Skip to content

Skip to table of contents

ਅਧਿਐਨ ਲੇਖ 47

ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋਵੋ

ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋਵੋ

“ਹੇ ਯਹੋਵਾਹ, ਮੈਨੂੰ ਤੇਰੇ ʼਤੇ ਭਰੋਸਾ ਹੈ।”​—ਜ਼ਬੂ. 31:14.

ਗੀਤ 122 ਤਕੜੇ ਹੋਵੋ, ਦ੍ਰਿੜ੍ਹ ਬਣੋ!

ਖ਼ਾਸ ਗੱਲਾਂ a

1. ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਆਈਏ?

 ਯਹੋਵਾਹ ਖ਼ੁਦ ਸਾਨੂੰ ਆਪਣੇ ਨੇੜੇ ਆਉਣ ਦਾ ਸੱਦਾ ਦਿੰਦਾ ਹੈ। (ਯਾਕੂ. 4:8) ਉਹ ਸਾਡਾ ਪਰਮੇਸ਼ੁਰ, ਪਿਤਾ ਅਤੇ ਸਾਡਾ ਦੋਸਤ ਬਣਨਾ ਚਾਹੁੰਦਾ ਹੈ। ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ ਅਤੇ ਔਖੀਆਂ ਘੜੀਆਂ ਵਿਚ ਸਾਡੀ ਮਦਦ ਕਰਦਾ ਹੈ। ਨਾਲੇ ਉਹ ਆਪਣੇ ਸੰਗਠਨ ਰਾਹੀਂ ਸਾਨੂੰ ਸਿਖਾਉਂਦਾ ਹੈ ਤੇ ਸਾਡੀ ਰਾਖੀ ਕਰਦਾ ਹੈ। ਪਰ ਯਹੋਵਾਹ ਦੇ ਨੇੜੇ ਜਾਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

2. ਯਹੋਵਾਹ ਦੇ ਨੇੜੇ ਜਾਣ ਲਈ ਅਸੀਂ ਕੀ ਕਰ ਸਕਦੇ ਹਾਂ?

2 ਯਹੋਵਾਹ ਦੇ ਨੇੜੇ ਜਾਣ ਲਈ ਅਸੀਂ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ, ਉਸ ਦਾ ਬਚਨ ਪੜ੍ਹ ਸਕਦੇ ਹਾਂ ਅਤੇ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰ ਸਕਦੇ ਹਾਂ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਸਾਡੇ ਦਿਲ ਉਸ ਲਈ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ ਭਰ ਜਾਂਦੇ ਹਨ। ਨਾਲੇ ਸਾਡਾ ਦਿਲ ਕਰਦਾ ਹੈ ਕਿ ਅਸੀਂ ਉਸ ਦੇ ਆਗਿਆਕਾਰ ਰਹੀਏ ਅਤੇ ਉਸ ਦੀ ਮਹਿਮਾ-ਵਡਿਆਈ ਕਰੀਏ ਜਿਸ ਦਾ ਉਹ ਹੱਕਦਾਰ ਹੈ। (ਪ੍ਰਕਾ. 4:11) ਅਸੀਂ ਯਹੋਵਾਹ ਨੂੰ ਜਿੰਨਾ ਜਾਣਾਂਗੇ, ਸਾਡਾ ਉਸ ʼਤੇ ਭਰੋਸਾ ਉੱਨਾ ਵਧੇਗਾ। ਨਾਲੇ ਅਸੀਂ ਉਸ ਦੇ ਸੰਗਠਨ ʼਤੇ ਵੀ ਭਰੋਸਾ ਕਰਾਂਗੇ ਜਿਸ ਰਾਹੀਂ ਉਹ ਸਾਡੀ ਮਦਦ ਕਰਦਾ ਹੈ।

3. ਸ਼ੈਤਾਨ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਿਵੇਂ ਕਰਦਾ ਹੈ, ਪਰ ਅਸੀਂ ਉਸ ਦੀਆਂ ਚਾਲਾਂ ਤੋਂ ਕਿਵੇਂ ਬਚ ਸਕਦੇ ਹਾਂ? (ਜ਼ਬੂਰ 31:13, 14)

3 ਪਰ ਸ਼ੈਤਾਨ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਉਹ ਖ਼ਾਸ ਤੌਰ ਤੇ ਮੁਸ਼ਕਲਾਂ ਦੌਰਾਨ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ੈਤਾਨ ਕਿਹੜੀਆਂ ਚਾਲਾਂ ਚੱਲਦਾ ਹੈ? ਉਹ ਅਜਿਹੀਆਂ ਚਾਲਾਂ ਚੱਲਣ ਦੀ ਕੋਸ਼ਿਸ਼ ਕਰਦਾ ਹੈ ਜਿਨ੍ਹਾਂ ਕਰਕੇ ਹੌਲੀ-ਹੌਲੀ ਯਹੋਵਾਹ ਅਤੇ ਉਸ ਦੇ ਸੰਗਠਨ ਤੋਂ ਸਾਡਾ ਭਰੋਸਾ ਉੱਠ ਸਕਦਾ ਹੈ। ਪਰ ਅਸੀਂ ਉਸ ਦੀਆਂ ਚਾਲਾਂ ਤੋਂ ਕਿਵੇਂ ਬਚ ਸਕਦੇ ਹਾਂ? ਜੇ ਸਾਡੀ ਨਿਹਚਾ ਪੱਕੀ ਹੈ ਅਤੇ ਯਹੋਵਾਹ ʼਤੇ ਸਾਡਾ ਅਟੁੱਟ ਭਰੋਸਾ ਹੈ, ਤਾਂ ਅਸੀਂ ਕਦੇ ਵੀ ਪਰਮੇਸ਼ੁਰ ਅਤੇ ਉਸ ਦੇ ਸੰਗਠਨ ਨੂੰ ਛੱਡ ਕੇ ਨਹੀਂ ਜਾਵਾਂਗੇ।​ਜ਼ਬੂਰ 31:13, 14 ਪੜ੍ਹੋ।

4. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

4 ਇਸ ਲੇਖ ਵਿਚ ਅਸੀਂ ਤਿੰਨ ਮੁਸ਼ਕਲਾਂ ʼਤੇ ਗੌਰ ਕਰਾਂਗੇ ਜੋ ਸਾਨੂੰ ਦੁਨੀਆਂ ਦੇ ਲੋਕਾਂ ਕਰਕੇ ਆ ਸਕਦੀਆਂ ਹਨ। ਇਨ੍ਹਾਂ ਮੁਸ਼ਕਲਾਂ ਕਰਕੇ ਯਹੋਵਾਹ ਅਤੇ ਉਸ ਦੇ ਸੰਗਠਨ ਤੋਂ ਸਾਡਾ ਭਰੋਸਾ ਉੱਠ ਸਕਦਾ ਹੈ। ਅਸੀਂ ਇਨ੍ਹਾਂ ਸਵਾਲਾਂ ʼਤੇ ਵੀ ਗੌਰ ਕਰਾਂਗੇ: ਕੀ ਇਹ ਮੁਸ਼ਕਲਾਂ ਸਾਨੂੰ ਯਹੋਵਾਹ ਤੋਂ ਦੂਰ ਕਰ ਸਕਦੀਆਂ ਹਨ? ਨਾਲੇ ਅਸੀਂ ਸ਼ੈਤਾਨ ਦੀਆਂ ਚਾਲਾਂ ਤੋਂ ਬਚਣ ਲਈ ਕੀ ਕਰ ਸਕਦੇ ਹਾਂ?

ਜਦੋਂ ਸਾਡੇ ʼਤੇ ਦੁੱਖ-ਮੁਸੀਬਤਾਂ ਆਉਂਦੀਆਂ ਹਨ

5. ਦੁੱਖ-ਮੁਸੀਬਤਾਂ ਆਉਣ ਕਰਕੇ ਯਹੋਵਾਹ ਅਤੇ ਉਸ ਦੇ ਸੰਗਠਨ ਤੋਂ ਸਾਡਾ ਭਰੋਸਾ ਕਿਵੇਂ ਉੱਠ ਸਕਦਾ ਹੈ?

5 ਕਈ ਵਾਰ ਸਾਡੇ ʼਤੇ ਦੁੱਖ-ਮੁਸੀਬਤਾਂ ਆਉਂਦੀਆਂ ਹਨ, ਜਿਵੇਂ ਕਿ ਪਰਿਵਾਰ ਵੱਲੋਂ ਵਿਰੋਧ ਅਤੇ ਨੌਕਰੀ ਜਾਂ ਕੰਮ-ਧੰਦਾ ਛੁੱਟ ਜਾਣਾ। ਇਨ੍ਹਾਂ ਦੁੱਖ-ਮੁਸੀਬਤਾਂ ਕਰਕੇ ਯਹੋਵਾਹ ਅਤੇ ਉਸ ਦੇ ਸੰਗਠਨ ਤੋਂ ਸਾਡਾ ਭਰੋਸਾ ਉੱਠ ਸਕਦਾ ਹੈ ਅਤੇ ਅਸੀਂ ਪਰਮੇਸ਼ੁਰ ਤੋਂ ਦੂਰ ਹੋ ਸਕਦੇ ਹਾਂ। ਜਦੋਂ ਇਹ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈਂਦੀਆਂ, ਤਾਂ ਸ਼ਾਇਦ ਸਾਡੀ ਉਮੀਦ ਟੁੱਟ ਜਾਵੇ ਅਤੇ ਅਸੀਂ ਨਿਰਾਸ਼ ਹੋ ਜਾਈਏ। ਸ਼ੈਤਾਨ ਇੱਦਾਂ ਦੇ ਮੌਕਿਆਂ ਦਾ ਫ਼ਾਇਦਾ ਚੁੱਕਦਾ ਹੈ ਅਤੇ ਸਾਡੇ ਮਨ ਵਿਚ ਸ਼ੱਕ ਪੈਦਾ ਕਰਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ। ਸ਼ੈਤਾਨ ਸਾਡੇ ਮਨ ਵਿਚ ਇਹ ਗੱਲ ਬਿਠਾਉਣੀ ਚਾਹੁੰਦਾ ਹੈ ਕਿ ਯਹੋਵਾਹ ਅਤੇ ਉਸ ਦੇ ਸੰਗਠਨ ਮੁਤਾਬਕ ਚੱਲਣ ਕਰ ਕੇ ਹੀ ਸਾਡੇ ʼਤੇ ਦੁੱਖ-ਮੁਸੀਬਤਾਂ ਆ ਰਹੀਆਂ ਹਨ। ਮਿਸਰ ਵਿਚ ਕੁਝ ਇਜ਼ਰਾਈਲੀਆਂ ਨਾਲ ਵੀ ਇਸੇ ਤਰ੍ਹਾਂ ਹੋਇਆ। ਪਹਿਲਾਂ-ਪਹਿਲ ਤਾਂ ਉਨ੍ਹਾਂ ਨੇ ਯਕੀਨ ਕੀਤਾ ਕਿ ਯਹੋਵਾਹ ਨੇ ਹੀ ਮੂਸਾ ਤੇ ਹਾਰੂਨ ਨੂੰ ਉਨ੍ਹਾਂ ਨੂੰ ਗ਼ੁਲਾਮੀ ਤੋਂ ਛੁਡਾਉਣ ਲਈ ਭੇਜਿਆ ਸੀ। (ਕੂਚ 4:29-31) ਪਰ ਬਾਅਦ ਵਿਚ ਜਦੋਂ ਫ਼ਿਰਊਨ ਨੇ ਉਨ੍ਹਾਂ ʼਤੇ ਹੋਰ ਵੀ ਜ਼ਿਆਦਾ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ, ਤਾਂ ਉਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਲਈ ਮੂਸਾ ਤੇ ਹਾਰੂਨ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ: “ਤੁਹਾਡੇ ਕਰਕੇ ਫ਼ਿਰਊਨ ਤੇ ਉਸ ਦੇ ਨੌਕਰ ਸਾਡੇ ਨਾਲ ਨਫ਼ਰਤ ਕਰਦੇ ਹਨ। ਤੁਸੀਂ ਉਨ੍ਹਾਂ ਦੇ ਹੱਥ ਤਲਵਾਰ ਦੇ ਦਿੱਤੀ ਹੈ ਤਾਂਕਿ ਉਹ ਸਾਨੂੰ ਮਾਰ ਦੇਣ।” (ਕੂਚ 5:19-21) ਕਿੰਨੀ ਹੀ ਦੁੱਖ ਦੀ ਗੱਲ ਹੈ ਕਿ ਇਜ਼ਰਾਈਲੀਆਂ ਨੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ʼਤੇ ਭਰੋਸਾ ਕਰਨ ਦੀ ਬਜਾਇ ਉਨ੍ਹਾਂ ਨੂੰ ਹੀ ਦੋਸ਼ੀ ਠਹਿਰਾ ਦਿੱਤਾ। ਜੇ ਤੁਹਾਡੀਆਂ ਵੀ ਦੁੱਖ-ਮੁਸੀਬਤਾਂ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ, ਤਾਂ ਤੁਸੀਂ ਯਹੋਵਾਹ ਅਤੇ ਉਸ ਦੇ ਸੰਗਠਨ ʼਤੇ ਆਪਣਾ ਭਰੋਸਾ ਕਿਵੇਂ ਬਣਾਈ ਰੱਖ ਸਕਦੇ ਹੋ?

6. ਦੁੱਖ-ਮੁਸੀਬਤਾਂ ਝੱਲਣ ਬਾਰੇ ਅਸੀਂ ਹੱਬਕੂਕ ਨਬੀ ਤੋਂ ਕੀ ਸਿੱਖਦੇ ਹਾਂ? (ਹੱਬਕੂਕ 3:17-19)

6 ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣੇ ਦਿਲ ਦਾ ਹਾਲ ਬਿਆਨ ਕਰੋ ਅਤੇ ਮਦਦ ਲਈ ਉਸ ʼਤੇ ਭਰੋਸਾ ਰੱਖੋ। ਹੱਬਕੂਕ ਨਬੀ ਨੇ ਬਹੁਤ ਸਾਰੀਆਂ ਦੁੱਖ-ਮੁਸੀਬਤਾਂ ਝੱਲੀਆਂ ਸਨ। ਲੱਗਦਾ ਹੈ ਕਿ ਇਕ ਸਮੇਂ ʼਤੇ ਉਹ ਸ਼ੱਕ ਕਰਨ ਲੱਗ ਪਿਆ ਕਿ ਯਹੋਵਾਹ ਉਸ ਦੀ ਪਰਵਾਹ ਕਰਦਾ ਵੀ ਹੈ ਜਾਂ ਨਹੀਂ। ਇਸ ਲਈ ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ। ਉਸ ਨੇ ਕਿਹਾ: “ਹੇ ਯਹੋਵਾਹ, ਹੋਰ ਕਿੰਨੀ ਦੇਰ ਤਕ ਮੈਂ ਮਦਦ ਲਈ ਦੁਹਾਈ ਦਿਆਂ, ਪਰ ਤੂੰ ਨਾ ਸੁਣੇਂਗਾ? . . . ਤੂੰ ਕਿਉਂ ਅਤਿਆਚਾਰ ਹੋਣ ਦਿੰਦਾ ਹੈਂ?” (ਹੱਬ. 1:2, 3) ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕ ਦੀ ਦਿਲੋਂ ਕੀਤੀ ਪ੍ਰਾਰਥਨਾ ਦਾ ਜਵਾਬ ਦਿੱਤਾ। (ਹੱਬ. 2:2, 3) ਜਦੋਂ ਹੱਬਕੂਕ ਨੇ ਗਹਿਰਾਈ ਨਾਲ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਸੀ, ਤਾਂ ਉਹ ਫਿਰ ਤੋਂ ਖ਼ੁਸ਼ ਰਹਿਣ ਲੱਗ ਪਿਆ। ਉਸ ਨੂੰ ਭਰੋਸਾ ਹੋ ਗਿਆ ਕਿ ਯਹੋਵਾਹ ਉਸ ਦੀ ਪਰਵਾਹ ਕਰਦਾ ਹੈ ਅਤੇ ਉਹ ਕਿਸੇ ਵੀ ਮੁਸ਼ਕਲ ਨੂੰ ਝੱਲਣ ਵਿਚ ਉਸ ਦੀ ਮਦਦ ਕਰੇਗਾ। (ਹੱਬਕੂਕ 3:17-19 ਪੜ੍ਹੋ।) ਹੱਬਕੂਕ ਨਬੀ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਤੁਹਾਡੇ ʼਤੇ ਕੋਈ ਦੁੱਖ-ਮੁਸੀਬਤ ਆਉਂਦੀ ਹੈ, ਤਾਂ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣੇ ਦਿਲ ਦਾ ਹਾਲ ਬਿਆਨ ਕਰੋ ਅਤੇ ਮਦਦ ਲਈ ਉਸ ਉੱਤੇ ਭਰੋਸਾ ਰੱਖੋ। ਇਸ ਗੱਲ ʼਤੇ ਵੀ ਸੋਚ-ਵਿਚਾਰ ਕਰੋ ਕਿ ਯਹੋਵਾਹ ਨੇ ਪਹਿਲਾਂ ਕਿਵੇਂ ਤੁਹਾਡੀ ਮਦਦ ਕੀਤੀ ਸੀ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਹਾਨੂੰ ਭਰੋਸਾ ਹੋ ਜਾਵੇਗਾ ਕਿ ਯਹੋਵਾਹ ਜ਼ਰੂਰ ਤੁਹਾਡੀ ਮਦਦ ਕਰੇਗਾ ਅਤੇ ਤੁਹਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਦੇਵੇਗਾ। ਨਾਲੇ ਜਦੋਂ ਤੁਸੀਂ ਦੇਖੋਗੇ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰ ਰਿਹਾ ਹੈ, ਤਾਂ ਉਸ ʼਤੇ ਤੁਹਾਡੀ ਨਿਹਚਾ ਹੋਰ ਵੀ ਪੱਕੀ ਹੋ ਜਾਵੇਗੀ।

7. (ੳ) ਭੈਣ ਸ਼ਰਲੀ ਦੇ ਭਰਾ ਨੇ ਕੀ ਕਰਨ ਦੀ ਕੋਸ਼ਿਸ਼ ਕੀਤੀ? (ਅ) ਭੈਣ ਸ਼ਰਲੀ ਨੇ ਕੀ ਕੀਤਾ ਤਾਂਕਿ ਯਹੋਵਾਹ ਤੋਂ ਉਸ ਦਾ ਭਰੋਸਾ ਨਾ ਉੱਠੇ?

7 ਭਗਤੀ ਦੇ ਕੰਮਾਂ ਵਿਚ ਲੱਗੇ ਰਹੋ। ਜਦੋਂ ਪਾਪੂਆ ਨਿਊ ਗਿਨੀ ਦੀ ਰਹਿਣ ਵਾਲੀ ਭੈਣ ਸ਼ਰਲੀ ʼਤੇ ਦੁੱਖ-ਮੁਸੀਬਤਾਂ ਆਈਆਂ, ਤਾਂ ਉਸ ਨੇ ਵੀ ਇਸੇ ਤਰ੍ਹਾਂ ਕੀਤਾ। b ਉਸ ਦਾ ਪਰਿਵਾਰ ਬਹੁਤ ਗ਼ਰੀਬ ਸੀ ਅਤੇ ਉਨ੍ਹਾਂ ਨੂੰ ਰੋਟੀ ਵੀ ਬੜੀ ਮੁਸ਼ਕਲ ਨਾਲ ਹੀ ਜੁੜਦੀ ਸੀ। ਉਸ ਦਾ ਭਰਾ ਕੋਸ਼ਿਸ਼ ਕਰਦਾ ਸੀ ਕਿ ਸ਼ਰਲੀ ਦਾ ਯਹੋਵਾਹ ਤੋਂ ਭਰੋਸਾ ਉੱਠ ਜਾਵੇ। ਉਹ ਕਹਿੰਦਾ ਸੀ: “ਤੂੰ ਤਾਂ ਬੜਾ ਕਹਿੰਦੀ ਸੀ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਤੇਰੇ ʼਤੇ ਹੈ, ਪਰ ਹੁਣ ਕਿੱਥੇ ਗਈ ਪਵਿੱਤਰ ਸ਼ਕਤੀ? ਤੂੰ ਪਹਿਲਾਂ ਵੀ ਗ਼ਰੀਬ ਸੀ ਅਤੇ ਹੁਣ ਵੀ ਗ਼ਰੀਬ ਹੈ, ਉੱਤੋਂ ਤੂੰ ਆਪਣਾ ਸਾਰਾ ਸਮਾਂ ਪ੍ਰਚਾਰ ਵਿਚ ਲਾ ਕੇ ਬਰਬਾਦ ਕਰ ਦਿੰਦੀ ਹੈ।” ਸ਼ਰਲੀ ਮੰਨਦੀ ਹੈ: “ਇਕ ਪਲ ਲਈ ਤਾਂ ਮੈਂ ਵੀ ਸੋਚਣ ਲੱਗੀ ਕਿ ‘ਪਤਾ ਨਹੀਂ ਪਰਮੇਸ਼ੁਰ ਨੂੰ ਸੱਚੀਂ ਸਾਡੀ ਕੋਈ ਪਰਵਾਹ ਹੈ ਵੀ ਜਾਂ ਨਹੀਂ।’ ਫਿਰ ਮੈਂ ਉਸੇ ਵੇਲੇ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਸੀ ਅਤੇ ਆਪਣੇ ਦਿਲ ਦਾ ਹਾਲ ਬਿਆਨ ਕਰਦੀ ਸੀ। ਇਸ ਤੋਂ ਇਲਾਵਾ, ਮੈਂ ਬਾਈਬਲ ਤੇ ਪ੍ਰਕਾਸ਼ਨ ਵੀ ਪੜ੍ਹਦੀ ਰਹੀ ਅਤੇ ਪ੍ਰਚਾਰ ਤੇ ਮੀਟਿੰਗਾਂ ਵਿਚ ਵੀ ਜਾਂਦੀ ਰਹੀ।” ਉਸ ਨੂੰ ਛੇਤੀ ਹੀ ਅਹਿਸਾਸ ਹੋ ਗਿਆ ਕਿ ਯਹੋਵਾਹ ਉਸ ਦੇ ਪਰਿਵਾਰ ਦੀ ਦੇਖ-ਭਾਲ ਕਰ ਰਿਹਾ ਸੀ। ਇੱਦਾਂ ਦਾ ਕੋਈ ਵੀ ਦਿਨ ਨਹੀਂ ਸੀ ਜਦੋਂ ਉਸ ਦਾ ਪਰਿਵਾਰ ਭੁੱਖਾ ਸੁੱਤਾ ਹੋਵੇ ਅਤੇ ਉਹ ਸਾਰੇ ਜਣੇ ਖ਼ੁਸ਼ ਰਹਿੰਦੇ ਸਨ। ਸ਼ਰਲੀ ਕਹਿੰਦੀ ਹੈ: “ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਮੇਰੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ।” (1 ਤਿਮੋ. 6:6-8) ਜੇ ਤੁਸੀਂ ਵੀ ਭਗਤੀ ਦੇ ਕੰਮਾਂ ਵਿਚ ਲੱਗੇ ਰਹੋਗੇ, ਤਾਂ ਦੁੱਖ-ਮੁਸੀਬਤਾਂ ਜਾਂ ਸ਼ੱਕ ਤੁਹਾਨੂੰ ਯਹੋਵਾਹ ਤੋਂ ਦੂਰ ਨਹੀਂ ਕਰ ਸਕਣਗੇ।

ਜਦੋਂ ਅਗਵਾਈ ਕਰਨ ਵਾਲੇ ਭਰਾਵਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ

8. ਸੰਗਠਨ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਨਾਲ ਕੀ ਹੋ ਸਕਦਾ ਹੈ?

8 ਜੋ ਲੋਕ ਸਾਡੇ ਕੰਮ ਦਾ ਵਿਰੋਧ ਕਰਦੇ ਹਨ, ਉਹ ਕਈ ਵਾਰ ਟੀ. ਵੀ., ਅਖ਼ਬਾਰਾਂ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਯਹੋਵਾਹ ਦੇ ਸੰਗਠਨ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ। (ਜ਼ਬੂ. 31:13) ਕੁਝ ਭਰਾਵਾਂ ਨੂੰ ਤਾਂ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਅਪਰਾਧੀ ਕਰਾਰ ਦਿੱਤਾ ਗਿਆ ਹੈ। ਪਹਿਲੀ ਸਦੀ ਵਿਚ ਪੌਲੁਸ ਰਸੂਲ ਨਾਲ ਵੀ ਕੁਝ ਇਸੇ ਤਰ੍ਹਾਂ ਹੋਇਆ। ਉਸ ਉੱਤੇ ਝੂਠੇ ਦੋਸ਼ ਲਾਏ ਗਏ ਅਤੇ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਉਸ ਵੇਲੇ ਭੈਣਾਂ-ਭਰਾਵਾਂ ਨੇ ਕੀ ਕੀਤਾ?

9. ਜਦੋਂ ਪੌਲੁਸ ਰਸੂਲ ਨੂੰ ਕੈਦ ਹੋਈ, ਤਾਂ ਕੁਝ ਮਸੀਹੀਆਂ ਨੇ ਕੀ ਕੀਤਾ?

9 ਜਦੋਂ ਪੌਲੁਸ ਰੋਮ ਵਿਚ ਕੈਦ ਸੀ, ਤਾਂ ਪਹਿਲੀ ਸਦੀ ਦੇ ਕੁਝ ਮਸੀਹੀਆਂ ਨੇ ਉਸ ਦਾ ਸਾਥ ਛੱਡ ਦਿੱਤਾ। (2 ਤਿਮੋ. 1:8, 15) ਕਿਉਂ? ਕੀ ਉਹ ਪੌਲੁਸ ਕਰਕੇ ਸ਼ਰਮਿੰਦੇ ਸਨ ਕਿਉਂਕਿ ਲੋਕ ਪੌਲੁਸ ਨੂੰ ਅਪਰਾਧੀ ਸਮਝਦੇ ਸਨ? (2 ਤਿਮੋ. 2:8, 9) ਜਾਂ ਕੀ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਪੌਲੁਸ ਕਰਕੇ ਕਿਤੇ ਉਨ੍ਹਾਂ ʼਤੇ ਵੀ ਜ਼ੁਲਮ ਨਾ ਕੀਤੇ ਜਾਣ? ਕਾਰਨ ਚਾਹੇ ਜੋ ਮਰਜ਼ੀ ਸੀ, ਜ਼ਰਾ ਸੋਚੋ ਕਿ ਪੌਲੁਸ ʼਤੇ ਉਦੋਂ ਕੀ ਬੀਤੀ ਹੋਣੀ। ਉਸ ਨੇ ਬਹੁਤ ਸਾਰੀਆਂ ਦੁੱਖ-ਮੁਸੀਬਤਾਂ ਝੱਲੀਆਂ ਸਨ ਅਤੇ ਇੱਥੋਂ ਤਕ ਕਿ ਉਸ ਨੇ ਭੈਣਾਂ-ਭਰਾਵਾਂ ਦੀ ਖ਼ਾਤਰ ਆਪਣੀ ਜਾਨ ਵੀ ਖ਼ਤਰੇ ਵਿਚ ਪਾਈ ਸੀ। (ਰਸੂ. 20:18-21; 2 ਕੁਰਿੰ. 1:8) ਪਰ ਜਦੋਂ ਪੌਲੁਸ ਨੂੰ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਲੋੜ ਸੀ, ਤਾਂ ਉਨ੍ਹਾਂ ਨੇ ਉਸ ਦਾ ਸਾਥ ਛੱਡ ਦਿੱਤਾ। ਅਸੀਂ ਕਦੇ ਵੀ ਪਹਿਲੀ ਸਦੀ ਦੇ ਇਨ੍ਹਾਂ ਮਸੀਹੀਆਂ ਵਰਗੇ ਨਹੀਂ ਬਣਨਾ ਚਾਹੁੰਦੇ। ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਅਗਵਾਈ ਕਰਨ ਵਾਲੇ ਭਰਾਵਾਂ ʼਤੇ ਜ਼ੁਲਮ ਕੀਤੇ ਜਾਂਦੇ ਹਨ?

10. ਜਦੋਂ ਅਗਵਾਈ ਕਰਨ ਵਾਲੇ ਭਰਾਵਾਂ ਉੱਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਅਤੇ ਕਿਉਂ?

10 ਯਾਦ ਰੱਖੋ ਕਿ ਸਾਡੇ ਉੱਤੇ ਜ਼ੁਲਮ ਕਿਉਂ ਕੀਤੇ ਜਾਂਦੇ ਹਨ ਅਤੇ ਇਸ ਪਿੱਛੇ ਕਿਸ ਦਾ ਹੱਥ ਹੈ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ “ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।” (2 ਤਿਮੋ. 3:12) ਇਸ ਲਈ ਜਦੋਂ ਸ਼ੈਤਾਨ ਅਗਵਾਈ ਕਰਨ ਵਾਲੇ ਭਰਾਵਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਸ਼ੈਤਾਨ ਇਹ ਸਭ ਇਸ ਕਰਕੇ ਕਰਦਾ ਹੈ ਤਾਂਕਿ ਇਹ ਭਰਾ ਯਹੋਵਾਹ ਦੇ ਵਫ਼ਾਦਾਰ ਨਾ ਰਹਿਣ ਅਤੇ ਸਾਡੇ ਮਨ ਵਿਚ ਵੀ ਡਰ ਬੈਠ ਜਾਵੇ।​—1 ਪਤ. 5:8.

ਚਾਹੇ ਪੌਲੁਸ ਜੇਲ੍ਹ ਵਿਚ ਸੀ, ਪਰ ਉਨੇਸਿਫੁਰੁਸ ਨੇ ਦਲੇਰੀ ਦਿਖਾਉਂਦੇ ਹੋਏ ਉਸ ਦਾ ਸਾਥ ਦਿੱਤਾ। ਅੱਜ ਵੀ ਭੈਣ-ਭਰਾ ਜੇਲ੍ਹਾਂ ਵਿਚ ਬੰਦ ਮਸੀਹੀਆਂ ਦਾ ਸਾਥ ਦਿੰਦੇ ਹਨ, ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ (ਪੈਰੇ 11-12 ਦੇਖੋ)

11. ਉਨੇਸਿਫੁਰੁਸ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? (2 ਤਿਮੋਥਿਉਸ 1:16-18)

11 ਵਫ਼ਾਦਾਰੀ ਨਾਲ ਆਪਣੇ ਭਰਾਵਾਂ ਦਾ ਸਾਥ ਦਿੰਦੇ ਰਹੋ ਅਤੇ ਉਨ੍ਹਾਂ ਦੀ ਮਦਦ ਕਰਦੇ ਰਹੋ। (2 ਤਿਮੋਥਿਉਸ 1:16-18 ਪੜ੍ਹੋ।) ਜਦੋਂ ਪੌਲੁਸ ਕੈਦ ਵਿਚ ਸੀ, ਤਾਂ ਪਹਿਲੀ ਸਦੀ ਦੇ ਇਕ ਮਸੀਹੀ ਉਨੇਸਿਫੁਰੁਸ ਨੇ ਪੌਲੁਸ ਦਾ ਸਾਥ ਦਿੱਤਾ। ਪੌਲੁਸ ਦੇ “ਜੇਲ੍ਹ ਵਿਚ ਬੇੜੀਆਂ ਨਾਲ ਜਕੜਿਆ ਹੋਣ ਕਰਕੇ ਉਸ ਨੇ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ।” ਰੋਮ ਵਿਚ ਹੁੰਦਿਆਂ ਉਨੇਸਿਫੁਰੁਸ ਨੇ ਪੌਲੁਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਫਿਰ ਜਦੋਂ ਪੌਲੁਸ ਉਸ ਨੂੰ ਮਿਲਿਆ, ਤਾਂ ਉਸ ਨੇ ਪੌਲੁਸ ਨੂੰ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਲਿਆ ਕੇ ਦਿੱਤੀਆਂ। ਪੌਲੁਸ ਦੀ ਮਦਦ ਕਰਨ ਲਈ ਉਸ ਨੇ ਆਪਣੀ ਜਾਨ ਤਕ ਵੀ ਖ਼ਤਰੇ ਵਿਚ ਪਾ ਦਿੱਤੀ। ਉਨੇਸਿਫੁਰੁਸ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਸਾਡੇ ਭਰਾਵਾਂ ʼਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਸਾਨੂੰ ਇਨਸਾਨਾਂ ਦੇ ਡਰ ਕਰਕੇ ਆਪਣੇ ਭਰਾਵਾਂ ਦਾ ਸਾਥ ਨਹੀਂ ਛੱਡਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਉਨ੍ਹਾਂ ਦੇ ਪੱਖ ਵਿਚ ਖੜ੍ਹਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। (ਕਹਾ. 17:17) ਕਿਉਂ? ਕਿਉਂਕਿ ਉਸ ਵੇਲੇ ਉਨ੍ਹਾਂ ਨੂੰ ਸਾਡੇ ਪਿਆਰ ਅਤੇ ਸਹਾਰੇ ਦੀ ਬਹੁਤ ਲੋੜ ਹੁੰਦੀ ਹੈ।

12. ਰੂਸ ਦੇ ਭੈਣਾਂ-ਭਰਾਵਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

12 ਜ਼ਰਾ ਸੋਚੋ ਕਿ ਰੂਸ ਦੀਆਂ ਜੇਲ੍ਹਾਂ ਵਿਚ ਬੰਦ ਭੈਣਾਂ-ਭਰਾਵਾਂ ਦੀ ਉੱਥੋਂ ਦੇ ਬਾਕੀ ਭੈਣ-ਭਰਾ ਕਿਵੇਂ ਮਦਦ ਕਰ ਰਹੇ ਹਨ। ਜਦੋਂ ਕੁਝ ਮਸੀਹੀਆਂ ʼਤੇ ਮੁਕੱਦਮਾ ਚਲਾਇਆ ਜਾਂਦਾ ਹੈ, ਤਾਂ ਉੱਥੋਂ ਦੇ ਕਈ ਭੈਣ-ਭਰਾ ਉਨ੍ਹਾਂ ਦਾ ਸਾਥ ਦੇਣ ਲਈ ਅਦਾਲਤਾਂ ਵਿਚ ਆਉਂਦੇ ਹਨ। ਰੂਸ ਦੇ ਭੈਣਾਂ-ਭਰਾਵਾਂ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਅਗਵਾਈ ਕਰਨ ਵਾਲੇ ਭਰਾਵਾਂ ਨੂੰ ਬਦਨਾਮ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਗਿਰਫ਼ਤਾਰ ਕੀਤਾ ਜਾਂਦਾ ਹੈ ਜਾਂ ਉਨ੍ਹਾਂ ʼਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਡਰੋ ਨਾ। ਇਸ ਦੀ ਬਜਾਇ, ਉਨ੍ਹਾਂ ਲਈ ਪ੍ਰਾਰਥਨਾ ਕਰੋ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਦੇਖ-ਭਾਲ ਕਰੋ ਅਤੇ ਦੇਖੋ ਕਿ ਤੁਸੀਂ ਹੋਰ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਦਾ ਸਾਥ ਦੇ ਸਕਦੇ ਹੋ।​—ਰਸੂ. 12:5; 2 ਕੁਰਿੰ. 1:10, 11.

ਜਦੋਂ ਸਾਡਾ ਮਜ਼ਾਕ ਉਡਾਇਆ ਜਾਂਦਾ ਹੈ

13. ਜਦੋਂ ਲੋਕ ਸਾਡਾ ਮਜ਼ਾਕ ਉਡਾਉਂਦੇ ਹਨ, ਤਾਂ ਕੀ ਹੋ ਸਕਦਾ ਹੈ?

13 ਅਸੀਂ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਦੇ ਹਾਂ ਅਤੇ ਪ੍ਰਚਾਰ ਦਾ ਕੰਮ ਕਰਦੇ ਹਾਂ, ਇਸ ਕਰਕੇ ਸਾਡੇ ਅਵਿਸ਼ਵਾਸੀ ਰਿਸ਼ਤੇਦਾਰ, ਸਾਡੇ ਨਾਲ ਕੰਮ ਕਰਨ ਵਾਲੇ ਜਾਂ ਪੜ੍ਹਨ ਵਾਲੇ ਸ਼ਾਇਦ ਸਾਡਾ ਮਜ਼ਾਕ ਉਡਾਉਣ। (1 ਪਤ. 4:4) ਉਹ ਸ਼ਾਇਦ ਕਹਿਣ: “ਤੂੰ ਚੰਗਾ ਤਾਂ ਬਹੁਤ ਹੈਂ, ਪਰ ਤੇਰੇ ਧਰਮ ਦੇ ਕਾਇਦੇ-ਕਾਨੂੰਨ ਬਹੁਤ ਸਖ਼ਤ ਹਨ। ਮੈਨੂੰ ਨਹੀਂ ਲੱਗਦਾ ਕਿ ਅੱਜ ਕੋਈ ਇਨ੍ਹਾਂ ʼਤੇ ਚੱਲ ਸਕਦਾ।” ਅਸੀਂ ਮੰਡਲੀ ਵਿੱਚੋਂ ਛੇਕੇ ਗਏ ਵਿਅਕਤੀ ਨਾਲ ਕੋਈ ਰਿਸ਼ਤਾ ਨਹੀਂ ਰੱਖਦੇ, ਸ਼ਾਇਦ ਇਸ ਕਰਕੇ ਵੀ ਕੁਝ ਜਣੇ ਸਾਨੂੰ ਇਹ ਮਿਹਣਾ ਮਾਰਨ: “ਤੂੰ ਤਾਂ ਕਹਿੰਦਾ ਹੈ ਕਿ ਅਸੀਂ ਸਾਰਿਆਂ ਨਾਲ ਬਹੁਤ ਪਿਆਰ ਕਰਦੇ ਹਾਂ। ਇਹ ਹੈ ਤੁਹਾਡਾ ਪਿਆਰ?” ਜਦੋਂ ਲੋਕ ਅਜਿਹੀਆਂ ਗੱਲਾਂ ਕਹਿ ਕੇ ਸਾਡਾ ਮਜ਼ਾਕ ਉਡਾਉਂਦੇ ਹਨ, ਤਾਂ ਸਾਡੇ ਦਿਲ-ਦਿਮਾਗ਼ ਵਿਚ ਸ਼ੱਕ ਦੇ ਬੀ ਬੀਜੇ ਜਾ ਸਕਦੇ ਹਨ। ਅਸੀਂ ਸ਼ਾਇਦ ਸੋਚਣ ਲੱਗ ਪਈਏ: ‘ਯਹੋਵਾਹ ਨੇ ਕੁਝ ਜ਼ਿਆਦਾ ਹੀ ਕਾਨੂੰਨ ਨਹੀਂ ਬਣਾ ਦਿੱਤੇ! ਉਸ ਦਾ ਸੰਗਠਨ ਬਹੁਤ ਜ਼ਿਆਦਾ ਰੋਕ-ਟੋਕ ਲਾਉਂਦਾ। ਇੰਨਾ ਸਾਰਾ ਕੁਝ ਕੌਣ ਕਰ ਸਕਦਾ?’ ਜੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ, ਤਾਂ ਕਿਹੜੀ ਗੱਲ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਨੇੜੇ ਰਹਿਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ?

ਜਦੋਂ ਅੱਯੂਬ ਦੇ ਦੋਸਤਾਂ ਨੇ ਉਸ ਦਾ ਮਜ਼ਾਕ ਉਡਾਇਆ, ਤਾਂ ਉਸ ਨੇ ਉਨ੍ਹਾਂ ਦੀਆਂ ਝੂਠੀਆਂ ਗੱਲਾਂ ʼਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਇਸ ਦੀ ਬਜਾਇ, ਉਸ ਨੇ ਯਹੋਵਾਹ ਪ੍ਰਤੀ ਵਫ਼ਾਦਾਰੀ ਬਣਾਈ ਰੱਖਣ ਦਾ ਪੱਕਾ ਇਰਾਦਾ ਕੀਤਾ (ਪੈਰਾ 14 ਦੇਖੋ)

14. ਯਹੋਵਾਹ ਦੇ ਮਿਆਰਾਂ ʼਤੇ ਚੱਲਣ ਕਰਕੇ ਜਦੋਂ ਲੋਕ ਸਾਡਾ ਮਜ਼ਾਕ ਉਡਾਉਂਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ? (ਜ਼ਬੂਰ 119:50-52)

14 ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਚੱਲਣ ਦਾ ਪੱਕਾ ਇਰਾਦਾ ਕਰੋ। ਅੱਯੂਬ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਿਆ, ਫਿਰ ਚਾਹੇ ਲੋਕਾਂ ਨੇ ਉਸ ਦਾ ਮਜ਼ਾਕ ਹੀ ਕਿਉਂ ਨਹੀਂ ਉਡਾਇਆ। ਇਕ ਵਾਰ ਅੱਯੂਬ ਦੇ ਇਕ ਦੋਸਤ ਨੇ ਉਸ ਨੂੰ ਇਹ ਵੀ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਪਰਮੇਸ਼ੁਰ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਅੱਯੂਬ ਉਸ ਦੇ ਮਿਆਰਾਂ ਮੁਤਾਬਕ ਚੱਲਦਾ ਹੈ ਜਾਂ ਨਹੀਂ। (ਅੱਯੂ. 4:17, 18; 22:3) ਪਰ ਅੱਯੂਬ ਨੇ ਇਨ੍ਹਾਂ ਸਾਰੀਆਂ ਝੂਠੀਆਂ ਗੱਲਾਂ ʼਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਉਹ ਜਾਣਦਾ ਸੀ ਕਿ ਸਹੀ ਤੇ ਗ਼ਲਤ ਬਾਰੇ ਯਹੋਵਾਹ ਦੇ ਮਿਆਰ ਬਿਲਕੁਲ ਸਹੀ ਹਨ ਅਤੇ ਉਸ ਨੇ ਇਨ੍ਹਾਂ ਮੁਤਾਬਕ ਚੱਲਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। ਉਸ ਨੇ ਲੋਕਾਂ ਦੀਆਂ ਗੱਲਾਂ ਕਰਕੇ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਨਹੀਂ ਛੱਡੀ। (ਅੱਯੂ. 27:5, 6) ਅੱਯੂਬ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਹਨ, ਤਾਂ ਤੁਹਾਨੂੰ ਯਹੋਵਾਹ ਦੇ ਮਿਆਰਾਂ ʼਤੇ ਸ਼ੱਕ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ, ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਹੁਣ ਤਕ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਣ ਕਰਕੇ ਤੁਹਾਨੂੰ ਕੀ ਫ਼ਾਇਦੇ ਹੋਏ ਹਨ। ਨਾਲੇ ਤੁਸੀਂ ਕਈ ਵਾਰ ਇਹ ਦੇਖਿਆ ਹੋਣਾ ਕਿ ਜਦੋਂ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਦੇ ਹੋ, ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਕਿੰਨੀ ਬਿਹਤਰ ਬਣਦੀ ਹੈ। ਪੱਕਾ ਇਰਾਦਾ ਕਰੋ ਕਿ ਤੁਸੀਂ ਯਹੋਵਾਹ ਦੇ ਮਿਆਰਾਂ ʼਤੇ ਚੱਲਣ ਵਾਲੇ ਸੰਗਠਨ ਦਾ ਪੂਰਾ ਸਾਥ ਦਿੰਦੇ ਰਹੋਗੇ। ਫਿਰ ਚਾਹੇ ਲੋਕ ਤੁਹਾਡਾ ਜਿੰਨਾ ਮਰਜ਼ੀ ਮਜ਼ਾਕ ਉਡਾਉਣ, ਤੁਸੀਂ ਕਦੇ ਵੀ ਯਹੋਵਾਹ ਤੋਂ ਦੂਰ ਨਹੀਂ ਜਾਓਗੇ।​—ਜ਼ਬੂਰ 119:50-52 ਪੜ੍ਹੋ।

15. ਬ੍ਰਿਜਿਟ ਨੂੰ ਬੁਰਾ-ਭਲਾ ਕਿਉਂ ਕਿਹਾ ਗਿਆ?

15 ਜ਼ਰਾ ਭਾਰਤ ਵਿਚ ਰਹਿਣ ਵਾਲੀ ਭੈਣ ਬ੍ਰਿਜਿਟ ਦੇ ਤਜਰਬੇ ʼਤੇ ਗੌਰ ਕਰੋ। ਉਸ ਦੀ ਨਿਹਚਾ ਕਰਕੇ ਉਸ ਦੇ ਘਰਦੇ ਉਸ ਦਾ ਮਜ਼ਾਕ ਉਡਾਉਂਦੇ ਸਨ। 1997 ਵਿਚ ਉਸ ਦੇ ਬਪਤਿਸਮੇ ਤੋਂ ਕੁਝ ਦੇਰ ਬਾਅਦ ਹੀ ਉਸ ਦੇ ਪਤੀ ਦੀ ਨੌਕਰੀ ਛੁੱਟ ਗਈ। ਉਸ ਦਾ ਪਤੀ ਯਹੋਵਾਹ ਦਾ ਗਵਾਹ ਨਹੀਂ ਸੀ। ਨੌਕਰੀ ਛੁੱਟਣ ਤੋਂ ਬਾਅਦ ਉਸ ਦੇ ਪਤੀ ਨੇ ਫ਼ੈਸਲਾ ਕੀਤਾ ਕਿ ਉਹ ਆਪਣੀ ਪਤਨੀ ਅਤੇ ਤਿੰਨੇ ਧੀਆਂ ਨੂੰ ਲੈ ਕੇ ਆਪਣੇ ਮਾਪਿਆਂ ਕੋਲ ਰਹਿਣ ਚਲਾ ਜਾਵੇਗਾ ਜੋ ਦੂਸਰੇ ਸ਼ਹਿਰ ਵਿਚ ਰਹਿੰਦੇ ਸਨ। ਪਰ ਉੱਥੇ ਜਾ ਕੇ ਬ੍ਰਿਜਿਟ ਨੂੰ ਹੋਰ ਵੀ ਜ਼ਿਆਦਾ ਮੁਸ਼ਕਲਾਂ ਆਈਆਂ। ਪਤੀ ਦੀ ਨੌਕਰੀ ਛੁੱਟ ਜਾਣ ਕਰਕੇ ਉਸ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਪੂਰਾ ਸਮਾਂ ਕੰਮ ਕਰਨਾ ਪਿਆ। ਨਾਲੇ ਉਸ ਦੇ ਘਰ ਤੋਂ ਮੰਡਲੀ 350 ਕਿਲੋਮੀਟਰ (220 ਮੀਲ) ਦੂਰ ਸੀ। ਦੁੱਖ ਦੀ ਗੱਲ ਹੈ ਕਿ ਉਸ ਦੀ ਨਿਹਚਾ ਕਰਕੇ ਉਸ ਦੇ ਸਹੁਰਿਆਂ ਨੇ ਉਸ ਦਾ ਵਿਰੋਧ ਕੀਤਾ। ਬ੍ਰਿਜਿਟ ਦਾ ਇੰਨਾ ਜ਼ਿਆਦਾ ਵਿਰੋਧ ਹੋਣ ਲੱਗ ਪਿਆ ਕਿ ਉਸ ਨੂੰ ਆਪਣੇ ਪਰਿਵਾਰ ਨਾਲ ਕਿਤੇ ਹੋਰ ਜਾ ਕੇ ਰਹਿਣਾ ਪਿਆ। ਫਿਰ ਅਚਾਨਕ ਉਸ ਦੇ ਪਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੀ 12 ਸਾਲਾਂ ਦੀ ਕੁੜੀ ਦੀ ਕੈਂਸਰ ਨਾਲ ਮੌਤ ਹੋ ਗਈ। ਪਰ ਬ੍ਰਿਜਿਟ ਦੀਆਂ ਮੁਸ਼ਕਲਾਂ ਅਜੇ ਖ਼ਤਮ ਨਹੀਂ ਹੋਈਆਂ ਸਨ। ਉਸ ਦੇ ਰਿਸ਼ਤੇਦਾਰਾਂ ਨੇ ਸਾਰੇ ਦੁੱਖਾਂ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਜੇ ਬ੍ਰਿਜਿਟ ਯਹੋਵਾਹ ਦੀ ਗਵਾਹ ਨਾ ਬਣਦੀ, ਤਾਂ ਇਹ ਸਾਰੀਆਂ ਮੁਸ਼ਕਲਾਂ ਨਹੀਂ ਆਉਣੀਆਂ ਸਨ। ਇਸ ਸਭ ਦੇ ਬਾਵਜੂਦ, ਬ੍ਰਿਜਿਟ ਯਹੋਵਾਹ ʼਤੇ ਭਰੋਸਾ ਕਰਦੀ ਰਹੀ ਅਤੇ ਉਸ ਦੇ ਸੰਗਠਨ ਦੇ ਨੇੜੇ ਰਹੀ।

16. ਯਹੋਵਾਹ ਅਤੇ ਉਸ ਦੇ ਸੰਗਠਨ ਦੇ ਨੇੜੇ ਰਹਿਣ ਕਰਕੇ ਬ੍ਰਿਜਿਟ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

16 ਬ੍ਰਿਜਿਟ ਦਾ ਘਰ ਤੋਂ ਮੰਡਲੀ ਕਾਫ਼ੀ ਦੂਰ ਸੀ ਜਿਸ ਕਰਕੇ ਸਰਕਟ ਓਵਰਸੀਅਰ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੇ ਇਲਾਕੇ ਵਿਚ ਪ੍ਰਚਾਰ ਕਰੇ ਅਤੇ ਆਪਣੇ ਘਰੇ ਹੀ ਮੀਟਿੰਗਾਂ ਕਰੇ। ਸ਼ੁਰੂ-ਸ਼ੁਰੂ ਵਿਚ ਉਸ ਨੂੰ ਇਹ ਸਾਰਾ ਕੁਝ ਕਰਨਾ ਬਹੁਤ ਔਖਾ ਲੱਗ ਰਿਹਾ ਸੀ, ਫਿਰ ਵੀ ਉਸ ਨੇ ਭਰਾ ਦੀ ਸਲਾਹ ਮੰਨੀ। ਉਸ ਨੇ ਆਪਣੇ ਇਲਾਕੇ ਵਿਚ ਪ੍ਰਚਾਰ ਕਰਨਾ ਅਤੇ ਆਪਣੇ ਘਰ ਵਿਚ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਇਲਾਵਾ, ਉਹ ਆਪਣੀਆਂ ਕੁੜੀਆਂ ਨਾਲ ਹਮੇਸ਼ਾ ਪਰਿਵਾਰਕ ਸਟੱਡੀ ਕਰਦੀ ਸੀ। ਇਸ ਦਾ ਕੀ ਨਤੀਜਾ ਨਿਕਲਿਆ? ਬ੍ਰਿਜਿਟ ਬਹੁਤ ਸਾਰੇ ਲੋਕਾਂ ਨੂੰ ਸਟੱਡੀ ਕਰਵਾਉਣ ਲੱਗ ਪਈ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਬਪਤਿਸਮਾ ਲੈ ਲਿਆ। 2005 ਵਿਚ ਉਹ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਨ ਲੱਗ ਪਈ। ਯਹੋਵਾਹ ʼਤੇ ਭਰੋਸਾ ਕਰਨ ਕਰਕੇ ਅਤੇ ਉਸ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਬ੍ਰਿਜਿਟ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਉਸ ਦੀਆਂ ਕੁੜੀਆਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੀਆਂ ਹਨ ਅਤੇ ਹੁਣ ਉਨ੍ਹਾਂ ਦੇ ਇਲਾਕੇ ਵਿਚ ਦੋ ਮੰਡਲੀਆਂ ਹਨ! ਬ੍ਰਿਜਿਟ ਨੂੰ ਪੂਰਾ ਭਰੋਸਾ ਹੋ ਗਿਆ ਕਿ ਯਹੋਵਾਹ ਨੇ ਹੀ ਉਸ ਨੂੰ ਸਾਰੀਆਂ ਦੁੱਖ-ਮੁਸੀਬਤਾਂ ਸਹਿਣ ਅਤੇ ਘਰਦਿਆਂ ਦੇ ਤਾਅਨੇ-ਮਿਹਣੇ ਸਹਿਣ ਦੀ ਤਾਕਤ ਦਿੱਤੀ।

ਯਹੋਵਾਹ ਤੇ ਉਸ ਦੇ ਸੰਗਠਨ ਦੇ ਵਫ਼ਾਦਾਰ ਰਹੋ

17. ਸਾਨੂੰ ਕੀ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

17 ਸ਼ੈਤਾਨ ਸਾਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਯਹੋਵਾਹ ਦੁੱਖ-ਮੁਸੀਬਤਾਂ ਦੌਰਾਨ ਸਾਡਾ ਸਾਥ ਛੱਡ ਦਿੰਦਾ ਹੈ। ਨਾਲੇ ਉਹ ਸਾਡੇ ਮਨ ਵਿਚ ਇਹ ਗੱਲ ਵੀ ਪਾਉਣੀ ਚਾਹੁੰਦਾ ਹੈ ਕਿ ਉਸ ਦੇ ਸੰਗਠਨ ਦਾ ਸਾਥ ਦੇਣ ਨਾਲ ਸਾਡੀਆਂ ਮੁਸ਼ਕਲਾਂ ਵਧਣਗੀਆਂ। ਜਦੋਂ ਅਗਵਾਈ ਕਰਨ ਵਾਲੇ ਭਰਾਵਾਂ ਨੂੰ ਬਦਨਾਮ ਕੀਤਾ ਜਾਂਦਾ ਹੈ, ਉਨ੍ਹਾਂ ʼਤੇ ਜ਼ੁਲਮ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾਂਦਾ ਹੈ, ਤਾਂ ਸ਼ੈਤਾਨ ਚਾਹੁੰਦਾ ਕਿ ਇਹ ਸਭ ਕੁਝ ਦੇਖ ਕੇ ਅਸੀਂ ਡਰ ਜਾਈਏ। ਉਹ ਇਹ ਵੀ ਚਾਹੁੰਦਾ ਹੈ ਕਿ ਲੋਕਾਂ ਵੱਲੋਂ ਮਜ਼ਾਕ ਉਡਾਉਣ ਕਰਕੇ ਅਸੀਂ ਯਹੋਵਾਹ ਦੇ ਮਿਆਰਾਂ ʼਤੇ ਚੱਲਣਾ ਛੱਡ ਦੇਈਏ ਅਤੇ ਉਸ ਦੇ ਸੰਗਠਨ ਤੋਂ ਸਾਡਾ ਭਰੋਸਾ ਉੱਠ ਜਾਵੇ। ਪਰ ਅਸੀਂ ਸ਼ੈਤਾਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੈ ਜਿਸ ਕਰਕੇ ਅਸੀਂ ਬੇਵਕੂਫ਼ ਨਹੀਂ ਬਣਦੇ। (2 ਕੁਰਿੰ. 2:11) ਪੱਕਾ ਇਰਾਦਾ ਕਰੋ ਕਿ ਤੁਸੀਂ ਸ਼ੈਤਾਨ ਦੀਆਂ ਝੂਠੀਆਂ ਗੱਲਾਂ ʼਤੇ ਭਰੋਸਾ ਨਹੀਂ ਕਰੋਗੇ ਅਤੇ ਯਹੋਵਾਹ ਤੇ ਉਸ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਹੋਗੇ। ਯਾਦ ਰੱਖੋ ਕਿ ਯਹੋਵਾਹ ਤੁਹਾਡਾ ਸਾਥ ਕਦੇ ਨਹੀਂ ਛੱਡੇਗਾ। (ਜ਼ਬੂ. 28:7) ਇਸ ਲਈ ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋਵੋ।​—ਰੋਮੀ. 8:35-39.

18. ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

18 ਇਸ ਲੇਖ ਵਿਚ ਅਸੀਂ ਦੇਖਿਆ ਕਿ ਸਾਨੂੰ ਦੁਨੀਆਂ ਦੇ ਲੋਕਾਂ ਕਰਕੇ ਮੁਸ਼ਕਲਾਂ ਆ ਸਕਦੀਆਂ ਹਨ। ਪਰ ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਮੰਡਲੀ ਵਿਚ ਭੈਣਾਂ-ਭਰਾਵਾਂ ਕਰਕੇ ਵੀ ਮੁਸ਼ਕਲਾਂ ਆ ਸਕਦੀਆਂ ਹਨ ਜਿਨ੍ਹਾਂ ਕਰਕੇ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ। ਅਸੀਂ ਇਹ ਵੀ ਦੇਖਾਂਗੇ ਕਿ ਇਨ੍ਹਾਂ ਮੁਸ਼ਕਲਾਂ ਨੂੰ ਅਸੀਂ ਕਿਵੇਂ ਪਾਰ ਕਰ ਸਕਦੇ ਹਾਂ।

ਗੀਤ 118 “ਸਾਨੂੰ ਹੋਰ ਨਿਹਚਾ ਦੇ”

a ਇਨ੍ਹਾਂ ਆਖ਼ਰੀ ਦਿਨਾਂ ਵਿਚ ਆਪਣੀ ਵਫ਼ਾਦਾਰੀ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਸੰਗਠਨ ʼਤੇ ਭਰੋਸਾ ਕਰਦੇ ਰਹੀਏ। ਸ਼ੈਤਾਨ ਸਾਡਾ ਭਰੋਸਾ ਤੋੜਨ ਲਈ ਸਾਡੇ ʼਤੇ ਬਹੁਤ ਸਾਰੀਆਂ ਮੁਸ਼ਕਲਾਂ ਲਿਆਉਂਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਤਰ੍ਹਾਂ ਕਰਨ ਲਈ ਸ਼ੈਤਾਨ ਕਿਹੜੇ ਤਿੰਨ ਤਰੀਕੇ ਵਰਤਦਾ ਹੈ। ਨਾਲੇ ਅਸੀਂ ਦੇਖਾਂਗੇ ਕਿ ਉਸ ਦੀਆਂ ਚਾਲਾਂ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ ਅਤੇ ਯਹੋਵਾਹ ਤੇ ਉਸ ਦੇ ਸੰਗਠਨ ਪ੍ਰਤੀ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖ ਸਕਦੇ ਹਾਂ।

b ਕੁਝ ਨਾਂ ਬਦਲੇ ਗਏ ਹਨ।