Skip to content

Skip to table of contents

ਅਧਿਐਨ ਲੇਖ 37

ਯਹੋਵਾਹ ਦੇ ਹੋਰ ਵੀ ਅਧੀਨ ਹੋਵੋ

ਯਹੋਵਾਹ ਦੇ ਹੋਰ ਵੀ ਅਧੀਨ ਹੋਵੋ

“ਕੀ ਸਾਨੂੰ . . . ਪਿਤਾ ਦੇ ਹੋਰ ਵੀ ਅਧੀਨ ਨਹੀਂ ਰਹਿਣਾ ਚਾਹੀਦਾ?”—ਇਬ. 12:9.

ਗੀਤ 46 ਯਹੋਵਾਹ ਹੈ ਸਾਡਾ ਰਾਜਾ!

ਖ਼ਾਸ ਗੱਲਾਂ *

1. ਸਾਨੂੰ ਯਹੋਵਾਹ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ?

ਸਾਨੂੰ ਯਹੋਵਾਹ ਦੇ ਅਧੀਨ * ਰਹਿਣਾ ਚਾਹੀਦਾ ਹੈ ਕਿਉਂਕਿ ਉਹ ਸਾਡਾ ਸਿਰਜਣਹਾਰ ਹੈ। ਇਸ ਲਈ ਉਸ ਕੋਲ ਆਪਣੀ ਸ੍ਰਿਸ਼ਟੀ ਲਈ ਸਹੀ ਤੇ ਗ਼ਲਤ ਸੰਬੰਧੀ ਮਿਆਰ ਤੈਅ ਕਰਨ ਦਾ ਹੱਕ ਹੈ। (ਪ੍ਰਕਾ. 4:11) ਪਰ ਸਾਡੇ ਕੋਲ ਉਸ ਦੇ ਅਧੀਨ ਰਹਿਣ ਦਾ ਇਕ ਹੋਰ ਠੋਸ ਕਾਰਨ ਹੈ, ਉਹ ਹੈ ਕਿ ਉਸ ਦੇ ਰਾਜ ਕਰਨ ਦਾ ਤਰੀਕਾ ਸਭ ਤੋਂ ਵਧੀਆ ਹੈ। ਪੂਰੇ ਇਤਿਹਾਸ ਦੌਰਾਨ ਬਹੁਤ ਸਾਰੇ ਹਾਕਮ ਆਏ ਜਿਨ੍ਹਾਂ ਕੋਲ ਕੁਝ ਹੱਦ ਤਕ ਤਾਕਤ ਅਤੇ ਦੂਜਿਆਂ ’ਤੇ ਅਧਿਕਾਰ ਸੀ। ਇਨ੍ਹਾਂ ਦੀ ਤੁਲਨਾ ਵਿਚ ਯਹੋਵਾਹ ਸਭ ਤੋਂ ਬੁੱਧੀਮਾਨ, ਪਿਆਰ ਕਰਨ ਵਾਲਾ, ਦਇਆਵਾਨ ਅਤੇ ਹਮਦਰਦ ਹਾਕਮ ਹੈ।—ਕੂਚ 34:6; ਰੋਮੀ. 16:27; 1 ਯੂਹੰ. 4:8.

2. ਇਬਰਾਨੀਆਂ 12:9-11 ਵਿਚ ਯਹੋਵਾਹ ਦੇ ਅਧੀਨ ਰਹਿਣ ਦੇ ਕਿਹੜੇ ਕਾਰਨ ਦਿੱਤੇ ਗਏ ਹਨ?

2 ਯਹੋਵਾਹ ਸਿਰਫ਼ ਇਸ ਕਰਕੇ ਨਹੀਂ ਚਾਹੁੰਦਾ ਹੈ ਕਿ ਅਸੀਂ ਉਸ ਦੇ ਅਧੀਨ ਰਹੀਏ ਕਿਉਂਕਿ ਅਸੀਂ ਉਸ ਤੋਂ ਡਰਦੇ ਹਾਂ, ਸਗੋਂ ਇਸ ਕਰਕੇ ਵੀ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਨੂੰ ਆਪਣਾ ਪਿਆਰਾ ਪਿਤਾ ਮੰਨਦੇ ਹਾਂ। ਪੌਲੁਸ ਨੇ ਇਬਰਾਨੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਦੱਸਿਆ ਕਿ ਸਾਨੂੰ ਆਪਣੇ “ਪਿਤਾ ਦੇ ਹੋਰ ਵੀ ਅਧੀਨ” ਰਹਿਣਾ ਚਾਹੀਦਾ ਹੈ ਕਿਉਂਕਿ ਉਹ “ਸਾਨੂੰ ਸਾਡੇ ਭਲੇ ਲਈ” ਸਿੱਖਿਆ ਦਿੰਦਾ ਹੈ।—ਇਬਰਾਨੀਆਂ 12:9-11 ਪੜ੍ਹੋ।

3. (ੳ) ਅਸੀਂ ਯਹੋਵਾਹ ਪ੍ਰਤੀ ਅਧੀਨਗੀ ਕਿਵੇਂ ਦਿਖਾ ਸਕਦੇ ਹਾਂ? (ਅ) ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?

3 ਅਸੀਂ ਹਰ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨਣ ਦੀ ਪੂਰੀ ਕੋਸ਼ਿਸ਼ ਕਰ ਕੇ ਅਤੇ ਆਪਣੀ ਸਮਝ ’ਤੇ ਭਰੋਸਾ ਰੱਖਣ ਦੀ ਆਪਣੀ ਇੱਛਾ ਤੋਂ ਭੱਜ ਕੇ ਯਹੋਵਾਹ ਦੇ ਅਧੀਨ ਰਹਿੰਦੇ ਹਾਂ। (ਕਹਾ. 3:5) ਯਹੋਵਾਹ ਦੇ ਸ਼ਾਨਦਾਰ ਗੁਣਾਂ ਬਾਰੇ ਜਾਣ ਕੇ ਸਾਡੇ ਲਈ ਉਸ ਦੇ ਅਧੀਨ ਰਹਿਣਾ ਹੋਰ ਵੀ ਸੌਖਾ ਹੋ ਜਾਂਦਾ ਹੈ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਸਾਰੇ ਕੰਮਾਂ ਵਿਚ ਇਨ੍ਹਾਂ ਸ਼ਾਨਦਾਰ ਗੁਣਾਂ ਦੀ ਝਲਕ ਮਿਲਦੀ ਹੈ। (ਜ਼ਬੂ. 145:9) ਜਿੰਨਾ ਜ਼ਿਆਦਾ ਅਸੀਂ ਯਹੋਵਾਹ ਬਾਰੇ ਜਾਣਾਂਗੇ, ਉੱਨਾ ਜ਼ਿਆਦਾ ਉਸ ਲਈ ਸਾਡਾ ਪਿਆਰ ਵਧੇਗਾ। ਯਹੋਵਾਹ ਨਾਲ ਪਿਆਰ ਹੋਣ ਕਰਕੇ ਸਾਨੂੰ ਉਸ ਦੇ ਹੁਕਮਾਂ ਦੀ ਲੰਬੀ-ਚੌੜੀ ਲਿਸਟ ਦੀ ਲੋੜ ਨਹੀਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਅਸੀਂ ਯਹੋਵਾਹ ਵਾਂਗ ਚੰਗੇ ਕੰਮਾਂ ਨੂੰ ਪਿਆਰ ਅਤੇ ਬੁਰੇ ਕੰਮਾਂ ਨੂੰ ਨਫ਼ਰਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। (ਜ਼ਬੂ. 97:10) ਪਰ ਕਦੀ-ਕਦੀ ਸਾਡੇ ਲਈ ਯਹੋਵਾਹ ਦਾ ਕਹਿਣਾ ਮੰਨਣਾ ਔਖਾ ਹੋ ਸਕਦਾ ਹੈ। ਇਸ ਤਰ੍ਹਾਂ ਕਿਉਂ ਹੁੰਦਾ ਹੈ? ਨਾਲੇ ਰਾਜਪਾਲ ਨਹਮਯਾਹ, ਰਾਜਾ ਦਾਊਦ ਅਤੇ ਯਿਸੂ ਦੀ ਮਾਤਾ ਮਰੀਅਮ ਤੋਂ ਮੰਡਲੀ ਦੇ ਬਜ਼ੁਰਗ, ਪਿਤਾ ਅਤੇ ਮਾਵਾਂ ਕੀ ਸਿੱਖ ਸਕਦੇ ਹਨ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

ਯਹੋਵਾਹ ਦੇ ਅਧੀਨ ਰਹਿਣਾ ਔਖਾ ਕਿਉਂ ਹੋ ਸਕਦਾ ਹੈ?

4-5. ਰੋਮੀਆਂ 7:21-23 ਮੁਤਾਬਕ ਯਹੋਵਾਹ ਦੇ ਅਧੀਨ ਰਹਿਣਾ ਔਖਾ ਕਿਉਂ ਹੋ ਸਕਦਾ ਹੈ?

4 ਇਕ ਕਾਰਨ ਹੈ ਜਿਸ ਕਰਕੇ ਯਹੋਵਾਹ ਦੇ ਅਧੀਨ ਰਹਿਣਾ ਔਖਾ ਹੋ ਸਕਦਾ ਹੈ। ਉਹ ਹੈ, ਅਸੀਂ ਸਾਰੇ ਜਨਮ ਤੋਂ ਪਾਪੀ ਅਤੇ ਨਾਮੁਕੰਮਲ ਹਾਂ। ਇਸ ਕਰਕੇ ਸਾਡਾ ਸੁਭਾਅ ਵੀ ਬਾਗ਼ੀ ਹੈ। ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰਨ ਅਤੇ ਮਨ੍ਹਾ ਕੀਤਾ ਫਲ ਖਾਣ ਤੋਂ ਬਾਅਦ ਆਦਮ ਤੇ ਹੱਵਾਹ ਨੇ ਆਪਣੇ ਲਈ ਸਹੀ-ਗ਼ਲਤ ਲਈ ਮਿਆਰ ਤੈਅ ਕੀਤੇ। (ਉਤ. 3:22) ਅੱਜ ਵੀ ਜ਼ਿਆਦਾਤਰ ਲੋਕ ਯਹੋਵਾਹ ਨੂੰ ਨਜ਼ਰਅੰਦਾਜ਼ ਕਰ ਕੇ ਆਪਣੇ ਲਈ ਸਹੀ-ਗ਼ਲਤ ਦੇ ਮਿਆਰ ਤੈਅ ਕਰਨਾ ਪਸੰਦ ਕਰਦੇ ਹਨ।

5 ਯਹੋਵਾਹ ਨੂੰ ਜਾਣਨ ਤੇ ਪਿਆਰ ਕਰਨ ਵਾਲਿਆਂ ਨੂੰ ਵੀ ਪੂਰੀ ਤਰ੍ਹਾਂ ਉਸ ਦੇ ਅਧੀਨ ਰਹਿਣਾ ਔਖਾ ਲੱਗਦਾ ਹੈ। ਪੌਲੁਸ ਰਸੂਲ ਨੂੰ ਇਸ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ। (ਰੋਮੀਆਂ 7:21-23 ਪੜ੍ਹੋ।) ਪੌਲੁਸ ਵਾਂਗ ਅਸੀਂ ਵੀ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਨੇ ਚਾਹੁੰਦੇ ਹਾਂ। ਪਰ ਸਾਨੂੰ ਗ਼ਲਤ ਕੰਮ ਕਰਨ ਦੇ ਆਪਣੇ ਝੁਕਾਅ ਨਾਲ ਲਗਾਤਾਰ ਲੜਨਾ ਪੈਂਦਾ ਹੈ।

6-7. ਦੂਜਾ ਕਾਰਨ ਕਿਹੜਾ ਹੈ ਜਿਸ ਕਰਕੇ ਯਹੋਵਾਹ ਦੇ ਅਧੀਨ ਰਹਿਣਾ ਔਖਾ ਹੁੰਦਾ ਹੈ? ਇਕ ਮਿਸਾਲ ਦਿਓ।

6 ਇਕ ਹੋਰ ਕਾਰਨ ਹੈ ਜਿਸ ਕਰਕੇ ਯਹੋਵਾਹ ਦੇ ਅਧੀਨ ਰਹਿਣਾ ਔਖਾ ਹੋ ਸਕਦਾ ਹੈ, ਉਹ ਹੈ ਸਾਡਾ ਸਭਿਆਚਾਰ ਜਿਸ ਦਾ ਅਸਰ ਸਾਡੇ ’ਤੇ ਪੈਂਦਾ ਹੈ। ਬਹੁਤ ਸਾਰੇ ਲੋਕਾਂ ਦੇ ਵਿਚਾਰ ਯਹੋਵਾਹ ਦੀ ਇੱਛਾ ਨਾਲ ਮੇਲ ਨਹੀਂ ਖਾਂਦੇ ਜਿਸ ਕਰਕੇ ਲੋਕਾਂ ਵਰਗੀ ਸੋਚ ਤੋਂ ਬਚਣ ਲਈ ਸਾਨੂੰ ਲਗਾਤਾਰ ਜੱਦੋ-ਜਹਿਦ ਕਰਨੀ ਪੈ ਸਕਦੀ ਹੈ। ਜ਼ਰਾ ਇਕ ਮਿਸਾਲ ’ਤੇ ਗੌਰ ਕਰੋ।

7 ਕੁਝ ਥਾਵਾਂ ’ਤੇ ਇਹ ਆਮ ਹੈ ਕਿ ਨੌਜਵਾਨਾਂ ’ਤੇ ਜ਼ਿੰਦਗੀ ਵਿਚ ਬਹੁਤ ਸਾਰਾ ਪੈਸਾ ਕਮਾਉਣ ਦਾ ਦਬਾਅ ਪਾਇਆ ਜਾਂਦਾ ਹੈ। ਮੈਰੀ * ਨਾਂ ਦੀ ਭੈਣ ਨੂੰ ਇਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ। ਯਹੋਵਾਹ ਬਾਰੇ ਸਿੱਖਣ ਤੋਂ ਪਹਿਲਾਂ ਉਹ ਆਪਣੇ ਦੇਸ਼ ਦੀ ਇਕ ਵਧੀਆ ਯੂਨੀਵਰਸਿਟੀ ਵਿਚ ਪੜ੍ਹਦੀ ਸੀ। ਮੈਰੀ ਦਾ ਪਰਿਵਾਰ ਉਸ ’ਤੇ ਦਬਾਅ ਪਾਉਂਦਾ ਸੀ ਕਿ ਉਹ ਮੋਟੀ ਕਮਾਈ ਵਾਲੀ ਅਤੇ ਇੱਜ਼ਤ-ਮਾਣ ਵਾਲੀ ਨੌਕਰੀ ਕਰੇ। ਉਹ ਵੀ ਇਹੀ ਚਾਹੁੰਦੀ ਸੀ। ਪਰ ਯਹੋਵਾਹ ਬਾਰੇ ਸਿੱਖਣ ਤੇ ਆਪਣੇ ਦਿਲ ਵਿਚ ਉਸ ਲਈ ਪਿਆਰ ਪੈਦਾ ਕਰਨ ਤੋਂ ਬਾਅਦ ਮੈਰੀ ਦੇ ਟੀਚੇ ਬਦਲ ਗਏ। ਫਿਰ ਵੀ ਉਹ ਦੱਸਦੀ ਹੈ: “ਕਈ ਵਾਰ ਮੇਰੇ ਸਾਮ੍ਹਣੇ ਵਪਾਰ ਦੇ ਇੱਦਾਂ ਦੇ ਦਿਲ ਖਿੱਚਵੇਂ ਮੌਕੇ ਆਉਂਦੇ ਹਨ ਜਿਨ੍ਹਾਂ ਕਰਕੇ ਮੈਂ ਬਹੁਤ ਸਾਰਾ ਪੈਸਾ ਕਮਾ ਸਕਦੀ ਹਾਂ, ਪਰ ਇਸ ਕਰਕੇ ਮੈਂ ਯਹੋਵਾਹ ਦੀ ਸੇਵਾ ਉਸ ਤਰ੍ਹਾਂ ਨਹੀਂ ਕਰ ਸਕਾਂਗੀ ਜਿਸ ਤਰ੍ਹਾਂ ਮੈਂ ਹੁਣ ਕਰ ਸਕਦੀ ਹਾਂ। ਜਿਸ ਤਰੀਕੇ ਨਾਲ ਮੇਰੀ ਪਰਵਰਿਸ਼ ਹੋਈ ਹੈ, ਉਸ ਕਰਕੇ ਮੇਰੇ ਲਈ ਹਾਲੇ ਵੀ ਨਾਂਹ ਕਹਿਣੀ ਔਖੀ ਹੁੰਦੀ ਹੈ। ਮੈਂ ਯਹੋਵਾਹ ਦੇ ਤਰਲੇ ਕਰਦੀ ਹਾਂ ਕਿ ਮੈਂ ਉਹ ਕੰਮ ਸਵੀਕਾਰ ਨਾ ਕਰਾਂ ਜੋ ਮੈਨੂੰ ਉਸ ਦੀ ਸੇਵਾ ਕਰਨ ਤੋਂ ਰੋਕ ਸਕਦਾ ਹੈ।”—ਮੱਤੀ 6:24.

8. ਅਸੀਂ ਕਿਸ ਗੱਲ ’ਤੇ ਗੌਰ ਕਰਾਂਗੇ?

8 ਯਹੋਵਾਹ ਦੇ ਅਧੀਨ ਰਹਿ ਕੇ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ। ਪਰ ਜਿਨ੍ਹਾਂ ਕੋਲ ਕੁਝ ਹੱਦ ਤਕ ਅਧਿਕਾਰ ਹੈ, ਜਿਵੇਂ ਬਜ਼ੁਰਗ, ਪਿਤਾ ਤੇ ਮਾਵਾਂ, ਉਨ੍ਹਾਂ ਕੋਲ ਪਰਮੇਸ਼ੁਰ ਦੇ ਕਹਿਣੇ ਮੁਤਾਬਕ ਚੱਲਣ ਦਾ ਇਕ ਹੋਰ ਵਧੀਆ ਕਾਰਨ ਹੈ। ਇਹ ਕਾਰਨ ਹੈ ਕਿ ਉਨ੍ਹਾਂ ਕੋਲ ਦੂਸਰਿਆਂ ਦਾ ਭਲਾ ਕਰਨ ਦਾ ਮੌਕਾ ਹੈ। ਆਓ ਆਪਾਂ ਬਾਈਬਲ ਵਿੱਚੋਂ ਕੁਝ ਮਿਸਾਲਾਂ ’ਤੇ ਗੌਰ ਕਰੀਏ ਜਿਨ੍ਹਾਂ ਤੋਂ ਅਸੀਂ ਸਿੱਖਾਂਗੇ ਕਿ ਅਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਆਪਣੇ ਅਧਿਕਾਰ ਨੂੰ ਕਿਵੇਂ ਵਰਤ ਸਕਦੇ ਹਾਂ।

ਨਹਮਯਾਹ ਤੋਂ ਬਜ਼ੁਰਗ ਕੀ ਸਿੱਖ ਸਕਦੇ ਹਨ?

ਬਜ਼ੁਰਗ ਕਿੰਗਡਮ ਹਾਲ ਦੇ ਕੰਮ ਵਿਚ ਹਿੱਸਾ ਲੈਂਦੇ ਹੋਏ ਠੀਕ ਜਿਵੇਂ ਨਹਮਯਾਹ ਨੇ ਖ਼ੁਦ ਯਰੂਸ਼ਲਮ ਦੀਆਂ ਕੰਧਾਂ ਫਿਰ ਤੋਂ ਬਣਾਉਣ ਵਿਚ ਮਦਦ ਕੀਤੀ ਸੀ (ਪੈਰੇ 9-11 ਦੇਖੋ) *

9. ਨਹਮਯਾਹ ਸਾਮ੍ਹਣੇ ਕਿਹੜੀਆਂ ਚੁਣੌਤੀਆਂ ਆਈਆਂ?

9 ਯਹੋਵਾਹ ਨੇ ਬਜ਼ੁਰਗਾਂ ਨੂੰ ਆਪਣੇ ਲੋਕਾਂ ਦੀ ਦੇਖ-ਭਾਲ ਕਰਨ ਦੀ ਖ਼ਾਸ ਜ਼ਿੰਮੇਵਾਰੀ ਦਿੱਤੀ ਹੈ। (1 ਪਤ. 5:2) ਨਹਮਯਾਹ ਜਿਸ ਤਰੀਕੇ ਨਾਲ ਯਹੋਵਾਹ ਦੇ ਲੋਕਾਂ ਨਾਲ ਪੇਸ਼ ਆਇਆ, ਉਸ ਤੋਂ ਬਜ਼ੁਰਗ ਬਹੁਤ ਕੁਝ ਸਿੱਖ ਸਕਦੇ ਹਨ। ਯਹੂਦਾਹ ਦੇ ਰਾਜਪਾਲ ਨਹਮਯਾਹ ਕੋਲ ਬਹੁਤ ਅਧਿਕਾਰ ਸੀ। (ਨਹ. 1:11; 2:7, 8; 5:14) ਜ਼ਰਾ ਨਹਮਯਾਹ ਸਾਮ੍ਹਣੇ ਆਈਆਂ ਕੁਝ ਚੁਣੌਤੀਆਂ ’ਤੇ ਗੌਰ ਕਰੋ। ਉਸ ਨੂੰ ਪਤਾ ਲੱਗਾ ਕਿ ਲੋਕਾਂ ਨੇ ਮੰਦਰ ਨੂੰ ਭ੍ਰਿਸ਼ਟ ਕਰ ਦਿੱਤਾ ਸੀ ਅਤੇ ਮੂਸਾ ਦੇ ਕਾਨੂੰਨ ਮੁਤਾਬਕ ਉਹ ਲੇਵੀਆਂ ਨੂੰ ਦਾਨ ਨਹੀਂ ਦੇ ਰਹੇ ਸਨ। ਯਹੂਦੀ ਸਬਤ ਦੇ ਕਾਨੂੰਨ ਦੀ ਉਲੰਘਣਾ ਕਰ ਰਹੇ ਸਨ ਅਤੇ ਕੁਝ ਆਦਮੀਆਂ ਨੇ ਤਾਂ ਹੋਰ ਕੌਮਾਂ ਦੀਆਂ ਔਰਤਾਂ ਨਾਲ ਵਿਆਹ ਕਰਵਾ ਲਏ ਸਨ। ਰਾਜਪਾਲ ਨਹਮਯਾਹ ਨੂੰ ਇਨ੍ਹਾਂ ਔਖੇ ਹਾਲਾਤਾਂ ਨਾਲ ਨਜਿੱਠਣਾ ਪੈਣਾ ਸੀ।—ਨਹ. 13:4-30.

10. ਨਹਮਯਾਹ ਯਹੋਵਾਹ ਦੇ ਲੋਕਾਂ ਨਾਲ ਕਿਵੇਂ ਪੇਸ਼ ਆਇਆ?

10 ਨਹਮਯਾਹ ਨੇ ਪਰਮੇਸ਼ੁਰ ਦੇ ਲੋਕਾਂ ’ਤੇ ਆਪਣੇ ਮਿਆਰ ਥੋਪ ਕੇ ਆਪਣੇ ਅਧਿਕਾਰ ਦਾ ਗ਼ਲਤ ਫ਼ਾਇਦਾ ਨਹੀਂ ਉਠਾਇਆ। ਇਸ ਦੀ ਬਜਾਇ, ਉਸ ਨੇ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਅਗਵਾਈ ਮੰਗੀ ਅਤੇ ਲੋਕਾਂ ਨੂੰ ਯਹੋਵਾਹ ਦਾ ਕਾਨੂੰਨ ਸਿਖਾਇਆ। (ਨਹ. 1:4-10; 13:1-3) ਨਾਲੇ ਨਹਮਯਾਹ ਨੇ ਨਿਮਰਤਾ ਦਿਖਾਉਂਦਿਆਂ ਆਪਣੇ ਭਰਾਵਾਂ ਨਾਲ ਮਿਲ ਕੇ ਕੰਮ ਕੀਤਾ। ਇੱਥੋਂ ਤਕ ਕਿ ਉਸ ਨੇ ਫਿਰ ਤੋਂ ਯਰੂਸ਼ਲਮ ਦੀਆਂ ਕੰਧਾਂ ਬਣਾਉਣ ਵਿਚ ਵੀ ਮਦਦ ਕੀਤੀ।—ਨਹ. 4:15.

11. ਪਹਿਲਾ ਥੱਸਲੁਨੀਕੀਆਂ 2:7, 8 ਮੁਤਾਬਕ ਬਜ਼ੁਰਗਾਂ ਨੂੰ ਮੰਡਲੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

11 ਬਜ਼ੁਰਗਾਂ ਨੂੰ ਸ਼ਾਇਦ ਨਹਮਯਾਹ ਵਰਗੀਆਂ ਮੁਸ਼ਕਲਾਂ ਨਾ ਆਉਣ, ਪਰ ਉਹ ਕਈ ਤਰੀਕਿਆਂ ਨਾਲ ਉਸ ਦੀ ਰੀਸ ਕਰ ਸਕਦੇ ਹਨ। ਮਿਸਾਲ ਲਈ, ਉਹ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। ਨਾਲੇ ਉਹ ਆਪਣੇ ਅਧਿਕਾਰ ਕਰਕੇ ਘਮੰਡੀ ਨਹੀਂ ਬਣਦੇ। ਇਸ ਦੀ ਬਜਾਇ, ਉਹ ਮੰਡਲੀ ਨਾਲ ਕੋਮਲਤਾ ਨਾਲ ਪੇਸ਼ ਆਉਂਦੇ ਹਨ। (1 ਥੱਸਲੁਨੀਕੀਆਂ 2:7, 8 ਪੜ੍ਹੋ।) ਗਹਿਰਾ ਪਿਆਰ ਤੇ ਨਿਮਰ ਹੋਣ ਕਰਕੇ ਉਹ ਦੂਜਿਆਂ ਨਾਲ ਸਲੀਕੇ ਨਾਲ ਗੱਲ ਕਰਦੇ ਹਨ। ਐਂਡਰੂ ਨਾਂ ਦਾ ਇਕ ਤਜਰਬੇਕਾਰ ਬਜ਼ੁਰਗ ਦੱਸਦਾ ਹੈ: “ਮੈਂ ਦੇਖਿਆ ਹੈ ਕਿ ਭੈਣਾਂ-ਭਰਾਵਾਂ ਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਬਜ਼ੁਰਗ ਪਿਆਰ ਤੇ ਦੋਸਤਾਨਾ ਤਰੀਕੇ ਨਾਲ ਪੇਸ਼ ਆਉਂਦੇ ਹਨ। ਬਜ਼ੁਰਗਾਂ ਦੁਆਰਾ ਇਹ ਗੁਣ ਦਿਖਾਉਣ ਕਰਕੇ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦਾ ਸਾਥ ਦਿੰਦੇ ਹਨ।” ਕਾਫ਼ੀ ਲੰਬੇ ਸਮੇਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਭਰਾ ਟੋਨੀ ਦੱਸਦਾ ਹੈ: “ਮੈਂ ਫ਼ਿਲਿੱਪੀਆਂ 2:3 ਵਿਚ ਦੱਸੀ ਸਲਾਹ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂਕਿ ਮੈਂ ਹਮੇਸ਼ਾ ਦੂਜਿਆਂ ਨੂੰ ਆਪਣੇ ਨਾਲੋਂ ਚੰਗਾ ਸਮਝਾਂ। ਇਸ ਤਰ੍ਹਾਂ ਮੈਂ ਹਾਕਮ ਬਣਨ ਤੋਂ ਬਚਦਾ ਹਾਂ।”

12. ਬਜ਼ੁਰਗਾਂ ਲਈ ਨਿਮਰ ਬਣਨਾ ਕਿਉਂ ਜ਼ਰੂਰੀ ਹੈ?

12 ਬਜ਼ੁਰਗਾਂ ਨੂੰ ਯਹੋਵਾਹ ਵਾਂਗ ਨਿਮਰ ਸੁਭਾਅ ਦੇ ਹੋਣਾ ਚਾਹੀਦਾ ਹੈ। ਚਾਹੇ ਯਹੋਵਾਹ ਪੂਰੀ ਦੁਨੀਆਂ ਦਾ ਮਾਲਕ ਹੈ, ਪਰ ਫਿਰ ਵੀ ਉਹ “ਗਰੀਬ [ਯਾਨੀ ਮਾਮੂਲੀ ਇਨਸਾਨ] ਨੂੰ ਖਾਕ ਵਿੱਚੋਂ” ਚੁੱਕਣ ਲਈ “ਆਪਣੇ ਆਪ ਨੂੰ ਨੀਵਿਆਂ ਕਰਦਾ ਹੈ।” (ਜ਼ਬੂ. 18:35; 113:6, 7) ਦਰਅਸਲ, ਯਹੋਵਾਹ ਘਮੰਡੀ ਤੇ ਹੰਕਾਰੀ ਲੋਕਾਂ ਨਾਲ ਨਫ਼ਰਤ ਕਰਦਾ ਹੈ।—ਕਹਾ. 16:5.

13. ਬਜ਼ੁਰਗਾਂ ਨੂੰ “ਆਪਣੀ ਜ਼ਬਾਨ ਨੂੰ ਕੱਸ ਕੇ ਲਗਾਮ” ਪਾਉਣ ਦੀ ਕਿਉਂ ਲੋੜ ਹੈ?

13 ਆਪਣੇ ਆਪ ਨੂੰ ਯਹੋਵਾਹ ਦੇ ਅਧੀਨ ਕਰਨ ਵਾਲੇ ਬਜ਼ੁਰਗਾਂ ਨੂੰ “ਆਪਣੀ ਜ਼ਬਾਨ ਨੂੰ ਕੱਸ ਕੇ ਲਗਾਮ” ਪਾਉਣ ਦੀ ਲੋੜ ਹੈ। ਜੇ ਉਹ ਇਸ ਤਰ੍ਹਾਂ ਨਹੀਂ ਕਰਦੇ, ਤਾਂ ਉਹ ਸ਼ਾਇਦ ਉਸ ਵਿਅਕਤੀ ਨਾਲ ਰੁੱਖੇ ਤਰੀਕੇ ਨਾਲ ਗੱਲ ਕਰਨ ਜਿਹੜਾ ਉਨ੍ਹਾਂ ਦਾ ਆਦਰ ਨਹੀਂ ਕਰਦਾ। (ਯਾਕੂ. 1:26; ਗਲਾ. 5:14, 15) ਐਂਡਰੂ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਸੀ, ਦੱਸਦਾ ਹੈ: “ਕਦੀ-ਕਦੀ ਮੇਰਾ ਦਿਲ ਕਰਦਾ ਸੀ ਕਿ ਮੈਂ ਉਸ ਭੈਣ ਜਾਂ ਭਰਾ ਨਾਲ ਰੁੱਖੇ ਤਰੀਕੇ ਨਾਲ ਗੱਲ ਕਰਾਂ ਜਿਸ ਬਾਰੇ ਮੈਨੂੰ ਲੱਗਦਾ ਸੀ ਕਿ ਉਹ ਬਜ਼ੁਰਗ ਵਜੋਂ ਮੇਰਾ ਆਦਰ ਨਹੀਂ ਕਰਦਾ। ਪਰ ਮੈਂ ਬਾਈਬਲ ਵਿੱਚੋਂ ਵਫ਼ਾਦਾਰ ਆਦਮੀਆਂ ਦੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕੀਤਾ ਅਤੇ ਇਨ੍ਹਾਂ ਤੋਂ ਮੈਂ ਨਿਮਰ ਤੇ ਸ਼ਾਂਤ ਸੁਭਾਅ ਦੇ ਬਣਨ ਦੇ ਫ਼ਾਇਦਿਆਂ ਬਾਰੇ ਜਾਣ ਪਾਇਆ।” ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਅਤੇ ਹੋਰ ਬਜ਼ੁਰਗਾਂ ਨਾਲ ਪਿਆਰ ਤੇ ਕੋਮਲਤਾ ਨਾਲ ਗੱਲ ਕਰ ਕੇ ਯਹੋਵਾਹ ਪ੍ਰਤੀ ਅਧੀਨਗੀ ਦਾ ਸਬੂਤ ਦਿੰਦੇ ਹਨ।—ਕੁਲੁ. 4:6.

ਦਾਊਦ ਦੀ ਮਿਸਾਲ ਤੋਂ ਪਿਤਾ ਕੀ ਸਿੱਖ ਸਕਦੇ ਹਨ?

14. ਯਹੋਵਾਹ ਨੇ ਪਿਤਾਵਾਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਉਨ੍ਹਾਂ ਤੋਂ ਕੀ ਆਸ ਰੱਖਦਾ ਹੈ?

14 ਯਹੋਵਾਹ ਨੇ ਪਿਤਾ ਨੂੰ ਪਰਿਵਾਰ ਦਾ ਮੁਖੀ ਠਹਿਰਾਇਆ ਹੈ ਅਤੇ ਯਹੋਵਾਹ ਆਸ ਰੱਖਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਵੇ ਅਤੇ ਸੁਧਾਰੇ। (1 ਕੁਰਿੰ. 11:3; ਅਫ਼. 6:4) ਪਰ ਪਿਤਾ ਕੋਲ ਅਧਿਕਾਰ ਹੋਣ ਦਾ ਇਹ ਮਤਲਬ ਨਹੀਂ ਕਿ ਉਹ ਜੋ ਮਰਜ਼ੀ ਕਰ ਸਕਦਾ ਹੈ ਕਿਉਂਕਿ ਯਹੋਵਾਹ ਉਸ ਤੋਂ ਲੇਖਾ ਲਵੇਗਾ ਜਿਸ ਕਰਕੇ ਹਰ ਪਰਿਵਾਰ ਦਾ ਨਾਂ ਹੋਂਦ ਵਿਚ ਆਇਆ ਹੈ। (ਅਫ਼. 3:14, 15) ਯਹੋਵਾਹ ਦੀ ਮਰਜ਼ੀ ਮੁਤਾਬਕ ਆਪਣੇ ਅਧਿਕਾਰ ਦੀ ਵਰਤੋਂ ਕਰ ਕੇ ਪਿਤਾ ਦਿਖਾਉਂਦੇ ਹਨ ਕਿ ਉਹ ਪਰਮੇਸ਼ੁਰ ਦੇ ਅਧੀਨ ਹਨ। ਉਹ ਰਾਜਾ ਦਾਊਦ ਦੀ ਜ਼ਿੰਦਗੀ ਬਾਰੇ ਖੋਜਬੀਨ ਕਰ ਕੇ ਬਹੁਤ ਕੁਝ ਸਿੱਖ ਸਕਦੇ ਹਨ।

ਇਕ ਮਸੀਹੀ ਪਿਤਾ ਦੀ ਪ੍ਰਾਰਥਨਾ ਤੋਂ ਉਸ ਦੇ ਪਰਿਵਾਰ ਨੂੰ ਉਸ ਦੀ ਨਿਮਰਤਾ ਬਾਰੇ ਪਤਾ ਲੱਗਣਾ ਚਾਹੀਦਾ ਹੈ (ਪੈਰੇ 15-16 ਦੇਖੋ) *

15. ਰਾਜਾ ਦਾਊਦ ਦੀ ਚੰਗੀ ਮਿਸਾਲ ’ਤੇ ਪਿਤਾਵਾਂ ਨੂੰ ਕਿਉਂ ਗੌਰ ਕਰਨਾ ਚਾਹੀਦਾ ਹੈ?

15 ਯਹੋਵਾਹ ਨੇ ਦਾਊਦ ਨੂੰ ਸਿਰਫ਼ ਉਸ ਦੇ ਪਰਿਵਾਰ ਦਾ ਹੀ ਨਹੀਂ, ਸਗੋਂ ਪੂਰੀ ਇਜ਼ਰਾਈਲ ਕੌਮ ਦਾ ਮੁਖੀ ਠਹਿਰਾਇਆ ਸੀ। ਰਾਜੇ ਵਜੋਂ ਦਾਊਦ ਕੋਲ ਬਹੁਤ ਅਧਿਕਾਰ ਸੀ। ਕਦੀ-ਕਦੀ ਉਸ ਨੇ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕੀਤੀ ਅਤੇ ਗੰਭੀਰ ਗ਼ਲਤੀਆਂ ਕੀਤੀਆਂ। (2 ਸਮੂ. 11:14, 15) ਪਰ ਯਹੋਵਾਹ ਵੱਲੋਂ ਮਿਲੀ ਤਾੜਨਾ ਕਬੂਲ ਕਰ ਕੇ ਉਸ ਨੇ ਪਰਮੇਸ਼ੁਰ ਪ੍ਰਤੀ ਅਧੀਨਗੀ ਦਿਖਾਈ। ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਪੂਰੀ ਤਰ੍ਹਾਂ ਖੋਲ੍ਹ ਦਿੱਤਾ। (ਜ਼ਬੂ. 51:1-4) ਨਾਲੇ ਉਸ ਨੇ ਨਿਮਰਤਾ ਦਿਖਾਉਂਦਿਆਂ ਆਦਮੀਆਂ ਤੋਂ ਹੀ ਨਹੀਂ, ਸਗੋਂ ਔਰਤਾਂ ਤੋਂ ਵੀ ਮਿਲੀ ਚੰਗੀ ਸਲਾਹ ਸਵੀਕਾਰ ਕੀਤੀ। (1 ਸਮੂ. 19:11, 12; 25:32, 33) ਦਾਊਦ ਨੇ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖੇ ਅਤੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੱਤੀ।

16. ਦਾਊਦ ਦੀ ਮਿਸਾਲ ਤੋਂ ਪਿਤਾ ਕੀ ਸਿੱਖ ਸਕਦੇ ਹਨ?

16 ਜ਼ਰਾ ਗੌਰ ਕਰੋ ਕਿ ਰਾਜਾ ਦਾਊਦ ਦੀ ਮਿਸਾਲ ਤੋਂ ਪਿਤਾ ਕਿਹੜੇ ਕੁਝ ਸਬਕ ਸਿੱਖ ਸਕਦੇ ਹਨ: ਯਹੋਵਾਹ ਵੱਲੋਂ ਮਿਲੇ ਅਧਿਕਾਰ ਦੀ ਗ਼ਲਤ ਵਰਤੋਂ ਨਾ ਕਰੋ। ਆਪਣੀ ਗ਼ਲਤੀ ਮੰਨੋ ਅਤੇ ਬਾਈਬਲ ਵਿੱਚੋਂ ਦਿੱਤੀ ਦੂਜਿਆਂ ਦੀ ਸਲਾਹ ਸਵੀਕਾਰ ਕਰੋ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਹਾਡਾ ਪਰਿਵਾਰ ਤੁਹਾਡੀ ਨਿਮਰਤਾ ਕਰਕੇ ਤੁਹਾਡੀ ਕਦਰ ਕਰੇਗਾ। ਆਪਣੇ ਪਰਿਵਾਰ ਨਾਲ ਪ੍ਰਾਰਥਨਾ ਕਰਦਿਆਂ ਯਹੋਵਾਹ ਸਾਮ੍ਹਣੇ ਆਪਣਾ ਦਿਲ ਪੂਰੀ ਤਰ੍ਹਾਂ ਖੋਲ੍ਹ ਦਿਓ ਤਾਂਕਿ ਤੁਹਾਡਾ ਪਰਿਵਾਰ ਸੁਣ ਸਕੇ ਕਿ ਤੁਸੀਂ ਕਿੰਨੀ ਜ਼ਿਆਦਾ ਪਰਮੇਸ਼ੁਰ ਦੀ ਮਦਦ ਤੇ ਅਗਵਾਈ ਚਾਹੁੰਦੇ ਹੋ। ਸਭ ਤੋਂ ਜ਼ਿਆਦਾ, ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲੀ ਥਾਂ ਦਿਓ। (ਬਿਵ. 6:6-9) ਤੁਹਾਡੀ ਚੰਗੀ ਮਿਸਾਲ ਤੁਹਾਡੇ ਪਰਿਵਾਰ ਲਈ ਸਭ ਤੋਂ ਵਧੀਆ ਤੋਹਫ਼ਿਆਂ ਵਿੱਚੋਂ ਇਕ ਹੈ ਜੋ ਤੁਸੀਂ ਉਨ੍ਹਾਂ ਨੂੰ ਦੇ ਸਕਦੇ ਹੋ।

ਮਰੀਅਮ ਦੀ ਮਿਸਾਲ ਤੋਂ ਮਾਵਾਂ ਕੀ ਸਿੱਖ ਸਕਦੀਆਂ ਹਨ?

17. ਯਹੋਵਾਹ ਨੇ ਮਾਵਾਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਹੈ?

17 ਯਹੋਵਾਹ ਨੇ ਪਰਿਵਾਰ ਵਿਚ ਮਾਂ ਨੂੰ ਇਕ ਖ਼ਾਸ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਸ ਨੂੰ ਆਪਣੇ ਬੱਚਿਆਂ ’ਤੇ ਕੁਝ ਅਧਿਕਾਰ ਦਿੱਤਾ ਹੈ। (ਕਹਾ. 6:20) ਦਰਅਸਲ, ਮਾਂ ਦੀ ਕਹਿਣੀ ਤੇ ਕਰਨੀ ਦਾ ਅਸਰ ਬੱਚਿਆਂ ’ਤੇ ਉਮਰ ਭਰ ਲਈ ਰਹਿ ਸਕਦਾ ਹੈ। (ਕਹਾ. 22:6) ਗੌਰ ਕਰੋ ਕਿ ਮਾਵਾਂ ਯਿਸੂ ਦੀ ਮਾਂ ਮਰੀਅਮ ਤੋਂ ਕੀ ਸਿੱਖ ਸਕਦੀਆਂ ਹਨ।

18-19. ਮਾਵਾਂ ਮਰੀਅਮ ਦੀ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ?

18 ਮਰੀਅਮ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਹ ਯਹੋਵਾਹ ਦਾ ਦਿਲੋਂ ਆਦਰ ਕਰਦੀ ਸੀ ਅਤੇ ਪਰਮੇਸ਼ੁਰ ਨਾਲ ਉਸ ਦੀ ਗੂੜ੍ਹੀ ਦੋਸਤੀ ਸੀ। ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੇ ਅਧੀਨ ਰਹਿਣ ਲਈ ਤਿਆਰ ਸੀ, ਚਾਹੇ ਇਸ ਕਰਕੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਣੀ ਸੀ।—ਲੂਕਾ 1:35-38, 46-55.

ਜੇ ਮਾਂ ਥੱਕੀ ਹੋਈ ਹੈ ਜਾਂ ਉਸ ਨੂੰ ਗੁੱਸਾ ਚੜ੍ਹਿਆ ਹੋਇਆ ਹੈ, ਤਾਂ ਸ਼ਾਇਦ ਉਸ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪਿਆਰ ਦਿਖਾਉਣ ਲਈ ਹੋਰ ਜਤਨ ਕਰਨ ਦੀ ਲੋੜ ਹੋਵੇ (ਪੈਰਾ 19 ਦੇਖੋ) *

19 ਮਾਵਾਂ ਕਈ ਤਰੀਕਿਆਂ ਨਾਲ ਮਰੀਅਮ ਦੀ ਰੀਸ ਕਰ ਸਕਦੀਆਂ ਹਨ। ਕਿਵੇਂ? ਪਹਿਲਾ, ਬਾਈਬਲ ਅਧਿਐਨ ਅਤੇ ਨਿੱਜੀ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਨਾਲ ਆਪਣੀ ਦੋਸਤੀ ਗੂੜ੍ਹੀ ਕਰ ਕੇ। ਦੂਜਾ, ਯਹੋਵਾਹ ਨੂੰ ਖ਼ੁਸ਼ ਕਰਨ ਲਈ ਆਪਣੀ ਜ਼ਿੰਦਗੀ ਵਿਚ ਦਿਲੋਂ ਤਬਦੀਲੀਆਂ ਕਰ ਕੇ। ਮਿਸਾਲ ਲਈ, ਸ਼ਾਇਦ ਤੁਹਾਡੀ ਪਰਵਰਿਸ਼ ਇਸ ਤਰ੍ਹਾਂ ਦੇ ਪਰਿਵਾਰ ਵਿਚ ਹੋਈ ਹੋਵੇ ਜਿੱਥੇ ਮਾਪਿਆਂ ਦਾ ਪਾਰਾ ਛੇਤੀ ਚੜ੍ਹ ਜਾਂਦਾ ਹੋਵੇ ਜਾਂ ਆਪਣੇ ਬੱਚਿਆਂ ਨਾਲ ਰੁੱਖੇ ਤਰੀਕੇ ਨਾਲ ਗੱਲ ਕਰਦੇ ਹੋਣ। ਇਸ ਤਰ੍ਹਾਂ ਦੇ ਮਾਹੌਲ ਵਿਚ ਪਰਵਰਿਸ਼ ਹੋਣ ਕਰਕੇ ਸ਼ਾਇਦ ਤੁਹਾਨੂੰ ਲੱਗੇ ਕਿ ਬੱਚਿਆਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਆਮ ਹੈ। ਯਹੋਵਾਹ ਦੇ ਮਿਆਰਾਂ ਬਾਰੇ ਸਿੱਖਣ ਤੋਂ ਬਾਅਦ ਵੀ ਸ਼ਾਇਦ ਤੁਹਾਨੂੰ ਆਪਣੇ ਬੱਚਿਆਂ ਨਾਲ ਸ਼ਾਂਤੀ ਤੇ ਧੀਰਜ ਨਾਲ ਗੱਲ ਕਰਨੀ ਔਖੀ ਲੱਗੇ, ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਥੱਕੇ ਹੁੰਦੇ ਹੋ ਤੇ ਤੁਹਾਡੇ ਬੱਚੇ ਸ਼ਰਾਰਤਾਂ ਕਰਨ। (ਅਫ਼. 4:31) ਇੱਦਾਂ ਦੇ ਮੌਕਿਆਂ ’ਤੇ ਪ੍ਰਾਰਥਨਾ ਰਾਹੀਂ ਤੁਹਾਨੂੰ ਯਹੋਵਾਹ ’ਤੇ ਹੋਰ ਜ਼ਿਆਦਾ ਭਰੋਸਾ ਰੱਖਣ ਦੀ ਲੋੜ ਹੁੰਦੀ ਹੈ। ਲੀਡੀਆ ਨਾਂ ਦੀ ਮਾਂ ਦੱਸਦੀ ਹੈ: “ਕਦੀ-ਕਦੀ ਮੈਂ ਤਰਲੇ ਕਰ-ਕਰ ਕੇ ਪ੍ਰਾਰਥਨਾ ਕਰਦੀ ਹਾਂ ਕਿ ਜਦੋਂ ਮੇਰਾ ਮੁੰਡਾ ਕਹਿਣਾ ਨਹੀਂ ਮੰਨਦਾ, ਤਾਂ ਮੈਂ ਗੁੱਸੇ ਵਿਚ ਗੱਲ ਨਾ ਕਰਾਂ। ਕਈ ਵਾਰ ਤਾਂ ਮੈਂ ਗੱਲ ਕਰਦੀ-ਕਰਦੀ ਰੁਕ ਕੇ ਮਨ-ਹੀ-ਮਨ ਵਿਚ ਯਹੋਵਾਹ ਤੋਂ ਮਦਦ ਲਈ ਪ੍ਰਾਰਥਨਾ ਕਰਦੀ ਹਾਂ। ਪ੍ਰਾਰਥਨਾ ਕਰ ਕੇ ਮੈਂ ਸ਼ਾਂਤ ਰਹਿ ਪਾਉਂਦੀ ਹਾਂ।”—ਜ਼ਬੂ. 37:5.

20. ਕੁਝ ਮਾਵਾਂ ਨੂੰ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਉਹ ਇਸ ਨੂੰ ਕਿਵੇਂ ਪਾਰ ਕਰ ਸਕਦੀਆਂ ਹਨ?

20 ਕਈ ਮਾਵਾਂ ਨੂੰ ਇਕ ਹੋਰ ਚੁਣੌਤੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਔਖਾ ਲੱਗਦਾ ਹੈ। (ਤੀਤੁ. 2:3, 4) ਕਈ ਔਰਤਾਂ ਦੀ ਪਰਵਰਿਸ਼ ਇਸ ਤਰ੍ਹਾਂ ਦੇ ਪਰਿਵਾਰ ਵਿਚ ਹੋਈ ਹੁੰਦੀ ਹੈ ਜਿੱਥੇ ਮਾਪਿਆਂ ਦਾ ਬੱਚਿਆਂ ਨਾਲ ਪਿਆਰ ਭਰਿਆ ਰਿਸ਼ਤਾ ਨਹੀਂ ਹੁੰਦਾ। ਜੇ ਤੁਹਾਡੀ ਪਰਵਰਿਸ਼ ਇਸ ਤਰ੍ਹਾਂ ਹੋਈ ਹੈ, ਤਾਂ ਮਾਪੇ ਬਣਨ ’ਤੇ ਤੁਸੀਂ ਇਹ ਗ਼ਲਤੀ ਨਾ ਦੁਹਰਾਓ। ਯਹੋਵਾਹ ਦੇ ਅਧੀਨ ਰਹਿਣ ਵਾਲੀ ਮਾਂ ਨੂੰ ਸ਼ਾਇਦ ਆਪਣੇ ਬੱਚਿਆਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਸਿੱਖਣਾ ਪਵੇ। ਸ਼ਾਇਦ ਉਸ ਲਈ ਆਪਣੀਆਂ ਸੋਚਾਂ, ਭਾਵਨਾਵਾਂ ਅਤੇ ਪੇਸ਼ ਆਉਣ ਦੇ ਤਰੀਕੇ ਨੂੰ ਬਦਲਣਾ ਸੌਖਾ ਨਾ ਹੋਵੇ। ਪਰ ਉਹ ਇਸ ਤਰ੍ਹਾਂ ਕਰ ਸਕਦੀ ਹੈ ਅਤੇ ਇਹ ਬਦਲਾਅ ਕਰ ਕੇ ਸਿਰਫ਼ ਉਸ ਨੂੰ ਹੀ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਫ਼ਾਇਦਾ ਹੋਵੇਗਾ।

ਹਮੇਸ਼ਾ ਯਹੋਵਾਹ ਦੇ ਅਧੀਨ ਰਹੋ

21-22. ਯਸਾਯਾਹ 65:13, 14 ਅਨੁਸਾਰ ਯਹੋਵਾਹ ਦੇ ਅਧੀਨ ਰਹਿਣ ਦੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

21 ਰਾਜਾ ਦਾਊਦ ਯਹੋਵਾਹ ਦੇ ਅਧੀਨ ਰਹਿਣ ਦੇ ਫ਼ਾਇਦੇ ਜਾਣਦਾ ਸੀ। ਉਸ ਨੇ ਲਿਖਿਆ: “ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ। ਨਾਲੇ ਉਨ੍ਹਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ, ਅਰ ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ।” (ਜ਼ਬੂ. 19:8, 11) ਅੱਜ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਦੇ ਅਧੀਨ ਰਹਿਣ ਵਾਲਿਆਂ ਅਤੇ ਉਸ ਦੀ ਸਲਾਹ ਨੂੰ ਠੁਕਰਾਉਣ ਵਾਲਿਆਂ ਵਿਚ ਕਿੰਨਾ ਫ਼ਰਕ ਹੈ। ਯਹੋਵਾਹ ਦੇ ਅਧੀਨ ਰਹਿਣ ਵਾਲੇ “ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ।”—ਯਸਾਯਾਹ 65:13, 14 ਪੜ੍ਹੋ।

22 ਜਦੋਂ ਬਜ਼ੁਰਗ, ਪਿਤਾ ਤੇ ਮਾਵਾਂ ਯਹੋਵਾਹ ਦੇ ਹੋਰ ਵੀ ਅਧੀਨ ਰਹਿੰਦੇ ਹਨ, ਤਾਂ ਉਨ੍ਹਾਂ ਦੀ ਜ਼ਿੰਦਗੀ ਹੋਰ ਵਧੀਆ ਬਣਦੀ ਹੈ, ਉਨ੍ਹਾਂ ਦੇ ਪਰਿਵਾਰ ਜ਼ਿਆਦਾ ਖ਼ੁਸ਼ ਹੁੰਦੇ ਹਨ ਅਤੇ ਪੂਰੀ ਮੰਡਲੀ ਵਿਚ ਏਕਤਾ ਵਧਦੀ ਹੈ। ਸਭ ਤੋਂ ਜ਼ਿਆਦਾ, ਉਹ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹਨ। (ਕਹਾ. 27:11) ਕੀ ਇਸ ਤੋਂ ਵੱਡੀ ਕੋਈ ਹੋਰ ਬਰਕਤ ਹੋ ਸਕਦੀ ਹੈ?

ਗੀਤ 43 ਖ਼ਬਰਦਾਰ ਰਹੋ, ਦਲੇਰ ਬਣੋ

^ ਪੈਰਾ 5 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਯਹੋਵਾਹ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਰਾਜਪਾਲ ਨਹਮਯਾਹ, ਰਾਜਾ ਦਾਊਦ ਅਤੇ ਯਿਸੂ ਦੀ ਮਾਤਾ ਮਰੀਅਮ ਦੀ ਮਿਸਾਲ ਤੋਂ ਮੰਡਲੀ ਦੇ ਬਜ਼ੁਰਗ, ਪਿਤਾ ਅਤੇ ਮਾਵਾਂ ਕੀ ਸਿੱਖ ਸਕਦੇ ਹਨ ਜਿਨ੍ਹਾਂ ਕੋਲ ਕੁਝ ਹੱਦ ਤਕ ਅਧਿਕਾਰ ਹੈ।

^ ਪੈਰਾ 1 ਸ਼ਬਦਾਂ ਦਾ ਅਰਥ: ਅਧੀਨ ਅਤੇ ਅਧੀਨਗੀ ਸ਼ਬਦ ਉਨ੍ਹਾਂ ਲੋਕਾਂ ਨੂੰ ਚੰਗੇ ਨਹੀਂ ਲੱਗਦੇ ਜਿਨ੍ਹਾਂ ਨੂੰ ਕਹਿਣਾ ਮੰਨਣ ਲਈ ਮਜਬੂਰ ਕੀਤਾ ਜਾਂਦਾ ਹੈ। ਪਰ ਪਰਮੇਸ਼ੁਰ ਦੇ ਲੋਕ ਉਸ ਦਾ ਕਹਿਣਾ ਮੰਨਣਾ ਚਾਹੁੰਦੇ ਹਨ। ਇਸ ਲਈ ਉਹ ਪਰਮੇਸ਼ੁਰ ਦੇ ਅਧੀਨ ਰਹਿਣਾ ਬੁਰਾ ਨਹੀਂ ਸਮਝਦੇ।

^ ਪੈਰਾ 7 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੈਰਾ 62 ਤਸਵੀਰਾਂ ਬਾਰੇ ਜਾਣਕਾਰੀ: ਇਕ ਬਜ਼ੁਰਗ ਆਪਣੇ ਬੇਟੇ ਨਾਲ ਕਿੰਗਡਮ ਹਾਲ ਦੀ ਮੁਰੰਮਤ ਕਰਦਾ ਹੋਇਆ ਠੀਕ ਜਿਵੇਂ ਨਹਮਯਾਹ ਨੇ ਖ਼ੁਦ ਯਰੂਸ਼ਲਮ ਦੀਆਂ ਕੰਧਾਂ ਫਿਰ ਤੋਂ ਬਣਾਉਣ ਵਿਚ ਮਦਦ ਕੀਤੀ ਸੀ।

^ ਪੈਰਾ 64 ਤਸਵੀਰਾਂ ਬਾਰੇ ਜਾਣਕਾਰੀ: ਇਕ ਪਿਤਾ ਆਪਣੇ ਪਰਿਵਾਰ ਨਾਲ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦਾ ਹੋਇਆ।

^ ਪੈਰਾ 66 ਤਸਵੀਰਾਂ ਬਾਰੇ ਜਾਣਕਾਰੀ: ਇਕ ਮੁੰਡਾ ਘੰਟਿਆਂ-ਬੱਧੀ ਵੀਡੀਓ ਗੇਮ ਖੇਡਦਾ ਹੋਇਆ ਅਤੇ ਉਸ ਦਾ ਸਕੂਲ ਜਾਂ ਘਰ ਦੇ ਕੰਮ ਅਧੂਰੇ ਪਏ ਹੋਏ ਹਨ। ਉਸ ਦੀ ਮੰਮੀ ਕੰਮ ਕਰ ਕੇ ਥੱਕੀ ਹੋਈ ਹੈ, ਪਰ ਉਹ ਆਪਣੇ ਮੁੰਡੇ ਨੂੰ ਖਿੱਝ ਕੇ ਜਾਂ ਰੁੱਖੇ ਤਰੀਕੇ ਨਾਲ ਤਾੜਨਾ ਨਹੀਂ ਦਿੰਦੀ।