Skip to content

Skip to table of contents

ਅਧਿਐਨ ਲੇਖ 35

ਯਹੋਵਾਹ ਆਪਣੇ ਨਿਮਰ ਸੇਵਕਾਂ ਦੀ ਕਦਰ ਕਰਦਾ ਹੈ

ਯਹੋਵਾਹ ਆਪਣੇ ਨਿਮਰ ਸੇਵਕਾਂ ਦੀ ਕਦਰ ਕਰਦਾ ਹੈ

“ਯਹੋਵਾਹ . . . ਹੀਣਿਆਂ [“ਨਿਮਰ ਲੋਕਾਂ,” NW] ਨੂੰ ਵੇਖਦਾ ਹੈ।”—ਜ਼ਬੂ. 138:6.

ਗੀਤ 48 ਰੋਜ਼ ਯਹੋਵਾਹ ਦੇ ਅੰਗ-ਸੰਗ ਚੱਲੋ

ਖ਼ਾਸ ਗੱਲਾਂ *

1. ਯਹੋਵਾਹ ਨਿਮਰ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਸਮਝਾਓ।

ਯਹੋਵਾਹ ਨਿਮਰ ਲੋਕਾਂ ਨੂੰ ਪਿਆਰ ਕਰਦਾ ਹੈ। ਸਿਰਫ਼ ਨਿਮਰ ਲੋਕ ਹੀ ਪਰਮੇਸ਼ੁਰ ਨਾਲ ਪਿਆਰਾ ਅਤੇ ਕਰੀਬੀ ਰਿਸ਼ਤਾ ਬਣਾ ਸਕਦੇ ਹਨ। ਦੂਸਰੇ ਪਾਸੇ, ਉਹ “ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ।” (ਜ਼ਬੂ. 138:6) ਅਸੀਂ ਸਾਰੇ ਯਹੋਵਾਹ ਨੂੰ ਖ਼ੁਸ਼ ਕਰਨਾ ਅਤੇ ਉਸ ਦਾ ਪਿਆਰ ਪਾਉਣਾ ਚਾਹੁੰਦੇ ਹਾਂ। ਇਸ ਲਈ ਸਾਡੇ ਕੋਲ ਨਿਮਰਤਾ ਪੈਦਾ ਕਰਨ ਦੇ ਚੰਗੇ ਕਾਰਨ ਹਨ।

2. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਚਰਚਾ ਕਰਾਂਗੇ?

2 ਇਸ ਲੇਖ ਵਿਚ ਅਸੀਂ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਲਵਾਂਗੇ: (1) ਨਿਮਰਤਾ ਕੀ ਹੈ? (2) ਸਾਨੂੰ ਆਪਣੇ ਵਿਚ ਨਿਮਰਤਾ ਕਿਉਂ ਪੈਦਾ ਕਰਨੀ ਚਾਹੀਦੀ ਹੈ? (3) ਕਿਨ੍ਹਾਂ ਹਾਲਾਤਾਂ ਵਿਚ ਸਾਡੀ ਨਿਮਰਤਾ ਪਰਖੀ ਜਾ ਸਕਦੀ ਹੈ? ਨਾਲੇ ਅਸੀਂ ਦੇਖਾਂਗੇ ਕਿ ਨਿਮਰਤਾ ਪੈਦਾ ਕਰ ਕੇ ਅਸੀਂ ਯਹੋਵਾਹ ਦਾ ਜੀਅ ਖ਼ੁਸ਼ ਕਰਦੇ ਹਾਂ ਅਤੇ ਇਸ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ।—ਕਹਾ. 27:11; ਯਸਾ. 48:17.

ਨਿਮਰਤਾ ਕੀ ਹੈ?

3. ਨਿਮਰਤਾ ਕੀ ਹੈ?

3 ਨਿਮਰਤਾ ਹੋਣ ਕਰਕੇ ਇਕ ਇਨਸਾਨ ਆਪਣੇ ਆਪ ਨੂੰ ਹੱਦੋਂ ਵੱਧ ਨਹੀਂ ਸਮਝਦਾ ਅਤੇ ਉਹ ਘਮੰਡੀ ਜਾਂ ਹੰਕਾਰੀ ਨਹੀਂ ਹੁੰਦਾ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਨਿਮਰ ਇਨਸਾਨ ਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਪਰਮੇਸ਼ੁਰ ਉਸ ਤੋਂ ਕਿਤੇ ਮਹਾਨ ਹੈ। ਨਾਲੇ ਉਹ ਮੰਨਦਾ ਹੈ ਕਿ ਦੂਸਰੇ ਜਣੇ ਕਿਸੇ-ਨਾ-ਕਿਸੇ ਤਰੀਕੇ ਨਾਲ ਉਸ ਤੋਂ ਵਧੀਆ ਹਨ।—ਫ਼ਿਲਿ. 2:3, 4.

4-5. ਨਿਮਰ ਦਿਸਣ ਵਾਲੇ ਕੁਝ ਲੋਕ ਅਸਲ ਵਿਚ ਨਿਮਰ ਕਿਉਂ ਨਹੀਂ ਹੁੰਦੇ?

4 ਕੁਝ ਲੋਕ ਸਿਰਫ਼ ਦੇਖਣ ਨੂੰ ਨਿਮਰ ਲੱਗਦੇ ਹਨ, ਪਰ ਅਸਲ ਵਿਚ ਨਿਮਰ ਨਹੀਂ ਹੁੰਦੇ। ਉਹ ਸ਼ਾਇਦ ਸ਼ਰਮੀਲੇ ਸੁਭਾਅ ਦੇ ਹੋਣ। ਜਾਂ ਉਹ ਸ਼ਾਇਦ ਦੂਜਿਆਂ ਦਾ ਆਦਰ ਕਰਨ ਜਾਂ ਚੰਗੇ ਤਰੀਕੇ ਨਾਲ ਪੇਸ਼ ਆਉਣ ਕਿਉਂਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨਾ ਸਿਖਾਇਆ ਹੁੰਦਾ ਹੈ। ਪਰ ਸ਼ਾਇਦ ਉਹ ਅੰਦਰੋਂ ਬਹੁਤ ਘਮੰਡੀ ਹੋਣ। ਅੱਜ ਨਹੀਂ, ਤਾਂ ਕੱਲ੍ਹ ਉਨ੍ਹਾਂ ਦੀ ਅਸਲੀਅਤ ਸਾਮ੍ਹਣੇ ਆ ਹੀ ਜਾਵੇਗੀ।—ਲੂਕਾ 6:45.

5 ਦੂਸਰੇ ਪਾਸੇ, ਜ਼ਰੂਰੀ ਨਹੀਂ ਕਿ ਆਪਣੇ ’ਤੇ ਭਰੋਸਾ ਰੱਖਣ ਵਾਲੇ ਜਾਂ ਖੁੱਲ੍ਹ ਕੇ ਗੱਲ ਕਰਨ ਵਾਲੇ ਘਮੰਡੀ ਹੋਣ। (ਯੂਹੰ. 1:46, 47) ਪਰ ਇਹੋ ਜਿਹੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੀਆਂ ਇਨ੍ਹਾਂ ਕਾਬਲੀਅਤਾਂ ’ਤੇ ਭਰੋਸਾ ਨਾ ਰੱਖਣ। ਚਾਹੇ ਅਸੀਂ ਸ਼ਰਮੀਲੇ ਸੁਭਾਅ ਦੇ ਹਾਂ ਜਾਂ ਖੁੱਲ੍ਹ ਕੇ ਗੱਲ ਕਰਨ ਵਾਲੇ ਹਾਂ, ਪਰ ਸਾਨੂੰ ਸਾਰਿਆਂ ਨੂੰ ਦਿਲੋਂ ਨਿਮਰ ਬਣਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਪੌਲੁਸ ਰਸੂਲ ਨਿਮਰ ਇਨਸਾਨ ਸੀ ਅਤੇ ਉਹ ਆਪਣੇ ਆਪ ਨੂੰ ਅਹਿਮੀਅਤ ਨਹੀਂ ਦਿੰਦਾ ਸੀ (ਪੈਰਾ 6 ਦੇਖੋ) *

6. ਪਹਿਲਾ ਕੁਰਿੰਥੀਆਂ 15:10 ਅਨੁਸਾਰ ਅਸੀਂ ਪੌਲੁਸ ਰਸੂਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

6 ਜ਼ਰਾ ਪੌਲੁਸ ਰਸੂਲ ਦੀ ਮਿਸਾਲ ’ਤੇ ਗੌਰ ਕਰੋ। ਯਹੋਵਾਹ ਨੇ ਉਸ ਨੂੰ ਇਕ ਤੋਂ ਬਾਅਦ ਇਕ ਸ਼ਹਿਰ ਵਿਚ ਮੰਡਲੀਆਂ ਸ਼ੁਰੂ ਕਰਨ ਲਈ ਬਹੁਤ ਵਰਤਿਆ। ਹੋ ਸਕਦਾ ਹੈ ਕਿ ਉਸ ਨੇ ਯਿਸੂ ਮਸੀਹ ਦੇ ਬਾਕੀ ਰਸੂਲਾਂ ਨਾਲੋਂ ਕਿਤੇ ਜ਼ਿਆਦਾ ਪ੍ਰਚਾਰ ਦਾ ਕੰਮ ਕੀਤਾ ਹੋਵੇ। ਪਰ ਫਿਰ ਵੀ ਪੌਲੁਸ ਨੇ ਆਪਣੇ ਆਪ ਨੂੰ ਦੂਜੇ ਭਰਾਵਾਂ ਨਾਲੋਂ ਉੱਚਾ ਨਹੀਂ ਚੁੱਕਿਆ। ਉਸ ਨੇ ਨਿਮਰਤਾ ਨਾਲ ਕਿਹਾ: “ਮੈਂ ਸਾਰੇ ਰਸੂਲਾਂ ਵਿੱਚੋਂ ਛੋਟਾ ਰਸੂਲ ਹਾਂ ਅਤੇ ਮੈਂ ਤਾਂ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਅਤਿਆਚਾਰ ਕੀਤੇ ਸਨ।” (1 ਕੁਰਿੰ. 15:9) ਫਿਰ ਪੌਲੁਸ ਨੇ ਕਿਹਾ ਕਿ ਉਸ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਉਸ ਦੇ ਗੁਣਾਂ ਜਾਂ ਕੰਮਾਂ ਕਰਕੇ ਨਹੀਂ, ਸਗੋਂ ਪਰਮੇਸ਼ੁਰ ਦੀ ਅਪਾਰ ਕਿਰਪਾ ਕਰਕੇ ਸੀ। (1 ਕੁਰਿੰਥੀਆਂ 15:10 ਪੜ੍ਹੋ।) ਪੌਲੁਸ ਨੇ ਨਿਮਰਤਾ ਦੀ ਚੰਗੀ ਮਿਸਾਲ ਰੱਖੀ। ਕੁਰਿੰਥੁਸ ਦੇ ਮਸੀਹੀਆਂ ਨੂੰ ਚਿੱਠੀ ਲਿਖਦਿਆਂ ਉਸ ਨੇ ਆਪਣੇ ਬਾਰੇ ਸ਼ੇਖ਼ੀਆਂ ਨਹੀਂ ਮਾਰੀਆਂ, ਭਾਵੇਂ ਕਿ ਮੰਡਲੀ ਵਿਚ ਕੁਝ ਜਣੇ ਉਸ ਦੀ ਨੁਕਤਾਚੀਨੀ ਕਰਦੇ ਸਨ।—2 ਕੁਰਿੰ. 10:10.

ਕਾਰਲ ਐੱਫ਼. ਕਲਾਈਨ ਨਿਮਰ ਭਰਾ ਸਨ ਜਿਨ੍ਹਾਂ ਨੇ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ (ਪੈਰਾ 7 ਦੇਖੋ)

7. ਅੱਜ ਦੇ ਜ਼ਮਾਨੇ ਵਿਚ ਇਕ ਜ਼ਿੰਮੇਵਾਰ ਭਰਾ ਨੇ ਨਿਮਰਤਾ ਕਿਵੇਂ ਦਿਖਾਈ?

7 ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਨੂੰ ਭਰਾ ਕਾਰਲ ਐੱਫ਼. ਕਲਾਈਨ ਦੀ ਜੀਵਨੀ ਤੋਂ ਬਹੁਤ ਉਤਸ਼ਾਹ ਮਿਲਿਆ। ਉਨ੍ਹਾਂ ਨੇ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ। ਭਰਾ ਕਲਾਈਨ ਨੇ ਆਪਣੀ ਜੀਵਨੀ ਵਿਚ ਨਿਮਰਤਾ ਅਤੇ ਵਫ਼ਾਦਾਰੀ ਨਾਲ ਆਪਣੀਆਂ ਕਈ ਕਮੀਆਂ-ਕਮਜ਼ੋਰੀਆਂ ਅਤੇ ਜ਼ਿੰਦਗੀ ਵਿਚ ਆਈਆਂ ਮੁਸ਼ਕਲਾਂ ਬਾਰੇ ਦੱਸਿਆ। ਮਿਸਾਲ ਲਈ, 1922 ਵਿਚ ਜਦੋਂ ਉਹ ਪਹਿਲੀ ਵਾਰ ਘਰ-ਘਰ ਪ੍ਰਚਾਰ ਕਰਨ ਗਏ, ਤਾਂ ਉਨ੍ਹਾਂ ਨੂੰ ਪ੍ਰਚਾਰ ਕਰਨਾ ਇੰਨਾ ਔਖਾ ਲੱਗਾ ਕਿ ਉਹ ਦੋ ਸਾਲ ਪ੍ਰਚਾਰ ’ਤੇ ਹੀ ਨਹੀਂ ਗਏ। ਬਾਅਦ ਵਿਚ ਬੈਥਲ ਵਿਚ ਸੇਵਾ ਕਰਦਿਆਂ ਦੂਜੇ ਭਰਾ ਵੱਲੋਂ ਸਲਾਹ ਮਿਲਣ ’ਤੇ ਭਰਾ ਕਲਾਈਨ ਨੇ ਕੁਝ ਸਮੇਂ ਲਈ ਆਪਣੇ ਦਿਲ ਵਿਚ ਨਾਰਾਜ਼ਗੀ ਪਲ਼ਣ ਦਿੱਤੀ। ਇਸ ਤੋਂ ਇਲਾਵਾ, ਕੁਝ ਸਮੇਂ ਲਈ ਉਹ ਮਾਨਸਿਕ ਤੌਰ ਤੇ ਬੀਮਾਰ ਹੋ ਗਏ, ਪਰ ਬਾਅਦ ਵਿਚ ਠੀਕ ਵੀ ਹੋ ਗਏ। ਪਰ ਉਨ੍ਹਾਂ ਨੂੰ ਬਹੁਤ ਸਾਰੇ ਵਧੀਆ ਸਨਮਾਨ ਵੀ ਮਿਲੇ। ਜ਼ਰਾ ਸੋਚੋ ਕਿ ਇਸ ਜ਼ਿੰਮੇਵਾਰ ਭਰਾ ਨੂੰ ਖੁੱਲ੍ਹੇ-ਆਮ ਆਪਣੀਆਂ ਕਮੀਆਂ-ਕਮਜ਼ੋਰੀਆਂ ਬਾਰੇ ਗੱਲ ਕਰਨ ਲਈ ਕਿੰਨੀ ਨਿਮਰਤਾ ਦੀ ਲੋੜ ਸੀ! ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਭਰਾ ਕਲਾਈਨ ਅਤੇ ਈਮਾਨਦਾਰੀ ਨਾਲ ਦੱਸੀ ਉਨ੍ਹਾਂ ਦੀ ਜੀਵਨੀ ਚੰਗੀ ਤਰ੍ਹਾਂ ਯਾਦ ਹੈ। *

ਸਾਨੂੰ ਆਪਣੇ ਵਿਚ ਨਿਮਰਤਾ ਦਾ ਗੁਣ ਕਿਉਂ ਪੈਦਾ ਕਰਨਾ ਚਾਹੀਦਾ ਹੈ?

8. ਪਹਿਲਾ ਪਤਰਸ 5:6 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਨਿਮਰਤਾ ਤੋਂ ਖ਼ੁਸ਼ੀ ਹੁੰਦੀ ਹੈ?

8 ਆਪਣੇ ਵਿਚ ਨਿਮਰਤਾ ਪੈਦਾ ਕਰਨ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। ਪਤਰਸ ਰਸੂਲ ਨੇ ਇਹ ਗੱਲ ਚੰਗੀ ਤਰ੍ਹਾਂ ਸਮਝਾਈ। (1 ਪਤਰਸ 5:6 ਪੜ੍ਹੋ।) ‘ਆਓ ਮੇਰੇ ਚੇਲੇ ਬਣੋ’ ਨਾਂ ਦੀ ਕਿਤਾਬ ਵਿਚ ਪਤਰਸ ਦੇ ਸ਼ਬਦਾਂ ਬਾਰੇ ਦੱਸਿਆ ਗਿਆ ਹੈ ਕਿ “ਹੰਕਾਰ ਜ਼ਹਿਰ ਦੀ ਤਰ੍ਹਾਂ ਹੈ। ਇਸ ਦੇ ਨਤੀਜੇ ਜਾਨਲੇਵਾ ਹੋ ਸਕਦੇ ਹਨ। ਹੰਕਾਰੀ ਇਨਸਾਨ ਭਾਵੇਂ ਜਿੰਨਾ ਮਰਜ਼ੀ ਕਾਬਲ ਕਿਉਂ ਨਾ ਹੋਵੇ, ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬੇਕਾਰ ਹੁੰਦਾ ਹੈ। ਇਸ ਦੇ ਉਲਟ ਪਰਮੇਸ਼ੁਰ ਨਿਮਰ ਇਨਸਾਨ ਨੂੰ ਆਪਣੇ ਕੰਮ ਲਈ ਬਹੁਤ ਵਧੀਆ ਤਰੀਕੇ ਨਾਲ ਇਸਤੇਮਾਲ ਕਰ ਸਕਦਾ ਹੈ ਭਾਵੇਂ ਉਹ ਇੰਨਾ ਕਾਬਲ ਨਾ ਹੋਵੇ। . . . [ਯਹੋਵਾਹ] ਸਾਨੂੰ ਵੀ ਸਾਡੀ ਨਿਮਰਤਾ ਦਾ ਇਨਾਮ ਦੇਵੇਗਾ।” * ਕੀ ਪਰਮੇਸ਼ੁਰ ਨੂੰ ਖ਼ੁਸ਼ ਕਰਨ ਨਾਲੋਂ ਜ਼ਿਆਦਾ ਵਧੀਆ ਕੋਈ ਹੋਰ ਗੱਲ ਹੋ ਸਕਦੀ ਹੈ?—ਕਹਾ. 23:15.

9. ਸਾਡੀ ਨਿਮਰਤਾ ਕਰਕੇ ਲੋਕ ਸਾਡੇ ਵੱਲ ਕਿਉਂ ਖਿੱਚੇ ਆਉਣਾ ਚਾਹੁੰਦੇ ਹਨ?

9 ਯਹੋਵਾਹ ਨੂੰ ਖ਼ੁਸ਼ ਕਰਨ ਦੇ ਨਾਲ-ਨਾਲ ਨਿਮਰਤਾ ਪੈਦਾ ਕਰਨ ਦੇ ਸਾਨੂੰ ਕਈ ਫ਼ਾਇਦੇ ਹੁੰਦੇ ਹਨ। ਸਾਡੀ ਨਿਮਰਤਾ ਕਰਕੇ ਲੋਕ ਸਾਡੇ ਵੱਲ ਖਿੱਚੇ ਆਉਂਦੇ ਹਨ। ਇਸ ਤਰ੍ਹਾਂ ਕਿਉਂ? ਜ਼ਰਾ ਸੋਚੋ ਕਿ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਨਾਲ ਮਿਲਣਾ-ਗਿਲ਼ਣਾ ਪਸੰਦ ਕਰਦੇ ਹੋ। (ਮੱਤੀ 7:12) ਆਮ ਤੌਰ ਤੇ ਅਸੀਂ ਉਨ੍ਹਾਂ ਲੋਕਾਂ ਨਾਲ ਮਿਲਣਾ-ਗਿਲ਼ਣਾ ਪਸੰਦ ਨਹੀਂ ਕਰਦੇ ਹਾਂ ਜੋ ਦੂਜਿਆਂ ਦੀ ਸਲਾਹ ਨਹੀਂ ਸੁਣਦੇ ਅਤੇ ਚਾਹੁੰਦੇ ਹਨ ਕਿ ਦੂਸਰੇ ਸਿਰਫ਼ ਉਨ੍ਹਾਂ ਦੀ ਮਰਜ਼ੀ ਮੁਤਾਬਕ ਕੰਮ ਕਰਨ। ਇਸ ਤੋਂ ਉਲਟ, ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਨਾਲ ਮਿਲ ਕੇ ਤਾਜ਼ਗੀ ਮਿਲਦੀ ਹੈ ਜੋ ‘ਦੁੱਖਾਂ ਵਿਚ ਇਕ-ਦੂਜੇ ਦਾ ਸਾਥ ਦਿੰਦੇ, ਭਰਾਵਾਂ ਨਾਲ ਪਿਆਰ ਰੱਖਦੇ, ਇਕ-ਦੂਜੇ ਲਈ ਹਮਦਰਦੀ ਦਿਖਾਉਂਦੇ ਅਤੇ ਨਿਮਰ’ ਹੁੰਦੇ ਹਨ। (1 ਪਤ. 3:8) ਜਿਸ ਤਰ੍ਹਾਂ ਅਸੀਂ ਨਿਮਰ ਲੋਕਾਂ ਵੱਲ ਖਿੱਚੇ ਜਾਂਦੇ ਹਾਂ, ਉਸੇ ਤਰ੍ਹਾਂ ਸਾਡੇ ਵਿਚ ਨਿਮਰਤਾ ਦਾ ਗੁਣ ਦੇਖ ਕੇ ਦੂਸਰੇ ਸਾਡੇ ਵੱਲ ਖਿੱਚੇ ਜਾਣਗੇ।

10. ਨਿਮਰਤਾ ਹੋਣ ਕਰਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਸੌਖਾ ਕਿਉਂ ਹੁੰਦਾ ਹੈ?

10 ਨਿਮਰਤਾ ਹੋਣ ਕਰਕੇ ਅਸੀਂ ਸੌਖਿਆਂ ਹੀ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਾਂ। ਅਸਲ ਵਿਚ, ਅਸੀਂ ਕਈ ਵਾਰੀ ਬੇਇਨਸਾਫ਼ੀ ਹੁੰਦੀ ਦੇਖਦੇ ਹਾਂ ਜਾਂ ਖ਼ੁਦ ਸਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ। ਬੁੱਧੀਮਾਨ ਰਾਜੇ ਸੁਲੇਮਾਨ ਨੇ ਕਿਹਾ: “ਮੈਂ ਡਿੱਠਾ ਜੋ ਟਹਿਲੀਏ ਘੋੜਿਆਂ ਉੱਤੇ ਚੜ੍ਹਦੇ, ਅਤੇ ਸਰਦਾਰ ਟਹਿਲੀਆਂ ਵਾਂਙੁ ਧਰਤੀ ਉੱਤੇ ਪੈਰੀਂ ਤੁਰਦੇ ਹਨ।” (ਉਪ. 10:7) ਕਈ ਵਾਰ ਕਾਬਲ ਲੋਕਾਂ ਦੀ ਤਾਰੀਫ਼ ਨਹੀਂ ਹੁੰਦੀ। ਪਰ ਜਿਹੜੇ ਲੋਕ ਇੰਨੇ ਕਾਬਲ ਨਹੀਂ ਹੁੰਦੇ, ਉਨ੍ਹਾਂ ਨੂੰ ਕਦੀ-ਕਦਾਈਂ ਬਹੁਤ ਆਦਰ ਮਿਲਦਾ ਹੈ। ਇਸ ਬਾਰੇ ਸੁਲੇਮਾਨ ਨੇ ਕਿਹਾ ਕਿ ਸਾਡੇ ਲਈ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਜ਼ਿੰਦਗੀ ਦੀ ਅਸਲੀਅਤ ਪਛਾਣੀਏ ਅਤੇ ਜ਼ਿੰਦਗੀ ਵਿਚ ਜੋ ਹੁੰਦਾ ਹੈ ਉਸ ਕਰਕੇ ਨਿਰਾਸ਼ ਨਾ ਹੋਈਏ। (ਉਪ. 6:9) ਨਿਮਰ ਹੋਣ ਕਰਕੇ ਸਾਡੇ ਲਈ ਇਹ ਸੱਚਾਈ ਸਵੀਕਾਰ ਕਰਨੀ ਸੌਖੀ ਹੋਵੇਗੀ ਕਿ ਜ਼ਿੰਦਗੀ ਵਿਚ ਹਮੇਸ਼ਾ ਉੱਦਾਂ ਨਹੀਂ ਹੁੰਦਾ, ਜਿੱਦਾਂ ਅਸੀਂ ਸੋਚਦੇ ਹਾਂ।

ਕਿਨ੍ਹਾਂ ਹਾਲਾਤਾਂ ਵਿਚ ਸਾਡੀ ਨਿਮਰਤਾ ਪਰਖੀ ਜਾ ਸਕਦੀ ਹੈ?

ਇਸ ਤਰ੍ਹਾਂ ਦੇ ਹਾਲਾਤ ਵਿਚ ਨਿਮਰ ਰਹਿਣਾ ਔਖਾ ਕਿਉਂ ਹੋ ਸਕਦਾ ਹੈ? (ਪੈਰੇ 11-12 ਦੇਖੋ) *

11. ਸਲਾਹ ਮਿਲਣ ’ਤੇ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

11 ਹਰ ਦਿਨ ਨਿਮਰਤਾ ਦਿਖਾਉਣ ਦੇ ਸਾਡੇ ਕੋਲ ਅਣਗਿਣਤ ਮੌਕੇ ਹੁੰਦੇ ਹਨ। ਜ਼ਰਾ ਕੁਝ ਹਾਲਾਤਾਂ ’ਤੇ ਗੌਰ ਕਰੋ। ਸਲਾਹ ਮਿਲਣ ’ਤੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਕੋਈ ਸਾਨੂੰ ਸਲਾਹ ਦੇਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਹੋ ਸਕਦਾ ਕਿ ਅਸੀਂ ਕੋਈ ਗੰਭੀਰ ਗ਼ਲਤੀ ਕੀਤੀ ਹੋਵੇ ਜਿਸ ਦਾ ਸਾਨੂੰ ਖ਼ੁਦ ਨੂੰ ਅਹਿਸਾਸ ਨਾ ਹੋਵੇ। ਇੱਦਾਂ ਦੇ ਮੌਕਿਆਂ ’ਤੇ ਇਕਦਮ ਸਲਾਹ ਨੂੰ ਸਵੀਕਾਰ ਨਾ ਕਰਨਾ ਇਨਸਾਨੀ ਫਿਤਰਤ ਹੈ। ਅਸੀਂ ਸ਼ਾਇਦ ਸਲਾਹ ਦੇਣ ਵਾਲੇ ਦੀ ਜਾਂ ਉਸ ਦੇ ਸਲਾਹ ਦੇਣ ਦੇ ਤਰੀਕੇ ਦੀ ਨੁਕਤਾਚੀਨੀ ਕਰੀਏ। ਪਰ ਨਿਮਰ ਹੋਣ ਕਰਕੇ ਅਸੀਂ ਸਹੀ ਰਵੱਈਆ ਬਣਾਈ ਰੱਖਣ ਦੀ ਕੋਸ਼ਿਸ਼ ਕਰਾਂਗੇ।

12. ਕਹਾਉਤਾਂ 27:5, 6 ਮੁਤਾਬਕ ਸਾਨੂੰ ਸਲਾਹ ਦੇਣ ਵਾਲੇ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ? ਮਿਸਾਲ ਦਿਓ।

12 ਨਿਮਰ ਇਨਸਾਨ ਸਲਾਹ ਦੇਣ ਵਾਲੇ ਦਾ ਸ਼ੁਕਰਗੁਜ਼ਾਰ ਹੁੰਦਾ ਹੈ। ਮਿਸਾਲ ਲਈ, ਕਲਪਨਾ ਕਰੋ ਕਿ ਤੁਸੀਂ ਮੀਟਿੰਗ ਵਿਚ ਹੋ। ਤੁਸੀਂ ਕਈ ਭੈਣਾਂ-ਭਰਾਵਾਂ ਨਾਲ ਗੱਲ ਕਰ ਲਈ ਹੈ। ਇਸ ਤੋਂ ਬਾਅਦ ਕੋਈ ਭੈਣ ਜਾਂ ਭਰਾ ਤੁਹਾਨੂੰ ਇਕ ਪਾਸੇ ਲਿਜਾ ਕੇ ਦੱਸਦਾ ਹੈ ਕਿ ਤੁਹਾਡੇ ਦੰਦਾਂ ਵਿਚ ਕੁਝ ਫਸਿਆ ਹੋਇਆ ਹੈ। ਬਿਨਾਂ ਸ਼ੱਕ, ਤੁਸੀਂ ਸ਼ਰਮਿੰਦਗੀ ਮਹਿਸੂਸ ਕਰੋਗੇ। ਪਰ ਕੀ ਤੁਸੀਂ ਉਸ ਭੈਣ ਜਾਂ ਭਰਾ ਦੇ ਸ਼ੁਕਰਗੁਜ਼ਾਰ ਨਹੀਂ ਹੋਵੋਗੇ ਜਿਸ ਨੇ ਤੁਹਾਨੂੰ ਦੱਸਿਆ? ਅਸਲ ਵਿਚ, ਸ਼ਾਇਦ ਤੁਸੀਂ ਚਾਹੁੰਦੇ ਹੋਣੇ ਕਿ ਕਾਸ਼ ਕੋਈ ਪਹਿਲਾਂ ਹੀ ਤੁਹਾਨੂੰ ਇਸ ਬਾਰੇ ਦੱਸ ਦਿੰਦਾ! ਇਸੇ ਤਰ੍ਹਾਂ ਸਾਨੂੰ ਨਿਮਰਤਾ ਦਿਖਾਉਂਦੇ ਹੋਏ ਉਨ੍ਹਾਂ ਭੈਣਾਂ-ਭਰਾਵਾਂ ਲਈ ਸ਼ੁਕਰਗੁਜ਼ਾਰੀ ਦਿਖਾਉਣੀ ਚਾਹੀਦੀ ਹੈ ਜੋ ਲੋੜ ਪੈਣ ’ਤੇ ਸਾਨੂੰ ਸਲਾਹ ਦੇਣ ਦੀ ਹਿੰਮਤ ਕਰਦੇ ਹਨ। ਇਸ ਤਰ੍ਹਾਂ ਦੇ ਇਨਸਾਨ ਨੂੰ ਅਸੀਂ ਆਪਣਾ ਦੁਸ਼ਮਣ ਨਹੀਂ, ਸਗੋਂ ਦੋਸਤ ਸਮਝਾਂਗੇ।—ਕਹਾਉਤਾਂ 27:5, 6 ਪੜ੍ਹੋ; ਗਲਾ. 4:16.

ਉਦੋਂ ਨਿਮਰਤਾ ਕਿਉਂ ਜ਼ਰੂਰੀ ਹੈ ਜਦੋਂ ਦੂਜਿਆਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਸਨਮਾਨ ਮਿਲਦੇ ਹਨ? (ਪੈਰੇ 13-14 ਦੇਖੋ) *

13. ਪਰਮੇਸ਼ੁਰ ਦੀ ਸੇਵਾ ਵਿਚ ਦੂਜਿਆਂ ਨੂੰ ਸਨਮਾਨ ਮਿਲਣ ਵੇਲੇ ਅਸੀਂ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ?

13 ਜਦੋਂ ਦੂਜਿਆਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਸਨਮਾਨ ਮਿਲਦੇ ਹਨ। ਜੇਸਨ ਨਾਂ ਦਾ ਬਜ਼ੁਰਗ ਦੱਸਦਾ ਹੈ: “ਜਦੋਂ ਦੂਜਿਆਂ ਨੂੰ ਸਨਮਾਨ ਮਿਲਦੇ ਸਨ, ਉਦੋਂ ਮੈਂ ਕਦੀ-ਕਦਾਈਂ ਸੋਚਦਾ ਸੀ ਕਿ ਮੈਨੂੰ ਕਿਉਂ ਨਹੀਂ ਚੁਣਿਆ ਗਿਆ।” ਕੀ ਤੁਸੀਂ ਵੀ ਕਦੇ ਇੱਦਾਂ ਮਹਿਸੂਸ ਕੀਤਾ? ਪਰਮੇਸ਼ੁਰ ਦੀ ਸੇਵਾ ਵਿਚ “ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼” ਕਰਨੀ ਗ਼ਲਤ ਨਹੀਂ ਹੈ। (1 ਤਿਮੋ. 3:1) ਪਰ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਕੀ ਸੋਚਦੇ ਹਾਂ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਸਾਡੇ ਦਿਲ ਵਿਚ ਘਮੰਡ ਆ ਸਕਦਾ ਹੈ। ਮਿਸਾਲ ਲਈ, ਇਕ ਮਸੀਹੀ ਭਰਾ ਸ਼ਾਇਦ ਸੋਚੇ ਕਿ ਕੋਈ ਖ਼ਾਸ ਜ਼ਿੰਮੇਵਾਰੀ ਨਿਭਾਉਣ ਲਈ ਉਹੀ ਸਭ ਤੋਂ ਕਾਬਲ ਹੈ। ਜਾਂ ਇਕ ਮਸੀਹੀ ਪਤਨੀ ਸ਼ਾਇਦ ਸੋਚੇ ਕਿ ‘ਮੇਰਾ ਪਤੀ ਦੂਜੇ ਭਰਾ ਨਾਲੋਂ ਕਿਤੇ ਜ਼ਿਆਦਾ ਕਾਬਲ ਹੈ।’ ਪਰ ਜੇ ਅਸੀਂ ਸੱਚ-ਮੁੱਚ ਨਿਮਰ ਹਾਂ, ਤਾਂ ਅਸੀਂ ਇਸ ਤਰ੍ਹਾਂ ਨਹੀਂ ਸੋਚਾਂਗੇ।

14. ਦੂਸਰਿਆਂ ਨੂੰ ਸਨਮਾਨ ਮਿਲਣ ’ਤੇ ਮੂਸਾ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

14 ਦੂਸਰਿਆਂ ਨੂੰ ਸਨਮਾਨ ਮਿਲਣ ’ਤੇ ਮੂਸਾ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਮੂਸਾ ਨੂੰ ਇਜ਼ਰਾਈਲ ਕੌਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮਿਲੀ ਸੀ ਜਿਸ ਦੀ ਉਹ ਬਹੁਤ ਕਦਰ ਕਰਦਾ ਸੀ। ਜਦੋਂ ਯਹੋਵਾਹ ਨੇ ਹੋਰਨਾਂ ਆਦਮੀਆਂ ਨੂੰ ਮੂਸਾ ਨਾਲ ਕੰਮ ਕਰਨ ਦੀ ਆਗਿਆ ਦਿੱਤੀ, ਤਾਂ ਮੂਸਾ ਕਿਵੇਂ ਪੇਸ਼ ਆਇਆ? ਉਸ ਨੇ ਈਰਖਾ ਨਹੀਂ ਕੀਤੀ। (ਗਿਣ. 11:24-29) ਨਿਮਰ ਹੋਣ ਕਰਕੇ ਉਹ ਖ਼ੁਸ਼ ਸੀ ਕਿ ਲੋਕਾਂ ਦਾ ਨਿਆਂ ਕਰਨ ਵਿਚ ਹੋਰ ਆਦਮੀ ਉਸ ਦੀ ਮਦਦ ਕਰਨਗੇ। (ਕੂਚ 18:13-24) ਹੁਣ ਇਜ਼ਰਾਈਲੀਆਂ ਕੋਲ ਨਿਆਂ ਕਰਨ ਵਾਲੇ ਹੋਰ ਜ਼ਿਆਦਾ ਆਦਮੀ ਸਨ ਅਤੇ ਉਨ੍ਹਾਂ ਨੂੰ ਇਨਸਾਫ਼ ਲਈ ਜ਼ਿਆਦਾ ਉਡੀਕ ਨਹੀਂ ਕਰਨੀ ਪੈਂਦੀ ਸੀ। ਇਸ ਤਰੀਕੇ ਨਾਲ ਮੂਸਾ ਨੇ ਦਿਖਾਇਆ ਕਿ ਉਸ ਲਈ ਆਪਣੀਆਂ ਜ਼ਿੰਮੇਵਾਰੀਆਂ ਨਾਲੋਂ ਲੋਕਾਂ ਦੀ ਭਲਾਈ ਜ਼ਿਆਦਾ ਮਾਅਨੇ ਰੱਖਦੀ ਸੀ। ਸਾਡੇ ਲਈ ਕਿੰਨੀ ਵਧੀਆ ਮਿਸਾਲ! ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਇਸਤੇਮਾਲ ਕਰੇ, ਤਾਂ ਸਾਨੂੰ ਆਪਣੇ ਵਿਚ ਕਾਬਲੀਅਤ ਪੈਦਾ ਕਰਨ ਦੀ ਬਜਾਇ ਨਿਮਰਤਾ ਪੈਦਾ ਕਰਨੀ ਚਾਹੀਦੀ ਹੈ। ਚਾਹੇ “ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ।”—ਜ਼ਬੂ. 138:6.

15. ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਕਿਹੜੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ?

15 ਜਦੋਂ ਸਾਨੂੰ ਬਦਲਦੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਹਾਲ ਹੀ ਦੇ ਸਾਲਾਂ ਵਿਚ, ਦਹਾਕਿਆਂ ਤੋਂ ਸੇਵਾ ਕਰ ਰਹੇ ਬਹੁਤ ਸਾਰੇ ਭੈਣਾਂ-ਭਰਾਵਾਂ ਦੀਆਂ ਜ਼ਿੰਮੇਵਾਰੀਆਂ ਬਦਲ ਗਈਆਂ ਹਨ। ਮਿਸਾਲ ਲਈ, 2014 ਵਿਚ ਡਿਸਟ੍ਰਿਕਟ ਓਵਰਸੀਅਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਪੂਰੇ ਸਮੇਂ ਦੀ ਸੇਵਾ ਵਿਚ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਉਸੇ ਸਾਲ ਦੇ ਸ਼ੁਰੂ ਵਿਚ ਸੰਗਠਨ ਨੇ ਇਹ ਵੀ ਦੱਸਿਆ ਕਿ 70 ਸਾਲ ਦੇ ਹੋ ਜਾਣ ’ਤੇ ਭਰਾ ਸਰਕਟ ਓਵਰਸੀਅਰ ਵਜੋਂ ਸੇਵਾ ਨਹੀਂ ਕਰਨਗੇ। ਨਾਲੇ 80 ਸਾਲ ਦੇ ਹੋ ਜਾਣ ’ਤੇ ਭਰਾ ਬਜ਼ੁਰਗਾਂ ਦੇ ਸਮੂਹ ਦੇ ਸਹਾਇਕ ਬਜ਼ੁਰਗ ਵਜੋਂ ਸੇਵਾ ਨਹੀਂ ਕਰਨਗੇ। ਨਾਲੇ ਪਿਛਲੇ ਕੁਝ ਸਾਲਾਂ ਵਿਚ ਬੈਥਲ ਪਰਿਵਾਰ ਦੇ ਬਹੁਤ ਸਾਰੇ ਮੈਂਬਰਾਂ ਨੂੰ ਪਾਇਨੀਅਰਿੰਗ ਕਰਨ ਲਈ ਭੇਜ ਦਿੱਤਾ ਗਿਆ। ਕੁਝ ਜਣਿਆਂ ਨੂੰ ਆਪਣੀ ਖ਼ਰਾਬ ਸਿਹਤ ਕਰਕੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਾਸਤੇ ਜਾਂ ਆਪਣੇ ਕੁਝ ਕਾਰਨਾਂ ਕਰਕੇ ਖ਼ਾਸ ਪੂਰੇ ਸਮੇਂ ਦੀ ਸੇਵਾ ਛੱਡਣੀ ਪਈ।

16. ਸਾਡੇ ਭੈਣਾਂ-ਭਰਾਵਾਂ ਨੇ ਨਵੇਂ ਹਾਲਾਤਾਂ ਮੁਤਾਬਕ ਢਲ਼ਣ ਵਿਚ ਨਿਮਰਤਾ ਕਿਵੇਂ ਦਿਖਾਈ?

16 ਇਨ੍ਹਾਂ ਭੈਣਾਂ-ਭਰਾਵਾਂ ਲਈ ਇਸ ਤਰ੍ਹਾਂ ਦੇ ਹਾਲਾਤਾਂ ਮੁਤਾਬਕ ਢਲ਼ਣਾ ਸੌਖਾ ਨਹੀਂ ਸੀ। ਬਿਨਾਂ ਸ਼ੱਕ, ਇਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣੀਆਂ ਪੁਰਾਣੀਆਂ ਜ਼ਿੰਮੇਵਾਰੀਆਂ ਬਹੁਤ ਪਸੰਦ ਸਨ ਅਤੇ ਬਹੁਤ ਜਣੇ ਇਹ ਜ਼ਿੰਮੇਵਾਰੀਆਂ ਸਾਲਾਂ ਤੋਂ ਨਿਭਾ ਰਹੇ ਸਨ। ਕੁਝ ਜਣੇ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਮੁਤਾਬਕ ਢਲ਼ਣ ਦੌਰਾਨ ਬਹੁਤ ਜ਼ਿਆਦਾ ਉਦਾਸ ਸਨ। ਪਰ ਸਮੇਂ ਦੇ ਬੀਤਣ ਨਾਲ, ਉਹ ਹਾਲਾਤਾਂ ਅਨੁਸਾਰ ਢਲ਼ ਸਕੇ। ਕਿਉਂ? ਕਿਉਂਕਿ ਉਹ ਸਭ ਤੋਂ ਜ਼ਿਆਦਾ ਯਹੋਵਾਹ ਨੂੰ ਪਿਆਰ ਕਰਦੇ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ, ਨਾ ਕਿ ਕੰਮ, ਅਹੁਦੇ ਜਾਂ ਜ਼ਿੰਮੇਵਾਰੀ ਨੂੰ। (ਕੁਲੁ. 3:23) ਉਹ ਨਿਮਰਤਾ ਨਾਲ ਯਹੋਵਾਹ ਦੀ ਸੇਵਾ ਵਿਚ ਹਰ ਜ਼ਿੰਮੇਵਾਰੀ ਨਿਭਾਉਂਦੇ ਰਹਿਣ ਲਈ ਤਿਆਰ ਹਨ। ਉਨ੍ਹਾਂ ਨੇ “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ” ਦਿੱਤਾ ਕਿਉਂਕਿ ਉਹ ਜਾਣਦੇ ਹਨ ਕਿ ਪਰਮੇਸ਼ੁਰ ਨੂੰ ਉਨ੍ਹਾਂ ਦਾ ਫ਼ਿਕਰ ਹੈ।—1 ਪਤ. 5:6, 7.

17. ਅਸੀਂ ਸ਼ੁਕਰਗੁਜ਼ਾਰ ਕਿਉਂ ਹਾਂ ਕਿ ਪਰਮੇਸ਼ੁਰ ਦਾ ਬਚਨ ਸਾਨੂੰ ਨਿਮਰਤਾ ਪੈਦਾ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ?

17 ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਪਰਮੇਸ਼ੁਰ ਦਾ ਬਚਨ ਸਾਨੂੰ ਨਿਮਰਤਾ ਪੈਦਾ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ? ਇਹ ਵਧੀਆ ਗੁਣ ਪੈਦਾ ਕਰ ਕੇ ਸਾਨੂੰ ਖ਼ੁਦ ਨੂੰ ਅਤੇ ਦੂਜਿਆਂ ਨੂੰ ਫ਼ਾਇਦਾ ਹੁੰਦਾ ਹੈ। ਅਸੀਂ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਹੋਰ ਚੰਗੇ ਤਰੀਕੇ ਨਾਲ ਸਾਮ੍ਹਣਾ ਕਰ ਸਕਦੇ ਹਾਂ। ਸਭ ਤੋਂ ਜ਼ਿਆਦਾ, ਅਸੀਂ ਆਪਣੇ ਸਵਰਗੀ ਪਿਤਾ ਦੇ ਹੋਰ ਨੇੜੇ ਜਾਂਦੇ ਹਾਂ। ਅਸੀਂ ਇਹ ਜਾਣ ਕੇ ਕਿੰਨੇ ਖ਼ੁਸ਼ ਹਾਂ ਕਿ ਚਾਹੇ ਪਰਮੇਸ਼ੁਰ “ਮਹਾਨ ਅਤੇ ਉੱਤਮ” ਹੈ, ਪਰ ਫਿਰ ਵੀ ਉਹ ਆਪਣੇ ਨਿਮਰ ਸੇਵਕਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਕਦਰ ਕਰਦਾ ਹੈ!—ਯਸਾ. 57:15.

ਗੀਤ 22 ‘ਯਹੋਵਾਹ ਮੇਰਾ ਚਰਵਾਹਾ’

^ ਪੈਰਾ 5 ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਚ ਨਿਮਰਤਾ ਦਾ ਗੁਣ ਪੈਦਾ ਕਰੀਏ। ਨਿਮਰਤਾ ਕੀ ਹੈ? ਸਾਨੂੰ ਆਪਣੇ ਵਿਚ ਨਿਮਰਤਾ ਕਿਉਂ ਪੈਦਾ ਕਰਨੀ ਚਾਹੀਦੀ ਹੈ? ਬਦਲਦੇ ਹਾਲਾਤਾਂ ਵਿਚ ਸਾਡੀ ਨਿਮਰਤਾ ਕਿਵੇਂ ਪਰਖੀ ਜਾ ਸਕਦੀ ਹੈ? ਇਸ ਲੇਖ ਵਿਚ ਅਸੀਂ ਇਨ੍ਹਾਂ ਤਿੰਨ ਅਹਿਮ ਸਵਾਲਾਂ ਦੇ ਜਵਾਬ ਲਵਾਂਗੇ।

^ ਪੈਰਾ 7 1 ਅਕਤੂਬਰ 1984 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ “ਯਹੋਵਾਹ ਨੇ ਮੈਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ” ਅਤੇ 1 ਮਈ 2001 ਦੇ ਪਹਿਰਾਬੁਰਜ ਵਿਚ “ਯਹੋਵਾਹ ਦੀ ਮੇਰੇ ਉੱਤੇ ਬੜੀ ਮਿਹਰ ਰਹੀ ਹੈ!” ਨਾਂ ਦੇ ਲੇਖ ਦੇਖੋ।

^ ਪੈਰਾ 53 ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਦੇ ਘਰ ਪੌਲੁਸ ਰਸੂਲ ਨਿਮਰਤਾ ਨਾਲ ਦੂਜੇ ਭੈਣਾਂ-ਭਰਾਵਾਂ ਅਤੇ ਨਿਆਣਿਆਂ ਦੀ ਸੰਗਤੀ ਦਾ ਆਨੰਦ ਮਾਣਦਾ ਹੋਇਆ।

^ ਪੈਰਾ 57 ਤਸਵੀਰਾਂ ਬਾਰੇ ਜਾਣਕਾਰੀ: ਸਿਆਣੀ ਉਮਰ ਦਾ ਭਰਾ ਇਕ ਨੌਜਵਾਨ ਭਰਾ ਤੋਂ ਬਾਈਬਲ-ਆਧਾਰਿਤ ਸਲਾਹ ਲੈਂਦਾ ਹੋਇਆ।

^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਜਦੋਂ ਇਕ ਨੌਜਵਾਨ ਭਰਾ ਮੰਡਲੀ ਵਿਚ ਜ਼ਿੰਮੇਵਾਰੀ ਸੰਭਾਲਦਾ ਹੈ, ਤਾਂ ਸਿਆਣੀ ਉਮਰ ਦਾ ਭਰਾ ਉਸ ਤੋਂ ਈਰਖਾ ਨਹੀਂ ਕਰਦਾ।