Skip to content

Skip to table of contents

ਅਧਿਐਨ ਲੇਖ 37

“ਆਪਣਾ ਹੱਥ ਢਿੱਲਾ ਨਾ ਹੋਣ ਦੇਹ”

“ਆਪਣਾ ਹੱਥ ਢਿੱਲਾ ਨਾ ਹੋਣ ਦੇਹ”

“ਸਵੇਰ ਨੂੰ ਆਪਣਾ ਬੀ ਬੀਜ ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ।”—ਉਪ. 11:6.

ਗੀਤ 44 ਖ਼ੁਸ਼ੀ ਨਾਲ ਵਾਢੀ ਕਰੋ

ਖ਼ਾਸ ਗੱਲਾਂ *

1-2. ਉਪਦੇਸ਼ਕ ਦੀ ਪੋਥੀ 11:6 ਵਿਚ ਲਿਖੇ ਸ਼ਬਦਾਂ ਦਾ ਰਾਜ ਦੀ ਖ਼ੁਸ਼ ਖ਼ਬਰੀ ਨਾਲ ਕੀ ਸੰਬੰਧ ਹੈ?

ਕੁਝ ਦੇਸ਼ਾਂ ਦੇ ਲੋਕ ਜਦੋਂ ਖ਼ੁਸ਼ ਖ਼ਬਰੀ ਸੁਣਦੇ ਹਨ, ਤਾਂ ਉਹ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹਨ। ਹੋਰ ਦੇਸ਼ਾਂ ਵਿਚ ਲੋਕ ਬਾਈਬਲ ਜਾਂ ਪਰਮੇਸ਼ੁਰ ਬਾਰੇ ਜਾਣਨਾ ਨਹੀਂ ਚਾਹੁੰਦੇ। ਤੁਹਾਡੇ ਇਲਾਕੇ ਦੇ ਲੋਕ ਖ਼ੁਸ਼ ਖ਼ਬਰੀ ਪ੍ਰਤੀ ਕਿਸ ਤਰ੍ਹਾਂ ਦਾ ਹੁੰਗਾਰਾ ਭਰਦੇ ਹਨ? ਲੋਕ ਚਾਹੇ ਸੁਣਨ ਜਾਂ ਨਾ, ਪਰ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪ੍ਰਚਾਰ ਦਾ ਕੰਮ ਉਦੋਂ ਤਕ ਕਰਦੇ ਰਹੀਏ ਜਦੋਂ ਤਕ ਉਹ ਮਨ੍ਹਾ ਨਹੀਂ ਕਰ ਦਿੰਦਾ।

2 ਯਹੋਵਾਹ ਦੇ ਮਿਥੇ ਹੋਏ ਸਮੇਂ ’ਤੇ ਪ੍ਰਚਾਰ ਦਾ ਕੰਮ ਬੰਦ ਕੀਤਾ ਜਾਵੇਗਾ ਅਤੇ ‘ਅੰਤ ਆ ਜਾਵੇਗਾ।’ (ਮੱਤੀ 24:14, 36) ਉਦੋਂ ਤਕ ਅਸੀਂ ਇਸ ਗੱਲ ’ਤੇ ਕਿੱਦਾਂ ਚੱਲ ਸਕਦੇ ਹਾਂ ਕਿ “ਆਪਣਾ ਹੱਥ ਢਿੱਲਾ ਨਾ ਹੋਣ ਦੇਹ”? *ਉਪਦੇਸ਼ਕ ਦੀ ਪੋਥੀ 11:6 ਪੜ੍ਹੋ।

3. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ਉੱਤੇ ਚਰਚਾ ਕਰਾਂਗੇ?

3 ‘ਇਨਸਾਨਾਂ ਨੂੰ ਫੜਨ’ ਦਾ ਕੰਮ ਯਾਨੀ ਪ੍ਰਚਾਰ ਦਾ ਕੰਮ ਵਧੀਆ ਤਰੀਕੇ ਨਾਲ ਕਰਨ ਸੰਬੰਧੀ ਅਸੀਂ ਪਿਛਲੇ ਲੇਖ ਵਿਚ ਚਾਰ ਗੱਲਾਂ ਦੇਖੀਆਂ ਸਨ। (ਮੱਤੀ 4:19) ਇਸ ਲੇਖ ਵਿਚ ਅਸੀਂ ਤਿੰਨ ਗੱਲਾਂ ਉੱਤੇ ਗੌਰ ਕਰਾਂਗੇ ਜਿਨ੍ਹਾਂ ਰਾਹੀਂ ਸਾਡਾ ਪ੍ਰਚਾਰ ਕਰਨ ਦਾ ਇਰਾਦਾ ਹੋਰ ਮਜ਼ਬੂਤ ਹੋਵੇਗਾ, ਚਾਹੇ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ। ਅਸੀਂ ਸਿੱਖਾਂਗੇ ਕਿ ਇਹ ਜ਼ਰੂਰੀ ਕਿਉਂ ਹੈ ਕਿ ਅਸੀਂ (1) ਧਿਆਨ ਲਾਈ ਰੱਖੀਏ, (2) ਧੀਰਜ ਰੱਖੀਏ ਅਤੇ (3) ਨਿਹਚਾ ਮਜ਼ਬੂਤ ਬਣਾਈ ਰੱਖੀਏ।

ਧਿਆਨ ਲਾਈ ਰੱਖੋ

4. ਸਾਨੂੰ ਆਪਣਾ ਪੂਰਾ ਧਿਆਨ ਯਹੋਵਾਹ ਵੱਲੋਂ ਦਿੱਤੇ ਕੰਮ ’ਤੇ ਕਿਉਂ ਲਾਈ ਰੱਖਣਾ ਚਾਹੀਦਾ ਹੈ?

4 ਯਿਸੂ ਨੇ ਪਹਿਲਾਂ ਹੀ ਉਨ੍ਹਾਂ ਘਟਨਾਵਾਂ ਤੇ ਹਾਲਾਤਾਂ ਬਾਰੇ ਦੱਸਿਆ ਸੀ ਜਿਨ੍ਹਾਂ ਤੋਂ ਅੰਤ ਦੇ ਦਿਨਾਂ ਬਾਰੇ ਪਤਾ ਲੱਗਣਾ ਸੀ ਅਤੇ ਜਿਨ੍ਹਾਂ ਕਰਕੇ ਉਸ ਦੇ ਚੇਲਿਆਂ ਦਾ ਪ੍ਰਚਾਰ ਦੇ ਕੰਮ ਤੋਂ ਧਿਆਨ ਭਟਕ ਸਕਦਾ ਸੀ। ਉਸ ਨੇ ਆਪਣੇ ਚੇਲਿਆਂ ਨੂੰ ਸਲਾਹ ਦਿੱਤੀ, “ਖ਼ਬਰਦਾਰ ਰਹੋ।” (ਮੱਤੀ 24:42) ਨੂਹ ਦੇ ਦਿਨਾਂ ਵਾਂਗ ਅੱਜ ਵੀ ਕਈ ਚੀਜ਼ਾਂ ਸਾਡਾ ਧਿਆਨ ਭਟਕਾ ਸਕਦੀਆਂ ਹਨ। ਉਸ ਸਮੇਂ ਕਈ ਚੀਜ਼ਾਂ ਕਰਕੇ ਲੋਕਾਂ ਨੇ ਨੂਹ ਦੀ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ। (ਮੱਤੀ 24:37-39; 2 ਪਤ. 2:5) ਇਸ ਕਰਕੇ ਸਾਨੂੰ ਆਪਣਾ ਪੂਰਾ ਧਿਆਨ ਯਹੋਵਾਹ ਵੱਲੋਂ ਦਿੱਤੇ ਕੰਮ ’ਤੇ ਲਾਉਣਾ ਚਾਹੀਦਾ ਹੈ।

5. ਰਸੂਲਾਂ ਦੇ ਕੰਮ 1:6-8 ਵਿਚ ਪ੍ਰਚਾਰ ਕੰਮ ਬਾਰੇ ਕੀ ਦੱਸਿਆ ਗਿਆ ਹੈ?

5 ਅੱਜ ਸਾਨੂੰ ਪ੍ਰਚਾਰ ਦੇ ਕੰਮ ਵੱਲ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਯਿਸੂ ਨੇ ਕਿਹਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਇਹ ਕੰਮ ਵੱਡੇ ਪੱਧਰ ’ਤੇ ਅਤੇ ਲੰਬੇ ਸਮੇਂ ਲਈ ਕੀਤਾ ਜਾਵੇਗਾ। (ਯੂਹੰ. 14:12) ਯਿਸੂ ਦੀ ਮੌਤ ਤੋਂ ਬਾਅਦ ਉਸ ਦੇ ਕੁਝ ਚੇਲੇ ਦੁਬਾਰਾ ਮੱਛੀਆਂ ਫੜਨ ਦਾ ਕੰਮ ਕਰਨ ਲੱਗ ਪਏ। ਜੀਉਂਦਾ ਹੋਣ ਤੋਂ ਬਾਅਦ ਯਿਸੂ ਦੇ ਇਕ ਚਮਤਕਾਰ ਕਰਕੇ ਉਸ ਦੇ ਕੁਝ ਚੇਲੇ ਬਹੁਤ ਸਾਰੀਆਂ ਮੱਛੀਆਂ ਫੜ ਸਕੇ। ਇਸ ਮੌਕੇ ’ਤੇ ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਪ੍ਰਚਾਰ ਦਾ ਕੰਮ ਕਿਸੇ ਵੀ ਹੋਰ ਕੰਮ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ। (ਯੂਹੰ. 21:15-17) ਸਵਰਗ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਸ ਨੇ ਜੋ ਗਵਾਹੀ ਦੇਣ ਦਾ ਕੰਮ ਸ਼ੁਰੂ ਕੀਤਾ ਸੀ, ਉਹ ਧਰਤੀ ਦੇ ਕੋਨੇ-ਕੋਨੇ ਵਿਚ ਕੀਤਾ ਜਾਵੇਗਾ। (ਰਸੂਲਾਂ ਦੇ ਕੰਮ 1:6-8 ਪੜ੍ਹੋ।) ਸਾਲਾਂ ਬਾਅਦ, ਯਿਸੂ ਨੇ ਯੂਹੰਨਾ ਰਸੂਲ ਨੂੰ ਦਰਸ਼ਣ ਵਿਚ ਦਿਖਾਇਆ ਕਿ “ਪ੍ਰਭੂ ਦੇ ਦਿਨ ਵਿਚ” * ਕੀ ਹੋਵੇਗਾ। ਇਸ ਦਰਸ਼ਣ ਦੇ ਨਾਲ-ਨਾਲ ਯੂਹੰਨਾ ਨੇ ਇਹ ਸ਼ਾਨਦਾਰ ਗੱਲ ਦੇਖੀ: ਦੂਤਾਂ ਦੀ ਅਗਵਾਈ ਅਧੀਨ “ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ” “ਹਰ ਕੌਮ, ਹਰ ਕਬੀਲੇ, ਹਰ ਬੋਲੀ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ” ਸੁਣਾਈ ਜਾ ਰਹੀ ਸੀ। (ਪ੍ਰਕਾ. 1:10; 14:6) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅੱਜ ਅਸੀਂ ਇਸ ਸ਼ਾਨਦਾਰ ਕੰਮ ਵਿਚ ਹਿੱਸਾ ਲਈਏ ਜਦ ਤਕ ਇਹ ਕੰਮ ਪੂਰਾ ਨਹੀਂ ਹੋ ਜਾਂਦਾ।

6. ਅਸੀਂ ਪ੍ਰਚਾਰ ਦੇ ਕੰਮ ’ਤੇ ਧਿਆਨ ਕਿੱਦਾਂ ਲਾਈ ਰੱਖ ਸਕਦੇ ਹਾਂ?

6 ਜੇ ਅਸੀਂ ਇਸ ਗੱਲ ’ਤੇ ਸੋਚ ਵਿਚਾਰ ਕਰਦੇ ਹਾਂ ਕਿ ਯਹੋਵਾਹ ਸਾਡੀ ਕਿਵੇਂ ਮਦਦ ਕਰ ਰਿਹਾ ਹੈ, ਤਾਂ ਅਸੀਂ ਪ੍ਰਚਾਰ ਕੰਮ ’ਤੇ ਆਪਣਾ ਧਿਆਨ ਲਾਈ ਰੱਖ ਸਕਦੇ ਹਾਂ। ਮਿਸਾਲ ਲਈ, ਉਹ ਸਾਨੂੰ ਛਪੇ ਹੋਏ ਪ੍ਰਕਾਸ਼ਨਾਂ, ਡਿਜਿਟਲ ਪ੍ਰਕਾਸ਼ਨਾਂ, ਆਡੀਓ-ਵੀਡੀਓ ਰਿਕਾਰਡਿੰਗਾਂ ਅਤੇ ਬ੍ਰਾਡਕਾਸਟਿੰਗ ਰਾਹੀਂ ਢੇਰ ਸਾਰਾ ਗਿਆਨ ਦਿੰਦਾ ਹੈ। ਜ਼ਰਾ ਸੋਚੋ, ਸਾਡੀ ਵੈੱਬਸਾਈਟ 1,000 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ! (ਮੱਤੀ 24:45-47) ਅੱਜ ਦੁਨੀਆਂ ਰਾਜਨੀਤਿਕ, ਧਾਰਮਿਕ ਤੇ ਆਰਥਿਕ ਤੌਰ ’ਤੇ ਵੰਡੀ ਹੋਈ ਹੈ। ਪਰ ਦੁਨੀਆਂ ਭਰ ਵਿਚ 80 ਲੱਖ ਤੋਂ ਜ਼ਿਆਦਾ ਪਰਮੇਸ਼ੁਰ ਦੇ ਸੇਵਕ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਨ। ਮਿਸਾਲ ਲਈ, ਸ਼ੁੱਕਰਵਾਰ 19 ਅਪ੍ਰੈਲ 2019 ਨੂੰ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਬਾਈਬਲ ਹਵਾਲੇ ’ਤੇ ਚਰਚਾ ਕਰਨ ਲਈ ਇਕੱਠੇ ਹੋਏ। ਉਸ ਸ਼ਾਮ 2,09,19,041 ਲੋਕਾਂ ਨੇ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਈ। ਜਦੋਂ ਅਸੀਂ ਇਸ ਗੱਲ ’ਤੇ ਸੋਚ-ਵਿਚਾਰ ਕਰਦੇ ਹਾਂ ਕਿ ਇਹ ਚਮਤਕਾਰ ਅਸੀਂ ਆਪਣੀ ਅੱਖੀਂ ਪੂਰਾ ਹੁੰਦਾ ਦੇਖ ਰਹੇ ਹਾਂ ਅਤੇ ਇਸ ਦਾ ਹਿੱਸਾ ਹਾਂ, ਤਾਂ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣ ਲਈ ਪ੍ਰੇਰਿਤ ਹੁੰਦੇ ਹਾਂ।

ਸੱਚਾਈ ਬਾਰੇ ਗਵਾਹੀ ਦਿੰਦਿਆਂ ਯਿਸੂ ਨੇ ਆਪਣਾ ਧਿਆਨ ਨਹੀਂ ਭਟਕਣ ਦਿੱਤਾ (ਪੈਰਾ 7 ਦੇਖੋ)

7. ਯਿਸੂ ਦੀ ਮਿਸਾਲ ਧਿਆਨ ਲਾਈ ਰੱਖਣ ਵਿਚ ਸਾਡੀ ਕਿੱਦਾਂ ਮਦਦ ਕਰਦੀ ਹੈ?

7 ਅਸੀਂ ਯਿਸੂ ਮਸੀਹ ਦੀ ਮਿਸਾਲ ’ਤੇ ਚੱਲ ਕੇ ਵੀ ਪ੍ਰਚਾਰ ’ਤੇ ਆਪਣਾ ਧਿਆਨ ਲਾਈ ਰੱਖ ਸਕਦੇ ਹਾਂ। ਉਸ ਨੇ ਸੱਚਾਈ ਬਾਰੇ ਗਵਾਹੀ ਦੇਣ ਵਿਚ ਕਿਸੇ ਵੀ ਚੀਜ਼ ਨੂੰ ਆਪਣਾ ਧਿਆਨ ਭਟਕਾਉਣ ਨਹੀਂ ਦਿੱਤਾ। (ਯੂਹੰ. 18:37) ਜਦੋਂ ਸ਼ੈਤਾਨ ਨੇ ਉਸ ਨੂੰ “ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨੋ-ਸ਼ੌਕਤ ਦਿਖਾਈ,” ਤਾਂ ਉਸ ਨੇ ਆਪਣਾ ਧਿਆਨ ਨਹੀਂ ਭਟਕਣ ਦਿੱਤਾ। ਨਾਲੇ ਜਦੋਂ ਕੁਝ ਜਣੇ ਉਸ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ, ਉਦੋਂ ਵੀ ਉਹ ਇਸ ਪਰਤਾਵੇ ਵਿਚ ਨਹੀਂ ਪਿਆ। (ਮੱਤੀ 4:8, 9; ਯੂਹੰ. 6:15) ਉਸ ਨੇ ਆਪਣਾ ਧਿਆਨ ਨਾ ਤਾਂ ਧਨ-ਦੌਲਤ ਤੇ ਨਾ ਹੀ ਵਿਰੋਧਤਾ ਕਰਕੇ ਭਟਕਣ ਦਿੱਤਾ। (ਲੂਕਾ 9:58; ਯੂਹੰ. 8:59) ਜਦੋਂ ਸਾਡੀ ਨਿਹਚਾ ਦੀ ਪਰਖ ਹੁੰਦੀ ਹੈ, ਤਾਂ ਅਸੀਂ ਪੌਲੁਸ ਰਸੂਲ ਦੀ ਸਲਾਹ ਨੂੰ ਯਾਦ ਰੱਖ ਕੇ ਆਪਣਾ ਧਿਆਨ ਪ੍ਰਚਾਰ ਕੰਮ ’ਤੇ ਲਾਈ ਰੱਖ ਸਕਦੇ ਹਾਂ। ਉਸ ਨੇ ਮਸੀਹੀਆਂ ਨੂੰ ਯਿਸੂ ਦੀ ਮਿਸਾਲ ’ਤੇ ਚੱਲਣ ਦੀ ਹੱਲਾਸ਼ੇਰੀ ਦਿੱਤੀ ਤਾਂਕਿ ਉਹ ‘ਥੱਕ ਕੇ ਹੌਸਲਾ ਨਾ ਹਾਰ ਜਾਣ’!—ਇਬ. 12:3.

ਧੀਰਜ ਰੱਖੋ

8. ਧੀਰਜ ਕੀ ਹੈ ਅਤੇ ਖ਼ਾਸ ਕਰਕੇ ਅੱਜ ਸਾਨੂੰ ਇਸ ਦੀ ਕਿਉਂ ਲੋੜ ਹੈ?

8 ਧੀਰਜ ਇਕ ਅਜਿਹੀ ਕਾਬਲੀਅਤ ਹੈ ਜਿਸ ਕਰਕੇ ਤੁਸੀਂ ਸ਼ਾਂਤੀ ਨਾਲ ਹਾਲਾਤ ਬਦਲਣ ਦਾ ਇੰਤਜ਼ਾਰ ਕਰਦੇ ਹੋ। ਚਾਹੇ ਅਸੀਂ ਕਿਸੇ ਮਾੜੇ ਹਾਲਾਤ ਦੇ ਖ਼ਤਮ ਹੋਣ ਦਾ ਜਾਂ ਲੰਬੇ ਸਮੇਂ ਤੋਂ ਆਪਣੀ ਕੋਈ ਇੱਛਾ ਪੂਰੀ ਹੋਣ ਦਾ ਇੰਤਜ਼ਾਰ ਕਰਦੇ ਹਾਂ, ਤਾਂ ਵੀ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਹਬੱਕੂਕ ਨਬੀ ਯਹੂਦਾਹ ਦੇ ਮਾੜੇ ਹਾਲਾਤਾਂ ਦੇ ਖ਼ਤਮ ਹੋਣ ਦੀ ਉਡੀਕ ਕਰ ਰਿਹਾ ਸੀ। (ਹਬ. 1:2) ਯਿਸੂ ਦੇ ਚੇਲਿਆਂ ਨੂੰ ਉਮੀਦ ਸੀ ਕਿ ਉਸ ਦਾ ਰਾਜ “ਇਕਦਮ ਪ੍ਰਗਟ” ਹੋ ਜਾਵੇਗਾ ਅਤੇ ਉਨ੍ਹਾਂ ਨੂੰ ਰੋਮੀ ਹਕੂਮਤ ਤੋਂ ਛੁਡਾਵੇਗਾ। (ਲੂਕਾ 19:11) ਅਸੀਂ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਪਰਮੇਸ਼ੁਰ ਦਾ ਰਾਜ ਦੁਸ਼ਟਤਾ ਦਾ ਨਾਸ਼ ਕਰੇਗਾ ਅਤੇ ਨਵੀਂ ਦੁਨੀਆਂ ਲਿਆਵੇਗਾ ਜਿਸ ਵਿਚ ਧਾਰਮਿਕਤਾ ਰਹੇਗੀ। (2 ਪਤ. 3:13) ਪਰ ਸਾਨੂੰ ਧੀਰਜ ਰੱਖਣ ਅਤੇ ਯਹੋਵਾਹ ਦੇ ਮਿਥੇ ਹੋਏ ਸਮੇਂ ਦਾ ਇੰਤਜ਼ਾਰ ਕਰਨ ਦੀ ਲੋੜ ਹੈ। ਆਓ ਦੇਖੀਏ ਕਿ ਯਹੋਵਾਹ ਕਿਨ੍ਹਾਂ ਤਰੀਕਿਆਂ ਰਾਹੀਂ ਸਾਨੂੰ ਧੀਰਜ ਰੱਖਣਾ ਸਿਖਾਉਂਦਾ ਹੈ।

9. ਕਿਨ੍ਹਾਂ ਮਿਸਾਲਾਂ ਤੋਂ ਯਹੋਵਾਹ ਦੇ ਧੀਰਜ ਦਾ ਪਤਾ ਲੱਗਦਾ ਹੈ?

9 ਯਹੋਵਾਹ ਧੀਰਜ ਦੀ ਸਭ ਤੋਂ ਵਧੀਆ ਮਿਸਾਲ ਹੈ। ਉਸ ਨੇ ਨੂਹ ਨੂੰ ਕਿਸ਼ਤੀ ਬਣਾਉਣ ਅਤੇ “ਧਾਰਮਿਕਤਾ ਦੇ ਪ੍ਰਚਾਰਕ” ਵਜੋਂ ਕੰਮ ਕਰਨ ਲਈ ਕਾਫ਼ੀ ਸਮਾਂ ਦਿੱਤਾ। (2 ਪਤ. 2:5; 1 ਪਤ. 3:20) ਜਦੋਂ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਦੇ ਦੁਸ਼ਟ ਲੋਕਾਂ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ, ਤਾਂ ਅਬਰਾਹਾਮ ਨੇ ਯਹੋਵਾਹ ਤੋਂ ਉਸ ਦੇ ਫ਼ੈਸਲੇ ਬਾਰੇ ਵਾਰ-ਵਾਰ ਸਵਾਲ ਪੁੱਛੇ ਜਿਨ੍ਹਾਂ ਨੂੰ ਯਹੋਵਾਹ ਨੇ ਧੀਰਜ ਨਾਲ ਸੁਣਿਆ। (ਉਤ. 18:20-33) ਸਦੀਆਂ ਤਕ ਯਹੋਵਾਹ ਨੇ ਬੇਵਫ਼ਾ ਇਜ਼ਰਾਈਲ ਕੌਮ ਨਾਲ ਕਾਫ਼ੀ ਧੀਰਜ ਰੱਖਿਆ। (ਨਹ. 9:30, 31) ਅਸੀਂ ਅੱਜ ਵੀ ਯਹੋਵਾਹ ਦੇ ਧੀਰਜ ਦਾ ਸਬੂਤ ਦੇਖਦੇ ਹਾਂ ਕਿਉਂਕਿ ਉਹ ਲੋਕਾਂ ਨੂੰ “ਤੋਬਾ ਕਰਨ” ਲਈ ਕਾਫ਼ੀ ਸਮਾਂ ਦੇ ਰਿਹਾ ਹੈ। (2 ਪਤ. 3:9; ਯੂਹੰ. 6:44; 1 ਤਿਮੋ. 2:3, 4) ਪ੍ਰਚਾਰ ਅਤੇ ਸਿਖਾਉਣ ਦਾ ਕੰਮ ਕਰਦਿਆਂ ਯਹੋਵਾਹ ਦੀ ਮਿਸਾਲ ਸਾਨੂੰ ਧੀਰਜ ਰੱਖਣ ਲਈ ਪ੍ਰੇਰਿਤ ਕਰਦੀ ਹੈ। ਉਹ ਆਪਣੇ ਬਚਨ ਵਿਚ ਦਰਜ ਇਕ ਮਿਸਾਲ ਰਾਹੀਂ ਵੀ ਸਾਨੂੰ ਧੀਰਜ ਰੱਖਣਾ ਸਿਖਾਉਂਦਾ ਹੈ।

ਮਿਹਨਤੀ ਅਤੇ ਧੀਰਜਵਾਨ ਕਿਸਾਨ ਦੀ ਤਰ੍ਹਾਂ ਅਸੀਂ ਆਪਣੀ ਮਿਹਨਤ ਦੇ ਫਲ ਦਾ ਇੰਤਜ਼ਾਰ ਕਰਦੇ ਹਾਂ (ਪੈਰੇ 10-11 ਦੇਖੋ)

10. ਯਾਕੂਬ 5:7, 8 ਮੁਤਾਬਕ ਕਿਸਾਨ ਦੀ ਮਿਸਾਲ ਵਿਚ ਕਿਹੜੀ ਗੱਲ ਧਿਆਨ ਦੇਣ ਯੋਗ ਹੈ?

10 ਯਾਕੂਬ 5:7, 8 ਪੜ੍ਹੋ। ਕਿਸਾਨ ਦੀ ਮਿਸਾਲ ਸਾਨੂੰ ਧੀਰਜ ਰੱਖਣਾ ਸਿੱਖਾਉਂਦੀ ਹੈ। ਕੁਝ ਪੌਦੇ ਛੇਤੀ ਉੱਗ ਜਾਂਦੇ ਹਨ, ਪਰ ਜ਼ਿਆਦਾਤਰ ਪੌਦਿਆਂ, ਖ਼ਾਸ ਕਰਕੇ ਫਲਾਂ ਵਾਲਿਆਂ ਨੂੰ ਵਧਣ ਲਈ ਜ਼ਿਆਦਾ ਸਮਾਂ ਲੱਗਦਾ ਹੈ। ਇਜ਼ਰਾਈਲ ਵਿਚ ਪੌਦੇ ਵਧਣ ਦਾ ਸਮਾਂ ਲਗਭਗ ਛੇ ਮਹੀਨੇ ਦਾ ਹੁੰਦਾ ਸੀ। ਕਿਸਾਨ ਪਤਝੜ ਦੀ ਪਹਿਲੀ ਵਰਖਾ ਤੋਂ ਬਾਅਦ ਬੀ ਬੀਜਦੇ ਸਨ ਅਤੇ ਬਸੰਤ ਦੀ ਅਖੀਰਲੀ ਵਰਖਾ ਖ਼ਤਮ ਹੋਣ ਤੇ ਵਾਢੀ ਕਰਦੇ ਸਨ। (ਮਰ. 4:28) ਆਓ ਆਪਾਂ ਕਿਸਾਨ ਦੇ ਧੀਰਜ ਦੀ ਰੀਸ ਕਰੀਏ। ਪਰ ਸ਼ਾਇਦ ਇੱਦਾਂ ਕਰਨਾ ਸੌਖਾ ਨਾ ਹੋਵੇ।

11. ਪ੍ਰਚਾਰ ਵਿਚ ਧੀਰਜ ਸਾਡੀ ਕਿਵੇਂ ਮਦਦ ਕਰਦਾ ਹੈ?

11 ਪਾਪੀ ਇਨਸਾਨ ਅਕਸਰ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਜਲਦੀ ਮਿਲੇ। ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬਾਗ਼ ਵਿਚ ਫੁੱਲ ਖਿੜਨ, ਤਾਂ ਸਾਨੂੰ ਲਗਾਤਾਰ ਇਸ ਦੀ ਦੇਖ-ਭਾਲ ਕਰਨੀ ਚਾਹੀਦੀ ਹੈ ਯਾਨੀ ਸਾਨੂੰ ਖੁਦਾਈ ਕਰਨ, ਬੀ ਬੀਜਣ, ਝਾੜੀਆਂ ਨੂੰ ਪੁੱਟਣ ਅਤੇ ਪਾਣੀ ਦਿੰਦੇ ਰਹਿਣ ਦੀ ਲੋੜ ਹੈ। ਚੇਲੇ ਬਣਾਉਣ ਦੇ ਕੰਮ ਵਿਚ ਵੀ ਲਗਾਤਾਰ ਮਿਹਨਤ ਕਰਨ ਦੀ ਲੋੜ ਹੈ। ਅਸੀਂ ਜਿਨ੍ਹਾਂ ਨੂੰ ਸਿਖਾਉਂਦੇ ਹਾਂ, ਸਾਨੂੰ ਉਨ੍ਹਾਂ ਦੇ ਮਨ ਵਿੱਚੋਂ ਪੱਖਪਾਤ ਦੀਆਂ ਭਾਵਨਾਵਾਂ ਨੂੰ ਪੁੱਟਣ ਵਿਚ ਸਮਾਂ ਲੱਗਦਾ ਹੈ। ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ, ਤਾਂ ਧੀਰਜ ਰੱਖਣ ਕਰਕੇ ਅਸੀਂ ਨਿਰਾਸ਼ ਨਹੀਂ ਹੋਵਾਂਗੇ। ਜਦੋਂ ਲੋਕ ਸਾਡੀ ਗੱਲ ਸੁਣਦੇ ਹਨ, ਉਦੋਂ ਵੀ ਸਾਨੂੰ ਧੀਰਜ ਰੱਖਣਾ ਚਾਹੀਦਾ ਹੈ। ਅਸੀਂ ਆਪਣੇ ਬਾਈਬਲ ਵਿਦਿਆਰਥੀ ਨੂੰ ਨਿਹਚਾ ਪੱਕੀ ਕਰਨ ਲਈ ਮਜਬੂਰ ਨਹੀਂ ਕਰ ਸਕਦੇ। ਕਦੀ-ਕਦੀ ਯਿਸੂ ਦੇ ਚੇਲਿਆਂ ਨੂੰ ਵੀ ਉਸ ਦੀਆਂ ਗੱਲਾਂ ਸਮਝਣ ਵਿਚ ਸਮਾਂ ਲੱਗਦਾ ਸੀ। (ਯੂਹੰ. 14:9) ਆਓ ਆਪਾਂ ਹਮੇਸ਼ਾ ਯਾਦ ਰੱਖੀਏ ਕਿ ਅਸੀਂ ਬੂਟਾ ਲਾਉਂਦੇ ਹਾਂ ਤੇ ਪਾਣੀ ਦਿੰਦੇ ਹਾਂ, ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਹੈ।—1 ਕੁਰਿੰ. 3:6.

12. ਆਪਣੇ ਅਵਿਸ਼ਵਾਸੀ ਰਿਸ਼ਤੇਦਾਰਾਂ ਨੂੰ ਗਵਾਹੀ ਦਿੰਦੇ ਵੇਲੇ ਅਸੀਂ ਧੀਰਜ ਕਿਵੇਂ ਰੱਖ ਸਕਦੇ ਹਾਂ?

12 ਆਪਣੇ ਅਵਿਸ਼ਵਾਸੀ ਰਿਸ਼ਤੇਦਾਰਾਂ ਨੂੰ ਗਵਾਹੀ ਦਿੰਦੇ ਵੇਲੇ ਸਾਡੇ ਲਈ ਧੀਰਜ ਰੱਖਣਾ ਸ਼ਾਇਦ ਔਖਾ ਹੋਵੇ। ਪਰ ਉਪਦੇਸ਼ਕ ਦੀ ਪੋਥੀ 3:7 ਵਿਚ ਦਿੱਤਾ ਅਸੂਲ ਸਾਡੀ ਮਦਦ ਕਰ ਸਕਦਾ ਹੈ। ਇੱਥੇ ਲਿਖਿਆ: “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” ਅਸੀਂ ਆਪਣੇ ਚੰਗੇ ਚਾਲ-ਚਲਣ ਰਾਹੀਂ ਉਨ੍ਹਾਂ ਨੂੰ ਗਵਾਹੀ ਦੇ ਸਕਦੇ ਹਾਂ, ਪਰ ਸਾਨੂੰ ਹਮੇਸ਼ਾ ਉਨ੍ਹਾਂ ਨੂੰ ਗਵਾਹੀ ਦੇਣ ਦੇ ਮੌਕਿਆਂ ਦੀ ਭਾਲ ਵਿਚ ਰਹਿਣਾ ਚਾਹੀਦਾ ਹੈ। (1 ਪਤ. 3:1, 2) ਅਸੀਂ ਜੋਸ਼ ਨਾਲ ਪ੍ਰਚਾਰ ਕਰਦਿਆਂ ਤੇ ਸਿਖਾਉਂਦਿਆਂ ਸਾਰਿਆਂ ਨਾਲ ਧੀਰਜ ਰੱਖਦੇ ਹਾਂ ਜਿਨ੍ਹਾਂ ਵਿਚ ਸਾਡੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹਨ।

13-14. ਅਸੀਂ ਧੀਰਜ ਦੀਆਂ ਕਿਹੜੀਆਂ ਕੁਝ ਮਿਸਾਲਾਂ ਦੀ ਰੀਸ ਕਰ ਸਕਦੇ ਹਾਂ?

13 ਅਸੀਂ ਬਾਈਬਲ ਵਿਚ ਦਿੱਤੀਆਂ ਵਫ਼ਾਦਾਰ ਸੇਵਕਾਂ ਅਤੇ ਅੱਜ ਦੇ ਸਮੇਂ ਦੀਆਂ ਮਿਸਾਲਾਂ ਤੋਂ ਧੀਰਜ ਰੱਖਣਾ ਸਿੱਖ ਸਕਦੇ ਹਾਂ। ਚਾਹੇ ਹਬੱਕੂਕ ਦੁਸ਼ਟਤਾ ਦੇ ਖ਼ਤਮ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ, ਪਰ ਉਸ ਨੇ ਪੂਰੇ ਭਰੋਸੇ ਨਾਲ ਕਿਹਾ: “ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ।” (ਹਬ. 2:1) ਪੌਲੁਸ ਰਸੂਲ ਚਾਹੁੰਦਾ ਸੀ ਕਿ ਉਹ “ਸੇਵਾ ਦਾ ਕੰਮ ਪੂਰਾ” ਕਰੇ, ਪਰ ਫਿਰ ਵੀ ਉਹ ਧੀਰਜ ਨਾਲ ਲਗਾਤਾਰ ‘ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦਿੰਦਾ’ ਰਿਹਾ।—ਰਸੂ. 20:24.

14 ਜ਼ਰਾ ਇਕ ਵਿਆਹੇ ਜੋੜੇ ਦੀ ਮਿਸਾਲ ਉੱਤੇ ਗੌਰ ਕਰੋ ਜੋ ਗਿਲੀਅਡ ਸਕੂਲ ਤੋਂ ਗ੍ਰੈਜੂਏਟ ਹੋਇਆ ਸੀ। ਉਸ ਜੋੜੇ ਨੂੰ ਉਸ ਦੇਸ਼ ਵਿਚ ਸੇਵਾ ਕਰਨ ਲਈ ਭੇਜਿਆ ਗਿਆ ਜਿੱਥੇ ਬਹੁਤ ਥੋੜ੍ਹੇ ਗਵਾਹ ਸਨ ਅਤੇ ਉੱਥੇ ਦੇ ਜ਼ਿਆਦਾਤਰ ਲੋਕ ਈਸਾਈ ਧਰਮ ਨੂੰ ਨਹੀਂ ਮੰਨਦੇ ਸਨ। ਜ਼ਿਆਦਾਤਰ ਲੋਕਾਂ ਨੂੰ ਬਾਈਬਲ ਸਟੱਡੀ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ। ਇਸ ਦੇ ਉਲਟ, ਉਨ੍ਹਾਂ ਨਾਲ ਗਿਲੀਅਡ ਸਕੂਲ ਵਿਚ ਗ੍ਰੈਜੂਏਟ ਹੋਏ ਹੋਰ ਭੈਣ-ਭਰਾ ਦੂਸਰੇ ਦੇਸ਼ਾਂ ਤੋਂ ਰਿਪੋਰਟਾਂ ਭੇਜਦੇ ਸਨ ਕਿ ਉਹ ਬਹੁਤ ਸਾਰੀਆਂ ਬਾਈਬਲ ਸਟੱਡੀਆਂ ਕਰਾ ਰਹੇ ਸਨ ਜੋ ਕਾਫ਼ੀ ਤਰੱਕੀ ਕਰ ਰਹੀਆਂ ਸਨ। ਭਾਵੇਂ ਇਹ ਜੋੜਾ ਉਸ ਇਲਾਕੇ ਵਿਚ ਸੇਵਾ ਕਰ ਰਿਹਾ ਸੀ ਜਿੱਥੇ ਲੋਕ ਘੱਟ ਤਰੱਕੀ ਕਰ ਰਹੇ ਸਨ, ਪਰ ਫਿਰ ਵੀ ਇਹ ਜੋੜਾ ਪ੍ਰਚਾਰ ਕਰਦਾ ਰਿਹਾ। ਉਸ ਇਲਾਕੇ ਵਿਚ ਅੱਠ ਸਾਲ ਸੇਵਾ ਕਰਨ ਤੋਂ ਬਾਅਦ, ਇਸ ਜੋੜੇ ਦੇ ਇਕ ਬਾਈਬਲ ਵਿਦਿਆਰਥੀ ਨੇ ਬਪਤਿਸਮਾ ਲਿਆ ਜਿਸ ਤੋਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ। ਪੁਰਾਣੇ ਅਤੇ ਅੱਜ ਦੇ ਸਮੇਂ ਦੇ ਸੇਵਕਾਂ ਦੀਆਂ ਮਿਸਾਲਾਂ ਤੋਂ ਅਸੀਂ ਕੀ ਸਿੱਖਦੇ ਹਾਂ? ਇਨ੍ਹਾਂ ਵਫ਼ਾਦਾਰ ਮਸੀਹੀਆਂ ਨੇ ਨਾ ਤਾਂ ਆਪਣਾ ਜੋਸ਼ ਘਟਣ ਦਿੱਤਾ ਅਤੇ ਨਾ ਹੀ ਆਪਣੇ ਹੱਥ ਢਿੱਲੇ ਪੈਣ ਦਿੱਤੇ। ਨਤੀਜੇ ਵਜੋਂ, ਯਹੋਵਾਹ ਨੇ ਉਨ੍ਹਾਂ ਨੂੰ ਧੀਰਜ ਦਾ ਫਲ ਦਿੱਤਾ। ਆਓ ਆਪਾਂ ਵੀ ਉਨ੍ਹਾਂ ਲੋਕਾਂ ਦੀ ਰੀਸ ਕਰੀਏ “ਜਿਹੜੇ ਨਿਹਚਾ ਤੇ ਧੀਰਜ ਦੇ ਰਾਹੀਂ ਪਰਮੇਸ਼ੁਰ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਹਾਸਲ ਕਰਦੇ ਹਨ।”—ਇਬ. 6:10-12.

ਆਪਣੀ ਨਿਹਚਾ ਮਜ਼ਬੂਤ ਕਰੋ

15. ਸਾਡੇ ਪ੍ਰਚਾਰ ਕਰਨ ਦੇ ਇਰਾਦੇ ਨੂੰ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੀ ਹੈ?

15 ਅਸੀਂ ਜਿਹੜਾ ਸੰਦੇਸ਼ ਸੁਣਾਉਂਦੇ ਹਾਂ, ਉਸ ਉੱਤੇ ਸਾਨੂੰ ਨਿਹਚਾ ਹੈ। ਇਸ ਕਰਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਇਹ ਸੰਦੇਸ਼ ਸਾਂਝਾ ਕਰਨਾ ਚਾਹੁੰਦੇ ਹਾਂ। ਸਾਨੂੰ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਵਾਅਦਿਆਂ ’ਤੇ ਵੀ ਭਰੋਸਾ ਹੈ। (ਜ਼ਬੂ. 119:42; ਯਸਾ. 40:8) ਅਸੀਂ ਅੱਜ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖੀਆਂ ਹਨ। ਅਸੀਂ ਆਪਣੀ ਅੱਖੀਂ ਦੇਖਿਆ ਹੈ ਕਿ ਬਾਈਬਲ ਦੀ ਸਲਾਹ ਲਾਗੂ ਕਰ ਕੇ ਲੋਕਾਂ ਦੀਆਂ ਜ਼ਿੰਦਗੀਆਂ ਕਿਵੇਂ ਵਧੀਆ ਬਣੀਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਸਾਡਾ ਭਰੋਸਾ ਵਧਦਾ ਹੈ ਕਿ ਸਾਨੂੰ ਇਹ ਸੰਦੇਸ਼ ਸਾਰਿਆਂ ਨੂੰ ਸੁਣਾਉਣ ਦੀ ਲੋੜ ਹੈ।

16. ਜ਼ਬੂਰ 46:1-3 ਮੁਤਾਬਕ ਯਹੋਵਾਹ ਅਤੇ ਯਿਸੂ ’ਤੇ ਨਿਹਚਾ ਸਾਡੇ ਪ੍ਰਚਾਰ ਕਰਨ ਦੇ ਇਰਾਦੇ ਨੂੰ ਕਿਵੇਂ ਮਜ਼ਬੂਤ ਕਰਦੀ ਹੈ?

16 ਸਾਨੂੰ ਇਸ ਸੰਦੇਸ਼ ਦੇ ਸੋਮੇ ਯਾਨੀ ਯਹੋਵਾਹ ਉੱਤੇ ਵੀ ਨਿਹਚਾ ਹੈ। ਨਾਲੇ ਸਾਨੂੰ ਯਿਸੂ ਉੱਤੇ ਵੀ ਨਿਹਚਾ ਹੈ ਜੋ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ। (ਯੂਹੰ. 14:1) ਚਾਹੇ ਸਾਡੇ ਹਾਲਾਤ ਜੋ ਮਰਜ਼ੀ ਹੋਣ, ਪਰ ਯਹੋਵਾਹ ਹਮੇਸ਼ਾ ਸਾਡੀ ਪਨਾਹ ਬਣਿਆ ਰਹੇਗਾ ਅਤੇ ਸਾਨੂੰ ਬਲ ਦਿੰਦਾ ਰਹੇਗਾ। (ਜ਼ਬੂਰ 46:1-3 ਪੜ੍ਹੋ।) ਇਸ ਤੋਂ ਇਲਾਵਾ, ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਵੱਲੋਂ ਮਿਲੀ ਤਾਕਤ ਅਤੇ ਅਧਿਕਾਰ ਦੀ ਵਰਤੋਂ ਕਰਦਿਆਂ ਯਿਸੂ ਸਵਰਗ ਤੋਂ ਪ੍ਰਚਾਰ ਕੰਮ ਦੀ ਅਗਵਾਈ ਕਰ ਰਿਹਾ ਹੈ।—ਮੱਤੀ 28:18-20.

17. ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਪ੍ਰਚਾਰ ਕਿਉਂ ਕਰਦੇ ਰਹਿਣਾ ਚਾਹੀਦਾ ਹੈ।

17 ਨਿਹਚਾ ਇਸ ਗੱਲ ’ਤੇ ਸਾਡਾ ਭਰੋਸਾ ਵਧਾਉਂਦੀ ਹੈ ਕਿ ਯਹੋਵਾਹ ਸਾਡੀਆਂ ਕੋਸ਼ਿਸ਼ਾਂ ’ਤੇ ਬਰਕਤ ਪਾਵੇਗਾ। ਕਈ ਵਾਰ ਤਾਂ ਉਹ ਇਸ ਤਰੀਕੇ ਨਾਲ ਬਰਕਤ ਦਿੰਦਾ ਹੈ ਜਿਸ ਬਾਰੇ ਅਸੀਂ ਕਦੇ ਸੋਚਿਆ ਹੀ ਨਾ ਹੋਵੇ। (ਉਪ. 11:6) ਮਿਸਾਲ ਲਈ, ਹਰ ਦਿਨ ਹਜ਼ਾਰਾਂ ਲੋਕ ਸਾਡੀ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਕੋਲੋਂ ਲੰਘਦੇ ਹਨ। ਕੀ ਇੱਦਾਂ ਪ੍ਰਚਾਰ ਕਰਨ ਦਾ ਕੋਈ ਫ਼ਾਇਦਾ ਹੈ? ਬਿਲਕੁਲ। ਨਵੰਬਰ 2014 ਦੀ ਸਾਡੀ ਰਾਜ ਸੇਵਕਾਈ ਵਿਚ ਦੱਸਿਆ ਗਿਆ ਸੀ ਕਿ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਯਹੋਵਾਹ ਦੇ ਗਵਾਹਾਂ ਬਾਰੇ ਲੇਖ ਲਿਖਣਾ ਚਾਹੁੰਦੀ ਸੀ। ਉਸ ਨੂੰ ਕੋਈ ਕਿੰਗਡਮ ਹਾਲ ਨਹੀਂ ਲੱਭਾ। ਪਰ ਉਸ ਨੇ ਯੂਨੀਵਰਸਿਟੀ ਦੇ ਕੈਂਪਸ ਵਿਚ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਦੇਖੀ ਅਤੇ ਉਸ ਨੂੰ ਲੇਖ ਲਿਖਣ ਲਈ ਜਾਣਕਾਰੀ ਵੀ ਮਿਲ ਗਈ। ਸਮੇਂ ਦੇ ਬੀਤਣ ਨਾਲ, ਉਸ ਨੇ ਬਪਤਿਸਮਾ ਲੈ ਲਿਆ ਅਤੇ ਹੁਣ ਉਹ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰਦੀ ਹੈ। ਇੱਦਾਂ ਦੇ ਤਜਰਬੇ ਸਾਨੂੰ ਪ੍ਰਚਾਰ ਕਰਦੇ ਰਹਿਣ ਲਈ ਪ੍ਰੇਰਿਤ ਕਰਦੇ ਹਨ ਕਿਉਂਕਿ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਸੰਦੇਸ਼ ਸੁਣਨ ਦੀ ਲੋੜ ਹੈ।

ਆਪਣੇ ਹੱਥ ਢਿੱਲੇ ਨਾ ਕਰਨ ਦਾ ਪੱਕਾ ਇਰਾਦਾ ਕਰੋ

18. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਪ੍ਰਚਾਰ ਦਾ ਕੰਮ ਯਹੋਵਾਹ ਦੀ ਮਰਜ਼ੀ ਅਨੁਸਾਰ ਪੂਰਾ ਕੀਤਾ ਜਾਵੇਗਾ?

18 ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਪ੍ਰਚਾਰ ਦਾ ਕੰਮ ਸਮੇਂ ਸਿਰ ਖ਼ਤਮ ਹੋਵੇਗਾ। ਜ਼ਰਾ ਗੌਰ ਕਰੋ ਕਿ ਨੂਹ ਦੇ ਦਿਨਾਂ ਵਿਚ ਕੀ ਹੋਇਆ ਸੀ। ਯਹੋਵਾਹ ਨੇ ਸਾਬਤ ਕੀਤਾ ਕਿ ਉਹ ਸਾਰਾ ਕੁਝ ਸਮੇਂ ਸਿਰ ਕਰਦਾ ਹੈ। ਲਗਭਗ 120 ਸਾਲ ਪਹਿਲਾਂ ਹੀ ਯਹੋਵਾਹ ਨੇ ਜਲ-ਪਰਲੋ ਲਿਆਉਣ ਦਾ ਸਮਾਂ ਮਿਥ ਲਿਆ ਸੀ। ਬਹੁਤ ਸਾਲਾਂ ਬਾਅਦ ਯਹੋਵਾਹ ਨੇ ਨੂਹ ਨੂੰ ਕਿਸ਼ਤੀ ਬਣਾਉਣ ਦਾ ਹੁਕਮ ਦਿੱਤਾ। ਜਲ-ਪਰਲੋ ਸ਼ੁਰੂ ਹੋਣ ਤੋਂ ਪਹਿਲਾਂ, ਨੂਹ ਲਗਭਗ 40 ਜਾਂ 50 ਸਾਲ ਸਖ਼ਤ ਮਿਹਨਤ ਕਰਦਾ ਰਿਹਾ। ਚਾਹੇ ਲੋਕ ਉਸ ਦਾ ਸੰਦੇਸ਼ ਨਹੀਂ ਸੁਣਦੇ ਸਨ, ਪਰ ਫਿਰ ਵੀ ਉਹ ਉਨ੍ਹਾਂ ਨੂੰ ਉਦੋਂ ਤਕ ਚੇਤਾਵਨੀ ਦਿੰਦਾ ਰਿਹਾ, ਜਦੋਂ ਤਕ ਯਹੋਵਾਹ ਨੇ ਉਸ ਨੂੰ ਕਿਸ਼ਤੀ ਵਿਚ ਜਾਨਵਰ ਲੈ ਜਾਣ ਲਈ ਨਹੀਂ ਕਿਹਾ। ਫਿਰ ਸਹੀ ਸਮੇਂ ਤੇ “ਯਹੋਵਾਹ ਨੇ . . . ਦਰਵਾਜ਼ਾ ਬੰਦ ਕਰ ਦਿੱਤਾ।”—ਉਤ. 6:3; 7:1, 2, 16, ERV.

19. ਜੇ ਅਸੀਂ ਆਪਣੇ ਹੱਥ ਢਿੱਲੇ ਨਹੀਂ ਪੈਣ ਦੇਵਾਂਗੇ, ਤਾਂ ਸਾਨੂੰ ਕਿਹੜਾ ਇਨਾਮ ਮਿਲੇਗਾ?

19 ਜਲਦੀ ਹੀ ਯਹੋਵਾਹ ਪ੍ਰਚਾਰ ਦਾ ਕੰਮ ਬੰਦ ਕਰਨ ਨੂੰ ਕਹੇਗਾ। ਫਿਰ ਉਹ ਸ਼ੈਤਾਨ ਦੀ ਦੁਨੀਆਂ ਨੂੰ ਖ਼ਤਮ ਕਰੇਗਾ ਅਤੇ ਨਵੀਂ ਦੁਨੀਆਂ ਲਿਆਵੇਗਾ ਜਿੱਥੇ ਧਰਮੀ ਲੋਕ ਰਹਿਣਗੇ। ਉਦੋਂ ਤਕ ਆਓ ਆਪਾਂ ਨੂਹ, ਹਬੱਕੂਕ ਅਤੇ ਹੋਰਨਾਂ ਦੀਆਂ ਮਿਸਾਲਾਂ ’ਤੇ ਚੱਲੀਏ ਜਿਨ੍ਹਾਂ ਨੇ ਆਪਣੇ ਹੱਥ ਢਿੱਲੇ ਨਹੀਂ ਪੈਣ ਦਿੱਤੇ। ਆਓ ਅਸੀਂ ਪ੍ਰਚਾਰ ਕੰਮ ’ਤੇ ਧਿਆਨ ਲਾਈ ਰੱਖੀਏ, ਧੀਰਜ ਰੱਖੀਏ ਅਤੇ ਯਹੋਵਾਹ ਤੇ ਉਸ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਮਜ਼ਬੂਤ ਕਰਦੇ ਰਹੀਏ।

ਗੀਤ 10 ‘ਮੈਂ ਹਾਜ਼ਰ ਹਾਂ ਮੈਨੂੰ ਘੱਲੋ!’

^ ਪੈਰਾ 5 ਪਿਛਲੇ ਲੇਖ ਵਿਚ ਤਰੱਕੀ ਕਰ ਰਹੇ ਬਾਈਬਲ ਵਿਦਿਆਰਥੀਆਂ ਨੂੰ ਯਿਸੂ ਵੱਲੋਂ ਪ੍ਰਚਾਰ ਕਰਨ ਦਾ ਸੱਦਾ ਸਵੀਕਾਰ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਸੀ। ਇਸ ਲੇਖ ਵਿਚ ਤਿੰਨ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਨਾਲ ਨਵੇਂ ਅਤੇ ਤਜਰਬੇਕਾਰ ਪ੍ਰਚਾਰਕਾਂ ਦੀ ਉਦੋਂ ਤਕ ਪ੍ਰਚਾਰ ਕਰਦੇ ਰਹਿਣ ਵਿਚ ਮਦਦ ਹੋ ਸਕਦੀ ਹੈ ਜਦੋਂ ਤਕ ਯਹੋਵਾਹ ਨਹੀਂ ਕਹਿੰਦਾ ਕਿ ਇਹ ਕੰਮ ਪੂਰਾ ਹੋ ਗਿਆ ਹੈ।

^ ਪੈਰਾ 2 ਸ਼ਬਦਾਂ ਦਾ ਮਤਲਬ: ਇਸ ਲੇਖ ਵਿਚ “ਆਪਣਾ ਹੱਥ ਢਿੱਲਾ ਨਾ ਹੋਣ ਦੇਹ” ਸ਼ਬਦਾਂ ਦਾ ਮਤਲਬ ਹੈ ਕਿ ਸਾਨੂੰ ਉਦੋਂ ਤਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣ ਦੀ ਲੋੜ ਹੈ ਜਦੋਂ ਤਕ ਯਹੋਵਾਹ ਇਹ ਕੰਮ ਬੰਦ ਕਰਨ ਨੂੰ ਨਹੀਂ ਕਹਿੰਦਾ।

^ ਪੈਰਾ 5 ‘ਪ੍ਰਭੂ ਦਾ ਦਿਨ’ 1914 ਵਿਚ ਸ਼ੁਰੂ ਹੋਇਆ ਜਦੋਂ ਯਿਸੂ ਨੂੰ ਰਾਜਾ ਬਣਾਇਆ ਗਿਆ ਅਤੇ ਇਹ ਉਸ ਦੇ ਹਜ਼ਾਰ ਸਾਲ ਦੇ ਰਾਜ ਦੇ ਅੰਤ ਤਕ ਚੱਲਦਾ ਰਹੇਗਾ।