Skip to content

Skip to table of contents

ਅਧਿਐਨ ਲੇਖ 46

ਹੌਸਲਾ ਰੱਖੋ—ਯਹੋਵਾਹ ਤੁਹਾਡਾ ਮਦਦਗਾਰ ਹੈ

ਹੌਸਲਾ ਰੱਖੋ—ਯਹੋਵਾਹ ਤੁਹਾਡਾ ਮਦਦਗਾਰ ਹੈ

“ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।”—ਇਬ. 13:5.

ਗੀਤ 33 ਉਨ੍ਹਾਂ ਤੋਂ ਨਾ ਡਰੋ!

ਖ਼ਾਸ ਗੱਲਾਂ *

1. ਇਕੱਲੇ ਅਤੇ ਮੁਸ਼ਕਲਾਂ ਹੇਠ ਦੱਬੇ ਹੋਏ ਮਹਿਸੂਸ ਕਰਦਿਆਂ ਸਾਨੂੰ ਕਿਹੜੀ ਗੱਲ ਤੋਂ ਦਿਲਾਸਾ ਮਿਲੇਗਾ? (ਜ਼ਬੂਰ 118:5-7)

ਕੀ ਤੁਸੀਂ ਕਦੇ ਕਿਸੇ ਔਖੀ ਘੜੀ ਵਿਚ ਇਕੱਲੇ ਮਹਿਸੂਸ ਕੀਤਾ? ਯਹੋਵਾਹ ਦੇ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਨੇ ਇਸੇ ਤਰ੍ਹਾਂ ਮਹਿਸੂਸ ਕੀਤਾ ਹੈ। (1 ਰਾਜ. 19:14) ਜੇ ਤੁਸੀਂ ਕਦੇ ਇੱਦਾਂ ਮਹਿਸੂਸ ਕਰਦੇ ਹੋ, ਤਾਂ ਯਹੋਵਾਹ ਦਾ ਇਹ ਵਾਅਦਾ ਯਾਦ ਰੱਖੋ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” ਇਸ ਲਈ ਅਸੀਂ ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ।” (ਇਬ. 13:5, 6) ਪੌਲੁਸ ਰਸੂਲ ਨੇ ਇਹ ਸ਼ਬਦ ਯਹੂਦੀਆ ਦੇ ਮਸੀਹੀਆਂ ਨੂੰ ਲਗਭਗ 61 ਈਸਵੀ ਵਿਚ ਲਿਖੇ। ਉਸ ਦੇ ਸ਼ਬਦ ਸਾਨੂੰ ਜ਼ਬੂਰ 118:5-7 (ਪੜ੍ਹੋ।) ਵਿਚ ਦੱਸੀਆਂ ਗੱਲਾਂ ਯਾਦ ਕਰਾਉਂਦੇ ਹਨ।

2. ਅਸੀਂ ਇਸ ਲੇਖ ਵਿਚ ਕੀ ਦੇਖਾਂਗੇ ਅਤੇ ਕਿਉਂ?

2 ਜ਼ਬੂਰਾਂ ਦੇ ਲਿਖਾਰੀ ਵਾਂਗ ਪੌਲੁਸ ਰਸੂਲ ਵੀ ਆਪਣੇ ਤਜਰਬੇ ਤੋਂ ਜਾਣਦਾ ਸੀ ਕਿ ਯਹੋਵਾਹ ਉਸ ਦਾ ਮਦਦਗਾਰ ਸੀ। ਮਿਸਾਲ ਲਈ, ਇਬਰਾਨੀਆਂ ਨੂੰ ਚਿੱਠੀ ਲਿਖਣ ਤੋਂ ਦੋ ਸਾਲ ਪਹਿਲਾਂ ਪੌਲੁਸ ਨੇ ਸਮੁੰਦਰੀ ਸਫ਼ਰ ਕਰਦਿਆਂ ਇਕ ਭਿਆਨਕ ਤੂਫ਼ਾਨ ਦਾ ਸਾਮ੍ਹਣਾ ਕੀਤਾ। (ਰਸੂ. 27:4, 15, 20) ਸਮੁੰਦਰੀ ਸਫ਼ਰ ਤੋਂ ਪਹਿਲਾਂ ਅਤੇ ਇਸ ਦੇ ਦੌਰਾਨ ਯਹੋਵਾਹ ਨੇ ਪੌਲੁਸ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਦਿਖਾਇਆ ਕਿ ਉਹ ਉਸ ਦਾ ਮਦਦਗਾਰ ਹੈ। ਅਸੀਂ ਇਨ੍ਹਾਂ ਵਿੱਚੋਂ ਤਿੰਨ ਤਰੀਕਿਆਂ ’ਤੇ ਗੌਰ ਕਰਾਂਗੇ। ਯਹੋਵਾਹ ਨੇ ਉਸ ਦੀ ਮਦਦ ਕਰਨ ਲਈ ਯਿਸੂ, ਦੂਤਾਂ, ਅਧਿਕਾਰੀਆਂ ਅਤੇ ਮਸੀਹੀ ਭੈਣਾਂ-ਭਰਾਵਾਂ ਨੂੰ ਵਰਤਿਆ। ਪੌਲੁਸ ਦੀ ਜ਼ਿੰਦਗੀ ’ਤੇ ਗੌਰ ਕਰ ਕੇ ਸਾਡਾ ਭਰੋਸਾ ਵਧੇਗਾ ਕਿ ਜਦ ਅਸੀਂ ਉਸ ਨੂੰ ਮਦਦ ਲਈ ਪੁਕਾਰਾਂਗੇ, ਤਾਂ ਉਹ ਸਾਡੀ ਵੀ ਜ਼ਰੂਰ ਸੁਣੇਗਾ।

ਯਿਸੂ ਅਤੇ ਦੂਤਾਂ ਰਾਹੀਂ ਮਦਦ

3. ਪੌਲੁਸ ਨੇ ਸ਼ਾਇਦ ਕੀ ਸੋਚਿਆ ਹੋਵੇ ਅਤੇ ਕਿਉਂ?

3 ਪੌਲੁਸ ਨੂੰ ਮਦਦ ਦੀ ਲੋੜ ਸੀ। ਲਗਭਗ 56 ਈਸਵੀ ਵਿਚ ਭੀੜ ਉਸ ਨੂੰ ਯਰੂਸ਼ਲਮ ਦੇ ਮੰਦਰ ਵਿੱਚੋਂ ਘੜੀਸ ਕੇ ਲੈ ਆਈ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਅਗਲੇ ਦਿਨ ਜਦੋਂ ਪੌਲੁਸ ਨੂੰ ਮਹਾਸਭਾ ਸਾਮ੍ਹਣੇ ਲਿਆਂਦਾ ਗਿਆ, ਤਾਂ ਦੁਸ਼ਮਣ ਉਸ ਦੇ ਟੋਟੇ ਕਰਨ ਲਈ ਤਿਆਰ ਸਨ। (ਰਸੂ. 21:30-32; 22:30; 23:6-10) ਇਸ ਸਮੇਂ ਪੌਲੁਸ ਨੇ ਸ਼ਾਇਦ ਸੋਚਿਆ ਹੋਵੇ, ‘ਮੈਂ ਇਹ ਸਭ ਕਦੋਂ ਤਕ ਸਹਿ ਸਕਾਂਗਾ?’

4. ਯਹੋਵਾਹ ਨੇ ਯਿਸੂ ਰਾਹੀਂ ਪੌਲੁਸ ਦੀ ਕਿਵੇਂ ਮਦਦ ਕੀਤੀ?

4 ਪੌਲੁਸ ਦੀ ਕਿਵੇਂ ਮਦਦ ਹੋਈ? ਜਿਸ ਰਾਤ ਪੌਲੁਸ ਨੂੰ ਗਿਰਫ਼ਤਾਰ ਕੀਤਾ ਗਿਆ, ਉਸ ਰਾਤ “ਪ੍ਰਭੂ” ਯਿਸੂ ਨੇ ਉਸ ਕੋਲ ਆ ਕੇ ਕਿਹਾ: “ਹੌਸਲਾ ਰੱਖ! ਜਿਵੇਂ ਤੂੰ ਯਰੂਸ਼ਲਮ ਵਿਚ ਮੇਰੇ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੂੰ ਰੋਮ ਵਿਚ ਵੀ ਗਵਾਹੀ ਦੇਣੀ ਹੈ।” (ਰਸੂ. 23:11) ਪੌਲੁਸ ਨੂੰ ਇਹ ਸੁਣ ਕੇ ਕਿੰਨਾ ਹੌਸਲਾ ਮਿਲਿਆ ਹੋਣਾ! ਯਿਸੂ ਨੇ ਪੌਲੁਸ ਦੀ ਤਾਰੀਫ਼ ਕੀਤੀ ਕਿ ਉਸ ਨੇ ਯਰੂਸ਼ਲਮ ਵਿਚ ਚੰਗੀ ਗਵਾਹੀ ਦਿੱਤੀ ਸੀ। ਨਾਲੇ ਉਸ ਨੇ ਵਾਅਦਾ ਕੀਤਾ ਕਿ ਪੌਲੁਸ ਸਹੀ-ਸਲਾਮਤ ਰੋਮ ਪਹੁੰਚੇਗਾ ਅਤੇ ਉੱਥੇ ਵੀ ਗਵਾਹੀ ਦੇਵੇਗਾ। ਇਹ ਭਰੋਸਾ ਮਿਲਣ ਤੋਂ ਬਾਅਦ ਪੌਲੁਸ ਨੇ ਇੱਦਾਂ ਮਹਿਸੂਸ ਕੀਤਾ ਜਿੱਦਾਂ ਇਕ ਬੱਚਾ ਆਪਣੇ ਪਿਤਾ ਦੀਆਂ ਬਾਹਾਂ ਵਿਚ ਸੁਰੱਖਿਅਤ ਮਹਿਸੂਸ ਕਰਦਾ ਹੈ।

ਇਕ ਦੂਤ ਸਮੁੰਦਰੀ ਤੂਫ਼ਾਨ ਦੌਰਾਨ ਪੌਲੁਸ ਨੂੰ ਤਸੱਲੀ ਦਿੰਦਾ ਹੋਇਆ ਕਿ ਜਹਾਜ਼ ਵਿਚ ਸਾਰੇ ਯਾਤਰੀ ਬਚ ਜਾਣਗੇ (ਪੈਰਾ 5 ਦੇਖੋ)

5. ਯਹੋਵਾਹ ਨੇ ਇਕ ਦੂਤ ਰਾਹੀਂ ਪੌਲੁਸ ਦੀ ਕਿਵੇਂ ਮਦਦ ਕੀਤੀ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

5 ਪੌਲੁਸ ’ਤੇ ਹੋਰ ਕਿਹੜੀਆਂ ਮੁਸ਼ਕਲਾਂ ਆਈਆਂ? ਯਰੂਸ਼ਲਮ ਵਿਚ ਇਹ ਘਟਨਾਵਾਂ ਹੋਣ ਤੋਂ ਲਗਭਗ ਦੋ ਸਾਲ ਬਾਅਦ ਜਦੋਂ ਪੌਲੁਸ ਜਹਾਜ਼ ਰਾਹੀਂ ਇਟਲੀ ਜਾ ਰਿਹਾ ਸੀ, ਤਾਂ ਜਹਾਜ਼ ਤੂਫ਼ਾਨ ਦੀ ਲਪੇਟ ਵਿਚ ਆ ਗਿਆ ਤੇ ਸਾਰੇ ਯਾਤਰੀਆਂ ਨੇ ਸੋਚਿਆ ਕਿ ਉਨ੍ਹਾਂ ਨੇ ਹੁਣ ਮਰ ਜਾਣਾ। ਪਰ ਪੌਲੁਸ ਨੂੰ ਕਿਸੇ ਗੱਲ ਦਾ ਡਰ ਨਹੀਂ ਸੀ। ਕਿਉਂ? ਉਸ ਨੇ ਜਹਾਜ਼ ਵਿਚ ਸਵਾਰ ਲੋਕਾਂ ਨੂੰ ਕਿਹਾ: “ਜਿਸ ਪਰਮੇਸ਼ੁਰ ਦੀ ਮੈਂ ਭਗਤੀ ਕਰਦਾ ਹਾਂ ਅਤੇ ਜੋ ਮੇਰਾ ਮਾਲਕ ਹੈ ਉਸ ਦੇ ਦੂਤ ਨੇ ਕੱਲ੍ਹ ਰਾਤ ਆ ਕੇ ਮੈਨੂੰ ਕਿਹਾ ਸੀ, ‘ਪੌਲੁਸ ਨਾ ਡਰ, ਤੂੰ ਜ਼ਰੂਰ ਸਮਰਾਟ ਦੇ ਸਾਮ੍ਹਣੇ ਪੇਸ਼ ਹੋਵੇਂਗਾ ਅਤੇ ਦੇਖ! ਪਰਮੇਸ਼ੁਰ ਤੇਰੇ ਕਰਕੇ ਤੇਰੇ ਨਾਲ ਸਫ਼ਰ ਕਰਨ ਵਾਲੇ ਸਾਰੇ ਲੋਕਾਂ ਦੀਆਂ ਜਾਨਾਂ ਵੀ ਬਚਾਵੇਗਾ।’” ਯਹੋਵਾਹ ਨੇ ਯਿਸੂ ਰਾਹੀਂ ਜਿਹੜਾ ਭਰੋਸਾ ਦਿਵਾਇਆ ਸੀ, ਉਹੀ ਭਰੋਸਾ ਉਸ ਨੇ ਇਕ ਦੂਤ ਰਾਹੀਂ ਦੁਬਾਰਾ ਦਿਵਾਇਆ। ਅਖ਼ੀਰ ਪੌਲੁਸ ਰੋਮ ਪਹੁੰਚ ਹੀ ਗਿਆ।—ਰਸੂ. 27:20-25; 28:16.

6. ਯਿਸੂ ਦੇ ਕਿਹੜੇ ਵਾਅਦੇ ਤੋਂ ਸਾਨੂੰ ਤਾਕਤ ਮਿਲਦੀ ਹੈ ਅਤੇ ਕਿਉਂ?

6 ਸਾਡੀ ਕਿਵੇਂ ਮਦਦ ਹੁੰਦੀ ਹੈ? ਪੌਲੁਸ ਵਾਂਗ ਯਿਸੂ ਸਾਡੀ ਵੀ ਮਦਦ ਕਰੇਗਾ। ਮਿਸਾਲ ਲਈ, ਯਿਸੂ ਨੇ ਆਪਣੇ ਸਾਰੇ ਚੇਲਿਆਂ ਨਾਲ ਵਾਅਦਾ ਕੀਤਾ: “ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।” (ਮੱਤੀ 28:20) ਯਿਸੂ ਦੇ ਸ਼ਬਦਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ। ਕਿਉਂ? ਕਿਉਂਕਿ ਕਈ ਵਾਰ ਸਾਡੇ ਲਈ ਵੀ ਮੁਸ਼ਕਲਾਂ ਦੌਰਾਨ ਧੀਰਜ ਰੱਖਣਾ ਔਖਾ ਹੁੰਦਾ ਹੈ। ਮਿਸਾਲ ਲਈ, ਜਦੋਂ ਸਾਡੇ ਕਿਸੇ ਪਿਆਰੇ ਦੀ ਮੌਤ ਹੋ ਜਾਂਦੀ ਹੈ, ਤਾਂ ਸਾਨੂੰ ਇਸ ਦਾ ਗਮ ਕੁਝ ਦਿਨਾਂ ਤਕ ਹੀ ਨਹੀਂ, ਬਲਕਿ ਸਾਲਾਂ ਤਕ ਸਹਿਣਾ ਪੈਂਦਾ ਹੈ। ਕਈਆਂ ਨੂੰ ਬੁਢਾਪੇ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕੁਝ ਜਣਿਆਂ ਨੂੰ ਨਿਰਾਸ਼ਾ ਦੀਆਂ ਭਾਵਨਾਵਾਂ ਨਾਲ ਸਿੱਝਣਾ ਪੈਂਦਾ ਹੈ। ਪਰ ਫਿਰ ਵੀ ਸਾਨੂੰ ਸਹਿਣ ਦੀ ਤਾਕਤ ਮਿਲਦੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਯਿਸੂ “ਹਰ ਵੇਲੇ” ਸਾਡੇ ਨਾਲ ਹੈ, ਇੱਥੋਂ ਤਕ ਕਿ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਦੌਰਾਨ ਵੀ।—ਮੱਤੀ 11: 28-30.

ਦੂਤ ਪ੍ਰਚਾਰ ਵਿਚ ਸਾਡੀ ਮਦਦ ਕਰਦੇ ਹਨ ਅਤੇ ਸਾਨੂੰ ਸੇਧ ਦਿੰਦੇ ਹਨ (ਪੈਰਾ 7 ਦੇਖੋ)

7. ਪ੍ਰਕਾਸ਼ ਦੀ ਕਿਤਾਬ 14:6 ਮੁਤਾਬਕ ਯਹੋਵਾਹ ਅੱਜ ਸਾਡੀ ਕਿਵੇਂ ਮਦਦ ਕਰਦਾ ਹੈ?

7 ਪਰਮੇਸ਼ੁਰ ਦਾ ਬਚਨ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਯਹੋਵਾਹ ਆਪਣੇ ਦੂਤਾਂ ਰਾਹੀਂ ਸਾਡੀ ਮਦਦ ਕਰਦਾ ਹੈ। (ਇਬ. 1:7, 14) ਮਿਸਾਲ ਲਈ, ਜਦੋਂ ਅਸੀਂ “ਹਰ ਕੌਮ, ਹਰ ਕਬੀਲੇ, ਹਰ ਬੋਲੀ ਬੋਲਣ ਵਾਲੇ” ਨੂੰ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਦੇ ਹਾਂ, ਤਾਂ ਦੂਤ ਸਾਡਾ ਸਾਥ ਦਿੰਦੇ ਹਨ ਅਤੇ ਸਾਨੂੰ ਸੇਧ ਦਿੰਦੇ ਹਨ।—ਮੱਤੀ 24:13, 14; ਪ੍ਰਕਾਸ਼ ਦੀ ਕਿਤਾਬ 14:6 ਪੜ੍ਹੋ।

ਅਧਿਕਾਰੀਆਂ ਵੱਲੋਂ ਮਦਦ

8. ਯਹੋਵਾਹ ਨੇ ਫ਼ੌਜ ਦੇ ਕਮਾਂਡਰ ਰਾਹੀਂ ਪੌਲੁਸ ਦੀ ਕਿਵੇਂ ਮਦਦ ਕੀਤੀ?

8 ਪੌਲੁਸ ਦੀ ਕਿਵੇਂ ਮਦਦ ਹੋਈ? 56 ਈਸਵੀ ਵਿਚ, ਯਿਸੂ ਨੇ ਪੌਲੁਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਰੋਮ ਜ਼ਰੂਰ ਜਾਵੇਗਾ। ਪਰ ਯਰੂਸ਼ਲਮ ਵਿਚ ਕੁਝ ਯਹੂਦੀਆਂ ਨੇ ਘਾਤ ਲਾ ਕੇ ਪੌਲੁਸ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾਈ। ਜਦੋਂ ਰੋਮੀ ਫ਼ੌਜ ਦੇ ਕਮਾਂਡਰ ਕਲੋਡੀਉਸ ਲੁਸੀਅਸ ਨੂੰ ਇਸ ਸਾਜ਼ਸ਼ ਦਾ ਪਤਾ ਲੱਗਾ, ਤਾਂ ਉਹ ਪੌਲੁਸ ਦੀ ਮਦਦ ਲਈ ਅੱਗੇ ਆਇਆ। ਜਲਦੀ ਹੀ ਕਲੋਡੀਉਸ ਨੇ ਬਹੁਤ ਸਾਰੇ ਫ਼ੌਜੀਆਂ ਦੀ ਨਿਗਰਾਨੀ ਅਧੀਨ ਪੌਲੁਸ ਨੂੰ ਕੈਸਰੀਆ ਭੇਜ ਦਿੱਤਾ ਜੋ ਯਰੂਸ਼ਲਮ ਤੋਂ ਲਗਭਗ 105 ਕਿਲੋਮੀਟਰ (65 ਮੀਲ) ਦੂਰ ਸੀ। ਕੈਸਰੀਆ ਵਿਚ ਰਾਜਪਾਲ ਫ਼ੇਲਿਕਸ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ “ਹੇਰੋਦੇਸ ਦੇ ਮਹਿਲ ਵਿਚ ਪਹਿਰੇ ਅਧੀਨ ਰੱਖਿਆ ਜਾਵੇ।” ਪੌਲੁਸ ਆਪਣੇ ਦੁਸ਼ਮਣਾਂ ਦੀ ਪਹੁੰਚ ਤੋਂ ਕਿਤੇ ਜ਼ਿਆਦਾ ਦੂਰ ਸੀ ਜੋ ਉਸ ਨੂੰ ਮਾਰਨਾ ਚਾਹੁੰਦੇ ਸਨ।—ਰਸੂ. 23:12-35.

9. ਰਾਜਪਾਲ ਫ਼ੇਸਤੁਸ ਨੇ ਪੌਲੁਸ ਦੀ ਕਿਵੇਂ ਮਦਦ ਕੀਤੀ?

9 ਦੋ ਸਾਲ ਬਾਅਦ ਵੀ ਪੌਲੁਸ ਕੈਸਰੀਆ ਵਿਚ ਨਿਗਰਾਨੀ ਅਧੀਨ ਸੀ। ਫ਼ੇਲਿਕਸ ਦੀ ਜਗ੍ਹਾ ਹੁਣ ਫ਼ੇਸਤੁਸ ਨਵਾਂ ਰਾਜਪਾਲ ਸੀ। ਯਹੂਦੀਆਂ ਨੇ ਫ਼ੇਸਤੁਸ ਅੱਗੇ ਬੇਨਤੀ ਕੀਤੀ ਕਿ ਪੌਲੁਸ ਨੂੰ ਯਰੂਸ਼ਲਮ ਲਿਆ ਕੇ ਉਸ ’ਤੇ ਮੁਕੱਦਮਾ ਚਲਾਇਆ ਜਾਵੇ। ਪਰ ਫ਼ੇਸਤੁਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਸ਼ਾਇਦ ਰਾਜਪਾਲ ਜਾਣਦਾ ਸੀ ਕਿ ਯਹੂਦੀਆਂ ਨੇ “ਪੌਲੁਸ ਨੂੰ ਰਾਹ ਵਿਚ ਹੀ ਘਾਤ ਲਾ ਕੇ ਜਾਨੋਂ ਮਾਰਨ ਦੀ ਯੋਜਨਾ ਬਣਾਈ ਹੋਈ ਸੀ।”—ਰਸੂ. 24:27–25:5.

10. ਪੌਲੁਸ ਦੀ ਫ਼ਰਿਆਦ ਸੁਣ ਕੇ ਰਾਜਪਾਲ ਫ਼ੇਸਤੁਸ ਨੇ ਕੀ ਕੀਤਾ?

10 ਬਾਅਦ ਵਿਚ, ਕੈਸਰੀਆ ਵਿਚ ਪੌਲੁਸ ’ਤੇ ਮੁਕੱਦਮਾ ਚੱਲਿਆ। ਫ਼ੇਸਤੁਸ “ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਪੌਲੁਸ ਨੂੰ ਪੁੱਛਿਆ: ‘ਕੀ ਤੂੰ ਯਰੂਸ਼ਲਮ ਜਾਣਾ ਚਾਹੁੰਦਾ ਹੈਂ ਤਾਂਕਿ ਉੱਥੇ ਮੇਰੀ ਹਾਜ਼ਰੀ ਵਿਚ ਇਨ੍ਹਾਂ ਮਸਲਿਆਂ ਬਾਰੇ ਤੇਰਾ ਨਿਆਂ ਕੀਤਾ ਜਾਵੇ?’” ਪੌਲੁਸ ਜਾਣਦਾ ਸੀ ਕਿ ਸ਼ਾਇਦ ਯਰੂਸ਼ਲਮ ਵਿਚ ਉਸ ਨੂੰ ਮਾਰ ਦਿੱਤਾ ਜਾਵੇ। ਨਾਲੇ ਉਹ ਇਹ ਵੀ ਜਾਣਦਾ ਸੀ ਕਿ ਆਪਣੀ ਜਾਨ ਬਚਾਉਣ ਲਈ ਉਸ ਨੂੰ ਰੋਮ ਜਾਣਾ ਚਾਹੀਦਾ ਸੀ ਅਤੇ ਉਹ ਉੱਥੇ ਪ੍ਰਚਾਰ ਕਰਦਾ ਰਹਿ ਸਕਦਾ ਸੀ। ਉਸ ਨੇ ਕਿਹਾ: “ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!” ਆਪਣੇ ਸਲਾਹਕਾਰਾਂ ਨਾਲ ਗੱਲ ਕਰ ਕੇ ਫ਼ੇਸਤੁਸ ਨੇ ਪੌਲੁਸ ਨੂੰ ਕਿਹਾ: “ਤੂੰ ਸਮਰਾਟ ਨੂੰ ਫ਼ਰਿਆਦ ਕੀਤੀ ਹੈ, ਇਸ ਲਈ ਤੂੰ ਸਮਰਾਟ ਕੋਲ ਹੀ ਜਾਵੇਂਗਾ।” ਫ਼ੇਸਤੁਸ ਦੇ ਫ਼ੈਸਲੇ ਕਰਕੇ ਪੌਲੁਸ ਆਪਣੇ ਦੁਸ਼ਮਣਾਂ ਦੇ ਹੱਥੋਂ ਬਚ ਗਿਆ। ਸਮੇਂ ਦੇ ਬੀਤਣ ਨਾਲ, ਪੌਲੁਸ ਨੇ ਰੋਮ ਚਲੇ ਜਾਣਾ ਸੀ। ਉਸ ਨੇ ਯਹੂਦੀਆਂ ਦੀ ਪਹੁੰਚ ਤੋਂ ਕਿਤੇ ਦੂਰ ਹੋਣਾ ਸੀ ਜੋ ਉਸ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸਨ।—ਰਸੂ. 25:6-12.

11. ਪੌਲੁਸ ਨੇ ਸ਼ਾਇਦ ਯਸਾਯਾਹ ਦੇ ਕਿਹੜੇ ਸ਼ਬਦਾਂ ਬਾਰੇ ਸੋਚਿਆ ਹੋਣਾ?

11 ਇਟਲੀ ਜਾਣ ਦਾ ਇੰਤਜ਼ਾਰ ਕਰਦਿਆਂ ਪੌਲੁਸ ਨੇ ਸ਼ਾਇਦ ਉਸ ਚੇਤਾਵਨੀ ਬਾਰੇ ਸੋਚਿਆ ਹੋਣਾ ਜੋ ਯਸਾਯਾਹ ਨਬੀ ਨੇ ਯਹੋਵਾਹ ਦੇ ਵਿਰੋਧੀਆਂ ਨੂੰ ਦਿੱਤੀ ਸੀ: “ਆਪੋ ਵਿੱਚ ਸਲਾਹ ਕਰੋ ਪਰ ਉਹ ਨਿਸਫਲ ਹੋਵੇਗੀ, ਬਚਨ ਕਰੋ ਪਰ ਉਹ ਕਾਇਮ ਨਾ ਰਹੇਗਾ, ਕਿਉਂ ਜੋ ਪਰਮੇਸ਼ੁਰ ਸਾਡੇ ਸੰਗ ਹੈ।” (ਯਸਾ. 8:10) ਪੌਲੁਸ ਜਾਣਦਾ ਸੀ ਕਿ ਪਰਮੇਸ਼ੁਰ ਉਸ ਦੀ ਮਦਦ ਕਰੇਗਾ। ਇਸ ਤੋਂ ਉਸ ਨੂੰ ਆਉਣ ਵਾਲੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੀ ਹੋਣੀ।

ਪੁਰਾਣੇ ਸਮੇਂ ਵਾਂਗ ਯਹੋਵਾਹ ਅੱਜ ਵੀ ਸ਼ਾਇਦ ਅਧਿਕਾਰੀਆਂ ਨੂੰ ਆਪਣੇ ਸੇਵਕਾਂ ਦੀ ਰਾਖੀ ਕਰਨ ਲਈ ਵਰਤੇ (ਪੈਰਾ 12 ਦੇਖੋ)

12. ਯੂਲਿਉਸ ਨੇ ਪੌਲੁਸ ਨਾਲ ਕਿੱਦਾਂ ਦਾ ਸਲੂਕ ਕੀਤਾ ਅਤੇ ਇਸ ਤੋਂ ਸ਼ਾਇਦ ਪੌਲੁਸ ਨੂੰ ਕੀ ਅਹਿਸਾਸ ਹੋਇਆ ਹੋਵੇ?

12 58 ਈਸਵੀ ਵਿਚ ਪੌਲੁਸ ਨੇ ਇਟਲੀ ਦਾ ਸਫ਼ਰ ਸ਼ੁਰੂ ਕੀਤਾ। ਕੈਦੀ ਹੋਣ ਕਰਕੇ ਉਸ ਨੂੰ ਰੋਮੀ ਫ਼ੌਜੀ ਅਫ਼ਸਰ ਯੂਲਿਉਸ ਦੇ ਹਵਾਲੇ ਕਰ ਦਿੱਤਾ ਗਿਆ। ਉਦੋਂ ਤੋਂ ਇਹ ਯੂਲਿਉਸ ਦੇ ਹੱਥ ਸੀ ਕਿ ਉਹ ਪੌਲੁਸ ਦੀ ਜ਼ਿੰਦਗੀ ਬਿਹਤਰ ਬਣਾਵੇਗਾ ਜਾਂ ਬਦਤਰ। ਉਸ ਨੇ ਆਪਣੇ ਅਧਿਕਾਰ ਦਾ ਕਿਵੇਂ ਇਸਤੇਮਾਲ ਕੀਤਾ? ਅਗਲੇ ਦਿਨ ਜਦੋਂ ਉਹ ਕੰਢੇ ’ਤੇ ਪਹੁੰਚੇ, ਤਾਂ ਯੂਲਿਉਸ ਨੇ “ਪੌਲੁਸ ਨਾਲ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਆਪਣੇ ਦੋਸਤਾਂ-ਮਿੱਤਰਾਂ ਕੋਲ ਜਾਣ ਦੀ ਇਜਾਜ਼ਤ ਦਿੱਤੀ।” ਬਾਅਦ ਵਿਚ, ਯੂਲਿਉਸ ਨੇ ਤਾਂ ਪੌਲੁਸ ਦੀ ਜਾਨ ਵੀ ਬਚਾਈ। ਕਿਵੇਂ? ਫ਼ੌਜੀ ਉਸ ਜਹਾਜ਼ ਵਿਚ ਸਵਾਰ ਸਾਰੇ ਕੈਦੀਆਂ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ, ਪਰ ਯੂਲਿਉਸ ਨੇ ਉਨ੍ਹਾਂ ਨੂੰ ਇੱਦਾਂ ਕਰਨ ਤੋਂ ਰੋਕਿਆ। ਕਿਉਂ? ਕਿਉਂਕਿ ਉਹ “ਪੌਲੁਸ ਨੂੰ ਬਚਾਉਣਾ ਚਾਹੁੰਦਾ ਸੀ।” ਬਿਨਾਂ ਸ਼ੱਕ, ਪੌਲੁਸ ਨੂੰ ਅਹਿਸਾਸ ਹੋਇਆ ਹੋਣਾ ਕਿ ਯਹੋਵਾਹ ਇਸ ਅਫ਼ਸਰ ਰਾਹੀਂ ਉਸ ਦੀ ਮਦਦ ਤੇ ਰਾਖੀ ਕਰ ਰਿਹਾ ਸੀ।—ਰਸੂ. 27:1-3, 42-44.

ਪੈਰਾ 13 ਦੇਖੋ

13. ਯਹੋਵਾਹ ਸ਼ਾਇਦ ਅਧਿਕਾਰੀਆਂ ਨੂੰ ਕਿਵੇਂ ਵਰਤੇ?

13 ਸਾਡੀ ਕਿਵੇਂ ਮਦਦ ਹੁੰਦੀ ਹੈ? ਯਹੋਵਾਹ ਆਪਣੇ ਮਕਸਦ ਅਨੁਸਾਰ ਆਪਣੀ ਪਵਿੱਤਰ ਸ਼ਕਤੀ ਰਾਹੀਂ ਅਧਿਕਾਰੀਆਂ ਤੋਂ ਉਹ ਕੰਮ ਕਰਾ ਸਕਦਾ ਹੈ ਜੋ ਉਹ ਚਾਹੁੰਦਾ ਹੈ। ਰਾਜਾ ਸੁਲੇਮਾਨ ਨੇ ਲਿਖਿਆ: “ਪਾਤਸ਼ਾਹ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਙੁ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।” (ਕਹਾ. 21:1) ਇਸ ਦਾ ਕੀ ਮਤਲਬ ਹੈ? ਜਿੱਦਾਂ ਕੋਈ ਇਨਸਾਨ ਖਾਈ ਪੁੱਟ ਕੇ ਪਾਣੀ ਦਾ ਰੁੱਖ ਮੋੜ ਸਕਦਾ ਹੈ, ਉੱਦਾਂ ਹੀ ਯਹੋਵਾਹ ਵੀ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਪਵਿੱਤਰ ਸ਼ਕਤੀ ਰਾਹੀਂ ਅਧਿਕਾਰੀਆਂ ਦੀ ਸੋਚ ਬਦਲ ਸਕਦਾ ਹੈ। ਇੱਦਾਂ ਕਰ ਕੇ ਯਹੋਵਾਹ ਉਨ੍ਹਾਂ ਨੂੰ ਉਹ ਫ਼ੈਸਲੇ ਕਰਨ ਲਈ ਪ੍ਰੇਰਿਤ ਕਰਦਾ ਹੈ ਜਿਨ੍ਹਾਂ ਤੋਂ ਉਸ ਦੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ।—ਅਜ਼ਰਾ 7:21, 25, 26 ਵਿਚ ਨੁਕਤਾ ਦੇਖੋ।

14. ਰਸੂਲਾਂ ਦੇ ਕੰਮ 12:5 ਅਨੁਸਾਰ ਅਸੀਂ ਕਿਨ੍ਹਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ?

14 ਅਸੀਂ ਕੀ ਕਰ ਸਕਦੇ ਹਾਂ? ਅਸੀਂ “ਰਾਜਿਆਂ ਅਤੇ ਉੱਚੀਆਂ ਪਦਵੀਆਂ ਉੱਤੇ ਬੈਠੇ ਸਾਰੇ ਲੋਕਾਂ ਲਈ” ਪ੍ਰਾਰਥਨਾ ਕਰ ਸਕਦੇ ਹਾਂ ਜਦੋਂ ਉਨ੍ਹਾਂ ਦੇ ਫ਼ੈਸਲਿਆਂ ਦਾ ਅਸਰ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਕਾਈ ’ਤੇ ਪੈਂਦਾ ਹੈ। (1 ਤਿਮੋ. 2:1, 2; ਨਹ. 1:11) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਵੀ ਜੇਲ੍ਹਾਂ ਵਿਚ ਕੈਦ ਭੈਣਾਂ-ਭਰਾਵਾਂ ਲਈ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰ ਸਕਦੇ ਹਾਂ। (ਰਸੂਲਾਂ ਦੇ ਕੰਮ 12:5 ਪੜ੍ਹੋ; ਇਬ. 13:3) ਇਸ ਤੋਂ ਇਲਾਵਾ, ਅਸੀਂ ਭੈਣਾਂ-ਭਰਾਵਾਂ ਦੀ ਨਿਗਰਾਨੀ ਕਰਨ ਵਾਲੇ ਪਹਿਰੇਦਾਰਾਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਯਹੋਵਾਹ ਦੇ ਤਰਲੇ ਕਰ ਸਕਦੇ ਹਾਂ ਕਿ ਉਹ ਉਨ੍ਹਾਂ ਦੀ ਸੋਚ ’ਤੇ ਅਸਰ ਪਾਵੇ ਤਾਂਕਿ ਉਹ ਵੀ ਯੂਲਿਉਸ ਵਾਂਗ ਜੇਲ੍ਹ ਵਿਚ ਭੈਣਾਂ-ਭਰਾਵਾਂ ਨਾਲ “ਚੰਗਾ ਸਲੂਕ” ਕਰਨ ਲਈ ਪ੍ਰੇਰਿਤ ਹੋਣ।

ਭੈਣਾਂ-ਭਰਾਵਾਂ ਰਾਹੀਂ ਮਦਦ

15-16. ਯਹੋਵਾਹ ਨੇ ਅਰਿਸਤਰਖੁਸ ਅਤੇ ਲੂਕਾ ਰਾਹੀਂ ਪੌਲੁਸ ਦੀ ਕਿਵੇਂ ਮਦਦ ਕੀਤੀ?

15 ਪੌਲੁਸ ਦੀ ਕਿਵੇਂ ਮਦਦ ਹੋਈ? ਜਦੋਂ ਪੌਲੁਸ ਰੋਮ ਨੂੰ ਜਾ ਰਿਹਾ ਸੀ, ਤਾਂ ਯਹੋਵਾਹ ਨੇ ਭੈਣਾਂ-ਭਰਾਵਾਂ ਦੇ ਜ਼ਰੀਏ ਉਸ ਦੀ ਵਾਰ-ਵਾਰ ਮਦਦ ਕੀਤੀ। ਆਓ ਆਪਾਂ ਕੁਝ ਮਿਸਾਲਾਂ ’ਤੇ ਗੌਰ ਕਰੀਏ।

16 ਪੌਲੁਸ ਦੇ ਦੋ ਵਫ਼ਾਦਾਰ ਸਾਥੀ ਅਰਿਸਤਰਖੁਸ ਅਤੇ ਲੂਕਾ ਨੇ ਉਸ ਨਾਲ ਰੋਮ ਜਾਣ ਦਾ ਫ਼ੈਸਲਾ ਕੀਤਾ। * ਉਨ੍ਹਾਂ ਨੇ ਪੌਲੁਸ ਦਾ ਸਾਥ ਦੇਣ ਲਈ ਖ਼ੁਸ਼ੀ-ਖ਼ੁਸ਼ੀ ਆਪਣੀਆਂ ਜ਼ਿੰਦਗੀਆਂ ਖ਼ਤਰੇ ਵਿਚ ਪਾਈਆਂ ਭਾਵੇਂ ਕਿ ਬਾਈਬਲ ਇਹ ਨਹੀਂ ਦੱਸਦੀ ਕਿ ਯਿਸੂ ਨੇ ਖ਼ੁਦ ਉਨ੍ਹਾਂ ਦੋਵਾਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਉਹ ਰੋਮ ਜ਼ਰੂਰ ਪਹੁੰਚਣਗੇ। ਉਨ੍ਹਾਂ ਨੂੰ ਤੂਫ਼ਾਨ ਆਉਣ ਤੋਂ ਬਾਅਦ ਹੀ ਪਤਾ ਲੱਗਾ ਕਿ ਉਨ੍ਹਾਂ ਦੀਆਂ ਜਾਨਾਂ ਨਹੀਂ ਜਾਣਗੀਆਂ। ਜਦੋਂ ਅਰਿਸਤਰਖੁਸ ਅਤੇ ਲੂਕਾ ਕੈਸਰੀਆ ਤੋਂ ਜਹਾਜ਼ ਵਿਚ ਚੜ੍ਹੇ, ਤਾਂ ਪੌਲੁਸ ਨੇ ਜ਼ਰੂਰ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰ ਕੇ ਧੰਨਵਾਦ ਕੀਤਾ ਹੋਣਾ ਕਿ ਉਸ ਨੇ ਇਨ੍ਹਾਂ ਦਲੇਰ ਮਸੀਹੀਆਂ ਰਾਹੀਂ ਉਸ ਦੀ ਮਦਦ ਕੀਤੀ।—ਰਸੂ. 27:1, 2, 20-25.

17. ਯਹੋਵਾਹ ਨੇ ਮਸੀਹੀ ਭੈਣਾਂ-ਭਰਾਵਾਂ ਰਾਹੀਂ ਪੌਲੁਸ ਦੀ ਮਦਦ ਕਿਵੇਂ ਕੀਤੀ?

17 ਸਫ਼ਰ ਦੌਰਾਨ ਮਸੀਹੀ ਭੈਣਾਂ-ਭਰਾਵਾਂ ਨੇ ਪੌਲੁਸ ਦੀ ਕਈ ਵਾਰ ਮਦਦ ਕੀਤੀ। ਮਿਸਾਲ ਲਈ, ਜਦੋਂ ਉਹ ਸੀਦੋਨ ਵਿਚ ਰੁਕੇ, ਉਦੋਂ ਯੂਲਿਉਸ ਨੇ ਪੌਲੁਸ ਨੂੰ “ਆਪਣੇ ਦੋਸਤਾਂ-ਮਿੱਤਰਾਂ ਕੋਲ ਜਾਣ ਦੀ ਇਜਾਜ਼ਤ ਦਿੱਤੀ ਤਾਂਕਿ ਉਹ ਉਨ੍ਹਾਂ ਦੀ ਸੇਵਾ-ਟਹਿਲ ਦਾ ਆਨੰਦ ਮਾਣ ਸਕੇ।” ਬਾਅਦ ਵਿਚ, ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਪਤਿਉਲੇ ਸ਼ਹਿਰ ਵਿਚ ‘ਭਰਾ ਮਿਲੇ ਜੋ ਉਨ੍ਹਾਂ ਦੀਆਂ ਮਿੰਨਤਾਂ ਕਰਨ ਲੱਗੇ ਕਿ ਉਹ ਉਨ੍ਹਾਂ ਕੋਲ ਸੱਤ ਦਿਨ ਰਹਿਣ।’ ਜਦੋਂ ਭੈਣਾਂ-ਭਰਾਵਾਂ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਦੀ ਪਰਾਹੁਣਚਾਰੀ ਕੀਤੀ, ਤਾਂ ਪੌਲੁਸ ਨੇ ਵੀ ਜ਼ਰੂਰ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨਾਲ ਹੌਸਲਾ ਵਧਾਉਣ ਵਾਲੇ ਤਜਰਬੇ ਸਾਂਝੇ ਕੀਤੇ ਹੋਣੇ। (ਰਸੂਲਾਂ ਦੇ ਕੰਮ 15:2, 3 ਵਿਚ ਨੁਕਤਾ ਦੇਖੋ।) ਇਸ ਹੌਸਲੇ ਭਰੀ ਮੁਲਾਕਾਤ ਤੋਂ ਬਾਅਦ ਪੌਲੁਸ ਅਤੇ ਉਸ ਦੇ ਸਾਥੀ ਸਫ਼ਰ ਲਈ ਤੁਰ ਪਏ।—ਰਸੂ. 27:3; 28:13, 14.

ਪੌਲੁਸ ਵਾਂਗ ਸਾਡੀ ਵੀ ਯਹੋਵਾਹ ਭੈਣਾਂ-ਭਰਾਵਾਂ ਰਾਹੀਂ ਮਦਦ ਕਰਦਾ ਹੈ (ਪੈਰਾ 18 ਦੇਖੋ)

18. ਕਿਹੜੀ ਗੱਲ ਕਰਕੇ ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ?

18 ਰੋਮ ਦਾ ਸਫ਼ਰ ਕਰਦੇ ਹੋਏ ਪੌਲੁਸ ਨੂੰ ਜ਼ਰੂਰ ਤਿੰਨ ਸਾਲ ਪਹਿਲਾਂ ਰੋਮੀਆਂ ਨੂੰ ਲਿਖੀ ਆਪਣੀ ਇਹ ਗੱਲ ਯਾਦ ਆਈ ਹੋਣੀ: “ਕੁਝ ਸਾਲਾਂ ਤੋਂ ਤੁਹਾਨੂੰ ਮਿਲਣ ਦੀ ਇੱਛਾ ਹੈ।” (ਰੋਮੀ. 15:23) ਪਰ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਇਕ ਕੈਦੀ ਬਣ ਕੇ ਰੋਮ ਆਵੇਗਾ। ਉਸ ਨੂੰ ਇਹ ਦੇਖ ਕੇ ਕਿੰਨਾ ਹੌਸਲਾ ਮਿਲਿਆ ਹੋਣਾ ਕਿ ਰੋਮ ਦੇ ਭੈਣ-ਭਰਾ ਉਸ ਨੂੰ ਮਿਲਣ ਆਏ! “ਉਨ੍ਹਾਂ ਨੂੰ ਦੇਖ ਕੇ ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ।” (ਰਸੂ. 28:15) ਗੌਰ ਕਰੋ ਕਿ ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਦੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਕਿਉਂ? ਕਿਉਂਕਿ ਪੌਲੁਸ ਨੂੰ ਦੁਬਾਰਾ ਅਹਿਸਾਸ ਹੋਇਆ ਕਿ ਯਹੋਵਾਹ ਨੇ ਮਸੀਹੀ ਭੈਣਾਂ-ਭਰਾਵਾਂ ਰਾਹੀਂ ਉਸ ਦੀ ਮਦਦ ਕੀਤੀ।

ਪੈਰਾ 19 ਦੇਖੋ

19. ਪਹਿਲਾ ਪਤਰਸ 4:10 ਅਨੁਸਾਰ ਯਹੋਵਾਹ ਸਾਨੂੰ ਸ਼ਾਇਦ ਕਿਵੇਂ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਵਰਤੇ?

19 ਅਸੀਂ ਕੀ ਕਰ ਸਕਦੇ ਹਾਂ? ਕੀ ਤੁਸੀਂ ਆਪਣੀ ਮੰਡਲੀ ਦੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਜਾਣਦੇ ਹੋ ਜੋ ਬੀਮਾਰੀ ਜਾਂ ਕਿਸੇ ਹੋਰ ਮੁਸ਼ਕਲ ਕਰਕੇ ਨਿਰਾਸ਼ ਹਨ ਜਾਂ ਉਨ੍ਹਾਂ ਦੇ ਕਿਸੇ ਪਿਆਰੇ ਦੀ ਮੌਤ ਹੋ ਗਈ ਹੈ? ਜੇ ਸਾਨੂੰ ਪਤਾ ਹੈ ਕਿ ਕਿਸੇ ਭੈਣ ਜਾਂ ਭਰਾ ਨੂੰ ਮਦਦ ਦੀ ਲੋੜ ਹੈ, ਤਾਂ ਅਸੀਂ ਆਪਣੇ ਸ਼ਬਦਾਂ ਤੇ ਕੰਮਾਂ ਰਾਹੀਂ ਪਿਆਰ ਦਿਖਾਉਣ ਲਈ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਇਸ ਤੋਂ ਉਸ ਨੂੰ ਜ਼ਰੂਰ ਹੌਸਲਾ ਮਿਲੇਗਾ। (1 ਪਤਰਸ 4:10 ਪੜ੍ਹੋ।) * ਅਸੀਂ ਜਿਨ੍ਹਾਂ ਦੀ ਮਦਦ ਕਰਦੇ ਹਾਂ, ਸ਼ਾਇਦ ਉਹ ਦੁਬਾਰਾ ਤੋਂ ਯਹੋਵਾਹ ਦੇ ਇਸ ਵਾਅਦੇ ’ਤੇ ਭਰੋਸਾ ਕਰ ਸਕਣ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” ਕੀ ਇਹ ਦੇਖ ਕੇ ਤੁਹਾਨੂੰ ਖ਼ੁਸ਼ੀ ਨਹੀਂ ਮਿਲੇਗੀ?

20. ਅਸੀਂ ਇਹ ਗੱਲ ਪੂਰੇ ਭਰੋਸੇ ਨਾਲ ਕਿਉਂ ਕਹਿ ਸਕਦੇ ਹਾਂ: “ਯਹੋਵਾਹ ਮੇਰਾ ਸਹਾਰਾ ਹੈ”?

20 ਪੌਲੁਸ ਅਤੇ ਉਸ ਦੇ ਦੋਸਤਾਂ ਵਾਂਗ ਸ਼ਾਇਦ ਸਾਨੂੰ ਵੀ ਜ਼ਿੰਦਗੀ ਵਿਚ ਕਈ ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨਾ ਪਵੇ। ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੈ। ਇਸ ਲਈ ਅਸੀਂ ਹੌਸਲਾ ਰੱਖ ਸਕਦੇ ਹਾਂ। ਉਹ ਯਿਸੂ ਤੇ ਦੂਤਾਂ ਰਾਹੀਂ ਸਾਡੀ ਮਦਦ ਕਰਦਾ ਹੈ। ਨਾਲੇ ਆਪਣਾ ਮਕਸਦ ਪੂਰਾ ਕਰਨ ਲਈ ਯਹੋਵਾਹ ਅਧਿਕਾਰੀਆਂ ਰਾਹੀਂ ਵੀ ਸਾਡੀ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ, ਸਾਡੇ ਵਿੱਚੋਂ ਬਹੁਤ ਜਣਿਆਂ ਨੇ ਖ਼ੁਦ ਦੇਖਿਆ ਹੈ ਕਿ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਭੈਣਾਂ-ਭਰਾਵਾਂ ਨੂੰ ਸਾਡੀ ਮਦਦ ਕਰਨ ਲਈ ਪ੍ਰੇਰਿਆ ਹੈ। ਇਸ ਲਈ ਅਸੀਂ ਵੀ ਪੌਲੁਸ ਰਸੂਲ ਵਾਂਗ ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ। ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?”—ਇਬ. 13:6.

ਗੀਤ 60 ਉਹ ਤੁਹਾਨੂੰ ਤਕੜਾ ਕਰੇਗਾ

^ ਪੈਰਾ 5 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੇ ਕਿਹੜੇ ਤਿੰਨ ਤਰੀਕਿਆਂ ਨਾਲ ਔਖੀਆਂ ਘੜੀਆਂ ਵਿਚ ਪੌਲੁਸ ਰਸੂਲ ਦੀ ਮਦਦ ਕੀਤੀ। ਨਾਲੇ ਅਸੀਂ ਗੌਰ ਕਰਾਂਗੇ ਕਿ ਪੁਰਾਣੇ ਸਮੇਂ ਵਿਚ ਯਹੋਵਾਹ ਆਪਣੇ ਲੋਕਾਂ ਦਾ ਕਿਵੇਂ ਸਹਾਰਾ ਬਣਿਆ। ਇਸ ਨਾਲ ਸਾਡਾ ਭਰੋਸਾ ਮਜ਼ਬੂਤ ਹੋਵੇਗਾ ਕਿ ਔਖੀਆਂ ਘੜੀਆਂ ਵਿਚ ਯਹੋਵਾਹ ਸਾਡਾ ਵੀ ਸਹਾਰਾ ਬਣੇਗਾ।

^ ਪੈਰਾ 16 ਅਰਿਸਤਰਖੁਸ ਅਤੇ ਲੂਕਾ ਪਹਿਲਾਂ ਤੋਂ ਪੌਲੁਸ ਨਾਲ ਸਫ਼ਰ ਕਰ ਰਹੇ ਸਨ। ਇਹ ਵਫ਼ਾਦਾਰ ਆਦਮੀ ਉਦੋਂ ਵੀ ਪੌਲੁਸ ਨਾਲ ਹੀ ਰਹੇ ਜਦੋਂ ਉਹ ਰੋਮ ਦੀ ਜੇਲ੍ਹ ਵਿਚ ਕੈਦ ਸੀ।—ਰਸੂ. 16:10-12; 20:4; ਕੁਲੁ. 4:10, 14.