ਅਧਿਐਨ ਲੇਖ 12
ਪਿਆਰ ਕਰਕੇ ਸਹੋ ਨਫ਼ਰਤ
“ਮੈਂ ਇਸ ਕਰਕੇ ਤੁਹਾਨੂੰ ਇਨ੍ਹਾਂ ਗੱਲਾਂ ਦਾ ਹੁਕਮ ਦਿੱਤਾ ਹੈ ਤਾਂਕਿ ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ। ਜੇ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ, ਤਾਂ ਯਾਦ ਰੱਖੋ ਕਿ ਤੁਹਾਡੇ ਤੋਂ ਪਹਿਲਾਂ ਇਸ ਨੇ ਮੇਰੇ ਨਾਲ ਨਫ਼ਰਤ ਕੀਤੀ ਹੈ।”—ਯੂਹੰ. 15:17, 18.
ਗੀਤ 51 ਯਹੋਵਾਹ ਦਾ ਦਾਮਨ ਫੜੀ ਰੱਖੋ
ਖ਼ਾਸ ਗੱਲਾਂ *
1. ਮੱਤੀ 24:9 ਮੁਤਾਬਕ ਜਦੋਂ ਦੁਨੀਆਂ ਸਾਡੇ ਨਾਲ ਨਫ਼ਰਤ ਕਰਦੀ ਹੈ, ਤਾਂ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ?
ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਅਸੀਂ ਦੂਸਰਿਆਂ ਨੂੰ ਪਿਆਰ ਕਰੀਏ ਤੇ ਦੂਸਰੇ ਵੀ ਸਾਨੂੰ ਪਿਆਰ ਕਰਨ। ਪਰ ਜਦੋਂ ਦੂਸਰੇ ਸਾਡੇ ਨਾਲ ਨਫ਼ਰਤ ਕਰਦੇ ਹਨ, ਤਾਂ ਸਾਨੂੰ ਦੁੱਖ ਲੱਗਦਾ ਹੈ ਅਤੇ ਕਦੇ-ਕਦੇ ਡਰ ਵੀ ਲੱਗਦਾ ਹੈ। ਮਿਸਾਲ ਲਈ, ਯੂਰਪ ਵਿਚ ਰਹਿਣ ਵਾਲੀ ਜੋਰਜੀਨਾ ਨਾਂ ਦੀ ਭੈਣ ਦੱਸਦੀ ਹੈ: “ਜਦੋਂ ਮੈਂ 14 ਸਾਲਾਂ ਦੀ ਸੀ, ਤਾਂ ਯਹੋਵਾਹ ਦੀ ਸੇਵਾ ਕਰਨ ਕਰਕੇ ਮੇਰੀ ਮੰਮੀ ਮੇਰੇ ਨਾਲ ਨਫ਼ਰਤ ਕਰਨ ਲੱਗੇ। ਇਸ ਕਰਕੇ ਮੈਂ ਉਦਾਸ ਰਹਿੰਦੀ ਸੀ ਅਤੇ ਇਕੱਲਾਪਣ ਮਹਿਸੂਸ ਕਰਦੀ ਸੀ ਅਤੇ ਮੈਨੂੰ ਲੱਗਣ ਲੱਗਾ ਕਿ ਸ਼ਾਇਦ ਮੈਂ ਇਕ ਵਧੀਆ ਇਨਸਾਨ ਨਹੀਂ ਹਾਂ।” * ਡੈਨੀਲੋ ਨਾਂ ਦਾ ਭਰਾ ਕਹਿੰਦਾ ਹੈ: “ਜਦੋਂ ਯਹੋਵਾਹ ਦਾ ਗਵਾਹ ਹੋਣ ਕਰਕੇ ਫ਼ੌਜੀਆਂ ਨੇ ਮੈਨੂੰ ਮਾਰਿਆ-ਕੁੱਟਿਆ, ਮੇਰੀ ਬੇਇੱਜ਼ਤੀ ਕੀਤੀ ਤੇ ਮੈਨੂੰ ਡਰਾਇਆ-ਧਮਕਾਇਆ, ਤਾਂ ਉਸ ਵੇਲੇ ਮੈਂ ਬਹੁਤ ਡਰ ਗਿਆ ਅਤੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਈ।” ਜਦੋਂ ਲੋਕ ਸਾਡੇ ਨਾਲ ਨਫ਼ਰਤ ਕਰਦੇ ਹਨ, ਤਾਂ ਸਾਨੂੰ ਖ਼ੁਸ਼ੀ ਤਾਂ ਨਹੀਂ ਹੁੰਦੀ, ਪਰ ਹੈਰਾਨੀ ਵੀ ਨਹੀਂ ਹੁੰਦੀ ਕਿਉਂਕਿ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਸਾਡੇ ਨਾਲ ਇਹ ਸਭ ਕੁਝ ਹੋਵੇਗਾ।—ਮੱਤੀ 24:9 ਪੜ੍ਹੋ।
2-3. ਦੁਨੀਆਂ ਯਿਸੂ ਦੇ ਚੇਲਿਆਂ ਨਾਲ ਨਫ਼ਰਤ ਕਿਉਂ ਕਰਦੀ ਹੈ?
2 ਦੁਨੀਆਂ ਯਿਸੂ ਦੇ ਚੇਲਿਆਂ ਨਾਲ ਨਫ਼ਰਤ ਕਰਦੀ ਹੈ। ਕਿਉਂ? ਕਿਉਂਕਿ ਯਿਸੂ ਵਾਂਗ ਅਸੀਂ ਵੀ “ਦੁਨੀਆਂ ਦੇ ਨਹੀਂ” ਹਾਂ। (ਯੂਹੰ. 15:17-19) ਭਾਵੇਂ ਕਿ ਅਸੀਂ ਇਨਸਾਨੀ ਸਰਕਾਰਾਂ ਦਾ ਆਦਰ ਕਰਦੇ ਹਾਂ। ਪਰ ਅਸੀਂ ਉਨ੍ਹਾਂ ਦੀ ਭਗਤੀ ਨਹੀਂ ਕਰਦੇ ਅਤੇ ਨਾ ਹੀ ਝੰਡੇ ਨੂੰ ਸਲਾਮੀ ਦਿੰਦੇ ਹਾਂ, ਨਾ ਹੀ ਰਾਸ਼ਟਰੀ ਗੀਤ ਗਾਉਂਦੇ ਹਾਂ ਅਤੇ ਨਾ ਹੀ ਰਾਜਨੀਤਿਕ ਮਸਲਿਆਂ ਵਿਚ ਕਿਸੇ ਦਾ ਪੱਖ ਲੈਂਦੇ ਹਾਂ। ਅਸੀਂ ਇਹ ਗੱਲ ਮੰਨਦੇ ਹਾਂ ਕਿ ਸਿਰਫ਼ ਪਰਮੇਸ਼ੁਰ ਨੂੰ ਹੀ ਇਨਸਾਨਾਂ ਉੱਤੇ ਰਾਜ ਕਰਨ ਦਾ ਹੱਕ ਹੈ। ਪਰ ਸ਼ੈਤਾਨ ਅਤੇ ਉਸ ਦੀ “ਸੰਤਾਨ” ਪਰਮੇਸ਼ੁਰ ਦੀ ਹਕੂਮਤ ਦਾ ਵਿਰੋਧ ਕਰਦੀ ਹੈ। (ਉਤ. 3:1-5, 15) ਅਸੀਂ ਪ੍ਰਚਾਰ ਕਰਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਦੀਆਂ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰੇਗਾ ਅਤੇ ਜਿਹੜਾ ਵੀ ਪਰਮੇਸ਼ੁਰ ਦੇ ਰਾਜ ਦਾ ਵਿਰੋਧ ਕਰੇਗਾ। ਉਸ ਦਾ ਨਾਸ਼ ਕਰ ਦਿੱਤਾ ਜਾਵੇਗਾ। (ਦਾਨੀ. 2:44; ਪ੍ਰਕਾ. 19:19-21) ਹਲੀਮ ਲੋਕਾਂ ਲਈ ਇਹ ਖ਼ੁਸ਼ੀ ਦੀ ਖ਼ਬਰ ਹੈ, ਪਰ ਦੁਸ਼ਟ ਲੋਕਾਂ ਲਈ ਇਹ ਇਕ ਬੁਰੀ ਖ਼ਬਰ ਹੈ।—ਜ਼ਬੂ. 37:10, 11.
ਯਹੂ. 7) ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਦੇ ਹਾਂ। ਇਸ ਲਈ ਲੋਕ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਸਾਨੂੰ ਛੋਟੀ ਸੋਚ ਵਾਲੇ ਕਹਿੰਦੇ ਹਨ।—1 ਪਤ. 4:3, 4.
3 ਸਾਡੇ ਨਾਲ ਇਸ ਕਰਕੇ ਵੀ ਨਫ਼ਰਤ ਕੀਤੀ ਜਾਂਦੀ ਹੈ ਕਿਉਂਕਿ ਅਸੀਂ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਦੇ ਹਾਂ। ਪਰਮੇਸ਼ੁਰ ਦੇ ਧਰਮੀ ਮਿਆਰਾਂ ਅਤੇ ਦੁਨੀਆਂ ਦੇ ਮਿਆਰਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਮਿਸਾਲ ਲਈ, ਯਹੋਵਾਹ ਨੇ ਸਦੂਮ ਅਤੇ ਗਮੋਰਾ ਦਾ ਨਾਸ਼ ਜਿਨ੍ਹਾਂ ਘਿਣਾਉਣੇ ਅਨੈਤਿਕ ਕੰਮਾਂ ਕਰਕੇ ਕੀਤਾ ਸੀ, ਉਨ੍ਹਾਂ ਨੂੰ ਅੱਜ ਦੁਨੀਆਂ ਦੇ ਲੋਕ ਸਹੀ ਮੰਨਦੇ ਹਨ ਅਤੇ ਉਹ ਇਹ ਕੰਮ ਸ਼ਰੇਆਮ ਕਰ ਰਹੇ ਹਨ। (4. ਲੋਕਾਂ ਦੀ ਨਫ਼ਰਤ ਸਹਿਣ ਲਈ ਸਾਡੇ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਹਨ?
4 ਜਦੋਂ ਲੋਕ ਸਾਡੇ ਨਾਲ ਨਫ਼ਰਤ ਕਰਦੇ ਹਨ ਅਤੇ ਸਾਡੀ ਬੇਇੱਜ਼ਤੀ ਕਰਦੇ ਹਨ, ਤਾਂ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਨਿਹਚਾ ਹੋਣੀ ਚਾਹੀਦੀ ਹੈ ਕਿ ਯਹੋਵਾਹ ਸਾਡੀ ਮਦਦ ਕਰੇਗਾ। ਨਿਹਚਾ ਇਕ ਢਾਲ ਵਾਂਗ ਹੈ ਜੋ “ਸ਼ੈਤਾਨ ਦੇ ਬਲ਼ਦੇ ਹੋਏ ਸਾਰੇ ਤੀਰਾਂ ਨੂੰ ਬੁਝਾ” ਸਕਦੀ ਹੈ। (ਅਫ਼. 6:16) ਪਰ ਨਿਹਚਾ ਦੇ ਨਾਲ-ਨਾਲ ਪਿਆਰ ਦਾ ਗੁਣ ਹੋਣਾ ਵੀ ਬਹੁਤ ਜ਼ਰੂਰੀ ਹੈ। ਕਿਉਂ? ਕਿਉਂਕਿ ਪਿਆਰ ਕਰਨ ਵਾਲਾ ਇਨਸਾਨ “ਗੁੱਸੇ ਵਿਚ ਭੜਕਦਾ ਨਹੀਂ।” ਸਗੋਂ ਉਹ ਸਾਰੀਆਂ ਗੱਲਾਂ ਬਰਦਾਸ਼ਤ ਕਰ ਲੈਂਦਾ ਹੈ ਅਤੇ ਸਭ ਕੁਝ ਧੀਰਜ ਨਾਲ ਸਹਿੰਦਾ ਹੈ। (1 ਕੁਰਿੰ. 13:4-7, 13) ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ, ਆਪਣੇ ਭੈਣਾਂ-ਭਰਾਵਾਂ ਅਤੇ ਇੱਥੋਂ ਤਕ ਕਿ ਆਪਣੇ ਦੁਸ਼ਮਣਾਂ ਲਈ ਪਿਆਰ ਹੋਣ ਕਰਕੇ ਅਸੀਂ ਇਸ ਦੁਨੀਆਂ ਦੀ ਨਫ਼ਰਤ ਨੂੰ ਕਿਵੇਂ ਸਹਿ ਸਕਦੇ ਹਾਂ।
ਯਹੋਵਾਹ ਲਈ ਪਿਆਰ ਹੋਣ ਕਰਕੇ ਸਹੋ ਨਫ਼ਰਤ
5. ਆਪਣੇ ਪਿਤਾ ਨਾਲ ਪਿਆਰ ਹੋਣ ਕਰਕੇ ਯਿਸੂ ਕੀ ਕਰ ਸਕਿਆ?
5 ਯਿਸੂ ਨੇ ਧਰਤੀ ਉੱਤੇ ਆਪਣੀ ਆਖ਼ਰੀ ਰਾਤ ਵੇਲੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਕਿਹਾ: “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, [ਇਸ ਲਈ] ਮੈਂ ਉਹੀ ਕਰਦਾ ਹਾਂ ਜੋ ਪਿਤਾ ਨੇ ਮੈਨੂੰ ਕਰਨ ਦਾ ਹੁਕਮ ਦਿੱਤਾ ਹੈ।” (ਯੂਹੰ. 14:31) ਯਿਸੂ, ਯਹੋਵਾਹ ਨਾਲ ਪਿਆਰ ਕਰਦਾ ਸੀ। ਇਸ ਲਈ ਜਦੋਂ ਉਸ ਦੇ ਦੁਸ਼ਮਣਾਂ ਨੇ ਉਸ ਦੀ ਮੌਤ ਤੋਂ ਪਹਿਲਾਂ ਉਸ ਨੂੰ ਸਤਾਇਆ, ਤਾਂ ਉਹ ਸਾਰਾ ਕੁਝ ਬਰਦਾਸ਼ਤ ਕਰ ਸਕਿਆ। ਜੇ ਅਸੀਂ ਯਹੋਵਾਹ ਨੂੰ ਪਿਆਰ ਕਰਾਂਗੇ, ਤਾਂ ਅਸੀਂ ਵੀ ਯਿਸੂ ਵਾਂਗ ਅਜ਼ਮਾਇਸ਼ਾਂ ਝੱਲ ਸਕਾਂਗੇ।
6. ਰੋਮੀਆਂ 5:3-5 ਮੁਤਾਬਕ ਜਦੋਂ ਦੁਨੀਆਂ ਯਹੋਵਾਹ ਦੇ ਸੇਵਕਾਂ ਨਾਲ ਨਫ਼ਰਤ ਕਰਦੀ ਹੈ, ਤਾਂ ਉਨ੍ਹਾਂ ਨੂੰ ਕਿਵੇਂ ਲੱਗਦਾ ਹੈ?
6 ਯਹੋਵਾਹ ਨੂੰ ਪਿਆਰ ਕਰਨ ਕਰਕੇ ਉਸ ਦੇ ਸੇਵਕ ਹਮੇਸ਼ਾ ਮੁਸ਼ਕਲਾਂ ਝੱਲ ਸਕੇ ਹਨ। ਮਿਸਾਲ ਲਈ, ਜਦੋਂ ਪਹਿਲੀ ਸਦੀ ਦੇ ਰਸੂਲਾਂ ਨੂੰ ਯਹੂਦੀਆਂ ਦੀ ਉੱਚ ਅਦਾਲਤ ਨੇ ਪ੍ਰਚਾਰ ਕਰਨ ਤੋਂ ਰੋਕਿਆ, ਤਾਂ ਯਹੋਵਾਹ ਨੂੰ ਪਿਆਰ ਕਰਨ ਕਰਕੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣਾ ਰਾਜਾ ਮੰਨ ਕੇ “ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ” ਮੰਨਿਆ। (ਰਸੂ. 5:29; 1 ਯੂਹੰ. 5:3) ਅੱਜ ਵੀ ਅਸੀਂ ਆਪਣੇ ਭੈਣਾਂ-ਭਰਾਵਾਂ ਵਿਚ ਯਹੋਵਾਹ ਲਈ ਇਹੀ ਪਿਆਰ ਦੇਖਦੇ ਹਾਂ ਜਿਸ ਕਰਕੇ ਉਹ ਬੇਰਹਿਮ ਅਤੇ ਤਾਕਤਵਰ ਸਰਕਾਰਾਂ ਦਾ ਜ਼ੁਲਮ ਸਹਿੰਦੇ ਹੋਏ ਵੀ ਆਪਣੀ ਵਫ਼ਾਦਾਰੀ ਬਣਾਈ ਰੱਖਦੇ ਹਨ। ਨਾਲੇ ਜਦੋਂ ਦੁਨੀਆਂ ਉਨ੍ਹਾਂ ਨਾਲ ਨਫ਼ਰਤ ਕਰਦੀ ਹੈ, ਤਾਂ ਉਹ ਨਿਰਾਸ਼ ਹੋਣ ਦੀ ਬਜਾਇ ਇਸ ਨੂੰ ਸਨਮਾਨ ਦੀ ਗੱਲ ਸਮਝਦੇ ਹਨ।—ਰਸੂ. 5:41; ਰੋਮੀਆਂ 5:3-5 ਪੜ੍ਹੋ।
7. ਜਦੋਂ ਸਾਡੇ ਘਰ ਦੇ ਸਾਡਾ ਵਿਰੋਧ ਕਰਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
7 ਸ਼ਾਇਦ ਸਾਡੇ ਲਈ ਸਭ ਤੋਂ ਵੱਡੀ ਅਜ਼ਮਾਇਸ਼ ਉਦੋਂ ਹੁੰਦੀ ਹੈ, ਜਦੋਂ ਸਾਡੇ ਘਰ ਦੇ ਸਾਡਾ ਵਿਰੋਧ ਕਰਦੇ ਹਨ। ਜਦੋਂ ਅਸੀਂ ਸੱਚਾਈ ਸਿੱਖਣੀ ਸ਼ੁਰੂ ਕਰਦੇ ਹਾਂ, ਤਾਂ ਸਾਡੇ ਪਰਿਵਾਰ ਦੇ ਕੁਝ ਜੀਆਂ ਨੂੰ ਲੱਗ ਸਕਦਾ ਹੈ ਕਿ ਅਸੀਂ ਗ਼ਲਤ ਰਾਹ ਪੈ ਗਏ ਹਾਂ। ਜਾਂ ਸ਼ਾਇਦ ਉਨ੍ਹਾਂ ਨੂੰ ਲੱਗੇ ਕਿ ਸਾਡਾ ਦਿਮਾਗ਼ ਖ਼ਰਾਬ ਹੋ ਗਿਆ ਹੈ। (ਮਰਕੁਸ 3:21 ਵਿਚ ਨੁਕਤਾ ਦੇਖੋ।) ਹੋ ਸਕਦਾ ਹੈ ਕਿ ਉਹ ਸਾਨੂੰ ਰੋਕਣ ਲਈ ਕਿਸੇ ਵੀ ਹੱਦ ਤਕ ਜਾਣ। ਜਦੋਂ ਉਹ ਸਾਡੇ ਨਾਲ ਇਸ ਤਰੀਕੇ ਨਾਲ ਪੇਸ਼ ਆਉਂਦੇ ਹਨ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਯਿਸੂ ਨੇ ਕਿਹਾ ਸੀ: “ਇਨਸਾਨ ਦੇ ਦੁਸ਼ਮਣ ਉਸ ਦੇ ਘਰ ਦੇ ਹੀ ਹੋਣਗੇ।” (ਮੱਤੀ 10:36) ਭਾਵੇਂ ਸਾਡੇ ਰਿਸ਼ਤੇਦਾਰ ਜਾਂ ਘਰ ਦੇ ਸਾਡੇ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਣ, ਪਰ ਸਾਨੂੰ ਕਦੇ ਵੀ ਉਨ੍ਹਾਂ ਨੂੰ ਆਪਣਾ ਦੁਸ਼ਮਣ ਨਹੀਂ ਸਮਝਣਾ ਚਾਹੀਦਾ। ਇਸ ਦੇ ਉਲਟ ਜਿੱਦਾਂ-ਜਿੱਦਾਂ ਸਾਡਾ ਯਹੋਵਾਹ ਲਈ ਪਿਆਰ ਵਧਦਾ ਹੈ, ਉੱਦਾਂ-ਉੱਦਾਂ ਲੋਕਾਂ ਲਈ ਵੀ ਸਾਡਾ ਪਿਆਰ ਵਧਦਾ ਹੈ। (ਮੱਤੀ 22:37, 39) ਪਰ ਸਾਨੂੰ ਕਦੇ ਵੀ ਲੋਕਾਂ ਨੂੰ ਖ਼ੁਸ਼ ਕਰਨ ਲਈ ਬਾਈਬਲ ਵਿਚ ਦੱਸੇ ਕਾਨੂੰਨ ਜਾਂ ਅਸੂਲਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।
8-9. ਸਖ਼ਤ ਵਿਰੋਧ ਦੇ ਬਾਵਜੂਦ ਜੋਰਜੀਨਾ ਕਿਹੜੀ ਗੱਲ ਕਰਕੇ ਖ਼ੁਦ ਨੂੰ ਸੰਭਾਲ ਪਾਈ?
8 ਜੋਰਜੀਨਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਆਪਣੀ ਮੰਮੀ ਦੇ ਸਖ਼ਤ ਵਿਰੋਧ ਦੇ ਬਾਵਜੂਦ ਆਪਣੀ ਵਫ਼ਾਦਾਰੀ ਬਣਾ ਕੇ ਰੱਖ ਪਾਈ। ਉਹ ਕਹਿੰਦੀ ਹੈ: “ਮੈਂ ਤੇ ਮੇਰੀ ਮੰਮੀ ਨੇ ਇਕੱਠਿਆਂ ਹੀ ਗਵਾਹਾਂ ਤੋਂ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਸੀ। ਪਰ ਛੇ ਮਹੀਨਿਆਂ ਬਾਅਦ ਜਦੋਂ ਮੈਂ ਮੀਟਿੰਗਾਂ ’ਤੇ ਜਾਣਾ ਚਾਹੁੰਦੀ ਸੀ, ਤਾਂ ਮੰਮੀ ਨੇ ਮੇਰਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਮੰਮੀ ਧਰਮ-ਤਿਆਗੀਆਂ
ਨੂੰ ਮਿਲਦੇ-ਜੁਲਦੇ ਹਨ ਅਤੇ ਉਨ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ਦੇ ਪ੍ਰਭਾਵ ਵਿਚ ਆ ਕੇ ਉਹ ਮੇਰੇ ਨਾਲ ਬਹਿਸ ਕਰਦੇ ਸਨ। ਉਹ ਮੇਰੀ ਬੇਇੱਜ਼ਤੀ ਕਰਦੇ, ਮੇਰੇ ਵਾਲ਼ ਪੁੱਟਦੇ ਅਤੇ ਮੇਰਾ ਗਲ਼ਾ ਘੁੱਟਦੇ ਸਨ। ਨਾਲੇ ਸਾਡੇ ਪ੍ਰਕਾਸ਼ਨ ਵੀ ਸੁੱਟ ਦਿੰਦੇ ਸਨ। ਜਦੋਂ ਮੈਂ 15 ਸਾਲ ਦੀ ਹੋਈ, ਤਾਂ ਮੈਂ ਬਪਤਿਸਮਾ ਲਿਆ। ਮੰਮੀ ਨੇ ਮੈਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਣ ਲਈ ਅਜਿਹੇ ਕੇਂਦਰ ਵਿਚ ਪਾ ਦਿੱਤਾ ਜਿੱਥੇ ਵਿਗੜੀਆਂ ਕੁੜੀਆਂ ਨੂੰ ਸੁਧਾਰਨ ਲਈ ਰੱਖਿਆ ਜਾਂਦਾ ਸੀ ਜੋ ਡ੍ਰੱਗਜ਼ ਲੈਂਦੀਆਂ ਸਨ ਜਾਂ ਜਿਨ੍ਹਾਂ ਨੇ ਅਪਰਾਧ ਕੀਤੇ ਹੁੰਦੇ ਸਨ। ਵਿਰੋਧ ਸਹਿਣਾ ਖ਼ਾਸ ਕਰਕੇ ਉਦੋਂ ਔਖਾ ਹੁੰਦਾ ਹੈ, ਜਦੋਂ ਉਹ ਵਿਅਕਤੀ ਸਾਡਾ ਵਿਰੋਧ ਕਰ ਰਿਹਾ ਹੋਵੇ ਜਿਸ ਨੂੰ ਸਾਡੇ ਨਾਲ ਪਿਆਰ ਕਰਨਾ ਚਾਹੀਦਾ ਅਤੇ ਸਾਡੀ ਪਰਵਾਹ ਕਰਨੀ ਚਾਹੀਦੀ ਹੈ।”9 ਜੋਰਜੀਨਾ ਨੇ ਸਖ਼ਤ ਵਿਰੋਧ ਦੇ ਬਾਵਜੂਦ ਖ਼ੁਦ ਨੂੰ ਕਿਵੇਂ ਸੰਭਾਲਿਆ? ਉਹ ਦੱਸਦੀ ਹੈ: “ਜਿਸ ਦਿਨ ਮੰਮੀ ਨੇ ਮੇਰਾ ਵਿਰੋਧ ਕਰਨਾ ਸ਼ੁਰੂ ਕੀਤਾ। ਉਸ ਦਿਨ ਮੇਰੀ ਬਾਈਬਲ ਦੀ ਪੂਰੀ ਪੜ੍ਹਾਈ ਖ਼ਤਮ ਹੋ ਚੁੱਕੀ ਸੀ ਅਤੇ ਹੁਣ ਮੈਨੂੰ ਪੂਰਾ ਭਰੋਸਾ ਸੀ ਕਿ ਇਹੀ ਸੱਚਾਈ ਹੈ ਅਤੇ ਮੈਂ ਯਹੋਵਾਹ ਦੇ ਨੇੜੇ ਮਹਿਸੂਸ ਕੀਤਾ। ਮੈਂ ਅਕਸਰ ਉਸ ਨੂੰ ਪ੍ਰਾਰਥਨਾ ਕਰਦੀ ਸੀ ਅਤੇ ਉਹ ਮੇਰੀ ਪ੍ਰਾਰਥਨਾ ਸੁਣਦਾ ਸੀ। ਜਦੋਂ ਮੈਂ ਉਸ ਕੇਂਦਰ ਵਿਚ ਰਹਿੰਦੀ ਸੀ, ਤਾਂ ਇਕ ਭੈਣ ਨੇ ਮੈਨੂੰ ਆਪਣੇ ਘਰ ਬੁਲਾਇਆ ਅਤੇ ਅਸੀਂ ਦੋਹਾਂ ਨੇ ਇਕੱਠਿਆਂ ਬਾਈਬਲ ਪੜ੍ਹੀ। ਇਸ ਸਮੇਂ ਦੌਰਾਨ ਮੰਡਲੀ ਦੇ ਭੈਣਾਂ-ਭਰਾਵਾਂ ਨੇ ਮੇਰਾ ਹੌਸਲਾ ਵਧਾਇਆ। ਉਨ੍ਹਾਂ ਨੇ ਮੈਨੂੰ ਮਹਿਸੂਸ ਕਰਾਇਆ ਕਿ ਉਹ ਮੇਰਾ ਪਰਿਵਾਰ ਹਨ। ਮੈਨੂੰ ਇਸ ਗੱਲ ਦਾ ਪੱਕਾ ਭਰੋਸਾ ਹੋ ਗਿਆ ਕਿ ਯਹੋਵਾਹ ਸਾਡਾ ਵਿਰੋਧ ਕਰਨ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ।”
10. ਸਾਨੂੰ ਯਹੋਵਾਹ ’ਤੇ ਕਿਹੜੀ ਗੱਲ ਦਾ ਭਰੋਸਾ ਹੈ?
10 ਪੌਲੁਸ ਰਸੂਲ ਨੇ ਕਿਹਾ ਸੀ ਕਿ ਕੋਈ ਵੀ ਚੀਜ਼ ‘ਪਰਮੇਸ਼ੁਰ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਨਹੀਂ ਸਕਦੀ ਜੋ ਪਿਆਰ ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਕਰਦਾ ਹੈ।’ (ਰੋਮੀ. 8:38, 39) ਭਾਵੇਂ ਸਾਨੂੰ ਕੁਝ ਸਮੇਂ ਲਈ ਵਿਰੋਧ ਸਹਿਣਾ ਪਵੇ, ਪਰ ਯਹੋਵਾਹ ਹਮੇਸ਼ਾ ਸਾਡਾ ਸਾਥ ਦਿੰਦਾ ਹੈ ਅਤੇ ਸਾਨੂੰ ਦਿਲਾਸਾ ਤੇ ਤਾਕਤ ਦਿੰਦਾ ਹੈ। ਨਾਲੇ ਜੋਰਜੀਨਾ ਦੇ ਤਜਰਬੇ ਤੋਂ ਅਸੀਂ ਦੇਖਿਆ ਕਿ ਯਹੋਵਾਹ ਮੰਡਲੀ ਦੇ ਭੈਣ-ਭਰਾਵਾਂ ਰਾਹੀਂ ਵੀ ਸਾਡੀ ਮਦਦ ਕਰਦਾ ਹੈ।
ਭੈਣਾਂ-ਭਰਾਵਾਂ ਲਈ ਪਿਆਰ ਹੋਣ ਕਰਕੇ ਸਹੋ ਨਫ਼ਰਤ
11. ਯੂਹੰਨਾ 15:12, 13 ਵਿਚ ਦੱਸਿਆ ਪਿਆਰ ਯਿਸੂ ਦੇ ਚੇਲਿਆਂ ਦੀ ਕਿਵੇਂ ਮਦਦ ਕਰਦਾ ਹੈ? ਇਕ ਮਿਸਾਲ ਦਿਓ।
11 ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਯਾਦ ਕਰਾਇਆ ਕਿ ਉਹ ਇਕ-ਦੂਸਰੇ ਨਾਲ ਪਿਆਰ ਕਰਦੇ ਰਹਿਣ। (ਯੂਹੰਨਾ 15:12, 13 ਪੜ੍ਹੋ।) ਯਿਸੂ ਜਾਣਦਾ ਸੀ ਕਿ ਜੇ ਉਨ੍ਹਾਂ ਵਿਚ ਨਿਰਸੁਆਰਥ ਪਿਆਰ ਹੋਵੇਗਾ, ਤਾਂ ਉਨ੍ਹਾਂ ਵਿਚ ਏਕਤਾ ਹੋਵੇਗੀ ਤੇ ਉਹ ਦੁਨੀਆਂ ਦੀ ਨਫ਼ਰਤ ਸਹਿ ਸਕਣਗੇ। ਜ਼ਰਾ ਥੱਸਲੁਨੀਕਾ ਦੀ ਮੰਡਲੀ ਦੀ ਮਿਸਾਲ ਉੱਤੇ ਗੌਰ ਕਰੋ। ਜਦੋਂ ਤੋਂ ਇਹ ਮੰਡਲੀ ਬਣੀ ਸੀ, ਉਦੋਂ ਤੋਂ ਉੱਥੋਂ ਦੇ ਭੈਣਾਂ-ਭਰਾਵਾਂ ਨੂੰ ਜ਼ੁਲਮ ਸਹਿਣੇ ਪੈ ਰਹੇ ਸਨ। ਪਰ ਫਿਰ ਵੀ ਇਨ੍ਹਾਂ ਭੈਣਾਂ-ਭਰਾਵਾਂ ਨੇ ਵਫ਼ਾਦਾਰੀ ਅਤੇ ਪਿਆਰ ਦੀ ਮਿਸਾਲ ਕਾਇਮ ਕੀਤੀ। (1 ਥੱਸ. 1:3, 6, 7) ਪੌਲੁਸ ਨੇ ਉਨ੍ਹਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ “ਤੁਸੀਂ ਹੋਰ ਵੀ ਜ਼ਿਆਦਾ ਪਿਆਰ ਕਰੋ।” (1 ਥੱਸ. 4:9, 10) ਪੌਲੁਸ ਜਾਣਦਾ ਸੀ ਕਿ ਜੇ ਉਨ੍ਹਾਂ ਵਿਚ ਪਿਆਰ ਹੋਵੇਗਾ, ਤਾਂ ਉਹ ਦੁਖੀ ਭੈਣਾਂ-ਭਰਾਵਾਂ ਨੂੰ ਦਿਲਾਸਾ ਅਤੇ ਕਮਜ਼ੋਰ ਭੈਣਾਂ-ਭਰਾਵਾਂ ਨੂੰ ਸਹਾਰਾ ਦੇ ਸਕਣਗੇ। (1 ਥੱਸ. 5:14) ਇਨ੍ਹਾਂ ਭੈਣਾਂ-ਭਰਾਵਾਂ ਨੇ ਪੌਲੁਸ ਦੀ ਗੱਲ ਮੰਨੀ। ਇਸ ਕਰਕੇ ਇਕ ਸਾਲ ਬਾਅਦ ਪੌਲੁਸ ਨੇ ਆਪਣੀ ਦੂਜੀ ਚਿੱਠੀ ਵਿਚ ਲਿਖਿਆ: “ਇਕ-ਦੂਜੇ ਲਈ ਤੁਹਾਡਾ ਸਾਰਿਆਂ ਦਾ ਪਿਆਰ ਵੀ ਵਧ ਰਿਹਾ ਹੈ।” (2 ਥੱਸ. 1:3-5) ਇਕ-ਦੂਸਰੇ ਨਾਲ ਪਿਆਰ ਕਰਨ ਕਰਕੇ ਹੀ ਉਹ ਹਰ ਤਰ੍ਹਾਂ ਦੇ ਜ਼ੁਲਮ ਤੇ ਨਫ਼ਰਤ ਨੂੰ ਸਹਿ ਸਕੇ।
12. ਲੜਾਈ ਲੱਗਣ ’ਤੇ ਭੈਣਾਂ-ਭਰਾਵਾਂ ਨੇ ਇਕ-ਦੂਸਰੇ ਲਈ ਪਿਆਰ ਕਿਵੇਂ ਦਿਖਾਇਆ?
12 ਭਰਾ ਡੈਨੀਲੋ ਦੀ ਮਿਸਾਲ ’ਤੇ ਗੌਰ ਕਰੋ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ। ਉਹ ਤੇ ਉਸ ਦੀ ਪਤਨੀ ਜਿਸ ਦੇਸ਼ ਵਿਚ ਰਹਿੰਦੇ ਸਨ, ਉੱਥੇ ਲੜਾਈ ਲੱਗੀ ਹੋਈ ਸੀ। ਬਾਅਦ ਵਿਚ ਉਨ੍ਹਾਂ ਦਾ ਸ਼ਹਿਰ ਵੀ ਲੜਾਈ ਦੀ ਲਪੇਟ ਵਿਚ ਆ ਗਿਆ। ਅਜਿਹੇ ਹਾਲਾਤਾਂ ਦੇ ਬਾਵਜੂਦ ਉਹ ਮੀਟਿੰਗਾਂ ਵਿਚ ਜਾਂਦੇ ਰਹੇ ਅਤੇ ਜਿੰਨਾ ਹੋ ਸਕਦਾ ਸੀ ਉੱਨਾ ਪ੍ਰਚਾਰ ਕਰਦੇ ਰਹੇ। ਨਾਲੇ ਉਨ੍ਹਾਂ ਕੋਲ ਜੋ ਵੀ ਖਾਣ-ਪੀਣ ਦੀਆਂ ਚੀਜ਼ਾਂ ਸਨ, ਉਹ ਉਨ੍ਹਾਂ ਨੇ ਹੋਰ ਭੈਣਾਂ-ਭਰਾਵਾਂ ਨਾਲ ਵੀ ਵੰਡੀਆਂ, ਪਰ ਇਕ ਦਿਨ ਕੁਝ ਫ਼ੌਜੀ ਡੈਨੀਲੋ ਦੇ ਘਰ ਆ ਵੜੇ। ਡੈਨੀਲੋ ਦੱਸਦਾ ਹੈ ਕਿ ਅੱਗੇ ਕੀ ਹੋਇਆ, “ਉਨ੍ਹਾਂ ਨੇ ਮੈਨੂੰ ਧਮਕਾਇਆ ਕਿ ਮੈਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਵਾਂ। ਜਦੋਂ ਮੈਂ ਉਨ੍ਹਾਂ ਨੂੰ ਮਨ੍ਹਾ ਕੀਤਾ, ਤਾਂ ਉਨ੍ਹਾਂ ਨੇ ਮੈਨੂੰ ਮਾਰਿਆ-ਕੁੱਟਿਆ ਅਤੇ ਮੈਨੂੰ ਡਰਾਉਣ ਲਈ ਉਨ੍ਹਾਂ ਨੇ ਮੇਰੇ ਸਿਰ ਉੱਪਰੋਂ ਗੋਲੀਆਂ ਚਲਾਈਆਂ, ਇੱਥੋਂ ਤਕ ਕਿ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਕਿ ਅਗਲੀ ਵਾਰ ਜੇ ਉਹ ਆਏ, ਤਾਂ ਉਹ ਮੇਰੀ ਪਤਨੀ ਦਾ ਬਲਾਤਕਾਰ ਕਰ ਦੇਣਗੇ। ਜਦੋਂ ਭਰਾਵਾਂ ਨੂੰ ਇਹ ਗੱਲ ਪਤਾ ਲੱਗੀ, ਤਾਂ ਉਨ੍ਹਾਂ ਨੇ ਫ਼ੌਰਨ ਸਾਨੂੰ ਟ੍ਰੇਨ ਬਿਠਾ ਕੇ ਦੂਸਰੇ ਸ਼ਹਿਰ ਭੇਜ ਦਿੱਤਾ। ਮੈਂ ਉਨ੍ਹਾਂ ਦਾ ਪਿਆਰ ਕਦੇ ਵੀ ਨਹੀਂ ਭੁੱਲ ਸਕਦਾ। ਜਦੋਂ ਅਸੀਂ ਦੂਸਰੇ ਸ਼ਹਿਰ ਪਹੁੰਚੇ, ਤਾਂ ਉੱਥੋਂ ਦੇ ਭੈਣਾਂ-ਭਰਾਵਾਂ ਨੇ ਸਾਡਾ ਬਹੁਤ ਖ਼ਿਆਲ ਰੱਖਿਆ। ਉਨ੍ਹਾਂ ਨੇ ਸਾਨੂੰ ਖਾਣ-ਪੀਣ ਨੂੰ ਦਿੱਤਾ ਅਤੇ ਸਾਡੀ ਘਰ ਤੇ ਨੌਕਰੀ ਲੱਭਣ ਵਿਚ ਮਦਦ ਕੀਤੀ। ਉਨ੍ਹਾਂ ਦੇ ਪਿਆਰ ਕਰਕੇ ਹੀ ਮੈਂ ਅਜਿਹੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਿਆ, ਜਿਨ੍ਹਾਂ ਨੂੰ ਲੜਾਈ ਲੱਗਣ ਕਰਕੇ ਆਪਣਾ ਘਰ ਛੱਡ ਕੇ ਭੱਜਣਾ ਪਿਆ ਸੀ।” ਸੱਚ-ਮੁੱਚ ਜੇ ਸਾਡੇ ਵਿਚ ਪਿਆਰ ਹੈ, ਤਾਂ ਅਸੀਂ ਦੁਨੀਆਂ ਦੀ ਨਫ਼ਰਤ ਨੂੰ ਸਹਿ ਸਕਦੇ ਹਾਂ।
ਦੁਸ਼ਮਣਾਂ ਲਈ ਪਿਆਰ ਹੋਣ ਕਰਕੇ ਸਹੋ ਨਫ਼ਰਤ
13. ਜਦੋਂ ਲੋਕ ਸਾਡੇ ਨਾਲ ਨਫ਼ਰਤ ਕਰਦੇ ਹਨ, ਤਾਂ ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰਦੀ ਹੈ?
13 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਆਪਣੇ ਦੁਸ਼ਮਣਾਂ ਨੂੰ ਪਿਆਰ ਕਰਨ। (ਮੱਤੀ 5:44, 45) ਕੀ ਇੱਦਾਂ ਕਰਨਾ ਸੌਖਾ ਹੈ? ਬਿਲਕੁਲ ਨਹੀਂ। ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਇੱਦਾਂ ਕਰ ਸਕਦੇ ਹਾਂ। ਜੇ ਸਾਡੇ ਵਿਚ ਪਵਿੱਤਰ ਸ਼ਕਤੀ ਦੇ ਗੁਣ ਹੋਣਗੇ ਜਿਵੇਂ ਕਿ ਪਿਆਰ, ਧੀਰਜ, ਦਇਆ, ਨਰਮਾਈ ਅਤੇ ਸੰਜਮ, ਤਾਂ ਅਸੀਂ ਦੁਨੀਆਂ ਦੀ ਨਫ਼ਰਤ ਨੂੰ ਸਹਿ ਸਕਾਂਗੇ। (ਗਲਾ. 5:22, 23) ਇਹ ਗੁਣ ਦਿਖਾਉਣ ਦੇ ਚੰਗੇ ਨਤੀਜੇ ਨਿਕਲਦੇ ਹਨ, ਜਿਵੇਂ ਕਿ ਬਹੁਤ ਸਾਰੇ ਲੋਕ ਜੋ ਵਿਰੋਧ ਕਰਦੇ ਸਨ। ਉਨ੍ਹਾਂ ਦਾ ਮਨ ਬਦਲ ਗਿਆ ਕਿਉਂਕਿ ਉਨ੍ਹਾਂ ਦੇ ਮਸੀਹੀ ਪਤੀ-ਪਤਨੀ, ਬੱਚੇ ਜਾਂ ਗੁਆਂਢੀਆਂ ਨੇ ਇਹ ਗੁਣ ਦਿਖਾਏ ਸਨ ਅਤੇ ਉਨ੍ਹਾਂ ਵਿੱਚੋਂ ਕਈ ਲੋਕਾਂ ਨੇ ਸੱਚਾਈ ਸਿੱਖੀ ਅਤੇ ਅੱਜ ਉਹ ਸਾਡੇ ਭੈਣ-ਭਰਾ ਹਨ। ਇਸ ਲਈ ਜੇ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਪਿਆਰ ਕਰਨਾ ਔਖਾ ਲੱਗਦਾ ਹੈ ਜੋ ਯਹੋਵਾਹ ਦੀ ਸੇਵਾ ਕਰਨ ਕਰਕੇ ਤੁਹਾਡੇ ਨਾਲ ਨਫ਼ਰਤ ਕਰਦੇ ਹਨ, ਤਾਂ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ। (ਲੂਕਾ 11:13) ਨਾਲੇ ਇਸ ਗੱਲ ’ਤੇ ਪੂਰਾ ਭਰੋਸਾ ਰੱਖੋ ਕਿ ਯਹੋਵਾਹ ਸਾਨੂੰ ਜੋ ਵੀ ਕੰਮ ਕਰਨ ਲਈ ਕਹਿੰਦਾ ਹੈ, ਉਸ ਨਾਲ ਹਮੇਸ਼ਾ ਸਾਡਾ ਭਲਾ ਹੁੰਦਾ ਹੈ।—ਕਹਾ. 3:5-7.
14-15. ਰੋਮੀਆਂ 12:17-21 ਦੀ ਸਲਾਹ ਲਾਗੂ ਕਰਕੇ ਯਾਸਮੀਨ ਸਖ਼ਤ ਵਿਰੋਧ ਦੇ ਬਾਵਜੂਦ ਪਿਆਰ ਕਿਵੇਂ ਦਿਖਾ ਪਾਈ?
14 ਜ਼ਰਾ ਭੈਣ ਯਾਸਮੀਨ ਦੀ ਮਿਸਾਲ ’ਤੇ ਗੌਰ ਕਰੋ। ਜਦੋਂ ਉਹ ਯਹੋਵਾਹ ਦੀ ਗਵਾਹ ਬਣੀ, ਤਾਂ ਉਸ ਦੇ ਪਤੀ ਨੂੰ ਲੱਗਾ ਕਿ ਕਿਸੇ ਨੇ ਉਸ ਨੂੰ ਗੁਮਰਾਹ ਕਰ ਦਿੱਤਾ ਹੈ। ਇਸ ਲਈ ਉਹ ਯਾਸਮੀਨ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਰੋਕਦਾ ਹੁੰਦਾ ਸੀ ਅਤੇ ਉਸ ਦੀ ਬੇਇੱਜ਼ਤੀ ਕਰਦਾ ਸੀ। ਉਸ ਨੂੰ ਰੋਕਣ ਲਈ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਯਾਸਮੀਨ ’ਤੇ ਦੋਸ਼ ਲਾਇਆ ਕਿ ਉਸ ਕਰਕੇ ਪਰਿਵਾਰ ਟੁੱਟ ਰਿਹਾ ਹੈ। ਯਾਸਮੀਨ ਨੂੰ ਡਰਾਉਣ-ਧਮਕਾਉਣ ਲਈ ਉਸ ਦੇ ਪਤੀ ਨੇ ਆਪਣੇ ਧਾਰਮਿਕ ਆਗੂ ਅਤੇ ਝਾੜਾ-ਫੂਕੀ ਕਰਨ ਵਾਲੇ ਨੂੰ ਵੀ ਬੁਲਾਇਆ। ਇਕ ਵਾਰ ਉਸ ਦੇ ਪਤੀ ਨੇ ਮੀਟਿੰਗ ਵਿਚ ਜਾ ਕੇ ਭਰਾਵਾਂ ਦੀ ਬੇਇੱਜ਼ਤੀ ਕੀਤੀ। ਯਾਸਮੀਨ ਨਾਲ ਜੋ ਬੁਰਾ ਸਲੂਕ ਕੀਤਾ ਜਾਂਦਾ ਸੀ ਉਸ ਕਰਕੇ ਉਹ ਅਕਸਰ ਰੋਂਦੀ ਹੁੰਦੀ ਸੀ।
15 ਮੰਡਲੀ ਦੇ ਭੈਣਾਂ-ਭਰਾਵਾਂ ਨੇ ਯਾਸਮੀਨ ਨੂੰ ਦਿਲਾਸਾ ਦਿੱਤਾ ਅਤੇ ਉਸ ਦਾ ਹੌਸਲਾ ਵਧਾਇਆ। ਨਾਲੇ ਬਜ਼ੁਰਗਾਂ ਨੇ ਉਸ ਨੂੰ ਕਿਹਾ ਕਿ ਉਹ ਰੋਮੀਆਂ 12:17-21 (ਪੜ੍ਹੋ।) ਦੀ ਸਲਾਹ ਲਾਗੂ ਕਰੇ। ਯਾਸਮੀਨ ਕਹਿੰਦੀ ਹੈ: “ਇਹ ਸਲਾਹ ਮੰਨਣੀ ਮੇਰੇ ਲਈ ਸੌਖੀ ਨਹੀਂ ਸੀ। ਪਰ ਮੈਂ ਯਹੋਵਾਹ ਤੋਂ ਮਦਦ ਮੰਗੀ ਅਤੇ ਬਾਈਬਲ ਦੀ ਇਹ ਸਲਾਹ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਜਦੋਂ ਮੇਰੇ ਪਤੀ ਜਾਣ-ਬੁੱਝ ਕੇ ਰਸੋਈ ਗੰਦੀ ਕਰਦੇ ਸਨ, ਤਾਂ ਮੈਂ ਉਸ ਨੂੰ ਸਾਫ਼ ਕਰਦੀ ਸੀ। ਜੇ ਉਹ ਮੇਰੀ ਬੇਇੱਜ਼ਤੀ ਕਰਦੇ ਸਨ, ਤਾਂ ਵੀ ਮੈਂ ਨਰਮਾਈ ਨਾਲ ਜਵਾਬ ਦਿੰਦੀ ਸੀ। ਨਾਲੇ ਜਦੋਂ ਉਹ ਬੀਮਾਰ ਹੁੰਦੇ ਸਨ, ਤਾਂ ਮੈਂ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦੀ ਸੀ।”
16-17. ਯਾਸਮੀਨ ਦੀ ਮਿਸਾਲ ਤੋਂ ਤੁਸੀਂ ਕੀ ਸਿੱਖਿਆ?
16 ਆਪਣੇ ਪਤੀ ਨੂੰ ਪਿਆਰ ਦਿਖਾਉਣ ਕਰਕੇ ਯਾਸਮੀਨ ਨੂੰ ਚੰਗੇ ਨਤੀਜੇ ਮਿਲੇ। ਉਹ ਕਹਿੰਦੀ ਹੈ: “ਮੇਰੇ ਪਤੀ ਹੁਣ ਮੇਰੇ ’ਤੇ ਜ਼ਿਆਦਾ ਭਰੋਸਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਹਮੇਸ਼ਾ ਸੱਚ ਬੋਲਦੀ ਹਾਂ। ਘਰ ਵਿਚ ਜਦੋਂ ਵੀ ਧਰਮ ਨੂੰ ਲੈ ਕੇ ਕੋਈ ਗੱਲ ਸ਼ੁਰੂ ਹੁੰਦੀ ਹੈ, ਤਾਂ ਉਹ ਮੇਰੀ ਗੱਲ ਧਿਆਨ ਨਾਲ ਸੁਣਦੇ ਹਨ ਅਤੇ ਘਰ ਵਿਚ ਸ਼ਾਂਤੀ ਬਣਾਈ ਰੱਖਦੇ ਹਨ। ਹੁਣ ਉਹ ਮੈਨੂੰ ਆਪ ਮੀਟਿੰਗਾਂ ’ਤੇ ਜਾਣ ਲਈ ਕਹਿੰਦੇ ਹਨ। ਹੁਣ ਸਾਡੇ ਪਰਿਵਾਰ ਦਾ ਮਾਹੌਲ ਕਾਫ਼ੀ ਹੱਦ ਤਕ ਬਿਹਤਰ ਬਣ ਗਿਆ ਹੈ ਅਤੇ ਸਾਡੇ ਘਰ ਵਿਚ ਸੱਚੀ ਸ਼ਾਂਤੀ ਹੈ। ਮੈਨੂੰ ਉਮੀਦ ਹੈ ਕਿ ਇਕ ਨਾ ਇਕ ਦਿਨ ਮੇਰੇ ਪਤੀ ਵੀ ਸੱਚਾਈ ਵਿਚ ਆਉਣਗੇ ਅਤੇ ਅਸੀਂ ਦੋਵੇਂ ਮਿਲ ਕੇ ਯਹੋਵਾਹ ਦੀ ਸੇਵਾ ਕਰਾਂਗੇ।”
17 ਯਾਸਮੀਨ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ‘ਪਿਆਰ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ।’ (1 ਕੁਰਿੰ. 13:4, 7) ਜਦੋਂ ਲੋਕ ਸਾਡੇ ਨਾਲ ਨਫ਼ਰਤ ਕਰਦੇ ਹਨ, ਤਾਂ ਸਾਨੂੰ ਦੁੱਖ ਲੱਗਦਾ ਹੈ। ਪਰ ਪਿਆਰ ਨਾਲ ਲੋਕਾਂ ਦਾ ਦਿਲ ਜਿੱਤਿਆ ਜਾ ਸਕਦਾ ਹੈ ਕਿਉਂਕਿ ਪਿਆਰ ਵਿਚ ਨਫ਼ਰਤ ਨਾਲੋਂ ਕਿਤੇ ਜ਼ਿਆਦਾ ਤਾਕਤ ਹੈ। ਨਾਲੇ ਜਦੋਂ ਅਸੀਂ ਲੋਕਾਂ ਨਾਲ ਪਿਆਰ ਕਰਦੇ ਹਾਂ, ਤਾਂ ਯਹੋਵਾਹ ਵੀ ਖ਼ੁਸ਼ ਹੁੰਦਾ ਹੈ। ਪਰ ਜੇ ਸਾਡਾ ਵਿਰੋਧ ਕਰਨ ਵਾਲੇ ਸਾਡੇ ਨਾਲ ਨਫ਼ਰਤ ਕਰਦੇ ਰਹਿੰਦੇ ਹਨ, ਤਾਂ ਵੀ ਅਸੀਂ ਖ਼ੁਸ਼ ਰਹਿ ਸਕਦੇ ਹਾਂ। ਆਓ ਦੇਖੀਏ ਕਿਵੇਂ?
ਨਫ਼ਰਤ ਸਹਿ ਕੇ ਵੀ ਖ਼ੁਸ਼ੀ ਪਾਓ
18. ਜਦੋਂ ਲੋਕ ਸਾਡੇ ਨਾਲ ਨਫ਼ਰਤ ਕਰਦੇ ਹਨ, ਤਾਂ ਅਸੀਂ ਖ਼ੁਸ਼ ਕਿਉਂ ਹੋ ਸਕਦੇ ਹਾਂ?
18 ਯਿਸੂ ਨੇ ਕਿਹਾ ਸੀ: “ਖ਼ੁਸ਼ ਹੋ ਤੁਸੀਂ ਜਦੋਂ ਵੀ . . . ਲੋਕ ਤੁਹਾਡੇ ਨਾਲ ਨਫ਼ਰਤ ਕਰਨ।” (ਲੂਕਾ 6:22) ਜਦੋਂ ਲੋਕ ਸਾਡੇ ਨਾਲ ਨਫ਼ਰਤ ਕਰਦੇ ਹਨ ਜਾਂ ਸਾਡੀ ਨਿਹਚਾ ਕਰਕੇ ਸਾਡੇ ’ਤੇ ਜ਼ੁਲਮ ਢਾਉਂਦੇ ਹਨ, ਤਾਂ ਸਾਨੂੰ ਚੰਗਾ ਨਹੀਂ ਲੱਗਦਾ। ਪਰ ਯਿਸੂ ਨੇ ਇਹ ਕਿਉਂ ਕਿਹਾ ਸੀ ਕਿ ਜਦੋਂ ਲੋਕ ਸਾਡੇ ਨਾਲ ਨਫ਼ਰਤ ਕਰਦੇ ਹਨ, ਤਾਂ ਸਾਨੂੰ ਖ਼ੁਸ਼ ਹੋਣਾ ਚਾਹੀਦਾ? ਆਓ ਇਸ ਦੇ ਤਿੰਨ ਕਾਰਨ ਦੇਖੀਏ। ਪਹਿਲਾ, ਜਦੋਂ ਅਸੀਂ ਲੋਕਾਂ ਦੀ ਨਫ਼ਰਤ ਸਹਿ ਕੇ ਵੀ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਾਂ, ਤਾਂ ਉਹ ਸਾਡੇ ਤੋਂ ਖ਼ੁਸ਼ ਹੁੰਦਾ ਹੈ। (1 ਪਤ. 4:13, 14) ਦੂਸਰਾ, ਜਦੋਂ ਸਾਡੀ ਨਿਹਚਾ ਦੀ ਪਰਖ ਹੁੰਦੀ ਹੈ, ਤਾਂ ਇਹ ਹੋਰ ਵੀ ਮਜ਼ਬੂਤ ਹੁੰਦੀ ਹੈ। (1 ਪਤ. 1:7) ਤੀਸਰਾ, ਸਾਨੂੰ ਬੇਸ਼ਕੀਮਤੀ ਇਨਾਮ ਮਿਲਦਾ ਹੈ। ਇਹ ਇਨਾਮ ਹੈ ਹਮੇਸ਼ਾ ਦੀ ਜ਼ਿੰਦਗੀ।—ਰੋਮੀ. 2:6, 7.
19. ਜਦੋਂ ਰਸੂਲਾਂ ਦੇ ਕੋਰੜੇ ਮਰਵਾਏ ਗਏ, ਤਾਂ ਉਹ ਇੰਨੇ ਖ਼ੁਸ਼ ਕਿਉਂ ਸਨ?
19 ਯਿਸੂ ਦੇ ਜੀ ਉੱਠਣ ਤੋਂ ਬਾਅਦ, ਰਸੂਲਾਂ ਨੇ ਉਹ ਖ਼ੁਸ਼ੀ ਮਹਿਸੂਸ ਕੀਤੀ ਜਿਸ ਬਾਰੇ ਉਸ ਨੇ ਕਿਹਾ ਸੀ। ਜਦੋਂ ਉਨ੍ਹਾਂ ਦੇ ਕੋਰੜੇ ਮਰਵਾਏ ਗਏ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਪ੍ਰਚਾਰ ਕਰਨਾ ਛੱਡ ਦੇਣ, ਤਾਂ ਉਹ ਇਸ ਗੱਲੋਂ ਖ਼ੁਸ਼ ਸਨ। ਕਿਉਂ? ਕਿਉਂਕਿ “ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਦੀ ਖ਼ਾਤਰ ਬੇਇੱਜ਼ਤ ਕੀਤੇ ਜਾਣ ਦਾ ਸਨਮਾਨ ਬਖ਼ਸ਼ਿਆ।” (ਰਸੂ. 5:40-42) ਉਹ ਯਿਸੂ ਨੂੰ ਇੰਨਾ ਪਿਆਰ ਕਰਦੇ ਸਨ ਕਿ ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਦੀ ਨਫ਼ਰਤ ਦੀ ਕੋਈ ਪਰਵਾਹ ਨਹੀਂ ਸੀ। ਨਾਲੇ ਉਨ੍ਹਾਂ ਨੇ “ਬਿਨਾਂ ਰੁਕੇ” ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ। ਅੱਜ ਵੀ ਸਾਡੇ ਅਜਿਹੇ ਕਈ ਭੈਣਾਂ-ਭਰਾ ਹਨ ਜੋ ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਨ। ਉਹ ਇਹ ਗੱਲ ਜਾਣਦੇ ਹਨ ਕਿ ਪਰਮੇਸ਼ੁਰ ਕਦੇ ਵੀ ਉਨ੍ਹਾਂ ਦੇ ਕੰਮ ਅਤੇ ਪਿਆਰ ਨੂੰ ਨਹੀਂ ਭੁੱਲੇਗਾ ਜੋ ਉਹ ਉਸ ਦੇ ਨਾਂ ਨਾਲ ਕਰਦੇ ਹਨ।—ਇਬ. 6:10.
20. ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?
20 ਜਦੋਂ ਤਕ ਸ਼ੈਤਾਨ ਦੀ ਇਹ ਦੁਨੀਆਂ ਰਹੇਗੀ, ਉਦੋਂ ਤਕ ਲੋਕ ਸਾਡੇ ਨਾਲ ਨਫ਼ਰਤ ਕਰਦੇ ਰਹਿਣਗੇ। (ਯੂਹੰ. 15:19) ਪਰ ਸਾਨੂੰ ਡਰਨ ਦੀ ਲੋੜ ਨਹੀਂ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਕਿਸ ਤਰ੍ਹਾਂ ਆਪਣੇ ਵਫ਼ਾਦਾਰ ਸੇਵਕਾਂ ਨੂੰ ‘ਮਜ਼ਬੂਤ ਕਰੇਗਾ ਅਤੇ ਉਨ੍ਹਾਂ ਦੀ ਰੱਖਿਆ ਕਰੇਗਾ।’ (2 ਥੱਸ. 3:3) ਆਓ ਅਸੀਂ ਯਹੋਵਾਹ, ਆਪਣੇ ਭੈਣਾਂ-ਭਰਾਵਾਂ ਅਤੇ ਇੱਥੋਂ ਤਕ ਕਿ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੀਏ। ਜਦੋਂ ਅਸੀਂ ਇਸ ਸਲਾਹ ਨੂੰ ਲਾਗੂ ਕਰਾਂਗੇ, ਤਾਂ ਸਾਡੀ ਏਕਤਾ ਬਣੀ ਰਹੇਗੀ ਅਤੇ ਸਾਡੀ ਨਿਹਚਾ ਵੀ ਮਜ਼ਬੂਤ ਹੋਵੇਗੀ। ਨਾਲੇ ਅਸੀਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਾਂਗੇ ਅਤੇ ਇਸ ਗੱਲ ਨੂੰ ਸਾਬਤ ਕਰਾਂਗੇ ਕਿ ਪਿਆਰ ਵਿਚ ਨਫ਼ਰਤ ਨਾਲੋਂ ਜ਼ਿਆਦਾ ਤਾਕਤ ਹੈ।
ਗੀਤ 3 “ਪਰਮੇਸ਼ੁਰ ਪਿਆਰ ਹੈ”
^ ਪੈਰਾ 5 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ ਅਤੇ ਇੱਥੋਂ ਤਕ ਕਿ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰਦੇ ਹਾਂ, ਤਾਂ ਅਸੀਂ ਇਸ ਦੁਨੀਆਂ ਦੀ ਨਫ਼ਰਤ ਨੂੰ ਸਹਿ ਪਾਵਾਂਗੇ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ। ਅਸੀਂ ਇਹ ਵੀ ਦੇਖਾਂਗੇ ਕਿ ਯਿਸੂ ਨੇ ਇਹ ਕਿਉਂ ਕਿਹਾ ਸੀ ਕਿ ਜਦੋਂ ਸਾਡੇ ਨਾਲ ਨਫ਼ਰਤ ਕੀਤੀ ਜਾਂਦੀ ਹੈ, ਤਾਂ ਸਾਨੂੰ ਖ਼ੁਸ਼ ਹੋਣਾ ਚਾਹੀਦਾ।
^ ਪੈਰਾ 1 ਕੁਝ ਨਾਂ ਬਦਲੇ ਗਏ ਹਨ।
^ ਪੈਰਾ 58 ਤਸਵੀਰਾਂ ਬਾਰੇ ਜਾਣਕਾਰੀ: ਜਦੋਂ ਫ਼ੌਜੀਆਂ ਨੇ ਡੈਨੀਲੋ ਨੂੰ ਡਰਾਇਆ-ਧਮਕਾਇਆ, ਤਾਂ ਭਰਾਵਾਂ ਨੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਦੂਸਰੇ ਸ਼ਹਿਰ ਭੇਜ ਦਿੱਤਾ। ਉੱਥੋਂ ਦੇ ਭੈਣਾਂ-ਭਰਾਵਾਂ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਮਦਦ ਕੀਤੀ।
^ ਪੈਰਾ 60 ਤਸਵੀਰਾਂ ਬਾਰੇ ਜਾਣਕਾਰੀ: ਯਾਸਮੀਨ ਦਾ ਪਤੀ ਉਸ ਦਾ ਵਿਰੋਧ ਕਰਦਾ ਸੀ, ਪਰ ਬਜ਼ੁਰਗਾਂ ਨੇ ਯਾਸਮੀਨ ਨੂੰ ਚੰਗੀ ਸਲਾਹ ਦਿੱਤੀ। ਭੈਣ ਨੇ ਉਹ ਸਲਾਹ ਮੰਨੀ ਅਤੇ ਇਕ ਚੰਗੀ ਪਤਨੀ ਬਣਨ ਦੀ ਪੂਰੀ ਕੋਸ਼ਿਸ਼ ਕੀਤੀ। ਜਦੋਂ ਉਸ ਦਾ ਪਤੀ ਬੀਮਾਰ ਸੀ, ਉਹ ਉਸ ਦੀ ਚੰਗੀ ਦੇਖ-ਭਾਲ ਕਰਦੀ ਸੀ।