ਜੀਵਨੀ
“ਮੈਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਸੀ”
ਸੂਰੀਨਾਮ ਦੇ ਸੰਘਣੇ ਜੰਗਲਾਂ ਵਿਚ ਅਸੀਂ ਗ੍ਰਾਨਬੂਰੀ ਪਿੰਡ ਦੇ ਨੇੜੇ ਕੁਝ ਲੋਕਾਂ ਨੂੰ ਮਿਲਣ ਗਏ ਸੀ। ਉਨ੍ਹਾਂ ਨੂੰ ਮਿਲਣ ਤੋਂ ਬਾਅਦ ਅਸੀਂ ਇਕ ਲੰਬੀ ਕਿਸ਼ਤੀ ਵਿਚ ਬੈਠ ਕੇ ਤਾਪਾਨਾਹੋਨੀ ਨਦੀ ਰਾਹੀਂ ਵਾਪਸ ਜਾ ਰਹੇ ਸੀ। ਜਦੋਂ ਅਸੀਂ ਨਦੀ ਦੇ ਉਸ ਹਿੱਸੇ ਵਿਚ ਪਹੁੰਚੇ ਜਿੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਸੀ, ਤਾਂ ਸਾਡੀ ਕਿਸ਼ਤੀ ਦੀ ਮੋਟਰ ਦਾ ਇਕ ਹਿੱਸਾ ਵੱਡੇ ਸਾਰੇ ਪੱਥਰ ਨਾਲ ਜਾ ਵੱਜਾ। ਅਚਾਨਕ ਕਿਸ਼ਤੀ ਦਾ ਅਗਲਾ ਹਿੱਸਾ ਪਾਣੀ ਵਿੱਚ ਡੁੱਬ ਗਿਆ ਅਤੇ ਅਸੀਂ ਸਾਰੇ ਵੀ ਡੁੱਬਣ ਲੱਗੇ। ਡਰ ਦੇ ਮਾਰੇ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ। ਚਾਹੇ ਮੈਂ ਸਰਕਟ ਓਵਰਸੀਅਰ ਵਜੋਂ ਸੇਵਾ ਕਰਦਿਆਂ ਕਈ ਸਾਲਾਂ ਤੋਂ ਨਦੀ ਰਾਹੀਂ ਸਫ਼ਰ ਕਰਦਾ ਸੀ, ਫਿਰ ਵੀ ਮੈਨੂੰ ਤੈਰਨਾ ਨਹੀਂ ਆਉਂਦਾ ਸੀ!
ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਅੱਗੇ ਦੀ ਕਹਾਣੀ ਸੁਣਾਵਾਂ, ਚੱਲੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਪੂਰੇ ਸਮੇਂ ਦੀ ਸੇਵਾ ਕਰਨੀ ਕਿਵੇਂ ਸ਼ੁਰੂ ਕੀਤੀ।
ਮੇਰਾ ਜਨਮ 1942 ਵਿੱਚ ਕਯੁਰੇਸਾਓ ਨਾਂ ਦੇ ਇਕ ਸੋਹਣੇ ਟਾਪੂ ʼਤੇ ਹੋਇਆ ਜੋ ਕੈਰੀਬੀਅਨ ਟਾਪੂਆਂ ਵਿੱਚ ਹੈ। ਭਾਵੇਂ ਮੇਰੇ ਡੈਡੀ ਜੀ ਸੂਰੀਨਾਮ ਦੇਸ਼ ਦੇ ਰਹਿਣ ਵਾਲੇ ਸੀ, ਪਰ ਕੰਮ ਕਰਕੇ ਉਹ ਕਯੁਰੇਸਾਓ ਟਾਪੂ ʼਤੇ ਆ ਕੇ ਵੱਸ ਗਏ। ਮੇਰੇ ਜਨਮ ਤੋਂ ਕੁਝ ਸਾਲ ਪਹਿਲਾਂ ਹੀ ਡੈਡੀ ਜੀ ਦਾ ਬਪਤਿਸਮਾ ਹੋਇਆ ਸੀ। ਉਸ ਟਾਪੂ ʼਤੇ ਜੋ ਲੋਕ ਸਭ ਤੋਂ ਪਹਿਲਾਂ ਯਹੋਵਾਹ ਦੇ ਗਵਾਹ ਬਣੇ ਉਨ੍ਹਾਂ ਵਿੱਚੋਂ ਮੇਰੇ ਡੈਡੀ ਜੀ ਵੀ ਇਕ ਸਨ। a ਡੈਡੀ ਜੀ ਮੈਨੂੰ ਤੇ ਮੇਰੇ ਭੈਣਾਂ-ਭਰਾਵਾਂ ਨੂੰ ਬਾਈਬਲ ਸਟੱਡੀ ਕਰਾਉਂਦੇ ਸੀ। ਕਈ ਵਾਰ ਅਸੀਂ ਸਟੱਡੀ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸੀ, ਪਰ ਫਿਰ ਵੀ ਉਹ ਹਰ ਹਫ਼ਤੇ ਸਾਡੇ ਨਾਲ ਸਟੱਡੀ ਕਰਦੇ ਹੀ ਸੀ। ਜਦੋਂ ਮੈਂ 14 ਸਾਲਾਂ ਦਾ ਹੋਇਆ, ਤਾਂ ਸਾਡਾ ਪੂਰਾ ਪਰਿਵਾਰ ਵਾਪਸ ਸੂਰੀਨਾਮ ਚਲਾ ਗਿਆ ਕਿਉਂਕਿ ਸਾਡੀ ਦਾਦੀ ਦੀ ਉਮਰ ਕਾਫ਼ੀ ਹੋ ਗਈ ਸੀ ਤੇ ਉਨ੍ਹਾਂ ਨੂੰ ਦੇਖ-ਭਾਲ ਦੀ ਜ਼ਰੂਰਤ ਸੀ।
ਚੰਗੇ ਦੋਸਤਾਂ ਦਾ ਮੇਰੇ ʼਤੇ ਅਸਰ
ਸੂਰੀਨਾਮ ਦੀ ਮੰਡਲੀ ਵਿਚ ਮੈਂ ਉਨ੍ਹਾਂ ਨੌਜਵਾਨ ਭੈਣਾਂ-ਭਰਾਵਾਂ ਨਾਲ ਦੋਸਤੀ ਕਰ ਲਈ ਜੋ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਸਨ। ਉਹ ਮੇਰੇ ਤੋਂ ਕੁਝ ਹੀ ਸਾਲ ਵੱਡੇ ਸਨ ਅਤੇ ਉਹ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਦੇ ਸਨ। ਜਦੋਂ ਵੀ ਉਹ ਪ੍ਰਚਾਰ ਵਿਚ ਹੋਏ ਆਪਣੇ ਤਜਰਬੇ ਸੁਣਾਉਂਦੇ ਸਨ, ਤਾਂ ਉਨ੍ਹਾਂ ਦੇ ਚਿਹਰਿਆਂ ʼਤੇ ਅਲੱਗ ਹੀ ਖ਼ੁਸ਼ੀ ਹੁੰਦੀ ਸੀ। ਅਕਸਰ ਅਸੀਂ ਮੀਟਿੰਗਾਂ ਤੋਂ ਬਾਅਦ ਖੁੱਲ੍ਹੇ ਆਸਮਾਨ ਹੇਠਾਂ ਤਾਰਿਆਂ ਨੂੰ ਦੇਖਦਿਆਂ ਬਾਈਬਲ ਦੇ ਅਲੱਗ-ਅਲੱਗ ਵਿਸ਼ਿਆਂ ਬਾਰੇ ਗੱਲਾਂ ਕਰਦੇ ਸੀ। ਇਨ੍ਹਾਂ ਦੋਸਤਾਂ ਕਰਕੇ ਹੀ ਮੈਂ ਸਮਝ ਸਕਿਆ ਕਿ ਮੈਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦਾ ਸੀ: ਮੈਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਸੀ। ਇਸ ਲਈ ਮੈਂ 16 ਸਾਲ ਦੀ ਉਮਰ ਵਿਚ ਬਪਤਿਸਮਾ ਲੈ ਲਿਆ ਅਤੇ 18 ਸਾਲ ਦੀ ਉਮਰ ਵਿਚ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਮੈਂ ਜ਼ਰੂਰੀ ਗੱਲਾਂ ਸਿੱਖੀਆਂ
ਪਾਇਨੀਅਰਿੰਗ ਕਰਦਿਆਂ ਮੈਂ ਬਹੁਤ ਕੁਝ ਸਿੱਖਿਆ ਜੋ ਅੱਗੇ ਜਾ ਕੇ ਪੂਰੇ ਸਮੇਂ ਦੀ ਸੇਵਾ ਕਰਦਿਆਂ ਮੇਰੇ ਕੰਮ ਆਇਆ। ਉਦਾਹਰਣ ਲਈ, ਮੈਂ ਸਭ ਤੋਂ ਪਹਿਲਾਂ ਇਹ ਸਿੱਖਿਆ ਕਿ ਦੂਜਿਆਂ ਨੂੰ ਸਿਖਲਾਈ ਦੇਣੀ ਕਿੰਨੀ ਜ਼ਰੂਰੀ ਹੈ। ਜਦੋਂ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ, ਤਾਂ ਭਰਾ ਵਿਲਿਅਮ ਵਾਨ ਸੇਲ ਨੇ ਮੇਰੇ ਵਿਚ ਦਿਲਚਸਪੀ ਲਈ। b ਉਹ ਇਕ ਮਿਸ਼ਨਰੀ ਸੀ ਅਤੇ ਉਸ ਨੇ ਮੈਨੂੰ ਸਿਖਾਇਆ ਕਿ ਮੰਡਲੀ ਵਿਚ ਜ਼ਿੰਮੇਵਾਰੀਆਂ ਕਿਵੇਂ ਨਿਭਾਈਆਂ ਜਾਂਦੀਆਂ ਹਨ। ਉਸ ਵੇਲੇ ਤਾਂ ਮੈਨੂੰ ਅਹਿਸਾਸ ਨਹੀਂ ਹੋਇਆ ਕਿ ਇਹ ਸਿਖਲਾਈ ਮੇਰੇ ਕਿੰਨੇ ਕੰਮ ਆਵੇਗੀ। ਪਰ ਜਦੋਂ ਅਗਲੇ ਸਾਲ ਮੈਨੂੰ ਸਪੈਸ਼ਲ ਪਾਇਨੀਅਰ ਬਣਾਇਆ ਗਿਆ, ਤਾਂ ਮੈਨੂੰ ਸਮਝ ਆਇਆ ਕਿ ਉਹ ਸਿਖਲਾਈ ਮੇਰੇ ਕਿੰਨੇ ਕੰਮ ਦੀ ਸੀ। ਮੈਂ ਸੂਰੀਨਾਮ ਦੇ ਸੰਘਣੇ ਜੰਗਲਾਂ ਵਿਚ ਰਹਿੰਦੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਸੀ। ਉੱਥੇ ਭੈਣ-ਭਰਾ ਛੋਟੇ-ਛੋਟੇ ਗਰੁੱਪਾਂ ਵਿਚ ਮਿਲਦੇ ਸਨ। ਇਸ ਸਿਖਲਾਈ ਕਰਕੇ ਮੈਂ ਉਨ੍ਹਾਂ ਦੀ ਵਧੀਆ ਢੰਗ ਨਾਲ ਮਦਦ ਕਰ ਸਕਿਆ। ਮੈਂ ਭਰਾ ਵਿਲਿਅਮ ਤੇ ਉਨ੍ਹਾਂ ਵਰਗੇ ਹੋਰ ਭਰਾਵਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਹੀ ਸਮੇਂ ʼਤੇ ਮੈਨੂੰ ਸਿਖਲਾਈ ਦਿੱਤੀ। ਉਦੋਂ ਤੋਂ ਮੈਂ ਵੀ ਕੋਸ਼ਿਸ਼ ਕਰਦਾ ਹਾਂ ਕਿ ਉਨ੍ਹਾਂ ਵਾਂਗ ਸਮਾਂ ਕੱਢ ਕੇ ਦੂਜਿਆਂ ਨੂੰ ਸਿਖਲਾਈ ਦੇਵਾਂ।
ਦੂਜੀ ਗੱਲ ਮੈਂ ਇਹ ਸਿੱਖੀ ਕਿ ਸਾਦੀ ਜ਼ਿੰਦਗੀ ਜੀਉਣੀ ਅਤੇ ਪਹਿਲਾਂ ਤੋਂ ਹੀ ਯੋਜਨਾ ਬਣਾਉਣੀ ਕਿੰਨੀ ਜ਼ਿਆਦਾ ਫ਼ਾਇਦੇਮੰਦ ਹੈ। ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਾਨੂੰ ਹਰ ਮਹੀਨੇ ਥੋੜ੍ਹੇ-ਬਹੁਤੇ ਪੈਸੇ ਮਿਲਦੇ ਸਨ ਜੋ ਸਾਨੂੰ ਸਮਝਦਾਰੀ ਨਾਲ ਖ਼ਰਚਣੇ ਪੈਂਦੇ ਸਨ। ਇਸ ਲਈ ਮੈਂ ਅਤੇ ਮੇਰਾ ਪਾਇਨੀਅਰ ਸਾਥੀ ਮਹੀਨੇ ਦੇ ਸ਼ੁਰੂ ਵਿਚ ਹੀ ਸੋਚ ਲੈਂਦੇ ਸੀ ਕਿ ਸਾਨੂੰ ਆਉਣ ਵਾਲਿਆਂ ਹਫ਼ਤਿਆਂ ਦੌਰਾਨ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ। ਫਿਰ ਸਾਡੇ ਵਿੱਚੋਂ ਕੋਈ ਜਣਾ ਸੰਘਣੇ ਜੰਗਲ ਤੋਂ ਸ਼ਹਿਰ ਤਕ ਲੰਬਾ ਸਫ਼ਰ ਤੈਅ ਕਰ ਕੇ ਜਾਂਦਾ ਸੀ ਅਤੇ ਉੱਥੋਂ ਖਾਣ-ਪੀਣ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਖ਼ਰੀਦ ਕੇ ਲਿਆਉਂਦਾ ਸੀ। ਅਸੀਂ ਇਸ ਗੱਲ ਦਾ ਧਿਆਨ ਰੱਖਦੇ ਸੀ ਕਿ ਇਹ ਚੀਜ਼ਾਂ ਪੂਰਾ ਮਹੀਨਾ ਚੱਲਣ, ਨਹੀਂ ਤਾਂ ਅਸੀਂ ਸੰਘਣੇ ਜੰਗਲਾਂ ਵਿਚ ਕਿੱਥੋਂ ਇਹ ਚੀਜ਼ਾਂ ਲੱਭਦੇ ਫਿਰਦੇ! ਮੈਂ ਜਵਾਨੀ ਤੋਂ ਹੀ ਸਾਦੀ ਜ਼ਿੰਦਗੀ ਜੀਉਣੀ ਅਤੇ ਚੰਗੀ ਤਰ੍ਹਾਂ ਯੋਜਨਾ ਬਣਾਉਣੀ ਸਿੱਖ ਲਈ ਸੀ। ਇਸ ਕਰਕੇ ਮੈਂ ਆਪਣੀ ਬਾਕੀ ਜ਼ਿੰਦਗੀ ਬਿਨਾਂ ਧਿਆਨ ਭਟਕਾਏ ਯਹੋਵਾਹ ਦੀ ਸੇਵਾ ਕਰ ਸਕਿਆ।
ਤੀਜੀ ਗੱਲ ਮੈਂ ਇਹ ਸਿੱਖੀ ਕਿ ਲੋਕਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਵਿਚ ਖ਼ੁਸ਼ ਖ਼ਬਰੀ ਸੁਣਾ ਕੇ ਉਨ੍ਹਾਂ ਦੇ ਦਿਲਾਂ ਤਕ ਪਹੁੰਚਿਆ ਜਾ ਸਕਦਾ ਹੈ। ਮੈਨੂੰ ਬਚਪਨ ਤੋਂ ਡੱਚ, ਅੰਗ੍ਰੇਜ਼ੀ, ਪਪੀਆਮੇਂਟੋ ਅਤੇ ਸ੍ਰਾਨਾਨਟੋਂਗੋ (ਇਸ ਭਾਸ਼ਾ ਨੂੰ ਸ੍ਰਾਨਾਨ ਵੀ ਕਿਹਾ ਜਾਂਦਾ ਹੈ) ਭਾਸ਼ਾਵਾਂ ਆਉਂਦੀਆਂ ਸਨ, ਸ੍ਰਾਨਾਨਟੋਂਗੋ ਭਾਸ਼ਾ ਸੂਰੀਨਾਮ ਵਿਚ ਆਮ ਬੋਲੀ ਜਾਂਦੀ ਹੈ। ਪਰ ਮੈਂ ਦੇਖਿਆ ਕਿ ਜਦੋਂ ਅਸੀਂ ਸੰਘਣੇ ਜੰਗਲਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਮਾਂ-ਬੋਲੀ ਵਿਚ ਪ੍ਰਚਾਰ ਕਰਦੇ ਸੀ, ਤਾਂ ਉਹ ਸਾਡੀ ਗੱਲ ਚੰਗੀ ਤਰ੍ਹਾਂ ਸੁਣਦੇ ਸਨ। ਪਰ ਮੇਰੇ ਲਈ ਕੁਝ ਭਾਸ਼ਾਵਾਂ ਨੂੰ ਸਿੱਖਣਾ ਬਹੁਤ ਮੁਸ਼ਕਲ ਸੀ, ਜਿਵੇਂ ਕਿ ਸੈਰਾਮੈਕਨ । ਇਸ ਭਾਸ਼ਾ ਵਿਚ ਕਿਸੇ ਸ੍ਵਰ ʼਤੇ ਜ਼ਿਆਦਾ ਜਾਂ ਘੱਟ ਜ਼ੋਰ ਦੇਣ ਨਾਲ ਸ਼ਬਦਾਂ ਦਾ ਮਤਲਬ ਪੂਰੀ ਤਰ੍ਹਾਂ ਬਦਲ ਜਾਂਦਾ ਸੀ। ਪਰ ਮੈਨੂੰ ਖ਼ੁਸ਼ੀ ਹੈ ਕਿ ਮੈਂ ਮਿਹਨਤ ਕੀਤੀ ਅਤੇ ਉਨ੍ਹਾਂ ਦੀਆਂ ਭਾਸ਼ਾਵਾਂ ਸਿੱਖੀਆਂ। ਸਾਲਾਂ ਦੇ ਬੀਤਣ ਨਾਲ ਮੈਂ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਸਿਖਾ ਪਾਇਆ ਕਿਉਂਕਿ ਮੈਂ ਉਨ੍ਹਾਂ ਦੀ ਮਾਂ-ਬੋਲੀ ਜਾਣਦਾ ਸੀ।
ਬਿਨਾਂ ਸ਼ੱਕ, ਉਨ੍ਹਾਂ ਦੀ ਭਾਸ਼ਾ ਬੋਲਦਿਆਂ ਮੇਰੇ ਤੋਂ ਬਹੁਤ ਸਾਰੀਆਂ ਗ਼ਲਤੀਆਂ ਹੋਈਆਂ। ਉਦਾਹਰਣ ਲਈ, ਇਕ ਵਾਰ ਸੈਰਾਮੈਕਨ ਭਾਸ਼ਾ ਬੋਲਣ ਵਾਲੀ ਇਕ ਬਾਈਬਲ ਵਿਦਿਆਰਥੀ ਬੀਮਾਰ ਸੀ ਅਤੇ ਉਸ ਦਾ ਪੇਟ ਦਰਦ ਕਰ ਰਿਹਾ ਸੀ। ਮੈਂ ਉਸ ਨੂੰ ਪੁੱਛਣਾ ਚਾਹੁੰਦਾ ਸੀ, ਕੀ ਉਹ ਠੀਕ ਹੈ? ਪਰ ਮੈਂ ਉਸ ਨੂੰ ਪੁੱਛ ਬੈਠਾ, ਕੀ ਤੂੰ ਗਰਭਵਤੀ ਹੈਂ? ਤੁਸੀਂ ਸੋਚ ਸਕਦੇ ਹੋ ਕਿ ਉਹ ਕਿੰਨੀ ਸ਼ਰਮਿੰਦੀ ਹੋਈ ਹੋਣੀ। ਅਜਿਹੀਆਂ ਗ਼ਲਤੀਆਂ ਹੋਣ ਦੇ ਬਾਵਜੂਦ ਵੀ ਮੈਂ ਹਾਰ ਨਹੀਂ ਮੰਨੀ। ਮੈਂ ਜਿੱਥੇ ਵੀ ਗਿਆ, ਉੱਥੇ ਦੇ ਲੋਕਾਂ ਦੀ ਭਾਸ਼ਾ ਬੋਲਣ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ।
ਮੈਨੂੰ ਹੋਰ ਵੀ ਜ਼ਿੰਮੇਵਾਰੀਆਂ ਮਿਲੀਆਂ
1970 ਵਿਚ ਮੈਨੂੰ ਸਰਕਟ ਓਵਰਸੀਅਰ ਬਣਾਇਆ ਗਿਆ। ਉਸ ਸਾਲ ਮੈਂ ਸੂਰੀਨਾਮ ਦੇ ਜੰਗਲਾਂ ਵਿਚ ਛੋਟੇ-ਛੋਟੇ ਗਰੁੱਪਾਂ ਨੂੰ ਇਕ ਸਲਾਈਡ ਪ੍ਰੋਗ੍ਰਾਮ ਦਿਖਾਇਆ ਜਿਸ ਦਾ ਨਾਂ ਸੀ, “ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਦਾ ਦੌਰਾ।” ਉਨ੍ਹਾਂ ਗਰੁੱਪਾਂ ਤਕ ਪਹੁੰਚਣ ਲਈ, ਮੈਂ ਅਤੇ ਕੁਝ ਹੋਰ ਭਰਾ ਲੱਕੜ ਦੀ ਬਣੀ ਇਕ ਪਤਲੀ ਜਿਹੀ ਕਿਸ਼ਤੀ ਵਿਚ ਸਫ਼ਰ ਕਰਦੇ ਸੀ। ਉਸ ਛੋਟੀ ਜਿਹੀ ਕਿਸ਼ਤੀ ਵਿੱਚ ਅਸੀਂ ਆਪਣੇ ਨਾਲ ਸਲਾਈਡ ਚਲਾਉਣ ਲਈ ਇਕ ਪ੍ਰੋਜੈਕਟਰ, ਇਕ ਜੈਨਰੇਟਰ, ਇਕ ਲਾਲਟੈਣ ਅਤੇ ਇਕ ਪੈਟਰੋਲ ਦਾ ਡੱਬਾ ਲੈ ਕੇ ਜਾਂਦੇ ਸੀ। ਨਾਲੇ ਜਦੋਂ ਅਸੀਂ ਉੱਥੇ ਪਹੁੰਚਦੇ ਸੀ, ਤਾਂ ਅਸੀਂ ਇਹ ਸਾਰਾ ਸਾਮਾਨ ਚੁੱਕ ਕੇ ਉਸ ਜਗ੍ਹਾ ʼਤੇ ਲੈ ਜਾਂਦੇ ਸੀ ਜਿੱਥੇ ਇਹ ਪ੍ਰੋਗ੍ਰਾਮ ਦਿਖਾਉਣਾ ਹੁੰਦਾ ਸੀ। ਉਨ੍ਹਾਂ ਗਰੁੱਪਾਂ ਤਕ ਪਹੁੰਚਣ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ। ਪਰ ਇਸ ਸਫ਼ਰ ਦੀ ਮੇਰੇ ਲਈ ਸਭ ਤੋਂ ਯਾਦਗਾਰ ਗੱਲ ਇਹ ਸੀ ਕਿ ਜਦੋਂ ਅਸੀਂ ਦੂਰ-ਦੁਰਾਡੇ ਵੱਸੇ ਇਨ੍ਹਾਂ ਲੋਕਾਂ ਨੂੰ ਪ੍ਰੋਗ੍ਰਾਮ ਦਿਖਾਉਂਦੇ ਸੀ, ਤਾਂ ਉਨ੍ਹਾਂ ਨੂੰ ਇਹ ਕਿੰਨਾ ਵਧੀਆ ਲੱਗਦਾ ਸੀ! ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਇਨ੍ਹਾਂ ਲੋਕਾਂ ਨੂੰ ਯਹੋਵਾਹ ਅਤੇ ਧਰਤੀ ʼਤੇ ਉਸ ਦੇ ਸੰਗਠਨ ਦੇ ਹਿੱਸੇ ਬਾਰੇ ਸਿਖਾਉਣ ਦਾ ਮੌਕਾ ਮਿਲਿਆ।
ਭਾਵੇਂ ਕਿ ਯਹੋਵਾਹ ਦੀ ਸੇਵਾ ਕਰਦਿਆਂ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ, ਪਰ ਮੈਨੂੰ ਜੋ ਬਰਕਤਾਂ ਮਿਲੀਆਂ ਹਨ, ਉਨ੍ਹਾਂ ਦੇ ਮੁਕਾਬਲੇ ਇਹ ਕੁਝ ਵੀ ਨਹੀਂ ਹਨ!ਤਿੰਨ ਧਾਗਿਆਂ ਨਾਲ ਬੁਣੀ ਡੋਰੀ
ਭਾਵੇਂ ਕਿ ਮੈਂ ਜਾਣਦਾ ਸੀ ਕਿ ਕੁਆਰਾ ਰਹਿ ਕੇ ਮੈਂ ਹੋਰ ਵੀ ਵਧੀਆ ਢੰਗ ਨਾਲ ਯਹੋਵਾਹ ਦੀ ਸੇਵਾ ਕਰ ਸਕਦਾ, ਫਿਰ ਵੀ ਮੈਨੂੰ ਇਕ ਜੀਵਨ-ਸਾਥੀ ਦੀ ਕਮੀ ਮਹਿਸੂਸ ਹੋਈ। ਇਸ ਲਈ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗ ਪਿਆ ਕਿ ਉਹ ਅਜਿਹੀ ਪਤਨੀ ਲੱਭਣ ਵਿਚ ਮੇਰੀ ਮਦਦ ਕਰੇ ਜੋ ਸੂਰੀਨਾਮ ਦੇ ਜੰਗਲਾਂ ਵਿਚ ਮੇਰੇ ਨਾਲ ਖ਼ੁਸ਼ੀ-ਖ਼ੁਸ਼ੀ ਪੂਰੇ ਸਮੇਂ ਦੀ ਸੇਵਾ ਕਰ ਸਕੇ। ਇਕ ਸਾਲ ਬਾਅਦ ਹੀ ਮੈਨੂੰ ਐਥਲ ਨਾਂ ਦੀ ਇਕ ਸਪੈਸ਼ਲ ਪਾਇਨੀਅਰ ਭੈਣ ਮਿਲੀ ਅਤੇ ਅਸੀਂ ਇਕ-ਦੂਜੇ ਨੂੰ ਜਾਣਨ ਲੱਗ ਪਏ। ਐਥਲ ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ਦੀ ਸੇਵਾ ਕਰਨ ਲਈ ਸਖ਼ਤ ਮਿਹਨਤ ਕਰਦੀ ਸੀ। ਉਹ ਬਚਪਨ ਤੋਂ ਹੀ ਪੌਲੁਸ ਰਸੂਲ ਨੂੰ ਬਹੁਤ ਪਸੰਦ ਕਰਦੀ ਸੀ ਅਤੇ ਉਸ ਵਾਂਗ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨਾ ਚਾਹੁੰਦੀ ਸੀ। ਸਤੰਬਰ 1971 ਵਿਚ ਸਾਡਾ ਵਿਆਹ ਹੋ ਗਿਆ ਅਤੇ ਉਸ ਤੋਂ ਬਾਅਦ ਮੈਂ ਆਪਣੀ ਪਤਨੀ ਐਥਲ ਨਾਲ ਮਿਲ ਕੇ ਸਰਕਟ ਦਾ ਕੰਮ ਕਰਨ ਲੱਗ ਪਿਆ।
ਐਥਲ ਦੇ ਘਰਦੇ ਜ਼ਿਆਦਾ ਅਮੀਰ ਨਹੀਂ ਸਨ। ਉਹ ਘੱਟ ਚੀਜ਼ਾਂ ਵਿਚ ਗੁਜ਼ਾਰਾ ਕਰਨਾ ਜਾਣਦੇ ਸਨ। ਇਸ ਲਈ ਐਥਲ ਸੌਖਿਆਂ ਹੀ ਆਪਣੇ ਆਪ ਨੂੰ ਮੇਰੇ ਹਾਲਾਤਾਂ ਮੁਤਾਬਕ ਢਾਲ ਸਕੀ ਅਤੇ ਸਰਕਟ ਦਾ ਕੰਮ ਕਰਨ ਵਿਚ ਮੇਰਾ ਸਾਥ ਦੇ ਸਕੀ। ਉਦਾਹਰਣ ਲਈ, ਜਦੋਂ ਵੀ ਅਸੀਂ ਸੰਘਣੇ ਜੰਗਲਾਂ ਵਿਚ ਮੰਡਲੀਆਂ ਨੂੰ ਮਿਲਣ ਜਾਂਦੇ ਸੀ, ਤਾਂ ਅਸੀਂ ਆਪਣੇ ਨਾਲ ਘੱਟ ਸਮਾਨ ਲੈ ਕੇ ਜਾਂਦੇ ਸੀ। ਅਸੀਂ ਨਦੀਆਂ ਵਿਚ ਨਹਾਉਂਦੇ ਸੀ ਅਤੇ ਉੱਥੇ ਹੀ ਆਪਣੇ ਕੱਪੜੇ ਧੋ ਲੈਂਦੇ ਸੀ। ਭੈਣ-ਭਰਾ ਜੰਗਲ ਵਿੱਚੋਂ ਜੋ ਵੀ ਸ਼ਿਕਾਰ ਕਰ ਕੇ ਲਿਆਉਂਦੇ ਸੀ, ਅਸੀਂ ਉਹ ਖਾ ਲੈਂਦੇ ਸੀ, ਜਿਵੇਂ ਕਿ ਇਗੁਆਨਾ ਜਾਨਵਰ ਜਾਂ ਪਿਰਾਨਾ ਮੱਛੀ। ਜਦੋਂ ਖਾਣ ਲਈ ਪਲੇਟ ਨਹੀਂ ਸੀ ਹੁੰਦੀ, ਤਾਂ ਅਸੀਂ ਕੇਲੇ ਦੇ ਪੱਤਿਆਂ ʼਤੇ ਖਾਂਦੇ ਸੀ। ਜਦੋਂ ਚਮਚੇ ਨਹੀਂ ਹੁੰਦੇ ਸਨ, ਤਾਂ ਅਸੀਂ ਹੱਥਾਂ ਨਾਲ ਖਾਂਦੇ ਸੀ। ਮੈਂ ਅਤੇ ਐਥਲ ਨੇ ਮਹਿਸੂਸ ਕੀਤਾ ਹੈ ਕਿ ਯਹੋਵਾਹ ਦੀ ਸੇਵਾ ਵਿਚ ਅਸੀਂ ਜੋ ਕੁਰਬਾਨੀਆਂ ਕੀਤੀਆਂ ਹਨ, ਉਨ੍ਹਾਂ ਕਰਕੇ ਅਸੀਂ ਇਕ-ਦੂਜੇ ਦੇ ਅਤੇ ਯਹੋਵਾਹ ਦੇ ਹੋਰ ਵੀ ਨੇੜੇ ਆਏ ਹਾਂ। ਸੱਚ-ਮੁੱਚ! ਤਿੰਨ ਧਾਗਿਆਂ ਤੋਂ ਬੁਣੀ ਡੋਰੀ ਹੋਰ ਵੀ ਮਜ਼ਬੂਤ ਹੋ ਗਈ ਹੈ। (ਉਪ. 4:12) ਜੇ ਕੋਈ ਸਾਨੂੰ ਪੂਰੀ ਦੁਨੀਆਂ ਦੀ ਧੰਨ-ਦੌਲਤ ਦੇ ਕੇ ਕਹਿੰਦਾ ਕਿ ਅਜਿਹੀ ਜ਼ਿੰਦਗੀ ਛੱਡ ਦਿਓ, ਤਾਂ ਵੀ ਅਸੀਂ ਇਹ ਜ਼ਿੰਦਗੀ ਕਦੇ ਨਹੀਂ ਛੱਡਦੇ।
ਜਦੋਂ ਅਸੀਂ ਸੰਘਣੇ ਜੰਗਲਾਂ ਵਿਚ ਦੂਰ-ਦੁਰਾਡੇ ਵੱਸੇ ਭੈਣਾਂ-ਭਰਾਵਾਂ ਨੂੰ ਮਿਲ ਕੇ ਵਾਪਸ ਆ ਰਹੇ ਸੀ, ਤਾਂ ਸਾਡੇ ਨਾਲ ਉਹੀ ਹੋਇਆ ਜੋ ਮੈਂ ਤੁਹਾਨੂੰ ਸ਼ੁਰੂ-ਸ਼ੁਰੂ ਵਿਚ ਦੱਸਿਆ ਸੀ। ਜਦੋਂ ਨਦੀ ਦੇ ਪਾਣੀ ਦਾ ਵਹਾਅ
ਤੇਜ਼ ਹੋਣ ਲੱਗਾ, ਤਾਂ ਸਾਡੀ ਕਿਸ਼ਤੀ ਪਾਣੀ ਵਿਚ ਡੁੱਬ ਗਈ, ਪਰ ਉਹ ਤੁਰੰਤ ਉੱਪਰ ਆ ਗਈ। ਉਹ ਤਾਂ ਸ਼ੁਕਰ ਸੀ ਕਿ ਅਸੀਂ ਲਾਈਫ਼ ਜੈਕਟਾਂ ਪਾਈਆਂ ਹੋਈਆਂ ਸਨ ਅਤੇ ਅਸੀਂ ਕਿਸ਼ਤੀ ਤੋਂ ਬਾਹਰ ਨਹੀਂ ਡਿੱਗੇ। ਪਰ ਸਾਡੀ ਕਿਸ਼ਤੀ ਪਾਣੀ ਨਾਲ ਭਰ ਚੁੱਕੀ ਸੀ। ਇਸ ਲਈ ਅਸੀਂ ਤੁਰੰਤ ਆਪਣੇ ਭਾਂਡਿਆਂ ਵਿੱਚੋਂ ਖਾਣਾਂ ਨਦੀ ਵਿਚ ਸੁੱਟ ਦਿੱਤਾ ਅਤੇ ਉਨ੍ਹਾਂ ਖਾਲੀ ਭਾਂਡਿਆਂ ਨਾਲ ਕਿਸ਼ਤੀ ਵਿੱਚੋਂ ਪਾਣੀ ਬਾਹਰ ਕੱਢਣ ਲੱਗ ਪਏ।ਹੁਣ ਸਾਡੇ ਕੋਲ ਖਾਣ ਲਈ ਕੁਝ ਨਹੀਂ ਸੀ। ਇਸ ਲਈ ਅਸੀਂ ਮੱਛੀਆਂ ਫੜਨ ਦੀ ਕੋਸ਼ਿਸ਼ ਕੀਤੀ, ਪਰ ਸਾਡੇ ਹੱਥ ਕੁਝ ਨਹੀਂ ਲੱਗਾ। ਫਿਰ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਤੋਂ ਉਸ ਦਿਨ ਦਾ ਖਾਣਾ ਮੰਗਿਆ। ਪ੍ਰਾਰਥਨਾ ਕਰਨ ਤੋਂ ਬਾਅਦ ਜਦੋਂ ਇਕ ਭਰਾ ਨੇ ਪਾਣੀ ਵਿਚ ਮੱਛੀ ਫੜਨ ਲਈ ਕੁੰਡੀ ਪਾਈ, ਤਾਂ ਉਸ ਵਿਚ ਇਕ ਮੱਛੀ ਫੱਸ ਗਈ। ਉਹ ਮੱਛੀ ਇੰਨੀ ਵੱਡੀ ਸੀ ਕਿ ਅਸੀਂ ਪੰਜਾਂ ਨੇ ਉਸ ਰਾਤ ਢਿੱਡ ਭਰ ਕੇ ਖਾਣਾ ਖਾਧਾ।
ਮੈਂ ਪਤੀ, ਪਿਤਾ ਅਤੇ ਸਰਕਟ ਓਵਰਸੀਅਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ
ਸਰਕਟ ਕੰਮ ਕਰਨ ਤੋਂ ਪੰਜ ਸਾਲਾਂ ਬਾਅਦ ਕੁਝ ਅਜਿਹਾ ਹੋਇਆ ਜਿਸ ਦੀ ਸਾਨੂੰ ਕੋਈ ਉਮੀਦ ਨਹੀਂ ਸੀ। ਸਾਨੂੰ ਪਤਾ ਲੱਗਾ ਕਿ ਅਸੀਂ ਮਾਪੇ ਬਣਨ ਵਾਲੇ ਹਾਂ। ਇਹ ਸੁਣ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ, ਪਰ ਸਾਨੂੰ ਇਸ ਗੱਲ ਦੀ ਫ਼ਿਕਰ ਹੋਣ ਲੱਗੀ ਕਿ ਅੱਗੇ ਕੀ ਹੋਵੇਗਾ। ਮੇਰੀ ਅਤੇ ਐਥਲ ਦੀ ਦਿਲੀ ਖ਼ਾਹਸ਼ ਸੀ ਕਿ ਜਿੱਥੋਂ ਤਕ ਹੋ ਸਕੇ ਅਸੀਂ ਪੂਰੇ ਸਮੇਂ ਦੀ ਸੇਵਾ ਕਰਦੇ ਰਹੀਏ। 1976 ਵਿਚ ਸਾਡੇ ਐਥਨੀਏਲ ਪੈਦਾ ਹੋਇਆ ਅਤੇ ਢਾਈ ਸਾਲਾਂ ਬਾਅਦ ਸਾਡੇ ਜੋਵਾਨੀ ਪੈਦਾ ਹੋਇਆ।
ਉਸ ਵੇਲੇ ਸੂਰੀਨਾਮ ਵਿਚ ਭਰਾਵਾਂ ਦੀ ਬਹੁਤ ਲੋੜ ਸੀ, ਇਸ ਕਰਕੇ ਬ੍ਰਾਂਚ ਆਫ਼ਿਸ ਨੇ ਮੈਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦਿਆਂ ਉੱਥੇ ਰਹਿ ਕੇ ਸਰਕਟ ਓਵਰਸੀਅਰ ਵਜੋਂ ਸੇਵਾ ਕਰਦੇ ਰਹਿਣ ਲਈ ਕਿਹਾ। ਜਦੋਂ ਮੇਰੇ ਮੁੰਡੇ ਛੋਟੇ ਸਨ, ਤਾਂ ਮੈਨੂੰ ਇੱਦਾਂ ਦੇ ਸਰਕਟ ਵਿਚ ਸੇਵਾ ਕਰਨ ਲਈ ਕਿਹਾ ਗਿਆ ਜਿਸ ਵਿਚ ਬਹੁਤ ਘੱਟ ਮੰਡਲੀਆਂ ਸਨ। ਇਸ ਕਰਕੇ ਮੈਂ ਹਰ ਮਹੀਨੇ ਕੁਝ ਹਫ਼ਤੇ ਮੰਡਲੀਆਂ ਨੂੰ ਮਿਲਣ ਜਾਂਦਾ ਸੀ ਅਤੇ ਮਹੀਨੇ ਦੇ ਬਾਕੀ ਹਫ਼ਤੇ ਆਪਣੀ ਮੰਡਲੀ ਵਿਚ ਪਾਇਨੀਅਰ ਸੇਵਾ ਕਰਦਾ ਸੀ। ਜਦੋਂ ਮੈਂ ਉਨ੍ਹਾਂ ਮੰਡਲੀਆਂ ਨੂੰ ਮਿਲਣ ਜਾਂਦਾ ਸੀ ਜੋ ਸਾਡੇ ਘਰ ਦੇ ਨੇੜੇ ਸਨ, ਤਾਂ ਐਥਲ ਅਤੇ ਦੋਵੇਂ ਮੁੰਡੇ ਮੇਰੇ ਨਾਲ ਜਾਂਦੇ ਸਨ। ਪਰ ਸੂਰੀਨਾਮ ਦੇ ਸੰਘਣੇ ਜੰਗਲਾਂ ਵਿਚ ਮੰਡਲੀਆਂ ਨੂੰ ਮਿਲਣ ਅਤੇ ਸੰਮੇਲਨਾਂ ਲਈ ਮੈਂ ਇਕੱਲਾ ਹੀ ਜਾਂਦਾ ਸੀ।
ਮੈਨੂੰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਇਕ ਵਧੀਆ ਯੋਜਨਾ ਬਣਾਉਣੀ ਪੈਂਦੀ ਸੀ। ਮੈਂ ਇਸ ਗੱਲ ਦਾ ਧਿਆਨ ਰੱਖਦਾ ਸੀ ਕਿ ਅਸੀਂ ਹਰ ਹਫ਼ਤੇ ਪਰਿਵਾਰਕ ਸਟੱਡੀ ਕਰੀਏ। ਨਾਲੇ ਜਦੋਂ ਮੈਂ ਜੰਗਲ ਵਿਚ ਮੰਡਲੀਆਂ ਨੂੰ ਮਿਲਣ ਜਾਂਦਾ ਸੀ, ਤਾਂ ਉਸ ਦੌਰਾਨ ਐਥਲ ਬੱਚਿਆਂ ਨਾਲ ਪਰਿਵਾਰਕ ਸਟੱਡੀ ਕਰਦੀ ਸੀ। ਪਰ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਸੀ ਕਿ ਜਿੰਨਾ ਹੋ ਸਕੇ ਅਸੀਂ ਸਾਰੇ ਜਣੇ ਮਿਲ ਕੇ ਹਰ ਕੰਮ ਕਰੀਏ। ਮੈਂ ਅਤੇ ਐਥਲ ਸਾਡੇ ਮੁੰਡਿਆਂ ਨਾਲ ਮਿਲ ਕੇ ਵਧੀਆ ਮਨੋਰੰਜਨ ਕਰਨ ਲਈ ਗੇਮਾਂ ਖੇਡਦੇ ਸੀ ਅਤੇ ਅਸੀਂ ਘਰ ਦੇ ਨੇੜੇ ਸੋਹਣੀਆਂ-ਸੋਹਣੀਆਂ ਥਾਵਾਂ ʼਤੇ ਘੁੰਮਣ ਜਾਂਦੇ ਸੀ। ਮੈਂ ਅਕਸਰ ਭਾਸ਼ਣਾਂ ਅਤੇ ਹੋਰ ਜ਼ਿੰਮੇਵਾਰੀਆਂ ਦੀ ਤਿਆਰੀ ਕਰਨ ਲਈ ਦੇਰ ਰਾਤ ਤਕ ਜਾਗਦਾ ਹੁੰਦਾ ਸੀ। ਨਾਲੇ ਐਥਲ ਕਹਾਉਤਾਂ 31:15 ਵਿਚ ਦੱਸੀ ਉਸ ਗੁਣਵਾਨ ਪਤਨੀ ਵਾਂਗ ਸਵੇਰੇ ਛੇਤੀ ਉੱਠਦੀ ਸੀ ਅਤੇ ਸਾਰੀਆਂ ਤਿਆਰੀਆਂ ਕਰਦੀ ਸੀ। ਇਸ ਤਰ੍ਹਾਂ ਅਸੀਂ ਮੁੰਡਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਇਕੱਠੇ ਮਿਲ ਕੇ ਹਰ ਰੋਜ਼ ਦਾ ਬਾਈਬਲ ਹਵਾਲਾ ਪੜ੍ਹ ਸਕਦੇ ਸੀ ਅਤੇ ਨਾਸ਼ਤਾ ਕਰ ਸਕਦੇ ਸੀ। ਐਥਲ ਕਰਕੇ ਹੀ ਮੈਂ ਯਹੋਵਾਹ ਦੀ ਸੇਵਾ ਕਰਦਿਆਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਸਕਿਆ ਹਾਂ। ਅਜਿਹੀ ਪਤਨੀ ਪਾ ਕੇ ਮੈਂ ਬਹੁਤ ਖ਼ੁਸ਼ ਹਾਂ!
ਅਸੀਂ ਚਾਹੁੰਦੇ ਸੀ ਕਿ ਸਾਡੇ ਮੁੰਡੇ ਵੀ ਆਪਣੀ ਜ਼ਿੰਦਗੀ ਪੂਰੇ ਸਮੇਂ ਦੀ ਸੇਵਾ ਵਿਚ ਲਗਾਉਣ। ਪਰ ਸਿਰਫ਼ ਇਸ ਕਰਕੇ ਨਹੀਂ ਕਿ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹਿ ਰਹੇ ਸੀ, ਸਗੋਂ ਇਸ ਲਈ ਕਿਉਂਕਿ ਉਹ ਖ਼ੁਦ ਇਸ ਤਰ੍ਹਾਂ ਕਰਨਾ ਚਾਹੁੰਦੇ ਸਨ। ਮਾਪੇ ਹੋਣ ਦੇ ਨਾਤੇ ਅਸੀਂ ਸਖ਼ਤ ਮਿਹਨਤ ਕੀਤੀ ਕਿ ਸਾਡੇ ਮੁੰਡੇ ਯਹੋਵਾਹ ਨਾਲ ਪਿਆਰ ਕਰਨ ਅਤੇ ਪ੍ਰਚਾਰ ਕੰਮ ਤੋਂ ਖ਼ੁਸ਼ੀ ਪਾਉਣ। ਅਸੀਂ ਹਮੇਸ਼ਾ ਇਸ ਗੱਲ ʼਤੇ ਜ਼ੋਰ ਦਿੰਦੇ ਸੀ ਕਿ ਪੂਰੇ ਸਮੇਂ ਦੀ ਸੇਵਾ ਕਰਨ ਕਰਕੇ ਕਿੰਨੀਆਂ ਖ਼ੁਸ਼ੀਆਂ ਮਿਲਦੀਆਂ ਹਨ। ਅਸੀਂ ਉਨ੍ਹਾਂ ਨੂੰ ਖੁੱਲ੍ਹ ਕੇ ਦੱਸਿਆ ਕਿ ਪੂਰੇ ਸਮੇਂ ਦੀ ਸੇਵਾ ਕਰਦਿਆਂ ਸਾਡੇ ʼਤੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਈਆਂ ਅਤੇ ਯਹੋਵਾਹ ਨੇ ਹਮੇਸ਼ਾ ਸਾਡੇ ਪਰਿਵਾਰ ਦੀ ਕਿਵੇਂ ਮਦਦ ਕੀਤੀ ਤੇ ਸਾਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ। ਅਸੀਂ ਇਸ ਗੱਲ ਦਾ ਵੀ ਧਿਆਨ ਰੱਖਿਆ ਕਿ ਸਾਡੇ ਮੁੰਡੇ ਉਨ੍ਹਾਂ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣ ਜੋ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਨ।
ਆਪਣੇ ਪਰਿਵਾਰ ਨੂੰ ਪਾਲਣਾ ਸੌਖਾ ਨਹੀਂ ਹੁੰਦਾ, ਪਰ ਮੈਂ ਹਮੇਸ਼ਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਾਂ। ਕੁਆਰੇ ਹੁੰਦਿਆਂ ਜਦੋਂ ਮੈਂ ਸੂਰੀਨਾਮ ਦੇ ਜੰਗਲਾਂ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਦਾ ਸੀ, ਤਾਂ ਮੈਂ ਥੋੜ੍ਹੇ ਪੈਸਿਆਂ ਵਿਚ ਗੁਜ਼ਾਰਾ ਕਰਨ ਬਾਰੇ ਬਹੁਤ ਕੁਝ ਸਿੱਖਿਆ। ਉਦੋਂ ਸਿੱਖੀਆਂ ਗੱਲਾਂ ਹੁਣ ਮੇਰੇ ਕੰਮ ਆ ਰਹੀਆਂ ਸਨ। ਪਰ ਕਈ ਵਾਰ ਹਾਲਾਤ ਅਜਿਹੇ ਹੁੰਦੇ ਸਨ ਕਿ ਸਾਡੇ ਕੋਲ ਜ਼ਰੂਰਤ ਦੀਆਂ ਚੀਜ਼ਾਂ ਵੀ ਨਹੀਂ ਹੁੰਦੀਆਂ ਸਨ। ਇੱਦਾਂ ਦੇ ਮੌਕਿਆਂ ʼਤੇ ਮੈਂ ਸਾਫ਼-ਸਾਫ਼ ਦੇਖ ਸਕਿਆ ਕਿ ਯਹੋਵਾਹ ਨੇ ਕਿੱਦਾਂ ਸਾਡੇ ਪਰਿਵਾਰ ਨੂੰ ਸੰਭਾਲਿਆ ਅਤੇ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ। ਉਦਾਹਰਣ ਲਈ, 1986 ਤੋਂ 1992 ਤਕ ਜਦੋਂ ਸੂਰੀਨਾਮ ਵਿਚ ਘਰੇਲੂ ਯੁੱਧ ਚੱਲ ਰਿਹਾ ਸੀ, ਤਾਂ ਹਰ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨੀਆਂ ਵੀ ਬਹੁਤ ਔਖੀਆਂ ਹੋ ਗਈਆਂ ਸਨ। ਪਰ ਉਸ ਵੇਲੇ ਵੀ ਯਹੋਵਾਹ ਨੇ ਸਾਡੀਆਂ ਲੋੜਾਂ ਨੂੰ ਪੂਰਾ ਕੀਤਾ ਅਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ।—ਮੱਤੀ 6:32.
ਜਦੋਂ ਮੈਂ ਆਪਣੀ ਬੀਤੀ ਜ਼ਿੰਦਗੀ ʼਤੇ ਨਜ਼ਰ ਮਾਰਦਾ ਹਾਂ
ਪੂਰੀ ਜ਼ਿੰਦਗੀ ਦੌਰਾਨ ਯਹੋਵਾਹ ਨੇ ਹਮੇਸ਼ਾ ਸਾਡੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਹੈ। ਨਾਲੇ ਉਸ ਨੇ ਸਾਡੀ ਖ਼ੁਸ਼ ਅਤੇ ਸੰਤੁਸ਼ਟ ਰਹਿਣ ਵਿਚ ਮਦਦ ਕੀਤੀ ਹੈ। ਸਾਡੇ ਮੁੰਡੇ ਸਾਡੇ ਲਈ ਬਹੁਤ ਵੱਡੀ ਬਰਕਤ ਸਾਬਤ ਹੋਏ ਅਤੇ ਸਾਡੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਅਸੀਂ ਉਨ੍ਹਾਂ ਦੀ ਇਸ ਤਰੀਕੇ ਨਾਲ ਪਰਵਰਿਸ਼ ਕਰ ਪਾਏ ਕਿ ਉਹ ਯਹੋਵਾਹ ਦੀ ਸੇਵਾ ਕਰ ਸਕਣ। ਅਸੀਂ ਬਹੁਤ ਖ਼ੁਸ਼ ਹਾਂ ਕਿ ਸਾਡੇ ਮੁੰਡਿਆਂ ਨੇ ਵੀ ਜ਼ਿੰਦਗੀ ਭਰ ਪੂਰੇ ਸਮੇਂ ਦੀ ਸੇਵਾ ਕਰਦੇ ਰਹਿਣ ਦਾ ਫ਼ੈਸਲਾ ਕੀਤਾ ਹੈ। ਐਥਨੀਏਲ ਅਤੇ ਜੋਵਾਨੀ ਨੂੰ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਜਾਣ ਦਾ ਮੌਕਾ ਮਿਲਿਆ। ਅੱਜ ਸਾਡੇ ਦੋਵੇਂ ਮੁੰਡੇ ਆਪਣੀਆਂ ਪਤਨੀਆਂ ਨਾਲ ਮਿਲ ਕੇ ਸੂਰੀਨਾਮ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਹੇ ਹਨ।
ਮੈਂ ਅਤੇ ਐਥਲ ਹੁਣ ਸਿਆਣੀ ਉਮਰ ਦੇ ਹੋ ਗਏ ਹਾਂ, ਪਰ ਹਾਲੇ ਵੀ ਅਸੀਂ ਸਪੈਸ਼ਲ ਪਾਇਨੀਅਰਾਂ ਵਜੋਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ। ਸੱਚ ਦੱਸਾਂ ਤਾਂ ਸਾਡੇ ਕੋਲ ਇੰਨਾ ਕੰਮ ਹੈ ਕਿ ਮੈਂ ਹਾਲੇ ਵੀ ਤੈਰਨਾ ਸਿੱਖਣ ਲਈ ਸਮਾਂ ਹੀ ਨਹੀਂ ਕੱਢ ਪਾਇਆ! ਪਰ ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ। ਜਦੋਂ ਮੈਂ ਆਪਣੀ ਜ਼ਿੰਦਗੀ ʼਤੇ ਨਜ਼ਰ ਮਾਰਦਾ ਹਾਂ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੈਂ ਜਵਾਨੀ ਤੋਂ ਹੀ ਪੂਰੇ ਸਮੇਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਸੀ। ਸੱਚ-ਮੁੱਚ! ਯਹੋਵਾਹ ਦੀ ਸੇਵਾ ਕਰਨ ਨਾਲੋਂ ਬਿਹਤਰ ਹੋਰ ਕੁਝ ਵੀ ਨਹੀਂ!
b ਭਰਾ ਵਿਲਿਅਮ ਵਾਨ ਸੇਲ ਦੀ ਜੀਵਨੀ, “ਹਕੀਕਤ ਮੇਰੀ ਕਲਪਨਾ ਨਾਲੋਂ ਲੱਖ ਗੁਣਾ ਬਿਹਤਰ ਨਿਕਲੀ,” 8 ਨਵੰਬਰ 1999 ਦੇ ਜਾਗਰੂਕ ਬਣੋ! (ਹਿੰਦੀ) ਵਿਚ ਦੇਖੋ।