Skip to content

Skip to table of contents

ਅਧਿਐਨ ਲੇਖ 8

ਅਜ਼ਮਾਇਸ਼ਾਂ ਸਹਿੰਦੇ ਵੇਲੇ ਖ਼ੁਸ਼ ਕਿਵੇਂ ਰਹੀਏ

ਅਜ਼ਮਾਇਸ਼ਾਂ ਸਹਿੰਦੇ ਵੇਲੇ ਖ਼ੁਸ਼ ਕਿਵੇਂ ਰਹੀਏ

“ਮੇਰੇ ਭਰਾਵੋ, ਜਦੋਂ ਤੁਸੀਂ ਤਰ੍ਹਾਂ-ਤਰ੍ਹਾਂ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਖ਼ੁਸ਼ ਹੋਵੋ।”—ਯਾਕੂ. 1:2.

ਗੀਤ 28 ਇਕ ਨਵਾਂ ਗੀਤ

ਖ਼ਾਸ ਗੱਲਾਂ *

1-2. ਮੱਤੀ 5:11 ਮੁਤਾਬਕ ਸਾਨੂੰ ਅਜ਼ਮਾਇਸ਼ਾਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?

ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਸੱਚੀ ਖ਼ੁਸ਼ੀ ਪਾਉਣਗੇ। ਪਰ ਯਿਸੂ ਨੇ ਇਹ ਵੀ ਦੱਸਿਆ ਸੀ ਕਿ ਉਸ ਨੂੰ ਪਿਆਰ ਕਰਨ ਕਰਕੇ ਉਨ੍ਹਾਂ ਨੂੰ ਅਜ਼ਮਾਇਸ਼ਾਂ ਸਹਿਣੀਆਂ ਪੈਣਗੀਆਂ। (ਮੱਤੀ 10:22, 23; ਲੂਕਾ 6:20-23) ਮਸੀਹ ਦੇ ਚੇਲੇ ਬਣ ਕੇ ਅਸੀਂ ਖ਼ੁਸ਼ ਹਾਂ। ਪਰ ਉਦੋਂ ਕੀ ਜਦੋਂ ਸਾਡੇ ਘਰ ਦੇ ਸਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਣ ਅਤੇ ਸਰਕਾਰਾਂ ਸਾਨੂੰ ਸਤਾਉਣ? ਜਾਂ ਫਿਰ ਸਾਡੇ ਨਾਲ ਕੰਮ ਕਰਨ ਵਾਲੇ ਜਾਂ ਪੜ੍ਹਨ ਵਾਲੇ ਸਾਡੇ ’ਤੇ ਗ਼ਲਤ ਕੰਮ ਕਰਨ ਦਾ ਦਬਾਅ ਪਾਉਣ? ਜ਼ਾਹਰ ਹੈ ਕਿ ਇਨ੍ਹਾਂ ਗੱਲਾਂ ਕਰਕੇ ਸਾਨੂੰ ਚਿੰਤਾ ਹੋ ਸਕਦੀ ਹੈ।

2 ਆਮ ਤੌਰ ਤੇ ਬਹੁਤ ਸਾਰੇ ਲੋਕ ਅਜ਼ਮਾਇਸ਼ਾਂ ਨੂੰ ਖ਼ੁਸ਼ ਹੋਣ ਦਾ ਕਾਰਨ ਨਹੀਂ ਸਮਝਦੇ। ਫਿਰ ਵੀ ਪਰਮੇਸ਼ੁਰ ਦਾ ਬਚਨ ਸਾਨੂੰ ਅਜ਼ਮਾਇਸ਼ਾਂ ਵੇਲੇ ਖ਼ੁਸ਼ ਰਹਿਣ ਲਈ ਕਹਿੰਦਾ ਹੈ। ਮਿਸਾਲ ਲਈ, ਯਾਕੂਬ ਨੇ ਲਿਖਿਆ ਸੀ ਕਿ ਅਜ਼ਮਾਇਸ਼ਾਂ ਦੌਰਾਨ ਲਾਚਾਰ ਜਾਂ ਬੇਬੱਸ ਮਹਿਸੂਸ ਕਰਨ ਦੀ ਬਜਾਇ ਸਾਨੂੰ ਖ਼ੁਸ਼ੀ-ਖ਼ੁਸ਼ੀ ਇਨ੍ਹਾਂ ਨੂੰ ਸਹਿਣਾ ਚਾਹੀਦਾ ਹੈ। (ਯਾਕੂ. 1:2, 12) ਯਿਸੂ ਨੇ ਵੀ ਕਿਹਾ ਸੀ ਕਿ ਸਾਨੂੰ ਅਤਿਆਚਾਰ ਸਹਿੰਦੇ ਵੇਲੇ ਖ਼ੁਸ਼ ਰਹਿਣਾ ਚਾਹੀਦਾ ਹੈ। (ਮੱਤੀ 5:11 ਪੜ੍ਹੋ।) ਪਰ ਅਸੀਂ ਅਜ਼ਮਾਇਸ਼ਾਂ ਦੇ ਬਾਵਜੂਦ ਵੀ ਖ਼ੁਸ਼ ਕਿਵੇਂ ਰਹਿ ਸਕਦੇ ਹਾਂ? ਅਸੀਂ ਇਸ ਬਾਰੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਲਿਖੀ ਯਾਕੂਬ ਦੀ ਚਿੱਠੀ ’ਤੇ ਸੋਚ-ਵਿਚਾਰ ਕਰਕੇ ਕਾਫ਼ੀ ਕੁਝ ਸਿੱਖ ਸਕਦੇ ਹਾਂ। ਪਰ ਸਭ ਤੋਂ ਪਹਿਲਾਂ ਆਓ ਦੇਖੀਏ ਕਿ ਉਨ੍ਹਾਂ ਮਸੀਹੀਆਂ ਨੂੰ ਕਿਹੜੀਆਂ ਅਜ਼ਮਾਇਸ਼ਾਂ ਝੱਲਣੀਆਂ ਪਈਆਂ।

ਪਹਿਲੀ ਸਦੀ ਦੇ ਮਸੀਹੀਆਂ ’ਤੇ ਕਿਹੜੀਆਂ ਅਜ਼ਮਾਇਸ਼ਾਂ ਆਈਆਂ?

3. ਯਾਕੂਬ ਦੇ ਚੇਲਾ ਬਣਨ ਤੋਂ ਥੋੜ੍ਹੀ ਦੇਰ ਬਾਅਦ ਕੀ ਹੋਇਆ?

3 ਯਿਸੂ ਦੇ ਭਰਾ ਯਾਕੂਬ ਦੇ ਚੇਲਾ ਬਣਨ ਤੋਂ ਥੋੜ੍ਹੀ ਦੇਰ ਬਾਅਦ ਯਰੂਸ਼ਲਮ ਵਿਚ ਮਸੀਹੀਆਂ ਉੱਤੇ ਅਤਿਆਚਾਰ ਹੋਣੇ ਸ਼ੁਰੂ ਹੋ ਗਏ। (ਰਸੂ. 1:14; 5:17, 18) ਫਿਰ ਇਸਤੀਫ਼ਾਨ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਮਸੀਹੀ “ਯਹੂਦੀਆ ਅਤੇ ਸਾਮਰੀਆ ਦੇ ਇਲਾਕਿਆਂ ਵਿਚ ਖਿੰਡ-ਪੁੰਡ ਗਏ” ਅਤੇ ਬਾਅਦ ਵਿਚ ਉਹ ਸਾਈਪ੍ਰਸ ਅਤੇ ਅੰਤਾਕੀਆ ਤਕ ਚਲੇ ਗਏ। (ਰਸੂ. 7:58–8:1; 11:19) ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਨ੍ਹਾਂ ਨੇ ਕਿਹੜੀਆਂ-ਕਿਹੜੀਆਂ ਸਤਾਹਟਾਂ ਸਹੀਆਂ ਹੋਣੀਆਂ। ਫਿਰ ਵੀ ਉਹ ਜਿੱਥੇ ਕਿਤੇ ਵੀ ਗਏ ਉਨ੍ਹਾਂ ਨੇ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਦੇਖਦੇ ਹੀ ਦੇਖਦੇ ਰੋਮੀ ਸਾਮਰਾਜ ਦੇ ਕਈ ਇਲਾਕਿਆਂ ਵਿਚ ਮੰਡਲੀਆਂ ਸ਼ੁਰੂ ਹੋ ਗਈਆਂ। (1 ਪਤ. 1:1) ਪਰ ਇਸ ਤੋਂ ਬਾਅਦ ਉਨ੍ਹਾਂ ’ਤੇ ਹੋਰ ਵੀ ਕਈ ਮੁਸੀਬਤਾਂ ਦੇ ਪਹਾੜ ਟੁੱਟੇ।

4. ਪਹਿਲੀ ਸਦੀ ਦੇ ਮਸੀਹੀਆਂ ਨੂੰ ਹੋਰ ਕਿਹੜੀਆਂ ਅਜ਼ਮਾਇਸ਼ਾਂ ਵਿੱਚੋਂ ਲੰਘਣਾ ਪਿਆ?

4 ਪਹਿਲੀ ਸਦੀ ਦੇ ਮਸੀਹੀਆਂ ਨੂੰ ਹੋਰ ਵੀ ਬਹੁਤ ਸਾਰੀਆਂ ਅਜ਼ਮਾਇਸ਼ਾਂ ਵਿੱਚੋਂ ਲੰਘਣਾ ਪਿਆ। ਮਿਸਾਲ ਲਈ, ਲਗਭਗ 50 ਈਸਵੀ ਵਿਚ ਰੋਮੀ ਸਮਰਾਟ ਕਲੋਡੀਉਸ ਨੇ ਹੁਕਮ ਦਿੱਤਾ ਕਿ ਯਹੂਦੀ ਰੋਮ ਛੱਡ ਕੇ ਚਲੇ ਜਾਣ। ਇਸ ਲਈ ਜਿਹੜੇ ਯਹੂਦੀ ਮਸੀਹੀ ਬਣੇ ਸਨ, ਉਨ੍ਹਾਂ ’ਤੇ ਆਪਣਾ ਘਰ-ਬਾਰ ਛੱਡ ਕੇ ਕਿਸੇ ਹੋਰ ਜਗ੍ਹਾ ਜਾਣ ਦਾ ਦਬਾਅ ਪਾਇਆ ਜਾ ਰਿਹਾ ਸੀ। (ਰਸੂ. 18:1-3) ਲਗਭਗ 61 ਈਸਵੀ ਵਿਚ ਪੌਲੁਸ ਰਸੂਲ ਨੇ ਲਿਖਿਆ ਕਿ ਭਰਾਵਾਂ ਨੂੰ ਸ਼ਰੇਆਮ ਬੇਇੱਜ਼ਤ ਕੀਤਾ ਗਿਆ, ਉਨ੍ਹਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਗਿਆ ਅਤੇ ਉਨ੍ਹਾਂ ਦਾ ਸਾਰਾ ਕੁਝ ਲੁੱਟ ਲਿਆ ਗਿਆ। (ਇਬ. 10:32-34) ਇਸ ਤੋਂ ਇਲਾਵਾ, ਕੁਝ ਮਸੀਹੀਆਂ ਨੂੰ ਵੀ ਹੋਰ ਲੋਕਾਂ ਵਾਂਗ ਗ਼ਰੀਬੀ ਅਤੇ ਬੀਮਾਰੀਆਂ ਦੀ ਮਾਰ ਝੱਲਣੀ ਪਈ।—ਰੋਮੀ. 15:26; ਫ਼ਿਲਿ. 2:25-27.

5. ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?

5 ਯਾਕੂਬ ਨੇ 62 ਈਸਵੀ ਤੋਂ ਪਹਿਲਾਂ ਆਪਣੀ ਚਿੱਠੀ ਲਿਖੀ ਸੀ। ਉਸ ਵੇਲੇ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਭੈਣ-ਭਰਾ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਸਨ। ਯਹੋਵਾਹ ਦੀ ਪ੍ਰੇਰਣਾ ਨਾਲ ਉਸ ਨੇ ਇਨ੍ਹਾਂ ਮਸੀਹੀਆਂ ਨੂੰ ਅਜਿਹੀ ਸਲਾਹ ਦਿੱਤੀ ਜਿਸ ਨਾਲ ਉਹ ਅਜ਼ਮਾਇਸ਼ਾਂ ਸਹਿੰਦੇ ਵੇਲੇ ਵੀ ਖ਼ੁਸ਼ ਰਹਿ ਸਕਦੇ ਸਨ। ਆਓ ਆਪਾਂ ਯਾਕੂਬ ਦੀ ਚਿੱਠੀ ’ਤੇ ਗੌਰ ਕਰਦਿਆਂ ਇਨ੍ਹਾਂ ਸਵਾਲਾਂ ਦੇ ਜਵਾਬ ਲਈਏ: ਯਾਕੂਬ ਨੇ ਕਿਹੜੀ ਖ਼ੁਸ਼ੀ ਬਾਰੇ ਲਿਖਿਆ ਸੀ? ਕਿਹੜੀ ਗੱਲ ਕਰਕੇ ਇਕ ਮਸੀਹੀ ਦੀ ਖ਼ੁਸ਼ੀ ਗੁਆਚ ਸਕਦੀ ਹੈ? ਨਾਲੇ ਅਜ਼ਮਾਇਸ਼ ਝੱਲਦੇ ਵੇਲੇ ਬੁੱਧ, ਨਿਹਚਾ ਅਤੇ ਹਿੰਮਤ ਵਰਗੇ ਗੁਣ ਸਾਡੀ ਖ਼ੁਸ਼ੀ ਬਣਾਈ ਰੱਖਣ ਵਿਚ ਕਿਵੇਂ ਮਦਦ ਕਰਨਗੇ?

ਕਿਹੜੀ ਗੱਲ ਕਰਕੇ ਇਕ ਮਸੀਹੀ ਖ਼ੁਸ਼ ਰਹਿ ਸਕਦਾ ਹੈ?

ਯਹੋਵਾਹ ਵੱਲੋਂ ਮਿਲਦੀ ਖ਼ੁਸ਼ੀ ਲਾਲਟੈਣ ਵਿਚ ਬਲ਼ਦੀ ਲਾਟ ਵਾਂਗ ਹੈ ਜੋ ਇਕ ਮਸੀਹੀ ਦੇ ਦਿਲ ਵਿਚ ਬਲ਼ਦੀ ਰਹਿੰਦੀ ਹੈ (ਪੈਰਾ 6 ਦੇਖੋ)

6. ਲੂਕਾ 6:22, 23 ਮੁਤਾਬਕ ਇਕ ਮਸੀਹੀ ਅਜ਼ਮਾਇਸ਼ਾਂ ਦੇ ਬਾਵਜੂਦ ਖ਼ੁਸ਼ ਕਿਉਂ ਰਹਿ ਸਕਦਾ ਹੈ?

6 ਲੋਕਾਂ ਨੂੰ ਸ਼ਾਇਦ ਲੱਗੇ ਕਿ ਜੇ ਉਨ੍ਹਾਂ ਦੀ ਸਿਹਤ ਚੰਗੀ ਹੈ, ਉਨ੍ਹਾਂ ਕੋਲ ਕਾਫ਼ੀ ਪੈਸਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਸ਼ਾਂਤੀ ਹੈ, ਤਾਂ ਹੀ ਉਹ ਖ਼ੁਸ਼ ਰਹਿ ਸਕਦੇ ਹਨ। ਪਰ ਯਾਕੂਬ ਨੇ ਜਿਸ ਖ਼ੁਸ਼ੀ ਬਾਰੇ ਲਿਖਿਆ ਸੀ, ਉਹ ਇਕ ਵਿਅਕਤੀ ਦੇ ਹਾਲਾਤਾਂ ’ਤੇ ਨਿਰਭਰ ਨਹੀਂ ਕਰਦੀ। ਖ਼ੁਸ਼ੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। (ਗਲਾ. 5:22) ਇਕ ਮਸੀਹੀ ਨੂੰ ਇਹ ਖ਼ੁਸ਼ੀ ਉਦੋਂ ਮਿਲਦੀ ਹੈ, ਜਦੋਂ ਉਹ ਯਹੋਵਾਹ ਨੂੰ ਖ਼ੁਸ਼ ਕਰਦਾ ਅਤੇ ਯਿਸੂ ਮਸੀਹ ਦੀ ਮਿਸਾਲ ’ਤੇ ਚੱਲਦਾ ਹੈ। (ਲੂਕਾ 6:22, 23 ਪੜ੍ਹੋ; ਕੁਲੁ. 1:10, 11) ਸਾਡੀ ਖ਼ੁਸ਼ੀ ਦੀ ਤੁਲਨਾ ਲਾਲਟੈਣ ਵਿਚ ਬਲ਼ਦੀ ਲਾਟ ਨਾਲ ਕੀਤੀ ਜਾ ਸਕਦੀ ਹੈ। ਜਿਵੇਂ ਮੀਂਹ ਅਤੇ ਹਨੇਰੀ ਲਾਲਟੈਣ ਵਿਚ ਬਲ਼ਦੀ ਲਾਟ ਨੂੰ ਬੁਝਾ ਨਹੀਂ ਸਕਦੇ, ਉਸੇ ਤਰ੍ਹਾਂ ਮੁਸ਼ਕਲਾਂ ਸਾਡੇ ਤੋਂ ਉਹ ਖ਼ੁਸ਼ੀ ਨਹੀਂ ਖੋਹ ਸਕਦੀਆਂ ਜੋ ਯਹੋਵਾਹ ਸਾਨੂੰ ਦਿੰਦਾ ਹੈ। ਅਸੀਂ ਬੀਮਾਰੀ ਜਾਂ ਪੈਸੇ ਦੀ ਕਮੀ ਵੇਲੇ ਵੀ ਆਪਣੀ ਖ਼ੁਸ਼ੀ ਨਹੀਂ ਗੁਆਵਾਂਗੇ। ਨਾਲੇ ਅਸੀਂ ਉਦੋਂ ਵੀ ਆਪਣੀ ਖ਼ੁਸ਼ੀ ਬਣਾਈ ਰੱਖਾਂਗੇ ਜਦੋਂ ਲੋਕ ਜਾਂ ਸਾਡੇ ਘਰ ਦੇ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਸਾਡਾ ਵਿਰੋਧ ਕਰਦੇ ਹਨ। ਇਸ ਤੋਂ ਇਲਾਵਾ, ਜਦੋਂ ਸਾਡੀ ਖ਼ੁਸ਼ੀ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਵੀ ਇਹ ਘਟਣ ਦੀ ਬਜਾਇ ਵਧਦੀ ਰਹਿੰਦੀ ਹੈ। ਆਪਣੀ ਨਿਹਚਾ ਕਰਕੇ ਅਸੀਂ ਜਿਹੜੀਆਂ ਵੀ ਅਜ਼ਮਾਇਸ਼ ਝੱਲਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਮਸੀਹ ਦੇ ਸੱਚੇ ਚੇਲੇ ਹਾਂ। (ਮੱਤੀ 10:22; 24:9; ਯੂਹੰ. 15:20) ਇਸੇ ਕਰਕੇ ਯਾਕੂਬ ਨੇ ਲਿਖਿਆ ਸੀ: “ਮੇਰੇ ਭਰਾਵੋ, ਜਦੋਂ ਤੁਸੀਂ ਤਰ੍ਹਾਂ-ਤਰ੍ਹਾਂ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਖ਼ੁਸ਼ ਹੋਵੋ।”—ਯਾਕੂ. 1:2.

ਅਜ਼ਮਾਇਸ਼ਾਂ ਦੀ ਤੁਲਨਾ ਅੱਗ ਨਾਲ ਕਿਉਂ ਕੀਤੀ ਜਾ ਸਕਦੀ ਹੈ ਜਿਸ ਵਿਚ ਲੋਹੇ ਜਾਂ ਧਾਤ ਨੂੰ ਮਜ਼ਬੂਤ ਕੀਤਾ ਜਾਂਦਾ ਹੈ? (ਪੈਰਾ 7 ਦੇਖੋ) *

7-8. ਨਿਹਚਾ ਦੀ ਪਰਖ ਹੋਣ ਨਾਲ ਕੀ ਫ਼ਾਇਦਾ ਹੁੰਦਾ ਹੈ?

7 ਯਾਕੂਬ ਨੇ ਇਕ ਹੋਰ ਕਾਰਨ ਦੱਸਿਆ ਕਿ ਕਿਉਂ ਮਸੀਹੀ ਖ਼ੁਸ਼ੀ-ਖ਼ੁਸ਼ੀ ਸਖ਼ਤ ਅਜ਼ਮਾਇਸ਼ਾਂ ਝੱਲਣ ਲਈ ਵੀ ਤਿਆਰ ਸਨ। ਉਸ ਨੇ ਦੱਸਿਆ: “ਅਜ਼ਮਾਇਸ਼ਾਂ ਵਿਚ ਤੁਹਾਡੀ ਨਿਹਚਾ ਦੀ ਪਰਖ ਹੋਣ ਨਾਲ ਤੁਹਾਡੇ ਵਿਚ ਧੀਰਜ ਪੈਦਾ ਹੁੰਦਾ ਹੈ।” (ਯਾਕੂ. 1:3) ਅਜ਼ਮਾਇਸ਼ਾਂ ਦੀ ਤੁਲਨਾ ਅੱਗ ਨਾਲ ਕੀਤੀ ਜਾ ਸਕਦੀ ਹੈ। ਜਦੋਂ ਕਿਸੇ ਧਾਤ ਨੂੰ ਅੱਗ ਵਿਚ ਤਪਾਉਣ ਤੋਂ ਬਾਅਦ ਠੰਢਾ ਕੀਤਾ ਜਾਂਦਾ ਹੈ, ਤਾਂ ਇਹ ਹੋਰ ਵੀ ਮਜ਼ਬੂਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਅਜ਼ਮਾਇਸ਼ਾਂ ਵਿੱਚੋਂ ਲੰਘਦੇ ਹਾਂ, ਤਾਂ ਸਾਡੀ ਨਿਹਚਾ ਹੋਰ ਮਜ਼ਬੂਤ ਹੋ ਜਾਂਦੀ ਹੈ। ਇਸੇ ਲਈ ਯਾਕੂਬ ਨੇ ਲਿਖਿਆ: “ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ ਤਾਂਕਿ ਤੁਹਾਡੇ ਵਿਚ ਕੋਈ ਕਮੀ ਨਾ ਰਹੇ, ਸਗੋਂ ਤੁਸੀਂ ਹਰ ਪੱਖੋਂ ਮੁਕੰਮਲ ਹੋ ਜਾਵੋ।” (ਯਾਕੂ. 1:4) ਜਦੋਂ ਅਸੀਂ ਦੇਖਦੇ ਹਾਂ ਕਿ ਅਜ਼ਮਾਇਸ਼ਾਂ ਕਰਕੇ ਸਾਡੀ ਨਿਹਚਾ ਪੱਕੀ ਹੋ ਰਹੀ ਹੈ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਇਨ੍ਹਾਂ ਨੂੰ ਸਹਿ ਪਾਉਂਦੇ ਹਾਂ।

8 ਆਪਣੀ ਚਿੱਠੀ ਵਿਚ ਯਾਕੂਬ ਨੇ ਉਹ ਗੱਲਾਂ ਵੀ ਦੱਸੀਆਂ ਜਿਨ੍ਹਾਂ ਕਰਕੇ ਸਾਡੀ ਖ਼ੁਸ਼ੀ ਗੁਆਚ ਸਕਦੀ ਹੈ। ਇਹ ਮੁਸ਼ਕਲਾਂ ਕਿਹੜੀਆਂ ਹਨ ਅਤੇ ਅਸੀਂ ਇਨ੍ਹਾਂ ਨੂੰ ਕਿਵੇਂ ਪਾਰ ਕਰ ਸਕਦੇ ਹਾਂ?

ਆਪਣੀ ਖ਼ੁਸ਼ੀ ਗੁਆਉਣ ਤੋਂ ਕਿਵੇਂ ਬਚੀਏ?

9. ਸਾਨੂੰ ਬੁੱਧ ਦੀ ਲੋੜ ਕਿਉਂ ਹੈ?

9 ਮੁਸ਼ਕਲ: ਜਦੋਂ ਪਤਾ ਨਾ ਲੱਗੇ ਕਿ ਕਰਨਾ ਕੀ ਹੈ? ਜਦੋਂ ਅਸੀਂ ਸਤਾਹਟਾਂ ਝੱਲ ਰਹੇ ਹੁੰਦੇ ਹਾਂ, ਤਾਂ ਯਹੋਵਾਹ ਦੀ ਮਦਦ ਨਾਲ ਅਸੀਂ ਅਜਿਹੇ ਫ਼ੈਸਲੇ ਕਰਨੇ ਚਾਹਾਂਗੇ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੋਵੇ, ਭੈਣਾਂ-ਭਰਾਵਾਂ ਨੂੰ ਫ਼ਾਇਦਾ ਹੋਵੇ ਅਤੇ ਅਸੀਂ ਆਪਣੀ ਵਫ਼ਾਦਾਰੀ ਬਣਾਈ ਰੱਖੀਏ। (ਯਿਰ. 10:23) ਅਸੀਂ ਕਰਨਾ ਕੀ ਹੈ ਅਤੇ ਆਪਣੇ ਵਿਰੋਧੀਆਂ ਨੂੰ ਕੀ ਕਹਿਣਾ ਹੈ, ਉਸ ਲਈ ਸਾਨੂੰ ਬੁੱਧ ਦੀ ਲੋੜ ਹੈ। ਪਰ ਜੇ ਸਾਨੂੰ ਪਤਾ ਨਾ ਹੋਵੇ ਕਿ ਅਸੀਂ ਕਰਨਾ ਕੀ ਹੈ, ਤਾਂ ਅਸੀਂ ਆਪਣੇ ਹਾਲਾਤਾਂ ਕਰਕੇ ਬੇਬੱਸ ਤੇ ਲਾਚਾਰ ਮਹਿਸੂਸ ਕਰ ਸਕਦੇ ਹਾਂ ਅਤੇ ਜਲਦੀ ਹੀ ਆਪਣੀ ਖ਼ੁਸ਼ੀ ਗੁਆ ਸਕਦੇ ਹਾਂ।

10. ਯਾਕੂਬ 1:5 ਮੁਤਾਬਕ ਸਾਨੂੰ ਬੁੱਧ ਪਾਉਣ ਲਈ ਕੀ ਕਰਨ ਦੀ ਲੋੜ ਹੈ?

10 ਹੱਲ: ਯਹੋਵਾਹ ਤੋਂ ਬੁੱਧ ਮੰਗੋ। ਜੇ ਅਸੀਂ ਖ਼ੁਸ਼ੀ-ਖ਼ੁਸ਼ੀ ਸਤਾਹਟਾਂ ਝੱਲਣਾ ਚਾਹੁੰਦੇ ਹਾਂ, ਤਾਂ ਸਾਨੂੰ ਸਭ ਤੋਂ ਪਹਿਲਾਂ ਯਹੋਵਾਹ ਤੋਂ ਪ੍ਰਾਰਥਨਾ ਵਿਚ ਬੁੱਧ ਮੰਗਣੀ ਚਾਹੀਦੀ ਹੈ। (ਯਾਕੂਬ 1:5 ਪੜ੍ਹੋ।) ਜੇ ਸਾਨੂੰ ਲੱਗਦਾ ਹੈ ਕਿ ਯਹੋਵਾਹ ਤੁਰੰਤ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦਿੰਦਾ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਯਾਕੂਬ ਨੇ ਕਿਹਾ ਕਿ ਸਾਨੂੰ ਪਰਮੇਸ਼ੁਰ ਤੋਂ ਬੁੱਧ ‘ਮੰਗਦੇ ਰਹਿਣਾ’ ਚਾਹੀਦਾ ਹੈ। ਪਰਮੇਸ਼ੁਰ ਤੋਂ ਵਾਰ-ਵਾਰ ਬੁੱਧ ਮੰਗਦੇ ਰਹਿਣ ਨਾਲ ਨਾ ਤਾਂ ਉਹ ਖਿੱਝਦਾ ਹੈ ਅਤੇ ਨਾ ਹੀ ਉਹ ਸਾਡੇ ਤੋਂ ਗੁੱਸੇ ਹੁੰਦਾ ਹੈ। ਜਦੋਂ ਵੀ ਅਸੀਂ ਸਤਾਹਟਾਂ ਝੱਲਣ ਲਈ ਪਰਮੇਸ਼ੁਰ ਤੋਂ ਪ੍ਰਾਰਥਨਾ ਵਿਚ ਬੁੱਧ ਮੰਗਦੇ ਹਾਂ, ਤਾਂ ਸਾਡਾ ਸਵਰਗੀ ਪਿਤਾ ਸਾਨੂੰ “ਖੁੱਲ੍ਹੇ ਦਿਲ” ਨਾਲ ਬੁੱਧ ਦਿੰਦਾ ਹੈ। (ਜ਼ਬੂ. 25:12, 13) ਉਹ ਸਾਡੀਆਂ ਸਤਾਹਟਾਂ ਦੇਖ ਕੇ ਦੁਖੀ ਹੁੰਦਾ ਹੈ ਅਤੇ ਉਹ ਸਾਡੀ ਮਦਦ ਵੀ ਕਰਨੀ ਚਾਹੁੰਦਾ ਹੈ। ਵਾਕਈ, ਇਹ ਜਾਣ ਕਿ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ! ਪਰ ਯਹੋਵਾਹ ਸਾਨੂੰ ਬੁੱਧ ਕਿਵੇਂ ਦਿੰਦਾ ਹੈ?

11. ਬੁੱਧ ਪਾਉਣ ਲਈ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ?

11 ਯਹੋਵਾਹ ਆਪਣੇ ਬਚਨ ਰਾਹੀਂ ਸਾਨੂੰ ਬੁੱਧ ਦਿੰਦਾ ਹੈ। (ਕਹਾ. 2:6) ਇਹ ਬੁੱਧ ਪਾਉਣ ਲਈ ਸਾਨੂੰ ਬਾਈਬਲ ਅਤੇ ਇਸ ’ਤੇ ਆਧਾਰਿਤ ਪ੍ਰਕਾਸ਼ਨਾਂ ਦੀ ਸਟੱਡੀ ਕਰਨੀ ਚਾਹੀਦੀ ਹੈ। ਪਰ ਸਾਨੂੰ ਸਿਰਫ਼ ਆਪਣਾ ਗਿਆਨ ਹੀ ਨਹੀਂ ਵਧਾਉਣਾ ਚਾਹੀਦਾ, ਸਗੋਂ ਪਰਮੇਸ਼ੁਰ ਦੀ ਬੁੱਧ ਮੁਤਾਬਕ ਕੰਮ ਵੀ ਕਰਨੇ ਚਾਹੀਦੇ ਹਨ। ਯਾਕੂਬ ਨੇ ਲਿਖਿਆ: “ਤੁਸੀਂ ਬਚਨ ਉੱਤੇ ਚੱਲਣ ਵਾਲੇ ਬਣੋ, ਨਾ ਕਿ . . . ਸਿਰਫ਼ ਸੁਣਨ ਵਾਲੇ।” (ਯਾਕੂ. 1:22) ਜਦੋਂ ਅਸੀਂ ਪਰਮੇਸ਼ੁਰ ਦੀ ਸਲਾਹ ਮੁਤਾਬਕ ਚੱਲਦੇ ਹਾਂ, ਤਾਂ ਅਸੀਂ ਹੋਰ ਵੀ ਸ਼ਾਂਤੀ ਪਸੰਦ, ਦਇਆ ਦਿਖਾਉਣ ਵਾਲੇ ਅਤੇ ਆਪਣੀ ਗੱਲ ’ਤੇ ਅੜੇ ਨਾ ਰਹਿਣ ਵਾਲੇ ਬਣਦੇ ਹਾਂ। (ਯਾਕੂ. 3:17) ਇਨ੍ਹਾਂ ਗੁਣਾਂ ਦੀ ਮਦਦ ਨਾਲ ਅਸੀਂ ਕਿਸੇ ਵੀ ਸਤਾਹਟ ਨੂੰ ਆਪਣੀ ਖ਼ੁਸ਼ੀ ਗੁਆਏ ਬਿਨਾਂ ਸਹਿ ਸਕਦੇ ਹਾਂ।

12. ਇਹ ਇੰਨਾ ਜ਼ਰੂਰੀ ਕਿਉਂ ਹੈ ਕਿ ਅਸੀਂ ਬਾਈਬਲ ਤੋਂ ਚੰਗੀ ਤਰ੍ਹਾਂ ਵਾਕਫ਼ ਹੋਈਏ?

12 ਪਰਮੇਸ਼ੁਰ ਦਾ ਬਚਨ ਇਕ ਸ਼ੀਸ਼ੇ ਵਾਂਗ ਹੈ। ਇਹ ਸਾਡੀ ਇਹ ਜਾਣਨ ਵਿਚ ਮਦਦ ਕਰਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। (ਯਾਕੂ. 1:23-25) ਮਿਸਾਲ ਲਈ, ਪਰਮੇਸ਼ੁਰ ਦਾ ਬਚਨ ਪੜ੍ਹਨ ਤੋਂ ਬਾਅਦ ਸ਼ਾਇਦ ਸਾਨੂੰ ਅਹਿਸਾਸ ਹੋਵੇ ਕਿ ਸਾਨੂੰ ਆਪਣੇ ਗੁੱਸੇ ’ਤੇ ਕਾਬੂ ਪਾਉਣ ਦੀ ਲੋੜ ਹੈ। ਜਦੋਂ ਲੋਕਾਂ ਜਾਂ ਮੁਸ਼ਕਲਾਂ ਕਰਕੇ ਸਾਨੂੰ ਗੁੱਸਾ ਚੜ੍ਹਦਾ ਹੈ, ਤਾਂ ਅਸੀਂ ਯਹੋਵਾਹ ਦੀ ਮਦਦ ਨਾਲ ਹੀ ਸ਼ਾਂਤ ਰਹਿ ਪਾਉਂਦੇ ਹਾਂ। ਨਾਲੇ ਸ਼ਾਂਤ ਰਹਿਣ ਨਾਲ ਅਸੀਂ ਮੁਸ਼ਕਲਾਂ ਵੇਲੇ ਵਧੀਆ ਢੰਗ ਨਾਲ ਪੇਸ਼ ਆਉਂਦੇ ਹਾਂ ਅਤੇ ਸੋਚ ਸਮਝ ਕੇ ਫ਼ੈਸਲੇ ਕਰ ਪਾਉਂਦੇ ਹਾਂ। (ਯਾਕੂ. 3:13) ਇਸ ਲਈ ਇਹ ਕਿੰਨਾ ਹੀ ਜ਼ਰੂਰੀ ਹੈ ਕਿ ਅਸੀਂ ਬਾਈਬਲ ਤੋਂ ਚੰਗੀ ਤਰ੍ਹਾਂ ਵਾਕਫ਼ ਹੋਈਏ!

13. ਸਾਨੂੰ ਬਾਈਬਲ ਵਿਚ ਦਰਜ ਮਿਸਾਲਾਂ ਕਿਉਂ ਪੜ੍ਹਨੀਆਂ ਚਾਹੀਦੀਆਂ ਹਨ?

13 ਕਦੇ-ਕਦਾਈਂ ਅਸੀਂ ਗ਼ਲਤੀ ਕਰਨ ਤੋਂ ਬਾਅਦ ਸਿੱਖਦੇ ਹਾਂ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਸੀ। ਪਰ ਬੁੱਧ ਪਾਉਣ ਦਾ ਸਹੀ ਤਰੀਕਾ ਹੈ ਕਿ ਅਸੀਂ ਦੂਸਰਿਆਂ ਦੇ ਚੰਗੇ ਅਤੇ ਮਾੜੇ ਕੰਮਾਂ ਤੋਂ ਸਬਕ ਸਿੱਖੀਏ। ਇਸ ਕਰਕੇ ਯਾਕੂਬ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ਬਾਈਬਲ ਵਿੱਚੋਂ ਅਬਰਾਹਾਮ, ਰਾਹਾਬ, ਅੱਯੂਬ ਅਤੇ ਏਲੀਯਾਹ ਦੀਆਂ ਮਿਸਾਲਾਂ ਤੋਂ ਸਿੱਖੀਏ। (ਯਾਕੂ. 2:21-26; 5:10, 11, 17, 18) ਇਹ ਸਾਰੇ ਵਫ਼ਾਦਾਰ ਸੇਵਕ ਉਨ੍ਹਾਂ ਅਜ਼ਮਾਇਸ਼ਾਂ ਨੂੰ ਸਹਿ ਸਕੇ ਜਿਨ੍ਹਾਂ ਕਰਕੇ ਉਨ੍ਹਾਂ ਦੀ ਖ਼ੁਸ਼ੀ ਗੁਆਚ ਸਕਦੀ ਸੀ। ਇਨ੍ਹਾਂ ਤੋਂ ਅਸੀਂ ਸਿੱਖਦੇ ਹਾਂ ਕਿ ਅਸੀਂ ਵੀ ਯਹੋਵਾਹ ਦੀ ਮਦਦ ਨਾਲ ਸਤਾਹਟਾਂ ਸਹਿ ਸਕਦੇ ਹਾਂ।

14-15. ਸਾਨੂੰ ਆਪਣੇ ਸ਼ੱਕ ਕਿਉਂ ਦੂਰ ਕਰਨੇ ਚਾਹੀਦੇ ਹਨ?

14 ਮੁਸ਼ਕਲ: ਜਦੋਂ ਸਾਨੂੰ ਸਾਡੇ ਵਿਸ਼ਵਾਸਾਂ ’ਤੇ ਸ਼ੱਕ ਹੋਵੇ। ਕਦੇ-ਕਦੇ ਹੋ ਸਕਦਾ ਹੈ ਕਿ ਸਾਨੂੰ ਬਾਈਬਲ ਦੀਆਂ ਕੁਝ ਗੱਲਾਂ ਸਮਝਣੀਆਂ ਔਖੀਆਂ ਲੱਗਣ ਜਾਂ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਉਸ ਤਰੀਕੇ ਨਾਲ ਨਾ ਦੇਵੇ ਜਿੱਦਾਂ ਅਸੀਂ ਉਮੀਦ ਲਾਈ ਸੀ। ਇਨ੍ਹਾਂ ਗੱਲਾਂ ਕਰਕੇ ਸਾਡੇ ਮਨ ਵਿਚ ਸ਼ੱਕ ਪੈਦਾ ਹੋ ਸਕਦੇ ਹਨ। ਜੇ ਅਸੀਂ ਆਪਣੇ ਸ਼ੱਕ ਦੂਰ ਨਹੀਂ ਕਰਦੇ, ਤਾਂ ਸਾਡੀ ਨਿਹਚਾ ਕਮਜ਼ੋਰ ਪੈ ਸਕਦੀ ਹੈ ਅਤੇ ਯਹੋਵਾਹ ਨਾਲ ਸਾਡਾ ਰਿਸ਼ਤਾ ਟੁੱਟ ਸਕਦਾ ਹੈ। (ਯਾਕੂ. 1:7, 8) ਨਾਲੇ ਇਨ੍ਹਾਂ ਕਰਕੇ ਭਵਿੱਖ ਲਈ ਸਾਡੀ ਉਮੀਦ ਵੀ ਧੁੰਦਲੀ ਪੈ ਸਕਦੀ ਹੈ।

15 ਪੌਲੁਸ ਰਸੂਲ ਨੇ ਭਵਿੱਖ ਬਾਰੇ ਸਾਡੀ ਉਮੀਦ ਦੀ ਤੁਲਨਾ ਸਮੁੰਦਰੀ ਜਹਾਜ਼ ਦੇ ਲੰਗਰ ਨਾਲ ਕੀਤੀ ਸੀ। (ਇਬ. 6:19) ਲੰਗਰ ਤੂਫ਼ਾਨ ਵੇਲੇ ਜਹਾਜ਼ ਨੂੰ ਸਥਿਰ ਰੱਖਣ ਅਤੇ ਪੱਥਰਾਂ ਨਾਲ ਟਕਰਾਉਣ ਤੋਂ ਰੋਕਦਾ ਹੈ। ਪਰ ਲੰਗਰ ਦਾ ਉਦੋਂ ਹੀ ਫ਼ਾਇਦਾ ਹੁੰਦਾ ਹੈ ਜਦੋਂ ਤਕ ਇਸ ਦਾ ਸੰਗਲ ਨਾ ਟੁੱਟੇ। ਜਿਵੇਂ ਜੰਗਾਲ ਲੱਗਣ ਨਾਲ ਸੰਗਲ ਕਮਜ਼ੋਰ ਪੈ ਸਕਦਾ ਹੈ, ਉਸੇ ਤਰ੍ਹਾਂ ਜੇ ਅਸੀਂ ਆਪਣੇ ਸ਼ੱਕ ਦੂਰ ਨਹੀਂ ਕਰਦੇ, ਤਾਂ ਸਾਡੀ ਨਿਹਚਾ ਕਮਜ਼ੋਰ ਪੈ ਸਕਦੀ ਹੈ। ਜਦੋਂ ਉਸ ਵਿਅਕਤੀ ਦਾ ਵਿਰੋਧ ਹੁੰਦਾ ਹੈ ਜਿਸ ਦੇ ਮਨ ਵਿਚ ਸ਼ੱਕ ਹੁੰਦੇ ਹਨ, ਤਾਂ ਉਸ ਦਾ ਯਹੋਵਾਹ ਦੇ ਵਾਅਦਿਆਂ ਉੱਤੋਂ ਆਸਾਨੀ ਨਾਲ ਭਰੋਸਾ ਟੁੱਟ ਸਕਦਾ ਹੈ। ਨਾਲੇ ਜੇ ਸਾਡੀ ਨਿਹਚਾ ਕਮਜ਼ੋਰ ਹੋ ਗਈ, ਤਾਂ ਸਾਡੀ ਉਮੀਦ ਵੀ ਕਮਜ਼ੋਰ ਪੈ ਜਾਵੇਗੀ। ਜਿਵੇਂ ਯਾਕੂਬ ਨੇ ਕਿਹਾ ਸੀ, “ਸ਼ੱਕ ਕਰਨ ਵਾਲਾ ਇਨਸਾਨ ਸਮੁੰਦਰ ਦੀਆਂ ਲਹਿਰਾਂ ਵਾਂਗ ਹੁੰਦਾ ਹੈ ਜਿਨ੍ਹਾਂ ਨੂੰ ਹਵਾ ਇੱਧਰ-ਉੱਧਰ ਲੈ ਜਾਂਦੀ ਹੈ।” (ਯਾਕੂ. 1:6) ਅਜਿਹਾ ਵਿਅਕਤੀ ਕਦੇ ਵੀ ਖ਼ੁਸ਼ ਨਹੀਂ ਰਹਿ ਸਕਦਾ!

16. ਆਪਣੇ ਸ਼ੱਕ ਦੂਰ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

16 ਹੱਲ: ਆਪਣੇ ਸ਼ੱਕ ਦੂਰ ਕਰੋ ਅਤੇ ਆਪਣੀ ਨਿਹਚਾ ਮਜ਼ਬੂਤ ਕਰੋ। ਛੇਤੀ-ਛੇਤੀ ਕਦਮ ਚੁੱਕੋ। ਏਲੀਯਾਹ ਦੇ ਦਿਨਾਂ ਵਿਚ ਯਹੋਵਾਹ ਦੇ ਲੋਕ ਦੁਚਿੱਤੀ ਵਿਚ ਪਏ ਹੋਏ ਸਨ। ਏਲੀਯਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਦ ਤੀਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ।” (1 ਰਾਜ. 18:21) ਇਹ ਗੱਲ ਅੱਜ ਵੀ ਸੱਚ ਹੈ! ਸਾਨੂੰ ਖੋਜਬੀਨ ਕਰ ਕੇ ਆਪਣੇ ਆਪ ਨੂੰ ਇਹ ਯਕੀਨ ਦਿਵਾਉਣ ਦੀ ਲੋੜ ਹੈ ਕਿ ਯਹੋਵਾਹ ਹੀ ਪਰਮੇਸ਼ੁਰ ਹੈ, ਬਾਈਬਲ ਉਸ ਦਾ ਬਚਨ ਹੈ ਅਤੇ ਯਹੋਵਾਹ ਦੇ ਗਵਾਹ ਹੀ ਉਸ ਦੇ ਲੋਕ ਹਨ। (1 ਥੱਸ. 5:21) ਇੱਦਾਂ ਕਰਨ ਨਾਲ ਸਾਡੇ ਸ਼ੱਕ ਦੂਰ ਹੋਣਗੇ ਅਤੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ। ਜੇ ਸਾਨੂੰ ਆਪਣੇ ਸ਼ੱਕ ਦੂਰ ਕਰਨ ਲਈ ਮਦਦ ਦੀ ਲੋੜ ਹੈ, ਤਾਂ ਅਸੀਂ ਬਜ਼ੁਰਗਾਂ ਤੋਂ ਮਦਦ ਲੈ ਸਕਦੇ ਹਾਂ। ਯਹੋਵਾਹ ਦੀ ਸੇਵਾ ਵਿਚ ਆਪਣੀ ਖ਼ੁਸ਼ੀ ਬਣਾਈ ਰੱਖਣ ਲਈ ਸਾਨੂੰ ਛੇਤੀ ਤੋਂ ਛੇਤੀ ਕਦਮ ਚੁੱਕਣ ਦੀ ਲੋੜ ਹੈ।

17. ਜੇ ਅਸੀਂ ਹਿੰਮਤ ਹਾਰ ਜਾਂਦੇ ਹਾਂ, ਤਾਂ ਕੀ ਹੋ ਸਕਦਾ ਹੈ?

17 ਮੁਸ਼ਕਲ: ਜਦੋਂ ਅਸੀਂ ਹਿੰਮਤ ਹਾਰ ਜਾਂਦੇ ਹਾਂ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” (ਕਹਾ. 24:10) ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਢਿੱਲਾ ਪੈ ਜਾਵੇਂ” ਕੀਤਾ ਗਿਆ ਹੈ, ਉਸ ਦਾ ਮਤਲਬ “ਹਿੰਮਤ ਹਾਰਨਾ” ਵੀ ਹੋ ਸਕਦਾ ਹੈ। ਜੇ ਅਸੀਂ ਹਿੰਮਤ ਹਾਰ ਜਾਂਦੇ ਹਾਂ, ਤਾਂ ਅਸੀਂ ਛੇਤੀ ਹੀ ਆਪਣੀ ਖ਼ੁਸ਼ੀ ਗੁਆ ਲਵਾਂਗੇ।

18. ਧੀਰਜ ਰੱਖਣ ਦਾ ਕੀ ਮਤਲਬ ਹੈ?

18 ਹੱਲ: ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਧੀਰਜ ਨਾਲ ਦੁੱਖ ਸਹਿਣ ਲਈ ਹਿੰਮਤ ਦੇਵੇਗਾ। ਧੀਰਜ ਨਾਲ ਦੁੱਖ ਸਹਿਣ ਲਈ ਸਾਨੂੰ ਹਿੰਮਤ ਦੀ ਲੋੜ ਹੈ। (ਯਾਕੂ. 5:11) ਯਾਕੂਬ ਨੇ ‘ਧੀਰਜ ਨਾਲ ਦੁੱਖ ਸਹਿਣ’ ਲਈ ਜਿਹੜਾ ਸ਼ਬਦ ਇਸਤੇਮਾਲ ਕੀਤਾ ਹੈ, ਉਸ ਨਾਲ ਸਾਡੇ ਮਨ ਵਿਚ ਅਜਿਹੇ ਵਿਅਕਤੀ ਦੀ ਤਸਵੀਰ ਬਣਦੀ ਹੈ ਜੋ ਮੁਸ਼ਕਲਾਂ ਆਉਣ ’ਤੇ ਵੀ ਆਪਣੀ ਜਗ੍ਹਾ ਤੋਂ ਹਿਲਦਾ ਨਹੀਂ। ਅਸੀਂ ਸ਼ਾਇਦ ਅਜਿਹੇ ਫੌਜੀ ਬਾਰੇ ਸੋਚੀਏ ਜੋ ਦੁਸ਼ਮਣਾਂ ਸਾਮ੍ਹਣੇ ਹਿੰਮਤ ਨਾਲ ਡਟ ਕੇ ਖੜ੍ਹਾ ਰਹਿੰਦਾ ਹੈ। ਭਾਵੇਂ ਦੁਸ਼ਮਣ ਹਮਲਾ ਵੀ ਕਰਨ, ਤਾਂ ਵੀ ਉਹ ਮੈਦਾਨ ਛੱਡ ਕੇ ਨਹੀਂ ਭੱਜਦਾ।

19. ਅਸੀਂ ਪੌਲੁਸ ਰਸੂਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

19 ਪੌਲੁਸ ਰਸੂਲ ਨੇ ਹਿੰਮਤ ਅਤੇ ਧੀਰਜ ਰੱਖਣ ਦੀ ਬਹੁਤ ਵਧੀਆ ਮਿਸਾਲ ਰੱਖੀ ਸੀ। ਪਰ ਕਈ ਵਾਰ ਉਹ ਵੀ ਕਮਜ਼ੋਰ ਮਹਿਸੂਸ ਕਰਦਾ ਸੀ। ਉਹ ਮੁਸ਼ਕਲਾਂ ਸਹਿ ਸਕਿਆ ਕਿਉਂਕਿ ਉਸ ਨੂੰ ਭਰੋਸਾ ਸੀ ਕਿ ਯਹੋਵਾਹ ਉਸ ਨੂੰ ਤਾਕਤ ਦੇਵੇਗਾ। (2 ਕੁਰਿੰ. 12:8-10; ਫ਼ਿਲਿ. 4:13) ਸਾਨੂੰ ਵੀ ਉਹੀ ਤਾਕਤ ਅਤੇ ਹਿੰਮਤ ਮਿਲ ਸਕਦੀ ਹੈ ਜੇ ਅਸੀਂ ਨਿਮਰਤਾ ਨਾਲ ਮੰਨੀਏ ਕਿ ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਹੈ।—ਯਾਕੂ. 4:10.

ਪਰਮੇਸ਼ੁਰ ਦੇ ਨੇੜੇ ਜਾਓ ਅਤੇ ਖ਼ੁਸ਼ੀ ਪਾਓ

20-21. ਅਸੀਂ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ?

20 ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡੇ ਉੱਤੇ ਆਉਂਦੀਆਂ ਅਜ਼ਮਾਇਸ਼ਾਂ ਜਾਂ ਪਰੀਖਿਆਵਾਂ ਯਹੋਵਾਹ ਵੱਲੋਂ ਸਜ਼ਾ ਨਹੀਂ ਹਨ। ਯਾਕੂਬ ਕਹਿੰਦਾ ਹੈ: “ਜਦੋਂ ਕਿਸੇ ਉੱਤੇ ਕੋਈ ਪਰੀਖਿਆ ਆਉਂਦੀ ਹੈ, ਤਾਂ ਉਹ ਇਹ ਨਾ ਕਹੇ: ‘ਪਰਮੇਸ਼ੁਰ ਮੇਰੀ ਪਰੀਖਿਆ ਲੈ ਰਿਹਾ ਹੈ।’ ਕਿਉਂਕਿ ਨਾ ਤਾਂ ਕੋਈ ਬੁਰੇ ਇਰਾਦੇ ਨਾਲ ਪਰਮੇਸ਼ੁਰ ਦੀ ਪਰੀਖਿਆ ਲੈ ਸਕਦਾ ਹੈ ਅਤੇ ਨਾ ਹੀ ਪਰਮੇਸ਼ੁਰ ਆਪ ਇਸ ਇਰਾਦੇ ਨਾਲ ਕਿਸੇ ਦੀ ਪਰੀਖਿਆ ਲੈਂਦਾ ਹੈ।” (ਯਾਕੂ. 1:13) ਜਦੋਂ ਅਸੀਂ ਇਸ ਗੱਲ ’ਤੇ ਪੱਕਾ ਭਰੋਸਾ ਰੱਖਦੇ ਹਾਂ, ਤਾਂ ਅਸੀਂ ਆਪਣੇ ਪਿਆਰੇ ਸਵਰਗੀ ਪਿਤਾ ਦੇ ਹੋਰ ਨੇੜੇ ਜਾਂਦੇ ਹਾਂ।—ਯਾਕੂ. 4:8.

21 ਯਹੋਵਾਹ “ਕਦੀ ਬਦਲਦਾ ਨਹੀਂ।” (ਯਾਕੂ. 1:17) ਉਸ ਨੇ ਅਜ਼ਮਾਇਸ਼ਾਂ ਦੌਰਾਨ ਪਹਿਲੀ ਸਦੀ ਦੇ ਮਸੀਹੀਆਂ ਦੀ ਮਦਦ ਕੀਤੀ ਸੀ ਅਤੇ ਉਹ ਅੱਜ ਸਾਡੀ ਵੀ ਮਦਦ ਕਰੇਗਾ। ਯਹੋਵਾਹ ਤੋਂ ਦਿਲੋਂ ਮਦਦ ਮੰਗੋ ਤਾਂਕਿ ਉਹ ਤੁਹਾਨੂੰ ਬੁੱਧ, ਨਿਹਚਾ ਅਤੇ ਹਿੰਮਤ ਦੇਵੇ। ਉਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜ਼ਰੂਰ ਜਵਾਬ ਦੇਵੇਗਾ। ਫਿਰ ਤੁਸੀਂ ਭਰੋਸਾ ਰੱਖ ਸਕੋਗੇ ਕਿ ਉਹ ਅਜ਼ਮਾਇਸ਼ਾਂ ਦੌਰਾਨ ਖ਼ੁਸ਼ੀ ਬਣਾਈ ਰੱਖਣ ਵਿਚ ਤੁਹਾਡੀ ਮਦਦ ਕਰੇਗਾ!

ਗੀਤ 24 ਇਨਾਮ ’ਤੇ ਨਜ਼ਰ ਰੱਖੋ!

^ ਪੈਰਾ 5 ਯਾਕੂਬ ਦੀ ਕਿਤਾਬ ਵਿਚ ਅਜ਼ਮਾਇਸ਼ਾਂ ਨੂੰ ਸਹਿਣ ਲਈ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਗਈਆਂ ਹਨ। ਇਸ ਲੇਖ ਵਿਚ ਅਸੀਂ ਇਨ੍ਹਾਂ ਕੁਝ ਸਲਾਹਾਂ ’ਤੇ ਗੌਰ ਕਰਾਂਗੇ। ਇਹ ਸਲਾਹਾਂ ਮੰਨ ਕੇ ਅਸੀਂ ਯਹੋਵਾਹ ਦੀ ਸੇਵਾ ਵਿਚ ਆਪਣੀ ਖ਼ੁਸ਼ੀ ਗੁਆਏ ਬਿਨਾਂ ਮੁਸ਼ਕਲਾਂ ਨੂੰ ਝੱਲ ਸਕਦੇ ਹਾਂ।

^ ਪੈਰਾ 59 ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਨੂੰ ਉਸ ਦੇ ਘਰ ਵਿਚ ਗਿਰਫ਼ਤਾਰ ਕੀਤਾ ਜਾ ਰਿਹਾ ਹੈ। ਪੁਲਿਸ ਉਸ ਭਰਾ ਨੂੰ ਲੈ ਕੇ ਜਾ ਰਹੀ ਹੈ ਅਤੇ ਉਸ ਦੀ ਪਤਨੀ ਅਤੇ ਕੁੜੀ ਉਸ ਵੱਲ ਦੇਖ ਰਹੀਆਂ ਹਨ। ਭਰਾ ਜੇਲ੍ਹ ਵਿਚ ਹੈ, ਪਰ ਮੰਡਲੀ ਦੇ ਭੈਣ-ਭਰਾ ਉਸ ਦੀ ਪਤਨੀ ਅਤੇ ਕੁੜੀ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰ ਰਹੇ ਹਨ। ਉਹ ਭੈਣ ਅਤੇ ਉਸ ਦੀ ਕੁੜੀ ਯਹੋਵਾਹ ਤੋਂ ਅਜ਼ਮਾਇਸ਼ਾਂ ਸਹਿਣ ਲਈ ਤਾਕਤ ਮੰਗ ਰਹੀਆਂ ਹਨ। ਯਹੋਵਾਹ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਤੇ ਹਿੰਮਤ ਦਿੰਦਾ ਹੈ ਜਿਸ ਕਰਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਉਹ ਖ਼ੁਸ਼ੀ-ਖ਼ੁਸ਼ੀ ਅਜ਼ਮਾਇਸ਼ਾਂ ਨੂੰ ਸਹਿ ਪਾਉਂਦੀਆਂ ਹਨ।