ਅਧਿਐਨ ਲੇਖ 46
ਯਹੋਵਾਹ ਦੀ ਮਦਦ ਨਾਲ ਅਸੀਂ ਖ਼ੁਸ਼ੀ-ਖ਼ੁਸ਼ੀ ਹਰ ਮੁਸ਼ਕਲ ਝੱਲ ਸਕਦੇ ਹਾਂ
“ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ʼਤੇ ਮਿਹਰ ਕਰੇ, ਉਹ ਤੁਹਾਡੇ ʼਤੇ ਦਇਆ ਕਰਨ ਲਈ ਉੱਠ ਖੜ੍ਹਾ ਹੋਵੇਗਾ।”—ਯਸਾ. 30:18.
ਗੀਤ 3 ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ
ਖ਼ਾਸ ਗੱਲਾਂ a
1-2. (ੳ) ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ? (ਅ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦਿਲੋਂ ਸਾਡੀ ਮਦਦ ਕਰਨੀ ਚਾਹੁੰਦਾ ਹੈ?
ਯਹੋਵਾਹ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਮੁਸ਼ਕਲਾਂ ਨੂੰ ਝੱਲ ਸਕੀਏ ਅਤੇ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਦੇ ਰਹੀਏ। ਉਹ ਕਿਨ੍ਹਾਂ ਤਰੀਕਿਆਂ ਨਾਲ ਸਾਡੀ ਮਦਦ ਕਰਦਾ ਹੈ? ਨਾਲੇ ਉਸ ਤੋਂ ਮਦਦ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ। ਪਰ ਇਸ ਤੋਂ ਪਹਿਲਾਂ ਆਓ ਆਪਾਂ ਇਸ ਸਵਾਲ ʼਤੇ ਗੌਰ ਕਰੀਏ: ਕੀ ਯਹੋਵਾਹ ਸੱਚ-ਮੁੱਚ ਸਾਡੀ ਮਦਦ ਕਰਨੀ ਚਾਹੁੰਦਾ ਹੈ?
2 ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਇਕ ਸ਼ਬਦ ਵਰਤਿਆਂ ਜਿਸ ਤੋਂ ਸਾਨੂੰ ਇਸ ਸਵਾਲ ਦਾ ਜਵਾਬ ਮਿਲਦਾ ਹੈ। ਉਸ ਨੇ ਲਿਖਿਆ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ। ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?” (ਇਬ. 13:6) ਇਸ ਆਇਤ ਵਿਚ “ਸਹਾਰਾ” ਸ਼ਬਦ ਅਜਿਹੇ ਵਿਅਕਤੀ ਲਈ ਵਰਤਿਆ ਗਿਆ ਹੈ ਜੋ ਕਿਸੇ ਨੂੰ ਦੁਖੀ ਦੇਖ ਕੇ ਮਦਦ ਕਰਨ ਲਈ ਭੱਜਾ-ਭੱਜਾ ਆਉਂਦਾ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਦੁੱਖ ਵੇਲੇ ਯਹੋਵਾਹ ਨੂੰ ਪੁਕਾਰਦੇ ਹਾਂ, ਤਾਂ ਉਹ ਸਾਡੀ ਮਦਦ ਕਰਨ ਲਈ ਭੱਜਾ-ਭੱਜਾ ਆਉਂਦਾ ਹੈ। ਇਸ ਗੱਲ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਦਿਲੋਂ ਸਾਡੀ ਮਦਦ ਕਰਨੀ ਚਾਹੁੰਦਾ ਹੈ। ਜੇ ਯਹੋਵਾਹ ਸਾਡੀ ਵੱਲ ਹੈ, ਤਾਂ ਅਸੀਂ ਹਰ ਮੁਸ਼ਕਲ ਖ਼ੁਸ਼ੀ-ਖ਼ੁਸ਼ੀ ਝੱਲ ਸਕਦੇ ਹਾਂ।
3. ਕਿਹੜੇ ਤਿੰਨ ਤਰੀਕਿਆਂ ਨਾਲ ਯਹੋਵਾਹ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਮੁਸ਼ਕਲਾਂ ਦੌਰਾਨ ਵੀ ਖ਼ੁਸ਼ ਰਹਿ ਸਕੀਏ?
3 ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਮੁਸ਼ਕਲਾਂ ਦੌਰਾਨ ਵੀ ਖ਼ੁਸ਼ ਰਹਿ ਸਕੀਏ? ਇਸ ਦਾ ਜਵਾਬ ਸਾਨੂੰ ਯਸਾਯਾਹ ਦੀ ਕਿਤਾਬ ਵਿੱਚੋਂ ਮਿਲੇਗਾ। ਕਿਉਂ? ਕਿਉਂਕਿ ਯਹੋਵਾਹ ਨੇ ਯਸਾਯਾਹ ਰਾਹੀਂ ਜੋ ਭਵਿੱਖਬਾਣੀਆਂ ਲਿਖਵਾਈਆਂ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਭਵਿੱਖਬਾਣੀਆਂ ਅੱਜ ਸਾਡੇ ਸਮੇਂ ਵਿਚ ਵੀ ਪੂਰੀਆਂ ਹੋ ਰਹੀਆਂ ਹਨ। ਇਸ ਤੋਂ ਇਲਾਵਾ, ਯਸਾਯਾਹ ਨੇ ਆਪਣੀ ਕਿਤਾਬ ਵਿਚ ਜਿਨ੍ਹਾਂ ਸ਼ਬਦਾਂ ਰਾਹੀਂ ਯਹੋਵਾਹ ਦੇ ਸੁਭਾਅ ਨੂੰ ਬਿਆਨ ਕੀਤਾ ਹੈ, ਉਸ ਤੋਂ ਅਸੀਂ ਚੰਗੀ ਤਰ੍ਹਾਂ ਸਮਝ ਪਾਉਂਦੇ ਹਾਂ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਉਦਾਹਰਣ ਲਈ, ਯਸਾਯਾਹ ਅਧਿਆਇ 30 ਵਿਚ ਦਿੱਤੀਆਂ ਦਿਲਚਸਪ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਕਿੱਦਾਂ ਮਦਦ ਕਰਦਾ ਹੈ। ਉਸ ਨੇ ਲਿਖਿਆ ਕਿ ਯਹੋਵਾਹ ਸਾਡੀ ਮਦਦ ਕਰਨ ਲਈ (1) ਸਾਡੀਆਂ ਪ੍ਰਾਰਥਨਾਵਾਂ ਧਿਆਨ ਨਾਲ ਸੁਣਦਾ ਹੈ ਅਤੇ ਉਨ੍ਹਾਂ ਦਾ ਜਵਾਬ ਦਿੰਦਾ ਹੈ, (2) ਸਾਡੀ ਅਗਵਾਈ ਕਰਦਾ ਹੈ ਅਤੇ (3) ਸਾਨੂੰ ਅੱਜ ਵੀ ਬਰਕਤਾਂ ਦਿੰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਬਰਕਤਾਂ ਦੇਵੇਗਾ। ਆਓ ਆਪਾਂ ਇਕ-ਇਕ ਕਰਕੇ ਦੇਖੀਏ ਕਿ ਯਹੋਵਾਹ ਇਨ੍ਹਾਂ ਤਰੀਕਿਆਂ ਰਾਹੀਂ ਸਾਡੀ ਕਿਵੇਂ ਮਦਦ ਕਰਦਾ ਹੈ।
ਯਹੋਵਾਹ ਸਾਡੀ ਪ੍ਰਾਰਥਨਾ ਸੁਣਦਾ ਹੈ
4. (ੳ) ਯਸਾਯਾਹ ਦੇ ਦਿਨਾਂ ਦੇ ਯਹੂਦੀਆਂ ਬਾਰੇ ਯਹੋਵਾਹ ਨੇ ਕੀ ਕਿਹਾ ਅਤੇ ਉਨ੍ਹਾਂ ਨਾਲ ਕੀ ਹੋਣ ਦਿੱਤਾ? (ਅ) ਵਫ਼ਾਦਾਰ ਯਹੂਦੀਆਂ ਨੂੰ ਯਹੋਵਾਹ ਨੇ ਕੀ ਉਮੀਦ ਦਿੱਤੀ? (ਯਸਾਯਾਹ 30:18, 19)
4 ਯਸਾਯਾਹ ਅਧਿਆਇ 30 ਦੀ ਸ਼ੁਰੂਆਤ ਵਿਚ ਯਹੋਵਾਹ ਯਹੂਦੀਆਂ ਬਾਰੇ ਦੱਸਦਾ ਹੈ ਕਿ ਉਹ ‘ਜ਼ਿੱਦੀ ਪੁੱਤਰ ਹਨ’ ਜੋ “ਪਾਪ ʼਤੇ ਪਾਪ ਕਰੀ ਜਾ ਰਹੇ ਹਨ।” ਉਸ ਨੇ ਅੱਗੇ ਕਿਹਾ: “ਉਹ ਬਾਗ਼ੀ ਲੋਕ ਹਨ, . . . ਜੋ ਯਹੋਵਾਹ ਦੇ ਕਾਨੂੰਨ ਨੂੰ ਸੁਣਨਾ ਨਹੀਂ ਚਾਹੁੰਦੇ।” (ਯਸਾ. 30:1, 9) ਯਹੂਦੀਆਂ ਨੇ ਯਹੋਵਾਹ ਦੀ ਗੱਲ ਨਹੀਂ ਸੁਣੀ। ਇਸ ਲਈ ਯਸਾਯਾਹ ਨੇ ਭਵਿੱਖਬਾਣੀ ਕੀਤੀ ਕਿ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਅਤੇ ਇਸ ਤਰ੍ਹਾਂ ਹੋਇਆ ਵੀ। (ਯਸਾ. 30:5, 17; ਯਿਰ. 25:8-11) ਬਾਬਲੀ ਲੋਕ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਲੈ ਗਏ ਸਨ, ਪਰ ਉਨ੍ਹਾਂ ਵਿੱਚੋਂ ਕੁਝ ਯਹੂਦੀ ਵਫ਼ਾਦਾਰ ਸਨ। ਉਨ੍ਹਾਂ ਵਫ਼ਾਦਾਰ ਯਹੂਦੀਆਂ ਨੂੰ ਯਸਾਯਾਹ ਨੇ ਉਮੀਦ ਦਾ ਸੰਦੇਸ਼ ਦਿੱਤਾ। ਉਸ ਨੇ ਕਿਹਾ ਕਿ ਇਕ ਦਿਨ ਯਹੋਵਾਹ ਉਨ੍ਹਾਂ ʼਤੇ ਮਿਹਰ ਕਰੇਗਾ ਅਤੇ ਉਹ ਆਪਣੇ ਦੇਸ਼ ਵਾਪਸ ਆ ਜਾਣਗੇ। (ਯਸਾਯਾਹ 30:18, 19 ਪੜ੍ਹੋ।) ਪਰ ਉਸ ਨੇ ਇਹ ਵੀ ਕਿਹਾ ਕਿ “ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ʼਤੇ ਮਿਹਰ ਕਰੇ।” ਇਸ ਤੋਂ ਪਤਾ ਲੱਗਦਾ ਹੈ ਕਿ ਯਹੂਦੀਆਂ ਨੇ ਤੁਰੰਤ ਰਿਹਾ ਨਹੀਂ ਹੋ ਜਾਣਾ ਸੀ, ਸਗੋਂ ਉਨ੍ਹਾਂ ਨੂੰ ਉਡੀਕ ਕਰਨੀ ਪੈਣੀ ਸੀ ਅਤੇ ਇਸੇ ਤਰ੍ਹਾਂ ਹੋਇਆ। ਯਹੂਦੀਆਂ ਨੂੰ 70 ਸਾਲ ਬਾਬਲ ਵਿਚ ਗ਼ੁਲਾਮ ਰਹਿਣਾ ਪਿਆ ਅਤੇ ਫਿਰ ਜਾ ਕੇ ਉਨ੍ਹਾਂ ਵਿੱਚੋਂ ਕੁਝ ਯਹੂਦੀ ਆਪਣੇ ਦੇਸ਼ ਯਰੂਸ਼ਲਮ ਵਾਪਸ ਆਏ। (ਯਸਾ. 10:21; ਯਿਰ. 29:10) ਆਪਣੇ ਦੇਸ਼ ਵਾਪਸ ਆ ਕੇ ਉਨ੍ਹਾਂ ਦੇ ਦੁੱਖ ਦੇ ਹੰਝੂ ਖ਼ੁਸ਼ੀ ਦੇ ਹੰਝੂਆਂ ਵਿਚ ਬਦਲ ਗਏ।
5. ਯਸਾਯਾਹ 30:19 ਤੋਂ ਸਾਨੂੰ ਕਿਸ ਗੱਲ ਦਾ ਭਰੋਸਾ ਮਿਲਦਾ ਹੈ?
5 ਯਸਾਯਾਹ 30:19 ਦੇ ਸ਼ਬਦਾਂ ਤੋਂ ਸਾਨੂੰ ਵੀ ਦਿਲਾਸਾ ਮਿਲਦਾ ਹੈ। ਇੱਥੇ ਲਿਖਿਆ ਹੈ: “ਮਦਦ ਲਈ ਤੇਰੀ ਦੁਹਾਈ ਦੀ ਆਵਾਜ਼ ਆਉਂਦਿਆਂ ਹੀ ਉਹ ਜ਼ਰੂਰ ਤੇਰੇ ʼਤੇ ਮਿਹਰ ਕਰੇਗਾ।” ਇਨ੍ਹਾਂ ਸ਼ਬਦਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਜਦੋਂ ਅਸੀਂ ਯਹੋਵਾਹ ਅੱਗੇ ਦੁਹਾਈ ਦੇਵਾਂਗੇ, ਤਾਂ ਉਹ ਧਿਆਨ ਨਾਲ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਉਨ੍ਹਾਂ ਦਾ ਛੇਤੀ ਤੋਂ ਛੇਤੀ ਜਵਾਬ ਦੇਵੇਗਾ। ਯਸਾਯਾਹ ਨੇ ਅੱਗੇ ਕਿਹਾ: “ਉਹ ਦੁਹਾਈ ਸੁਣਦਿਆਂ ਹੀ ਤੈਨੂੰ ਜਵਾਬ ਦੇਵੇਗਾ।” ਇਨ੍ਹਾਂ ਸ਼ਬਦਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਸਾਡਾ ਪਿਤਾ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਬੇਤਾਬ ਰਹਿੰਦਾ ਹੈ ਜੋ ਉਸ ਨੂੰ ਪੁਕਾਰਦੇ ਹਨ। ਇਹ ਗੱਲ ਜਾਣ ਕੇ ਸਾਨੂੰ ਮੁਸ਼ਕਲਾਂ ਦੇ ਬਾਵਜੂਦ ਖ਼ੁਸ਼ ਰਹਿਣ ਵਿਚ ਮਦਦ ਮਿਲਦੀ ਹੈ।
6. ਯਸਾਯਾਹ 30:19 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਹਰ ਸੇਵਕ ਦੀ ਪ੍ਰਾਰਥਨਾ ਸੁਣਦਾ ਹੈ?
6 ਇਸ ਆਇਤ ਤੋਂ ਸਾਨੂੰ ਪ੍ਰਾਰਥਨਾ ਬਾਰੇ ਹੋਰ ਕਿਹੜਾ ਭਰੋਸਾ ਮਿਲਦਾ ਹੈ? ਸਾਨੂੰ ਭਰੋਸਾ ਮਿਲਦਾ ਹੈ ਕਿ ਯਹੋਵਾਹ ਸਾਡੇ ਵਿੱਚੋਂ ਹਰ ਇਕ ਦੀ ਪ੍ਰਾਰਥਨਾ ਧਿਆਨ ਨਾਲ ਸੁਣਦਾ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਜ਼ਰਾ ਧਿਆਨ ਦਿਓ ਯਸਾਯਾਹ ਅਧਿਆਇ 30 ਦੇ ਪਹਿਲੇ ਹਿੱਸੇ ਵਿਚ ਯਸਾਯਾਹ ਨੇ “ਤੁਸੀਂ” ਅਤੇ “ਤੁਹਾਡੇ” ਸ਼ਬਦ ਵਰਤੇ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਯਹੋਵਾਹ ਸਾਰੇ ਇਜ਼ਰਾਈਲੀਆਂ ਨਾਲ ਗੱਲ ਕਰ ਰਿਹਾ ਹੈ। ਪਰ ਆਇਤ 19 ਵਿਚ ਉਸ ਨੇ “ਤੂੰ,” “ਤੇਰੇ” ਅਤੇ “ਤੈਨੂੰ” ਸ਼ਬਦ ਵਰਤੇ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਯਹੋਵਾਹ ਇਕ-ਇਕ ਇਨਸਾਨ ਨਾਲ ਗੱਲ ਕਰ ਰਿਹਾ ਹੈ। ਯਸਾਯਾਹ ਨੇ ਲਿਖਿਆ: “ਤੂੰ ਫਿਰ ਕਦੇ ਨਾ ਰੋਵੇਂਗਾ;” “ਉਹ ਜ਼ਰੂਰ ਤੇਰੇ ʼਤੇ ਮਿਹਰ ਕਰੇਗਾ;” ‘ਉਹ ਤੈਨੂੰ ਜਵਾਬ ਦੇਵੇਗਾ।’ ਯਹੋਵਾਹ ਪਿਆਰ ਕਰਨ ਵਾਲਾ ਪਿਤਾ ਹੈ, ਇਸ ਕਰਕੇ ਉਹ ਕਦੇ ਵੀ ਆਪਣੇ ਨਿਰਾਸ਼ ਧੀ ਜਾਂ ਪੁੱਤ ਨੂੰ ਇਹ ਨਹੀਂ ਕਹਿੰਦਾ ਕਿ “ਤੈਨੂੰ ਵੀ ਆਪਣੇ ਭੈਣਾਂ-ਭਰਾਵਾਂ ਜਿੰਨਾ ਤਕੜਾ ਹੋਣਾ ਚਾਹੀਦਾ ਹੈ।” ਇਸ ਦੀ ਬਜਾਇ, ਉਹ ਸਾਡੇ ਇਕੱਲੇ-ਇਕੱਲੇ ਦੀ ਪਰਵਾਹ ਕਰਦਾ ਹੈ ਅਤੇ ਧਿਆਨ ਨਾਲ ਹਰੇਕ ਦੀ ਪ੍ਰਾਰਥਨਾ ਸੁਣਦਾ ਹੈ।—ਜ਼ਬੂ. 116:1; ਯਸਾ. 57:15.
7. ਯਸਾਯਾਹ ਅਤੇ ਯਿਸੂ ਨੇ ਜੋ ਕਿਹਾ, ਉਸ ਤੋਂ ਸਾਨੂੰ ਪ੍ਰਾਰਥਨਾ ਕਰਨ ਦੀ ਅਹਿਮੀਅਤ ਬਾਰੇ ਕੀ ਪਤਾ ਲੱਗਦਾ ਹੈ?
7 ਜਦੋਂ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੀ ਕਿਸੇ ਪਰੇਸ਼ਾਨੀ ਬਾਰੇ ਦੱਸਦੇ ਹਾਂ, ਤਾਂ ਸ਼ਾਇਦ ਯਹੋਵਾਹ ਸਾਡੀ ਪਰੇਸ਼ਾਨੀ ਨੂੰ ਉਸੇ ਵੇਲੇ ਖ਼ਤਮ ਕਰਨ ਦੀ ਬਜਾਇ ਉਸ ਨੂੰ ਸਹਿਣ ਦੀ ਤਾਕਤ ਦੇਵੇ। ਜੇ ਸਾਡੀ ਪਰੇਸ਼ਾਨੀ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈਂਦੀ, ਤਾਂ ਸਾਨੂੰ ਤਾਕਤ ਲਈ ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਯਹੋਵਾਹ ਵੀ ਸਾਡੇ ਤੋਂ ਇਹੀ ਚਾਹੁੰਦਾ ਹੈ। ਯਸਾਯਾਹ ਨਬੀ ਨੇ ਯਹੋਵਾਹ ਬਾਰੇ ਲਿਖਿਆ: ‘ਯਹੋਵਾਹ ਨੂੰ ਆਰਾਮ ਨਾ ਕਰਨ ਦਿਓ।’ (ਯਸਾ. 62:7) ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਅਸੀਂ ਉਸ ਨੂੰ ਇੰਨੀ ਵਾਰ ਪ੍ਰਾਰਥਨਾ ਕਰੀਏ ਕਿ ਇਕ ਤਰੀਕੇ ਨਾਲ ਯਹੋਵਾਹ ਨੂੰ ਆਰਾਮ ਕਰਨ ਦਾ ਮੌਕਾ ਹੀ ਨਾ ਮਿਲੇ। ਯਸਾਯਾਹ ਦੇ ਸ਼ਬਦਾਂ ਤੋਂ ਸਾਨੂੰ ਲੂਕਾ 11:8-10, 13 ਵਿਚ ਦਰਜ ਯਿਸੂ ਵੱਲੋਂ ਦਿੱਤੀ ਮਿਸਾਲ ਯਾਦ ਆਉਂਦੀ ਹੈ। ਇਸ ਮਿਸਾਲ ਰਾਹੀਂ ਯਿਸੂ ਨੇ ਸਿਖਾਇਆ ਕਿ ਸਾਨੂੰ ਪ੍ਰਾਰਥਨਾ ਕਰਦਿਆਂ ਯਹੋਵਾਹ ਦਾ ‘ਖਹਿੜਾ ਨਹੀਂ ਛੱਡਣਾ’ ਚਾਹੀਦਾ ਅਤੇ ਉਸ ਤੋਂ ਪਵਿੱਤਰ ਸ਼ਕਤੀ ‘ਮੰਗਦੇ ਰਹਿਣਾ’ ਚਾਹੀਦਾ ਹੈ। ਸਾਨੂੰ ਯਹੋਵਾਹ ਅੱਗੇ ਤਰਲੇ ਵੀ ਕਰਨੇ ਚਾਹੀਦੇ ਹਨ ਕਿ ਉਹ ਸਹੀ ਫ਼ੈਸਲੇ ਲੈਣ ਵਿਚ ਸਾਡੀ ਮਦਦ ਕਰੇ।
ਯਹੋਵਾਹ ਸਾਡੀ ਅਗਵਾਈ ਕਰਦਾ ਹੈ
8. ਯਸਾਯਾਹ 30:20, 21 ਵਿਚ ਲਿਖੀ ਭਵਿੱਖਬਾਣੀ ਪੁਰਾਣੇ ਜ਼ਮਾਨੇ ਵਿਚ ਕਿਵੇਂ ਪੂਰੀ ਹੋਈ?
8 ਯਸਾਯਾਹ 30:20, 21 ਪੜ੍ਹੋ। ਜਦੋਂ ਬਾਬਲੀ ਫ਼ੌਜੀਆਂ ਨੇ ਡੇਢ ਸਾਲ ਤੋਂ ਯਰੂਸ਼ਲਮ ਦੀ ਘੇਰਾਬੰਦੀ ਕੀਤੀ ਹੋਈ ਸੀ, ਤਾਂ ਉਹ ਸਮਾਂ ਯਹੂਦੀਆਂ ਲਈ ਬਹੁਤ ਹੀ ਔਖਾ ਸੀ। ਇਸ ਸਮੇਂ ਦੌਰਾਨ ਉਨ੍ਹਾਂ ʼਤੇ ਇੰਨੀਆਂ ਮੁਸੀਬਤਾਂ ਆਈਆਂ ਕਿ ਉਨ੍ਹਾਂ ਲਈ ਦੁੱਖ ਤੇ ਮੁਸੀਬਤਾਂ ਰੋਟੀ ਤੇ ਪਾਣੀ ਵਾਂਗ ਹੋ ਗਈਆਂ ਸਨ। ਪਰ ਆਇਤ 20 ਅਤੇ 21 ਵਿਚ ਯਹੋਵਾਹ ਨੇ ਯਹੂਦੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਆਪਣੇ ਬੁਰੇ ਕੰਮਾਂ ਤੋਂ ਤੋਬਾ ਕਰਨਗੇ ਅਤੇ ਖ਼ੁਦ ਨੂੰ ਬਦਲਣਗੇ, ਤਾਂ ਉਹ ਜ਼ਰੂਰ ਉਨ੍ਹਾਂ ਨੂੰ ਗ਼ੁਲਾਮੀ ਤੋਂ ਛੁਡਾਵੇਗਾ। ਯਸਾਯਾਹ ਨੇ ਯਹੋਵਾਹ ਨੂੰ ਯਹੂਦੀਆਂ ਦਾ “ਮਹਾਨ ਸਿੱਖਿਅਕ” ਕਿਹਾ ਅਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਯਹੋਵਾਹ ਆਪਣੀ ਇੱਛਾ ਮੁਤਾਬਕ ਉਨ੍ਹਾਂ ਨੂੰ ਭਗਤੀ ਕਰਨੀ ਸਿਖਾਵੇਗਾ। ਯਸਾਯਾਹ ਦੀ ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਜਦੋਂ ਯਹੂਦੀ ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਆਪਣੇ ਦੇਸ਼ ਵਾਪਸ ਆਏ। ਯਹੋਵਾਹ ਉਨ੍ਹਾਂ ਦਾ ਮਹਾਨ ਸਿੱਖਿਅਕ ਸਾਬਤ ਹੋਇਆ ਅਤੇ ਉਸ ਦੀ ਅਗਵਾਈ ਅਧੀਨ ਉਸ ਦੇ ਲੋਕ ਸ਼ੁੱਧ ਭਗਤੀ ਦੁਬਾਰਾ ਸ਼ੁਰੂ ਕਰ ਪਾਏ। ਇਹ ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੈ ਕਿ ਯਹੋਵਾਹ ਅੱਜ ਸਾਡਾ ਵੀ ਮਹਾਨ ਸਿੱਖਿਅਕ ਹੈ।
9. ਯਹੋਵਾਹ ਅੱਜ ਕਿਹੜੇ ਇਕ ਤਰੀਕੇ ਨਾਲ ਸਾਡੀ ਅਗਵਾਈ ਕਰਦਾ ਹੈ?
9 ਯਸਾਯਾਹ ਨੇ ਸਾਡੀ ਤੁਲਨਾ ਵਿਦਿਆਰਥੀਆਂ ਨਾਲ ਕੀਤੀ ਜਿਨ੍ਹਾਂ ਦਾ ਸਿੱਖਿਅਕ ਯਹੋਵਾਹ ਹੈ। ਯਹੋਵਾਹ ਸਾਨੂੰ ਦੋ ਤਰੀਕਿਆਂ ਨਾਲ ਸਿਖਾਉਂਦਾ ਹੈ। ਪਹਿਲਾ ਤਰੀਕਾ, ਯਸਾਯਾਹ ਨੇ ਕਿਹਾ: “ਤੂੰ ਆਪਣੀਆਂ ਅੱਖਾਂ ਨਾਲ ਆਪਣੇ ਮਹਾਨ ਸਿੱਖਿਅਕ ਨੂੰ ਦੇਖੇਂਗਾ।” ਇਸ ਮਿਸਾਲ ਵਿਚ ਯਸਾਯਾਹ ਨੇ ਕਿਹਾ ਕਿ ਸਿੱਖਿਅਕ ਆਪਣੇ ਵਿਦਿਆਰਥੀਆਂ ਦੇ ਸਾਮ੍ਹਣੇ ਖੜ੍ਹਾ ਹੈ। ਸੱਚ-ਮੁੱਚ! ਯਹੋਵਾਹ ਵੱਲੋਂ ਸਿਖਾਏ ਜਾਣਾ ਸਾਡੇ ਲਈ ਸਨਮਾਨ ਦੀ ਗੱਲ ਹੈ। ਯਹੋਵਾਹ ਸਾਨੂੰ ਕਿਵੇਂ ਸਿੱਖਿਆ ਦਿੰਦਾ ਹੈ? ਉਹ ਸਾਨੂੰ ਆਪਣੇ ਸੰਗਠਨ ਦੇ ਜ਼ਰੀਏ ਸਿਖਾਉਂਦਾ ਹੈ। ਉਹ ਮੀਟਿੰਗਾਂ, ਸੰਮੇਲਨਾਂ, ਪ੍ਰਕਾਸ਼ਨਾਂ, ਬ੍ਰਾਡਕਾਸਟਿੰਗ ਅਤੇ ਹੋਰ ਕਈ ਤਰੀਕਿਆਂ ਨਾਲ ਸਾਨੂੰ ਸਾਫ਼-ਸਾਫ਼ ਹਿਦਾਇਤਾਂ ਦਿੰਦਾ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਖ਼ੁਸ਼ੀ-ਖ਼ੁਸ਼ੀ ਮੁਸ਼ਕਲਾਂ ਸਹਿ ਪਾਉਂਦੇ ਹਾਂ। ਇਨ੍ਹਾਂ ਹਿਦਾਇਤਾਂ ਲਈ ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ!
10. ਅੱਜ ਅਸੀਂ ਯਹੋਵਾਹ ਦੀ ਆਵਾਜ਼ “ਪਿੱਛਿਓਂ” ਕਿਵੇਂ ਸੁਣਦੇ ਹਾਂ?
10 ਯਸਾਯਾਹ ਨੇ ਯਹੋਵਾਹ ਦੇ ਸਿਖਾਉਣ ਦੇ ਦੂਜੇ ਤਰੀਕੇ ਬਾਰੇ ਗੱਲ ਕਰਦਿਆਂ ਕਿਹਾ: “ਤੁਹਾਡੇ ਕੰਨ ਪਿੱਛਿਓਂ ਦੀ ਇਹ ਗੱਲ ਸੁਣਨਗੇ।” ਯਸਾਯਾਹ ਨਬੀ ਨੇ ਦੱਸਿਆ ਕਿ ਯਹੋਵਾਹ ਇਕ ਅਜਿਹਾ ਸਿੱਖਿਅਕ ਹੈ ਜੋ ਆਪਣੇ ਵਿਦਿਆਰਥੀਆਂ ਦੇ ਪਿੱਛੇ-ਪਿੱਛੇ ਚੱਲ ਕੇ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਨੇ ਕਿਸ ਰਾਹ ʼਤੇ ਜਾਣਾ ਹੈ। ਅੱਜ ਅਸੀਂ ਵੀ ਯਹੋਵਾਹ ਦੀ ਆਵਾਜ਼ ਪਿੱਛੋਂ ਸੁਣਦੇ ਹਾਂ। ਕਿਵੇਂ? ਪਰਮੇਸ਼ੁਰ ਨੇ ਆਪਣਾ ਬਚਨ ਹਜ਼ਾਰਾਂ ਸਾਲ ਪਹਿਲਾਂ ਲਿਖਵਾਇਆ ਸੀ। ਇਸ ਲਈ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਪਰਮੇਸ਼ੁਰ ਦੀ ਆਵਾਜ਼ ਪਿੱਛੋਂ ਸੁਣ ਰਹੇ ਹੋਈਏ।—ਯਸਾ. 51:4.
11. ਮੁਸ਼ਕਲਾਂ ਦੌਰਾਨ ਖ਼ੁਸ਼ ਰਹਿਣ ਲਈ ਸਾਨੂੰ ਕਿਹੜੇ ਦੋ ਕਦਮ ਚੁੱਕਣੇ ਚਾਹੀਦੇ ਹਨ ਅਤੇ ਕਿਉਂ?
11 ਯਹੋਵਾਹ ਆਪਣੇ ਬਚਨ ਤੇ ਸੰਗਠਨ ਰਾਹੀਂ ਸਾਡੀ ਅਗਵਾਈ ਕਰਦਾ ਹੈ। ਅਸੀਂ ਇਸ ਤੋਂ ਪੂਰੀ ਤਰ੍ਹਾਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ? ਜ਼ਰਾ ਗੌਰ ਕਰੋ ਕਿ ਯਸਾਯਾਹ ਨੇ ਦੋ ਕਦਮ ਚੁੱਕਣ ਲਈ ਕਿਹਾ ਸੀ। ਪਹਿਲਾ ਕਦਮ, “ਰਾਹ ਇਹੋ ਹੀ ਹੈ।” ਦੂਜਾ ਕਦਮ, “ਇਸ ਉੱਤੇ ਚੱਲੋ।” (ਯਸਾ. 30:21) ਇਸ ਦਾ ਮਤਲਬ ਹੈ ਕਿ ਸਿਰਫ਼ “ਰਾਹ” ਬਾਰੇ ਜਾਣਨਾ ਹੀ ਕਾਫ਼ੀ ਨਹੀਂ ਹੈ, ਸਗੋਂ ਉਸ ‘ਰਾਹ ਉੱਤੇ ਚੱਲਣਾ’ ਵੀ ਚਾਹੀਦਾ ਹੈ। ਬਾਈਬਲ ਅਤੇ ਯਹੋਵਾਹ ਦੇ ਸੰਗਠਨ ਰਾਹੀਂ ਅਸੀਂ ਜਾਣ ਪਾਉਂਦੇ ਹਾਂ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ। ਅਸੀਂ ਇਹ ਵੀ ਜਾਣ ਪਾਉਂਦੇ ਹਾਂ ਕਿ ਅਸੀਂ ਸਿੱਖੀਆਂ ਗੱਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਜੇ ਅਸੀਂ ਇਹ ਦੋਵੇਂ ਕਦਮ ਚੁੱਕਾਂਗੇ, ਤਾਂ ਅਸੀਂ ਮੁਸ਼ਕਲਾਂ ਦੌਰਾਨ ਵੀ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰ ਸਕਾਂਗੇ। ਨਾਲੇ ਅਸੀਂ ਪੱਕਾ ਭਰੋਸਾ ਰੱਖ ਸਕਾਂਗੇ ਕਿ ਯਹੋਵਾਹ ਸਾਨੂੰ ਜ਼ਰੂਰ ਬਰਕਤਾਂ ਦੇਵੇਗਾ।
ਯਹੋਵਾਹ ਸਾਨੂੰ ਬਰਕਤਾਂ ਦਿੰਦਾ ਹੈ
12. ਯਸਾਯਾਹ 30:23-26 ਮੁਤਾਬਕ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ?
12 ਯਸਾਯਾਹ 30:23-26 ਪੜ੍ਹੋ। ਇਹ ਭਵਿੱਖਬਾਣੀ ਉਨ੍ਹਾਂ ਯਹੂਦੀਆਂ ʼਤੇ ਕਿਵੇਂ ਪੂਰੀ ਹੋਈ ਜੋ ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਇਜ਼ਰਾਈਲ ਵਾਪਸ ਆ ਗਏ ਸਨ? ਯਹੋਵਾਹ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ। ਉਨ੍ਹਾਂ ਕੋਲ ਖਾਣ ਲਈ ਬਹੁਤਾਤ ਵਿਚ ਭੋਜਨ ਸੀ। ਉਨ੍ਹਾਂ ਲਈ ਇਸ ਤੋਂ ਵੀ ਵੱਡੀ ਬਰਕਤ ਇਹ ਸੀ ਕਿ ਯਹੋਵਾਹ ਨੇ ਉਨ੍ਹਾਂ ਨੂੰ ਉਹ ਹਰ ਚੀਜ਼ ਦਿੱਤੀ ਜਿਸ ਕਰਕੇ ਉਹ ਫਿਰ ਤੋਂ ਸ਼ੁੱਧ ਭਗਤੀ ਕਰਨ ਲੱਗੇ। ਆਇਤ 26 ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦਾ ਚਾਨਣ ਉਨ੍ਹਾਂ ʼਤੇ ਚਮਕਿਆ ਯਾਨੀ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਬਾਰੇ ਡੂੰਘੀ ਸਮਝ ਦਿੱਤੀ। (ਯਸਾ. 60:2) ਜੀ ਹਾਂ, ਯਹੋਵਾਹ ਨੇ ਉਸ ਵੇਲੇ ਉਨ੍ਹਾਂ ਨੂੰ ਆਪਣੇ ਬਾਰੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗਿਆਨ ਦਿੱਤਾ। ਯਹੋਵਾਹ ਦੀਆਂ ਬਰਕਤਾਂ ਕਰਕੇ ਉਸ ਦੇ ਸੇਵਕ ਖ਼ੁਸ਼ੀ-ਖ਼ੁਸ਼ੀ ਅਤੇ ਹਿੰਮਤ ਨਾਲ ਉਸ ਦੀ ਸੇਵਾ ਕਰਦੇ ਰਹੇ ਕਿਉਂਕਿ ਉਨ੍ਹਾਂ ਦਾ “ਦਿਲ ਖ਼ੁਸ਼” ਸੀ।—ਯਸਾ. 65:14.
13. ਸ਼ੁੱਧ ਭਗਤੀ ਬਹਾਲ ਕੀਤੇ ਜਾਣ ਦੀ ਭਵਿੱਖਬਾਣੀ ਅੱਜ ਸਾਡੇ ਸਮੇਂ ਵਿਚ ਕਿਵੇਂ ਪੂਰੀ ਹੋ ਰਹੀ ਹੈ?
13 ਕੀ ਸ਼ੁੱਧ ਭਗਤੀ ਬਹਾਲ ਕੀਤੇ ਜਾਣ ਦੀ ਭਵਿੱਖਬਾਣੀ ਅੱਜ ਸਾਡੇ ਸਮੇਂ ਵਿਚ ਵੀ ਪੂਰੀ ਹੋ ਰਹੀ ਹੈ? ਜੀ ਹਾਂ, ਬਿਲਕੁਲ। ਕਿਵੇਂ? 1919 ਤੋਂ ਲੱਖਾਂ ਹੀ ਲੋਕ ਮਹਾਂ ਬਾਬਲ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਦੀ ਗ਼ੁਲਾਮੀ ਤੋਂ ਆਜ਼ਾਦ ਹੁੰਦੇ ਆ ਰਹੇ ਹਨ। ਯਹੋਵਾਹ ਨੇ ਉਨ੍ਹਾਂ ਨੂੰ ਇਜ਼ਰਾਈਲੀਆਂ ਦੇ ਵਾਅਦਾ ਕੀਤੇ ਹੋਏ ਦੇਸ਼ ਨਾਲੋਂ ਵੀ ਕਿਤੇ ਵਧੀਆ ਥਾਂ ਵਿਚ ਵਸਾਇਆ ਹੈ। ਇਹ ਕੋਈ ਸੱਚੀਂ-ਮੁੱਚੀ ਦੀ ਥਾਂ ਨਹੀਂ ਹੈ, ਸਗੋਂ ਉਹ ਸੁਰੱਖਿਅਤ ਮਾਹੌਲ ਵਿਚ ਰਹਿੰਦੇ ਹਨ ਜਿੱਥੇ ਉਹ ਮਿਲ ਕੇ ਯਹੋਵਾਹ ਦੀ ਸ਼ੁੱਧ ਭਗਤੀ ਕਰ ਸਕਦੇ ਹਨ।—ਯਸਾ. 51:3; 66:8.
14 (ੳ) ਚੁਣੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ? (ਅ) ਸੁਰੱਖਿਅਤ ਮਾਹੌਲ ਵਿਚ ਦਾਖ਼ਲ ਹੋਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
14 ਸਾਲ 1919 ਤੋਂ ਚੁਣੇ ਹੋਏ ਮਸੀਹੀ ਮਿਲ ਕੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਰਹੇ ਹਨ। ਜਿੱਦਾਂ-ਜਿੱਦਾਂ ਸਮਾਂ ਬੀਤਦਾ ਗਿਆ, ਧਰਤੀ ਉੱਤੇ ਹਮੇਸ਼ਾ ਲਈ ਰਹਿਣ ਦੀ ਉਮੀਦ ਰੱਖਣ ਵਾਲੀਆਂ “ਹੋਰ ਭੇਡਾਂ” ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਇਸ ਸੁਰੱਖਿਅਤ ਮਾਹੌਲ ਵਿਚ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਨ ਲੱਗ ਪਈਆਂ। ਉਨ੍ਹਾਂ ਕੋਲ ਪਰਮੇਸ਼ੁਰ ਬਾਰੇ ਢੇਰ ਸਾਰਾ ਗਿਆਨ ਹੈ ਜਿਸ ਵਿਚ ਝੂਠੀਆਂ ਸਿੱਖਿਆਵਾਂ ਦੀ ਕੋਈ ਮਿਲਾਵਟ ਨਹੀਂ ਹੈ। ਉਨ੍ਹਾਂ ਕੋਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਕੰਮ ਹੈ ਜਿਸ ਤੋਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਨਾਲੇ ਅਸੀਂ ਇਸ ਗੱਲੋਂ ਵੀ ਖ਼ੁਸ਼ ਹਾਂ ਕਿ ਸਾਡਾ ਸਾਰਿਆਂ ਦਾ ਯਹੋਵਾਹ ਨਾਲ ਕਰੀਬੀ ਰਿਸ਼ਤਾ ਹੈ ਅਤੇ ਸਾਡੇ ਬਹੁਤ ਸਾਰੇ ਪਿਆਰੇ ਭੈਣ-ਭਰਾ ਹਨ ਜਿਨ੍ਹਾਂ ਨਾਲ ਅਸੀਂ ਸ਼ਾਂਤੀ ਨਾਲ ਰਹਿੰਦੇ ਹਾਂ। ਇਹ ਭੈਣ-ਭਰਾ ਮੁਸ਼ਕਲਾਂ ਦੌਰਾਨ ਖ਼ੁਸ਼ ਰਹਿਣ ਵਿਚ ਸਾਡੀ ਮਦਦ ਕਰਦੇ ਹਨ। ਅਸੀਂ ਇਸ ਸੁਰੱਖਿਅਤ ਮਾਹੌਲ ਵਿਚ ਉਦੋਂ ਦਾਖ਼ਲ ਹੁੰਦੇ ਹਾਂ ਜਦੋਂ ਅਸੀਂ ਸਹੀ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕਰਦੇ ਹਾਂ ਅਤੇ ਪੂਰੀ ਵਾਹ ਲਾ ਕੇ ਉਸ ਦੀ ਰੀਸ ਕਰਦੇ ਹਾਂ।—ਯੂਹੰ. 10:16; ਯਸਾ. 25:6; 65:13.
15. ਅੱਜ ਸ਼ਾਂਤੀ ਅਤੇ ਸੁਰੱਖਿਆ ਦਾ ਮਾਹੌਲ ਕਿੱਥੇ ਹੈ?
15 ਅੱਜ ਇਹ ਸ਼ਾਂਤੀ ਅਤੇ ਸੁਰੱਖਿਆ ਦਾ ਮਾਹੌਲ ਕਿੱਥੇ ਹੈ? ਯਹੋਵਾਹ ਦੇ ਸੇਵਕ ਕਿਸੇ ਇਕ ਜਗ੍ਹਾ ʼਤੇ ਨਹੀਂ, ਸਗੋਂ ਧਰਤੀ ਦੇ ਹਰ ਹਿੱਸੇ ʼਤੇ ਰਹਿੰਦੇ ਹਨ। ਇਸ ਲਈ ਇਹ ਮਾਹੌਲ ਦੁਨੀਆਂ ਭਰ ਵਿਚ ਪਾਇਆ ਜਾਂਦਾ ਹੈ। ਚਾਹੇ ਅੱਜ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਹੋਈਏ, ਪਰ ਜੇ ਅਸੀਂ ਦਿਲੋਂ ਸੱਚੀ ਭਗਤੀ ਕਰਦੇ ਰਹਾਂਗੇ, ਤਾਂ ਹੀ ਅਸੀਂ ਇਸ ਸੁਰੱਖਿਅਤ ਮਾਹੌਲ ਦਾ ਹਿੱਸਾ ਬਣੇ ਰਹਾਂਗੇ।
16. ਅਸੀਂ ਮੰਡਲੀ ਦੀ ਖ਼ੂਬਸੂਰਤੀ ʼਤੇ ਆਪਣਾ ਧਿਆਨ ਕਿਵੇਂ ਲਾ ਸਕਦੇ ਹਾਂ?
16 ਇਸ ਸੁਰੱਖਿਅਤ ਮਾਹੌਲ ਦਾ ਹਿੱਸਾ ਬਣੇ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਹੋਰ ਕੰਮਾਂ ਦੇ ਨਾਲ-ਨਾਲ ਦੁਨੀਆਂ ਭਰ ਵਿਚ ਰਹਿੰਦੇ ਭੈਣਾਂ-ਭਰਾਵਾਂ ਦੀ ਵੀ ਦਿਲੋਂ ਕਦਰ ਕਰਦੇ ਰਹੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਭੈਣਾਂ-ਭਰਾਵਾਂ ਦੇ ਚੰਗੇ ਗੁਣਾਂ ʼਤੇ ਧਿਆਨ ਲਾਉਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ। (ਯੂਹੰ. 17:20, 21) ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ? ਜ਼ਰਾ ਇਕ ਉਦਾਹਰਣ ʼਤੇ ਗੌਰ ਕਰੋ। ਸਾਨੂੰ ਪਤਾ ਹੈ ਕਿ ਇਕ ਖ਼ੂਬਸੂਰਤ ਬਾਗ਼ ਵਿਚ ਅਲੱਗ-ਅਲੱਗ ਤਰ੍ਹਾਂ ਦੇ ਫੁੱਲ-ਬੂਟੇ ਅਤੇ ਦਰਖ਼ਤ ਹੁੰਦੇ ਹਨ। ਬਿਲਕੁਲ ਇਸੇ ਤਰ੍ਹਾਂ ਸਾਡੀਆਂ ਮੰਡਲੀਆਂ ਵਿਚ ਵੀ ਅਲੱਗ-ਅਲੱਗ ਤਰ੍ਹਾਂ ਦੇ ਭੈਣ-ਭਰਾ ਹਨ। (ਯਸਾ. 44:4; 61:3) ਜਿਸ ਤਰ੍ਹਾਂ ਬਾਗ਼ ਦੀ ਖ਼ੂਬਸੂਰਤੀ ਅਲੱਗ-ਅਲੱਗ ਫੁੱਲ-ਬੂਟਿਆਂ ਅਤੇ ਦਰਖ਼ਤਾਂ ਕਰਕੇ ਹੁੰਦੀ ਹੈ, ਉਸੇ ਤਰ੍ਹਾਂ ਮੰਡਲੀ ਦੀ ਖ਼ੂਬਸੂਰਤੀ ਭੈਣਾਂ-ਭਰਾਵਾਂ ਕਰਕੇ ਹੁੰਦੀ ਹੈ। ਅਸੀਂ ਇਕੱਲੇ-ਇਕੱਲੇ ਦਰਖ਼ਤ ਦੇ ਨੇੜੇ ਜਾ ਕੇ ਉਸ ʼਤੇ ਲੱਗੇ ਦਾਗ਼-ਧੱਬੇ ਨਹੀਂ ਦੇਖਦੇ, ਸਗੋਂ ਅਸੀਂ ਪੂਰੇ ਬਾਗ਼ ਦੀ ਖ਼ੂਬਸੂਰਤੀ ਦੇਖਦੇ ਹਾਂ। ਇਸੇ ਤਰ੍ਹਾਂ ਸਾਨੂੰ ਮੰਡਲੀ ਦੇ ਇਕੱਲੇ-ਇਕੱਲੇ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਆਪਣਾ ਧਿਆਨ ਨਹੀਂ ਲਾਉਣਾ ਚਾਹੀਦਾ, ਸਗੋਂ ਸਾਨੂੰ ਉਨ੍ਹਾਂ ਗੱਲਾਂ ʼਤੇ ਧਿਆਨ ਲਾਉਣਾ ਚਾਹੀਦਾ ਹੈ ਜਿਨ੍ਹਾਂ ਕਰਕੇ ਪੂਰੀ ਮੰਡਲੀ ਖ਼ੂਬਸੂਰਤ ਬਣਦੀ ਹੈ।
17. ਮੰਡਲੀ ਦੀ ਏਕਤਾ ਬਣਾਈ ਰੱਖਣ ਲਈ ਸਾਡੇ ਵਿੱਚੋਂ ਹਰੇਕ ਦੀ ਕੀ ਜ਼ਿੰਮੇਵਾਰੀ ਹੈ?
17 ਮੰਡਲੀ ਦੀ ਏਕਤਾ ਨੂੰ ਬਣਾਈ ਰੱਖਣ ਲਈ ਸਾਡੇ ਵਿੱਚੋਂ ਹਰੇਕ ਦੀ ਕੀ ਜ਼ਿੰਮੇਵਾਰੀ ਹੈ? ਸਾਨੂੰ ਸ਼ਾਂਤੀ ਕਾਇਮ ਕਰਨ ਵਾਲੇ ਹੋਣਾ ਚਾਹੀਦਾ ਹੈ। (ਮੱਤੀ 5:9; ਰੋਮੀ. 12:18) ਹਰ ਵਾਰ ਜਦੋਂ ਅਸੀਂ ਮੰਡਲੀ ਦੀ ਸ਼ਾਂਤੀ ਵਧਾਉਣ ਲਈ ਪਹਿਲ ਕਰਦੇ ਹਾਂ, ਤਾਂ ਇਸ ਨਾਲ ਮੰਡਲੀ ਦੀ ਖ਼ੂਬਸੂਰਤੀ ਬਰਕਰਾਰ ਰਹਿੰਦੀ ਹੈ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਨੇ ਹੀ ਮੰਡਲੀ ਦੇ ਹਰੇਕ ਭੈਣ-ਭਰਾ ਨੂੰ ਸ਼ੁੱਧ ਭਗਤੀ ਕਰਨ ਲਈ ਆਪਣੇ ਵੱਲ ਖਿੱਚਿਆ ਹੈ। (ਯੂਹੰ. 6:44) ਮੰਡਲੀ ਦੇ ਭੈਣ-ਭਰਾ ਯਹੋਵਾਹ ਲਈ ਬਹੁਤ ਅਨਮੋਲ ਹਨ। ਜ਼ਰਾ ਕਲਪਨਾ ਕਰੋ ਕਿ ਜਦੋਂ ਅਸੀਂ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਾਂ, ਤਾਂ ਯਹੋਵਾਹ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ!—ਯਸਾ. 26:3; ਹੱਜ. 2:7.
18. ਸਾਨੂੰ ਅਕਸਰ ਕਿਹੜੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਅਤੇ ਕਿਉਂ?
18 ਯਹੋਵਾਹ ਆਪਣੇ ਸੇਵਕਾਂ ਨੂੰ ਬਹੁਤ ਸਾਰੀਆਂ ਬਰਕਤਾਂ ਦਿੰਦਾ ਹੈ। ਇਨ੍ਹਾਂ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ? ਅਸੀਂ ਪਰਮੇਸ਼ੁਰ ਦੇ ਬਚਨ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰ ਕੇ ਉਨ੍ਹਾਂ ਉੱਤੇ ਗਹਿਰਾਈ ਨਾਲ ਸੋਚ-ਵਿਚਾਰ ਕਰ ਸਕਦੇ ਹਾਂ। ਇਸ ਤਰ੍ਹਾਂ ਅਧਿਐਨ ਅਤੇ ਸੋਚ-ਵਿਚਾਰ ਕਰਨ ਨਾਲ ਸਾਡੇ ਵਿਚ ਮਸੀਹੀ ਗੁਣ ਪੈਦਾ ਹੋਣਗੇ ਜਿਸ ਕਰਕੇ ਅਸੀਂ ਦਿਲੋਂ ਮੰਡਲੀ ਦੇ ਭੈਣਾਂ-ਭਰਾਵਾਂ ਨਾਲ “ਪਿਆਰ ਅਤੇ ਮੋਹ” ਰੱਖਾਂਗੇ। (ਰੋਮੀ. 12:10) ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਯਹੋਵਾਹ ਸਾਨੂੰ ਕਿਹੜੀਆਂ-ਕਿਹੜੀਆਂ ਬਰਕਤਾਂ ਦੇਵੇਗਾ, ਤਾਂ ਸਾਡੀ ਉਮੀਦ ਹੋਰ ਪੱਕੀ ਹੋ ਜਾਵੇਗੀ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਅਸੀਂ ਅੱਜ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਪਾਉਂਦੇ ਹਾਂ।
ਮੁਸ਼ਕਲਾਂ ਦੌਰਾਨ ਵੀ ਸੇਵਾ ਕਰਦੇ ਰਹੋ
19. (ੳ) ਯਸਾਯਾਹ 30:18 ਮੁਤਾਬਕ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ? (ਅ) ਕਿਹੜੀ ਗੱਲ ਮੁਸ਼ਕਲਾਂ ਦੌਰਾਨ ਵੀ ਖ਼ੁਸ਼ ਰਹਿਣ ਵਿਚ ਸਾਡੀ ਮਦਦ ਕਰੇਗੀ?
19 ਯਹੋਵਾਹ ਸਾਡੇ ਲਈ “ਉੱਠ ਖੜ੍ਹਾ ਹੋਵੇਗਾ” ਅਤੇ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰ ਦੇਵੇਗਾ। (ਯਸਾ. 30:18) “ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ,” ਇਸ ਲਈ ਸਾਨੂੰ ਪੱਕਾ ਭਰੋਸਾ ਹੈ ਕਿ ਉਹ ਆਪਣੇ ਤੈਅ ਕੀਤੇ ਦਿਨ ʼਤੇ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਕਰੇਗਾ ਅਤੇ ਇਸ ਨੂੰ ਇਕ ਦਿਨ ਵੀ ਵੱਧ ਬਰਦਾਸ਼ਤ ਨਹੀਂ ਕਰੇਗਾ। (ਯਸਾ. 25:9) ਜਦ ਤਕ ਉਹ ਦਿਨ ਨਹੀਂ ਆਉਂਦਾ, ਉਦੋਂ ਤਕ ਆਓ ਆਪਾਂ ਧੀਰਜ ਰੱਖੀਏ ਅਤੇ ਯਹੋਵਾਹ ਵੱਲੋਂ ਮੁਕਤੀ ਦਾ ਦਿਨ ਆਉਣ ਤਕ ਉਸ ਨੂੰ ਪ੍ਰਾਰਥਨਾ ਕਰਦੇ ਰਹੀਏ, ਅਧਿਐਨ ਕਰਦੇ ਰਹੀਏ, ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਰਹੀਏ ਅਤੇ ਉਸ ਵੱਲੋਂ ਮਿਲੀਆਂ ਬਰਕਤਾਂ ʼਤੇ ਸੋਚ-ਵਿਚਾਰ ਕਰਦੇ ਰਹੀਏ। ਜਦੋਂ ਅਸੀਂ ਇੱਦਾਂ ਕਰਾਂਗੇ, ਤਾਂ ਯਹੋਵਾਹ ਮੁਸ਼ਕਲਾਂ ਦੌਰਾਨ ਵੀ ਖ਼ੁਸ਼ੀ-ਖ਼ੁਸ਼ੀ ਸੇਵਾ ਕਰਨ ਵਿਚ ਸਾਡੀ ਮਦਦ ਕਰੇਗਾ।
ਗੀਤ 142 ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ
a ਇਸ ਲੇਖ ਵਿਚ ਅਸੀਂ ਤਿੰਨ ਤਰੀਕਿਆਂ ʼਤੇ ਗੌਰ ਕਰਾਂਗੇ ਜਿਨ੍ਹਾਂ ਰਾਹੀਂ ਯਹੋਵਾਹ ਆਪਣੇ ਸੇਵਕਾਂ ਦੀ ਮੁਸ਼ਕਲਾਂ ਦੌਰਾਨ ਵੀ ਖ਼ੁਸ਼ ਰਹਿਣ ਵਿਚ ਮਦਦ ਕਰਦਾ ਹੈ। ਅਸੀਂ ਯਸਾਯਾਹ ਅਧਿਆਇ 30 ਵਿਚ ਇਨ੍ਹਾਂ ਤਰੀਕਿਆਂ ਬਾਰੇ ਜਾਣਾਂਗੇ। ਇਸ ਅਧਿਆਇ ʼਤੇ ਗੌਰ ਕਰਦਿਆਂ ਸਾਨੂੰ ਪਤਾ ਲੱਗੇਗਾ ਕਿ ਯਹੋਵਾਹ ਨੂੰ ਪ੍ਰਾਰਥਨਾ ਕਰਨੀ, ਉਸ ਦੇ ਬਚਨ ਦਾ ਅਧਿਐਨ ਕਰਨਾ ਅਤੇ ਅੱਜ ਤੇ ਭਵਿੱਖ ਦੀਆਂ ਬਰਕਤਾਂ ʼਤੇ ਸੋਚ-ਵਿਚਾਰ ਕਰਨਾ ਕਿਉਂ ਜ਼ਰੂਰੀ ਹੈ।