Skip to content

Skip to table of contents

ਅਧਿਐਨ ਲੇਖ 47

ਤੁਹਾਡੀ ਨਿਹਚਾ ਕਿੰਨੀ ਕੁ ਪੱਕੀ ਹੈ?

ਤੁਹਾਡੀ ਨਿਹਚਾ ਕਿੰਨੀ ਕੁ ਪੱਕੀ ਹੈ?

“ਤੁਹਾਡੇ ਦਿਲ ਨਾ ਘਬਰਾਉਣ। ਪਰਮੇਸ਼ੁਰ ਉੱਤੇ ਨਿਹਚਾ ਕਰੋ।”​—ਯੂਹੰ. 14:1.

ਗੀਤ 119 ਨਿਹਚਾ ਨਾਲ ਚੱਲੋ

ਖ਼ਾਸ ਗੱਲਾਂ *

1. ਸ਼ਾਇਦ ਤੁਹਾਡੇ ਮਨ ਵਿਚ ਕਿਹੜਾ ਸਵਾਲ ਖੜ੍ਹਾ ਹੋਵੇ?

ਕੀ ਤੁਸੀਂ ਅੱਗੇ ਹੋਣ ਵਾਲੀਆਂ ਘਟਨਾਵਾਂ ਬਾਰੇ ਸੋਚ ਕਿ ਕਦੀ-ਕਦੀ ਪਰੇਸ਼ਾਨ ਹੋ ਜਾਂਦੇ ਹੋ? ਜਿਵੇਂ ਕਿ ਝੂਠੇ ਧਰਮਾਂ ਦਾ ਨਾਸ਼, ਮਾਗੋਗ ਦੇ ਗੋਗ ਦਾ ਹਮਲਾ ਅਤੇ ਆਰਮਾਗੇਡਨ ਦੀ ਲੜਾਈ। ਸ਼ਾਇਦ ਤੁਸੀਂ ਸੋਚੋ: ‘ਕੀ ਇਨ੍ਹਾਂ ਭਿਆਨਕ ਘਟਨਾਵਾਂ ਦੇ ਵਾਪਰਨ ਵੇਲੇ ਮੈਂ ਵਫ਼ਾਦਾਰ ਰਹਿ ਸਕਾਂਗਾ?’ ਜੇ ਤੁਹਾਡੇ ਮਨ ਵਿਚ ਵੀ ਇਹ ਸਵਾਲ ਆਉਂਦਾ ਹੈ, ਤਾਂ ਇਸ ਲੇਖ ਦੇ ਮੁੱਖ ਹਵਾਲੇ ਵਿਚ ਦਿੱਤੇ ਯਿਸੂ ਦੇ ਸ਼ਬਦਾਂ ਤੋਂ ਤੁਹਾਡੀ ਮਦਦ ਹੋ ਸਕਦੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਹਾਡੇ ਦਿਲ ਨਾ ਘਬਰਾਉਣ। ਪਰਮੇਸ਼ੁਰ ਉੱਤੇ ਨਿਹਚਾ ਕਰੋ।” (ਯੂਹੰ. 14:1) ਪੱਕੀ ਨਿਹਚਾ ਰੱਖ ਕੇ ਅਸੀਂ ਭਵਿੱਖ ਵਿਚ ਹਰ ਮੁਸ਼ਕਲ ਨੂੰ ਝੱਲ ਸਕਾਂਗੇ।

2. (ੳ) ਅਸੀਂ ਆਉਣ ਵਾਲੇ ਸਮੇਂ ਵਿਚ ਮੁਸ਼ਕਲਾਂ ਨੂੰ ਝੱਲਣ ਲਈ ਅੱਜ ਕੀ ਕਰ ਸਕਦੇ ਹਾਂ? (ਅ) ਅਸੀਂ ਇਸ ਲੇਖ ਵਿਚ ਕਿਹੜੀਆਂ ਗੱਲਾਂ ’ਤੇ ਗੌਰ ਕਰਾਂਗੇ?

2 ਅਸੀਂ ਆਉਣ ਵਾਲੇ ਸਮੇਂ ਵਿਚ ਮੁਸ਼ਕਲਾਂ ਨੂੰ ਕਿਵੇਂ ਝੱਲਾਂਗੇ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਅੱਜ ਮੁਸ਼ਕਲਾਂ ਨੂੰ ਕਿਵੇਂ ਝੱਲਦੇ ਹਾਂ। ਹਰ ਮੁਸ਼ਕਲ ਵਿੱਚੋਂ ਲੰਘਣ ਕਰਕੇ ਸਾਡੀ ਨਿਹਚਾ ਹੋਰ ਪੱਕੀ ਹੁੰਦੀ ਜਾਵੇਗੀ ਅਤੇ ਅਸੀਂ ਆਉਣ ਵਾਲੇ ਸਮੇਂ ਵਿਚ ਮੁਸ਼ਕਲਾਂ ਨੂੰ ਸਫ਼ਲਤਾ ਨਾਲ ਝੱਲ ਸਕਾਂਗੇ। ਪਰ ਜੇ ਸਾਨੂੰ ਲੱਗਦਾ ਹੈ ਕਿ ਸਾਡੀ ਨਿਹਚਾ ਵਿਚ ਕੋਈ ਕਮੀ ਹੈ, ਤਾਂ ਸਾਨੂੰ ਆਪਣੀ ਨਿਹਚਾ ਨੂੰ ਹੋਰ ਵਧਾਉਣਾ ਚਾਹੀਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਕਿਨ੍ਹਾਂ ਚਾਰ ਹਾਲਾਤਾਂ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੀ ਨਿਹਚਾ ਹੋਰ ਪੱਕੀ ਕਰਨ ਲਈ ਕਿਹਾ ਸੀ। ਫਿਰ ਅਸੀਂ ਇਹ ਵੀ ਗੌਰ ਕਰਾਂਗੇ ਕਿ ਚੇਲਿਆਂ ਵਾਂਗ ਅੱਜ ਸਾਨੂੰ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ ਅਤੇ ਅਸੀਂ ਆਪਣੀ ਨਿਹਚਾ ਨੂੰ ਹੋਰ ਪੱਕੀ ਕਰਨ ਲਈ ਕੀ ਕਰ ਸਕਦੇ ਹਾਂ।

ਨਿਹਚਾ ਰੱਖੋ ਕਿ ਪਰਮੇਸ਼ੁਰ ਤੁਹਾਡੀਆਂ ਲੋੜਾਂ ਪੂਰੀਆਂ ਕਰੇਗਾ

ਪੱਕੀ ਨਿਹਚਾ ਹੋਣ ਕਰਕੇ ਅਸੀਂ ਪੈਸਿਆਂ ਦੀ ਤੰਗੀ ਦੇ ਬਾਵਜੂਦ ਵੀ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇ ਸਕਾਂਗੇ (ਪੈਰੇ 3-6 ਦੇਖੋ)

3. ਮੱਤੀ 6:30, 33 ਵਿਚ ਦਰਜ ਯਿਸੂ ਦੇ ਸ਼ਬਦ ਸਾਡੀ ਨਿਹਚਾ ਬਾਰੇ ਕਿਹੜੀ ਗੱਲ ਸਮਝਣ ਵਿਚ ਮਦਦ ਕਰਦੇ ਹਨ?

3 ਹਰ ਪਰਿਵਾਰ ਦਾ ਮੁਖੀ ਚਾਹੁੰਦਾ ਹੈ ਕਿ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੇ, ਜਿਵੇਂ ਕਿ ਰੋਟੀ, ਕੱਪੜਾ ਅਤੇ ਮਕਾਨ। ਪਰ ਅੱਜ ਮੁਸੀਬਤਾਂ ਨਾਲ ਭਰੇ ਇਸ ਸਮੇਂ ਵਿਚ ਇਨ੍ਹਾਂ ਲੋੜਾਂ ਨੂੰ ਪੂਰੀਆਂ ਕਰਨਾ ਸੌਖਾ ਨਹੀਂ ਹੈ। ਸਾਡੇ ਕੁਝ ਭੈਣਾਂ-ਭਰਾਵਾਂ ਦੇ ਕੰਮ ਛੁੱਟ ਗਏ ਅਤੇ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੋਈ ਹੋਰ ਕੰਮ ਨਹੀਂ ਮਿਲਿਆ। ਕਈਆਂ ਨੇ ਸ਼ਾਇਦ ਅਜਿਹੇ ਕੰਮ-ਧੰਦਿਆਂ ਨੂੰ ਠੁਕਰਾਇਆ ਜੋ ਮਸੀਹੀਆਂ ਲਈ ਸਹੀ ਨਹੀਂ ਹਨ। ਜੇ ਸਾਡੇ ਨਾਲ ਵੀ ਇੱਦਾਂ ਹੁੰਦਾ ਹੈ, ਤਾਂ ਇਨ੍ਹਾਂ ਹਾਲਾਤਾਂ ਵਿਚ ਸਾਡੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ ਕਿ ਯਹੋਵਾਹ ਕਿਸੇ-ਨਾ-ਕਿਸੇ ਤਰੀਕੇ ਨਾਲ ਸਾਡੇ ਪਰਿਵਾਰ ਦੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ। ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਗੱਲ ਸਾਫ਼-ਸਾਫ਼ ਦੱਸੀ ਸੀ। (ਮੱਤੀ 6:30, 33 ਪੜ੍ਹੋ।) ਜਦੋਂ ਸਾਨੂੰ ਪੱਕਾ ਭਰੋਸਾ ਹੋ ਜਾਂਦਾ ਹੈ ਕਿ ਯਹੋਵਾਹ ਸਾਨੂੰ ਕਦੇ ਨਹੀਂ ਛੱਡੇਗਾ, ਤਾਂ ਅਸੀਂ ਆਪਣਾ ਪੂਰਾ ਧਿਆਨ ਉਸ ਦੀ ਸੇਵਾ ਨੂੰ ਪਹਿਲ ਦੇਣ ਤੇ ਲਾ ਪਾਉਂਦੇ ਹਾਂ। ਜਦੋਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ, ਤਾਂ ਅਸੀਂ ਉਸ ਦੇ ਨੇੜੇ ਜਾਂਦੇ ਹਾਂ ਅਤੇ ਸਾਡੀ ਨਿਹਚਾ ਹੋਰ ਪੱਕੀ ਹੁੰਦੀ ਹੈ।

4-5. ਇਕ ਪਰਿਵਾਰ ਦੀ ਮੁਸ਼ਕਲ ਘੜੀਆਂ ਦੌਰਾਨ ਕਿਵੇਂ ਮਦਦ ਹੋਈ?

4 ਆਓ ਅਸੀਂ ਵੈਨੇਜ਼ੁਏਲਾ ਦੇਸ਼ ਵਿਚ ਰਹਿਣ ਵਾਲੇ ਭਰਾ ਮੀਗਲ ਕੈਸਟ੍ਰੋ ਦੇ ਪਰਿਵਾਰ ਦੀ ਮਿਸਾਲ ’ਤੇ ਗੌਰ ਕਰੀਏ। ਇਕ ਸਮੇਂ ਤੇ ਇਹ ਪਰਿਵਾਰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੇ ਖੇਤ ਵਿਚ ਕੰਮ ਕਰ ਕੇ ਕਾਫ਼ੀ ਪੈਸੇ ਕਮਾ ਲੈਂਦਾ ਸੀ। ਪਰ ਉੱਥੋਂ ਦੇ ਗੁੰਡਿਆਂ ਨੇ ਹਥਿਆਰਾਂ ਦੇ ਜ਼ੋਰ ’ਤੇ ਉਨ੍ਹਾਂ ਦੀ ਜ਼ਮੀਨ-ਜਾਇਦਾਦ ’ਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ। ਇਸ ਪਰਿਵਾਰ ਦਾ ਮੁਖੀ ਮੀਗਲ ਦੱਸਦਾ ਹੈ: “ਹੁਣ ਸਾਡੇ ਪਰਿਵਾਰ ਦਾ ਸਾਰਾ ਗੁਜ਼ਾਰਾ ਜ਼ਮੀਨ ਦੇ ਛੋਟੇ ਜਿਹੇ ਟੁਕੜੇ ’ਤੇ ਖੇਤੀ ਕਰ ਕੇ ਹੀ ਚੱਲਦਾ ਹੈ ਜੋ ਅਸੀਂ ਠੇਕੇ ’ਤੇ ਲਈ ਹੈ। ਮੈਂ ਹਰ ਸਵੇਰ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਸਾਡੀਆਂ ਅੱਜ ਦੀਆਂ ਲੋੜਾਂ ਪੂਰੀਆਂ ਕਰੇ।” ਇਸ ਪਰਿਵਾਰ ਲਈ ਜ਼ਿੰਦਗੀ ਜੀਉਣੀ ਸੌਖੀ ਨਹੀਂ ਹੈ, ਪਰ ਉਨ੍ਹਾਂ ਨੂੰ ਆਪਣੇ ਸਵਰਗੀ ਪਿਤਾ ’ਤੇ ਪੂਰਾ ਭਰੋਸਾ ਹੈ ਕਿ ਉਹ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ। ਇਸ ਕਰਕੇ ਇਹ ਪਰਿਵਾਰ ਸਾਰੀਆਂ ਮੀਟਿੰਗਾਂ ’ਤੇ ਜਾਂਦਾ ਹੈ ਅਤੇ ਪ੍ਰਚਾਰ ਵਿਚ ਲਗਾਤਾਰ ਹਿੱਸਾ ਲੈਂਦਾ ਹੈ। ਇਹ ਪਰਿਵਾਰ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦਾ ਹੈ, ਇਸ ਲਈ ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ।

5 ਇਨ੍ਹਾਂ ਔਖੀਆਂ ਘੜੀਆਂ ਦੌਰਾਨ ਮੀਗਲ ਅਤੇ ਉਸ ਦੀ ਪਤਨੀ ਯੂਰਾਈ ਨੇ ਆਪਣਾ ਸਾਰਾ ਧਿਆਨ ਇਸ ਗੱਲ ’ਤੇ ਲਾਈ ਰੱਖਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਸੰਭਾਲਿਆ। ਕਈ ਮੌਕਿਆਂ ਤੇ ਯਹੋਵਾਹ ਨੇ ਭੈਣਾਂ-ਭਰਾਵਾਂ ਰਾਹੀਂ ਉਨ੍ਹਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਦਿੱਤੀਆਂ ਅਤੇ ਮੀਗਲ ਦੀ ਕੰਮ ਲੱਭਣ ਵਿਚ ਵੀ ਮਦਦ ਕੀਤੀ। ਕਈ ਹੋਰ ਮੌਕਿਆਂ ਤੇ ਯਹੋਵਾਹ ਨੇ ਬ੍ਰਾਂਚ ਰਾਹੀਂ ਰਾਹਤ ਪਹੁੰਚਾ ਕੇ ਉਨ੍ਹਾਂ ਦੀ ਮਦਦ ਕੀਤੀ। ਯਹੋਵਾਹ ਨੇ ਕਦੇ ਵੀ ਉਨ੍ਹਾਂ ਨੂੰ ਨਹੀਂ ਛੱਡਿਆ ਜਿਸ ਕਰਕੇ ਉਨ੍ਹਾਂ ਦੀ ਨਿਹਚਾ ਹੋਰ ਵੀ ਪੱਕੀ ਹੋਈ। ਉਨ੍ਹਾਂ ਦੀ ਸਭ ਤੋਂ ਵੱਡੀ ਕੁੜੀ ਹੋਸਲਿਨ ਇਕ ਖ਼ਾਸ ਘਟਨਾ ਨੂੰ ਯਾਦ ਕਰਦਿਆਂ ਕਹਿੰਦੀ ਹੈ: “ਯਹੋਵਾਹ ਨੇ ਜਿਸ ਤਰੀਕੇ ਨਾਲ ਸਾਡੇ ਪਰਿਵਾਰ ਦੀ ਮਦਦ ਕੀਤੀ, ਇਹ ਗੱਲ ਮੇਰੇ ਦਿਲ ਨੂੰ ਛੂਹ ਗਈ। ਹੁਣ ਮੈਂ ਉਸ ਨੂੰ ਆਪਣਾ ਚੰਗਾ ਦੋਸਤ ਸਮਝਦੀ ਹਾਂ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਹਮੇਸ਼ਾ ਮੇਰੀ ਮਦਦ ਕਰੇਗਾ।” ਉਹ ਅੱਗੇ ਦੱਸਦੀ ਹੈ: “ਸਾਡਾ ਪਰਿਵਾਰ ਜਿਨ੍ਹਾਂ ਮੁਸ਼ਕਲ ਘੜੀਆਂ ਵਿੱਚੋਂ ਨਿਕਲਿਆ, ਉਸ ਕਰਕੇ ਹੁਣ ਅਸੀਂ ਆਉਣ ਵਾਲੇ ਸਮੇਂ ਵਿਚ ਵੱਡੀਆਂ-ਵੱਡੀਆਂ ਮੁਸ਼ਕਲਾਂ ਸਹਿਣ ਲਈ ਵੀ ਤਿਆਰ ਹਾਂ।”

6. ਤੁਸੀਂ ਪੈਸਿਆਂ ਦੀ ਤੰਗੀ ਝੱਲਦੇ ਵੇਲੇ ਆਪਣੀ ਨਿਹਚਾ ਹੋਰ ਪੱਕੀ ਕਿਵੇਂ ਕਰ ਸਕਦੇ ਹੋ?

6 ਕੀ ਤੁਸੀਂ ਪੈਸਿਆਂ ਦੀ ਤੰਗੀ ਝੱਲ ਰਹੇ ਹੋ? ਜੇ ਹਾਂ, ਤਾਂ ਇਹ ਤੁਹਾਡੇ ਲਈ ਬਹੁਤ ਔਖਾ ਸਮਾਂ ਹੈ। ਫਿਰ ਵੀ ਤੁਸੀਂ ਇਸ ਸਮੇਂ ਦੌਰਾਨ ਆਪਣੀ ਨਿਹਚਾ ਪੱਕੀ ਕਰ ਸਕਦੇ ਹੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਮੱਤੀ 6:25-34 ਵਿਚ ਦਰਜ ਯਿਸੂ ਦੇ ਸ਼ਬਦਾਂ ਨੂੰ ਪੜ੍ਹੋ ਅਤੇ ਇਨ੍ਹਾਂ ’ਤੇ ਸੋਚ-ਵਿਚਾਰ ਕਰੋ। ਨਾਲੇ ਅੱਜ ਦੇ ਜ਼ਮਾਨੇ ਦੇ ਭੈਣਾਂ-ਭਰਾਵਾਂ ਦੇ ਤਜਰਬਿਆਂ ’ਤੇ ਗੌਰ ਕਰੋ ਕਿ ਜਦੋਂ ਉਹ ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਵਿਚ ਲੱਗੇ ਰਹੇ, ਤਾਂ ਪਰਮੇਸ਼ੁਰ ਨੇ ਕਿਵੇਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। (1 ਕੁਰਿੰ. 15:58) ਇਸ ਤਰ੍ਹਾਂ ਕਰ ਕੇ ਤੁਹਾਡਾ ਭਰੋਸਾ ਵਧੇਗਾ ਕਿ ਤੁਹਾਡੇ ਸਵਰਗੀ ਪਿਤਾ ਨੇ ਜਿਸ ਤਰ੍ਹਾਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕੀਤੀ, ਉਸੇ ਤਰ੍ਹਾਂ ਉਹ ਤੁਹਾਡੀ ਵੀ ਮਦਦ ਜ਼ਰੂਰ ਕਰੇਗਾ। ਉਹ ਤੁਹਾਡੀਆਂ ਲੋੜਾਂ ਜਾਣਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਇਨ੍ਹਾਂ ਨੂੰ ਕਿਵੇਂ ਪੂਰਾ ਕਰਨਾ ਹੈ। ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖੋਗੇ, ਤਾਂ ਤੁਹਾਡੀ ਨਿਹਚਾ ਹੋਰ ਪੱਕੀ ਹੋਵੇਗੀ। ਇਸ ਤਰ੍ਹਾਂ ਤੁਸੀਂ ਆਉਣ ਵਾਲੀਆਂ ਵੱਡੀਆਂ ਮੁਸ਼ਕਲਾਂ ਨੂੰ ਸਹਿ ਸਕੋਗੇ।​—ਹੱਬ. 3:17, 18.

ਨਿਹਚਾ ਰੱਖ ਕੇ “ਤੂਫ਼ਾਨ” ਵਰਗੀਆਂ ਮੁਸ਼ਕਲਾਂ ਸਹੋ

ਪੱਕੀ ਨਿਹਚਾ ਹੋਣ ਕਰਕੇ ਅਸੀਂ ਸੱਚ-ਮੁੱਚ ਦੇ ਵੱਡੇ ਤੂਫ਼ਾਨ ਜਾਂ ਤੂਫ਼ਾਨ ਵਰਗੀਆਂ ਮੁਸ਼ਕਲਾਂ ਨੂੰ ਝੱਲ ਸਕਾਂਗੇ (ਪੈਰੇ 7-11 ਦੇਖੋ)

7. ਮੱਤੀ 8:23-26 ਮੁਤਾਬਕ “ਬਹੁਤ ਵੱਡਾ ਤੂਫ਼ਾਨ” ਆਉਣ ਤੇ ਚੇਲਿਆਂ ਦੀ ਨਿਹਚਾ ਦੀ ਪਰਖ ਕਿਵੇਂ ਹੋਈ?

7 ਇਕ ਵਾਰ ਯਿਸੂ ਆਪਣੇ ਚੇਲਿਆਂ ਨਾਲ ਕਿਸ਼ਤੀ ਵਿਚ ਸਫ਼ਰ ਕਰ ਰਿਹਾ ਸੀ ਅਤੇ ਅਚਾਨਕ ਝੀਲ ਵਿਚ ਤੂਫ਼ਾਨ ਆ ਗਿਆ। (ਮੱਤੀ 8:23-26 ਪੜ੍ਹੋ।) ਤੂਫ਼ਾਨ ਇੰਨਾ ਜ਼ਬਰਦਸਤ ਸੀ ਕਿ ਲਹਿਰਾਂ ਉੱਠਣ ਕਰਕੇ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ। ਪਰ ਯਿਸੂ ਗੂੜ੍ਹੀ ਨੀਂਦ ਸੁੱਤਾ ਪਿਆ ਸੀ। ਡਰ ਦੇ ਮਾਰੇ ਚੇਲਿਆਂ ਨੇ ਯਿਸੂ ਨੂੰ ਜਗਾਇਆ ਅਤੇ ਕਿਹਾ ਕਿ ਪ੍ਰਭੂ ਸਾਨੂੰ ਬਚਾ ਲੈ। ਯਿਸੂ ਨੇ ਪਿਆਰ ਨਾਲ ਉਨ੍ਹਾਂ ਨੂੰ ਕਿਹਾ: “ਹੇ ਘੱਟ ਨਿਹਚਾ ਰੱਖਣ ਵਾਲਿਓ, ਤੁਸੀਂ ਐਨੇ ਡਰੇ ਹੋਏ ਕਿਉਂ ਹੋ?” ਇਸ ਮੌਕੇ ਤੇ ਯਿਸੂ ਨੇ ਆਪਣੇ ਚੇਲਿਆਂ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਉਨ੍ਹਾਂ ਨੂੰ ਕਿਸ ਮਾਮਲੇ ਵਿਚ ਹੋਰ ਨਿਹਚਾ ਰੱਖਣ ਦੀ ਲੋੜ ਸੀ। ਚੇਲਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਸੀ ਕਿ ਯਹੋਵਾਹ ਆਪਣੇ ਪੁੱਤਰ ਯਿਸੂ ਦਾ ਬਾਲ਼ ਵੀ ਵਿੰਗਾ ਨਹੀਂ ਹੋਣ ਦੇਵੇਗਾ ਅਤੇ ਉਨ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਜੋ ਉਸ ਨਾਲ ਸਨ। ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ? ਚਾਹੇ ਸਾਡੀ ਜ਼ਿੰਦਗੀ ਵਿਚ ਸੱਚ-ਮੁੱਚ ਦਾ ਕੋਈ “ਬਹੁਤ ਵੱਡਾ ਤੂਫ਼ਾਨ” ਆਵੇ ਜਾਂ ਫਿਰ ਤੂਫ਼ਾਨ ਵਰਗੀਆਂ ਮੁਸ਼ਕਲਾਂ ਆਉਣ, ਫਿਰ ਵੀ ਪੱਕੀ ਨਿਹਚਾ ਹੋਣ ਕਰਕੇ ਅਸੀਂ ਇਨ੍ਹਾਂ ਨੂੰ ਝੱਲ ਸਕਾਂਗੇ।

8-9. (ੳ) ਅਨਲ ਦੀ ਨਿਹਚਾ ਦੀ ਪਰਖ ਕਿਵੇਂ ਹੋਈ? (ਅ) ਕਿਹੜੀ ਗੱਲ ਨੇ ਅਨਲ ਦੀ ਮਦਦ ਕੀਤੀ?

8 ਜ਼ਰਾ ਪੋਰਟੋ ਰੀਕੋ ਵਿਚ ਰਹਿਣ ਵਾਲੀ ਇਕ ਕੁਆਰੀ ਭੈਣ ਅਨਲ ਦੇ ਤਜਰਬੇ ਤੇ ਗੌਰ ਕਰੋ। ਉਸ ਦੀ ਮੁਸ਼ਕਲਾਂ ਵਿੱਚੋਂ ਲੰਘਣ ਕਰਕੇ ਨਿਹਚਾ ਹੋਰ ਪੱਕੀ ਹੋਈ। ਉਸ ਨੇ ਸੱਚ-ਮੁੱਚ ਦੇ ‘ਬਹੁਤ ਵੱਡੇ ਤੂਫ਼ਾਨ’ ਦਾ ਸਾਮ੍ਹਣਾ ਕੀਤਾ। ਉਸ ਦੀ ਪਰੀਖਿਆ ਉਦੋਂ ਹੋਈ ਜਦੋਂ 2017 ਵਿਚ ਮਾਰੀਆ ਨਾਂ ਦਾ ਤੇਜ਼ ਤੂਫ਼ਾਨ ਆਇਆ। ਇਸ ਤੂਫ਼ਾਨ ਕਰਕੇ ਅਨਲ ਦਾ ਘਰ ਤਬਾਹ ਹੋ ਗਿਆ ਅਤੇ ਉਸ ਦੀ ਨੌਕਰੀ ਵੀ ਛੁੱਟ ਗਈ। ਅਨਲ ਦੱਸਦੀ ਹੈ: “ਇਨ੍ਹਾਂ ਔਖੀਆਂ ਘੜੀਆਂ ਦੌਰਾਨ ਮੈਂ ਬਹੁਤ ਪਰੇਸ਼ਾਨ ਸੀ, ਪਰ ਮੈਂ ਪ੍ਰਾਰਥਨਾ ਰਾਹੀਂ ਯਹੋਵਾਹ ’ਤੇ ਭਰੋਸਾ ਰੱਖਣਾ ਸਿੱਖਿਆ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਲੱਗੀ ਰਹੀ।”

9 ਆਗਿਆਕਾਰ ਰਹਿਣ ਕਰਕੇ ਵੀ ਅਨਲ ਇਸ ਮੁਸ਼ਕਲ ਨੂੰ ਸਹਿ ਸਕੀ। ਉਹ ਦੱਸਦੀ ਹੈ: “ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਣ ਕਰਕੇ ਮੇਰੀ ਸ਼ਾਂਤ ਰਹਿਣ ਵਿਚ ਮਦਦ ਹੋਈ। ਮੈਂ ਆਪਣੀ ਅੱਖੀਂ ਦੇਖਿਆ ਕਿ ਕਿਵੇਂ ਯਹੋਵਾਹ ਨੇ ਭੈਣਾਂ-ਭਰਾਵਾਂ ਨੂੰ ਵਰਤ ਕੇ ਮੈਨੂੰ ਹੌਸਲਾ ਦਿੱਤਾ ਅਤੇ ਜ਼ਰੂਰਤ ਦੀ ਚੀਜ਼ਾਂ ਦਿੱਤੀਆਂ। ਯਹੋਵਾਹ ਨੇ ਮੇਰੀ ਉਮੀਦ ਤੋਂ ਵੀ ਵਧ ਕੇ ਮੈਨੂੰ ਦਿੱਤਾ ਅਤੇ ਮੇਰੀ ਨਿਹਚਾ ਹੋਰ ਵੀ ਪੱਕੀ ਹੋਈ।”

10. ਜੇ ਤੁਹਾਨੂੰ ‘ਬਹੁਤ ਵੱਡੇ ਤੂਫ਼ਾਨ’ ਦਾ ਸਾਮ੍ਹਣਾ ਕਰਨਾ ਪਵੇ, ਤਾਂ ਤੁਸੀਂ ਕੀ ਕਰੋਗੇ?

10 ਕੀ ਤੁਹਾਡੀ ਜ਼ਿੰਦਗੀ ਵਿਚ ਕੋਈ “ਬਹੁਤ ਵੱਡਾ ਤੂਫ਼ਾਨ” ਆਇਆ ਹੈ? ਸ਼ਾਇਦ ਕੋਈ ਕੁਦਰਤੀ ਆਫ਼ਤ ਹੋਵੇ ਜਾਂ ਤੂਫ਼ਾਨ ਵਰਗੀਆਂ ਮੁਸ਼ਕਲਾਂ ਹੋਣ, ਜਿਵੇਂ ਕਿ ਗੰਭੀਰ ਸਿਹਤ ਸਮੱਸਿਆ। ਇਨ੍ਹਾਂ ਕਰਕੇ ਸ਼ਾਇਦ ਤੁਸੀਂ ਬਹੁਤ ਨਿਰਾਸ਼ ਹੋਵੋ ਅਤੇ ਤੁਹਾਨੂੰ ਪਤਾ ਨਾ ਲੱਗੇ ਕਿ ਤੁਸੀਂ ਕਰਨਾ ਕੀ ਹੈ। ਇਸ ਤਰ੍ਹਾਂ ਹੋਣ ਤੇ ਯਹੋਵਾਹ ’ਤੇ ਭਰੋਸਾ ਰੱਖੋ ਅਤੇ ਉਸ ਨੂੰ ਦਿਲੋਂ ਪ੍ਰਾਰਥਨਾ ਕਰ ਕੇ ਉਸ ਦੇ ਹੋਰ ਨੇੜੇ ਜਾਓ। ਇਸ ਗੱਲ ’ਤੇ ਵੀ ਸੋਚ-ਵਿਚਾਰ ਕਰੋ ਕਿ ਬੀਤੇ ਸਮੇਂ ਵਿਚ ਯਹੋਵਾਹ ਨੇ ਤੁਹਾਡੀ ਮਦਦ ਕਿਵੇਂ ਕੀਤੀ ਸੀ। (ਜ਼ਬੂ. 77:11, 12) ਇਸ ਤਰ੍ਹਾਂ ਕਰ ਕੇ ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਕਦੇ ਨਹੀਂ ਛੱਡੇਗਾ, ਨਾ ਅੱਜ ਤੇ ਨਾ ਹੀ ਕੱਲ੍ਹ।

11. ਸਾਨੂੰ ਅਗਵਾਈ ਕਰਨ ਵਾਲੇ ਭਰਾਵਾਂ ਦੇ ਆਗਿਆਕਾਰ ਰਹਿਣ ਦਾ ਆਪਣਾ ਇਰਾਦਾ ਪੱਕਾ ਕਿਉਂ ਕਰਨਾ ਚਾਹੀਦਾ ਹੈ?

11 ਅਸੀਂ ਭੈਣ ਅਨਲ ਤੋਂ ਸਿੱਖਿਆ ਕਿ ਆਗਿਆਕਾਰ ਰਹਿਣ ਨਾਲ ਅਸੀਂ ਮੁਸ਼ਕਲਾਂ ਝੱਲ ਸਕਦੇ ਹਾਂ। ਸਾਨੂੰ ਅਗਵਾਈ ਲੈਣ ਵਾਲੇ ਭਰਾਵਾਂ ’ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਯਹੋਵਾਹ ਤੇ ਯਿਸੂ ਉਨ੍ਹਾਂ ’ਤੇ ਭਰੋਸਾ ਕਰਦੇ ਹਨ। ਕਈ ਵਾਰ ਹੋ ਸਕਦਾ ਹੈ ਕਿ ਅਗਵਾਈ ਕਰਨ ਵਾਲੇ ਭਰਾ ਕੋਈ ਅਜਿਹੀ ਸਲਾਹ ਦੇਣ ਜੋ ਸਾਨੂੰ ਅਜੀਬ ਲੱਗੇ। ਪਰ ਜੇ ਅਸੀਂ ਉਨ੍ਹਾਂ ਦੇ ਆਗਿਆਕਾਰ ਰਹਿੰਦੇ ਹਾਂ, ਤਾਂ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ। ਅਸੀਂ ਉਸ ਦੇ ਬਚਨ ਅਤੇ ਵਫ਼ਾਦਾਰ ਸੇਵਕਾਂ ਦੇ ਤਜਰਬਿਆਂ ਤੋਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਆਗਿਆਕਾਰ ਰਹਿਣ ਨਾਲ ਜ਼ਿੰਦਗੀਆਂ ਬਚਦੀਆਂ ਹਨ। (ਕੂਚ 14:1-4; 2 ਇਤਿ. 20:17) ਕਿਉਂ ਨਾ ਅਜਿਹੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰੋ। ਇਸ ਤਰ੍ਹਾਂ ਕਰ ਕੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ, ਅੱਜ ਵੀ ਅਤੇ ਕੱਲ੍ਹ ਵੀ। (ਇਬ. 13:17) ਇੱਦਾਂ ਕਰਨ ਨਾਲ ਤੁਹਾਨੂੰ ਆਉਣ ਵਾਲੇ ਮਹਾਂਕਸ਼ਟ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੋਵੇਗੀ।​—ਕਹਾ. 3:25.

ਨਿਹਚਾ ਹੋਣ ਕਰਕੇ ਅਸੀਂ ਬੇਇਨਸਾਫ਼ੀ ਸਹਿ ਸਕਦੇ ਹਾਂ

ਪ੍ਰਾਰਥਨਾ ਕਰਦੇ ਰਹਿਣ ਨਾਲ ਸਾਡੀ ਨਿਹਚਾ ਹੋਰ ਪੱਕੀ ਹੋਵੇਗੀ (ਪੈਰਾ 12 ਦੇਖੋ)

12. ਲੂਕਾ 18:1-8 ਮੁਤਾਬਕ ਬੇਇਨਸਾਫ਼ੀ ਸਹਿਣ ਲਈ ਧੀਰਜ ਰੱਖਣਾ ਕਿਉਂ ਜ਼ਰੂਰੀ ਹੈ?

12 ਯਿਸੂ ਜਾਣਦਾ ਸੀ ਕਿ ਬੇਇਨਸਾਫ਼ੀ ਹੋਣ ਤੇ ਉਸ ਦੇ ਚੇਲਿਆਂ ਦੀ ਨਿਹਚਾ ਪਰਖੀ ਜਾਣੀ ਸੀ। ਉਨ੍ਹਾਂ ਦੀ ਮਦਦ ਕਰਨ ਵਾਸਤੇ ਯਿਸੂ ਨੇ ਇਕ ਮਿਸਾਲ ਦਿੱਤੀ ਜੋ ਲੂਕਾ ਦੀ ਕਿਤਾਬ ਵਿਚ ਦਰਜ ਹੈ। ਯਿਸੂ ਨੇ ਇਕ ਵਿਧਵਾ ਔਰਤ ਬਾਰੇ ਕਹਾਣੀ ਸੁਣਾਈ ਜੋ ਇਕ ਬੁਰੇ ਜੱਜ ਦੇ ਦਰ ’ਤੇ ਜਾ ਕੇ ਇਨਸਾਫ਼ ਲਈ ਰੋਜ਼ ਦੁਹਾਈ ਦਿੰਦੀ ਸੀ। ਉਸ ਨੂੰ ਭਰੋਸਾ ਸੀ ਕਿ ਜੇ ਉਹ ਇੱਦਾਂ ਕਰਦੀ ਰਹੇਗੀ, ਤਾਂ ਇਕ-ਨਾ-ਇਕ ਦਿਨ ਜੱਜ ਉਸ ਦੀ ਜ਼ਰੂਰ ਸੁਣੇਗਾ। ਅਖ਼ੀਰ, ਜੱਜ ਨੇ ਉਸ ਦੀ ਦੁਹਾਈ ਸੁਣ ਲਈ। ਅਸੀਂ ਇਸ ਕਹਾਣੀ ਤੋਂ ਕੀ ਸਿੱਖ ਸਕਦੇ ਹਾਂ? ਯਹੋਵਾਹ ਉਸ ਬੁਰੇ ਜੱਜ ਵਰਗਾ ਨਹੀਂ ਹੈ, ਸਗੋਂ ਉਹ ਇਨਸਾਫ਼ ਕਰਨ ਵਾਲਾ ਪਰਮੇਸ਼ੁਰ ਹੈ। ਯਿਸੂ ਨੇ ਕਿਹਾ: “ਤਾਂ ਫਿਰ, ਕੀ ਪਰਮੇਸ਼ੁਰ ਆਪਣੇ ਚੁਣੇ ਹੋਇਆਂ ਨਾਲ ਧੀਰਜ ਨਾਲ ਪੇਸ਼ ਆਉਂਦਿਆਂ ਉਨ੍ਹਾਂ ਨੂੰ ਇਨਸਾਫ਼ ਨਹੀਂ ਦੇਵੇਗਾ ਜੋ ਦਿਨ-ਰਾਤ ਉਸ ਅੱਗੇ ਦੁਹਾਈ ਦਿੰਦੇ ਹਨ?” (ਲੂਕਾ 18:1-8 ਪੜ੍ਹੋ।) ਯਿਸੂ ਨੇ ਅੱਗੇ ਕਿਹਾ: “ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਤਾਂ ਕੀ ਉਦੋਂ ਉਹ ਧਰਤੀ ਉੱਤੇ ਅਜਿਹੀ ਨਿਹਚਾ ਪਾਵੇਗਾ?” ਬੇਇਨਸਾਫ਼ੀ ਹੋਣ ਤੇ ਜੇ ਅਸੀਂ ਧੀਰਜ ਰੱਖਾਂਗੇ ਅਤੇ ਹਾਰ ਨਹੀਂ ਮੰਨਾਂਗੇ, ਤਾਂ ਅਸੀਂ ਇਸ ਵਿਧਵਾ ਵਾਂਗ ਆਪਣੀ ਪੱਕੀ ਨਿਹਚਾ ਦਾ ਸਬੂਤ ਦੇਵਾਂਗੇ। ਪੱਕੀ ਨਿਹਚਾ ਹੋਣ ਕਰਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਅੱਜ ਨਹੀਂ ਤਾਂ ਕੱਲ੍ਹ ਯਹੋਵਾਹ ਜ਼ਰੂਰ ਸਾਡੇ ਲਈ ਕਦਮ ਚੁੱਕੇਗਾ। ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪ੍ਰਾਰਥਨਾ ਵਿਚ ਬਹੁਤ ਤਾਕਤ ਹੈ। ਕਈ ਵਾਰ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਉਸ ਤਰੀਕੇ ਨਾਲ ਦਿੰਦਾ ਹੈ ਜਿੱਦਾਂ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ।

13. ਬੇਇਨਸਾਫ਼ੀ ਹੋਣ ਤੇ ਪ੍ਰਾਰਥਨਾ ਨੇ ਇਕ ਪਰਿਵਾਰ ਦੀ ਕਿਵੇਂ ਮਦਦ ਕੀਤੀ?

13 ਆਓ ਆਪਾਂ ਭੈਣ ਵੇਰੋ ਦੇ ਤਜਰਬੇ ’ਤੇ ਗੌਰ ਕਰੀਏ। ਇਹ ਭੈਣ ਕਾਂਗੋ ਲੋਕਤੰਤਰੀ ਗਣਰਾਜ ਵਿਚ ਰਹਿੰਦੀ ਹੈ। ਜਦੋਂ ਮਿਲਟਰੀ ਦੇ ਕੁਝ ਫ਼ੌਜੀਆਂ ਨੇ ਉਨ੍ਹਾਂ ਦੇ ਪਿੰਡ ’ਤੇ ਹਮਲਾ ਕੀਤਾ, ਤਾਂ ਵੇਰੋ ਤੇ ਉਸ ਦੇ ਅਵਿਸ਼ਵਾਸੀ ਪਤੀ ਅਤੇ ਉਨ੍ਹਾਂ ਦੀ 15 ਸਾਲਾਂ ਦੀ ਕੁੜੀ ਨੂੰ ਆਪਣਾ ਘਰ-ਬਾਰ ਛੱਡ ਕੇ ਭੱਜਣਾ ਪਿਆ। ਪਰ ਰਸਤੇ ਵਿਚ ਕੁਝ ਫ਼ੌਜੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ। ਡਰਦੇ ਮਾਰੇ ਭੈਣ ਵੇਰੋ ਰੋਣ ਲੱਗ ਪਈ। ਫਿਰ ਉਸ ਨੂੰ ਸ਼ਾਂਤ ਕਰਨ ਲਈ ਉਸ ਦੀ ਕੁੜੀ ਨੇ ਯਹੋਵਾਹ ਦਾ ਨਾਂ ਲੈ ਕੇ ਉੱਚੀ-ਉੱਚੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਪ੍ਰਾਰਥਨਾ ਕਰ ਕੇ ਹਟੀ, ਤਾਂ ਮਿਲਟਰੀ ਦੇ ਕਮਾਂਡਰ ਨੇ ਕੁੜੀ ਨੂੰ ਪੁੱਛਿਆ: “ਕੁੜੀਏ, ਕਿਸ ਨੇ ਤੈਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ?” ਕੁੜੀ ਨੇ ਕਿਹਾ: ‘ਮੇਰੀ ਮੰਮੀ ਨੇ ਬਾਈਬਲ ਵਿੱਚੋਂ ਮੈਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ।’ (ਮੱਤੀ 6:9-13) ਕਮਾਂਡਰ ਨੇ ਕਿਹਾ: “ਕੁੜੀਏ, ਆਪਣੇ ਮਾਪਿਆਂ ਨਾਲ ਬੇਫ਼ਿਕਰ ਹੋ ਕੇ ਚਲੀ ਜਾਹ। ਉਮੀਦ ਹੈ ਕਿ ਤੇਰਾ ਰੱਬ ਯਹੋਵਾਹ ਤੁਹਾਡੀ ਰਾਖੀ ਜ਼ਰੂਰ ਕਰੇਗਾ!”

14. ਸਾਡੀ ਨਿਹਚਾ ਸ਼ਾਇਦ ਕਿਵੇਂ ਪਰਖੀ ਜਾਵੇ ਅਤੇ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ?

14 ਇਸ ਤਰ੍ਹਾਂ ਦੇ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਪ੍ਰਾਰਥਨਾ ਵਿਚ ਬਹੁਤ ਤਾਕਤ ਹੈ। ਪਰ ਜੇ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਉਸੇ ਵੇਲੇ ਜਾਂ ਸਾਡੀ ਇੱਛਾ ਮੁਤਾਬਕ ਨਾ ਮਿਲਣ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਯਿਸੂ ਦੀ ਮਿਸਾਲ ਵਿਚ ਦੱਸੀ ਵਿਧਵਾ ਵਾਂਗ ਸਾਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਅਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਸਾਨੂੰ ਕਦੇ ਨਹੀਂ ਛੱਡੇਗਾ। ਨਾਲੇ ਉਹ ਸਹੀ ਸਮੇਂ ਤੇ ਕਿਸੇ-ਨਾ-ਕਿਸੇ ਤਰੀਕੇ ਨਾਲ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਜ਼ਰੂਰ ਦੇਵੇਗਾ। ਪਵਿੱਤਰ ਸ਼ਕਤੀ ਲਈ ਯਹੋਵਾਹ ਅੱਗੇ ਲਗਾਤਾਰ ਤਰਲੇ ਕਰਦੇ ਰਹੋ। (ਫ਼ਿਲਿ. 4:13) ਯਾਦ ਰੱਖੋ ਕਿ ਯਹੋਵਾਹ ਜਲਦੀ ਹੀ ਸਾਨੂੰ ਬਹੁਤ ਸਾਰੀਆਂ ਬਰਕਤਾਂ ਦੇਵੇਗਾ ਜਿਨ੍ਹਾਂ ਕਰਕੇ ਅਸੀਂ ਆਪਣੇ ਸਾਰੇ ਦੁੱਖ ਭੁੱਲ ਜਾਵਾਂਗੇ। ਜੇ ਅਸੀਂ ਵਫ਼ਾਦਾਰੀ ਨਾਲ ਸਾਰੀਆਂ ਮੁਸ਼ਕਲਾਂ ਨੂੰ ਸਹਿੰਦੇ ਰਹਿੰਦੇ ਹਾਂ, ਤਾਂ ਸਾਡੀ ਨਿਹਚਾ ਹੋਰ ਪੱਕੀ ਹੁੰਦੀ ਹੈ ਅਤੇ ਅਸੀਂ ਆਉਣ ਵਾਲੀਆਂ ਵੱਡੀਆਂ ਮੁਸ਼ਕਲਾਂ ਨੂੰ ਸਹਿਣ ਲਈ ਤਿਆਰ ਹੁੰਦੇ ਹਾਂ।​—1 ਪਤ. 1:6, 7.

ਮੁਸ਼ਕਲਾਂ ਝੱਲਣ ਲਈ ਨਿਹਚਾ ਜ਼ਰੂਰੀ ਹੈ

15. ਮੱਤੀ 17:19, 20 ਮੁਤਾਬਕ ਯਿਸੂ ਦੇ ਚੇਲਿਆਂ ਨੂੰ ਕਿਹੜੀ ਮੁਸ਼ਕਲ ਆਈ?

15 ਮੱਤੀ 17:19, 20 ਪੜ੍ਹੋ। ਯਿਸੂ ਦੇ ਚੇਲੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਦੇ ਸੀ, ਪਰ ਇਕ ਮੌਕੇ ਤੇ ਉਹ ਇਸ ਤਰ੍ਹਾਂ ਨਹੀਂ ਕਰ ਸਕੇ। ਕਿਉਂ? ਕਿਉਂਕਿ ਉਨ੍ਹਾਂ ਵਿਚ ਨਿਹਚਾ ਦੀ ਕਮੀ ਸੀ। ਯਿਸੂ ਨੇ ਦੱਸਿਆ ਕਿ ਪੱਕੀ ਨਿਹਚਾ ਹੋਣ ਨਾਲ ਉਹ ਪਹਾੜ ਵਰਗੀਆਂ ਮੁਸ਼ਕਲਾਂ ਨੂੰ ਵੀ ਝੱਲ ਸਕਦੇ ਸਨ। ਅੱਜ ਸ਼ਾਇਦ ਸਾਡੇ ’ਤੇ ਵੀ ਇੱਦਾਂ ਦੀਆਂ ਮੁਸ਼ਕਲਾਂ ਆਉਣ ਜਿਨ੍ਹਾਂ ਬਾਰੇ ਸਾਨੂੰ ਲੱਗੇ ਕਿ ਇਨ੍ਹਾਂ ਨੂੰ ਸਹਿਣਾ ਸਾਡੇ ਵੱਸੋਂ ਬਾਹਰ ਹੈ।

ਪੱਕੀ ਨਿਹਚਾ ਹੋਣ ਕਰਕੇ ਅਸੀਂ ਵੱਡੇ ਗਮ ਦੇ ਬਾਵਜੂਦ ਵੀ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਦੇ ਹਾਂ (ਪੈਰਾ 16 ਦੇਖੋ)

16. ਭੈਣ ਗੇਡੀ ਇੰਨੇ ਵੱਡੇ ਗਮ ਵਿੱਚੋਂ ਕਿਵੇਂ ਨਿਕਲ ਸਕੀ?

16 ਜ਼ਰਾ ਭੈਣ ਗੇਡੀ ਦੀ ਮਿਸਾਲ ’ਤੇ ਗੌਰ ਕਰੋ ਜੋ ਗੁਆਤੇਮਾਲਾ ਤੋਂ ਹੈ। ਜਦੋਂ ਉਹ ਤੇ ਉਸ ਦਾ ਪਤੀ ਏਡੀ ਮੀਟਿੰਗ ਤੋਂ ਵਾਪਸ ਆ ਰਹੇ ਸੀ, ਤਾਂ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ। ਨਿਹਚਾ ਰੱਖਣ ਕਰਕੇ ਭੈਣ ਗੇਡੀ ਇੰਨੇ ਵੱਡੇ ਗਮ ਵਿੱਚੋਂ ਨਿਕਲ ਸਕੀ। ਉਹ ਦੱਸਦੀ ਹੈ: “ਮੈਂ ਪ੍ਰਾਰਥਨਾ ਕਰ ਕੇ ਆਪਣਾ ਸਾਰਾ ਭਾਰ ਯਹੋਵਾਹ ’ਤੇ ਸੁੱਟ ਦਿੱਤਾ ਜਿਸ ਕਰਕੇ ਮੈਨੂੰ ਬਹੁਤ ਸ਼ਾਂਤੀ ਮਿਲੀ। ਮੈਂ ਆਪਣੀ ਅੱਖੀਂ ਦੇਖਿਆ ਕਿ ਯਹੋਵਾਹ ਨੇ ਮੇਰੇ ਪਰਿਵਾਰ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਵਰਤ ਕੇ ਮੇਰੀ ਮਦਦ ਕਿਵੇਂ ਕੀਤੀ। ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਕਰਕੇ ਮੈਂ ਆਪਣੇ ਦੁੱਖ ਨੂੰ ਥੋੜ੍ਹਾ ਭੁੱਲ ਸਕੀ ਅਤੇ ਕੱਲ੍ਹ ਬਾਰੇ ਹੱਦੋਂ-ਵੱਧ ਚਿੰਤਾ ਕਰਨ ਤੋਂ ਬਚ ਸਕੀ। ਇਸ ਔਖੀ ਘੜੀ ਤੋਂ ਮੈਂ ਸਿੱਖਿਆ ਕਿ ਯਹੋਵਾਹ, ਯਿਸੂ ਅਤੇ ਪਰਮੇਸ਼ੁਰ ਦੇ ਸੰਗਠਨ ਦੀ ਮਦਦ ਨਾਲ ਮੈਂ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਮੁਸ਼ਕਲ ਨੂੰ ਝੱਲ ਸਕਦੀ ਹਾਂ।”

17. ਤੁਸੀਂ ਪਹਾੜ ਵਰਗੀਆਂ ਮੁਸ਼ਕਲਾਂ ਨੂੰ ਕਿਵੇਂ ਝੱਲ ਸਕਦੇ ਹੋ?

17 ਕੀ ਤੁਸੀਂ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਸੋਗ ਮਨਾ ਰਹੇ ਹੋ? ਜੇ ਹਾਂ, ਤਾਂ ਸਮਾਂ ਕੱਢ ਕੇ ਬਾਈਬਲ ਵਿੱਚੋਂ ਉਨ੍ਹਾਂ ਬਿਰਤਾਂਤਾਂ ਬਾਰੇ ਪੜ੍ਹੋ ਜਿਨ੍ਹਾਂ ਵਿਚ ਮਰੇ ਹੋਇਆਂ ਦੇ ਦੁਬਾਰਾ ਜੀ ਉਠਾਏ ਜਾਣ ਬਾਰੇ ਦੱਸਿਆ ਗਿਆ ਹੈ। ਇਸ ਤਰ੍ਹਾਂ ਕਰ ਕੇ ਤੁਹਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ। ਕੀ ਤੁਸੀਂ ਇਸ ਕਰਕੇ ਦੁਖੀ ਹੋ ਕਿਉਂਕਿ ਤੁਹਾਡੇ ਪਰਿਵਾਰ ਦੇ ਕਿਸੇ ਜੀਅ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ ਹੈ? ਜੇ ਹਾਂ, ਤਾਂ ਕਿਉਂ ਨਾ ਅਧਿਐਨ ਕਰ ਕੇ ਆਪਣੇ ਆਪ ਨੂੰ ਯਕੀਨ ਦਿਵਾਓ ਕਿ ਯਹੋਵਾਹ ਦੇ ਅਨੁਸ਼ਾਸਨ ਦੇਣ ਦਾ ਤਰੀਕਾ ਬਿਲਕੁਲ ਸਹੀ ਹੈ। ਜਦੋਂ ਤੁਹਾਡੇ ’ਤੇ ਮੁਸ਼ਕਲਾਂ ਆਉਂਦੀਆਂ ਹਨ, ਤਾਂ ਇਸ ਨੂੰ ਯਹੋਵਾਹ ’ਤੇ ਆਪਣੀ ਨਿਹਚਾ ਪੱਕੀ ਕਰਨ ਦਾ ਮੌਕਾ ਸਮਝੋ। ਪ੍ਰਾਰਥਨਾ ਰਾਹੀਂ ਯਹੋਵਾਹ ਸਾਮ੍ਹਣੇ ਆਪਣਾ ਦਿਲ ਖੋਲ੍ਹ ਦਿਓ। ਆਪਣੇ ਆਪ ਨੂੰ ਭੈਣਾਂ-ਭਰਾਵਾਂ ਤੋਂ ਅਲੱਗ ਨਾ ਕਰੋ, ਸਗੋਂ ਭੈਣਾਂ-ਭਰਾਵਾਂ ਨਾਲ ਮਿਲਦੇ-ਜੁਲਦੇ ਰਹੋ। (ਕਹਾ. 18:1) ਚਾਹੇ ਤੁਹਾਨੂੰ ਆਪਣੇ ਦੁੱਖਾਂ ਬਾਰੇ ਸੋਚ ਕੇ ਰੋਣਾ ਹੀ ਕਿਉਂ ਨਾ ਆਉਂਦਾ ਹੋਵੇ, ਫਿਰ ਵੀ ਉਨ੍ਹਾਂ ਕੰਮਾਂ ਵਿਚ ਲੱਗੇ ਰਹੋ ਜਿਨ੍ਹਾਂ ਨੂੰ ਕਰ ਕੇ ਤੁਸੀਂ ਆਪਣੇ ਦੁੱਖਾਂ ਨੂੰ ਸਹਿ ਸਕਦੇ ਹੋ। (ਜ਼ਬੂ. 126:5, 6) ਪਹਿਲਾਂ ਵਾਂਗ ਹੀ ਮੀਟਿੰਗਾਂ ਅਤੇ ਪ੍ਰਚਾਰ ’ਤੇ ਜਾਂਦੇ ਰਹੋ ਤੇ ਬਾਈਬਲ ਪੜ੍ਹਦੇ ਰਹੋ। ਨਾਲੇ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ’ਤੇ ਆਪਣਾ ਧਿਆਨ ਲਾਈ ਰੱਖੋ। ਜਦੋਂ ਤੁਸੀਂ ਆਪਣੀ ਅੱਖੀਂ ਦੇਖੋਗੇ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰਦਾ ਹੈ, ਤਾਂ ਉਸ ’ਤੇ ਤੁਹਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ।

“ਸਾਨੂੰ ਹੋਰ ਨਿਹਚਾ ਦੇ”

18. ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਵਿਚ ਨਿਹਚਾ ਦੀ ਕਮੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

18 ਕਿਸੇ ਪਰੀਖਿਆ ਵੇਲੇ ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਵਿਚ ਨਿਹਚਾ ਦੀ ਕਮੀ ਹੈ, ਤਾਂ ਨਿਰਾਸ਼ ਨਾ ਹੋਵੋ। ਇਸ ਦੀ ਬਜਾਇ, ਇਸ ਸਮੇਂ ਨੂੰ ਆਪਣੀ ਨਿਹਚਾ ਹੋਰ ਪੱਕੀ ਕਰਨ ਦਾ ਮੌਕਾ ਸਮਝੋ। ਤੁਸੀਂ ਵੀ ਯਿਸੂ ਦੇ ਰਸੂਲਾਂ ਵਾਂਗ ਬੇਨਤੀ ਕਰ ਸਕਦੇ ਹੋ। ਉਨ੍ਹਾਂ ਨੇ ਕਿਹਾ ਸੀ: “ਸਾਨੂੰ ਹੋਰ ਨਿਹਚਾ ਦੇ।” (ਲੂਕਾ 17:5) ਨਾਲੇ ਇਸ ਲੇਖ ਵਿਚ ਦਿੱਤੀਆਂ ਮਿਸਾਲਾਂ ’ਤੇ ਵੀ ਸੋਚ-ਵਿਚਾਰ ਕਰੋ। ਮੀਗਲ ਅਤੇ ਯੂਰਾਈ ਵਾਂਗ ਉਨ੍ਹਾਂ ਮੌਕਿਆਂ ਤੇ ਸੋਚ-ਵਿਚਾਰ ਕਰੋ ਜਦੋਂ ਯਹੋਵਾਹ ਨੇ ਤੁਹਾਡੀ ਮਦਦ ਕੀਤੀ ਸੀ। ਭੈਣ ਵੇਰੋ ਦੀ ਕੁੜੀ ਅਤੇ ਭੈਣ ਅਨਲ ਵਾਂਗ ਯਹੋਵਾਹ ਨੂੰ ਗਿੜਗਿੜਾ ਕੇ ਪ੍ਰਾਰਥਨਾ ਕਰੋ, ਖ਼ਾਸ ਕਰਕੇ ਔਖੀਆਂ ਘੜੀਆਂ ਵਿਚ। ਨਾਲੇ ਭੈਣ ਗੇਡੀ ਵਾਂਗ ਪਛਾਣੋ ਕਿ ਯਹੋਵਾਹ ਪਰਿਵਾਰ ਅਤੇ ਭੈਣਾਂ-ਭਰਾਵਾਂ ਨੂੰ ਵਰਤ ਕੇ ਤੁਹਾਡੀ ਮਦਦ ਕਰ ਸਕਦਾ ਹੈ। ਜਦੋਂ ਤੁਸੀਂ ਯਹੋਵਾਹ ਦੀ ਮਦਦ ਨਾਲ ਅੱਜ ਔਖੀਆਂ ਘੜੀਆਂ ਵਿੱਚੋਂ ਸਫ਼ਲਤਾ ਨਾਲ ਲੰਘਦੇ ਹੋ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਆਉਣ ਵਾਲੀਆਂ ਔਖੀਆਂ ਘੜੀਆਂ ਵਿਚ ਵੀ ਉਹ ਤੁਹਾਡੀ ਜ਼ਰੂਰ ਮਦਦ ਕਰੇਗਾ।

19. ਯਿਸੂ ਵਾਂਗ ਤੁਸੀਂ ਵੀ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹੋ?

19 ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਕਿਨ੍ਹਾਂ ਚਾਰ ਮਾਮਲਿਆਂ ਵਿਚ ਉਨ੍ਹਾਂ ਨੂੰ ਆਪਣੀ ਨਿਹਚਾ ਹੋਰ ਪੱਕੀ ਕਰਨ ਦੀ ਲੋੜ ਸੀ। ਯਿਸੂ ਜਾਣਦਾ ਸੀ ਕਿ ਜੇ ਉਹ ਇਸ ਤਰ੍ਹਾਂ ਕਰਨਗੇ, ਤਾਂ ਉਹ ਯਹੋਵਾਹ ਦੀ ਮਦਦ ਸਦਕਾ ਆਉਣ ਵਾਲੇ ਸਮੇਂ ਵਿਚ ਹਰ ਮੁਸ਼ਕਲ ਨੂੰ ਸਫ਼ਲਤਾ ਨਾਲ ਝੱਲ ਸਕਣਗੇ। (ਯੂਹੰ. 14:1; 16:33) ਉਸ ਨੂੰ ਇਸ ਗੱਲ ਦਾ ਵੀ ਪੂਰਾ ਭਰੋਸਾ ਸੀ ਕਿ ਆਉਣ ਵਾਲੇ ਸਮੇਂ ਵਿਚ ਇਕ ਬਹੁਤ ਵੱਡੀ ਭੀੜ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇਗੀ। (ਪ੍ਰਕਾ. 7:9, 14) ਕੀ ਤੁਸੀਂ ਵੀ ਉਸ ਭੀੜ ਵਿੱਚ ਹੋਵੋਗੇ? ਜੇ ਤੁਸੀਂ ਅੱਜ ਹਰ ਮੌਕੇ ਤੇ ਯਹੋਵਾਹ ਦੀ ਮਦਦ ਨਾਲ ਆਪਣੀ ਨਿਹਚਾ ਪੱਕੀ ਕਰੋਗੇ, ਤਾਂ ਉਸ ਦੀ ਅਪਾਰ ਕਿਰਪਾ ਨਾਲ ਤੁਸੀਂ ਵੀ ਉਨ੍ਹਾਂ ਵਿੱਚੋਂ ਇਕ ਹੋ ਸਕਦੇ ਹੋ।​—ਇਬ. 10:39.

ਗੀਤ 118 “ਸਾਨੂੰ ਹੋਰ ਨਿਹਚਾ ਦੇ”

^ ਪੈਰਾ 5 ਅਸੀਂ ਇਸ ਦੁਸ਼ਟ ਦੁਨੀਆਂ ਦੇ ਨਾਸ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਪਰ ਕੀ ਸਾਡੀ ਨਿਹਚਾ ਇੰਨੀ ਕੁ ਪੱਕੀ ਹੈ ਕਿ ਅਸੀਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਹਿ ਸਕੀਏ? ਇਸ ਲੇਖ ਵਿਚ ਅਸੀਂ ਭੈਣਾਂ-ਭਰਾਵਾਂ ਦੇ ਕੁਝ ਤਜਰਬਿਆਂ ’ਤੇ ਗੌਰ ਕਰਾਂਗੇ ਅਤੇ ਕਈ ਸਲਾਹਾਂ ਵੀ ਦੇਖਾਂਗੇ ਜਿਨ੍ਹਾਂ ਨੂੰ ਲਾਗੂ ਕਰ ਕੇ ਅਸੀਂ ਆਪਣੀ ਨਿਹਚਾ ਹੋਰ ਪੱਕੀ ਕਰ ਸਕਦੇ ਹਾਂ।