆਰਥੀ ਦੀ ਤਰੱਕੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਨ?

8. ਵਿਦਿਆਰਥੀ ਲਈ ਪਰਮੇਸ਼ੁਰ ਤੇ ਗੁਆਂਢੀ ਲਈ ਆਪਣਾ ਪਿਆਰ ਹੋਰ ਗੂੜ੍ਹਾ ਕਰਨਾ ਕਿਉਂ ਜ਼ਰੂਰੀ ਹੈ? (“ ਪਰਮੇਸ਼ੁਰ ਲਈ ਆਪਣੇ ਵਿਦਿਆਰਥੀਆਂ ਦਾ ਪਿਆਰ ਕਿਵੇਂ ਗੂੜ੍ਹਾ ਕਰੀਏ?” ਨਾਂ ਦੀ ਡੱਬੀ ਦੇਖੋ।)

8 ਯਾਦ ਰੱਖੋ, ਯਿਸੂ ਨੇ ਸਾਨੂੰ ਕਿਹਾ ਕਿ ਅਸੀਂ ਦੂਜਿਆਂ ਨੂੰ ਉਨ੍ਹਾਂ ‘ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਈਏ’ ਜਿਹੜੇ ਉਸ ਨੇ ਦਿੱਤੇ ਸਨ। ਬਿਨਾਂ ਸ਼ੱਕ, ਇਸ ਵਿਚ ਪਰਮੇਸ਼ੁਰ ਅਤੇ ਗੁਆਂਢੀ ਨੂੰ ਪਿਆਰ ਕਰਨ ਦੇ ਦੋ ਵੱਡੇ ਹੁਕਮ ਵੀ ਸ਼ਾਮਲ ਹਨ। ਇਹ ਦੋਵੇਂ ਹੁਕਮ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਨਾਲ ਜੁੜੇ ਹੋਏ ਹਨ। (ਮੱਤੀ 22:37-39) ਪ੍ਰਚਾਰ ਕਰਨ ਦਾ ਮੁੱਖ ਕਾਰਨ ਹੈ ਕਿ ਅਸੀਂ ਪਰਮੇਸ਼ੁਰ ਅਤੇ ਗੁਆਂਢੀ ਨੂੰ ਪਿਆਰ ਕਰਦੇ ਹਾਂ। ਸ਼ਾਇਦ ਕੁਝ ਬਾਈਬਲ ਵਿਦਿਆਰਥੀ ਪ੍ਰਚਾਰ ਕਰਨ ਦੇ ਖ਼ਿਆਲ ਤੋਂ ਹੀ ਡਰ ਜਾਣ। ਪਰ ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾ ਸਕਦੇ ਹਾਂ ਕਿ ਯਹੋਵਾਹ ਦੀ ਮਦਦ ਨਾਲ ਉਨ੍ਹਾਂ ਦੇ ਅੰਦਰ ਇਨਸਾਨਾਂ ਦਾ ਡਰ ਹੌਲੀ-ਹੌਲੀ ਘਟਦਾ ਜਾਵੇਗਾ। (ਜ਼ਬੂ. 18:1-3; ਕਹਾ. 29:25) ਇਸ ਲੇਖ ਵਿਚ ਦਿੱਤੀ ਡੱਬੀ ਵਿਚ ਦੱਸਿਆ ਗਿਆ ਹੈ ਕਿ ਅਸੀਂ ਆਪਣੇ ਵਿਦਿਆਰਥੀ ਦੀ ਪਰਮੇਸ਼ੁਰ ਨਾਲ ਪਿਆਰ ਗੂੜ੍ਹਾ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ। ਨਾਲੇ ਮੰਡਲੀ ਦੇ ਭੈਣ-ਭਰਾ ਨਵੇਂ ਚੇਲਿਆਂ ਦੀ ਹੋਰ ਜ਼ਿਆਦਾ ਪਿਆਰ ਦਿਖਾਉਣ ਵਿਚ ਕਿਵੇਂ ਮਦਦ ਕਰ ਸਕਦੇ ਹਨ?

9. ਗੱਡੀ ਸਿੱਖਣ ਵਾਲੇ ਦੀ ਮਿਸਾਲ ਵਿਚ ਵਿਦਿਆਰਥੀ ਵਧੀਆ ਗੱਲਾਂ ਕਿਵੇਂ ਸਿੱਖਦਾ ਹੈ?

9 ਜ਼ਰਾ ਗੱਡੀ ਸਿੱਖਣ ਵਾਲੇ ਦੀ ਮਿਸਾਲ ਵੱਲ ਦੁਬਾਰਾ ਧਿਆਨ ਦਿਓ। ਜਦੋਂ ਵਿਦਿਆਰਥੀ ਟ੍ਰੈਫਿਕ ਵਿਚ ਗੱਡੀ ਚਲਾਉਂਦਾ ਹੈ, ਤਾਂ ਉਹ ਕਿਨ੍ਹਾਂ ਤਰੀਕਿਆਂ ਨਾਲ ਸਿੱਖ ਰਿਹਾ ਹੁੰਦਾ ਹੈ? ਉਹ ਆਪਣੇ ਸਿਖਾਉਣ ਵਾਲੇ ਦੀਆਂ ਹਿਦਾਇਤਾਂ ਨੂੰ ਸੁਣ ਕੇ ਅਤੇ ਹੋਰ ਵਧੀਆ ਡ੍ਰਾਈਵਰਾਂ ਨੂੰ ਦੇਖ ਕੇ ਸਿੱਖ ਰਿਹਾ ਹੁੰਦਾ ਹੈ। ਮਿਸਾਲ ਲਈ, ਸ਼ਾਇਦ ਗੱਡੀ ਸਿਖਾਉਣ ਵਾਲਾ ਵਿਦਿਆਰਥੀ ਦਾ ਧਿਆਨ ਉਸ ਡ੍ਰਾਈਵਰ ਵੱਲ ਦਿਵਾਏ ਜੋ ਕਿਸੇ ਹੋਰ ਨੂੰ ਰਾਹ ਦਿੰਦਾ ਹੈ ਜਾਂ ਜੋ ਆਪਣੀ ਗੱਡੀ ਦੀਆਂ ਲਾਈਟਾਂ ਦੀ ਰੌਸ਼ਨੀ ਘਟਾ ਦਿੰਦਾ ਹੈ ਤਾਂਕਿ ਹੋਰ ਡ੍ਰਾਈਵਰਾਂ ਦੀਆਂ ਅੱਖਾਂ ਵਿਚ ਜ਼ਿਆਦਾ ਰੌਸ਼ਨੀ ਨਾ ਪਵੇ। ਇਸ ਤਰ੍ਹਾਂ ਵਿਦਿਆਰਥੀ ਵਧੀਆ ਗੱਲਾਂ ਸਿੱਖੇਗਾ ਜੋ ਉਹ ਗੱਡੀ ਚਲਾਉਂਦੇ ਵੇਲੇ ਲਾਗੂ ਕਰ ਸਕਦਾ ਹੈ।

10. ਬਾਈਬਲ ਵਿਦਿਆਰਥੀਆਂ ਦੀ ਸੱਚਾਈ ਵਿਚ ਤਰੱਕੀ ਕਰਨ ਵਿਚ ਕਿਹੜੀ ਗੱਲ ਮਦਦ ਕਰੇਗੀ?

10 ਇਸੇ ਤਰ੍ਹਾਂ ਜਿਹੜੇ ਬਾਈਬਲ ਵਿਦਿਆਰਥੀ ਨੇ ਪਰਮੇਸ਼ੁਰ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੈ, ਉਹ ਸਿਰਫ਼ ਆਪਣੇ ਸਿੱਖਿਅਕ ਤੋਂ ਹੀ ਨਹੀਂ, ਸਗੋਂ ਯਹੋਵਾਹ ਦੇ ਹੋਰ ਸੇਵਕਾਂ ਤੋਂ ਵੀ ਸਿੱਖਦਾ ਹੈ। ਇਸ ਲਈ ਬਾਈਬਲ ਵਿਦਿਆਰਥੀਆਂ ਦੀ ਸੱਚਾਈ ਵਿਚ ਤਰੱਕੀ ਕਰਨ ਵਿਚ ਕਿਹੜੀ ਗੱਲ ਮਦਦ ਕਰੇਗੀ? ਸਭਾਵਾਂ ਵਿਚ ਹਾਜ਼ਰ ਹੋਣ ਨਾਲ ਉਨ੍ਹਾਂ ਦੀ ਮਦਦ ਹੋ ਸਕਦੀ ਹੈ। ਕਿਵੇਂ? ਉਹ ਸਭਾਵਾਂ ਵਿਚ ਜੋ ਸੁਣਨਗੇ, ਉਸ ਕਰਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਵੇਗਾ, ਉਨ੍ਹਾਂ ਦੀ ਨਿਹਚਾ ਹੋਰ ਮਜ਼ਬੂਤ ਹੋਵੇਗੀ ਅਤੇ ਪਰਮੇਸ਼ੁਰ ਲਈ ਉਨ੍ਹਾਂ ਦਾ ਪਿਆਰ ਹੋਰ ਗੂੜ੍ਹਾ ਹੋਵੇਗਾ। (ਰਸੂ. 15:30-32) ਇਸ ਤੋਂ ਇਲਾਵਾ, ਤੁਸੀਂ ਵਿਦਿਆਰਥੀਆਂ ਨੂੰ ਉਨ੍ਹਾਂ ਭੈਣਾਂ-ਭਰਾਵਾਂ ਨਾਲ ਮਿਲਾ ਸਕਦੇ ਹੋ ਜੋ ਉਨ੍ਹਾਂ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਵਿਦਿਆਰਥੀ ਮੰਡਲੀ ਵਿਚ ਪਿਆਰ ਦਿਖਾਉਣ ਵਾਲੇ ਭੈਣਾਂ-ਭਰਾਵਾਂ ਦੀਆਂ ਵਧੀਆ ਮਿਸਾਲਾਂ ਦੇਖ ਸਕਣਗੇ। ਜ਼ਰਾ ਅੱਗੇ ਦਿੱਤੀਆਂ ਮਿਸਾਲਾਂ ’ਤੇ ਗੌਰ ਕਰੋ।

11. ਇਕ ਵਿਦਿਆਰਥੀ ਸ਼ਾਇਦ ਮੰਡਲੀ ਵਿਚ ਕਿਨ੍ਹਾਂ ਭੈਣਾਂ-ਭਰਾਵਾਂ ਨੂੰ ਦੇਖੇ ਅਤੇ ਸ਼ਾਇਦ ਇਸ ਦਾ ਉਸ ’ਤੇ ਕੀ ਅਸਰ ਪਵੇ?

11 ਮਿਸਾਲ ਲਈ, ਇਕ ਬਾਈਬਲ ਵਿਦਿਆਰਥਣ ਦੇਖਦੀ ਹੈ ਕਿ ਮਸੀਹੀ ਭੈਣ ਉਸ ਵਾਂਗ ਆਪਣੇ ਬੱਚਿਆਂ ਦੀ ਇਕੱਲੀ ਪਰਵਰਿਸ਼ ਕਰ ਰਹੀ ਹੈ। ਜਦੋਂ ਉਹ ਦੇਖਦੀ ਹੈ ਕਿ ਇਹ ਭੈਣ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਕਿੰਗਡਮ ਲਿਆਉਣ ਵਿਚ ਕਿੰਨੀ ਮਿਹਨਤ ਕਰਦੀ ਹੈ, ਤਾਂ ਉਸ ਦੇ ਦਿਲ ’ਤੇ ਗਹਿਰਾ ਅਸਰ ਪੈਂਦਾ ਹੈ। ਇਕ ਵਿਦਿਆਰਥੀ ਜੋ ਸਿਗਰਟ ਪੀਣ ਦੀ ਆਦਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਉਸ ਭਰਾ ਨੂੰ ਮਿਲਦਾ ਹੈ ਜਿਸ ਨੇ ਇਸ ਆਦਤ ਤੋਂ ਛੁਟਕਾਰਾ ਪਾਇਆ ਸੀ। ਉਹ ਭਰਾ ਉਸ ਵਿਦਿਆਰਥੀ ਨੂੰ ਦੱਸਦਾ ਹੈ ਕਿ ਕਿਵੇਂ ਪਰਮੇਸ਼ੁਰ ਲਈ ਪਿਆਰ ਵਧਣ ਕਰਕੇ ਉਹ ਉਸ ਦੇ ਹੁਕਮਾਂ ਨੂੰ ਮੰਨਣ ਲਈ ਤਿਆਰ ਹੋਇਆ। (2 ਕੁਰਿੰ. 7:1; ਫ਼ਿਲਿ. 4:13) ਜਦੋਂ ਭਰਾ ਉਸ ਨੂੰ ਕਹਿੰਦਾ ਹੈ: “ਤੂੰ ਵੀ ਸਿਗਰਟ ਪੀਣੀ ਛੱਡ ਸਕਦਾ ਹੈਂ,” ਤਾਂ ਵਿਦਿਆਰਥੀ ਦੀ ਹਿੰਮਤ ਵਧ ਜਾਂਦੀ ਹੈ। ਇਕ ਨੌਜਵਾਨ ਵਿਦਿਆਰਥਣ ਦੇਖਦੀ ਹੈ ਕਿ ਇਕ ਨੌਜਵਾਨ ਭੈਣ ਕਿੰਨੀ ਖ਼ੁਸ਼ ਰਹਿੰਦੀ ਹੈ। ਇਹ ਦੇਖ ਕੇ ਉਹ ਉਸ ਦੀ ਖ਼ੁਸ਼ੀ ਦਾ ਕਾਰਨ ਜਾਣਨਾ ਚਾਹੁੰਦੀ ਹੈ।

12. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮੰਡਲੀ ਵਿਚ ਹਰ ਕੋਈ ਬਾਈਬਲ ਵਿਦਿਆਰਥੀਆਂ ਦੀ ਮਦਦ ਕਰ ਸਕਦਾ ਹੈ?

12 ਜਦੋਂ ਬਾਈਬਲ ਵਿਦਿਆਰਥੀ ਅਲੱਗ-ਅਲੱਗ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਜਾਣਨ ਲੱਗਦੇ ਹਨ, ਤਾਂ ਉਹ ਉਨ੍ਹਾਂ ਦੀਆਂ ਮਿਸਾਲਾਂ ਤੋਂ ਸਿੱਖਦੇ ਹਨ ਕਿ ਪਰਮੇਸ਼ੁਰ ਅਤੇ ਗੁਆਂਢੀ ਨੂੰ ਪਿਆਰ ਕਰਨ ਦੇ ਮਸੀਹ ਦੇ ਹੁਕਮ ਦੀ ਪਾਲਣਾ ਕਰਨ ਦਾ ਕੀ ਮਤਲਬ ਹੈ। (ਯੂਹੰ. 13:35; 1 ਤਿਮੋ. 4:12) ਇਸ ਤੋਂ ਇਲਾਵਾ, ਜਿੱਦਾਂ ਅਸੀਂ ਪਹਿਲਾਂ ਸਿੱਖਿਆ ਕਿ ਬਾਈਬਲ ਵਿਦਿਆਰਥੀ ਉਨ੍ਹਾਂ ਭੈਣਾਂ-ਭਰਾਵਾਂ ਤੋਂ ਸਿੱਖ ਸਕਦੇ ਹਨ ਜੋ ਉਨ੍ਹਾਂ ਵਰਗੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਇਨ੍ਹਾਂ ਭੈਣਾਂ-ਭਰਾਵਾਂ ਤੋਂ ਵਿਦਿਆਰਥੀ ਸਿੱਖ ਸਕਦੇ ਹਨ ਕਿ ਮਸੀਹ ਦਾ ਚੇਲਾ ਬਣਨ ਲਈ ਉਹ ਖ਼ੁਦ ਵਿਚ ਲੋੜੀਂਦੀਆਂ ਤਬਦੀਲੀਆਂ ਕਰ ਸਕਦੇ ਹਨ। (ਬਿਵ. 30:11) ਮੰਡਲੀ ਦਾ ਹਰ ਭੈਣ-ਭਰਾ ਸੱਚਾਈ ਵਿਚ ਤਰੱਕੀ ਕਰਨ ਵਿਚ ਬਾਈਬਲ ਵਿਦਿਆਰਥੀਆਂ ਦੀ ਅਲੱਗ-ਅਲੱਗ ਤਰੀਕਿਆਂ ਨਾਲ ਮਦਦ ਕਰ ਸਕਦਾ ਹੈ। (ਮੱਤੀ 5:16) ਤੁਸੀਂ ਸਭਾਵਾਂ ’ਤੇ ਆਉਣ ਵਾਲੇ ਬਾਈਬਲ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਕੀ ਕਰਦੇ ਹੋ?

ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰੋ

13-14. ਯਿਸੂ ਆਪਣੇ ਨਿਰਾਸ਼ ਰਸੂਲਾਂ ਨਾਲ ਕਿਵੇਂ ਪੇਸ਼ ਆਇਆ?

13 ਅਸੀਂ ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਚਾਹੁੰਦੇ ਹਾਂ ਤਾਂਕਿ ਉਹ ਦੁਬਾਰਾ ਤੋਂ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਸਕਣ। ਯਿਸੂ ਜਿਸ ਤਰੀਕੇ ਨਾਲ ਆਪਣੇ ਨਿਰਾਸ਼ ਰਸੂਲਾਂ ਨਾਲ ਪੇਸ਼ ਆਇਆ, ਉਸ ਤੋਂ ਪਤਾ ਲੱਗਦਾ ਹੈ ਕਿ ਅੱਜ ਸਾਨੂੰ ਕੀ ਕਰਨ ਦੀ ਲੋੜ ਹੈ।

14 ਯਿਸੂ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਸ ਦੇ “ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ।” (ਮਰ. 14:50; ਯੂਹੰ. 16:32) ਯਿਸੂ ਆਪਣੇ ਚੇਲਿਆਂ ਨਾਲ ਕਿਵੇਂ ਪੇਸ਼ ਆਇਆ ਜਦੋਂ ਉਹ ਕੁਝ ਸਮੇਂ ਲਈ ਨਿਰਾਸ਼ ਹੋ ਗਏ ਸਨ? ਜੀਉਂਦਾ ਹੋਣ ਤੋਂ ਕੁਝ ਸਮੇਂ ਬਾਅਦ ਯਿਸੂ ਨੇ ਆਪਣੇ ਕੁਝ ਚੇਲਿਆਂ ਨੂੰ ਕਿਹਾ: “ਡਰੋ ਨਾ! ਜਾ ਕੇ ਮੇਰੇ ਭਰਾਵਾਂ ਨੂੰ ਦੱਸੋ [ਕਿ ਮੈਨੂੰ ਜੀਉਂਦਾ ਕਰ ਦਿੱਤਾ ਗਿਆ ਹੈ]।” (ਮੱਤੀ 28:10ੳ) ਯਿਸੂ ਨੇ ਆਪਣੇ ਰਸੂਲਾਂ ਨੂੰ ਛੱਡਿਆ ਨਹੀਂ ਸੀ। ਭਾਵੇਂ ਕਿ ਉਨ੍ਹਾਂ ਨੇ ਯਿਸੂ ਨੂੰ ਛੱਡ ਦਿੱਤਾ ਸੀ, ਪਰ ਫਿਰ ਵੀ ਉਸ ਨੇ ਉਨ੍ਹਾਂ ਨੂੰ ‘ਮੇਰੇ ਭਰਾ’ ਕਿਹਾ। ਯਹੋਵਾਹ ਵਾਂਗ ਯਿਸੂ ਵੀ ਦਇਆ ਤੇ ਮਾਫ਼ ਕਰਨ ਵਾਲਾ ਸੀ।—2 ਰਾਜ. 13:23.

15. ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਕਿਵੇਂ ਲੱਗਦਾ ਹੈ ਜਿਨ੍ਹਾਂ ਨੇ ਪ੍ਰਚਾਰ ਵਿਚ ਹਿੱਸਾ ਲੈਣਾ ਛੱਡ ਦਿੱਤਾ ਹੈ?

15 ਇਸੇ ਤਰ੍ਹਾਂ ਸਾਨੂੰ ਵੀ ਉਨ੍ਹਾਂ ਮਸੀਹੀਆਂ ਦੀ ਚਿੰਤਾ ਹੈ ਜਿਨ੍ਹਾਂ ਨੇ ਪ੍ਰਚਾਰ ਵਿਚ ਹਿੱਸਾ ਲੈਣਾ ਛੱਡ ਦਿੱਤਾ ਹੈ। ਉਹ ਸਾਡੇ ਭੈਣ-ਭਰਾ ਹਨ ਅਤੇ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਸਾਨੂੰ ਯਾਦ ਹੈ ਕਿ ਇਨ੍ਹਾਂ ਭੈਣਾਂ-ਭਰਾਵਾਂ ਨੇ ਪਰਮੇਸ਼ੁਰ ਦੀ ਸੇਵਾ ਵਿਚ ਕਿੰਨੀ ਮਿਹਨਤ ਕੀਤੀ ਹੈ, ਕੁਝ ਜਣਿਆਂ ਨੇ ਤਾਂ ਕਈ ਸਾਲ ਸੇਵਾ ਕੀਤੀ ਹੈ। (ਇਬ. 6:10) ਸਾਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ! (ਲੂਕਾ 15:4-7) ਯਿਸੂ ਦੀ ਰੀਸ ਕਰਦਿਆਂ ਅਸੀਂ ਉਨ੍ਹਾਂ ਲਈ ਪਰਵਾਹ ਕਿਵੇਂ ਦਿਖਾ ਸਕਦੇ ਹਾਂ?

16. ਅਸੀਂ ਸੱਚਾਈ ਵਿਚ ਢਿੱਲੇ ਪੈ ਚੁੱਕੇ ਆਪਣੇ ਭੈਣਾਂ-ਭਰਾਵਾਂ ਲਈ ਪਰਵਾਹ ਕਿਵੇਂ ਦਿਖਾ ਸਕਦੇ ਹਾਂ?

16 ਉਨ੍ਹਾਂ ਨੂੰ ਸਭਾਵਾਂ ’ਤੇ ਆਉਣ ਦਾ ਸੱਦਾ ਦਿਓ। ਯਿਸੂ ਨੇ ਆਪਣੇ ਨਿਰਾਸ਼ ਰਸੂਲਾਂ ਨੂੰ ਸਭਾ ’ਤੇ ਆਉਣ ਦਾ ਸੱਦਾ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ। (ਮੱਤੀ 28:10ਅ; 1 ਕੁਰਿੰ. 15:6) ਇਸੇ ਤਰ੍ਹਾਂ ਅੱਜ ਅਸੀਂ ਵੀ ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਸਭਾਵਾਂ ’ਤੇ ਆਉਣ ਦੀ ਹੱਲਾਸ਼ੇਰੀ ਦੇ ਸਕਦੇ ਹਾਂ। ਸਾਨੂੰ ਸ਼ਾਇਦ ਉਨ੍ਹਾਂ ਨੂੰ ਵਾਰ-ਵਾਰ ਸੱਦਾ ਦੇਣਾ ਪਵੇ। ਬਿਨਾਂ ਸ਼ੱਕ, ਯਿਸੂ ਬਹੁਤ ਖ਼ੁਸ਼ ਸੀ ਕਿਉਂਕਿ ਉਸ ਦੇ ਚੇਲਿਆਂ ਨੇ ਉਸ ਦਾ ਸੱਦਾ ਸਵੀਕਾਰ ਕੀਤਾ ਸੀ ਅਤੇ ਅਸੀਂ ਵੀ ਇਹੀ ਖ਼ੁਸ਼ੀ ਪਾ ਸਕਦੇ ਹਾਂ।—ਮੱਤੀ 28:16 ਅਤੇ ਲੂਕਾ 15:6 ਵਿਚ ਨੁਕਤਾ ਦੇਖੋ।

17. ਸਾਨੂੰ ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

17 ਖ਼ੁਸ਼ੀ-ਖ਼ੁਸ਼ੀ ਸੁਆਗਤ ਕਰੋ। ਯਿਸੂ ਆਪਣੇ ਚੇਲਿਆਂ ਨੂੰ ਦੇਖ ਕੇ ਬਹੁਤ ਖ਼ੁਸ਼ ਹੋਇਆ ਅਤੇ ਉਨ੍ਹਾਂ ਨਾਲ ਗੱਲ ਕਰਨ ਵਿਚ ਪਹਿਲ ਕੀਤੀ। (ਮੱਤੀ 28:18) ਅਸੀਂ ਉਦੋਂ ਕਿਵੇਂ ਪੇਸ਼ ਆਵਾਂਗੇ ਜਦੋਂ ਸੱਚਾਈ ਵਿਚ ਢਿੱਲਾ ਪੈ ਚੁੱਕਾ ਕੋਈ ਭੈਣ-ਭਰਾ ਕਿੰਗਡਮ ਹਾਲ ਆਉਂਦਾ ਹੈ? ਉਸ ਨੂੰ ਦੇਖ ਕੇ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ। ਪਹਿਲਾਂ-ਪਹਿਲ ਸ਼ਾਇਦ ਸਾਨੂੰ ਇਸ ਗੱਲ ਦੀ ਚਿੰਤਾ ਹੋਵੇ ਕਿ ਅਸੀਂ ਉਸ ਨੂੰ ਕੀ ਕਹਾਂਗੇ। ਪਰ ਉਸ ਨੂੰ ਸ਼ਰਮਿੰਦਾ ਕਰਨ ਦੀ ਬਜਾਇ ਦੱਸੋ ਕਿ ਤੁਸੀਂ ਉਸ ਨੂੰ ਦੇਖ ਕੇ ਕਿੰਨੇ ਖ਼ੁਸ਼ ਹੋ।

18. ਅਸੀਂ ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ?

18 ਉਨ੍ਹਾਂ ਨੂੰ ਹੌਸਲਾ ਦਿਓ। ਯਿਸੂ ਦੇ ਚੇਲਿਆਂ ਨੇ ਸ਼ਾਇਦ ਸੋਚਿਆ ਹੋਵੇ ਕਿ ਉਹ ਪੂਰੀ ਦੁਨੀਆਂ ਵਿਚ ਪ੍ਰਚਾਰ ਨਹੀਂ ਕਰ ਸਕਦੇ। ਯਿਸੂ ਨੇ ਆਪਣੇ ਚੇਲਿਆਂ ਨੂੰ ਯਕੀਨ ਦਿਵਾਇਆ: “ਮੈਂ . . . ਹਰ ਵੇਲੇ ਤੁਹਾਡੇ ਨਾਲ ਰਹਾਂਗਾ।” (ਮੱਤੀ 28:20) ਕੀ ਯਿਸੂ ਦੀ ਇਸ ਗੱਲ ਦਾ ਕੋਈ ਫ਼ਾਇਦਾ ਹੋਇਆ? ਬਿਲਕੁਲ ਹੋਇਆ। ਇਸ ਤੋਂ ਜਲਦੀ ਬਾਅਦ ਉਹ ‘ਸਿੱਖਿਆ ਦੇਣ ਅਤੇ ਖ਼ੁਸ਼ ਖ਼ਬਰੀ ਦਾ ਐਲਾਨ’ ਕਰਨ ਵਿਚ ਰੁੱਝ ਗਏ। (ਰਸੂ. 5:42) ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਵੀ ਹੌਸਲੇ ਦੀ ਲੋੜ ਹੈ। ਉਹ ਸ਼ਾਇਦ ਦੁਬਾਰਾ ਪ੍ਰਚਾਰ ਕਰਨ ਬਾਰੇ ਸੋਚ ਕੇ ਹੀ ਡਰ ਜਾਣ। ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾ ਸਕਦੇ ਹਾਂ ਕਿ ਉਨ੍ਹਾਂ ਨੂੰ ਇਕੱਲਿਆਂ ਪ੍ਰਚਾਰ ਨਹੀਂ ਕਰਨਾ ਪੈਣਾ। ਜਦੋਂ ਉਹ ਪ੍ਰਚਾਰ ’ਤੇ ਜਾਣ ਲਈ ਤਿਆਰ ਹੋ ਜਾਂਦੇ ਹਨ, ਤਾਂ ਅਸੀਂ ਉਨ੍ਹਾਂ ਦੇ ਨਾਲ ਜਾ ਸਕਦੇ ਹਾਂ। ਬਿਨਾਂ ਸ਼ੱਕ, ਉਹ ਸਾਡੇ ਸਾਥ ਲਈ ਸ਼ੁਕਰਗੁਜ਼ਾਰ ਹੋਣਗੇ। ਜੇ ਅਸੀਂ ਸੱਚਾਈ ਵਿਚ ਢਿੱਲੇ ਪੈ ਚੁੱਕੇ ਪ੍ਰਚਾਰਕਾਂ ਨਾਲ ਆਪਣੇ ਭੈਣ-ਭਰਾ ਵਾਂਗ ਪੇਸ਼ ਆਵਾਂਗੇ, ਤਾਂ ਉਹ ਸ਼ਾਇਦ ਦੁਬਾਰਾ ਸੱਚਾਈ ਵਿਚ ਆ ਜਾਣ ਜਿਸ ਨਾਲ ਪੂਰੀ ਮੰਡਲੀ ਨੂੰ ਖ਼ੁਸ਼ੀ ਹੋਵੇਗੀ।

ਅਸੀਂ ਯਿਸੂ ਵੱਲੋਂ ਦਿੱਤਾ ਕੰਮ ਪੂਰਾ ਕਰਨਾ ਚਾਹੁੰਦੇ ਹਾਂ

19. ਸਾਡੀ ਦਿਲੀ ਇੱਛਾ ਕੀ ਹੈ ਅਤੇ ਕਿਉਂ?

19 ਅਸੀਂ ਚੇਲੇ ਬਣਾਉਣ ਦਾ ਕੰਮ ਕਦੋਂ ਤਕ ਕਰਦੇ ਰਹਾਂਗੇ? ਇਸ ਯੁਗ ਦੇ ਆਖ਼ਰੀ ਸਮੇਂ ਤਕ। (ਮੱਤੀ 28:20) ਕੀ ਅਸੀਂ ਇਸ ਸਮੇਂ ਤਕ ਯਿਸੂ ਦਾ ਇਹ ਹੁਕਮ ਪੂਰਾ ਕਰ ਸਕਾਂਗੇ? ਅਸੀਂ ਇੱਦਾਂ ਕਰਨ ਦਾ ਪੱਕਾ ਇਰਾਦਾ ਕੀਤਾ ਹੈ! ਅਸੀਂ ਖ਼ੁਸ਼ੀ-ਖ਼ੁਸ਼ੀ ਆਪਣਾ ਸਮਾਂ, ਤਾਕਤ ਅਤੇ ਪੈਸਾ ਉਨ੍ਹਾਂ ਲੋਕਾਂ ਨੂੰ ਲੱਭਣ ਵਿਚ ਲਾਉਂਦੇ ਹਾਂ ਜੋ “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ। (ਰਸੂ. 13:48) ਇੱਦਾਂ ਕਰ ਕੇ ਅਸੀਂ ਯਿਸੂ ਦੀ ਰੀਸ ਕਰਦੇ ਹਾਂ। ਉਸ ਨੇ ਕਿਹਾ: “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਾਂ ਅਤੇ ਉਸ ਨੇ ਮੈਨੂੰ ਜੋ ਕੰਮ ਦਿੱਤਾ ਹੈ, ਉਹ ਪੂਰਾ ਕਰਾਂ।” (ਯੂਹੰ. 4:34; 17:4) ਸਾਡੀ ਵੀ ਇਹੀ ਦਿਲੀ ਇੱਛਾ ਹੈ। ਅਸੀਂ ਉਹ ਕੰਮ ਪੂਰਾ ਕਰਨਾ ਚਾਹੁੰਦੇ ਹਾਂ ਜੋ ਸਾਨੂੰ ਦਿੱਤਾ ਗਿਆ ਹੈ। (ਯੂਹੰ. 20:21) ਨਾਲੇ ਅਸੀਂ ਚਾਹੁੰਦੇ ਹਾਂ ਕਿ ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣ-ਭਰਾ ਵੀ ਸਾਡੇ ਨਾਲ ਮਿਲ ਕੇ ਇਹ ਕੰਮ ਕਰਨ।—ਮੱਤੀ 24:13.

20. ਫ਼ਿਲਿੱਪੀਆਂ 4:13 ਅਨੁਸਾਰ ਅਸੀਂ ਯਿਸੂ ਵੱਲੋਂ ਦਿੱਤਾ ਕੰਮ ਪੂਰਾ ਕਿਉਂ ਕਰ ਸਕਦੇ ਹਾਂ?

20 ਬਿਨਾਂ ਸ਼ੱਕ, ਯਿਸੂ ਵੱਲੋਂ ਦਿੱਤਾ ਹੁਕਮ ਪੂਰਾ ਕਰਨਾ ਸੌਖਾ ਨਹੀਂ ਹੈ। ਪਰ ਅਸੀਂ ਇਕੱਲੇ ਇਹ ਕੰਮ ਨਹੀਂ ਕਰ ਰਹੇ। ਯਿਸੂ ਨੇ ਵਾਅਦਾ ਕੀਤਾ ਸੀ ਕਿ ਉਹ ਸਾਡੇ ਨਾਲ ਹੋਵੇਗਾ। ਜਦੋਂ ਅਸੀਂ ਚੇਲੇ ਬਣਾਉਣ ਦਾ ਕੰਮ ਕਰਦੇ ਹਾਂ, ਤਾਂ ਅਸੀਂ “ਪਰਮੇਸ਼ੁਰ ਨਾਲ ਮਿਲ ਕੇ” ਕੰਮ ਕਰਦੇ ਹਾਂ। (1 ਕੁਰਿੰ. 3:9; 2 ਕੁਰਿੰ. 2:17) ਇਸ ਲਈ ਅਸੀਂ ਇਹ ਕੰਮ ਪੂਰਾ ਕਰ ਸਕਦੇ ਹਾਂ। ਸਾਡੇ ਲਈ ਇਹ ਕਿੰਨੇ ਸਨਮਾਨ ਤੇ ਖ਼ੁਸ਼ੀ ਦੀ ਗੱਲ ਹੈ ਕਿ ਖ਼ੁਦ ਇਹ ਕੰਮ ਕਰਨ ਦੇ ਨਾਲ-ਨਾਲ ਅਸੀਂ ਦੂਜਿਆਂ ਦੀ ਵੀ ਇਹ ਕੰਮ ਕਰਨ ਵਿਚ ਮਦਦ ਕਰਦੇ ਹਾਂ!—ਫ਼ਿਲਿੱਪੀਆਂ 4:13 ਪੜ੍ਹੋ।

ਗੀਤ 7 ਸਮਰਪਣ ਦਾ ਵਾਅਦਾ

^ ਪੈਰਾ 5 ਯਿਸੂ ਨੇ ਆਪਣੇ ਚੇਲਿਆਂ ਨੂੰ ਹੋਰ ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਉਹ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਣ ਲਈ ਕਿਹਾ ਜਿਹੜੇ ਹੁਕਮ ਉਸ ਨੇ ਦਿੱਤੇ ਸਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਯਿਸੂ ਦੀ ਕਹੀ ਗੱਲ ਕਿਵੇਂ ਮੰਨ ਸਕਦੇ ਹਾਂ। ਇਸ ਲੇਖ ਵਿਚਲੀ ਕੁਝ ਜਾਣਕਾਰੀ ਪਹਿਰਾਬੁਰਜ 1 ਜੁਲਾਈ 2004 ਦੇ ਸਫ਼ਿਆਂ 14-19 ’ਤੇ ਆਧਾਰਿਤ ਹੈ।

^ ਪੈਰਾ 66 ਤਸਵੀਰਾਂ ਬਾਰੇ ਜਾਣਕਾਰੀ: ਇਕ ਭੈਣ ਬਾਈਬਲ ਸਟੱਡੀ ਕਰਾਉਂਦਿਆਂ ਸਮਝਾਉਂਦੀ ਹੋਈ ਕਿ ਵਿਦਿਆਰਥਣ ਨੂੰ ਪਰਮੇਸ਼ੁਰ ਨਾਲ ਪਿਆਰ ਗੂੜ੍ਹਾ ਕਰਨ ਲਈ ਕੀ ਕਰਨ ਦੀ ਲੋੜ ਹੈ। ਬਾਅਦ ਵਿਚ, ਵਿਦਿਆਰਥਣ ਉਨ੍ਹਾਂ ਤਿੰਨਾਂ ਸੁਝਾਵਾਂ ਨੂੰ ਲਾਗੂ ਕਰਦੀ ਹੋਈ ਜੋ ਉਸ ਦੇ ਸਿੱਖਿਅਕ ਨੇ ਉਸ ਨੂੰ ਦਿੱਤੇ ਸਨ।