Skip to content

Skip to table of contents

ਅਧਿਐਨ ਲੇਖ 19

ਬੁਰਾਈ ਦੇ ਦੌਰ ਵਿਚ ਪਿਆਰ ਅਤੇ ਨਿਆਂ

ਬੁਰਾਈ ਦੇ ਦੌਰ ਵਿਚ ਪਿਆਰ ਅਤੇ ਨਿਆਂ

“ਤੂੰ ਤਾਂ ਅਜੇਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾਈ ਤੋਂ ਪਰਸੰਨ ਹੋਵੇਂ, ਬਦੀ ਤੇਰੇ ਨਾਲ ਟਿਕ ਨਹੀਂ ਸੱਕਦੀ।”​—ਜ਼ਬੂ. 5:4.

ਗੀਤ 54 ਨਿਹਚਾ ਨਾਲ ਚੱਲੋ

ਖ਼ਾਸ ਗੱਲਾਂ *

1-3. (ੳ) ਜ਼ਬੂਰ 5:4-6 ਅਨੁਸਾਰ ਯਹੋਵਾਹ ਦੁਸ਼ਟਤਾ ਬਾਰੇ ਕਿਵੇਂ ਮਹਿਸੂਸ ਕਰਦਾ ਹੈ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬੱਚਿਆਂ ਨਾਲ ਹੁੰਦੀ ਬਦਫ਼ੈਲੀ ‘ਮਸੀਹ ਦੇ ਕਾਨੂੰਨ’ ਦੇ ਬਿਲਕੁਲ ਖ਼ਿਲਾਫ਼ ਹੈ?

ਯਹੋਵਾਹ ਪਰਮੇਸ਼ੁਰ ਹਰ ਤਰ੍ਹਾਂ ਦੀ ਦੁਸ਼ਟਤਾ ਤੋਂ ਘਿਣ ਕਰਦਾ ਹੈ। (ਜ਼ਬੂਰਾਂ ਦੀ ਪੋਥੀ 5:4-6 ਪੜ੍ਹੋ।) ਉਹ ਖ਼ਾਸ ਕਰਕੇ ਬੱਚਿਆਂ ਨਾਲ ਹੁੰਦੀ ਬਦਫ਼ੈਲੀ ਤੋਂ ਨਫ਼ਰਤ ਕਰਦਾ ਹੈ ਜੋ ਉਸ ਦੀਆਂ ਨਜ਼ਰਾਂ ਵਿਚ ਇਕ ਘਿਣਾਉਣਾ ਅਪਰਾਧ ਹੈ! ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਅਸੀਂ ਯਹੋਵਾਹ ਦੀ ਰੀਸ ਕਰਦਿਆਂ ਬੱਚਿਆਂ ਨਾਲ ਹੁੰਦੀ ਬਦਫ਼ੈਲੀ ਤੋਂ ਨਫ਼ਰਤ ਕਰਦੇ ਹਾਂ ਅਤੇ ਇਸ ਨੂੰ ਮੰਡਲੀ ਵਿਚ ਬਰਦਾਸ਼ਤ ਨਹੀਂ ਕਰਦੇ।​—ਰੋਮੀ. 12:9; ਇਬ. 12:15, 16.

2 ਬੱਚਿਆਂ ਨਾਲ ਹੁੰਦੀ ਕਿਸੇ ਵੀ ਤਰ੍ਹਾਂ ਦੀ ਬਦਫ਼ੈਲੀ ‘ਮਸੀਹ ਦੇ ਕਾਨੂੰਨ’ ਦੇ ਬਿਲਕੁਲ ਖ਼ਿਲਾਫ਼ ਹੈ। (ਗਲਾ. 6:2) ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਜਿੱਦਾਂ ਅਸੀਂ ਪਿਛਲੇ ਲੇਖ ਵਿਚ ਸਿੱਖਿਆ ਸੀ ਕਿ ਮਸੀਹ ਦਾ ਕਾਨੂੰਨ ਯਾਨੀ ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਜੋ ਸਿਖਾਇਆ ਉਹ ਪਿਆਰ ’ਤੇ ਆਧਾਰਿਤ ਹੈ ਅਤੇ ਨਿਆਂ ਨੂੰ ਹੱਲਾਸ਼ੇਰੀ ਦਿੰਦਾ ਹੈ। ਇਸ ਕਾਨੂੰਨ ਨੂੰ ਮੰਨਣ ਕਰਕੇ ਸੱਚੇ ਮਸੀਹੀ ਬੱਚਿਆਂ ਨਾਲ ਵਧੀਆ ਢੰਗ ਨਾਲ ਪੇਸ਼ ਆਉਂਦੇ ਹਨ ਜਿਸ ਕਰਕੇ ਬੱਚੇ ਪਿਆਰ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ। ਪਰ ਕਿਸੇ ਬੱਚੇ ਨਾਲ ਬਦਫ਼ੈਲੀ ਕਰਨੀ ਇਕ ਸੁਆਰਥੀ ਰਵੱਈਆ ਹੈ ਅਤੇ ਅਨਿਆਂ ਹੈ ਜਿਸ ਕਰਕੇ ਬੱਚਾ ਅਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਸ ਨਾਲ ਕੋਈ ਪਿਆਰ ਨਹੀਂ ਕਰਦਾ।

3 ਦੁੱਖ ਦੀ ਗੱਲ ਹੈ ਕਿ ਪੂਰੀ ਦੁਨੀਆਂ ਵਿਚ ਬੱਚਿਆਂ ਨਾਲ ਬਦਫ਼ੈਲੀ ਹੁੰਦੀ ਹੈ। ਇਸ ਦਾ ਅਸਰ ਸੱਚੇ ਮਸੀਹੀਆਂ ’ਤੇ ਵੀ ਪੈਂਦਾ ਹੈ। ਕਿਉਂ? “ਦੁਸ਼ਟ ਅਤੇ ਫਰੇਬੀ ਇਨਸਾਨ” ਵਧ-ਫੁੱਲ ਰਹੇ ਹਨ ਅਤੇ ਕੁਝ ਤਾਂ ਸ਼ਾਇਦ ਮੰਡਲੀ ਦਾ ਹਿੱਸਾ ਬਣਨ ਦੀ ਵੀ ਕੋਸ਼ਿਸ਼ ਕਰਦੇ ਹਨ। (2 ਤਿਮੋ. 3:13) ਨਾਲੇ ਇਕ ਸਮੇਂ ’ਤੇ ਯਹੋਵਾਹ ਦੀ ਸੇਵਾ ਕਰਨ ਵਾਲੇ ਕੁਝ ਲੋਕਾਂ ਨੇ ਆਪਣੀਆਂ ਗ਼ਲਤ ਸਰੀਰਕ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਬੱਚਿਆਂ ਨਾਲ ਬਦਫ਼ੈਲੀ ਕੀਤੀ ਹੈ। ਆਓ ਆਪਾਂ ਗੌਰ ਕਰੀਏ ਕਿ ਬੱਚਿਆਂ ਨਾਲ ਬਦਫ਼ੈਲੀ ਕਰਨੀ ਇੰਨਾ ਘਿਣਾਉਣਾ ਅਪਰਾਧ ਕਿਉਂ ਹੈ। ਫਿਰ ਆਪਾਂ ਦੇਖਾਂਗੇ ਕਿ ਬਜ਼ੁਰਗ ਗੰਭੀਰ ਪਾਪ ਦੇ ਮਾਮਲਿਆਂ ਨੂੰ ਕਿਵੇਂ ਨਿਪਟਾਉਂਦੇ ਹਨ ਜਿਸ ਵਿਚ ਬੱਚਿਆਂ ਨਾਲ ਹੁੰਦੀ ਬਦਫ਼ੈਲੀ ਦੇ ਮਾਮਲੇ ਵੀ ਸ਼ਾਮਲ ਹਨ। ਨਾਲੇ ਦੇਖਾਂਗੇ ਕਿ ਮਾਪੇ ਆਪਣੇ ਬੱਚਿਆਂ ਦੀ ਰਾਖੀ ਕਿਵੇਂ ਕਰ ਸਕਦੇ ਹਨ। *

ਇਕ ਗੰਭੀਰ ਪਾਪ

4-5. ਬੱਚਿਆਂ ਨਾਲ ਬਦਫ਼ੈਲੀ ਕਰਨੀ ਬੱਚਿਆਂ ਵਿਰੁੱਧ ਪਾਪ ਕਿਉਂ ਹੈ?

4 ਬੱਚਿਆਂ ਨਾਲ ਹੁੰਦੀ ਬਦਫ਼ੈਲੀ ਦਾ ਅਸਰ ਲੋਕਾਂ ’ਤੇ ਕਾਫ਼ੀ ਸਮੇਂ ਤਕ ਰਹਿੰਦਾ ਹੈ। ਇਸ ਦੇ ਸ਼ਿਕਾਰ ਬੱਚਿਆਂ ਨੂੰ ਹੀ ਦੁੱਖ ਨਹੀਂ ਪਹੁੰਚਦਾ, ਸਗੋਂ ਉਸ ਦੇ ਪਰਿਵਾਰ ਦੇ ਮੈਂਬਰਾਂ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਵੀ ਦੁੱਖ ਪਹੁੰਚਦਾ ਹੈ। ਬੱਚਿਆਂ ਨਾਲ ਹੁੰਦੀ ਬਦਫ਼ੈਲੀ ਇਕ ਗੰਭੀਰ ਪਾਪ ਹੈ।

5 ਇਹ ਬੱਚਿਆਂ ਵਿਰੁੱਧ ਪਾਪ ਹੈ। * ਇਸ ਪਾਪ ਕਰਕੇ ਦੂਜਿਆਂ ਨੂੰ ਦੁੱਖ ਪਹੁੰਚਦਾ ਹੈ। ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲਾ ਇਕ ਬੱਚੇ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦਾ ਹੈ। ਉਹ ਬੱਚੇ ਦੇ ਭਰੋਸੇ ਨੂੰ ਤੋੜਦਾ ਹੈ ਜਿਸ ਕਰਕੇ ਬੱਚਾ ਅਸੁਰੱਖਿਅਤ ਮਹਿਸੂਸ ਕਰਦਾ ਹੈ। ਬੱਚਿਆਂ ਨੂੰ ਬਦਫ਼ੈਲੀ ਦਾ ਸ਼ਿਕਾਰ ਹੋਣ ਤੋਂ ਜ਼ਰੂਰ ਬਚਾਇਆ ਜਾਣਾ ਚਾਹੀਦਾ ਹੈ। ਨਾਲੇ ਇਸ ਦਾ ਸ਼ਿਕਾਰ ਹੋ ਚੁੱਕੇ ਬੱਚਿਆਂ ਨੂੰ ਦਿਲਾਸਾ ਤੇ ਸਹਾਰਾ ਦੇਣ ਦੀ ਲੋੜ ਹੈ।​—1 ਥੱਸ. 5:14.

6-7. ਬੱਚਿਆਂ ਨਾਲ ਬਦਫ਼ੈਲੀ ਕਰਨੀ ਮੰਡਲੀ ਤੇ ਸਰਕਾਰ ਖ਼ਿਲਾਫ਼ ਪਾਪ ਕਿਉਂ ਹੈ?

6 ਇਹ ਮੰਡਲੀ ਵਿਰੁੱਧ ਪਾਪ ਹੈ। ਮੰਡਲੀ ਦਾ ਜਿਹੜਾ ਮੈਂਬਰ ਕਿਸੇ ਬੱਚੇ ਨਾਲ ਬਦਫ਼ੈਲੀ ਕਰਦਾ ਹੈ, ਉਹ ਮੰਡਲੀ ਲਈ ਬਦਨਾਮੀ ਦਾ ਕਾਰਨ ਬਣਦਾ ਹੈ। (ਮੱਤੀ 5:16; 1 ਪਤ. 2:12) ਪਰ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਮਸੀਹੀ ਮੰਡਲੀ ਬੱਚਿਆਂ ਨਾਲ ਬਦਫ਼ੈਲੀ ਹੋਣ ਦਿੰਦੀ ਹੈ ਕਿਉਂਕਿ ਲੱਖਾਂ ਹੀ ਵਫ਼ਾਦਾਰ ਮਸੀਹੀ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਲਈ “ਪੂਰਾ ਜ਼ੋਰ” ਲਾਉਂਦੇ ਹਨ। (ਯਹੂ. 3) ਅਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਵਿਚ ਬਰਦਾਸ਼ਤ ਨਹੀਂ ਕਰਦੇ ਜੋ ਆਪਣੇ ਦੁਸ਼ਟ ਕੰਮਾਂ ਤੋਂ ਤੋਬਾ ਨਹੀਂ ਕਰਦੇ ਅਤੇ ਮੰਡਲੀ ਦੇ ਨਾਂ ’ਤੇ ਕਲੰਕ ਲਾਉਂਦੇ ਹਨ।

7 ਇਹ ਸਰਕਾਰ ਖ਼ਿਲਾਫ਼ ਪਾਪ ਹੈ। ਮਸੀਹੀਆਂ ਨੂੰ “ਅਧਿਕਾਰ ਰੱਖਣ ਵਾਲਿਆਂ ਦੇ ਅਧੀਨ” ਰਹਿਣਾ ਚਾਹੀਦਾ ਹੈ। (ਰੋਮੀ. 13:1) ਸਰਕਾਰ ਦਾ ਆਦਰ ਕਰ ਕੇ ਅਤੇ ਕਾਨੂੰਨਾਂ ਦੀ ਪਾਲਣਾ ਕਰ ਕੇ ਅਸੀਂ ਉਨ੍ਹਾਂ ਪ੍ਰਤੀ ਆਪਣੀ ਅਧੀਨਤਾ ਦਿਖਾਉਂਦੇ ਹਾਂ। ਜੇ ਮੰਡਲੀ ਦਾ ਕੋਈ ਮੈਂਬਰ ਕੋਈ ਕਾਨੂੰਨ ਤੋੜਦਾ ਹੈ, ਜਿਵੇਂ ਬੱਚੇ ਨਾਲ ਬਦਫ਼ੈਲੀ ਕਰਦਾ ਹੈ, ਤਾਂ ਉਹ ਸਰਕਾਰ ਖ਼ਿਲਾਫ਼ ਪਾਪ ਕਰਦਾ ਹੈ। (ਰਸੂਲਾਂ ਦੇ ਕੰਮ 25:8 ਵਿਚ ਨੁਕਤਾ ਦੇਖੋ।) ਭਾਵੇਂ ਕਿ ਬਜ਼ੁਰਗਾਂ ਕੋਲ ਕਾਨੂੰਨ ਤੋੜਨ ਵਾਲਿਆਂ ਨੂੰ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ, ਪਰ ਉਹ ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲੇ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਸਜ਼ਾ ਤੋਂ ਬਚਾਉਂਦੇ ਨਹੀਂ ਹਨ। (ਰੋਮੀ. 13:4) ਉਸ ਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਹੀ ਪੈਣਗੇ।​—ਗਲਾ. 6:7.

8. ਇਨਸਾਨਾਂ ਖ਼ਿਲਾਫ਼ ਕੀਤੇ ਜਾਂਦੇ ਪਾਪਾਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ?

8 ਸਭ ਤੋਂ ਵਧ, ਇਹ ਪਰਮੇਸ਼ੁਰ ਖ਼ਿਲਾਫ਼ ਪਾਪ ਹੈ। (2 ਸਮੂ. 12:13) ਜਦੋਂ ਇਕ ਇਨਸਾਨ ਦੂਜੇ ਇਨਸਾਨ ਖ਼ਿਲਾਫ਼ ਪਾਪ ਕਰਦਾ ਹੈ, ਤਾਂ ਉਹ ਯਹੋਵਾਹ ਖ਼ਿਲਾਫ਼ ਵੀ ਪਾਪ ਕਰਦਾ ਹੈ। ਜ਼ਰਾ ਪਰਮੇਸ਼ੁਰ ਵੱਲੋਂ ਇਜ਼ਰਾਈਲੀਆਂ ਨੂੰ ਦਿੱਤੇ ਕਾਨੂੰਨ ਵਿੱਚੋਂ ਇਕ ਮਿਸਾਲ ’ਤੇ ਗੌਰ ਕਰੋ। ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਜੇ ਕੋਈ ਵਿਅਕਤੀ ਆਪਣੇ ਗੁਆਂਢੀ ਦੀ ਕੋਈ ਚੀਜ਼ ਚੋਰੀ ਕਰਦਾ ਸੀ ਜਾਂ ਉਸ ਨਾਲ ਠੱਗੀ ਮਾਰਦਾ ਸੀ, ਤਾਂ ਉਹ ਯਹੋਵਾਹ ਨੂੰ ਧੋਖਾ ਦਿੰਦਾ ਸੀ। (ਲੇਵੀ. 6:2-4) ਇਸੇ ਤਰ੍ਹਾਂ ਮੰਡਲੀ ਦੇ ਜਿਹੜੇ ਮੈਂਬਰ ਨੇ ਕਿਸੇ ਬੱਚੇ ਨਾਲ ਬਦਫ਼ੈਲੀ ਕੀਤੀ ਹੈ, ਉਸ ਨੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਹੈ ਕਿਉਂਕਿ ਉਸ ਨੇ ਬੱਚੇ ਨੂੰ ਧੋਖਾ ਦਿੱਤਾ ਹੈ। ਬੱਚੇ ਨੇ ਉਸ ਵਿਅਕਤੀ ’ਤੇ ਭਰੋਸਾ ਕੀਤਾ ਸੀ, ਪਰ ਉਸ ਨੇ ਇਸ ਦਾ ਫ਼ਾਇਦਾ ਉਠਾਇਆ ਜਿਸ ਕਰਕੇ ਬੱਚਾ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਬਦਫ਼ੈਲੀ ਕਰਨ ਵਾਲਾ ਮੰਡਲੀ ਦਾ ਇਹ ਮੈਂਬਰ ਯਹੋਵਾਹ ਦੇ ਨਾਂ ’ਤੇ ਵੱਡੀ ਬਦਨਾਮੀ ਲਿਆਉਂਦਾ ਹੈ। ਇਸੇ ਕਰਕੇ ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਬੱਚਿਆਂ ਨਾਲ ਬਦਫ਼ੈਲੀ ਕਰਨੀ ਪਰਮੇਸ਼ੁਰ ਖ਼ਿਲਾਫ਼ ਘਿਣਾਉਣਾ ਅਪਰਾਧ ਹੈ ਅਤੇ ਸਾਨੂੰ ਇਸ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ।

9. ਸਾਲਾਂ ਤੋਂ ਯਹੋਵਾਹ ਦੇ ਸੰਗਠਨ ਨੇ ਬੱਚਿਆਂ ਨਾਲ ਹੁੰਦੀ ਬਦਫ਼ੈਲੀ ਬਾਰੇ ਕਿਹੜੀ ਬਾਈਬਲ-ਆਧਾਰਿਤ ਜਾਣਕਾਰੀ ਦਿੱਤੀ ਹੈ ਅਤੇ ਕਿਉਂ?

9 ਸਾਲਾਂ ਤੋਂ ਯਹੋਵਾਹ ਦੇ ਸੰਗਠਨ ਨੇ ਬੱਚਿਆਂ ਨਾਲ ਹੁੰਦੀ ਬਦਫ਼ੈਲੀ ਬਾਰੇ ਬਾਈਬਲ-ਆਧਾਰਿਤ ਕਾਫ਼ੀ ਜਾਣਕਾਰੀ ਦਿੱਤੀ ਹੈ। ਮਿਸਾਲ ਲਈ, ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਛਪੇ ਲੇਖਾਂ ਵਿਚ ਦੱਸਿਆ ਗਿਆ ਹੈ ਕਿ ਬਦਫ਼ੈਲੀ ਦੇ ਸ਼ਿਕਾਰ ਹੋਏ ਲੋਕ ਆਪਣੇ ਜ਼ਖ਼ਮਾਂ ਨੂੰ ਕਿਵੇਂ ਭਰ ਸਕਦੇ ਹਨ, ਦੂਜੇ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਨ ਅਤੇ ਮਾਪੇ ਆਪਣੇ ਬੱਚਿਆਂ ਦੀ ਰਾਖੀ ਕਿਵੇਂ ਕਰ ਸਕਦੇ ਹਨ। ਬਜ਼ੁਰਗਾਂ ਨੂੰ ਸੰਗਠਨ ਤੋਂ ਬਾਈਬਲ-ਆਧਾਰਿਤ ਸਿਖਲਾਈ ਦਿੱਤੀ ਗਈ ਹੈ ਕਿ ਉਨ੍ਹਾਂ ਨੇ ਉਦੋਂ ਕੀ ਕਰਨਾ ਹੈ ਜਦੋਂ ਕੋਈ ਬੱਚਿਆਂ ਨਾਲ ਬਦਫ਼ੈਲੀ ਕਰਦਾ ਹੈ। ਸੰਗਠਨ ਲਗਾਤਾਰ ਇਸ ਗੱਲ ਦੀ ਜਾਂਚ ਕਰਦਾ ਹੈ ਕਿ ਬਜ਼ੁਰਗ ਬਦਫ਼ੈਲੀ ਦੇ ਮਾਮਲੇ ਨੂੰ ਕਿਵੇਂ ਨਿਪਟਾਉਂਦੇ ਹਨ। ਕਿਉਂ? ਕਿਉਂਕਿ ਉਹ ਇਹ ਗੱਲ ਯਕੀਨੀ ਬਣਾਉਣੀ ਚਾਹੁੰਦੇ ਹਨ ਕਿ ਬਜ਼ੁਰਗ ਮਾਮਲੇ ਨੂੰ ਨਿਪਟਾਉਂਦਿਆਂ ਹਮੇਸ਼ਾ ਮਸੀਹ ਦਾ ਕਾਨੂੰਨ ਲਾਗੂ ਕਰਨ।

ਗੰਭੀਰ ਪਾਪ ਦੇ ਮਾਮਲਿਆਂ ਨੂੰ ਨਿਪਟਾਉਣਾ

10-12. (ੳ) ਕਿਸੇ ਗੰਭੀਰ ਪਾਪ ਦੇ ਮਾਮਲੇ ਨੂੰ ਨਿਪਟਾਉਂਦਿਆਂ ਬਜ਼ੁਰਗਾਂ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ? (ਅ) ਯਾਕੂਬ 5:14, 15 ਅਨੁਸਾਰ ਬਜ਼ੁਰਗ ਕੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ?

10 ਕਿਸੇ ਗੰਭੀਰ ਪਾਪ ਦੇ ਮਾਮਲੇ ਨੂੰ ਨਿਪਟਾਉਂਦਿਆਂ ਬਜ਼ੁਰਗਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਸੀਹ ਦਾ ਕਾਨੂੰਨ ਮੰਗ ਕਰਦਾ ਹੈ ਕਿ ਉਹ ਭੈਣਾਂ-ਭਰਾਵਾਂ ਨਾਲ ਪਿਆਰ ਨਾਲ ਪੇਸ਼ ਆਉਣ ਅਤੇ ਉਹ ਕੰਮ ਕਰਨ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ। ਨਤੀਜੇ ਵਜੋਂ, ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕਿਸੇ ਨੇ ਗੰਭੀਰ ਪਾਪ ਕੀਤਾ ਹੈ, ਤਾਂ ਉਨ੍ਹਾਂ ਨੂੰ ਕੁਝ ਗੱਲਾਂ ’ਤੇ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਬਜ਼ੁਰਗਾਂ ਦੀ ਅਹਿਮ ਜ਼ਿੰਮੇਵਾਰੀ ਹੈ ਕਿ ਉਹ ਪਰਮੇਸ਼ੁਰ ਦੇ ਨਾਂ ਦੀ ਪਵਿੱਤਰਤਾ ਨੂੰ ਬਣਾਈ ਰੱਖਣ। (ਲੇਵੀ. 22:31, 32; ਮੱਤੀ 6:9) ਨਾਲੇ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਮੰਡਲੀ ਦੇ ਭੈਣਾਂ-ਭਰਾਵਾਂ ਦੀ ਯਹੋਵਾਹ ਦੇ ਨੇੜੇ ਰਹਿਣ ਵਿਚ ਮਦਦ ਕਰਨ ਅਤੇ ਉਨ੍ਹਾਂ ਲੋਕਾਂ ਨੂੰ ਦਿਲਾਸਾ ਤੇ ਸਹਾਰਾ ਦੇਣ ਜੋ ਗੰਭੀਰ ਪਾਪ ਦੇ ਸ਼ਿਕਾਰ ਹੋਏ ਹਨ।

11 ਇਸ ਤੋਂ ਇਲਾਵਾ, ਜੇ ਮੰਡਲੀ ਦੇ ਕਿਸੇ ਮੈਂਬਰ ਨੇ ਪਾਪ ਕੀਤਾ ਹੈ ਤੇ ਉਹ ਤੋਬਾ ਕਰਦਾ ਹੈ, ਤਾਂ ਬਜ਼ੁਰਗ ਉਸ ਦੀ ਯਹੋਵਾਹ ਨਾਲ ਮੁੜ ਰਿਸ਼ਤਾ ਜੋੜਨ ਵਿਚ ਵੀ ਮਦਦ ਕਰਦੇ ਹਨ। (ਯਾਕੂਬ 5:14, 15 ਪੜ੍ਹੋ।) ਇਕ ਮਸੀਹੀ ਜੋ ਆਪਣੀਆਂ ਗ਼ਲਤ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਗੰਭੀਰ ਪਾਪ ਕਰ ਲੈਂਦਾ ਹੈ, ਉਹ ਇਕ ਬੀਮਾਰ ਵਿਅਕਤੀ ਵਾਂਗ ਹੈ। ਇਸ ਦਾ ਮਤਲਬ ਹੈ ਕਿ ਹੁਣ ਉਸ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਨਹੀਂ ਹੈ। * ਅਸੀਂ ਬਜ਼ੁਰਗਾਂ ਦੀ ਤੁਲਨਾ ਡਾਕਟਰਾਂ ਨਾਲ ਕਰ ਸਕਦੇ ਹਾਂ। ਉਹ “ਬੀਮਾਰ [ਯਾਨੀ ਪਾਪੀ] ਨੂੰ ਠੀਕ” ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਬਜ਼ੁਰਗ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਦੁਬਾਰਾ ਤੋਂ ਜੋੜਨ ਲਈ ਉਸ ਨੂੰ ਬਾਈਬਲ ਤੋਂ ਸਲਾਹ ਦੇ ਸਕਦੇ ਹਨ, ਪਰ ਇਹ ਤਦ ਹੀ ਮੁਮਕਿਨ ਹੈ ਜੇ ਉਹ ਦਿਲੋਂ ਤੋਬਾ ਕਰਦਾ ਹੈ।​—ਰਸੂ. 3:19; 2 ਕੁਰਿੰ. 2:5-10.

12 ਇਹ ਗੱਲ ਸਾਫ਼ ਹੈ ਕਿ ਬਜ਼ੁਰਗਾਂ ਦੇ ਮੋਢਿਆਂ ’ਤੇ ਭਾਰੀ ਜ਼ਿੰਮੇਵਾਰੀ ਹੈ। ਉਹ ਭੇਡਾਂ ਦੀ ਦਿਲੋਂ ਦੇਖ-ਭਾਲ ਕਰਦੇ ਹਨ ਜਿਨ੍ਹਾਂ ਦੀ ਜ਼ਿੰਮੇਵਾਰੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੀ ਹੈ। (1 ਪਤ. 5:1-3) ਉਹ ਚਾਹੁੰਦੇ ਹਨ ਕਿ ਭੈਣ-ਭਰਾ ਮੰਡਲੀ ਵਿਚ ਸੁਰੱਖਿਅਤ ਮਹਿਸੂਸ ਕਰਨ। ਇਸੇ ਕਰਕੇ ਉਹ ਉਸੇ ਵੇਲੇ ਕਦਮ ਚੁੱਕਦੇ ਹਨ ਜਦੋਂ ਕੋਈ ਉਨ੍ਹਾਂ ਨੂੰ ਦੱਸਦਾ ਹੈ ਕਿ ਕਿਸੇ ਨੇ ਗੰਭੀਰ ਪਾਪ ਕੀਤਾ ਹੈ, ਜਿਸ ਵਿਚ ਬੱਚਿਆਂ ਨਾਲ ਬਦਫ਼ੈਲੀ ਵਰਗਾ ਪਾਪ ਵੀ ਸ਼ਾਮਲ ਹੈ। ਜ਼ਰਾ  ਪੈਰੇ 13,   15 ਅਤੇ  17 ਦੇ ਸ਼ੁਰੂ ਵਿਚ ਦਿੱਤੇ ਸਵਾਲਾਂ ’ਤੇ ਗੌਰ ਕਰੋ।

13-14. ਕੀ ਬਜ਼ੁਰਗ ਬੱਚਿਆਂ ਨਾਲ ਹੋਈ ਬਦਫ਼ੈਲੀ ਸੰਬੰਧੀ ਰਿਪੋਰਟ ਦਰਜ ਕਰਾਉਣ ਦੇ ਕਾਨੂੰਨ ਦੀ ਪਾਲਣਾ ਕਰਦੇ ਹਨ? ਸਮਝਾਓ।

 13 ਕੀ ਬਜ਼ੁਰਗ ਬੱਚਿਆਂ ਨਾਲ ਹੋਈ ਬਦਫ਼ੈਲੀ ਸੰਬੰਧੀ ਰਿਪੋਰਟ ਦਰਜ ਕਰਾਉਣ ਦੇ ਕਾਨੂੰਨ ਦੀ ਪਾਲਣਾ ਕਰਦੇ ਹਨ? ਜੀ ਹਾਂ। ਜਿਨ੍ਹਾਂ ਦੇਸ਼ਾਂ ਵਿਚ ਇਸ ਤਰ੍ਹਾਂ ਦੇ ਕਾਨੂੰਨ ਹਨ, ਬਜ਼ੁਰਗ ਉੱਥੇ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਦੇ ਹਨ। (ਰੋਮੀ. 13:1) ਇਸ ਤਰ੍ਹਾਂ ਦੇ ਕਾਨੂੰਨ ਪਰਮੇਸ਼ੁਰ ਦੇ ਕਾਨੂੰਨਾਂ ਖ਼ਿਲਾਫ਼ ਨਹੀਂ ਹਨ। (ਰਸੂ. 5:28, 29) ਸੋ ਜਦੋਂ ਬਜ਼ੁਰਗਾਂ ਨੂੰ ਕੋਈ ਦੱਸਦਾ ਹੈ ਕਿ ਬੱਚੇ ਨਾਲ ਬਦਫ਼ੈਲੀ ਕੀਤੀ ਗਈ ਹੈ, ਤਾਂ ਉਹ ਛੇਤੀ ਹੀ ਸ਼ਾਖ਼ਾ ਦਫ਼ਤਰ ਤੋਂ ਪੁੱਛਦੇ ਹਨ ਕਿ ਉਹ ਰਿਪੋਰਟ ਦਰਜ ਕਰਾਉਣ ਦੇ ਕਾਨੂੰਨ ਦੀ ਪਾਲਣਾ ਕਿਵੇਂ ਕਰ ਸਕਦੇ ਹਨ।

14 ਜਦੋਂ ਬਜ਼ੁਰਗ ਬਦਫ਼ੈਲੀ ਦਾ ਸ਼ਿਕਾਰ ਹੋਏ ਬੱਚੇ, ਉਸ ਦੇ ਮਾਪਿਆਂ ਤੇ ਉਨ੍ਹਾਂ ਨਾਲ ਗੱਲ ਕਰਦੇ ਹਨ ਜੋ ਇਸ ਬਾਰੇ ਜਾਣਦੇ ਹਨ, ਤਾਂ ਬਜ਼ੁਰਗ ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਕੋਲ ਇਸ ਬਾਰੇ ਰਿਪੋਰਟ ਦਰਜ ਕਰਾਉਣ ਦਾ ਕਾਨੂੰਨੀ ਹੱਕ ਹੈ। ਪਰ ਉਦੋਂ ਕੀ ਜੇ ਰਿਪੋਰਟ ਮੰਡਲੀ ਦੇ ਕਿਸੇ ਮੈਂਬਰ ਖ਼ਿਲਾਫ਼ ਦਰਜ ਕਰਾਉਣੀ ਹੋਵੇ ਅਤੇ ਫਿਰ ਇਸ ਮਾਮਲੇ ਬਾਰੇ ਹੋਰ ਲੋਕਾਂ ਨੂੰ ਪਤਾ ਲੱਗ ਜਾਵੇ? ਕੀ ਰਿਪੋਰਟ ਦਰਜ ਕਰਾਉਣ ਵਾਲੇ ਮਸੀਹੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਸ ਕਰਕੇ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਹੋਈ ਹੈ? ਬਿਲਕੁਲ ਨਹੀਂ। ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਉਸ ਕਰਕੇ ਨਹੀਂ, ਸਗੋਂ ਬਦਫ਼ੈਲੀ ਕਰਨ ਵਾਲੇ ਵਿਅਕਤੀ ਕਰਕੇ ਹੋਈ ਹੈ।

15-16. (ੳ) 1 ਤਿਮੋਥਿਉਸ 5:19 ਅਨੁਸਾਰ ਮੰਡਲੀ ਵਿਚ ਨਿਆਂ ਕਮੇਟੀ ਬਿਠਾਉਣ ਤੋਂ ਪਹਿਲਾਂ ਘੱਟੋ-ਘੱਟ ਦੋ ਗਵਾਹਾਂ ਦੀ ਕਿਉਂ ਲੋੜ ਹੈ? (ਅ) ਜਦੋਂ ਬਜ਼ੁਰਗਾਂ ਨੂੰ ਪਤਾ ਲੱਗਦਾ ਹੈ ਕਿ ਮੰਡਲੀ ਦੇ ਕਿਸੇ ਮੈਂਬਰ ’ਤੇ ਬਦਫ਼ੈਲੀ ਕਰਨ ਦਾ ਦੋਸ਼ ਲਾਇਆ ਗਿਆ ਹੈ, ਤਾਂ ਉਹ ਕੀ ਕਰਦੇ ਹਨ?

 15 ਮੰਡਲੀ ਵਿਚ ਨਿਆਂ ਕਮੇਟੀ ਬਿਠਾਉਣ ਤੋਂ ਪਹਿਲਾਂ ਘੱਟੋ-ਘੱਟ ਦੋ ਗਵਾਹਾਂ ਦੀ ਲੋੜ ਕਿਉਂ ਹੁੰਦੀ ਹੈ? ਬਾਈਬਲ ਦੱਸਦੀ ਹੈ ਕਿ ਇਹ ਮੰਗ ਸਹੀ ਹੈ। ਜਦੋਂ ਕੋਈ ਆਪਣੇ ਪਾਪ ਦਾ ਇਕਰਾਰ ਨਹੀਂ ਕਰਦਾ, ਤਾਂ ਦੋਸ਼ ਸਾਬਤ ਕਰਨ ਲਈ ਦੋ ਗਵਾਹਾਂ ਦੀ ਲੋੜ ਹੁੰਦੀ ਹੈ ਤਾਂਕਿ ਬਜ਼ੁਰਗ ਨਿਆਂ ਕਮੇਟੀ ਬਿਠਾ ਸਕਣ। (ਬਿਵ. 19:15; ਮੱਤੀ 18:16; 1 ਤਿਮੋਥਿਉਸ 5:19 ਪੜ੍ਹੋ।) ਕੀ ਇਸ ਦਾ ਇਹ ਮਤਲਬ ਹੈ ਕਿ ਬਦਫ਼ੈਲੀ ਸੰਬੰਧੀ ਰਿਪੋਰਟ ਦਰਜ ਕਰਾਉਣ ਤੋਂ ਪਹਿਲਾਂ ਦੋ ਗਵਾਹਾਂ ਦਾ ਹੋਣਾ ਜ਼ਰੂਰੀ ਹੈ? ਨਹੀਂ। ਬਜ਼ੁਰਗਾਂ ਜਾਂ ਕਿਸੇ ਹੋਰ ਵੱਲੋਂ ਇਸ ਅਪਰਾਧ ਸੰਬੰਧੀ ਅਧਿਕਾਰੀਆਂ ਨੂੰ ਰਿਪੋਰਟ ਦਰਜ ਕਰਾਉਣ ਲਈ ਇਹ ਮੰਗ ਲਾਗੂ ਨਹੀਂ ਹੁੰਦੀ।

16 ਜਦੋਂ ਬਜ਼ੁਰਗਾਂ ਨੂੰ ਪਤਾ ਲੱਗਦਾ ਹੈ ਕਿ ਮੰਡਲੀ ਦੇ ਕਿਸੇ ਮੈਂਬਰ ’ਤੇ ਬਦਫ਼ੈਲੀ ਕਰਨ ਦਾ ਦੋਸ਼ ਲਾਇਆ ਗਿਆ ਹੈ, ਤਾਂ ਉਹ ਇਸ ਮਾਮਲੇ ਸੰਬੰਧੀ ਰਿਪੋਰਟ ਦਰਜ ਕਰਾਉਣ ਲਈ ਕਾਨੂੰਨ ਦੀ ਪਾਲਣਾ ਕਰਦੇ ਹਨ ਅਤੇ ਫਿਰ ਉਹ ਬਾਈਬਲ ਵਿਚ ਦਿੱਤੀ ਸਲਾਹ ਮੁਤਾਬਕ ਇਹ ਤੈਅ ਕਰਦੇ ਹਨ ਕਿ ਨਿਆਂ ਕਮੇਟੀ ਬਿਠਾਈ ਜਾਣੀ ਚਾਹੀਦੀ ਹੈ ਜਾਂ ਨਹੀਂ। ਜੇ ਵਿਅਕਤੀ ਆਪਣੇ ’ਤੇ ਲੱਗੇ ਦੋਸ਼ ਨੂੰ ਨਕਾਰਦਾ ਹੈ, ਤਾਂ ਬਜ਼ੁਰਗ ਗਵਾਹਾਂ ਦੀ ਗਵਾਹੀ ’ਤੇ ਗੌਰ ਕਰਦੇ ਹਨ। ਜੇ ਘੱਟੋ-ਘੱਟ ਦੋ ਵਿਅਕਤੀ ਯਾਨੀ ਜੋ ਦੋਸ਼ ਲਾਉਂਦਾ ਹੈ ਅਤੇ ਉਹ ਗਵਾਹ [ਜਿਸ ਨੇ “ਆਪਣੀ ਅੱਖੀਂ ਦੇਖਿਆ”] ਇਹ ਪੁਸ਼ਟੀ ਕਰਦਾ ਹੈ ਕਿ ਵਿਅਕਤੀ ਨੇ ਹੁਣ ਤੇ ਪਹਿਲਾਂ ਬੱਚਿਆਂ ਨਾਲ ਬਦਫ਼ੈਲੀ ਕੀਤੀ ਹੈ, ਤਾਂ ਨਿਆਂ ਕਮੇਟੀ ਬਿਠਾਈ ਜਾਂਦੀ ਹੈ। * ਜੇ ਦੂਜਾ ਗਵਾਹ ਨਹੀਂ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਦੋਸ਼ ਲਾਉਣ ਵਾਲਾ ਝੂਠ ਬੋਲ ਰਿਹਾ ਹੈ। ਚਾਹੇ ਵਿਅਕਤੀ ਖ਼ਿਲਾਫ਼ ਦੋਸ਼ ਸਾਬਤ ਕਰਨ ਲਈ ਦੋ ਗਵਾਹ ਨਹੀਂ ਹਨ, ਤਾਂ ਵੀ ਬਜ਼ੁਰਗ ਇਸ ਗੱਲ ਨੂੰ ਪਛਾਣਦੇ ਹਨ ਕਿ ਸ਼ਾਇਦ ਗੰਭੀਰ ਪਾਪ ਕੀਤਾ ਗਿਆ ਹੋਵੇ ਜਿਸ ਕਰਕੇ ਦੂਜਿਆਂ ਨੂੰ ਦੁੱਖ ਪਹੁੰਚਿਆ ਹੈ। ਬਜ਼ੁਰਗ ਉਨ੍ਹਾਂ ਨੂੰ ਦਿਲਾਸਾ ਦਿੰਦੇ ਰਹਿਣਗੇ ਤੇ ਉਨ੍ਹਾਂ ਦੀ ਮਦਦ ਕਰਦੇ ਰਹਿਣਗੇ ਜਿਨ੍ਹਾਂ ਨੂੰ ਇਸ ਕਰਕੇ ਦੁੱਖ ਪਹੁੰਚਿਆ ਸੀ। ਨਾਲੇ ਬਜ਼ੁਰਗ ਹਮੇਸ਼ਾ ਖ਼ਬਰਦਾਰ ਰਹਿਣਗੇ ਤਾਂਕਿ ਉਹ ਉਸ ਵਿਅਕਤੀ ਤੋਂ ਮੰਡਲੀ ਦੀ ਰਾਖੀ ਕਰ ਸਕਣ ਜਿਸ ’ਤੇ ਬਦਫ਼ੈਲੀ ਕਰਨ ਦਾ ਦੋਸ਼ ਲਾਇਆ ਗਿਆ ਸੀ।​—ਰਸੂ. 20:28.

17-18. ਦੱਸੋ ਕਿ ਨਿਆਂ ਕਮੇਟੀ ਕੀ ਕਰਦੀ ਹੈ।

 17 ਨਿਆਂ ਕਮੇਟੀ ਕੀ ਕਰਦੀ ਹੈ? “ਨਿਆਂ” ਸ਼ਬਦ ਦਾ ਮਤਲਬ ਇਹ ਨਹੀਂ ਹੈ ਕਿ ਬਜ਼ੁਰਗ ਇਹ ਫ਼ੈਸਲਾ ਕਰਦੇ ਹਨ ਕਿ ਦੋਸ਼ੀ ਨੂੰ ਕਾਨੂੰਨ ਤੋੜਨ ਲਈ ਅਧਿਕਾਰੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਾਂ ਨਹੀਂ। ਬਜ਼ੁਰਗ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਵਿਚ ਕੋਈ ਦਖ਼ਲਅੰਦਾਜ਼ੀ ਨਹੀਂ ਕਰਦੇ ਅਤੇ ਉਹ ਅਪਰਾਧਕ ਮਾਮਲਿਆਂ ਨੂੰ ਸਰਕਾਰ ’ਤੇ ਛੱਡ ਦਿੰਦੇ ਹਨ। (ਰੋਮੀ. 13:2-4; ਤੀਤੁ. 3:1) ਇਸ ਦੀ ਬਜਾਇ, ਬਜ਼ੁਰਗ ਇਹ ਫ਼ੈਸਲਾ ਕਰਦੇ ਹਨ ਕਿ ਉਸ ਵਿਅਕਤੀ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ।

18 ਜਦੋਂ ਬਜ਼ੁਰਗ ਨਿਆਂ ਕਮੇਟੀ ਵਿਚ ਹੁੰਦੇ ਹਨ, ਤਾਂ ਉਹ ਸਿਰਫ਼ ਉਨ੍ਹਾਂ ਮਾਮਲਿਆਂ ਨੂੰ ਦੇਖਦੇ ਹਨ ਜਿਸ ਵਿਚ ਵਿਅਕਤੀ ਦਾ ਪਰਮੇਸ਼ੁਰ ਨਾਲ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਰਿਸ਼ਤਾ ਸ਼ਾਮਲ ਹੁੰਦਾ ਹੈ। ਉਹ ਬਾਈਬਲ ਦੀ ਮਦਦ ਨਾਲ ਦੇਖਦੇ ਹਨ ਕਿ ਦੋਸ਼ੀ ਨੇ ਤੋਬਾ ਕੀਤੀ ਹੈ ਜਾਂ ਨਹੀਂ। ਜੇ ਉਹ ਤੋਬਾ ਨਹੀਂ ਕਰਦਾ, ਤਾਂ ਉਸ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਅਤੇ ਇਸ ਬਾਰੇ ਮੰਡਲੀ ਵਿਚ ਘੋਸ਼ਣਾ ਕੀਤੀ ਜਾਂਦੀ ਹੈ। (1 ਕੁਰਿੰ. 5:11-13) ਤੋਬਾ ਕਰਨ ਵਾਲੇ ਵਿਅਕਤੀ ਨੂੰ ਮੰਡਲੀ ਵਿੱਚੋਂ ਛੇਕਿਆ ਨਹੀਂ ਜਾਂਦਾ। ਪਰ ਬਜ਼ੁਰਗ ਉਸ ਨੂੰ ਦੱਸ ਦਿੰਦੇ ਹਨ ਕਿ ਉਸ ਨੂੰ ਸ਼ਾਇਦ ਸਾਲਾਂ ਤਕ ਜਾਂ ਸ਼ਾਇਦ ਕਦੀ ਵੀ ਮੰਡਲੀ ਵਿਚ ਕੋਈ ਜ਼ਿੰਮੇਵਾਰੀ ਨਾ ਮਿਲੇ। ਬੱਚਿਆਂ ਦੀ ਸੁਰੱਖਿਆ ਦੀ ਪਰਵਾਹ ਕਰਨ ਕਰਕੇ ਸ਼ਾਇਦ ਬਜ਼ੁਰਗ ਮੰਡਲੀ ਦੇ ਮਾਪਿਆਂ ਨਾਲ ਇਕੱਲੇ ਗੱਲ ਕਰਨ ਕਿ ਉਨ੍ਹਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਜਦੋਂ ਉਨ੍ਹਾਂ ਦੇ ਬੱਚੇ ਉਸ ਵਿਅਕਤੀ ਨਾਲ ਹੁੰਦੇ ਹਨ ਜਿਸ ਨੇ ਬਦਫ਼ੈਲੀ ਕੀਤੀ ਹੈ। ਜਦੋਂ ਬਜ਼ੁਰਗ ਮਾਪਿਆਂ ਨਾਲ ਇਹ ਗੱਲ ਕਰਦੇ ਹਨ, ਤਾਂ ਉਹ ਉਨ੍ਹਾਂ ਬੱਚਿਆਂ ਬਾਰੇ ਨਹੀਂ ਦੱਸਦੇ ਜਿਨ੍ਹਾਂ ਨਾਲ ਬਦਫ਼ੈਲੀ ਕੀਤੀ ਗਈ ਸੀ।

ਤੁਸੀਂ ਆਪਣੇ ਬੱਚਿਆਂ ਦੀ ਰਾਖੀ ਕਿਵੇਂ ਕਰ ਸਕਦੇ ਹੋ?

ਮਾਪੇ ਆਪਣੇ ਬੱਚਿਆਂ ਨਾਲ ਸੈਕਸ ਸੰਬੰਧੀ ਢੁਕਵੀਂ ਜਾਣਕਾਰੀ ਸਾਂਝੀ ਕਰ ਕੇ ਉਨ੍ਹਾਂ ਨੂੰ ਬਦਫ਼ੈਲੀ ਦਾ ਸ਼ਿਕਾਰ ਹੋਣ ਤੋਂ ਬਚਾਉਂਦੇ ਹਨ। ਇਸ ਤਰ੍ਹਾਂ ਕਰਨ ਲਈ ਮਾਪੇ ਪਰਮੇਸ਼ੁਰ ਦੇ ਸੰਗਠਨ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਵਰਤੋਂ ਕਰਦੇ ਹਨ। (ਪੈਰੇ 19-22 ਦੇਖੋ)

19-22. ਮਾਪੇ ਆਪਣੇ ਬੱਚਿਆਂ ਦੀ ਰਾਖੀ ਕਰਨ ਲਈ ਕੀ ਕਰ ਸਕਦੇ ਹਨ? (ਪਹਿਲੇ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

19 ਬੱਚਿਆਂ ਦੀ ਰਾਖੀ ਕਰਨ ਦੀ ਸਭ ਤੋਂ ਅਹਿਮ ਜ਼ਿੰਮੇਵਾਰੀ ਕਿਸ ਦੀ ਹੈ? ਮਾਪਿਆਂ ਦੀ। * ਤੁਹਾਡੇ ਬੱਚੇ “ਯਹੋਵਾਹ ਵੱਲੋਂ ਮਿਰਾਸ ਹਨ।” (ਜ਼ਬੂ. 127:3) ਯਹੋਵਾਹ ਨੇ ਉਨ੍ਹਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਹੈ। ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਡੇ ਬੱਚੇ ਬਦਫ਼ੈਲੀ ਦੇ ਸ਼ਿਕਾਰ ਨਾ ਹੋਣ?

20 ਪਹਿਲਾ, ਖ਼ੁਦ ਜਾਣਕਾਰੀ ਲਓ। ਜਾਣੋ ਕਿ ਕਿਸ ਤਰ੍ਹਾਂ ਦੇ ਵਿਅਕਤੀ ਬੱਚਿਆਂ ਨਾਲ ਬਦਫ਼ੈਲੀ ਕਰਦੇ ਹਨ ਅਤੇ ਉਹ ਉਨ੍ਹਾਂ ਨੂੰ ਭਰਮਾਉਣ ਲਈ ਕਿਹੜੀਆਂ ਚਾਲਾਂ ਚੱਲਦੇ ਹਨ। ਹਮੇਸ਼ਾ ਖ਼ਤਰਿਆਂ ਪ੍ਰਤੀ ਸਾਵਧਾਨ ਰਹੋ। (ਕਹਾ. 22:3; 24:3) ਯਾਦ ਰੱਖੋ ਕਿ ਜ਼ਿਆਦਾਤਰ ਮਾਮਲਿਆਂ ਵਿਚ ਬਦਫ਼ੈਲੀ ਕਰਨ ਵਾਲਾ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਬੱਚਾ ਜਾਣਦਾ ਹੁੰਦਾ ਹੈ ਅਤੇ ਉਸ ’ਤੇ ਭਰੋਸਾ ਕਰਦਾ ਹੁੰਦਾ ਹੈ।

21 ਦੂਜਾ, ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰੋ ਤੇ ਉਨ੍ਹਾਂ ਨੂੰ ਖੁੱਲ੍ਹ ਕੇ ਗੱਲ ਕਰਨ ਦੀ ਹੱਲਾਸ਼ੇਰੀ ਦਿਓ। (ਬਿਵ. 6:6, 7) ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਬੱਚਿਆਂ ਦੀ ਗੱਲ ਧਿਆਨ ਨਾਲ ਸੁਣਨ ਦੀ ਲੋੜ ਹੈ। (ਯਾਕੂ. 1:19) ਯਾਦ ਰੱਖੋ ਕਿ ਬਦਫ਼ੈਲੀ ਦੇ ਸ਼ਿਕਾਰ ਬੱਚੇ ਇਸ ਬਾਰੇ ਦੱਸਣ ਤੋਂ ਅਕਸਰ ਡਰਦੇ ਹਨ। ਉਨ੍ਹਾਂ ਨੂੰ ਸ਼ਾਇਦ ਡਰ ਹੋਵੇ ਕਿ ਉਨ੍ਹਾਂ ਦੀ ਗੱਲ ’ਤੇ ਕੋਈ ਯਕੀਨ ਨਹੀਂ ਕਰੇਗਾ ਜਾਂ ਬਦਫ਼ੈਲੀ ਕਰਨ ਵਾਲੇ ਨੇ ਉਸ ਨੂੰ ਡਰਾਇਆ-ਧਮਕਾਇਆ ਹੋਵੇ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸੇ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਨਾਲ ਕੁਝ ਬੁਰਾ ਹੋਇਆ ਹੈ, ਤਾਂ ਪਿਆਰ ਨਾਲ ਉਸ ਨੂੰ ਸਵਾਲ ਪੁੱਛੋ ਅਤੇ ਧੀਰਜ ਨਾਲ ਉਸ ਦੀ ਗੱਲ ਸੁਣੋ।

22 ਤੀਜਾ, ਆਪਣੇ ਬੱਚਿਆਂ ਨੂੰ ਜਾਣਕਾਰੀ ਦਿਓ। ਤੁਸੀਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਕ ਸੈਕਸ ਸੰਬੰਧੀ ਜਾਣਕਾਰੀ ਦੇ ਸਕਦੇ ਹੋ। ਉਨ੍ਹਾਂ ਨੂੰ ਸਿਖਾਓ ਕਿ ਜੇ ਕੋਈ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਨ੍ਹਾਂ ਨੇ ਕੀ ਕਹਿਣਾ ਹੈ ਜਾਂ ਕੀ ਕਰਨਾ ਹੈ। ਪਰਮੇਸ਼ੁਰ ਦੇ ਸੰਗਠਨ ਵੱਲੋਂ ਦਿੱਤੀ ਜਾਣਕਾਰੀ ਦੀ ਵਰਤੋਂ ਕਰੋ ਕਿ ਤੁਸੀਂ ਆਪਣੇ ਬੱਚਿਆਂ ਦੀ ਰਾਖੀ ਕਿਵੇਂ ਕਰ ਸਕਦੇ ਹੋ।​—“ ਖ਼ੁਦ ਜਾਣਕਾਰੀ ਲਓ ਅਤੇ ਆਪਣੇ ਬੱਚਿਆਂ ਨੂੰ ਜਾਣਕਾਰੀ ਦਿਓ” ਨਾਂ ਦੀ ਡੱਬੀ ਦੇਖੋ।

23. ਬੱਚਿਆਂ ਨਾਲ ਹੁੰਦੀ ਬਦਫ਼ੈਲੀ ਬਾਰੇ ਅਸੀਂ ਕਿਹੋ ਜਿਹਾ ਨਜ਼ਰੀਆ ਰੱਖਦੇ ਹਾਂ ਅਤੇ ਅਗਲੇ ਲੇਖ ਵਿਚ ਅਸੀਂ ਕਿਸ ਸਵਾਲ ਦਾ ਜਵਾਬ ਲਵਾਂਗੇ?

23 ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਬੱਚਿਆਂ ਨਾਲ ਹੁੰਦੀ ਬਦਫ਼ੈਲੀ ਨੂੰ ਗੰਭੀਰ ਪਾਪ ਤੇ ਘਿਣਾਉਣਾ ਅਪਰਾਧ ਮੰਨਦੇ ਹਾਂ। ਮਸੀਹ ਦੇ ਕਾਨੂੰਨ ਅਨੁਸਾਰ ਅਸੀਂ ਬਦਫ਼ੈਲੀ ਕਰਨ ਵਾਲੇ ਵਿਅਕਤੀ ਨੂੰ ਉਸ ਦੇ ਪਾਪ ਦੇ ਨਤੀਜਿਆਂ ਤੋਂ ਨਹੀਂ ਬਚਾਉਂਦੇ। ਪਰ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜੋ ਬਦਫ਼ੈਲੀ ਦਾ ਸ਼ਿਕਾਰ ਹੋਏ ਹਨ? ਅਗਲੇ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।

ਗੀਤ 42 ‘ਕਮਜ਼ੋਰ ਲੋਕਾਂ ਦੀ ਮਦਦ ਕਰੋ’

^ ਪੈਰਾ 5 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਬੱਚਿਆਂ ਨੂੰ ਬਦਫ਼ੈਲੀ ਦਾ ਸ਼ਿਕਾਰ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਅਸੀਂ ਸਿੱਖਾਂਗੇ ਕਿ ਬਜ਼ੁਰਗ ਮੰਡਲੀ ਦੀ ਅਤੇ ਮਾਪੇ ਆਪਣੇ ਬੱਚਿਆਂ ਦੀ ਰਾਖੀ ਕਿਵੇਂ ਕਰ ਸਕਦੇ ਹਨ।

^ ਪੈਰਾ 3 ਸ਼ਬਦਾਂ ਦਾ ਮਤਲਬ: ਜਦੋਂ ਕੋਈ ਵਿਅਕਤੀ ਆਪਣੀਆਂ ਲਿੰਗੀ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਬੱਚਿਆਂ ਨੂੰ ਵਰਤਦਾ ਹੈ, ਤਾਂ ਇਸ ਨੂੰ ਬੱਚਿਆਂ ਨਾਲ ਬਦਫ਼ੈਲੀ ਕਰਨੀ ਕਿਹਾ ਜਾਂਦਾ ਹੈ। ਇਸ ਵਿਚ ਬੱਚਿਆਂ ਨਾਲ ਸੈਕਸ ਕਰਨਾ, ਮੌਖਿਕ ਜਾਂ ਗੁੱਦਾ ਸੰਭੋਗ ਕਰਨਾ, ਉਨ੍ਹਾਂ ਦੇ ਗੁਪਤ ਅੰਗ, ਚਿੱਤੜ ਜਾਂ ਛਾਤੀਆਂ ਨੂੰ ਪਲੋਸਣਾ ਜਾਂ ਹੋਰ ਗੰਦੇ ਕੰਮ ਕਰਨੇ ਸ਼ਾਮਲ ਹਨ। ਚਾਹੇ ਬਦਫ਼ੈਲੀ ਦਾ ਸ਼ਿਕਾਰ ਜ਼ਿਆਦਾਤਰ ਕੁੜੀਆਂ ਹੁੰਦੀਆਂ ਹਨ, ਪਰ ਬਹੁਤ ਸਾਰੇ ਮੁੰਡੇ ਵੀ ਇਸ ਦਾ ਸ਼ਿਕਾਰ ਹੋਏ ਹਨ। ਭਾਵੇਂ ਬਦਫ਼ੈਲੀ ਕਰਨ ਵਾਲੇ ਜ਼ਿਆਦਾਤਰ ਆਦਮੀ ਹੁੰਦੇ ਹਨ, ਪਰ ਕੁਝ ਔਰਤਾਂ ਵੀ ਬੱਚਿਆਂ ਨਾਲ ਬਦਫ਼ੈਲੀ ਕਰਦੀਆਂ ਹਨ।

^ ਪੈਰਾ 5 ਸ਼ਬਦ ਦਾ ਮਤਲਬ: ਇਸ ਅਤੇ ਅਗਲੇ ਲੇਖ ਵਿਚ “ਸ਼ਿਕਾਰ” ਸ਼ਬਦ ਉਨ੍ਹਾਂ ਲਈ ਵਰਤਿਆ ਗਿਆ ਹੈ ਜਿਨ੍ਹਾਂ ਨਾਲ ਬਚਪਨ ਵਿਚ ਬਦਫ਼ੈਲੀ ਹੋਈ ਸੀ। ਇਹ ਸ਼ਬਦ ਵਰਤ ਕੇ ਅਸੀਂ ਇਹ ਗੱਲ ਜ਼ਾਹਰ ਕਰਾਂਗੇ ਕਿ ਬੱਚੇ ਨੂੰ ਦੁੱਖ ਪਹੁੰਚਾਇਆ ਗਿਆ, ਉਸ ਦਾ ਫ਼ਾਇਦਾ ਉਠਾਇਆ ਗਿਆ ਅਤੇ ਇਸ ਵਿਚ ਬੱਚੇ ਦਾ ਕੋਈ ਕਸੂਰ ਨਹੀਂ ਹੈ।

^ ਪੈਰਾ 11 ਜੇ ਕੋਈ ਯਹੋਵਾਹ ਨਾਲ ਕਮਜ਼ੋਰ ਰਿਸ਼ਤਾ ਹੋਣ ਕਰਕੇ ਗੰਭੀਰ ਪਾਪ ਕਰਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਆਪਣੀ ਕੀਤੀ ਲਈ ਜ਼ਿੰਮੇਵਾਰ ਨਹੀਂ ਹੈ। ਉਸ ਨੂੰ ਆਪਣੇ ਗ਼ਲਤ ਫ਼ੈਸਲਿਆਂ ਤੇ ਕੰਮਾਂ ਦਾ ਯਹੋਵਾਹ ਨੂੰ ਲੇਖਾ ਦੇਣਾ ਪਵੇਗਾ।​—ਰੋਮੀ. 14:12.

^ ਪੈਰਾ 16 ਬਜ਼ੁਰਗ ਕਦੇ ਵੀ ਇਹ ਮੰਗ ਨਹੀਂ ਕਰਨਗੇ ਕਿ ਬੱਚੇ ਨੂੰ ਉਸ ਸਮੇਂ ਹਾਜ਼ਰ ਹੋਣਾ ਚਾਹੀਦਾ ਹੈ ਜਦੋਂ ਉਹ ਉਸ ਵਿਅਕਤੀ ਨਾਲ ਗੱਲ ਕਰਦੇ ਹਨ ਜਿਸ ’ਤੇ ਬਦਫ਼ੈਲੀ ਕਰਨ ਦਾ ਦੋਸ਼ ਲੱਗਾ ਹੁੰਦਾ ਹੈ। ਪਿਤਾ ਜਾਂ ਕੋਈ ਹੋਰ ਭਰੋਸੇਯੋਗ ਵਿਅਕਤੀ ਬਜ਼ੁਰਗਾਂ ਨੂੰ ਦੱਸ ਸਕਦਾ ਹੈ ਕਿ ਬੱਚੇ ਨੇ ਉਨ੍ਹਾਂ ਨੂੰ ਕੀ ਦੱਸਿਆ ਸੀ। ਇਸ ਤਰ੍ਹਾਂ ਬੱਚੇ ਨੂੰ ਹੋਰ ਦੁੱਖ ਨਹੀਂ ਸਹਿਣਾ ਪਵੇਗਾ।

^ ਪੈਰਾ 19 ਇਹ ਜਾਣਕਾਰੀ ਮਾਪਿਆਂ ਦੇ ਨਾਲ-ਨਾਲ ਉਨ੍ਹਾਂ ਲਈ ਵੀ ਹੈ ਜੋ ਉਸ ਬੱਚੇ ਦੀ ਦੇਖ-ਭਾਲ ਕਰਦੇ ਹਨ ਜੋ ਉਨ੍ਹਾਂ ਦਾ ਆਪਣਾ ਨਹੀਂ ਹੈ।