ਕੀ ਤੁਸੀਂ ਜਾਣਦੇ ਹੋ?
ਕੀ ਮਾਰਦਕਈ ਨਾਂ ਦਾ ਆਦਮੀ ਸੱਚ-ਮੁੱਚ ਸੀ?
ਬਾਈਬਲ ਦੀ ਕਿਤਾਬ ਅਸਤਰ ਵਿਚ ਮਾਰਦਕਈ ਨਾਂ ਦੇ ਯਹੂਦੀ ਗ਼ੁਲਾਮ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ। ਉਹ 5ਵੀਂ ਸਦੀ ਈਸਵੀ ਪੂਰਵ ਦੇ ਸ਼ੁਰੂ ਵਿਚ ਫ਼ਾਰਸ ਦੇ ਸ਼ਾਹੀ ਮਹਿਲ ਵਿਚ ਕੰਮ ਕਰਦਾ ਸੀ। ਉਸ ਸਮੇਂ “ਰਾਜਾ ਅਹਸ਼ਵੇਰੋਸ਼ ਦੇ ਦਿਨਾਂ” ਵਿਚ ਹੋਈਆਂ ਘਟਨਾਵਾਂ ਵੇਲੇ ਉਸ ਨੇ ਬੜੀ ਅਹਿਮ ਭੂਮਿਕਾ ਨਿਭਾਈ। (ਅੱਜ ਇਹ ਰਾਜਾ ਜ਼ਰਕਸੀਜ਼ ਪਹਿਲੇ ਦੇ ਨਾਂ ਤੋਂ ਜਾਣਿਆ ਜਾਂਦਾ ਹੈ।) ਰਾਜੇ ਨੂੰ ਮਾਰਨ ਦੀ ਸਾਜ਼ਸ਼ ਘੜੀ ਗਈ ਸੀ ਜਿਸ ਦਾ ਮਾਰਦਕਈ ਨੇ ਪਰਦਾਫ਼ਾਸ਼ ਕੀਤਾ। ਇਸ ਗੱਲ ਲਈ ਮਾਰਦਕਈ ਦਾ ਸ਼ੁਕਰੀਆ ਅਦਾ ਕਰਨ ਵਾਸਤੇ ਰਾਜੇ ਨੇ ਸਾਰਿਆਂ ਸਾਮ੍ਹਣੇ ਉਸ ਨੂੰ ਇੱਜ਼ਤ-ਮਾਣ ਬਖ਼ਸ਼ਿਆ। ਇਸ ਤੋਂ ਬਾਅਦ ਜਦੋਂ ਮਾਰਦਕਈ ਅਤੇ ਯਹੂਦੀਆਂ ਦੇ ਦੁਸ਼ਮਣ ਹਾਮਾਨ ਦੀ ਮੌਤ ਹੋਈ, ਤਾਂ ਰਾਜੇ ਨੇ ਮਾਰਦਕਈ ਨੂੰ ਉੱਚਾ ਰੁਤਬਾ ਦੇ ਕੇ ਪ੍ਰਧਾਨ ਮੰਤਰੀ ਬਣਾ ਦਿੱਤਾ। ਇਸ ਰੁਤਬੇ ʼਤੇ ਹੁੰਦਿਆਂ ਮਾਰਦਕਈ ਨੇ ਇਕ ਫ਼ਰਮਾਨ ਜਾਰੀ ਕੀਤਾ ਜਿਸ ਕਰਕੇ ਯਹੂਦੀ ਕੌਮ ਫ਼ਾਰਸੀ ਸਾਮਰਾਜ ਵਿੱਚੋਂ ਖ਼ਤਮ ਹੋਣ ਤੋਂ ਬਚ ਗਈ।—ਅਸ. 1:1; 2:5, 21-23; 8:1, 2; 9:16.
20ਵੀਂ ਸਦੀ ਦੇ ਕੁਝ ਇਤਿਹਾਸਕਾਰਾਂ ਦਾ ਦਾਅਵਾ ਹੈ ਕਿ ਅਸਤਰ ਦੀ ਕਿਤਾਬ ਵਿਚ ਸਿਰਫ਼ ਮਨਘੜਤ ਕਹਾਣੀਆਂ ਦੱਸੀਆਂ ਗਈਆਂ ਹਨ ਅਤੇ ਮਾਰਦਕਈ ਨਾਂ ਦਾ ਕੋਈ ਆਦਮੀ ਸੱਚ-ਮੁੱਚ ਨਹੀਂ ਹੋਇਆ ਸੀ। ਪਰ 1941 ਵਿਚ ਪੁਰਾਤੱਤਵ ਵਿਗਿਆਨੀਆਂ ਨੂੰ ਕੁਝ ਸਬੂਤ ਮਿਲੇ ਜਿਨ੍ਹਾਂ ਤੋਂ ਲੱਗਦਾ ਹੈ ਕਿ ਬਾਈਬਲ ਵਿਚ ਮਾਰਦਕਈ ਬਾਰੇ ਜੋ ਦੱਸਿਆ ਗਿਆ ਹੈ, ਉਹ ਸਹੀ ਹੈ। ਉਨ੍ਹਾਂ ਨੂੰ ਕਿਹੜੇ ਸਬੂਤ ਮਿਲੇ?
ਖੋਜਕਾਰਾਂ ਨੂੰ ਫਾਰਸੀ ਫਾਨਾ-ਨੁਮਾ ਲਿਪੀ ਵਿਚ ਇਕ ਲਿਖਤ ਮਿਲੀ ਜਿਸ ਵਿਚ ਮਾਰਦੂਕਾ (ਪੰਜਾਬੀ ਵਿਚ ਮਾਰਦਕਈ) ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਨਾਲੇ ਉਸ ਵਿਚ ਦੱਸਿਆ ਗਿਆ ਸੀ ਕਿ ਉਹ ਸ਼ੂਸ਼ਨ ਵਿਚ ਇਕ ਅਧਿਕਾਰੀ ਸੀ ਅਤੇ ਸ਼ਾਇਦ ਹਿਸਾਬ-ਕਿਤਾਬ ਕਰਨ ਦਾ ਕੰਮ ਕਰਦਾ ਸੀ। ਜ਼ਰਾ ਧਿਆਨ ਦਿਓ ਕਿ ਇਸ ਬਾਰੇ ਉਸ ਇਲਾਕੇ ਦੇ ਇਤਿਹਾਸ ਦੇ ਮਾਹਰ ਆਰਥਰ ਉਂਗਨਾਡ ਨੇ ਲਿਖਿਆ ਕਿ “ਬਾਈਬਲ ਤੋਂ ਇਲਾਵਾ ਸਿਰਫ਼ ਇਸ ਲਿਖਤ ਵਿਚ ਮਾਰਦਕਈ ਦਾ ਨਾਂ ਮਿਲਿਆ ਹੈ।”
ਉਂਗਨਾਡ ਦੀ ਇਸ ਰਿਪੋਰਟ ਤੋਂ ਬਾਅਦ ਵਿਦਵਾਨਾਂ ਨੇ ਫਾਰਸੀ ਫਾਨਾ-ਨੁਮਾ ਲਿਪੀ ਵਿਚ ਲਿਖੀਆਂ ਹੋਰ ਹਜ਼ਾਰਾਂ ਹੀ ਲਿਖਤਾਂ ਦਾ ਅਨੁਵਾਦ ਕੀਤਾ ਹੈ, ਜਿਵੇਂ ਕਿ ਪਰਸੇਪੋਲਿਸ ਫੱਟੀਆਂ। ਉਨ੍ਹਾਂ ਨੂੰ ਇਹ ਫੱਟੀਆਂ ਪਰਸੇਪੋਲਿਸ ਸ਼ਹਿਰ ਦੀ ਕੰਧ ਨੇੜੇ ਸ਼ਾਹੀ ਖ਼ਜ਼ਾਨੇ ਦੇ ਖੰਡਰਾਂ ਵਿੱਚੋਂ ਮਿਲੀਆਂ ਸਨ। ਇਹ ਫੱਟੀਆਂ ਜ਼ਰਕਸੀਜ਼ ਪਹਿਲੇ ਦੇ ਜ਼ਮਾਨੇ ਦੀਆਂ ਹਨ। ਇਹ ਏਲਾਮੀ ਭਾਸ਼ਾ ਵਿਚ ਹਨ ਅਤੇ ਇਨ੍ਹਾਂ ʼਤੇ ਅਜਿਹੇ ਬਹੁਤ ਸਾਰੇ ਨਾਂ ਮਿਲੇ ਜੋ ਅਸਤਰ ਦੀ ਕਿਤਾਬ ਵਿਚ ਵੀ ਪਾਏ ਜਾਂਦੇ ਹਨ। a
ਪਰਸੇਪੋਲਿਸ ਫੱਟੀਆਂ ʼਤੇ ਮਾਰਦੂਕਾ ਨਾਂ ਕਈ ਵਾਰ ਆਉਂਦਾ ਹੈ। ਨਾਲੇ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜ਼ਰਕਸੀਜ਼ ਪਹਿਲੇ ਦੇ ਰਾਜ ਦੌਰਾਨ ਮਾਰਦੂਕਾ ਸ਼ੂਸ਼ਨ ਦੇ ਮਹਿਲ ਵਿਚ ਇਕ ਗ੍ਰੰਥੀ ਸੀ। ਇਕ ਫੱਟੀ ਵਿਚ ਦੱਸਿਆ ਗਿਆ ਹੈ ਕਿ ਮਾਰਦੂਕਾ ਇਕ ਅਨੁਵਾਦਕ ਵੀ ਸੀ। ਬਾਈਬਲ ਵਿਚ ਵੀ ਮਾਰਦਕਈ ਬਾਰੇ ਇਹੀ ਗੱਲਾਂ ਦੱਸੀਆਂ ਗਈਆਂ ਹਨ। ਉਹ ਰਾਜਾ ਅਹਸ਼ਵੇਰੋਸ਼ (ਜ਼ਰਕਸੀਜ਼ ਪਹਿਲਾ) ਦੇ ਦਰਬਾਰ ਵਿਚ ਇਕ ਅਧਿਕਾਰੀ ਸੀ ਅਤੇ ਉਸ ਨੂੰ ਘੱਟੋ-ਘੱਟ ਦੋ ਭਾਸ਼ਾਵਾਂ ਆਉਂਦੀਆਂ ਸਨ। ਮਾਰਦਕਈ ਸ਼ੂਸ਼ਨ ਵਿਚ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਬਾਕਾਇਦਾ ਬੈਠਦਾ ਹੁੰਦਾ ਸੀ। (ਅਸ. 2:19, 21; 3:3) ਇਹ ਸ਼ਾਹੀ ਦਰਵਾਜ਼ਾ ਇਕ ਬਹੁਤ ਵੱਡੀ ਇਮਾਰਤ ਸੀ ਜਿੱਥੇ ਮਹਿਲ ਦੇ ਅਧਿਕਾਰੀ ਕੰਮ ਕਰਦੇ ਹੁੰਦੇ ਸਨ।
ਇਹ ਕਿੰਨੀ ਦਿਲਚਸਪੀ ਦੀ ਗੱਲ ਹੈ ਕਿ ਪਰਸੇਪੋਲਿਸ ਫੱਟੀਆਂ ਵਿਚ ਜ਼ਿਕਰ ਕੀਤੇ ਗਏ ਮਾਰਦੂਕਾ ਅਤੇ ਬਾਈਬਲ ਵਿਚ ਦੱਸੇ ਮਾਰਦਕਈ ਬਾਰੇ ਦੱਸੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਉਹ ਇੱਕੋ ਸਮੇਂ ਵਿਚ ਅਤੇ ਇੱਕੋ ਜਗ੍ਹਾ ਰਹਿੰਦੇ ਸਨ ਤੇ ਉਨ੍ਹਾਂ ਨੇ ਮਹਿਲ ਵਿਚ ਅਧਿਕਾਰੀ ਵਜੋਂ ਇੱਕੋ ਜਿਹਾ ਕੰਮ ਕੀਤਾ ਸੀ। ਇਨ੍ਹਾਂ ਸਾਰੀਆਂ ਗੱਲਾਂ ਤੋਂ ਲੱਗਦਾ ਹੈ ਕਿ ਪੁਰਾਤੱਤਵ ਖੋਜਾਂ ਵਿਚ ਦੱਸਿਆ ਮਾਰਦੂਕਾ ਬਾਈਬਲ ਦੀ ਕਿਤਾਬ ਅਸਤਰ ਵਿਚ ਦੱਸਿਆ ਮਾਰਦਕਈ ਹੀ ਹੋ ਸਕਦਾ ਹੈ।
a 1992 ਵਿਚ ਪ੍ਰੋਫੈਸਰ ਐਡਵਿਨ ਐੱਮ. ਯਾਮਾਓਚੀ ਨੇ ਆਪਣੇ ਇਕ ਲੇਖ ਵਿਚ ਪਰਸੇਪੋਲਿਸ ਫੱਟੀਆਂ ਵਿੱਚੋਂ ਦਸ ਨਾਂ ਲਿਖੇ ਜੋ ਅਸਤਰ ਦੀ ਕਿਤਾਬ ਵਿਚ ਵੀ ਪਾਏ ਜਾਂਦੇ ਹਨ।