Skip to content

Skip to table of contents

ਸਰਬਸ਼ਕਤੀਮਾਨ ਹੋਣ ਦੇ ਬਾਵਜੂਦ ਪਰਵਾਹ ਕਰਨ ਵਾਲਾ

ਸਰਬਸ਼ਕਤੀਮਾਨ ਹੋਣ ਦੇ ਬਾਵਜੂਦ ਪਰਵਾਹ ਕਰਨ ਵਾਲਾ

“[ਯਹੋਵਾਹ] ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!”​—ਜ਼ਬੂ. 103:14.

ਗੀਤ: 51, 9

1, 2. (ੳ) ਤਾਕਤਵਰ ਲੋਕਾਂ ਤੋਂ ਉਲਟ, ਯਹੋਵਾਹ ਆਪਣੇ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ? (ਅ) ਇਸ ਲੇਖ ਵਿਚ ਅਸੀਂ ਕਿਹੜੀਆਂ ਗੱਲਾਂ ’ਤੇ ਚਰਚਾ ਕਰਾਂਗੇ?

ਤਾਕਤਵਰ ਲੋਕ ਅਕਸਰ ਦੂਜਿਆਂ ’ਤੇ “ਹੁਕਮ ਚਲਾਉਂਦੇ ਹਨ,” ਇੱਥੋਂ ਤਕ ਕਿ ਉਨ੍ਹਾਂ ਨੂੰ ਦਬਾ ਕੇ ਰੱਖਦੇ ਹਨ। (ਮੱਤੀ 20:25; ਉਪ. 8:9) ਯਹੋਵਾਹ ਕਦੀ ਵੀ ਇੱਦਾਂ ਨਹੀਂ ਕਰਦਾ। ਚਾਹੇ ਯਹੋਵਾਹ ਸਰਬਸ਼ਕਤੀਮਾਨ ਹੈ, ਪਰ ਫਿਰ ਵੀ ਉਹ ਨਾਮੁਕੰਮਲ ਇਨਸਾਨਾਂ ਦੀ ਬਹੁਤ ਪਰਵਾਹ ਕਰਦਾ ਹੈ। ਉਹ ਬਹੁਤ ਦਿਆਲੂ ਹੈ, ਉਹ ਸਾਡੀਆਂ ਭਾਵਨਾਵਾਂ ਅਤੇ ਜ਼ਰੂਰਤਾਂ ਨੂੰ ਜਾਣਦਾ ਹੈ। ਉਸ ਨੂੰ “ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ।” ਇਸ ਲਈ ਅਸੀਂ ਜਿੰਨਾ ਕਰ ਸਕਦੇ ਹਾਂ, ਉਹ ਕਦੀ ਵੀ ਉਸ ਤੋਂ ਜ਼ਿਆਦਾ ਦੀ ਮੰਗ ਨਹੀਂ ਕਰਦਾ।​—ਜ਼ਬੂ. 103:13, 14.

2 ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਕਿੰਨੀ ਪਰਵਾਹ ਕਰਦਾ ਹੈ। ਆਓ ਆਪਾਂ ਤਿੰਨ ਮਿਸਾਲਾਂ ’ਤੇ ਗੌਰ ਕਰੀਏ: ਪਹਿਲੀ, ਯਹੋਵਾਹ ਨੇ ਛੋਟੀ ਉਮਰ ਦੇ ਸਮੂਏਲ ਦੀ ਪਿਆਰ ਨਾਲ ਮਦਦ ਕਿੱਦਾਂ ਕੀਤੀ ਤਾਂਕਿ ਉਹ ਮਹਾਂ ਪੁਜਾਰੀ ਏਲੀ ਨੂੰ ਸਜ਼ਾ ਦਾ ਸੰਦੇਸ਼ ਸੁਣਾ ਸਕੇ। ਦੂਜੀ, ਯਹੋਵਾਹ ਨੇ ਮੂਸਾ ਨਾਲ ਧੀਰਜ ਕਿਵੇਂ ਰੱਖਿਆ ਜਦੋਂ ਮੂਸਾ ਨੂੰ ਲੱਗਾ ਕਿ ਉਹ ਇਜ਼ਰਾਈਲੀਆਂ ਦੀ ਅਗਵਾਈ ਨਹੀਂ ਕਰ ਸਕਦਾ। ਤੀਜੀ, ਇਜ਼ਰਾਈਲੀਆਂ ਦੇ ਮਿਸਰ ਛੱਡਣ ਵੇਲੇ ਯਹੋਵਾਹ ਨੇ ਉਨ੍ਹਾਂ ਲਈ ਪਰਵਾਹ ਕਿਵੇਂ ਦਿਖਾਈ। ਯਹੋਵਾਹ ਦੇ ਪਰਵਾਹ ਦਿਖਾਉਣ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਛੋਟੀ ਉਮਰ ਦੇ ਮੁੰਡੇ ਲਈ ਪਰਵਾਹ

3. ਇਕ ਰਾਤ ਸਮੂਏਲ ਨਾਲ ਕਿਹੜੀ ਅਜੀਬ ਗੱਲ ਵਾਪਰੀ ਅਤੇ ਸਾਡੇ ਮਨ ਵਿਚ ਸ਼ਾਇਦ ਕਿਹੜਾ ਸਵਾਲ ਆਵੇ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਸਮੂਏਲ ਨੇ ਛੋਟੀ ਉਮਰ ਵਿਚ ਹੀ ਡੇਰੇ ਵਿਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। (1 ਸਮੂ. 3:1) ਇਕ ਰਾਤ ਜਦੋਂ ਉਹ ਸੁੱਤਾ ਪਿਆ ਸੀ, ਤਾਂ ਇਕ ਅਜੀਬ ਗੱਲ ਵਾਪਰੀ। * (1 ਸਮੂਏਲ 3:2-10 ਪੜ੍ਹੋ।) ਉਸ ਨੇ ਸੁਣਿਆ ਕਿ ਕੋਈ ਉਸ ਦਾ ਨਾਂ ਲੈ ਕੇ ਉਸ ਨੂੰ ਬੁਲਾ ਰਿਹਾ ਸੀ। ਸਮੂਏਲ ਨੇ ਸੋਚਿਆ ਕਿ ਮਹਾਂ ਪੁਜਾਰੀ ਏਲੀ ਉਸ ਨੂੰ ਬੁਲਾ ਰਿਹਾ ਸੀ। ਆਗਿਆ ਦੀ ਪਾਲਣਾ ਕਰਦੇ ਹੋਏ ਉਹ ਨੱਠਦਾ ਹੋਇਆ ਏਲੀ ਕੋਲ ਗਿਆ ਅਤੇ ਕਿਹਾ: “ਮੈਂ ਹਾਜ਼ਰ ਹਾਂ, ਤੈਂ ਜੋ ਮੈਨੂੰ ਸੱਦਿਆ।” ਪਰ ਏਲੀ ਨੇ ਉਸ ਨੂੰ ਕਿਹਾ: “ਮੈਂ ਤਾਂ ਨਹੀਂ ਸੱਦਿਆ।” ਜਦੋਂ ਦੋ ਵਾਰ ਫਿਰ ਇੱਦਾਂ ਹੋਇਆ, ਤਾਂ ਏਲੀ ਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਹੀ ਸਮੂਏਲ ਨੂੰ ਬੁਲਾ ਰਿਹਾ ਸੀ। ਇਸ ਲਈ ਏਲੀ ਨੇ ਸਮੂਏਲ ਨੂੰ ਦੱਸਿਆ ਕਿ ਜਦੋਂ ਦੁਬਾਰਾ ਇੱਦਾਂ ਹੋਵੇ, ਤਾਂ ਉਸ ਨੇ ਕੀ ਕਹਿਣਾ ਸੀ ਅਤੇ ਫਿਰ ਸਮੂਏਲ ਨੇ ਉੱਦਾਂ ਹੀ ਕੀਤਾ। ਯਹੋਵਾਹ ਨੇ ਸਮੂਏਲ ਨੂੰ ਪਹਿਲਾਂ ਹੀ ਕਿਉਂ ਨਹੀਂ ਦੱਸਿਆ ਕਿ ਉਹੀ ਉਸ ਨੂੰ ਬੁਲਾ ਰਿਹਾ ਸੀ? ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ। ਪਰ ਹੋ ਸਕਦਾ ਹੈ ਕਿ ਯਹੋਵਾਹ ਨੇ ਇਸ ਲਈ ਇੱਦਾਂ ਕੀਤਾ ਕਿਉਂਕਿ ਉਸ ਨੂੰ ਸਮੂਏਲ ਦੀਆਂ ਭਾਵਨਾਵਾਂ ਦੀ ਪਰਵਾਹ ਸੀ।

4, 5. (ੳ) ਜਦੋਂ ਯਹੋਵਾਹ ਨੇ ਸਮੂਏਲ ਨੂੰ ਏਲੀ ਨੂੰ ਸੰਦੇਸ਼ ਸੁਣਾਉਣ ਲਈ ਕਿਹਾ, ਤਾਂ ਸਮੂਏਲ ਨੇ ਕੀ ਕੀਤਾ? (ਅ) ਇਸ ਬਿਰਤਾਂਤ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

4 1 ਸਮੂਏਲ 3:11-18 ਪੜ੍ਹੋ। ਯਹੋਵਾਹ ਦੇ ਕਾਨੂੰਨ ਵਿਚ ਬੱਚਿਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਸਿਆਣੀ ਉਮਰ ਦੇ ਲੋਕਾਂ ਦਾ ਆਦਰ ਕਰਨ, ਖ਼ਾਸ ਕਰਕੇ ਜਿਨ੍ਹਾਂ ਕੋਲ ਅਧਿਕਾਰ ਸੀ। (ਕੂਚ 22:28; ਲੇਵੀ. 19:32) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਮੂਏਲ ਤੜਕੇ ਉੱਠ ਕੇ ਏਲੀ ਕੋਲ ਗਿਆ ਅਤੇ ਪਰਮੇਸ਼ੁਰ ਤੋਂ ਮਿਲਿਆ ਸਜ਼ਾ ਦਾ ਸੰਦੇਸ਼ ਏਲੀ ਨੂੰ ਸੁਣਾਇਆ? ਬਿਲਕੁਲ ਨਹੀਂ। ਕਿਉਂਕਿ ਬਾਈਬਲ ਦੱਸਦੀ ਹੈ ਕਿ ਸਮੂਏਲ ਏਲੀ ਨੂੰ ਦਰਸ਼ਣ “ਦੱਸਣ ਤੋਂ ਡਰਦਾ ਸੀ।” ਪਰਮੇਸ਼ੁਰ ਨੇ ਏਲੀ ’ਤੇ ਇਹ ਗੱਲ ਜ਼ਾਹਰ ਕੀਤੀ ਕਿ ਪਰਮੇਸ਼ੁਰ ਹੀ ਸਮੂਏਲ ਨੂੰ ਬੁਲਾ ਰਿਹਾ ਸੀ। ਇਸ ਕਰਕੇ ਏਲੀ ਨੇ ਸਮੂਏਲ ਨੂੰ ਹੁਕਮ ਦਿੱਤਾ ਕਿ ਉਹ ਕੋਈ ਵੀ ਗੱਲ ਉਸ ਤੋਂ ਨਾ ਲੁਕਾਏ ਜੋ ਪਰਮੇਸ਼ੁਰ ਨੇ ਉਸ ਨੂੰ ਦੱਸੀ ਸੀ। ਸਮੂਏਲ ਨੇ ਏਲੀ ਦਾ ਹੁਕਮ ਮੰਨਿਆ ਤੇ ਉਸ ਨੂੰ “ਸਾਰਾ ਬਚਨ ਦੱਸ ਦਿੱਤਾ।”

5 ਸਮੂਏਲ ਵੱਲੋਂ ਸੁਣਾਇਆ ਸੰਦੇਸ਼ ਸੁਣ ਕੇ ਏਲੀ ਨੂੰ ਕੋਈ ਹੈਰਾਨੀ ਨਹੀਂ ਹੋਈ ਹੋਣੀ ਕਿਉਂਕਿ ਪਹਿਲਾਂ ਪਰਮੇਸ਼ੁਰ ਦੇ ਇਕ ਬੰਦੇ ਨੇ ਵੀ ਏਲੀ ਨੂੰ ਇਹੋ ਸੰਦੇਸ਼ ਦਿੱਤਾ ਸੀ। (1 ਸਮੂ. 2:27-36) ਸਮੂਏਲ ਤੇ ਏਲੀ ਦੇ ਬਿਰਤਾਂਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਕਿੰਨੀ ਪਰਵਾਹ ਕਰਨ ਵਾਲਾ ਅਤੇ ਬੁੱਧੀਮਾਨ ਹੈ।

6. ਪਰਮੇਸ਼ੁਰ ਨੇ ਜਿਸ ਤਰੀਕੇ ਨਾਲ ਛੋਟੀ ਉਮਰ ਦੇ ਸਮੂਏਲ ਦੀ ਮਦਦ ਕੀਤੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

6 ਕੀ ਤੁਸੀਂ ਛੋਟੀ ਉਮਰ ਦੇ ਹੋ? ਜੇ ਹਾਂ, ਤਾਂ ਸਮੂਏਲ ਦੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਤੁਹਾਡੀਆਂ ਮੁਸ਼ਕਲਾਂ ਅਤੇ ਭਾਵਨਾਵਾਂ ਤੋਂ ਅਣਜਾਣ ਨਹੀਂ ਹੈ। ਸ਼ਾਇਦ ਤੁਸੀਂ ਸ਼ਰਮੀਲੇ ਸੁਭਾਅ ਦੇ ਹੋ ਅਤੇ ਤੁਹਾਨੂੰ ਵੱਡੀ ਉਮਰ ਦੇ ਲੋਕਾਂ ਨੂੰ ਪ੍ਰਚਾਰ ਕਰਨਾ ਜਾਂ ਆਪਣੇ ਹਾਣੀਆਂ ਤੋਂ ਵੱਖਰੇ ਨਜ਼ਰ ਆਉਣਾ ਔਖਾ ਲੱਗਦਾ ਹੈ। ਤੁਸੀਂ ਇਸ ਗੱਲ ਦਾ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ। ਇਸ ਲਈ ਉਸ ਨੂੰ ਪ੍ਰਾਰਥਨਾ ਕਰੋ ਅਤੇ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। (ਜ਼ਬੂ. 62:8) ਬਾਈਬਲ ਵਿੱਚੋਂ ਉਨ੍ਹਾਂ ਮਿਸਾਲਾਂ ’ਤੇ ਸੋਚ-ਵਿਚਾਰ ਕਰੋ ਜੋ ਸਮੂਏਲ ਵਾਂਗ ਛੋਟੀ ਉਮਰ ਦੇ ਸਨ। ਆਪਣੀ ਉਮਰ ਜਾਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨਾਲ ਗੱਲ ਕਰੋ ਜਿਨ੍ਹਾਂ ਨੇ ਸ਼ਾਇਦ ਤੁਹਾਡੇ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੋਵੇ। ਸ਼ਾਇਦ ਉਹ ਤੁਹਾਨੂੰ ਦੱਸਣ ਕਿ ਯਹੋਵਾਹ ਨੇ ਉਸ ਤਰੀਕੇ ਨਾਲ ਉਨ੍ਹਾਂ ਦੀ ਮਦਦ ਕੀਤੀ ਜਿੱਦਾਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ।

ਮੂਸਾ ਲਈ ਪਰਵਾਹ

7, 8. ਯਹੋਵਾਹ ਨੇ ਕਿੱਦਾਂ ਦਿਖਾਇਆ ਕਿ ਉਸ ਨੂੰ ਮੂਸਾ ਦੀਆਂ ਭਾਵਨਾਵਾਂ ਦੀ ਪਰਵਾਹ ਸੀ?

7 ਜਦੋਂ ਮੂਸਾ 80 ਸਾਲਾਂ ਦਾ ਸੀ, ਤਾਂ ਯਹੋਵਾਹ ਨੇ ਉਸ ਨੂੰ ਬਹੁਤ ਹੀ ਔਖੀ ਜ਼ਿੰਮੇਵਾਰੀ ਸੌਂਪੀ। ਉਸ ਨੇ ਇਜ਼ਰਾਈਲ ਕੌਮ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਉਣਾ ਸੀ। (ਕੂਚ 3:10) ਇਹ ਸੁਣ ਕੇ ਮੂਸਾ ਨੂੰ ਜ਼ਰੂਰ ਝਟਕਾ ਲੱਗਾ ਹੋਣਾ ਕਿਉਂਕਿ ਉਸ ਨੇ ਮਿਦਯਾਨ ਵਿਚ 40 ਸਾਲ ਚਰਵਾਹੇ ਵਜੋਂ ਕੰਮ ਕੀਤਾ ਸੀ। ਇਸ ਲਈ ਮੂਸਾ ਨੇ ਕਿਹਾ: “ਮੈਂ ਕੌਣ ਹਾਂ ਜੋ ਮੈਂ ਫ਼ਿਰਊਨ ਕੋਲ ਜਾਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲਿਆਵਾਂ?” ਯਹੋਵਾਹ ਨੇ ਮੂਸਾ ਨੂੰ ਭਰੋਸਾ ਦਿਵਾਇਆ: ‘ਮੈਂ ਤੇਰੇ ਨਾਲ ਹੋਵਾਂਗਾ।’ (ਕੂਚ 3:11, 12) ਯਹੋਵਾਹ ਨੇ ਮੂਸਾ ਨਾਲ ਵਾਅਦਾ ਵੀ ਕੀਤਾ ਕਿ ਇਜ਼ਰਾਈਲ ਦੇ ਬਜ਼ੁਰਗ ਜ਼ਰੂਰ “ਤੇਰਾ ਬੋਲ ਸੁਣਨਗੇ।” ਫਿਰ ਵੀ ਮੂਸਾ ਨੇ ਕਿਹਾ: “ਵੇਖ ਓਹ ਮੇਰੀ ਪਰਤੀਤ ਨਾ ਕਰਨਗੇ ਨਾ ਮੇਰੀ ਅਵਾਜ਼ ਸੁਣਨਗੇ।” (ਕੂਚ 3:18; 4:1) ਇੱਦਾਂ ਲੱਗਦਾ ਕਿ ਮੂਸਾ ਕਹਿ ਰਿਹਾ ਸੀ ਕਿ ਯਹੋਵਾਹ ਵੀ ਗ਼ਲਤ ਹੋ ਸਕਦਾ। ਪਰ ਯਹੋਵਾਹ ਨੇ ਮੂਸਾ ਨਾਲ ਧੀਰਜ ਰੱਖਿਆ। ਉਸ ਨੇ ਤਾਂ ਮੂਸਾ ਨੂੰ ਚਮਤਕਾਰ ਕਰਨ ਦੀ ਸ਼ਕਤੀ ਵੀ ਦਿੱਤੀ। ਅਸਲ ਵਿਚ, ਮੂਸਾ ਬਾਈਬਲ ਵਿਚ ਜ਼ਿਕਰ ਕੀਤਾ ਪਹਿਲਾ ਵਿਅਕਤੀ ਸੀ ਜਿਸ ਨੂੰ ਚਮਤਕਾਰ ਕਰਨ ਦੀ ਸ਼ਕਤੀ ਮਿਲੀ ਸੀ।​—ਕੂਚ 4:2-9, 21.

8 ਪਰ ਮੂਸਾ ਨੇ ਇਕ ਹੋਰ ਬਹਾਨਾ ਬਣਾਇਆ। ਉਸ ਨੇ ਕਿਹਾ ਕਿ ਉਸ ਨੂੰ ਚੰਗੀ ਤਰ੍ਹਾਂ ਗੱਲ ਕਰਨੀ ਨਹੀਂ ਆਉਂਦੀ। ਇਸ ਲਈ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁਝ ਤੈਂ ਬੋਲਣਾ ਹੈ ਸੋ ਮੈਂ ਤੈਨੂੰ ਸਿਖਾਵਾਂਗਾ।” ਕੀ ਮੂਸਾ ਜਾਣ ਲਈ ਮੰਨ ਗਿਆ? ਨਹੀਂ, ਉਸ ਨੇ ਪਰਮੇਸ਼ੁਰ ਨੂੰ ਕਿਹਾ ਕਿ ਉਹ ਕਿਸੇ ਹੋਰ ਨੂੰ ਘੱਲ ਦੇਵੇ। ਉਸ ਸਮੇਂ ਯਹੋਵਾਹ ਦਾ ਗੁੱਸਾ ਭੜਕ ਉੱਠਿਆ। ਪਰ ਉਸ ਨੂੰ ਅਜੇ ਵੀ ਮੂਸਾ ਦੀਆਂ ਭਾਵਨਾਵਾਂ ਦੀ ਪਰਵਾਹ ਸੀ। ਇਸ ਲਈ ਉਸ ਨੇ ਗੱਲ ਕਰਨ ਲਈ ਹਾਰੂਨ ਨੂੰ ਮੂਸਾ ਨਾਲ ਭੇਜਿਆ।​—ਕੂਚ 4:10-16.

9. ਯਹੋਵਾਹ ਦੇ ਧੀਰਜ ਅਤੇ ਦਇਆ ਕਰਕੇ ਮੂਸਾ ਦੀ ਵਧੀਆ ਆਗੂ ਬਣਨ ਵਿਚ ਕਿੱਦਾਂ ਮਦਦ ਹੋਈ?

9 ਇਸ ਬਿਰਤਾਂਤ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? ਸਰਬਸ਼ਕਤੀਮਾਨ ਹੋਣ ਕਰਕੇ ਯਹੋਵਾਹ ਡਰਾ-ਧਮਕਾ ਕੇ ਮੂਸਾ ਤੋਂ ਆਪਣੀ ਗੱਲ ਮਨਵਾ ਸਕਦਾ ਸੀ। ਪਰ ਯਹੋਵਾਹ ਨੇ ਧੀਰਜ ਰੱਖਿਆ ਤੇ ਦਇਆ ਦਿਖਾਈ। ਇਸ ਕਰਕੇ ਉਸ ਨੇ ਆਪਣੇ ਨਿਮਰ ਸੇਵਕ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਉਸ ਦੇ ਨਾਲ ਹੋਵੇਗਾ। ਕੀ ਇਸ ਦਾ ਕੋਈ ਫ਼ਾਇਦਾ ਹੋਇਆ? ਜੀ ਹਾਂ! ਮੂਸਾ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਨ ਵਾਲਾ ਵਧੀਆ ਆਗੂ ਬਣਿਆ। ਉਹ ਲੋਕਾਂ ਨੂੰ ਪਰਵਾਹ ਦਿਖਾਉਣ ਅਤੇ ਉਨ੍ਹਾਂ ਨਾਲ ਦਇਆ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰਦਾ ਸੀ ਜਿੱਦਾਂ ਯਹੋਵਾਹ ਉਸ ਨਾਲ ਪੇਸ਼ ਆਇਆ ਸੀ।​—ਗਿਣ. 12:3.

ਦੂਜਿਆਂ ਨਾਲ ਪੇਸ਼ ਆਉਂਦੇ ਸਮੇਂ ਕੀ ਤੁਸੀਂ ਯਹੋਵਾਹ ਦੀ ਰੀਸ ਕਰਦੇ ਹੋ? (ਪੈਰਾ 10 ਦੇਖੋ)

10. ਯਹੋਵਾਹ ਵਾਂਗ ਦੂਜਿਆਂ ਲਈ ਪਰਵਾਹ ਦਿਖਾਉਣ ਦੇ ਸਾਨੂੰ ਕੀ ਫ਼ਾਇਦੇ ਹੁੰਦੇ ਹਨ?

10 ਅੱਜ ਅਸੀਂ ਇਸ ਗੱਲ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ? ਜੇ ਤੁਸੀਂ ਪਤੀ, ਮਾਪੇ ਜਾਂ ਮੰਡਲੀ ਵਿਚ ਬਜ਼ੁਰਗ ਹੋ, ਤਾਂ ਤੁਹਾਡੇ ਕੋਲ ਦੂਜਿਆਂ ’ਤੇ ਕੁਝ ਅਧਿਕਾਰ ਹੈ। ਇਸ ਕਰਕੇ ਯਹੋਵਾਹ ਦੀ ਰੀਸ ਕਰਦਿਆਂ ਆਪਣੀ ਪਤਨੀ, ਬੱਚਿਆਂ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਲਈ ਪਿਆਰ ਤੇ ਪਰਵਾਹ ਦਿਖਾਓ ਅਤੇ ਉਨ੍ਹਾਂ ਨਾਲ ਧੀਰਜ ਰੱਖੋ। (ਕੁਲੁ. 3:19-21; 1 ਪਤ. 5:1-3) ਜੇ ਤੁਸੀਂ ਯਹੋਵਾਹ ਅਤੇ ਮਹਾਨ ਮੂਸਾ ਯਾਨੀ ਯਿਸੂ ਦੀ ਰੀਸ ਕਰੋਗੇ, ਤਾਂ ਦੂਜਿਆਂ ਲਈ ਤੁਹਾਡੇ ਕੋਲ ਆ ਕੇ ਗੱਲ ਕਰਨੀ ਸੌਖੀ ਹੋਵੇਗੀ ਅਤੇ ਤੁਸੀਂ ਉਨ੍ਹਾਂ ਨੂੰ ਹੌਸਲਾ ਦੇ ਸਕੋਗੇ। (ਮੱਤੀ 11:28, 29) ਨਾਲੇ ਤੁਸੀਂ ਉਨ੍ਹਾਂ ਲਈ ਇਕ ਚੰਗੀ ਮਿਸਾਲ ਕਾਇਮ ਕਰੋਗੇ।​—ਇਬ. 13:7.

ਤਾਕਤਵਰ ਹੋਣ ਦੇ ਬਾਵਜੂਦ ਪਰਵਾਹ ਕਰਨ ਵਾਲਾ

11, 12. ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਆਜ਼ਾਦ ਕਰਾਉਂਦਿਆਂ ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਿਵੇਂ ਕਰਾਇਆ?

11 1513 ਈਸਵੀ ਪੂਰਵ ਵਿਚ ਸ਼ਾਇਦ 30 ਲੱਖ ਤੋਂ ਜ਼ਿਆਦਾ ਇਜ਼ਰਾਈਲੀਆਂ ਨੇ ਮਿਸਰ ਛੱਡਿਆ। ਇਨ੍ਹਾਂ ਵਿਚ ਬੱਚੇ, ਸਿਆਣੀ ਉਮਰ ਦੇ ਲੋਕ ਅਤੇ ਸ਼ਾਇਦ ਕਈ ਬੀਮਾਰ ਜਾਂ ਅਪਾਹਜ ਵੀ ਸਨ। ਇੰਨੀ ਵੱਡੀ ਭੀੜ ਨੂੰ ਪਰਵਾਹ ਅਤੇ ਪਿਆਰ ਕਰਨ ਵਾਲੇ ਆਗੂ ਦੀ ਲੋੜ ਸੀ। ਯਹੋਵਾਹ ਨੇ ਮੂਸਾ ਰਾਹੀਂ ਇੱਦਾਂ ਹੀ ਕੀਤਾ। ਇਸ ਕਰਕੇ ਇਜ਼ਰਾਈਲੀਆਂ ਨੇ ਮਿਸਰ ਵਿਚ ਆਪਣਾ ਘਰ ਛੱਡਦਿਆਂ ਸੁਰੱਖਿਅਤ ਮਹਿਸੂਸ ਕੀਤਾ।​—ਜ਼ਬੂ. 78:52, 53.

12 ਯਹੋਵਾਹ ਨੇ ਆਪਣੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਿਵੇਂ ਕਰਵਾਇਆ? ਮਿਸਰ ਵਿੱਚੋਂ ਨਿਕਲਣ ਵੇਲੇ ਉਸ ਨੇ ਆਪਣੇ ਲੋਕਾਂ ਨੂੰ ਇਕ ਫ਼ੌਜ ਵਾਂਗ ਸੰਗਠਿਤ ਕੀਤਾ। (ਕੂਚ 13:18) ਇਸ ਪ੍ਰਬੰਧ ਤੋਂ ਉਹ ਸਾਫ਼-ਸਾਫ਼ ਦੇਖ ਸਕਦੇ ਸਨ ਕਿ ਸਾਰਾ ਕੁਝ ਯਹੋਵਾਹ ਦੇ ਹੱਥਾਂ ਵਿਚ ਸੀ। ਨਾਲੇ ਯਹੋਵਾਹ ਨੇ “ਦਿਨ ਨੂੰ ਬੱਦਲ ਨਾਲ” ਅਤੇ ਰਾਤ ਨੂੰ “ਅੱਗ ਦੀ ਲੋ ਨਾਲ ਉਨ੍ਹਾਂ ਦੀ ਅਗਵਾਈ” ਕਰ ਕੇ ਵੀ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਨਾਲ ਸੀ, ਉਨ੍ਹਾਂ ਦੀ ਅਗਵਾਈ ਅਤੇ ਰੱਖਿਆ ਕਰ ਰਿਹਾ ਸੀ। (ਜ਼ਬੂ. 78:14) ਇਜ਼ਰਾਈਲੀਆਂ ਨੂੰ ਅੱਗੇ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਇਸੇ ਭਰੋਸੇ ਦੀ ਲੋੜ ਸੀ।

ਲਾਲ ਸਮੁੰਦਰ ’ਤੇ ਯਹੋਵਾਹ ਨੇ ਇਜ਼ਰਾਈਲੀਆਂ ਲਈ ਪਰਵਾਹ ਕਿਵੇਂ ਦਿਖਾਈ? (ਪੈਰਾ 13 ਦੇਖੋ)

13, 14. (ੳ) ਲਾਲ ਸਮੁੰਦਰ ’ਤੇ ਯਹੋਵਾਹ ਨੇ ਇਜ਼ਰਾਈਲੀਆਂ ਲਈ ਪਰਵਾਹ ਕਿੱਦਾਂ ਦਿਖਾਈ? (ਅ) ਯਹੋਵਾਹ ਨੇ ਕਿੱਦਾਂ ਦਿਖਾਇਆ ਕਿ ਉਹ ਮਿਸਰੀਆਂ ਤੋਂ ਕਿਤੇ ਜ਼ਿਆਦਾ ਤਾਕਤਵਰ ਸੀ?

13 ਕੂਚ 14:19-22 ਪੜ੍ਹੋ। ਸੋਚੋ ਕਿ ਤੁਸੀਂ ਇਜ਼ਰਾਈਲੀਆਂ ਨਾਲ ਹੋ। ਤੁਹਾਡੇ ਪਿੱਛੇ ਮਿਸਰੀ ਫ਼ੌਜਾਂ ਹਨ ਅਤੇ ਅੱਗੇ ਲਾਲ ਸਮੁੰਦਰ। ਤੁਹਾਨੂੰ ਬਚਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਫਿਰ ਯਹੋਵਾਹ ਕਾਰਵਾਈ ਕਰਦਾ ਹੈ। ਬੱਦਲ ਦਾ ਥੰਮ੍ਹ ਜਿਹੜਾ ਹਮੇਸ਼ਾ ਤੁਹਾਡੇ ਅੱਗੇ-ਅੱਗੇ ਜਾਂਦਾ ਸੀ, ਤੁਹਾਡੇ ਪਿੱਛੇ ਆ ਜਾਂਦਾ ਹੈ ਯਾਨੀ ਤੁਹਾਡੇ ਅਤੇ ਮਿਸਰੀਆਂ ਦੇ ਵਿਚਕਾਰ ਆ ਕੇ ਖੜ੍ਹ ਜਾਂਦਾ ਹੈ। ਮਿਸਰੀਆਂ ਦੇ ਪਾਸੇ ਘੁੱਪ ਹਨੇਰਾ ਹੈ ਅਤੇ ਤੁਹਾਡੇ ਪਾਸੇ ਚਮਤਕਾਰੀ ਢੰਗ ਨਾਲ ਚਾਨਣ! ਫਿਰ ਤੁਸੀਂ ਦੇਖਦੇ ਹੋ ਕਿ ਮੂਸਾ ਆਪਣਾ ਹੱਥ ਸਮੁੰਦਰ ਵੱਲ ਕਰਦਾ ਹੈ ਜਿਸ ਕਰਕੇ ਪੂਰਬ ਵੱਲੋਂ ਤੇਜ਼ ਹਵਾ ਵਗਦੀ ਹੈ ਅਤੇ ਸਮੁੰਦਰ ਵਿਚ ਚੌੜਾ ਰਾਹ ਬਣ ਜਾਂਦਾ ਹੈ। ਫਿਰ ਤੁਸੀਂ, ਤੁਹਾਡਾ ਪਰਿਵਾਰ ਅਤੇ ਤੁਹਾਡੇ ਜਾਨਵਰ ਸਮੁੰਦਰ ਵਿੱਚੋਂ ਬਾਕੀ ਲੋਕਾਂ ਨਾਲ ਬਿਨਾਂ ਹਫੜਾ-ਦਫੜੀ ਕੀਤੇ ਲੰਘਦੇ ਹੋ। ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹੋ ਕਿ ਉੱਥੇ ਗਾਰਾ ਜਾਂ ਤਿਲਕਣ ਨਹੀਂ ਹੈ। ਜ਼ਮੀਨ ਪੂਰੀ ਤਰ੍ਹਾਂ ਖ਼ੁਸ਼ਕ ਤੇ ਸਖ਼ਤ ਹੈ ਜਿਸ ਕਰਕੇ ਤੁਰਨਾ ਆਸਾਨ ਹੈ। ਨਤੀਜੇ ਵਜੋਂ, ਸਭ ਤੋਂ ਹੌਲੀ-ਹੌਲੀ ਚੱਲਣ ਵਾਲੇ ਵੀ ਸੁਰੱਖਿਅਤ ਦੂਜੇ ਪਾਸੇ ਪਹੁੰਚ ਜਾਂਦੇ ਹਨ।

14 ਕੂਚ 14:23, 26-30 ਪੜ੍ਹੋ। ਜਦੋਂ ਇਹ ਸਭ ਕੁਝ ਹੋ ਰਿਹਾ ਹੈ, ਤਾਂ ਘਮੰਡੀ ਅਤੇ ਮੂਰਖ ਫ਼ਿਰਊਨ ਤੁਹਾਡਾ ਅਤੇ ਤੁਹਾਡੇ ਇਜ਼ਰਾਈਲੀ ਸਾਥੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ। ਫਿਰ ਦੁਬਾਰਾ ਤੋਂ ਮੂਸਾ ਆਪਣਾ ਹੱਥ ਸਮੁੰਦਰ ਵੱਲ ਕਰਦਾ ਹੈ ਅਤੇ ਦੋਵੇਂ ਪਾਸੇ ਕੰਧਾਂ ਵਾਂਗ ਖੜ੍ਹਾ ਪਾਣੀ ਵਾਪਸ ਆਪਣੀ ਜਗ੍ਹਾ ’ਤੇ ਆ ਜਾਂਦਾ ਹੈ। ਫ਼ਿਰਊਨ ਅਤੇ ਉਸ ਦੀ ਫ਼ੌਜ ਪਾਣੀ ਵਿਚ ਡੁੱਬ ਜਾਂਦੀ ਹੈ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚਦਾ।​—ਕੂਚ 15:8-10.

15. ਇਸ ਬਿਰਤਾਂਤ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

15 ਇਸ ਬਿਰਤਾਂਤ ਤੋਂ ਸਾਨੂੰ ਯਹੋਵਾਹ ਬਾਰੇ ਇਹ ਵੀ ਪਤਾ ਲੱਗਦਾ ਹੈ ਕਿ ਉਹ ਗੜਬੜੀ ਦਾ ਪਰਮੇਸ਼ੁਰ ਨਹੀਂ ਹੈ। ਇਸ ਕਰਕੇ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। (1 ਕੁਰਿੰ. 14:33) ਯਹੋਵਾਹ ਇਕ ਚਰਵਾਹੇ ਵਾਂਗ ਆਪਣੇ ਲੋਕਾਂ ਦੀ ਕਈ ਤਰੀਕਿਆਂ ਨਾਲ ਦੇਖ-ਭਾਲ ਕਰਦਾ ਹੈ। ਉਹ ਉਨ੍ਹਾਂ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਦੁਸ਼ਮਣਾਂ ਤੋਂ ਉਨ੍ਹਾਂ ਦੀ ਰੱਖਿਆ ਕਰਦਾ ਹੈ। ਦੁਨੀਆਂ ਦਾ ਅੰਤ ਨੇੜੇ ਆਉਂਦਿਆਂ ਦੇਖ ਸਾਨੂੰ ਇਸ ਗੱਲ ਤੋਂ ਭਰੋਸਾ ਅਤੇ ਦਿਲਾਸਾ ਮਿਲਦਾ ਹੈ।​—ਕਹਾ. 1:33.

16. ਯਹੋਵਾਹ ਦੇ ਬਚਾਉਣ ਦੇ ਤਰੀਕੇ ’ਤੇ ਦੁਬਾਰਾ ਸੋਚ-ਵਿਚਾਰ ਕਰਨ ਨਾਲ ਸਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

16 ਅੱਜ ਵੀ ਯਹੋਵਾਹ ਆਪਣੇ ਲੋਕਾਂ ਦੀ ਇਕ ਸਮੂਹ ਵਜੋਂ ਪਰਵਾਹ ਕਰਦਾ ਹੈ। ਉਹ ਉਨ੍ਹਾਂ ਦੀ ਆਪਣੇ ਨਾਲ ਵਧੀਆ ਰਿਸ਼ਤਾ ਕਾਇਮ ਕਰਨ ਅਤੇ ਦੁਸ਼ਮਣਾਂ ਤੋਂ ਬਚਣ ਵਿਚ ਮਦਦ ਕਰਦਾ ਹੈ। ਉਹ ਛੇਤੀ ਹੀ ਆਉਣ ਵਾਲੇ ਮਹਾਂਕਸ਼ਟ ਦੌਰਾਨ ਵੀ ਇੱਦਾਂ ਕਰਦਾ ਰਹੇਗਾ। (ਪ੍ਰਕਾ. 7:9, 10) ਸੋ ਚਾਹੇ ਉਹ ਸਿਆਣੀ ਉਮਰ ਦੇ ਹਨ ਜਾਂ ਨੌਜਵਾਨ, ਤੰਦਰੁਸਤ ਹਨ ਜਾਂ ਅਪਾਹਜ, ਉਹ ਵੱਡੀ ਬਿਪਤਾ ਵੇਲੇ ਨਾ ਤਾਂ ਡਰਨਗੇ ਤੇ ਨਾ ਹੀ ਘਬਰਾਉਣਗੇ। * ਇਸ ਦੀ ਬਜਾਇ, ਉਹ ਇਸ ਤੋਂ ਬਿਲਕੁਲ ਉਲਟ ਕਰਨਗੇ! ਉਹ ਯਿਸੂ ਦੇ ਸ਼ਬਦ ਯਾਦ ਰੱਖਣਗੇ: “ਸਿਰ ਉੱਪਰ ਚੁੱਕ ਕੇ ਖੜ੍ਹੇ ਹੋ ਜਾਣਾ ਕਿਉਂਕਿ ਤੁਹਾਡਾ ਛੁਟਕਾਰਾ ਹੋਣ ਵਾਲਾ ਹੈ।” (ਲੂਕਾ 21:28) ਜਦੋਂ ਗੋਗ ਯਾਨੀ ਕੌਮਾਂ ਦਾ ਗਠਜੋੜ, ਜੋ ਫ਼ਿਰਊਨ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ, ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰੇਗਾ, ਤਾਂ ਯਹੋਵਾਹ ਦੇ ਲੋਕ ਪੂਰਾ ਭਰੋਸਾ ਰੱਖਣਗੇ ਕਿ ਯਹੋਵਾਹ ਉਨ੍ਹਾਂ ਦੀ ਰੱਖਿਆ ਕਰੇਗਾ। (ਹਿਜ਼. 38:2, 14-16) ਕਿਉਂ? ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਯਹੋਵਾਹ ਬਦਲਦਾ ਨਹੀਂ ਹੈ। ਉਹ ਦੁਬਾਰਾ ਸਾਬਤ ਕਰੇਗਾ ਕਿ ਉਹ ਆਪਣੇ ਲੋਕਾਂ ਦੀ ਪਰਵਾਹ ਕਰਨ ਵਾਲਾ ਅਤੇ ਬਚਾਉਣ ਵਾਲਾ ਪਰਮੇਸ਼ੁਰ ਹੈ।​—ਯਸਾ. 26:3, 20.

17. (ੳ) ਬਾਈਬਲ ਵਿੱਚੋਂ ਯਹੋਵਾਹ ਦੇ ਪਰਵਾਹ ਦਿਖਾਉਣ ਵਾਲੇ ਬਿਰਤਾਂਤ ਪੜ੍ਹ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? (ਅ) ਅਗਲੇ ਲੇਖ ਵਿਚ ਅਸੀਂ ਕਿਹੜੀਆਂ ਗੱਲਾਂ ’ਤੇ ਗੌਰ ਕਰਾਂਗੇ?

17 ਇਸ ਲੇਖ ਵਿਚ ਅਸੀਂ ਕੁਝ ਮਿਸਾਲਾਂ ’ਤੇ ਗੌਰ ਕੀਤਾ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਦੇਖ-ਭਾਲ ਕਰ ਕੇ, ਉਨ੍ਹਾਂ ਦੀ ਅਗਵਾਈ ਕਰ ਕੇ ਅਤੇ ਉਨ੍ਹਾਂ ਨੂੰ ਬਚਾ ਕੇ ਦਿਖਾਉਂਦਾ ਹੈ ਕਿ ਉਹ ਪਰਵਾਹ ਅਤੇ ਪਿਆਰ ਕਰਨ ਵਾਲਾ ਹੈ। ਇੱਦਾਂ ਦੇ ਬਿਰਤਾਂਤਾਂ ’ਤੇ ਗਹਿਰਾਈ ਸੋਚ-ਵਿਚਾਰ ਕਰ ਕੇ ਯਹੋਵਾਹ ਬਾਰੇ ਕੁਝ ਨਵਾਂ ਜਾਣਨ ਦੀ ਕੋਸ਼ਿਸ਼ ਕਰੋ। ਇੱਦਾਂ ਕਰ ਕੇ ਸ਼ਾਇਦ ਤੁਹਾਨੂੰ ਉਹ ਗੱਲਾਂ ਪਤਾ ਲੱਗਣ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੀ ਧਿਆਨ ਨਹੀਂ ਦਿੱਤਾ। ਜਿੱਦਾਂ-ਜਿੱਦਾਂ ਤੁਸੀਂ ਯਹੋਵਾਹ ਦੇ ਸ਼ਾਨਦਾਰ ਗੁਣਾਂ ਬਾਰੇ ਸਿੱਖੋਗੇ, ਉੱਦਾਂ-ਉੱਦਾਂ ਉਸ ਲਈ ਤੁਹਾਡਾ ਪਿਆਰ ਹੋਰ ਵਧੇਗਾ ਅਤੇ ਤੁਹਾਡੀ ਨਿਹਚਾ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ। ਅਗਲੇ ਲੇਖ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਹੋਰ ਕਿਹੜੇ ਤਰੀਕਿਆਂ ਨਾਲ ਆਪਣੇ ਪਰਿਵਾਰ, ਮੰਡਲੀ ਅਤੇ ਪ੍ਰਚਾਰ ਵਿਚ ਪਰਵਾਹ ਦਿਖਾ ਕੇ ਯਹੋਵਾਹ ਦੀ ਰੀਸ ਕਰ ਸਕਦੇ ਹਾਂ?

^ ਪੈਰਾ 3 ਯਹੂਦੀ ਇਤਿਹਾਸਕਾਰ ਜੋਸੀਫ਼ਸ ਕਹਿੰਦਾ ਹੈ ਕਿ ਉਸ ਸਮੇਂ ਸਮੂਏਲ ਦੀ ਉਮਰ 12 ਸਾਲਾਂ ਦੀ ਸੀ।

^ ਪੈਰਾ 16 ਇਹ ਕਿਹਾ ਜਾ ਸਕਦਾ ਹੈ ਕਿ ਆਰਮਾਗੇਡਨ ਵਿੱਚੋਂ ਬਚਣ ਵਾਲੇ ਲੋਕਾਂ ਵਿਚ ਕੁਝ ਅਪਾਹਜ ਵੀ ਹੋਣਗੇ। ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ “ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ” ਨੂੰ ਠੀਕ ਕੀਤਾ। (ਮੱਤੀ 9:35) ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਉਹ ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਲਈ ਕੀ ਕਰੇਗਾ। ਦੁਬਾਰਾ ਜੀਉਂਦੇ ਹੋਏ ਲੋਕ ਤੰਦਰੁਸਤ ਜੀ ਉੱਠਣਗੇ।