Skip to content

Skip to table of contents

ਅਧਿਐਨ ਲੇਖ 39

ਕੀ ਤੁਹਾਡਾ ਨਾਂ “ਜੀਵਨ ਦੀ ਕਿਤਾਬ” ਵਿਚ ਹੈ?

ਕੀ ਤੁਹਾਡਾ ਨਾਂ “ਜੀਵਨ ਦੀ ਕਿਤਾਬ” ਵਿਚ ਹੈ?

‘ਯਹੋਵਾਹ ਤੋਂ ਡਰਨ ਵਾਲੇ ਲੋਕਾਂ ਨੂੰ ਯਾਦ ਰੱਖਣ ਲਈ ਉਸ ਦੇ ਸਾਮ੍ਹਣੇ ਇਕ ਕਿਤਾਬ ਲਿਖੀ ਗਈ।’​—ਮਲਾ. 3:16.

ਗੀਤ 61 ਰੱਬ ਦੇ ਸੇਵਕੋ, ਅੱਗੇ ਵਧੋ!

ਖ਼ਾਸ ਗੱਲਾਂ *

ਹਾਬਲ ਦੇ ਸਮੇਂ ਤੋਂ ਯਹੋਵਾਹ “ਜੀਵਨ ਦੀ ਕਿਤਾਬ” ਵਿਚ ਨਾਂ ਲਿਖ ਰਿਹਾ ਹੈ (ਪੈਰੇ 1-2 ਦੇਖੋ)

1. ਮਲਾਕੀ 3:16 ਮੁਤਾਬਕ ਯਹੋਵਾਹ ਕਿਹੜੀ ਕਿਤਾਬ ਲਿਖਦਾ ਆ ਰਿਹਾ ਹੈ ਅਤੇ ਇਸ ਕਿਤਾਬ ਵਿਚ ਉਹ ਕੀ ਲਿਖਦਾ ਹੈ?

 ਯਹੋਵਾਹ ਹਜ਼ਾਰਾਂ ਸਾਲਾਂ ਤੋਂ ਇਕ ਖ਼ਾਸ ਕਿਤਾਬ ਲਿਖਦਾ ਆ ਰਿਹਾ ਹੈ। ਇਸ ਕਿਤਾਬ ਵਿਚ ਉਸ ਨੇ ਆਪਣੇ ਵਫ਼ਾਦਾਰ ਸੇਵਕਾਂ ਦੇ ਨਾਂ ਲਿਖੇ ਹਨ। ਇਸ ਵਿਚ ਸਭ ਤੋਂ ਪਹਿਲਾਂ ਵਫ਼ਾਦਾਰ ਸੇਵਕ ਹਾਬਲ ਦਾ ਨਾਂ ਲਿਖਿਆ ਗਿਆ। * (ਲੂਕਾ 11:50, 51) ਉਦੋਂ ਤੋਂ ਲੈ ਕੇ ਹੁਣ ਤਕ ਯਹੋਵਾਹ ਲੱਖਾਂ-ਕਰੋੜਾਂ ਲੋਕਾਂ ਨੂੰ “ਯਾਦ ਰੱਖਣ ਲਈ” ਇਸ ਕਿਤਾਬ ਵਿਚ ਉਨ੍ਹਾਂ ਦੇ ਨਾਂ ਦਰਜ ਕਰ ਚੁੱਕਾ ਹੈ। (ਮਲਾਕੀ 3:16 ਪੜ੍ਹੋ।) ਬਾਈਬਲ ਵਿਚ ਇਸ ਕਿਤਾਬ ਨੂੰ “ਜੀਵਨ ਦੀ ਕਿਤਾਬ” ਕਿਹਾ ਗਿਆ ਹੈ।​—ਪ੍ਰਕਾ. 3:5; 17:8.

2. ਜੀਵਨ ਦੀ ਕਿਤਾਬ ਵਿਚ ਕਿਨ੍ਹਾਂ ਦੇ ਨਾਂ ਲਿਖੇ ਗਏ ਹਨ ਅਤੇ ਅਸੀਂ ਇਸ ਕਿਤਾਬ ਵਿਚ ਆਪਣਾ ਨਾਂ ਕਿਵੇਂ ਲਿਖਾ ਸਕਦੇ ਹਾਂ?

2 ਇਸ ਖ਼ਾਸ ਕਿਤਾਬ ਵਿਚ ਉਨ੍ਹਾਂ ਸਾਰੇ ਸੇਵਕਾਂ ਦੇ ਨਾਂ ਦਰਜ ਹਨ ਜੋ ਯਹੋਵਾਹ ਤੋਂ ਡਰਦੇ ਹਨ ਅਤੇ ਉਸ ਦੇ ਨਾਂ ਦਾ ਗਹਿਰਾ ਆਦਰ ਕਰਦੇ ਹਨ। ਉਨ੍ਹਾਂ ਸਾਰਿਆਂ ਕੋਲ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਹੈ। ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਫਿਰ ਧਰਤੀ ʼਤੇ ਰਹਿਣ ਦੀ, ਅਸੀਂ ਸਾਰੇ ਜਣੇ ਇਸ ਕਿਤਾਬ ਵਿਚ ਆਪਣਾ ਨਾਂ ਲਿਖਾਉਣਾ ਚਾਹੁੰਦੇ ਹਾਂ। ਜੇ ਅਸੀਂ ਯਿਸੂ ਮਸੀਹ ਦੀ ਕੁਰਬਾਨੀ ʼਤੇ ਨਿਹਚਾ ਕਰ ਕੇ ਯਹੋਵਾਹ ਨਾਲ ਚੰਗਾ ਰਿਸ਼ਤਾ ਜੋੜਦੇ ਹਾਂ, ਤਾਂ ਅਸੀਂ ਇਸ ਕਿਤਾਬ ਵਿਚ ਆਪਣਾ ਨਾਂ ਲਿਖਾ ਸਕਦੇ ਹਾਂ।​—ਯੂਹੰ. 3:16, 36.

3-4. (ੳ) ਜੇ ਅੱਜ ਸਾਡੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਜ਼ਰੂਰ ਮਿਲੇਗੀ? ਸਮਝਾਓ। (ਅ) ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?

3 ਕੀ ਇਸ ਗੱਲ ਦੀ ਪੱਕੀ ਗਾਰੰਟੀ ਹੈ ਕਿ ਜਿਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਜ਼ਰੂਰ ਮਿਲੇਗੀ? ਇਸ ਦਾ ਜਵਾਬ ਕੂਚ 32:33 ਵਿਚ ਮੂਸਾ ਨੂੰ ਕਹੀ ਯਹੋਵਾਹ ਦੀ ਗੱਲ ਤੋਂ ਮਿਲਦਾ ਹੈ। ਯਹੋਵਾਹ ਨੇ ਕਿਹਾ: “ਜਿਸ ਨੇ ਮੇਰੇ ਖ਼ਿਲਾਫ਼ ਪਾਪ ਕੀਤਾ ਹੈ, ਮੈਂ ਉਸੇ ਦਾ ਨਾਂ ਆਪਣੀ ਕਿਤਾਬ ਵਿੱਚੋਂ ਮਿਟਾਵਾਂਗਾ।” ਇਸ ਦਾ ਮਤਲਬ ਹੈ ਕਿ ਫਿਲਹਾਲ ਯਹੋਵਾਹ ਸਾਡੇ ਨਾਂ ਇਸ ਕਿਤਾਬ ਵਿਚ ਕੱਚੇ ਤੌਰ ਤੇ ਲਿਖਦਾ ਹੈ, ਮਾਨੋ ਕਿ ਪੈਂਸਿਲ ਨਾਲ ਲਿਖਦਾ ਹੈ ਜਿਨ੍ਹਾਂ ਨੂੰ ਕਦੇ ਵੀ ਮਿਟਾਇਆ ਜਾ ਸਕਦਾ ਹੈ। (ਪ੍ਰਕਾ. 3:5) ਜਦੋਂ ਤਕ ਯਹੋਵਾਹ ਸਾਡੇ ਨਾਂ ਪੱਕੇ ਤੌਰ ਤੇ ਨਹੀਂ ਲਿਖ ਦਿੰਦਾ, ਉਦੋਂ ਤਕ ਸਾਨੂੰ ਪੂਰੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਸਾਡੇ ਨਾਂ ਇਸ ਕਿਤਾਬ ਵਿੱਚੋਂ ਮਿਟਾਏ ਨਾ ਜਾਣ।

4 ਪਰ ਸ਼ਾਇਦ ਸਾਡੇ ਮਨ ਵਿਚ ਕੁਝ ਸਵਾਲ ਆਉਣ। ਉਦਾਹਰਣ ਲਈ, ਬਾਈਬਲ ਉਨ੍ਹਾਂ ਲੋਕਾਂ ਬਾਰੇ ਕੀ ਕਹਿੰਦੀ ਹੈ ਜਿਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ ਅਤੇ ਜਿਨ੍ਹਾਂ ਦੇ ਨਾਂ ਨਹੀਂ ਲਿਖੇ ਗਏ? ਜਿਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਕਦੋਂ ਮਿਲੇਗੀ? ਕੀ ਉਨ੍ਹਾਂ ਦੇ ਨਾਂ ਵੀ ਜੀਵਨ ਦੀ ਕਿਤਾਬ ਵਿਚ ਲਿਖੇ ਜਾ ਸਕਦੇ ਹਨ ਜਿਨ੍ਹਾਂ ਨੂੰ ਜੀਉਂਦੇ-ਜੀ ਯਹੋਵਾਹ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ? ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ।

ਕਿਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ?

5-6. (ੳ) ਫ਼ਿਲਿੱਪੀਆਂ 4:3 ਮੁਤਾਬਕ ਕਿਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹਨ? (ਅ) ਜੀਵਨ ਦੀ ਕਿਤਾਬ ਵਿਚ ਕਦੋਂ ਉਨ੍ਹਾਂ ਦੇ ਨਾਂ ਪੱਕੇ ਤੌਰ ਤੇ ਲਿਖੇ ਜਾਣਗੇ?

5 ਇਸ ਕਿਤਾਬ ਵਿਚ ਕਿਨ੍ਹਾਂ ਦੇ ਨਾਂ ਲਿਖੇ ਗਏ ਹਨ? ਇਸ ਸਵਾਲ ਦਾ ਜਵਾਬ ਜਾਣਨ ਲਈ ਅਸੀਂ ਪੰਜ ਅਲੱਗ-ਅਲੱਗ ਸਮੂਹਾਂ ਦੇ ਲੋਕਾਂ ʼਤੇ ਗੌਰ ਕਰਾਂਗੇ। ਇਨ੍ਹਾਂ ਵਿੱਚੋਂ ਕਈਆਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ ਅਤੇ ਕਈਆਂ ਦੇ ਨਹੀਂ।

6 ਪਹਿਲੇ ਸਮੂਹ ਵਿਚ ਉਹ ਲੋਕ ਹਨ ਜਿਨ੍ਹਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਗਿਆ ਹੈ। ਕੀ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹਨ? ਜੀ ਹਾਂ। ਪੌਲੁਸ ਰਸੂਲ ਨੇ ਫ਼ਿਲਿੱਪੈ ਵਿਚ ਆਪਣੇ ‘ਸਾਥੀਆਂ’ ਨੂੰ ਜੋ ਚਿੱਠੀ ਲਿਖੀ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਨਾਲ ਰਾਜ ਕਰਨ ਲਈ ਚੁਣੇ ਗਏ ਮਸੀਹੀਆਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਦਰਜ ਹਨ। (ਫ਼ਿਲਿੱਪੀਆਂ 4:3 ਪੜ੍ਹੋ।) ਪਰ ਜੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਾਂ ਇਸ ਕਿਤਾਬ ਵਿਚ ਹਮੇਸ਼ਾ ਲਿਖੇ ਰਹਿਣ, ਤਾਂ ਉਨ੍ਹਾਂ ਲਈ ਵਫ਼ਾਦਾਰ ਰਹਿਣਾ ਜ਼ਰੂਰੀ ਹੈ। ਫਿਰ ਜਦੋਂ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਜਾਂ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ʼਤੇ ਆਖ਼ਰੀ ਮੁਹਰ ਲੱਗੇਗੀ, ਉਦੋਂ ਉਨ੍ਹਾਂ ਦੇ ਨਾਂ ਇਸ ਕਿਤਾਬ ਵਿਚ ਪੱਕੇ ਤੌਰ ਤੇ ਲਿਖੇ ਜਾਣਗੇ।​—ਪ੍ਰਕਾ. 7:3.

7. ਪ੍ਰਕਾਸ਼ ਦੀ ਕਿਤਾਬ 7:16, 17 ਮੁਤਾਬਕ ਵੱਡੀ ਭੀੜ ਦੇ ਲੋਕਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਪੱਕੇ ਤੌਰ ਤੇ ਕਦੋਂ ਲਿਖੇ ਜਾਣਗੇ?

7 ਦੂਜੇ ਸਮੂਹ ਵਿਚ ਹੋਰ ਭੇਡਾਂ ਦੀ ਵੱਡੀ ਭੀੜ ਸ਼ਾਮਲ ਹੈ। ਕੀ ਉਨ੍ਹਾਂ ਦੇ ਨਾਂ ਹੁਣ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ? ਹਾਂਜੀ। ਕੀ ਆਰਮਾਗੇਡਨ ਵਿੱਚੋਂ ਬਚਣ ਤੋਂ ਬਾਅਦ ਵੀ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹੋਣਗੇ? ਹਾਂਜੀ, ਬਿਲਕੁਲ ਲਿਖੇ ਹੋਣਗੇ। (ਪ੍ਰਕਾ. 7:14) ਯਿਸੂ ਨੇ ਕਿਹਾ ਸੀ ਕਿ ਇਹ ਭੇਡਾਂ ਵਰਗੇ ਲੋਕ “ਹਮੇਸ਼ਾ ਦੀ ਜ਼ਿੰਦਗੀ” ਪਾਉਣਗੇ। (ਮੱਤੀ 25:46) ਪਰ ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲੇ ਲੋਕਾਂ ਨੂੰ ਉਦੋਂ ਹੀ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ। ਉਦੋਂ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਕੱਚੇ ਤੌਰ ਤੇ ਹੀ ਲਿਖੇ ਹੋਏ ਹੋਣਗੇ। ਹਜ਼ਾਰ ਸਾਲ ਦੌਰਾਨ ਯਿਸੂ “ਉਨ੍ਹਾਂ ਦੀ ਦੇਖ-ਭਾਲ ਕਰੇਗਾ ਅਤੇ ਉਨ੍ਹਾਂ ਨੂੰ ਅੰਮ੍ਰਿਤ ਜਲ ਦੇ ਚਸ਼ਮਿਆਂ ਕੋਲ ਲੈ ਜਾਵੇਗਾ।” ਜਿਹੜੇ ਲੋਕ ਮਸੀਹ ਦੀ ਅਗਵਾਈ ਅਧੀਨ ਚੱਲਣਗੇ ਅਤੇ ਆਖ਼ਰੀ ਪਰੀਖਿਆ ਦੌਰਾਨ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਗੇ, ਉਨ੍ਹਾਂ ਦੇ ਨਾਂ ਹੀ ਜੀਵਨ ਦੀ ਕਿਤਾਬ ਵਿਚ ਪੱਕੇ ਤੌਰ ਤੇ ਲਿਖੇ ਜਾਣਗੇ।​—ਪ੍ਰਕਾਸ਼ ਦੀ ਕਿਤਾਬ 7:16, 17 ਪੜ੍ਹੋ।

8. ਕਿਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਲਿਖੇ ਗਏ ਤੇ ਉਨ੍ਹਾਂ ਦਾ ਕੀ ਹੋਵੇਗਾ?

8 ਤੀਜੇ ਸਮੂਹ ਵਿਚ ਬੱਕਰੀਆਂ ਵਰਗੇ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਆਰਮਾਗੇਡਨ ਵਿਚ ਨਾਸ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਹਨ। ਯਿਸੂ ਨੇ ਕਿਹਾ ਸੀ ਕਿ ਉਹ “ਹਮੇਸ਼ਾ ਲਈ ਖ਼ਤਮ ਹੋ ਜਾਣਗੇ।” (ਮੱਤੀ 25:46) ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਪੌਲੁਸ ਨੇ ਵੀ ਕਿਹਾ ਕਿ “ਉਨ੍ਹਾਂ ਲੋਕਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ” ਦਿੱਤਾ ਜਾਵੇਗਾ। (2 ਥੱਸ. 1:9; 2 ਪਤ. 2:9) ਪਵਿੱਤਰ ਸ਼ਕਤੀ ਖ਼ਿਲਾਫ਼ ਜਾਣ-ਬੁੱਝ ਕੇ ਕੰਮ ਕਰਨ ਵਾਲੇ ਲੋਕਾਂ ਦਾ ਵੀ ਇਹੀ ਹਸ਼ਰ ਹੁੰਦਾ ਹੈ, ਚਾਹੇ ਉਹ ਬੀਤੇ ਸਮੇਂ ਵਿਚ ਰਹਿੰਦੇ ਸਨ ਜਾਂ ਅੱਜ। ਉਨ੍ਹਾਂ ਦੀ ਮੌਤ ਹੋਣ ਨਾਲ ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਹੋ ਜਾਂਦਾ ਹੈ। (ਮੱਤੀ 12:32; ਮਰ. 3:28, 29; ਇਬ. 6:4-6) ਆਓ ਹੁਣ ਆਪਾਂ ਲੋਕਾਂ ਦੇ ਉਨ੍ਹਾਂ ਦੋ ਸਮੂਹਾਂ ਬਾਰੇ ਜਾਣੀਏ ਜਿਨ੍ਹਾਂ ਨੂੰ ਧਰਤੀ ਉੱਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ।

ਕਿਹੜੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ?

9. ਕਿਹੜੇ ਦੋ ਸਮੂਹਾਂ ਦੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਉਨ੍ਹਾਂ ਵਿਚ ਕੀ ਫ਼ਰਕ ਹੈ?

9 ਬਾਈਬਲ ਵਿਚ ਲੋਕਾਂ ਦੇ ਦੋ ਸਮੂਹਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਇਹ ਸਮੂਹ “ਧਰਮੀ” ਤੇ “ਕੁਧਰਮੀ” ਲੋਕਾਂ ਦੇ ਹਨ ਜਿਨ੍ਹਾਂ ਕੋਲ ਹਮੇਸ਼ਾ ਲਈ ਜੀਉਣ ਦਾ ਮੌਕਾ ਹੋਵੇਗਾ। (ਰਸੂਲਾਂ ਦੇ ਕੰਮ 24:15 ਪੜ੍ਹੋ।) “ਧਰਮੀ” ਲੋਕ ਉਹ ਹਨ ਜਿਨ੍ਹਾਂ ਨੇ ਆਪਣੇ ਜੀਉਂਦੇ-ਜੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ। ਦੂਜੇ ਪਾਸੇ, ‘ਕੁਧਰਮੀਆਂ’ ਨੇ ਯਹੋਵਾਹ ਦੀ ਸੇਵਾ ਨਹੀਂ ਕੀਤੀ। ਅਸਲ ਵਿਚ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਨਹੀਂ ਸੀ। ਕੀ ਦੋਹਾਂ ਸਮੂਹਾਂ ਦੇ ਲੋਕਾਂ ਨੂੰ ਜੀਉਂਦਾ ਕਰਨ ਦਾ ਇਹ ਮਤਲਬ ਹੈ ਕਿ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ? ਇਸ ਸਵਾਲ ਦਾ ਜਵਾਬ ਜਾਣਨ ਲਈ ਆਓ ਅਸੀਂ ਵਾਰੀ-ਵਾਰੀ ਦੋਵੇਂ ਸਮੂਹਾਂ ʼਤੇ ਗੌਰ ਕਰੀਏ।

10. ‘ਧਰਮੀ ਲੋਕਾਂ’ ਨੂੰ ਕਿਉਂ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਵੇਗੀ? (ਧਰਤੀ ʼਤੇ ਕਿਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ, ਇਸ ਬਾਰੇ ਜਾਣਨ ਲਈ ਇਸ ਅੰਕ ਵਿਚ “ਪਾਠਕਾਂ ਵੱਲੋਂ ਸਵਾਲ” ਲੇਖ ਵੀ ਦੇਖੋ।)

10 ਚੌਥਾ ਸਮੂਹ ‘ਧਰਮੀ ਲੋਕਾਂ’ ਦਾ ਹੈ। ਉਨ੍ਹਾਂ ਦੇ ਮਰਨ ਤੋਂ ਪਹਿਲਾਂ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਸਨ। ਪਰ ਕੀ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿੱਚੋਂ ਮਿਟਾ ਦਿੱਤੇ ਗਏ? ਨਹੀਂ, ਕਿਉਂਕਿ ਉਹ ਹਾਲੇ ਵੀ ਯਹੋਵਾਹ ਦੀ ਯਾਦ ਵਿਚ “ਜੀਉਂਦੇ” ਹਨ। ਬਾਈਬਲ ਵਿਚ ਲਿਖਿਆ ਹੈ ਕਿ ਯਹੋਵਾਹ “ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ ਕਿਉਂਕਿ ਉਸ ਦੀਆਂ ਨਜ਼ਰਾਂ ਵਿਚ ਉਹ ਸਾਰੇ ਜੀਉਂਦੇ ਹਨ।” (ਲੂਕਾ 20:38) ਇਸ ਦਾ ਮਤਲਬ ਹੈ ਕਿ ਜਦੋਂ ਧਰਮੀ ਲੋਕਾਂ ਨੂੰ ਧਰਤੀ ਉੱਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹੋਣਗੇ। ਪਰ ਉਸ ਸਮੇਂ ਇਹ ਨਾਂ ਕੱਚੇ ਤੌਰ ਤੇ ਹੀ ਲਿਖੇ ਹੋਏ ਹੋਣਗੇ। (ਲੂਕਾ 14:14) ਉਨ੍ਹਾਂ ਵਿੱਚੋਂ ਕਈਆਂ ਨੂੰ ਯਹੋਵਾਹ ਇਕ ਖ਼ਾਸ ਜ਼ਿੰਮੇਵਾਰੀ ਦੇਵੇਗਾ। ਉਹ ‘ਉਨ੍ਹਾਂ ਨੂੰ ਪੂਰੀ ਧਰਤੀ ਉੱਤੇ ਹਾਕਮ ਠਹਿਰਾਵੇਗਾ।’​—ਜ਼ਬੂ. 45:16.

11. ਜੀਵਨ ਦੀ ਕਿਤਾਬ ਵਿਚ ਆਪਣੇ ਨਾਂ ਲਿਖਵਾਉਣ ਤੋਂ ਪਹਿਲਾਂ “ਕੁਧਰਮੀ ਲੋਕਾਂ” ਨੂੰ ਕੀ ਸਿੱਖਣ ਦੀ ਲੋੜ ਹੋਵੇਗੀ?

11 ਅਖ਼ੀਰ ਵਿਚ ਪੰਜਵੇਂ ਸਮੂਹ ʼਤੇ ਗੌਰ ਕਰੋ ਜੋ “ਕੁਧਰਮੀ ਲੋਕਾਂ” ਦਾ ਹੈ। ਇਹ ਲੋਕ ਸ਼ਾਇਦ ਮਰਨ ਤੋਂ ਪਹਿਲਾਂ ਯਹੋਵਾਹ ਦੇ ਕਾਨੂੰਨ ਨਹੀਂ ਜਾਣਦੇ ਸਨ ਜਿਸ ਕਰਕੇ ਉਹ ਉਸ ਦੇ ਧਰਮੀ ਮਿਆਰਾਂ ਮੁਤਾਬਕ ਨਹੀਂ ਚੱਲਦੇ ਸਨ। ਇਸ ਲਈ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਲਿਖੇ ਗਏ। ਪਰ ਪਰਮੇਸ਼ੁਰ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰ ਕੇ ਮੌਕਾ ਦੇਵੇਗਾ ਕਿ ਉਹ ਆਪਣੇ ਨਾਂ ਜੀਵਨ ਦੀ ਕਿਤਾਬ ਵਿਚ ਲਿਖਾ ਸਕਣ। ਇਸ ਤਰ੍ਹਾਂ ਕਰਨ ਲਈ “ਕੁਧਰਮੀ ਲੋਕਾਂ” ਨੂੰ ਬਹੁਤ ਮਦਦ ਦੀ ਲੋੜ ਹੋਵੇਗੀ। ਇਨ੍ਹਾਂ ਵਿੱਚੋਂ ਕੁਝ ਜਣਿਆਂ ਨੇ ਮਰਨ ਤੋਂ ਪਹਿਲਾਂ ਬਹੁਤ ਨੀਚ ਕੰਮ ਕੀਤੇ ਸਨ। ਇਸ ਲਈ ਉਨ੍ਹਾਂ ਨੂੰ ਇਹ ਸਿੱਖਣ ਦੀ ਲੋੜ ਪਵੇਗੀ ਕਿ ਉਹ ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਕਿੱਦਾਂ ਜੀ ਸਕਦੇ ਹਨ। ਇਸ ਕਰਕੇ ਪਰਮੇਸ਼ੁਰ ਦੇ ਰਾਜ ਵਿਚ ਅਜਿਹੇ ਲੋਕਾਂ ਨੂੰ ਸਿਖਾਇਆ ਜਾਵੇਗਾ। ਇਹ ਕੰਮ ਇੰਨੇ ਵੱਡੇ ਪੱਧਰ ʼਤੇ ਹੋਵੇਗਾ ਜਿੰਨਾ ਪਹਿਲਾਂ ਕਦੇ ਨਹੀਂ ਹੋਇਆ।

12. (ੳ) ਕੁਧਰਮੀ ਲੋਕਾਂ ਨੂੰ ਕੌਣ ਸਿਖਾਵੇਗਾ? (ਅ) ਜਿਹੜੇ ਲੋਕ ਸਿੱਖੀਆਂ ਗੱਲਾਂ ਨੂੰ ਲਾਗੂ ਨਹੀਂ ਕਰਨਗੇ, ਉਨ੍ਹਾਂ ਦਾ ਕੀ ਹੋਵੇਗਾ?

12 ਕੁਧਰਮੀ ਲੋਕਾਂ ਨੂੰ ਕੌਣ ਸਿਖਾਵੇਗਾ? ਵੱਡੀ ਭੀੜ ਦੇ ਲੋਕ ਅਤੇ ਧਰਮੀ ਲੋਕ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਪਰ ਕੁਧਰਮੀ ਲੋਕਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਉਦੋਂ ਹੀ ਲਿਖੇ ਜਾਣਗੇ ਜਦੋਂ ਉਹ ਯਹੋਵਾਹ ਨਾਲ ਰਿਸ਼ਤਾ ਕਾਇਮ ਕਰਨਗੇ ਅਤੇ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨਗੇ। ਯਿਸੂ ਮਸੀਹ ਅਤੇ ਉਸ ਦੇ ਨਾਲ ਰਾਜ ਕਰਨ ਵਾਲੇ ਰਾਜੇ ਸਵਰਗ ਤੋਂ ਬੜੇ ਧਿਆਨ ਨਾਲ ਦੇਖਣਗੇ ਕਿ ਕੁਧਰਮੀ ਲੋਕ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਰਹੇ ਹਨ ਜਾਂ ਨਹੀਂ। (ਪ੍ਰਕਾ. 20:4) ਜਿਹੜੇ ਲੋਕ ਖ਼ੁਦ ਨੂੰ ਨਹੀਂ ਬਦਲਣਗੇ, ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ, ਫਿਰ ਚਾਹੇ ਉਨ੍ਹਾਂ ਦੀ ਉਮਰ 100 ਸਾਲ ਹੀ ਕਿਉਂ ਨਾ ਹੋਵੇ। (ਯਸਾ. 65:20) ਯਹੋਵਾਹ ਅਤੇ ਯਿਸੂ ਲੋਕਾਂ ਦੇ ਦਿਲ ਪੜ੍ਹ ਸਕਦੇ ਹਨ, ਇਸ ਲਈ ਉਹ ਨਵੀਂ ਦੁਨੀਆਂ ਵਿਚ ਇੱਦਾਂ ਦੇ ਕਿਸੇ ਵੀ ਇਨਸਾਨ ਨੂੰ ਬਰਦਾਸ਼ਤ ਨਹੀਂ ਕਰਨਗੇ ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਵੇਗਾ ਜਾਂ ਤਬਾਹੀ ਮਚਾਵੇਗਾ।​—ਯਸਾ. 11:9; 60:18; 65:25; ਯੂਹੰ. 2:25.

ਜ਼ਿੰਦਗੀ ਜਾਂ ਸਜ਼ਾ ਲਈ ਜੀਉਂਦਾ ਕੀਤਾ ਜਾਣਾ

13-14. (ੳ) ਯੂਹੰਨਾ 5:29 ਵਿਚ ਕਹੇ ਯਿਸੂ ਦੇ ਸ਼ਬਦਾਂ ਬਾਰੇ ਪਹਿਲਾਂ ਸਾਡੀ ਕੀ ਸਮਝ ਸੀ? (ਅ) ਇਸ ਆਇਤ ਦੇ ਸ਼ਬਦਾਂ ਦੇ ਸੰਬੰਧ ਵਿਚ ਸਾਨੂੰ ਕਿਸ ਗੱਲ ʼਤੇ ਧਿਆਨ ਦੇਣ ਦੀ ਲੋੜ ਹੈ?

13 ਯਿਸੂ ਨੇ ਵੀ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਸੀ ਜਿਨ੍ਹਾਂ ਨੂੰ ਧਰਤੀ ਉੱਤੇ ਜੀਉਂਦਾ ਕੀਤਾ ਜਾਵੇਗਾ। ਉਦਾਹਰਣ ਲਈ, ਉਸ ਨੇ ਕਿਹਾ: “ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” ਉਸ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ ਅਤੇ ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹੇ, ਉਹ ਸਜ਼ਾ ਪਾਉਣਗੇ। (ਯੂਹੰ. 5:28, 29) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?

14 ਯਿਸੂ ਦੇ ਇਨ੍ਹਾਂ ਸ਼ਬਦਾਂ ਬਾਰੇ ਪਹਿਲਾਂ ਸਾਡੀ ਸਮਝ ਇਹ ਸੀ ਕਿ ਇੱਥੇ ਯਿਸੂ ਲੋਕਾਂ ਦੇ ਉਨ੍ਹਾਂ ਕੰਮਾਂ ਬਾਰੇ ਗੱਲ ਕਰ ਰਿਹਾ ਸੀ ਜਿਹੜੇ ਉਹ ਜੀਉਂਦੇ ਕੀਤੇ ਜਾਣ ਤੋਂ ਬਾਅਦ ਕਰਨਗੇ ਯਾਨੀ ਕੁਝ ਲੋਕ ਜੀਉਂਦੇ ਕੀਤੇ ਜਾਣ ਤੋਂ ਬਾਅਦ ਚੰਗੇ ਕੰਮ ਕਰਨਗੇ ਤੇ ਕੁਝ ਲੋਕ ਨੀਚ ਕੰਮ ਕਰਨਗੇ। ਪਰ ਧਿਆਨ ਦਿਓ ਕਿ ਇੱਥੇ ਯੂਨਾਨੀ ਵਿਚ ਯਿਸੂ ਨੇ ਉਨ੍ਹਾਂ ਦੇ ਕੰਮਾਂ ਦੇ ਸੰਬੰਧ ਵਿਚ ਭੂਤਕਾਲ ਵਰਤਿਆ ਸੀ, ਨਾ ਕਿ ਭਵਿੱਖ ਕਾਲ। ਉਸ ਨੇ ਇਹ ਨਹੀਂ ਕਿਹਾ ਸੀ ਕਿ ਜੀਉਂਦੇ ਕੀਤੇ ਗਏ ਲੋਕ ਚੰਗੇ ਕੰਮ ਕਰਨਗੇ ਜਾਂ ਨੀਚ ਕੰਮਾਂ ਵਿਚ ਲੱਗੇ ਰਹਿਣਗੇ। ਇਸ ਦੀ ਬਜਾਇ, ਉਸ ਨੇ ਕਿਹਾ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਸਨ ਅਤੇ ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਯਿਸੂ ਲੋਕਾਂ ਦੇ ਉਨ੍ਹਾਂ ਕੰਮਾਂ ਦੀ ਗੱਲ ਕਰ ਰਿਹਾ ਸੀ ਜਿਹੜੇ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕੀਤੇ ਸਨ। ਇਹ ਗੱਲ ਸੱਚ ਵੀ ਹੈ ਕਿਉਂਕਿ ਨਵੀਂ ਦੁਨੀਆਂ ਵਿਚ ਕਿਸੇ ਵੀ ਤਰ੍ਹਾਂ ਦੇ ਨੀਚ ਕੰਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੁਧਰਮੀਆਂ ਨੇ ਆਪਣੀ ਮੌਤ ਤੋਂ ਪਹਿਲਾਂ ਜ਼ਰੂਰ ਨੀਚ ਕੰਮ ਕੀਤੇ ਹੋਣੇ। ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ ਕਿ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਮਿਲੇਗੀ ਅਤੇ ਕੁਝ ਜਣਿਆਂ ਨੂੰ “ਸਜ਼ਾ” ਮਿਲੇਗੀ।

15. ਕਿਨ੍ਹਾਂ ਨੂੰ ਜੀਉਂਦਾ ਕਰ ਕੇ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਕਿਉਂ?

15 ਮਰਨ ਤੋਂ ਪਹਿਲਾਂ ਚੰਗੇ ਕੰਮ ਕਰਨ ਵਾਲੇ ਧਰਮੀ ਲੋਕਾਂ ਨੂੰ ਜੀਉਂਦਾ ਕਰ ਕੇ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਦਾ ਮੌਕਾ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਦੇ ਨਾਂ ਪਹਿਲਾਂ ਹੀ ਜੀਵਨ ਦੀ ਕਿਤਾਬ ਵਿਚ ਹਨ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਦੇ ‘ਚੰਗੇ ਕੰਮਾਂ’ ਬਾਰੇ ਯੂਹੰਨਾ 5:29 ਵਿਚ ਦੱਸਿਆ ਗਿਆ ਹੈ, ਉਨ੍ਹਾਂ ਲੋਕਾਂ ਨੂੰ ਰਸੂਲਾਂ ਦੇ ਕੰਮ 24:15 ਵਿਚ “ਧਰਮੀ” ਕਿਹਾ ਗਿਆ ਹੈ। ਗੌਰ ਕਰੋ ਕਿ ਰੋਮੀਆਂ 6:7 ਵਿਚ ਕੀ ਕਿਹਾ ਗਿਆ ਹੈ: “ਜਿਹੜਾ ਮਰ ਜਾਂਦਾ ਹੈ, ਉਸ ਨੂੰ ਉਸ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।” ਜਦੋਂ ਧਰਮੀ ਲੋਕਾਂ ਦੀ ਮੌਤ ਹੋ ਜਾਂਦੀ ਹੈ, ਤਾਂ ਯਹੋਵਾਹ ਉਨ੍ਹਾਂ ਦੇ ਪਾਪ ਮਾਫ਼ ਕਰ ਦਿੰਦਾ ਹੈ। ਪਰ ਉਹ ਉਨ੍ਹਾਂ ਦੀ ਵਫ਼ਾਦਾਰੀ ਨੂੰ ਕਦੇ ਨਹੀਂ ਭੁੱਲਦਾ। (ਇਬ. 6:10) ਪਰ ਜੇ ਧਰਮੀ ਲੋਕ ਆਪਣਾ ਨਾਂ ਜੀਵਨ ਦੀ ਕਿਤਾਬ ਵਿਚ ਪੱਕੇ ਤੌਰ ਤੇ ਲਿਖਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਜੀਉਂਦੇ ਕੀਤੇ ਜਾਣ ਤੋਂ ਬਾਅਦ ਵੀ ਯਹੋਵਾਹ ਦੇ ਵਫ਼ਾਦਾਰ ਰਹਿਣਾ ਪਵੇਗਾ।

16. ਕੁਧਰਮੀ ਲੋਕਾਂ ਦਾ ਨਿਆਂ ਕਰਨ ਦਾ ਕੀ ਮਤਲਬ ਹੈ?

16 ਕੀ ਮਰਨ ਤੋਂ ਪਹਿਲਾਂ ਨੀਚ ਕੰਮ ਕਰਨ ਵਾਲੇ ਲੋਕਾਂ ਦੇ ਨਾਂ ਵੀ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ? ਚਾਹੇ ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਸਾਰੇ ਪਾਪ ਮਿਟਾਏ ਗਏ, ਪਰ ਉਨ੍ਹਾਂ ਨੇ ਜੀਉਂਦੇ-ਜੀ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਨਹੀਂ ਕੀਤੀ ਸੀ। ਇਸ ਲਈ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਲਿਖੇ ਗਏ। ਜਿਹੜੇ ਲੋਕ ‘ਨੀਚ ਕੰਮਾਂ ਵਿਚ ਲੱਗੇ ਰਹੇ,’ ਉਨ੍ਹਾਂ ਲੋਕਾਂ ਨੂੰ ਰਸੂਲਾਂ ਦੇ ਕੰਮ 24:15 ਵਿਚ “ਕੁਧਰਮੀ” ਲੋਕ ਕਿਹਾ ਗਿਆ ਹੈ। ਉਨ੍ਹਾਂ ਲੋਕਾਂ ਦਾ ਜੀਉਂਦਾ ਕੀਤਾ ਜਾਣਾ “ਸਜ਼ਾ” ਪਾਉਣ ਲਈ ਹੋਵੇਗਾ। * ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਸਜ਼ਾ” ਕੀਤਾ ਗਿਆ ਹੈ, ਉਸ ਦਾ ਮਤਲਬ ਨਿਆਂ ਕਰਨਾ ਵੀ ਹੋ ਸਕਦਾ ਹੈ। ਇਸ ਲਈ ਕੁਧਰਮੀ ਲੋਕਾਂ ਨੂੰ ਸਜ਼ਾ ਦੇਣ ਦਾ ਮਤਲਬ ਹੈ ਕਿ ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ ਯਾਨੀ ਉਨ੍ਹਾਂ ਨੂੰ ਪਰਖਿਆ ਜਾਵੇਗਾ। (ਲੂਕਾ 22:30) ਇਹ ਫ਼ੈਸਲਾ ਕਰਨ ਵਿਚ ਸਮਾਂ ਲੱਗੇਗਾ ਕਿ ਉਨ੍ਹਾਂ ਲੋਕਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਜਾਣੇ ਚਾਹੀਦੇ ਹਨ ਜਾਂ ਨਹੀਂ। ਉਨ੍ਹਾਂ ਲੋਕਾਂ ਦੇ ਨਾਂ ਤਾਂ ਹੀ ਜੀਵਨ ਦੀ ਕਿਤਾਬ ਵਿਚ ਲਿਖੇ ਜਾਣਗੇ ਜੇ ਉਹ ਨੀਚ ਕੰਮ ਛੱਡਣਗੇ ਅਤੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨਗੇ।

17-18. (ੳ) ਧਰਤੀ ਉੱਤੇ ਜੀਉਂਦੇ ਕੀਤੇ ਗਏ ਲੋਕਾਂ ਨੂੰ ਕੀ ਕਰਨ ਦੀ ਲੋੜ ਪਵੇਗੀ? (ਅ) ਪ੍ਰਕਾਸ਼ ਦੀ ਕਿਤਾਬ 20:12, 13 ਵਿਚ ਜਿਨ੍ਹਾਂ “ਕੰਮਾਂ” ਦਾ ਜ਼ਿਕਰ ਕੀਤਾ ਗਿਆ ਹੈ, ਉਹ ਕੰਮ ਕਿਹੜੇ ਹਨ?

17 ਮਸੀਹ ਦੇ 1,000 ਸਾਲ ਦੇ ਰਾਜ ਦੌਰਾਨ ਨਵੀਆਂ ਕਿਤਾਬਾਂ ਖੋਲ੍ਹੀਆਂ ਜਾਣਗੀਆਂ ਜਿਸ ਵਿਚ ਨਵੇਂ ਕਾਇਦੇ-ਕਾਨੂੰਨ ਦਿੱਤੇ ਜਾਣਗੇ। ਜੀਉਂਦੇ ਕੀਤੇ ਗਏ ਸਾਰੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਇਨ੍ਹਾਂ ਕਿਤਾਬਾਂ ਵਿਚ ਦਿੱਤੇ ਕਾਇਦੇ-ਕਾਨੂੰਨ ਮੰਨਣੇ ਪੈਣਗੇ। ਇਸ ਬਾਰੇ ਯੂਹੰਨਾ ਰਸੂਲ ਨੇ ਇਕ ਦਰਸ਼ਣ ਦੇਖਿਆ ਸੀ। ਉਸ ਨੇ ਲਿਖਿਆ: “ਮੈਂ ਸਿੰਘਾਸਣ ਦੇ ਸਾਮ੍ਹਣੇ ਉਨ੍ਹਾਂ ਸਾਰੇ ਛੋਟੇ ਅਤੇ ਵੱਡੇ ਲੋਕਾਂ ਨੂੰ ਖੜ੍ਹੇ ਦੇਖਿਆ ਜਿਹੜੇ ਮਰ ਚੁੱਕੇ ਸਨ। ਕਿਤਾਬਾਂ ਖੋਲ੍ਹੀਆਂ ਗਈਆਂ ਅਤੇ ਇਕ ਹੋਰ ਕਿਤਾਬ ਖੋਲ੍ਹੀ ਗਈ; ਇਹ ਜੀਵਨ ਦੀ ਕਿਤਾਬ ਸੀ। ਇਨ੍ਹਾਂ ਕਿਤਾਬਾਂ ਵਿਚ ਜੋ ਵੀ ਲਿਖਿਆ ਗਿਆ ਸੀ, ਉਸ ਦੇ ਆਧਾਰ ʼਤੇ ਉਨ੍ਹਾਂ ਮਰੇ ਹੋਏ ਲੋਕਾਂ ਦਾ ਉਨ੍ਹਾਂ ਦੇ ਕੰਮਾਂ ਮੁਤਾਬਕ ਨਿਆਂ ਕੀਤਾ ਗਿਆ।”​—ਪ੍ਰਕਾ. 20:12, 13.

18 ਜੀਉਂਦੇ ਕੀਤੇ ਗਏ ਲੋਕਾਂ ਦਾ ਨਿਆਂ ਕਿਨ੍ਹਾਂ “ਕੰਮਾਂ” ਦੇ ਆਧਾਰ ʼਤੇ ਕੀਤਾ ਜਾਵੇਗਾ? ਕੀ ਉਨ੍ਹਾਂ ਕੰਮਾਂ ਦੇ ਆਧਾਰ ʼਤੇ ਜੋ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕੀਤੇ ਸਨ? ਨਹੀਂ। ਯਾਦ ਕਰੋ, ਅਸੀਂ ਦੇਖਿਆ ਸੀ ਕਿ ਮਰਨ ਤੋਂ ਬਾਅਦ ਇਕ ਇਨਸਾਨ ਆਪਣੇ ਪਾਪਾਂ ਤੋਂ ਬਰੀ ਹੋ ਜਾਂਦਾ ਹੈ। ਇਸ ਲਈ ਉਨ੍ਹਾਂ “ਕੰਮਾਂ” ਦੇ ਆਧਾਰ ʼਤੇ ਉਨ੍ਹਾਂ ਦਾ ਨਿਆਂ ਨਹੀਂ ਕੀਤਾ ਜਾਵੇਗਾ। ਇਸ ਦੀ ਬਜਾਇ, ਨਵੀਂ ਦੁਨੀਆਂ ਵਿਚ ਯਹੋਵਾਹ ਬਾਰੇ ਸਿੱਖਣ ਤੋਂ ਬਾਅਦ ਉਹ ਜੋ ਕੰਮ ਕਰਨਗੇ, ਉਸ ਦੇ ਆਧਾਰ ʼਤੇ ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ। ਉਸ ਵੇਲੇ ਨੂਹ, ਸਮੂਏਲ, ਦਾਊਦ ਅਤੇ ਦਾਨੀਏਲ ਵਰਗੇ ਵਫ਼ਾਦਾਰ ਆਦਮੀਆਂ ਨੂੰ ਵੀ ਯਿਸੂ ਮਸੀਹ ਬਾਰੇ ਸਿੱਖਣਾ ਪਵੇਗਾ ਅਤੇ ਉਸ ਦੀ ਕੁਰਬਾਨੀ ʼਤੇ ਨਿਹਚਾ ਕਰਨੀ ਪਵੇਗੀ। ਜੇ ਧਰਮੀ ਲੋਕਾਂ ਨੂੰ ਇੰਨਾ ਕੁਝ ਸਿੱਖਣਾ ਪਵੇਗਾ, ਤਾਂ ਜ਼ਰਾ ਸੋਚੋ ਕਿ ਕੁਧਰਮੀ ਲੋਕਾਂ ਨੂੰ ਕਿੰਨਾ ਜ਼ਿਆਦਾ ਸਿੱਖਣ ਦੀ ਲੋੜ ਪਵੇਗੀ!

19. ਉਨ੍ਹਾਂ ਲੋਕਾਂ ਦਾ ਕੀ ਅੰਜਾਮ ਹੋਵੇਗਾ ਜੋ ਇਸ ਸ਼ਾਨਦਾਰ ਮੌਕੇ ਦਾ ਫ਼ਾਇਦਾ ਨਹੀਂ ਉਠਾਉਣਗੇ?

19 ਨਵੀਂ ਦੁਨੀਆਂ ਵਿਚ ਸਾਰੇ ਲੋਕਾਂ ਨੂੰ ਜੀਵਨ ਦੀ ਕਿਤਾਬ ਵਿਚ ਆਪਣਾ ਨਾਂ ਪੱਕੇ ਤੌਰ ਤੇ ਲਿਖਵਾਉਣ ਦਾ ਮੌਕਾ ਦਿੱਤਾ ਜਾਵੇਗਾ। ਪਰ ਉਨ੍ਹਾਂ ਲੋਕਾਂ ਦਾ ਕੀ ਹੋਵੇਗਾ ਜੋ ਇਸ ਸ਼ਾਨਦਾਰ ਮੌਕੇ ਦਾ ਫ਼ਾਇਦਾ ਨਹੀਂ ਉਠਾਉਣਗੇ? ਪ੍ਰਕਾਸ਼ ਦੀ ਕਿਤਾਬ 20:15 ਵਿਚ ਲਿਖਿਆ ਹੈ: “ਜਿਸ ਕਿਸੇ ਦਾ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਮਿਲਿਆ, ਉਸ ਨੂੰ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ।” ਜੀ ਹਾਂ, ਅਜਿਹੇ ਲੋਕਾਂ ਨੂੰ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਧਿਆਨ ਰੱਖੀਏ ਕਿ ਸਾਡੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਜਾਣ ਅਤੇ ਕਦੇ ਮਿਟਾਏ ਨਾ ਜਾਣ!

ਹਜ਼ਾਰ ਸਾਲ ਦੇ ਰਾਜ ਦੌਰਾਨ ਵੱਡੇ ਪੈਮਾਨੇ ʼਤੇ ਹੋਣ ਵਾਲੇ ਸਿੱਖਿਆ ਦੇ ਕੰਮ ਵਿਚ ਇਕ ਭਰਾ ਹਿੱਸਾ ਲੈ ਕੇ ਦੂਜਿਆਂ ਨੂੰ ਸਿਖਾ ਰਿਹਾ ਹੈ (ਪੈਰਾ 20 ਦੇਖੋ)

20. ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਕਿਹੜਾ ਸ਼ਾਨਦਾਰ ਕੰਮ ਕੀਤਾ ਜਾਵੇਗਾ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)

20 ਵਾਕਈ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਕਿੰਨਾ ਹੀ ਵਧੀਆ ਹੋਵੇਗਾ! ਉਸ ਸਮੇਂ ਦੌਰਾਨ ਸਿੱਖਿਆ ਦੇਣ ਦਾ ਕੰਮ ਕੀਤਾ ਜਾਵੇਗਾ। ਇਹ ਕੰਮ ਇੰਨੇ ਵੱਡੇ ਪੱਧਰ ʼਤੇ ਕੀਤਾ ਜਾਵੇਗਾ ਜਿੰਨਾ ਪਹਿਲਾਂ ਕਦੇ ਨਹੀਂ ਕੀਤਾ ਗਿਆ। ਇਸ ਸਮੇਂ ਦੌਰਾਨ ਧਰਮੀਆਂ ਤੇ ਕੁਧਰਮੀਆਂ ਨੂੰ ਪਰਖਿਆ ਜਾਵੇਗਾ। (ਯਸਾ. 26:9; ਰਸੂ. 17:31) ਸਿੱਖਿਆ ਦੇਣ ਦਾ ਕੰਮ ਕਿਵੇਂ ਕੀਤਾ ਜਾਵੇਗਾ? ਅਗਲੇ ਲੇਖ ਵਿਚ ਅਸੀਂ ਇਸ ਸ਼ਾਨਦਾਰ ਕੰਮ ਬਾਰੇ ਜਾਣਾਂਗੇ।

ਗੀਤ 147 ਸਦਾ ਦੀ ਜ਼ਿੰਦਗੀ, ਰੱਬ ਦਾ ਵਾਅਦਾ

^ ਯੂਹੰਨਾ 5:28, 29 ਵਿਚ ਦੱਸਿਆ ਗਿਆ ਹੈ ਕਿ ਕੁਝ ਲੋਕਾਂ ਨੂੰ ਜੀਉਂਦਾ ਕਰ ਕੇ “ਹਮੇਸ਼ਾ ਦੀ ਜ਼ਿੰਦਗੀ” ਅਤੇ ਕੁਝ ਲੋਕਾਂ ਨੂੰ “ਸਜ਼ਾ” ਦਿੱਤੀ ਜਾਵੇਗੀ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਨ੍ਹਾਂ ਆਇਤਾਂ ਬਾਰੇ ਸਾਡੀ ਸਮਝ ਵਿਚ ਕੀ ਫੇਰ-ਬਦਲ ਕੀਤਾ ਗਿਆ ਹੈ। ਅਸੀਂ ਜਾਣਾਂਗੇ ਕਿ ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ ਅਤੇ ਕਿਨ੍ਹਾਂ ਨੂੰ ਜ਼ਿੰਦਗੀ ਮਿਲੇਗੀ ਤੇ ਕਿਨ੍ਹਾਂ ਨੂੰ ਸਜ਼ਾ।

^ ਇਹ ਕਿਤਾਬ “ਦੁਨੀਆਂ ਦੀ ਨੀਂਹ” ਰੱਖਣ ਦੇ ਸਮੇਂ ਤੋਂ ਹੀ ਲਿਖੀ ਜਾਣੀ ਸ਼ੁਰੂ ਹੋਈ। ਇਸ ਵਿਚ ਉਨ੍ਹਾਂ ਲੋਕਾਂ ਦੇ ਨਾਂ ਲਿਖੇ ਗਏ ਹਨ ਜਿਨ੍ਹਾਂ ਕੋਲ ਯਿਸੂ ਦੀ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਆਪਣੇ ਪਾਪਾਂ ਤੋਂ ਮਾਫ਼ੀ ਪਾਉਣ ਦਾ ਮੌਕਾ ਹੈ। (ਮੱਤੀ 25:34; ਪ੍ਰਕਾ. 17:8) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਸ ਕਿਤਾਬ ਵਿਚ ਸਭ ਤੋਂ ਪਹਿਲਾਂ ਧਰਮੀ ਹਾਬਲ ਦਾ ਨਾਂ ਲਿਖਿਆ ਗਿਆ ਹੋਣਾ।

^ ਪਹਿਲਾਂ ਅਸੀਂ ਮੰਨਦੇ ਸੀ ਕਿ ਯੂਹੰਨਾ 5:29 ਵਿਚ ਯਿਸੂ ਕਹਿ ਰਿਹਾ ਸੀ ਕਿ ਕੁਝ ਲੋਕ ਜੀਉਂਦੇ ਹੋਣ ਤੋਂ ਬਾਅਦ “ਸਜ਼ਾ” ਪਾਉਣਗੇ। ਪਰ ਇਸ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਕਹਿਣ ਦਾ ਸ਼ਾਇਦ ਕੁਝ ਹੋਰ ਮਤਲਬ ਸੀ। ਇੱਥੇ ਯਿਸੂ ‘ਨਿਆਂ’ ਕਰਨ ਦੀ ਗੱਲ ਕਰ ਰਿਹਾ ਸੀ ਜਿਸ ਦਾ ਮਤਲਬ ਹੈ ਕਿ ਕੁਝ ਸਮੇਂ ਲਈ ਕਿਸੇ ਦੀ ਜਾਂਚ-ਪਰਖ ਕਰਨੀ। ਇਕ ਯੂਨਾਨੀ ਡਿਕਸ਼ਨਰੀ ਵਿਚ ਇਸ ਸ਼ਬਦ ਦੇ ਮਤਲਬ ਬਾਰੇ ਸਮਝਾਇਆ ਗਿਆ ਹੈ, “ਕਿਸੇ ਦੇ ਰਵੱਈਏ ਤੇ ਚਾਲ-ਚਲਣ ʼਤੇ ਨਜ਼ਰ ਰੱਖਣਾ।”