Skip to content

Skip to table of contents

ਅਧਿਐਨ ਲੇਖ 36

ਆਰਮਾਗੇਡਨ ਇਕ ਖ਼ੁਸ਼ੀ ਦੀ ਖ਼ਬਰ!

ਆਰਮਾਗੇਡਨ ਇਕ ਖ਼ੁਸ਼ੀ ਦੀ ਖ਼ਬਰ!

“ਉਹ ਰਾਜਿਆਂ ਨੂੰ ਉਸ ਜਗ੍ਹਾ ਇਕੱਠੇ ਕਰਦੇ ਹਨ ਜਿਸ ਨੂੰ . . . ਆਰਮਾਗੇਡਨ ਕਿਹਾ ਜਾਂਦਾ ਹੈ।”ਪ੍ਰਕਾ. 16:16.

ਗੀਤ 49 ਯਹੋਵਾਹ ਹੈ ਸਹਾਰਾ

ਖ਼ਾਸ ਗੱਲਾਂ *

1-2. (ੳ) ਆਰਮਾਗੇਡਨ ਮਨੁੱਖਜਾਤੀ ਲਈ ਇਕ ਖ਼ੁਸ਼ੀ ਦੀ ਖ਼ਬਰੀ ਕਿਉਂ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

ਕੀ ਤੁਸੀਂ ਕਦੇ ਸੁਣਿਆ ਕਿ ਲੋਕ “ਆਰਮਾਗੇਡਨ” ਸ਼ਬਦ ਬਾਰੇ ਮੰਨਦੇ ਹਨ ਕਿ ਇਹ ਇਕ ਪ੍ਰਮਾਣੂ ਲੜਾਈ ਹੈ ਜਾਂ ਵਾਤਾਵਰਣ ਵਿਚ ਤਬਦੀਲੀ ਆਉਣ ਕਰਕੇ ਹੋਣ ਵਾਲੀ ਤਬਾਹੀ ਹੈ? ਇਸ ਦੇ ਉਲਟ, ਬਾਈਬਲ ਆਰਮਾਗੇਡਨ ਬਾਰੇ ਕਹਿੰਦੀ ਹੈ ਕਿ ਇਹ ਇਕ ਖ਼ੁਸ਼ੀ ਦੀ ਖ਼ਬਰ ਹੈ। (ਪ੍ਰਕਾ. 1:3) ਆਰਮਾਗੇਡਨ ਦੀ ਲੜਾਈ ਨਾਲ ਮਨੁੱਖਜਾਤੀ ਦਾ ਨਾਸ਼ ਨਹੀਂ, ਸਗੋਂ ਇਸ ਦਾ ਬਚਾਅ ਹੋਵੇਗਾ। ਕਿਵੇਂ?

2 ਬਾਈਬਲ ਦੱਸਦੀ ਹੈ ਕਿ ਆਰਮਾਗੇਡਨ ਦੀ ਲੜਾਈ ਨਾਲ ਇਨਸਾਨੀ ਰਾਜ ਦਾ ਖ਼ਾਤਮਾ ਕਰ ਕੇ ਮਨੁੱਖਜਾਤੀ ਨੂੰ ਬਚਾਇਆ ਜਾਵੇਗਾ। ਇਸ ਯੁੱਧ ਵਿਚ ਦੁਸ਼ਟਾਂ ਦਾ ਨਾਸ਼ ਕਰ ਕੇ, ਧਰਮੀਆਂ ਨੂੰ ਬਚਾ ਕੇ ਅਤੇ ਧਰਤੀ ਨੂੰ ਤਬਾਹ ਹੋਣ ਤੋਂ ਬਚਾ ਕੇ ਮਨੁੱਖਜਾਤੀ ਨੂੰ ਬਚਾਇਆ ਜਾਵੇਗਾ। (ਪ੍ਰਕਾ. 11:18) ਇਨ੍ਹਾਂ ਸੱਚਾਈਆਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਆਓ ਆਪਾਂ ਚਾਰ ਸਵਾਲਾਂ ’ਤੇ ਗੌਰ ਕਰੀਏ: ਆਰਮਾਗੇਡਨ ਕੀ ਹੈ? ਆਰਮਾਗੇਡਨ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਹੋਣਗੀਆਂ? ਅਸੀਂ ਆਰਮਾਗੇਡਨ ਵਿਚ ਬਚਣ ਵਾਲੇ ਲੋਕਾਂ ਵਿਚ ਕਿਵੇਂ ਸ਼ਾਮਲ ਹੋ ਸਕਦੇ ਹਾਂ? ਜਿੱਦਾਂ-ਜਿੱਦਾਂ ਆਰਮਾਗੇਡਨ ਨੇੜੇ ਆ ਰਿਹਾ ਹੈ, ਅਸੀਂ ਵਫ਼ਾਦਾਰ ਕਿਵੇਂ ਬਣੇ ਰਹਿ ਸਕਦੇ ਹਾਂ?

ਆਰਮਾਗੇਡਨ ਕੀ ਹੈ?

3. (ੳ) “ਆਰਮਾਗੇਡਨ” ਸ਼ਬਦ ਦਾ ਕੀ ਮਤਲਬ ਹੈ? (ਅ) ਪ੍ਰਕਾਸ਼ ਦੀ ਕਿਤਾਬ 16:14, 16 ਅਨੁਸਾਰ ਅਸੀਂ ਕਿਵੇਂ ਜਾਣਦੇ ਹਾਂ ਕਿ ਆਰਮਾਗੇਡਨ ਕਿਸੇ ਅਸਲੀ ਜਗ੍ਹਾ ਨੂੰ ਨਹੀਂ ਦਰਸਾਉਂਦਾ?

3 ਪ੍ਰਕਾਸ਼ ਦੀ ਕਿਤਾਬ 16:14, 16 ਪੜ੍ਹੋ। ਬਾਈਬਲ ਵਿਚ “ਆਰਮਾਗੇਡਨ” ਸ਼ਬਦ ਸਿਰਫ਼ ਇਕ ਵਾਰ ਆਉਂਦਾ ਹੈ ਅਤੇ ਇਹ ਇਬਰਾਨੀ ਭਾਸ਼ਾ ਤੋਂ ਆਇਆ ਹੈ ਜਿਸ ਦਾ ਮਤਲਬ ਹੈ, “ਮਗਿੱਦੋ ਪਹਾੜ।” (ਪ੍ਰਕਾ. 16:16, ਫੁਟਨੋਟ) ਮਗਿੱਦੋ ਪ੍ਰਾਚੀਨ ਇਜ਼ਰਾਈਲ ਦਾ ਇਕ ਸ਼ਹਿਰ ਸੀ। (ਯਹੋ. 17:11) ਪਰ ਆਰਮਾਗੇਡਨ ਧਰਤੀ ’ਤੇ ਕਿਸੇ ਜਗ੍ਹਾ ਨੂੰ ਨਹੀਂ ਦਰਸਾਉਂਦਾ। ਆਮ ਤੌਰ ਤੇ ਆਰਮਾਗੇਡਨ ਸ਼ਬਦ ਉਸ ਹਾਲਾਤ ਨੂੰ ਦਰਸਾਉਂਦਾ ਹੈ ਜਿਸ ਵਿਚ ‘ਸਾਰੀ ਧਰਤੀ ਦੇ ਰਾਜੇ’ ਯਹੋਵਾਹ ਖ਼ਿਲਾਫ਼ ਇਕੱਠੇ ਹੁੰਦੇ ਹਨ। (ਪ੍ਰਕਾ. 16:14) ਪਰ ਇਸ ਲੇਖ ਵਿਚ ਅਸੀਂ “ਆਰਮਾਗੇਡਨ” ਸ਼ਬਦ ਉਸ ਲੜਾਈ ਨੂੰ ਦਰਸਾਉਣ ਲਈ ਵੀ ਵਰਤਾਂਗੇ ਜੋ ਧਰਤੀ ਦੇ ਰਾਜਿਆਂ ਦੇ ਇਕੱਠੇ ਹੋਣ ਤੋਂ ਜਲਦੀ ਬਾਅਦ ਲੜੀ ਜਾਵੇਗੀ। ਅਸੀਂ ਕਿਵੇਂ ਜਾਣਦੇ ਹਾਂ ਕਿ ਆਰਮਾਗੇਡਨ ਕਿਸੇ ਅਸਲੀ ਜਗ੍ਹਾ ਨੂੰ ਨਹੀਂ ਦਰਸਾਉਂਦਾ? ਪਹਿਲਾ, ਧਰਤੀ ’ਤੇ ਸੱਚ-ਮੁੱਚ ਦਾ ਮਗਿੱਦੋ ਪਹਾੜ ਨਹੀਂ ਹੈ। ਦੂਜਾ, ਮਗਿੱਦੋ ਸ਼ਹਿਰ ਦਾ ਇਲਾਕਾ ਇੰਨਾ ਛੋਟਾ ਹੈ ਕਿ ਉੱਥੇ ‘ਸਾਰੀ ਧਰਤੀ ਦੇ ਰਾਜੇ,’ ਉਨ੍ਹਾਂ ਦੀਆਂ ਫ਼ੌਜਾਂ ਅਤੇ ਹਥਿਆਰ ਨਹੀਂ ਆ ਸਕਦੇ। ਤੀਜਾ, ਆਰਮਾਗੇਡਨ ਦੀ ਲੜਾਈ ਉਦੋਂ ਸ਼ੁਰੂ ਹੋਵੇਗੀ ਜਦੋਂ ਦੁਨੀਆਂ ਦੇ ‘ਰਾਜੇ’ ਧਰਤੀ ਦੇ ਕੋਨੇ-ਕੋਨੇ ’ਤੇ ਰਹਿ ਰਹੇ ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰਨਗੇ।

4. ਯਹੋਵਾਹ ਨੇ ਆਖ਼ਰੀ ਮਹਾਨ ਯੁੱਧ ਦਾ ਸੰਬੰਧ ਮਗਿੱਦੋ ਨਾਲ ਕਿਉਂ ਜੋੜਿਆ?

4 ਯਹੋਵਾਹ ਨੇ ਆਖ਼ਰੀ ਮਹਾਨ ਯੁੱਧ ਦਾ ਸੰਬੰਧ ਮਗਿੱਦੋ ਨਾਲ ਕਿਉਂ ਜੋੜਿਆ? ਬਾਈਬਲ ਸਮਿਆਂ ਵਿਚ ਮਗਿੱਦੋ ਅਤੇ ਇਸ ਦੇ ਨੇੜੇ ਯਿਜ਼ਰਏਲ ਵਾਦੀ ਵਿਚ ਕਾਫ਼ੀ ਲੜਾਈਆਂ ਲੜੀਆਂ ਗਈਆਂ ਸਨ। ਕਈ ਵਾਰ ਯਹੋਵਾਹ ਨੇ ਆਪਣੇ ਲੋਕਾਂ ਦੀ ਜਿੱਤਣ ਵਿਚ ਮਦਦ ਕੀਤੀ। ਮਿਸਾਲ ਲਈ, ਪਰਮੇਸ਼ੁਰ ਨੇ ਇਜ਼ਰਾਈਲੀ ਨਿਆਂਕਾਰ ਬਾਰਾਕ ਦੀ “ਮਗਿੱਦੋ ਦੇ ਪਾਣੀਆਂ ਕੋਲ” ਕਨਾਨੀਆਂ ਨੂੰ ਹਰਾਉਣ ਵਿਚ ਮਦਦ ਕੀਤੀ ਜਿਸ ਦੀ ਅਗਵਾਈ ਸੀਸਰਾ ਕਰ ਰਿਹਾ ਸੀ। ਇਸ ਚਮਤਕਾਰੀ ਜਿੱਤ ਲਈ ਬਾਰਾਕ ਤੇ ਦਬੋਰਾਹ ਨਬੀਆ ਨੇ ਯਹੋਵਾਹ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਗਾਇਆ: “ਓਹ ਅਕਾਸ਼ੋਂ ਲੜੇ, . . . ਸੀਸਰਾ ਨਾਲ ਲੜੇ। ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਰੋੜ੍ਹ ਕੇ ਲੈ ਗਈ।”—ਨਿਆ. 5:19-21.

5. ਕਿਹੜੇ ਇਕ ਅਹਿਮ ਤਰੀਕੇ ਨਾਲ ਆਰਮਾਗੇਡਨ ਦੀ ਲੜਾਈ ਬਾਰਾਕ ਵੱਲੋਂ ਲੜੀ ਗਈ ਲੜਾਈ ਨਾਲੋਂ ਵੱਖਰੀ ਹੋਵੇਗੀ?

5 ਬਾਰਾਕ ਤੇ ਦਬੋਰਾਹ ਨੇ ਆਪਣੇ ਗੀਤ ਦੇ ਅਖ਼ੀਰ ਵਿਚ ਗਾਇਆ: “ਹੇ ਯਹੋਵਾਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ! ਪਰ ਉਹ ਦੇ ਪ੍ਰੇਮੀ ਸੂਰਜ ਵਾਂਗਰ ਹੋਣ, ਜਦ ਉਹ ਆਪਣੇ ਬਲ ਨਾਲ ਚੜ੍ਹਦਾ ਹੈ।” (ਨਿਆ. 5:31) ਆਰਮਾਗੇਡਨ ਦੀ ਲੜਾਈ ਦੌਰਾਨ ਵੀ ਪਰਮੇਸ਼ੁਰ ਦੇ ਦੁਸ਼ਮਣਾਂ ਦਾ ਨਾਸ਼ ਕੀਤਾ ਜਾਵੇਗਾ ਜਦ ਕਿ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬਚਾਇਆ ਜਾਵੇਗਾ। ਪਰ ਇਨ੍ਹਾਂ ਦੋ ਲੜਾਈਆਂ ਵਿਚ ਇਕ ਅਹਿਮ ਫ਼ਰਕ ਹੈ। ਆਰਮਾਗੇਡਨ ਦੀ ਲੜਾਈ ਦੌਰਾਨ ਪਰਮੇਸ਼ੁਰ ਦੇ ਲੋਕ ਨਹੀਂ ਲੜਨਗੇ। ਉਨ੍ਹਾਂ ਕੋਲ ਤਾਂ ਹਥਿਆਰ ਵੀ ਨਹੀਂ ਹੋਣਗੇ। ਸ਼ਾਂਤ ਰਹਿਣ ਅਤੇ ਯਹੋਵਾਹ ਅਤੇ ਉਸ ਦੀਆਂ ਸਵਰਗੀ ਫ਼ੌਜਾਂ ’ਤੇ ‘ਭਰੋਸਾ’ ਰੱਖਣ ਕਰਕੇ ਉਨ੍ਹਾਂ ਨੂੰ “ਬਲ” ਮਿਲੇਗਾ।—ਯਸਾ. 30:15; ਪ੍ਰਕਾ. 19:11-15.

6. ਯਹੋਵਾਹ ਆਰਮਾਗੇਡਨ ਦੀ ਲੜਾਈ ਵਿਚ ਸ਼ਾਇਦ ਆਪਣੇ ਦੁਸ਼ਮਣਾਂ ਦਾ ਨਾਸ਼ ਕਿਵੇਂ ਕਰੇ?

6 ਪਰਮੇਸ਼ੁਰ ਆਰਮਾਗੇਡਨ ਦੀ ਲੜਾਈ ਵਿਚ ਆਪਣੇ ਦੁਸ਼ਮਣਾਂ ਦਾ ਨਾਸ਼ ਕਿਵੇਂ ਕਰੇਗਾ? ਉਹ ਸ਼ਾਇਦ ਕਈ ਤਰੀਕੇ ਵਰਤੇ। ਮਿਸਾਲ ਲਈ, ਉਹ ਸ਼ਾਇਦ ਭੁਚਾਲ਼, ਗੜਿਆਂ ਅਤੇ ਬਿਜਲੀ ਦੀ ਵਰਤੋਂ ਕਰੇ। (ਅੱਯੂ. 38:22, 23; ਹਿਜ਼. 38:19-22) ਉਹ ਸ਼ਾਇਦ ਦੁਸ਼ਮਣਾਂ ਨੂੰ ਇਕ-ਦੂਜੇ ਦੇ ਖ਼ਿਲਾਫ਼ ਲੜਾ ਦੇਵੇ। (2 ਇਤ. 20:17, 22, 23) ਨਾਲੇ ਉਹ ਸ਼ਾਇਦ ਦੁਸ਼ਟਾਂ ਦਾ ਨਾਸ਼ ਕਰਨ ਲਈ ਦੂਤਾਂ ਨੂੰ ਵਰਤੇ। (ਯਸਾ. 37:36) ਪਰਮੇਸ਼ੁਰ ਚਾਹੇ ਜਿਹੜਾ ਮਰਜ਼ੀ ਤਰੀਕਾ ਵਰਤੇ, ਪਰ ਉਸ ਦੀ ਜਿੱਤ ਪੱਕੀ ਹੈ। ਉਸ ਦੇ ਸਾਰੇ ਦੁਸ਼ਮਣ ਨਾਸ਼ ਕੀਤੇ ਜਾਣਗੇ। ਪਰ ਸਾਰੇ ਧਰਮੀ ਲੋਕ ਬਚਾਏ ਜਾਣਗੇ।—ਕਹਾ. 3:25, 26.

ਆਰਮਾਗੇਡਨ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਹੋਣਗੀਆਂ?

7-8. (ੳ) 1 ਥੱਸਲੁਨੀਕੀਆਂ 5:1-6 ਅਨੁਸਾਰ ਦੁਨੀਆਂ ਦੇ ਨੇਤਾ ਕਿਹੜਾ ਅਜੀਬ ਤਰ੍ਹਾਂ ਦਾ ਐਲਾਨ ਕਰਨਗੇ? (ਅ) ਇਹ ਝੂਠ ਖ਼ਤਰਨਾਕ ਕਿਉਂ ਹੋਵੇਗਾ?

7 “ਯਹੋਵਾਹ ਦਾ ਦਿਨ” ਆਉਣ ਤੋਂ ਪਹਿਲਾਂ “ਸ਼ਾਂਤੀ ਅਤੇ ਸੁਰੱਖਿਆ” ਕਾਇਮ ਹੋਣ ਦਾ ਐਲਾਨ ਕੀਤਾ ਜਾਵੇਗਾ। (1 ਥੱਸਲੁਨੀਕੀਆਂ 5:1-6 ਪੜ੍ਹੋ।) ਪਹਿਲਾ ਥੱਸਲੁਨੀਕੀਆਂ 5:2 ਵਿਚ “ਯਹੋਵਾਹ ਦਾ ਦਿਨ” “ਮਹਾਂਕਸ਼ਟ” ਨੂੰ ਦਰਸਾਉਂਦਾ ਹੈ। (ਪ੍ਰਕਾ. 7:14) ਸਾਨੂੰ ਕਿਵੇਂ ਪਤਾ ਲੱਗੇਗਾ ਕਿ ਮਹਾਂਕਸ਼ਟ ਬਸ ਸ਼ੁਰੂ ਹੋਣ ਹੀ ਵਾਲਾ ਹੈ? ਬਾਈਬਲ ਸਾਨੂੰ ਦੱਸਦੀ ਹੈ ਕਿ ਇਕ ਬਹੁਤ ਅਜੀਬ ਤਰ੍ਹਾਂ ਦਾ ਐਲਾਨ ਕੀਤਾ ਜਾਵੇਗਾ। ਇਹ ਐਲਾਨ ਮਹਾਂਕਸ਼ਟ ਸ਼ੁਰੂ ਹੋਣ ਦੀ ਨਿਸ਼ਾਨੀ ਹੋਵੇਗਾ।

8 ਭਵਿੱਖਬਾਣੀ ਅਨੁਸਾਰ ਇਹ ਐਲਾਨ ਕੀਤਾ ਜਾਵੇਗਾ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” ਦੁਨੀਆਂ ਦੇ ਨੇਤਾ ਇਹ ਐਲਾਨ ਕਿਉਂ ਕਰਨਗੇ? ਸਾਨੂੰ ਪੂਰੀ ਤਰ੍ਹਾਂ ਨਹੀਂ ਪਤਾ। ਕੀ ਧਾਰਮਿਕ ਗੁਰੂ ਉਨ੍ਹਾਂ ਦਾ ਸਾਥ ਦੇਣਗੇ? ਸ਼ਾਇਦ। ਪਰ ਇਹ ਐਲਾਨ ਦੁਸ਼ਟ ਦੂਤਾਂ ਦਾ ਇਕ ਹੋਰ ਝੂਠ ਹੋਵੇਗਾ। ਪਰ ਇਹ ਝੂਠ ਖ਼ਾਸ ਕਰਕੇ ਖ਼ਤਰਨਾਕ ਹੋਵੇਗਾ ਕਿਉਂਕਿ ਇਸ ਨਾਲ ਲੋਕ ਸੋਚਣਗੇ ਕਿ ਉਹ ਸੁਰੱਖਿਅਤ ਹਨ ਜਦ ਕਿ ਉਦੋਂ ਇਤਿਹਾਸ ਦਾ ਸਭ ਤੋਂ ਵੱਡਾ ਕਸ਼ਟ ਸ਼ੁਰੂ ਹੋਵੇਗਾ। ਜੀ ਹਾਂ, “ਉਦੋਂ ਇਕਦਮ ਅਚਾਨਕ ਉਨ੍ਹਾਂ ਦਾ ਵਿਨਾਸ਼ ਆ ਜਾਵੇਗਾ, ਜਿਵੇਂ ਗਰਭਵਤੀ ਤੀਵੀਂ ਨੂੰ ਅਚਾਨਕ ਪੀੜਾਂ ਲੱਗਦੀਆਂ ਹਨ।” ਯਹੋਵਾਹ ਦੇ ਵਫ਼ਾਦਾਰ ਸੇਵਕਾਂ ਬਾਰੇ ਕੀ? ਚਾਹੇ ਯਹੋਵਾਹ ਦਾ ਦਿਨ ਅਚਾਨਕ ਸ਼ੁਰੂ ਹੋ ਜਾਵੇਗਾ, ਪਰ ਉਹ ਇਸ ਦਿਨ ਲਈ ਤਿਆਰ ਹੋਣਗੇ।

9. ਕੀ ਯਹੋਵਾਹ ਸ਼ੈਤਾਨ ਦੀ ਦੁਨੀਆਂ ਦਾ ਇੱਕੋ ਵਾਰ ਨਾਸ਼ ਕਰ ਦੇਵੇਗਾ? ਸਮਝਾਓ।

9 ਯਹੋਵਾਹ ਸ਼ੈਤਾਨ ਦੀ ਦੁਨੀਆਂ ਦਾ ਇੱਕੋ ਵਾਰ ਨਾਸ਼ ਨਹੀਂ ਕਰੇਗਾ ਜਿੱਦਾਂ ਉਸ ਨੇ ਨੂਹ ਦੇ ਦਿਨਾਂ ਵਿਚ ਕੀਤਾ ਸੀ। ਇਸ ਦੀ ਬਜਾਇ, ਉਹ ਦੋ ਹਿੱਸਿਆਂ ਵਿਚ ਇਸ ਦਾ ਨਾਸ਼ ਕਰੇਗਾ। ਪਹਿਲਾ, ਉਹ ਮਹਾਂ ਬਾਬਲ ਯਾਨੀ ਝੂਠੇ ਧਰਮਾਂ ਦੇ ਸਾਮਰਾਜ ਨੂੰ ਖ਼ਤਮ ਕਰੇਗਾ। ਦੂਜਾ, ਆਰਮਾਗੇਡਨ ਦੇ ਸਮੇਂ ਉਹ ਸ਼ੈਤਾਨ ਦੀ ਬਾਕੀ ਬਚੀ ਦੁਨੀਆਂ ਦਾ ਨਾਸ਼ ਕਰੇਗਾ ਜਿਸ ਵਿਚ ਉਸ ਦਾ ਰਾਜਨੀਤਿਕ, ਮਿਲਟਰੀ ਅਤੇ ਵਪਾਰਕ ਹਿੱਸਾ ਸ਼ਾਮਲ ਹੈ। ਆਓ ਆਪਾਂ ਇਨ੍ਹਾਂ ਦੋ ਮੁੱਖ ਘਟਨਾਵਾਂ ’ਤੇ ਹੋਰ ਧਿਆਨ ਨਾਲ ਗੌਰ ਕਰੀਏ।

10. ਪ੍ਰਕਾਸ਼ ਦੀ ਕਿਤਾਬ 17:1, 6 ਅਤੇ 18:24 ਅਨੁਸਾਰ ਯਹੋਵਾਹ ਮਹਾਂ ਬਾਬਲ ਦਾ ਨਾਸ਼ ਕਿਉਂ ਕਰੇਗਾ?

10 “ਵੱਡੀ ਕੰਜਰੀ ਦਾ ਨਿਆਂ ਕਰ ਕੇ ਉਸ ਨੂੰ ਸਜ਼ਾ . . . ਦਿੱਤੀ ਜਾਵੇਗੀ।” (ਪ੍ਰਕਾਸ਼ ਦੀ ਕਿਤਾਬ 17:1, 6; 18:24 ਪੜ੍ਹੋ।) ਮਹਾਂ ਬਾਬਲ ਨੇ ਪਰਮੇਸ਼ੁਰ ਬਾਰੇ ਝੂਠੀਆਂ ਗੱਲਾਂ ਸਿਖਾ ਕੇ ਉਸ ਦੀ ਨੇਕਨਾਮੀ ’ਤੇ ਕਲੰਕ ਲਾਇਆ ਹੈ। ਇਕ ਕੰਜਰੀ ਵਾਂਗ ਝੂਠੇ ਧਰਮਾਂ ਨੇ ਸਰਕਾਰਾਂ ਦਾ ਸਾਥ ਦੇ ਕੇ ਯਹੋਵਾਹ ਨਾਲ ਬੇਵਫ਼ਾਈ ਕੀਤੀ। ਉਸ ਨੇ ਆਪਣੇ ਭਗਤਾਂ ਦਾ ਸ਼ੋਸ਼ਣ ਕਰਨ ਲਈ ਆਪਣੀ ਤਾਕਤ ਤੇ ਰੁਤਬੇ ਨੂੰ ਵਰਤਿਆ। ਨਾਲੇ ਉਸ ਨੇ ਬਹੁਤ ਸਾਰੇ ਲੋਕਾਂ ਦਾ ਖ਼ੂਨ ਵਹਾਇਆ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਲੋਕਾਂ ਦਾ ਖ਼ੂਨ ਵੀ ਸ਼ਾਮਲ ਹੈ। (ਪ੍ਰਕਾ. 19:2) ਯਹੋਵਾਹ ਮਹਾਂ ਬਾਬਲ ਦਾ ਨਾਸ਼ ਕਿਵੇਂ ਕਰੇਗਾ?

11. ‘ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ’ ਕੌਣ ਹੈ ਅਤੇ ਪਰਮੇਸ਼ੁਰ ਇਸ ਨੂੰ ਮਹਾਂ ਬਾਬਲ ਦਾ ਨਾਸ਼ ਕਰਨ ਲਈ ਕਿਵੇਂ ਵਰਤੇਗਾ?

11 ਯਹੋਵਾਹ “ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ” ਦੇ ‘ਦਸ ਸਿੰਗਾਂ’ ਰਾਹੀਂ “ਉਸ ਵੱਡੀ ਕੰਜਰੀ” ਦਾ ਨਾਸ਼ ਕਰੇਗਾ। ਇਹ ਵਹਿਸ਼ੀ ਦਰਿੰਦਾ ਸੰਯੁਕਤ ਰਾਸ਼ਟਰ-ਸੰਘ ਨੂੰ ਦਰਸਾਉਂਦਾ ਹੈ। “ਦਸ ਸਿੰਗ” ਦੁਨੀਆਂ ਦੀਆਂ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦੇ ਹਨ ਜਿਹੜੀਆਂ ਸੰਯੁਕਤ ਰਾਸ਼ਟਰ-ਸੰਘ ਦਾ ਸਮਰਥਨ ਕਰਦੀਆਂ ਹਨ।​ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ’ਤੇ ਇਹ ਰਾਜਨੀਤਿਕ ਤਾਕਤਾਂ ਮਹਾਂ ਬਾਬਲ ’ਤੇ ਹਮਲਾ ਕਰਨਗੀਆਂ। ਰਾਜਨੀਤਿਕ ਤਾਕਤਾਂ ਉਸ ਦੀ ਸਾਰੀ ਧਨ-ਦੌਲਤ ਲੈ ਕੇ ਅਤੇ ਉਸ ਦੀ ਦੁਸ਼ਟਤਾ ਦਾ ਪਰਦਾਫ਼ਾਸ਼ ਕਰ ਕੇ “ਉਸ ਨੂੰ ਬਰਬਾਦ ਤੇ ਨੰਗਾ ਕਰ” ਦੇਣਗੀਆਂ। (ਪ੍ਰਕਾ. 17:3, 16) ਇੱਕੋ ਦਿਨ ਯਾਨੀ ਅਚਾਨਕ ਨਾਸ਼ ਹੋਣ ਨਾਲ ਉਸ ਦਾ ਸਾਥ ਦੇਣ ਵਾਲਿਆਂ ਨੂੰ ਸਦਮਾ ਪਹੁੰਚੇਗਾ। ਕਿਉਂਕਿ ਉਹ ਹਮੇਸ਼ਾ ਸ਼ੇਖ਼ੀਆਂ ਮਾਰਦੀ ਸੀ: “ਮੈਂ ਤਾਂ ਰਾਣੀ ਬਣ ਕੇ ਰਾਜ ਕਰਦੀ ਹਾਂ ਅਤੇ ਮੈਂ ਵਿਧਵਾ ਨਹੀਂ ਹਾਂ ਅਤੇ ਮੈਨੂੰ ਕਦੇ ਸੋਗ ਨਹੀਂ ਮਨਾਉਣਾ ਪਵੇਗਾ।”—ਪ੍ਰਕਾ. 18:7, 8.

12. ਯਹੋਵਾਹ ਕੌਮਾਂ ਨੂੰ ਕੀ ਨਹੀਂ ਕਰਨ ਦੇਵੇਗਾ ਅਤੇ ਕਿਉਂ?

12 ਪਰਮੇਸ਼ੁਰ ਕੌਮਾਂ ਨੂੰ ਆਪਣੇ ਲੋਕਾਂ ਦਾ ਨਾਸ਼ ਨਹੀਂ ਕਰਨ ਦੇਵੇਗਾ। ਪਰਮੇਸ਼ੁਰ ਦੇ ਲੋਕਾਂ ਨੂੰ ਮਾਣ ਹੈ ਕਿ ਉਹ ਉਸ ਦੇ ਨਾਂ ਨਾਲ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੇ ਮਹਾਂ ਬਾਬਲ ਵਿੱਚੋਂ ਨਿਕਲਣ ਦੇ ਉਸ ਦੇ ਹੁਕਮ ਨੂੰ ਮੰਨਿਆ ਹੈ। (ਰਸੂ. 15:16, 17; ਪ੍ਰਕਾ. 18:4) ਉਨ੍ਹਾਂ ਨੇ ਦੂਜਿਆਂ ਦੀ ਵੀ ਮਹਾਂ ਬਾਬਲ ਵਿੱਚੋਂ ਨਿਕਲਣ ਵਿਚ ਬਹੁਤ ਮਦਦ ਕੀਤੀ ਹੈ। ਇਸ ਲਈ ਯਹੋਵਾਹ ਦੇ ਸੇਵਕਾਂ ’ਤੇ “ਉਸ ਉੱਤੇ ਆਈਆਂ ਆਫ਼ਤਾਂ” ਨਹੀਂ ਆਉਣਗੀਆਂ। ਪਰ ਫਿਰ ਵੀ ਉਨ੍ਹਾਂ ਦੀ ਨਿਹਚਾ ਪਰਖੀ ਜਾਵੇਗੀ।

ਚਾਹੇ ਪਰਮੇਸ਼ੁਰ ਦੇ ਲੋਕ ਜਿੱਥੇ ਮਰਜ਼ੀ ਰਹਿੰਦੇ ਹੋਣ, ਪਰ ਹਮਲਾ ਹੋਣ ’ਤੇ ਉਹ ਪਰਮੇਸ਼ੁਰ ’ਤੇ ਭਰੋਸਾ ਰੱਖਣਗੇ (ਪੈਰਾ 13 ਦੇਖੋ) *

13. (ੳ) ਗੋਗ ਕੌਣ ਹੈ? (ਅ) ਹਿਜ਼ਕੀਏਲ 38:2, 8, 9 ਅਨੁਸਾਰ ਗੋਗ ਕਦੋਂ ਉਸ ਹਾਲਾਤ ਜਾਂ “ਜਗ੍ਹਾ” ’ਤੇ ਪਹੁੰਚੇਗਾ ਜਿਸ ਨੂੰ ਆਰਮਾਗੇਡਨ ਕਿਹਾ ਗਿਆ ਹੈ?

13 ਗੋਗ ਦਾ ਹਮਲਾ। (ਹਿਜ਼ਕੀਏਲ 38:2, 8, 9 ਪੜ੍ਹੋ।) ਸਾਰੇ ਝੂਠੇ ਧਰਮਾਂ ਦੇ ਨਾਸ਼ ਤੋਂ ਬਾਅਦ ਪਰਮੇਸ਼ੁਰ ਦੇ ਲੋਕ ਉਸ ਦਰਖ਼ਤ ਵਾਂਗ ਹੋਣਗੇ ਜੋ ਇਕ ਵੱਡੇ ਤੂਫ਼ਾਨ ਤੋਂ ਬਾਅਦ ਇਕੱਲਾ ਖੜ੍ਹਾ ਰਹਿ ਜਾਂਦਾ ਹੈ। ਪਰ ਸ਼ੈਤਾਨ ਗੁੱਸੇ ਵਿਚ ਭੜਕ ਉੱਠੇਗਾ। ਉਹ “ਅਸ਼ੁੱਧ ਸੰਦੇਸ਼ ਦੇਣ” ਵਾਲਿਆਂ ਯਾਨੀ ਦੁਸ਼ਟ ਦੂਤਾਂ ਦੀਆਂ ਝੂਠੀਆਂ ਗੱਲਾਂ ਨੂੰ ਵਰਤ ਕੇ ਆਪਣਾ ਗੁੱਸਾ ਦਿਖਾਵੇਗਾ। ਨਤੀਜੇ ਵਜੋਂ, ਕੌਮਾਂ ਦਾ ਗਠਜੋੜ ਯਹੋਵਾਹ ਦੇ ਸੇਵਕਾਂ ’ਤੇ ਹਮਲਾ ਕਰੇਗਾ। (ਪ੍ਰਕਾ. 16:13, 14) ਕੌਮਾਂ ਦੇ ਇਸ ਗਠਜੋੜ ਨੂੰ “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ” ਕਿਹਾ ਗਿਆ ਹੈ। ਜਿਸ ਸਮੇਂ ਕੌਮਾਂ ਯਹੋਵਾਹ ਦੇ ਲੋਕਾਂ ’ਤੇ ਹਮਲਾ ਕਰਨਗੀਆਂ, ਉਸ ਸਮੇਂ ਉਹ ਉਸ ਹਾਲਾਤ ਜਾਂ “ਜਗ੍ਹਾ” ’ਤੇ ਪਹੁੰਚਣਗੀਆਂ ਜਿਸ ਨੂੰ ਆਰਮਾਗੇਡਨ ਕਿਹਾ ਗਿਆ ਹੈ।—ਪ੍ਰਕਾ. 16:16.

14. ਗੋਗ ਨੂੰ ਕੀ ਪਤਾ ਲੱਗ ਜਾਵੇਗਾ?

14 ਗੋਗ ਆਪਣੀ ਤਾਕਤ ਯਾਨੀ ਆਪਣੀਆਂ ਫ਼ੌਜਾਂ ’ਤੇ ਭਰੋਸਾ ਰੱਖੇਗਾ। (2 ਇਤ. 32:8) ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ’ਤੇ ਭਰੋਸਾ ਰੱਖਾਂਗੇ। ਇੱਦਾਂ ਕਰਨਾ ਕੌਮਾਂ ਨੂੰ ਮੂਰਖਤਾ ਭਰਿਆ ਲੱਗੇਗਾ। ਕਿਉਂ? ਕਿਉਂਕਿ ਇਕ ਸਮੇਂ ’ਤੇ ਤਾਕਤਵਰ ਮਹਾਂ ਬਾਬਲ ਨੂੰ ਵੀ ਉਸ ਦੇ ਦੇਵੀ-ਦੇਵਤੇ “ਵਹਿਸ਼ੀ ਦਰਿੰਦੇ” ਅਤੇ ਉਸ ਦੇ ‘ਦਸ ਸਿੰਗਾਂ’ ਤੋਂ ਨਹੀਂ ਬਚਾ ਸਕੇ। (ਪ੍ਰਕਾ. 17:16) ਇਸ ਲਈ ਗੋਗ ਨੂੰ ਲੱਗੇਗਾ ਕਿ ਉਹ ਆਸਾਨੀ ਨਾਲ ਜਿੱਤ ਜਾਵੇਗਾ। ਉਹ ਯਹੋਵਾਹ ਦੇ ਲੋਕਾਂ ’ਤੇ ਇੱਦਾਂ ਹਮਲਾ ਕਰੇਗਾ ਜਿਵੇਂ “ਧਰਤੀ ਨੂੰ ਬੱਦਲ” ਢੱਕ ਲੈਂਦੇ ਹਨ। (ਹਿਜ਼. 38:16) ਪਰ ਗੋਗ ਨੂੰ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਉਹ ਫੰਦੇ ਵਿਚ ਫਸ ਚੁੱਕਾ ਹੈ। ਜਿੱਦਾਂ ਲਾਲ ਸਮੁੰਦਰ ’ਤੇ ਫ਼ਿਰਊਨ ਨੇ ਜਾਣਿਆ ਸੀ, ਉੱਦਾਂ ਹੀ ਗੋਗ ਜਾਣੇਗਾ ਕਿ ਉਹ ਯਹੋਵਾਹ ਦੇ ਖ਼ਿਲਾਫ਼ ਲੜ ਰਿਹਾ ਹੈ।—ਕੂਚ 14:1-4; ਹਿਜ਼. 38:3, 4, 18, 21-23.

15. ਕਿਨ੍ਹਾਂ ਤਰੀਕਿਆਂ ਨਾਲ ਯਿਸੂ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰੇਗਾ?

15 ਮਸੀਹ ਆਪਣੀਆਂ ਸਵਰਗੀ ਫ਼ੌਜਾਂ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਬਚਾਵੇਗਾ ਅਤੇ ਗੋਗ ਦੀਆਂ ਫ਼ੌਜਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। (ਪ੍ਰਕਾ. 19:11, 14, 15) ਪਰ ਯਹੋਵਾਹ ਦੇ ਮੁੱਖ ਦੁਸ਼ਮਣ ਸ਼ੈਤਾਨ ਬਾਰੇ ਕੀ ਜਿਸ ਨੇ ਝੂਠੀਆਂ ਗੱਲਾਂ ਫੈਲਾ ਕੇ ਕੌਮਾਂ ਨੂੰ ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰਨ ਲਈ ਉਕਸਾਇਆ ਜਿਸ ਨਾਲ ਆਰਮਾਗੇਡਨ ਸ਼ੁਰੂ ਹੋਇਆ ਸੀ? ਯਿਸੂ ਉਸ ਨੂੰ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਅਥਾਹ ਕੁੰਡ ਵਿਚ ਸੁੱਟ ਦੇਵੇਗਾ ਜਿੱਥੇ ਉਨ੍ਹਾਂ ਨੂੰ ਹਜ਼ਾਰ ਸਾਲ ਲਈ ਕੈਦ ਕੀਤਾ ਜਾਵੇਗਾ।—ਪ੍ਰਕਾ. 20:1-3.

ਤੁਸੀਂ ਆਰਮਾਗੇਡਨ ਵਿੱਚੋਂ ਕਿਵੇਂ ਬਚ ਸਕਦੇ ਹੋ?

16. (ੳ) ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ‘ਪਰਮੇਸ਼ੁਰ ਨੂੰ ਜਾਣਦੇ’ ਹਾਂ? (ਅ) ਯਹੋਵਾਹ ਨੂੰ ਜਾਣਨਾ ਆਰਮਾਗੇਡਨ ਵਿਚ ਇਕ ਬਰਕਤ ਕਿਵੇਂ ਸਾਬਤ ਹੋਵੇਗਾ?

16 ਚਾਹੇ ਅਸੀਂ ਕਾਫ਼ੀ ਸਾਲਾਂ ਤੋਂ ਸੱਚਾਈ ਵਿਚ ਹਾਂ ਜਾਂ ਨਹੀਂ, ਪਰ ਆਰਮਾਗੇਡਨ ਵਿੱਚੋਂ ਬਚਣ ਲਈ ਸਾਨੂੰ ਦਿਖਾਉਣਾ ਚਾਹੀਦਾ ਹੈ ਕਿ ਅਸੀਂ ‘ਪਰਮੇਸ਼ੁਰ ਨੂੰ ਜਾਣਦੇ’ ਹਾਂ ਅਤੇ ਅਸੀਂ ਆਪਣੇ ‘ਪ੍ਰਭੂ ਯਿਸੂ ਬਾਰੇ ਖ਼ੁਸ਼ ਖ਼ਬਰੀ ਅਨੁਸਾਰ ਚੱਲਦੇ’ ਹਾਂ। (2 ਥੱਸ. 1:7-9) ਅਸੀਂ ‘ਪਰਮੇਸ਼ੁਰ ਨੂੰ ਜਾਣਦੇ’ ਹਾਂ ਜਦੋਂ ਅਸੀਂ ਉਸ ਦੀ ਪਸੰਦ-ਨਾਪਸੰਦ ਤੇ ਮਿਆਰਾਂ ਨੂੰ ਜਾਣਦੇ ਹਾਂ। ਨਾਲੇ ਉਸ ਨੂੰ ਪਿਆਰ ਕਰ ਕੇ, ਉਸ ਦਾ ਕਹਿਣਾ ਮੰਨ ਕੇ ਅਤੇ ਸਿਰਫ਼ ਉਸ ਦੀ ਹੀ ਭਗਤੀ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਜਾਣਦੇ ਹਾਂ। (1 ਯੂਹੰ. 2:3-5; 5:3) ਜਦੋਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ, ਤਾਂ ਸਾਨੂੰ ਇਹ ਸਨਮਾਨ ਮਿਲਦਾ ਹੈ ਕਿ ਉਹ ਸਾਨੂੰ “ਜਾਣਦਾ ਹੈ” ਜਿਸ ਕਰਕੇ ਅਸੀਂ ਆਰਮਾਗੇਡਨ ਵਿੱਚੋਂ ਬਚ ਸਕਾਂਗੇ। (1 ਕੁਰਿੰ. 8:3) ਕਿਵੇਂ? ਪਰਮੇਸ਼ੁਰ ਦੁਆਰਾ ਜਾਣੇ ਜਾਣ ਦਾ ਮਤਲਬ ਹੈ ਕਿ ਸਾਡੇ ’ਤੇ ਪਰਮੇਸ਼ੁਰ ਦੀ ਮਿਹਰ ਹੈ।

17. “ਪ੍ਰਭੂ ਯਿਸੂ ਬਾਰੇ ਖ਼ੁਸ਼ ਖ਼ਬਰੀ ਅਨੁਸਾਰ” ਚੱਲਣ ਦਾ ਕੀ ਮਤਲਬ ਹੈ?

17 “ਪ੍ਰਭੂ ਯਿਸੂ ਬਾਰੇ ਖ਼ੁਸ਼ ਖ਼ਬਰੀ” ਵਿਚ ਯਿਸੂ ਦੁਆਰਾ ਸਿਖਾਈਆਂ ਉਹ ਸਾਰੀਆਂ ਸਿੱਖਿਆਵਾਂ ਸ਼ਾਮਲ ਹਨ ਜੋ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਪੜ੍ਹਦੇ ਹਾਂ। ਆਪਣੀ ਜ਼ਿੰਦਗੀ ਵਿਚ ਇਨ੍ਹਾਂ ਸਿੱਖਿਆਵਾਂ ਨੂੰ ਲਾਗੂ ਕਰ ਕੇ ਅਸੀਂ ਖ਼ੁਸ਼ ਖ਼ਬਰੀ ਅਨੁਸਾਰ ਚੱਲਦੇ ਹਾਂ। ਯਹੋਵਾਹ ਦੀ ਸੇਵਾ ਨੂੰ ਪਹਿਲ ਦੇ ਕੇ, ਉਸ ਦੇ ਧਰਮੀ ਮਿਆਰਾਂ ਅਨੁਸਾਰ ਚੱਲ ਕੇ ਅਤੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਕੇ ਵੀ ਅਸੀਂ ਖ਼ੁਸ਼ ਖ਼ਬਰੀ ਅਨੁਸਾਰ ਚੱਲਦੇ ਹਾਂ। (ਮੱਤੀ 6:33; 24:14) ਨਾਲੇ ਇਸ ਵਿਚ ਮਸੀਹ ਦੇ ਚੁਣੇ ਹੋਏ ਭਰਾਵਾਂ ਦਾ ਸਾਥ ਦੇਣਾ ਵੀ ਸ਼ਾਮਲ ਹੈ ਜੋ ਖ਼ੁਸ਼ ਖ਼ਬਰੀ ਸੁਣਾਉਣ ਅਤੇ ਚੇਲੇ ਬਣਾਉਣ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਦੇ ਹਨ।—ਮੱਤੀ 25:31-40.

18. ਪਰਮੇਸ਼ੁਰ ਦੇ ਚੁਣੇ ਹੋਏ ਸੇਵਕ ਜਲਦੀ ਹੀ “ਹੋਰ ਭੇਡਾਂ” ਦੁਆਰਾ ਦਿਖਾਏ ਗਏ ਪਿਆਰ ਦਾ ਇਨਾਮ ਕਿਵੇਂ ਦੇਣਗੇ?

18 ਪਰਮੇਸ਼ੁਰ ਦੇ ਚੁਣੇ ਹੋਏ ਸੇਵਕ ਜਲਦੀ ਹੀ “ਹੋਰ ਭੇਡਾਂ” ਦੁਆਰਾ ਦਿਖਾਏ ਗਏ ਪਿਆਰ ਦਾ ਇਨਾਮ ਦੇਣਗੇ। (ਯੂਹੰ. 10:16) ਕਿਵੇਂ? ਆਰਮਾਗੇਡਨ ਦੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ 1,44,000 ਵਿੱਚੋਂ ਬਾਕੀ ਬਚੇ ਹੋਇਆਂ ਨੂੰ ਸਵਰਗ ਵਿਚ ਅਮਰ ਸਰੀਰ ਵਿਚ ਜੀਉਂਦਾ ਕੀਤਾ ਜਾਵੇਗਾ। ਫਿਰ ਉਹ ਉਨ੍ਹਾਂ ਸਵਰਗੀ ਫ਼ੌਜਾਂ ਦਾ ਹਿੱਸਾ ਹੋਣਗੇ ਜਿਹੜੀਆਂ ਗੋਗ ਦਾ ਨਾਸ਼ ਕਰਨਗੀਆਂ ਅਤੇ ਭੇਡਾਂ ਵਰਗੇ ਲੋਕਾਂ ਦੀ “ਵੱਡੀ ਭੀੜ” ਨੂੰ ਬਚਾਉਣਗੀਆਂ। (ਪ੍ਰਕਾ. 2:26, 27; 7:9, 10) ਜੀ ਹਾਂ, ਵੱਡੀ ਭੀੜ ਕੋਲ ਇਹ ਕਿੰਨਾ ਵੱਡਾ ਸਨਮਾਨ ਸੀ ਕਿ ਉਹ ਯਹੋਵਾਹ ਦੇ ਚੁਣੇ ਹੋਏ ਸੇਵਕਾਂ ਦਾ ਸਾਥ ਦੇ ਸਕੇ ਜਦੋਂ ਉਹ ਧਰਤੀ ’ਤੇ ਸਨ!

ਅੰਤ ਨੇੜੇ ਆਉਂਦਾ ਦੇਖ ਕੇ ਅਸੀਂ ਵਫ਼ਾਦਾਰ ਕਿਵੇਂ ਬਣੇ ਰਹਿ ਸਕਦੇ ਹਾਂ?

19-20. ਆਰਮਾਗੇਡਨ ਨੇੜੇ ਆਉਂਦਾ ਦੇਖ ਕੇ ਅਸੀਂ ਅਜ਼ਮਾਇਸ਼ਾਂ ਦੌਰਾਨ ਵੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ?

19 ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਯਹੋਵਾਹ ਦੇ ਬਹੁਤ ਸਾਰੇ ਸੇਵਕ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹਨ। ਪਰ ਫਿਰ ਵੀ ਅਸੀਂ ਖ਼ੁਸ਼ੀ ਨਾਲ ਸਭ ਕੁਝ ਸਹਿ ਸਕਦੇ ਹਾਂ। (ਯਾਕੂ. 1:2-4) ਲਗਾਤਾਰ ਪ੍ਰਾਰਥਨਾ ਕਰਦੇ ਰਹਿਣ ਨਾਲ ਸਾਡੀ ਬਹੁਤ ਮਦਦ ਹੋ ਸਕਦੀ ਹੈ। (ਲੂਕਾ 21:36) ਸਾਨੂੰ ਸਿਰਫ਼ ਪ੍ਰਾਰਥਨਾ ਹੀ ਨਹੀਂ ਕਰਨੀ ਚਾਹੀਦੀ, ਸਗੋਂ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਅਤੇ ਇਸ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਨਾਲੇ ਸਾਨੂੰ ਉਨ੍ਹਾਂ ਭਵਿੱਖਬਾਣੀਆਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਜੋ ਜਲਦੀ ਹੀ ਪੂਰੀਆਂ ਹੋਣਗੀਆਂ। (ਜ਼ਬੂ. 77:12) ਇਹ ਚੀਜ਼ਾਂ ਕਰਨ ਦੇ ਨਾਲ-ਨਾਲ ਪ੍ਰਚਾਰ ਵਿਚ ਜੋਸ਼ ਨਾਲ ਹਿੱਸਾ ਲੈ ਕੇ ਅਸੀਂ ਆਪਣੀ ਨਿਹਚਾ ਤੇ ਉਮੀਦ ਪੱਕੀ ਰੱਖ ਸਕਾਂਗੇ।

20 ਜ਼ਰਾ ਸੋਚੋ ਕਿ ਤੁਸੀਂ ਉਦੋਂ ਕਿੰਨੇ ਖ਼ੁਸ਼ ਹੋਵੋਗੇ ਜਦੋਂ ਮਹਾਂ ਬਾਬਲ ਦਾ ਨਾਸ਼ ਹੋ ਜਾਵੇਗਾ ਅਤੇ ਆਰਮਾਗੇਡਨ ਦੀ ਲੜਾਈ ਖ਼ਤਮ ਹੋ ਜਾਵੇਗੀ! ਨਾਲੇ ਜ਼ਰਾ ਸੋਚੋ ਕਿ ਤੁਹਾਨੂੰ ਉਦੋਂ ਕਿੰਨੀ ਖ਼ੁਸ਼ੀ ਹੋਵੋਗੀ ਜਦੋਂ ਪਰਮੇਸ਼ੁਰ ਦੇ ਨਾਂ ’ਤੇ ਲਗਾਇਆ ਕਲੰਕ ਮਿਟ ਜਾਵੇਗਾ ਅਤੇ ਉਸ ਦੇ ਰਾਜ ਕਰਨ ਦਾ ਹੱਕ ਬੁਲੰਦ ਹੋਵੇਗਾ। (ਹਿਜ਼. 38:23) ਜੀ ਹਾਂ, ਆਰਮਾਗੇਡਨ ਉਨ੍ਹਾਂ ਲੋਕਾਂ ਲਈ ਇਕ ਖ਼ੁਸ਼ੀ ਦੀ ਖ਼ਬਰ ਹੈ ਜੋ ਪਰਮੇਸ਼ੁਰ ਨੂੰ ਜਾਣਦੇ, ਉਸ ਦੇ ਪੁੱਤਰ ਦਾ ਕਹਿਣਾ ਮੰਨਦੇ ਅਤੇ ਅੰਤ ਤਕ ਵਫ਼ਾਦਾਰ ਰਹਿੰਦੇ ਹਨ।—ਮੱਤੀ 24:13.

ਗੀਤ 32 ਤਕੜੇ ਹੋਵੋ, ਦ੍ਰਿੜ੍ਹ ਬਣੋ!

^ ਪੈਰਾ 5 ਯਹੋਵਾਹ ਦੇ ਲੋਕ ਕਾਫ਼ੀ ਸਮੇਂ ਤੋਂ ਆਰਮਾਗੇਡਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਆਰਮਾਗੇਡਨ ਕੀ ਹੈ, ਆਰਮਾਗੇਡਨ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਹੋਣਗੀਆਂ ਅਤੇ ਜਿੱਦਾਂ-ਜਿੱਦਾਂ ਆਰਮਾਗੇਡਨ ਨੇੜੇ ਆ ਰਿਹਾ ਹੈ, ਅਸੀਂ ਵਫ਼ਾਦਾਰ ਕਿਵੇਂ ਬਣੇ ਰਹਿ ਸਕਦੇ ਹਾਂ।

^ ਪੈਰਾ 71 ਤਸਵੀਰਾਂ ਬਾਰੇ ਜਾਣਕਾਰੀ: ਸਾਡੇ ਆਲੇ-ਦੁਆਲੇ ਅਹਿਮ ਘਟਨਾਵਾਂ ਹੋਣਗੀਆਂ। ਅਸੀਂ (1) ਪੂਰੀ ਵਾਹ ਲਾ ਕੇ ਪ੍ਰਚਾਰ ਵਿਚ ਹਿੱਸਾ ਲਵਾਂਗੇ, (2) ਅਧਿਐਨ ਕਰਦੇ ਰਹਾਂਗੇ ਅਤੇ (3) ਪਰਮੇਸ਼ੁਰ ਦੀ ਬਚਾਉਣ ਦੀ ਤਾਕਤ ’ਤੇ ਹਮੇਸ਼ਾ ਭਰੋਸਾ ਰੱਖਾਂਗੇ।

^ ਪੈਰਾ 85 ਤਸਵੀਰਾਂ ਬਾਰੇ ਜਾਣਕਾਰੀ: ਪੁਲਿਸ ਇਕ ਪਰਿਵਾਰ ਦੇ ਘਰ ’ਤੇ ਛਾਪਾ ਮਾਰਨ ਲਈ ਤਿਆਰ ਹੈ। ਇਸ ਪਰਿਵਾਰ ਨੂੰ ਭਰੋਸਾ ਹੈ ਕਿ ਯਿਸੂ ਤੇ ਉਸ ਦੇ ਦੂਤਾਂ ਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ।