Skip to content

Skip to table of contents

ਜੀਵਨੀ

ਮੈਂ ਯਹੋਵਾਹ ਦੇ ਸੇਵਕਾਂ ਦੀ ਨਿਹਚਾ ਦੇਖੀ ਹੈ!

ਮੈਂ ਯਹੋਵਾਹ ਦੇ ਸੇਵਕਾਂ ਦੀ ਨਿਹਚਾ ਦੇਖੀ ਹੈ!

ਬਿਨਾਂ ਸ਼ੱਕ, ਕਿਸੇ ਨਾਲ ਹੋਈ ਅਹਿਮ ਗੱਲਬਾਤ ਤੁਹਾਨੂੰ ਜ਼ਰੂਰ ਯਾਦ ਹੋਣੀ। ਮੈਨੂੰ ਵੀ ਆਪਣੇ ਦੋਸਤ ਨਾਲ 50 ਸਾਲ ਪਹਿਲਾਂ ਹੋਈ ਗੱਲਬਾਤ ਹੁਣ ਤਕ ਯਾਦ ਹੈ, ਉਸ ਵੇਲੇ ਅਸੀਂ ਕੀਨੀਆ ਵਿਚ ਸੀ। ਅਸੀਂ ਕਈ ਮਹੀਨਿਆਂ ਤੋਂ ਸਫ਼ਰ ਕਰ ਰਹੇ ਸੀ ਅਤੇ ਧੁੱਪ ਕਰਕੇ ਸਾਡੀ ਚਮੜੀ ਦਾ ਰੰਗ ਵੀ ਬਦਲ ਗਿਆ ਸੀ। ਅਸੀਂ ਅੱਗ ਬਾਲ਼ ਕੇ ਬੈਠੇ ਸੀ ਅਤੇ ਇਕ ਫ਼ਿਲਮ ਬਾਰੇ ਗੱਲ ਕਰ ਰਹੇ ਸੀ। ਉਸ ਫ਼ਿਲਮ ਵਿਚ ਧਾਰਮਿਕ ਗੱਲਾਂ ਬਾਰੇ ਵੀ ਦੱਸਿਆ ਗਿਆ ਸੀ। ਮੇਰੇ ਦੋਸਤ ਨੇ ਕਿਹਾ, “ਇਸ ਫ਼ਿਲਮ ਵਿਚ ਬਾਈਬਲ ਬਾਰੇ ਸਹੀ ਨਹੀਂ ਦੱਸਿਆ ਗਿਆ।”

ਆਪਣੇ ਦੋਸਤ ਦੀ ਗੱਲ ਸੁਣ ਕੇ ਮੈਂ ਹੱਸ ਪਿਆ ਕਿਉਂਕਿ ਮੈਨੂੰ ਨਹੀਂ ਲੱਗਦਾ ਸੀ ਕਿ ਉਸ ਨੂੰ ਧਰਮ ਵਿਚ ਕੋਈ ਦਿਲਚਸਪੀ ਸੀ। ਫਿਰ ਮੈਂ ਉਸ ਨੂੰ ਪੁੱਛਿਆ: “ਤੈਨੂੰ ਬਾਈਬਲ ਬਾਰੇ ਕੀ ਪਤਾ?” ਪਹਿਲਾਂ-ਪਹਿਲ ਤਾਂ ਉਹ ਜਵਾਬ ਦੇਣ ਤੋਂ ਝਿਜਕ ਰਿਹਾ ਸੀ, ਪਰ ਬਾਅਦ ਵਿਚ ਉਸ ਨੇ ਦੱਸਿਆ ਕਿ ਉਸ ਦੀ ਮੰਮੀ ਇਕ ਯਹੋਵਾਹ ਦੀ ਗਵਾਹ ਸੀ। ਇਸ ਲਈ ਉਸ ਨੇ ਆਪਣੀ ਮੰਮੀ ਤੋਂ ਬਾਈਬਲ ਬਾਰੇ ਕੁਝ ਗੱਲਾਂ ਸਿੱਖੀਆਂ ਸਨ। ਉਸ ਦਾ ਜਵਾਬ ਸੁਣ ਕੇ ਮੇਰੇ ਅੰਦਰ ਉਤਸੁਕਤਾ ਜਾਗ ਗਈ ਅਤੇ ਮੈਂ ਉਸ ʼਤੇ ਜ਼ੋਰ ਪਾਇਆ ਕਿ ਉਹ ਮੈਨੂੰ ਬਾਈਬਲ ਬਾਰੇ ਹੋਰ ਵੀ ਦੱਸੇ।

ਅਸੀਂ ਸਾਰੀ ਰਾਤ ਗੱਲਾਂ ਕਰਦੇ ਰਹੇ। ਮੇਰੇ ਦੋਸਤ ਨੇ ਕਿਹਾ ਕਿ ਬਾਈਬਲ ਵਿਚ ਦੱਸਿਆ ਹੈ ਕਿ ਸ਼ੈਤਾਨ ਇਸ ਦੁਨੀਆਂ ਦਾ ਰਾਜਾ ਹੈ ਅਤੇ ਉਹੀ ਇਸ ਨੂੰ ਚਲਾ ਰਿਹਾ ਹੈ। (ਯੂਹੰ. 14:30) ਸ਼ਾਇਦ ਤੁਹਾਨੂੰ ਇਹ ਗੱਲ ਛੋਟੇ ਹੁੰਦਿਆਂ ਤੋਂ ਪਤਾ ਹੋਵੇ, ਪਰ ਮੈਂ ਇਹ ਗੱਲ ਪਹਿਲੀ ਵਾਰ ਸੁਣ ਰਿਹਾ ਸੀ। ਹੁਣ ਤਕ ਤਾਂ ਮੈਂ ਇਹੀ ਸੁਣਿਆ ਸੀ ਕਿ ਰੱਬ ਇਸ ਦੁਨੀਆਂ ਨੂੰ ਚਲਾ ਰਿਹਾ ਹੈ ਜੋ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਕਦੇ ਕਿਸੇ ਨਾਲ ਅਨਿਆਂ ਨਹੀਂ ਕਰਦਾ। ਪਰ ਮੈਂ ਜੋ ਵੀ ਆਪਣੀ ਜ਼ਿੰਦਗੀ ਵਿਚ ਦੇਖਿਆ ਸੀ, ਉਹ ਇਸ ਗੱਲ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦਾ ਸੀ। ਚਾਹੇ ਮੈਂ ਸਿਰਫ਼ 26 ਸਾਲਾਂ ਦਾ ਸੀ, ਪਰ ਮੈਂ ਇੱਦਾਂ ਦਾ ਬਹੁਤ ਕੁਝ ਦੇਖ ਲਿਆ ਸੀ ਜਿਸ ਕਰਕੇ ਮੈਂ ਪਰੇਸ਼ਾਨ ਹੋ ਜਾਂਦਾ ਸੀ। ਇਸ ਕਰਕੇ ਮੇਰੇ ਦੋਸਤ ਨੇ ਮੈਨੂੰ ਜੋ ਦੱਸਿਆ, ਉਸ ਬਾਰੇ ਮੈਂ ਹੋਰ ਜਾਣਨਾ ਚਾਹੁੰਦਾ ਸੀ।

ਮੇਰੇ ਡੈਡੀ ਅਮਰੀਕਾ ਦੀ ਹਵਾਈ ਸੈਨਾ ਵਿਚ ਪਾਇਲਟ ਸਨ। ਇਸ ਕਰਕੇ ਮੈਂ ਛੋਟੇ ਹੁੰਦਿਆਂ ਤੋਂ ਹੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਿਸੇ ਵੀ ਵੇਲੇ ਪਰਮਾਣੂ ਯੁੱਧ ਛਿੜ ਸਕਦਾ ਸੀ, ਬੱਸ ਇਕ ਬਟਨ ਦੱਬਣ ਦੀ ਦੇਰੀ ਸੀ। ਜਦੋਂ ਮੈਂ ਕੈਲੇਫ਼ੋਰਨੀਆ ਦੇ ਇਕ ਕਾਲਜ ਵਿਚ ਪੜ੍ਹ ਰਿਹਾ ਸੀ, ਤਾਂ ਵੀਅਤਨਾਮ ਵਿਚ ਯੁੱਧ ਸ਼ੁਰੂ ਹੋ ਗਿਆ। ਮੈਂ ਹੋਰ ਵਿਦਿਆਰਥੀਆਂ ਨਾਲ ਮਿਲ ਕੇ ਧਰਨੇ ਦੇਣ ਲੱਗ ਪਿਆ। ਪੁਲਿਸ ਲਾਠੀਆਂ ਲੈ ਕੇ ਸਾਡਾ ਪਿੱਛਾ ਕਰਦੀ ਸੀ ਅਤੇ ਅਸੀਂ ਆਪਣੀ ਜਾਨ ਬਚਾਉਣ ਲਈ ਅੱਗੇ-ਅੱਗੇ ਭੱਜਦੇ ਸੀ, ਫਿਰ ਚਾਹੇ ਆਂਸੂ ਗੈਸ ਕਰਕੇ ਸਾਨੂੰ ਚੰਗੀ ਤਰ੍ਹਾਂ ਸਾਹ ਨਹੀਂ ਆਉਂਦਾ ਸੀ ਤੇ ਨਾ ਹੀ ਸਾਨੂੰ ਚੰਗੀ ਤਰ੍ਹਾਂ ਕੁਝ ਦਿਖਾਈ ਦਿੰਦਾ ਸੀ। ਉਸ ਦੌਰਾਨ ਪੂਰੇ ਵੀਅਤਨਾਮ ਵਿਚ ਉਥਲ-ਪੁਥਲ ਮਚੀ ਹੋਈ ਸੀ। ਲੋਕ ਸਰਕਾਰ ਦਾ ਵਿਰੋਧ ਕਰ ਰਹੇ ਸਨ, ਨੇਤਾਵਾਂ ਦਾ ਕਤਲ ਕੀਤਾ ਜਾ ਰਿਹਾ ਸੀ, ਧਰਨੇ ਦਿੱਤੇ ਜਾ ਰਹੇ ਸਨ ਅਤੇ ਦੰਗੇ-ਫ਼ਸਾਦ ਹੋ ਰਹੇ ਸਨ। ਉਸ ਵੇਲੇ ਹਰ ਇਕ ਦੀ ਵੱਖੋ-ਵੱਖਰੀ ਰਾਇ ਸੀ ਕਿ ਕੀ ਕਰਨਾ ਚਾਹੀਦਾ ਤੇ ਕੀ ਨਹੀਂ। ਕੁਝ ਵੀ ਸਮਝ ਨਹੀਂ ਆ ਰਿਹਾ ਸੀ।

ਲੰਡਨ ਤੋਂ ਮੱਧ ਅਫ਼ਰੀਕਾ ਤਕ

1970 ਵਿਚ ਮੈਨੂੰ ਅਲਾਸਕਾ ਦੇ ਉੱਤਰੀ ਇਲਾਕੇ ਵਿਚ ਕੰਮ ਮਿਲ ਗਿਆ। ਮੈਂ ਉੱਥੇ ਬਹੁਤ ਸਾਰੇ ਪੈਸੇ ਕਮਾਏ। ਫਿਰ ਮੈਂ ਹਵਾਈ ਜਹਾਜ਼ ਰਾਹੀਂ ਲੰਡਨ ਚਲਾ ਗਿਆ ਅਤੇ ਉੱਥੇ ਮੈਂ ਇਕ ਮੋਟਰ-ਸਾਈਕਲ ਖ਼ਰੀਦਿਆ। ਚਾਹੇ ਮੈਨੂੰ ਆਪਣੀ ਮੰਜ਼ਲ ਪਤਾ ਨਹੀਂ ਸੀ, ਫਿਰ ਵੀ ਮੈਂ ਮੋਟਰ-ਸਾਈਕਲ ʼਤੇ ਉੱਤਰ ਵੱਲ ਨੂੰ ਜਾਣਾ ਸ਼ੁਰੂ ਕਰ ਦਿੱਤਾ। ਕਈ ਮਹੀਨੇ ਸਫ਼ਰ ਕਰ ਕੇ ਮੈਂ ਅਫ਼ਰੀਕਾ ਪਹੁੰਚਿਆ। ਰਸਤੇ ਵਿਚ ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਮਿਲਿਆਂ ਜੋ ਮੇਰੇ ਵਾਂਗ ਆਪਣੀਆਂ ਮੁਸ਼ਕਲਾਂ ਤੋਂ ਪਿੱਛਾ ਛੁਡਾ ਕੇ ਕਿਤੇ ਦੂਰ ਚਲੇ ਜਾਣਾ ਚਾਹੁੰਦੇ ਸਨ।

ਮੈਂ ਆਪਣੀ ਜ਼ਿੰਦਗੀ ਵਿਚ ਜੋ ਵੀ ਦੇਖਿਆ ਤੇ ਸੁਣਿਆ ਸੀ, ਉਸ ਕਰਕੇ ਮੈਨੂੰ ਬਾਈਬਲ ਦੀ ਇਹ ਸਿੱਖਿਆ ਸਹੀ ਲੱਗਣ ਲੱਗ ਪਈ ਕਿ ਪੂਰੀ ਦੁਨੀਆਂ ਨੂੰ ਸ਼ੈਤਾਨ ਚਲਾ ਰਿਹਾ ਹੈ। ਪਰ ਫਿਰ ਮੇਰੇ ਮਨ ਵਿਚ ਇਕ ਸਵਾਲ ਆਇਆ: ਜੇ ਸ਼ੈਤਾਨ ਇਸ ਦੁਨੀਆਂ ਨੂੰ ਚਲਾ ਰਿਹਾ ਹੈ, ਤਾਂ ਫਿਰ ਪਰਮੇਸ਼ੁਰ ਕੀ ਕਰ ਰਿਹਾ ਹੈ? ਮੈਂ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦਾ ਸੀ।

ਕੁਝ ਮਹੀਨਿਆਂ ਬਾਅਦ ਮੈਨੂੰ ਇਸ ਸਵਾਲ ਦਾ ਜਵਾਬ ਮਿਲ ਗਿਆ। ਸਮੇਂ ਦੇ ਬੀਤਣ ਨਾਲ ਮੇਰੇ ਇੱਦਾਂ ਦੇ ਬਹੁਤ ਸਾਰੇ ਦੋਸਤ ਬਣ ਗਏ ਜੋ ਹਰ ਤਰ੍ਹਾਂ ਦੇ ਹਲਾਤਾਂ ਵਿਚ ਵਫ਼ਾਦਾਰੀ ਨਾਲ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਸੇਵਾ ਕਰ ਰਹੇ ਸਨ।

ਉੱਤਰੀ ਆਇਰਲੈਂਡ​—“ਬੰਬਾਂ ਤੇ ਬੰਦੂਕਾਂ ਦਾ ਇਲਾਕਾ”

ਕੁਝ ਸਮੇਂ ਬਾਅਦ ਮੈਂ ਲੰਡਨ ਵਾਪਸ ਆ ਗਿਆ। ਉੱਥੇ ਮੈਂ ਆਪਣੇ ਦੋਸਤ ਦੀ ਮੰਮੀ ਨੂੰ ਮਿਲਿਆ ਤੇ ਉਸ ਨੇ ਮੈਨੂੰ ਬਾਈਬਲ ਦਿੱਤੀ। ਫਿਰ ਮੈਂ ਨੀਦਰਲੈਂਡਜ਼ ਦੇ ਅਮਸਟਰਡਮ ਸ਼ਹਿਰ ਚਲਾ ਗਿਆ। ਇਕ ਦਿਨ ਜਦੋਂ ਮੈਂ ਸੜਕ ਕਿਨਾਰੇ ਲੱਗੀ ਬੱਤੀ ਹੇਠਾਂ ਬੈਠਾ ਬਾਈਬਲ ਪੜ੍ਹ ਰਿਹਾ ਸੀ, ਤਾਂ ਯਹੋਵਾਹ ਦੇ ਇਕ ਗਵਾਹ ਦੀ ਨਜ਼ਰ ਮੇਰੇ ʼਤੇ ਪਈ। ਉਸ ਨੇ ਮੈਨੂੰ ਬਾਈਬਲ ਵਿੱਚੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ। ਫਿਰ ਮੈਂ ਆਇਰਲੈਂਡ ਦੇ ਡਬਲਿਨ ਸ਼ਹਿਰ ਆ ਗਿਆ। ਉੱਥੇ ਮੈਂ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਲੱਭਿਆ। ਜਦੋਂ ਮੈਂ ਬ੍ਰਾਂਚ ਆਫ਼ਿਸ ਦਾ ਦਰਵਾਜ਼ਾ ਖੜਕਾਇਆ, ਤਾਂ ਮੇਰੀ ਮੁਲਾਕਾਤ ਆਰਥਰ ਮੈਥਿਊਜ਼ ਨਾਲ ਹੋਈ। ਉਹ ਬਹੁਤ ਹੀ ਸਮਝਦਾਰ ਤੇ ਤਜਰਬੇਕਾਰ ਭਰਾ ਸੀ। ਮੈਂ ਉਸ ਨੂੰ ਬਾਈਬਲ ਸਟੱਡੀ ਲਈ ਪੁੱਛਿਆ ਤੇ ਉਹ ਮੈਨੂੰ ਸਟੱਡੀ ਕਰਾਉਣ ਲਈ ਮੰਨ ਗਿਆ।

ਮੈਂ ਦਿਲ ਲਾ ਕੇ ਸਟੱਡੀ ਕਰਨ ਲੱਗ ਪਿਆ। ਮੈਂ ਪੂਰੇ ਜੋਸ਼ ਨਾਲ ਗਵਾਹਾਂ ਵੱਲੋਂ ਛਾਪੀਆਂ ਕਿਤਾਬਾਂ ਤੇ ਰਸਾਲੇ ਪੜ੍ਹਦਾ ਸੀ। ਨਾਲੇ ਮੈਂ ਬਾਈਬਲ ਵੀ ਪੜ੍ਹੀ। ਮੈਂ ਜੋ ਨਵੀਆਂ-ਨਵੀਆਂ ਗੱਲਾਂ ਸਿੱਖ ਰਿਹਾ ਸੀ, ਉਹ ਮੈਨੂੰ ਬਹੁਤ ਵਧੀਆ ਲੱਗਦੀਆਂ ਸਨ! ਮੰਡਲੀ ਦੀਆਂ ਮੀਟਿੰਗਾਂ ਵਿਚ ਮੈਂ ਦੇਖਿਆ ਕਿ ਛੋਟੇ-ਛੋਟੇ ਬੱਚਿਆਂ ਨੂੰ ਵੀ ਅਜਿਹੇ ਸਵਾਲਾਂ ਦੇ ਜਵਾਬ ਪਤਾ ਸਨ ਜਿਨ੍ਹਾਂ ਦੇ ਜਵਾਬ ਸਦੀਆਂ ਤੋਂ ਸਮਝਦਾਰ ਲੋਕਾਂ ਨੂੰ ਵੀ ਨਹੀਂ ਮਿਲੇ ਸਨ। ਉਹ ਸਵਾਲ ਸਨ: ‘ਇੰਨੀ ਬੁਰਾਈ ਕਿਉਂ ਹੈ? ਪਰਮੇਸ਼ੁਰ ਕੌਣ ਹੈ? ਮੌਤ ਤੋਂ ਬਾਅਦ ਕੀ ਹੁੰਦਾ ਹੈ?’ ਉਸ ਦੇਸ਼ ਵਿਚ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ ਸੀ, ਇਸ ਲਈ ਸਿਰਫ਼ ਯਹੋਵਾਹ ਦੇ ਗਵਾਹ ਹੀ ਮੇਰੇ ਦੋਸਤ ਸਨ। ਉਨ੍ਹਾਂ ਭੈਣਾਂ-ਭਰਾਵਾਂ ਨੇ ਯਹੋਵਾਹ ਨੂੰ ਜਾਣਨ ਵਿਚ ਮੇਰੀ ਬਹੁਤ ਮਦਦ ਕੀਤੀ। ਇਸ ਕਰਕੇ ਮੈਂ ਯਹੋਵਾਹ ਨੂੰ ਪਿਆਰ ਕਰਨ ਲੱਗਾ ਅਤੇ ਮੇਰਾ ਦਿਲ ਕਰਨ ਲੱਗਾ ਕਿ ਮੈਂ ਵੀ ਉਸ ਦੀ ਇੱਛਾ ਪੂਰੀ ਕਰਾਂ।

ਨਾਈਜਲ, ਡੈਨਿਸ ਅਤੇ ਮੈਂ

1972 ਵਿਚ ਮੇਰਾ ਬਪਤਿਸਮਾ ਹੋ ਗਿਆ। ਫਿਰ ਇਕ ਸਾਲ ਬਾਅਦ ਮੈਂ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ। ਮੈਂ ਉੱਤਰੀ ਆਇਰਲੈਂਡ ਦੇ ਨਿਊਰੀ ਕਸਬੇ ਦੀ ਇਕ ਛੋਟੀ ਜਿਹੀ ਮੰਡਲੀ ਵਿਚ ਜਾਣ ਲੱਗ ਪਿਆ। ਉੱਥੇ ਮੈਂ ਇਕ ਦੂਰ-ਦੁਰਾਡੇ ਦੇ ਪਹਾੜੀ ਇਲਾਕੇ ਵਿਚ ਪੱਥਰਾਂ ਨਾਲ ਬਣਿਆ ਇਕ ਘਰ ਕਿਰਾਏ ʼਤੇ ਲੈ ਲਿਆ। ਉੱਥੇ ਦੂਰ-ਦੂਰ ਤਕ ਕੋਈ ਇਨਸਾਨ ਨਜ਼ਰ ਨਹੀਂ ਆਉਂਦਾ ਸੀ। ਪਰ ਨੇੜੇ ਦੇ ਇਕ ਖੇਤ ਵਿਚ ਗਾਂਵਾਂ ਹੁੰਦੀਆਂ ਸਨ। ਮੈਂ ਗਾਵਾਂ ਸਾਮ੍ਹਣੇ ਭਾਸ਼ਣ ਦੇਣ ਦੀ ਪ੍ਰੈਕਟਿਸ ਕਰਦਾ ਸੀ। ਉਨ੍ਹਾਂ ਨੂੰ ਦੇਖ ਕੇ ਇੱਦਾਂ ਲੱਗਦਾ ਸੀ ਜਿਵੇਂ ਉਹ ਜੁਗਾਲੀ ਕਰਦਿਆਂ ਧਿਆਨ ਨਾਲ ਮੇਰਾ ਭਾਸ਼ਣ ਸੁਣ ਰਹੀਆਂ ਹੋਣ। ਗਾਂਵਾਂ ਇਹ ਤਾਂ ਨਹੀਂ ਦੱਸ ਸਕਦੀਆਂ ਸਨ ਕਿ ਮੈਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਸੀ, ਪਰ ਮੈਂ ਇਹ ਜ਼ਰੂਰ ਸਿੱਖ ਸਕਿਆ ਕਿ ਮੈਂ ਕਿਵੇਂ ਲੋਕਾਂ ਨਾਲ ਨਜ਼ਰ ਮਿਲਾ ਕੇ ਗੱਲ ਕਰ ਸਕਦਾ ਹਾਂ। 1974 ਵਿਚ ਮੈਨੂੰ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮੇਰੇ ਨਾਲ ਇਕ ਹੋਰ ਸਪੈਸ਼ਲ ਪਾਇਨੀਅਰ ਭਰਾ ਨਾਈਜਲ ਪਿਟ ਸੀ। ਉਹ ਮੇਰਾ ਪੱਕਾ ਦੋਸਤ ਬਣ ਗਿਆ।

ਉਸ ਵੇਲੇ ਉੱਤਰੀ ਆਇਰਲੈਂਡ ਵਿਚ ਬਹੁਤ ਹਿੰਸਾ ਫੈਲੀ ਹੋਈ ਸੀ। ਇਸ ਕਰਕੇ ਕੁਝ ਲੋਕ ਉਸ ਇਲਾਕੇ ਨੂੰ “ਬੰਬਾਂ ਤੇ ਬੰਦੂਕਾਂ ਦਾ ਇਲਾਕਾ” ਕਹਿੰਦੇ ਸਨ। ਉੱਥੇ ਗਲੀਆਂ ਵਿਚ ਮਾਰ-ਧਾੜ ਹੋਣੀ, ਗੋਲੀਆਂ ਚੱਲਣੀਆਂ ਅਤੇ ਬੰਬਾਂ ਨਾਲ ਕਾਰਾਂ ਨੂੰ ਉਡਾਉਣਾ ਆਮ ਜਿਹੀ ਗੱਲ ਸੀ। ਰਾਜਨੀਤੀ ਅਤੇ ਧਰਮਾਂ ਕਰਕੇ ਦੰਗੇ-ਫ਼ਸਾਦ ਹੋ ਰਹੇ ਸਨ। ਪ੍ਰੋਟੈਸਟੈਂਟ ਅਤੇ ਕੈਥੋਲਿਕ ਲੋਕਾਂ ਨੇ ਦੇਖਿਆ ਕਿ ਯਹੋਵਾਹ ਦੇ ਗਵਾਹ ਰਾਜਨੀਤਿਕ ਮਾਮਲਿਆਂ ਵਿਚ ਕਿਸੇ ਦਾ ਪੱਖ ਨਹੀਂ ਲੈਂਦੇ। ਇਸ ਕਰਕੇ ਅਸੀਂ ਖੁੱਲ੍ਹੇ-ਆਮ ਅਤੇ ਬਿਨਾਂ ਕਿਸੇ ਡਰ ਦੇ ਪ੍ਰਚਾਰ ਕਰ ਸਕਦੇ ਸੀ। ਅਕਸਰ ਘਰ-ਮਾਲਕ ਜਾਣਦੇ ਸਨ ਕਿ ਕਿਹੜੇ ਇਲਾਕੇ ਵਿਚ ਦੰਗੇ ਹੋਣ ਵਾਲੇ ਸਨ ਅਤੇ ਉਹ ਸਾਨੂੰ ਦੱਸ ਦਿੰਦੇ ਸਨ। ਇਸ ਕਰਕੇ ਅਸੀਂ ਉਸ ਇਲਾਕੇ ਵਿਚ ਨਹੀਂ ਜਾਂਦੇ ਸੀ ਅਤੇ ਸਾਡਾ ਬਚਾਅ ਹੋ ਜਾਂਦਾ ਸੀ।

ਫਿਰ ਵੀ ਕਈ ਵਾਰ ਹਾਲਾਤ ਬਹੁਤ ਜ਼ਿਆਦਾ ਖ਼ਤਰਨਾਕ ਹੋ ਜਾਂਦੇ ਸਨ। ਇਕ ਦਿਨ ਮੈਂ ਤੇ ਇਕ ਪਾਇਨੀਅਰ ਭਰਾ ਡੈਨਿਸ ਕੈਰੀਗਨ ਨੇੜੇ ਦੇ ਇਕ ਪਿੰਡ ਵਿਚ ਪ੍ਰਚਾਰ ਕਰਨ ਗਏ। ਉੱਥੇ ਇਕ ਵੀ ਯਹੋਵਾਹ ਦਾ ਗਵਾਹ ਨਹੀਂ ਸੀ ਅਤੇ ਇਸ ਤੋਂ ਪਹਿਲਾਂ ਅਸੀਂ ਸਿਰਫ਼ ਇਕ ਵਾਰ ਉੱਥੇ ਗਏ ਸੀ। ਉਸ ਪਿੰਡ ਦੀ ਔਰਤ ਨੇ ਸਾਡੇ ʼਤੇ ਇਲਜ਼ਾਮ ਲਾਇਆ ਕਿ ਅਸੀਂ ਬ੍ਰਿਟੇਨ ਦੇ ਖੁਫੀਆ ਫ਼ੌਜੀ ਸੀ ਕਿਉਂਕਿ ਸਾਡੇ ਗੱਲ ਕਰਨ ਦਾ ਤਰੀਕਾ ਉੱਥੋਂ ਦੇ ਲੋਕਾਂ ਤੋਂ ਵੱਖਰਾ ਸੀ। ਇਸ ਇਲਜ਼ਾਮ ਕਰਕੇ ਅਸੀਂ ਬਹੁਤ ਡਰ ਗਏ। ਨਾਲੇ ਜੇ ਕੋਈ ਬ੍ਰਿਟੇਨ ਦੇ ਫ਼ੌਜੀਆਂ ਨਾਲ ਖੁੱਲ੍ਹ ਕੇ ਗੱਲ ਕਰਦਾ ਸੀ, ਤਾਂ ਲੋਕ ਉਸ ਦੀ ਲੱਤ ਵਿਚ ਗੋਲੀ ਮਾਰ ਦਿੰਦੇ ਸਨ ਜਾਂ ਗੋਲੀ ਮਾਰ ਕੇ ਜਾਨੋਂ ਹੀ ਮਾਰ ਦਿੰਦੇ ਸਨ। ਜਦੋਂ ਅਸੀਂ ਠੰਢ ਵਿਚ ਇਕੱਲੇ ਖੜ੍ਹੇ ਬੱਸ ਦਾ ਇੰਤਜ਼ਾਰ ਕਰ ਰਹੇ ਸੀ, ਤਾਂ ਇਕ ਕਾਰ ਕੌਫ਼ੀ ਸ਼ੌਪ ਸਾਮ੍ਹਣੇ ਆ ਕੇ ਰੁਕੀ ਜਿੱਥੇ ਉਸ ਔਰਤ ਨੇ ਸਾਡੇ ʼਤੇ ਇਲਜ਼ਾਮ ਲਾਇਆ ਸੀ। ਉਹ ਔਰਤ ਕੌਫ਼ੀ ਸ਼ੌਪ ਵਿੱਚੋਂ ਬਾਹਰ ਆ ਕੇ ਕਾਰ ਵਿਚ ਆਏ ਆਦਮੀਆਂ ਨਾਲ ਸਾਡੇ ਵੱਲ ਇਸ਼ਾਰਾ ਕਰ ਕੇ ਗੱਲ ਕਰਨ ਲੱਗ ਪਈ। ਫਿਰ ਉਹ ਆਦਮੀ ਹੌਲੀ-ਹੌਲੀ ਕਾਰ ਸਾਡੇ ਵੱਲ ਲੈ ਆਏ ਅਤੇ ਸਾਡੇ ਕੋਲੋਂ ਬੱਸਾਂ ਦਾ ਟਾਈਮ ਪੁੱਛਣ ਲੱਗ ਪਏ। ਜਦੋਂ ਬੱਸ ਆਈ, ਤਾਂ ਉਹ ਬੱਸ ਦੇ ਡ੍ਰਾਈਵਰ ਨਾਲ ਗੱਲ ਕਰਨ ਲੱਗ ਪਏ। ਅਸੀਂ ਸੁਣ ਨਹੀਂ ਸਕਦੇ ਸੀ ਕਿ ਉਹ ਕੀ ਗੱਲ ਕਰ ਰਹੇ ਸਨ। ਬੱਸ ਵਿਚ ਕੋਈ ਸਵਾਰੀ ਨਹੀਂ ਸੀ, ਇਸ ਕਰਕੇ ਸਾਨੂੰ ਲੱਗਾ ਕਿ ਹੁਣ ਤਾਂ ਅਸੀਂ ਗਏ, ਅਸੀਂ ਹੁਣ ਨਹੀਂ ਬਚਦੇ। ਇਹ ਪੱਕਾ ਡ੍ਰਾਈਵਰ ਨੂੰ ਕਹਿ ਰਹੇ ਹੋਣੇ ਕਿ ਉਹ ਸਾਨੂੰ ਪਿੰਡ ਤੋਂ ਬਾਹਰ ਛੱਡ ਦੇਵੇ ਅਤੇ ਉੱਥੇ ਉਹ ਸਾਡਾ ਕੰਮ ਤਮਾਮ ਕਰ ਦੇਣਗੇ। ਪਰ ਰੱਬ ਦਾ ਸ਼ੁਕਰ ਹੈ ਕਿ ਇੱਦਾਂ ਦਾ ਕੁਝ ਨਹੀਂ ਹੋਇਆ। ਬੱਸ ਵਿੱਚੋਂ ਉੱਤਰਦੇ ਵੇਲੇ ਮੈਂ ਡ੍ਰਾਈਵਰ ਨੂੰ ਪੱਛਿਆ: “ਉਹ ਆਦਮੀ ਤੇਰੇ ਨਾਲ ਕੀ ਗੱਲ ਕਰ ਰਹੇ ਸਨ?” ਡ੍ਰਾਈਵਰ ਨੇ ਜਵਾਬ ਦਿੱਤਾ: “ਮੈਂ ਤੁਹਾਨੂੰ ਜਾਣਦਾ ਹਾਂ ਅਤੇ ਇਹ ਗੱਲ ਮੈਂ ਉਨ੍ਹਾਂ ਨੂੰ ਵੀ ਦੱਸ ਦਿੱਤੀ ਹੈ। ਡਰੋ ਨਾ, ਕੁਝ ਨਹੀਂ ਹੁੰਦਾ ਤੁਹਾਨੂੰ।”

ਮਾਰਚ 1977 ਵਿਚ ਸਾਡੇ ਵਿਆਹ ਵਾਲੇ ਦਿਨ

1976 ਵਿਚ ਡਬਲਿਨ ਸ਼ਹਿਰ ਵਿਚ ਹੋਏ ਇਕ ਜ਼ਿਲ੍ਹਾ ਸੰਮੇਲਨ a ਵਿਚ ਮੈਂ ਪੋਲੀਨ ਲੋਮੈਕਸ ਨੂੰ ਮਿਲਿਆ। ਉਹ ਵੀ ਸਪੈਸ਼ਲ ਪਾਇਨੀਅਰ ਸੀ ਅਤੇ ਇੰਗਲੈਂਡ ਤੋਂ ਆਈ ਸੀ। ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੀ ਸੀ, ਉਹ ਇਕ ਨਿਮਰ ਤੇ ਪਿਆਰੀ ਭੈਣ ਸੀ। ਉਹ ਤੇ ਉਸ ਦਾ ਭਰਾ ਰੇਅ ਬਚਪਨ ਤੋਂ ਹੀ ਸੱਚਾਈ ਵਿਚ ਸਨ। ਇਕ ਸਾਲ ਬਾਅਦ ਹੀ ਮੈਂ ਪੋਲੀਨ ਨਾਲ ਵਿਆਹ ਕਰਾ ਲਿਆ। ਫਿਰ ਅਸੀਂ ਇਕੱਠੇ ਉੱਤਰੀ ਆਇਰਲੈਂਡ ਦੇ ਬੈਲੇਮੇਨਾ ਵਿਚ ਸਪੈਸ਼ਲ ਪਾਇਨੀਅਰਿੰਗ ਕਰਦੇ ਰਹੇ।

ਕੁਝ ਸਮੇਂ ਤਕ ਮੈਂ ਸਰਕਟ ਓਵਰਸੀਅਰ ਦੇ ਤੌਰ ਤੇ ਸੇਵਾ ਕੀਤੀ। ਮੈਨੂੰ ਤੇ ਪੋਲੀਨ ਨੂੰ ਬੇਲਫ਼ਾਸਟ, ਲੰਡਨਡੇਰੀ ਅਤੇ ਇੱਦਾਂ ਦੇ ਹੋਰ ਖ਼ਤਰਨਾਕ ਇਲਾਕਿਆਂ ਵਿਚ ਭੇਜਿਆ ਜਾਂਦਾ ਸੀ। ਇਨ੍ਹਾਂ ਥਾਵਾਂ ʼਤੇ ਅਸੀਂ ਇੱਦਾਂ ਦੇ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਮਿਲੇ ਜੋ ਪਹਿਲਾਂ ਆਪਣੇ ਧਰਮ ਲਈ ਬਹੁਤ ਕੱਟੜ ਸਨ, ਪੱਖਪਾਤ ਕਰਦੇ ਸਨ ਅਤੇ ਨਫ਼ਰਤ ਨਾਲ ਭਰੇ ਹੋਏ ਸਨ। ਪਰ ਯਹੋਵਾਹ ਦੀ ਸੇਵਾ ਕਰਨ ਲਈ ਉਨ੍ਹਾਂ ਨੇ ਇਨ੍ਹਾਂ ਗੱਲਾਂ ਨੂੰ ਆਪਣੇ ਅੰਦਰੋਂ ਜੜ੍ਹੋਂ ਪੁੱਟ ਸੁੱਟਿਆ। ਯਹੋਵਾਹ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਅਤੇ ਉਨ੍ਹਾਂ ਦੀ ਰਾਖੀ ਕੀਤੀ। ਉਨ੍ਹਾਂ ਭੈਣਾਂ-ਭਰਾਵਾਂ ਦੀ ਨਿਹਚਾ ਦੇਖ ਕੇ ਸਾਡਾ ਬਹੁਤ ਹੌਸਲਾ ਵਧਿਆ।

ਮੈਂ ਆਇਰਲੈਂਡ ਵਿਚ ਦਸ ਸਾਲ ਰਿਹਾ। ਫਿਰ 1981 ਵਿਚ ਸਾਨੂੰ ਗਿਲਿਅਡ ਦੀ 72ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਕਲਾਸ ਖ਼ਤਮ ਹੋਣ ਤੋਂ ਬਾਅਦ ਸਾਨੂੰ ਪੱਛਮੀ ਅਫ਼ਰੀਕਾ ਦੇ ਸੀਅਰਾ ਲੀਓਨ ਵਿਚ ਸੇਵਾ ਕਰਨ ਲਈ ਭੇਜਿਆ ਗਿਆ।

ਸੀਅਰਾ ਲਿਓਨ​—ਗ਼ਰੀਬੀ ਦੇ ਬਾਵਜੂਦ ਪੱਕੀ ਨਿਹਚਾ

ਅਸੀਂ 11 ਲੋਕ ਇੱਕੋ ਹੀ ਘਰ ਵਿਚ ਰਹਿੰਦੇ ਸੀ ਜਿਨ੍ਹਾਂ ਨੂੰ ਸੀਅਰਾ ਲਿਓਨ ਵਿਚ ਮਿਸ਼ਨਰੀ ਦੇ ਤੌਰ ਤੇ ਸੇਵਾ ਕਰਨ ਲਈ ਭੇਜਿਆ ਗਿਆ ਸੀ। ਸਾਰੇ ਜਣੇ ਬਹੁਤ ਚੰਗੇ ਸਨ। ਪਰ ਉਸ ਘਰ ਵਿਚ ਸਿਰਫ਼ ਇਕ ਰਸੋਈ, ਤਿੰਨ ਟਾਇਲਟ, ਦੋ ਬਾਥਰੂਮ, ਇਕ ਕੱਪੜੇ ਧੋਣ ਵਾਲੀ ਮਸ਼ੀਨ ਅਤੇ ਇਕ ਕੱਪੜੇ ਸੁਕਾਉਣ ਵਾਲੀ ਮਸ਼ੀਨ ਅਤੇ ਇਕ ਹੀ ਟੈਲੀਫ਼ੋਨ ਸੀ। ਉੱਥੇ ਕਈ ਵਾਰ ਅਚਾਨਕ ਹੀ ਬਿਜਲੀ ਚਲੀ ਜਾਂਦੀ ਸੀ। ਉਸ ਘਰ ਦੀ ਛੱਤ ਉੱਤੇ ਚੂਹਿਆਂ ਨੇ ਡੇਰਾ ਲਾਇਆ ਹੋਇਆ ਸੀ ਅਤੇ ਥੱਲੇ ਬੇਸਮੈਂਟ ਵਿਚ ਕੋਬਰਾ ਵਰਗੇ ਜ਼ਹਿਰੀਲੇ ਸੱਪਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਸੀ।

ਨੇੜੇ ਦੇ ਗਿਨੀ ਪਿੰਡ ਵਿਚ ਸੰਮੇਲਨ ਤੇ ਹਾਜ਼ਰ ਹੋਣ ਲਈ ਨਦੀ ਪਾਰ ਕਰਦੇ ਹੋਏ

ਚਾਹੇ ਇਸ ਘਰ ਵਿਚ ਰਹਿਣਾ ਸੌਖਾ ਨਹੀਂ ਸੀ, ਪਰ ਸਾਨੂੰ ਪ੍ਰਚਾਰ ਵਿਚ ਬਹੁਤ ਮਜ਼ਾ ਆਉਂਦਾ ਸੀ। ਉੱਥੋਂ ਦੇ ਲੋਕ ਬਾਈਬਲ ਦਾ ਬਹੁਤ ਆਦਰ ਕਰਦੇ ਸਨ ਤੇ ਸਾਡੀ ਗੱਲ ਬੜੇ ਧਿਆਨ ਨਾਲ ਸੁਣਦੇ ਸਨ। ਬਹੁਤ ਸਾਰੇ ਲੋਕਾਂ ਨੇ ਬਾਈਬਲ ਸਟੱਡੀ ਕੀਤੀ ਅਤੇ ਗਵਾਹ ਬਣ ਗਏ। ਉੱਥੇ ਦੇ ਲੋਕ ਮੈਨੂੰ “ਮਿਸਟਰ ਰੌਬਰਟ” ਤੇ ਪੋਲੀਨ ਨੂੰ “ਮਿਸਿਜ਼ ਰੌਬਰਟ” ਕਹਿੰਦੇ ਸਨ। ਪਰ ਕੁਝ ਸਮੇਂ ਬਾਅਦ ਮੈਨੂੰ ਬ੍ਰਾਂਚ ਤੋਂ ਕੰਮ ਮਿਲਣ ਲੱਗ ਪਿਆ ਜਿਸ ਕਰਕੇ ਮੇਰਾ ਜ਼ਿਆਦਾ ਸਮਾਂ ਬ੍ਰਾਂਚ ਦੇ ਕੰਮਾਂ ਵਿਚ ਹੀ ਲੱਗ ਜਾਂਦਾ ਸੀ ਅਤੇ ਮੈਂ ਘੱਟ ਹੀ ਪ੍ਰਚਾਰ ਤੇ ਜਾ ਪਾਉਂਦਾ ਸੀ। ਇਸ ਕਰਕੇ ਲੋਕਾਂ ਨੇ ਪੋਲੀਨ ਨੂੰ “ਮਿਸਿਜ਼ ਪੋਲੀਨ” ਅਤੇ ਮੈਨੂੰ “ਮਿਸਟਰ ਪੋਲੀਨ” ਕਹਿਣਾ ਸ਼ੁਰੂ ਕਰ ਦਿੱਤਾ। ਪੋਲੀਨ ਇਹ ਸੁਣ ਕੇ ਬਹੁਤ ਖ਼ੁਸ਼ ਹੁੰਦੀ ਸੀ!

ਸੀਅਰਾ ਲਿਓਨ ਵਿਚ ਪ੍ਰਚਾਰ ਤੇ ਜਾਂਦੇ ਹੋਏ

ਸਾਡੇ ਬਹੁਤ ਸਾਰੇ ਭੈਣ-ਭਰਾ ਗ਼ਰੀਬ ਸਨ। ਪਰ ਯਹੋਵਾਹ ਨੇ ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਿਆ। ਕਈ ਵਾਰ ਤਾਂ ਉਸ ਨੇ ਉਨ੍ਹਾਂ ਦੀ ਇੱਦਾਂ ਮਦਦ ਕੀਤੀ ਜਿੱਦਾਂ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ। (ਮੱਤੀ 6:33) ਮੈਨੂੰ ਯਾਦ ਹੈ ਕਿ ਇਕ ਦਿਨ ਇਕ ਭੈਣ ਕੋਲ ਇੰਨੇ ਕੁ ਹੀ ਪੈਸੇ ਸਨ ਕਿ ਉਹ ਉਨ੍ਹਾਂ ਨਾਲ ਆਪਣੇ ਤੇ ਆਪਣੇ ਬੱਚਿਆਂ ਲਈ ਸਿਰਫ਼ ਉਸ ਦਿਨ ਦਾ ਹੀ ਖਾਣਾ ਖ਼ਰੀਦ ਸਕਦੀ ਸੀ। ਪਰ ਉਸ ਨੇ ਉਹ ਸਾਰੇ ਪੈਸੇ ਇਕ ਭਰਾ ਨੂੰ ਦੇ ਦਿੱਤੇ ਜਿਸ ਨੂੰ ਮਲੇਰੀਆ ਹੋ ਗਿਆ ਸੀ ਕਿਉਂਕਿ ਉਸ ਭਰਾ ਕੋਲ ਦਵਾਈ ਖ਼ਰੀਦਣ ਲਈ ਵੀ ਪੈਸੇ ਨਹੀਂ ਸਨ। ਉਸੇ ਦਿਨ ਬਾਅਦ ਵਿਚ ਅਚਾਨਕ ਇਕ ਔਰਤ ਉਸ ਭੈਣ ਕੋਲ ਆਪਣੇ ਵਾਲ਼ਾਂ ਦਾ ਸਟਾਈਲ ਕਰਵਾਉਣ ਲਈ ਆਈ ਅਤੇ ਉਸ ਨੇ ਭੈਣ ਨੂੰ ਪੈਸੇ ਦਿੱਤੇ। ਉਸ ਭੈਣ ਵਾਂਗ ਹੋਰ ਵੀ ਕਈ ਭੈਣਾਂ-ਭਰਾਵਾਂ ਨੇ ਦੇਖਿਆ ਕਿ ਯਹੋਵਾਹ ਉਨ੍ਹਾਂ ਨੂੰ ਕਿਵੇਂ ਸੰਭਾਲਦਾ ਹੈ।

ਨਾਈਜੀਰੀਆ​—ਨਵੇਂ ਸਭਿਆਚਾਰ ਨੂੰ ਜਾਣਨਾ

ਅਸੀਂ ਸੀਅਰਾ ਲੀਓਨ ਵਿਚ ਨੌਂ ਸਾਲ ਰਹੇ ਅਤੇ ਫਿਰ ਸਾਨੂੰ ਨਾਈਜੀਰੀਆ ਦੇ ਬੈਥਲ ਵਿਚ ਭੇਜ ਦਿੱਤਾ ਗਿਆ। ਇੱਥੋਂ ਦਾ ਬ੍ਰਾਂਚ ਆਫ਼ਿਸ ਬਹੁਤ ਵੱਡਾ ਸੀ। ਮੈਨੂੰ ਇੱਥੇ ਉਹੀ ਕੰਮ ਦਿੱਤਾ ਗਿਆ ਜੋ ਮੈਂ ਸੀਅਰਾ ਲਿਓਨ ਵਿਚ ਕਰਦਾ ਸੀ। ਪਰ ਪੋਲੀਨ ਨੂੰ ਜੋ ਜ਼ਿੰਮੇਵਾਰੀ ਮਿਲੀ ਉਹ ਬਹੁਤ ਵੱਖਰੀ ਸੀ ਤੇ ਉਸ ਲਈ ਇਸ ਜ਼ਿੰਮੇਵਾਰੀ ਮੁਤਾਬਕ ਆਪਣੇ ਆਪ ਨੂੰ ਢਾਲਣਾ ਔਖਾ ਸੀ। ਪਹਿਲਾਂ ਉਹ ਪ੍ਰਚਾਰ ਵਿਚ ਹਰ ਮਹੀਨੇ 130 ਘੰਟੇ ਬਿਤਾਉਂਦੀ ਸੀ ਤੇ ਉਸ ਦੀਆਂ ਸਟੱਡੀਆਂ ਵੀ ਤਰੱਕੀ ਕਰ ਰਹੀਆਂ ਸਨ। ਪਰ ਨਾਈਜੀਰੀਆ ਵਿਚ ਉਸ ਨੂੰ ਸਿਲਾਈ ਦਾ ਕੰਮ ਦਿੱਤਾ ਗਿਆ। ਉਸ ਦਾ ਸਾਰਾ ਦਿਨ ਫਟੇ ਕੱਪੜਿਆਂ ਨੂੰ ਸੀਣਾਂ ਲਾਉਣ ਵਿਚ ਲੰਘ ਜਾਂਦਾ ਸੀ। ਸ਼ੁਰੂ-ਸ਼ੁਰੂ ਵਿਚ ਉਸ ਲਈ ਬਦਲਾਅ ਕਰਨੇ ਸੌਖੇ ਨਹੀਂ ਸਨ। ਪਰ ਜਦੋਂ ਉਸ ਨੇ ਦੇਖਿਆ ਕਿ ਭੈਣ-ਭਰਾ ਉਸ ਦੇ ਕੰਮ ਦੀ ਕਿੰਨੀ ਕਦਰ ਕਰਦੇ ਸਨ, ਤਾਂ ਹੌਲੀ-ਹੌਲੀ ਉਸ ਨੂੰ ਆਪਣਾ ਕੰਮ ਵਧੀਆ ਲੱਗਣ ਲੱਗਾ। ਉਹ ਮੌਕਾ ਮਿਲਣ ਤੇ ਬੈਥਲ ਵਿਚ ਕੰਮ ਕਰਨ ਵਾਲੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣਾ ਨਹੀਂ ਭੁੱਲਦੀ ਸੀ।

ਨਾਈਜੀਰੀਆ ਦੇ ਸਭਿਆਚਾਰ ਬਾਰੇ ਸਾਨੂੰ ਬਿਲਕੁਲ ਵੀ ਨਹੀਂ ਪਤਾ ਸੀ ਅਤੇ ਸਾਨੂੰ ਉਸ ਬਾਰੇ ਬਹੁਤ ਕੁਝ ਸਿੱਖਣ ਦੀ ਲੋੜ ਸੀ। ਇਕ ਵਾਰ ਜਦੋਂ ਮੈਂ ਆਪਣੇ ਆਫ਼ਿਸ ਵਿਚ ਬੈਠਾ ਹੋਇਆ ਸੀ, ਤਾਂ ਇਕ ਭਰਾ ਇਕ ਭੈਣ ਨੂੰ ਮੈਨੂੰ ਮਿਲਵਾਉਣ ਲਈ ਲੈ ਕੇ ਆਇਆ ਜੋ ਨਵੀਂ-ਨਵੀਂ ਬੈਥਲ ਵਿਚ ਆਈ ਸੀ। ਜਦੋਂ ਹੀ ਮੈਂ ਉਸ ਨਾਲ ਹੱਥ ਮਿਲਾਉਣ ਲੱਗਾ, ਤਾਂ ਉਹ ਮੇਰੇ ਪੈਰੀਂ ਪੈ ਗਈ। ਇਹ ਦੇਖ ਕੇ ਮੇਰੇ ਹੋਸ਼ ਹੀ ਉੱਡ ਗਏ! ਉਸੇ ਵੇਲੇ ਮੇਰੇ ਦਿਮਾਗ਼ ਵਿਚ ਇਹ ਆਇਤਾਂ ਆਈਆਂ ਰਸੂਲਾਂ ਦੇ ਕੰਮ 10:25, 26 ਤੇ ਪ੍ਰਕਾਸ਼ ਦੀ ਕਿਤਾਬ 19:10. ਮੈਂ ਸੋਚਿਆ, ‘ਕੀ ਮੈਂ ਇਸ ਭੈਣ ਨੂੰ ਕਹਾਂ ਕਿ ਉਹ ਇੱਦਾਂ ਨਾ ਕਰੇ?’ ਫਿਰ ਮੇਰੇ ਦਿਮਾਗ਼ ਵਿਚ ਆਇਆ ਕਿ ਉਸ ਨੂੰ ਤਾਂ ਬੈਥਲ ਵਿਚ ਬੁਲਾਇਆ ਗਿਆ ਹੈ, ਇਸ ਲਈ ਉਸ ਨੂੰ ਪਤਾ ਹੀ ਹੋਣਾ ਕਿ ਬਾਈਬਲ ਵਿਚ ਇਸ ਬਾਰੇ ਕੀ ਲਿਖਿਆ ਹੈ।

ਉਸ ਭੈਣ ਦੇ ਪੈਰੀਂ ਪੈਣ ਕਰਕੇ ਮੈਂ ਬਹੁਤ ਜ਼ਿਆਦਾ ਹੈਰਾਨ-ਪਰੇਸ਼ਾਨ ਸੀ ਜਿਸ ਕਰਕੇ ਮੈਂ ਬਾਅਦ ਵਿਚ ਹੋਈ ਗੱਲਬਾਤ ʼਤੇ ਬਿਲਕੁਲ ਵੀ ਧਿਆਨ ਨਹੀਂ ਦੇ ਪਾਇਆ। ਉਨ੍ਹਾਂ ਦੇ ਜਾਣ ਤੋਂ ਬਾਅਦ ਜਦੋਂ ਮੈਂ ਖੋਜਬੀਨ ਕੀਤੀ, ਤਾਂ ਮੈਨੂੰ ਪਤਾ ਲੱਗਾ ਕਿ ਉਹ ਭੈਣ ਤਾਂ ਉੱਥੋਂ ਦੇ ਰਿਵਾਜ ਮੁਤਾਬਕ ਹੀ ਇੱਦਾਂ ਕਰ ਰਹੀ ਸੀ ਜੋ ਉਦੋਂ ਉੱਥੇ ਦੇ ਕੁਝ ਇਲਾਕਿਆਂ ਵਿਚ ਮੰਨਿਆ ਜਾਂਦਾ ਸੀ। ਸਿਰਫ਼ ਔਰਤਾਂ ਹੀ ਨਹੀਂ, ਸਗੋਂ ਆਦਮੀ ਵੀ ਇਹ ਰਿਵਾਜ ਮੰਨਦੇ ਸਨ। ਇੱਦਾਂ ਕਰ ਕੇ ਉਹ ਕਿਸੇ ਦੀ ਭਗਤੀ ਨਹੀਂ ਕਰਦੇ ਸਨ, ਸਗੋਂ ਦੂਜਿਆਂ ਨੂੰ ਆਦਰ-ਮਾਣ ਦਿੰਦੇ ਸਨ। ਨਾਲੇ ਬਾਈਬਲ ਵਿਚ ਵੀ ਇੱਦਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਇੱਦਾਂ ਕੀਤਾ ਸੀ। (1 ਸਮੂ. 24:8) ਮੈਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਮੈਂ ਉਸ ਭੈਣ ਨੂੰ ਇੱਦਾਂ ਦਾ ਕੁਝ ਨਹੀਂ ਕਿਹਾ ਜਿਸ ਕਰਕੇ ਉਹ ਸ਼ਰਮਿੰਦੀ ਹੋ ਸਕਦੀ ਸੀ।

ਅਸੀਂ ਨਾਈਜੀਰੀਆ ਵਿਚ ਇੱਦਾਂ ਦੇ ਕਈ ਭੈਣਾਂ-ਭਰਾਵਾਂ ਨੂੰ ਮਿਲੇ ਜਿਨ੍ਹਾਂ ਨੇ ਸਾਲਾਂ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਸੀ। ਉਨ੍ਹਾਂ ਵਿੱਚੋਂ ਇਕ ਭਰਾ ਸੀ, ਆਈਜ਼ੇਆ ਆਡਾਗਬੋਨਾ। b ਉਸ ਨੇ ਜਵਾਨੀ ਵਿਚ ਸੱਚਾਈ ਸਿੱਖੀ ਸੀ। ਪਰ ਬਾਅਦ ਵਿਚ ਉਸ ਨੂੰ ਕੋੜ੍ਹ ਹੋ ਗਿਆ ਤੇ ਉਸ ਨੂੰ ਇੱਦਾਂ ਦੀ ਜਗ੍ਹਾ ਭੇਜ ਦਿੱਤਾ ਗਿਆ ਜਿੱਥੇ ਸਿਰਫ਼ ਕੋੜ੍ਹੀ ਰਹਿੰਦੇ ਸਨ। ਉੱਥੇ ਉਹ ਇਕੱਲਾ ਹੀ ਗਵਾਹ ਸੀ। ਉਸ ਦਾ ਬਹੁਤ ਵਿਰੋਧ ਕੀਤਾ ਗਿਆ, ਪਰ ਫਿਰ ਵੀ ਉਹ ਪ੍ਰਚਾਰ ਕਰਦਾ ਰਿਹਾ। ਉਸ ਨੇ 30 ਤੋਂ ਜ਼ਿਆਦਾ ਕੋੜ੍ਹੀਆਂ ਦੀ ਗਵਾਹ ਬਣਨ ਵਿਚ ਮਦਦ ਕੀਤੀ। ਬਾਅਦ ਵਿਚ ਉੱਥੇ ਇਕ ਮੰਡਲੀ ਬਣ ਗਈ।

ਕੀਨੀਆ​—ਭੈਣਾਂ-ਭਰਾਵਾਂ ਨੇ ਮੇਰੇ ਨਾਲ ਬਹੁਤ ਧੀਰਜ ਰੱਖਿਆ

ਕੀਨੀਆ ਵਿਚ ਗੈਂਡੇ ਦੇ ਅਨਾਥ ਬੱਚੇ ਨਾਲ

1996 ਵਿਚ ਸਾਨੂੰ ਕੀਨੀਆ ਦੀ ਬ੍ਰਾਂਚ ਵਿਚ ਸੇਵਾ ਕਰਨ ਲਈ ਭੇਜਿਆ ਗਿਆ। ਕਹਾਣੀ ਦੇ ਸ਼ੁਰੂ ਵਿਚ ਜਦੋਂ ਮੈਂ ਕੀਨੀਆ ਦਾ ਜ਼ਿਕਰ ਕੀਤਾ ਸੀ, ਉਸ ਤੋਂ ਬਾਅਦ ਮੈਂ ਹੁਣ ਕੀਨੀਆ ਵਾਪਸ ਜਾ ਰਿਹਾ ਸੀ। ਅਸੀਂ ਦੋਨੋਂ ਬੈਥਲ ਵਿਚ ਹੀ ਰਹਿੰਦੇ ਸੀ। ਬੈਥਲ ਵਿਚ ਇਨਸਾਨਾਂ ਦੇ ਨਾਲ-ਨਾਲ ਬਾਂਦਰ ਵੀ ਆਉਂਦੇ ਸਨ। ਉਹ ਭੈਣਾਂ ਦੇ ਹੱਥੋਂ ਫਲ-ਫਰੂਟ ਖੋਹ ਕੇ ਲੈ ਜਾਂਦੇ ਸਨ। ਇਕ ਦਿਨ ਜਦੋਂ ਇਕ ਭੈਣ ਬੈਥਲ ਤੋਂ ਬਾਹਰ ਗਈ ਹੋਈ ਸੀ, ਤਾਂ ਉਸ ਦੇ ਘਰ ਦੀ ਖਿੜਕੀ ਖੁੱਲ੍ਹੀ ਰਹਿ ਗਈ। ਜਦੋਂ ਉਹ ਵਾਪਸ ਘਰ ਆਈ, ਤਾਂ ਉਸ ਨੇ ਦੇਖਿਆ ਕਿ ਇਕ ਬਾਂਦਰਾਂ ਦਾ ਝੁੰਡ ਮਜ਼ੇ ਨਾਲ ਖਾਣਾ ਖਾ ਰਿਹਾ ਸੀ। ਉਹ ਚੀਕਾਂ ਮਾਰਦੀ ਹੋਈ ਬਾਹਰ ਨੂੰ ਭੱਜੀ ਅਤੇ ਬਾਂਦਰ ਵੀ ਚੀਕਾਂ ਮਾਰਦੇ ਹੋਏ ਖਿੜਕੀ ਵਿੱਚੋਂ ਛਾਲਾਂ ਮਾਰ ਕੇ ਬਾਹਰ ਨੂੰ ਭੱਜੇ।

ਮੈਂ ਅਤੇ ਪੋਲੀਨ ਸਹੇਲੀ ਭਾਸ਼ਾ ਦੀ ਮੰਡਲੀ ਵਿਚ ਜਾਣ ਲੱਗੇ। ਕੁਝ ਹੀ ਸਮੇਂ ਬਾਅਦ ਮੈਨੂੰ ਮੰਡਲੀ ਵਿਚ ਬਾਈਬਲ ਪੁਸਤਕ ਅਧਿਐਨ (ਜਿਸ ਨੂੰ ਅੱਜ ਮੰਡਲੀ ਦੀ ਬਾਈਬਲ ਸਟੱਡੀ ਕਹਿੰਦੇ ਹਨ) ਕਰਵਾਉਣ ਲਈ ਕਿਹਾ ਗਿਆ। ਪਰ ਨਵੀਂ ਭਾਸ਼ਾ ਬੋਲਣ ਦੇ ਮਾਮਲੇ ਵਿਚ ਮੈਂ ਹਾਲੇ ਛੋਟਾ ਬੱਚਾ ਹੀ ਸੀ। ਮੈਂ ਬਹੁਤ ਪਹਿਲਾਂ ਹੀ ਸਟੱਡੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ ਸੀ। ਇਸ ਲਈ ਮੈਂ ਸਵਾਲ ਚੰਗੀ ਤਰ੍ਹਾਂ ਪੜ੍ਹ ਲੈਂਦਾ ਸੀ। ਪਰ ਜੇ ਕੋਈ ਭੈਣ-ਭਰਾ ਪੈਰੇ ਤੋਂ ਥੋੜ੍ਹਾ ਵੀ ਅਲੱਗ ਜਵਾਬ ਦਿੰਦਾ ਸੀ, ਤਾਂ ਮੈਨੂੰ ਬਿਲਕੁਲ ਵੀ ਸਮਝ ਨਹੀਂ ਸੀ ਆਉਂਦਾ। ਉਦੋਂ ਮੈਨੂੰ ਬਹੁਤ ਅਜੀਬ ਲੱਗਦਾ ਸੀ! ਮੈਨੂੰ ਭੈਣਾਂ-ਭਰਾਵਾਂ ਲਈ ਬਹੁਤ ਬੁਰਾ ਲੱਗਦਾ ਸੀ। ਪਰ ਭੈਣ-ਭਰਾ ਬਹੁਤ ਨਿਮਰ ਸਨ ਅਤੇ ਉਨ੍ਹਾਂ ਨੇ ਮੇਰੇ ਨਾਲ ਬਹੁਤ ਧੀਰਜ ਰੱਖਿਆ। ਇਹ ਗੱਲ ਮੇਰੇ ਦਿਲ ਨੂੰ ਛੂਹ ਗਈ। ਉਨ੍ਹਾਂ ਦੇ ਧੀਰਜ ਰੱਖਣ ਕਰਕੇ ਮੈਂ ਮੰਡਲੀ ਵਿਚ ਆਪਣੇ ਭਾਗ ਪੇਸ਼ ਕਰਦਾ ਰਹਿ ਸਕਿਆ।

ਅਮਰੀਕਾ​—ਸੁੱਖ-ਸਹੂਲਤਾਂ ਹੋਣ ਦੇ ਨਾਲ-ਨਾਲ ਪੱਕੀ ਨਿਹਚਾ

ਅਸੀਂ ਇਕ ਸਾਲ ਤੋਂ ਵੀ ਘੱਟ ਸਮਾਂ ਕੀਨੀਆ ਵਿਚ ਰਹੇ। ਫਿਰ 1997 ਵਿਚ ਸਾਨੂੰ ਨਿਊਯਾਰਕ ਦੇ ਬਰੁਕਲਿਨ ਬੈਥਲ ਵਿਚ ਬੁਲਾਇਆ ਗਿਆ। ਇਸ ਦੇਸ਼ ਦੇ ਲੋਕਾਂ ਕੋਲ ਸੁੱਖ-ਸਹੂਲਤ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਨ ਜਿਨ੍ਹਾਂ ਕਰਕੇ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਸਨ। (ਕਹਾ. 30:8, 9) ਪਰ ਇੱਥੋਂ ਦੇ ਭੈਣਾਂ-ਭਰਾਵਾਂ ਦੀ ਨਿਹਚਾ ਬਹੁਤ ਪੱਕੀ ਹੈ। ਸਾਡੇ ਭੈਣ-ਭਰਾ ਆਪਣਾ ਸਮਾਂ ਤੇ ਚੀਜ਼ਾਂ ਯਹੋਵਾਹ ਦੀ ਸੇਵਾ ਕਰਨ ਵਿਚ ਲਾਉਂਦੇ ਹਨ, ਨਾ ਕਿ ਐਸ਼ੋ-ਅਰਾਮ ਦੀਆਂ ਚੀਜ਼ਾਂ ਇਕੱਠੀਆਂ ਕਰਨ ਵਿਚ।

ਇਨ੍ਹਾਂ ਸਾਲਾਂ ਦੌਰਾਨ ਅਸੀਂ ਦੇਖਿਆ ਕਿ ਕਿਵੇਂ ਸਾਡੇ ਭੈਣ-ਭਰਾ ਅਲੱਗ-ਅਲੱਗ ਹਾਲਾਤਾਂ ਵਿਚ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਆਇਰਲੈਂਡ ਵਿਚ ਲੜਾਈਆਂ ਅਤੇ ਦੰਗਿਆਂ ਦੇ ਬਾਵਜੂਦ ਵੀ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਰਹੀ। ਅਫ਼ਰੀਕਾ ਵਿਚ ਗ਼ਰੀਬੀ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਦੀ ਨਿਹਚਾ ਕਮਜ਼ੋਰ ਨਹੀਂ ਪਈ। ਨਾਲੇ ਅਮਰੀਕਾ ਵਿਚ ਜਿੱਥੇ ਲੋਕ ਪੈਸੇ ʼਤੇ ਭਰੋਸਾ ਰੱਖਦੇ ਹਨ, ਉੱਥੇ ਵੀ ਸਾਡੇ ਭੈਣਾਂ-ਭਰਾਵਾਂ ਦੀ ਯਹੋਵਾਹ ʼਤੇ ਨਿਹਚਾ ਪੱਕੀ ਰਹੀ। ਸੋਚੋ ਕਿ ਜਦੋਂ ਯਹੋਵਾਹ ਝੁਕ ਕੇ ਥੱਲੇ ਦੇਖਦਾ ਹੋਣਾ ਕਿ ਕਿਵੇਂ ਉਸ ਦੇ ਲੋਕ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਉਸ ਦੇ ਵਫ਼ਾਦਾਰ ਰਹਿੰਦੇ ਹਨ, ਤਾਂ ਉਸ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ!

ਪੋਲੀਨ ਨਾਲ ਵਾਰਵਿਕ ਦੇ ਬੈਥਲ ਵਿਚ

ਸੱਚੀਂ! ਇੰਨੇ ਸਾਲ ਕਦੋਂ “ਜੁਲਾਹੇ ਦੀ ਨਾਲ੍ਹ ਤੋਂ ਵੀ ਤੇਜ਼” ਦੌੜ ਗਏ ਕਿ ਸਾਨੂੰ ਪਤਾ ਵੀ ਨਹੀਂ ਲੱਗਾ। (ਅੱਯੂ. 7:6) ਅਸੀਂ ਹੁਣ ਨਿਊਯਾਰਕ ਦੇ ਵਾਰਵਿਕ ਦੇ ਹੈੱਡਕੁਆਰਟਰ ਵਿਚ ਸੇਵਾ ਕਰ ਰਹੇ ਹਾਂ। ਇਕ-ਦੂਜੇ ਨਾਲ ਪਿਆਰ ਕਰਨ ਵਾਲੇ ਭੈਣਾਂ-ਭਰਾਵਾਂ ਨਾਲ ਸੇਵਾ ਕਰਨੀ ਸੱਚ-ਮੁੱਚ ਕਿੰਨੇ ਸਨਮਾਨ ਦੀ ਗੱਲ ਹੈ! ਅਸੀਂ ਆਪਣੇ ਰਾਜੇ ਯਿਸੂ ਮਸੀਹ ਦਾ ਸਾਥ ਦੇ ਕੇ ਬਹੁਤ ਖ਼ੁਸ਼ ਤੇ ਸੰਤੁਸ਼ਟ ਹਾਂ ਜੋ ਬਹੁਤ ਜਲਦ ਆਪਣੇ ਅਣਗਿਣਤ ਵਫ਼ਾਦਾਰ ਸੇਵਕਾਂ ਨੂੰ ਬਰਕਤਾਂ ਦੇਵੇਗਾ।​—ਮੱਤੀ 25:34.

a ਵੱਡੇ ਸੰਮੇਲਨ ਨੂੰ ਪਹਿਲਾਂ ਜ਼ਿਲ੍ਹਾ ਸੰਮੇਲਨ ਕਹਿੰਦੇ ਸਨ।

b ਭਰਾ ਆਈਜ਼ੇਆ ਆਡਾਗਬੋਨਾ ਦੀ ਜੀਵਨੀ 1 ਅਪ੍ਰੈਲ 1998 ਦੇ ਪਹਿਰਾਬੁਰਜ (ਹਿੰਦੀ) ਦੇ ਸਫ਼ੇ 22-27 ਵਿਚ ਦੇਖ ਸਕਦੇ ਹੋ। 2010 ਵਿਚ ਇਸ ਭਰਾ ਦੀ ਮੌਤ ਹੋ ਗਈ।