Skip to content

Skip to table of contents

ਅਧਿਐਨ ਲੇਖ 45

ਇਕ-ਦੂਜੇ ਨੂੰ ਅਟੱਲ ਪਿਆਰ ਦਿਖਾਉਂਦੇ ਰਹੋ

ਇਕ-ਦੂਜੇ ਨੂੰ ਅਟੱਲ ਪਿਆਰ ਦਿਖਾਉਂਦੇ ਰਹੋ

“ਇਕ-ਦੂਜੇ ਨਾਲ ਅਟੱਲ ਪਿਆਰ ਕਰੋ ਤੇ ਦਇਆ ਨਾਲ ਪੇਸ਼ ਆਓ।”​—ਜ਼ਕ. 7:9.

ਗੀਤ 107 ਪਰਮੇਸ਼ੁਰ ਦੇ ਪਿਆਰ ਦੀ ਮਿਸਾਲ

ਖ਼ਾਸ ਗੱਲਾਂ *

1-2. ਸਾਡੇ ਕੋਲ ਇਕ-ਦੂਜੇ ਨੂੰ ਅਟੱਲ ਪਿਆਰ ਦਿਖਾਉਣ ਦੇ ਕਿਹੜੇ ਕਾਰਨ ਹਨ?

ਸਾਡੇ ਕੋਲ ਇਕ-ਦੂਜੇ ਨੂੰ ਅਟੱਲ ਪਿਆਰ ਦਿਖਾਉਣ ਦੇ ਬਹੁਤ ਸਾਰੇ ਚੰਗੇ ਕਾਰਨ ਹਨ। ਆਓ ਅਸੀਂ ਕਹਾਉਤਾਂ ਦੀ ਕਿਤਾਬ ਵਿੱਚੋਂ ਕੁਝ ਕਾਰਨ ਦੇਖੀਏ। ਇੱਥੇ ਲਿਖਿਆ ਹੈ: “ਅਟੱਲ ਪਿਆਰ ਤੇ ਵਫ਼ਾਦਾਰੀ ਨੂੰ ਆਪਣੇ ਤੋਂ ਦੂਰ ਨਾ ਹੋਣ ਦੇਈਂ। . . . ਫਿਰ ਤੂੰ ਪਰਮੇਸ਼ੁਰ ਤੇ ਇਨਸਾਨ ਦੀਆਂ ਨਜ਼ਰਾਂ ਵਿਚ ਮਿਹਰ ਪਾਵੇਂਗਾ।” “ਅਟੱਲ ਪਿਆਰ ਕਰਨ ਵਾਲਾ ਆਦਮੀ ਖ਼ੁਦ ਨੂੰ ਫ਼ਾਇਦਾ ਪਹੁੰਚਾਉਂਦਾ ਹੈ।” ‘ਜਿਹੜਾ ਨੇਕੀ ਅਤੇ ਅਟੱਲ ਪਿਆਰ ਦਾ ਪਿੱਛਾ ਕਰਦਾ ਹੈ, ਉਹ ਨੇਕ ਕਹਾਏਗਾ ਅਤੇ ਜ਼ਿੰਦਗੀ ਪਾਏਗਾ।’​—ਕਹਾ. 3:3, 4; 11:17, ਫੁਟਨੋਟ; 21:21.

2 ਇਨ੍ਹਾਂ ਆਇਤਾਂ ਵਿਚ ਤਿੰਨ ਕਾਰਨ ਦੱਸੇ ਗਏ ਹਨ ਕਿ ਸਾਨੂੰ ਅਟੱਲ ਪਿਆਰ ਕਿਉਂ ਦਿਖਾਉਣਾ ਚਾਹੀਦਾ ਹੈ। ਪਹਿਲਾ, ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਬਣਦੇ ਹਾਂ। ਦੂਜਾ, ਸਾਨੂੰ ਖ਼ੁਦ ਨੂੰ ਫ਼ਾਇਦਾ ਹੁੰਦਾ ਹੈ, ਜਿਵੇਂ ਕਿ ਇਸ ਨਾਲ ਸਾਡਾ ਦੂਸਰਿਆਂ ਨਾਲ ਚੰਗਾ ਰਿਸ਼ਤਾ ਬਣਿਆ ਰਹਿੰਦਾ ਹੈ। ਤੀਜਾ, ਸਾਨੂੰ ਭਵਿੱਖ ਵਿਚ ਚੰਗੀਆਂ ਚੀਜ਼ਾਂ ਦੇ ਨਾਲ-ਨਾਲ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਇਸ ਲਈ ਸਾਨੂੰ ਪਰਮੇਸ਼ੁਰ ਦੀ ਇਸ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ: “ਇਕ-ਦੂਜੇ ਨਾਲ ਅਟੱਲ ਪਿਆਰ ਕਰੋ ਤੇ ਦਇਆ ਨਾਲ ਪੇਸ਼ ਆਓ।”​—ਜ਼ਕ. 7:9.

3. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

3 ਇਸ ਲੇਖ ਵਿਚ ਅਸੀਂ ਇਨ੍ਹਾਂ ਚਾਰ ਸਵਾਲਾਂ ਦੇ ਜਵਾਬ ਜਾਣਾਂਗੇ: (1) ਸਾਨੂੰ ਕਿਨ੍ਹਾਂ ਨੂੰ ਅਟੱਲ ਪਿਆਰ ਦਿਖਾਉਣਾ ਚਾਹੀਦਾ ਹੈ? (2) ਅਸੀਂ ਅਟੱਲ ਪਿਆਰ ਦਿਖਾਉਣ ਬਾਰੇ ਰੂਥ ਦੀ ਕਿਤਾਬ ਤੋਂ ਕੀ ਸਿੱਖ ਸਕਦੇ ਹਾਂ? (3) ਅਸੀਂ ਅੱਜ ਅਟੱਲ ਪਿਆਰ ਕਿਵੇਂ ਦਿਖਾ ਸਕਦੇ ਹਾਂ? (4) ਅਟੱਲ ਪਿਆਰ ਦਿਖਾਉਣ ਦੇ ਕੀ ਫ਼ਾਇਦੇ ਹੁੰਦੇ ਹਨ?

ਸਾਨੂੰ ਕਿਨ੍ਹਾਂ ਨੂੰ ਅਟੱਲ ਪਿਆਰ ਦਿਖਾਉਣਾ ਚਾਹੀਦਾ ਹੈ?

4. ਯਹੋਵਾਹ ਵਾਂਗ ਅਸੀਂ ਕਿਨ੍ਹਾਂ ਨੂੰ ਅਟੱਲ ਪਿਆਰ ਦਿਖਾ ਸਕਦੇ ਹਾਂ? (ਮਰਕੁਸ 10:29, 30)

4 ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਕਿ ਯਹੋਵਾਹ ਸਿਰਫ਼ ਉਨ੍ਹਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਸੇਵਾ ਕਰਦੇ ਹਨ। (ਦਾਨੀ. 9:4) ਅਸੀਂ ਵੀ “ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ” ਕਰਨੀ ਚਾਹੁੰਦੇ ਹਾਂ। (ਅਫ਼. 5:1) ਇਸ ਲਈ ਸਾਨੂੰ ਵੀ ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਹਮੇਸ਼ਾ ਅਟੱਲ ਪਿਆਰ ਦਿਖਾਉਣਾ ਚਾਹੀਦਾ ਹੈ ਯਾਨੀ ਉਨ੍ਹਾਂ ਨਾਲ ਗਹਿਰਾ ਲਗਾਅ ਰੱਖਣਾ ਚਾਹੀਦਾ ਹੈ ਅਤੇ ਮੁਸ਼ਕਲਾਂ ਦੌਰਾਨ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।​—ਮਰਕੁਸ 10:29, 30 ਪੜ੍ਹੋ।

5-6. ਅਸੀਂ ਅਟੱਲ ਪਿਆਰ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਸਮਝ ਸਕਦੇ ਹਾਂ? ਸਮਝਾਓ।

5 ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਜਿੰਨਾ ਜ਼ਿਆਦਾ ਅਸੀਂ ਅਟੱਲ ਪਿਆਰ ਦਾ ਮਤਲਬ ਸਮਝਾਂਗੇ, ਉੱਨਾ ਜ਼ਿਆਦਾ ਅਸੀਂ ਇਕ-ਦੂਜੇ ਨੂੰ ਅਟੱਲ ਪਿਆਰ ਦਿਖਾ ਸਕਾਂਗੇ। ਅਟੱਲ ਪਿਆਰ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਆਪਾਂ ਇਸ ਦੀ ਤੁਲਨਾ ਵਫ਼ਾਦਾਰੀ ਦੇ ਗੁਣ ਨਾਲ ਕਰਦੇ ਹਾਂ।

6 ਜਦੋਂ ਕੋਈ ਵਿਅਕਤੀ ਇਕ ਹੀ ਕੰਪਨੀ ਵਿਚ ਕੰਮ ਕਰਦਾ ਰਹਿੰਦਾ ਹੈ, ਤਾਂ ਉਸ ਨੂੰ ਵਫ਼ਾਦਾਰ ਕਿਹਾ ਜਾਂਦਾ ਹੈ। ਪਰ ਉਹ ਇਨ੍ਹਾਂ ਸਾਲਾਂ ਦੌਰਾਨ ਸ਼ਾਇਦ ਇਕ-ਅੱਧੀ ਵਾਰ ਹੀ ਕੰਪਨੀ ਦੇ ਮਾਲਕਾਂ ਨੂੰ ਮਿਲਿਆ ਹੋਵੇ। ਕਈ ਵਾਰ ਤਾਂ ਸ਼ਾਇਦ ਉਹ ਕੰਪਨੀ ਦੇ ਫ਼ੈਸਲਿਆਂ ਨਾਲ ਵੀ ਸਹਿਮਤ ਨਾ ਹੋਵੇ। ਤਾਂ ਫਿਰ ਉਹ ਉੱਥੇ ਕੰਮ ਕਿਉਂ ਕਰਦਾ ਰਹਿੰਦਾ ਹੈ? ਇਸ ਕਰਕੇ ਨਹੀਂ ਕਿਉਂਕਿ ਉਸ ਨੂੰ ਕੰਪਨੀ ਨਾਲ ਪਿਆਰ ਹੈ, ਸਗੋਂ ਉਸ ਨੇ ਰੋਜ਼ੀ-ਰੋਟੀ ਕਮਾਉਣੀ ਹੈ। ਜੇ ਉਸ ਨੂੰ ਕਿਤੇ ਹੋਰ ਚੰਗੀ ਤਨਖ਼ਾਹ ਵਾਲੀ ਨੌਕਰੀ ਮਿਲ ਜਾਂਦੀ ਹੈ, ਤਾਂ ਸ਼ਾਇਦ ਉਹ ਇਹ ਕੰਪਨੀ ਛੱਡ ਦੇਵੇ।

7-8. (ੳ) ਪਰਮੇਸ਼ੁਰ ਦੇ ਲੋਕ ਇਕ-ਦੂਜੇ ਨੂੰ ਅਟੱਲ ਪਿਆਰ ਕਿਉਂ ਕਰਦੇ ਹਨ? (ਅ) ਰੂਥ ਦੀ ਕਿਤਾਬ ਤੋਂ ਅਸੀਂ ਕੀ ਸਿੱਖਾਂਗੇ?

7 ਕਿਸੇ ਦੇ ਵਫ਼ਾਦਾਰ ਰਹਿਣਾ ਚੰਗੀ ਗੱਲ ਹੈ, ਪਰ ਵਫ਼ਾਦਾਰੀ ਸ਼ਾਇਦ ਫ਼ਰਜ਼ ਸਮਝ ਕੇ ਨਿਭਾਈ ਜਾਵੇ। ਇਸ ਦੇ ਉਲਟ, ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦੇ ਲੋਕ ਇਕ-ਦੂਜੇ ਨੂੰ ਅਟੱਲ ਪਿਆਰ ਇਸ ਲਈ ਕਰਦੇ ਸਨ ਕਿਉਂਕਿ ਉਨ੍ਹਾਂ ਦਾ ਦਿਲ ਉਨ੍ਹਾਂ ਨੂੰ ਉਕਸਾਉਂਦਾ ਸੀ। ਜ਼ਰਾ ਦਾਊਦ ਦੀ ਮਿਸਾਲ ’ਤੇ ਗੌਰ ਕਰੋ। ਭਾਵੇਂ ਕਿ ਦਾਊਦ ਨੂੰ ਯੋਨਾਥਾਨ ਦਾ ਪਿਤਾ ਜਾਨੋਂ ਮਾਰਨਾ ਚਾਹੁੰਦਾ ਸੀ, ਫਿਰ ਵੀ ਦਾਊਦ ਨੇ ਆਪਣੇ ਦੋਸਤ ਯੋਨਾਥਾਨ ਨੂੰ ਦਿਲੋਂ ਪਿਆਰ ਦਿਖਾਇਆ। ਅਟੱਲ ਪਿਆਰ ਹੋਣ ਕਰਕੇ ਦਾਊਦ ਨੇ ਯੋਨਾਥਾਨ ਦੀ ਮੌਤ ਤੋਂ ਸਾਲਾਂ ਬਾਅਦ ਵੀ ਉਸ ਦੇ ਮੁੰਡੇ ਮਫ਼ੀਬੋਸ਼ਥ ਦੀ ਦੇਖ-ਭਾਲ ਕੀਤੀ।​—1 ਸਮੂ. 20:9, 14, 15; 2 ਸਮੂ. 4:4; 8:15; 9:1, 6, 7.

8 ਹੁਣ ਅਸੀਂ ਅਟੱਲ ਪਿਆਰ ਦਿਖਾਉਣ ਬਾਰੇ ਰੂਥ ਦੀ ਕਿਤਾਬ ’ਤੇ ਗੌਰ ਕਰਾਂਗੇ। ਅਸੀਂ ਸਿੱਖਾਂਗੇ ਕਿ ਇਸ ਵਿਚ ਦੱਸੇ ਲੋਕਾਂ ਨੇ ਅਟੱਲ ਪਿਆਰ ਕਿਵੇਂ ਦਿਖਾਇਆ ਅਤੇ ਅਸੀਂ ਸਿੱਖੀਆਂ ਗੱਲਾਂ ਨੂੰ ਆਪਣੀ ਮੰਡਲੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। *

ਅਸੀਂ ਰੂਥ ਦੀ ਕਿਤਾਬ ਤੋਂ ਅਟੱਲ ਪਿਆਰ ਦਿਖਾਉਣ ਬਾਰੇ ਕੀ ਸਿੱਖ ਸਕਦੇ ਹਾਂ?

9. ਨਾਓਮੀ ਨੇ ਇਹ ਕਿਉਂ ਸੋਚ ਲਿਆ ਕਿ ਯਹੋਵਾਹ ਉਸ ਤੋਂ ਨਾਰਾਜ਼ ਸੀ?

9 ਬਾਈਬਲ ਵਿਚ ਰੂਥ ਦੀ ਕਿਤਾਬ ਵਿਚ ਅਸੀਂ ਤਿੰਨ ਜਣਿਆਂ ਬਾਰੇ ਪੜ੍ਹਦੇ ਹਾਂ: ਨਾਓਮੀ, ਉਸ ਦੀ ਨੂੰਹ ਰੂਥ ਅਤੇ ਬੋਅਜ਼ ਜੋ ਪਰਮੇਸ਼ੁਰ ਦਾ ਡਰ ਮੰਨਦਾ ਸੀ ਤੇ ਨਾਓਮੀ ਦੇ ਪਤੀ ਦਾ ਰਿਸ਼ਤੇਦਾਰ ਸੀ। ਇਕ ਵਾਰ ਇਜ਼ਰਾਈਲ ਵਿਚ ਕਾਲ਼ ਪੈਣ ਕਰਕੇ ਨਾਓਮੀ, ਉਸ ਦਾ ਪਤੀ ਅਤੇ ਉਸ ਦੇ ਦੋਵੇਂ ਮੁੰਡੇ ਮੋਆਬ ਚਲੇ ਗਏ ਸਨ। ਉੱਥੇ ਨਾਓਮੀ ਦੇ ਪਤੀ ਦੀ ਮੌਤ ਹੋ ਗਈ। ਫਿਰ ਉਸ ਦੇ ਦੋਵੇਂ ਮੁੰਡਿਆਂ ਦਾ ਵਿਆਹ ਹੋਇਆ, ਪਰ ਦੁੱਖ ਦੀ ਗੱਲ ਸੀ ਕਿ ਉਨ੍ਹਾਂ ਦੋਵਾਂ ਦੀ ਵੀ ਮੌਤ ਹੋ ਗਈ। (ਰੂਥ 1:3-5; 2:1) ਨਾਓਮੀ ਇਨ੍ਹਾਂ ਦੁੱਖਾਂ ਦੀ ਮਾਰ ਕਰਕੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਈ ਅਤੇ ਉਸ ਨੇ ਸੋਚਿਆ ਕਿ ਯਹੋਵਾਹ ਉਸ ਤੋਂ ਨਾਰਾਜ਼ ਸੀ। ਜ਼ਰਾ ਧਿਆਨ ਦਿਓ ਕਿ ਉਸ ਨੇ ਪਰਮੇਸ਼ੁਰ ਬਾਰੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦਿਆਂ ਕੀ ਕਿਹਾ: “ਯਹੋਵਾਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ।” “ਸਰਬਸ਼ਕਤੀਮਾਨ ਪਰਮੇਸ਼ੁਰ ਨੇ ਮੇਰੇ ਉੱਤੇ ਇੰਨੇ ਦੁੱਖ ਆਉਣ ਦਿੱਤੇ ਹਨ।” ਉਸ ਨੇ ਇਹ ਵੀ ਕਿਹਾ: “ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਮੇਰੇ ਖ਼ਿਲਾਫ਼ ਹੋ ਗਿਆ ਹੈ ਅਤੇ ਉਸ ਨੇ ਮੈਨੂੰ ਇੰਨਾ ਕਸ਼ਟ ਦਿੱਤਾ ਹੈ।”​—ਰੂਥ 1:13, 20, 21.

10. ਯਹੋਵਾਹ ਨੇ ਨਾਓਮੀ ਦੇ ਕੌੜੇ ਸ਼ਬਦਾਂ ਨੂੰ ਸੁਣ ਕੇ ਕੀ ਕੀਤਾ?

10 ਨਾਓਮੀ ਦੇ ਕੌੜੇ ਸ਼ਬਦਾਂ ਨੂੰ ਸੁਣ ਕੇ ਯਹੋਵਾਹ ਨੇ ਕੀ ਕੀਤਾ? ਉਹ ਨਾ ਤਾਂ ਉਸ ਨਾਲ ਗੁੱਸੇ ਹੋਇਆ ਅਤੇ ਨਾ ਹੀ ਉਸ ਦਾ ਸਾਥ ਛੱਡਿਆ, ਸਗੋਂ ਉਸ ਨੇ ਉਸ ਨਾਲ ਹਮਦਰਦੀ ਦਿਖਾਈ। ਯਹੋਵਾਹ ਚੰਗੀ ਤਰ੍ਹਾਂ ਸਮਝਦਾ ਹੈ ਕਿ “ਅਤਿਆਚਾਰ ਬੁੱਧੀਮਾਨ ਨੂੰ ਪਾਗਲ ਕਰ ਸਕਦਾ ਹੈ।” (ਉਪ. 7:7) ਨਾਓਮੀ ਨੂੰ ਇਹ ਸਮਝਣ ਦੀ ਲੋੜ ਸੀ ਕਿ ਯਹੋਵਾਹ ਨੇ ਉਸ ਦਾ ਸਾਥ ਨਹੀਂ ਛੱਡਿਆ। ਯਹੋਵਾਹ ਨੇ ਉਸ ਨੂੰ ਇਸ ਗੱਲ ਦਾ ਯਕੀਨ ਕਿਵੇਂ ਦਿਵਾਇਆ? (1 ਸਮੂ. 2:8) ਉਸ ਨੇ ਰੂਥ ਨੂੰ ਉਕਸਾਇਆ ਕਿ ਉਹ ਨਾਓਮੀ ਨੂੰ ਅਟੱਲ ਪਿਆਰ ਦਿਖਾਵੇ। ਇਸ ਲਈ ਰੂਥ ਨੇ ਨਾਓਮੀ ਦੀ ਬੜੀ ਨਰਮਾਈ ਨਾਲ ਨਿਰਾਸ਼ਾ ਵਿੱਚੋਂ ਨਿਕਲਣ ਅਤੇ ਇਹ ਸਮਝਣ ਵਿਚ ਮਦਦ ਕੀਤੀ ਕਿ ਯਹੋਵਾਹ ਹਾਲੇ ਵੀ ਉਸ ਨੂੰ ਪਿਆਰ ਕਰਦਾ ਹੈ। ਅਸੀਂ ਰੂਥ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

11. ਨੇਕਦਿਲ ਮਸੀਹੀ ਦੁਖੀ ਜਾਂ ਨਿਰਾਸ਼ ਭੈਣਾਂ-ਭਰਾਵਾਂ ਦਾ ਸਾਥ ਕਿਉਂ ਦਿੰਦੇ ਹਨ?

11 ਅਟੱਲ ਪਿਆਰ ਹੋਣ ਕਰਕੇ ਅਸੀਂ ਦੁਖੀ ਜਾਂ ਨਿਰਾਸ਼ ਲੋਕਾਂ ਦੀ ਮਦਦ ਕਰਦੇ ਹਾਂ। ਜਿਸ ਤਰ੍ਹਾਂ ਰੂਥ ਨੇ ਨਾਓਮੀ ਦਾ ਸਾਥ ਦਿੱਤਾ, ਉਸੇ ਤਰ੍ਹਾਂ ਅੱਜ ਬਹੁਤ ਸਾਰੇ ਨੇਕਦਿਲ ਮਸੀਹੀ ਮੰਡਲੀ ਦੇ ਉਨ੍ਹਾਂ ਭੈਣਾਂ-ਭਰਾਵਾਂ ਦਾ ਸਾਥ ਦਿੰਦੇ ਹਨ ਜੋ ਦੁਖੀ ਜਾਂ ਨਿਰਾਸ਼ ਹਨ। ਉਹ ਆਪਣੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਜੋ ਉਹ ਕਰ ਸਕਦੇ ਹਨ, ਉਹ ਕਰਦੇ ਹਨ। (ਕਹਾ. 12:25, ਫੁਟਨੋਟ; 24:10) ਇਸ ਤਰ੍ਹਾਂ ਉਹ ਪੌਲੁਸ ਰਸੂਲ ਦੀ ਇਸ ਸਲਾਹ ਨੂੰ ਮੰਨਦੇ ਹਨ: “ਨਿਰਾਸ਼ ਲੋਕਾਂ ਨੂੰ ਦਿਲਾਸਾ ਦਿਓ, ਕਮਜ਼ੋਰਾਂ ਨੂੰ ਸਹਾਰਾ ਦਿਓ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।”​—1 ਥੱਸ. 5:14.

ਨਿਰਾਸ਼ ਭੈਣ ਜਾਂ ਭਰਾ ਦੀ ਗੱਲ ਧਿਆਨ ਨਾਲ ਸੁਣ ਕੇ ਅਸੀਂ ਉਸ ਦੀ ਮਦਦ ਕਰ ਸਕਦੇ ਹਾਂ (ਪੈਰਾ 12 ਦੇਖੋ)

12. ਕਿਸੇ ਨਿਰਾਸ਼ ਭੈਣ ਜਾਂ ਭਰਾ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?

12 ਅਕਸਰ ਕਿਸੇ ਨਿਰਾਸ਼ ਭੈਣ ਜਾਂ ਭਰਾ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਉਸ ਦੀ ਗੱਲ ਧਿਆਨ ਨਾਲ ਸੁਣੋ ਅਤੇ ਉਸ ਨੂੰ ਭਰੋਸਾ ਦਿਵਾਓ ਕਿ ਤੁਸੀਂ ਉਸ ਨੂੰ ਬਹੁਤ ਪਿਆਰ ਕਰਦੇ ਹੋ। ਸਾਡੇ ਸਾਰੇ ਭੈਣ-ਭਰਾ ਯਹੋਵਾਹ ਦੀਆਂ ਅਨਮੋਲ ਭੇਡਾਂ ਹਨ। ਇਸ ਲਈ ਜਦੋਂ ਤੁਸੀਂ ਉਨ੍ਹਾਂ ਦਾ ਖ਼ਿਆਲ ਰੱਖਦੇ ਹੋ, ਤਾਂ ਯਹੋਵਾਹ ਤੁਹਾਡਾ ਅਹਿਸਾਨ ਮੰਨਦਾ ਹੈ। (ਜ਼ਬੂ. 41:1) ਕਹਾਉਤਾਂ 19:17 ਵਿਚ ਲਿਖਿਆ ਹੈ: “ਜਿਹੜਾ ਗ਼ਰੀਬ ’ਤੇ ਦਇਆ ਕਰਦਾ ਹੈ, ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ ਅਤੇ ਉਹ ਉਸ ਨੂੰ ਉਸ ਦੇ ਕੰਮ ਦਾ ਇਨਾਮ ਦੇਵੇਗਾ।”

ਰੂਥ ਆਪਣੀ ਸੱਸ ਨਾਓਮੀ ਦਾ ਸਾਥ ਨਹੀਂ ਛੱਡਦੀ, ਪਰ ਆਰਪਾਹ ਮੋਆਬ ਵਾਪਸ ਚਲੀ ਜਾਂਦੀ ਹੈ। ਰੂਥ ਨੇ ਨਾਓਮੀ ਨੂੰ ਕਿਹਾ: “ਜਿੱਥੇ ਤੂੰ ਜਾਵੇਂਗੀ, ਉੱਥੇ ਮੈਂ ਵੀ ਜਾਵਾਂਗੀ।” (ਪੈਰਾ 13 ਦੇਖੋ)

13. (ੳ) ਰੂਥ ਦਾ ਫ਼ੈਸਲਾ ਆਰਪਾਹ ਦੇ ਫ਼ੈਸਲੇ ਤੋਂ ਕਿਵੇਂ ਵੱਖਰਾ ਸੀ? (ਅ) ਰੂਥ ਨੇ ਇਹ ਫ਼ੈਸਲਾ ਕਿਉਂ ਕੀਤਾ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

13 ਜਦੋਂ ਅਸੀਂ ਇਸ ਗੱਲ ’ਤੇ ਗੌਰ ਕਰਦੇ ਹਾਂ ਕਿ ਨਾਓਮੀ ਦੇ ਪਤੀ ਅਤੇ ਉਸ ਦੇ ਦੋਵੇਂ ਮੁੰਡਿਆਂ ਦੀ ਮੌਤ ਤੋਂ ਬਾਅਦ ਉਸ ਨਾਲ ਕੀ ਹੋਇਆ, ਤਾਂ ਅਸੀਂ ਅਟੱਲ ਪਿਆਰ ਨੂੰ ਹੋਰ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ। ਜਦੋਂ ਨਾਓਮੀ ਨੂੰ ਪਤਾ ਲੱਗਾ ਕਿ “ਯਹੋਵਾਹ ਨੇ ਆਪਣੇ ਲੋਕਾਂ ਵੱਲ ਧਿਆਨ ਦਿੱਤਾ ਸੀ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਸੀ,” ਤਾਂ ਉਸ ਨੇ ਆਪਣੇ ਦੇਸ਼ ਵਾਪਸ ਜਾਣ ਦਾ ਫ਼ੈਸਲਾ ਕੀਤਾ। (ਰੂਥ 1:6) ਉਸ ਦੀਆਂ ਦੋਵੇਂ ਨੂੰਹਾਂ ਵੀ ਉਸ ਨਾਲ ਤੁਰ ਪਈਆਂ, ਪਰ ਰਾਹ ਵਿਚ ਨਾਓਮੀ ਨੇ ਉਨ੍ਹਾਂ ਨੂੰ ਤਿੰਨ ਵਾਰ ਵਾਪਸ ਜਾਣ ਲਈ ਕਿਹਾ। ਇਸ ਤੋਂ ਬਾਅਦ ਕੀ ਹੋਇਆ? ਅਸੀਂ ਪੜ੍ਹਦੇ ਹਾਂ: “ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ ਅਤੇ ਚਲੀ ਗਈ। ਪਰ ਰੂਥ ਆਪਣੀ ਸੱਸ ਦੇ ਨਾਲ ਹੀ ਰਹੀ।” (ਰੂਥ 1:7-14) ਆਰਪਾਹ ਨੇ ਨਾਓਮੀ ਦੀ ਗੱਲ ਮੰਨੀ, ਪਰ ਰੂਥ ਨੇ ਨਾਓਮੀ ਦੀ ਗੱਲ ਮੰਨਣ ਨਾਲੋਂ ਵੀ ਜ਼ਿਆਦਾ ਕੀਤਾ। ਭਾਵੇਂ ਕਿ ਰੂਥ ਵੀ ਆਪਣੇ ਘਰ ਵਾਪਸ ਜਾ ਸਕਦੀ ਸੀ, ਫਿਰ ਵੀ ਅਟੱਲ ਪਿਆਰ ਹੋਣ ਕਰਕੇ ਉਸ ਨੇ ਆਪਣੀ ਸੱਸ ਨਾਲ ਰਹਿਣ ਦਾ ਫ਼ੈਸਲਾ ਕੀਤਾ। (ਰੂਥ 1:16, 17) ਰੂਥ ਨੇ ਇਹ ਫ਼ੈਸਲਾ ਕਿਸੇ ਮਜਬੂਰੀ ਕਰਕੇ ਨਹੀਂ ਕੀਤਾ, ਸਗੋਂ ਉਹ ਦਿਲੋਂ ਨਾਓਮੀ ਦੀ ਮਦਦ ਕਰਨੀ ਚਾਹੁੰਦੀ ਸੀ। ਰੂਥ ਦੇ ਫ਼ੈਸਲੇ ਤੋਂ ਸਾਫ਼ ਜ਼ਾਹਰ ਹੋਇਆ ਕਿ ਉਸ ਨੇ ਅਟੱਲ ਪਿਆਰ ਦਿਖਾਇਆ ਸੀ। ਅਸੀਂ ਰੂਥ ਤੋਂ ਕੀ ਸਿੱਖਦੇ ਹਾਂ?

14. (ੳ) ਅੱਜ ਸਾਡੇ ਪਿਆਰੇ ਭੈਣ-ਭਰਾ ਕੀ ਕਰਦੇ ਹਨ? (ਅ) ਇਬਰਾਨੀਆਂ 13:16 ਮੁਤਾਬਕ ਯਹੋਵਾਹ ਨੂੰ ਕਿਹੜੇ ਬਲੀਦਾਨਾਂ ਤੋਂ ਖ਼ੁਸ਼ੀ ਹੁੰਦੀ ਹੈ?

14 ਅਟੱਲ ਪਿਆਰ ਹੋਣ ਕਰਕੇ ਅਸੀਂ ਭੈਣਾਂ-ਭਰਾਵਾਂ ਦੀ ਪੂਰੀ ਵਾਹ ਲਾ ਕੇ ਮਦਦ ਕਰਦੇ ਹਾਂ। ਪੁਰਾਣੇ ਸਮੇਂ ਦੇ ਸੇਵਕਾਂ ਵਾਂਗ ਅੱਜ ਵੀ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਉਨ੍ਹਾਂ ਮਸੀਹੀਆਂ ਨੂੰ ਅਟੱਲ ਪਿਆਰ ਦਿਖਾਇਆ, ਜਿਨ੍ਹਾਂ ਨੂੰ ਉਹ ਕਦੇ ਮਿਲੇ ਵੀ ਨਹੀਂ। ਉਦਾਹਰਣ ਲਈ, ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਕੁਦਰਤੀ ਆਫ਼ਤ ਆਈ ਹੈ, ਤਾਂ ਉਹ ਤੁਰੰਤ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਨ। ਜਾਂ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਮੰਡਲੀ ਵਿਚ ਕਿਸੇ ਨੂੰ ਪੈਸੇ ਦੀ ਬਹੁਤ ਤੰਗੀ ਹੈ, ਤਾਂ ਉਹ ਤੁਰੰਤ ਉਸ ਦੀ ਮਦਦ ਕਰਦੇ ਹਨ। ਪਹਿਲੀ ਸਦੀ ਦੇ ਮਕਦੂਨੀਆ ਦੇ ਮਸੀਹੀਆਂ ਵਾਂਗ ਉਹ ਆਪਣੀ “ਹੈਸੀਅਤ ਤੋਂ ਵੀ ਵੱਧ” ਕੇ ਦੇਣ ਦੀ ਕੋਸ਼ਿਸ਼ ਕਰਦੇ ਹਨ। (2 ਕੁਰਿੰ. 8:3) ਉਹ ਜ਼ਰੂਰਤਮੰਦ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਬਲੀਦਾਨ ਕਰਦੇ ਹਨ ਯਾਨੀ ਆਪਣੀਆਂ ਚੀਜ਼ਾਂ ਅਤੇ ਸਮਾਂ ਦਿੰਦੇ ਹਨ। ਇਹ ਸਾਰਾ ਕੁਝ ਦੇਖ ਕੇ ਯਹੋਵਾਹ ਉਨ੍ਹਾਂ ਤੋਂ ਕਿੰਨਾ ਖ਼ੁਸ਼ ਹੁੰਦਾ ਹੈ!​—ਇਬਰਾਨੀਆਂ 13:16 ਪੜ੍ਹੋ।

ਅਸੀਂ ਅੱਜ ਅਟੱਲ ਪਿਆਰ ਕਿਵੇਂ ਦਿਖਾ ਸਕਦੇ ਹਾਂ?

15-16. ਰੂਥ ਨੇ ਕਿਵੇਂ ਦਿਖਾਇਆ ਕਿ ਉਸ ਨੇ ਹਾਰ ਨਹੀਂ ਮੰਨੀ?

15 ਅਸੀਂ ਰੂਥ ਅਤੇ ਨਾਓਮੀ ਦੀ ਕਹਾਣੀ ਤੋਂ ਬਹੁਤ ਸਾਰੇ ਚੰਗੇ ਸਬਕ ਸਿੱਖ ਸਕਦੇ ਹਾਂ। ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ’ਤੇ ਗੌਰ ਕਰੀਏ।

16 ਹਾਰ ਨਾ ਮੰਨੋ। ਰੂਥ ਆਪਣੀ ਸੱਸ ਨਾਓਮੀ ਨਾਲ ਯਹੂਦਾਹ ਜਾਣਾ ਚਾਹੁੰਦੀ ਸੀ, ਪਰ ਨਾਓਮੀ ਨੇ ਪਹਿਲਾਂ-ਪਹਿਲ ਉਸ ਨੂੰ ਮਨ੍ਹਾਂ ਕਰ ਦਿੱਤਾ। ਫਿਰ ਵੀ ਰੂਥ ਨੇ ਹਾਰ ਨਹੀਂ ਮੰਨੀ। ਇਸ ਦਾ ਕੀ ਨਤੀਜਾ ਨਿਕਲਿਆ? “ਜਦੋਂ ਨਾਓਮੀ ਨੇ ਦੇਖਿਆ ਕਿ ਰੂਥ ਉਸ ਦੇ ਨਾਲ ਜਾਣ ਦੀ ਜ਼ਿੱਦ ਕਰ ਰਹੀ ਸੀ, ਤਾਂ ਉਸ ਨੇ ਰੂਥ ਨੂੰ ਕਹਿਣਾ ਛੱਡ ਦਿੱਤਾ।”​—ਰੂਥ 1:15-18.

17. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਹਾਰ ਨਾ ਮੰਨੀਏ?

17 ਸਾਡੇ ਲਈ ਸਬਕ: ਨਿਰਾਸ਼ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਧੀਰਜ ਰੱਖਣ ਦੀ ਲੋੜ ਪੈਂਦੀ ਹੈ। ਪਰ ਸਾਨੂੰ ਕਦੇ ਵੀ ਮਦਦ ਕਰਨ ਵਿਚ ਹਾਰ ਨਹੀਂ ਮੰਨਣੀ ਚਾਹੀਦੀ। ਇਕ ਭੈਣ ਜਿਸ ਨੂੰ ਮਦਦ ਦੀ ਲੋੜ ਹੈ, ਸ਼ਾਇਦ ਪਹਿਲਾਂ-ਪਹਿਲ ਸਾਡੀ ਮਦਦ ਲੈਣ ਤੋਂ ਮਨ੍ਹਾਂ ਕਰੇ, * ਪਰ ਫਿਰ ਵੀ ਅਟੱਲ ਪਿਆਰ ਹੋਣ ਕਰਕੇ ਅਸੀਂ ਉਸ ਦੀ ਮਦਦ ਕਰਦੇ ਵੇਲੇ ਹਾਰ ਨਹੀਂ ਮੰਨਾਂਗੇ। (ਗਲਾ. 6:2) ਸਾਨੂੰ ਉਮੀਦ ਹੈ ਕਿ ਉਹ ਇਕ-ਨਾ-ਇਕ ਦਿਨ ਸਾਡੀ ਮਦਦ ਜ਼ਰੂਰ ਸਵੀਕਾਰ ਕਰੇਗੀ ਜਿਸ ਨਾਲ ਅਸੀਂ ਉਸ ਨੂੰ ਦਿਲਾਸਾ ਦੇ ਸਕਾਂਗੇ।

18. ਰੂਥ ਨੂੰ ਕਿਹੜੀ ਗੱਲ ਦਾ ਦੁੱਖ ਲੱਗ ਸਕਦਾ ਸੀ?

18 ਬੁਰਾ ਨਾ ਮਨਾਓ। ਜਦੋਂ ਨਾਓਮੀ ਅਤੇ ਰੂਥ ਬੈਤਲਹਮ ਪਹੁੰਚੀਆਂ, ਤਾਂ ਨਾਓਮੀ ਆਪਣੇ ਪੁਰਾਣੇ ਗੁਆਂਢੀਆਂ ਨੂੰ ਮਿਲੀ। ਉਸ ਨੇ ਉਨ੍ਹਾਂ ਨੂੰ ਕਿਹਾ: “ਜਦੋਂ ਮੈਂ ਇੱਥੋਂ ਗਈ ਸੀ, ਤਾਂ ਮੇਰੀ ਝੋਲ਼ੀ ਭਰੀ ਹੋਈ ਸੀ, ਪਰ ਹੁਣ ਯਹੋਵਾਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ।” (ਰੂਥ 1:21) ਜ਼ਰਾ ਕਲਪਨਾ ਕਰੋ, ਰੂਥ ਨੂੰ ਨਾਓਮੀ ਦੀ ਇਹ ਗੱਲ ਸੁਣ ਕੇ ਕਿਵੇਂ ਲੱਗਾ ਹੋਣਾ! ਰੂਥ ਨੇ ਨਾਓਮੀ ਦੀ ਮਦਦ ਕਰਨ ਲਈ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦੀ ਸੀ। ਉਹ ਉਸ ਨਾਲ ਰੋਈ, ਉਸ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਕਈ ਦਿਨਾਂ ਤਕ ਉਸ ਨਾਲ ਤੁਰ ਕੇ ਬੈਤਲਹਮ ਪਹੁੰਚੀ। ਰੂਥ ਦੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਨਾਓਮੀ ਨੇ ਕਿਹਾ: “ਯਹੋਵਾਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ।” ਨਾਓਮੀ ਦੇ ਇਨ੍ਹਾਂ ਸ਼ਬਦਾਂ ਤੋਂ ਲੱਗਦਾ ਹੈ ਕਿ ਜਿਵੇਂ ਉਹ ਆਪਣੇ ਨੇੜੇ ਖੜੀ ਰੂਥ ਨੂੰ ਭੁੱਲ ਗਈ ਜਿਸ ਨੇ ਉਸ ਦਾ ਇੰਨਾ ਸਾਥ ਦਿੱਤਾ ਸੀ। ਇਹ ਸੁਣ ਕੇ ਰੂਥ ਨੂੰ ਕਿੰਨਾ ਦੁੱਖ ਲੱਗ ਸਕਦਾ ਸੀ! ਪਰ ਫਿਰ ਵੀ ਉਸ ਨੇ ਨਾਓਮੀ ਦਾ ਸਾਥ ਨਹੀਂ ਛੱਡਿਆ।

19. ਅਸੀਂ ਕਿਸੇ ਨਿਰਾਸ਼ ਭੈਣ ਦਾ ਸਾਥ ਕਿਵੇਂ ਦਿੰਦੇ ਰਹਿ ਸਕਦੇ ਹਾਂ?

19 ਸਾਡੇ ਲਈ ਸਬਕ: ਭਾਵੇਂ ਕਿ ਅਸੀਂ ਕਿਸੇ ਨਿਰਾਸ਼ ਭੈਣ ਦੀ ਮਦਦ ਕਰਨ ਲਈ ਬਹੁਤ ਕੁਝ ਕਰਦੇ ਹਾਂ, ਪਰ ਉਹ ਭੈਣ ਸ਼ਾਇਦ ਬਹੁਤ ਜ਼ਿਆਦਾ ਨਿਰਾਸ਼ ਹੋਣ ਕਰਕੇ ਸਾਨੂੰ ਕੁਝ ਇੱਦਾਂ ਦਾ ਕਹਿ ਦੇਵੇ ਜਿਸ ਨਾਲ ਸਾਨੂੰ ਦੁੱਖ ਲੱਗ ਸਕਦਾ ਹੈ। ਫਿਰ ਵੀ ਸਾਨੂੰ ਉਸ ਦੀਆਂ ਗੱਲਾਂ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ, ਸਗੋਂ ਸਾਨੂੰ ਆਪਣੀ ਇਸ ਭੈਣ ਦਾ ਸਾਥ ਹਮੇਸ਼ਾ ਦਿੰਦੇ ਰਹਿਣਾ ਚਾਹੀਦਾ। ਨਾਲੇ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਵੀ ਕਰਨੀ ਚਾਹੀਦੀ ਹੈ ਕਿ ਉਹ ਸਾਡੀ ਮਦਦ ਕਰੇ ਤਾਂਕਿ ਅਸੀਂ ਉਸ ਭੈਣ ਨੂੰ ਦਿਲਾਸਾ ਦੇ ਸਕੀਏ।​—ਕਹਾ. 17:17.

ਮੰਡਲੀ ਦੇ ਬਜ਼ੁਰਗ ਬੋਅਜ਼ ਦੀ ਰੀਸ ਕਿਵੇਂ ਕਰ ਸਕਦੇ ਹਨ? (ਪੈਰੇ 20-21 ਦੇਖੋ)

20. ਰੂਥ ਨੂੰ ਕਿਹੜੀ ਗੱਲ ਤੋਂ ਤਾਕਤ ਮਿਲੀ ਕਿ ਉਹ ਹਿੰਮਤ ਨਾ ਹਾਰੇ?

20 ਸਹੀ ਸਮੇਂ ਤੇ ਹੌਸਲਾ ਦਿਓ। ਭਾਵੇਂ ਕਿ ਰੂਥ ਨੇ ਨਾਓਮੀ ਨਾਲ ਅਟੱਲ ਪਿਆਰ ਦਿਖਾਇਆ ਸੀ, ਪਰ ਉਸ ਨੂੰ ਖ਼ੁਦ ਨੂੰ ਵੀ ਹੌਸਲੇ ਦੀ ਲੋੜ ਸੀ। ਯਹੋਵਾਹ ਨੇ ਬੋਅਜ਼ ਨੂੰ ਉਕਸਾਇਆ ਕਿ ਉਹ ਰੂਥ ਨੂੰ ਹੌਸਲਾ ਦੇਵੇ। ਬੋਅਜ਼ ਨੇ ਰੂਥ ਨੂੰ ਕਿਹਾ: “ਤੂੰ ਜੋ ਵੀ ਕੀਤਾ ਹੈ, ਯਹੋਵਾਹ ਉਸ ਲਈ ਤੈਨੂੰ ਬਰਕਤ ਦੇਵੇ ਅਤੇ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਜਿਸ ਦੇ ਖੰਭਾਂ ਹੇਠ ਤੂੰ ਪਨਾਹ ਲਈ ਹੈ, ਤੈਨੂੰ ਪੂਰਾ ਇਨਾਮ ਦੇਵੇ।” ਬੋਅਜ਼ ਦੀਆਂ ਇਹ ਹੌਸਲੇ ਭਰੀਆਂ ਗੱਲਾਂ ਰੂਥ ਦੇ ਦਿਲ ਨੂੰ ਜ਼ਰੂਰ ਛੂਹ ਗਈਆਂ ਹੋਣੀਆਂ। ਇਸ ਕਰਕੇ ਜਵਾਬ ਵਿਚ ਰੂਥ ਨੇ ਬੋਅਜ਼ ਨੂੰ ਕਿਹਾ: “ਤੂੰ ਆਪਣੀ ਦਾਸੀ ਨੂੰ ਦਿਲਾਸਾ ਦਿੱਤਾ ਅਤੇ ਆਪਣੀਆਂ ਗੱਲਾਂ ਨਾਲ ਮੇਰੀ ਹਿੰਮਤ ਵਧਾਈ।” (ਰੂਥ 2:12, 13) ਸਹੀ ਸਮੇਂ ਤੇ ਬੋਅਜ਼ ਦੀ ਕਹੀ ਗੱਲ ਤੋਂ ਰੂਥ ਨੂੰ ਤਾਕਤ ਮਿਲੀ ਤਾਂਕਿ ਉਹ ਹਿੰਮਤ ਨਾ ਹਾਰੇ।

21. ਯਸਾਯਾਹ 32:1, 2 ਮੁਤਾਬਕ ਬਜ਼ੁਰਗ ਕੀ ਕਰਦੇ ਹਨ?

21 ਸਾਡੇ ਲਈ ਸਬਕ: ਜਿਹੜੇ ਭੈਣ-ਭਰਾ ਦੂਜਿਆਂ ਨੂੰ ਅਟੱਲ ਪਿਆਰ ਦਿਖਾਉਂਦੇ ਹਨ, ਕਈ ਵਾਰ ਉਨ੍ਹਾਂ ਨੂੰ ਖ਼ੁਦ ਨੂੰ ਵੀ ਹੌਸਲੇ ਦੀ ਲੋੜ ਹੁੰਦੀ ਹੈ। ਜਦੋਂ ਬੋਅਜ਼ ਨੇ ਧਿਆਨ ਦਿੱਤਾ ਕਿ ਕਿਵੇਂ ਰੂਥ ਨੇ ਨਾਓਮੀ ਦੀ ਮਦਦ ਕੀਤੀ, ਤਾਂ ਉਸ ਨੇ ਉਸ ਦੀ ਤਾਰੀਫ਼ ਕੀਤੀ। ਇਸੇ ਤਰ੍ਹਾਂ ਅੱਜ ਵੀ ਬਜ਼ੁਰਗ ਜਦੋਂ ਉਨ੍ਹਾਂ ਮਸੀਹੀਆਂ ਵੱਲ ਧਿਆਨ ਦਿੰਦੇ ਹਨ ਜੋ ਮੰਡਲੀ ਵਿਚ ਦੂਸਰੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ, ਤਾਂ ਉਹ ਸਮੇਂ-ਸਮੇਂ ਤੇ ਉਨ੍ਹਾਂ ਦੀ ਤਾਰੀਫ਼ ਕਰਦੇ ਹਨ। ਇਸ ਤਰ੍ਹਾਂ ਇਹ ਮਸੀਹੀ ਦੂਸਰਿਆਂ ਦੀ ਮਦਦ ਕਰਨ ਵਿਚ ਕਦੇ ਵੀ ਹਾਰ ਨਹੀਂ ਮੰਨਦੇ।​—ਯਸਾਯਾਹ 32:1, 2 ਪੜ੍ਹੋ।

ਅਟੱਲ ਪਿਆਰ ਦਿਖਾਉਣ ਦੇ ਕੀ ਫ਼ਾਇਦੇ ਹੁੰਦੇ ਹਨ?

22-23. (ੳ) ਕਿਵੇਂ ਪਤਾ ਲੱਗਦਾ ਹੈ ਕਿ ਨਾਓਮੀ ਦੀ ਸੋਚ ਬਦਲ ਗਈ? (ਅ) ਉਸ ਦੀ ਸੋਚ ਕਿਉਂ ਬਦਲ ਗਈ? (ਜ਼ਬੂਰ 136:23, 26)

22 ਕੁਝ ਸਮੇਂ ਬਾਅਦ, ਬੋਅਜ਼ ਨੇ ਰੂਥ ਅਤੇ ਨਾਓਮੀ ਨੂੰ ਬਹੁਤ ਸਾਰਾ ਖਾਣਾ ਦਿੱਤਾ। (ਰੂਥ 2:14-18) ਬੋਅਜ਼ ਦੀ ਖੁੱਲ੍ਹ-ਦਿਲੀ ਦੇਖ ਕੇ ਨਾਓਮੀ ਨੇ ਕੀ ਕੀਤਾ? ਉਸ ਨੇ ਕਿਹਾ: “ਜੀਉਂਦਿਆਂ ਅਤੇ ਮਰਿਆਂ ਲਈ ਅਟੱਲ ਪਿਆਰ ਦਿਖਾਉਣ ਵਾਲਾ ਪਰਮੇਸ਼ੁਰ ਯਹੋਵਾਹ ਉਸ ਨੂੰ ਬਰਕਤ ਦੇਵੇ।” (ਰੂਥ 2:20 ੳ) ਨਾਓਮੀ ਦੀ ਸੋਚ ਕਿੰਨੀ ਬਦਲ ਗਈ! ਪਹਿਲਾਂ ਉਸ ਨੇ ਰੋਂਦਿਆਂ ਕਿਹਾ ਸੀ: ‘ਯਹੋਵਾਹ ਮੇਰੇ ਵਿਰੁੱਧ ਹੈ,’ ਪਰ ਹੁਣ ਉਸ ਨੇ ਖ਼ੁਸ਼ੀ ਨਾਲ ਕਿਹਾ: “ਜੀਉਂਦਿਆਂ ਅਤੇ ਮਰਿਆਂ ਲਈ ਅਟੱਲ ਪਿਆਰ ਦਿਖਾਉਣ ਵਾਲਾ ਪਰਮੇਸ਼ੁਰ ਯਹੋਵਾਹ।” ਕਿਹੜੀ ਗੱਲ ਕਰਕੇ ਨਾਓਮੀ ਦੀ ਸੋਚ ਇੰਨੀ ਬਦਲ ਗਈ?

23 ਅਖ਼ੀਰ, ਨਾਓਮੀ ਨੂੰ ਸਮਝ ਆ ਗਿਆ ਕਿ ਯਹੋਵਾਹ ਨੇ ਕਦੇ ਵੀ ਉਸ ਦਾ ਸਾਥ ਨਹੀਂ ਛੱਡਿਆ। ਜਦੋਂ ਉਹ ਯਹੂਦਾਹ ਜਾ ਰਹੀ ਸੀ, ਤਾਂ ਉਸ ਨੂੰ ਸਹਾਰਾ ਦੇਣ ਲਈ ਯਹੋਵਾਹ ਨੇ ਰੂਥ ਨੂੰ ਵਰਤਿਆ। (ਰੂਥ 1:16) ਯਹੋਵਾਹ ਨੇ ਹੀ ਉਨ੍ਹਾਂ ਦੇ ‘ਛੁਡਾਉਣ ਵਾਲਿਆਂ’ ਵਿੱਚੋਂ ਬੋਅਜ਼ ਨਾਂ ਦੇ ਆਦਮੀ ਨੂੰ ਉਕਸਾਇਆ ਕਿ ਉਹ ਉਨ੍ਹਾਂ ਨੂੰ ਬਹੁਤ ਸਾਰਾ ਅਨਾਜ ਦੇਵੇ। * (ਰੂਥ 2:19, 20ਅ) ਇਸ ਤਰ੍ਹਾਂ ਨਾਓਮੀ ਜ਼ਰੂਰ ਸਮਝ ਗਈ ਹੋਣੀ ਕਿ ਯਹੋਵਾਹ ਨੇ ਤਾਂ ਉਸ ਨੂੰ ਕਦੇ ਛੱਡਿਆ ਹੀ ਨਹੀਂ ਸੀ। ਉਹ ਤਾਂ ਇਸ ਪੂਰੇ ਸਮੇਂ ਦੌਰਾਨ ਉਸ ਦੇ ਨਾਲ ਸੀ! (ਜ਼ਬੂਰ 136:23, 26 ਪੜ੍ਹੋ।) ਨਾਓਮੀ ਕਿੰਨੀ ਸ਼ੁਕਰਗੁਜ਼ਾਰ ਹੋਣੀ ਕਿ ਉਸ ਦੀ ਨੂੰਹ ਰੂਥ ਅਤੇ ਬੋਅਜ਼ ਨੇ ਉਸ ਦੀ ਮਦਦ ਕਰਨ ਵਿਚ ਕਦੇ ਹਾਰ ਨਹੀਂ ਮੰਨੀ! ਨਾਲੇ ਰੂਥ ਤੇ ਬੋਅਜ਼ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੋਈ ਹੋਣੀ ਕਿ ਨਾਓਮੀ ਫਿਰ ਤੋਂ ਯਹੋਵਾਹ ਦੀ ਸੇਵਾ ਖ਼ੁਸ਼-ਖ਼ੁਸ਼ੀ ਤੇ ਜੋਸ਼ ਨਾਲ ਕਰਨ ਲੱਗ ਪਈ।

24. ਅਸੀਂ ਭੈਣਾਂ-ਭਰਾਵਾਂ ਨੂੰ ਅਟੱਲ ਪਿਆਰ ਕਿਉਂ ਦਿਖਾਉਂਦੇ ਰਹਿਣਾ ਚਾਹੁੰਦੇ ਹਾਂ?

24 ਅਸੀਂ ਰੂਥ ਦੀ ਕਿਤਾਬ ਤੋਂ ਅਟੱਲ ਪਿਆਰ ਦਿਖਾਉਣ ਬਾਰੇ ਕੀ ਸਿੱਖਿਆ? ਅਟੱਲ ਪਿਆਰ ਹੋਣ ਕਰਕੇ ਅਸੀਂ ਨਿਰਾਸ਼ਾ ਵਿੱਚੋਂ ਲੰਘ ਰਹੇ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਕਦੇ ਹਾਰ ਨਹੀਂ ਮੰਨਦੇ, ਸਗੋਂ ਪੂਰੀ ਵਾਹ ਲਾ ਕੇ ਉਨ੍ਹਾਂ ਦੀ ਮਦਦ ਕਰਦੇ ਹਾਂ। ਬਜ਼ੁਰਗ ਸਹੀ ਸਮੇਂ ਤੇ ਪਿਆਰ ਨਾਲ ਉਨ੍ਹਾਂ ਭੈਣਾਂ-ਭਰਾਵਾਂ ਨੂੰ ਹੌਸਲਾ ਦੇ ਸਕਦੇ ਹਨ ਜੋ ਦੂਸਰਿਆਂ ਨੂੰ ਅਟੱਲ ਪਿਆਰ ਦਿਖਾਉਂਦੇ ਹਨ। ਦੁਖੀ ਜਾਂ ਨਿਰਾਸ਼ ਭੈਣਾਂ-ਭਰਾਵਾਂ ਨੂੰ ਫਿਰ ਤੋਂ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਤੇ ਜੋਸ਼ ਨਾਲ ਕਰਦਿਆਂ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (ਰਸੂ. 20:35) ਪਰ ਅਟੱਲ ਪਿਆਰ ਦਿਖਾਉਂਦੇ ਰਹਿਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ? ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਦੀ ਰੀਸ ਕਰਨੀ ਚਾਹੁੰਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ ਜੋ ‘ਅਟੱਲ ਪਿਆਰ ਨਾਲ ਭਰਪੂਰ ਹੈ।’​—ਕੂਚ 34:6; ਜ਼ਬੂ. 33:22.

ਗੀਤ 108 ਰੱਬ ਦਾ ਅਟੱਲ ਪਿਆਰ

^ ਪੈਰਾ 5 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਅਟੱਲ ਪਿਆਰ ਦਿਖਾਉਂਦੇ ਰਹੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਅਸੀਂ ਪੁਰਾਣੇ ਜ਼ਮਾਨੇ ਦੇ ਪਰਮੇਸ਼ੁਰ ਦੇ ਸੇਵਕਾਂ ਤੋਂ ਸਿੱਖ ਸਕਦੇ ਹਾਂ, ਜਿਨ੍ਹਾਂ ਨੇ ਇਹ ਗੁਣ ਦਿਖਾਇਆ ਸੀ। ਇਸ ਲੇਖ ਵਿਚ ਅਸੀਂ ਖ਼ਾਸ ਕਰਕੇ ਰੂਥ, ਨਾਓਮੀ ਅਤੇ ਬੋਅਜ਼ ਦੀ ਮਿਸਾਲ ਤੋਂ ਸਿੱਖਾਂਗੇ।

^ ਪੈਰਾ 8 ਇਸ ਲੇਖ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਅਸੀਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਰੂਥ ਦੀ ਕਿਤਾਬ ਦਾ ਅਧਿਆਇ 1 ਅਤੇ 2 ਆਪਣੇ ਸਮੇਂ ਵਿਚ ਪੜ੍ਹੋ।

^ ਪੈਰਾ 17 ਕਿਉਂਕਿ ਇਸ ਲੇਖ ਵਿਚ ਅਸੀਂ ਨਾਓਮੀ ਦੀ ਗੱਲ ਕਰ ਰਹੇ ਹਾਂ, ਇਸ ਕਰਕੇ ਇੱਥੇ ਦੁਖੀ ਜਾਂ ਨਿਰਾਸ਼ ਭੈਣਾਂ ਦੀ ਜ਼ਿਕਰ ਕੀਤਾ ਗਿਆ ਹੈ। ਪਰ ਇਸ ਲੇਖ ਵਿਚ ਦਿੱਤੀ ਸਲਾਹ ਭਰਾਵਾਂ ਲਈ ਵੀ ਹੈ।

^ ਪੈਰਾ 23 ਛੁਡਾਉਣ ਵਾਲੇ ਵਜੋਂ ਬੋਅਜ਼ ਦੀ ਭੂਮਿਕਾ ਬਾਰੇ ਹੋਰ ਜਾਣਕਾਰੀ ਲੈਣ ਲਈ, ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ ਕਿਤਾਬ ਦਾ ਪਾਠ 5, “ਸਤਵੰਤੀ ਇਸਤ੍ਰੀ” ਦੇਖੋ।