Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਮਸੀਹੀਆਂ ਨੂੰ ਮੈਸਿਜ ਭੇਜਣ ਵਾਲੇ ਐਪ ਸੋਚ-ਸਮਝ ਕੇ ਕਿਉਂ ਵਰਤਣੇ ਚਾਹੀਦੇ ਹਨ?

ਕੁਝ ਮਸੀਹੀ ਆਪਣੇ ਘਰਦਿਆਂ ਅਤੇ ਭੈਣਾਂ-ਭਰਾਵਾਂ ਦਾ ਹਾਲ-ਚਾਲ ਪੁੱਛਣ ਲਈ ਮੈਸਿਜ ਭੇਜਣ ਵਾਲੇ ਐਪ ਵਰਤਦੇ ਹਨ। ਪਰ ਇਕ ਸਮਝਦਾਰ ਮਸੀਹੀ ਇਸ ਮਾਮਲੇ ਵਿਚ ਬਾਈਬਲ ਦੀ ਇਹ ਸਲਾਹ ਨੂੰ ਜ਼ਰੂਰ ਮੰਨਣਾ ਚਾਹੇਗਾ: “ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ, ਪਰ ਨਾਤਜਰਬੇਕਾਰ ਅੱਗੇ ਵਧਦਾ ਜਾਂਦਾ ਹੈ ਤੇ ਅੰਜਾਮ ਭੁਗਤਦਾ ਹੈ।”—ਕਹਾ. 27:12.

ਯਹੋਵਾਹ ਸਾਨੂੰ ਖ਼ਤਰਿਆਂ ਤੋਂ ਬਚਾਉਣਾ ਚਾਹੁੰਦਾ ਹੈ। ਇਸ ਲਈ ਉਸ ਨੇ ਸਾਨੂੰ ਸਲਾਹ ਦਿੱਤੀ ਹੈ ਕਿ ਅਸੀਂ ਅਜਿਹੇ ਲੋਕਾਂ ਨਾਲ ਮੇਲ-ਜੋਲ ਨਾ ਰੱਖੀਏ ਜੋ ਮੰਡਲੀ ਵਿਚ ਫੁੱਟ ਪਾਉਂਦੇ ਹਨ, ਜਿਨ੍ਹਾਂ ਨੂੰ ਛੇਕਿਆ ਗਿਆ ਹੈ ਜਾਂ ਜੋ ਗੁਮਰਾਹ ਕਰਨ ਵਾਲੀਆਂ ਗੱਲਾਂ ਸਿਖਾਉਂਦੇ ਹਨ। (ਰੋਮੀ. 16:17; 1 ਕੁਰਿੰ. 5:11; 2 ਯੂਹੰ. 10, 11) ਨਾਲੇ ਮੰਡਲੀ ਦੇ ਅਜਿਹੇ ਭੈਣਾਂ-ਭਰਾਵਾਂ ਨਾਲ ਵੀ ਜੋ ਬਾਈਬਲ ਦੇ ਅਸੂਲਾਂ ਮੁਤਾਬਕ ਨਹੀਂ ਚੱਲਦੇ। (2 ਤਿਮੋ. 2:20, 21) ਇਸ ਲਈ ਮੈਸਿਜ ਭੇਜਣ ਵਾਲੇ ਐਪ ਰਾਹੀਂ ਦੂਸਰਿਆਂ ਨਾਲ ਦੋਸਤੀ ਕਰਦੇ ਵੇਲੇ ਸਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪਰ ਜੇ ਅਸੀਂ ਬਿਨਾਂ ਸੋਚੇ-ਸਮਝੇ ਹਰ ਕਿਸੇ ਨੂੰ ਮੈਸਿਜ ਭੇਜਾਂਗੇ, ਤਾਂ ਸਾਡੇ ਲਈ ਗ਼ਲਤ ਕਿਸਮ ਦੇ ਲੋਕਾਂ ਤੋਂ ਬਚ ਕੇ ਰਹਿਣਾ ਔਖਾ ਹੋ ਸਕਦਾ ਹੈ।

ਜਿਸ ਗਰੁੱਪ ਵਿਚ ਬਹੁਤ ਸਾਰੇ ਲੋਕ ਹੁੰਦੇ ਹਨ, ਉਸ ਵਿਚ ਸੋਚ-ਸਮਝ ਕੇ ਦੋਸਤੀ ਕਰਨੀ ਮੁਸ਼ਕਲ ਹੋ ਸਕਦੀ ਹੈ। ਕਈ ਭੈਣ-ਭਰਾ ਅਜਿਹੇ ਗਰੁੱਪਾਂ ਵਿਚ ਹੋਣ ਕਰਕੇ ਮੁਸ਼ਕਲਾਂ ਵਿਚ ਫਸ ਗਏ ਹਨ। ਪਰ ਜੇ ਕਿਸੇ ਗਰੁੱਪ ਵਿਚ ਸੈਂਕੜੇ ਜਾਂ ਹਜ਼ਾਰਾਂ ਹੀ ਲੋਕ ਹੋਣ, ਫਿਰ ਕੀ? ਕੀ ਸਾਨੂੰ ਪਤਾ ਲੱਗੇਗਾ ਕਿ ਉਹ ਸਾਰੇ ਜਣੇ ਕਿਹੋ ਜਿਹੇ ਹਨ ਅਤੇ ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਕਿੱਦਾਂ ਦਾ ਹੈ? ਜ਼ਬੂਰ 26:4 ਵਿਚ ਲਿਖਿਆ ਹੈ: “ਮੈਂ ਧੋਖੇਬਾਜ਼ਾਂ ਨਾਲ ਸੰਗਤ ਨਹੀਂ ਕਰਦਾ, ਮੈਂ ਪਖੰਡੀਆਂ ਤੋਂ ਦੂਰ ਰਹਿੰਦਾ ਹਾਂ।” ਜੇ ਅਸੀਂ ਅਜਿਹੇ ਲੋਕਾਂ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਸਿਰਫ਼ ਉਨ੍ਹਾਂ ਲੋਕਾਂ ਨੂੰ ਮੈਸਿਜ ਭੇਜਣੇ ਚਾਹੀਦੇ ਹਨ ਜਿਨ੍ਹਾਂ ਨੂੰ ਅਸੀਂ ਖ਼ੁਦ ਜਾਣਦੇ ਹਾਂ।

ਪਰ ਜੇ ਗਰੁੱਪ ਛੋਟਾ ਹੈ, ਤਾਂ ਵੀ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਮੈਸਿਜ ਭੇਜਣ ਵਿਚ ਕਿੰਨਾ ਕੁ ਸਮਾਂ ਬਿਤਾਉਂਦੇ ਹਾਂ ਅਤੇ ਗਰੁੱਪ ਵਿਚ ਲੋਕ ਕਿਹੋ ਜਿਹੀਆਂ ਗੱਲਾਂ ਕਰਦੇ ਹਨ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਭਾਵੇਂ ਜਿਹੜੇ ਮਰਜ਼ੀ ਵਿਸ਼ੇ ’ਤੇ ਗੱਲ ਚੱਲ ਰਹੀ ਹੋਵੇ ਜਾਂ ਜਿੰਨਾ ਮਰਜ਼ੀ ਸਮਾਂ ਕਿਉਂ ਨਾ ਲੱਗ ਜਾਵੇ, ਅਸੀਂ ਹਰੇਕ ਮੈਸਿਜ ਦਾ ਜਵਾਬ ਦੇਣਾ ਹੀ ਹੈ। ਪੌਲੁਸ ਨੇ ਤਿਮੋਥਿਉਸ ਨੂੰ ਉਨ੍ਹਾਂ ਲੋਕਾਂ ਤੋਂ ਖ਼ਬਰਦਾਰ ਕੀਤਾ ਸੀ, ਜਿਨ੍ਹਾਂ ਨੂੰ ‘ਚੁਗ਼ਲੀਆਂ ਕਰਨ ਤੇ ਦੂਸਰਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਣ’ ਦੀ ਆਦਤ ਸੀ। (1 ਤਿਮੋ. 5:13) ਅੱਜ ਕਿਸੇ ਐਪ ਤੋਂ ਮੈਸਿਜ ਭੇਜਦੇ ਵੇਲੇ ਵੀ ਲੋਕ ਅਜਿਹੇ ਬੁਰੇ ਕੰਮ ਕਰਦੇ ਹਨ।

ਇਕ ਸਮਝਦਾਰ ਮਸੀਹੀ ਨਾ ਤਾਂ ਕਿਸੇ ਭੈਣ-ਭਰਾ ਬਾਰੇ ਗ਼ਲਤ ਗੱਲਾਂ ਫੈਲਾਉਂਦਾ ਹੈ ਅਤੇ ਨਾ ਹੀ ਅਜਿਹੀ ਗੱਲਾਂ ਦਾ ਢੰਡੋਰਾ ਪਿੱਟਦਾ ਹੈ ਜਿਨ੍ਹਾਂ ਨੂੰ ਗੁਪਤ ਰੱਖਣ ਲਈ ਕਿਹਾ ਗਿਆ ਸੀ। (ਜ਼ਬੂ. 15:3; ਕਹਾ. 20:19) ਪਰ ਜੇ ਕੋਈ ਅਜਿਹੇ ਮੈਸਿਜ ਭੇਜਦਾ ਹੈ, ਤਾਂ ਉਹ ਉਨ੍ਹਾਂ ਨੂੰ ਨਹੀਂ ਪੜ੍ਹੇਗਾ। ਉਹ ਅਜਿਹੀਆਂ ਖ਼ਬਰਾਂ ਵੱਲ ਵੀ ਧਿਆਨ ਨਹੀਂ ਦੇਵੇਗਾ ਜਿਨ੍ਹਾਂ ਵਿਚ ਗੱਲਾਂ ਵਧਾ-ਚੜ੍ਹਾ ਕੇ ਦੱਸੀਆਂ ਜਾਂਦੀਆਂ ਹਨ ਜਾਂ ਜਿਨ੍ਹਾਂ ਦਾ ਸੱਚ ਹੋਣ ਦਾ ਕੋਈ ਸਬੂਤ ਨਹੀਂ ਹੁੰਦਾ। (ਅਫ਼. 4:25) ਸਾਨੂੰ jw.org ਵੈੱਬਸਾਈਟ ਅਤੇ ਹਰ ਮਹੀਨੇ JW ਬ੍ਰਾਡਕਾਸਟਿੰਗ ਤੋਂ ਜਿਹੜੀ ਜਾਣਕਾਰੀ ਮਿਲਦੀ ਹੈ, ਉਹ ਸਾਡੇ ਲਈ ਕਾਫ਼ੀ ਹੈ। ਇਸ ਵਿਚ ਦੱਸੀਆਂ ਜਾਂਦੀਆਂ ਖ਼ਬਰਾਂ ਸੱਚ ਹੁੰਦੀਆਂ ਹਨ ਅਤੇ ਬਾਈਬਲ ਤੋਂ ਜੋ ਵੀ ਜਾਣਕਾਰੀ ਦਿੱਤੀ ਜਾਂਦੀ ਹੈ, ਉਹ ਭਰੋਸੇ ਦੇ ਲਾਇਕ ਹੈ।

ਕਈ ਭੈਣ-ਭਰਾ ਮੈਸਿਜ ਰਾਹੀਂ ਦੂਸਰੇ ਭੈਣਾਂ-ਭਰਾਵਾਂ ਨਾਲ ਵਪਾਰ ਕਰਦੇ ਹਨ, ਉਨ੍ਹਾਂ ਨੂੰ ਕੰਮ ’ਤੇ ਰੱਖਣ ਦੀ ਪੇਸ਼ਕਸ਼ ਕਰਦੇ ਹਨ ਜਾਂ ਆਪਣੀਆਂ ਚੀਜ਼ਾਂ ਦੀ ਮਸ਼ਹੂਰੀ ਕਰਦੇ ਹਨ। ਪਰ ਇਨ੍ਹਾਂ ਗੱਲਾਂ ਦਾ ਯਹੋਵਾਹ ਦੀ ਭਗਤੀ ਨਾਲ ਕੋਈ ਸੰਬੰਧ ਨਹੀਂ ਹੈ। “ਪੈਸੇ ਨਾਲ ਪਿਆਰ ਨਾ” ਕਰਨ ਵਾਲਾ ਮਸੀਹੀ ਕਦੇ ਵੀ ਆਪਣੇ ਭੈਣਾਂ-ਭਰਾਵਾਂ ਨੂੰ ਪੈਸੇ ਕਮਾਉਣ ਦਾ ਜ਼ਰੀਆ ਨਹੀਂ ਸਮਝੇਗਾ।—ਇਬ. 13:5.

ਕੀ ਅਸੀਂ ਕਿਸੇ ਮੈਸਿਜ ਭੇਜਣ ਵਾਲੀ ਐਪ ’ਤੇ ਗਰੁੱਪ ਬਣਾ ਕੇ ਭੈਣਾਂ-ਭਰਾਵਾਂ ਤੋਂ ਪੈਸਾ ਇਕੱਠਾ ਕਰ ਸਕਦੇ ਹਾਂ ਤਾਂਕਿ ਜਿੱਥੇ ਕੁਦਰਤੀ ਆਫ਼ਤ ਆਈ ਹੋਵੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਭੇਜੇ ਜਾ ਸਕਣ? ਸ਼ਾਇਦ ਇੱਦਾਂ ਕਰਨ ਦਾ ਸਾਡਾ ਇਰਾਦਾ ਸਹੀ ਹੋਵੇ ਕਿਉਂਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ ਅਤੇ ਮੁਸੀਬਤ ਦੀ ਘੜੀ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ। (ਯਾਕੂ. 2:15, 16) ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਬ੍ਰਾਂਚ ਆਫ਼ਿਸ ਅਤੇ ਮੰਡਲੀ ਨੇ ਵੀ ਦਾਨ ਇਕੱਠਾ ਕਰਨ ਦਾ ਪ੍ਰਬੰਧ ਕੀਤਾ ਹੁੰਦਾ ਹੈ। ਨਾਲੇ ਜੇ ਅਸੀਂ ਵੀ ਵੱਡੇ-ਵੱਡੇ ਗਰੁੱਪ ਬਣਾ ਕੇ ਦਾਨ ਇਕੱਠਾ ਕਰਨ ਲੱਗ ਜਾਂਦੇ ਹਾਂ, ਤਾਂ ਬ੍ਰਾਂਚ ਆਫ਼ਿਸ ਅਤੇ ਮੰਡਲੀ ਦੇ ਪ੍ਰਬੰਧ ਵਿਚ ਗੜਬੜੀ ਹੋ ਸਕਦੀ ਹੈ। (1 ਤਿਮੋ. 5:3, 4, 9, 10, 16) ਸਾਨੂੰ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਤੋਂ ਲੱਗੇ ਕਿ ਸਾਨੂੰ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਭਾਲ ਕਰਨ ਦੀ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ ਹੈ।

ਅਸੀਂ ਚਾਹੁੰਦੇ ਹਾਂ ਕਿ ਸਾਡੇ ਹਰ ਕੰਮ ਤੋਂ ਪਰਮੇਸ਼ੁਰ ਦੀ ਮਹਿਮਾ ਹੋਵੇ। (1 ਕੁਰਿੰ. 10:31) ਇਸ ਲਈ ਜਦੋਂ ਅਸੀਂ ਮੈਸਿਜ ਭੇਜਣ ਵਾਲੇ ਐਪ ਜਾਂ ਕੋਈ ਹੋਰ ਤਕਨਾਲੋਜੀ ਦਾ ਇਸਤੇਮਾਲ ਕਰਦੇ ਹਾਂ, ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਦੇ ਕਿਹੜੇ ਖ਼ਤਰੇ ਹੋ ਸਕਦੇ ਹਨ ਅਤੇ ਅਸੀਂ ਇਨ੍ਹਾਂ ਤੋਂ ਸਾਵਧਾਨ ਕਿਵੇਂ ਰਹਿ ਸਕਦੇ ਹਾਂ।