Skip to content

Skip to table of contents

ਕੀ ਤੁਹਾਨੂੰ ਪਤਾ ਕਿੰਨਾ ਟਾਈਮ ਹੋਇਆ?

ਕੀ ਤੁਹਾਨੂੰ ਪਤਾ ਕਿੰਨਾ ਟਾਈਮ ਹੋਇਆ?

ਜਦੋਂ ਤੁਸੀਂ ਟਾਈਮ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰਦੇ ਹੋ? ਤੁਸੀਂ ਆਪਣੇ ਗੁੱਟ ’ਤੇ ਬੰਨ੍ਹੀ ਜਾਂ ਦੀਵਾਰ ’ਤੇ ਲੱਗੀ ਘੜੀ ਵੱਲ ਦੇਖਦੇ ਹੋ। ਤੁਸੀਂ ਸ਼ਾਇਦ ਦੇਖੋ ਕਿ ਦੁਪਹਿਰ ਦੇ ਇਕ ਵੱਜ ਕੇ 30 ਮਿੰਟ ਹੋਏ ਹਨ। ਜੇ ਤੁਹਾਡਾ ਦੋਸਤ ਪੁੱਛਦਾ ਹੈ ਕਿ “ਟਾਈਮ ਕੀ ਹੋਇਆ,” ਤਾਂ ਤੁਸੀਂ ਕੀ ਜਵਾਬ ਦਿਓਗੇ?

ਤੁਹਾਡਾ ਜਵਾਬ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ। ਮਿਸਾਲ ਲਈ, ਤੁਸੀਂ ਸ਼ਾਇਦ ਕਹੋ, “1:30” ਜਾਂ “ਡੇਢ ਵੱਜਾ।” ਕੁਝ ਥਾਵਾਂ ’ਤੇ ਕਿਹਾ ਜਾਂਦਾ ਹੈ, “13:30.”

ਬਾਈਬਲ ਦੇ ਜ਼ਮਾਨੇ ਵਿਚ ਲੋਕ ਟਾਈਮ ਕਿੱਦਾਂ ਦੱਸਦੇ ਸਨ? ਉਹ ਵੀ ਅਲੱਗ-ਅਲੱਗ ਤਰੀਕਿਆਂ ਨਾਲ ਟਾਈਮ ਦੱਸਦੇ ਸਨ। ਬਾਈਬਲ ਦੀਆਂ ਇਬਰਾਨੀ ਲਿਖਤਾਂ ਵਿਚ ‘ਸਵੇਰ,’ “ਦੁਪਹਿਰ” ਅਤੇ “ਸ਼ਾਮ” ਦਾ ਜ਼ਿਕਰ ਕੀਤਾ ਗਿਆ ਹੈ। (ਉਤ. 8:11; 19:27; 43:16; ਬਿਵ. 28:29; 1 ਰਾਜ. 18:26) ਪਰ ਬਾਈਬਲ ਵਿਚ ਕਈ ਵਾਰ ਇਹੀ ਵੀ ਦੱਸਿਆ ਗਿਆ ਹੈ ਕਿ ਸਵੇਰ, ਦੁਪਹਿਰ ਅਤੇ ਸ਼ਾਮ ਦਾ ਕਿਹੜਾ ਸਮਾਂ ਸੀ।

ਇਜ਼ਰਾਈਲੀਆਂ ਨੇ ਰਾਤ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੋਇਆ ਸੀ ਜਿਨ੍ਹਾਂ ਨੂੰ ‘ਪਹਿਰ’ ਕਿਹਾ ਜਾਂਦਾ ਸੀ। (ਜ਼ਬੂ. 63:6) ਯਿਸੂ ਦੇ ਦਿਨਾਂ ਵਿਚ, ਯਹੂਦੀਆਂ ਨੇ ਯੂਨਾਨੀਆਂ ਅਤੇ ਰੋਮੀਆਂ ਵਾਂਗ ਰਾਤ ਨੂੰ ਚਾਰ ਪਹਿਰਾਂ ਵਿਚ ਵੰਡ ਲਿਆ।

ਇੰਜੀਲਾਂ ਵਿਚ ਕਈ ਵਾਰ ਰਾਤ ਦੇ ਪਹਿਰਾਂ ਦਾ ਜ਼ਿਕਰ ਕੀਤਾ ਗਿਆ ਹੈ। ਮਿਸਾਲ ਲਈ, “ਰਾਤ ਦੇ ਚੌਥੇ ਪਹਿਰ” ਯਿਸੂ ਪਾਣੀ ਉੱਤੇ ਤੁਰ ਕੇ ਕਿਸ਼ਤੀ ਵਿਚ ਬੈਠੇ ਆਪਣੇ ਚੇਲਿਆਂ ਵੱਲ ਆਇਆ। (ਮੱਤੀ 14:25) ਇਕ ਮਿਸਾਲ ਵਿਚ ਯਿਸੂ ਨੇ ਕਿਹਾ: “ਖ਼ੁਸ਼ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਰਾਤ ਦੇ ਦੂਸਰੇ ਪਹਿਰ ਜਾਂ ਤੀਸਰੇ ਪਹਿਰ ਵੀ ਆ ਕੇ ਉਨ੍ਹਾਂ ਨੂੰ ਜਾਗਦੇ ਹੋਏ ਪਾਵੇ!”​—ਲੂਕਾ 12:38.

ਯਿਸੂ ਨੇ ਚਾਰੇ ਪਹਿਰਾਂ ਦਾ ਜ਼ਿਕਰ ਕੀਤਾ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਸ ਲਈ ਖ਼ਬਰਦਾਰ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਘਰ ਦਾ ਮਾਲਕ ਕਦੋਂ ਵਾਪਸ ਆਵੇਗਾ, ਸ਼ਾਮ ਨੂੰ ਜਾਂ ਅੱਧੀ ਰਾਤ ਨੂੰ ਜਾਂ ਕੁੱਕੜ ਦੇ ਬਾਂਗ ਦੇਣ ਵੇਲੇ ਜਾਂ ਤੜਕੇ।” (ਮਰ. 13:35; ਫੁਟਨੋਟ) ਇਨ੍ਹਾਂ ਵਿਚ ਪਹਿਲਾ ਪਹਿਰ, “ਸ਼ਾਮ ਨੂੰ” ਜੋ ਸੂਰਜ ਡੁੱਬਣ ਤੋਂ ਲੈ ਕੇ ਲਗਭਗ ਸ਼ਾਮ 9 ਵਜੇ ਤਕ ਹੁੰਦਾ ਸੀ। ਦੂਜਾ ਪਹਿਰ, “ਅੱਧੀ ਰਾਤ” ਜੋ ਲਗਭਗ ਸ਼ਾਮ ਦੇ 9 ਵਜੇ ਤੋਂ ਲੈ ਕੇ ਅੱਧੀ ਰਾਤ ਤਕ ਹੁੰਦਾ ਸੀ। ਤੀਜਾ ਪਹਿਰ, “ਕੁੱਕੜ ਦੇ ਬਾਂਗ ਦੇਣ ਵੇਲੇ” ਜੋ ਅੱਧੀ ਰਾਤ ਤੋਂ ਲੈ ਕੇ ਸਵੇਰ ਦੇ ਲਗਭਗ ਤਿੰਨ ਵਜੇ ਤਕ ਹੁੰਦਾ ਸੀ। ਜਿਸ ਰਾਤ ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ ਸੀ, ਸ਼ਾਇਦ ਇਸੇ ਪਹਿਰ ਦੌਰਾਨ ਕੁੱਕੜ ਨੇ ਬਾਂਗ ਦਿੱਤੀ ਸੀ। (ਮਰ. 14:72) ਚੌਥਾ ਪਹਿਰ “ਤੜਕੇ” ਜੋ ਸਵੇਰ ਦੇ ਤਿੰਨ ਕੁ ਵਜੇ ਤੋਂ ਲੈ ਕੇ ਸੂਰਜ ਚੜ੍ਹਨ ਤਕ ਹੁੰਦਾ ਸੀ।

ਇਸ ਲਈ ਭਾਵੇਂ ਪੁਰਾਣੇ ਜ਼ਮਾਨੇ ਦੇ ਲੋਕਾਂ ਕੋਲ ਅੱਜ ਵਰਗੀਆਂ ਘੜੀਆਂ ਨਹੀਂ ਸਨ, ਪਰ ਫਿਰ ਵੀ ਉਨ੍ਹਾਂ ਕੋਲ ਟਾਈਮ ਦੱਸਣ ਦਾ ਇਕ ਤਰੀਕਾ ਸੀ।