Skip to content

Skip to table of contents

ਅਧਿਐਨ ਲੇਖ 39

ਦੇਖੋ ਇਕ ਵੱਡੀ ਭੀੜ

ਦੇਖੋ ਇਕ ਵੱਡੀ ਭੀੜ

“ਮੈਂ . . . ਲੋਕਾਂ ਦੀ ਇਕ ਵੱਡੀ ਭੀੜ ਦੇਖੀ ਜਿਸ ਨੂੰ ਕੋਈ ਵੀ ਗਿਣ ਨਾ ਸਕਿਆ। ਉਹ ਲੋਕ ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ ਖੜ੍ਹੇ ਸਨ।”—ਪ੍ਰਕਾ. 7:9.

ਗੀਤ 10 ‘ਮੈਂ ਹਾਜ਼ਰ ਹਾਂ ਮੈਨੂੰ ਘੱਲੋ!’

ਖ਼ਾਸ ਗੱਲਾਂ *

1. ਪਹਿਲੀ ਸਦੀ ਦੇ ਅਖ਼ੀਰ ਵਿਚ ਯੂਹੰਨਾ ਰਸੂਲ ਦੇ ਹਾਲਾਤ ਕਿਹੋ ਜਿਹੇ ਸਨ?

ਪਹਿਲੀ ਸਦੀ ਦੇ ਅਖ਼ੀਰ ਵਿਚ ਯੂਹੰਨਾ ਰਸੂਲ ਬਹੁਤ ਔਖੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਸੀ। ਉਹ ਸਿਆਣੀ ਉਮਰ ਦਾ ਹੋ ਚੁੱਕਾ ਸੀ, ਪਾਤਮੁਸ ਟਾਪੂ ’ਤੇ ਕੈਦ ਸੀ ਅਤੇ ਸ਼ਾਇਦ ਸਾਰੇ ਰਸੂਲਾਂ ਵਿੱਚੋਂ ਸਿਰਫ਼ ਉਹੀ ਜੀਉਂਦਾ ਬਚਿਆ ਸੀ। (ਪ੍ਰਕਾ. 1:9) ਉਸ ਨੂੰ ਪਤਾ ਸੀ ਕਿ ਧਰਮ-ਤਿਆਗੀ ਮੰਡਲੀਆਂ ਨੂੰ ਕੁਰਾਹੇ ਪਾ ਰਹੇ ਸਨ ਅਤੇ ਫੁੱਟਾਂ ਪਾ ਰਹੇ ਸਨ। ਲੱਗਦਾ ਸੀ ਕਿ ਸੱਚੇ ਮਸੀਹੀ ਧਰਮ ਦੀ ਲਾਟ ਬੁੱਝਣ ਹੀ ਵਾਲੀ ਸੀ।—ਯਹੂ. 4; ਪ੍ਰਕਾ. 2:15, 20; 3:1, 17.

ਯੂਹੰਨਾ ਰਸੂਲ ਨੇ “ਇਕ ਵੱਡੀ ਭੀੜ” ਦੇਖੀ ਜਿਸ ਨੇ ਚਿੱਟੇ ਚੋਗੇ ਪਾਏ ਹੋਏ ਸਨ ਅਤੇ ਹੱਥਾਂ ਵਿਚ ਖਜੂਰ ਦੀਆਂ ਟਾਹਣੀਆਂ ਫੜੀਆਂ ਹੋਈਆਂ ਸਨ (ਪੈਰਾ 2 ਦੇਖੋ)

2. ਪ੍ਰਕਾਸ਼ ਦੀ ਕਿਤਾਬ 7:9-14 ਮੁਤਾਬਕ ਯੂਹੰਨਾ ਨੂੰ ਕਿਹੜਾ ਸ਼ਾਨਦਾਰ ਦਰਸ਼ਣ ਦਿਖਾਇਆ ਗਿਆ? (ਪਹਿਲੇ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।)

2 ਇਨ੍ਹਾਂ ਔਖੇ ਹਾਲਾਤਾਂ ਦੌਰਾਨ ਯੂਹੰਨਾ ਨੂੰ ਇਕ ਬਹੁਤ ਹੀ ਸ਼ਾਨਦਾਰ ਦਰਸ਼ਣ ਦਿਖਾਇਆ ਗਿਆ। ਦਰਸ਼ਣ ਵਿਚ ਉਸ ਨੇ ਦੇਖਿਆ ਕਿ ਦੂਤਾਂ ਨੂੰ ਉਦੋਂ ਤਕ ਮਹਾਂਕਸ਼ਟ ਦੀਆਂ ਤਬਾਹ ਕਰਨ ਵਾਲੀਆਂ ਹਵਾਵਾਂ ਨੂੰ ਘੁੱਟ ਕੇ ਫੜੀ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਜਦੋਂ ਤਕ ਦਾਸਾਂ ’ਤੇ ਆਖ਼ਰੀ ਮੁਹਰ ਨਹੀਂ ਲੱਗ ਜਾਂਦੀ। (ਪ੍ਰਕਾ. 7:1-3) ਦਾਸਾਂ ਦਾ ਇਹ ਗਰੁੱਪ 1,44,000 ਜਣਿਆਂ ਦਾ ਬਣਿਆ ਹੈ ਜੋ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। (ਲੂਕਾ 12:32; ਪ੍ਰਕਾ. 7:4) ਫਿਰ ਯੂਹੰਨਾ ਨੇ ਇਕ ਹੋਰ ਗਰੁੱਪ ਦਾ ਜ਼ਿਕਰ ਕੀਤਾ ਜੋ ਵੱਡਾ ਹੈ। ਉਸ ਨੇ ਕਿਹਾ: “ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ ਦੇ ਲੋਕਾਂ ਦੀ ਇਕ ਵੱਡੀ ਭੀੜ ਦੇਖੀ ਜਿਸ ਨੂੰ ਕੋਈ ਵੀ ਗਿਣ ਨਾ ਸਕਿਆ। ਉਹ ਲੋਕ ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ ਖੜ੍ਹੇ ਸਨ।” (ਪ੍ਰਕਾਸ਼ ਦੀ ਕਿਤਾਬ 7:9-14 ਪੜ੍ਹੋ।) ਸੋਚੋ ਕਿ ਯੂਹੰਨਾ ਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੋਈ ਹੋਣੀ ਕਿ ਭਵਿੱਖ ਵਿਚ ਲੱਖਾਂ ਹੀ ਲੋਕ ਸੱਚੀ ਭਗਤੀ ਕਰਨਗੇ।

3. (ੳ) ਯੂਹੰਨਾ ਦੇ ਦਰਸ਼ਣ ਤੋਂ ਸਾਡੀ ਨਿਹਚਾ ਮਜ਼ਬੂਤ ਕਿਉਂ ਹੋਣੀ ਚਾਹੀਦੀ ਹੈ? (ਅ) ਇਸ ਲੇਖ ਤੋਂ ਅਸੀਂ ਕੀ ਸਿੱਖਾਂਗੇ?

3 ਬਿਨਾਂ ਸ਼ੱਕ, ਇਸ ਦਰਸ਼ਣ ਤੋਂ ਯੂਹੰਨਾ ਦੀ ਨਿਹਚਾ ਜ਼ਰੂਰ ਮਜ਼ਬੂਤ ਹੋਈ ਹੋਣੀ। ਤਾਂ ਫਿਰ ਇਸ ਤੋਂ ਸਾਡੀ ਨਿਹਚਾ ਕਿੰਨੀ ਮਜ਼ਬੂਤ ਹੋਣੀ ਚਾਹੀਦੀ ਕਿਉਂਕਿ ਇਸ ਦਰਸ਼ਣ ਦੀ ਪੂਰਤੀ ਸਾਡੇ ਸਮੇਂ ਵਿਚ ਹੋ ਰਹੀ ਹੈ! ਅਸੀਂ ਲੱਖਾਂ ਹੀ ਲੋਕ ਇਕੱਠੇ ਹੁੰਦੇ ਦੇਖਦੇ ਹਾਂ ਜੋ ਮਹਾਂਕਸ਼ਟ ਵਿੱਚੋਂ ਬਚ ਕੇ ਇਸ ਧਰਤੀ ’ਤੇ ਹਮੇਸ਼ਾ ਲਈ ਜੀਉਣ ਦੀ ਆਸ ਰੱਖਦੇ ਹਨ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਅੱਠ ਦਹਾਕਿਆਂ ਤੋਂ ਵੀ ਪਹਿਲਾਂ ਯਹੋਵਾਹ ਨੇ ਇਸ ਵੱਡੀ ਭੀੜ ਦੀ ਪਛਾਣ ਕਿਵੇਂ ਕਰਾਈ। ਫਿਰ ਅਸੀਂ ਇਸ ਭੀੜ ਬਾਰੇ ਹੋਰ ਦੋ ਗੱਲਾਂ ’ਤੇ ਗੌਰ ਕਰਾਂਗੇ: (1) ਇਹ ਭੀੜ ਬਹੁਤ ਵੱਡੀ ਹੈ ਅਤੇ (2) ਇਸ ਵਿਚ ਅਲੱਗ-ਅਲੱਗ ਸਭਿਆਚਾਰ ਦੇ ਲੋਕ ਹਨ। ਇਨ੍ਹਾਂ ਗੱਲਾਂ ਤੋਂ ਇਸ ਗਰੁੱਪ ਦਾ ਹਿੱਸਾ ਬਣਨ ਦੀ ਉਮੀਦ ਰੱਖਣ ਵਾਲੇ ਸਾਰੇ ਲੋਕਾਂ ਦੀ ਨਿਹਚਾ ਮਜ਼ਬੂਤ ਹੋਣੀ ਚਾਹੀਦੀ ਹੈ।

ਵੱਡੀ ਭੀੜ ਕਿੱਥੇ ਰਹੇਗੀ?

4. ਈਸਾਈ-ਜਗਤ ਦੇ ਲੋਕ ਬਾਈਬਲ ਦੀ ਕਿਹੜੀ ਸੱਚਾਈ ਨਹੀਂ ਸਮਝਦੇ ਅਤੇ ਬਾਈਬਲ ਸਟੂਡੈਂਟਸ ਦੀ ਸਿੱਖਿਆ ਉਨ੍ਹਾਂ ਤੋਂ ਵੱਖਰੀ ਕਿਵੇਂ ਸੀ?

4 ਈਸਾਈ-ਜਗਤ ਬਾਈਬਲ ਦੀ ਇਹ ਸੱਚਾਈ ਨਹੀਂ ਸਿਖਾਉਂਦਾ ਕਿ ਆਗਿਆਕਾਰ ਲੋਕ ਹਮੇਸ਼ਾ ਲਈ ਇਸ ਧਰਤੀ ’ਤੇ ਜੀਉਂਦੇ ਰਹਿਣਗੇ। (2 ਕੁਰਿੰ. 4:3, 4) ਅੱਜ ਈਸਾਈ-ਜਗਤ ਦੇ ਜ਼ਿਆਦਾਤਰ ਚਰਚਾਂ ਵਿਚ ਸਿਖਾਇਆ ਜਾਂਦਾ ਹੈ ਕਿ ਸਾਰੇ ਚੰਗੇ ਲੋਕ ਮਰਨ ਤੋਂ ਬਾਅਦ ਸਵਰਗ ਜਾਣਗੇ। ਪਰ ਬਾਈਬਲ ਸਟੂਡੈਂਟਸ ਇਹ ਸਿੱਖਿਆ ਨਹੀਂ ਦੇ ਰਹੇ ਸਨ ਜੋ 1879 ਤੋਂ ਪਹਿਰਾਬੁਰਜ ਛਾਪ ਰਹੇ ਸਨ। ਉਹ ਸਮਝ ਗਏ ਸਨ ਕਿ ਪਰਮੇਸ਼ੁਰ ਧਰਤੀ ਨੂੰ ਬਾਗ਼ ਵਰਗੀ ਖੂਬਸੂਰਤ ਬਣਾ ਦੇਵੇਗਾ ਅਤੇ ਲੱਖਾਂ ਹੀ ਆਗਿਆਕਾਰ ਲੋਕ ਹਮੇਸ਼ਾ ਲਈ ਇਸ ਧਰਤੀ ’ਤੇ ਜੀ ਸਕਣਗੇ, ਨਾ ਕਿ ਸਵਰਗ ਵਿਚ। ਪਰ ਫਿਰ ਵੀ ਉਨ੍ਹਾਂ ਨੂੰ ਇਹ ਸਮਝਣ ਵਿਚ ਸਮਾਂ ਲੱਗਾ ਕਿ ਇਹ ਆਗਿਆਕਾਰ ਲੋਕ ਕੌਣ ਹੋਣਗੇ।—ਮੱਤੀ 6:10.

5. ਬਾਈਬਲ ਸਟੂਡੈਂਟਸ 1,44,000 ਲੋਕਾਂ ਬਾਰੇ ਕੀ ਮੰਨਦੇ ਸਨ?

5 ਦਰਅਸਲ, ਬਾਈਬਲ ਸਟੂਡੈਂਟਸ ਨੂੰ ਧਰਮ-ਗ੍ਰੰਥ ਵਿੱਚੋਂ ਇਹ ਵੀ ਪਤਾ ਲੱਗਾ ਕਿ ਕੁਝ ਲੋਕਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ “ਧਰਤੀ ਉੱਤੋਂ ਮੁੱਲ” ਲਿਆ ਜਾਵੇਗਾ। (ਪ੍ਰਕਾ. 14:3) ਇਹ ਗਰੁੱਪ 1,44,000 ਜੋਸ਼ੀਲੇ ਅਤੇ ਸਮਰਪਿਤ ਮਸੀਹੀਆਂ ਤੋਂ ਬਣਨਾ ਸੀ ਜਿਨ੍ਹਾਂ ਨੇ ਧਰਤੀ ’ਤੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ ਸੀ। ਵੱਡੀ ਭੀੜ ਬਾਰੇ ਕੀ?

6. ਬਾਈਬਲ ਸਟੂਡੈਂਟਸ ਵੱਡੀ ਭੀੜ ਬਾਰੇ ਕੀ ਮੰਨਦੇ ਸਨ?

6 ਯੂਹੰਨਾ ਨੇ ਦਰਸ਼ਣ ਵਿਚ ਦੇਖਿਆ ਕਿ ਇਕ ਵੱਡੀ ਭੀੜ ‘ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ ਖੜ੍ਹੀ ਸੀ।’ (ਪ੍ਰਕਾ. 7:9) ਇਨ੍ਹਾਂ ਸ਼ਬਦਾਂ ਤੋਂ ਬਾਈਬਲ ਸਟੂਡੈਂਟਸ ਨੇ ਨਤੀਜਾ ਕੱਢਿਆ ਕਿ 1,44,000 ਵਾਂਗ ਵੱਡੀ ਭੀੜ ਵੀ ਸਵਰਗ ਵਿਚ ਰਹੇਗੀ। ਜੇ 1,44,000 ਤੇ ਵੱਡੀ ਭੀੜ ਨੇ ਸਵਰਗ ਵਿਚ ਰਹਿਣਾ ਸੀ, ਤਾਂ ਇਨ੍ਹਾਂ ਦੋਵਾਂ ਗਰੁੱਪਾਂ ਨੇ ਇਕ-ਦੂਜੇ ਤੋਂ ਵੱਖਰੇ ਕਿਵੇਂ ਹੋਣਾ ਸੀ? ਬਾਈਬਲ ਸਟੂਡੈਂਟਸ ਸੋਚਦੇ ਸਨ ਕਿ ਵੱਡੀ ਭੀੜ ਉਨ੍ਹਾਂ ਮਸੀਹੀਆਂ ਤੋਂ ਬਣਨੀ ਸੀ ਜੋ ਧਰਤੀ ’ਤੇ ਰਹਿੰਦਿਆਂ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਆਗਿਆਕਾਰ ਨਹੀਂ ਸਨ। ਚਾਹੇ ਉਹ ਸ਼ੁੱਧ ਜ਼ਿੰਦਗੀ ਜੀਉਂਦੇ ਸਨ, ਪਰ ਫਿਰ ਵੀ ਉਨ੍ਹਾਂ ਵਿੱਚੋਂ ਕੁਝ ਜਣੇ ਈਸਾਈ-ਜਗਤ ਦੇ ਚਰਚਾਂ ਦੇ ਮੈਂਬਰ ਬਣੇ ਰਹੇ। ਬਾਈਬਲ ਸਟੂਡੈਂਟਸ ਨੇ ਨਤੀਜਾ ਕੱਢਿਆ ਕਿ ਇਹੋ ਜਿਹੇ ਲੋਕਾਂ ਵਿਚ ਕੁਝ ਹੱਦ ਤਕ ਜੋਸ਼ ਸੀ, ਪਰ ਇਹ ਜੋਸ਼ ਯਿਸੂ ਨਾਲ ਮਿਲ ਕੇ ਰਾਜ ਕਰਨ ਲਈ ਕਾਫ਼ੀ ਨਹੀਂ ਸੀ। ਵੱਡੀ ਭੀੜ ਪਰਮੇਸ਼ੁਰ ਨਾਲ ਕੁਝ ਹੱਦ ਤਕ ਪਿਆਰ ਕਰਦੀ ਸੀ ਜਿਸ ਕਰਕੇ ਉਹ ਸਿੰਘਾਸਣ ਸਾਮ੍ਹਣੇ ਤਾਂ ਖੜ੍ਹ ਸਕਦੀ ਸੀ, ਪਰ ਉਸ ਦਾ ਪਿਆਰ ਇੰਨਾ ਗੂੜ੍ਹਾ ਨਹੀਂ ਸੀ ਕਿ ਉਹ ਸਿੰਘਾਸਣਾਂ ਉੱਤੇ ਬੈਠ ਸਕੇ।

7. ਬਾਈਬਲ ਸਟੂਡੈਂਟਸ ਮੁਤਾਬਕ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਕੌਣ ਧਰਤੀ ’ਤੇ ਜੀਉਣਗੇ ਅਤੇ ਪੁਰਾਣੇ ਸਮੇਂ ਦੇ ਵਫ਼ਾਦਾਰ ਆਦਮੀਆਂ ਬਾਰੇ ਬਾਈਬਲ ਸਟੂਡੈਂਟਸ ਕੀ ਮੰਨਦੇ ਸਨ?

7 ਤਾਂ ਫਿਰ, ਧਰਤੀ ’ਤੇ ਕਿਨ੍ਹਾਂ ਨੇ ਰਹਿਣਾ ਸੀ? ਬਾਈਬਲ ਸਟੂਡੈਂਟਸ ਮੰਨਦੇ ਸਨ ਕਿ 1,44,000 ਤੇ ਵੱਡੀ ਭੀੜ ਦੇ ਸਵਰਗ ਜਾਣ ਤੋਂ ਬਾਅਦ ਲੱਖਾਂ ਹੀ ਲੋਕ ਧਰਤੀ ’ਤੇ ਜੀਉਣਗੇ ਜੋ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਅਧੀਨ ਬਰਕਤਾਂ ਦਾ ਆਨੰਦ ਮਾਣਨਗੇ। ਬਾਈਬਲ ਸਟੂਡੈਂਟਸ ਨੂੰ ਨਹੀਂ ਲੱਗਦਾ ਸੀ ਕਿ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਇਹ ਲੱਖਾਂ ਲੋਕ ਯਹੋਵਾਹ ਦੀ ਭਗਤੀ ਕਰਨਗੇ। ਇਸ ਦੀ ਬਜਾਇ, ਉਨ੍ਹਾਂ ਦਾ ਮੰਨਣਾ ਸੀ ਕਿ ਇਨ੍ਹਾਂ ਲੋਕਾਂ ਨੂੰ ਇਸ ਹਜ਼ਾਰ ਸਾਲ ਦੇ ਰਾਜ ਦੌਰਾਨ ਯਹੋਵਾਹ ਬਾਰੇ ਸਿਖਾਇਆ ਜਾਵੇਗਾ। ਇਸ ਤੋਂ ਬਾਅਦ, ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਬਿਤਾਉਣ ਵਾਲਿਆਂ ਨੂੰ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਅਤੇ ਵਿਰੋਧ ਕਰਨ ਵਾਲਿਆਂ ਨੂੰ ਨਾਸ਼ ਕਰ ਦਿੱਤਾ ਜਾਵੇਗਾ। ਬਾਈਬਲ ਸਟੂਡੈਂਟਸ ਇਹ ਵੀ ਮੰਨਦੇ ਸਨ ਕਿ ਉਸ ਸਮੇਂ ਦੌਰਾਨ ਜਿਹੜੇ ਧਰਤੀ ’ਤੇ ‘ਸਰਦਾਰਾਂ’ ਵਜੋਂ ਸੇਵਾ ਕਰਨਗੇ, ਜਿਨ੍ਹਾਂ ਵਿਚ ਦੁਬਾਰਾ ਜੀਉਂਦੇ ਕੀਤੇ ਜਾਣ ਵਾਲੇ “ਪੁਰਾਣੇ ਸਮੇਂ ਦੀ ਸੇਵਕ” (ਵਫ਼ਾਦਾਰ ਆਦਮੀ ਜਿਨ੍ਹਾਂ ਦੀ ਮੌਤ ਮਸੀਹ ਤੋਂ ਪਹਿਲਾਂ ਹੋ ਗਈ) ਵੀ ਸ਼ਾਮਲ ਹੋਣਗੇ, ਉਨ੍ਹਾਂ ਨੂੰ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਸਵਰਗ ਲਿਜਾਇਆ ਜਾਵੇਗਾ।—ਜ਼ਬੂ. 45:16.

8. ਪਰਮੇਸ਼ੁਰ ਦੇ ਮਕਸਦ ਵਿਚ ਕਿਹੜੇ ਤਿੰਨ ਗਰੁੱਪ ਸ਼ਾਮਲ ਲੱਗਦੇ ਸਨ?

8 ਇਸ ਤਰ੍ਹਾਂ ਬਾਈਬਲ ਸਟੂਡੈਂਟਸ ਨੂੰ ਲੱਗਦਾ ਸੀ ਕਿ ਤਿੰਨ ਗਰੁੱਪ ਸਨ: (1) 1,44,000 ਜਿਨ੍ਹਾਂ ਨੇ ਯਿਸੂ ਨਾਲ ਸਵਰਗ ਵਿਚ ਰਾਜ ਕਰਨਾ ਸੀ; (2) ਘੱਟ ਜੋਸ਼ ਵਾਲੇ ਮਸੀਹੀਆਂ ਦੀ ਵੱਡੀ ਭੀੜ ਜਿਨ੍ਹਾਂ ਨੇ ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ ਖੜ੍ਹੇ ਹੋਣਾ ਸੀ ਅਤੇ (3) ਧਰਤੀ ’ਤੇ ਰਹਿਣ ਵਾਲੇ ਲੱਖਾਂ ਹੀ ਲੋਕ ਜਿਨ੍ਹਾਂ ਨੂੰ ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਯਹੋਵਾਹ ਦੇ ਰਾਹਾਂ ਬਾਰੇ ਸਿਖਾਇਆ ਜਾਣਾ ਸੀ। * ਪਰ ਯਹੋਵਾਹ ਨੇ ਸਹੀ ਸਮੇਂ ’ਤੇ ਇਸ ਵਿਸ਼ੇ ਬਾਰੇ ਸੱਚਾਈ ਦਾ ਚਾਨਣ ਹੋਰ ਚਮਕਾਇਆ।—ਕਹਾ. 4:18.

ਸੱਚਾਈ ਦੀ ਰੌਸ਼ਨੀ ਹੋਰ ਜ਼ਿਆਦਾ ਚਮਕੀ

1935 ਵਿਚ ਵੱਡੇ ਸੰਮੇਲਨ ’ਤੇ ਧਰਤੀ ’ਤੇ ਰਹਿਣ ਦੀ ਆਸ ਰੱਖਣ ਵਾਲੇ ਬਹੁਤ ਸਾਰੇ ਲੋਕਾਂ ਨੇ ਬਪਤਿਸਮਾ ਲਿਆ (ਪੈਰਾ 9 ਦੇਖੋ)

9. (ੳ) ਕਿਸ ਤਰੀਕੇ ਨਾਲ ਵੱਡੀ ਭੀੜ ਧਰਤੀ ਉੱਤੇ ਰਹਿੰਦਿਆਂ “ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ” ਖੜ੍ਹ ਸਕਦੀ ਸੀ? (ਅ) ਪ੍ਰਕਾਸ਼ ਦੀ ਕਿਤਾਬ 7:9 ਬਾਰੇ ਦਿੱਤੀ ਗਈ ਸਮਝ ਸਹੀ ਕਿਉਂ ਹੈ?

9 ਯੂਹੰਨਾ ਦੇ ਦਰਸ਼ਣ ਵਿਚ ਦਿਖਾਈ ਗਈ ਵੱਡੀ ਭੀੜ ਦੀ ਪਛਾਣ 1935 ਵਿਚ ਹੋਈ। ਯਹੋਵਾਹ ਦੇ ਗਵਾਹਾਂ ਨੂੰ ਅਹਿਸਾਸ ਹੋਇਆ ਕਿ ਵੱਡੀ ਭੀੜ ਨੂੰ “ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਦੇ ਸਾਮ੍ਹਣੇ” ਖੜ੍ਹੇ ਹੋਣ ਲਈ ਸਵਰਗ ਜਾਣ ਦੀ ਲੋੜ ਨਹੀਂ ਹੈ। ਧਰਤੀ ’ਤੇ ਰਹਿੰਦਿਆਂ ਵੱਡੀ ਭੀੜ ਯਹੋਵਾਹ ਦੇ ਅਧਿਕਾਰ ਨੂੰ ਸਵੀਕਾਰ ਕਰ ਕੇ ਅਤੇ ਉਸ ਦੀ ਹਕੂਮਤ ਦੇ ਅਧੀਨ ਰਹਿ ਕੇ “ਸਿੰਘਾਸਣ ਦੇ ਸਾਮ੍ਹਣੇ” ਖੜ੍ਹ ਸਕਦੀ ਹੈ। (ਯਸਾ. 66:1) ਉਹ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਕਰ ਕੇ “ਲੇਲੇ ਦੇ ਸਾਮ੍ਹਣੇ” ਖੜ੍ਹ ਸਕਦੇ ਹਨ। ਬਿਲਕੁਲ ਇਸੇ ਤਰ੍ਹਾਂ ਮੱਤੀ 25:31, 32 ਵਿਚ ਦੱਸਿਆ ਹੈ ਕਿ “ਸਭ ਕੌਮਾਂ” ਨੂੰ ਯਿਸੂ ਦੇ ਸ਼ਾਨਦਾਰ ਸਿੰਘਾਸਣ ‘ਅੱਗੇ ਇਕੱਠੇ’ ਹੋਣ ਲਈ ਕਿਹਾ ਗਿਆ ਜਿਨ੍ਹਾਂ ਵਿਚ ਬੁਰੇ ਲੋਕ ਵੀ ਸ਼ਾਮਲ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਕੌਮਾਂ ਸਵਰਗ ਵਿਚ ਨਹੀਂ, ਸਗੋਂ ਧਰਤੀ ’ਤੇ ਇਕੱਠੀਆਂ ਹੋਣਗੀਆਂ। ਇਹ ਨਵੀਂ ਸਮਝ ਸਹੀ ਲੱਗਦੀ ਹੈ। ਇਸ ਵਿਚ ਸਮਝਾਇਆ ਗਿਆ ਹੈ ਕਿ ਬਾਈਬਲ ਕਿਉਂ ਨਹੀਂ ਦੱਸਦੀ ਕਿ ਵੱਡੀ ਭੀੜ ਨੂੰ ਸਵਰਗ ਲਿਜਾਇਆ ਜਾਵੇਗਾ। ਸਿਰਫ਼ ਇਕ ਗਰੁੱਪ ਯਾਨੀ 1,44,000 ਨੂੰ ਸਵਰਗ ਵਿਚ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਗਿਆ ਹੈ ਜਿਨ੍ਹਾਂ ਨੇ ਯਿਸੂ ਨਾਲ “ਧਰਤੀ ਉੱਤੇ ਰਾਜਿਆਂ ਵਜੋਂ ਰਾਜ” ਕਰਨਾ ਹੈ।—ਪ੍ਰਕਾ. 5:10.

10. ਮਸੀਹ ਦਾ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਵੱਡੀ ਭੀੜ ਲਈ ਯਹੋਵਾਹ ਦੇ ਰਾਹਾਂ ਬਾਰੇ ਸਿੱਖਣਾ ਕਿਉਂ ਜ਼ਰੂਰੀ ਹੈ?

10 1935 ਤੋਂ ਯਹੋਵਾਹ ਦੇ ਗਵਾਹਾਂ ਨੂੰ ਪਤਾ ਲੱਗਾ ਕਿ ਯੂਹੰਨਾ ਨੇ ਦਰਸ਼ਣ ਵਿਚ ਜਿਹੜੀ ਵੱਡੀ ਭੀੜ ਦੇਖੀ ਸੀ, ਉਹ ਵਫ਼ਾਦਾਰ ਮਸੀਹੀਆਂ ਦੇ ਗਰੁੱਪ ਤੋਂ ਬਣੀ ਹੈ ਜਿਨ੍ਹਾਂ ਕੋਲ ਧਰਤੀ ’ਤੇ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਹੈ। ਮਸੀਹ ਦਾ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਵੱਡੀ ਭੀੜ ਨੂੰ ਯਹੋਵਾਹ ਦੇ ਰਾਹਾਂ ਬਾਰੇ ਜਾਣਨ ਦੀ ਲੋੜ ਹੈ ਤਾਂਕਿ ਉਹ ਮਹਾਂਕਸ਼ਟ ਵਿੱਚੋਂ ਬਚ ਨਿਕਲੇ। ਉਸ ਨੂੰ “ਇਨ੍ਹਾਂ ਸਾਰੀਆਂ ਗੱਲਾਂ ਤੋਂ ਬਚ” ਨਿਕਲਣ ਲਈ ਨਿਹਚਾ ਮਜ਼ਬੂਤ ਕਰਨ ਦੀ ਲੋੜ ਪਵੇਗੀ ਜੋ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਹੋਣਗੀਆਂ।—ਲੂਕਾ 21:34-36.

11. ਬਾਈਬਲ ਸਟੂਡੈਂਟਸ ਇਹ ਕਿਉਂ ਸੋਚਦੇ ਸਨ ਕਿ ਕੁਝ ਜਣਿਆਂ ਨੂੰ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਸਵਰਗ ਲਿਜਾਇਆ ਜਾਵੇਗਾ?

11 ਉਸ ਸੋਚ ਬਾਰੇ ਕੀ ਕਿ ਪੁਰਾਣੇ ਸਮੇਂ ਦੇ ਕੁਝ ਵਫ਼ਾਦਾਰ ਸੇਵਕਾਂ ਨੂੰ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਸਵਰਗ ਲਿਜਾਇਆ ਜਾਵੇਗਾ? ਉਨ੍ਹਾਂ ਨੇ ਸ਼ਾਇਦ ਸੋਚਿਆ ਕਿ ‘ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਨੂੰ ਸਿਰਫ਼ ਧਰਤੀ ਦੇ ਵਾਰਸ ਹੀ ਕਿਉਂ ਬਣਾਇਆ ਜਾਵੇਗਾ ਜਦ ਕਿ ਜੋ ਪੂਰੀ ਤਰ੍ਹਾਂ ਵਫ਼ਾਦਾਰ ਨਹੀਂ ਸਨ ਉਨ੍ਹਾਂ ਨੂੰ ਸਵਰਗੀ ਇਨਾਮ ਮਿਲੇਗਾ?’ ਇਸ ਲਈ ਕਾਫ਼ੀ ਸਾਲ ਪਹਿਲਾਂ 15 ਫਰਵਰੀ 1913 ਦੇ ਪਹਿਰਾਬੁਰਜ ਦੇ ਅੰਕ ਵਿਚ ਦੱਸਿਆ ਗਿਆ ਸੀ ਕਿ ਕੁਝ ਵਫ਼ਾਦਾਰ ਸੇਵਕਾਂ ਨੂੰ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਸਵਰਗ ਲਿਜਾਇਆ ਜਾਵੇਗਾ। ਦਰਅਸਲ, ਇਹ ਸੋਚ ਦੋ ਗ਼ਲਤ ਅੰਦਾਜ਼ੇ ਲਾਉਣ ਕਰਕੇ ਹੋਈ: (1) ਵੱਡੀ ਭੀੜ ਸਵਰਗ ਵਿਚ ਰਹੇਗੀ ਅਤੇ (2) ਵੱਡੀ ਭੀੜ ਘੱਟ ਜੋਸ਼ ਰੱਖਣ ਵਾਲੇ ਮਸੀਹੀਆਂ ਦੀ ਬਣੀ ਹੋਵੇਗੀ।

12-13. ਚੁਣੇ ਹੋਏ ਮਸੀਹੀ ਅਤੇ ਵੱਡੀ ਭੀੜ ਆਪਣੇ ਇਨਾਮ ਬਾਰੇ ਕੀ ਜਾਣਦੇ ਹਨ?

12 ਪਰ ਅਸੀਂ ਦੇਖਿਆ ਹੈ ਕਿ 1935 ਤੋਂ ਯਹੋਵਾਹ ਦੇ ਗਵਾਹਾਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਕਿ ਯੂਹੰਨਾ ਦੇ ਦਰਸ਼ਣ ਵਿਚ ਦਿਖਾਈ ਵੱਡੀ ਭੀੜ ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲੇ ਲੋਕ ਹਨ। ਉਹ “ਮਹਾਂਕਸ਼ਟ ਵਿੱਚੋਂ ਬਚ” ਨਿਕਲਣਗੇ ਅਤੇ ਉੱਚੀ-ਉੱਚੀ ਕਹਿਣਗੇ: “ਅਸੀਂ ਆਪਣੇ ਪਰਮੇਸ਼ੁਰ ਦੇ, ਜਿਹੜਾ ਸਿੰਘਾਸਣ ਉੱਤੇ ਬੈਠਾ ਹੈ, ਅਤੇ ਲੇਲੇ ਦੇ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਸਾਨੂੰ ਮੁਕਤੀ ਦਿੱਤੀ ਹੈ।” (ਪ੍ਰਕਾ. 7:10, 14) ਨਾਲੇ ਬਾਈਬਲ ਇਹ ਵੀ ਦੱਸਦੀ ਹੈ ਕਿ ਜਿਨ੍ਹਾਂ ਨੂੰ ਸਵਰਗ ਲਈ ਜੀਉਂਦਾ ਕੀਤਾ ਗਿਆ ਹੈ, ਉਨ੍ਹਾਂ ਨੂੰ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਨਾਲੋਂ “ਕੁਝ ਚੰਗਾ” ਮਿਲਿਆ ਹੈ। (ਇਬ. 11:40) ਇਸ ਲਈ ਸਾਡੇ ਭੈਣਾਂ-ਭਰਾਵਾਂ ਨੇ ਬੜੇ ਜੋਸ਼ ਨਾਲ ਲੋਕਾਂ ਨੂੰ ਯਹੋਵਾਹ ਦੀ ਸੇਵਾ ਕਰਨ ਦਾ ਸੱਦਾ ਦਿੱਤਾ ਅਤੇ ਧਰਤੀ ’ਤੇ ਹਮੇਸ਼ਾ ਜੀਉਣ ਦੀ ਉਮੀਦ ਬਾਰੇ ਦੱਸਿਆ।

13 ਇਹ ਉਮੀਦ ਮਿਲਣ ਕਰਕੇ ਵੱਡੀ ਭੀੜ ਬਹੁਤ ਖ਼ੁਸ਼ ਹੈ। ਉਹ ਸਮਝਦੀ ਹੈ ਕਿ ਯਹੋਵਾਹ ਹੀ ਫ਼ੈਸਲਾ ਕਰਦਾ ਹੈ ਕਿ ਉਸ ਦੇ ਵਫ਼ਾਦਾਰ ਸੇਵਕ ਧਰਤੀ ’ਤੇ ਸੇਵਾ ਕਰਨਗੇ ਜਾਂ ਸਵਰਗ ਵਿਚ। ਚੁਣੇ ਹੋਏ ਮਸੀਹੀ ਅਤੇ ਵੱਡੀ ਭੀੜ ਜਾਣਦੀ ਹੈ ਕਿ ਉਨ੍ਹਾਂ ਨੂੰ ਇਹ ਇਨਾਮ ਸਿਰਫ਼ ਯਹੋਵਾਹ ਦੀ ਅਪਾਰ ਕਿਰਪਾ ਕਰਕੇ ਹੀ ਮਿਲਿਆ ਹੈ ਜੋ ਉਸ ਨੇ ਯਿਸੂ ਮਸੀਹ ਦੀ ਕੁਰਬਾਨੀ ਦੁਆਰਾ ਦਿਖਾਈ ਹੈ।—ਰੋਮੀ. 3:24.

ਬਹੁਤ ਵੱਡੀ ਭੀੜ

14. 1935 ਤੋਂ ਬਾਅਦ ਵੀ ਬਹੁਤ ਜਣੇ ਕਿਉਂ ਸੋਚਦੇ ਸਨ ਕਿ ਵੱਡੀ ਭੀੜ ਬਾਰੇ ਕੀਤੀ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ?

14 1935 ਵਿਚ ਯਹੋਵਾਹ ਦੇ ਗਵਾਹਾਂ ਦੀ ਸਮਝ ਵਿਚ ਸੁਧਾਰ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਸੋਚਦੇ ਸਨ ਕਿ ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਦੀ ਭੀੜ ਵੱਡੀ ਕਿਵੇਂ ਹੋਵੇਗੀ। ਮਿਸਾਲ ਲਈ, ਰੋਨਲਡ ਪਾਰਕਿਨ ਜਦੋਂ 12 ਸਾਲਾਂ ਦਾ ਸੀ, ਉਦੋਂ ਵੱਡੀ ਭੀੜ ਬਾਰੇ ਸਹੀ ਸਮਝ ਮਿਲੀ ਸੀ। ਉਹ ਯਾਦ ਕਰਦਾ ਹੈ: “ਉਸ ਵੇਲੇ ਪੂਰੀ ਦੁਨੀਆਂ ਵਿਚ ਲਗਭਗ 56,000 ਪ੍ਰਚਾਰਕ ਸਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਚੁਣੇ ਹੋਏ ਸਨ। ਇਸ ਲਈ ਵੱਡੀ ਭੀੜ ਵੱਡੀ ਨਹੀਂ ਲੱਗਦੀ ਸੀ।”

15. ਵੱਡੀ ਭੀੜ ਨੂੰ ਇਕੱਠਾ ਕਰਨ ਦਾ ਕੰਮ ਜਾਰੀ ਕਿਵੇਂ ਹੈ?

15 ਪਰ ਇਸ ਤੋਂ ਬਾਅਦ ਦੇ ਦਹਾਕਿਆਂ ਵਿਚ ਬਹੁਤ ਸਾਰੇ ਦੇਸ਼ਾਂ ਵਿਚ ਮਿਸ਼ਨਰੀ ਭੇਜੇ ਗਏ ਅਤੇ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਧਦੀ ਗਈ। ਫਿਰ 1968 ਵਿਚ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਕਿਤਾਬ ਤੋਂ ਸਟੱਡੀ ਕਰਨ ਦਾ ਪ੍ਰਬੰਧ ਕੀਤਾ ਗਿਆ। ਬਾਈਬਲ ਦੀ ਸੱਚਾਈ ਇਸ ਵਿਚ ਬਹੁਤ ਸੌਖੇ ਢੰਗ ਨਾਲ ਸਮਝਾਈ ਗਈ ਸੀ ਜਿਸ ਕਰਕੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇਕਦਿਲ ਲੋਕ ਸੱਚਾਈ ਵੱਲ ਖਿੱਚੇ ਗਏ। ਚਾਰ ਸਾਲਾਂ ਦੇ ਅੰਦਰ-ਅੰਦਰ 5 ਲੱਖ ਤੋਂ ਜ਼ਿਆਦਾ ਲੋਕ ਬਪਤਿਸਮਾ ਲੈ ਕੇ ਚੇਲੇ ਬਣੇ। ਕੈਥੋਲਿਕ ਚਰਚ ਦਾ ਲਾਤੀਨੀ ਅਮਰੀਕਾ ਤੇ ਦੂਸਰੇ ਦੇਸ਼ਾਂ ’ਤੇ ਅਸਰ ਘਟਣ ਅਤੇ ਪੂਰਬੀ ਯੂਰਪ ਤੇ ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ ਸਾਡੇ ਕੰਮ ’ਤੇ ਪਾਬੰਦੀ ਹਟਣ ਤੋਂ ਬਾਅਦ ਹੋਰ ਵੀ ਲੱਖਾਂ ਲੋਕਾਂ ਨੇ ਬਪਤਿਸਮਾ ਲਿਆ। (ਯਸਾ. 60:22) ਹਾਲ ਹੀ ਦੇ ਸਾਲਾਂ ਵਿਚ, ਯਹੋਵਾਹ ਦੇ ਗਵਾਹਾਂ ਦੇ ਸੰਗਠਨ ਨੇ ਲੋਕਾਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਸਿਖਾਉਣ ਲਈ ਹੋਰ ਬਹੁਤ ਸਾਰੇ ਅਸਰਕਾਰੀ ਪ੍ਰਕਾਸ਼ਨ ਤਿਆਰ ਕੀਤੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਵੱਡੀ ਭੀੜ ਇਕੱਠੀ ਹੋ ਗਈ ਹੈ ਜਿਸ ਦੀ ਹੁਣ ਗਿਣਤੀ ਅੱਸੀ ਲੱਖ ਤੋਂ ਜ਼ਿਆਦਾ ਹੈ।

ਅਲੱਗ-ਅਲੱਗ ਸਭਿਆਚਾਰ ਦੇ ਲੋਕਾਂ ਦੀ ਵੱਡੀ ਭੀੜ

16. ਵੱਡੀ ਭੀੜ ਕਿਨ੍ਹਾਂ ਲੋਕਾਂ ਵਿੱਚੋਂ ਇਕੱਠੀ ਕੀਤੀ ਜਾ ਰਹੀ ਹੈ?

16 ਯੂਹੰਨਾ ਨੇ ਆਪਣੇ ਦਰਸ਼ਣ ਵਿਚ ਲਿਖਿਆ ਕਿ ਵੱਡੀ ਭੀੜ “ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ ਦੇ ਲੋਕਾਂ” ਵਿੱਚੋਂ ਆਵੇਗੀ। ਨਬੀ ਜ਼ਕਰਯਾਹ ਨੇ ਵੀ ਇਸੇ ਤਰ੍ਹਾਂ ਦੀ ਭਵਿੱਖਬਾਣੀ ਕੀਤੀ ਸੀ। ਉਸ ਨੇ ਲਿਖਿਆ: “ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!”—ਜ਼ਕ. 8:23.

17. ਸਾਰੀਆਂ ਕੌਮਾਂ ਤੇ ਬੋਲੀਆਂ ਦੇ ਲੋਕਾਂ ਦੀ ਮਦਦ ਕਰਨ ਵਾਸਤੇ ਕੀ ਕੀਤਾ ਜਾ ਰਿਹਾ ਹੈ?

17 ਯਹੋਵਾਹ ਦੇ ਗਵਾਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਰੀਆਂ ਬੋਲੀਆਂ ਦੇ ਲੋਕਾਂ ਨੂੰ ਇਕੱਠਾ ਕਰਨ ਲਈ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਅਸੀਂ 130 ਤੋਂ ਵੀ ਜ਼ਿਆਦਾ ਸਾਲਾਂ ਤੋਂ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਨੁਵਾਦ ਕਰਦੇ ਆਏ ਹਾਂ, ਪਰ ਹੁਣ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕਰਦੇ ਹਾਂ। ਬਿਨਾਂ ਸ਼ੱਕ, ਅੱਜ ਇਹ ਯਹੋਵਾਹ ਵੱਲੋਂ ਇਕ ਚਮਤਕਾਰ ਹੀ ਹੈ ਕਿ ਉਹ ਸਾਰੀਆਂ ਕੌਮਾਂ ਵਿੱਚੋਂ ਇਕ ਵੱਡੀ ਭੀੜ ਇਕੱਠੀ ਕਰ ਰਿਹਾ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪਰਮੇਸ਼ੁਰ ਦਾ ਗਿਆਨ ਮਿਲਣ ਕਰਕੇ ਅਲੱਗ-ਅਲੱਗ ਸਭਿਆਚਾਰ ਦੇ ਲੋਕਾਂ ਤੋਂ ਬਣਿਆ ਇਹ ਗਰੁੱਪ ਮਿਲ ਕੇ ਯਹੋਵਾਹ ਦੀ ਭਗਤੀ ਕਰਦਾ ਹੈ। ਨਾਲੇ ਯਹੋਵਾਹ ਦੇ ਗਵਾਹ ਜੋਸ਼ ਨਾਲ ਪ੍ਰਚਾਰ ਕਰਨ ਤੇ ਭਰਾਵਾਂ ਵਰਗਾ ਪਿਆਰ ਦਿਖਾਉਣ ਲਈ ਜਾਣੇ ਜਾਂਦੇ ਹਨ। ਇਹ ਦੇਖ ਕੇ ਸਾਡੀ ਨਿਹਚਾ ਕਿੰਨੀ ਵਧਦੀ ਹੈ!—ਮੱਤੀ 24:14; ਯੂਹੰ. 13:35.

ਇਹ ਦਰਸ਼ਣ ਸਾਡੇ ਲਈ ਕੀ ਮਾਅਨੇ ਰੱਖਦਾ ਹੈ?

18. (ੳ) ਯਸਾਯਾਹ 46:10, 11 ਅਨੁਸਾਰ ਸਾਨੂੰ ਹੈਰਾਨੀ ਕਿਉਂ ਨਹੀਂ ਹੁੰਦੀ ਕਿ ਯਹੋਵਾਹ ਨੇ ਵੱਡੀ ਭੀੜ ਸੰਬੰਧੀ ਭਵਿੱਖਬਾਣੀ ਪੂਰੀ ਕੀਤੀ ਹੈ? (ਅ) ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲੇ ਨਿਰਾਸ਼ ਕਿਉਂ ਨਹੀਂ ਹੁੰਦੇ?

18 ਸਾਡੇ ਕੋਲ ਵੱਡੀ ਭੀੜ ਸੰਬੰਧੀ ਕੀਤੀ ਭਵਿੱਖਬਾਣੀ ਬਾਰੇ ਖ਼ੁਸ਼ ਹੋਣ ਦੇ ਕਈ ਕਾਰਨ ਹਨ! ਸਾਨੂੰ ਹੈਰਾਨੀ ਨਹੀਂ ਹੁੰਦੀ ਕਿ ਯਹੋਵਾਹ ਨੇ ਇੰਨੇ ਸ਼ਾਨਦਾਰ ਢੰਗ ਨਾਲ ਇਹ ਭਵਿੱਖਬਾਣੀ ਪੂਰੀ ਕੀਤੀ ਹੈ। (ਯਸਾਯਾਹ 46:10, 11 ਪੜ੍ਹੋ।) ਵੱਡੀ ਭੀੜ ਦੇ ਲੋਕ ਯਹੋਵਾਹ ਵੱਲੋਂ ਮਿਲੀ ਇਸ ਉਮੀਦ ਲਈ ਬਹੁਤ ਸ਼ੁਕਰਗੁਜ਼ਾਰ ਹਨ। ਉਹ ਨਿਰਾਸ਼ ਨਹੀਂ ਹੁੰਦੇ ਕਿ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਦੁਆਰਾ ਨਹੀਂ ਚੁਣਿਆ ਗਿਆ ਤਾਂਕਿ ਉਹ ਸਵਰਗ ਜਾ ਕੇ ਯਿਸੂ ਨਾਲ ਸੇਵਾ ਕਰ ਸਕਣ। ਪੂਰੀ ਬਾਈਬਲ ਵਿਚ ਅਸੀਂ ਉਨ੍ਹਾਂ ਵਫ਼ਾਦਾਰ ਆਦਮੀ-ਔਰਤਾਂ ਬਾਰੇ ਪੜ੍ਹ ਸਕਦੇ ਹਾਂ ਜੋ ਪਵਿੱਤਰ ਸ਼ਕਤੀ ਦੀ ਅਗਵਾਈ ਅਧੀਨ ਚੱਲੇ, ਪਰ ਉਹ 1,44,000 ਜਣਿਆਂ ਵਿਚ ਸ਼ਾਮਲ ਨਹੀਂ ਹਨ। ਇਸ ਦੀ ਇਕ ਮਿਸਾਲ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ। (ਮੱਤੀ 11:11) ਦਾਊਦ ਇਕ ਹੋਰ ਮਿਸਾਲ ਹੈ। (ਰਸੂ. 2:34) ਇਨ੍ਹਾਂ ਨੂੰ ਅਤੇ ਹੋਰ ਅਣਗਿਣਤ ਲੋਕਾਂ ਨੂੰ ਬਾਗ਼ ਵਰਗੀ ਸੋਹਣੀ ਧਰਤੀ ’ਤੇ ਜੀਉਂਦਾ ਕੀਤਾ ਜਾਵੇਗਾ। ਵੱਡੀ ਭੀੜ ਦੇ ਨਾਲ-ਨਾਲ ਇਨ੍ਹਾਂ ਸਾਰਿਆਂ ਕੋਲ ਯਹੋਵਾਹ ਅਤੇ ਉਸ ਦੀ ਹਕੂਮਤ ਪ੍ਰਤੀ ਵਫ਼ਾਦਾਰੀ ਦਿਖਾਉਣ ਦਾ ਮੌਕਾ ਹੋਵੇਗਾ।

19. ਵੱਡੀ ਭੀੜ ਸੰਬੰਧੀ ਯੂਹੰਨਾ ਦੇ ਦਰਸ਼ਣ ਦੀ ਪੂਰਤੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅੰਤ ਨੇੜੇ ਹੈ?

19 ਪਰਮੇਸ਼ੁਰ ਨੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਰੀਆਂ ਕੌਮਾਂ ਵਿੱਚੋਂ ਲੱਖਾਂ ਲੋਕਾਂ ਨੂੰ ਇਕੱਠਾ ਕੀਤਾ ਹੈ। ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਧਰਤੀ ’ਤੇ ਰਹਿਣ ਦੀ, ਸਾਨੂੰ ਸਾਰਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਉਹ “ਹੋਰ ਭੇਡਾਂ” ਦੀ ਵੱਡੀ ਭੀੜ ਵਿਚ ਸ਼ਾਮਲ ਹੋ ਸਕਣ। (ਯੂਹੰ. 10:16) ਜਲਦੀ ਹੀ, ਯਹੋਵਾਹ ਆਪਣੇ ਕਹੇ ਮੁਤਾਬਕ ਮਹਾਂਕਸ਼ਟ ਲਿਆ ਕੇ ਸਰਕਾਰਾਂ ਅਤੇ ਧਰਮਾਂ ਦਾ ਨਾਸ਼ ਕਰੇਗਾ ਜਿਨ੍ਹਾਂ ਕਰਕੇ ਲੋਕ ਦੁੱਖ ਸਹਿ ਰਹੇ ਹਨ। ਇਹ ਕਿੰਨਾ ਹੀ ਸ਼ਾਨਦਾਰ ਸਨਮਾਨ ਹੈ ਕਿ ਵੱਡੀ ਭੀੜ ਦੇ ਲੋਕ ਧਰਤੀ ’ਤੇ ਰਹਿ ਕੇ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੀ ਸੇਵਾ ਕਰਨਗੇ!—ਪ੍ਰਕਾ. 7:14.

ਗੀਤ 55 ਸਦਾ ਦੀ ਜ਼ਿੰਦਗੀ

^ ਪੈਰਾ 5 ਇਸ ਲੇਖ ਵਿਚ ਅਸੀਂ ਯੂਹੰਨਾ ਦੇ ਦਰਸ਼ਣ ’ਤੇ ਚਰਚਾ ਕਰਾਂਗੇ ਜਿਸ ਵਿਚ “ਵੱਡੀ ਭੀੜ” ਇਕੱਠੀ ਕੀਤੇ ਜਾਣ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ। ਬਿਨਾਂ ਸ਼ੱਕ, ਇਸ ਦਰਸ਼ਣ ਤੋਂ ਉਨ੍ਹਾਂ ਲੋਕਾਂ ਦੀ ਨਿਹਚਾ ਮਜ਼ਬੂਤ ਹੋਵੇਗੀ ਜੋ ਇਸ ਗਰੁੱਪ ਦਾ ਹਿੱਸਾ ਹਨ।