Skip to content

Skip to table of contents

ਅਧਿਐਨ ਲੇਖ 48

ਵਫ਼ਾਦਾਰੀ ਦੀ ਪਰਖ ਹੋਣ ਤੇ ਹੋਸ਼ ਵਿਚ ਰਹੋ

ਵਫ਼ਾਦਾਰੀ ਦੀ ਪਰਖ ਹੋਣ ਤੇ ਹੋਸ਼ ਵਿਚ ਰਹੋ

“ਸਾਰੀਆਂ ਗੱਲਾਂ ਵਿਚ ਹੋਸ਼ ਵਿਚ ਰਹਿ।”​—2 ਤਿਮੋ. 4:5, ਫੁਟਨੋਟ।

ਗੀਤ 34 ਵਫ਼ਾ ਦੇ ਰਾਹ ʼਤੇ ਚੱਲੋ

ਖ਼ਾਸ ਗੱਲਾਂ a

1. ਹੋਸ਼ ਵਿਚ ਰਹਿਣ ਦਾ ਕੀ ਮਤਲਬ ਹੈ? (2 ਤਿਮੋਥਿਉਸ 4:5)

 ਜਦੋਂ ਸਾਡੀ ਜ਼ਿੰਦਗੀ ਵਿਚ ਕੁਝ ਅਜਿਹਾ ਹੁੰਦਾ ਹੈ ਜਿਸ ਕਰਕੇ ਅਸੀਂ ਨਿਰਾਸ਼ ਜਾਂ ਪਰੇਸ਼ਾਨ ਹੋ ਜਾਂਦੇ ਹਾਂ, ਤਾਂ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ। ਅਜਿਹੇ ਹਾਲਾਤਾਂ ਵਿਚ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਹੋਸ਼ ਵਿਚ ਤੇ ਜਾਗਦੇ ਰਹਿਣਾ ਚਾਹੀਦਾ ਹੈ ਅਤੇ ਆਪਣੀ ਨਿਹਚਾ ਪੱਕੀ ਰੱਖਣੀ ਚਾਹੀਦੀ ਹੈ। (2 ਤਿਮੋਥਿਉਸ 4:5 ਪੜ੍ਹੋ।) ਹੋਸ਼ ਵਿਚ ਰਹਿਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਸ਼ਾਂਤ ਰਹਿਣਾ, ਕਿਸੇ ਮਾਮਲੇ ਬਾਰੇ ਧਿਆਨ ਨਾਲ ਸੋਚਣਾ ਅਤੇ ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਨੀ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਆਪਣੀਆਂ ਭਾਵਨਾਵਾਂ ਵਿਚ ਵਹਿ ਕੇ ਨਹੀਂ, ਸਗੋਂ ਸੋਚ-ਸਮਝ ਕੇ ਫ਼ੈਸਲੇ ਕਰਾਂਗੇ।

2. ਇਸ ਲੇਖ ਵਿਚ ਅਸੀਂ ਕੀ ਗੌਰ ਕਰਾਂਗੇ?

2 ਪਿਛਲੇ ਲੇਖ ਵਿਚ ਅਸੀਂ ਤਿੰਨ ਮੁਸ਼ਕਲਾਂ ʼਤੇ ਗੌਰ ਕੀਤਾ ਸੀ ਜੋ ਸਾਨੂੰ ਸ਼ਾਇਦ ਦੁਨੀਆਂ ਦੇ ਲੋਕਾਂ ਕਰਕੇ ਆ ਸਕਦੀਆਂ ਹਨ। ਇਸ ਲੇਖ ਵਿਚ ਅਸੀਂ ਮੰਡਲੀ ਵਿਚ ਅਜਿਹੇ ਤਿੰਨ ਹਾਲਾਤਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਕਰਕੇ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ। ਇਹ ਹਾਲਾਤ ਹਨ: (1) ਜਦੋਂ ਸਾਨੂੰ ਲੱਗਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਹੈ, (2) ਜਦੋਂ ਸਾਨੂੰ ਅਨੁਸ਼ਾਸਨ ਮਿਲਦਾ ਹੈ ਅਤੇ (3) ਜਦੋਂ ਸੰਗਠਨ ਵਿਚ ਕੋਈ ਤਬਦੀਲੀ ਹੁੰਦੀ ਹੈ। ਇੱਦਾਂ ਦੇ ਹਾਲਾਤਾਂ ਵਿਚ ਅਸੀਂ ਹੋਸ਼ ਵਿਚ ਕਿਵੇਂ ਰਹਿ ਸਕਦੇ ਹਾਂ ਅਤੇ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖ ਸਕਦੇ ਹਾਂ?

ਜਦੋਂ ਸਾਨੂੰ ਲੱਗਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਹੈ

3. ਜੇ ਸਾਨੂੰ ਲੱਗਦਾ ਹੈ ਕਿ ਕਿਸੇ ਮਸੀਹੀ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਹੈ, ਤਾਂ ਅਸੀਂ ਸ਼ਾਇਦ ਕੀ ਸੋਚਣ ਲੱਗ ਪਈਏ?

3 ਕੀ ਤੁਹਾਨੂੰ ਕਦੇ ਲੱਗਾ ਹੈ ਕਿ ਕਿਸੇ ਭੈਣ ਜਾਂ ਭਰਾ ਜਾਂ ਕਿਸੇ ਬਜ਼ੁਰਗ ਨੇ ਤੁਹਾਡੇ ਨਾਲ ਬੁਰਾ ਸਲੂਕ ਕੀਤਾ ਹੈ? ਸ਼ਾਇਦ ਉਸ ਦਾ ਇਰਾਦਾ ਤੁਹਾਨੂੰ ਦੁੱਖ ਪਹੁੰਚਾਉਣ ਦਾ ਨਹੀਂ ਸੀ। (ਰੋਮੀ. 3:23; ਯਾਕੂ. 3:2) ਪਰ ਤੁਹਾਨੂੰ ਲੱਗਾ ਕਿ ਉਸ ਨੇ ਤੁਹਾਡੇ ਨਾਲ ਬੁਰਾ ਸਲੂਕ ਕੀਤਾ। ਇਸ ਕਰਕੇ ਹੋ ਸਕਦਾ ਹੈ ਕਿ ਤੁਹਾਡੀ ਰਾਤਾਂ ਦੀ ਨੀਂਦ ਉੱਡ ਗਈ ਹੋਵੇ ਅਤੇ ਤੁਸੀਂ ਇਹ ਵੀ ਸੋਚਣ ਲੱਗ ਪਏ ਹੋਵੋ, ‘ਕੀ ਇਹ ਸੱਚੀਂ ਯਹੋਵਾਹ ਦੇ ਲੋਕ ਹਨ? ਕੀ ਸੱਚੀਂ ਯਹੋਵਾਹ ਇਸ ਸੰਗਠਨ ਨੂੰ ਚਲਾਉਂਦਾ ਹੈ?’ ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਇੱਦਾਂ ਹੀ ਸੋਚੀਏ। (2 ਕੁਰਿੰ. 2:11) ਅਜਿਹੀਆਂ ਗੱਲਾਂ ਸੋਚਣ ਕਰਕੇ ਅਸੀਂ ਹੌਲੀ-ਹੌਲੀ ਯਹੋਵਾਹ ਅਤੇ ਉਸ ਦੇ ਸੰਗਠਨ ਤੋਂ ਦੂਰ ਜਾ ਸਕਦੇ ਹਾਂ। ਇਸ ਲਈ ਜੇ ਸਾਨੂੰ ਲੱਗਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੇ ਸਾਡੇ ਨਾਲ ਬੁਰਾ ਸਲੂਕ ਕੀਤਾ ਹੈ, ਤਾਂ ਅਸੀਂ ਹੋਸ਼ ਵਿਚ ਕਿਵੇਂ ਰਹਿ ਸਕਦੇ ਹਾਂ ਅਤੇ ਗ਼ਲਤ ਸੋਚ ਤੋਂ ਕਿਵੇਂ ਬਚ ਸਕਦੇ ਹਾਂ?

4. (ੳ) ਜਦੋਂ ਯੂਸੁਫ਼ ਨਾਲ ਬੁਰਾ ਸਲੂਕ ਕੀਤਾ ਗਿਆ, ਤਾਂ ਉਹ ਹੋਸ਼ ਵਿਚ ਕਿਵੇਂ ਰਿਹਾ? (ਅ) ਅਸੀਂ ਯੂਸੁਫ਼ ਤੋਂ ਕੀ ਸਿੱਖਦੇ ਹਾਂ? (ਉਤਪਤ 50:19-21)

4 ਆਪਣੇ ਦਿਲ ਵਿਚ ਕੁੜੱਤਣ ਨਾ ਭਰੋ। ਜ਼ਰਾ ਯੂਸੁਫ਼ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਹ ਜਵਾਨ ਸੀ, ਤਾਂ ਉਸ ਦੇ ਵੱਡੇ ਭਰਾਵਾਂ ਨੇ ਉਸ ਨਾਲ ਬੁਰਾ ਸਲੂਕ ਕੀਤਾ। ਉਹ ਉਸ ਨਾਲ ਨਫ਼ਰਤ ਕਰਦੇ ਸਨ ਅਤੇ ਕੁਝ ਜਣੇ ਤਾਂ ਉਸ ਨੂੰ ਜਾਨੋਂ ਵੀ ਮਾਰਨਾ ਚਾਹੁੰਦੇ ਸਨ। (ਉਤ. 37:4, 18-22) ਅਖ਼ੀਰ, ਉਨ੍ਹਾਂ ਨੇ ਉਸ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ। ਨਤੀਜੇ ਵਜੋਂ, ਯੂਸੁਫ਼ ਨੂੰ ਲਗਭਗ 13 ਸਾਲ ਬਹੁਤ ਜ਼ੁਲਮ ਸਹਿਣੇ ਪਏ। ਯੂਸੁਫ਼ ਦੇ ਮਨ ਵਿਚ ਆ ਸਕਦਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਵੀ ਹੈ ਜਾਂ ਨਹੀਂ? ਜਾਂ ਉਹ ਸੋਚ ਸਕਦਾ ਸੀ ਕਿ ਯਹੋਵਾਹ ਲੋੜ ਵੇਲੇ ਉਸ ਨੂੰ ਛੱਡ ਗਿਆ। ਪਰ ਯੂਸੁਫ਼ ਨੇ ਆਪਣੇ ਦਿਲ ਵਿਚ ਕੁੜੱਤਣ ਨਹੀਂ ਭਰੀ। ਉਹ ਹੋਸ਼ ਵਿਚ ਰਿਹਾ ਅਤੇ ਉਸ ਨੇ ਸ਼ਾਂਤੀ ਬਣਾਈ ਰੱਖੀ। ਜਦੋਂ ਉਸ ਕੋਲ ਆਪਣੇ ਭਰਾਵਾਂ ਤੋਂ ਬਦਲਾ ਲੈਣ ਦਾ ਮੌਕਾ ਸੀ, ਉਦੋਂ ਵੀ ਉਸ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਤੇ ਉਸ ਨੇ ਉਨ੍ਹਾਂ ਲਈ ਪਿਆਰ ਦਿਖਾਇਆ ਅਤੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। (ਉਤ. 45:4, 5) ਯੂਸੁਫ਼ ਆਪਣੇ ਭਰਾਵਾਂ ਨਾਲ ਇਸ ਤਰ੍ਹਾਂ ਕਿਉਂ ਪੇਸ਼ ਆਇਆ? ਕਿਉਂਕਿ ਉਸ ਨੇ ਸੋਚ-ਸਮਝ ਕੇ ਫ਼ੈਸਲੇ ਕੀਤੇ ਅਤੇ ਆਪਣੀਆਂ ਮੁਸ਼ਕਲਾਂ ਬਾਰੇ ਹੱਦੋਂ ਵੱਧ ਸੋਚਣ ਦੀ ਬਜਾਇ ਯਹੋਵਾਹ ਦੀ ਮਰਜ਼ੀ ਬਾਰੇ ਸੋਚਿਆ। (ਉਤਪਤ 50:19-21 ਪੜ੍ਹੋ।) ਤੁਸੀਂ ਯੂਸੁਫ਼ ਤੋਂ ਕੀ ਸਿੱਖ ਸਕਦੇ ਹੋ? ਜੇ ਤੁਹਾਡੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਆਪਣੇ ਦਿਲ ਵਿਚ ਯਹੋਵਾਹ ਲਈ ਕੁੜੱਤਣ ਨਹੀਂ ਭਰਨੀ ਚਾਹੀਦੀ। ਜਾਂ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਤੁਹਾਨੂੰ ਛੱਡ ਗਿਆ ਹੈ। ਇਸ ਦੀ ਬਜਾਇ, ਤੁਹਾਨੂੰ ਇਸ ਗੱਲ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਜ਼ੁਲਮ ਸਹਿਣ ਵਿਚ ਤੁਹਾਡੀ ਕਿਵੇਂ ਮਦਦ ਕਰ ਰਿਹਾ ਹੈ। ਇਸ ਤੋਂ ਇਲਾਵਾ, ਬੁਰਾ ਸਲੂਕ ਹੋਣ ਤੇ ਦੂਜਿਆਂ ਨੂੰ ਮਾਫ਼ ਕਰਨ ਦੀ ਕੋਸ਼ਿਸ਼ ਕਰੋ ਅਤੇ ਯਾਦ ਰੱਖੋ ਕਿ ਪਿਆਰ ਬਹੁਤ ਸਾਰੇ ਪਾਪ ਢੱਕ ਲੈਂਦਾ ਹੈ।​—1 ਪਤ. 4:8. ਫੁਟਨੋਟ।

5. ਜਦੋਂ ਮੀਕੇਆਸ ਨੂੰ ਲੱਗਾ ਕਿ ਉਸ ਨਾਲ ਬੁਰਾ ਸਲੂਕ ਹੋਇਆ ਹੈ, ਤਾਂ ਉਹ ਕਿਵੇਂ ਹੋਸ਼ ਵਿਚ ਰਿਹਾ?

5 ਜ਼ਰਾ ਦੱਖਣੀ ਅਮਰੀਕਾ ਵਿਚ ਰਹਿਣ ਵਾਲੇ ਮੀਕੇਆਸ ਦੇ ਤਜਰਬੇ ʼਤੇ ਗੌਰ ਕਰੋ ਜੋ ਬਜ਼ੁਰਗ ਵਜੋਂ ਸੇਵਾ ਕਰਦਾ ਹੈ। b ਉਸ ਨੂੰ ਉਹ ਸਮਾਂ ਯਾਦ ਹੈ ਜਦੋਂ ਉਸ ਨੂੰ ਲੱਗਦਾ ਸੀ ਕਿ ਮੰਡਲੀ ਦੇ ਬਜ਼ੁਰਗਾਂ ਨੇ ਉਸ ਨਾਲ ਬੁਰਾ ਸਲੂਕ ਕੀਤਾ। ਉਸ ਨੇ ਦੱਸਿਆ: “ਮੈਂ ਪਹਿਲਾਂ ਕਦੇ ਵੀ ਇੰਨੇ ਤਣਾਅ ਵਿਚ ਨਹੀਂ ਆਇਆ ਸੀ। ਮੈਂ ਇੰਨਾ ਪਰੇਸ਼ਾਨ ਸੀ ਕਿ ਮੈਨੂੰ ਸਾਰੀ-ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ। ਮੈਂ ਬਹੁਤ ਰੋਂਦਾ ਸੀ ਕਿਉਂਕਿ ਮੈਂ ਇਸ ਬਾਰੇ ਕੁਝ ਵੀ ਨਹੀਂ ਕਰ ਸਕਦਾ ਸੀ।” ਫਿਰ ਵੀ ਮੀਕੇਆਸ ਹੋਸ਼ ਵਿਚ ਰਿਹਾ ਅਤੇ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜਨ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ। ਉਹ ਵਾਰ-ਵਾਰ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਪਵਿੱਤਰ ਸ਼ਕਤੀ ਮੰਗਦਾ ਰਿਹਾ ਤਾਂਕਿ ਉਹ ਇਹ ਸਭ ਕੁਝ ਸਹਿ ਸਕੇ। ਨਾਲੇ ਉਹ ਮਦਦ ਵਾਸਤੇ ਸਾਡੇ ਪ੍ਰਕਾਸ਼ਨਾਂ ਵਿੱਚੋਂ ਵੀ ਖੋਜਬੀਨ ਕਰਦਾ ਰਿਹਾ। ਮੀਕੇਆਸ ਤੋਂ ਤੁਸੀਂ ਕੀ ਸਿੱਖਦੇ ਹੋ? ਜੇ ਤੁਹਾਨੂੰ ਵੀ ਲੱਗਦਾ ਹੈ ਕਿ ਮੰਡਲੀ ਦੇ ਕਿਸੇ ਭੈਣ ਜਾਂ ਭਰਾ ਨੇ ਤੁਹਾਡੇ ਨਾਲ ਬੁਰਾ ਸਲੂਕ ਕੀਤਾ ਹੈ, ਤਾਂ ਸ਼ਾਂਤ ਰਹੋ ਅਤੇ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ʼਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਨਹੀਂ ਪਤਾ ਕਿ ਸਾਮ੍ਹਣੇ ਵਾਲੇ ਨੇ ਕਿਸ ਵਜ੍ਹਾ ਕਰਕੇ ਕੋਈ ਗੱਲ ਕਹੀ ਜਾਂ ਕੋਈ ਕੰਮ ਕੀਤਾ। ਇਸ ਲਈ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਮਦਦ ਮੰਗੋ ਕਿ ਤੁਸੀਂ ਉਸ ਭੈਣ ਜਾਂ ਭਰਾ ਦੇ ਨਜ਼ਰੀਏ ਤੋਂ ਮਾਮਲੇ ਨੂੰ ਦੇਖ ਸਕੋ। ਇਸ ਤਰ੍ਹਾਂ ਕਰ ਕੇ ਤੁਸੀਂ ਸਮਝ ਸਕੋਗੇ ਕਿ ਉਸ ਭੈਣ ਜਾਂ ਭਰਾ ਨੇ ਜਾਣ-ਬੁੱਝ ਕੇ ਤੁਹਾਨੂੰ ਦੁੱਖ ਨਹੀਂ ਪਹੁੰਚਾਇਆ ਅਤੇ ਤੁਸੀਂ ਉਸ ਨੂੰ ਸੌਖਿਆਂ ਹੀ ਮਾਫ਼ ਕਰ ਸਕੋਗੇ। (ਕਹਾ. 19:11) ਯਾਦ ਰੱਖੋ ਕਿ ਯਹੋਵਾਹ ਤੁਹਾਡੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਤੁਹਾਨੂੰ ਸਹਿਣ ਦੀ ਤਾਕਤ ਜ਼ਰੂਰ ਦੇਵੇਗਾ।​—2 ਇਤਿ. 16:9; ਉਪ. 5:8.

ਜਦੋਂ ਸਾਨੂੰ ਅਨੁਸ਼ਾਸਨ ਮਿਲਦਾ ਹੈ

6. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਅਨੁਸ਼ਾਸਨ ਨੂੰ ਯਹੋਵਾਹ ਦੇ ਪਿਆਰ ਦਾ ਸਬੂਤ ਸਮਝੀਏ? (ਇਬਰਾਨੀਆਂ 12:5, 6, 11)

6 ਅਨੁਸ਼ਾਸਨ ਮਿਲਣ ਤੇ ਸਾਨੂੰ ਦੁੱਖ ਹੁੰਦਾ ਹੈ। ਪਰ ਜੇ ਅਸੀਂ ਆਪਣੇ ਦੁੱਖ ʼਤੇ ਹੀ ਧਿਆਨ ਲਾਉਂਦੇ ਹਾਂ, ਤਾਂ ਅਸੀਂ ਅਨੁਸ਼ਾਸਨ ਨੂੰ ਕਬੂਲ ਕਰਨ ਦੀ ਬਜਾਇ ਸ਼ਾਇਦ ਸੋਚਣ ਲੱਗ ਪਈਏ ਕਿ ਸਾਡੇ ਨਾਲ ਬੇਇਨਸਾਫ਼ੀ ਹੋਈ ਹੈ। ਇਸ ਕਰਕੇ ਹੋ ਸਕਦਾ ਹੈ ਕਿ ਅਸੀਂ ਇਸ ਅਹਿਮ ਗੱਲ ਨੂੰ ਭੁੱਲ ਜਾਈਏ ਕਿ ਅਨੁਸ਼ਾਸਨ ਸਾਡੇ ਲਈ ਯਹੋਵਾਹ ਦੇ ਪਿਆਰ ਦਾ ਸਬੂਤ ਹੈ। (ਇਬਰਾਨੀਆਂ 12:5, 6, 11 ਪੜ੍ਹੋ।) ਜੇ ਅਸੀਂ ਆਪਣੀਆਂ ਭਾਵਨਾਵਾਂ ਨੂੰ ਆਪਣੇ ʼਤੇ ਹਾਵੀ ਹੋਣ ਦਿੰਦੇ ਹਾਂ, ਤਾਂ ਅਸੀਂ ਸ਼ੈਤਾਨ ਨੂੰ ਆਪਣੇ ʼਤੇ ਹਮਲਾ ਕਰਨ ਦਾ ਮੌਕਾ ਦੇ ਰਹੇ ਹੁੰਦੇ ਹਾਂ। ਉਹ ਇਹੀ ਚਾਹੁੰਦਾ ਹੈ ਕਿ ਅਸੀਂ ਅਨੁਸ਼ਾਸਨ ਨੂੰ ਸਵੀਕਾਰ ਨਾ ਕਰੀਏ ਅਤੇ ਹੌਲੀ-ਹੌਲੀ ਯਹੋਵਾਹ ਤੇ ਮੰਡਲੀ ਤੋਂ ਦੂਰ ਹੋ ਜਾਈਏ। ਅਨੁਸ਼ਾਸਨ ਮਿਲਣ ਤੇ ਅਸੀਂ ਹੋਸ਼ ਵਿਚ ਕਿਵੇਂ ਰਹਿ ਸਕਦੇ ਹਾਂ?

ਪਤਰਸ ਨੇ ਨਿਮਰਤਾ ਨਾਲ ਸਲਾਹ ਅਤੇ ਅਨੁਸ਼ਾਸਨ ਨੂੰ ਸਵੀਕਾਰ ਕੀਤਾ, ਇਸ ਕਰਕੇ ਯਹੋਵਾਹ ਨੇ ਉਸ ਨੂੰ ਹੋਰ ਵੀ ਜ਼ਿੰਮੇਵਾਰੀਆਂ ਦਿੱਤੀਆਂ (ਪੈਰਾ 7 ਦੇਖੋ)

7. (ੳ) ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ, ਜਦੋਂ ਪਤਰਸ ਨੇ ਅਨੁਸ਼ਾਸਨ ਨੂੰ ਕਬੂਲ ਕੀਤਾ, ਤਾਂ ਯਹੋਵਾਹ ਨੇ ਉਸ ਨੂੰ ਕਿਵੇਂ ਵਰਤਿਆ? (ਅ) ਅਸੀਂ ਪਤਰਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

7 ਅਨੁਸ਼ਾਸਨ ਕਬੂਲ ਕਰੋ ਅਤੇ ਜ਼ਰੂਰੀ ਬਦਲਾਅ ਕਰੋ। ਯਿਸੂ ਨੇ ਦੂਜੇ ਰਸੂਲਾਂ ਸਾਮ੍ਹਣੇ ਕਈ ਵਾਰ ਪਤਰਸ ਨੂੰ ਸੁਧਾਰਿਆ ਸੀ। (ਮਰ. 8:33; ਲੂਕਾ 22:31-34) ਹੋ ਸਕਦਾ ਹੈ ਕਿ ਇਸ ਕਰਕੇ ਪਤਰਸ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਹੋਵੇ। ਫਿਰ ਵੀ ਪਤਰਸ ਯਿਸੂ ਪ੍ਰਤੀ ਵਫ਼ਾਦਾਰ ਰਿਹਾ। ਉਸ ਨੇ ਅਨੁਸ਼ਾਸਨ ਨੂੰ ਕਬੂਲ ਕੀਤਾ ਅਤੇ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖੇ। ਨਤੀਜੇ ਵਜੋਂ, ਯਹੋਵਾਹ ਨੇ ਪਤਰਸ ਦੀ ਵਫ਼ਾਦਾਰੀ ਦਾ ਇਨਾਮ ਦਿੱਤਾ ਅਤੇ ਮੰਡਲੀ ਵਿਚ ਉਸ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ। (ਯੂਹੰ. 21:15-17; ਰਸੂ. 10:24-33; 1 ਪਤ. 1:1) ਅਸੀਂ ਪਤਰਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਅਨੁਸ਼ਾਸਨ ਮਿਲਣ ਕਰਕੇ ਸ਼ਰਮਿੰਦਾ ਹੋਣ ਦੀ ਬਜਾਇ ਸਾਨੂੰ ਇਸ ਮੁਤਾਬਕ ਆਪਣੇ ਅੰਦਰ ਸੁਧਾਰ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਨਾ ਸਿਰਫ਼ ਸਾਨੂੰ, ਸਗੋਂ ਦੂਜਿਆਂ ਨੂੰ ਵੀ ਫ਼ਾਇਦਾ ਹੋਵੇਗਾ। ਨਾਲੇ ਯਹੋਵਾਹ ਸਾਨੂੰ ਆਪਣੀ ਸੇਵਾ ਵਿਚ ਹੋਰ ਵੀ ਵਰਤੇਗਾ ਅਤੇ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਹੋਰ ਵੀ ਕੰਮ ਆਵਾਂਗੇ।

8-9. (ੳ) ਅਨੁਸ਼ਾਸਨ ਮਿਲਣ ਤੇ ਪਹਿਲਾਂ-ਪਹਿਲ ਬਰਨਾਰਦੋ ਨੇ ਕਿਵੇਂ ਮਹਿਸੂਸ ਕੀਤਾ? (ਅ) ਕਿਹੜੀ ਗੱਲ ਕਰਕੇ ਬਰਨਾਰਦੋ ਆਪਣੀ ਸੋਚ ਸੁਧਾਰ ਸਕਿਆ?

8 ਜ਼ਰਾ ਮੋਜ਼ਾਮਬੀਕ ਵਿਚ ਰਹਿਣ ਵਾਲੇ ਭਰਾ ਬਰਨਾਰਦੋ ਦੇ ਤਜਰਬੇ ʼਤੇ ਗੌਰ ਕਰੋ। ਉਸ ਤੋਂ ਬਜ਼ੁਰਗ ਦੀ ਜ਼ਿੰਮੇਵਾਰੀ ਲੈ ਲਈ ਗਈ। ਇਸ ਤਰ੍ਹਾਂ ਹੋਣ ਤੇ ਉਸ ਨੂੰ ਪਹਿਲਾਂ-ਪਹਿਲ ਕਿਸ ਤਰ੍ਹਾਂ ਲੱਗਾ? ਉਹ ਦੱਸਦਾ ਹੈ: “ਮੈਂ ਆਪਣੇ ਦਿਲ ਵਿਚ ਨਾਰਾਜ਼ਗੀ ਪਾਲ਼ ਲਈ ਕਿਉਂਕਿ ਮੈਨੂੰ ਅਨੁਸ਼ਾਸਨ ਬਿਲਕੁਲ ਵੀ ਚੰਗਾ ਨਹੀਂ ਲੱਗਾ।” ਉਸ ਨੂੰ ਇਸ ਗੱਲ ਦਾ ਜ਼ਿਆਦਾ ਫ਼ਿਕਰ ਸੀ ਕਿ ਮੰਡਲੀ ਦੇ ਭੈਣ-ਭਰਾ ਉਸ ਬਾਰੇ ਕੀ ਸੋਚਣਗੇ। ਉਸ ਨੇ ਮੰਨਿਆ: “ਮੈਨੂੰ ਅਨੁਸ਼ਾਸਨ ਪ੍ਰਤੀ ਸਹੀ ਨਜ਼ਰੀਆ ਰੱਖਣ ਤੇ ਯਹੋਵਾਹ ਅਤੇ ਉਸ ਦੇ ਸੰਗਠਨ ʼਤੇ ਆਪਣਾ ਭਰੋਸਾ ਫਿਰ ਤੋਂ ਪੱਕਾ ਕਰਨ ਵਿਚ ਕੁਝ ਮਹੀਨੇ ਲੱਗੇ।” ਕਿਹੜੀ ਗੱਲ ਨੇ ਬਰਨਾਰਦੋ ਦੀ ਅਨੁਸ਼ਾਸਨ ਨੂੰ ਸਹੀ ਨਜ਼ਰੀਆ ਤੋਂ ਦੇਖਣ ਵਿਚ ਮਦਦ ਕੀਤੀ?

9 ਬਰਨਾਰਦੋ ਨੇ ਆਪਣੀ ਸੋਚ ਸੁਧਾਰੀ। ਉਹ ਦੱਸਦਾ ਹੈ: “ਜਦੋਂ ਮੈਂ ਬਜ਼ੁਰਗ ਵਜੋਂ ਸੇਵਾ ਕਰਦਾ ਸੀ, ਤਾਂ ਮੈਂ ਇਬਰਾਨੀਆਂ 12:7 ਦੀ ਆਇਤ ਪੜ੍ਹਾ ਕੇ ਭੈਣਾਂ-ਭਰਾਵਾਂ ਦੀ ਮਦਦ ਕਰਦਾ ਸੀ ਕਿ ਉਹ ਯਹੋਵਾਹ ਤੋਂ ਮਿਲੇ ਅਨੁਸ਼ਾਸਨ ਪ੍ਰਤੀ ਸਹੀ ਨਜ਼ਰੀਆ ਬਣਾਈ ਰੱਖ ਸਕਣ। ਫਿਰ ਮੈਂ ਆਪਣੇ ਆਪ ਤੋਂ ਪੁੱਛਿਆ, ‘ਕਿਨ੍ਹਾਂ ਨੂੰ ਇਸ ਆਇਤ ਵਿਚ ਦਿੱਤੀ ਸਲਾਹ ਲਾਗੂ ਕਰਨ ਦੀ ਲੋੜ ਹੈ?’ ਯਹੋਵਾਹ ਦੇ ਸਾਰੇ ਸੇਵਕਾਂ ਨੂੰ ਯਾਨੀ ਮੈਨੂੰ ਵੀ।” ਫਿਰ ਬਰਨਾਰਦੋ ਨੇ ਯਹੋਵਾਹ ਅਤੇ ਉਸ ਦੇ ਸੰਗਠਨ ʼਤੇ ਆਪਣਾ ਭਰੋਸਾ ਫਿਰ ਤੋਂ ਪੱਕਾ ਕਰਨ ਲਈ ਕੁਝ ਕਦਮ ਚੁੱਕੇ। ਉਸ ਨੇ ਹੋਰ ਵੀ ਜ਼ਿਆਦਾ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਅਤੇ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਲਈ ਹੋਰ ਵੀ ਜ਼ਿਆਦਾ ਸਮਾਂ ਲਾਉਣਾ ਸ਼ੁਰੂ ਕਰ ਦਿੱਤਾ। ਚਾਹੇ ਉਸ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਮੰਡਲੀ ਦੇ ਭੈਣ-ਭਰਾ ਉਸ ਬਾਰੇ ਕੀ ਸੋਚਣਗੇ, ਪਰ ਫਿਰ ਵੀ ਉਹ ਉਨ੍ਹਾਂ ਨਾਲ ਪ੍ਰਚਾਰ ʼਤੇ ਜਾਂਦਾ ਰਿਹਾ ਅਤੇ ਮੀਟਿੰਗਾਂ ਵਿਚ ਜਵਾਬ ਦਿੰਦਾ ਰਿਹਾ। ਕੁਝ ਸਮੇਂ ਬਾਅਦ ਬਰਨਾਰਦੋ ਨੂੰ ਫਿਰ ਤੋਂ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ। ਜੇ ਤੁਹਾਨੂੰ ਵੀ ਬਰਨਾਰਦੋ ਵਾਂਗ ਅਨੁਸ਼ਾਸਨ ਦਿੱਤਾ ਗਿਆ ਹੈ, ਤਾਂ ਇਸ ਬਾਰੇ ਸੋਚ-ਸੋਚ ਕੇ ਸ਼ਰਮਿੰਦਾ ਹੋਣ ਦੀ ਬਜਾਇ ਅਨੁਸ਼ਾਸਨ ਨੂੰ ਸਵੀਕਾਰ ਕਰੋ ਅਤੇ ਆਪਣੇ ਵਿਚ ਸੁਧਾਰ ਕਰੋ। c (ਕਹਾ. 8:33; 22:4) ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਉਹ ਤੁਹਾਨੂੰ ਜ਼ਰੂਰ ਇਨਾਮ ਦੇਵੇਗਾ।

ਜਦੋਂ ਸੰਗਠਨ ਵਿਚ ਕੋਈ ਤਬਦੀਲੀ ਹੁੰਦੀ ਹੈ

10. ਕਿਹੜੀ ਤਬਦੀਲੀ ਕਰਕੇ ਸ਼ਾਇਦ ਕੁਝ ਇਜ਼ਰਾਈਲੀ ਆਦਮੀਆਂ ਦੀ ਯਹੋਵਾਹ ਪ੍ਰਤੀ ਵਫ਼ਾਦਾਰੀ ਦੀ ਪਰਖ ਹੋਈ?

10 ਸੰਗਠਨ ਵਿਚ ਤਬਦੀਲੀਆਂ ਹੋਣ ਤੇ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਇਸ ਕਰਕੇ ਅਸੀਂ ਯਹੋਵਾਹ ਤੋਂ ਦੂਰ ਵੀ ਹੋ ਸਕਦੇ ਹਾਂ। ਮਿਸਾਲ ਲਈ, ਜ਼ਰਾ ਸੋਚੋ ਕਿ ਜਦੋਂ ਯਹੋਵਾਹ ਨੇ ਮੂਸਾ ਦਾ ਕਾਨੂੰਨ ਦਿੱਤਾ, ਤਾਂ ਇਸ ਦਾ ਕੁਝ ਇਜ਼ਰਾਈਲੀਆਂ ʼਤੇ ਕੀ ਅਸਰ ਪਿਆ। ਇਹ ਕਾਨੂੰਨ ਮਿਲਣ ਤੋਂ ਪਹਿਲਾਂ ਇਜ਼ਰਾਈਲ ਵਿਚ ਪੁਜਾਰੀ ਦੀਆਂ ਜ਼ਿੰਮੇਵਾਰੀਆਂ ਪਰਿਵਾਰ ਦੇ ਮੁਖੀ ਨਿਭਾਉਂਦੇ ਸਨ। ਉਹ ਵੇਦੀਆਂ ਬਣਾਉਂਦੇ ਸਨ ਅਤੇ ਆਪਣੇ ਪਰਿਵਾਰ ਵੱਲੋਂ ਯਹੋਵਾਹ ਨੂੰ ਬਲ਼ੀਆਂ ਚੜ੍ਹਾਉਂਦੇ ਸਨ। (ਉਤ. 8:20, 21; 12:7; 26:25; 35:1, 6, 7; ਅੱਯੂ. 1:5) ਪਰ ਮੂਸਾ ਦਾ ਕਾਨੂੰਨ ਮਿਲਣ ਤੋਂ ਬਾਅਦ ਪਰਿਵਾਰ ਦੇ ਮੁਖੀ ਇਹ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ ਸਨ। ਯਹੋਵਾਹ ਨੇ ਹਾਰੂਨ ਦੇ ਘਰਾਣੇ ਵਿੱਚੋਂ ਪੁਜਾਰੀਆਂ ਨੂੰ ਨਿਯੁਕਤ ਕੀਤਾ ਅਤੇ ਸਿਰਫ਼ ਉਹੀ ਬਲ਼ੀਆਂ ਚੜ੍ਹਾ ਸਕਦੇ ਸਨ। ਜੇ ਹਾਰੂਨ ਦੇ ਘਰਾਣੇ ਤੋਂ ਇਲਾਵਾ ਕੋਈ ਹੋਰ ਇਜ਼ਰਾਈਲੀ ਪੁਜਾਰੀ ਦੀ ਇਹ ਜ਼ਿੰਮੇਵਾਰੀ ਨਿਭਾਉਂਦਾ ਸੀ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਸੀ। d (ਲੇਵੀ. 17:3-6, 8, 9) ਕੀ ਇਸੇ ਤਬਦੀਲੀ ਕਰਕੇ ਸ਼ਾਇਦ ਕੋਰਹ, ਦਾਥਾਨ, ਅਬੀਰਾਮ ਅਤੇ 250 ਮੁਖੀਆਂ ਨੇ ਮੂਸਾ ਅਤੇ ਹਾਰੂਨ ਖ਼ਿਲਾਫ਼ ਬਗਾਵਤ ਕੀਤੀ ਸੀ? (ਗਿਣ. 16:1-3) ਅਸੀਂ ਪੱਕਾ ਤਾਂ ਨਹੀਂ ਕਹਿ ਸਕਦੇ। ਪਰ ਗੱਲ ਚਾਹੇ ਜੋ ਵੀ ਸੀ, ਕੋਰਹ ਅਤੇ ਉਸ ਦੇ ਸਾਥੀਆਂ ਨੇ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਨਹੀਂ ਬਣਾਈ ਰੱਖੀ। ਜੇ ਸੰਗਠਨ ਵਿਚ ਤਬਦੀਲੀਆਂ ਹੋਣ ਤੇ ਤੁਹਾਡੀ ਵਫ਼ਾਦਾਰੀ ਦੀ ਪਰਖ ਹੁੰਦੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?

ਜਦੋਂ ਕਹਾਥੀਆਂ ਨੂੰ ਗਾਇਕਾਂ, ਦਰਬਾਨਾਂ ਅਤੇ ਭੰਡਾਰਾਂ ਵਿਚ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ, ਤਾਂ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕੀਤਾ (ਪੈਰਾ 11 ਦੇਖੋ)

11. ਕੁਝ ਕਹਾਥੀ ਲੇਵੀਆਂ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?

11 ਸੰਗਠਨ ਵਿਚ ਹੁੰਦੀਆਂ ਤਬਦੀਲੀਆਂ ਨੂੰ ਸਵੀਕਾਰ ਕਰੋ। ਜਦੋਂ ਇਜ਼ਰਾਈਲੀ ਉਜਾੜ ਵਿਚ ਸਫ਼ਰ ਕਰਦੇ ਸਨ, ਉਦੋਂ ਕਹਾਥੀਆਂ ਕੋਲ ਇਕ ਅਹਿਮ ਜ਼ਿੰਮੇਵਾਰੀ ਸੀ। ਜਦੋਂ ਵੀ ਇਜ਼ਰਾਈਲੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਸਨ, ਤਾਂ ਕੁਝ ਕਹਾਥੀ ਸਾਰੇ ਲੋਕਾਂ ਦੇ ਅੱਗੇ-ਅੱਗੇ ਨੇਮ ਦਾ ਸੰਦੂਕ ਲੈ ਕੇ ਜਾਂਦੇ ਸਨ। (ਗਿਣ. 3:29, 31; 10:33; ਯਹੋ. 3:2-4) ਉਨ੍ਹਾਂ ਲਈ ਇਹ ਕਿੰਨਾ ਹੀ ਵੱਡਾ ਸਨਮਾਨ ਸੀ! ਪਰ ਵਾਅਦਾ ਕੀਤੇ ਹੋਏ ਦੇਸ਼ ਵਿਚ ਇਜ਼ਰਾਈਲੀਆਂ ਦੇ ਵੱਸਣ ਤੋਂ ਬਾਅਦ ਨੇਮ ਦੇ ਸੰਦੂਕ ਨੂੰ ਵਾਰ-ਵਾਰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣ ਦੀ ਲੋੜ ਨਹੀਂ ਰਹੀ। ਫਿਰ ਸੁਲੇਮਾਨ ਦਾ ਰਾਜ ਸ਼ੁਰੂ ਹੋਣ ਤਕ ਕਹਾਥੀਆਂ ਨੂੰ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਕੁਝ ਨੂੰ ਗਾਇਕਾਂ, ਕੁਝ ਨੂੰ ਦਰਬਾਨਾਂ ਅਤੇ ਕੁਝ ਨੂੰ ਭੰਡਾਰਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। (1 ਇਤਿ. 6:31-33; 26:1, 24) ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਕਹਾਥੀਆਂ ਨੇ ਕਦੇ ਵੀ ਸ਼ਿਕਾਇਤ ਕੀਤੀ ਹੋਵੇ ਜਾਂ ਇਹ ਮੰਗ ਕੀਤੀ ਹੋਵੇ ਕਿ ਉਨ੍ਹਾਂ ਨੂੰ ਪਹਿਲਾਂ ਵਾਂਗ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ ਜਾਣ। ਕਹਾਥੀਆਂ ਤੋਂ ਤੁਸੀਂ ਕੀ ਸਿੱਖਦੇ ਹੋ? ਯਹੋਵਾਹ ਦੇ ਸੰਗਠਨ ਵਿਚ ਹੁੰਦੀਆਂ ਤਬਦੀਲੀਆਂ ਨੂੰ ਪੂਰੇ ਦਿਲੋਂ ਸਵੀਕਾਰ ਕਰੋ, ਫਿਰ ਚਾਹੇ ਤੁਹਾਡੀਆਂ ਜ਼ਿੰਮੇਵਾਰੀਆਂ ਕਿਉਂ ਨਾ ਬਦਲ ਜਾਣ। ਤੁਹਾਨੂੰ ਜੋ ਵੀ ਕੰਮ ਦਿੱਤਾ ਜਾਂਦਾ ਹੈ, ਉਸ ਵਿਚ ਖ਼ੁਸ਼ੀ ਪਾਓ। ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਕਿਸੇ ਜ਼ਿੰਮੇਵਾਰੀ ਕਰ ਕੇ ਅਨਮੋਲ ਨਹੀਂ ਸਮਝਦਾ। ਇਸ ਦੀ ਬਜਾਇ, ਤੁਹਾਡੀ ਜ਼ਿੰਮੇਵਾਰੀ ਨਾਲੋਂ ਤੁਹਾਡੀ ਆਗਿਆਕਾਰੀ ਉਸ ਲਈ ਜ਼ਿਆਦਾ ਮਾਅਨੇ ਰੱਖਦੀ ਹੈ।​—1 ਸਮੂ. 15:22.

12. ਜਦੋਂ ਭੈਣ ਜ਼ਾਇਨਾ ਨੂੰ ਬੈਥਲ ਤੋਂ ਭੇਜਿਆ ਗਿਆ, ਤਾਂ ਉਸ ਨੂੰ ਕਿਵੇਂ ਲੱਗਾ?

12 ਜ਼ਰਾ ਭੈਣ ਜ਼ਾਇਨਾ ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਬੈਥਲ ਵਿਚ ਸੇਵਾ ਕਰਦਿਆਂ ਨੂੰ 23 ਤੋਂ ਵੀ ਜ਼ਿਆਦਾ ਸਾਲ ਹੋ ਗਏ ਸਨ। ਉਸ ਨੂੰ ਆਪਣੀ ਬੈਥਲ ਸੇਵਾ ਬਹੁਤ ਪਸੰਦ ਸੀ। ਪਰ ਇਕ ਸਮੇਂ ʼਤੇ ਉਸ ਨੂੰ ਬੈਥਲ ਤੋਂ ਸਪੈਸ਼ਲ ਪਾਇਨੀਅਰ ਬਣਾ ਕੇ ਭੇਜਿਆ ਗਿਆ। ਉਹ ਦੱਸਦੀ ਹੈ: “ਜਦੋਂ ਮੈਨੂੰ ਬੈਥਲ ਤੋਂ ਭੇਜਿਆ ਗਿਆ, ਤਾਂ ਮੈਨੂੰ ਬਹੁਤ ਜ਼ਿਆਦਾ ਧੱਕਾ ਲੱਗਾ। ਮੈਨੂੰ ਲੱਗਾ ਕਿ ਮੈਂ ਕਿਸੇ ਕੰਮ ਦੀ ਨਹੀਂ। ਮੈਂ ਲਗਾਤਾਰ ਇਹੀ ਸੋਚਦੀ ਰਹਿੰਦੀ ਸੀ, ‘ਮੇਰੇ ਕੋਲੋਂ ਕਿੱਥੇ ਗ਼ਲਤੀ ਹੋ ਗਈ?’” ਦੁੱਖ ਦੀ ਗੱਲ ਹੈ ਕਿ ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਦੀਆਂ ਗੱਲਾਂ ਨੇ ਉਸ ਦਾ ਦੁੱਖ ਘਟਾਉਣ ਦੀ ਬਜਾਇ ਹੋਰ ਵੀ ਵਧਾ ਦਿੱਤਾ। ਉਨ੍ਹਾਂ ਨੇ ਕਿਹਾ: “ਜੇ ਤੂੰ ਚੰਗੀ ਤਰ੍ਹਾਂ ਕੰਮ ਕਰਦੀ ਹੁੰਦੀ, ਤਾਂ ਸੰਗਠਨ ਨੇ ਕਦੇ ਵੀ ਤੈਨੂੰ ਬੈਥਲ ਤੋਂ ਨਹੀਂ ਭੇਜਣਾ ਸੀ।” ਕੁਝ ਸਮੇਂ ਲਈ ਤਾਂ ਜ਼ਾਇਨਾ ਇੰਨੀ ਜ਼ਿਆਦਾ ਨਿਰਾਸ਼ ਹੋ ਗਈ ਕਿ ਉਹ ਸਾਰੀ-ਸਾਰੀ ਰਾਤ ਰੋਂਦੀ ਰਹਿੰਦੀ ਸੀ। ਪਰ ਜ਼ਾਇਨਾ ਨੇ ਕਿਹਾ: “ਮੈਂ ਕਦੇ ਵੀ ਯਹੋਵਾਹ ਦੇ ਸੰਗਠਨ ਅਤੇ ਯਹੋਵਾਹ ਦੇ ਪਿਆਰ ʼਤੇ ਸ਼ੱਕ ਨਹੀਂ ਕੀਤਾ।” ਕਿਹੜੀ ਗੱਲ ਦੀ ਮਦਦ ਨਾਲ ਜ਼ਾਇਨਾ ਹੋਸ਼ ਵਿਚ ਰਹੀ?

13. ਜ਼ਾਇਨਾ ਨਿਰਾਸ਼ਾ ਤੋਂ ਬਾਹਰ ਕਿਵੇਂ ਨਿਕਲੀ?

13 ਜਦੋਂ ਭੈਣ ਜ਼ਾਇਨਾ ਨੂੰ ਬੈਥਲ ਤੋਂ ਭੇਜਿਆ ਗਿਆ, ਤਾਂ ਸ਼ੁਰੂ-ਸ਼ੁਰੂ ਵਿਚ ਉਸ ਨੂੰ ਬਹੁਤ ਧੱਕਾ ਲੱਗਾ। ਉਹ ਇਨ੍ਹਾਂ ਭਾਵਨਾਵਾਂ ਵਿੱਚੋਂ ਕਿਵੇਂ ਨਿਕਲ ਸਕੀ? ਉਸ ਨੇ ਕੁਝ ਅਜਿਹੇ ਸੇਵਕਾਂ ਬਾਰੇ ਲੇਖ ਪੜ੍ਹੇ ਜੋ ਉਸ ਵਰਗੀਆਂ ਮੁਸ਼ਕਲਾਂ ਵਿੱਚੋਂ ਨਿਕਲੇ ਸਨ। ਉਸ ਨੇ 1 ਫਰਵਰੀ 2001 ਦੇ ਪਹਿਰਾਬੁਰਜ ਵਿਚ “ਤੁਸੀਂ ਨਿਰਾਸ਼ਾ ਦਾ ਸਾਮ੍ਹਣਾ ਕਰ ਸਕਦੇ ਹੋ!” ਨਾਂ ਦਾ ਲੇਖ ਪੜ੍ਹਿਆ। ਇਸ ਲੇਖ ਵਿਚ ਦੱਸਿਆ ਗਿਆ ਸੀ ਕਿ ਜਦੋਂ ਬਾਈਬਲ ਦੇ ਲਿਖਾਰੀ ਮਰਕੁਸ ਦਾ ਸਨਮਾਨ ਵਾਪਸ ਲੈ ਲਿਆ ਗਿਆ, ਤਾਂ ਉਸ ਨੂੰ ਦੁੱਖ ਲੱਗਾ। ਜ਼ਾਇਨਾ ਯਾਦ ਕਰਦੀ ਹੈ, “ਮਰਕੁਸ ਦੀ ਮਿਸਾਲ ਮੇਰੇ ਲਈ ਦਵਾਈ ਵਾਂਗ ਸੀ ਜਿਸ ਕਰਕੇ ਮੈਂ ਨਿਰਾਸ਼ਾ ਵਿੱਚੋਂ ਬਾਹਰ ਨਿਕਲ ਸਕੀ।” ਇਸ ਤੋਂ ਇਲਾਵਾ, ਜ਼ਾਇਨਾ ਭੈਣਾਂ-ਭਰਾਵਾਂ ਨੂੰ ਮਿਲਦੀ ਰਹੀ ਅਤੇ ਉਨ੍ਹਾਂ ਨਾਲ ਮਿਲ ਕੇ ਪ੍ਰਚਾਰ ਕਰਦੀ ਰਹੀ। ਉਸ ਨੇ ਆਪਣੇ ਆਪ ਨੂੰ ਇਕੱਲਾ ਨਹੀਂ ਕੀਤਾ ਤੇ ਨਾ ਹੀ ਆਪਣੇ ਆਪ ʼਤੇ ਤਰਸ ਖਾਧਾ। ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਪਵਿੱਤਰ ਸ਼ਕਤੀ ਦੀ ਮਦਦ ਨਾਲ ਯਹੋਵਾਹ ਦੇ ਸੰਗਠਨ ਵਿਚ ਭਰਾ ਫ਼ੈਸਲੇ ਕਰਦੇ ਹਨ ਅਤੇ ਜ਼ਿੰਮੇਵਾਰ ਭਰਾ ਉਸ ਦੀ ਬਹੁਤ ਪਰਵਾਹ ਕਰਦੇ ਹਨ। ਪਰ ਉਸ ਨੂੰ ਇਸ ਗੱਲ ਦਾ ਵੀ ਅਹਿਸਾਸ ਹੋਇਆ ਕਿ ਪਰਮੇਸ਼ੁਰ ਦੇ ਸੰਗਠਨ ਲਈ ਸਭ ਤੋਂ ਜ਼ਰੂਰੀ ਹੈ ਕਿ ਯਹੋਵਾਹ ਦਾ ਕੰਮ ਵਧੀਆ ਤਰੀਕੇ ਨਾਲ ਹੁੰਦਾ ਰਹੇ।

14. ਵਲਾਡੋ ਨੂੰ ਕਿਹੜੀਆਂ ਤਬਦੀਲੀਆਂ ਸਵੀਕਾਰ ਕਰਨੀਆਂ ਔਖੀਆਂ ਲੱਗੀਆਂ ਅਤੇ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ?

14 ਸਲੋਵੇਨੀਆਂ ਦੇ ਰਹਿਣ ਵਾਲੇ 73 ਸਾਲਾਂ ਦੇ ਬਜ਼ੁਰਗ ਵਲਾਡੋ ਨੂੰ ਵੀ ਕੁਝ ਤਬਦੀਲੀਆਂ ਕਰਨੀਆਂ ਔਖੀਆਂ ਲੱਗੀਆਂ। ਉਸ ਦੀ ਮੰਡਲੀ ਨੂੰ ਦੂਸਰੀ ਮੰਡਲੀ ਨਾਲ ਮਿਲਾਇਆ ਗਿਆ ਅਤੇ ਉਸ ਕਿੰਗਡਮ ਹਾਲ ਨੂੰ ਬੰਦ ਕਰ ਦਿੱਤਾ ਗਿਆ ਜਿੱਥੇ ਉਹ ਮੀਟਿੰਗਾਂ ਲਈ ਜਾਂਦਾ ਸੀ। ਉਹ ਕਹਿੰਦਾ ਹੈ: “ਮੈਨੂੰ ਸਮਝ ਨਹੀਂ ਆਈ ਕਿ ਭਰਾਵਾਂ ਨੇ ਉਸ ਕਿੰਗਡਮ ਹਾਲ ਨੂੰ ਬੰਦ ਕਰਨ ਦਾ ਫ਼ੈਸਲਾ ਕਿਉਂ ਕੀਤਾ। ਮੈਨੂੰ ਇਸ ਲਈ ਵੀ ਦੁੱਖ ਹੋਇਆ ਕਿਉਂਕਿ ਅਸੀਂ ਥੋੜ੍ਹਾ ਸਮਾਂ ਪਹਿਲਾਂ ਹੀ ਇਸ ਕਿੰਗਡਮ ਹਾਲ ਦੀ ਮੁਰੰਮਤ ਕੀਤੀ ਸੀ ਤੇ ਤਰਖਾਣ ਹੋਣ ਕਰਕੇ ਮੈਂ ਉਸ ਕਿੰਗਡਮ ਹਾਲ ਵਿਚ ਲੱਕੜ ਦਾ ਕੰਮ ਕੀਤਾ ਸੀ। ਮੇਰੇ ਵਰਗੇ ਸਿਆਣੀ ਉਮਰ ਦੇ ਪ੍ਰਚਾਰਕਾਂ ਲਈ ਇਹ ਸਾਰੀਆਂ ਤਬਦੀਲੀਆਂ ਸਵੀਕਾਰ ਕਰਨੀਆਂ ਵੀ ਆਸਾਨ ਨਹੀਂ ਸਨ।” ਕਿਹੜੀ ਗੱਲ ਨੇ ਵਲਾਡੋ ਦੀ ਤਬਦੀਲੀਆਂ ਨੂੰ ਸਵੀਕਾਰ ਕਰਨ ਵਿਚ ਮਦਦ ਕੀਤੀ? ਉਹ ਦੱਸਦਾ ਹੈ: “ਯਹੋਵਾਹ ਦੇ ਸੰਗਠਨ ਵਿਚ ਹੁੰਦੀਆਂ ਤਬਦੀਲੀਆਂ ਨੂੰ ਸਵੀਕਾਰ ਕਰਨ ਨਾਲ ਹਮੇਸ਼ਾ ਬਰਕਤਾਂ ਮਿਲਦੀਆਂ ਹਨ। ਇਨ੍ਹਾਂ ਕਰਕੇ ਅਸੀਂ ਭਵਿੱਖ ਵਿਚ ਹੋਣ ਵਾਲੀਆਂ ਵੱਡੀਆਂ-ਵੱਡੀਆਂ ਤਬਦੀਲੀਆਂ ਨੂੰ ਵੀ ਸਵੀਕਾਰ ਕਰ ਸਕਾਂਗੇ।” ਕੀ ਤੁਹਾਨੂੰ ਵੀ ਇੱਦਾਂ ਦੀਆਂ ਤਬਦੀਲੀਆਂ ਸਵੀਕਾਰ ਕਰਨੀਆਂ ਔਖੀਆਂ ਲੱਗਦੀਆਂ ਹਨ? ਯਕੀਨ ਰੱਖੋ ਕਿ ਯਹੋਵਾਹ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ। ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਨ ਕਰਕੇ ਤੁਸੀਂ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਵਫ਼ਾਦਾਰ ਰਹਿੰਦੇ ਹੋ। ਇਸ ਲਈ ਯਹੋਵਾਹ ਤੁਹਾਨੂੰ ਜ਼ਰੂਰ ਬਰਕਤਾਂ ਦੇਵੇਗਾ।​—ਜ਼ਬੂ. 18:25.

ਹਰ ਗੱਲ ਵਿਚ ਹੋਸ਼ ਵਿਚ ਰਹੋ

15. ਜਦੋਂ ਮੰਡਲੀ ਵਿਚ ਕੁਝ ਅਜਿਹਾ ਹੁੰਦਾ ਹੈ ਜਿਸ ਕਰ ਕੇ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

15 ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਜਾ ਰਿਹਾ ਹੈ, ਉੱਦਾਂ-ਉੱਦਾਂ ਮੰਡਲੀ ਵਿਚ ਅਜਿਹੇ ਹਾਲਾਤ ਖੜ੍ਹੇ ਹੋਣਗੇ ਜਿਨ੍ਹਾਂ ਕਰਕੇ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ। ਇਸ ਲਈ ਇਨ੍ਹਾਂ ਹਾਲਾਤਾਂ ਵਿਚ ਸਾਨੂੰ ਹੋਸ਼ ਵਿਚ ਰਹਿਣਾ ਚਾਹੀਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਮੰਡਲੀ ਵਿਚ ਕਿਸੇ ਭੈਣ ਜਾਂ ਭਰਾ ਨੇ ਜਾਂ ਕਿਸੇ ਬਜ਼ੁਰਗ ਨੇ ਤੁਹਾਡੇ ਨਾਲ ਬਦਸਲੂਕੀ ਕੀਤੀ ਹੈ, ਤਾਂ ਉਸ ਪ੍ਰਤੀ ਆਪਣੇ ਮਨ ਵਿਚ ਕੁੜੱਤਣ ਨਾ ਭਰੋ। ਜੇ ਤੁਹਾਨੂੰ ਅਨੁਸ਼ਾਸਨ ਮਿਲਦਾ ਹੈ, ਤਾਂ ਉਸ ਬਾਰੇ ਸੋਚ-ਸੋਚ ਕੇ ਸ਼ਰਮਿੰਦੇ ਨਾ ਹੋਵੋ। ਇਸ ਦੀ ਬਜਾਇ, ਅਨੁਸ਼ਾਸਨ ਨੂੰ ਸਵੀਕਾਰ ਕਰੋ ਅਤੇ ਆਪਣੇ ਵਿਚ ਜ਼ਰੂਰੀ ਬਦਲਾਅ ਕਰੋ। ਜਦੋਂ ਸੰਗਠਨ ਕੁਝ ਅਜਿਹੀਆਂ ਤਬਦੀਲੀਆਂ ਕਰਦਾ ਹੈ ਜਿਨ੍ਹਾਂ ਦਾ ਅਸਰ ਤੁਹਾਡੇ ʼਤੇ ਪੈਂਦਾ ਹੈ, ਤਾਂ ਪੂਰੇ ਦਿਲੋਂ ਤਬਦੀਲੀਆਂ ਨੂੰ ਸਵੀਕਾਰ ਕਰੋ ਅਤੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਮੁਤਾਬਕ ਚੱਲੋ।

16. ਤੁਸੀਂ ਯਹੋਵਾਹ ਅਤੇ ਉਸ ਦੇ ਸੰਗਠਨ ʼਤੇ ਭਰੋਸਾ ਕਿਵੇਂ ਬਣਾਈ ਰੱਖ ਸਕਦੇ ਹੋ?

16 ਵਫ਼ਾਦਾਰੀ ਦੀ ਪਰਖ ਹੋਣ ਤੇ ਯਹੋਵਾਹ ਅਤੇ ਉਸ ਦੇ ਸੰਗਠਨ ʼਤੇ ਭਰੋਸਾ ਕਰਦੇ ਰਹੋ। ਪਰ ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਹੋਸ਼ ਵਿਚ ਰਹੋ। ਜੇ ਤੁਸੀਂ ਸ਼ਾਂਤ ਰਹੋਗੇ, ਹਰ ਮਾਮਲੇ ਬਾਰੇ ਧਿਆਨ ਨਾਲ ਸੋਚੋਗੇ ਅਤੇ ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਹੋਸ਼ ਵਿਚ ਰਹਿ ਸਕੋਗੇ। ਬਾਈਬਲ ਵਿੱਚੋਂ ਉਨ੍ਹਾਂ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਦਾ ਅਧਿਐਨ ਕਰੋ ਜਿਨ੍ਹਾਂ ਨੂੰ ਤੁਹਾਡੇ ਵਰਗੇ ਹਾਲਾਤਾਂ ਵਿੱਚੋਂ ਲੰਘਣਾ ਪਿਆ ਅਤੇ ਉਨ੍ਹਾਂ ਦੀਆਂ ਮਿਸਾਲਾਂ ʼਤੇ ਸੋਚ-ਵਿਚਾਰ ਕਰੋ। ਪ੍ਰਾਰਥਨਾ ਵਿਚ ਯਹੋਵਾਹ ਤੋਂ ਮਦਦ ਮੰਗੋ ਅਤੇ ਕਦੇ ਵੀ ਮੰਡਲੀ ਤੋਂ ਦੂਰ ਨਾ ਜਾਓ, ਸਗੋਂ ਭੈਣਾਂ-ਭਰਾਵਾਂ ਨੂੰ ਮਿਲਦੇ ਰਹੋ। ਫਿਰ ਚਾਹੇ ਜੋ ਮਰਜ਼ੀ ਹੋ ਜਾਵੇ, ਸ਼ੈਤਾਨ ਸਾਨੂੰ ਯਹੋਵਾਹ ਅਤੇ ਉਸ ਦੇ ਸੰਗਠਨ ਤੋਂ ਕਦੇ ਵੀ ਦੂਰ ਨਹੀਂ ਕਰ ਸਕੇਗਾ।​—ਯਾਕੂ. 4:7.

ਗੀਤ 126 ਖ਼ਬਰਦਾਰ ਰਹੋ, ਦਲੇਰ ਬਣੋ

a ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਸਾਡੀ ਵਫ਼ਾਦਾਰੀ ਦਾ ਪਰਖ ਹੋ ਸਕਦੀ ਹੈ, ਖ਼ਾਸ ਕਰਕੇ ਉਦੋਂ ਜਦੋਂ ਮੰਡਲੀ ਵਿਚ ਕੁਝ ਅਜਿਹਾ ਹੁੰਦਾ ਜਿਸ ਕਰਕੇ ਅਸੀਂ ਨਿਰਾਸ਼-ਪਰੇਸ਼ਾਨ ਹੋ ਸਕਦੇ ਹਾਂ। ਇਸ ਲੇਖ ਵਿਚ ਅਸੀਂ ਤਿੰਨ ਹਾਲਾਤਾਂ ʼਤੇ ਗੌਰ ਕਰਾਂਗੇ ਅਤੇ ਇਹ ਵੀ ਦੇਖਾਂਗੇ ਕਿ ਇਨ੍ਹਾਂ ਹਾਲਾਤਾਂ ਵਿਚ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖਣ ਲਈ ਅਸੀਂ ਕੀ ਕਰ ਸਕਦੇ ਹਾਂ।

b ਕੁਝ ਨਾਂ ਬਦਲੇ ਗਏ ਹਨ।

c ਹੋਰ ਸੁਝਾਅ ਦੇਖਣ ਲਈ 15 ਅਗਸਤ 2009 ਦੇ ਪਹਿਰਾਬੁਰਜ ਦੇ ਸਫ਼ਾ 30 ʼਤੇ “ਕੀ ਤੁਹਾਡੇ ਕੋਲ ਪਹਿਲਾਂ ਜ਼ਿੰਮੇਵਾਰੀਆਂ ਸਨ? ਕੀ ਤੁਸੀਂ ਫਿਰ ਤੋਂ ਜ਼ਿੰਮੇਵਾਰੀਆਂ ਲੈਣ ਦੀ ਕੋਸ਼ਿਸ਼ ਕਰ ਸਕਦੇ ਹੋ?” ਨਾਂ ਦਾ ਲੇਖ ਦੇਖੋ।

d ਮੂਸਾ ਦੇ ਕਾਨੂੰਨ ਮੁਤਾਬਕ ਜੇ ਕੋਈ ਮੁਖੀ ਆਪਣੇ ਕਿਸੇ ਜਾਨਵਰ ਨੂੰ ਵੱਢ ਕੇ ਖਾਣਾ ਚਾਹੁੰਦਾ ਸੀ, ਤਾਂ ਉਸ ਨੂੰ ਪਵਿੱਤਰ ਸਥਾਨ ʼਤੇ ਉਸ ਜਾਨਵਰ ਨੂੰ ਲੈ ਕੇ ਜਾਣਾ ਹੁੰਦਾ ਸੀ। ਪਰ ਜੇ ਕਿਸੇ ਮੁਖੀ ਦਾ ਘਰ ਪਵਿੱਤਰ ਸਥਾਨ ਤੋਂ ਬਹੁਤ ਦੂਰ ਹੁੰਦਾ ਸੀ, ਤਾਂ ਉਸ ਨੂੰ ਆਪਣਾ ਜਾਨਵਰ ਉੱਥੇ ਲੈ ਕੇ ਜਾਣ ਦੀ ਲੋੜ ਨਹੀਂ ਸੀ।​—ਬਿਵ. 12:21.