Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਉਪਦੇਸ਼ਕ ਦੀ ਪੋਥੀ 5:8 ਵਿਚ ਮਨੁੱਖੀ ਅਧਿਕਾਰੀਆਂ ਦੀ ਗੱਲ ਕੀਤੀ ਗਈ ਹੈ ਜਾਂ ਯਹੋਵਾਹ ਦੀ?

ਇਸ ਆਇਤ ਵਿਚ ਲਿਖਿਆ ਹੈ: “ਜੇ ਕਰ ਤੂੰ ਕਿਸੇ ਸੂਬੇ ਵਿੱਚ ਗਰੀਬਾਂ ਉੱਤੇ ਅਨ੍ਹੇਰ ਅਤੇ ਨਿਆਉਂ ਅਰ ਸਚਿਆਈ ਦਾ ਡਾਢਾ ਵਿਗਾੜ ਵੇਖੇਂ ਤਾਂ ਉਸ ਗੱਲ ਉੱਤੇ ਅਚਰਜ ਨਾ ਹੋ ਕਿਉਂਕਿ ਉਹ ਜੋ ਵੱਡਿਆਂ ਨਾਲੋਂ ਵੱਡਾ ਹੈ ਤੱਕਦਾ ਹੈ ਅਤੇ ਓਹਨਾਂ ਉੱਤੇ ਵੀ ਮਹਾਨ ਹੈ।”—ਉਪ. 5:8.

ਇਨਸਾਨੀ ਨਜ਼ਰੀਏ ਤੋਂ ਦੇਖੀਏ, ਤਾਂ ਲੱਗਦਾ ਹੈ ਕਿ ਇਸ ਆਇਤ ਵਿਚ ਸਰਕਾਰੀ ਅਧਿਕਾਰੀਆਂ ਦੀ ਗੱਲ ਕੀਤੀ ਗਈ ਹੈ। ਪਰ ਇਹ ਆਇਤ ਸਾਨੂੰ ਯਹੋਵਾਹ ਬਾਰੇ ਇਕ ਅਹਿਮ ਸੱਚਾਈ ਵੀ ਦੱਸਦੀ ਹੈ ਜਿਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ।

ਉਪਦੇਸ਼ਕ ਦੀ ਪੋਥੀ 5:8 ਵਿਚ ਉਸ ਅਧਿਕਾਰੀ ਬਾਰੇ ਦੱਸਿਆ ਗਿਆ ਹੈ ਜਿਹੜਾ ਗ਼ਰੀਬਾਂ ਉੱਤੇ ਅਤਿਆਚਾਰ ਅਤੇ ਅਨਿਆਂ ਕਰਦਾ ਹੈ। ਉਸ ਅਧਿਕਾਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਤੋਂ ਉੱਪਰ ਵੀ ਕੋਈ ਸਰਕਾਰੀ ਅਧਿਕਾਰੀ ਹੈ ਜੋ ਉਸ ਉੱਤੇ ਨਜ਼ਰ ਰੱਖ ਰਿਹਾ ਹੈ। ਸ਼ਾਇਦ ਹੋਰਾਂ ਕੋਲ ਉਸ ਤੋਂ ਵੀ ਉੱਚਾ ਰੁਤਬਾ ਹੋਵੇ। ਦੁੱਖ ਦੀ ਗੱਲ ਹੈ ਕਿ ਸ਼ਾਇਦ ਇਨਸਾਨੀ ਸਰਕਾਰਾਂ ਦੇ ਇਹ ਸਾਰੇ ਅਧਿਕਾਰੀ ਭ੍ਰਿਸ਼ਟ ਹੋਣ ਅਤੇ ਆਮ ਲੋਕਾਂ ਨੂੰ ਇਨ੍ਹਾਂ ਦੇ ਰਾਜ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।

ਅੱਜ ਦੇ ਹਾਲਾਤਾਂ ਨੂੰ ਦੇਖ ਕੇ ਸ਼ਾਇਦ ਸਾਨੂੰ ਲੱਗੇ ਕਿ ਸੁਧਾਰ ਨਹੀਂ ਹੋਵੇਗਾ, ਪਰ ਸਾਨੂੰ ਇਹ ਜਾਣ ਕੇ ਦਿਲਾਸਾ ਮਿਲ ਸਕਦਾ ਹੈ ਕਿ ਯਹੋਵਾਹ ਇਨਸਾਨੀ ਸਰਕਾਰਾਂ ਦੇ ਉੱਚ ਅਧਿਕਾਰੀਆਂ ਉੱਤੇ ਨਜ਼ਰ ਰੱਖਦਾ ਹੈ। ਅਸੀਂ ਯਹੋਵਾਹ ਨੂੰ ਬੇਨਤੀ ਕਰ ਸਕਦੇ ਹਾਂ ਅਤੇ ਉਸ ’ਤੇ ਆਪਣਾ ਬੋਝ ਸੁੱਟ ਸਕਦੇ ਹਾਂ। (ਜ਼ਬੂ. 55:22; ਫ਼ਿਲਿ. 4:6, 7) ਅਸੀਂ ਜਾਣਦੇ ਹਾਂ ਕਿ “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।”—2 ਇਤ. 16:9.

ਸੋ ਉਪਦੇਸ਼ਕ ਦੀ ਪੋਥੀ 5:8 ਵਿਚ ਸਾਨੂੰ ਦੁਨੀਆਂ ਦੀ ਅਸਲੀਅਤ ਬਾਰੇ ਯਾਦ ਕਰਾਇਆ ਗਿਆ ਹੈ ਅਤੇ ਇਹ ਵੀ ਕਿ ਹਮੇਸ਼ਾ ਕਿਸੇ-ਨਾ-ਕਿਸੇ ਕੋਲ ਜ਼ਿਆਦਾ ਅਧਿਕਾਰ ਹੁੰਦਾ ਹੈ। ਇਹ ਆਇਤ ਸਾਨੂੰ ਸਭ ਤੋਂ ਜ਼ਰੂਰੀ ਗੱਲ ਯਾਦ ਕਰਾਉਂਦੀ ਹੈ ਕਿ ਯਹੋਵਾਹ ਤੋਂ ਉੱਪਰ ਹੋਰ ਕੋਈ ਨਹੀਂ ਅਤੇ ਉਹੀ ਅੱਤ ਮਹਾਨ ਹੈ। ਉਹ ਹੁਣ ਆਪਣੇ ਪੁੱਤਰ ਯਿਸੂ ਮਸੀਹ ਰਾਹੀਂ ਰਾਜ ਕਰ ਰਿਹਾ ਹੈ। ਸਰਬਸ਼ਕਤੀਮਾਨ ਸਾਰਿਆਂ ’ਤੇ ਧਿਆਨ ਦਿੰਦਾ ਹੈ ਅਤੇ ਭਵਿੱਖ ਵਿਚ ਉਹ ਅਤੇ ਉਸ ਦਾ ਪੁੱਤਰ ਨਿਆਂ ਕਰਨਗੇ।