Skip to content

Skip to table of contents

ਅਧਿਐਨ ਲੇਖ 11

ਮੁਸ਼ਕਲਾਂ ਸਹਿਣ ਵਿਚ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

ਮੁਸ਼ਕਲਾਂ ਸਹਿਣ ਵਿਚ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

‘ਧੀਰਜ ਦੇਣ ਵਾਲਾ ਪਰਮੇਸ਼ੁਰ ਤੁਹਾਡੀ ਮਦਦ ਕਰੇ।’—ਰੋਮੀ. 15:5.

ਗੀਤ 37 ਪਰਮੇਸ਼ੁਰ ਦਾ ਬਚਨ

ਖ਼ਾਸ ਗੱਲਾਂ *

1. ਯਹੋਵਾਹ ਦੇ ਲੋਕਾਂ ਨੂੰ ਸ਼ਾਇਦ ਕਿਹੜੀਆਂ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ?

ਕੀ ਤੁਸੀਂ ਕੋਈ ਵੱਡੀ ਮੁਸ਼ਕਲ ਝੱਲ ਰਹੇ ਹੋ? ਹੋ ਸਕਦਾ ਹੈ ਮੰਡਲੀ ਵਿਚ ਕਿਸੇ ਭੈਣ-ਭਰਾ ਨੇ ਤੁਹਾਨੂੰ ਠੇਸ ਪਹੁੰਚਾਈ ਹੋਵੇ। (ਯਾਕੂ. 3:2) ਜਾਂ ਸ਼ਾਇਦ ਤੁਹਾਡੇ ਨਾਲ ਪੜ੍ਹਨ ਵਾਲੇ ਜਾਂ ਕੰਮ ਕਰਨ ਵਾਲੇ ਯਹੋਵਾਹ ਦੇ ਗਵਾਹ ਹੋਣ ਕਰਕੇ ਤੁਹਾਡਾ ਮਜ਼ਾਕ ਉਡਾਉਂਦੇ ਹੋਣ। (1 ਪਤ. 4:3, 4) ਜਾਂ ਸ਼ਾਇਦ ਤੁਹਾਡੇ ਘਰ ਦੇ ਤੁਹਾਨੂੰ ਮੀਟਿੰਗਾਂ ਜਾਂ ਪ੍ਰਚਾਰ ’ਤੇ ਜਾਣ ਤੋਂ ਰੋਕਦੇ ਹੋਣ। (ਮੱਤੀ 10:35, 36) ਜੇ ਤੁਹਾਡੇ ਲਈ ਮੁਸ਼ਕਲ ਸਹਿਣੀ ਬਹੁਤ ਔਖੀ ਹੋ ਰਹੀ ਹੈ, ਤਾਂ ਤੁਹਾਨੂੰ ਲੱਗ ਸਕਦਾ ਹੈ ਕਿ ਯਹੋਵਾਹ ਦੀ ਸੇਵਾ ਨਾ ਕਰਨੀ ਹੀ ਵਧੀਆ ਹੈ। ਪਰ ਪੂਰਾ ਭਰੋਸਾ ਰੱਖੋ ਕਿ ਭਾਵੇਂ ਤੁਹਾਡੇ ’ਤੇ ਜਿਹੜੀ ਮਰਜ਼ੀ ਮੁਸ਼ਕਲ ਆਵੇ ਯਹੋਵਾਹ ਧੀਰਜ ਨਾਲ ਉਸ ਨੂੰ ਸਹਿਣ ਵਿਚ ਤੁਹਾਨੂੰ ਬੁੱਧ ਅਤੇ ਤਾਕਤ ਦੇਵੇਗਾ।

2. ਰੋਮੀਆਂ 15:4 ਮੁਤਾਬਕ ਬਾਈਬਲ ਪੜ੍ਹ ਕੇ ਸਾਨੂੰ ਕੀ ਫ਼ਾਇਦਾ ਹੋਵੇਗਾ?

2 ਯਹੋਵਾਹ ਨੇ ਬਾਈਬਲ ਵਿਚ ਅਜਿਹੇ ਲੋਕਾਂ ਦੀਆਂ ਮਿਸਾਲਾਂ ਦਰਜ ਕਰਵਾਈਆਂ ਹਨ ਜਿਨ੍ਹਾਂ ਨੇ ਔਖੇ ਤੋਂ ਔਖੇ ਹਾਲਾਤਾਂ ਨੂੰ ਵੀ ਧੀਰਜ ਨਾਲ ਸਹਿਆ। ਪਰ ਉਸ ਨੇ ਇਹ ਮਿਸਾਲਾਂ ਕਿਉਂ ਦਰਜ ਕਰਵਾਈਆਂ? ਤਾਂਕਿ ਅਸੀਂ ਉਨ੍ਹਾਂ ਤੋਂ ਸਿੱਖ ਸਕੀਏ। ਯਹੋਵਾਹ ਨੇ ਪੌਲੁਸ ਰਸੂਲ ਨੂੰ ਵੀ ਇਹ ਗੱਲ ਲਿਖਣ ਲਈ ਪ੍ਰੇਰਿਆ। (ਰੋਮੀਆਂ 15:4 ਪੜ੍ਹੋ।) ਇਨ੍ਹਾਂ ਮਿਸਾਲਾਂ ਬਾਰੇ ਪੜ੍ਹ ਕੇ ਸਾਨੂੰ ਕਾਫ਼ੀ ਹੱਦ ਤਕ ਦਿਲਾਸਾ ਅਤੇ ਉਮੀਦ ਮਿਲ ਸਕਦੀ ਹੈ। ਪਰ ਜੇ ਅਸੀਂ ਇਨ੍ਹਾਂ ਮਿਸਾਲਾਂ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣਾ ਚਾਹੁੰਦੇ ਹਾਂ, ਤਾਂ ਇਨ੍ਹਾਂ ਬਾਰੇ ਸਿਰਫ਼ ਪੜ੍ਹਨਾ ਹੀ ਕਾਫ਼ੀ ਨਹੀਂ ਹੈ। ਅਸੀਂ ਜੋ ਪੜ੍ਹਦੇ ਹਾਂ ਉਨ੍ਹਾਂ ਗੱਲਾਂ ਦਾ ਸਾਡੀ ਸੋਚ ’ਤੇ ਅਸਰ ਪੈਣਾ ਚਾਹੀਦਾ ਤੇ ਉਹ ਸਾਡੇ ਦਿਲ ਨੂੰ ਛੂਹਣੀਆਂ ਚਾਹੀਦੀਆਂ ਹਨ। ਪਰ ਜੇ ਅਸੀਂ ਕੋਈ ਮੁਸ਼ਕਲ ਝੱਲ ਰਹੇ ਹਾਂ, ਤਾਂ ਸਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ? ਇਹ ਚਾਰ ਕਦਮ ਚੁੱਕਣ ਨਾਲ ਸਾਡੀ ਮਦਦ ਹੋ ਸਕਦੀ ਹੈ: (1ਪ੍ਰਾਰਥਨਾ ਕਰੋ, (2ਕਲਪਨਾ ਕਰੋ, (3ਸੋਚ-ਵਿਚਾਰ ਕਰੋ ਅਤੇ (4ਲਾਗੂ ਕਰੋ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਇਹ ਕਦਮ ਕਿਵੇਂ ਚੁੱਕ ਸਕਦੇ ਹਾਂ। * ਫਿਰ ਅਸੀਂ ਦੇਖਾਂਗੇ ਕਿ ਇਨ੍ਹਾਂ ਦੀ ਮਦਦ ਨਾਲ ਅਧਿਐਨ ਕਰ ਕੇ ਅਸੀਂ ਰਾਜਾ ਦਾਊਦ ਅਤੇ ਪੌਲੁਸ ਰਸੂਲ ਦੀ ਜ਼ਿੰਦਗੀ ਤੋਂ ਕੀ ਸਿੱਖ ਸਕਦੇ ਹਾਂ।

1. ਪ੍ਰਾਰਥਨਾ ਕਰੋ

ਬਾਈਬਲ ਪੜ੍ਹਨ ਤੋਂ ਪਹਿਲਾਂ ਯਹੋਵਾਹ ਤੋਂ ਮਦਦ ਮੰਗੋ ਕਿ ਤੁਸੀਂ ਜੋ ਪੜ੍ਹੋਗੇ ਉਸ ਤੋਂ ਤੁਹਾਨੂੰ ਫ਼ਾਇਦਾ ਹੋਵੇ (ਪੈਰਾ 3 ਦੇਖੋ)

3. ਬਾਈਬਲ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

3 (1ਪ੍ਰਾਰਥਨਾ ਕਰੋ। ਬਾਈਬਲ ਪੜ੍ਹਨ ਤੋਂ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੀ ਉਹ ਗੱਲਾਂ ਸਮਝਣ ਵਿਚ ਮਦਦ ਕਰੇ ਜੋ ਤੁਸੀਂ ਪੜ੍ਹ ਰਹੇ ਹੋ। ਮਿਸਾਲ ਲਈ, ਜੇ ਤੁਸੀਂ ਕੋਈ ਮੁਸ਼ਕਲ ਝੱਲ ਰਹੇ ਹੋ, ਤਾਂ ਯਹੋਵਾਹ ਨੂੰ ਕਹੋ ਕਿ ਉਹ ਤੁਹਾਡੀ ਅਜਿਹੇ ਅਸੂਲ ਲੱਭਣ ਵਿਚ ਮਦਦ ਕਰੇ ਜਿਸ ਨਾਲ ਤੁਸੀਂ ਉਸ ਮੁਸ਼ਕਲ ਨੂੰ ਸਹਿ ਸਕੋ।—ਫ਼ਿਲਿ. 4:6, 7; ਯਾਕੂ. 1:5.

2. ਕਲਪਨਾ ਕਰੋ

ਜਿਸ ਬਾਈਬਲ ਪਾਤਰ ਬਾਰੇ ਤੁਸੀਂ ਪੜ੍ਹਨ ਜਾ ਰਹੇ ਹੋ ਖ਼ੁਦ ਨੂੰ ਉਸ ਦੀ ਥਾਂ ’ਤੇ ਰੱਖੋ (ਪੈਰਾ 4 ਦੇਖੋ)

4. ਆਪਣੇ ਮਨ ਵਿਚ ਬਾਈਬਲ ਦੇ ਪਾਤਰਾਂ ਦੀ ਜੀਉਂਦੀ ਜਾਗਦੀ ਤਸਵੀਰ ਬਣਾਉਣ ਲਈ ਤੁਹਾਨੂੰ ਕੀ ਕਰਨਾ ਪਵੇਗਾ?

4 (2ਕਲਪਨਾ ਕਰੋ। ਯਹੋਵਾਹ ਨੇ ਸਾਨੂੰ ਕਲਪਨਾ ਕਰਨ ਦੀ ਅਨੋਖੀ ਕਾਬਲੀਅਤ ਦਿੱਤੀ ਹੈ। ਜਿਸ ਵਿਅਕਤੀ ਬਾਰੇ ਤੁਸੀਂ ਬਾਈਬਲ ਵਿੱਚੋਂ ਪੜ੍ਹ ਰਹੇ ਹੋ ਜੇ ਤੁਸੀਂ ਆਪਣੇ ਮਨ ਵਿਚ ਉਸ ਦੀ ਜੀਉਂਦੀ ਜਾਗਦੀ ਤਸਵੀਰ ਬਣਾਉਣੀ ਚਾਹੁੰਦੇ ਹੋ, ਤਾਂ ਕਲਪਨਾ ਕਰੋ ਕਿ ਉਹ ਕੀ ਕਰ ਰਿਹਾ ਹੈ? ਉਹ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ? ਉਹ ਕੀ ਦੇਖ ਰਿਹਾ ਹੈ? ਉਹ ਕਿਵੇਂ ਮਹਿਸੂਸ ਕਰ ਰਿਹਾ ਹੈ?

3. ਸੋਚ-ਵਿਚਾਰ ਕਰੋ

ਪੜ੍ਹੀਆਂ ਗੱਲਾਂ ਬਾਰੇ ਧਿਆਨ ਨਾਲ ਸੋਚੋ ਅਤੇ ਸਮਝੋ ਕਿ ਉਸ ਵਿਚ ਦੱਸੀ ਜਾਣਕਾਰੀ ਤੁਹਾਡੇ ’ਤੇ ਕਿਵੇਂ ਲਾਗੂ ਹੁੰਦੀ ਹੈ (ਪੈਰਾ 5 ਦੇਖੋ)

5. (ੳ) ਸੋਚ-ਵਿਚਾਰ ਕਰਨ ਦਾ ਮਤਲਬ ਹੈ? (ਅ) ਤੁਸੀਂ ਸੋਚ-ਵਿਚਾਰ ਕਿਵੇਂ ਕਰ ਸਕਦੇ ਹੋ?

5 (3ਸੋਚ-ਵਿਚਾਰ ਕਰੋ। ਸੋਚ-ਵਿਚਾਰ ਕਰਨ ਦਾ ਮਤਲਬ ਹੈ ਕਿ ਜੋ ਤੁਸੀਂ ਪੜ੍ਹ ਰਹੇ ਹੋ ਉਸ ਬਾਰੇ ਧਿਆਨ ਨਾਲ ਸੋਚਣਾ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਨਾ ਕਿ ਤੁਸੀਂ ਉਸ ਜਾਣਕਾਰੀ ਨੂੰ ਕਿਵੇਂ ਲਾਗੂ ਕਰ ਸਕਦੇ ਹੋ। ਸੋਚ-ਵਿਚਾਰ ਕਰਨ ਨਾਲ ਤੁਸੀਂ ਪਹਿਲਾਂ ਪੜ੍ਹੀ ਜਾਣਕਾਰੀ ਦੀ ਤੁਲਨਾ ਹੁਣ ਪੜ੍ਹੀ ਜਾਣਕਾਰੀ ਨਾਲ ਕਰ ਸਕਦੇ ਹੋ ਅਤੇ ਉਸ ਵਿਸ਼ੇ ਬਾਰੇ ਆਪਣੀ ਸਮਝ ਨੂੰ ਹੋਰ ਵਧਾ ਸਕਦੇ ਹੋ। ਪਰ ਜੇ ਤੁਸੀਂ ਬਾਈਬਲ ਪੜ੍ਹਨ ਤੋਂ ਬਾਅਦ ਸੋਚ-ਵਿਚਾਰ ਨਹੀਂ ਕਰਦੇ, ਤਾਂ ਇਹ ਇੱਦਾਂ ਹੋਵੇਗਾ ਜਿਵੇਂ ਤੁਸੀਂ ਕੋਈ ਸਬਜ਼ੀ ਬਣਾਉਣ ਲਈ ਸਾਰਾ ਸਾਮਾਨ ਤਾਂ ਤਿਆਰ ਕਰ ਲਿਆ ਹੈ, ਪਰ ਉਨ੍ਹਾਂ ਨੂੰ ਆਪਸ ਵਿਚ ਮਿਲਾ ਕੇ ਹਾਲੇ ਤਕ ਪਕਾਇਆ ਨਹੀਂ ਹੈ। ਜੇ ਤੁਸੀਂ ਸੋਚ-ਵਿਚਾਰ ਕਰਦੇ ਹੋ, ਤਾਂ ਇਹ ਇੱਦਾਂ ਹੋਵੇਗਾ ਜਿਵੇਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਆਪਸ ਵਿਚ ਮਿਲਾ ਕੇ ਪਕਾਉਂਦੇ ਹੋ ਅਤੇ ਫਿਰ ਸੁਆਦ ਜਿਹੀ ਸਬਜ਼ੀ ਬਣਦੀ ਹੈ। ਸੋਚ-ਵਿਚਾਰ ਕਰਨ ਲਈ ਤੁਸੀਂ ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛ ਸਕਦੇ ਹੋ: ‘ਇਸ ਬਿਰਤਾਂਤ ਦੇ ਮੁੱਖ ਪਾਤਰ ਨੇ ਆਪਣੀ ਮੁਸ਼ਕਲ ਸੁਲਝਾਉਣ ਲਈ ਕੀ ਕੀਤਾ? ਯਹੋਵਾਹ ਨੇ ਉਸ ਦੀ ਕਿਵੇਂ ਮਦਦ ਕੀਤੀ? ਮੁਸ਼ਕਲਾਂ ਝੱਲਦੇ ਵੇਲੇ ਮੈਂ ਸਿੱਖੀਆਂ ਗੱਲਾਂ ਨੂੰ ਕਿਵੇਂ ਲਾਗੂ ਕਰ ਸਕਦਾ ਹਾਂ?’

4. ਲਾਗੂ ਕਰੋ

ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਤੁਸੀਂ ਸਹੀ ਫ਼ੈਸਲੇ ਕਰ ਸਕੋਗੇ, ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ ਅਤੇ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ (ਪੈਰਾ 6 ਦੇਖੋ)

6. ਸਾਨੂੰ ਸਿੱਖੀਆਂ ਗੱਲਾਂ ਲਾਗੂ ਕਿਉਂ ਕਰਨੀਆਂ ਚਾਹੀਦੀਆਂ ਹਨ?

6 (4ਲਾਗੂ ਕਰੋ। ਯਿਸੂ ਨੇ ਕਿਹਾ ਸੀ ਕਿ ਜੇ ਅਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਨਹੀਂ ਕਰਦੇ, ਤਾਂ ਅਸੀਂ ਉਸ ਆਦਮੀ ਵਾਂਗ ਹੋਵਾਂਗੇ ਜੋ ਆਪਣਾ ਘਰ ਰੇਤ ’ਤੇ ਬਣਾਉਂਦਾ ਹੈ। ਭਾਵੇਂ ਉਹ ਘਰ ਬਣਾਉਣ ਲਈ ਬਹੁਤ ਮਿਹਨਤ ਕਰਦਾ ਹੈ, ਪਰ ਉਸ ਦੀ ਮਿਹਨਤ ਬੇਕਾਰ ਹੈ। ਕਿਉਂ? ਕਿਉਂਕਿ ਜਦੋਂ ਤੂਫ਼ਾਨ ਤੇ ਹਨੇਰੀ ਆਉਣਗੇ, ਤਾਂ ਉਸ ਦਾ ਘਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਜਾਵੇਗਾ। (ਮੱਤੀ 7:24-27) ਇਸੇ ਤਰ੍ਹਾਂ ਜੇ ਅਸੀਂ ਪ੍ਰਾਰਥਨਾ, ਕਲਪਨਾ ਅਤੇ ਸੋਚ-ਵਿਚਾਰ ਕਰਦੇ ਹਾਂ, ਪਰ ਸਿੱਖੀਆਂ ਗੱਲਾਂ ਨੂੰ ਲਾਗੂ ਨਹੀਂ ਕਰਦੇ, ਤਾਂ ਸਾਡੀ ਸਾਰੀ ਮਿਹਨਤ ਬੇਕਾਰ ਜਾਵੇਗੀ। ਨਾਲੇ ਜਦੋਂ ਅਤਿਆਚਾਰ ਅਤੇ ਅਜ਼ਮਾਇਸ਼ਾਂ ਕਰਕੇ ਸਾਡੀ ਨਿਹਚਾ ਦੀ ਪਰਖ ਹੋਵੇਗੀ, ਤਾਂ ਇਹ ਮਜ਼ਬੂਤ ਨਹੀਂ ਰਹੇਗੀ। ਦੂਜੇ ਪਾਸੇ, ਜਦੋਂ ਅਸੀਂ ਸਿੱਖੀਆਂ ਗੱਲਾਂ ਲਾਗੂ ਕਰਾਂਗੇ, ਤਾਂ ਅਸੀਂ ਸਹੀ ਫ਼ੈਸਲੇ ਲੈ ਪਾਵਾਂਗੇ, ਸਾਨੂੰ ਮਨ ਦੀ ਸ਼ਾਂਤੀ ਮਿਲੇਗੀ ਅਤੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ। (ਯਸਾ. 48:17, 18) ਆਓ ਦੇਖੀਏ ਕਿ ਅਸੀਂ ਇਨ੍ਹਾਂ ਚਾਰ ਕਦਮਾਂ ਦੀ ਮਦਦ ਨਾਲ ਦਾਊਦ ਦੀ ਜ਼ਿੰਦਗੀ ਤੋਂ ਕੀ ਸਿੱਖ ਸਕਦੇ ਹਾਂ?

ਤੁਸੀਂ ਰਾਜਾ ਦਾਊਦ ਤੋਂ ਕੀ ਸਿੱਖ ਸਕਦੇ ਹੋ?

7. ਅਸੀਂ ਬਾਈਬਲ ਵਿੱਚੋਂ ਹੁਣ ਕਿਸ ਦੇ ਬਿਰਤਾਂਤ ’ਤੇ ਗੌਰ ਕਰਾਂਗੇ?

7 ਕੀ ਤੁਹਾਡੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੇ ਤੁਹਾਡਾ ਭਰੋਸਾ ਤੋੜਿਆ ਹੈ? ਜੇ ਹਾਂ, ਤਾਂ ਰਾਜਾ ਦਾਊਦ ਦਾ ਬਿਰਤਾਂਤ ਪੜ੍ਹ ਕੇ ਤੁਹਾਨੂੰ ਫ਼ਾਇਦਾ ਹੋਵੇਗਾ। ਆਓ ਦੇਖੀਏ ਕਿ ਜਦੋਂ ਦਾਊਦ ਦੇ ਮੁੰਡੇ ਅਬਸ਼ਾਲੋਮ ਨੇ ਉਸ ਨੂੰ ਧੋਖਾ ਦਿੱਤਾ ਅਤੇ ਉਸ ਦੀ ਰਾਜ-ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ, ਤਾਂ ਦਾਊਦ ਨੇ ਕੀ ਕੀਤਾ।—2 ਸਮੂ. 15:5-14, 31; 18:6-14.

8. ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕੀ ਕਹਿ ਸਕਦੇ ਹੋ?

8 (1ਪ੍ਰਾਰਥਨਾ ਕਰੋ। ਬਾਈਬਲ ਵਿੱਚੋਂ ਇਸ ਬਿਰਤਾਂਤ ਨੂੰ ਪੜ੍ਹਨ ਤੋਂ ਪਹਿਲਾਂ ਯਹੋਵਾਹ ਨੂੰ ਸਾਫ਼-ਸਾਫ਼ ਦੱਸੋ ਕਿ ਤੁਹਾਡੇ ਨਾਲ ਹੋਏ ਬੁਰੇ ਸਲੂਕ ਬਾਰੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। (ਜ਼ਬੂ. 6:6-9) ਫਿਰ ਯਹੋਵਾਹ ਨੂੰ ਕਹੋ ਕਿ ਉਹ ਤੁਹਾਡੀ ਅਜਿਹੇ ਅਸੂਲ ਲੱਭਣ ਵਿਚ ਮਦਦ ਕਰੇ ਜਿਸ ਨਾਲ ਤੁਸੀਂ ਇਸ ਮੁਸ਼ਕਲ ਨੂੰ ਸਹਿ ਸਕੋ।

9. ਦਾਊਦ ਅਤੇ ਅਬਸ਼ਾਲੋਮ ਵਿਚਕਾਰ ਕੀ ਹੋਇਆ ਸੀ?

9 (2ਕਲਪਨਾ ਕਰੋ। ਇਸ ਬਿਰਤਾਂਤ ਦੀਆਂ ਘਟਨਾਵਾਂ ਬਾਰੇ ਸੋਚੋ। ਕਲਪਨਾ ਕਰੋ ਕਿ ਉਸ ਸਮੇਂ ਰਾਜਾ ਦਾਊਦ ਨੂੰ ਕਿਵੇਂ ਮਹਿਸੂਸ ਹੋ ਰਿਹਾ ਸੀ। ਉਸ ਦਾ ਪੁੱਤਰ ਅਬਸ਼ਾਲੋਮ ਕਈ ਸਾਲਾਂ ਤੋਂ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ। (2 ਸਮੂ. 15:7) ਜਦੋਂ ਅਬਸ਼ਾਲੋਮ ਨੂੰ ਲੱਗਦਾ ਹੈ ਕਿ ਹੁਣ ਸਹੀ ਸਮਾਂ ਆ ਗਿਆ ਹੈ, ਤਾਂ ਉਹ ਆਪਣੇ ਜਾਸੂਸ ਪੂਰੇ ਇਜ਼ਰਾਈਲ ਵਿਚ ਭੇਜਦਾ ਹੈ ਤਾਂਕਿ ਲੋਕਾਂ ਦਾ ਮਨ ਉਸ ਨੂੰ ਰਾਜਾ ਮੰਨਣ ਲਈ ਪੂਰੀ ਤਰ੍ਹਾਂ ਤਿਆਰ ਹੋ ਸਕੇ। ਇੱਥੋਂ ਤਕ ਕਿ ਅਬਸ਼ਾਲੋਮ ਦਾਊਦ ਦੇ ਦੋਸਤ ਅਤੇ ਸਭ ਤੋਂ ਭਰੋਸੇਮੰਦ ਸਲਾਹਕਾਰ ਅਹੀਥੋਫਲ ਨੂੰ ਵੀ ਆਪਣੇ ਨਾਲ ਰਲ਼ਾ ਲੈਂਦਾ ਹੈ। ਫਿਰ ਉਹ ਆਪਣੇ ਆਪ ਨੂੰ ਰਾਜਾ ਐਲਾਨ ਕਰ ਦਿੰਦਾ ਹੈ ਅਤੇ ਦਾਊਦ ਨੂੰ ਜਾਨੋਂ ਮਾਰ ਦੇਣ ਦੀ ਸਾਜ਼ਸ਼ ਘੜਦਾ ਹੈ। ਸ਼ਾਇਦ ਦਾਊਦ ਉਸ ਵੇਲੇ ਕਾਫ਼ੀ ਬੀਮਾਰ ਸੀ। (ਜ਼ਬੂ. 41:1-9) ਦਾਊਦ ਨੂੰ ਅਬਸ਼ਾਲੋਮ ਦੀ ਸਾਜ਼ਸ਼ ਬਾਰੇ ਪਤਾ ਲੱਗਦਾ ਹੈ ਅਤੇ ਉਹ ਯਰੂਸ਼ਲਮ ਤੋਂ ਭੱਜ ਜਾਂਦਾ ਹੈ। ਫਿਰ ਅਬਸ਼ਾਲੋਮ ਦੀ ਸੈਨਾ ਅਤੇ ਦਾਊਦ ਦੇ ਲੋਕਾਂ ਵਿਚਕਾਰ ਲੜਾਈ ਹੁੰਦੀ ਹੈ। ਅਬਸ਼ਾਲੋਮ ਦੀ ਸੈਨਾ ਹਾਰ ਜਾਂਦੀ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ।

10. ਜੇ ਰਾਜਾ ਦਾਊਦ ਚਾਹੁੰਦਾ, ਤਾਂ ਕੀ-ਕੀ ਕਰ ਸਕਦਾ ਸੀ?

10 ਹੁਣ ਜ਼ਰਾ ਕਲਪਨਾ ਕਰੋ ਕਿ ਜਦੋਂ ਇਹ ਸਭ ਕੁਝ ਹੋ ਰਿਹਾ ਸੀ, ਤਾਂ ਦਾਊਦ ਨੂੰ ਕਿਵੇਂ ਲੱਗਾ ਹੋਣਾ। ਉਹ ਅਬਸ਼ਾਲੋਮ ਨੂੰ ਪਿਆਰ ਕਰਦਾ ਸੀ ਅਤੇ ਅਹੀਥੋਫਲ ’ਤੇ ਭਰੋਸਾ ਕਰਦਾ ਸੀ। ਪਰ ਦੋਵਾਂ ਨੇ ਉਸ ਨੂੰ ਧੋਖਾ ਦਿੱਤਾ ਅਤੇ ਇੱਥੋਂ ਤਕ ਕਿ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਇਨ੍ਹਾਂ ਦੋਵਾਂ ਕਰਕੇ ਦਾਊਦ ਨੂੰ ਬਹੁਤ ਧੱਕਾ ਲੱਗਾ। ਦਾਊਦ ਦਾ ਆਪਣੇ ਬਾਕੀ ਦੋਸਤਾਂ ਉੱਤੋਂ ਵੀ ਭਰੋਸਾ ਉੱਠ ਸਕਦਾ ਸੀ ਅਤੇ ਉਹ ਸ਼ੱਕ ਕਰ ਸਕਦਾ ਸੀ ਕਿ ਉਹ ਵੀ ਸ਼ਾਇਦ ਅਬਸ਼ਾਲੋਮ ਨਾਲ ਜਾ ਕੇ ਰਲ਼ ਗਏ ਹੋਣ। ਜੇ ਦਾਊਦ ਚਾਹੁੰਦਾ, ਤਾਂ ਆਪਣੇ ਬਾਰੇ ਸੋਚ ਸਕਦਾ ਸੀ ਅਤੇ ਸਿਰਫ਼ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਸਕਦਾ ਸੀ। ਜਾਂ ਫਿਰ ਉਹ ਨਿਰਾਸ਼ਾ ਵਿਚ ਡੁੱਬ ਸਕਦਾ ਸੀ। ਪਰ ਉਸ ਨੇ ਇੱਦਾਂ ਦਾ ਕੁਝ ਨਹੀਂ ਕੀਤਾ। ਇਸ ਦੀ ਬਜਾਇ, ਉਹ ਆਪਣੀ ਇਸ ਮੁਸ਼ਕਲ ਅਜ਼ਮਾਇਸ਼ ਨੂੰ ਪਾਰ ਕਰ ਸਕਿਆ। ਪਰ ਉਹ ਇਹ ਸਭ ਕਿਵੇਂ ਕਰ ਸਕਿਆ?

11. ਦਾਊਦ ਨੇ ਆਪਣੀ ਮੁਸ਼ਕਲ ਅਜ਼ਮਾਇਸ਼ਾਂ ਨੂੰ ਪਾਰ ਕਰਨ ਲਈ ਕੀ ਕੀਤਾ?

11 (3ਸੋਚ-ਵਿਚਾਰ ਕਰੋ। ਤੁਸੀਂ ਇਸ ਬਿਰਤਾਂਤ ਤੋਂ ਕਿਹੜੇ ਅਸੂਲ ਸਿੱਖ ਸਕਦੇ ਹੋ? ਜ਼ਰਾ ਸੋਚੋ, ਦਾਊਦ ਨੇ ਆਪਣੀ ਮੁਸ਼ਕਲ ਅਜ਼ਮਾਇਸ਼ ਨੂੰ ਪਾਰ ਕਰਨ ਲਈ ਕੀ ਕੀਤਾ? ਉਸ ਨੇ ਘਬਰਾ ਕੇ ਜਾਂ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਹੀਂ ਲਿਆ ਅਤੇ ਨਾ ਹੀ ਉਸ ਨੇ ਡਰ ਦੇ ਮਾਰੇ ਹਾਰ ਮੰਨ ਲਈ। ਇਸ ਦੀ ਬਜਾਇ, ਉਸ ਨੇ ਯਹੋਵਾਹ ਤੋਂ ਅਤੇ ਆਪਣੇ ਦੋਸਤਾਂ ਤੋਂ ਮਦਦ ਮੰਗੀ। ਦਾਊਦ ਨੇ ਜੋ ਸੋਚਿਆ ਸੀ ਉਸ ਮੁਤਾਬਕ ਉਸ ਨੇ ਫ਼ੌਰਨ ਕਦਮ ਚੁੱਕਿਆ। ਭਾਵੇਂ ਕਿ ਉਸ ਦੇ ਦਿਲ ’ਤੇ ਬਹੁਤ ਗਹਿਰੀ ਸੱਟ ਵੱਜੀ ਸੀ, ਫਿਰ ਵੀ ਉਸ ਨੇ ਆਪਣੇ ਦਿਲ ਵਿਚ ਨਫ਼ਰਤ ਨਹੀਂ ਭਰੀ। ਉਹ ਯਹੋਵਾਹ ਅਤੇ ਆਪਣੇ ਦੋਸਤਾਂ ’ਤੇ ਭਰੋਸਾ ਕਰਦਾ ਰਿਹਾ।

12. ਯਹੋਵਾਹ ਨੇ ਦਾਊਦ ਦੀ ਮਦਦ ਕਰਨ ਲਈ ਕੀ ਕੀਤਾ?

12 ਯਹੋਵਾਹ ਨੇ ਦਾਊਦ ਦੀ ਕਿਵੇਂ ਮਦਦ ਕੀਤੀ? ਜੇ ਤੁਸੀਂ ਥੋੜ੍ਹੀ ਖੋਜਬੀਨ ਕਰੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਯਹੋਵਾਹ ਨੇ ਦਾਊਦ ਨੂੰ ਇਸ ਮੁਸ਼ਕਲ ਨੂੰ ਸਹਿਣ ਦੀ ਤਾਕਤ ਦਿੱਤੀ। (ਜ਼ਬੂ. 3:1-8; ਸਿਰਲੇਖ) ਯਹੋਵਾਹ ਨੇ ਦਾਊਦ ਦੇ ਫ਼ੈਸਲਿਆਂ ’ਤੇ ਵੀ ਅਸ਼ੀਸ਼ ਪਾਈ। ਨਾਲੇ ਜਦੋਂ ਦਾਊਦ ਦੇ ਵਫ਼ਾਦਾਰ ਦੋਸਤ ਆਪਣੇ ਰਾਜੇ ਨੂੰ ਬਚਾਉਣ ਲਈ ਅਬਸ਼ਾਲੋਮ ਨਾਲ ਲੜ ਰਹੇ ਸਨ, ਤਾਂ ਯਹੋਵਾਹ ਨੇ ਉਨ੍ਹਾਂ ਦਾ ਸਾਥ ਦਿੱਤਾ।

13. ਜੇ ਕੋਈ ਤੁਹਾਨੂੰ ਠੇਸ ਪਹੁੰਚਾਉਂਦਾ ਹੈ, ਤਾਂ ਤੁਸੀਂ ਦਾਊਦ ਦੀ ਰੀਸ ਕਿਵੇਂ ਕਰ ਸਕਦੇ ਹੋ? (ਮੱਤੀ 18:15-17)

13 (4ਲਾਗੂ ਕਰੋ। ਆਪਣੇ ਆਪ ਤੋਂ ਪੁੱਛੋ: ਮੈਂ ਦਾਊਦ ਦੀ ਰੀਸ ਕਿਵੇਂ ਕਰ ਸਕਦਾ ਹਾਂ? ਮਸਲੇ ਨੂੰ ਸੁਲਝਾਉਣ ਲਈ ਫ਼ੌਰਨ ਕਦਮ ਚੁੱਕੋ। ਲੋੜ ਪੈਣ ’ਤੇ ਮੱਤੀ 18 ਵਿਚ ਦਿੱਤੀ ਯਿਸੂ ਦੀ ਸਲਾਹ ਨੂੰ ਮੰਨੋ। (ਮੱਤੀ 18:15-17 ਪੜ੍ਹੋ।) ਪਰ ਜਲਦਬਾਜ਼ੀ ਵਿਚ ਕੋਈ ਕਦਮ ਨਾ ਚੁੱਕੋ। ਖ਼ਾਸ ਕਰਕੇ ਜਦੋਂ ਤੁਹਾਨੂੰ ਗੁੱਸਾ ਚੜ੍ਹਿਆ ਹੋਵੇ। ਠੰਢੇ ਦਿਮਾਗ਼ ਨਾਲ ਅਤੇ ਸਮਝਦਾਰੀ ਨਾਲ ਫ਼ੈਸਲਾ ਲੈਣ ਲਈ ਯਹੋਵਾਹ ਤੋਂ ਮਦਦ ਮੰਗੋ। ਆਪਣੇ ਦੋਸਤਾਂ ’ਤੇ ਭਰੋਸਾ ਕਰਦੇ ਰਹੋ ਅਤੇ ਉਨ੍ਹਾਂ ਦੀ ਮਦਦ ਲਓ। (ਕਹਾ. 17:17) ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਬਾਈਬਲ ਵਿਚ ਦਿੱਤੀ ਯਹੋਵਾਹ ਦੀ ਸਲਾਹ ਮੁਤਾਬਕ ਚੱਲੋ।—ਕਹਾ. 3:5, 6.

ਤੁਸੀਂ ਪੌਲੁਸ ਤੋਂ ਕੀ ਸਿੱਖ ਸਕਦੇ ਹੋ?

14. ਕਿਨ੍ਹਾਂ ਹਾਲਾਤਾਂ ਵਿਚ ਤੁਹਾਨੂੰ ਦੂਜਾ ਤਿਮੋਥਿਉਸ 1:12-16; 4:6-11, 17-22 ਪੜ੍ਹ ਕੇ ਹੌਸਲਾ ਮਿਲ ਸਕਦਾ ਹੈ?

14 ਕੀ ਤੁਹਾਡੇ ਪਰਿਵਾਰ ਵਾਲੇ ਤੁਹਾਡਾ ਵਿਰੋਧ ਕਰ ਰਹੇ ਹਨ? ਜਾਂ ਕੀ ਤੁਸੀਂ ਅਜਿਹੇ ਦੇਸ਼ ਵਿਚ ਰਹਿ ਰਹੇ ਹੋ ਜਿੱਥੇ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੈ ਜਾਂ ਪੂਰੀ ਤਰ੍ਹਾਂ ਬੰਦ ਹੈ? ਜੇ ਹਾਂ, ਤਾਂ ਪੌਲੁਸ ਨੇ ਦੂਜਾ ਤਿਮੋਥਿਉਸ 1:12-16 ਅਤੇ 4:6-11, 17-22 ਵਿਚ ਜੋ ਗੱਲਾਂ ਲਿਖੀਆਂ, ਉਨ੍ਹਾਂ ਨੂੰ ਪੜ੍ਹ ਕੇ ਤੁਹਾਡਾ ਹੌਸਲਾ ਵਧ ਸਕਦਾ ਹੈ। * ਪੌਲੁਸ ਨੇ ਇਹ ਆਇਤਾਂ ਉਦੋਂ ਲਿਖੀਆਂ ਸਨ ਜਦੋਂ ਉਹ ਜੇਲ੍ਹ ਵਿਚ ਸੀ।

15. ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕੀ ਕਹਿ ਸਕਦੇ ਹੋ?

15 (1ਪ੍ਰਾਰਥਨਾ ਕਰੋ। ਪਿਛਲੇ ਪੈਰੇ ਵਿਚ ਦੱਸੀਆਂ ਆਇਤਾਂ ਪੜ੍ਹਨ ਤੋਂ ਪਹਿਲਾਂ ਯਹੋਵਾਹ ਨੂੰ ਸਾਫ਼-ਸਾਫ਼ ਦੱਸੋ ਕਿ ਤੁਹਾਨੂੰ ਕਿਹੜੀ ਮੁਸ਼ਕਲ ਆ ਰਹੀ ਹੈ ਅਤੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ? ਫਿਰ ਯਹੋਵਾਹ ਤੋਂ ਮਦਦ ਮੰਗੋ ਕਿ ਉਹ ਤੁਹਾਡੀ ਪੌਲੁਸ ਦੇ ਬਿਰਤਾਂਤ ਤੋਂ ਅਜਿਹੇ ਅਸੂਲ ਲੱਭਣ ਵਿਚ ਮਦਦ ਕਰੇ ਜਿਸ ਨਾਲ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕੀ ਕਰਨਾ ਹੈ?

16. ਪੌਲੁਸ ਨਾਲ ਕੀ-ਕੀ ਹੋਇਆ ਸੀ?

16 (2ਕਲਪਨਾ ਕਰੋ। ਜ਼ਰਾ ਪੌਲੁਸ ਦੇ ਹਾਲਾਤਾਂ ਬਾਰੇ ਕਲਪਨਾ ਕਰੋ। ਉਹ ਰੋਮ ਦੀ ਇਕ ਜੇਲ੍ਹ ਵਿਚ ਕੈਦ ਹੈ। ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹਿਆ ਗਿਆ ਹੈ। ਉਹ ਪਹਿਲਾਂ ਵੀ ਕੈਦ ਵਿਚ ਰਹਿ ਚੁੱਕਾ ਹੈ। ਪਰ ਇਸ ਵਾਰ ਉਹ ਜਾਣਦਾ ਹੈ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਉਸ ਦੇ ਕੁਝ ਸਾਥੀ ਉਸ ਨੂੰ ਛੱਡ ਕੇ ਚੱਲੇ ਗਏ ਹਨ ਅਤੇ ਉਹ ਪੂਰੀ ਤਰ੍ਹਾਂ ਥੱਕ ਚੁੱਕਾ ਹੈ।—2 ਤਿਮੋ. 1:15.

17. ਜੇ ਪੌਲੁਸ ਚਾਹੁੰਦਾ, ਤਾਂ ਕੀ-ਕੀ ਕਰ ਸਕਦਾ ਸੀ?

17 ਪੌਲੁਸ ਚਾਹੁੰਦਾ ਤਾਂ ਸੋਚ ਸਕਦਾ ਸੀ, ‘ਜੇ ਮੈਂ ਮਸੀਹੀ ਨਾ ਬਣਿਆ ਹੁੰਦਾ, ਤਾਂ ਮੇਰੇ ਨਾਲ ਇਹ ਸਭ ਨਹੀਂ ਹੋਣਾ ਸੀ। ਮੈਨੂੰ ਜੇਲ੍ਹ ਨਹੀਂ ਹੋਣੀ ਸੀ।’ ਏਸ਼ੀਆ ਦੇ ਜਿਨ੍ਹਾਂ ਭਰਾਵਾਂ ਨੇ ਉਸ ਦਾ ਸਾਥ ਛੱਡ ਦਿੱਤਾ ਸੀ ਉਹ ਉਨ੍ਹਾਂ ਲਈ ਆਪਣੇ ਦਿਲ ਵਿਚ ਨਫ਼ਰਤ ਭਰ ਸਕਦਾ ਸੀ। ਨਾਲੇ ਆਪਣੇ ਦੂਸਰੇ ਦੋਸਤਾਂ ਤੋਂ ਵੀ ਉਸ ਦਾ ਭਰੋਸਾ ਉੱਠ ਸਕਦਾ ਸੀ। ਪਰ ਪੌਲੁਸ ਨੇ ਇੱਦਾਂ ਦਾ ਕੁਝ ਨਹੀਂ ਕੀਤਾ। ਪੌਲੁਸ ਨੂੰ ਇੰਨਾ ਭਰੋਸਾ ਕਿਉਂ ਸੀ ਕਿ ਉਸ ਦੇ ਦੋਸਤ ਵਫ਼ਾਦਾਰ ਰਹਿਣਗੇ ਅਤੇ ਯਹੋਵਾਹ ਉਸ ਨੂੰ ਇਨਾਮ ਜ਼ਰੂਰ ਦੇਵੇਗਾ?

18. ਪੌਲੁਸ ਨੇ ਆਪਣੀ ਮੁਸ਼ਕਲ ਅਜ਼ਮਾਇਸ਼ ਨੂੰ ਪਾਰ ਕਰਨ ਲਈ ਕੀ ਕੀਤਾ?

18 (3ਸੋਚ-ਵਿਚਾਰ ਕਰੋ। ਜ਼ਰਾ ਸੋਚੋ, “ਪੌਲੁਸ ਨੇ ਆਪਣੀ ਮੁਸ਼ਕਲ ਅਜ਼ਮਾਇਸ਼ ਨੂੰ ਪਾਰ ਕਰਨ ਲਈ ਕੀ ਕੀਤਾ?” ਭਾਵੇਂ ਪੌਲੁਸ ’ਤੇ ਮੌਤ ਦਾ ਸਾਇਆ ਮੰਡਲਾ ਰਿਹਾ ਸੀ, ਫਿਰ ਵੀ ਉਸ ਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਸੀ ਕਿ ਉਹ ਯਹੋਵਾਹ ਦੀ ਮਹਿਮਾ ਕਿਵੇਂ ਕਰ ਸਕਦਾ ਹੈ? ਆਪਣੇ ਬਾਰੇ ਸੋਚਣ ਦੀ ਬਜਾਇ ਉਸ ਨੇ ਦੂਸਰਿਆਂ ਬਾਰੇ ਸੋਚਿਆ ਕਿ ਉਹ ਉਨ੍ਹਾਂ ਦਾ ਹੌਸਲਾ ਕਿਵੇਂ ਵਧਾ ਸਕਦਾ ਹੈ? ਯਹੋਵਾਹ ’ਤੇ ਭਰੋਸਾ ਰੱਖਣ ਲਈ ਉਸ ਨੇ ਲਗਾਤਾਰ ਪ੍ਰਾਰਥਨਾ ਕੀਤੀ। (2 ਤਿਮੋ. 1:3) ਜਿਹੜੇ ਲੋਕ ਪੌਲੁਸ ਨੂੰ ਛੱਡ ਕੇ ਚਲੇ ਗਏ ਸਨ ਉਨ੍ਹਾਂ ਬਾਰੇ ਸੋਚ-ਸੋਚ ਕੇ ਉਹ ਦੁਖੀ ਨਹੀਂ ਹੋਇਆ। ਇਸ ਦੀ ਬਜਾਇ, ਉਹ ਉਨ੍ਹਾਂ ਲੋਕਾਂ ਦਾ ਦਿਲੋਂ ਸ਼ੁਕਰਗੁਜ਼ਾਰ ਸੀ, ਜਿਨ੍ਹਾਂ ਨੇ ਉਸ ਦਾ ਔਖੀ ਘੜੀ ਵਿਚ ਸਾਥ ਦਿੱਤਾ ਸੀ। ਇਸ ਤੋਂ ਇਲਾਵਾ, ਉਹ ਧਰਮ-ਗ੍ਰੰਥ ਦਾ ਅਧਿਐਨ ਵੀ ਕਰਦਾ ਰਿਹਾ। (2 ਤਿਮੋ. 3:16, 17; 4:13) ਸਭ ਤੋਂ ਵੱਡੀ ਗੱਲ ਹੈ ਕਿ ਪੌਲੁਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਅਤੇ ਯਿਸੂ ਉਸ ਨੂੰ ਪਿਆਰ ਕਰਦੇ ਹਨ। ਉਨ੍ਹਾਂ ਨੇ ਪੌਲੁਸ ਨੂੰ ਨਹੀਂ ਛੱਡਿਆ ਸੀ। ਨਾਲੇ ਪੌਲੁਸ ਨੂੰ ਪੂਰਾ ਭਰੋਸਾ ਸੀ ਕਿ ਉਹ ਉਸ ਨੂੰ ਉਸ ਦੀ ਵਫ਼ਾਦਾਰੀ ਦਾ ਇਨਾਮ ਜ਼ਰੂਰ ਦੇਣਗੇ।

19. ਯਹੋਵਾਹ ਨੇ ਪੌਲੁਸ ਦੀ ਕਿਵੇਂ ਮਦਦ ਕੀਤੀ?

19 ਯਹੋਵਾਹ ਨੇ ਪੌਲੁਸ ਨੂੰ ਪਹਿਲਾਂ ਹੀ ਦੱਸਿਆ ਸੀ ਕਿ ਮਸੀਹੀ ਬਣਨ ਕਰਕੇ ਉਸ ਨੂੰ ਅਤਿਆਚਾਰ ਸਹਿਣੇ ਪੈਣਗੇ। (ਰਸੂ. 21:11-13) ਯਹੋਵਾਹ ਨੇ ਪੌਲੁਸ ਦੀ ਕਿਵੇਂ ਮਦਦ ਕੀਤੀ? ਉਸ ਨੇ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਅਤੇ ਸਮੇਂ ਦੇ ਬੀਤਣ ਨਾਲ ਉਸ ਨੂੰ ਤਾਕਤ ਵੀ ਬਖ਼ਸ਼ੀ। (2 ਤਿਮੋ. 4:17) ਯਹੋਵਾਹ ਨੇ ਪੌਲੁਸ ਨੂੰ ਭਰੋਸਾ ਦਿਵਾਇਆ ਕਿ ਜਿਸ ਇਨਾਮ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਸੀ ਉਹ ਉਸ ਨੂੰ ਜ਼ਰੂਰ ਮਿਲੇਗਾ। ਯਹੋਵਾਹ ਨੇ ਪੌਲੁਸ ਦੇ ਵਫ਼ਾਦਾਰ ਦੋਸਤਾਂ ਨੂੰ ਵੀ ਪ੍ਰੇਰਿਆ ਕਿ ਉਹ ਉਸ ਦੀ ਮਦਦ ਕਰਨ।

20. ਰੋਮੀਆਂ 8:38, 39 ਮੁਤਾਬਕ ਅਸੀਂ ਪੌਲੁਸ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਾਂ?

20 (4ਲਾਗੂ ਕਰੋ। ਆਪਣੇ ਆਪ ਤੋਂ ਪੁੱਛੋ: ਮੈਂ ਪੌਲੁਸ ਦੀ ਰੀਸ ਕਿਵੇਂ ਕਰ ਸਕਦਾ ਹਾਂ? ਜਿਵੇਂ ਪੌਲੁਸ ਨੂੰ ਅਤਿਆਚਾਰ ਸਹਿਣੇ ਪਏ, ਉਸੇ ਤਰ੍ਹਾਂ ਸਾਨੂੰ ਵੀ ਸਾਡੀ ਨਿਹਚਾ ਕਰਕੇ ਅਤਿਆਚਾਰ ਸਹਿਣੇ ਪੈਣਗੇ। (ਮਰ. 10:29, 30) ਅਜ਼ਮਾਇਸ਼ ਦੌਰਾਨ ਆਪਣੀ ਵਫ਼ਾਦਾਰੀ ਬਣਾਈ ਰੱਖਣ ਲਈ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹਿਣ ਅਤੇ ਬਾਕਾਇਦਾ ਬਾਈਬਲ ਦਾ ਅਧਿਐਨ ਕਰਨ ਦੀ ਲੋੜ ਹੈ। ਨਾਲੇ ਸਾਨੂੰ ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਲਈ ਯਹੋਵਾਹ ਦੀ ਮਹਿਮਾ ਕਰਨੀ ਸਭ ਤੋਂ ਜ਼ਰੂਰੀ ਹੈ। ਇਸ ਗੱਲ ਦਾ ਯਕੀਨ ਰੱਖੋ ਕਿ ਯਹੋਵਾਹ ਸਾਨੂੰ ਇਕੱਲਾ ਕਦੇ ਨਹੀਂ ਛੱਡੇਗਾ ਅਤੇ ਕੋਈ ਵੀ ਚੀਜ਼ ਉਸ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਨਹੀਂ ਸਕਦੀ।—ਰੋਮੀਆਂ 8:38, 39 ਪੜ੍ਹੋ; ਇਬ. 13:5, 6.

ਬਾਈਬਲ ਦੇ ਹੋਰ ਪਾਤਰਾਂ ਤੋਂ ਸਿੱਖੋ

21. ਅਯੋਕੋ ਅਤੇ ਹੈਕਟਰ ਆਪਣੀਆਂ ਮੁਸ਼ਕਲਾਂ ਨੂੰ ਪਾਰ ਕਿਵੇਂ ਕਰ ਪਾਏ?

21 ਭਾਵੇਂ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਫਿਰ ਵੀ ਬਾਈਬਲ ਦੇ ਪਾਤਰਾਂ ਬਾਰੇ ਪੜ੍ਹ ਕੇ ਸਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਮਿਲ ਸਕਦੀ ਹੈ। ਮਿਸਾਲ ਲਈ, ਜਪਾਨ ਦੀ ਅਯੋਕੋ * ਨਾਂ ਦੀ ਪਾਇਨੀਅਰ ਭੈਣ ਨੂੰ ਜਨਤਕ ਥਾਵਾਂ ’ਤੇ ਗਵਾਹੀ ਦੇਣ ਤੋਂ ਡਰ ਲੱਗਦਾ ਸੀ। ਪਰ ਬਾਈਬਲ ਵਿੱਚੋਂ ਯੂਨਾਹ ਬਾਰੇ ਪੜ੍ਹ ਕੇ ਉਹ ਆਪਣਾ ਡਰ ਦੂਰ ਕਰ ਪਾਈ। ਇੰਡੋਨੇਸ਼ੀਆ ਤੋਂ ਹੈਕਟਰ ਨਾਂ ਦੇ ਇਕ ਜਵਾਨ ਭਰਾ ਵੱਲ ਗੌਰ ਕਰੋ। ਉਸ ਦੇ ਮਾਤਾ-ਪਿਤਾ ਸੱਚਾਈ ਵਿਚ ਨਹੀਂ ਹਨ। ਪਰ ਬਾਈਬਲ ਵਿਚ ਰੂਥ ਬਾਰੇ ਪੜ੍ਹ ਕੇ ਉਸ ਨੇ ਯਹੋਵਾਹ ਬਾਰੇ ਸਿੱਖਿਆ ਅਤੇ ਉਸ ਦੀ ਸੇਵਾ ਕਰਨੀ ਸ਼ੁਰੂ ਕੀਤੀ।

22. ਬਾਈਬਲ ਡਰਾਮਿਆਂ ਅਤੇ “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ਲੜੀਵਾਰ ਲੇਖਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈਣ ਲਈ ਤੁਸੀਂ ਕੀ ਕਰ ਸਕਦੇ ਹੋ?

22 ਬਾਈਬਲ ਦੇ ਪਾਤਰਾਂ ਬਾਰੇ ਪੜ੍ਹ ਕੇ ਸਾਨੂੰ ਤਾਕਤ ਮਿਲਦੀ ਹੈ। ਪਰ ਅਸੀਂ ਇਨ੍ਹਾਂ ਬਾਰੇ ਜਾਣਕਾਰੀ ਕਿੱਥੋਂ ਲੈ ਸਕਦੇ ਹਾਂ? ਸਾਡੇ ਵੀਡੀਓ, ਆਡੀਓ ਡਰਾਮੇ ਅਤੇ “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ਲੜੀਵਾਰ ਲੇਖਾਂ ਤੋਂ ਸਾਨੂੰ ਇਨ੍ਹਾਂ ਬਾਰੇ ਜਾਣਕਾਰੀ ਮਿਲ ਸਕਦੀ ਹੈ। * ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਪੜ੍ਹਨ ਤੋਂ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਉਸ ਨੂੰ ਸਾਫ਼-ਸਾਫ਼ ਦੱਸੋ ਕਿ ਤੁਹਾਨੂੰ ਕਿਹੜੀ ਗੱਲ ਵਿਚ ਮਦਦ ਚਾਹੀਦੀ ਹੈ। ਉਸ ਪਾਤਰ ਦੀ ਕਲਪਨਾ ਕਰੋ ਕਿ ਉਹ ਕਿਨ੍ਹਾਂ ਹਾਲਾਤਾਂ ਵਿਚ ਹੈ, ਉਹ ਕੀ ਸੋਚ ਰਿਹਾ ਹੈ ਅਤੇ ਕਿਵੇਂ ਮਹਿਸੂਸ ਕਰ ਰਿਹਾ ਹੈ? ਯਹੋਵਾਹ ਦੇ ਇਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਸੋਚ-ਵਿਚਾਰ ਕਰੋ ਕਿ ਉਨ੍ਹਾਂ ਨੇ ਆਪਣੀ ਮੁਸ਼ਕਲ ਨੂੰ ਪਾਰ ਕਰਨ ਲਈ ਕੀ ਕੀਤਾ ਅਤੇ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ? ਫਿਰ ਸਿੱਖੀਆਂ ਗੱਲਾਂ ਮੁਤਾਬਕ ਚੱਲੋ। ਯਹੋਵਾਹ ਨੇ ਹੁਣ ਤਕ ਤੁਹਾਡੀ ਜੋ ਮਦਦ ਕੀਤੀ ਹੈ ਉਸ ਲਈ ਉਸ ਦਾ ਧੰਨਵਾਦ ਕਰੋ। ਨਾਲੇ ਇਸ ਮਦਦ ਲਈ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਦੂਸਰਿਆਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਦੀ ਮਦਦ ਕਰਨ ਦੇ ਮੌਕੇ ਭਾਲੋ।

23. ਯਸਾਯਾਹ 41:10, 13 ਵਿਚ ਯਹੋਵਾਹ ਸਾਡੇ ਨਾਲ ਕੀ ਵਾਅਦਾ ਕਰਦਾ ਹੈ?

23 ਸ਼ੈਤਾਨ ਦੀ ਦੁਨੀਆਂ ਵਿਚ ਜ਼ਿੰਦਗੀ ਜੀਉਣੀ ਆਸਾਨ ਨਹੀਂ ਹੈ। ਕਦੇ-ਕਦੇ ਸਾਨੂੰ ਸਮਝ ਨਹੀਂ ਆਉਂਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। (2 ਤਿਮੋ. 3:1) ਪਰ ਸਾਨੂੰ ਫ਼ਿਕਰ ਕਰਨ ਜਾਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਡੇ ’ਤੇ ਕੀ ਬੀਤ ਰਹੀ ਹੈ। ਉਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਮੁਸ਼ਕਲ ਘੜੀ ਵਿਚ ਉਹ ਆਪਣੇ ਸੱਜੇ ਹੱਥ ਨਾਲ ਸਾਨੂੰ ਸੰਭਾਲੇਗਾ। (ਯਸਾਯਾਹ 41:10, 13 ਪੜ੍ਹੋ।) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰੇਗਾ ਅਤੇ ਬਾਈਬਲ ਦੇ ਜ਼ਰੀਏ ਸਾਨੂੰ ਤਾਕਤ ਦੇਵੇਗਾ ਤਾਂਕਿ ਅਸੀਂ ਆਪਣੀਆਂ ਮੁਸ਼ਕਲਾਂ ਨੂੰ ਪਾਰ ਕਰ ਸਕੀਏ।

ਗੀਤ 48 ਰੋਜ਼ ਯਹੋਵਾਹ ਦੇ ਅੰਗ-ਸੰਗ ਚੱਲੋ

^ ਪੈਰਾ 5 ਬਾਈਬਲ ਵਿਚ ਦਰਜ ਬਹੁਤ ਸਾਰੇ ਬਿਰਤਾਂਤਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਪਿਆਰ ਕਰਦਾ ਹੈ ਅਤੇ ਹਰ ਮੁਸ਼ਕਲ ਸਹਿਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਇਸ ਲੇਖ ਵਿਚ ਅਸੀਂ ਨਿੱਜੀ ਅਧਿਐਨ ਕਰਨ ਦਾ ਇਕ ਤਰੀਕਾ ਦੇਖਾਂਗੇ ਤਾਂਕਿ ਬਾਈਬਲ ਵਿਚ ਅਸੀਂ ਜੋ ਪੜ੍ਹ ਰਹੇ ਹਾਂ ਉਸ ਤੋਂ ਸਾਨੂੰ ਹੋਰ ਜ਼ਿਆਦਾ ਫ਼ਾਇਦਾ ਹੋਵੇ।

^ ਪੈਰਾ 2 ਇਸ ਲੇਖ ਵਿਚ ਅਧਿਐਨ ਕਰਨ ਦਾ ਇਕ ਤਰੀਕਾ ਦੱਸਿਆ ਗਿਆ ਹੈ। ਅਧਿਐਨ ਕਰਨ ਦੇ ਹੋਰ ਤਰੀਕੇ ਜਾਣਨ ਲਈ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ “ਬਾਈਬਲ” ਵਿਸ਼ੇ ਹੇਠ “ਬਾਈਬਲ ਪੜ੍ਹਨੀ ਤੇ ਸਮਝਣੀ” ਉਪ-ਸਿਰਲੇਖ ਹੇਠਾਂ ਦੇਖੋ।

^ ਪੈਰਾ 14 ਇਨ੍ਹਾਂ ਆਇਤਾਂ ਨੂੰ ਮੰਡਲੀ ਵਿਚ ਪਹਿਰਾਬੁਰਜ ਅਧਿਐਨ ਦੌਰਾਨ ਨਾ ਪੜ੍ਹੋ।

^ ਪੈਰਾ 21 ਕੁਝ ਨਾਂ ਬਦਲੇ ਗਏ ਹਨ।

^ ਪੈਰਾ 22 jw.org/pa ’ਤੇ “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ—ਬਾਈਬਲ ਦੇ ਪਾਤਰ” ਦੇਖੋ। (“ਬਾਈਬਲ ਦੀਆਂ ਸਿੱਖਿਆਵਾਂ” > “ਰੱਬ ’ਤੇ ਨਿਹਚਾ” ਹੇਠਾਂ ਦੇਖੋ।)