Skip to content

Skip to table of contents

ਅਧਿਐਨ ਲੇਖ 38

ਸ਼ਾਂਤੀ ਦੇ ਸਮੇਂ ਦੌਰਾਨ ਸਮਝਦਾਰੀ ਵਰਤੋ

ਸ਼ਾਂਤੀ ਦੇ ਸਮੇਂ ਦੌਰਾਨ ਸਮਝਦਾਰੀ ਵਰਤੋ

“ਦੇਸ ਵਿਚ ਚੈਨ ਸੀ ਅਤੇ ਉਨ੍ਹਾਂ ਵਰਿਹਾਂ ਵਿੱਚ ਉਹ ਨੂੰ ਲੜਾਈ ਨਾ ਲੜਨੀ ਪਈ ਕਿਉਂ ਜੋ ਯਹੋਵਾਹ ਨੇ ਉਹ ਨੂੰ ਅਰਾਮ ਬਖ਼ਸ਼ਿਆ ਸੀ।”—2 ਇਤ. 14:6.

ਗੀਤ 10 ‘ਮੈਂ ਹਾਜ਼ਰ ਹਾਂ ਮੈਨੂੰ ਘੱਲੋ!’

ਖ਼ਾਸ ਗੱਲਾਂ *

1. ਯਹੋਵਾਹ ਦੀ ਸੇਵਾ ਕਰਨੀ ਸ਼ਾਇਦ ਜ਼ਿਆਦਾ ਔਖੀ ਕਦੋਂ ਹੋਵੇ?

ਤੁਹਾਡੇ ਖ਼ਿਆਲ ਵਿਚ ਯਹੋਵਾਹ ਦੀ ਸੇਵਾ ਕਰਨੀ ਸ਼ਾਇਦ ਜ਼ਿਆਦਾ ਔਖੀ ਕਦੋਂ ਹੋਵੇ? ਕੀ ਸੇਵਾ ਕਰਨੀ ਉਦੋਂ ਔਖੀ ਹੁੰਦੀ ਹੈ ਜਦੋਂ ਤੁਸੀਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋ ਜਾਂ ਜਦੋਂ ਤੁਹਾਡੀ ਜ਼ਿੰਦਗੀ ਵਿਚ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਹੁੰਦਾ ਹੈ? ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ। ਪਰ ਉਦੋਂ ਕੀ ਜਦੋਂ ਸਾਡੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਨਹੀਂ ਹੁੰਦੀ? ਕੀ ਉਦੋਂ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਸਾਡਾ ਧਿਆਨ ਭਟਕ ਸਕਦਾ ਹੈ? ਇਸ ਬਾਰੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਚੇਤਾਵਨੀ ਦਿੱਤੀ ਸੀ।—ਬਿਵ. 6:10-12.

ਰਾਜਾ ਆਸਾ ਨੇ ਝੂਠੀ ਭਗਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ (ਪੈਰਾ 2 ਦੇਖੋ) *

2. ਰਾਜਾ ਆਸਾ ਨੇ ਕਿਹੋ ਜਿਹੀ ਮਿਸਾਲ ਰੱਖੀ?

2 ਰਾਜਾ ਆਸਾ ਨੇ ਯਹੋਵਾਹ ’ਤੇ ਪੂਰਾ ਭਰੋਸਾ ਦਿਖਾਉਂਦਿਆਂ ਸਮਝਦਾਰੀ ਤੋਂ ਕੰਮ ਲਿਆ। ਇੱਦਾਂ ਕਰ ਕੇ ਉਸ ਨੇ ਸਾਡੇ ਲਈ ਸ਼ਾਨਦਾਰ ਮਿਸਾਲ ਕਾਇਮ ਕੀਤੀ। ਉਸ ਨੇ ਸਿਰਫ਼ ਮਾੜੇ ਹਾਲਾਤਾਂ ਵਿਚ ਹੀ ਨਹੀਂ, ਸਗੋਂ ਚੰਗੇ ਹਾਲਾਤਾਂ ਵਿਚ ਵੀ ਯਹੋਵਾਹ ਦੀ ਸੇਵਾ ਕੀਤੀ। ਆਸਾ ਨੇ ਪੂਰੀ ਜ਼ਿੰਦਗੀ ਆਪਣੇ “ਮਨ ਨੂੰ ਯਹੋਵਾਹ ਵੱਲ ਠੀਕ ਰੱਖਿਆ।” (1 ਰਾਜ. 15:14) ਯਹੂਦਾਹ ਵਿੱਚੋਂ ਝੂਠੀ ਭਗਤੀ ਖ਼ਤਮ ਕਰ ਕੇ ਉਸ ਨੇ ਯਹੋਵਾਹ ਲਈ ਆਪਣਾ ਪਿਆਰ ਦਿਖਾਇਆ। ਬਾਈਬਲ ਦੱਸਦੀ ਹੈ ਕਿ “ਉਹ ਨੇ ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਅਸਥਾਨਾਂ ਨੂੰ ਚੁੱਕ ਦਿੱਤਾ ਅਤੇ ਥੰਮ੍ਹਾਂ ਨੂੰ ਭੰਨ ਛੱਡਿਆ ਅਤੇ ਟੁੰਡਾਂ ਨੂੰ ਵੱਢ ਸੁੱਟਿਆ।” (2 ਇਤ. 14:3, 5) ਉਸ ਨੇ ਤਾਂ ਆਪਣੀ ਦਾਦੀ ਮਆਕਾਹ ਨੂੰ ਵੀ ਰਾਣੀ ਦੀ ਪਦਵੀ ਤੋਂ ਹਟਾ ਦਿੱਤਾ। ਕਿਉਂ? ਕਿਉਂਕਿ ਉਸ ਨੇ ਲੋਕਾਂ ਨੂੰ ਇਕ ਮੂਰਤੀ ਦੀ ਭਗਤੀ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ।—1 ਰਾਜ. 15:11-13.

3. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

3 ਆਸਾ ਨੇ ਸਿਰਫ਼ ਝੂਠੀ ਭਗਤੀ ਨੂੰ ਖ਼ਤਮ ਹੀ ਨਹੀਂ ਕੀਤਾ, ਸਗੋਂ ਉਸ ਨੇ ਯਹੂਦਾਹ ਦੇ ਲੋਕਾਂ ਨੂੰ ਯਹੋਵਾਹ ਦੀ ਸ਼ੁੱਧ ਭਗਤੀ ਕਰਨ ਦੀ ਵੀ ਹੱਲਾਸ਼ੇਰੀ ਦਿੱਤੀ। ਇਸ ਲਈ ਯਹੋਵਾਹ ਨੇ ਆਸਾ ਅਤੇ ਯਹੂਦਾਹ ਦੇ ਲੋਕਾਂ ਨੂੰ ਸ਼ਾਂਤੀ ਬਖ਼ਸ਼ੀ। * ਆਸਾ ਦੇ ਰਾਜ ਦੌਰਾਨ ਦਸ ਸਾਲਾਂ ਤਕ “ਦੇਸ ਵਿੱਚ ਚੈਨ ਸੀ।” (2 ਇਤ. 14:1, 4, 6) ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਆਸਾ ਨੇ ਸ਼ਾਂਤੀ ਦੇ ਸਮੇਂ ਦੌਰਾਨ ਕੀ ਕੀਤਾ। ਫਿਰ ਅਸੀਂ ਪਹਿਲੀ ਸਦੀ ਦੇ ਮਸੀਹੀਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਆਸਾ ਵਾਂਗ ਸ਼ਾਂਤੀ ਦੇ ਸਮੇਂ ਦਾ ਵਧੀਆ ਇਸਤੇਮਾਲ ਕੀਤਾ। ਅਖ਼ੀਰ ਵਿਚ, ਅਸੀਂ ਇਸ ਸਵਾਲ ਦਾ ਜਵਾਬ ਲਵਾਂਗੇ: ਜੇ ਤੁਸੀਂ ਅਜਿਹੇ ਦੇਸ਼ ਵਿਚ ਰਹਿੰਦੇ ਹੋ ਜਿੱਥੇ ਭਗਤੀ ਕਰਨ ਦੀ ਆਜ਼ਾਦੀ ਹੈ, ਤਾਂ ਤੁਸੀਂ ਇਸ ਸਮੇਂ ਦਾ ਸਮਝਦਾਰੀ ਨਾਲ ਕਿਵੇਂ ਇਸਤੇਮਾਲ ਕਰ ਸਕਦੇ ਹੋ?

ਆਸਾ ਨੇ ਸ਼ਾਂਤੀ ਦੇ ਸਮੇਂ ਦਾ ਵਧੀਆ ਇਸਤੇਮਾਲ ਕੀਤਾ

4. ਦੂਜਾ ਇਤਹਾਸ 14:2, 6, 7 ਮੁਤਾਬਕ ਆਸਾ ਨੇ ਸ਼ਾਂਤੀ ਦੇ ਸਮੇਂ ਵਿਚ ਕੀ ਕੀਤਾ?

4 ਦੂਜਾ ਇਤਹਾਸ 14:2, 6, 7 ਪੜ੍ਹੋ। ਆਸਾ ਨੇ ਲੋਕਾਂ ਨੂੰ ਕਿਹਾ ਕਿ ਯਹੋਵਾਹ ਨੇ “ਸਾਨੂੰ ਚੁਫੇਰਿਓਂ ਅਰਾਮ ਬਖ਼ਸ਼ਿਆ” ਹੈ। ਆਸਾ ਨੇ ਇਹ ਨਹੀਂ ਸੋਚਿਆ ਕਿ ਸ਼ਾਂਤੀ ਦੇ ਇਸ ਸਮੇਂ ਵਿਚ ਉਹ ਆਰਾਮ ਕਰ ਸਕਦਾ ਸੀ। ਇਸ ਦੀ ਬਜਾਇ, ਉਸ ਨੇ ਸ਼ਹਿਰ, ਕੰਧਾਂ, ਬੁਰਜ ਤੇ ਫਾਟਕ ਬਣਾਏ। ਉਸ ਨੇ ਯਹੂਦਾਹ ਦੇ ਲੋਕਾਂ ਨੂੰ ਕਿਹਾ: “ਏਹ ਦੇਸ ਸਾਡੇ ਕਬਜ਼ੇ ਵਿੱਚ ਹੈ।” ਆਸਾ ਦੇ ਕਹਿਣ ਦਾ ਕੀ ਮਤਲਬ ਸੀ? ਉਸ ਦੇ ਕਹਿਣ ਦਾ ਮਤਲਬ ਸੀ ਕਿ ਲੋਕ ਪਰਮੇਸ਼ੁਰ ਵੱਲੋਂ ਦਿੱਤੇ ਦੇਸ਼ ਵਿਚ ਕਿਤੇ ਵੀ ਘੁੰਮ ਸਕਦੇ ਸਨ ਅਤੇ ਬਿਨਾਂ ਕਿਸੇ ਵਿਰੋਧ ਦੇ ਉਸਾਰੀ ਕਰ ਸਕਦੇ ਸਨ। ਉਸ ਨੇ ਲੋਕਾਂ ਨੂੰ ਇਸ ਸ਼ਾਂਤੀ ਭਰੇ ਸਮੇਂ ਦਾ ਫ਼ਾਇਦਾ ਲੈਣ ਦੀ ਤਾਕੀਦ ਕੀਤੀ।

5. ਆਸਾ ਨੇ ਆਪਣੀ ਫ਼ੌਜ ਵਿਚ ਵਾਧਾ ਕਿਉਂ ਕੀਤਾ?

5 ਸ਼ਾਂਤੀ ਦੇ ਸਮੇਂ ਦੌਰਾਨ ਆਸਾ ਨੇ ਆਪਣੀ ਫ਼ੌਜ ਵਿਚ ਵੀ ਵਾਧਾ ਕੀਤਾ। (2 ਇਤ. 14:8) ਕੀ ਇਸ ਦਾ ਇਹ ਮਤਲਬ ਸੀ ਕਿ ਉਸ ਨੂੰ ਯਹੋਵਾਹ ਉੱਤੇ ਭਰੋਸਾ ਨਹੀਂ ਸੀ? ਬਿਲਕੁਲ ਨਹੀਂ। ਇਸ ਦੀ ਬਜਾਇ, ਆਸਾ ਨੂੰ ਪਤਾ ਸੀ ਕਿ ਰਾਜੇ ਵਜੋਂ ਉਸ ਦਾ ਫ਼ਰਜ਼ ਸੀ ਕਿ ਉਹ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਲੋਕਾਂ ਨੂੰ ਤਿਆਰ ਕਰੇ। ਆਸਾ ਜਾਣਦਾ ਸੀ ਕਿ ਯਹੂਦਾਹ ਵਿਚ ਸ਼ਾਂਤੀ ਦਾ ਸਮਾਂ ਹਮੇਸ਼ਾ ਲਈ ਨਹੀਂ ਰਹਿਣਾ ਅਤੇ ਇਸੇ ਤਰ੍ਹਾਂ ਹੋਇਆ।

ਪਹਿਲੀ ਸਦੀ ਦੇ ਮਸੀਹੀਆਂ ਨੇ ਸ਼ਾਂਤੀ ਦੇ ਸਮੇਂ ਦੀ ਕਿਵੇਂ ਵਰਤੋਂ ਕੀਤੀ?

6. ਪਹਿਲੀ ਸਦੀ ਦੇ ਮਸੀਹੀਆਂ ਨੇ ਸ਼ਾਂਤੀ ਦੇ ਸਮੇਂ ਦੌਰਾਨ ਕੀ ਕੀਤਾ?

6 ਭਾਵੇਂ ਪਹਿਲੀ ਸਦੀ ਦੇ ਮਸੀਹੀਆਂ ਨੂੰ ਅਕਸਰ ਸਤਾਇਆ ਜਾਂਦਾ ਸੀ, ਪਰ ਉਨ੍ਹਾਂ ਨੇ ਵੀ ਸ਼ਾਂਤੀ ਭਰੇ ਸਮੇਂ ਦਾ ਆਨੰਦ ਮਾਣਿਆ। ਚੇਲਿਆਂ ਨੇ ਇਨ੍ਹਾਂ ਚੰਗੇ ਹਾਲਾਤਾਂ ਦੌਰਾਨ ਕੀ ਕੀਤਾ? ਉਨ੍ਹਾਂ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨੇ ਬਿਨਾਂ ਰੁਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਲਿਖਿਆ ਹੈ ਕਿ ਉਹ ‘ਯਹੋਵਾਹ ਦਾ ਡਰ ਰੱਖ ਕੇ ਅੱਗੇ ਵਧਦੇ ਰਹੇ।’ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ। ਨਤੀਜੇ ਵਜੋਂ, “ਵਾਧਾ ਹੁੰਦਾ ਗਿਆ।” ਯਹੋਵਾਹ ਨੇ ਹੀ ਸ਼ਾਂਤੀ ਦੇ ਇਸ ਸਮੇਂ ਦੌਰਾਨ ਜੋਸ਼ ਨਾਲ ਕੀਤੇ ਪ੍ਰਚਾਰ ਕੰਮ ਉੱਤੇ ਬਰਕਤ ਪਾਈ।—ਰਸੂ. 9:26-31.

7-8. ਮੌਕਾ ਮਿਲਣ ’ਤੇ ਪੌਲੁਸ ਅਤੇ ਹੋਰ ਮਸੀਹੀਆਂ ਨੇ ਕੀ ਕੀਤਾ? ਸਮਝਾਓ।

7 ਪਹਿਲੀ ਸਦੀ ਦੇ ਮਸੀਹੀਆਂ ਨੇ ਖ਼ੁਸ਼ ਖ਼ਬਰੀ ਫੈਲਾਉਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਇਆ। ਮਿਸਾਲ ਲਈ, ਅਫ਼ਸੁਸ ਵਿਚ ਹੁੰਦਿਆਂ ਪੌਲੁਸ ਰਸੂਲ ਨੂੰ ਅਹਿਸਾਸ ਹੋਇਆ ਕਿ ਉਸ ਲਈ ਸੇਵਾ ਕਰਨ ਦਾ ਵੱਡਾ ਦਰਵਾਜ਼ਾ ਖੁੱਲ੍ਹਿਆ ਸੀ। ਉਸ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਉਸ ਸ਼ਹਿਰ ਵਿਚ ਪ੍ਰਚਾਰ ਕੀਤਾ ਅਤੇ ਚੇਲੇ ਬਣਾਏ।—1 ਕੁਰਿੰ. 16:8, 9.

8 ਪੌਲੁਸ ਅਤੇ ਹੋਰ ਮਸੀਹੀਆਂ ਨੂੰ ਖ਼ੁਸ਼ ਖ਼ਬਰੀ ਫੈਲਾਉਣ ਦਾ ਇਕ ਹੋਰ ਮੌਕਾ ਮਿਲਿਆ ਜਦੋਂ 49 ਈਸਵੀ ਵਿਚ ਸੁੰਨਤ ਦਾ ਮਸਲਾ ਸੁਲਝਾਇਆ ਗਿਆ। (ਰਸੂ. 15:23-29) ਮੰਡਲੀਆਂ ਵਿਚ ਇਹ ਫ਼ੈਸਲਾ ਸੁਣਾਉਣ ਤੋਂ ਬਾਅਦ ਮਸੀਹੀਆਂ ਨੇ “ਯਹੋਵਾਹ ਦੇ ਬਚਨ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨ ਵਿਚ ਹੋਰ ਜੀ-ਤੋੜ ਮਿਹਨਤ ਕੀਤੀ। (ਰਸੂ. 15:30-35) ਇਸ ਦਾ ਨਤੀਜਾ ਕੀ ਨਿਕਲਿਆ? ਬਾਈਬਲ ਦੱਸਦੀ ਹੈ: “ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।”—ਰਸੂ. 16:4, 5.

ਅੱਜ ਸ਼ਾਂਤੀ ਦੇ ਸਮੇਂ ਦੀ ਵਰਤੋ

9. ਅੱਜ ਬਹੁਤ ਸਾਰੇ ਦੇਸ਼ਾਂ ਵਿਚ ਕਿਸ ਤਰ੍ਹਾਂ ਦੇ ਹਾਲਾਤ ਹਨ ਅਤੇ ਅਸੀਂ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛ ਸਕਦੇ ਹਾਂ?

9 ਅੱਜ ਬਹੁਤ ਸਾਰੇ ਦੇਸ਼ਾਂ ਵਿਚ ਅਸੀਂ ਬਿਨਾਂ ਕਿਸੇ ਰੋਕ-ਟੋਕ ਦੇ ਪ੍ਰਚਾਰ ਕਰ ਸਕਦੇ ਹਾਂ। ਕੀ ਤੁਹਾਡੇ ਦੇਸ਼ ਵਿਚ ਵੀ ਭਗਤੀ ਕਰਨ ਦੀ ਆਜ਼ਾਦੀ ਹੈ? ਜੇ ਹਾਂ, ਤਾਂ ਖ਼ੁਦ ਨੂੰ ਪੁੱਛੋ, ‘ਮੈਂ ਇਸ ਆਜ਼ਾਦੀ ਨੂੰ ਕਿਵੇਂ ਵਰਤ ਰਿਹਾ ਹਾਂ?’ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਯਹੋਵਾਹ ਦਾ ਸੰਗਠਨ ਪ੍ਰਚਾਰ ਤੇ ਸਿਖਾਉਣ ਦੇ ਸਭ ਤੋਂ ਅਹਿਮ ਕੰਮ ਦੀ ਅਗਵਾਈ ਕਰ ਰਿਹਾ ਹੈ। (ਮਰ. 13:10) ਯਹੋਵਾਹ ਦੇ ਲੋਕ ਇਸ ਕੰਮ ਵਿਚ ਅਲੱਗ-ਅਲੱਗ ਤਰੀਕਿਆਂ ਨਾਲ ਹਿੱਸਾ ਲੈਂਦੇ ਹਨ।

ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਕਿਸੇ ਹੋਰ ਦੇਸ਼ ਜਾਂ ਭਾਸ਼ਾ ਵਿਚ ਗਵਾਹੀ ਦੇ ਕੇ ਬੇਸ਼ੁਮਾਰ ਬਰਕਤਾਂ ਹਾਸਲ ਕੀਤੀਆਂ ਹਨ (ਪੈਰੇ 10-12 ਦੇਖੋ) *

10. ਦੂਜਾ ਤਿਮੋਥਿਉਸ 4:2 ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ?

10 ਤੁਸੀਂ ਸ਼ਾਂਤੀ ਭਰੇ ਸਮੇਂ ਦਾ ਫ਼ਾਇਦਾ ਕਿਵੇਂ ਲੈ ਸਕਦੇ ਹੋ? (2 ਤਿਮੋਥਿਉਸ 4:2 ਪੜ੍ਹੋ।) ਕਿਉਂ ਨਾ ਆਪਣੇ ਹਾਲਾਤਾਂ ਦੀ ਜਾਂਚ ਕਰ ਕੇ ਦੇਖੋ ਕਿ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਪਰਮੇਸ਼ੁਰ ਦੀ ਸੇਵਾ ਹੋਰ ਵਧ-ਚੜ੍ਹ ਕੇ ਕਿਵੇਂ ਕਰ ਸਕਦਾ ਹੈ? ਸ਼ਾਇਦ ਤੁਹਾਡੇ ਵਿੱਚੋਂ ਕੋਈ ਪਾਇਨੀਅਰਿੰਗ ਕਰ ਸਕਦਾ ਹੋਵੇ। ਹੁਣ ਧਨ-ਦੌਲਤ ਜਾਂ ਚੀਜ਼ਾਂ ਇਕੱਠੀਆਂ ਕਰਨ ਦਾ ਸਮਾਂ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਸਾਡੇ ਨਾਲ ਮਹਾਂਕਸ਼ਟ ਵਿੱਚੋਂ ਬਚ ਕੇ ਨਹੀਂ ਜਾਣਗੀਆਂ।—ਕਹਾ. 11:4; ਮੱਤੀ 6:31-33; 1 ਯੂਹੰ. 2:15-17.

11. ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਕੁਝ ਪ੍ਰਚਾਰਕਾਂ ਨੇ ਕੀ ਕੀਤਾ ਹੈ?

11 ਬਹੁਤ ਸਾਰੇ ਪ੍ਰਚਾਰਕਾਂ ਨੇ ਨਵੀਂ ਭਾਸ਼ਾ ਸਿੱਖੀ ਹੈ ਤਾਂਕਿ ਉਹ ਇਸ ਨੂੰ ਪ੍ਰਚਾਰ ਤੇ ਸਿਖਾਉਣ ਦੇ ਕੰਮ ਵਿਚ ਵਰਤ ਸਕਣ। ਯਹੋਵਾਹ ਦਾ ਸੰਗਠਨ ਉਨ੍ਹਾਂ ਦੀ ਮਦਦ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪਦਾ ਹੈ। ਮਿਸਾਲ ਲਈ, 2010 ਵਿਚ ਸਾਡੇ ਕੋਲ ਲਗਭਗ 500 ਭਾਸ਼ਾਵਾਂ ਵਿਚ ਪ੍ਰਕਾਸ਼ਨ ਸਨ। ਪਰ ਅੱਜ ਇਨ੍ਹਾਂ ਦੀ ਗਿਣਤੀ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਤਕ ਵਧ ਗਈ ਹੈ।

12. ਲੋਕਾਂ ਨੂੰ ਆਪਣੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣਨ ਦਾ ਕੀ ਫ਼ਾਇਦਾ ਹੁੰਦਾ ਹੈ? ਇਕ ਮਿਸਾਲ ਦਿਓ।

12 ਆਪਣੀ ਭਾਸ਼ਾ ਵਿਚ ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਸੁਣ ਕੇ ਲੋਕਾਂ ’ਤੇ ਕੀ ਅਸਰ ਪੈਂਦਾ ਹੈ? ਜ਼ਰਾ ਇਕ ਭੈਣ ਦੇ ਤਜਰਬੇ ’ਤੇ ਗੌਰ ਕਰੋ ਜਿਸ ਨੂੰ ਅਮਰੀਕਾ ਦੇ ਮੈਮਫ਼ਿਸ ਸ਼ਹਿਰ ਵਿਚ ਹੋਏ ਵੱਡੇ ਸੰਮੇਲਨ ਤੋਂ ਫ਼ਾਇਦਾ ਹੋਇਆ। ਇਹ ਸੰਮੇਲਨ ਕਿਨਯਾਰਵਾਂਡਾ ਭਾਸ਼ਾ ਵਿਚ ਸੀ ਜਿਹੜੀ ਰਵਾਂਡਾ, ਕਾਂਗੋ (ਕਿੰਸ਼ਾਸਾ) ਤੇ ਯੂਗਾਂਡਾ ਵਿਚ ਬੋਲੀ ਜਾਂਦੀ ਹੈ। ਸੰਮੇਲਨ ਤੋਂ ਬਾਅਦ ਕਿਨਯਾਰਵਾਂਡਾ ਭਾਸ਼ਾ ਬੋਲਣ ਵਾਲੀ ਭੈਣ ਨੇ ਕਿਹਾ: “ਮੈਂ 17 ਸਾਲ ਪਹਿਲਾਂ ਅਮਰੀਕਾ ਆਈ ਸੀ, ਪਰ ਪਹਿਲੀ ਵਾਰ ਮੈਨੂੰ ਸੰਮੇਲਨ ਵਿਚ ਕਹੀਆਂ ਗੱਲਾਂ ਪੂਰੀ ਤਰ੍ਹਾਂ ਸਮਝ ਆਈਆਂ ਸਨ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਦੀ ਮਾਂ-ਬੋਲੀ ਵਿਚ ਹੋਏ ਸੰਮੇਲਨ ਦਾ ਉਸ ਦੇ ਦਿਲ ’ਤੇ ਡੂੰਘਾ ਅਸਰ ਪਿਆ। ਜੇ ਤੁਹਾਡੇ ਹਾਲਾਤ ਇਜਾਜ਼ਤ ਦਿੰਦੇ ਹਨ, ਤਾਂ ਕੀ ਤੁਸੀਂ ਆਪਣੇ ਇਲਾਕੇ ਵਿਚ ਰਹਿੰਦੇ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਮਦਦ ਕਰਨ ਲਈ ਉਨ੍ਹਾਂ ਦੀ ਭਾਸ਼ਾ ਸਿੱਖ ਸਕਦੇ ਹੋ? ਤੁਸੀਂ ਇਹ ਭਾਸ਼ਾ ਸ਼ਾਇਦ ਇਸ ਲਈ ਸਿੱਖਣੀ ਚਾਹੋ ਕਿਉਂਕਿ ਤੁਹਾਡੇ ਇਲਾਕੇ ਵਿਚ ਰਹਿੰਦੇ ਕੁਝ ਲੋਕ ਆਪਣੀ ਭਾਸ਼ਾ ਵਿਚ ਗੱਲ ਕਰਨੀ ਪਸੰਦ ਕਰਦੇ ਹੋਣ। ਤੁਹਾਨੂੰ ਆਪਣੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ।

13. ਰੂਸ ਦੇ ਭੈਣਾਂ-ਭਰਾਵਾਂ ਨੇ ਸ਼ਾਂਤੀ ਦੇ ਸਮੇਂ ਵਿਚ ਕੀ ਕੀਤਾ?

13 ਸਾਡੇ ਸਾਰੇ ਭੈਣਾਂ-ਭਰਾਵਾਂ ਨੂੰ ਖੁੱਲ੍ਹੇ-ਆਮ ਪ੍ਰਚਾਰ ਕਰਨ ਦੀ ਆਜ਼ਾਦੀ ਨਹੀਂ ਹੈ। ਕਦੀ-ਕਦੀ ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਕਰਕੇ ਸਾਡੇ ਪ੍ਰਚਾਰ ਕੰਮ ਉੱਤੇ ਅਸਰ ਪੈਂਦਾ ਹੈ। ਮਿਸਾਲ ਲਈ, ਜ਼ਰਾ ਰੂਸ ਦੇ ਭੈਣਾਂ-ਭਰਾਵਾਂ ’ਤੇ ਗੌਰ ਕਰੋ। ਸਾਲਾਂ ਬੱਧੀ ਸਤਾਹਟਾਂ ਸਹਿਣ ਤੋਂ ਬਾਅਦ ਮਾਰਚ 1991 ਵਿਚ ਉਨ੍ਹਾਂ ਦੇ ਕੰਮ ਤੋਂ ਪਾਬੰਦੀ ਹਟਾਈ ਗਈ। ਉਸ ਸਮੇਂ ਰੂਸ ਵਿਚ ਲਗਭਗ 16,000 ਪ੍ਰਚਾਰਕ ਸਨ। ਵੀਹਾਂ ਸਾਲਾਂ ਬਾਅਦ ਇਹ ਗਿਣਤੀ ਵਧ ਕੇ 1,60,000 ਹੋ ਗਈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਡੇ ਭੈਣਾਂ-ਭਰਾਵਾਂ ਨੇ ਉਸ ਸਮੇਂ ਸਮਝਦਾਰੀ ਤੋਂ ਕੰਮ ਲਿਆ ਜਦੋਂ ਉਨ੍ਹਾਂ ਕੋਲ ਪ੍ਰਚਾਰ ਕਰਨ ਦੀ ਆਜ਼ਾਦੀ ਸੀ। ਇਹ ਸ਼ਾਂਤੀ ਦਾ ਸਮਾਂ ਖ਼ਤਮ ਹੋ ਗਿਆ। ਪਰ ਹਾਲਾਤਾਂ ਦੇ ਬਦਲਣ ਕਰਕੇ ਸ਼ੁੱਧ ਭਗਤੀ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦਾ ਜੋਸ਼ ਠੰਢਾ ਨਹੀਂ ਪਿਆ। ਉਹ ਹੁਣ ਵੀ ਯਹੋਵਾਹ ਦੀ ਸੇਵਾ ਵਿਚ ਆਪਣੀ ਪੂਰੀ ਵਾਹ ਲਾ ਰਹੇ ਹਨ।

ਸ਼ਾਂਤੀ ਦਾ ਸਮਾਂ ਹਮੇਸ਼ਾ ਨਹੀਂ ਰਹੇਗਾ

ਆਸਾ ਵੱਲੋਂ ਦਿਲੋਂ ਪ੍ਰਾਰਥਨਾ ਕਰਨ ਤੋਂ ਬਾਅਦ ਯਹੋਵਾਹ ਨੇ ਯਹੂਦਾਹ ਨੂੰ ਵੱਡੀ ਫ਼ੌਜ ਉੱਤੇ ਜਿੱਤ ਦਿਵਾਈ (ਪੈਰੇ 14-15 ਦੇਖੋ)

14-15. ਆਸਾ ਦੀ ਖ਼ਾਤਰ ਯਹੋਵਾਹ ਨੇ ਆਪਣੀ ਤਾਕਤ ਕਿਵੇਂ ਦਿਖਾਈ?

14 ਅਖ਼ੀਰ, ਆਸਾ ਦੇ ਦਿਨਾਂ ਵਿਚ ਸ਼ਾਂਤੀ ਦਾ ਸਮਾਂ ਖ਼ਤਮ ਹੋ ਗਿਆ। ਕੂਸ਼ ਦੇ ਦਸ ਲੱਖ ਫ਼ੌਜੀਆਂ ਨੇ ਯਹੂਦਾਹ ’ਤੇ ਹਮਲਾ ਕਰ ਦਿੱਤਾ। ਕੂਸ਼ੀਆਂ ਦੇ ਸੈਨਾਪਤੀ ਜ਼ਰਹ ਨੂੰ ਭਰੋਸਾ ਸੀ ਕਿ ਉਸ ਦੀ ਸੈਨਾ ਯਹੂਦਾਹ ਨੂੰ ਪੱਕਾ ਹਰਾ ਦੇਵੇਗੀ। ਪਰ ਰਾਜਾ ਆਸਾ ਨੇ ਫ਼ੌਜ ਦੀ ਗਿਣਤੀ ’ਤੇ ਨਹੀਂ, ਸਗੋਂ ਯਹੋਵਾਹ ’ਤੇ ਭਰੋਸਾ ਰੱਖਿਆ। ਆਸਾ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਸਾਡੀ ਸਹਾਇਤਾ ਕਰ ਕਿਉਂ ਜੋ ਅਸੀਂ ਤੇਰੇ ਉੱਤੇ ਭਰੋਸਾ ਰੱਖਦੇ ਹਾਂ ਅਤੇ ਤੇਰੇ ਨਾਮ ਉੱਤੇ ਏਸ ਕਟਕ ਦੇ ਵਿਰੁੱਧ ਅਸੀਂ ਆਏ ਹਾਂ।”—2 ਇਤ. 14:11.

15 ਚਾਹੇ ਕੂਸ਼ੀ ਫ਼ੌਜੀਆਂ ਦੀ ਗਿਣਤੀ ਆਸਾ ਦੇ ਫ਼ੌਜੀਆਂ ਤੋਂ ਲਗਭਗ ਦੁਗਣੀ ਸੀ, ਪਰ ਆਸਾ ਜਾਣਦਾ ਸੀ ਕਿ ਯਹੋਵਾਹ ਤਾਕਤਵਰ ਹੈ ਅਤੇ ਉਹ ਆਪਣੇ ਲੋਕਾਂ ਦੀ ਖ਼ਾਤਰ ਜ਼ਰੂਰ ਕਦਮ ਚੁੱਕੇਗਾ। ਯਹੋਵਾਹ ਨੇ ਇੱਦਾਂ ਕੀਤਾ ਵੀ। ਕੂਸ਼ੀਆਂ ਦੀ ਸ਼ਰਮਨਾਕ ਹਾਰ ਹੋਈ।—2 ਇਤ. 14:8-13.

16. ਅਸੀਂ ਕਿਵੇਂ ਜਾਣਦੇ ਹਾਂ ਕਿ ਸ਼ਾਂਤੀ ਦਾ ਸਮਾਂ ਹਮੇਸ਼ਾ ਨਹੀਂ ਰਹੇਗਾ?

16 ਭਾਵੇਂ ਅਸੀਂ ਨਹੀਂ ਜਾਣਦੇ ਕਿ ਭਵਿੱਖ ਵਿਚ ਸਾਡੇ ਨਾਲ ਕੀ ਹੋਵੇਗਾ, ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਜੋ ਸ਼ਾਂਤੀ ਦਾ ਸਮਾਂ ਅਸੀਂ ਹੁਣ ਗੁਜ਼ਾਰ ਰਹੇ ਹਾਂ, ਉਹ ਹਮੇਸ਼ਾ ਨਹੀਂ ਰਹੇਗਾ। ਦਰਅਸਲ, ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਆਖ਼ਰੀ ਦਿਨਾਂ ਵਿਚ ਉਸ ਦੇ ਚੇਲੇ “ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ” ਬਣਨਗੇ। (ਮੱਤੀ 24:9) ਇਸੇ ਤਰ੍ਹਾਂ, ਪੌਲੁਸ ਰਸੂਲ ਨੇ ਵੀ ਕਿਹਾ ਸੀ: “ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਆਪਣੀ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।” (2 ਤਿਮੋ. 3:12) ਸ਼ੈਤਾਨ “ਬਹੁਤ ਗੁੱਸੇ ਵਿਚ ਹੈ” ਅਤੇ ਜੇ ਅਸੀਂ ਸੋਚਦੇ ਹਾਂ ਕਿ ਅਸੀਂ ਕਿਸੇ-ਨਾ-ਕਿਸੇ ਤਰੀਕੇ ਨਾਲ ਉਸ ਦੇ ਗੁੱਸੇ ਤੋਂ ਬਚ ਜਾਵਾਂਗੇ, ਤਾਂ ਅਸੀਂ ਖ਼ੁਦ ਨੂੰ ਮੂਰਖ ਬਣਾ ਰਹੇ ਹੋਵਾਂਗੇ।—ਪ੍ਰਕਾ. 12:12.

17. ਸਾਡੀ ਵਫ਼ਾਦਾਰੀ ਦੀ ਪਰਖ ਕਿਵੇਂ ਹੋ ਸਕਦੀ ਹੈ?

17 ਭਵਿੱਖ ਵਿਚ ਸਾਡੀ ਸਾਰਿਆਂ ਦੀ ਵਫ਼ਾਦਾਰੀ ਦੀ ਪਰਖ ਹੋਵੇਗੀ। ਜਲਦੀ ਹੀ ‘ਮਹਾਂਕਸ਼ਟ ਆਵੇਗਾ, ਅਜਿਹਾ ਕਸ਼ਟ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਕਦੇ ਨਹੀਂ ਆਇਆ।’ (ਮੱਤੀ 24:21) ਉਸ ਵੇਲੇ ਸ਼ਾਇਦ ਪਰਿਵਾਰ ਦੇ ਮੈਂਬਰ ਸਾਡਾ ਵਿਰੋਧ ਕਰਨ ਅਤੇ ਸਾਡੇ ਕੰਮ ’ਤੇ ਪਾਬੰਦੀ ਲੱਗ ਜਾਵੇ। (ਮੱਤੀ 10:35, 36) ਕੀ ਉਸ ਵੇਲੇ ਅਸੀਂ ਵੀ ਆਸਾ ਵਾਂਗ ਯਹੋਵਾਹ ’ਤੇ ਮਦਦ ਅਤੇ ਬਚਾਅ ਲਈ ਭਰੋਸਾ ਰੱਖਾਂਗੇ?

18. ਇਬਰਾਨੀਆਂ 10:38, 39 ਅਨੁਸਾਰ ਭਵਿੱਖ ਲਈ ਤਿਆਰ ਰਹਿਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?

18 ਯਹੋਵਾਹ ਆਉਣ ਵਾਲੇ ਹਾਲਾਤਾਂ ਲਈ ਸਾਡੀ ਨਿਹਚਾ ਨੂੰ ਮਜ਼ਬੂਤ ਕਰ ਰਿਹਾ ਹੈ। ਉਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਸਾਨੂੰ “ਸਹੀ ਸਮੇਂ ਤੇ ਭੋਜਨ” ਦੇ ਰਿਹਾ ਹੈ ਤਾਂਕਿ ਅਸੀਂ ਉਸ ਦੀ ਭਗਤੀ ਕਰਦੇ ਰਹਿ ਸਕੀਏ। (ਮੱਤੀ 24:45) ਪਰ ਸਾਨੂੰ ਯਹੋਵਾਹ ’ਤੇ ਆਪਣੀ ਨਿਹਚਾ ਪੱਕੀ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣ ਦੀ ਲੋੜ ਹੈ।—ਇਬਰਾਨੀਆਂ 10:38, 39 ਪੜ੍ਹੋ।

19-20. ਪਹਿਲਾ ਇਤਹਾਸ 28:9 ਨੂੰ ਪੜ੍ਹਨ ਤੋਂ ਬਾਅਦ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਕਿਉਂ?

19 ਰਾਜਾ ਆਸਾ ਵਾਂਗ ਸਾਨੂੰ ਵੀ ‘ਯਹੋਵਾਹ ਦੀ ਭਾਲ ਕਰਨ’ ਦੀ ਲੋੜ ਹੈ। (2 ਇਤ. 14:4; 15:1, 2) ਅਸੀਂ ਯਹੋਵਾਹ ਬਾਰੇ ਜਾਣ ਕੇ ਅਤੇ ਬਪਤਿਸਮਾ ਲੈ ਕੇ ਇਹ ਭਾਲ ਸ਼ੁਰੂ ਕੀਤੀ ਸੀ। ਅਸੀਂ ਯਹੋਵਾਹ ਨਾਲ ਆਪਣਾ ਪਿਆਰ ਗੂੜ੍ਹਾ ਕਰਨ ਲਈ ਹਰ ਮੌਕੇ ਦਾ ਫ਼ਾਇਦਾ ਉਠਾਉਂਦੇ ਹਾਂ। ਇਹ ਜਾਣਨ ਲਈ ਕਿ ਅਸੀਂ ਯਹੋਵਾਹ ਨਾਲ ਪਿਆਰ ਗੂੜ੍ਹਾ ਕਰਨ ਦੀ ਕਿੰਨੀ ਕੁ ਕੋਸ਼ਿਸ਼ ਕਰ ਰਹੇ ਹਾਂ, ਆਪਣੇ ਆਪ ਤੋਂ ਪੁੱਛੋ; ‘ਕੀ ਮੈਂ ਬਾਕਾਇਦਾ ਸਭਾਵਾਂ ’ਤੇ ਜਾਂਦਾ ਹਾਂ?’ ਜਦੋਂ ਅਸੀਂ ਯਹੋਵਾਹ ਦੇ ਸੰਗਠਨ ਵੱਲੋਂ ਤਿਆਰ ਕੀਤੀਆਂ ਸਭਾਵਾਂ ਵਿਚ ਹਾਜ਼ਰ ਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਤਾਕਤ ਮਿਲਣ ਦੇ ਨਾਲ-ਨਾਲ ਭੈਣਾਂ-ਭਰਾਵਾਂ ਤੋਂ ਹੌਸਲਾ ਵੀ ਮਿਲਦਾ ਹੈ। (ਮੱਤੀ 11:28) ਅਸੀਂ ਸ਼ਾਇਦ ਖ਼ੁਦ ਤੋਂ ਇਹ ਵੀ ਪੁੱਛੀਏ: ‘ਕੀ ਮੈਂ ਅਧਿਐਨ ਕਰਨ ਦੀ ਚੰਗੀ ਆਦਤ ਪਾਈ ਹੈ? ਜੇ ਤੁਸੀਂ ਆਪਣੇ ਪਰਿਵਾਰ ਨਾਲ ਰਹਿੰਦੇ ਹੋ, ਤਾਂ ਕੀ ਤੁਸੀਂ ਹਰ ਹਫ਼ਤੇ ਪਰਿਵਾਰਕ ਸਟੱਡੀ ਲਈ ਸਮਾਂ ਕੱਢਦੇ ਹੋ? ਜਾਂ ਜੇ ਤੁਸੀਂ ਇਕੱਲੇ ਰਹਿੰਦੇ ਹੋ, ਤਾਂ ਕੀ ਫਿਰ ਵੀ ਤੁਸੀਂ ਸਟੱਡੀ ਲਈ ਸਮਾਂ ਕੱਢਦੇ ਹੋ? ਨਾਲੇ ਜਿੰਨਾ ਹੋ ਸਕਦਾ, ਕੀ ਤੁਸੀਂ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਉੱਨਾ ਹਿੱਸਾ ਲੈਂਦੇ ਹੋ?’

20 ਸਾਨੂੰ ਆਪਣੇ ਆਪ ਤੋਂ ਇਹ ਸਵਾਲ ਕਿਉਂ ਪੁੱਛਣੇ ਚਾਹੀਦੇ ਹਨ? ਬਾਈਬਲ ਦੱਸਦੀ ਹੈ ਕਿ ਯਹੋਵਾਹ ਸਾਡੇ ਵਿਚਾਰਾਂ ਨੂੰ ਜਾਂਚਦਾ ਹੈ ਅਤੇ ਦੇਖਦਾ ਹੈ ਕਿ ਸਾਡੇ ਦਿਲਾਂ ਵਿਚ ਕੀ ਹੈ। ਸਾਨੂੰ ਵੀ ਇੱਦਾਂ ਕਰਨਾ ਚਾਹੀਦਾ ਹੈ। (1 ਇਤਹਾਸ 28:9 ਪੜ੍ਹੋ।) ਜੇ ਸਾਨੂੰ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਟੀਚਿਆਂ, ਰਵੱਈਏ ਜਾਂ ਸੋਚ ਵਿਚ ਬਦਲਾਅ ਕਰਨ ਦੀ ਲੋੜ ਹੈ, ਤਾਂ ਅਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ। ਹੁਣੇ ਮੌਕਾ ਹੈ ਕਿ ਅਸੀਂ ਆਉਣ ਵਾਲੀ ਪਰੀਖਿਆ ਲਈ ਤਿਆਰ ਹੋਈਏ। ਇਸ ਲਈ ਸ਼ਾਂਤੀ ਦੇ ਸਮੇਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਵਿਚ ਕਿਸੇ ਵੀ ਗੱਲ ਨੂੰ ਅੜਿੱਕਾ ਨਾ ਬਣਨ ਦਿਓ!

ਗੀਤ 28 ਇਕ ਨਵਾਂ ਗੀਤ

^ ਪੈਰਾ 5 ਕੀ ਤੁਸੀਂ ਅਜਿਹੇ ਦੇਸ਼ ਵਿਚ ਰਹਿੰਦੇ ਹੋ ਜਿੱਥੇ ਯਹੋਵਾਹ ਦੀ ਭਗਤੀ ਕਰਨ ਦੀ ਆਜ਼ਾਦੀ ਹੈ? ਜੇ ਹਾਂ, ਤਾਂ ਤੁਸੀਂ ਇਸ ਸਮੇਂ ਦਾ ਕਿਵੇਂ ਇਸਤੇਮਾਲ ਕਰ ਰਹੇ ਹੋ? ਇਹ ਲੇਖ ਯਹੂਦਾਹ ਦੇ ਰਾਜਾ ਆਸਾ ਅਤੇ ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਰਨ ਵਿਚ ਤੁਹਾਡੀ ਮਦਦ ਕਰੇਗਾ। ਉਨ੍ਹਾਂ ਨੇ ਸ਼ਾਂਤੀ ਦੇ ਸਮੇਂ ਨੂੰ ਸਮਝਦਾਰੀ ਨਾਲ ਵਰਤਿਆ।

^ ਪੈਰਾ 3 ਸ਼ਬਦ ਦਾ ਮਤਲਬ: ਇੱਥੇ “ਸ਼ਾਂਤੀ” ਲਈ ਵਰਤੇ ਗਏ ਇਬਰਾਨੀ ਸ਼ਬਦ ਦਾ ਸਿਰਫ਼ ਇਹ ਮਤਲਬ ਨਹੀਂ ਕਿ ਯੁੱਧ ਨਾ ਹੋਣੇ, ਸਗੋਂ ਇਸ ਦਾ ਇਹ ਵੀ ਮਤਲਬ ਹੋ ਸਕਦਾ ਹੈ, ਚੰਗੀ ਸਿਹਤ, ਸੁਰੱਖਿਆ ਅਤੇ ਖ਼ੁਸ਼ਹਾਲੀ।

^ ਪੈਰਾ 57 ਤਸਵੀਰਾਂ ਬਾਰੇ ਜਾਣਕਾਰੀ: ਰਾਜਾ ਆਸਾ ਨੇ ਆਪਣੀ ਦਾਦੀ ਨੂੰ ਰਾਣੀ ਦੀ ਪਦਵੀ ਤੋਂ ਹਟਾ ਦਿੱਤਾ ਕਿਉਂਕਿ ਉਸ ਨੇ ਝੂਠੀ ਭਗਤੀ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ। ਆਸਾ ਦੇ ਕਹਿਣ ’ਤੇ ਉਸ ਦੇ ਵਫ਼ਾਦਾਰ ਸਾਥੀਆਂ ਨੇ ਮੂਰਤੀਆਂ ਨੂੰ ਭੰਨ-ਤੋੜ ਦਿੱਤਾ।

^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਇਕ ਜੋੜਾ ਆਪਣੀ ਜ਼ਿੰਦਗੀ ਸਾਦੀ ਕਰਦਾ ਹੋਇਆ ਤਾਂਕਿ ਉਹ ਉੱਥੇ ਜਾ ਕੇ ਸੇਵਾ ਕਰ ਸਕੇ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।