Skip to content

Skip to table of contents

ਅਧਿਐਨ ਲੇਖ 6

“ਹਰ ਤੀਵੀਂ ਦਾ ਸਿਰ ਆਦਮੀ ਹੈ”

“ਹਰ ਤੀਵੀਂ ਦਾ ਸਿਰ ਆਦਮੀ ਹੈ”

“ਹਰ ਤੀਵੀਂ ਦਾ ਸਿਰ ਆਦਮੀ ਹੈ।”—1 ਕੁਰਿੰ. 11:3.

ਗੀਤ 5 ਮਸੀਹ, ਸਾਡੀ ਮਿਸਾਲ

ਖ਼ਾਸ ਗੱਲਾਂ *

1. ਜੀਵਨ ਸਾਥੀ ਦੀ ਚੋਣ ਕਰਨ ਤੋਂ ਪਹਿਲਾਂ ਇਕ ਭੈਣ ਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

ਸਾਰੇ ਮਸੀਹੀ ਮੁਕੰਮਲ ਮੁਖੀ ਯਿਸੂ ਮਸੀਹ ਦੇ ਅਧੀਨ ਹਨ। ਪਰ ਜਦੋਂ ਇਕ ਮਸੀਹੀ ਔਰਤ ਦਾ ਵਿਆਹ ਹੁੰਦਾ ਹੈ, ਤਾਂ ਇਕ ਨਾਮੁਕੰਮਲ ਆਦਮੀ ਉਸ ਦਾ ਮੁਖੀ ਬਣ ਜਾਂਦਾ ਹੈ। ਇਸ ਕਰਕੇ ਉਸ ਲਈ ਅਧੀਨ ਰਹਿਣਾ ਔਖਾ ਹੋ ਸਕਦਾ ਹੈ। ਸੋ ਜੀਵਨ-ਸਾਥੀ ਦੀ ਚੋਣ ਕਰਦੇ ਵੇਲੇ ਉਹ ਆਪਣੇ ਆਪ ਨੂੰ ਪੁੱਛ ਸਕਦੀ ਹੈ: ‘ਕੀ ਇਹ ਭਰਾ ਵਧੀਆ ਮੁਖੀ ਬਣੇਗਾ? ਕੀ ਉਹ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੰਦਾ ਹੈ? ਜੇ ਨਹੀਂ, ਤਾਂ ਮੈਨੂੰ ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਉਹ ਵਿਆਹ ਤੋਂ ਬਾਅਦ ਚੰਗਾ ਮੁਖੀ ਬਣੇਗਾ?’ ਇਕ ਭੈਣ ਨੂੰ ਵੀ ਆਪਣੀ ਜਾਂਚ ਕਰਦਿਆਂ ਖ਼ੁਦ ਤੋਂ ਪੁੱਛਣਾ ਚਾਹੀਦਾ: ‘ਮੇਰੇ ਵਿਚ ਕਿਹੜੇ ਗੁਣ ਹਨ ਜਿਸ ਕਰਕੇ ਸਾਡੀ ਵਿਆਹੁਤਾ ਜ਼ਿੰਦਗੀ ਖ਼ੁਸ਼ਹਾਲ ਬਣੇਗੀ? ਕੀ ਮੇਰੇ ਵਿਚ ਧੀਰਜ ਅਤੇ ਖੁੱਲ੍ਹ-ਦਿਲੀ ਦਾ ਗੁਣ ਹੈ? ਕੀ ਯਹੋਵਾਹ ਨਾਲ ਮੇਰਾ ਰਿਸ਼ਤਾ ਗੂੜ੍ਹਾ ਹੈ?’ (ਉਪ. 4:9, 12) ਇਕ ਭੈਣ ਵਿਆਹ ਤੋਂ ਬਾਅਦ ਕਿੰਨੀ ਕੁ ਖੁਸ਼ ਰਹੇਗੀ, ਇਹ ਕੁਝ ਹੱਦ ਤਕ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਵਿਆਹ ਤੋਂ ਪਹਿਲਾਂ ਉਹ ਕਿਹੋ ਜਿਹੇ ਫ਼ੈਸਲੇ ਲੈਂਦੀ ਹੈ।

2. ਇਸ ਲੇਖ ਵਿਚ ਅਸੀਂ ਕਿੰਨਾ ਗੱਲਾਂ ’ਤੇ ਗੌਰ ਕਰਾਂਗੇ?

2 ਅੱਜ ਸਾਡੀਆਂ ਲੱਖਾਂ ਹੀ ਭੈਣਾਂ ਆਪਣੇ ਪਤੀਆਂ ਦੇ ਅਧੀਨ ਰਹਿ ਕੇ ਸਾਡੇ ਲਈ ਵਧੀਆ ਮਿਸਾਲ ਰੱਖ ਰਹੀਆਂ ਹਨ। ਸੱਚ-ਮੁੱਚ ਸਾਡੀਆਂ ਇਹ ਭੈਣਾਂ ਤਾਰੀਫ਼ ਦੇ ਕਾਬਲ ਹਨ। ਸਾਡੇ ਲਈ ਇਨ੍ਹਾਂ ਵਫ਼ਾਦਾਰ ਭੈਣਾਂ ਦੇ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨੀ ਕਿੰਨੀ ਹੀ ਖੁਸ਼ੀ ਦੀ ਗੱਲ ਹੈ! ਇਸ ਲੇਖ ਵਿਚ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ: (1) ਪਤਨੀਆਂ ਨੂੰ ਕਿਹੜੀਆਂ ਕੁਝ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ? (2) ਇਕ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ? (3) ਮਸੀਹੀ ਪਤੀ ਅਤੇ ਪਤਨੀ ਅਧੀਨ ਰਹਿਣ ਬਾਰੇ ਯਿਸੂ, ਅਬੀਗੈਲ ਅਤੇ ਯੂਸੁਫ਼ ਦੀ ਪਤਨੀ ਮਰੀਅਮ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?

ਪਤਨੀਆਂ ਨੂੰ ਕਿਹੜੀਆਂ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ?

3. ਸਾਰੇ ਮਸੀਹੀ ਜੋੜਿਆਂ ਨੂੰ ਮੁਸ਼ਕਲਾਂ ਕਿਉਂ ਝੱਲਣੀਆਂ ਪੈਂਦੀਆਂ ਹਨ?

3 ਵਿਆਹੁਤਾ ਬੰਧਨ ਪਰਮੇਸ਼ੁਰ ਵੱਲੋਂ ਇਕ ਬਹੁਤ ਹੀ ਵਧੀਆ ਤੋਹਫ਼ਾ ਹੈ, ਪਰ ਇਸ ਬੰਧਨ ਵਿਚ ਬੰਨੇ ਲੋਕ ਨਾਮੁਕੰਮਲ ਹਨ। (1 ਯੂਹੰ. 1:8) ਇਸ ਕਰਕੇ ਪਰਮੇਸ਼ੁਰ ਦੇ ਬਚਨ ਵਿਚ ਵਿਆਹੁਤਾ ਜੋੜਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ “ਉਨ੍ਹਾਂ ਨੂੰ ਜ਼ਿੰਦਗੀ ਵਿਚ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।” (1 ਕੁਰਿੰ. 7:28) ਆਓ ਕੁਝ ਮੁਸ਼ਕਲਾਂ ’ਤੇ ਗੌਰ ਕਰੀਏ ਜੋ ਸ਼ਾਇਦ ਇਕ ਪਤਨੀ ਨੂੰ ਝੱਲਣੀਆਂ ਪੈਂਦੀਆਂ ਹਨ।

4. ਇਕ ਪਤਨੀ ਲਈ ਸ਼ਾਇਦ ਆਪਣੇ ਪਤੀ ਦੇ ਅਧੀਨ ਰਹਿਣਾ ਨਿਰਾਦਰ ਦੀ ਗੱਲ ਕਿਉਂ ਹੋਵੇ?

4 ਇਕ ਪਤਨੀ ਸ਼ਾਇਦ ਆਪਣੀ ਪਰਵਰਿਸ਼ ਕਰਕੇ ਆਪਣੇ ਪਤੀ ਦੇ ਅਧੀਨ ਰਹਿਣ ਨੂੰ ਨਿਰਾਦਰ ਦੀ ਗੱਲ ਸਮਝੇ। ਅਮਰੀਕਾ ਵਿਚ ਰਹਿਣ ਵਾਲੀ ਮਾਰੀਸੋਲ ਨਾਂ ਦੀ ਭੈਣ ਦੱਸਦੀ ਹੈ: “ਛੋਟੇ ਹੁੰਦਿਆਂ ਤੋਂ ਹੀ ਅਸੀਂ ਇਹ ਗੱਲ ਬਾਰ-ਬਾਰ ਸੁਣਦੇ ਆਏ ਹਾਂ ਕਿ ਔਰਤਾਂ ਨੂੰ ਹਰ ਕੰਮ ਵਿਚ ਆਦਮੀਆਂ ਦੇ ਬਰਾਬਰ ਹੋਣ ਦੀ ਲੋੜ ਹੈ। ਮੈਂ ਜਾਣਦੀ ਹਾਂ ਕਿ ਯਹੋਵਾਹ ਨੇ ਪਤੀ ਨੂੰ ਮੁਖੀ ਬਣਾਇਆ ਹੈ ਅਤੇ ਪਤਨੀ ਨੂੰ ਉਸ ਦੇ ਅਧੀਨ ਰਹਿਣ ਲਈ ਕਿਹਾ ਹੈ, ਪਰ ਪਤਨੀ ਵੀ ਆਦਰ ਦੀ ਹੱਕਦਾਰ ਹੈ। ਫਿਰ ਵੀ ਆਪਣੀ ਪਰਵਰਿਸ਼ ਕਰਕੇ ਅਧੀਨ ਰਹਿਣ ਬਾਰੇ ਸਹੀ ਨਜ਼ਰੀਆ ਰੱਖਣਾ ਔਖਾ ਹੋ ਸਕਦਾ ਹੈ।”

5. ਕੁਝ ਆਦਮੀ ਔਰਤਾਂ ਬਾਰੇ ਕਿਹੜੀ ਗ਼ਲਤ ਸੋਚ ਰੱਖਦੇ ਹਨ?

5 ਦੂਜੇ ਪਾਸੇ, ਇਕ ਔਰਤ ਦਾ ਵਿਆਹ ਸ਼ਾਇਦ ਇਕ ਅਜਿਹੇ ਆਦਮੀ ਨਾਲ ਹੋਇਆ ਹੋਵੇ ਜੋ ਸੋਚਦਾ ਹੋਵੇ ਕਿ ਔਰਤਾਂ ਦਾ ਆਦਮੀਆਂ ਨਾਲੋਂ ਨੀਵਾਂ ਦਰਜਾ ਹੈ। ਦੱਖਣੀ ਅਮਰੀਕਾ ਵਿਚ ਰਹਿਣ ਵਾਲੀ ਇਵੋਨ ਨਾਂ ਦੀ ਭੈਣ ਦੱਸਦੀ ਹੈ: “ਸਾਡੇ ਸਮਾਜ ਵਿਚ ਆਦਮੀ ਪਹਿਲਾਂ ਖਾਣਾ ਖਾਂਦੇ ਹਨ ਅਤੇ ਔਰਤਾਂ ਬਾਅਦ ਵਿਚ। ਛੋਟੀਆਂ ਕੁੜੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਖਾਣਾ ਬਣਾਉਣ ਅਤੇ ਘਰ ਦੀ ਸਾਫ਼-ਸਫ਼ਾਈ ਕਰਨ। ਪਰ ਛੋਟੇ ਮੁੰਡਿਆਂ ਦੀ ਉਨ੍ਹਾਂ ਦੀ ਮੰਮੀ ਅਤੇ ਭੈਣਾਂ ਸੇਵਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਘਰ ਦੇ ਰਾਜੇ ਪੁੱਤ ਹਨ।” ਏਸ਼ੀਆ ਵਿਚ ਰਹਿਣ ਵਾਲੀ ਯਿੰਗਲਿੰਗ ਨਾਂ ਦੀ ਭੈਣ ਕਹਿੰਦੀ ਹੈ: “ਸਾਡੀ ਭਾਸ਼ਾ ਵਿਚ ਇਕ ਕਹਾਵਤ ਹੈ ਜਿਸ ਦਾ ਮਤਲਬ ਹੈ ਕਿ ਔਰਤਾਂ ਨੂੰ ਸਮਝਦਾਰ ਅਤੇ ਕਾਬਲ ਹੋਣ ਦੀ ਲੋੜ ਨਹੀਂ ਹੈ। ਪਤਨੀਆਂ ਨੇ ਘਰ ਦੇ ਸਾਰੇ ਕੰਮ ਕਰਨੇ ਹੁੰਦੇ ਹਨ, ਪਰ ਉਨ੍ਹਾਂ ਨੂੰ ਆਪਣੇ ਪਤੀਆਂ ਨੂੰ ਕਿਸੇ ਮਾਮਲੇ ਬਾਰੇ ਕੋਈ ਰਾਇ ਦੇਣ ਦੀ ਇਜਾਜ਼ਤ ਨਹੀਂ ਹੁੰਦੀ।” ਜਿਹੜਾ ਪਤੀ ਆਪਣੀ ਪਤਨੀ ਨੂੰ ਪਿਆਰ ਨਹੀਂ ਕਰਦਾ ਅਤੇ ਬਾਈਬਲ ਮੁਤਾਬਕ ਨਹੀਂ ਚੱਲਦਾ, ਉਹ ਆਪਣੀ ਪਤਨੀ ਦਾ ਜੀਉਣਾ ਔਖਾ ਕਰ ਦਿੰਦਾ ਹੈ, ਯਿਸੂ ਦੀ ਰੀਸ ਨਹੀਂ ਕਰ ਰਿਹਾ ਹੁੰਦਾ ਅਤੇ ਯਹੋਵਾਹ ਨੂੰ ਨਾਖ਼ੁਸ਼ ਕਰਦਾ ਹੈ।—ਅਫ਼. 5:28, 29; 1 ਪਤ. 3:7.

6. ਪਤਨੀਆਂ ਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਕੀ ਕਰਨ ਦੀ ਲੋੜ ਹੈ?

6 ਜਿਵੇਂ ਪਿਛਲੇ ਲੇਖ ਵਿਚ ਗੱਲ ਕੀਤੀ ਗਈ ਸੀ ਕਿ ਯਹੋਵਾਹ ਮਸੀਹੀ ਪਤੀਆਂ ਤੋਂ ਮੰਗ ਕਰਦਾ ਹੈ ਕਿ ਉਹ ਆਪਣੇ ਪਰਿਵਾਰ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰੇ, ਉਨ੍ਹਾਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖੇ ਅਤੇ ਭੌਤਿਕ ਲੋੜਾਂ ਪੂਰੀਆਂ ਕਰੇ। (1 ਤਿਮੋ. 5:8) ਪਰ ਵਿਆਹੀਆਂ ਭੈਣਾਂ ਨੂੰ ਹਰ ਰੋਜ਼ ਸਮਾਂ ਕੱਢ ਕੇ ਪਰਮੇਸ਼ੁਰ ਦਾ ਬਚਨ ਪੜ੍ਹਨਾ ਅਤੇ ਉਸ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਅਤੇ ਯਹੋਵਾਹ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨਾ ਔਖਾ ਹੋ ਸਕਦਾ ਹੈ। ਕੰਮਾਂ ਕਾਰਾਂ ਵਿਚ ਰੁੱਝੀਆਂ ਹੋਣ ਕਰਕੇ ਪਤਨੀਆਂ ਨੂੰ ਲੱਗ ਸਕਦਾ ਹੈ ਕਿ ਉਨ੍ਹਾਂ ਕੋਲ ਕਿਸੇ ਹੋਰ ਕੰਮ ਲਈ ਨਾ ਤਾਂ ਸਮਾਂ ਹੈ ਅਤੇ ਨਾ ਹੀ ਤਾਕਤ। ਪਰ ਉਨ੍ਹਾਂ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ। ਕਿਉਂ? ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਾਰੇ ਉਸ ਨਾਲ ਇਕ ਨਿੱਜੀ ਰਿਸ਼ਤਾ ਬਣਾਈਏ ਅਤੇ ਇਸ ਨੂੰ ਬਰਕਰਾਰ ਰੱਖੀਏ।—ਰਸੂ. 17:27.

7. ਕਿਹੜੀ ਗੱਲ ਕਰਕੇ ਇਕ ਪਤਨੀ ਲਈ ਅਧੀਨ ਰਹਿਣਾ ਸੌਖਾ ਹੋ ਸਕਦਾ ਹੈ?

7 ਅਸੀਂ ਸਮਝ ਸਕਦੇ ਹਾਂ ਕਿ ਇਕ ਪਤਨੀ ਨੂੰ ਆਪਣੇ ਨਾਮੁਕੰਮਲ ਪਤੀ ਦੇ ਅਧੀਨ ਰਹਿਣ ਲਈ ਸ਼ਾਇਦ ਸਖ਼ਤ ਮਿਹਨਤ ਕਰਨ ਦੀ ਲੋੜ ਪਵੇ। ਪਰ ਉਸ ਲਈ ਅਧੀਨ ਰਹਿਣਾ ਸੌਖਾ ਹੋ ਸਕਦਾ ਹੈ ਜੇ ਉਹ ਬਾਈਬਲ ਵਿਚ ਦਿੱਤੀ ਸਲਾਹ ਨੂੰ ਸਮਝੇ ਅਤੇ ਉਸ ਨੂੰ ਮੰਨੇ ਕਿ ਉਸ ਨੂੰ ਆਪਣੇ ਪਤੀ ਦਾ ਆਦਰ ਕਰਨ ਅਤੇ ਉਸ ਦੇ ਅਧੀਨ ਰਹਿਣ ਦੀ ਕਿਉਂ ਲੋੜ ਹੈ।

ਪਤਨੀ ਨੂੰ ਆਪਣੇ ਪਤੀ ਦੇ ਅਧੀਨ ਕਿਉਂ ਰਹਿਣਾ ਚਾਹੀਦਾ?

8. ਅਫ਼ਸੀਆਂ 5:22-24 ਮੁਤਾਬਕ ਮਸੀਹੀ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ?

8 ਮਸੀਹੀ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਰਹਿਣਾ ਚਾਹੀਦਾ ਹੈ ਕਿਉਂਕਿ ਯਹੋਵਾਹ ਉਸ ਤੋਂ ਇਹੀ ਚਾਹੁੰਦਾ ਹੈ। (ਅਫ਼ਸੀਆਂ 5:22-24 ਪੜ੍ਹੋ।) ਉਹ ਆਪਣੇ ਸਵਰਗੀ ਪਿਤਾ ’ਤੇ ਭਰੋਸਾ ਕਰਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ। ਨਾਲੇ ਪਤਨੀ ਨੂੰ ਇਹ ਵੀ ਪਤਾ ਹੈ ਕਿ ਪਰਮੇਸ਼ੁਰ ਉਸ ਨੂੰ ਕੋਈ ਵੀ ਅਜਿਹਾ ਕੰਮ ਕਰਨ ਲਈ ਨਹੀਂ ਕਹੇਗਾ ਜੋ ਉਸ ਦੇ ਭਲੇ ਲਈ ਨਾ ਹੋਵੇ।—ਬਿਵ. 6:24; 1 ਯੂਹੰ. 5:3.

9. ਜਦੋਂ ਇਕ ਪਤਨੀ ਆਪਣੇ ਪਤੀ ਦੇ ਅਧੀਨ ਰਹਿੰਦੀ ਹੈ, ਤਾਂ ਇਸ ਨਾਲ ਕੀ ਫ਼ਾਇਦਾ ਹੁੰਦਾ ਹੈ?

9 ਦੁਨੀਆਂ ਦੇ ਲੋਕ ਔਰਤਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਕਿ ਉਹ ਯਹੋਵਾਹ ਦੇ ਮਿਆਰਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਅਧੀਨ ਰਹਿਣ ਨੂੰ ਨਿਰਾਦਰ ਦੀ ਗੱਲ ਸਮਝਣ। ਦਰਅਸਲ, ਅਜਿਹੀ ਸੋਚ ਫੈਲਾਉਣ ਵਾਲੇ ਲੋਕ ਸਾਡੇ ਸਵਰਗੀ ਪਿਤਾ ਨੂੰ ਨਹੀਂ ਜਾਣਦੇ। ਯਹੋਵਾਹ ਆਪਣੀਆਂ ਪਿਆਰੀਆਂ ਧੀਆਂ ਨੂੰ ਕਦੇ ਵੀ ਕੋਈ ਅਜਿਹਾ ਕੰਮ ਕਰਨ ਲਈ ਨਹੀਂ ਕਹੇਗਾ ਜਿਸ ਨਾਲ ਉਨ੍ਹਾਂ ਦਾ ਨਿਰਾਦਰ ਹੋਵੇ। ਜੇ ਇਕ ਪਤਨੀ ਯਹੋਵਾਹ ਵੱਲੋਂ ਦਿੱਤੇ ਕੰਮ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਦੀ ਹੈ, ਤਾਂ ਉਹ ਆਪਣੇ ਘਰ ਵਿਚ ਸ਼ਾਂਤੀ ਭਰਿਆ ਮਾਹੌਲ ਬਣਾ ਕੇ ਰੱਖੇਗੀ। (ਜ਼ਬੂ. 119:165) ਇਸ ਨਾਲ ਪਤੀ, ਪਤਨੀ ਅਤੇ ਬੱਚਿਆਂ ਨੂੰ ਫ਼ਾਇਦਾ ਹੋਵੇਗਾ।

10. ਕੈਰਲ ਦੀਆਂ ਗੱਲਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

10 ਆਪਣੇ ਨਾਮੁਕੰਮਲ ਪਤੀ ਦੇ ਅਧੀਨ ਰਹਿਣ ਵਾਲੀ ਪਤਨੀ ਦਿਖਾਉਂਦੀ ਹੈ ਕਿ ਉਹ ਯਹੋਵਾਹ ਨੂੰ ਪਿਆਰ ਅਤੇ ਉਸ ਦਾ ਆਦਰ ਕਰਦੀ ਹੈ ਕਿ ਉਸ ਨੇ ਮੁਖੀ ਦਾ ਪ੍ਰਬੰਧ ਕੀਤਾ ਹੈ। ਦੱਖਣੀ ਅਮਰੀਕਾ ਵਿਚ ਰਹਿਣ ਵਾਲੀ ਕੈਰਲ ਨਾਂ ਦੀ ਭੈਣ ਕਹਿੰਦੀ ਹੈ: “ਮੈਂ ਜਾਣਦੀ ਹਾਂ ਕਿ ਮੇਰੇ ਪਤੀ ਤੋਂ ਵੀ ਗ਼ਲਤੀਆਂ ਹੋਣਗੀਆਂ। ਮੈਂ ਇਹ ਵੀ ਜਾਣਦੀ ਹਾਂ ਕਿ ਮੇਰੇ ਪਤੀ ਵੱਲੋਂ ਗ਼ਲਤੀਆਂ ਹੋਣ ’ਤੇ ਜਿਸ ਤਰੀਕੇ ਨਾਲ ਮੈਂ ਪੇਸ਼ ਆਉਂਦੀ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਮੈਂ ਯਹੋਵਾਹ ਨਾਲ ਆਪਣੀ ਦੋਸਤੀ ਦੀ ਕਿੰਨੀ ਕੁ ਕਦਰ ਕਰਦੀ ਹਾਂ। ਇਸ ਲਈ ਮੈਂ ਆਪਣੇ ਪਤੀ ਦੇ ਅਧੀਨ ਰਹਿਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ ਕਿਉਂਕਿ ਮੈਂ ਆਪਣੇ ਸਵਰਗੀ ਪਿਤਾ ਨੂੰ ਖ਼ੁਸ਼ ਕਰਨਾ ਚਾਹੁੰਦੀ ਹਾਂ।”

11. (ੳ) ਕਿਹੜੀ ਗੱਲ ਕਰਕੇ ਭੈਣ ਅਨੀਸ ਆਪਣੇ ਪਤੀ ਨੂੰ ਮਾਫ਼ ਕਰ ਪਾਉਂਦੀ ਹੈ? (ਅ) ਅਸੀਂ ਇਸ ਭੈਣ ਤੋਂ ਕੀ ਸਿੱਖ ਸਕਦੇ ਹਾਂ?

11 ਇਕ ਪਤਨੀ ਲਈ ਆਪਣੇ ਪਤੀ ਦਾ ਆਦਰ ਕਰਨਾ ਅਤੇ ਉਸ ਦੇ ਅਧੀਨ ਰਹਿਣਾ ਔਖਾ ਹੋ ਸਕਦਾ ਹੈ ਜੇ ਉਸ ਨੂੰ ਲੱਗੇ ਕਿ ਪਤੀ ਨੂੰ ਉਸ ਦੀਆਂ ਭਾਵਨਾਵਾਂ ਅਤੇ ਚਿੰਤਾਵਾਂ ਦੀ ਕੋਈ ਪਰਵਾਹ ਨਹੀਂ ਹੈ। ਪਰ ਜ਼ਰਾ ਗੌਰ ਕਰੋ ਕਿ ਅਨੀਸ ਨਾਂ ਦੀ ਵਿਆਹੀ ਭੈਣ ਉਦੋਂ ਕੀ ਕਰਦੀ ਹੈ ਜਦੋਂ ਉਸ ਨਾਲ ਇੱਦਾਂ ਹੁੰਦਾ ਹੈ। ਉਹ ਕਹਿੰਦੀ ਹੈ: “ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਨਾਰਾਜ਼ਗੀ ਨਾ ਪਾਲ਼ਾਂ। ਮੈਂ ਯਾਦ ਰੱਖਦੀ ਹਾਂ ਕਿ ਅਸੀਂ ਸਾਰੇ ਹੀ ਗ਼ਲਤੀਆਂ ਕਰਦੇ ਹਾਂ। ਮੈਂ ਯਹੋਵਾਹ ਵਾਂਗ ਦਿਲੋਂ ਮਾਫ਼ ਕਰਨ ਦਾ ਟੀਚਾ ਰੱਖਿਆ ਹੈ। ਜਦੋਂ ਮੈਂ ਮਾਫ਼ ਕਰ ਦਿੰਦੀ ਹਾਂ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ।” (ਜ਼ਬੂ. 86:5) ਜਿਹੜੀ ਪਤਨੀ ਮਾਫ਼ ਕਰਦੀ ਹੈ, ਉਸ ਲਈ ਆਪਣੇ ਪਤੀ ਦੇ ਅਧੀਨ ਰਹਿਣਾ ਜ਼ਿਆਦਾ ਸੌਖਾ ਹੁੰਦਾ ਹੈ।

ਬਾਈਬਲ ਵਿਚ ਦਰਜ ਮਿਸਾਲਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

12. ਬਾਈਬਲ ਵਿਚ ਕਿਹੋ-ਜਿਹੀਆਂ ਮਿਸਾਲਾਂ ਦਰਜ ਹਨ?

12 ਕੁਝ ਲੋਕਾਂ ਨੂੰ ਸ਼ਾਇਦ ਲੱਗਦਾ ਹੈ ਕਿ ਅਧੀਨ ਰਹਿਣ ਵਾਲਾ ਵਿਅਕਤੀ ਡਰਪੋਕ ਹੁੰਦਾ ਹੈ। ਪਰ ਇਹ ਸੱਚ ਨਹੀਂ ਹੈ। ਬਾਈਬਲ ਵਿਚ ਅਜਿਹੇ ਕਈ ਵਿਅਕਤੀਆਂ ਦੀਆਂ ਮਿਸਾਲਾਂ ਦਰਜ ਹਨ ਜੋ ਅਧੀਨ ਹੋਣ ਦੇ ਨਾਲ-ਨਾਲ ਦਲੇਰ ਵੀ ਸਨ। ਆਓ ਦੇਖੀਏ ਕਿ ਅਸੀਂ ਯਿਸੂ, ਅਬੀਗੈਲ ਅਤੇ ਮਰੀਅਮ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।

13. ਯਿਸੂ, ਯਹੋਵਾਹ ਦੇ ਅਧੀਨ ਕਿਉਂ ਹੈ? ਸਮਝਾਓ।

13 ਯਿਸੂ, ਯਹੋਵਾਹ ਦੇ ਅਧੀਨ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸ ਵਿਚ ਬੁੱਧ ਜਾਂ ਕਾਬਲੀਅਤ ਦੀ ਕਮੀ ਹੈ। ਉਹ ਬਹੁਤ ਬੁੱਧੀਮਾਨ ਹੈ। ਇਸ ਲਈ ਉਹ ਸੌਖੇ ਅਤੇ ਸਾਫ਼ ਢੰਗ ਨਾਲ ਸਿਖਾ ਸਕਿਆ। (ਯੂਹੰ. 7:45, 46) ਯਹੋਵਾਹ ਯਿਸੂ ਦੀ ਕਾਬਲੀਅਤ ਦੀ ਬਹੁਤ ਕਦਰ ਕਰਦਾ ਸੀ। ਇਸ ਲਈ ਸ੍ਰਿਸ਼ਟੀ ਦੀ ਰਚਨਾ ਵੇਲੇ ਉਸ ਨੇ ਯਿਸੂ ਨੂੰ ਹੱਥ ਵਟਾਉਣ ਲਈ ਕਿਹਾ। (ਕਹਾ. 8:30; ਇਬ. 1:2-4) ਨਾਲੇ ਯਿਸੂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਤੋਂ ਬਾਅਦ ਯਹੋਵਾਹ ਨੇ ਉਸ ਨੂੰ “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ” ਦਿੱਤਾ ਹੈ। (ਮੱਤੀ 28:18) ਭਾਵੇਂ ਯਿਸੂ ਬਹੁਤ ਹੁਨਰਮੰਦ ਹੈ, ਫਿਰ ਵੀ ਉਹ ਯਹੋਵਾਹ ਤੋਂ ਸਲਾਹ ਲੈਂਦਾ ਹੈ। ਕਿਉਂ? ਕਿਉਂਕਿ ਉਹ ਆਪਣੇ ਪਿਤਾ ਨੂੰ ਪਿਆਰ ਕਰਦਾ ਹੈ।—ਯੂਹੰ. 14:31.

14. ਪਤੀ ਕੀ ਸਿੱਖ ਸਕਦੇ ਹਨ: (ੳ) ਔਰਤਾਂ ਬਾਰੇ ਯਹੋਵਾਹ ਦੇ ਨਜ਼ਰੀਏ ਤੋਂ? (ਅ) ਕਹਾਉਤਾਂ 31 ਵਿਚ ਦਰਜ ਗੱਲਾਂ ਤੋਂ?

14 ਪਤੀ ਕੀ ਸਿੱਖ ਸਕਦੇ ਹਨ? ਯਹੋਵਾਹ ਨੇ ਪਤਨੀ ਨੂੰ ਪਤੀ ਦੇ ਅਧੀਨ ਇਸ ਲਈ ਨਹੀਂ ਕੀਤਾ ਕਿਉਂਕਿ ਉਸ ਦੀਆਂ ਨਜ਼ਰਾਂ ਵਿਚ ਔਰਤਾਂ ਦਾ ਦਰਜਾ ਆਦਮੀਆਂ ਤੋਂ ਘੱਟ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਆਦਮੀ ਅਤੇ ਔਰਤ ਬਰਾਬਰ ਹਨ। ਇਸ ਗੱਲ ਦਾ ਸਬੂਤ ਇਸ ਤੋਂ ਮਿਲਦਾ ਹੈ ਕਿ ਉਸ ਨੇ ਆਦਮੀਆਂ ਦੇ ਨਾਲ-ਨਾਲ ਔਰਤਾਂ ਨੂੰ ਵੀ ਯਿਸੂ ਨਾਲ ਰਾਜ ਕਰਨ ਲਈ ਚੁਣਿਆ ਹੈ। (ਗਲਾ. 3:26-29) ਯਹੋਵਾਹ ਨੇ ਆਪਣੇ ਪੁੱਤਰ ਨੂੰ ਅਧਿਕਾਰ ਦੇ ਕੇ ਦਿਖਾਇਆ ਹੈ ਕਿ ਉਹ ਉਸ ’ਤੇ ਭਰੋਸਾ ਕਰਦਾ ਹੈ। ਇਸੇ ਤਰ੍ਹਾਂ ਇਕ ਸਮਝਦਾਰ ਪਤੀ ਆਪਣੀ ਪਤਨੀ ਨੂੰ ਕੁਝ ਹੱਦ ਤਕ ਅਧਿਕਾਰ ਦੇ ਕੇ ਦਿਖਾਉਂਦਾ ਹੈ ਕਿ ਉਹ ਉਸ ’ਤੇ ਭਰੋਸਾ ਕਰਦਾ ਹੈ। ਬਾਈਬਲ ਇਕ ਕਾਬਲ ਪਤਨੀ ਬਾਰੇ ਦੱਸਦੀ ਹੈ ਕਿ ਉਹ ਘਰ ਦਾ ਚੰਗਾ ਪ੍ਰਬੰਧ ਕਰਦੀ ਹੈ, ਜ਼ਮੀਨ ਖ਼ਰੀਦਦੀ ਤੇ ਵੇਚਦੀ ਹੈ ਅਤੇ ਮੁਨਾਫ਼ੇ ਵਾਲਾ ਵਪਾਰ ਕਰਦੀ ਹੈ। (ਕਹਾਉਤਾਂ 31:15, 16, 18 ਪੜ੍ਹੋ।) ਪਤੀ ਨੂੰ ਸਮਝਣਾ ਚਾਹੀਦਾ ਹੈ ਕਿ ਪਤਨੀ ਨੌਕਰ ਨਹੀਂ ਹੈ ਜਿਸ ਨੂੰ ਆਪਣੀ ਰਾਇ ਦੱਸਣ ਦਾ ਕੋਈ ਹੱਕ ਨਹੀਂ ਹੈ। ਉਹ ਉਸ ’ਤੇ ਭਰੋਸਾ ਕਰੇਗਾ ਅਤੇ ਉਸ ਦੀ ਰਾਇ ਲਵੇਗਾ। (ਕਹਾਉਤਾਂ 31:11, 26, 27 ਪੜ੍ਹੋ।) ਜਦੋਂ ਇਕ ਪਤੀ ਆਪਣੀ ਪਤਨੀ ਦਾ ਇਸ ਤਰੀਕੇ ਨਾਲ ਆਦਰ ਕਰਦਾ ਹੈ, ਤਾਂ ਪਤਨੀ ਖ਼ੁਸ਼ੀ-ਖ਼ੁਸ਼ੀ ਉਸ ਦੇ ਅਧੀਨ ਰਹੇਗੀ।

ਯਿਸੂ ਬਹੁਤ ਕਾਬਲ ਹੈ, ਪਰ ਫਿਰ ਵੀ ਉਹ ਯਹੋਵਾਹ ਦੇ ਅਧੀਨ ਰਹਿੰਦਾ ਹੈ। ਇਸ ਤੋਂ ਪਤਨੀਆਂ ਕੀ ਸਿੱਖ ਸਕਦੀਆਂ ਹਨ? (ਪੈਰਾ 15 ਦੇਖੋ)

15. ਪਤਨੀਆਂ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ?

15 ਪਤਨੀਆਂ ਕੀ ਸਿੱਖ ਸਕਦੀਆਂ ਹਨ? ਭਾਵੇਂ ਯਿਸੂ ਨੇ ਬਹੁਤ ਵੱਡੇ-ਵੱਡੇ ਕੰਮ ਕੀਤੇ ਸਨ, ਫਿਰ ਵੀ ਉਸ ਨੇ ਯਹੋਵਾਹ ਦੇ ਅਧੀਨ ਰਹਿਣ ਨੂੰ ਬੇਇੱਜ਼ਤੀ ਦੀ ਗੱਲ ਨਹੀਂ ਸਮਝੀ। (1 ਕੁਰਿੰ. 15:28; ਫ਼ਿਲਿ. 2:5, 6) ਇਸੇ ਤਰ੍ਹਾਂ ਇਕ ਕਾਬਲ ਪਤਨੀ ਜੋ ਯਿਸੂ ਦੀ ਮਿਸਾਲ ’ਤੇ ਚੱਲਦੀ ਹੈ, ਉਹ ਆਪਣੇ ਪਤੀ ਦੇ ਅਧੀਨ ਰਹਿਣ ਨੂੰ ਬੇਇੱਜ਼ਤੀ ਦੀ ਗੱਲ ਨਹੀਂ ਸਮਝੇਗੀ। ਉਹ ਆਪਣੇ ਪਤੀ ਦਾ ਸਾਥ ਸਿਰਫ਼ ਇਸ ਲਈ ਨਹੀਂ ਦੇਵੇਗੀ ਕਿਉਂਕਿ ਉਹ ਉਸ ਨੂੰ ਪਿਆਰ ਕਰਦੀ ਹੈ, ਸਗੋਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਉਹ ਯਹੋਵਾਹ ਨੂੰ ਪਿਆਰ ਅਤੇ ਉਸ ਦਾ ਆਦਰ ਕਰਦੀ ਹੈ।

ਦਾਊਦ ਅਤੇ ਉਸ ਦੇ ਆਦਮੀਆਂ ਨੂੰ ਖਾਣਾ ਦੇਣ ਤੋਂ ਬਾਅਦ ਅਬੀਗੈਲ ਦਾਊਦ ਵੱਲ ਜਾਂਦੀ ਹੋਈ। ਉਹ ਦਾਊਦ ਅੱਗੇ ਗੋਡਿਆਂ ਭਾਰ ਬੈਠ ਕੇ ਬੇਨਤੀ ਕਰ ਰਹੀ ਹੈ ਕਿ ਉਹ ਬਦਲਾ ਲੈ ਕੇ ਖ਼ੂਨ ਦਾ ਦੋਸ਼ੀ ਨਾ ਬਣੇ (ਪੈਰਾ 16 ਦੇਖੋ)

16. ਪਹਿਲਾ ਸਮੂਏਲ 25:3, 23-28 ਮੁਤਾਬਕ ਅਬੀਗੈਲ ਨੂੰ ਕਿਹੜੀਆਂ ਮੁਸ਼ਕਲਾਂ ਸਹਿਣੀਆਂ ਪਈਆਂ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

16 ਅਬੀਗੈਲ ਦੇ ਪਤੀ ਦਾ ਨਾਂ ਨਾਬਾਲ ਸੀ। ਉਹ ਸੁਆਰਥੀ, ਘਮੰਡੀ ਅਤੇ ਨਾਸ਼ੁਕਰਾ ਆਦਮੀ ਸੀ। ਇਕ ਵਾਰ ਦਾਊਦ ਅਤੇ ਉਸ ਦੇ ਆਦਮੀ ਨਾਬਾਲ ਨੂੰ ਮਾਰਨ ਆ ਰਹੇ ਸਨ। ਉਸ ਵੇਲੇ ਜੇ ਅਬੀਗੈਲ ਚਾਹੁੰਦੀ, ਤਾਂ ਉਹ ਆਪਣੇ ਵਿਆਹ ਦੇ ਬੰਧਨ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੀ ਸੀ। ਪਰ ਉਸ ਨੇ ਨਾਬਾਲ ਅਤੇ ਉਸ ਦੇ ਵੱਡੇ ਘਰਾਣੇ ਨੂੰ ਬਚਾਉਣ ਲਈ ਕਦਮ ਚੁੱਕੇ। ਜ਼ਰਾ ਕਲਪਨਾ ਕਰੋ ਕਿ ਅਬੀਗੈਲ ਸਾਮ੍ਹਣੇ 400 ਹਥਿਆਰਬੰਦ ਆਦਮੀ ਖੜ੍ਹੇ ਹਨ ਅਤੇ ਉਸ ਨੇ ਪੂਰੇ ਆਦਰ ਨਾਲ ਇਸ ਮਾਮਲੇ ਬਾਰੇ ਦਾਊਦ ਨਾਲ ਗੱਲ ਕਰਨੀ ਹੈ। ਇਹ ਕੰਮ ਕਰਨ ਲਈ ਉਸ ਨੂੰ ਕਿੰਨੀ ਦਲੇਰੀ ਦਿਖਾਉਣੀ ਪਈ! (1 ਸਮੂਏਲ 25:3, 23-28 ਪੜ੍ਹੋ।) ਇੱਥੋਂ ਤਕ ਕਿ ਉਹ ਆਪਣੇ ਪਤੀ ਦੀ ਗ਼ਲਤੀ ਦਾ ਦੋਸ਼ ਵੀ ਆਪਣੇ ਸਿਰ ਲੈਣ ਲਈ ਤਿਆਰ ਸੀ। ਦਾਊਦ ਇਹ ਜਾਣ ਗਿਆ ਸੀ ਕਿ ਯਹੋਵਾਹ ਨੇ ਹੀ ਇਸ ਦਲੇਰ ਔਰਤ ਨੂੰ ਵਰਤ ਕੇ ਉਸ ਨੂੰ ਇਕ ਵੱਡੀ ਗ਼ਲਤੀ ਕਰਨ ਤੋਂ ਰੋਕਿਆ ਹੈ।

17. ਪਤੀ ਦਾਊਦ ਅਤੇ ਅਬੀਗੈਲ ਦੇ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਨ?

17 ਪਤੀ ਕੀ ਸਿੱਖ ਸਕਦੇ ਹਨ? ਅਬੀਗੈਲ ਇਕ ਬੁੱਧੀਮਾਨ ਔਰਤ ਸੀ। ਉਸ ਦੀ ਸਲਾਹ ਮੰਨ ਕੇ ਦਾਊਦ ਨੇ ਸਮਝਦਾਰੀ ਦਿਖਾਈ। ਨਤੀਜੇ ਵਜੋਂ, ਉਹ ਖ਼ੂਨ ਦਾ ਦੋਸ਼ੀ ਬਣਨ ਤੋਂ ਬਚਿਆ। ਇਕ ਸਮਝਦਾਰ ਪਤੀ ਵੀ ਅਹਿਮ ਫ਼ੈਸਲੇ ਲੈਣ ਤੋਂ ਪਹਿਲਾਂ ਆਪਣੀ ਪਤਨੀ ਦੀ ਸਲਾਹ ਵੱਲ ਧਿਆਨ ਦੇਵੇਗਾ। ਹੋ ਸਕਦਾ ਹੈ ਕਿ ਪਤਨੀ ਦੀ ਸਲਾਹ ਮੰਨ ਕੇ ਪਤੀ ਅਜਿਹੇ ਫ਼ੈਸਲਾ ਕਰਨ ਤੋਂ ਬਚੇ ਜੋ ਸਹੀ ਨਾ ਹੋਣ।

18. ਪਤਨੀਆਂ ਅਬੀਗੈਲ ਦੀ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ?

18 ਪਤਨੀਆਂ ਕੀ ਸਿੱਖ ਸਕਦੀਆਂ ਹਨ? ਯਹੋਵਾਹ ਨੂੰ ਪਿਆਰ ਅਤੇ ਉਸ ਦਾ ਆਦਰ ਕਰਨ ਵਾਲੀ ਪਤਨੀ ਦਾ ਉਸ ਦੇ ਪਰਿਵਾਰ ’ਤੇ ਚੰਗਾ ਅਸਰ ਪੈ ਸਕਦਾ ਹੈ, ਭਾਵੇਂ ਕਿ ਉਸ ਦਾ ਪਤੀ ਯਹੋਵਾਹ ਦੀ ਸੇਵਾ ਨਾ ਵੀ ਕਰਦਾ ਹੋਵੇ ਜਾਂ ਉਸ ਦੇ ਅਸੂਲਾਂ ਮੁਤਾਬਕ ਨਾ ਚੱਲਦਾ ਹੋਵੇ। ਪਤਨੀ ਪਰਮੇਸ਼ੁਰ ਦੇ ਅਸੂਲਾਂ ਖ਼ਿਲਾਫ਼ ਜਾ ਕੇ ਆਪਣੇ ਵਿਆਹ ਨੂੰ ਤੋੜਨ ਦਾ ਬਹਾਨਾ ਨਹੀਂ ਲੱਭੇਗੀ। ਇਸ ਦੀ ਬਜਾਇ, ਉਹ ਆਪਣੇ ਪਤੀ ਦਾ ਆਦਰ ਕਰੇਗੀ ਅਤੇ ਉਸ ਦੇ ਅਧੀਨ ਰਹੇਗੀ। ਹੋ ਸਕਦਾ ਹੈ ਕਿ ਉਸ ਦਾ ਚੰਗਾ ਚਾਲ-ਚਲਣ ਦੇਖ ਕੇ ਪਤੀ ਯਹੋਵਾਹ ਬਾਰੇ ਸਿੱਖਣਾ ਚਾਹੇ। (1 ਪਤ. 3:1, 2) ਪਰ ਜੇ ਪਤੀ ਇੱਦਾਂ ਨਾ ਵੀ ਕਰੇ, ਤਾਂ ਵੀ ਯਹੋਵਾਹ ਪਤਨੀ ਦੀ ਵਫ਼ਾਦਾਰੀ ਦੀ ਕਦਰ ਕਰਦਾ ਹੈ ਜੋ ਉਹ ਆਪਣੇ ਪਤੀ ਦੇ ਅਧੀਨ ਰਹਿ ਕੇ ਦਿਖਾਉਂਦੀ ਹੈ।

19. ਕਿਨ੍ਹਾਂ ਕੁਝ ਹਾਲਾਤਾਂ ਵਿਚ ਇਕ ਪਤਨੀ ਆਪਣੇ ਪਤੀ ਦਾ ਸਾਥ ਨਹੀਂ ਦੇਵੇਗੀ?

19 ਇਕ ਪਤਨੀ ਉਦੋਂ ਆਪਣੇ ਪਤੀ ਦਾ ਸਾਥ ਨਹੀਂ ਦੇਵੇਗੀ, ਜਦੋਂ ਉਹ ਉਸ ਨੂੰ ਬਾਈਬਲ ਦਾ ਕੋਈ ਕਾਨੂੰਨ ਜਾਂ ਅਸੂਲ ਤੋੜਨ ਲਈ ਕਹਿੰਦਾ ਹੈ। ਮਿਸਾਲ ਲਈ, ਮੰਨ ਲਓ ਕਿ ਇਕ ਭੈਣ ਦਾ ਅਵਿਸ਼ਵਾਸੀ ਪਤੀ ਉਸ ਨੂੰ ਝੂਠ ਬੋਲਣ, ਚੋਰੀ ਕਰਨ ਜਾਂ ਕੋਈ ਅਜਿਹਾ ਕੰਮ ਕਰਨ ਲਈ ਕਹਿੰਦਾ ਹੈ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹੋਵੇ। ਇਨ੍ਹਾਂ ਹਾਲਾਤਾਂ ਵਿਚ ਇਹ ਭੈਣ ਆਪਣੇ ਪਤੀ ਦੀ ਗੱਲ ਨਹੀਂ ਮੰਨੇਗੀ ਕਿਉਂਕਿ ਉਸ ਨੂੰ ਸਭ ਤੋਂ ਪਹਿਲਾਂ ਯਹੋਵਾਹ ਦੀ ਗੱਲ ਮੰਨਣੀ ਚਾਹੀਦੀ ਹੈ। ਇਹ ਗੱਲ ਸਾਰੇ ਮਸੀਹੀਆਂ ’ਤੇ ਲਾਗੂ ਹੁੰਦੀ ਹੈ, ਵਿਆਹੀਆਂ ਭੈਣਾਂ ’ਤੇ ਵੀ। ਜੇ ਇਕ ਭੈਣ ਨੂੰ ਬਾਈਬਲ ਦੇ ਅਸੂਲਾਂ ਖ਼ਿਲਾਫ਼ ਜਾਣ ਲਈ ਕਿਹਾ ਜਾਂਦਾ ਹੈ, ਤਾਂ ਉਹ ਪਿਆਰ ਨਾਲ ਪਰ ਸਾਫ਼-ਸਾਫ਼ ਸਮਝਾਏਗੀ ਕਿ ਉਹ ਇਹ ਕੰਮ ਕਿਉਂ ਨਹੀਂ ਕਰ ਸਕਦੀ।—ਰਸੂ. 5:29.

ਪੈਰਾ 20 ਦੇਖੋ *

20. ਅਸੀਂ ਕਿਵੇਂ ਜਾਣਦੇ ਹਾਂ ਕਿ ਮਰੀਅਮ ਦਾ ਯਹੋਵਾਹ ਨਾਲ ਕਰੀਬੀ ਰਿਸ਼ਤਾ ਸੀ?

20 ਮਰੀਅਮ ਦਾ ਯਹੋਵਾਹ ਨਾਲ ਇਕ ਬਹੁਤ ਹੀ ਕਰੀਬੀ ਰਿਸ਼ਤਾ ਸੀ। ਜ਼ਾਹਰ ਹੈ ਕਿ ਉਹ ਧਰਮ-ਗ੍ਰੰਥ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮਾਂ ਇਲੀਸਬਤ ਨਾਲ ਗੱਲ ਕਰਦੇ ਵੇਲੇ ਮਰੀਅਮ ਨੇ ਇਬਰਾਨੀ ਲਿਖਤਾਂ ਵਿੱਚੋਂ 20 ਤੋਂ ਵੀ ਜ਼ਿਆਦਾ ਹਵਾਲੇ ਦਿੱਤੇ ਸਨ। (ਲੂਕਾ 1:46-55) ਨਾਲੇ ਜ਼ਰਾ ਇਸ ਗੱਲ ’ਤੇ ਗੌਰ ਕਰੋ: ਭਾਵੇਂ ਮਰੀਅਮ ਦੀ ਮੰਗਣੀ ਯੂਸੁਫ਼ ਨਾਲ ਹੋ ਚੁੱਕੀ ਸੀ, ਪਰ ਯਹੋਵਾਹ ਦਾ ਦੂਤ ਪਹਿਲਾਂ ਯੂਸੁਫ਼ ਨੂੰ ਨਹੀਂ, ਸਗੋਂ ਮਰੀਅਮ ਨੂੰ ਮਿਲਣ ਗਿਆ। ਦੂਤ ਨੇ ਮਰੀਅਮ ਨੂੰ ਦੱਸਿਆ ਕਿ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਜਨਮ ਦੇਵੇਗੀ। (ਲੂਕਾ 1:26-33) ਯਹੋਵਾਹ ਮਰੀਅਮ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਨੂੰ ਪੂਰਾ ਭਰੋਸਾ ਸੀ ਕਿ ਉਹ ਉਸ ਦੇ ਪੁੱਤਰ ਨੂੰ ਪਿਆਰ ਕਰੇਗੀ ਅਤੇ ਉਸ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਰੀਅਮ ਨੇ ਯਿਸੂ ਦੀ ਮੌਤ ਤੋਂ ਬਾਅਦ ਅਤੇ ਉਸ ਦੇ ਸਵਰਗ ਜਾਣ ਤੋਂ ਬਾਅਦ ਵੀ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਬਣਾਈ ਰੱਖਿਆ।—ਰਸੂ. 1:14.

21. ਪਤੀ ਮਰੀਅਮ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?

21 ਪਤੀ ਕੀ ਸਿੱਖ ਸਕਦੇ ਹਨ? ਇਕ ਸਮਝਦਾਰ ਪਤੀ ਖ਼ੁਸ਼ ਹੁੰਦਾ ਹੈ ਜਦੋਂ ਉਸ ਦੀ ਪਤਨੀ ਪਰਮੇਸ਼ੁਰ ਦੇ ਬਚਨ ਤੋਂ ਚੰਗੀ ਤਰ੍ਹਾਂ ਵਾਕਫ਼ ਹੁੰਦੀ ਹੈ। ਉਸ ਨੂੰ ਇਸ ਗੱਲ ਦਾ ਡਰ ਨਹੀਂ ਹੁੰਦਾ ਕਿ ਪਤਨੀ ਉਸ ਦੀ ਜਗ੍ਹਾ ਮੁਖੀ ਬਣਨਾ ਚਾਹੁੰਦੀ ਹੈ। ਉਹ ਸਮਝਦਾ ਹੈ ਕਿ ਜੇ ਪਤਨੀ ਬਾਈਬਲ ਅਤੇ ਇਸ ਦੇ ਅਸੂਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੈ, ਤਾਂ ਇਹ ਉਸ ਦੇ ਪਰਿਵਾਰ ਲਈ ਬਰਕਤ ਹੈ। ਭਾਵੇਂ ਪਤਨੀ ਪਤੀ ਨਾਲੋਂ ਜ਼ਿਆਦਾ ਪੜ੍ਹੀ-ਲਿਖੀ ਹੋਵੇ, ਫਿਰ ਵੀ ਇਹ ਪਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਪਰਿਵਾਰਕ ਸਟੱਡੀ ਅਤੇ ਸੇਵਾ ਦੇ ਹੋਰ ਕੰਮਾਂ ਵਿਚ ਅਗਵਾਈ ਲਵੇ।—ਅਫ਼. 6:4.

ਨਿੱਜੀ ਅਧਿਐਨ ਅਤੇ ਸੋਚ-ਵਿਚਾਰ ਕਰਨ ਬਾਰੇ ਪਤਨੀਆਂ ਯਿਸੂ ਦੀ ਮਾਂ ਮਰੀਅਮ ਤੋਂ ਕੀ ਸਿੱਖ ਸਕਦੀਆਂ ਹਨ? (ਪੈਰਾ 22 ਦੇਖੋ) *

22. ਪਤਨੀਆਂ ਮਰੀਅਮ ਦੀ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ?

22 ਪਤਨੀਆਂ ਕੀ ਸਿੱਖ ਸਕਦੀਆਂ ਹਨ? ਪਤਨੀ ਨੂੰ ਪਤੀ ਦੇ ਅਧੀਨ ਰਹਿਣਾ ਚਾਹੀਦਾ ਹੈ, ਪਰ ਆਪਣੀ ਨਿਹਚਾ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਉਸ ਦੀ ਆਪਣੀ ਹੈ। (ਗਲਾ. 6:5) ਉਸ ਨੂੰ ਨਿੱਜੀ ਅਧਿਐਨ ਅਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਣ ਦੀ ਲੋੜ ਹੈ। ਇੱਦਾਂ ਕਰਨ ਨਾਲ ਉਹ ਯਹੋਵਾਹ ਲਈ ਆਪਣਾ ਪਿਆਰ ਬਰਕਰਾਰ ਰੱਖੇਗੀ ਅਤੇ ਉਸ ਦਾ ਆਦਰ ਕਰਦੀ ਰਹੇਗੀ। ਨਾਲੇ ਉਸ ਨੂੰ ਆਪਣੇ ਪਤੀ ਦੇ ਅਧੀਨ ਰਹਿ ਕੇ ਖ਼ੁਸ਼ੀ ਮਿਲੇਗੀ।

23. ਜਦੋਂ ਪਤਨੀ ਆਪਣੇ ਪਤੀ ਦੇ ਅਧੀਨ ਰਹਿੰਦੀ ਹੈ, ਤਾਂ ਉਸ ਨੂੰ, ਉਸ ਦੇ ਪਰਿਵਾਰ ਨੂੰ ਅਤੇ ਮੰਡਲੀ ਨੂੰ ਕੀ ਫ਼ਾਇਦਾ ਹੁੰਦਾ ਹੈ?

23 ਯਹੋਵਾਹ ਲਈ ਪਿਆਰ ਹੋਣ ਕਰਕੇ ਜਿਹੜੀ ਪਤਨੀ ਆਪਣੇ ਪਤੀ ਦੇ ਅਧੀਨ ਰਹਿੰਦੀ ਹੈ, ਉਹ ਉਨ੍ਹਾਂ ਨਾਲੋਂ ਜ਼ਿਆਦਾ ਖ਼ੁਸ਼ ਅਤੇ ਸੰਤੁਸ਼ਟ ਰਹਿੰਦੀ ਹੈ ਜੋ ਇਸ ਪ੍ਰਬੰਧ ਮੁਤਾਬਕ ਨਹੀਂ ਚੱਲਦੇ। ਉਹ ਨੌਜਵਾਨ ਭੈਣਾਂ-ਭਰਾਵਾਂ ਲਈ ਵੀ ਵਧੀਆ ਮਿਸਾਲ ਰੱਖ ਰਹੀ ਹੁੰਦੀ ਹੈ। ਨਾਲੇ ਉਹ ਨਾ ਸਿਰਫ਼ ਪਰਿਵਾਰ ਵਿਚ, ਸਗੋਂ ਮੰਡਲੀ ਵਿਚ ਵੀ ਪਿਆਰ ਤੇ ਸ਼ਾਂਤੀ ਭਰਿਆ ਮਾਹੌਲ ਬਣਾਈ ਰੱਖਣ ਵਿਚ ਮਦਦ ਕਰਦੀ ਹੈ। (ਤੀਤੁ. 2:3-5) ਅੱਜ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਵਿਚ ਜ਼ਿਆਦਾਤਰ ਗਿਣਤੀ ਭੈਣਾਂ ਦੀ ਹੈ। (ਜ਼ਬੂ. 68:11) ਪਰ ਚਾਹੇ ਅਸੀਂ ਭਰਾ ਹੋਈਏ ਜਾਂ ਭੈਣ ਅਸੀਂ ਸਾਰੇ ਹੀ ਮੰਡਲੀ ਦੀ ਖ਼ੁਸ਼ੀ ਵਿਚ ਵਾਧਾ ਕਰ ਸਕਦੇ ਹਾਂ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ।

ਗੀਤ 36 ‘ਜੋ ਰੱਬ ਨੇ ਜੋੜਿਆ ਹੈ’

^ ਪੈਰਾ 5 ਯਹੋਵਾਹ ਨੇ ਪ੍ਰਬੰਧ ਕੀਤਾ ਹੈ ਕਿ ਇਕ ਪਤਨੀ ਆਪਣੇ ਪਤੀ ਦੇ ਅਧੀਨ ਰਹੇ। ਇਸ ਦਾ ਕੀ ਮਤਲਬ ਹੈ? ਮਸੀਹੀ ਪਤੀ ਅਤੇ ਪਤਨੀ ਯਿਸੂ ਅਤੇ ਬਾਈਬਲ ਵਿਚ ਦਰਜ ਵਫ਼ਾਦਾਰ ਔਰਤਾਂ ਦੀਆਂ ਮਿਸਾਲਾਂ ਤੋਂ ਅਧੀਨ ਰਹਿਣ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਨ।

^ ਪੈਰਾ 68 ਤਸਵੀਰਾਂ ਬਾਰੇ ਜਾਣਕਾਰੀ: ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮਾਂ ਇਲੀਸਬਤ ਨਾਲ ਗੱਲ ਕਰਦੇ ਵੇਲੇ ਮਰੀਅਮ ਨੇ ਇਬਰਾਨੀ ਲਿਖਤਾਂ ਵਿੱਚੋਂ ਹਵਾਲੇ ਦਿੱਤੇ ਸਨ। ਉਸ ਨੂੰ ਇਹ ਹਵਾਲੇ ਮੂੰਹ-ਜ਼ਬਾਨੀ ਯਾਦ ਸਨ।

^ ਪੈਰਾ 70 ਤਸਵੀਰਾਂ ਬਾਰੇ ਜਾਣਕਾਰੀ: ਇਕ ਪਤਨੀ ਨੂੰ ਵੀ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਨਿੱਜੀ ਅਧਿਐਨ ਅਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ।