Skip to content

Skip to table of contents

ਅਧਿਐਨ ਲੇਖ 46

ਵਿਆਹ ਤੋਂ ਬਾਅਦ ਵੀ ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ

ਵਿਆਹ ਤੋਂ ਬਾਅਦ ਵੀ ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ

‘ਯਹੋਵਾਹ ਮੇਰੀ ਤਾਕਤ ਹੈ। ਮੇਰਾ ਦਿਲ ਉਸ ’ਤੇ ਭਰੋਸਾ ਰੱਖਦਾ ਹੈ।’​—ਜ਼ਬੂ. 28:7.

ਗੀਤ 131 ‘ਜੋ ਰੱਬ ਨੇ ਜੋੜਿਆਂ ਹੈ’

ਖ਼ਾਸ ਗੱਲਾਂ *

1-2. (ੳ) ਨਵੇਂ ਵਿਆਹੇ ਜੋੜਿਆਂ ਨੂੰ ਯਹੋਵਾਹ ’ਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ? (ਜ਼ਬੂਰ 37:3, 4) (ਅ) ਇਸ ਲੇਖ ਵਿਚ ਅਸੀਂ ਕੀ-ਕੀ ਦੇਖਾਂਗੇ?

ਸ਼ਾਇਦ ਤੁਹਾਡਾ ਵਿਆਹ ਹੋਣ ਵਾਲਾ ਹੈ ਜਾਂ ਤੁਹਾਡਾ ਨਵਾਂ-ਨਵਾਂ ਵਿਆਹ ਹੋਇਆ ਹੈ। ਤੁਸੀਂ ਆਪਣੇ ਜੀਵਨ ਸਾਥੀ ਨਾਲ ਬੇਪਨਾਹ ਪਿਆਰ ਕਰਦੇ ਹੋ ਅਤੇ ਤੁਸੀਂ ਉਸ ਨਾਲ ਖ਼ੁਸ਼ੀ-ਖ਼ੁਸ਼ੀ ਜ਼ਿੰਦਗੀ ਗੁਜ਼ਾਰਨ ਲਈ ਬੇਤਾਬ ਹੋ। ਪਰ ਯਾਦ ਰੱਖੋਂ ਕਿ ਵਿਆਹ ਫੁੱਲਾਂ ਦੀ ਸੇਜ ਨਹੀਂ ਹੈ। ਨਾਲੇ ਤੁਹਾਨੂੰ ਜ਼ਰੂਰੀ ਫ਼ੈਸਲੇ ਵੀ ਕਰਨੇ ਪੈਣਗੇ। ਤੁਸੀਂ ਦੋਵੇਂ ਜਿਸ ਤਰੀਕੇ ਨਾਲ ਮੁਸ਼ਕਲਾਂ ਦਾ ਹੱਲ ਕੱਢੋਗੇ ਅਤੇ ਜੋ ਵੀ ਫ਼ੈਸਲੇ ਲਵੋਗੇ, ਉਨ੍ਹਾਂ ਦਾ ਅਸਰ ਤੁਹਾਡੀ ਵਿਆਹੁਤਾ ਜ਼ਿੰਦਗੀ ’ਤੇ ਪਵੇਗਾ। ਜੇ ਤੁਸੀਂ ਯਹੋਵਾਹ ’ਤੇ ਭਰੋਸਾ ਰੱਖੋਗੇ, ਤਾਂ ਤੁਸੀਂ ਸਮਝਦਾਰੀ ਨਾਲ ਫ਼ੈਸਲੇ ਕਰ ਸਕੋਗੇ ਜਿਸ ਕਰਕੇ ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਤੇ ਤੁਸੀਂ ਖ਼ੁਸ਼ ਰਹੋਗੇ। ਪਰ ਜੇ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਸਲਾਹ ਲਾਗੂ ਨਹੀਂ ਕਰਦੇ, ਤਾਂ ਹੋ ਸਕਦਾ ਹੈ ਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆਉਣ ਤੇ ਤੁਹਾਡੀਆਂ ਖ਼ੁਸ਼ੀਆਂ ਵੀ ਖੰਭ ਲਾ ਕੇ ਉੱਡ ਜਾਣ।​—ਜ਼ਬੂਰ 37:3, 4 ਪੜ੍ਹੋ।

2 ਭਾਵੇਂ ਕਿ ਇਹ ਲੇਖ ਨਵੇਂ ਵਿਆਹੇ ਜੋੜਿਆਂ ਲਈ ਹੈ, ਪਰ ਅਸੀਂ ਇਸ ਵਿਚ ਉਨ੍ਹਾਂ ਮੁਸ਼ਕਲਾਂ ’ਤੇ ਵੀ ਚਰਚਾ ਕਰਾਂਗੇ ਜੋ ਸਾਰੇ ਵਿਆਹੇ ਜੋੜਿਆਂ ਨੂੰ ਆਉਂਦੀਆਂ ਹਨ। ਅਸੀਂ ਇਸ ਲੇਖ ਵਿਚ ਬਾਈਬਲ ਸਮੇਂ ਦੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀ ਮਿਸਾਲ ’ਤੇ ਵੀ ਗੌਰ ਕਰਾਂਗੇ। ਇਨ੍ਹਾਂ ਮਿਸਾਲਾਂ ਤੋਂ ਅਸੀਂ ਜੋ ਸਬਕ ਸਿੱਖਾਂਗੇ, ਉਨ੍ਹਾਂ ਨੂੰ ਖ਼ਾਸ ਕਰਕੇ ਅਸੀਂ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। ਨਾਲੇ ਅਸੀਂ ਅੱਜ ਦੇ ਸਮੇਂ ਦੇ ਕੁਝ ਵਿਆਹੇ ਜੋੜਿਆਂ ਦੇ ਤਜਰਬਿਆਂ ਤੋਂ ਵੀ ਸਿੱਖਾਂਗੇ।

ਨਵੇਂ ਵਿਆਹੇ ਜੋੜਿਆਂ ਨੂੰ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ?

ਕਿਹੜੇ ਫ਼ੈਸਲਿਆਂ ਕਰਕੇ ਨਵੇਂ ਜੋੜੇ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਨਹੀਂ ਕਰ ਪਾਉਂਦੇ? (ਪੈਰੇ 3-4 ਦੇਖੋ)

3-4. ਨਵੇਂ ਵਿਆਹੇ ਜੋੜਿਆਂ ਨੂੰ ਕਿਹੜੀਆਂ ਕੁਝ ਮੁਸ਼ਕਲਾਂ ਆ ਸਕਦੀਆਂ ਹਨ?

3 ਕੁਝ ਲੋਕ ਸ਼ਾਇਦ ਨਵੇਂ ਵਿਆਹੇ ਜੋੜਿਆਂ ਨੂੰ ਹੱਲਾਸ਼ੇਰੀ ਦਿੰਦੇ ਹਨ ਕਿ ਉਹ ਬਾਕੀਆਂ ਵਾਂਗ ਹੀ ਜ਼ਿੰਦਗੀ ਜੀਉਣ। ਉਦਾਹਰਣ ਲਈ, ਮਾਪੇ, ਰਿਸ਼ਤੇਦਾਰ ਅਤੇ ਦੋਸਤ ਨਵੇਂ ਜੋੜੇ ’ਤੇ ਜ਼ੋਰ ਪਾਉਣ ਕਿ ਉਹ ਜਲਦੀ ਬੱਚਾ ਪੈਦਾ ਕਰਨ, ਘਰ ਖ਼ਰੀਦਣ ਅਤੇ ਆਰਾਮਦਾਇਕ ਜ਼ਿੰਦਗੀ ਬਿਤਾਉਣ।

4 ਜੇ ਉਹ ਰਿਸ਼ਤੇਦਾਰਾਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ, ਤਾਂ ਸ਼ਾਇਦ ਉਹ ਇਸ ਤਰ੍ਹਾਂ ਦੇ ਫ਼ੈਸਲੇ ਲੈ ਸਕਦੇ ਹਨ ਜਿਨ੍ਹਾਂ ਕਰਕੇ ਉਹ ਕਰਜ਼ੇ ਦੇ ਭਾਰੀ ਬੋਝ ਹੇਠ ਦੱਬ ਜਾਣ। ਫਿਰ ਪਤੀ-ਪਤਨੀ ਦੋਨਾਂ ਨੂੰ ਕਰਜ਼ਾ ਚੁਕਾਉਣ ਲਈ ਕਈ-ਕਈ ਘੰਟੇ ਕੰਮ ਕਰਨਾ ਪੈ ਸਕਦਾ ਹੈ। ਸ਼ਾਇਦ ਉਨ੍ਹਾਂ ਨੂੰ ਇੰਨਾ ਕੰਮ ਕਰਨਾ ਪਵੇ ਕਿ ਉਨ੍ਹਾਂ ਕੋਲ ਬਾਈਬਲ ਪੜ੍ਹਨ, ਪਰਿਵਾਰਕ ਸਟੱਡੀ ਕਰਨ ਅਤੇ ਪ੍ਰਚਾਰ ਵਿਚ ਹਿੱਸਾ ਲੈਣ ਲਈ ਸਮਾਂ ਹੀ ਨਾ ਬਚੇ। ਜ਼ਿਆਦਾ ਪੈਸੇ ਕਮਾਉਣ ਅਤੇ ਆਪਣੀ ਨੌਕਰੀ ਬਚਾਉਣ ਦੇ ਚੱਕਰ ਵਿਚ ਉਹ ਜ਼ਿਆਦਾ ਸਮਾਂ ਕੰਮ ਕਰਦੇ ਹਨ ਅਤੇ ਮੀਟਿੰਗਾਂ ਵਿਚ ਨਹੀਂ ਜਾ ਪਾਉਂਦੇ। ਨਤੀਜੇ ਵਜੋਂ, ਉਹ ਯਹੋਵਾਹ ਦੀ ਸੇਵਾ ਵਿਚ ਮਿਲਣ ਵਾਲੇ ਵਧੀਆ ਮੌਕੇ ਗੁਆ ਦਿੰਦੇ ਹਨ।

5. ਕਲਾਊਸ ਤੇ ਮਰੀਸਾ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?

5 ਬਹੁਤ ਸਾਰੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਵਿਚ ਧਨ-ਦੌਲਤ ਜਾਂ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਕੇ ਸੱਚੀ ਖ਼ੁਸ਼ੀ ਨਹੀਂ ਮਿਲਦੀ। ਆਓ ਅਸੀਂ ਦੇਖੀਏ ਕਿ ਕਲਾਊਸ ਤੇ ਮਰੀਸਾ ਨਾਂ ਦੇ ਜੋੜੇ ਨੇ ਇਸ ਬਾਰੇ ਕੀ ਸਿੱਖਿਆ। * ਜਦੋਂ ਉਨ੍ਹਾਂ ਦਾ ਵਿਆਹ ਹੋਇਆ, ਤਾਂ ਉਨ੍ਹਾਂ ਨੇ ਆਰਾਮਦਾਇਕ ਜ਼ਿੰਦਗੀ ਬਿਤਾਉਣ ਲਈ ਦਿਨ-ਰਾਤ ਕੰਮ ਕੀਤਾ। ਪਰ ਉਨ੍ਹਾਂ ਦੀ ਜ਼ਿੰਦਗੀ ਵਿਚ ਸੱਚੀ ਖ਼ੁਸ਼ੀ ਨਹੀਂ ਸੀ। ਕਲਾਊਸ ਕਹਿੰਦਾ ਹੈ: “ਸਾਡੇ ਕੋਲ ਲੋੜ ਤੋਂ ਜ਼ਿਆਦਾ ਚੀਜ਼ਾਂ ਸਨ, ਪਰ ਸੱਚ ਦੱਸਾਂ ਤਾਂ ਸਾਡੀ ਜ਼ਿੰਦਗੀ ਤਣਾਅ ਅਤੇ ਉਲਝਣਾਂ ਨਾਲ ਭਰੀ ਹੋਈ ਸੀ।” ਸ਼ਾਇਦ ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਦੇਖਿਆ ਹੋਣਾ ਕਿ ਚੀਜ਼ਾਂ ਇਕੱਠੀਆਂ ਕਰ ਕੇ ਸੱਚੀ ਖ਼ੁਸ਼ੀ ਨਹੀਂ ਮਿਲਦੀ। ਜੇ ਤੁਹਾਡੇ ਨਾਲ ਵੀ ਇੱਦਾਂ ਹੋਇਆ ਹੈ, ਤਾਂ ਨਿਰਾਸ਼ ਨਾ ਹੋਵੋ। ਆਓ ਆਪਾਂ ਇਸ ਬਾਰੇ ਦੂਸਰਿਆਂ ਦੀਆਂ ਚੰਗੀਆਂ ਮਿਸਾਲਾਂ ’ਤੇ ਗੌਰ ਕਰੀਏ ਜਿਨ੍ਹਾਂ ਤੋਂ ਸਾਡੀ ਮਦਦ ਹੋ ਸਕਦੀ ਹੈ। ਪਹਿਲਾਂ ਆਪਾਂ ਦੇਖਦੇ ਹਾਂ ਕਿ ਰਾਜਾ ਯਹੋਸ਼ਾਫ਼ਾਟ ਦੀ ਮਿਸਾਲ ਤੋਂ ਪਤੀ ਕੀ ਸਿੱਖ ਸਕਦੇ ਹਨ।

ਯਹੋਸ਼ਾਫਾਟ ਵਾਂਗ ਯਹੋਵਾਹ ’ਤੇ ਭਰੋਸਾ ਰੱਖੋ

6. ਯਹੋਸ਼ਾਫ਼ਾਟ ਨੇ ਇਕ ਵੱਡੀ ਮੁਸ਼ਕਲ ਵੇਲੇ ਕਹਾਉਤਾਂ 3:5, 6 ਵਿਚ ਦਿੱਤੀ ਸਲਾਹ ਨੂੰ ਕਿਵੇਂ ਲਾਗੂ ਕੀਤਾ?

6 ਪਤੀਓ, ਕੀ ਤੁਹਾਨੂੰ ਇਹ ਸੋਚ ਕੇ ਫ਼ਿਕਰ ਹੁੰਦੀ ਹੈ ਕਿ ਤੁਹਾਡੇ ਉੱਤੇ ਕਿੰਨੀ ਵੱਡੀ ਜ਼ਿੰਮੇਵਾਰੀ ਹੈ? ਜੇ ਹਾਂ, ਤਾਂ ਤੁਸੀਂ ਰਾਜਾ ਯਹੋਸ਼ਾਫ਼ਾਟ ਦੀ ਮਿਸਾਲ ਤੋਂ ਸਿੱਖ ਸਕਦੇ ਹੋ। ਰਾਜਾ ਹੋਣ ਦੇ ਨਾਤੇ ਪੂਰੀ ਕੌਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਯਹੋਸ਼ਾਫ਼ਾਟ ਦੀ ਸੀ। ਉਸ ਨੇ ਇੰਨੀ ਵੱਡੀ ਜ਼ਿੰਮੇਵਾਰੀ ਕਿਵੇਂ ਨਿਭਾਈ? ਯਹੋਸ਼ਾਫ਼ਾਟ ਨੇ ਉਹ ਸਭ ਕੁਝ ਕੀਤਾ ਜੋ ਉਹ ਲੋਕਾਂ ਦੀ ਸੁਰੱਖਿਆ ਵਾਸਤੇ ਕਰ ਸਕਦਾ ਸੀ। ਉਸ ਨੇ ਯਹੂਦਾਹ ਦੇ ਸ਼ਹਿਰਾਂ ਨੂੰ ਕਿਲੇਬੰਦ ਬਣਾਇਆ ਅਤੇ ਉਸ ਦੀ ਫ਼ੌਜ ਵਿਚ 11 ਲੱਖ 60 ਹਜ਼ਾਰ ਤੋਂ ਜ਼ਿਆਦਾ ਫ਼ੌਜੀ ਸਨ। (2 ਇਤਿ. 17:12-19) ਬਾਅਦ ਵਿਚ, ਯਹੋਸ਼ਾਫ਼ਾਟ ’ਤੇ ਇਕ ਵੱਡੀ ਮੁਸ਼ਕਲ ਆਈ। ਅੰਮੋਨੀਆਂ, ਮੋਆਬੀਆਂ ਅਤੇ ਸੇਈਰ ਦੇ ਪਹਾੜੀ ਇਲਾਕੇ ਦੀ ਵੱਡੀ ਫ਼ੌਜ ਯਹੋਸ਼ਾਫਾਟ, ਉਸ ਦੇ ਪਰਿਵਾਰ ਤੇ ਉਸ ਦੇ ਲੋਕਾਂ ’ਤੇ ਹਮਲਾ ਕਰਨ ਆਈ। (2 ਇਤਿ. 20:1, 2) ਉਦੋਂ ਯਹੋਸ਼ਾਫ਼ਾਟ ਨੇ ਕੀ ਕੀਤਾ? ਉਸ ਨੇ ਮਦਦ ਤੇ ਤਾਕਤ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਉਸ ਨੇ ਕਹਾਉਤਾਂ 3:5, 6 (ਪੜ੍ਹੋ।) ਵਿਚ ਦਰਜ ਸਲਾਹ ਲਾਗੂ ਕੀਤੀ। ਉਸ ਦੁਆਰਾ ਨਿਮਰਤਾ ਨਾਲ ਕੀਤੀ ਪ੍ਰਾਰਥਨਾ 2 ਇਤਿਹਾਸ 20:5-12 ਵਿਚ ਦਰਜ ਹੈ। ਇਸ ਪ੍ਰਾਰਥਨਾ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੇ ਸਵਰਗੀ ਪਿਤਾ ’ਤੇ ਕਿੰਨਾ ਭਰੋਸਾ ਸੀ। ਯਹੋਵਾਹ ਨੇ ਯਹੋਸ਼ਾਫਾਟ ਦੀ ਪ੍ਰਾਰਥਨਾ ਦਾ ਜਵਾਬ ਕਿਵੇਂ ਦਿੱਤਾ?

7. ਯਹੋਵਾਹ ਨੇ ਯਹੋਸ਼ਾਫ਼ਾਟ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੱਤਾ?

7 ਯਹੋਵਾਹ ਨੇ ਯਹਜ਼ੀਏਲ ਨਬੀ ਦੁਆਰਾ ਯਹੋਸ਼ਾਫ਼ਾਟ ਨੂੰ ਕਿਹਾ: “ਆਪੋ-ਆਪਣੀ ਜਗ੍ਹਾ ਡਟ ਕੇ ਖੜ੍ਹੇ ਰਹਿਓ ਤੇ ਦੇਖਿਓ ਕਿ ਯਹੋਵਾਹ ਤੁਹਾਨੂੰ ਕਿਵੇਂ ਮੁਕਤੀ ਦਿੰਦਾ ਹੈ।” (2 ਇਤਿ. 20:13-17) ਆਮ ਤੌਰ ਤੇ ਯੁੱਧ ਇਸ ਤਰ੍ਹਾਂ ਨਹੀਂ ਲੜੇ ਜਾਂਦੇ ਸਨ। ਪਰ ਇਹ ਹਿਦਾਇਤਾਂ ਕਿਸੇ ਇਨਸਾਨ ਵੱਲੋਂ ਨਹੀਂ, ਸਗੋਂ ਯਹੋਵਾਹ ਵੱਲੋਂ ਸਨ। ਯਹੋਸ਼ਾਫ਼ਾਟ ਨੂੰ ਪਰਮੇਸ਼ੁਰ ’ਤੇ ਪੂਰਾ ਭਰੋਸਾ ਸੀ ਜਿਸ ਕਰਕੇ ਉਸ ਨੇ ਪਰਮੇਸ਼ੁਰ ਦੇ ਕਹੇ ਮੁਤਾਬਕ ਸਭ ਕੁਝ ਕੀਤਾ। ਜਦੋਂ ਉਹ ਤੇ ਉਸ ਦੇ ਲੋਕ ਦੁਸ਼ਮਣਾਂ ਨਾਲ ਲੜਨ ਲਈ ਗਏ, ਤਾਂ ਉਸ ਨੇ ਆਪਣੇ ਮਾਹਰ ਫ਼ੌਜੀਆਂ ਨੂੰ ਸਭ ਤੋਂ ਅੱਗੇ ਰੱਖਣ ਦੀ ਬਜਾਇ, ਲੇਵੀ ਗਾਇਕਾਂ ਨੂੰ ਅੱਗੇ ਰੱਖਿਆ। ਯਹੋਵਾਹ ਨੇ ਯਹੋਸ਼ਾਫ਼ਾਟ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਅਤੇ ਦੁਸ਼ਮਣਾਂ ਨੂੰ ਹਰਾ ਦਿੱਤਾ।​—2 ਇਤਿ. 20:18-23.

ਪ੍ਰਾਰਥਨਾ ਕਰ ਕੇ ਅਤੇ ਬਾਈਬਲ ਅਧਿਐਨ ਕਰ ਕੇ ਨਵੇਂ ਵਿਆਹੇ ਜੋੜੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇ ਸਕਦੇ ਹਨ (ਪੈਰੇ 8, 10 ਦੇਖੋ)

8. ਯਹੋਸ਼ਾਫ਼ਾਟ ਦੀ ਮਿਸਾਲ ਤੋਂ ਪਤੀ ਕੀ ਸਿੱਖ ਸਕਦੇ ਹਨ?

8 ਪਤੀਓ, ਤੁਸੀਂ ਯਹੋਸ਼ਾਫ਼ਾਟ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ? ਪਰਿਵਾਰ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ। ਇਸ ਲਈ ਆਪਣੇ ਪਰਿਵਾਰ ਦੀ ਹਿਫ਼ਾਜ਼ਤ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਕਰੋ। ਜਦੋਂ ਤੁਹਾਨੂੰ ਮੁਸ਼ਕਲਾਂ ਆਉਂਦੀਆਂ ਹਨ, ਤਾਂ ਸ਼ਾਇਦ ਤੁਸੀਂ ਸੋਚੋ ਕਿ ਤੁਸੀਂ ਆਪਣੇ ਦਮ ’ਤੇ ਇਨ੍ਹਾਂ ਨੂੰ ਸੁਲਝਾ ਸਕਦੇ ਹੋ। ਪਰ ਆਪਣੀ ਤਾਕਤ ’ਤੇ ਭਰੋਸਾ ਕਰਨ ਦੀ ਬਜਾਇ ਮਦਦ ਲਈ ਯਹੋਵਾਹ ਨੂੰ ਇਕੱਲਿਆਂ ਪ੍ਰਾਰਥਨਾ ਕਰੋ ਅਤੇ ਆਪਣੀ ਪਤਨੀ ਨਾਲ ਮਿਲ ਕੇ ਵੀ ਪ੍ਰਾਰਥਨਾ ਕਰੋ। ਯਹੋਵਾਹ ਤੋਂ ਸਲਾਹ ਲੈਣ ਲਈ ਕਿਉਂ ਨਾ ਤੁਸੀਂ ਬਾਈਬਲ ਅਤੇ ਪਰਮੇਸ਼ੁਰ ਦੇ ਸੰਗਠਨ ਵੱਲੋਂ ਤਿਆਰ ਕੀਤੇ ਪ੍ਰਕਾਸ਼ਨ ਪੜ੍ਹੋ ਅਤੇ ਇਨ੍ਹਾਂ ਵਿੱਚ ਦਿੱਤੀਆਂ ਸਲਾਹਾਂ ਨੂੰ ਲਾਗੂ ਕਰੋ। ਹੋ ਸਕਦਾ ਹੈ ਕਿ ਤੁਸੀਂ ਬਾਈਬਲ ਦੀ ਸਲਾਹ ਮੁਤਾਬਕ ਜੋ ਵੀ ਫ਼ੈਸਲੇ ਕਰੋ, ਦੂਜੇ ਉਸ ਨਾਲ ਸਹਿਮਤ ਨਾ ਹੋਣ। ਨਾਲੇ ਇੱਥੋਂ ਤਕ ਕਿ ਉਹ ਤੁਹਾਨੂੰ ਮੂਰਖ ਵੀ ਕਹਿਣ। ਉਹ ਸ਼ਾਇਦ ਇਹ ਵੀ ਕਹਿਣ ਕਿ ਪੈਸੇ ਤੇ ਚੀਜ਼ਾਂ ਨਾਲ ਹੀ ਤੁਸੀਂ ਆਪਣੇ ਪਰਿਵਾਰ ਦੀ ਸਭ ਤੋਂ ਵਧੀਆ ਤਰੀਕੇ ਨਾਲ ਹਿਫ਼ਾਜ਼ਤ ਕਰ ਸਕਦੇ ਹੋ। ਪਰ ਯਹੋਸ਼ਾਫ਼ਾਟ ਦੀ ਮਿਸਾਲ ਯਾਦ ਰੱਖੋ। ਉਸ ਨੇ ਯਹੋਵਾਹ ’ਤੇ ਪੂਰਾ ਭਰੋਸਾ ਰੱਖਿਆ ਅਤੇ ਆਪਣੇ ਕੰਮਾਂ ਰਾਹੀਂ ਵੀ ਇਸ ਨੂੰ ਜ਼ਾਹਰ ਕੀਤਾ। ਯਹੋਵਾਹ ਨੇ ਇਸ ਵਫ਼ਾਦਾਰ ਆਦਮੀ ਦਾ ਸਾਥ ਕਦੇ ਨਹੀਂ ਛੱਡਿਆ ਅਤੇ ਉਹ ਤੁਹਾਡਾ ਸਾਥ ਵੀ ਕਦੇ ਨਹੀਂ ਛੱਡੇਗਾ। (ਜ਼ਬੂ. 37:28; ਇਬ. 13:5) ਵਿਆਹੇ ਜੋੜੇ ਆਪਣੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਈ ਰੱਖਣ ਲਈ ਹੋਰ ਕੀ ਕਰ ਸਕਦੇ ਹਨ?

ਯਸਾਯਾਹ ਨਬੀ ਅਤੇ ਉਸ ਦੀ ਪਤਨੀ ਵਾਂਗ ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ

9. ਯਸਾਯਾਹ ਨਬੀ ਤੇ ਉਸ ਦੀ ਪਤਨੀ ਬਾਰੇ ਅਸੀਂ ਕੀ ਕਹਿ ਸਕਦੇ ਹਾਂ?

9 ਯਸਾਯਾਹ ਨਬੀ ਅਤੇ ਉਸ ਦੀ ਪਤਨੀ ਲਈ ਯਹੋਵਾਹ ਦੀ ਸੇਵਾ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਸੀ। ਯਸਾਯਾਹ ਨਬੀ ਸੀ ਅਤੇ ਹੋ ਸਕਦਾ ਹੈ ਕਿ ਉਸ ਦੀ ਪਤਨੀ ਕੋਲ ਵੀ ਭਵਿੱਖਬਾਣੀਆਂ ਕਰਨ ਦੀ ਜ਼ਿੰਮੇਵਾਰੀ ਸੀ ਕਿਉਂਕਿ ਬਾਈਬਲ ਵਿਚ ਉਸ ਨੂੰ “ਨਬੀਆ” ਕਿਹਾ ਗਿਆ ਹੈ। (ਯਸਾ. 8:1-4) ਉਨ੍ਹਾਂ ਦੋਨਾਂ ਨੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੱਤੀ। ਉਹ ਅੱਜ ਦੇ ਜੋੜਿਆਂ ਲਈ ਕਿੰਨੀ ਹੀ ਵਧੀਆ ਮਿਸਾਲ ਹਨ!

10. ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਨ ਲਈ ਜੋੜਿਆਂ ਨੂੰ ਕੀ ਕਰਨਾ ਚਾਹੀਦਾ ਹੈ?

10 ਅੱਜ ਨਵੇਂ ਵਿਆਹੇ ਜੋੜੇ ਵੀ ਯਸਾਯਾਹ ਅਤੇ ਉਸ ਦੀ ਪਤਨੀ ਦੀ ਮਿਸਾਲ ’ਤੇ ਚੱਲਦੇ ਹਨ। ਉਹ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਯਹੋਵਾਹ ’ਤੇ ਆਪਣਾ ਭਰੋਸਾ ਪੱਕਾ ਕਰਨ ਲਈ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਮਿਲ ਕੇ ਅਧਿਐਨ ਕਰਦੇ ਹਨ ਅਤੇ ਦੇਖਦੇ ਹਨ ਕਿ ਇਹ ਹਮੇਸ਼ਾ ਕਿਵੇਂ ਪੂਰੀਆਂ ਹੁੰਦੀਆਂ ਹਨ। * (ਤੀਤੁ. 1:2) ਉਹ ਗੌਰ ਕਰਦੇ ਹਨ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਨ ਵਿਚ ਉਹ ਕਿਵੇਂ ਹਿੱਸਾ ਪਾ ਸਕਦੇ ਹਨ। ਉਦਾਹਰਣ ਲਈ, ਉਹ ਯਿਸੂ ਦੁਆਰਾ ਕੀਤੀ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਹਿੱਸਾ ਪਾਉਂਦੇ ਹਨ ਕਿ ਅੰਤ ਆਉਣ ਤੋਂ ਪਹਿਲਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ। (ਮੱਤੀ 24:14) ਜਿੰਨਾ ਜ਼ਿਆਦਾ ਵਿਆਹੇ ਜੋੜਿਆਂ ਦਾ ਬਾਈਬਲ ਦੀਆਂ ਭਵਿੱਖਬਾਣੀਆਂ ’ਤੇ ਭਰੋਸਾ ਪੱਕਾ ਹੋਵੇਗਾ, ਉੱਨਾ ਜ਼ਿਆਦਾ ਯਹੋਵਾਹ ਦੀ ਸੇਵਾ ਕਰਨ ਦਾ ਉਨ੍ਹਾਂ ਦਾ ਇਰਾਦਾ ਵੀ ਪੱਕਾ ਹੋਵੇਗਾ।

ਅਕੂਲਾ ਤੇ ਪ੍ਰਿਸਕਿੱਲਾ ਵਾਂਗ ਰਾਜ ਨੂੰ ਪਹਿਲ ਦਿਓ

11. ਅਕੂਲਾ ਤੇ ਪ੍ਰਿਸਕਿੱਲਾ ਕੀ ਕਰ ਸਕੇ ਅਤੇ ਕਿਉਂ?

11 ਇਕ ਜਵਾਨ ਵਿਆਹੇ ਜੋੜੇ ਅਕੂਲਾ ਤੇ ਪ੍ਰਿਸਕਿੱਲਾ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਇਹ ਜੋੜਾ ਰੋਮ ਵਿਚ ਰਹਿੰਦਾ ਸੀ। ਉਨ੍ਹਾਂ ਨੇ ਯਿਸੂ ਬਾਰੇ ਖ਼ੁਸ਼ ਖ਼ਬਰੀ ਸੁਣੀ ਅਤੇ ਉਹ ਮਸੀਹੀ ਬਣ ਗਏ। ਬਿਨਾਂ ਸ਼ੱਕ, ਉਹ ਆਪਣੀ ਜ਼ਿੰਦਗੀ ਵਿਚ ਖ਼ੁਸ਼ ਸਨ। ਪਰ ਅਚਾਨਕ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਸਮਰਾਟ ਕਲੋਡੀਉਸ ਨੇ ਸਾਰੇ ਯਹੂਦੀਆਂ ਨੂੰ ਰੋਮ ਛੱਡਣ ਲਈ ਕਿਹਾ। ਇਸ ਕਰਕੇ ਉਨ੍ਹਾਂ ’ਤੇ ਕੁਝ ਮੁਸ਼ਕਲਾਂ ਆਈਆਂ। ਉਨ੍ਹਾਂ ਨੂੰ ਆਪਣਾ ਸ਼ਹਿਰ ਛੱਡਣਾ ਪਿਆ ਜਿਸ ਤੋਂ ਉਹ ਚੰਗੀ ਤਰ੍ਹਾਂ ਵਾਕਫ਼ ਸਨ। ਉਨ੍ਹਾਂ ਨੂੰ ਨਵਾਂ ਘਰ ਲੱਭਣਾ ਪਿਆ ਅਤੇ ਨਵੀਂ ਜਗ੍ਹਾ ’ਤੇ ਤੰਬੂ ਬਣਾਉਣ ਦਾ ਕੰਮ ਫਿਰ ਤੋਂ ਸ਼ੁਰੂ ਕਰਨਾ ਪਿਆ। ਕੀ ਇਨ੍ਹਾਂ ਹਾਲਾਤਾਂ ਕਰਕੇ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਨੀ ਛੱਡ ਦਿੱਤੀ? ਨਹੀਂ, ਉਨ੍ਹਾਂ ਨੇ ਰਾਜ ਦੇ ਕੰਮਾਂ ਨੂੰ ਪਹਿਲੀ ਥਾਂ ਦਿੱਤੀ। ਉਹ ਕੁਰਿੰਥ ਚਲੇ ਗਏ ਅਤੇ ਉੱਥੇ ਦੀ ਮੰਡਲੀ ਨਾਲ ਮਿਲ ਕੇ ਸੇਵਾ ਕਰਨ ਲੱਗ ਪਏ। ਨਾਲੇ ਉਨ੍ਹਾਂ ਨੇ ਪੌਲੁਸ ਨਾਲ ਮਿਲ ਕੇ ਉੱਥੋਂ ਦੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕੀਤਾ। ਬਾਅਦ ਵਿਚ, ਉਹ ਹੋਰ ਸ਼ਹਿਰਾਂ ਵਿਚ ਵੀ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। (ਰਸੂ. 18:18-21; ਰੋਮੀ. 16:3-5) ਸੱਚ-ਮੁੱਚ, ਉਨ੍ਹਾਂ ਦੀ ਜ਼ਿੰਦਗੀ ਖ਼ੁਸ਼ੀਆਂ ਅਤੇ ਮਕਸਦ ਭਰੀ ਸੀ!

12. ਵਿਆਹੇ ਜੋੜਿਆਂ ਨੂੰ ਯਹੋਵਾਹ ਦੀ ਸੇਵਾ ਵਿਚ ਟੀਚੇ ਕਿਉਂ ਰੱਖਣੇ ਚਾਹੀਦੇ ਹਨ?

12 ਅੱਜ ਦੇ ਜੋੜੇ ਅਕੂਲਾ ਤੇ ਪ੍ਰਿਸਕਿੱਲਾ ਦੀ ਰੀਸ ਕਰ ਕੇ ਰਾਜ ਨੂੰ ਪਹਿਲੀ ਥਾਂ ਦੇ ਸਕਦੇ ਹਨ। ਵਿਆਹ ਤੋਂ ਪਹਿਲਾਂ ਜਦੋਂ ਮੁੰਡਾ-ਕੁੜੀ ਇਕ-ਦੂਜੇ ਨੂੰ ਜਾਣਨ ਲਈ ਮਿਲਦੇ ਹਨ, ਤਾਂ ਵਧੀਆ ਹੋਵੇਗਾ ਕਿ ਉਦੋਂ ਉਹ ਯਹੋਵਾਹ ਦੀ ਸੇਵਾ ਵਿਚ ਆਪਣੇ ਟੀਚਿਆਂ ਬਾਰੇ ਗੱਲ ਕਰਨ। ਜਦੋਂ ਪਤੀ-ਪਤਨੀ ਮਿਲ ਕੇ ਯਹੋਵਾਹ ਦੀ ਸੇਵਾ ਵਿਚ ਫ਼ੈਸਲੇ ਕਰਦੇ ਹਨ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਕੋਲ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖਣ ਦੇ ਜ਼ਿਆਦਾ ਮੌਕੇ ਹੁੰਦੇ ਹਨ। (ਉਪ. 4:9, 12) ਜ਼ਰਾ ਰਸਲ ਤੇ ਇਲਿਜ਼ਬਥ ’ਤੇ ਗੌਰ ਕਰੋ। ਰਸਲ ਕਹਿੰਦਾ ਹੈ: “ਵਿਆਹ ਤੋਂ ਪਹਿਲਾਂ ਜਦੋਂ ਅਸੀਂ ਇਕ-ਦੂਜੇ ਨੂੰ ਜਾਣਨ ਲਈ ਮਿਲਦੇ ਸੀ, ਉਦੋਂ ਅਸੀਂ ਗੱਲ ਕਰਦੇ ਸੀ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਕੀ-ਕੀ ਕਰਾਂਗੇ।” ਇਲਿਜ਼ਬਥ ਕਹਿੰਦੀ ਹੈ: “ਅਸੀਂ ਇਹ ਵੀ ਗੱਲ ਕੀਤੀ ਸੀ ਕਿ ਵਿਆਹ ਤੋਂ ਬਾਅਦ ਸਾਨੂੰ ਹੋਰ ਵੀ ਫ਼ੈਸਲੇ ਕਰਨੇ ਪੈਣਗੇ, ਪਰ ਉਨ੍ਹਾਂ ਫ਼ੈਸਲਿਆਂ ਕਰਕੇ ਅਸੀਂ ਯਹੋਵਾਹ ਦੀ ਸੇਵਾ ਵਿਚ ਰੱਖੇ ਆਪਣੇ ਟੀਚਿਆਂ ਨੂੰ ਨਹੀਂ ਬਦਲਾਂਗੇ।” ਕੁਝ ਸਮੇਂ ਬਾਅਦ, ਰਸਲ ਤੇ ਇਲਿਜ਼ਬਥ ਮਾਈਕ੍ਰੋਨੇਸ਼ੀਆ ਚਲੇ ਗਏ ਕਿਉਂਕਿ ਉੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ।

ਟੀਚੇ ਰੱਖ ਕੇ ਨਵੇਂ ਵਿਆਹੇ ਜੋੜੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇ ਸਕਦੇ ਹਨ (ਪੈਰਾ 13 ਦੇਖੋ)

13. ਜ਼ਬੂਰ 28:7 ਮੁਤਾਬਕ ਯਹੋਵਾਹ ’ਤੇ ਭਰੋਸਾ ਕਰਨ ਦੇ ਕਿਹੜੇ ਨਤੀਜੇ ਨਿਕਲਦੇ ਹਨ?

13 ਰਸਲ ਅਤੇ ਇਲਿਜ਼ਬਥ ਵਾਂਗ ਬਹੁਤ ਸਾਰੇ ਜੋੜੇ ਆਪਣੀ ਜ਼ਿੰਦਗੀ ਸਾਦੀ ਰੱਖਦੇ ਹਨ ਤਾਂਕਿ ਉਹ ਰਾਜ ਦਾ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈ ਸਕਣ। ਜਦੋਂ ਜੋੜੇ ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣ ਲਈ ਤਿਆਗ ਕਰਦੇ ਹਨ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਇਕੱਠੇ ਮਿਹਨਤ ਕਰਦੇ ਹਨ, ਤਾਂ ਇਸ ਦੇ ਵਧੀਆ ਨਤੀਜੇ ਨਿਕਲਦੇ ਹਨ। ਉਹ ਦੇਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਕਿਵੇਂ ਪਰਵਾਹ ਕਰਦਾ ਹੈ, ਉਨ੍ਹਾਂ ਦਾ ਉਸ ’ਤੇ ਭਰੋਸਾ ਹੋਰ ਵੀ ਵਧਦਾ ਹੈ ਅਤੇ ਉਨ੍ਹਾਂ ਨੂੰ ਸੱਚੀ ਖ਼ੁਸ਼ੀ ਮਿਲਦੀ ਹੈ।​—ਜ਼ਬੂਰ 28:7 ਪੜ੍ਹੋ।

ਪਤਰਸ ਰਸੂਲ ਤੇ ਉਸ ਦੀ ਪਤਨੀ ਵਾਂਗ ਯਹੋਵਾਹ ਦੇ ਵਾਅਦਿਆਂ ’ਤੇ ਭਰੋਸਾ ਰੱਖੋ

14. ਪਤਰਸ ਰਸੂਲ ਅਤੇ ਉਸ ਦੀ ਪਤਨੀ ਨੇ ਮੱਤੀ 6:25, 31-34 ਵਿਚ ਦਰਜ ਵਾਅਦੇ ’ਤੇ ਕਿਵੇਂ ਭਰੋਸਾ ਦਿਖਾਇਆ?

14 ਵਿਆਹੇ ਜੋੜੇ ਪਤਰਸ ਰਸੂਲ ਤੇ ਉਸ ਦੀ ਪਤਨੀ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਨ। ਪਤਰਸ ਦਾ ਇਕ ਪਰਿਵਾਰ ਸੀ ਅਤੇ ਉਹ ਘਰ ਦਾ ਗੁਜ਼ਾਰਾ ਤੋਰਨ ਲਈ ਮੱਛੀਆਂ ਫੜਨ ਦਾ ਕੰਮ ਕਰਦਾ ਸੀ। ਜਦੋਂ ਕੁਝ ਮਹੀਨੇ ਬਾਅਦ ਉਹ ਯਿਸੂ ਨੂੰ ਦੁਬਾਰਾ ਮਿਲਿਆ, ਤਾਂ ਯਿਸੂ ਨੇ ਉਸ ਨੂੰ ਆਪਣੇ ਨਾਲ ਪੂਰਾ ਸਮਾਂ ਪ੍ਰਚਾਰ ਕਰਨ ਲਈ ਕਿਹਾ। ਇਹ ਪਤਰਸ ਲਈ ਇਕ ਬਹੁਤ ਵੱਡਾ ਫ਼ੈਸਲਾ ਸੀ। (ਲੂਕਾ 5:1-11) ਪਤਰਸ ਨੇ ਯਿਸੂ ਨਾਲ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। ਕਿੰਨਾ ਹੀ ਸਮਝਦਾਰੀ ਵਾਲਾ ਫ਼ੈਸਲਾ! ਅਸੀਂ ਕਹਿ ਸਕਦੇ ਹਾਂ ਕਿ ਉਸ ਦੀ ਪਤਨੀ ਨੇ ਇਸ ਫ਼ੈਸਲੇ ਵਿਚ ਉਸ ਦਾ ਸਾਥ ਜ਼ਰੂਰ ਦਿੱਤਾ ਹੋਣਾ। ਬਾਈਬਲ ਦੱਸਦੀ ਹੈ ਕਿ ਯਿਸੂ ਦੇ ਜੀ ਉੱਠਣ ਤੋਂ ਬਾਅਦ, ਪਤਰਸ ਦੀ ਪਤਨੀ ਨੇ ਕੁਝ ਸਮੇਂ ਲਈ ਪਤਰਸ ਨਾਲ ਸਫ਼ਰ ਕੀਤਾ। (1 ਕੁਰਿੰ. 9:5) ਬਿਨਾਂ ਸ਼ੱਕ, ਉਹ ਇਕ ਚੰਗੀ ਪਤਨੀ ਸੀ ਜਿਸ ਕਰਕੇ ਪਤਰਸ ਖੁੱਲ੍ਹ ਕੇ ਮਸੀਹੀ ਪਤੀ-ਪਤਨੀਆਂ ਨੂੰ ਸਲਾਹਾਂ ਦੇ ਸਕਿਆ। (1 ਪਤ. 3:1-7) ਪਤਰਸ ਤੇ ਉਸ ਦੀ ਪਤਨੀ ਨੇ ਯਹੋਵਾਹ ਦੇ ਵਾਅਦਿਆਂ ’ਤੇ ਪੂਰਾ ਭਰੋਸਾ ਰੱਖਿਆ ਅਤੇ ਉਨ੍ਹਾਂ ਨੇ ਹਮੇਸ਼ਾ ਰਾਜ ਨੂੰ ਪਹਿਲੀ ਥਾਂ ਦਿੱਤੀ।​—ਮੱਤੀ 6:25, 31-34 ਪੜ੍ਹੋ।

15. ਤੁਸੀਂ ਟੀਆਗੋ ਤੇ ਐਸਤਰ ਦੇ ਤਜਰਬੇ ਤੋਂ ਕੀ ਸਿੱਖਿਆ?

15 ਵਿਆਹ ਤੋਂ ਕੁਝ ਸਾਲਾਂ ਬਾਅਦ ਵੀ, ਤੁਸੀਂ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨ ਦੀ ਇੱਛਾ ਨੂੰ ਕਿਵੇਂ ਬਣਾਈ ਰੱਖ ਸਕਦੇ ਹੋ? ਤੁਸੀਂ ਦੂਜੇ ਜੋੜਿਆਂ ਦੇ ਤਜਰਬਿਆਂ ਤੋਂ ਸਿੱਖ ਸਕਦੇ ਹੋ। ਉਦਾਹਰਣ ਲਈ, ਤੁਸੀਂ ਲੜੀਵਾਰ ਲੇਖ “ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ” ਪੜ੍ਹ ਸਕਦੇ ਹੋ। ਅਜਿਹੇ ਲੇਖਾਂ ਨੇ ਬ੍ਰਾਜ਼ੀਲ ਵਿਚ ਰਹਿਣ ਵਾਲੇ ਜੋੜੇ ਟੀਆਗੋ ਤੇ ਐਸਤਰ ਦੇ ਮਨ ਵਿਚ ਇਹ ਇੱਛਾ ਪੈਦਾ ਕੀਤੀ ਕਿ ਉਹ ਉੱਥੇ ਜਾ ਕੇ ਸੇਵਾ ਕਰਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਟੀਆਗੋ ਦੱਸਦਾ ਹੈ: “ਜਦੋਂ ਅਸੀਂ ਇੱਦਾਂ ਦੇ ਤਜਰਬੇ ਪੜ੍ਹਦੇ ਹਾਂ ਕਿ ਯਹੋਵਾਹ ਅੱਜ ਵੀ ਆਪਣੇ ਸੇਵਕਾਂ ਦੀ ਕਿਵੇਂ ਮਦਦ ਕਰਦਾ ਹੈ, ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਵੀ ਸੇਧ ਦੇਵੇ ਅਤੇ ਸਾਡੀ ਪਰਵਾਹ ਕਰੇ।” ਬਾਅਦ ਵਿਚ, ਉਹ ਪੈਰਾਗੂਵਾਏ ਚਲੇ ਗਏ। ਉੱਥੇ ਉਹ ਪੁਰਤਗਾਲੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਸਾਲ 2014 ਤੋਂ ਪ੍ਰਚਾਰ ਕਰ ਰਹੇ ਹਨ। ਐਸਤਰ ਕਹਿੰਦੀ ਹੈ: “ਸਾਨੂੰ ਦੋਵਾਂ ਨੂੰ ਅਫ਼ਸੀਆਂ 3:20 ਦੇ ਸ਼ਬਦ ਬਹੁਤ ਵਧੀਆ ਲੱਗਦੇ ਹਨ। ਯਹੋਵਾਹ ਦੀ ਸੇਵਾ ਕਰਦਿਆਂ ਅਸੀਂ ਇਨ੍ਹਾਂ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿਚ ਪੂਰਾ ਹੁੰਦਿਆਂ ਦੇਖਿਆ ਹੈ।” ਅਫ਼ਸੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਵਾਅਦਾ ਕੀਤਾ ਕਿ ਯਹੋਵਾਹ ਸਾਡੀਆਂ ਮੰਗਾਂ ਅਤੇ ਸੋਚਾਂ ਤੋਂ ਵੀ ਕਿਤੇ ਵਧ ਕੇ ਸਾਡੇ ਲਈ ਕਰ ਸਕਦਾ ਹੈ। ਅਸੀਂ ਇਹ ਵਾਅਦਾ ਆਪਣੀ ਜ਼ਿੰਦਗੀ ਵਿਚ ਬਹੁਤ ਵਾਰ ਸੱਚ ਹੁੰਦਾ ਦੇਖਦੇ ਹਾਂ।

ਤਜਰਬੇਕਾਰ ਜੋੜਿਆਂ ਤੋਂ ਸਲਾਹ ਲੈ ਕੇ ਨਵੇਂ ਵਿਆਹੇ ਜੋੜੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇ ਸਕਦੇ ਹਨ (ਪੈਰਾ 16 ਦੇਖੋ)

16. ਆਪਣੇ ਟੀਚਿਆਂ ਬਾਰੇ ਪਤੀ-ਪਤਨੀ ਕਿਨ੍ਹਾਂ ਤੋਂ ਸਲਾਹ ਲੈ ਸਕਦੇ ਹਨ?

16 ਜੇ ਤੁਹਾਡਾ ਹਾਲ ਹੀ ਵਿਚ ਵਿਆਹ ਹੋਇਆ ਹੈ, ਤਾਂ ਤੁਸੀਂ ਅਜਿਹੇ ਭੈਣਾਂ-ਭਰਾਵਾਂ ਤੋਂ ਸਲਾਹ ਲੈ ਸਕਦੇ ਹੋ ਜਿਨ੍ਹਾਂ ਨੇ ਯਹੋਵਾਹ ’ਤੇ ਭਰੋਸਾ ਰੱਖਣਾ ਸਿੱਖਿਆ ਹੈ। ਕਈ ਮਸੀਹੀ ਜੋੜੇ ਹਨ ਜੋ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਨ। ਤੁਸੀਂ ਉਨ੍ਹਾਂ ਤੋਂ ਆਪਣੇ ਟੀਚਿਆਂ ਬਾਰੇ ਸਲਾਹ ਲੈ ਸਕਦੇ ਹੋ। ਇਹ ਯਹੋਵਾਹ ’ਤੇ ਭਰੋਸਾ ਕਰਨ ਦਾ ਇਕ ਹੋਰ ਵਧੀਆ ਤਰੀਕਾ ਹੈ। (ਕਹਾ. 22:17, 19) ਮੰਡਲੀ ਦੇ ਬਜ਼ੁਰਗ ਵੀ ਟੀਚੇ ਰੱਖਣ ਤੇ ਉਨ੍ਹਾਂ ਨੂੰ ਹਾਸਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

17. (ੳ) ਕਲਾਊਸ ਅਤੇ ਮਰੀਸਾ ਨਾਲ ਕੀ ਹੋਇਆ? (ਅ) ਤੁਸੀਂ ਉਨ੍ਹਾਂ ਦੇ ਤਜਰਬੇ ਤੋਂ ਕੀ ਸਿੱਖਿਆ?

17 ਕਈ ਵਾਰ ਅਸੀਂ ਜਿਸ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ, ਉਸ ਤਰੀਕੇ ਨਾਲ ਨਹੀਂ ਕਰ ਪਾਉਂਦੇ ਕਿਉਂਕਿ ਯਹੋਵਾਹ ਦੀ ਕੁਝ ਹੋਰ ਮਰਜ਼ੀ ਹੁੰਦੀ ਹੈ। ਪੈਰਾ 5 ਵਿਚ ਦੱਸੇ ਕਲਾਊਸ ਅਤੇ ਮਰੀਸਾ ਨਾਲ ਵੀ ਕੁਝ ਅਜਿਹਾ ਹੀ ਹੋਇਆ। ਉਹ ਆਪਣੇ ਵਿਆਹ ਤੋਂ ਤਿੰਨ ਸਾਲ ਬਾਅਦ ਆਪਣੇ ਘਰ ਤੋਂ ਦੂਰ ਫਿਨਲੈਂਡ ਬ੍ਰਾਂਚ ਦੇ ਉਸਾਰੀ ਦੇ ਕੰਮ ਲਈ ਗਏ। ਪਰ ਉੱਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਛੇ ਮਹੀਨਿਆਂ ਤੋਂ ਜ਼ਿਆਦਾ ਉੱਥੇ ਸੇਵਾ ਨਹੀਂ ਕਰ ਸਕਦੇ। ਪਹਿਲਾਂ-ਪਹਿਲ ਤਾਂ ਉਹ ਨਿਰਾਸ਼ ਹੋ ਗਏ, ਪਰ ਇਸ ਤੋਂ ਛੇਤੀ ਬਾਅਦ ਉਨ੍ਹਾਂ ਨੂੰ ਅਰਬੀ ਭਾਸ਼ਾ ਸਿੱਖਣ ਦਾ ਸੱਦਾ ਮਿਲਿਆ। ਹੁਣ ਉਹ ਕਿਸੇ ਹੋਰ ਦੇਸ਼ ਵਿਚ ਅਰਬੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰ ਰਹੇ ਹਨ। ਮਰੀਸਾ ਪੁਰਾਣੇ ਸਮੇਂ ਨੂੰ ਯਾਦ ਕਰਦੀ ਹੋਈ ਕਹਿੰਦੀ ਹੈ: “ਮੈਨੂੰ ਹਰ ਉਹ ਕੰਮ ਕਰਨ ਤੋਂ ਡਰ ਲੱਗਦਾ ਸੀ ਜੋ ਮੈਂ ਪਹਿਲਾਂ ਕਦੇ ਨਹੀਂ ਕੀਤਾ ਸੀ ਅਤੇ ਮੈਨੂੰ ਯਹੋਵਾਹ ’ਤੇ ਭਰੋਸਾ ਰੱਖਣ ਦੀ ਲੋੜ ਸੀ। ਯਹੋਵਾਹ ਸਾਡੀ ਉਸ ਤਰ੍ਹਾਂ ਮਦਦ ਕਰਦਾ ਹੈ ਜਿਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਇਸ ਤਜਰਬੇ ਤੋਂ ਬਾਅਦ, ਮੇਰਾ ਯਹੋਵਾਹ ’ਤੇ ਭਰੋਸਾ ਹੋਰ ਵੀ ਵਧਿਆ ਹੈ।” ਇਸ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਜੇ ਤੁਸੀਂ ਯਹੋਵਾਹ ਦੀ ਸੇਵਾ ਜ਼ਿਆਦਾ ਤੋਂ ਜ਼ਿਆਦਾ ਕਰੋਗੇ, ਤਾਂ ਤੁਹਾਡੀ ਵਿਆਹੁਤਾ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ।

18. ਯਹੋਵਾਹ ’ਤੇ ਆਪਣਾ ਭਰੋਸਾ ਬਣਾਈ ਰੱਖਣ ਲਈ ਵਿਆਹੇ ਜੋੜੇ ਕੀ ਕਰ ਸਕਦੇ ਹਨ?

18 ਵਿਆਹ ਯਹੋਵਾਹ ਵੱਲੋਂ ਇਕ ਤੋਹਫ਼ਾ ਹੈ। (ਮੱਤੀ 19:5, 6) ਯਹੋਵਾਹ ਚਾਹੁੰਦਾ ਹੈ ਕਿ ਇਸ ਤੋਹਫ਼ੇ ਤੋਂ ਵਿਆਹੇ ਜੋੜਿਆਂ ਨੂੰ ਖ਼ੁਸ਼ੀ ਮਿਲੇ। (ਕਹਾ. 5:18) ਇਸ ਲਈ ਸੋਚੋ: ਤੁਸੀਂ ਆਪਣੀ ਜ਼ਿੰਦਗੀ ਕਿਵੇਂ ਬਿਤਾ ਰਹੇ ਹੋ? ਕੀ ਤੁਸੀਂ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰ ਸਕਦੇ ਹੋ? ਇਨ੍ਹਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ। ਉਸ ਦੇ ਬਚਨ ਬਾਈਬਲ ਵਿੱਚੋਂ ਅਜਿਹੇ ਅਸੂਲ ਲੱਭੋ ਜੋ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਫਿਰ ਇਨ੍ਹਾਂ ਨੂੰ ਲਾਗੂ ਵੀ ਕਰੋ। ਜੇ ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓਗੇ, ਤਾਂ ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਅਤੇ ਮਕਸਦ ਭਰੀ ਹੋਵੇਗੀ।

ਗੀਤ 21 ਰਾਜ ਨੂੰ ਪਹਿਲੀ ਥਾਂ ਦੇਵੋ

^ ਪੈਰਾ 5 ਸਾਡੇ ਕੁਝ ਫ਼ੈਸਲਿਆਂ ’ਤੇ ਨਿਰਭਰ ਕਰਦਾ ਹੈ ਕਿ ਯਹੋਵਾਹ ਦੀ ਸੇਵਾ ਵਿਚ ਅਸੀਂ ਕਿੰਨਾ ਸਮਾਂ ਤੇ ਤਾਕਤ ਲਾਵਾਂਗੇ। ਨਵੇਂ ਵਿਆਹੇ ਜੋੜੇ ਜੋ ਵੀ ਫ਼ੈਸਲੇ ਕਰਦੇ ਹਨ, ਉਨ੍ਹਾਂ ਦਾ ਅਸਰ ਉਨ੍ਹਾਂ ਦੀ ਜ਼ਿੰਦਗੀ ’ਤੇ ਲੰਬੇ ਸਮੇਂ ਤਕ ਪੈ ਸਕਦਾ ਹੈ। ਇਹ ਲੇਖ ਉਨ੍ਹਾਂ ਦੀ ਮਦਦ ਕਰੇਗਾ ਕਿ ਉਹ ਸਮਝਦਾਰੀ ਨਾਲ ਫ਼ੈਸਲੇ ਕਰ ਕੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਖ਼ੁਸ਼ਹਾਲ ਤੇ ਮਕਸਦ ਭਰੀ ਕਿਵੇਂ ਬਣਾ ਸਕਦੇ ਹਨ।

^ ਪੈਰਾ 5 ਕੁਝ ਨਾਂ ਬਦਲੇ ਗਏ ਹਨ।

^ ਪੈਰਾ 10 ਉਦਾਹਰਣ ਲਈ, ਯਹੋਵਾਹ ਦੀ ਸ਼ੁੱਧ ਭਗਤੀ ਬਹਾਲ! ਕਿਤਾਬ ਦੇ ਅਧਿਆਇ 6, 7 ਅਤੇ 19 ਵਿਚ ਦਿੱਤੇ ਸਬਕਾਂ ’ਤੇ ਗੌਰ ਕਰੋ।