Skip to content

Skip to table of contents

[ਖੱਬੇ ਤੋਂ ਸੱਜੇ] ਮਾਰਸੇਲੋ, ਯੋਮਾਰਾ ਅਤੇ ਏਵਰ। ਤਿੰਨਾਂ ਜਣਿਆਂ ਨੇ ਸਪੇਨੀ ਬ੍ਰੇਲ ਭਾਸ਼ਾ ਵਿਚ ਨਵੀਂ ਦੁਨੀਆਂ ਅਨੁਵਾਦ ਦਾ ਇਕ-ਇਕ ਭਾਗ ਫੜਿਆ ਹੋਇਆ ਹੈ

ਬਿਨਾਂ ਅੱਖਾਂ ਦੇ ਵੀ ਦੇਖਿਆ ਭੈਣਾਂ-ਭਰਾਵਾਂ ਦਾ ਪਿਆਰ!

ਬਿਨਾਂ ਅੱਖਾਂ ਦੇ ਵੀ ਦੇਖਿਆ ਭੈਣਾਂ-ਭਰਾਵਾਂ ਦਾ ਪਿਆਰ!

ਗੁਆਤੇਮਾਲਾ ਦੇ ਇਕ ਛੋਟੇ ਜਿਹੇ ਪਿੰਡ ਵਿਚ ਯੋਮਾਰਾ ਅਤੇ ਉਸ ਦੇ ਦੋ ਭਰਾ ਮਾਰਸੇਲੋ ਅਤੇ ਏਵਰ ਰਹਿੰਦੇ ਹਨ। ਯੋਮਾਰਾ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ। ਫਿਰ ਉਸ ਦੇ ਭਰਾ ਵੀ ਸਟੱਡੀ ਕਰਨ ਲੱਗ ਪਏ। ਪਰ ਇਕ ਮੁਸ਼ਕਲ ਸੀ। ਇਹ ਤਿੰਨੇ ਭੈਣ-ਭਰਾ ਦੇਖ ਨਹੀਂ ਸਕਦੇ ਅਤੇ ਨਾ ਹੀ ਉਨ੍ਹਾਂ ਨੂੰ ਬ੍ਰੇਲ ਭਾਸ਼ਾ ਆਉਂਦੀ ਸੀ। ਇਸ ਲਈ ਉਨ੍ਹਾਂ ਨੂੰ ਬਾਈਬਲ ਸਟੱਡੀ ਕਰਾਉਣ ਵਾਲਾ ਭਰਾ ਆਪ ਹੀ ਉਨ੍ਹਾਂ ਲਈ ਪਾਠ ਅਤੇ ਆਇਤਾਂ ਪੜ੍ਹਦਾ ਸੀ।

ਇਕ ਹੋਰ ਮੁਸ਼ਕਲ ਇਹ ਸੀ ਕਿ ਕਿੰਗਡਮ ਹਾਲ ਉਨ੍ਹਾਂ ਦੇ ਘਰ ਤੋਂ 40 ਮਿੰਟਾਂ ਦੀ ਦੂਰੀ ʼਤੇ ਸੀ ਅਤੇ ਉਹ ਆਪਣੇ ਆਪ ਕਿੰਗਡਮ ਹਾਲ ਨਹੀਂ ਜਾ ਸਕਦੇ ਸਨ। ਪਰ ਮੰਡਲੀ ਦੇ ਭਰਾਵਾਂ ਨੇ ਪ੍ਰਬੰਧ ਕੀਤਾ ਕਿ ਇਹ ਤਿੰਨੇ ਭੈਣ-ਭਰਾ ਸਾਰੀਆਂ ਮੀਟਿੰਗਾਂ ਵਿਚ ਆ ਸਕਣ। ਜਦੋਂ ਇਨ੍ਹਾਂ ਤਿੰਨਾਂ ਜਣਿਆਂ ਨੂੰ ਹਫ਼ਤੇ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਵਿਚ ਵਿਦਿਆਰਥੀ ਭਾਗ ਮਿਲਣ ਲੱਗੇ, ਤਾਂ ਮੰਡਲੀ ਦੇ ਭੈਣਾਂ-ਭਰਾਵਾਂ ਨੇ ਉਨ੍ਹਾਂ ਦੀ ਮਦਦ ਕੀਤੀ ਤਾਂਕਿ ਉਹ ਆਪਣੇ ਭਾਗ ਚੰਗੀ ਤਰ੍ਹਾਂ ਯਾਦ ਕਰ ਕੇ ਪੇਸ਼ ਕਰ ਸਕਣ।

ਮਈ 2019 ਵਿਚ ਮੰਡਲੀ ਦੀਆਂ ਮੀਟਿੰਗਾਂ ਉਨ੍ਹਾਂ ਦੇ ਪਿੰਡ ਵਿਚ ਹੀ ਹੋਣ ਲੱਗੀਆਂ। ਉਸ ਵੇਲੇ ਇਕ ਪਾਇਨੀਅਰ ਜੋੜਾ ਉਨ੍ਹਾਂ ਦੇ ਪਿੰਡ ਵਿਚ ਆ ਕੇ ਰਹਿਣ ਲੱਗ ਪਿਆ। ਚਾਹੇ ਇਸ ਜੋੜੇ ਨੂੰ ਬ੍ਰੇਲ ਭਾਸ਼ਾ ਨਹੀਂ ਆਉਂਦੀ ਸੀ, ਫਿਰ ਵੀ ਉਹ ਇਨ੍ਹਾਂ ਤਿੰਨਾਂ ਜਣਿਆਂ ਨੂੰ ਬ੍ਰੇਲ ਭਾਸ਼ਾ ਪੜ੍ਹਨੀ ਤੇ ਲਿਖਣੀ ਸਿਖਾਉਣੀ ਚਾਹੁੰਦੇ ਸਨ। ਇਸ ਲਈ ਉਹ ਇਕ ਲਾਇਬ੍ਰੇਰੀ ਵਿਚ ਗਏ ਅਤੇ ਉਨ੍ਹਾਂ ਨੇ ਬ੍ਰੇਲ ਭਾਸ਼ਾ ਵਿਚ ਕੁਝ ਕਿਤਾਬਾਂ ਲਈਆਂ ਤਾਂਕਿ ਉਹ ਜਾਣ ਸਕਣ ਕਿ ਦੂਜਿਆਂ ਨੂੰ ਬ੍ਰੇਲ ਭਾਸ਼ਾ ਕਿਵੇਂ ਸਿਖਾਉਣੀ ਹੈ।

ਮਾਰਸੇਲੋ ਮੀਟਿੰਗ ਦੌਰਾਨ ਜਵਾਬ ਦਿੰਦਾ ਹੋਇਆ

ਕੁਝ ਹੀ ਮਹੀਨਿਆਂ ਵਿਚ ਉਨ੍ਹਾਂ ਤਿੰਨਾਂ ਨੇ ਚੰਗੀ ਤਰ੍ਹਾਂ ਬ੍ਰੇਲ ਭਾਸ਼ਾ ਪੜ੍ਹਨੀ ਸਿੱਖ ਲਈ। ਹੁਣ ਉਹ ਸੌਖਿਆਂ ਹੀ ਸਾਡੇ ਪ੍ਰਕਾਸ਼ਨ ਪੜ੍ਹ ਸਕਦੇ ਸਨ ਅਤੇ ਇਸ ਕਰਕੇ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਹੋਰ ਵੀ ਗੂੜ੍ਹਾ ਹੋ ਗਿਆ। a ਅੱਜ ਯੋਮਾਰਾ, ਮਾਰਸੇਲੋ ਅਤੇ ਏਵਰ ਰੈਗੂਲਰ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਹਨ ਅਤੇ ਮਾਰਸੇਲੋ ਮੰਡਲੀ ਵਿਚ ਇਕ ਸਹਾਇਕ ਸੇਵਕ ਵੀ ਹੈ। ਪੂਰਾ-ਪੂਰਾ ਹਫ਼ਤਾ ਉਹ ਤਿੰਨੇ ਜਣੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਲੱਗੇ ਰਹਿੰਦੇ ਹਨ। ਨਾਲੇ ਉਨ੍ਹਾਂ ਦਾ ਜੋਸ਼ ਦੇਖ ਕੇ ਦੂਜੇ ਭੈਣਾਂ-ਭਰਾਵਾਂ ਵਿਚ ਵੀ ਜੋਸ਼ ਭਰ ਜਾਂਦਾ ਹੈ।

ਇਹ ਤਿੰਨੇ ਜਣੇ ਮੰਡਲੀ ਦੇ ਭੈਣਾਂ-ਭਰਾਵਾਂ ਦੇ ਪਿਆਰ ਤੇ ਪਰਵਾਹ ਲਈ ਦਿਲੋਂ ਸ਼ੁਕਰਗੁਜ਼ਾਰ ਹਨ। ਯੋਮਾਰਾ ਕਹਿੰਦੀ ਹੈ: “ਜਦੋਂ ਤੋਂ ਅਸੀਂ ਗਵਾਹਾਂ ਨੂੰ ਮਿਲੇ ਹਾਂ, ਉਦੋਂ ਤੋਂ ਹੀ ਉਹ ਸਾਨੂੰ ਸੱਚਾ ਪਿਆਰ ਦਿਖਾਉਂਦੇ ਆਏ ਹਨ।” ਮਾਰਸੇਲੋ ਅੱਗੇ ਕਹਿੰਦਾ ਹੈ: “ਮੰਡਲੀ ਵਿਚ ਸਾਡੇ ਚੰਗੇ ਦੋਸਤ ਹਨ। ਇਸ ਤੋਂ ਇਲਾਵਾ, ਅਸੀਂ ਇਕ ਅਜਿਹੇ ਪਰਿਵਾਰ ਦਾ ਹਿੱਸਾ ਹਾਂ ਜੋ ਪੂਰੀ ਦੁਨੀਆਂ ਵਿਚ ਹੈ ਅਤੇ ਜਿਸ ਵਿਚ ਸਾਰੇ ਜਣੇ ਸੱਚੇ ਦਿਲੋਂ ਇਕ-ਦੂਜੇ ਨੂੰ ਪਿਆਰ ਕਰਦੇ ਹਨ।” ਯੋਮਾਰਾ ਅਤੇ ਉਸ ਦੇ ਭਰਾ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਜਦੋਂ ਉਹ ਆਪਣੀ ਅੱਖੀਂ ਇਸ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਦਿਆਂ ਦੇਖਣਗੇ।​—ਜ਼ਬੂ. 37:10, 11; ਯਸਾ. 35:5.

a ਸਾਡੇ ਸੰਗਠਨ ਨੇ ਬ੍ਰੇਲ ਪੜ੍ਹਨੀ ਸਿੱਖੋ (ਅੰਗ੍ਰੇਜ਼ੀ) ਨਾਂ ਦਾ ਇਕ ਬਰੋਸ਼ਰ ਤਿਆਰ ਕੀਤਾ ਹੈ। ਜਿਨ੍ਹਾਂ ਲੋਕਾਂ ਨੂੰ ਘੱਟ ਦਿਸਦਾ ਹੈ ਜਾਂ ਜਿਹੜੇ ਬਿਲਕੁਲ ਵੀ ਦੇਖ ਨਹੀਂ ਸਕਦੇ, ਉਹ ਇਸ ਬਰੋਸ਼ਰ ਰਾਹੀਂ ਬ੍ਰੇਲ ਪੜ੍ਹਨੀ ਅਤੇ ਲਿਖਣੀ ਸਿੱਖ ਸਕਦੇ ਹਨ।