Skip to content

Skip to table of contents

ਅਧਿਐਨ ਲੇਖ 22

ਅਧਿਐਨ ਕਰਨ ਦੀ ਆਪਣੀ ਆਦਤ ਵਿਚ ਸੁਧਾਰ ਕਰੋ

ਅਧਿਐਨ ਕਰਨ ਦੀ ਆਪਣੀ ਆਦਤ ਵਿਚ ਸੁਧਾਰ ਕਰੋ

“ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”​—ਫ਼ਿਲਿ. 1:10.

ਗੀਤ 42 ‘ਕਮਜ਼ੋਰ ਲੋਕਾਂ ਦੀ ਮਦਦ ਕਰੋ’

ਖ਼ਾਸ ਗੱਲਾਂ *

1. ਬਹੁਤ ਜਣੇ ਸ਼ਾਇਦ ਅਧਿਐਨ ਕਿਉਂ ਨਹੀਂ ਕਰਨਾ ਚਾਹੁੰਦੇ?

ਅੱਜ ਬਹੁਤ ਸਾਰੇ ਲੋਕਾਂ ਨੂੰ ਆਪਣਾ ਗੁਜ਼ਾਰਾ ਤੋਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਆਪਣੇ ਪਰਿਵਾਰ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਕਈ-ਕਈ ਘੰਟੇ ਕੰਮ ਕਰਨਾ ਪੈਂਦਾ ਹੈ। ਬਹੁਤ ਜਣਿਆਂ ਨੂੰ ਹਰ ਰੋਜ਼ ਆਪਣੇ ਕੰਮ ’ਤੇ ਆਉਣ-ਜਾਣ ਲਈ ਘੰਟਿਆਂ-ਬੱਧੀ ਸਫ਼ਰ ਕਰਨਾ ਪੈਂਦਾ ਹੈ। ਕਈ ਜਣੇ ਆਪਣਾ ਗੁਜ਼ਾਰਾ ਤੋਰਨ ਲਈ ਮਿਹਨਤ-ਮਜ਼ਦੂਰੀ ਕਰਦੇ ਹਨ। ਮਿਹਨਤ ਕਰਨ ਵਾਲੇ ਇਹ ਭੈਣ-ਭਰਾ ਸ਼ਾਮ ਨੂੰ ਥੱਕ ਕੇ ਚੂਰ ਹੋ ਜਾਂਦੇ ਹਨ। ਇਸ ਕਰਕੇ ਬਹੁਤ ਜਣੇ ਅਧਿਐਨ ਨਹੀਂ ਕਰਨਾ ਚਾਹੁੰਦੇ।

2. ਤੁਸੀਂ ਕਦੋਂ ਅਧਿਐਨ ਕਰਦੇ ਹੋ?

2 ਪਰ ਸੱਚਾਈ ਤਾਂ ਇਹ ਹੈ ਕਿ ਸਾਨੂੰ ਪਰਮੇਸ਼ੁਰ ਦੇ ਬਚਨ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ। ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾਉਣ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਅਧਿਐਨ ਕਰਨਾ ਜ਼ਰੂਰੀ ਹੈ। (1 ਤਿਮੋ. 4:15, 16) ਕੁਝ ਜਣੇ ਸਵੇਰੇ ਜਲਦੀ ਉੱਠ ਕੇ ਅਧਿਐਨ ਕਰਦੇ ਹਨ ਜਦੋਂ ਆਲਾ-ਦੁਆਲਾ ਸ਼ਾਂਤ ਹੁੰਦਾ ਹੈ ਅਤੇ ਰਾਤ ਦੀ ਨੀਂਦ ਤੋਂ ਬਾਅਦ ਉਹ ਤਰੋਤਾਜ਼ਾ ਹੁੰਦੇ ਹਨ। ਕੁਝ ਜਣੇ ਸ਼ਾਮ ਦੇ ਸ਼ਾਂਤ ਮਾਹੌਲ ਵਿਚ ਅਧਿਐਨ ਕਰਨ ਅਤੇ ਸੋਚ-ਵਿਚਾਰ ਕਰਨ ਲਈ ਅਲੱਗ ਸਮਾਂ ਰੱਖਦੇ ਹਨ।

3-4. ਪ੍ਰਕਾਸ਼ਨਾਂ ਰਾਹੀਂ ਅਤੇ ਆਨ-ਲਾਈਨ ਦਿੱਤੀ ਜਾਣਕਾਰੀ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਕਿਉਂ?

3 ਬਿਨਾਂ ਸ਼ੱਕ, ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਅਧਿਐਨ ਕਰਨ ਲਈ ਸਮਾਂ ਕੱਢਣਾ ਜ਼ਰੂਰੀ ਹੈ। ਪਰ ਸਾਨੂੰ ਕਿਸ ਬਾਰੇ ਅਧਿਐਨ ਕਰਨਾ ਚਾਹੀਦਾ ਹੈ? ਤੁਸੀਂ ਸ਼ਾਇਦ ਕਹੋ, ‘ਇੰਨਾ ਕੁਝ ਤਾਂ ਪੜ੍ਹਨ ਨੂੰ ਹੈ। ਮੈਂ ਸਾਰਾ ਕੁਝ ਨਹੀਂ ਪੜ੍ਹ ਸਕਦਾ।’ ਕੁਝ ਭੈਣ-ਭਰਾ ਸਾਰੇ ਪ੍ਰਕਾਸ਼ਨ ਪੜ੍ਹ ਲੈਂਦੇ ਹਨ ਅਤੇ ਬਾਈਬਲ-ਆਧਾਰਿਤ ਸਾਰੀਆਂ ਵੀਡੀਓ ਦੇਖ ਲੈਂਦੇ ਹਨ, ਪਰ ਬਹੁਤ ਸਾਰੇ ਭੈਣਾਂ-ਭਰਾਵਾਂ ਲਈ ਸਮਾਂ ਕੱਢਣਾ ਔਖਾ ਹੁੰਦਾ ਹੈ। ਪ੍ਰਬੰਧਕ ਸਭਾ ਨੂੰ ਇਸ ਬਾਰੇ ਪਤਾ ਹੈ। ਇਸ ਲਈ ਹਾਲ ਹੀ ਵਿਚ ਪ੍ਰਬੰਧਕ ਸਭਾ ਨੇ ਪ੍ਰਕਾਸ਼ਨਾਂ ਰਾਹੀਂ ਅਤੇ ਆਨ-ਲਾਈਨ ਦਿੱਤੀ ਜਾਂਦੀ ਜਾਣਕਾਰੀ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਹੈ।

4 ਮਿਸਾਲ ਲਈ, ਅਸੀਂ ਹੁਣ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ ਨਹੀਂ ਛਾਪਦੇ ਕਿਉਂਕਿ ਹੌਸਲਾ ਦੇਣ ਵਾਲੇ ਬਹੁਤ ਸਾਰੇ ਤਜਰਬੇ jw.org ਅਤੇ ਹਰ ਮਹੀਨੇ JW ਬ੍ਰਾਡਕਾਸਟ ’ਤੇ ਆਉਂਦੇ ਹਨ। ਪਬਲਿਕ ਐਡੀਸ਼ਨ ਦੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਹੁਣ ਸਾਲ ਵਿਚ ਸਿਰਫ਼ ਤਿੰਨ-ਤਿੰਨ ਹੀ ਆਉਂਦੇ ਹਨ। ਇਹ ਤਬਦੀਲੀਆਂ ਇਸ ਲਈ ਨਹੀਂ ਕੀਤੀਆਂ ਗਈਆਂ ਤਾਂਕਿ ਅਸੀਂ ਹੋਰ ਕੰਮਾਂ ਵਿਚ ਜ਼ਿਆਦਾ ਸਮਾਂ ਲਾ ਸਕੀਏ। ਇਹ ਤਬਦੀਲੀਆਂ ਕਰਨ ਦਾ ਮਕਸਦ ਹੈ ਕਿ ਅਸੀਂ “ਜ਼ਿਆਦਾ ਜ਼ਰੂਰੀ ਗੱਲਾਂ” ਵੱਲ ਧਿਆਨ ਲਾ ਸਕੀਏ। (ਫ਼ਿਲਿ. 1:10) ਆਓ ਆਪਾਂ ਇਸ ਗੱਲ ਉੱਤੇ ਧਿਆਨ ਦੇਈਏ ਕਿ ਤੁਸੀਂ ਕਿਵੇਂ ਫ਼ੈਸਲਾ ਕਰ ਸਕਦੇ ਹੋ ਕਿ ਜ਼ਰੂਰੀ ਗੱਲਾਂ ਕਿਹੜੀਆਂ ਹਨ ਅਤੇ ਤੁਸੀਂ ਆਪਣੇ ਬਾਈਬਲ ਅਧਿਐਨ ਤੋਂ ਪੂਰਾ ਫ਼ਾਇਦਾ ਕਿਵੇਂ ਲੈ ਸਕਦੇ ਹੋ।

ਫ਼ੈਸਲਾ ਕਰੋ ਕਿ ਤੁਹਾਡੇ ਲਈ ਜ਼ਰੂਰੀ ਗੱਲਾਂ ਕਿਹੜੀਆਂ ਹਨ

5-6. ਸਾਨੂੰ ਕਿਨ੍ਹਾਂ ਪ੍ਰਕਾਸ਼ਨਾਂ ਦਾ ਧਿਆਨ ਨਾਲ ਅਧਿਐਨ ਕਰਨਾ ਚਾਹੀਦਾ ਹੈ?

5 ਸਾਡੀਆਂ ਜ਼ਰੂਰੀ ਗੱਲਾਂ ਵਿਚ ਕੀ ਕੁਝ ਸ਼ਾਮਲ ਹੋਣਾ ਚਾਹੀਦਾ ਹੈ? ਸਾਨੂੰ ਹਰ ਰੋਜ਼ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਚਾਹੀਦਾ ਹੈ। ਮੰਡਲੀ ਵਿਚ ਹਰ ਹਫ਼ਤੇ ਜੋ ਬਾਈਬਲ ਪੜ੍ਹਾਈ ਕੀਤੀ ਜਾਂਦੀ ਹੈ, ਹੁਣ ਉਸ ਵਿਚ ਆਇਤਾਂ ਨੂੰ ਘਟਾਇਆ ਗਿਆ ਹੈ ਤਾਂਕਿ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਅਤੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰਨ ਲਈ ਸਾਡੇ ਕੋਲ ਜ਼ਿਆਦਾ ਸਮਾਂ ਹੋਵੇ। ਸਾਡਾ ਟੀਚਾ ਸਿਰਫ਼ ਆਇਤਾਂ ਨੂੰ ਪੜ੍ਹਨ ਦਾ ਹੀ ਨਹੀਂ ਹੋਣਾ ਚਾਹੀਦਾ, ਸਗੋਂ ਬਾਈਬਲ ਦੇ ਸੰਦੇਸ਼ ਨੂੰ ਆਪਣੇ ਦਿਲਾਂ ’ਤੇ ਅਸਰ ਕਰਨ ਦੇਣ ਅਤੇ ਯਹੋਵਾਹ ਦੇ ਹੋਰ ਨੇੜੇ ਜਾਣ ਦਾ ਹੋਣਾ ਚਾਹੀਦਾ ਹੈ।​—ਜ਼ਬੂ. 19:14.

6 ਸਾਨੂੰ ਹੋਰ ਕਿਸ ਚੀਜ਼ ਦਾ ਧਿਆਨ ਨਾਲ ਅਧਿਐਨ ਕਰਨਾ ਚਾਹੀਦਾ ਹੈ? ਬਿਨਾਂ ਸ਼ੱਕ, ਅਸੀਂ ਪਹਿਰਾਬੁਰਜ ਅਤੇ ਮੰਡਲੀ ਦੀ ਬਾਈਬਲ ਸਟੱਡੀ ਦੇ ਨਾਲ-ਨਾਲ ਹਫ਼ਤੇ ਦੌਰਾਨ ਹੋਣ ਵਾਲੀਆਂ ਸਭਾਵਾਂ ਦੀ ਵੀ ਤਿਆਰੀ ਕਰਨੀ ਚਾਹੁੰਦੇ ਹਾਂ। ਅਸੀਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦਾ ਹਰ ਅੰਕ ਵੀ ਪੜ੍ਹਨਾ ਚਾਹੁੰਦੇ ਹਾਂ।

7. ਕੀ ਸਾਨੂੰ ਨਿਰਾਸ਼ ਹੋ ਜਾਣਾ ਚਾਹੀਦਾ ਹੈ ਜੇ ਅਸੀਂ jw.org ਅਤੇ ਹਰ ਮਹੀਨੇ ਬ੍ਰਾਡਕਾਸਟ ਵਿਚ ਦਿੱਤੀ ਜਾਂਦੀ ਸਾਰੀ ਜਾਣਕਾਰੀ ਪੜ੍ਹ ਜਾਂ ਦੇਖ ਨਹੀਂ ਸਕਦੇ?

7 ਤੁਸੀਂ ਸ਼ਾਇਦ ਕਹੋ, ‘ਇਹ ਤਾਂ ਠੀਕ ਹੈ, ਪਰ ਹਰ ਮਹੀਨੇ ਬ੍ਰਾਡਕਾਸਟ ਵਿਚ ਦਿੱਤੀ ਜਾਣਕਾਰੀ ਅਤੇ jw.org ’ਤੇ ਆਉਂਦੇ ਲੇਖਾਂ ਅਤੇ ਵੀਡੀਓ ਬਾਰੇ ਕੀ? ਬਹੁਤ ਕੁਝ ਪੜ੍ਹਨ ਤੇ ਦੇਖਣ ਨੂੰ ਹੈ!’ ਜ਼ਰਾ ਇਕ ਮਿਸਾਲ ’ਤੇ ਗੌਰ ਕਰੋ: ਰੈਸਟੋਰੈਂਟ ਵਿਚ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਹੁੰਦੇ ਹਨ। ਪਰ ਅਸੀਂ ਸਾਰੀਆਂ ਚੀਜ਼ਾਂ ਨਹੀਂ ਖਾ ਸਕਦੇ। ਅਸੀਂ ਕੁਝ ਹੀ ਚੀਜ਼ਾਂ ਖਾਂਦੇ ਹਾਂ। ਇਸੇ ਤਰ੍ਹਾਂ ਜੇ ਤੁਸੀਂ ਆਨ-ਲਾਈਨ ਮਿਲਦੀ ਸਾਰੀ ਜਾਣਕਾਰੀ ਪੜ੍ਹ ਜਾਂ ਦੇਖ ਨਹੀਂ ਸਕਦੇ, ਤਾਂ ਨਿਰਾਸ਼ ਨਾ ਹੋਵੋ। ਜਿੰਨਾ ਤੁਸੀਂ ਪੜ੍ਹ ਜਾਂ ਦੇਖ ਸਕਦੇ ਹੋ, ਉੱਨਾ ਪੜ੍ਹੋ ਤੇ ਦੇਖੋ। ਆਓ ਆਪਾਂ ਹੁਣ ਦੇਖੀਏ ਕਿ ਅਧਿਐਨ ਕਰਨ ਦਾ ਕੀ ਮਤਲਬ ਹੈ ਅਤੇ ਅਸੀਂ ਆਪਣੇ ਅਧਿਐਨ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਕਿਵੇਂ ਲੈ ਸਕਦੇ ਹਾਂ?

ਅਧਿਐਨ ਕਰਨ ਵਿਚ ਮਿਹਨਤ ਲੱਗਦੀ ਹੈ!

8. ਪਹਿਰਾਬੁਰਜ ਦੀ ਤਿਆਰੀ ਕਰਦਿਆਂ ਤੁਸੀਂ ਕੀ ਕਰ ਸਕਦੇ ਹੋ ਅਤੇ ਇਸ ਤਰ੍ਹਾਂ ਕਰਨ ਦਾ ਤੁਹਾਨੂੰ ਕੀ ਫ਼ਾਇਦਾ ਹੋਵੇਗਾ?

8 ਅਧਿਐਨ ਕਰਦਿਆਂ ਪੜ੍ਹੀਆਂ ਗੱਲਾਂ ’ਤੇ ਧਿਆਨ ਲਾਓ ਤਾਂਕਿ ਤੁਸੀਂ ਜ਼ਰੂਰੀ ਗੱਲਾਂ ਸਿੱਖ ਸਕੋ। ਅਧਿਐਨ ਕਰਨ ਦਾ ਮਤਲਬ ਸਿਰਫ਼ ਜਲਦੀ-ਜਲਦੀ ਪੜ੍ਹਨਾ ਤੇ ਲਾਈਨਾਂ ਲਾਉਣੀਆਂ ਹੀ ਨਹੀਂ ਹੈ। ਮਿਸਾਲ ਲਈ, ਪਹਿਰਾਬੁਰਜ ਦੀ ਤਿਆਰੀ ਕਰਦਿਆਂ ਪਹਿਲਾਂ ਲੇਖ ਦੇ ਸ਼ੁਰੂ ਵਿਚ ਦਿੱਤੀਆਂ ਖ਼ਾਸ ਗੱਲਾਂ ਪੜ੍ਹੋ। ਫਿਰ ਲੇਖ ਦਾ ਵਿਸ਼ਾ, ਉਪ-ਸਿਰਲੇਖ ਅਤੇ ਮੁੜ ਵਿਚਾਰ ਕਰਨ ਲਈ ਸਵਾਲ ਪੜ੍ਹੋ ਅਤੇ ਉਨ੍ਹਾਂ ’ਤੇ ਸੋਚ-ਵਿਚਾਰ ਕਰੋ। ਇਸ ਤੋਂ ਬਾਅਦ, ਹੌਲੀ-ਹੌਲੀ ਤੇ ਧਿਆਨ ਨਾਲ ਲੇਖ ਪੜ੍ਹੋ। ਪੈਰੇ ਦੇ ਉਸ ਵਾਕ ’ਤੇ ਧਿਆਨ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਪੈਰੇ ਵਿਚ ਕਿਸ ਬਾਰੇ ਗੱਲ ਕੀਤੀ ਗਈ ਹੈ। ਇਹ ਵਾਕ ਅਕਸਰ ਹਰ ਪੈਰੇ ਦਾ ਪਹਿਲਾ ਵਾਕ ਹੁੰਦਾ ਹੈ। ਲੇਖ ਪੜ੍ਹਦਿਆਂ ਸੋਚੋ ਕਿ ਹਰ ਪੈਰਾ ਉਪ-ਸਿਰਲੇਖ ਅਤੇ ਲੇਖ ਦੇ ਵਿਸ਼ੇ ਨਾਲ ਕਿਵੇਂ ਸੰਬੰਧ ਰੱਖਦਾ ਹੈ। ਉਹ ਸ਼ਬਦ ਅਤੇ ਸਬਕ ਲਿਖ ਲਓ ਜੋ ਤੁਹਾਨੂੰ ਪਹਿਲਾਂ ਪਤਾ ਨਹੀਂ ਸਨ ਅਤੇ ਜਿਨ੍ਹਾਂ ਬਾਰੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ।

9. (ੳ) ਪਹਿਰਾਬੁਰਜ ਦਾ ਅਧਿਐਨ ਕਰਦਿਆਂ ਸਾਨੂੰ ਆਇਤਾਂ ’ਤੇ ਖ਼ਾਸ ਧਿਆਨ ਕਿਉਂ ਅਤੇ ਕਿਵੇਂ ਦੇਣਾ ਚਾਹੀਦਾ ਹੈ? (ਅ) ਯਹੋਸ਼ੁਆ 1:8 ਅਨੁਸਾਰ ਸਾਨੂੰ ਆਇਤਾਂ ਪੜ੍ਹਨ ਦੇ ਨਾਲ-ਨਾਲ ਹੋਰ ਕੀ ਕਰਨਾ ਚਾਹੀਦਾ ਹੈ?

9 ਪਹਿਰਾਬੁਰਜ ਦਾ ਅਧਿਐਨ ਬਾਈਬਲ ਸਮਝਣ ਵਿਚ ਸਾਡੀ ਮਦਦ ਕਰਦਾ ਹੈ। ਇਸ ਲਈ ਪਹਿਰਾਬੁਰਜ ਵਿਚ ਉਨ੍ਹਾਂ ਆਇਤਾਂ ’ਤੇ ਖ਼ਾਸ ਧਿਆਨ ਦਿਓ ਜੋ ਮੰਡਲੀ ਵਿਚ ਅਧਿਐਨ ਕਰਨ ਦੌਰਾਨ ਪੜ੍ਹੀਆਂ ਜਾਣਗੀਆਂ। ਧਿਆਨ ਦਿਓ ਕਿ ਆਇਤਾਂ ਵਿਚ ਦਿੱਤੇ ਸ਼ਬਦ ਜਾਂ ਵਾਕ ਪੈਰੇ ਨਾਲ ਕਿਵੇਂ ਮੇਲ ਖਾਂਦੇ ਹਨ। ਇਸ ਤੋਂ ਇਲਾਵਾ, ਪੜ੍ਹੀਆਂ ਆਇਤਾਂ ’ਤੇ ਸੋਚ-ਵਿਚਾਰ ਕਰੋ ਅਤੇ ਸੋਚੋ ਕਿ ਤੁਸੀਂ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ।​—ਯਹੋਸ਼ੁਆ 1:8 ਪੜ੍ਹੋ।

ਮਾਪਿਓ, ਆਪਣੇ ਬੱਚਿਆ ਨੂੰ ਅਧਿਐਨ ਕਰਨਾ ਸਿਖਾਓ (ਪੈਰਾ 10 ਦੇਖੋ) *

10. ਇਬਰਾਨੀਆਂ 5:14 ਅਨੁਸਾਰ ਮਾਪਿਆਂ ਨੂੰ ਪਰਿਵਾਰਕ ਸਟੱਡੀ ਦੌਰਾਨ ਆਪਣੇ ਬੱਚਿਆਂ ਨੂੰ ਅਧਿਐਨ ਕਰਨਾ ਅਤੇ ਖੋਜਬੀਨ ਕਰਨੀ ਕਿਉਂ ਸਿਖਾਉਣੀ ਚਾਹੀਦੀ ਹੈ?

10 ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਹਰ ਹਫ਼ਤੇ ਪਰਿਵਾਰਕ ਸਟੱਡੀ ਦਾ ਆਨੰਦ ਮਾਣਨ। ਚਾਹੇ ਮਾਪੇ ਹਮੇਸ਼ਾ ਪਹਿਲਾਂ ਹੀ ਯੋਜਨਾ ਬਣਾਉਂਦੇ ਹਨ ਕਿ ਉਹ ਪਰਿਵਾਰਕ ਸਟੱਡੀ ਦੌਰਾਨ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਨਗੇ, ਪਰ ਹਰ ਵਾਰ ਉਨ੍ਹਾਂ ਨੂੰ ਇਹ ਯੋਜਨਾ ਨਹੀਂ ਬਣਾਉਣੀ ਚਾਹੀਦੀ ਕਿ ਉਹ ਕੁਝ ਖ਼ਾਸ ਕਰਨਗੇ। ਭਾਵੇਂ ਪਰਿਵਾਰਕ ਸਟੱਡੀ ਦੌਰਾਨ ਸ਼ਾਇਦ ਮਹੀਨੇ ਦੀ ਬ੍ਰਾਡਕਾਸਟ ਦੇਖੀ ਜਾਵੇ ਜਾਂ ਕਦੇ-ਕਦਾਈਂ ਕੁਝ ਖ਼ਾਸ ਪ੍ਰਾਜੈਕਟ ਕੀਤੇ ਜਾਣ, ਜਿਵੇਂ ਨੂਹ ਦੀ ਕਿਸ਼ਤੀ ਬਣਾਉਣੀ, ਪਰ ਬੱਚਿਆਂ ਨੂੰ ਇਹ ਸਿਖਾਉਣਾ ਵੀ ਜ਼ਰੂਰੀ ਹੈ ਕਿ ਅਧਿਐਨ ਕਿਵੇਂ ਕੀਤਾ ਜਾਂਦਾ ਹੈ। ਮਿਸਾਲ ਲਈ, ਉਨ੍ਹਾਂ ਨੂੰ ਸਿੱਖਣ ਦੀ ਲੋੜ ਹੈ ਕਿ ਮੰਡਲੀ ਦੀਆਂ ਸਭਾਵਾਂ ਦੀ ਤਿਆਰੀ ਕਿਵੇਂ ਕਰਨੀ ਹੈ ਅਤੇ ਜੇ ਸਕੂਲ ਵਿਚ ਕੋਈ ਸਵਾਲ ਪੁੱਛਦਾ ਹੈ, ਤਾਂ ਉਸ ਦੀ ਖੋਜਬੀਨ ਕਿਵੇਂ ਕਰਨੀ ਹੈ। (ਇਬਰਾਨੀਆਂ 5:14 ਪੜ੍ਹੋ।) ਜੇ ਬੱਚੇ ਘਰ ਵਿਚ ਬਾਈਬਲ ਦੇ ਕਿਸੇ ਵਿਸ਼ੇ ’ਤੇ ਅਧਿਐਨ ਕਰਨ ਵਿਚ ਕੁਝ ਸਮਾਂ ਲਾਉਂਦੇ ਹਨ, ਤਾਂ ਉਨ੍ਹਾਂ ਲਈ ਸਭਾਵਾਂ ਅਤੇ ਸੰਮੇਲਨਾਂ ਵਿਚ ਧਿਆਨ ਦੇਣਾ ਜ਼ਿਆਦਾ ਸੌਖਾ ਹੋਵੇਗਾ ਜਿਨ੍ਹਾਂ ਵਿਚ ਹਮੇਸ਼ਾ ਵੀਡੀਓ ਨਹੀਂ ਦਿਖਾਈਆਂ ਜਾਂਦੀਆਂ। ਬਿਨਾਂ ਸ਼ੱਕ, ਮਾਪੇ ਆਪਣੇ ਬੱਚੇ ਦੀ ਉਮਰ ਤੇ ਸੁਭਾਅ ਅਨੁਸਾਰ ਤੈਅ ਕਰ ਸਕਦੇ ਹਨ ਕਿ ਉਹ ਆਪਣੇ ਬੱਚਿਆਂ ਨਾਲ ਕਿੰਨਾ ਚਿਰ ਅਧਿਐਨ ਕਰਨਗੇ।

11. ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਖ਼ੁਦ ਗਹਿਰਾਈ ਨਾਲ ਅਧਿਐਨ ਕਰਨਾ ਸਿਖਾਈਏ?

11 ਸਾਡੇ ਬਾਈਬਲ ਵਿਦਿਆਰਥੀਆਂ ਨੂੰ ਵੀ ਸਿੱਖਣ ਦੀ ਲੋੜ ਹੈ ਕਿ ਅਧਿਐਨ ਕਿਵੇਂ ਕੀਤਾ ਜਾਂਦਾ ਹੈ। ਜਦੋਂ ਉਹ ਸਟੱਡੀ ਕਰਨੀ ਸ਼ੁਰੂ ਕਰਦੇ ਹਨ, ਤਾਂ ਅਸੀਂ ਇਹ ਦੇਖ ਕੇ ਖ਼ੁਸ਼ ਹੁੰਦੇ ਹਾਂ ਕਿ ਉਹ ਬਾਈਬਲ ਸਟੱਡੀ ਜਾਂ ਸਭਾਵਾਂ ਦੀ ਤਿਆਰੀ ਕਰਨ ਲਈ ਜਵਾਬ ਹੇਠ ਲਾਈਨਾਂ ਮਾਰਦੇ ਹਨ। ਪਰ ਸਾਨੂੰ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸਿਖਾਉਣ ਦੀ ਲੋੜ ਹੈ ਕਿ ਖੋਜਬੀਨ ਕਿਵੇਂ ਕਰਨੀ ਹੈ ਅਤੇ ਖ਼ੁਦ ਗਹਿਰਾਈ ਨਾਲ ਅਧਿਐਨ ਕਿਵੇਂ ਕਰਨਾ ਹੈ। ਇਸ ਤਰੀਕੇ ਨਾਲ ਸਮੱਸਿਆਵਾਂ ਆਉਣ ’ਤੇ ਮੰਡਲੀ ਦੇ ਹੋਰ ਭੈਣਾਂ-ਭਰਾਵਾਂ ਤੋਂ ਮਦਦ ਲੈਣ ਦੀ ਬਜਾਇ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਸਲਾਹ ਲੈਣ ਲਈ ਉਨ੍ਹਾਂ ਨੂੰ ਪ੍ਰਕਾਸ਼ਨਾਂ ਤੋਂ ਖੋਜਬੀਨ ਕਰਨੀ ਚਾਹੀਦੀ ਹੈ।

ਕੋਈ ਟੀਚਾ ਰੱਖ ਕੇ ਅਧਿਐਨ ਕਰੋ

12. ਅਧਿਐਨ ਕਰਨ ਦੇ ਸ਼ਾਇਦ ਸਾਡੇ ਕਿਹੜੇ ਟੀਚੇ ਹੋਣ?

12 ਜੇ ਤੁਹਾਨੂੰ ਪੜ੍ਹਨਾ ਪਸੰਦ ਨਹੀਂ ਹੈ, ਤਾਂ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਹਾਨੂੰ ਅਧਿਐਨ ਕਰਨ ਦਾ ਕਦੇ ਮਜ਼ਾ ਨਹੀਂ ਆਵੇਗਾ। ਪਰ ਤੁਹਾਨੂੰ ਮਜ਼ਾ ਆ ਸਕਦਾ ਹੈ। ਸ਼ੁਰੂ-ਸ਼ੁਰੂ ਵਿਚ ਥੋੜ੍ਹੇ ਸਮੇਂ ਲਈ ਅਧਿਐਨ ਕਰੋ ਅਤੇ ਫਿਰ ਹੌਲੀ-ਹੌਲੀ ਅਧਿਐਨ ਕਰਨ ਦਾ ਸਮਾਂ ਵਧਾਓ। ਕੋਈ ਟੀਚਾ ਰੱਖ ਕੇ ਅਧਿਐਨ ਕਰੋ। ਬਿਨਾਂ ਸ਼ੱਕ, ਅਧਿਐਨ ਕਰਨ ਦਾ ਸਾਡਾ ਮੁੱਖ ਟੀਚਾ ਯਹੋਵਾਹ ਦੇ ਹੋਰ ਨੇੜੇ ਜਾਣ ਦਾ ਹੋਣਾ ਚਾਹੀਦਾ ਹੈ। ਕੁਝ ਹੋਰ ਟੀਚੇ ਹੋ ਸਕਦੇ ਹਨ ਜਿਨ੍ਹਾਂ ਨੂੰ ਛੇਤੀ ਹਾਸਲ ਕੀਤਾ ਜਾ ਸਕਦਾ ਹੋਵੇ, ਜਿਵੇਂ ਕਿਸੇ ਵੱਲੋਂ ਪੁੱਛੇ ਸਵਾਲ ਦਾ ਜਵਾਬ ਲੱਭਣਾ ਜਾਂ ਆਪਣੀ ਕਿਸੇ ਸਮੱਸਿਆ ਬਾਰੇ ਖੋਜਬੀਨ ਕਰਨੀ।

13. (ੳ) ਦੱਸੋ ਕਿ ਇਕ ਨੌਜਵਾਨ ਸਕੂਲ ਵਿਚ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਲਈ ਕੀ ਕਰ ਸਕਦਾ ਹੈ। (ਅ) ਕੁਲੁੱਸੀਆਂ 4:6 ਵਿਚ ਦਿੱਤੀ ਸਲਾਹ ਤੁਸੀਂ ਕਿਵੇਂ ਲਾਗੂ ਕਰ ਸਕਦੇ ਹੋ?

13 ਮਿਸਾਲ ਲਈ, ਕੀ ਤੁਸੀਂ ਸਕੂਲ ਵਿਚ ਪੜ੍ਹਦੇ ਹੋ? ਤੁਹਾਡੇ ਨਾਲ ਪੜ੍ਹਨ ਵਾਲੇ ਸ਼ਾਇਦ ਆਪਣਾ ਜਨਮ-ਦਿਨ ਮਨਾਉਂਦੇ ਹੋਣ। ਤੁਸੀਂ ਸ਼ਾਇਦ ਬਾਈਬਲ ਵਿੱਚੋਂ ਉਨ੍ਹਾਂ ਨੂੰ ਦੱਸਣਾ ਚਾਹੋ ਕਿ ਤੁਸੀਂ ਜਨਮ-ਦਿਨ ਕਿਉਂ ਨਹੀਂ ਮਨਾਉਂਦੇ। ਪਰ ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਉਨ੍ਹਾਂ ਨੂੰ ਨਹੀਂ ਸਮਝਾ ਸਕਦੇ। ਇਸ ਲਈ ਤੁਹਾਨੂੰ ਅਧਿਐਨ ਕਰਨ ਦੀ ਲੋੜ ਹੈ। ਅਧਿਐਨ ਕਰਨ ਦੇ ਤੁਹਾਡੇ ਦੋ ਟੀਚੇ ਹੋ ਸਕਦੇ ਹਨ: (1) ਇਸ ਗੱਲ ’ਤੇ ਆਪਣੀ ਨਿਹਚਾ ਮਜ਼ਬੂਤ ਕਰਨੀ ਕਿ ਪਰਮੇਸ਼ੁਰ ਨੂੰ ਖ਼ੁਸ਼ੀ ਨਹੀਂ ਹੁੰਦੀ ਜਦੋਂ ਕੋਈ ਜਨਮ-ਦਿਨ ਮਨਾਉਂਦਾ ਹੈ ਅਤੇ (2) ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਦੱਸਣ ਦੇ ਹੋਰ ਕਾਬਲ ਬਣਨਾ। (ਮੱਤੀ 14:6-11; 1 ਪਤ. 3:15) ਤੁਸੀਂ ਪਹਿਲਾਂ ਸ਼ਾਇਦ ਆਪਣੇ ਆਪ ਤੋਂ ਪੁੱਛੋ, ‘ਮੇਰੇ ਨਾਲ ਪੜ੍ਹਨ ਵਾਲੇ ਜਨਮ-ਦਿਨ ਕਿਉਂ ਮਨਾਉਂਦੇ ਹਨ?’ ਫਿਰ ਪ੍ਰਕਾਸ਼ਨਾਂ ਤੋਂ ਧਿਆਨ ਨਾਲ ਖੋਜਬੀਨ ਕਰੋ। ਤੁਸੀਂ ਸ਼ਾਇਦ ਸੋਚਿਆ ਨਹੀਂ ਹੋਣਾ ਕਿ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਸਮਝਾਉਣਾ ਇੰਨਾ ਸੌਖਾ ਹੋ ਸਕਦਾ ਹੈ। ਬਹੁਤ ਸਾਰੇ ਲੋਕ ਜਨਮ-ਦਿਨ ਸਿਰਫ਼ ਇਸ ਲਈ ਮਨਾਉਂਦੇ ਹਨ ਕਿਉਂਕਿ ਬਾਕੀ ਜਣੇ ਮਨਾਉਂਦੇ ਹਨ। ਜੇ ਤੁਸੀਂ ਖੋਜਬੀਨ ਕਰਦਿਆਂ ਇਕ ਜਾਂ ਦੋ ਗੱਲਾਂ ਲੱਭ ਲੈਂਦੇ ਹੋ, ਤਾਂ ਤੁਸੀਂ ਸ਼ਾਇਦ ਉਸ ਵਿਅਕਤੀ ਨੂੰ ਜਵਾਬ ਦੇ ਸਕਦੇ ਹੋ ਜੋ ਵਾਕਈ ਸੱਚਾਈ ਜਾਣਨਾ ਚਾਹੁੰਦਾ ਹੈ।​—ਕੁਲੁੱਸੀਆਂ 4:6 ਪੜ੍ਹੋ।

ਸਿੱਖਣ ਦੀ ਆਪਣੀ ਇੱਛਾ ਨੂੰ ਵਧਾਓ

14-16. (ੳ) ਤੁਸੀਂ ਬਾਈਬਲ ਦੀਆਂ ਉਨ੍ਹਾਂ ਕਿਤਾਬਾਂ ਬਾਰੇ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹੋ ਜਿਨ੍ਹਾਂ ਬਾਰੇ ਤੁਸੀਂ ਜ਼ਿਆਦਾ ਨਹੀਂ ਜਾਣਦੇ?

14 ਮੰਨ ਲਓ ਆਉਣ ਵਾਲੀਆਂ ਸਭਾਵਾਂ ਵਿਚ ਅਸੀਂ ਬਾਈਬਲ ਦੀਆਂ ਉਨ੍ਹਾਂ ਛੋਟੀਆਂ ਕਿਤਾਬਾਂ ਨੂੰ ਪੜ੍ਹਾਂਗੇ ਅਤੇ ਉਨ੍ਹਾਂ ’ਤੇ ਚਰਚਾ ਕਰਾਂਗੇ ਜਿਨ੍ਹਾਂ ਵਿਚ ਭਵਿੱਖਬਾਣੀਆਂ ਦਰਜ ਹਨ। ਸ਼ਾਇਦ ਇਨ੍ਹਾਂ ਕਿਤਾਬਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਨਾ ਜਾਣਦੇ ਹੋਵੋ। ਸਿੱਖਣ ਦੀ ਆਪਣੀ ਇੱਛਾ ਨੂੰ ਵਧਾਉਣ ਦਾ ਪਹਿਲਾ ਕਦਮ ਹੈ ਕਿ ਜਾਣੋ ਉਸ ਲਿਖਾਰੀ ਨੇ ਕੀ ਲਿਖਿਆ। ਤੁਸੀਂ ਇਹ ਕਿਵੇਂ ਜਾਣ ਸਕਦੇ ਹੋ?

15 ਪਹਿਲਾ, ਆਪਣੇ ਆਪ ਤੋਂ ਪੁੱਛੋ: ‘ਮੈਂ ਇਸ ਕਿਤਾਬ ਦੇ ਲਿਖਾਰੀ ਬਾਰੇ ਕੀ ਜਾਣਦਾ ਹਾਂ? ਉਹ ਕੌਣ ਸੀ, ਉਹ ਕਿੱਥੇ ਰਹਿੰਦਾ ਸੀ ਅਤੇ ਉਹ ਕੀ ਕੰਮ ਕਰਦਾ ਸੀ?’ ਲਿਖਾਰੀ ਬਾਰੇ ਹੋਰ ਜ਼ਿਆਦਾ ਜਾਣਨ ਨਾਲ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਉਸ ਨੇ ਕੋਈ ਸ਼ਬਦ ਅਤੇ ਮਿਸਾਲਾਂ ਕਿਉਂ ਵਰਤੀਆਂ ਸਨ। ਬਾਈਬਲ ਪੜ੍ਹਦਿਆਂ ਉਨ੍ਹਾਂ ਵਾਕਾਂ ਵੱਲ ਧਿਆਨ ਦਿਓ ਜਿਨ੍ਹਾਂ ਤੋਂ ਪਤਾ ਲੱਗ ਸਕਦਾ ਹੈ ਕਿ ਲਿਖਾਰੀ ਕਿਹੋ ਜਿਹਾ ਇਨਸਾਨ ਸੀ।

16 ਦੂਜਾ, ਤੁਸੀਂ ਜਾਣ ਸਕਦੇ ਹੋ ਕਿ ਇਹ ਕਿਤਾਬ ਕਦੋਂ ਲਿਖੀ ਗਈ ਸੀ। ਤੁਸੀਂ ਇਹ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਦੇ ਅਖ਼ੀਰ ਵਿਚ “ਬਾਈਬਲ ਦੀਆਂ ਕਿਤਾਬਾਂ ਦੀ ਸੂਚੀ” ਵਿੱਚੋਂ ਆਸਾਨੀ ਨਾਲ ਦੇਖ ਸਕਦੇ ਹੋ। ਨਾਲੇ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਖੋਜਬੀਨ ਕਰੋ ਨਾਂ ਦੀ ਪੁਸਤਿਕਾ ਦੇ ਭਾਗ 3 ਵਿਚ ਇਜ਼ਰਾਈਲ ਤੇ ਯਹੂਦਾਹ ਦੇ ਨਬੀ ਅਤੇ ਰਾਜੇ ਦਾ ਚਾਰਟ ਦੇਖ ਸਕਦੇ ਹੋ। ਜੇ ਤੁਸੀਂ ਭਵਿੱਖਬਾਣੀਆਂ ਦੀ ਕੋਈ ਕਿਤਾਬ ਦਾ ਅਧਿਐਨ ਕਰ ਰਹੇ ਹੋ, ਤਾਂ ਇਹ ਜਾਣਨਾ ਵਧੀਆ ਹੋਵੇਗਾ ਕਿ ਇਹ ਕਿਤਾਬ ਲਿਖੇ ਜਾਣ ਸਮੇਂ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਸੀ। ਲੋਕ ਕਿਹੜੇ ਬੁਰੇ ਕੰਮ ਕਰਦੇ ਸਨ ਜਿਨ੍ਹਾਂ ਕਰਕੇ ਨਬੀ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਭੇਜਿਆ ਗਿਆ ਸੀ? ਉਸ ਸਮੇਂ ਹੋਰ ਕਿਹੜੇ ਲਿਖਾਰੀ ਸਨ? ਸਾਰੀਆਂ ਗੱਲਾਂ ਨੂੰ ਜਾਣਨ ਲਈ ਸ਼ਾਇਦ ਤੁਹਾਨੂੰ ਬਾਈਬਲ ਦੀਆਂ ਹੋਰ ਕਿਤਾਬਾਂ ਦੇਖਣੀਆਂ ਪੈਣ। ਮਿਸਾਲ ਲਈ, ਇਹ ਸਮਝਣ ਲਈ ਆਮੋਸ ਨਬੀ ਦੇ ਦਿਨਾਂ ਦੌਰਾਨ ਕੀ ਹੋ ਰਿਹਾ ਸੀ, ਤੁਹਾਨੂੰ ਦੂਜਾ ਰਾਜਿਆਂ ਅਤੇ ਦੂਜਾ ਇਤਿਹਾਸ ਦੀਆਂ ਕਿਤਾਬਾਂ ਤੋਂ ਫ਼ਾਇਦਾ ਹੋਵੇਗਾ ਜਿਨ੍ਹਾਂ ਦਾ ਹਵਾਲਾ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਵਿਚ ਆਮੋਸ 1:1 ਦੇ ਹਾਸ਼ੀਏ ਵਿਚ ਦਿੱਤਾ ਗਿਆ ਹੈ। ਨਾਲੇ ਸ਼ਾਇਦ ਤੁਸੀਂ ਹੋਸ਼ੇਆ ਦੀਆਂ ਲਿਖਤਾਂ ਵੀ ਪੜ੍ਹੋ ਜੋ ਸ਼ਾਇਦ ਆਮੋਸ ਦੇ ਸਮੇਂ ਦੌਰਾਨ ਰਹਿੰਦਾ ਸੀ। ਬਾਈਬਲ ਦੀਆਂ ਹੋਰ ਕਿਤਾਬਾਂ ਦੇਖਣ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੇਗੀ ਕਿ ਉਸ ਸਮੇਂ ਦੌਰਾਨ ਜ਼ਿੰਦਗੀ ਕਿਹੋ ਜਿਹੀ ਸੀ।​—2 ਰਾਜ. 14:25-28; 2 ਇਤ. 26:1-15; ਹੋਸ਼ੇ. 1:1-11; ਆਮੋ. 1:1.

ਹਰ ਛੋਟੀ-ਛੋਟੀ ਗੱਲ ’ਤੇ ਧਿਆਨ ਦਿਓ

17-18. ਪੈਰੇ ਵਿਚ ਦਿੱਤੀਆਂ ਮਿਸਾਲਾਂ ਤੋਂ ਜਾਂ ਆਪਣੇ ਖ਼ੁਦ ਦੇ ਤਜਰਬੇ ਤੋਂ ਸਮਝਾਓ ਕਿ ਛੋਟੀ-ਛੋਟੀ ਜਾਣਕਾਰੀ ’ਤੇ ਧਿਆਨ ਦੇਣ ਨਾਲ ਅਧਿਐਨ ਮਜ਼ੇਦਾਰ ਕਿੱਦਾਂ ਬਣ ਸਕਦਾ ਹੈ।

17 ਵਧੀਆ ਹੋਵੇਗਾ ਜੇ ਬਾਈਬਲ ਪੜ੍ਹਦਿਆਂ ਸਾਡੇ ਮਨ ਵਿਚ ਸਿੱਖਣ ਦੀ ਗਹਿਰੀ ਇੱਛਾ ਹੋਵੇ। ਮਿਸਾਲ ਲਈ, ਮੰਨ ਲਓ ਤੁਸੀਂ ਜ਼ਕਰਯਾਹ ਦਾ 12ਵਾਂ ਅਧਿਆਇ ਪੜ੍ਹ ਰਹੇ ਹੋ ਜਿਸ ਵਿਚ ਮਸੀਹ ਦੀ ਮੌਤ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ। (ਜ਼ਕ. 12:10) ਜਦੋਂ ਤੁਸੀਂ 12ਵੀਂ ਆਇਤ ’ਤੇ ਆਉਂਦੇ ਹੋ, ਤਾਂ ਉੱਥੇ ਤੁਸੀਂ ਪੜ੍ਹਦੇ ਹੋ ਕਿ “ਨਾਥਾਨ ਦੇ ਘਰਾਣੇ ਦਾ ਟੱਬਰ” ਮਸੀਹ ਦੀ ਮੌਤ ’ਤੇ ਬਹੁਤ ਰੋਂਦਾ ਤੇ ਸੋਗ ਮਨਾਉਂਦਾ ਹੈ। ਇਨ੍ਹਾਂ ਸ਼ਬਦਾਂ ਨੂੰ ਛੇਤੀ-ਛੇਤੀ ਪੜ੍ਹ ਕੇ ਅੱਗੇ ਜਾਣ ਦੀ ਬਜਾਇ ਆਪਣੇ ਆਪ ਤੋਂ ਪੁੱਛੋ: ‘ਨਾਥਾਨ ਦੇ ਘਰਾਣੇ ਦਾ ਮਸੀਹ ਨਾਲ ਕੀ ਸੰਬੰਧ ਹੈ? ਕੀ ਕਿਸੇ ਹੋਰ ਤਰੀਕੇ ਨਾਲ ਇਸ ਬਾਰੇ ਹੋਰ ਜਾਣਕਾਰੀ ਲਈ ਜਾ ਸਕਦੀ ਹੈ?’ ਤੁਹਾਨੂੰ ਖੋਜਬੀਨ ਕਰਨ ਦੀ ਲੋੜ ਹੈ। ਮਿਸਾਲ ਲਈ, ਤੁਸੀਂ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਦੇ ਹਾਸ਼ੀਏ ਵਿਚ ਜ਼ਕਰਯਾਹ 12:12 ਲਈ ਦਿੱਤੇ ਦੋ ਹਵਾਲੇ ਦੇਖ ਸਕਦੇ ਹੋ। ਪਹਿਲਾ ਹਵਾਲਾ 2 ਸਮੂਏਲ 5:13, 14 ਦਾ ਦਿੱਤਾ ਗਿਆ ਹੈ ਜਿੱਥੇ ਤੁਹਾਨੂੰ ਪਤਾ ਲੱਗਦਾ ਹੈ ਕਿ ਨਾਥਾਨ ਦਾਊਦ ਦਾ ਪੁੱਤਰ ਸੀ। ਦੂਸਰਾ ਹਵਾਲਾ ਲੂਕਾ 3:23, 31 ਦਾ ਦਿੱਤਾ ਗਿਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਯਿਸੂ ਨਾਥਾਨ ਦੀ ਪੀੜ੍ਹੀ ਵਿੱਚੋਂ ਸੀ ਤੇ ਨਾਥਾਨ ਮਰੀਅਮ ਦਾ ਪੂਰਵਜ ਸੀ। (ਪਹਿਰਾਬੁਰਜ ਅਗਸਤ 2017 ਦੇ ਸਫ਼ੇ 32 ਦਾ ਪੈਰਾ 4 ਦੇਖੋ।) ਅਚਾਨਕ ਤੁਹਾਡੀ ਦਿਲਚਸਪੀ ਜਾਗਦੀ ਹੈ। ਤੁਹਾਨੂੰ ਪਤਾ ਹੈ ਕਿ ਯਿਸੂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹ ਦਾਊਦ ਦੀ ਪੀੜ੍ਹੀ ਵਿੱਚੋਂ ਆਵੇਗਾ। (ਮੱਤੀ 22:42) ਪਰ ਦਾਊਦ ਦੇ 20 ਤੋਂ ਜ਼ਿਆਦਾ ਪੁੱਤਰ ਸਨ। ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਜ਼ਕਰਯਾਹ ਖ਼ਾਸ ਕਰਕੇ ਨਾਥਾਨ ਦੇ ਘਰਾਣੇ ਬਾਰੇ ਦੱਸਦਾ ਹੈ ਜੋ ਯਿਸੂ ਦੀ ਮੌਤ ’ਤੇ ਸੋਗ ਕਰੇਗਾ?

18 ਇਕ ਹੋਰ ਮਿਸਾਲ ’ਤੇ ਗੌਰ ਕਰੋ। ਲੂਕਾ ਦੇ ਪਹਿਲੇ ਅਧਿਆਇ ਵਿਚ ਅਸੀਂ ਪੜ੍ਹਦੇ ਹਾਂ ਕਿ ਜਬਰਾਏਲ ਦੂਤ ਮਰੀਅਮ ਨੂੰ ਆ ਕੇ ਮਿਲਿਆ। ਦੂਤ ਨੇ ਮਰੀਅਮ ਨੂੰ ਉਸ ਦੇ ਪੁੱਤਰ ਬਾਰੇ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਜਿਸ ਨੂੰ ਉਸ ਨੇ ਜਨਮ ਦੇਣਾ ਸੀ: “ਉਹ ਮਹਾਨ ਹੋਵੇਗਾ ਅਤੇ ਅੱਤ ਮਹਾਨ ਦਾ ਪੁੱਤਰ ਕਹਾਵੇਗਾ ਅਤੇ ਯਹੋਵਾਹ ਪਰਮੇਸ਼ੁਰ ਉਸ ਨੂੰ ਉਸ ਦੇ ਪੂਰਵਜ ਦਾਊਦ ਦੀ ਰਾਜ-ਗੱਦੀ ਦੇਵੇਗਾ, ਅਤੇ ਉਹ ਯਾਕੂਬ ਦੇ ਘਰਾਣੇ ਉੱਤੇ ਹਮੇਸ਼ਾ ਰਾਜ ਕਰੇਗਾ।” (ਲੂਕਾ 1:32, 33) ਸ਼ਾਇਦ ਸਾਡਾ ਧਿਆਨ ਸਿਰਫ਼ ਜਬਰਾਏਲ ਦੀ ਪਹਿਲੀ ਗੱਲ ’ਤੇ ਜਾਵੇ ਕਿ ਯਿਸੂ “ਅੱਤ ਮਹਾਨ ਦਾ ਪੁੱਤਰ ਕਹਾਵੇਗਾ।” ਪਰ ਉਸ ਨੇ ਇਹ ਵੀ ਦੱਸਿਆ ਕਿ ਯਿਸੂ “ਰਾਜ ਕਰੇਗਾ।” ਸੋ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ ਕਿ ਜਬਰਾਏਲ ਦੀ ਇਹ ਗੱਲ ਸੁਣ ਕੇ ਮਰੀਅਮ ਨੇ ਕੀ ਸੋਚਿਆ ਹੋਣਾ। ਕੀ ਉਸ ਨੇ ਸੋਚਿਆ ਹੋਣਾ ਕਿ ਜਬਰਾਏਲ ਦੇ ਕਹਿਣ ਦਾ ਮਤਲਬ ਹੈ ਕਿ ਯਿਸੂ ਰਾਜਾ ਹੇਰੋਦੇਸ ਜਾਂ ਉਸ ਤੋਂ ਬਾਅਦ ਬਣਨ ਵਾਲੇ ਰਾਜੇ ਦੀ ਜਗ੍ਹਾ ਇਜ਼ਰਾਈਲ ਉੱਤੇ ਰਾਜ ਕਰੇਗਾ? ਜੇ ਯਿਸੂ ਰਾਜਾ ਬਣਦਾ, ਤਾਂ ਮਰੀਅਮ ਨੇ ਰਾਜੇ ਦੀ ਮਾਤਾ ਹੋਣਾ ਸੀ ਅਤੇ ਉਸ ਦੇ ਪਰਿਵਾਰ ਨੇ ਸ਼ਾਹੀ ਮਹਿਲ ਵਿਚ ਰਹਿਣਾ ਸੀ। ਪਰ ਬਾਈਬਲ ਵਿਚ ਇਹ ਕਿਤੇ ਨਹੀਂ ਦੱਸਿਆ ਗਿਆ ਕਿ ਮਰੀਅਮ ਨੇ ਜਬਰਾਏਲ ਦੂਤ ਨੂੰ ਇੱਦਾਂ ਦੀ ਕੋਈ ਗੱਲ ਕਹੀ ਸੀ ਤੇ ਨਾ ਹੀ ਅਸੀਂ ਕਦੇ ਪੜ੍ਹਿਆ ਹੈ ਕਿ ਮਰੀਅਮ ਨੇ ਯਿਸੂ ਦੇ ਦੋ ਚੇਲਿਆਂ ਵਾਂਗ ਰਾਜ ਵਿਚ ਉੱਚੀ ਪਦਵੀ ਮੰਗੀ ਸੀ। (ਮੱਤੀ 20:20-23) ਇਸ ਜਾਣਕਾਰੀ ਤੋਂ ਸਾਨੂੰ ਹੋਰ ਯਕੀਨ ਹੁੰਦਾ ਹੈ ਕਿ ਮਰੀਅਮ ਕਿੰਨੀ ਹੀ ਨਿਮਰ ਔਰਤ ਸੀ!

19-20. ਯਾਕੂਬ 1:22-25 ਅਤੇ 4:8 ਅਨੁਸਾਰ ਅਧਿਐਨ ਕਰਨ ਦੇ ਸਾਡੇ ਟੀਚੇ ਕਿਹੜੇ ਹਨ?

19 ਆਓ ਆਪਾਂ ਯਾਦ ਰੱਖੀਏ ਕਿ ਪਰਮੇਸ਼ੁਰ ਦੇ ਬਚਨ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰਨ ਦਾ ਸਾਡਾ ਮੁੱਖ ਟੀਚਾ ਹੈ, ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕਰਨਾ। ਨਾਲੇ ਅਸੀਂ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ‘ਕਿਹੋ ਜਿਹੇ’ ਇਨਸਾਨ ਹਾਂ ਅਤੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ। (ਯਾਕੂਬ 1:22-25; 4:8 ਪੜ੍ਹੋ।) ਇਸ ਲਈ ਹਰ ਵਾਰ ਅਧਿਐਨ ਕਰਨ ਤੋਂ ਪਹਿਲਾਂ ਸਾਨੂੰ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗਣੀ ਚਾਹੀਦੀ ਹੈ। ਜਾਣਕਾਰੀ ਤੋਂ ਪੂਰਾ ਫ਼ਾਇਦਾ ਲੈਣ ਅਤੇ ਉਸ ਮੁਤਾਬਕ ਤਬਦੀਲੀਆਂ ਕਰਨ ਲਈ ਸਾਨੂੰ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ।

20 ਆਓ ਆਪਾਂ ਸਾਰੇ ਪਰਮੇਸ਼ੁਰ ਦੇ ਉਸ ਵਫ਼ਾਦਾਰ ਸੇਵਕ ਵਾਂਗ ਬਣੀਏ ਹਾਂ ਜਿਸ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: ‘ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।’​—ਜ਼ਬੂ. 1:2, 3.

ਗੀਤ 11 ਯਹੋਵਾਹ ਦਾ ਜੀ ਆਨੰਦ ਕਰੋ

^ ਪੈਰਾ 5 ਯਹੋਵਾਹ ਖੁੱਲ੍ਹੇ-ਦਿਲ ਨਾਲ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੰਦਾ ਹੈ ਜਿਸ ਨੂੰ ਅਸੀਂ ਪੜ੍ਹ ਸਕਦੇ ਹਾਂ, ਦੇਖ ਸਕਦੇ ਹਾਂ ਅਤੇ ਅਧਿਐਨ ਕਰ ਸਕਦੇ ਹਾਂ। ਇਹ ਲੇਖ ਸਾਡੀ ਇਹ ਫ਼ੈਸਲਾ ਕਰਨ ਵਿਚ ਮਦਦ ਕਰੇਗਾ ਕਿ ਅਸੀਂ ਕਿਸ ਬਾਰੇ ਅਧਿਐਨ ਕਰਨਾ ਹੈ। ਨਾਲੇ ਇਸ ਵਿਚ ਸਾਨੂੰ ਵਧੀਆ ਸੁਝਾਅ ਦਿੱਤੇ ਜਾਣਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਅਧਿਐਨ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈ ਸਕਾਂਗੇ।

^ ਪੈਰਾ 61 ਤਸਵੀਰਾਂ ਬਾਰੇ ਜਾਣਕਾਰੀ: ਮਾਪੇ ਆਪਣੇ ਬੱਚਿਆਂ ਨੂੰ ਪਹਿਰਾਬੁਰਜ ਦੀ ਤਿਆਰੀ ਕਰਨੀ ਸਿਖਾਉਂਦੇ ਹੋਏ।

^ ਪੈਰਾ 63 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਬਾਈਬਲ ਦੇ ਇਕ ਲੇਖਕ ਆਮੋਸ ਬਾਰੇ ਖੋਜਬੀਨ ਕਰਦਾ ਹੋਇਆ। ਪਿੱਛੇ ਦਿੱਤੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਬਾਈਬਲ ਪੜ੍ਹਦਿਆਂ ਕਲਪਨਾ ਕਰਦਾ ਹੈ ਅਤੇ ਇਸ ’ਤੇ ਸੋਚ-ਵਿਚਾਰ ਕਰਦਾ ਹੈ।