Skip to content

Skip to table of contents

ਅਧਿਐਨ ਲੇਖ 9

ਨੌਜਵਾਨ ਭਰਾਵੋ, ਤੁਸੀਂ ਦੂਸਰਿਆਂ ਦਾ ਭਰੋਸਾ ਕਿਵੇਂ ਜਿੱਤ ਸਕਦੇ ਹੋ?

ਨੌਜਵਾਨ ਭਰਾਵੋ, ਤੁਸੀਂ ਦੂਸਰਿਆਂ ਦਾ ਭਰੋਸਾ ਕਿਵੇਂ ਜਿੱਤ ਸਕਦੇ ਹੋ?

“[ਨੌਜਵਾਨ] ਸਵੇਰ ਦੀ ਕੁੱਖੋਂ ਪੈਦਾ ਹੋਈਆਂ ਤ੍ਰੇਲ ਦੀਆਂ ਬੂੰਦਾਂ ਵਰਗੇ ਹਨ।”—ਜ਼ਬੂ. 110:3.

ਗੀਤ 4 ਯਹੋਵਾਹ ਦੀ ਮਿਹਰ ਪਾਓ

ਖ਼ਾਸ ਗੱਲਾਂ *

1. ਸਾਡੇ ਨੌਜਵਾਨ ਭਰਾਵਾਂ ਬਾਰੇ ਕੀ ਕਿਹਾ ਜਾ ਸਕਦਾ ਹੈ?

ਨੌਜਵਾਨ ਭਰਾਵੋ ਤੁਸੀਂ ਮੰਡਲੀ ਵਿਚ ਕਈ ਕੰਮ ਕਰ ਸਕਦੇ ਹੋ। ਤੁਹਾਡੇ ਵਿੱਚੋਂ ਕਈ ਜਣੇ ਤਾਕਤਵਰ ਅਤੇ ਤੰਦਰੁਸਤ ਹਨ। (ਕਹਾ. 20:29) ਤੁਸੀਂ ਮੰਡਲੀ ਲਈ ਬਰਕਤ ਹੋ। ਤੁਸੀਂ ਸ਼ਾਇਦ ਉਸ ਸਮੇਂ ਬਾਰੇ ਸੋਚੋ ਜਦੋਂ ਤੁਹਾਨੂੰ ਸਹਾਇਕ ਸੇਵਕ ਦੀ ਜ਼ਿੰਮੇਵਾਰੀ ਮਿਲੇਗੀ। ਪਰ ਸ਼ਾਇਦ ਤੁਹਾਨੂੰ ਲੱਗੇ ਕਿ ਦੂਸਰੇ ਤੁਹਾਨੂੰ ਇਸ ਜ਼ਿੰਮੇਵਾਰੀ ਲਈ ਘੱਟ ਤਜਰਬੇਕਾਰ ਜਾਂ ਛੋਟੀ ਉਮਰ ਦੇ ਸਮਝਣ। ਭਾਵੇਂ ਕਿ ਤੁਸੀਂ ਨੌਜਵਾਨ ਹੋ, ਪਰ ਤੁਸੀਂ ਮੰਡਲੀ ਵਿਚ ਚੰਗਾ ਨਾਂ ਕਮਾਉਣ ਅਤੇ ਦੂਸਰਿਆਂ ਦਾ ਭਰੋਸਾ ਜਿੱਤਣ ਲਈ ਕਾਫ਼ੀ ਕੁਝ ਕਰ ਸਕਦੇ ਹੋ।

2. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

2 ਇਸ ਲੇਖ ਵਿਚ ਅਸੀਂ ਰਾਜਾ ਦਾਊਦ ਦੀ ਜ਼ਿੰਦਗੀ ’ਤੇ ਗੌਰ ਕਰਾਂਗੇ। ਨਾਲੇ ਅਸੀਂ ਯਹੂਦਾਹ ਦੇ ਦੋ ਰਾਜਿਆਂ, ਰਾਜਾ ਆਸਾ ਅਤੇ ਰਾਜਾ ਯਹੋਸ਼ਾਫ਼ਾਟ ਦੀ ਜ਼ਿੰਦਗੀ ’ਤੇ ਵੀ ਗੌਰ ਕਰਾਂਗੇ। ਅਸੀਂ ਦੇਖਾਂਗੇ ਕਿ ਇਨ੍ਹਾਂ ਤਿੰਨਾਂ ਆਦਮੀਆਂ ਨੂੰ ਕਿਹੋ ਅਜਿਹੀਆਂ ਮੁਸ਼ਕਲਾਂ ਸਹਿਣੀਆਂ ਪਈਆਂ ਤੇ ਉਹ ਇਨ੍ਹਾਂ ਵਿੱਚੋਂ ਕਿਵੇਂ ਨਿਕਲੇ ਅਤੇ ਨੌਜਵਾਨ ਭਰਾ ਇਨ੍ਹਾਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ।

ਰਾਜਾ ਦਾਊਦ ਤੋਂ ਸਿੱਖੋ

3. ਨੌਜਵਾਨ ਭਰਾ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਨ?

3 ਨੌਜਵਾਨ ਹੁੰਦਿਆਂ ਦਾਊਦ ਨੇ ਉਹ ਹੁਨਰ ਸਿੱਖੇ ਜਿਸ ਤੋਂ ਦੂਸਰਿਆਂ ਨੂੰ ਫ਼ਾਇਦਾ ਹੋਇਆ। ਉਸ ਦੀ ਯਹੋਵਾਹ ਨਾਲ ਬਹੁਤ ਗੂੜ੍ਹੀ ਦੋਸਤੀ ਸੀ ਅਤੇ ਉਸ ਨੇ ਵਧੀਆ ਸੰਗੀਤਕਾਰ ਬਣਨ ਵਿਚ ਮਿਹਨਤ ਕੀਤੀ। ਨਾਲੇ ਉਸ ਨੇ ਆਪਣੇ ਇਸ ਹੁਨਰ ਨਾਲ ਪਰਮੇਸ਼ੁਰ ਦੇ ਚੁਣੇ ਰਾਜਾ ਸ਼ਾਊਲ ਦੀ ਮਦਦ ਵੀ ਕੀਤੀ। (1 ਸਮੂ. 16:16, 23) ਨੌਜਵਾਨ ਭਰਾਵੋ ਕੀ ਤੁਸੀਂ ਆਪਣੇ ਹੁਨਰ ਨਾਲ ਮੰਡਲੀ ਦੇ ਭੈਣਾਂ ਭਰਾਵਾਂ ਦੀ ਮਦਦ ਕਰ ਸਕਦੇ ਹੋ? ਤੁਹਾਡੇ ਵਿੱਚੋਂ ਬਹੁਤ ਸਾਰੇ ਇੱਦਾਂ ਹੀ ਕਰ ਰਹੇ ਹਨ। ਮਿਸਾਲ ਲਈ, ਸ਼ਾਇਦ ਤੁਸੀਂ ਧਿਆਨ ਦਿੱਤਾ ਹੋਵੇ ਕਿ ਮੰਡਲੀ ਵਿਚ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਫ਼ੋਨ ਜਾਂ ਟੈਬਲੇਟ ਚਲਾਉਣਾ ਨਹੀਂ ਆਉਂਦਾ ਹੈ। ਪਰ ਜਦੋਂ ਤੁਸੀਂ ਉਨ੍ਹਾਂ ਨੂੰ ਨਿੱਜੀ ਅਧਿਐਨ ਅਤੇ ਸਭਾਵਾਂ ਦੀ ਤਿਆਰੀ ਕਰਨ ਲਈ ਇਨ੍ਹਾਂ ਨੂੰ ਚਲਾਉਣਾ ਸਿਖਾਉਂਦੇ ਹੋ, ਤਾਂ ਉਹ ਤੁਹਾਡੀ ਬਹੁਤ ਕਦਰ ਕਰਦੇ ਹਨ। ਤਕਨਾਲੋਜੀ ਬਾਰੇ ਤੁਹਾਡੀ ਇਸ ਜਾਣਕਾਰੀ ਤੋਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ।

ਆਪਣੇ ਪਿਤਾ ਦੀਆਂ ਭੇਡਾਂ ਦੀ ਦੇਖ-ਰੇਖ ਕਰਦੇ ਵੇਲੇ ਦਾਊਦ ਜ਼ਿੰਮੇਵਾਰ ਅਤੇ ਭਰੋਸੇਮੰਦ ਸਾਬਤ ਹੋਇਆ। ਦਾਊਦ ਰਿੱਛ ਤੋਂ ਆਪਣੀਆਂ ਭੇਡਾਂ ਨੂੰ ਬਚਾਉਂਦਾ ਹੋਇਆ (ਪੈਰਾ 4 ਦੇਖੋ)

4. ਦਾਊਦ ਵਾਂਗ ਨੌਜਵਾਨ ਭਰਾਵਾਂ ਵਿਚ ਕਿਹੜੇ ਗੁਣ ਹੋਣੇ ਜ਼ਰੂਰੀ ਹਨ? (ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

4 ਦਾਊਦ ਨੇ ਆਪਣੇ ਕੰਮਾਂ ਰਾਹੀਂ ਦਿਖਾਇਆ ਕਿ ਉਹ ਇਕ ਭਰੋਸੇਯੋਗ ਅਤੇ ਜ਼ਿੰਮੇਵਾਰ ਵਿਅਕਤੀ ਸੀ। ਮਿਸਾਲ ਲਈ, ਜਦੋਂ ਉਹ ਜਵਾਨ ਸੀ, ਤਾਂ ਉਸ ਨੂੰ ਆਪਣੇ ਪਿਤਾ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਕੰਮ ਵਿਚ ਕਾਫ਼ੀ ਖ਼ਤਰਾ ਸੀ। ਬਾਅਦ ਵਿਚ ਦਾਊਦ ਨੇ ਰਾਜਾ ਸ਼ਾਊਲ ਨੂੰ ਦੱਸਿਆ: “ਤੇਰਾ ਸੇਵਕ ਆਪਣੇ ਪਿਤਾ ਦਾ ਇੱਜੜ ਚਾਰਦਾ ਹੈ। ਇਕ ਵਾਰ ਸ਼ੇਰ ਆਇਆ ਤੇ ਇੱਜੜ ਵਿੱਚੋਂ ਭੇਡ ਚੁੱਕ ਕੇ ਲੈ ਗਿਆ। ਇਕ ਹੋਰ ਸਮੇਂ ਤੇ ਰਿੱਛ ਆਇਆ ਤੇ ਉਸ ਨੇ ਵੀ ਇਸੇ ਤਰ੍ਹਾਂ ਕੀਤਾ। ਮੈਂ ਉਨ੍ਹਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਮਾਰ ਸੁੱਟਿਆ ਤੇ ਭੇਡ ਨੂੰ ਉਨ੍ਹਾਂ ਦੇ ਮੂੰਹੋਂ ਬਚਾ ਲਿਆਂਦਾ।” (1 ਸਮੂ. 17:34, 35) ਦਾਊਦ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਗੰਭੀਰਤਾ ਨਾਲ ਨਿਭਾਇਆ। ਨਾਲੇ ਦਾਊਦ ਆਪਣੀਆਂ ਭੇਡਾਂ ਦੀ ਰਾਖੀ ਲਈ ਦਲੇਰੀ ਨਾਲ ਜੰਗਲੀ ਜਾਨਵਰਾਂ ਨਾਲ ਲੜਿਆ। ਨੌਜਵਾਨ ਭਰਾਵੋ ਤੁਸੀਂ ਵੀ ਦਾਊਦ ਦੀ ਰੀਸ ਕਰ ਸਕਦੇ ਹੋ। ਜੋ ਵੀ ਤੁਹਾਨੂੰ ਕੰਮ ਦਿੱਤਾ ਜਾਂਦਾ ਹੈ ਉਸ ਨੂੰ ਦਿਲ ਲਾ ਕੇ ਕਰੋ।

5. ਜ਼ਬੂਰ 25:14 ਮੁਤਾਬਕ ਨੌਜਵਾਨ ਭਰਾਵਾਂ ਲਈ ਕਿਹੜੀ ਗੱਲ ਅਹਿਮ ਹੋਣੀ ਚਾਹੀਦੀ ਹੈ?

5 ਦਾਊਦ ਨੇ ਬਚਪਨ ਤੋਂ ਹੀ ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕੀਤੀ ਸੀ। ਯਹੋਵਾਹ ਨਾਲ ਉਸ ਦੀ ਇਹ ਦੋਸਤੀ ਉਸ ਦੇ ਹੁਨਰ ਅਤੇ ਦਲੇਰੀ ਨਾਲੋਂ ਜ਼ਿਆਦਾ ਮਾਅਨੇ ਰੱਖਦੀ ਸੀ। ਦਾਊਦ ਲਈ ਯਹੋਵਾਹ ਪਰਮੇਸ਼ੁਰ ਹੀ ਨਹੀਂ ਸੀ, ਸਗੋਂ ਉਸ ਦਾ ਪੱਕਾ ਦੋਸਤ ਵੀ ਸੀ। (ਜ਼ਬੂਰ 25:14 ਪੜ੍ਹੋ।) ਨੌਜਵਾਨ ਭਰਾਵੋ ਤੁਹਾਡੇ ਲਈ ਆਪਣੇ ਸਵਰਗੀ ਪਿਤਾ ਨਾਲ ਦੋਸਤੀ ਗੂੜ੍ਹੀ ਕਰਨੀ ਸਭ ਤੋਂ ਅਹਿਮ ਗੱਲ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਇੱਦਾਂ ਕਰੋਗੇ, ਤਾਂ ਮੰਡਲੀ ਵਿਚ ਤੁਹਾਨੂੰ ਹੋਰ ਵੀ ਜ਼ਿਆਦਾ ਜ਼ਿੰਮੇਵਾਰੀਆਂ ਮਿਲਣਗੀਆਂ।

6. ਕੁਝ ਲੋਕ ਦਾਊਦ ਬਾਰੇ ਕਿਹੋ ਜਿਹੀ ਸੋਚ ਰੱਖਦੇ ਸਨ?

6 ਕੁਝ ਲੋਕ ਦਾਊਦ ਬਾਰੇ ਗ਼ਲਤ ਸੋਚ ਰੱਖਦੇ ਸਨ। ਮਿਸਾਲ ਲਈ, ਜਦੋਂ ਦਾਊਦ ਗੋਲਿਅਥ ਨਾਲ ਲੜਨ ਲਈ ਅੱਗੇ ਆਇਆ, ਤਾਂ ਰਾਜਾ ਸ਼ਾਊਲ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਕਿਹਾ: “ਤੂੰ ਤਾਂ ਮੁੰਡਾ ਜਿਹਾ ਹੈਂ।” (1 ਸਮੂ. 17:31-33) ਥੋੜ੍ਹਾ ਸਮਾਂ ਪਹਿਲਾਂ ਹੀ ਦਾਊਦ ਦੇ ਆਪਣੇ ਭਰਾ ਨੇ ਉਸ ’ਤੇ ਗ਼ੈਰ ਜ਼ਿੰਮੇਵਾਰ ਹੋਣ ਦਾ ਦੋਸ਼ ਲਾਇਆ ਸੀ। (1 ਸਮੂ. 17:26-30) ਪਰ ਯਹੋਵਾਹ ਦਾਊਦ ਨੂੰ ਨਿਆਣਾ ਜਾਂ ਗ਼ੈਰ-ਜ਼ਿੰਮੇਵਾਰ ਨਹੀਂ ਸਮਝਦਾ ਸੀ। ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਦਾਊਦ ਨੇ ਆਪਣੇ ਦੋਸਤ ਯਹੋਵਾਹ ’ਤੇ ਭਰੋਸਾ ਰੱਖਦਿਆਂ ਗੋਲਿਅਥ ਨੂੰ ਮਾਰ ਮੁਕਾਇਆ।—1 ਸਮੂ. 17:45, 48-51.

7. ਦਾਊਦ ਤੋਂ ਤੁਸੀਂ ਕੀ ਸਿੱਖ ਸਕਦੇ ਹੋ?

7 ਨੌਜਵਾਨ ਭਰਾਵੋ ਤੁਸੀਂ ਦਾਊਦ ਤੋਂ ਕੀ ਸਿੱਖ ਸਕਦੇ ਹੋ? ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ। ਜਿਨ੍ਹਾਂ ਨੇ ਤੁਹਾਨੂੰ ਛੋਟੇ ਹੁੰਦਿਆਂ ਤੋਂ ਦੇਖਿਆ ਹੈ, ਉਨ੍ਹਾਂ ਨੂੰ ਸ਼ਾਇਦ ਇਹ ਮੰਨਣ ਵਿਚ ਸਮਾਂ ਲੱਗੇ ਕਿ ਤੁਸੀਂ ਹੁਣ ਵੱਡੇ ਹੋ ਗਏ ਹੋ। ਪਰ ਤੁਸੀਂ ਇਹ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਸਿਰਫ਼ ਤੁਹਾਡਾ ਬਾਹਰਲਾ ਰੂਪ ਹੀ ਨਹੀਂ ਦੇਖਦਾ, ਸਗੋਂ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਤੁਸੀਂ ਕੀ-ਕੀ ਕਰ ਸਕਦੇ ਹੋ। (1 ਸਮੂ. 16:7) ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੋ। ਦਾਊਦ ਯਹੋਵਾਹ ਵੱਲੋਂ ਬਣਾਈਆਂ ਚੀਜ਼ਾਂ ’ਤੇ ਸੋਚ-ਵਿਚਾਰ ਕਰਦਾ ਸੀ। ਇਸ ਤਰ੍ਹਾਂ ਉਹ ਯਹੋਵਾਹ ਦੇ ਗੁਣਾ ਬਾਰੇ ਕਾਫ਼ੀ ਕੁਝ ਸਿੱਖ ਸਕਿਆ। (ਜ਼ਬੂ. 8:3, 4; 139:14; ਰੋਮੀ. 1:20) ਤੁਸੀਂ ਦਾਊਦ ਤੋਂ ਇਕ ਹੋਰ ਗੱਲ ਸਿੱਖ ਸਕਦੇ ਹੋ। ਜਦੋਂ ਤੁਸੀਂ ਮੁਸ਼ਕਲਾਂ ਵਿਚ ਹੁੰਦੇ ਹੋ, ਤਾਂ ਯਹੋਵਾਹ ਤੋਂ ਮਦਦ ਮੰਗੋ। ਮੰਨ ਲਓ, ਤੁਹਾਡੇ ਨਾਲ ਪੜ੍ਹਨ ਵਾਲੇ ਤੁਹਾਡਾ ਮਜ਼ਾਕ ਉਡਾਉਂਦੇ ਹਨ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ, ਤਾਂ ਫਿਰ ਤੁਸੀਂ ਕੀ ਕਰੋਗੇ? ਯਹੋਵਾਹ ਨੂੰ ਪ੍ਰਾਰਥਨਾ ਕਰੋ ਤੇ ਉਸ ਤੋਂ ਮਦਦ ਮੰਗੋ। ਨਾਲੇ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਅਤੇ ਵੀਡੀਓਜ਼ ਵਿਚ ਪਾਈ ਜਾਂਦੀ ਸਲਾਹ ਮੁਤਾਬਕ ਚੱਲੋ। ਹਰ ਵਾਰ ਜਦੋਂ ਤੁਸੀਂ ਦੇਖੋਗੇ ਕਿ ਯਹੋਵਾਹ ਨੇ ਮੁਸ਼ਕਲ ਵਿੱਚੋਂ ਲੰਘਣ ਵਿਚ ਤੁਹਾਡੀ ਮਦਦ ਕੀਤੀ, ਤਾਂ ਉਸ ’ਤੇ ਤੁਹਾਡਾ ਭਰੋਸਾ ਹੋਰ ਵਧੇਗਾ। ਇਸ ਦੇ ਨਾਲ-ਨਾਲ ਜਦੋਂ ਦੂਸਰੇ ਤੁਹਾਨੂੰ ਯਹੋਵਾਹ ’ਤੇ ਭਰੋਸਾ ਰੱਖਦਿਆਂ ਦੇਖਣਗੇ, ਤਾਂ ਤੁਸੀਂ ਉਨ੍ਹਾਂ ਦਾ ਵੀ ਭਰੋਸਾ ਜਿੱਤ ਸਕੋਗੇ।

ਨੌਜਵਾਨ ਭਰਾ ਬਹੁਤ ਸਾਰੇ ਤਰੀਕਿਆਂ ਨਾਲ ਦੂਸਰਿਆਂ ਦੀ ਮਦਦ ਕਰ ਸਕਦੇ ਹਨ (ਪੈਰੇ 8-9 ਦੇਖੋ)

8-9. (ੳ) ਜਦੋਂ ਤਕ ਦਾਊਦ ਨੇ ਰਾਜ ਕਰਨਾ ਸ਼ੁਰੂ ਨਹੀਂ ਕੀਤਾ ਸੀ, ਉਦੋਂ ਤਕ ਉਸ ਨੇ ਕੀ ਕੀਤਾ? (ਅ) ਨੌਜਵਾਨ ਭਰਾ ਦਾਊਦ ਤੋਂ ਕੀ ਸਿੱਖ ਸਕਦੇ ਹਨ?

8 ਦਾਊਦ ਦੇ ਸਾਮ੍ਹਣੇ ਇਕ ਹੋਰ ਮੁਸ਼ਕਲ ਆਈ। ਉਸ ਨੂੰ ਰਾਜਾ ਤਾਂ ਕਾਫ਼ੀ ਸਮਾਂ ਪਹਿਲਾਂ ਚੁਣ ਲਿਆ ਗਿਆ ਸੀ, ਪਰ ਯਹੂਦਾਹ ’ਤੇ ਰਾਜ ਕਰਨ ਲਈ ਉਸ ਨੂੰ ਕਈ ਸਾਲ ਇੰਤਜ਼ਾਰ ਕਰਨਾ ਪਿਆ। (1 ਸਮੂ. 16:13; 2 ਸਮੂ. 2: 3, 4) ਇਸ ਸਮੇਂ ਦੌਰਾਨ ਉਸ ਨੇ ਕੀ ਕੀਤਾ? ਕੀ ਉਹ ਨਿਰਾਸ਼ਾ ਵਿਚ ਡੁੱਬ ਗਿਆ? ਨਹੀਂ, ਉਸ ਨੇ ਧੀਰਜ ਰੱਖਿਆ ਅਤੇ ਉਹ ਕੰਮ ਕੀਤਾ ਜੋ ਉਹ ਕਰ ਸਕਦਾ ਸੀ। ਮਿਸਾਲ ਲਈ, ਜਦੋਂ ਉਹ ਸ਼ਾਊਲ ਤੋਂ ਭੱਜ ਰਿਹਾ ਸੀ, ਤਾਂ ਉਹ ਫਲਿਸਤੀਆਂ ਦੇ ਦੇਸ਼ ਗਿਆ। ਉੱਥੇ ਰਹਿੰਦਿਆਂ ਉਸ ਨੇ ਇਜ਼ਰਾਈਲੀਆਂ ਦੇ ਦੁਸ਼ਮਣਾਂ ਨਾਲ ਲੜਾਈ ਕੀਤੀ। ਇਸ ਤਰ੍ਹਾਂ ਉਸ ਨੇ ਯਹੂਦਾਹ ਦੇਸ਼ ਦੀ ਰਾਖੀ ਕੀਤੀ।—1 ਸਮੂ. 27:1-12.

9 ਨੌਜਵਾਨ ਭਰਾਵੋ ਤੁਸੀਂ ਦਾਊਦ ਤੋਂ ਕੀ ਸਿੱਖ ਸਕਦੇ ਹੋ? ਜਦੋਂ ਤਕ ਮੰਡਲੀ ਵਿਚ ਤੁਹਾਨੂੰ ਕੋਈ ਜ਼ਿੰਮੇਵਾਰੀ ਨਹੀਂ ਮਿਲਦੀ, ਉਦੋਂ ਤਕ ਤੁਸੀਂ ਭੈਣਾਂ-ਭਰਾਵਾਂ ਲਈ ਜਾਂ ਯਹੋਵਾਹ ਦੀ ਸੇਵਾ ਵਿਚ ਜੋ ਕਰ ਸਕਦੇ ਹੋ ਉਹ ਕਰਦੇ ਰਹੋ। ਜ਼ਰਾ ਭਰਾ ਰਿਕਾਰਡੋ * ਦੀ ਮਿਸਾਲ ਵੱਲ ਧਿਆਨ ਦਿਓ। ਉਹ ਛੋਟੀ ਉਮਰ ਤੋਂ ਹੀ ਪਾਇਨੀਅਰ ਬਣਨਾ ਚਾਹੁੰਦਾ ਸੀ, ਪਰ ਉਸ ਦੀ ਮੰਡਲੀ ਦੇ ਬਜ਼ੁਰਗਾਂ ਨੇ ਉਸ ਨੂੰ ਕਿਹਾ ਕਿ ਉਹ ਹਾਲੇ ਤਿਆਰ ਨਹੀਂ ਸੀ। ਰਿਕਾਰਡੋ ਨੇ ਨਿਰਾਸ਼ ਜਾਂ ਗੁੱਸੇ ਹੋਣ ਦੀ ਬਜਾਇ ਪ੍ਰਚਾਰ ਵਿਚ ਹੋਰ ਸਮਾਂ ਲਾਉਣਾ ਸ਼ੁਰੂ ਕੀਤਾ। ਉਹ ਦੱਸਦਾ ਹੈ: “ਵਧੀਆ ਹੀ ਹੋਇਆ ਕਿ ਉਸ ਵੇਲੇ ਮੈਨੂੰ ਪਾਇਨੀਅਰ ਨਹੀਂ ਬਣਾਇਆ ਗਿਆ। ਮੈਂ ਹੋਰ ਵਧੀਆ ਢੰਗ ਨਾਲ ਦੂਸਰੀ ਮੁਲਾਕਾਤ ਕਰਨੀ ਸਿੱਖੀ ਅਤੇ ਮੈਂ ਪਹਿਲੀ ਵਾਰ ਇਕ ਬਾਈਬਲ ਸਟੱਡੀ ਵੀ ਸ਼ੁਰੂ ਕੀਤੀ। ਮੈਂ ਜਿੰਨਾ ਜ਼ਿਆਦਾ ਪ੍ਰਚਾਰ ਵਿਚ ਸਮਾਂ ਲਾਉਂਦਾ ਗਿਆ ਉੱਨੀ ਜ਼ਿਆਦਾ ਮੇਰੀ ਘਬਰਾਹਟ ਦੂਰ ਹੁੰਦੀ ਗਈ ਅਤੇ ਮੈਂ ਪੂਰੇ ਯਕੀਨ ਨਾਲ ਦੂਸਰਿਆਂ ਨੂੰ ਬਾਈਬਲ ਵਿੱਚੋਂ ਸਿਖਾਉਣ ਲੱਗਾ।” ਰਿਕਾਰਡੋ ਅੱਜ ਇਕ ਵਧੀਆ ਪਾਇਨੀਅਰ ਅਤੇ ਇਕ ਸਹਾਇਕ ਸੇਵਕ ਹੈ।

10. ਦਾਊਦ ਨੇ ਇਕ ਵਾਰ ਜ਼ਰੂਰੀ ਫ਼ੈਸਲਾ ਲੈਣ ਤੋਂ ਪਹਿਲਾਂ ਕੀ ਕੀਤਾ?

10 ਜ਼ਰਾ ਦਾਊਦ ਦੀ ਜ਼ਿੰਦਗੀ ਦੀ ਇਕ ਹੋਰ ਘਟਨਾ ਵੱਲ ਧਿਆਨ ਦਿਓ। ਦਾਊਦ ਸ਼ਾਊਲ ਦੇ ਡਰੋਂ ਫਲਿਸਤੀਆਂ ਦੇ ਇਲਾਕੇ ਵਿਚ ਲੁਕਿਆ ਹੋਇਆ ਸੀ। ਉੱਥੇ ਇਕ ਵਾਰ ਦਾਊਦ ਅਤੇ ਉਸ ਦੇ ਆਦਮੀ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਘਰ ਛੱਡ ਕੇ ਯੁੱਧ ਲੜਨ ਗਏ ਹੋਏ ਸਨ। ਇਸ ਦੌਰਾਨ ਲੁਟੇਰੇ ਆਏ ਅਤੇ ਉਨ੍ਹਾਂ ਦਾ ਸਾਰਾ ਕੁਝ ਲੁੱਟ ਕੇ ਲੈ ਗਏ। ਇੱਥੋਂ ਤਕ ਕਿ ਉਹ ਉਨ੍ਹਾਂ ਦੀਆਂ ਪਤਨੀਆਂ ਤੇ ਬੱਚਿਆਂ ਨੂੰ ਵੀ ਬੰਦੀ ਬਣਾ ਕੇ ਲੈ ਗਏ। ਜਦੋਂ ਦਾਊਦ ਨੂੰ ਇਹ ਸਾਰਾ ਕੁਝ ਪਤਾ ਲੱਗਾ, ਤਾਂ ਉਹ ਸੋਚ ਸਕਦਾ ਸੀ: ‘ਮੈਂ ਤਾਂ ਇਕ ਯੋਧਾ ਹਾਂ ਅਤੇ ਮੈਂ ਬਹੁਤ ਸਾਰੀਆਂ ਲੜਾਈਆਂ ਲੜੀਆਂ ਹਨ। ਮੈਨੂੰ ਪਤਾ ਦੁਸ਼ਮਣਾਂ ਨਾਲ ਕਿੱਦਾਂ ਲੜਨਾ ਹੈ। ਮੈਂ ਆਪ ਜਾ ਕੇ ਉਨ੍ਹਾਂ ਨੂੰ ਛੁਡਾ ਕੇ ਲਿਆਵਾਂਗਾ।’ ਪਰ ਦਾਊਦ ਨੇ ਇੱਦਾਂ ਦਾ ਕੁਝ ਨਹੀਂ ਕੀਤਾ, ਸਗੋਂ ਉਸ ਨੇ ਯਹੋਵਾਹ ਤੋਂ ਸੇਧ ਭਾਲੀ। ਉਸ ਨੇ ਪੁਜਾਰੀ ਅਬਯਾਥਾਰ ਰਾਹੀਂ ਯਹੋਵਾਹ ਤੋਂ ਸਲਾਹ ਪੁੱਛੀ: “ਕੀ ਮੈਂ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕਰਾਂ?” ਯਹੋਵਾਹ ਨੇ ਉਸ ਨੂੰ ਜਾਣ ਲਈ ਕਿਹਾ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਲੁਟੇਰਿਆਂ ਨੂੰ ਜ਼ਰੂਰ ਹਰਾਵੇਗਾ। (1 ਸਮੂ. 30:7-10) ਤੁਸੀਂ ਇਸ ਘਟਨਾ ਤੋਂ ਕੀ ਸਿੱਖ ਸਕਦੇ ਹੋ?

ਨੌਜਵਾਨ ਭਰਾਵਾਂ ਨੂੰ ਬਜ਼ੁਰਗਾਂ ਤੋਂ ਸਲਾਹ ਲੈਣੀ ਚਾਹੀਦੀ ਹੈ (ਪੈਰਾ 11 ਦੇਖੋ)

11. ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

11 ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਦੂਸਰਿਆਂ ਤੋਂ ਸਲਾਹ ਲਓ। ਤੁਸੀਂ ਆਪਣੇ ਮੰਮੀ-ਡੈਡੀ ਤੋਂ ਸਲਾਹ ਲੈ ਸਕਦੇ ਹੋ ਜਾਂ ਤੁਸੀਂ ਮੰਡਲੀ ਦੇ ਤਜਰਬੇਕਾਰ ਬਜ਼ੁਰਗਾਂ ਤੋਂ ਵੀ ਸਲਾਹ ਲੈ ਸਕਦੇ ਹੋ। ਤੁਸੀਂ ਬਜ਼ੁਰਗਾਂ ’ਤੇ ਭਰੋਸਾ ਰੱਖ ਸਕਦੇ ਹੋ ਕਿਉਂਕਿ ਯਹੋਵਾਹ ਨੂੰ ਉਨ੍ਹਾਂ ’ਤੇ ਭਰੋਸਾ ਹੈ। ਯਹੋਵਾਹ ਬਜ਼ੁਰਗਾਂ ਨੂੰ ਮੰਡਲੀ ਲਈ “ਤੋਹਫ਼ਿਆਂ ਵਜੋਂ” ਸਮਝਦਾ ਹੈ। (ਅਫ਼. 4:8) ਜੇ ਤੁਸੀਂ ਇਨ੍ਹਾਂ ਬਜ਼ੁਰਗਾਂ ਦੀ ਨਿਹਚਾ ਦੀ ਰੀਸ ਕਰੋਗੇ ਅਤੇ ਇਨ੍ਹਾਂ ਦੇ ਸੁਝਾਵਾਂ ਨੂੰ ਮੰਨੋਗੇ, ਤਾਂ ਤੁਸੀਂ ਸਹੀ ਫ਼ੈਸਲੇ ਲੈ ਸਕੋਗੇ। ਆਓ ਹੁਣ ਆਪਾਂ ਰਾਜਾ ਆਸਾ ਦੀ ਜ਼ਿੰਦਗੀ ਤੋਂ ਕੁਝ ਗੱਲਾਂ ਸਿੱਖੀਏ।

ਰਾਜਾ ਆਸਾ ਤੋਂ ਸਿੱਖੋ

12. ਜਦੋਂ ਆਸਾ ਰਾਜਾ ਬਣਿਆ, ਤਾਂ ਉਸ ਵਿਚ ਕਿਹੜੇ ਗੁਣ ਸਨ?

12 ਜਵਾਨੀ ਵੇਲੇ ਰਾਜਾ ਆਸਾ ਬਹੁਤ ਹੀ ਨਿਮਰ ਅਤੇ ਦਲੇਰ ਸੀ। ਮਿਸਾਲ ਲਈ, ਜਦੋਂ ਉਸ ਦੇ ਪਿਤਾ ਅਬੀਯਾਹ ਦੀ ਮੌਤ ਹੋਈ, ਤਾਂ ਉਸ ਤੋਂ ਬਾਅਦ ਉਸ ਨੂੰ ਰਾਜਾ ਬਣਾਇਆ ਗਿਆ। ਰਾਜਾ ਬਣਨ ਤੋਂ ਬਾਅਦ ਪੂਰੇ ਦੇਸ਼ ਵਿਚ ਮੂਰਤੀ ਪੂਜਾ ਨੂੰ ਖ਼ਤਮ ਕਰਨ ਦੀ ਵੱਡੀ ਮੁਹਿੰਮ ਚਲਾਈ। ਇਸ ਤੋਂ ਇਲਾਵਾ, ਉਸ ਨੇ “ਯਹੂਦਾਹ ਨੂੰ ਕਿਹਾ ਕਿ ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਭਾਲੇ ਅਤੇ ਕਾਨੂੰਨ ਤੇ ਹੁਕਮ ਦੀ ਪਾਲਣਾ ਕਰੇ।” (2 ਇਤਿ. 14:1-7) ਬਾਅਦ ਵਿਚ ਜਦੋਂ ਇਥੋਪੀਆ ਦਾ ਰਾਜਾ ਜ਼ਰਾਹ 10 ਲੱਖ ਫ਼ੌਜੀ ਲੈ ਕੇ ਯਹੂਦਾਹ ’ਤੇ ਹਮਲਾ ਕਰਨ ਆਇਆ, ਤਾਂ ਉਸ ਵੇਲੇ ਆਸਾ ਨੇ ਯਹੋਵਾਹ ’ਤੇ ਭਰੋਸਾ ਰੱਖਿਆ ਅਤੇ ਉਸ ਤੋਂ ਮਦਦ ਮੰਗੀ। ਉਸ ਨੇ ਕਿਹਾ: “ਹੇ ਯਹੋਵਾਹ, ਤੇਰੇ ਲਈ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਜਿਨ੍ਹਾਂ ਦੀ ਤੂੰ ਮਦਦ ਕਰਦਾ ਹੈਂ, ਉਹ ਬਹੁਤੇ ਹਨ ਜਾਂ ਨਿਰਬਲ। ਹੇ ਸਾਡੇ ਪਰਮੇਸ਼ੁਰ ਯਹੋਵਾਹ, ਸਾਡੀ ਮਦਦ ਕਰ ਕਿਉਂਕਿ ਅਸੀਂ ਤੇਰੇ ’ਤੇ ਭਰੋਸਾ ਰੱਖਿਆ ਹੈ।” ਇਨ੍ਹਾਂ ਸੋਹਣੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਆਸਾ ਨੂੰ ਯਹੋਵਾਹ ’ਤੇ ਪੂਰਾ ਯਕੀਨ ਸੀ। ਉਹ ਜਾਣਦਾ ਸੀ ਕਿ ਪਰਮੇਸ਼ੁਰ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਜ਼ਰੂਰ ਬਚਾਵੇਗਾ। ਆਸਾ ਨੇ ਆਪਣੇ ਸਵਰਗੀ ਪਿਤਾ ’ਤੇ ਭਰੋਸਾ ਰੱਖਿਆ ਅਤੇ “ਯਹੋਵਾਹ ਨੇ ਇਥੋਪੀਆ ਦੀ ਫ਼ੌਜ ਨੂੰ . . . ਹਰਾ ਦਿੱਤਾ।”—2 ਇਤਿ. 14:8-12.

13. ਆਸਾ ਨਾਲ ਬਾਅਦ ਵਿਚ ਕੀ ਹੋਇਆ ਅਤੇ ਕਿਉਂ?

13 ਜ਼ਰਾ ਸੋਚੋ, 10 ਲੱਖ ਫ਼ੌਜੀਆਂ ਦੀ ਸੈਨਾ ਦਾ ਮੁਕਾਬਲਾ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਪਰ ਰਾਜਾ ਆਸਾ ਨੇ ਯਹੋਵਾਹ ’ਤੇ ਭਰੋਸਾ ਰੱਖਿਆ, ਇਸ ਲਈ ਉਹ ਉਨ੍ਹਾਂ ਦਾ ਮੁਕਾਬਲਾ ਕਰ ਸਕਿਆ। ਪਰ ਜਦੋਂ ਇਜ਼ਰਾਈਲ ਦਾ ਰਾਜਾ ਬਾਸ਼ਾ ਇਕ ਛੋਟੀ ਅਜਿਹੀ ਸੈਨਾ ਲੈ ਕੇ ਯਹੂਦਾਹ ’ਤੇ ਹਮਲਾ ਕਰਨ ਆਇਆ, ਤਾਂ ਆਸਾ ਨੇ ਯਹੋਵਾਹ ’ਤੇ ਭਰੋਸਾ ਰੱਖਣ ਦੀ ਬਜਾਇ ਸੀਰੀਆ ਦੇ ਰਾਜੇ ਤੋਂ ਮਦਦ ਮੰਗੀ। ਇਸ ਫ਼ੈਸਲੇ ਦੇ ਨਤੀਜੇ ਬਹੁਤ ਬੁਰੇ ਨਿਕਲੇ। ਉਦੋਂ ਤੋਂ ਆਸਾ ਲਗਾਤਾਰ ਯੁੱਧਾਂ ਵਿਚ ਹੀ ਫਸਿਆ ਰਿਹਾ। ਯਹੋਵਾਹ ਨੇ ਆਪਣੇ ਨਬੀ ਹਨਾਨੀ ਰਾਹੀਂ ਆਸਾ ਨੂੰ ਕਿਹਾ “ਤੂੰ ਸੀਰੀਆ ਦੇ ਰਾਜੇ ’ਤੇ ਭਰੋਸਾ ਕੀਤਾ ਅਤੇ ਆਪਣੇ ਪਰਮੇਸ਼ੁਰ ਯਹੋਵਾਹ ’ਤੇ ਭਰੋਸਾ ਨਹੀਂ ਕੀਤਾ, ਇਸ ਲਈ ਸੀਰੀਆ ਦੇ ਰਾਜੇ ਦੀ ਫ਼ੌਜ ਤੇਰੇ ਹੱਥੋਂ ਬਚ ਕੇ ਨਿਕਲ ਗਈ ਹੈ।” (2 ਇਤਿ. 16:7, 9; 1 ਰਾਜ. 15:32) ਇਸ ਬਿਰਤਾਂਤ ਤੋਂ ਤੁਸੀਂ ਕੀ ਸਿੱਖ ਸਕਦੇ ਹੋ?

14. (ੳ) ਤੁਸੀਂ ਯਹੋਵਾਹ ’ਤੇ ਕਿਵੇਂ ਭਰੋਸਾ ਰੱਖ ਸਕਦੇ ਹੋ? (ਅ) ਪਹਿਲਾ ਤਿਮੋਥਿਉਸ 4:12 ਮੁਤਾਬਕ ਜੇ ਤੁਸੀਂ ਇੱਦਾਂ ਕਰਦੇ ਹੋ, ਤਾਂ ਤੁਸੀਂ ਕਿਹੋ ਜਿਹੇ ਇਨਸਾਨ ਬਣੋਗੇ?

14 ਨਿਮਰ ਰਹੋ ਅਤੇ ਹਮੇਸ਼ਾ ਯਹੋਵਾਹ ’ਤੇ ਭਰੋਸਾ ਰੱਖੋ। ਜਦੋਂ ਤੁਸੀਂ ਬਪਤਿਸਮਾ ਲਿਆ ਸੀ, ਤਾਂ ਤੁਸੀਂ ਦਿਖਾਇਆ ਸੀ ਕਿ ਤੁਹਾਨੂੰ ਯਹੋਵਾਹ ’ਤੇ ਪੂਰਾ ਭਰੋਸਾ ਹੈ। ਨਾਲੇ ਯਹੋਵਾਹ ਨੂੰ ਵੀ ਆਪਣੇ ਪਰਿਵਾਰ ਵਿਚ ਤੁਹਾਡਾ ਸੁਆਗਤ ਕਰਕੇ ਬਹੁਤ ਖ਼ੁਸ਼ੀ ਹੋਈ ਸੀ। ਪਰ ਹੁਣ ਵੀ ਤੁਹਾਨੂੰ ਯਹੋਵਾਹ ’ਤੇ ਭਰੋਸਾ ਰੱਖਦੇ ਰਹਿਣਾ ਚਾਹੀਦਾ ਹੈ। ਇਹ ਸੱਚ ਹੈ ਜਦੋਂ ਤੁਹਾਨੂੰ ਜ਼ਿੰਦਗੀ ਵਿਚ ਵੱਡੇ-ਵੱਡੇ ਫ਼ੈਸਲੇ ਕਰਨੇ ਪੈਂਦੇ ਹਨ, ਉਦੋਂ ਯਹੋਵਾਹ ਤੇ ਭਰੋਸਾ ਰੱਖਣਾ ਬਹੁਤ ਸੌਖਾ ਹੁੰਦਾ ਹੈ। ਪਰ ਛੋਟੇ-ਛੋਟੇ ਫ਼ੈਸਲਿਆਂ ਬਾਰੇ ਕੀ? ਮਿਸਾਲ ਲਈ, ਮਨੋਰੰਜਨ, ਨੌਕਰੀ ਜਾਂ ਟੀਚੇ ਰੱਖਣ ਬਾਰੇ ਫ਼ੈਸਲਾ ਕਰਦੇ ਵੇਲੇ ਕੀ ਤੁਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹੋ। ਅਜਿਹੇ ਫ਼ੈਸਲੇ ਕਰਦੇ ਵੇਲੇ ਵੀ ਯਹੋਵਾਹ ’ਤੇ ਭਰੋਸਾ ਰੱਖੋ। ਇਨ੍ਹਾਂ ਮਾਮਲਿਆਂ ਬਾਰੇ ਆਪਣੀ ਸਮਝ ਦਾ ਸਹਾਰਾ ਲੈਣ ਦੀ ਬਜਾਇ ਬਾਈਬਲ ਵਿੱਚੋਂ ਅਸੂਲ ਦੇਖੋ ਅਤੇ ਫਿਰ ਉਸ ਮੁਤਾਬਕ ਫ਼ੈਸਲੇ ਕਰੋ। (ਕਹਾ. 3:5, 6) ਜਦੋਂ ਤੁਸੀਂ ਇੱਦਾਂ ਕਰੋਗੇ, ਤਾਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ ਅਤੇ ਮੰਡਲੀ ਵਿਚ ਵੀ ਤੁਹਾਡਾ ਚੰਗਾ ਨਾ ਹੋਵੇਗਾ।—1 ਤਿਮੋਥਿਉਸ 4:12 ਪੜ੍ਹੋ।

ਰਾਜਾ ਯਹੋਸ਼ਾਫਾਟ ਤੋਂ ਸਿੱਖੋ

15. ਦੂਸਰਾ ਇਤਿਹਾਸ 18:1-3; 19:2 ਮੁਤਾਬਕ ਯਹੋਸ਼ਾਫਾਟ ਨੇ ਕਿਹੜੀਆਂ ਗ਼ਲਤੀਆਂ ਕੀਤੀਆਂ?

15 ਅਸੀਂ ਸਾਰੇ ਨਾਮੁਕੰਮਲ ਹਾਂ ਤੇ ਨੌਜਵਾਨ ਭਰਾਵੋ ਤੁਸੀਂ ਵੀ। ਇਸ ਲਈ ਤੁਹਾਡੇ ਤੋਂ ਗ਼ਲਤੀਆਂ ਹੋਣਗੀਆਂ ਹੀ। ਪਰ ਇਸ ਕਰਕੇ ਨਿਰਾਸ਼ ਹੋ ਕੇ ਯਹੋਵਾਹ ਦੀ ਸੇਵਾ ਕਰਨੀ ਨਾ ਛੱਡੋ। ਜੋ ਤੁਸੀਂ ਕਰ ਸਕਦੇ ਹੋ ਉਹ ਕਰਦੇ ਰਹੋ। ਜ਼ਰਾ ਰਾਜਾ ਯਹੋਸ਼ਾਫਾਟ ਦੀ ਮਿਸਾਲ ’ਤੇ ਗੌਰ ਕਰੋ ਉਸ ਵਿਚ ਕਈ ਖੂਬੀਆਂ ਸਨ। ਬਾਈਬਲ ਦੱਸਦੀ ਹੈ ਕਿ ਜਦੋਂ ਉਹ ਜਵਾਨ ਸੀ, ਤਾਂ “ਉਸ ਨੇ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਭਾਲਿਆ ਅਤੇ ਉਸ ਦਾ ਹੁਕਮ ਮੰਨਿਆ।” ਉਸ ਨੇ ਹਾਕਮਾਂ ਨੂੰ ਯਹੂਦਾਹ ਦੇ ਸ਼ਹਿਰਾਂ ਵਿਚ ਭੇਜਿਆ ਤਾਂਕਿ ਲੋਕਾਂ ਨੂੰ ਯਹੋਵਾਹ ਬਾਰੇ ਸਿਖਾ ਸਕਣ। (2 ਇਤਿ. 17:4, 7) ਪਰ ਯਹੋਸ਼ਾਫਾਟ ਤੋਂ ਵੀ ਗ਼ਲਤੀਆਂ ਹੋਈਆਂ। ਉਸ ਨੇ ਕਈ ਵਾਰ ਗ਼ਲਤ ਫ਼ੈਸਲੇ ਕੀਤੇ। ਉਸ ਦੇ ਇਕ ਫ਼ੈਸਲੇ ਤੋਂ ਯਹੋਵਾਹ ਬਹੁਤ ਨਾਰਾਜ਼ ਹੋਇਆ। ਉਸ ਨੂੰ ਆਪਣੀ ਇਸ ਗ਼ਲਤੀ ਦਾ ਅਹਿਸਾਸ ਦਿਵਾਉਣ ਲਈ ਯਹੋਵਾਹ ਨੇ ਆਪਣੇ ਇਕ ਸੇਵਕ ਨੂੰ ਭੇਜਿਆ। (2 ਇਤਿਹਾਸ 18:1-3; 19:2 ਪੜ੍ਹੋ।) ਇਸ ਬਿਰਤਾਂਤ ਤੋਂ ਤੁਸੀਂ ਕੀ ਸਿੱਖ ਸਕਦੇ ਹੋ?

ਜਿਹੜੇ ਨੌਜਵਾਨ ਭਰਾ ਮਿਹਨਤੀ ਅਤੇ ਭਰੋਸੇਮੰਦ ਹੁੰਦੇ ਹਨ, ਉਨ੍ਹਾਂ ਦਾ ਮੰਡਲੀ ਵਿਚ ਚੰਗਾ ਨਾਂ ਹੁੰਦਾ ਹੈ (ਪੈਰਾ 16 ਦੇਖੋ)

16. ਤੁਸੀਂ ਰਾਜੀਵ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹੋ?

16 ਦੂਜਿਆਂ ਦੀ ਸਲਾਹ ਸੁਣੋ ਅਤੇ ਉਸ ਮੁਤਾਬਕ ਚੱਲੋ। ਸ਼ਾਇਦ ਬਹੁਤ ਸਾਰੇ ਨੌਜਵਾਨਾਂ ਵਾਂਗ ਤੁਹਾਨੂੰ ਵੀ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲੀ ਥਾਂ ’ਤੇ ਰੱਖਣਾ ਔਖਾ ਲੱਗਦਾ ਹੋਵੇ। ਪਰ ਨਿਰਾਸ਼ ਨਾ ਹੋਵੋ। ਰਾਜੀਵ ਨਾਂ ਦੇ ਇਕ ਨੌਜਵਾਨ ਭਰਾ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ। ਆਪਣੀ ਅੱਲੜ੍ਹ ਉਮਰ ਨੂੰ ਯਾਦ ਕਰਦਿਆਂ ਉਹ ਦੱਸਦਾ ਹੈ: “ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਲਈ ਕਿਹੜੀਆਂ ਗੱਲਾਂ ਜ਼ਿਆਦਾ ਜ਼ਰੂਰੀ ਹਨ। ਮੈਨੂੰ ਖੇਡਾਂ ਖੇਡਣੀਆਂ ਤੇ ਘੁੰਮਣਾ-ਫਿਰਨਾ ਜ਼ਿਆਦਾ ਪਸੰਦ ਸੀ। ਪ੍ਰਚਾਰ ਅਤੇ ਸਭਾਵਾਂ ਵਿਚ ਮੇਰਾ ਦਿਲ ਨਹੀਂ ਸੀ ਲੱਗਦਾ ਹੁੰਦਾ।” ਫਿਰ ਇਕ ਬਜ਼ੁਰਗ ਨੇ ਰਾਜੀਵ ਨੂੰ ਬੜੇ ਪਿਆਰ ਨਾਲ ਸਲਾਹ ਦਿੱਤੀ। ਰਾਜੀਵ ਦੱਸਦਾ ਹੈ: “ਭਰਾ ਨੇ ਮੈਨੂੰ ਪਹਿਲਾ ਤਿਮੋਥਿਉਸ 4:8 ਵਿਚ ਦਿੱਤਾ ਅਸੂਲ ਸਮਝਾਇਆ।” ਰਾਜੀਵ ਨੇ ਭਰਾ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕੀਤਾ ਤੇ ਬਾਈਬਲ ਦੀ ਸਲਾਹ ਮੰਨੀ। ਉਹ ਦੱਸਦਾ ਹੈ: “ਮੈਂ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਣ ਲਈ ਟੀਚੇ ਰੱਖੇ।” ਇਸ ਦਾ ਕੀ ਨਤੀਜਾ ਨਿਕਲਿਆ? ਰਾਜੀਵ ਅੱਗੇ ਦੱਸਦਾ ਹੈ: “ਉਸ ਸਲਾਹ ਨੂੰ ਮੰਨਣ ਤੋਂ ਕੁਝ ਸਾਲਾਂ ਬਾਅਦ, ਮੈਨੂੰ ਸਹਾਇਕ ਸੇਵਕ ਦੀ ਜ਼ਿੰਮੇਵਾਰੀ ਦਿੱਤੀ ਗਈ।”

ਆਪਣੇ ਸਵਰਗੀ ਪਿਤਾ ਦਾ ਦਿਲ ਖ਼ੁਸ਼ ਕਰੋ

17. ਨੌਜਵਾਨ ਭਰਾਵਾਂ ਨੂੰ ਯਹੋਵਾਹ ਦੀ ਸੇਵਾ ਕਰਦਿਆਂ ਦੇਖ ਕੇ ਬਜ਼ੁਰਗ ਭੈਣਾਂ-ਭਰਾਵਾਂ ਨੂੰ ਕਿੱਦਾਂ ਲੱਗਦਾ ਹੈ?

17 ਬਜ਼ੁਰਗ ਭੈਣਾਂ-ਭਰਾਵਾਂ ਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਤੁਸੀਂ ਉਨ੍ਹਾਂ ਨਾਲ “ਮੋਢੇ ਨਾਲ ਮੋਢਾ ਜੋੜ” ਕੇ ਯਹੋਵਾਹ ਦੀ ਸੇਵਾ ਕਰ ਰਹੇ ਹੋ। (ਸਫ਼. 3:9)ਜਦੋਂ ਤੁਸੀਂ ਪੂਰਾ ਜੋਸ਼ ਅਤੇ ਪੂਰੀ ਤਾਕਤ ਲਾ ਕੇ ਕੋਈ ਕੰਮ ਕਰਦੇ ਹੋ, ਤਾਂ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ। ਤੁਸੀਂ ਉਨ੍ਹਾਂ ਲਈ ਬਹੁਤ ਅਨਮੋਲ ਹੋ।—1 ਯੂਹੰ. 2:14.

18. ਕਹਾਉਤਾਂ 27:11 ਮੁਤਾਬਕ ਨੌਜਵਾਨ ਭਰਾਵਾਂ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ?

18 ਨੌਜਵਾਨ ਭਰਾਵੋ ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡੇ ’ਤੇ ਭਰੋਸਾ ਕਰਦਾ ਹੈ। ਉਸ ਨੇ ਪਹਿਲਾਂ ਹੀ ਦੱਸਿਆ ਸੀ ਕਿ ਆਖ਼ਰੀ ਦਿਨਾਂ ਵਿਚ ਬਹੁਤ ਸਾਰੇ ਨੌਜਵਾਨ ਭਰਾ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਨਗੇ। (ਜ਼ਬੂ. 110:1-3) ਪਰਮੇਸ਼ੁਰ ਜਾਣਦਾ ਹੈ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਅਤੇ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਨੀ ਚਾਹੁੰਦੇ ਹੋ। ਇਸ ਲਈ ਧੀਰਜ ਰੱਖੋ, ਦੂਸਰਿਆਂ ਨਾਲ ਵੀ ਅਤੇ ਆਪਣੇ ਨਾਲ ਵੀ। ਜੇ ਗ਼ਲਤੀ ਹੋਣ ’ਤੇ ਤੁਹਾਨੂੰ ਸੁਧਾਰਿਆ ਜਾਂਦਾ ਹੈ, ਤਾਂ ਨਿਰਾਸ਼ ਨਾ ਹੋਵੋ। ਉਸ ਸਲਾਹ ਨੂੰ ਸੁਣੋ ਅਤੇ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਇਹ ਸਮਝੋ ਕਿ ਯਹੋਵਾਹ ਤੁਹਾਨੂੰ ਸੁਧਾਰ ਰਿਹਾ ਹੈ। (ਇਬ. 12:6) ਮੰਡਲੀ ਵਿਚ ਮਿਲਣ ਵਾਲੇ ਹਰ ਕੰਮ ਨੂੰ ਦਿਲ ਲਾ ਕੇ ਕਰੋ। ਨਾਲੇ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਹਰ ਗੱਲ ਵਿਚ ਆਪਣੇ ਸਵਰਗੀ ਪਿਤਾ ਨੂੰ ਮਾਣ ਮਹਿਸੂਸ ਕਰਾਓ।—ਕਹਾਉਤਾਂ 27:11 ਪੜ੍ਹੋ।

ਗੀਤ 11 ਯਹੋਵਾਹ ਦਾ ਜੀ ਆਨੰਦ ਕਰੋ

^ ਪੈਰਾ 5 ਜਦੋਂ ਨੌਜਵਾਨ ਭਰਾਵਾਂ ਦੀ ਯਹੋਵਾਹ ਨਾਲ ਦੋਸਤੀ ਗੂੜ੍ਹੀ ਹੁੰਦੀ ਹੈ, ਤਾਂ ਉਹ ਉਸ ਦੀ ਸੇਵਾ ਹੋਰ ਵੱਧ ਚੜ੍ਹ ਕੇ ਕਰਨੀ ਚਾਹੁੰਦੇ ਹਨ। ਸਹਾਇਕ ਸੇਵਕ ਬਣਨ ਲਈ ਉਨ੍ਹਾਂ ਨੂੰ ਮੰਡਲੀ ਵਿਚ ਚੰਗਾ ਨਾਂ ਕਮਾਉਣ ਅਤੇ ਇਸ ਨਾਂ ਨੂੰ ਬਣਾਈ ਰੱਖਣ ਦੀ ਲੋੜ ਹੈ। ਉਹ ਇਹ ਕਿਵੇਂ ਕਰ ਸਕਦੇ ਹਨ?

^ ਪੈਰਾ 9 ਫੁਟਨੋਟ ਕੁਝ ਨਾਂ ਬਦਲੇ ਗਏ ਹਨ।