ਅਧਿਐਨ ਲੇਖ 37
ਤੁਸੀਂ ਆਪਣੇ ਭੈਣਾਂ-ਭਰਾਵਾਂ ʼਤੇ ਭਰੋਸਾ ਕਰ ਸਕਦੇ ਹੋ
“ਪਿਆਰ . . . ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ, ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ।”—1 ਕੁਰਿੰ. 13:4, 7.
ਗੀਤ 29 ਯਹੋਵਾਹ ਦੇ ਨਾਂ ਤੋਂ ਸਾਡੀ ਪਛਾਣ
ਖ਼ਾਸ ਗੱਲਾਂ *
1. ਦੁਨੀਆਂ ਦੇ ਲੋਕ ਇਕ-ਦੂਜੇ ʼਤੇ ਭਰੋਸਾ ਨਹੀਂ ਕਰ ਸਕਦੇ, ਇਹ ਦੇਖ ਕੇ ਸਾਨੂੰ ਹੈਰਾਨੀ ਕਿਉਂ ਨਹੀਂ ਹੁੰਦੀ?
ਸ਼ੈਤਾਨ ਦੀ ਦੁਨੀਆਂ ਵਿਚ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਸ ʼਤੇ ਭਰੋਸਾ ਕਰਨ ਅਤੇ ਕਿਸ ਤੇ ਨਹੀਂ। ਇਸ ਦੁਨੀਆਂ ਦੇ ਵਪਾਰੀਆਂ, ਰਾਜਨੀਤਿਕ ਤੇ ਧਾਰਮਿਕ ਆਗੂਆਂ ਦੇ ਕੰਮਾਂ ਅਤੇ ਰਵੱਈਏ ਨੂੰ ਦੇਖ ਕੇ ਲੋਕਾਂ ਦਾ ਉਨ੍ਹਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਦਾ ਆਪਣੇ ਦੋਸਤਾਂ, ਗੁਆਂਢੀਆਂ, ਇੱਥੋਂ ਤਕ ਕਿ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਵੀ ਭਰੋਸਾ ਉੱਠ ਚੁੱਕਾ ਹੈ। ਇਹ ਸਭ ਕੁਝ ਦੇਖ ਕੇ ਸਾਨੂੰ ਹੈਰਾਨੀ ਨਹੀਂ ਹੁੰਦੀ ਕਿਉਂਕਿ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਲੋਕ ‘ਵਿਸ਼ਵਾਸਘਾਤੀ, ਬਦਨਾਮ ਕਰਨ ਵਾਲੇ ਅਤੇ ਧੋਖੇਬਾਜ਼ ਹੋਣਗੇ।’ ਦੁਨੀਆਂ ਦੇ ਲੋਕਾਂ ਦਾ ਰਵੱਈਆ ਬਿਲਕੁਲ ਇਸ ਦੁਨੀਆਂ ਦੇ ਈਸ਼ਵਰ ਸ਼ੈਤਾਨ ਵਰਗਾ ਹੈ ਜੋ ਸਭ ਤੋਂ ਵੱਡਾ ਧੋਖੇਬਾਜ਼ ਹੈ।—2 ਤਿਮੋ. 3:1-4; 2 ਕੁਰਿੰ. 4:4.
2. (ੳ) ਅਸੀਂ ਕਿਨ੍ਹਾਂ ʼਤੇ ਪੂਰਾ ਭਰੋਸਾ ਕਰ ਸਕਦੇ ਹਾਂ? (ਅ) ਸ਼ਾਇਦ ਕੁਝ ਭੈਣਾਂ-ਭਰਾਵਾਂ ਨੂੰ ਕਿਹੜੀ ਗੱਲ ਔਖੀ ਲੱਗੇ?
2 ਇਸ ਦੁਨੀਆਂ ਦੇ ਉਲਟ, ਮਸੀਹੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਯਹੋਵਾਹ ʼਤੇ ਪੂਰਾ ਭਰੋਸਾ ਕਰ ਸਕਦੇ ਹਨ। (ਯਿਰ. 17:7, 8) ਸਾਨੂੰ ਪੂਰਾ ਯਕੀਨ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ‘ਕਦੇ ਨਹੀਂ ਤਿਆਗੇਗਾ।’ (ਜ਼ਬੂ. 9:10) ਅਸੀਂ ਯਿਸੂ ਮਸੀਹ ʼਤੇ ਵੀ ਪੂਰਾ ਭਰੋਸਾ ਕਰ ਸਕਦੇ ਹਾਂ ਕਿਉਂਕਿ ਉਸ ਨੇ ਸਾਡੇ ਵਾਸਤੇ ਆਪਣੀ ਜਾਨ ਕੁਰਬਾਨ ਕੀਤੀ ਹੈ। (1 ਪਤ. 3:18) ਅਸੀਂ ਬਾਈਬਲ ਵਿਚ ਦਿੱਤੀਆਂ ਸਲਾਹਾਂ ʼਤੇ ਵੀ ਪੂਰਾ ਭਰੋਸਾ ਕਰ ਸਕਦੇ ਹਾਂ ਕਿਉਂਕਿ ਅਸੀਂ ਖ਼ੁਦ ਇਹ ਗੱਲ ਦੇਖੀ ਹੈ ਕਿ ਜ਼ਿੰਦਗੀ ਵਿਚ ਬਾਈਬਲ ਦੀ ਸੇਧ ਮੁਤਾਬਕ ਚੱਲ ਕੇ ਸਾਨੂੰ ਹਮੇਸ਼ਾ ਫ਼ਾਇਦਾ ਹੋਇਆ ਹੈ। (2 ਤਿਮੋ. 3:16, 17) ਅਸੀਂ ਯਹੋਵਾਹ, ਯਿਸੂ ਅਤੇ ਬਾਈਬਲ ʼਤੇ ਪੂਰਾ ਭਰੋਸਾ ਕਰ ਸਕਦੇ ਹਾਂ। ਪਰ ਸ਼ਾਇਦ ਕੁਝ ਜਣਿਆਂ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ʼਤੇ ਭਰੋਸਾ ਕਰਨਾ ਔਖਾ ਲੱਗੇ। ਕੀ ਤੁਹਾਨੂੰ ਵੀ ਇੱਦਾਂ ਲੱਗਦਾ? ਜੇ ਹਾਂ, ਤਾਂ ਆਓ ਦੇਖੀਏ ਕਿ ਅਸੀਂ ਭੈਣਾਂ-ਭਰਾਵਾਂ ʼਤੇ ਭਰੋਸਾ ਕਿਉਂ ਕਰ ਸਕਦੇ ਹਾਂ।
ਸਾਨੂੰ ਆਪਣੇ ਭੈਣਾਂ-ਭਰਾਵਾਂ ਦੀ ਲੋੜ ਹੈ
3. ਸਾਡੇ ਕੋਲ ਕਿਹੜਾ ਸਨਮਾਨ ਹੈ? (ਮਰਕੁਸ 10:29, 30)
3 ਸਾਡੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਵੱਡੇ ਪਰਿਵਾਰ ਦਾ ਹਿੱਸਾ ਬਣਾਇਆ ਹੈ। ਜ਼ਰਾ ਸੋਚੋ, ਇਸ ਪਰਿਵਾਰ ਦਾ ਹਿੱਸਾ ਬਣ ਕੇ ਸਾਨੂੰ ਕਿੰਨੇ ਫ਼ਾਇਦੇ ਹੁੰਦੇ ਹਨ! (ਮਰਕੁਸ 10:29, 30 ਪੜ੍ਹੋ।) ਪੂਰੀ ਦੁਨੀਆਂ ਵਿਚ ਸਾਡੇ ਭੈਣ-ਭਰਾ ਸਾਡੇ ਵਾਂਗ ਹੀ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਮਿਆਰਾਂ ʼਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਚਾਹੇ ਸਾਡੀ ਭਾਸ਼ਾ, ਸਭਿਆਚਾਰ ਅਤੇ ਪਹਿਰਾਵਾ ਉਨ੍ਹਾਂ ਤੋਂ ਵੱਖਰਾ ਹੋਵੇ, ਫਿਰ ਵੀ ਸਾਡਾ ਇਕ-ਦੂਜੇ ਨਾਲ ਗੂੜ੍ਹਾ ਪਿਆਰ ਹੈ। ਉਨ੍ਹਾਂ ਨੂੰ ਪਹਿਲੀ ਵਾਰ ਮਿਲ ਕੇ ਵੀ ਸਾਨੂੰ ਓਪਰਾ ਨਹੀਂ ਲੱਗਦਾ। ਸਾਨੂੰ ਭੈਣਾਂ-ਭਰਾਵਾਂ ਨਾਲ ਮਿਲ ਕੇ ਆਪਣੇ ਪਿਆਰੇ ਸਵਰਗੀ ਪਿਤਾ ਦੀ ਮਹਿਮਾ ਅਤੇ ਭਗਤੀ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੈ।—ਜ਼ਬੂ. 133:1.
4. ਸਾਨੂੰ ਭੈਣਾਂ-ਭਰਾਵਾਂ ਦੀ ਕਿਉਂ ਲੋੜ ਹੈ?
4 ਅੱਜ ਭੈਣਾਂ-ਭਰਾਵਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਏਕਤਾ ਵਿਚ ਰਹਿਣ ਦੀ ਲੋੜ ਹੈ। ਕਈ ਵਾਰ ਜਦੋਂ ਅਸੀਂ ਮੁਸ਼ਕਲਾਂ ਅਤੇ ਚਿੰਤਾਵਾਂ ਦੇ ਬੋਝ ਹੇਠ ਦੱਬੇ ਹੋਏ ਮਹਿਸੂਸ ਕਰਦੇ ਹਾਂ, ਤਾਂ ਸਾਡੇ ਭੈਣ-ਭਰਾ ਸਾਡਾ ਇਹ ਬੋਝ ਉਠਾਉਣ ਵਿਚ ਮਦਦ ਕਰਦੇ ਹਨ। (ਰੋਮੀ. 15:1; ਗਲਾ. 6:2) ਉਹ ਸਾਨੂੰ ਹੱਲਾਸ਼ੇਰੀ ਵੀ ਦਿੰਦੇ ਹਨ ਤਾਂਕਿ ਅਸੀਂ ਯਹੋਵਾਹ ਦੀ ਸੇਵਾ ਜੋਸ਼ ਨਾਲ ਕਰਦੇ ਰਹੀਏ ਅਤੇ ਉਸ ਨਾਲ ਆਪਣਾ ਰਿਸ਼ਤਾ ਬਣਾਈ ਰੱਖੀਏ। (1 ਥੱਸ. 5:11; ਇਬ. 10:23-25) ਜ਼ਰਾ ਸੋਚੋ, ਜੇ ਸਾਡੇ ਭੈਣ-ਭਰਾ ਸਾਡਾ ਸਾਥ ਨਾ ਦਿੰਦੇ, ਤਾਂ ਕੀ ਅਸੀਂ ਆਪਣੇ ਦੁਸ਼ਮਣ ਸ਼ੈਤਾਨ ਅਤੇ ਇਸ ਦੁਸ਼ਟ ਦੁਨੀਆਂ ਨਾਲ ਇਕੱਲੇ ਲੜ ਸਕਦੇ ਸੀ? ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲੇ ਬਹੁਤ ਜਲਦ ਪਰਮੇਸ਼ੁਰ ਦੇ ਸੇਵਕਾਂ ʼਤੇ ਹਮਲਾ ਕਰਨਗੇ। ਉਦੋਂ ਸਾਨੂੰ ਕਿੰਨੀ ਜ਼ਿਆਦਾ ਖ਼ੁਸ਼ੀ ਹੋਵੇਗੀ ਜਦੋਂ ਸਾਡੇ ਭੈਣ-ਭਰਾ ਸਾਡਾ ਸਾਥ ਦੇਣ ਲਈ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਗੇ!
5. ਕਈ ਵਾਰ ਕੁਝ ਭੈਣਾਂ-ਭਰਾਵਾਂ ਲਈ ਦੂਜਿਆਂ ʼਤੇ ਭਰੋਸਾ ਕਰਨਾ ਕਿਉਂ ਔਖਾ ਹੋ ਸਕਦਾ ਹੈ?
5 ਕਈ ਵਾਰ ਕੁਝ ਭੈਣਾਂ-ਭਰਾਵਾਂ ਨੂੰ ਦੂਜੇ ਭੈਣਾਂ-ਭਰਾਵਾਂ ʼਤੇ ਭਰੋਸਾ ਕਰਨਾ ਔਖਾ ਲੱਗਦਾ ਹੈ। ਕਿਉਂ? ਹੋ ਸਕਦਾ ਹੈ ਕਿ ਉਨ੍ਹਾਂ ਨੇ ਕਿਸੇ ਭੈਣ-ਭਰਾ ਨੂੰ ਆਪਣੀ ਕੋਈ ਗੱਲ ਦੱਸੀ ਹੋਵੇ ਤੇ ਉਸ ਭੈਣ ਜਾਂ ਭਰਾ ਨੇ ਉਨ੍ਹਾਂ ਦੀ ਗੱਲ ਦੂਜਿਆਂ ਨੂੰ ਦੱਸ ਦਿੱਤੀ ਹੋਵੇ। ਜਾਂ ਫਿਰ ਸ਼ਾਇਦ ਕਿਸੇ ਨੇ ਉਨ੍ਹਾਂ ਨਾਲ ਕੋਈ ਵਾਅਦਾ ਕਰ ਕੇ ਨਾ ਨਿਭਾਇਆ ਹੋਵੇ। ਜਾਂ ਫਿਰ ਮੰਡਲੀ ਵਿਚ ਕਿਸੇ ਭੈਣ ਜਾਂ ਭਰਾ ਨੇ ਕੁਝ ਅਜਿਹਾ ਕਹਿ ਜਾਂ ਕਰ ਦਿੱਤਾ ਹੋਵੇ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਦੁੱਖ ਲੱਗਾ ਹੋਵੇ। ਇਸ ਤਰ੍ਹਾਂ ਹੋਣ ਤੇ ਦੂਸਰਿਆਂ ʼਤੇ ਭਰੋਸਾ ਕਰਨਾ ਬਹੁਤ ਔਖਾ ਹੁੰਦਾ ਹੈ। ਪਰ ਇੱਦਾਂ ਦੇ ਹਾਲਾਤਾਂ ਵਿਚ ਕਿਹੜੀ ਗੱਲ ਫਿਰ ਤੋਂ ਆਪਣੇ ਭੈਣਾਂ-ਭਰਾਵਾਂ ʼਤੇ ਭਰੋਸਾ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ?
ਪਿਆਰ ਹੋਣ ਕਰਕੇ ਅਸੀਂ ਭਰੋਸਾ ਕਰ ਸਕਦੇ ਹਾਂ
6. ਪਿਆਰ ਹੋਣ ਕਰਕੇ ਅਸੀਂ ਭੈਣਾਂ-ਭਰਾਵਾਂ ʼਤੇ ਭਰੋਸਾ ਕਿਵੇਂ ਕਰ ਸਕਦੇ ਹਾਂ? (1 ਕੁਰਿੰਥੀਆਂ 13:4-8)
6 ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ʼਤੇ ਭਰੋਸਾ ਕਰ ਸਕਾਂਗੇ। ਪਹਿਲਾ ਕੁਰਿੰਥੀਆਂ ਅਧਿਆਇ 13 ਵਿਚ ਦੱਸਿਆ ਗਿਆ ਹੈ ਕਿ ਪਿਆਰ ਕੀ ਕਰਦਾ ਹੈ ਤੇ ਕੀ ਨਹੀਂ। ਇਸ ਬਾਰੇ ਜਾਣ ਕੇ ਅਸੀਂ ਭੈਣਾਂ-ਭਰਾਵਾਂ ʼਤੇ ਭਰੋਸਾ ਕਰਨਾ ਸਿੱਖਾਂਗੇ। ਨਾਲੇ ਜੇ ਕਿਸੇ ਵਜ੍ਹਾ ਕਰਕੇ ਸਾਡਾ ਭਰੋਸਾ ਭੈਣਾਂ-ਭਰਾਵਾਂ ਤੋਂ ਉੱਠ ਗਿਆ ਹੈ, ਤਾਂ ਅਸੀਂ ਉਨ੍ਹਾਂ ʼਤੇ ਫਿਰ ਤੋਂ ਭਰੋਸਾ ਕਰ ਸਕਾਂਗੇ। (1 ਕੁਰਿੰਥੀਆਂ 13:4-8 ਪੜ੍ਹੋ।) ਉਦਾਹਰਣ ਲਈ, ਆਇਤ 4 ਵਿਚ ਦੱਸਿਆ ਗਿਆ ਹੈ ਕਿ “ਪਿਆਰ ਧੀਰਜਵਾਨ ਅਤੇ ਦਿਆਲੂ ਹੈ।” ਚਾਹੇ ਅਸੀਂ ਯਹੋਵਾਹ ਖ਼ਿਲਾਫ਼ ਪਾਪ ਕਰਦੇ ਹਾਂ, ਫਿਰ ਵੀ ਉਹ ਸਾਡੇ ਨਾਲ ਧੀਰਜ ਨਾਲ ਪੇਸ਼ ਆਉਂਦਾ ਹੈ। ਇਸ ਲਈ ਜਦੋਂ ਭੈਣ-ਭਰਾ ਕੁਝ ਅਜਿਹਾ ਕਹਿੰਦੇ ਜਾਂ ਕਰਦੇ ਹਨ ਜਿਸ ਨਾਲ ਸਾਨੂੰ ਖਿਝ ਚੜ੍ਹਦੀ ਜਾਂ ਠੇਸ ਲੱਗਦੀ ਹੈ, ਤਾਂ ਸਾਨੂੰ ਵੀ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਉਣਾ ਚਾਹੀਦਾ ਹੈ। ਆਇਤ 5 ਵਿਚ ਦੱਸਿਆ ਹੈ: “[ਪਿਆਰ] ਗੁੱਸੇ ਵਿਚ ਭੜਕਦਾ ਨਹੀਂ। ਇਹ ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ।” ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ “ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ” ਰੱਖਣਾ ਚਾਹੁੰਦੇ ਯਾਨੀ ਅਸੀਂ ਬਾਅਦ ਵਿਚ ਉਨ੍ਹਾਂ ʼਤੇ ਦੋਸ਼ ਲਾਉਣ ਲਈ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਯਾਦ ਨਹੀਂ ਰੱਖਦੇ। ਨਾਲੇ ਉਪਦੇਸ਼ਕ ਦੀ ਕਿਤਾਬ 7:9 ਵਿਚ ਕਿਹਾ ਹੈ: “ਕਿਸੇ ਦੀ ਗੱਲ ਦਾ ਛੇਤੀ ਬੁਰਾ ਨਾ ਮਨਾ।” ਕਿੰਨਾ ਵਧੀਆ ਹੋਵੇਗਾ ਜੇ ਅਸੀਂ ਅਫ਼ਸੀਆਂ 4:26 ਦੀ ਸਲਾਹ ਮੁਤਾਬਕ “ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ” ਦੇਈਏ।
7. ਮੱਤੀ 7:1-5 ਵਿਚ ਦਿੱਤੇ ਅਸੂਲ ਕਿਵੇਂ ਭੈਣਾਂ-ਭਰਾਵਾਂ ʼਤੇ ਭਰੋਸਾ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ?
7 ਭੈਣਾਂ-ਭਰਾਵਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖ ਕੇ ਅਸੀਂ ਉਨ੍ਹਾਂ ʼਤੇ ਭਰੋਸਾ ਕਰ ਸਕਾਂਗੇ। ਪਰਮੇਸ਼ੁਰ ਉਨ੍ਹਾਂ ਨੂੰ ਵੀ ਪਿਆਰ ਕਰਦਾ ਹੈ ਅਤੇ ਉਹ ਉਨ੍ਹਾਂ ਦੀਆਂ ਗ਼ਲਤੀਆਂ ਦਾ ਹਿਸਾਬ ਨਹੀਂ ਰੱਖਦਾ। ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਦਾ ਹਿਸਾਬ ਨਹੀਂ ਰੱਖਣਾ ਚਾਹੀਦਾ। (ਜ਼ਬੂ. 130:3) ਸਾਨੂੰ ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਧਿਆਨ ਲਗਾਉਣ ਦੀ ਬਜਾਇ ਇਹ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਵਿਚ ਕਿਹੜੇ ਚੰਗੇ ਗੁਣ ਹਨ ਅਤੇ ਉਹ ਕਿਹੜੇ ਚੰਗੇ ਕੰਮ ਕਰ ਸਕਦੇ ਹਨ। (ਮੱਤੀ 7:1-5 ਪੜ੍ਹੋ।) ਪਿਆਰ “ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ।” (1 ਕੁਰਿੰ. 13:7) ਇਸ ਲਈ ਸਾਨੂੰ ਯਕੀਨ ਹੈ ਕਿ ਸਾਡੇ ਭੈਣ-ਭਰਾ ਚੰਗੇ ਕੰਮ ਕਰਨੇ ਚਾਹੁੰਦੇ ਹਨ ਤੇ ਉਹ ਕਦੇ ਵੀ ਸਾਨੂੰ ਦੁਖੀ ਨਹੀਂ ਕਰਨਾ ਚਾਹੁੰਦੇ। ਪਰ “ਸਾਰੀਆਂ ਗੱਲਾਂ ਉੱਤੇ ਭਰੋਸਾ” ਕਰਨ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਸਾਡੇ ਤੋਂ ਉਮੀਦ ਕਰਦਾ ਹੈ ਕਿ ਅਸੀਂ ਅੱਖਾਂ ਬੰਦ ਕਰ ਕੇ ਸਾਰੀਆਂ ਗੱਲਾਂ ʼਤੇ ਯਕੀਨ ਕਰ ਲਈਏ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਚੰਗੇ ਕੰਮਾਂ ʼਤੇ ਧਿਆਨ ਲਾਈਏ ਤਾਂਕਿ ਅਸੀਂ ਉਨ੍ਹਾਂ ʼਤੇ ਭਰੋਸਾ ਕਰ ਸਕੀਏ। *
8. ਅਸੀਂ ਆਪਣੇ ਭੈਣਾਂ-ਭਰਾਵਾਂ ʼਤੇ ਭਰੋਸਾ ਕਰਨਾ ਕਿਵੇਂ ਸਿੱਖ ਸਕਦੇ ਹਾਂ?
8 ਕਿਸੇ ʼਤੇ ਭਰੋਸਾ ਕਰਨ ਵਿਚ ਸਮਾਂ ਲੱਗਦਾ ਹੈ। ਭੈਣਾਂ-ਭਰਾਵਾਂ ʼਤੇ ਭਰੋਸਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣੋ। ਮੀਟਿੰਗਾਂ ʼਤੇ ਉਨ੍ਹਾਂ ਨਾਲ ਗੱਲਬਾਤ ਕਰੋ ਅਤੇ ਉਨ੍ਹਾਂ ਨਾਲ ਪ੍ਰਚਾਰ ʼਤੇ ਜਾਓ। ਧੀਰਜ ਰੱਖਦੇ ਹੋਏ ਉਨ੍ਹਾਂ ਨੂੰ ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕਰਨ ਦਾ ਮੌਕਾ ਦਿਓ। ਜਦੋਂ ਤੁਸੀਂ ਕਿਸੇ ਨੂੰ ਜਾਣਨਾ ਸ਼ੁਰੂ ਕਰਦੇ ਹੋ, ਤਾਂ ਸ਼ਾਇਦ ਤੁਸੀਂ ਉਸ ਨਾਲ ਸਾਰੀਆਂ ਗੱਲਾਂ ਸਾਂਝੀਆਂ ਨਾ ਕਰੋ। ਪਰ ਜਦੋਂ ਤੁਹਾਡਾ ਉਸ ਨਾਲ ਵਧੀਆ ਰਿਸ਼ਤਾ ਬਣ ਜਾਂਦਾ ਹੈ, ਤਾਂ ਸ਼ਾਇਦ ਤੁਸੀਂ ਉਸ ਨੂੰ ਆਪਣੇ ਮਨ ਦੀਆਂ ਗੱਲਾਂ ਵੀ ਦੱਸੋ। (ਲੂਕਾ 16:10) ਪਰ ਉਦੋਂ ਕੀ ਜਦੋਂ ਕੋਈ ਤੁਹਾਡਾ ਭਰੋਸਾ ਤੋੜ ਦਿੰਦਾ ਹੈ? ਇਕਦਮ ਉਸ ਨਾਲ ਆਪਣੀ ਦੋਸਤੀ ਖ਼ਤਮ ਨਾ ਕਰੋ, ਸਗੋਂ ਉਸ ਨੂੰ ਸਮਾਂ ਦਿਓ। ਕੁਝ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਕਰਕੇ ਇਹ ਨਾ ਸੋਚੋ ਕਿ ਤੁਸੀਂ ਕਿਸੇ ਵੀ ਭੈਣ-ਭਰਾ ʼਤੇ ਭਰੋਸਾ ਨਹੀਂ ਕਰ ਸਕਦੇ। ਪੁਰਾਣੇ ਜ਼ਮਾਨੇ ਦੇ ਕੁਝ ਵਫ਼ਾਦਾਰ ਸੇਵਕਾਂ ਨੂੰ ਵੀ ਕੁਝ ਲੋਕਾਂ ਨੇ ਠੇਸ ਪਹੁੰਚਾਈ ਸੀ, ਪਰ ਉਨ੍ਹਾਂ ਨੇ ਦੂਜਿਆਂ ʼਤੇ ਭਰੋਸਾ ਕਰਨਾ ਨਹੀਂ ਛੱਡਿਆ। ਆਓ ਆਪਾਂ ਕੁਝ ਮਿਸਾਲਾਂ ʼਤੇ ਗੌਰ ਕਰੀਏ।
ਦੂਜਿਆਂ ʼਤੇ ਭਰੋਸਾ ਕਰਨ ਵਾਲਿਆਂ ਤੋਂ ਸਿੱਖੋ
9. (ੳ) ਏਲੀ ਅਤੇ ਉਸ ਦੇ ਮੁੰਡਿਆਂ ਦੀਆਂ ਗ਼ਲਤੀਆਂ ਦੇ ਬਾਵਜੂਦ ਹੰਨਾਹ ਨੇ ਕੀ ਕੀਤਾ? (ਅ) ਤੁਸੀਂ ਹੰਨਾਹ ਤੋਂ ਕੀ ਸਿੱਖ ਸਕਦੇ ਹੋ? (ਤਸਵੀਰ ਦੇਖੋ।)
9 ਕੀ ਕਦੇ ਕਿਸੇ ਜ਼ਿੰਮੇਵਾਰ ਭਰਾ ਨੇ ਤੁਹਾਨੂੰ ਠੇਸ ਪਹੁੰਚਾਈ ਹੈ? ਜੇ ਹਾਂ, ਤਾਂ ਹੰਨਾਹ ਦੀ ਮਿਸਾਲ ʼਤੇ ਗੌਰ ਕਰਨ ਨਾਲ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ। ਏਲੀ ਮਹਾਂ ਪੁਜਾਰੀ ਸੀ ਅਤੇ ਉਹ ਭਗਤੀ ਦੇ ਮਾਮਲਿਆਂ ਵਿਚ ਇਜ਼ਰਾਈਲੀਆਂ ਦੀ ਅਗਵਾਈ ਕਰਦਾ ਸੀ। ਪਰ ਉਸ ਦਾ ਪਰਿਵਾਰ ਇਜ਼ਰਾਈਲੀਆਂ ਲਈ ਚੰਗੀ ਮਿਸਾਲ ਨਹੀਂ ਸੀ। ਉਸ ਦੇ ਪੁੱਤਰ ਪੁਜਾਰੀ ਸਨ, ਪਰ ਉਹ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਦੇ ਸਨ। ਪਰ ਏਲੀ ਨੇ ਆਪਣੇ ਪੁੱਤਰਾਂ ਨੂੰ ਸਖ਼ਤ ਤਾੜਨਾ ਨਹੀਂ ਦਿੱਤੀ। ਫਿਰ ਵੀ ਯਹੋਵਾਹ ਨੇ ਉਸੇ ਵੇਲੇ ਏਲੀ ਨੂੰ ਮਹਾਂ ਪੁਜਾਰੀ ਦੇ ਅਹੁਦੇ ਤੋਂ ਨਹੀਂ ਹਟਾਇਆ। ਇਸ ਸਭ ਦੇ ਬਾਵਜੂਦ, ਹੰਨਾਹ ਦਾ ਯਹੋਵਾਹ ਦੇ ਪ੍ਰਬੰਧ ਤੋਂ ਭਰੋਸਾ ਨਹੀਂ ਉੱਠਿਆ ਤੇ ਨਾ ਹੀ ਉਸ ਨੇ ਇਹ ਸੋਚਿਆ ਕਿ ਜਦ ਤਕ ਏਲੀ ਮਹਾਂ ਪੁਜਾਰੀ ਹੈ, ਉਹ ਡੇਰੇ ਵਿਚ ਭਗਤੀ ਕਰਨ ਨਹੀਂ ਆਵੇਗੀ। ਇਕ ਵਾਰ ਜਦੋਂ ਹੰਨਾਹ ਦੁੱਖਾਂ ਦੀ ਮਾਰੀ ਡੇਰੇ ਵਿਚ ਪ੍ਰਾਰਥਨਾ ਕਰ ਰਹੀ ਸੀ, ਤਾਂ ਏਲੀ ਦੀ ਨਜ਼ਰ ਉਸ ʼਤੇ ਪਈ। ਏਲੀ ਨੂੰ ਲੱਗਾ ਕਿ ਉਸ ਨੇ ਕੋਈ ਨਸ਼ਾ ਕੀਤਾ ਸੀ। ਏਲੀ ਨੇ ਸਾਰੀ ਗੱਲ ਜਾਣੇ ਬਗੈਰ ਉਸ ਦੁਖਿਆਰੀ ਔਰਤ ʼਤੇ ਇਲਜ਼ਾਮ ਲਾਇਆ। (1 ਸਮੂ. 1:12-16) ਚਾਹੇ ਹੰਨਾਹ ਜਾਣਦੀ ਸੀ ਕਿ ਡੇਰੇ ਵਿਚ ਏਲੀ ਉਸ ਦੇ ਪੁੱਤਰ ਦੀ ਦੇਖ-ਭਾਲ ਕਰੇਗਾ, ਫਿਰ ਵੀ ਹੰਨਾਹ ਆਪਣੀ ਸੁੱਖਣਾ ਪੂਰੀ ਕਰਨ ਲਈ ਤਿਆਰ ਸੀ। (1 ਸਮੂ. 1:11) ਕੀ ਏਲੀ ਨੇ ਹਾਲੇ ਤਕ ਵੀ ਆਪਣੇ ਪੁੱਤਰਾਂ ਨੂੰ ਨਹੀਂ ਸੁਧਾਰਿਆ ਸੀ? ਨਹੀਂ, ਅਖ਼ੀਰ ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ। (1 ਸਮੂ. 4:17) ਪਰ ਯਹੋਵਾਹ ਨੇ ਹੰਨਾਹ ਨੂੰ ਇਕ ਪੁੱਤਰ ਦੀ ਦਾਤ ਦਿੱਤੀ ਜਿਸ ਦਾ ਨਾਂ ਸਮੂਏਲ ਰੱਖਿਆ ਗਿਆ।—1 ਸਮੂ. 1:17-20.
10. ਚਾਹੇ ਕੁਝ ਜਣਿਆਂ ਨੇ ਦਾਊਦ ਦਾ ਭਰੋਸਾ ਤੋੜਿਆ, ਫਿਰ ਵੀ ਉਸ ਨੇ ਕੀ ਕਰਨਾ ਨਹੀਂ ਛੱਡਿਆ?
10 ਕੀ ਕਦੇ ਤੁਹਾਡੇ ਕਿਸੇ ਜਿਗਰੀ ਦੋਸਤ ਨੇ ਤੁਹਾਨੂੰ ਧੋਖਾ ਦਿੱਤਾ ਹੈ? ਜੇ ਹਾਂ, ਤਾਂ ਜ਼ਰਾ ਰਾਜਾ ਦਾਊਦ ਦੀ ਮਿਸਾਲ ʼਤੇ ਗੌਰ ਕਰੋ। ਉਸ ਦੇ ਇਕ ਜਿਗਰੀ ਦੋਸਤ ਦਾ ਨਾਂ ਅਹੀਥੋਫਲ ਸੀ। ਜਦੋਂ ਦਾਊਦ ਦੇ ਪੁੱਤਰ ਅਬਸ਼ਾਲੋਮ ਨੇ ਉਸ ਦੇ ਖ਼ਿਲਾਫ਼ ਬਗਾਵਤ ਕਰ ਕੇ ਉਸ ਦਾ ਰਾਜ ਹਥਿਆਉਣ ਦੀ ਕੋਸ਼ਿਸ਼ ਕੀਤੀ, ਤਾਂ ਅਹੀਥੋਫਲ ਵੀ ਅਬਸ਼ਾਲੋਮ ਨਾਲ ਮਿਲ ਗਿਆ। ਦਾਊਦ ਨੂੰ ਕਿੰਨਾ ਜ਼ਿਆਦਾ ਦੁੱਖ ਲੱਗਾ ਹੋਣਾ ਜਦੋਂ ਇੱਕੋ ਸਮੇਂ ਤੇ ਉਸ ਦੇ ਪੁੱਤਰ ਅਤੇ ਜਿਗਰੀ ਦੋਸਤ ਨੇ ਉਸ ਨੂੰ ਧੋਖਾ ਦਿੱਤਾ! ਇਨ੍ਹਾਂ ਦੋਹਾਂ ਤੋਂ ਧੋਖਾ ਖਾਣ ਦੇ ਬਾਵਜੂਦ ਵੀ ਦਾਊਦ ਨੇ ਦੂਜਿਆਂ ʼਤੇ ਭਰੋਸਾ ਕਰਨਾ ਨਹੀਂ ਛੱਡਿਆ। ਉਹ ਆਪਣੇ ਇਕ ਹੋਰ ਵਫ਼ਾਦਾਰ ਦੋਸਤ ਹੂਸ਼ਈ ʼਤੇ ਭਰੋਸਾ ਕਰਦਾ ਰਿਹਾ ਅਤੇ ਹੂਸ਼ਈ ਇਕ ਸੱਚਾ ਦੋਸਤ ਸਾਬਤ ਹੋਇਆ। ਉਸ ਨੇ ਅਬਸ਼ਾਲੋਮ ਦਾ ਸਾਥ ਦੇਣ ਦੀ ਬਜਾਇ ਦਾਊਦ ਦਾ ਸਾਥ ਦਿੱਤਾ। ਇੱਥੋਂ ਤਕ ਕਿ ਉਸ ਨੇ ਦਾਊਦ ਦੀ ਖ਼ਾਤਰ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ।—2 ਸਮੂ. 17:1-16.
11. ਨਾਬਾਲ ਦੇ ਇਕ ਨੌਕਰ ਨੇ ਅਬੀਗੈਲ ʼਤੇ ਕਿਵੇਂ ਭਰੋਸਾ ਦਿਖਾਇਆ?
11 ਜ਼ਰਾ ਨਾਬਾਲ ਦੇ ਇਕ ਨੌਕਰ ਦੀ ਮਿਸਾਲ ʼਤੇ ਗੌਰ ਕਰੋ। ਨਾਬਾਲ ਇਕ ਇਜ਼ਰਾਈਲੀ ਸੀ ਅਤੇ ਬਹੁਤ ਅਮੀਰ ਆਦਮੀ ਸੀ। ਦਾਊਦ ਅਤੇ ਉਸ ਦੇ ਆਦਮੀਆਂ ਨੇ ਨਾਬਾਲ ਦੇ ਨੌਕਰਾਂ ਦੀ ਰਾਖੀ ਕੀਤੀ ਸੀ। ਕੁਝ ਸਮੇਂ ਬਾਅਦ ਜਦੋਂ ਦਾਊਦ ਨੇ ਨਾਬਾਲ ਤੋਂ ਆਪਣੇ ਆਦਮੀਆਂ ਲਈ ਖਾਣ-ਪੀਣ ਦੀਆਂ ਚੀਜ਼ਾਂ ਮੰਗੀਆਂ, ਤਾਂ ਨਾਬਾਲ ਨੇ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਦਾਊਦ ਨੇ ਇਹ ਗੱਲ ਸੁਣੀ, ਤਾਂ ਉਸ ਨੇ ਗੁੱਸੇ ਵਿਚ ਆ ਕੇ ਨਾਬਾਲ ਦੇ ਘਰਾਣੇ ਦੇ ਸਾਰੇ ਆਦਮੀਆਂ ਨੂੰ ਜਾਨੋਂ ਮਾਰਨ ਦਾ ਫ਼ੈਸਲਾ ਕੀਤਾ। ਨਾਬਾਲ ਦਾ ਨੌਕਰ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੇ ਦਾਊਦ ਨਾਬਾਲ ਦੇ ਖ਼ਾਨਦਾਨ ਨੂੰ ਖ਼ਤਮ ਕਰੇਗਾ, ਤਾਂ ਉਸ ਦੀ ਜਾਨ ਵੀ ਲੈ ਲਈ ਜਾਵੇਗੀ। ਜੇ ਉਹ ਨੌਕਰ ਚਾਹੁੰਦਾ, ਤਾਂ ਉੱਥੋਂ ਭੱਜ ਕੇ ਆਪਣੀ ਜਾਨ ਬਚਾ ਸਕਦਾ ਸੀ। ਪਰ ਉਸ ਨੇ ਸਾਰੀ ਗੱਲ ਅਬੀਗੈਲ ਨੂੰ ਦੱਸੀ। ਉਸ ਨੂੰ ਭਰੋਸਾ ਸੀ ਕਿ ਅਬੀਗੈਲ ਸਭ ਕੁਝ ਚੰਗੀ ਤਰ੍ਹਾਂ ਸਾਂਭ ਲਵੇਗੀ ਕਿਉਂਕਿ ਉਸ ਸਮੇਂ ਦੇ ਸਾਰੇ ਲੋਕ ਜਾਣਦੇ ਸਨ ਕਿ ਅਬੀਗੈਲ ਇਕ ਸਮਝਦਾਰ ਔਰਤ ਸੀ। ਉਸ ਨੌਕਰ ਦਾ ਅਬੀਗੈਲ ʼਤੇ ਭਰੋਸਾ ਕਰਨਾ ਬੇਕਾਰ ਨਹੀਂ ਗਿਆ। ਅਬੀਗੈਲ ਨੇ ਦਲੇਰੀ ਨਾਲ ਦਾਊਦ ਨੂੰ ਗ਼ਲਤ ਕਦਮ ਚੁੱਕਣ ਤੋਂ ਰੋਕਿਆ। (1 ਸਮੂ. 25:2-35) ਉਸ ਨੂੰ ਭਰੋਸਾ ਸੀ ਕਿ ਦਾਊਦ ਉਸ ਦੀ ਗੱਲ ਸੁਣੇਗਾ ਅਤੇ ਸੋਚ-ਸਮਝ ਕੇ ਫ਼ੈਸਲਾ ਕਰੇਗਾ।
12. ਯਿਸੂ ਨੇ ਆਪਣੇ ਚੇਲਿਆਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਵੀ ਉਨ੍ਹਾਂ ʼਤੇ ਭਰੋਸਾ ਕਿਵੇਂ ਕੀਤਾ?
12 ਚਾਹੇ ਚੇਲਿਆਂ ਨੇ ਕਈ ਵਾਰ ਗ਼ਲਤੀਆਂ ਕੀਤੀਆਂ, ਫਿਰ ਵੀ ਯਿਸੂ ਨੇ ਉਨ੍ਹਾਂ ʼਤੇ ਭਰੋਸਾ ਕਰਨਾ ਨਹੀਂ ਛੱਡਿਆ। (ਯੂਹੰ. 15:15, 16) ਇਕ ਵਾਰ ਜਦੋਂ ਯਾਕੂਬ ਅਤੇ ਯੂਹੰਨਾ ਨੇ ਯਿਸੂ ਕੋਲੋਂ ਉਸ ਦੇ ਰਾਜ ਵਿਚ ਖ਼ਾਸ ਅਧਿਕਾਰ ਮੰਗਿਆ, ਤਾਂ ਯਿਸੂ ਨੇ ਉਨ੍ਹਾਂ ਦੇ ਇਰਾਦਿਆਂ ʼਤੇ ਸ਼ੱਕ ਨਹੀਂ ਕੀਤਾ ਕਿ ਉਹ ਯਹੋਵਾਹ ਦੀ ਸੇਵਾ ਦਿਲੋਂ ਕਰਦੇ ਸਨ ਜਾਂ ਨਹੀਂ। ਉਸ ਨੇ ਉਨ੍ਹਾਂ ਨੂੰ ਰਸੂਲਾਂ ਵਜੋਂ ਰੱਦ ਨਹੀਂ ਕੀਤਾ। (ਮਰ. 10:35-40) ਬਾਅਦ ਵਿਚ ਜਦੋਂ ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ, ਤਾਂ ਉਸ ਦੇ ਸਾਰੇ ਚੇਲੇ ਉਸ ਨੂੰ ਛੱਡ ਕੇ ਚਲੇ ਗਏ। (ਮੱਤੀ 26:56) ਫਿਰ ਵੀ ਯਿਸੂ ਉਨ੍ਹਾਂ ʼਤੇ ਭਰੋਸਾ ਕਰਦਾ ਰਿਹਾ। ਉਹ ਆਪਣੇ ਰਸੂਲਾਂ ਦੀਆਂ ਕਮੀਆਂ-ਕਮਜ਼ੋਰੀਆਂ ਤੋਂ ਚੰਗੀ ਤਰ੍ਹਾਂ ਵਾਕਫ਼ ਸੀ, ਫਿਰ ਵੀ ਉਹ ਉਨ੍ਹਾਂ ਨੂੰ “ਮਰਦੇ ਦਮ ਤਕ ਪਿਆਰ ਕਰਦਾ ਰਿਹਾ।” (ਯੂਹੰ. 13:1) ਦੁਬਾਰਾ ਜੀਉਂਦੇ ਕੀਤੇ ਜਾਣ ਤੋਂ ਬਾਅਦ ਯਿਸੂ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ। ਉਸ ਨੇ ਉਨ੍ਹਾਂ ਨੂੰ ਚੇਲੇ ਬਣਾਉਣ ਅਤੇ ਉਸ ਦੀਆਂ ਅਨਮੋਲ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ। (ਮੱਤੀ 28:19, 20; ਯੂਹੰ. 21:15-17) ਉਸ ਨੇ ਇਨ੍ਹਾਂ ਨਾਮੁਕੰਮਲ ਇਨਸਾਨਾਂ ʼਤੇ ਭਰੋਸਾ ਕਰਨਾ ਨਹੀਂ ਛੱਡਿਆ। ਉਸ ਦੇ ਰਸੂਲ ਧਰਤੀ ਉੱਤੇ ਆਪਣੇ ਆਖ਼ਰੀ ਸਾਹ ਤਕ ਵਫ਼ਾਦਾਰ ਰਹੇ। ਹੰਨਾਹ, ਦਾਊਦ, ਨਾਬਾਲ ਦੇ ਨੌਕਰ, ਅਬੀਗੈਲ ਤੇ ਯਿਸੂ ਨੇ ਨਾਮੁਕੰਮਲ ਇਨਸਾਨਾਂ ʼਤੇ ਭਰੋਸਾ ਕਰਨ ਵਿਚ ਬਹੁਤ ਵਧੀਆ ਮਿਸਾਲ ਰੱਖੀ।
ਭਰੋਸਾ ਟੁੱਟਣ ਤੋਂ ਬਾਅਦ ਵੀ ਦੁਬਾਰਾ ਭਰੋਸਾ ਕਰਨਾ ਸਿੱਖੋ
13. ਕਿਹੜੀ ਗੱਲ ਕਰਕੇ ਕਿਸੇ ʼਤੇ ਭਰੋਸਾ ਕਰਨਾ ਔਖਾ ਹੋ ਸਕਦਾ ਹੈ?
13 ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਕਿ ਤੁਸੀਂ ਕਿਸੇ ਭਰੋਸੇਮੰਦ ਭੈਣ-ਭਰਾ ਨੂੰ ਆਪਣੀ ਕੋਈ ਗੱਲ ਦੱਸੀ ਹੋਵੇ ਅਤੇ ਬਾਅਦ ਵਿਚ ਤੁਹਾਨੂੰ ਪਤਾ ਲੱਗਾ ਹੋਵੇ ਕਿ ਉਸ ਭੈਣ ਜਾਂ ਭਰਾ ਨੇ ਤੁਹਾਡੀ ਗੱਲ ਕਿਸੇ ਹੋਰ ਨੂੰ ਦੱਸ ਦਿੱਤੀ। ਜਦੋਂ ਇੱਦਾਂ ਹੁੰਦਾ, ਤਾਂ ਸੱਚੀਂ ਬਹੁਤ ਦੁੱਖ ਲੱਗਦਾ। ਜ਼ਰਾ ਇਕ ਭੈਣ ਦੀ ਉਦਾਹਰਣ ʼਤੇ ਗੌਰ ਕਰੋ। ਇਸ ਭੈਣ ਨੇ ਆਪਣੀ ਕੋਈ ਗੱਲ ਇਕ ਬਜ਼ੁਰਗ ਨੂੰ ਦੱਸੀ। ਅਗਲੇ ਹੀ ਦਿਨ ਉਸ ਬਜ਼ੁਰਗ ਦੀ ਪਤਨੀ ਨੇ ਉਸ ਭੈਣ ਨੂੰ ਹੌਸਲਾ ਦੇਣ ਲਈ ਫ਼ੋਨ ਕੀਤਾ। ਭੈਣ ਨੂੰ ਬਜ਼ੁਰਗ ਦੀ ਪਤਨੀ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਕਿ ਬਜ਼ੁਰਗ ਨੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸ ਦਿੱਤੀ। ਬਿਨਾਂ ਸ਼ੱਕ, ਉਸ ਭੈਣ ਦਾ ਉਸ ਬਜ਼ੁਰਗ ਤੋਂ ਭਰੋਸਾ ਉੱਠ ਗਿਆ ਹੋਣਾ, ਪਰ ਉਸ ਭੈਣ ਨੇ ਇਕ ਵਧੀਆ ਕਦਮ ਚੁੱਕਿਆ। ਉਸ ਬਜ਼ੁਰਗ ʼਤੇ ਫਿਰ ਤੋਂ ਭਰੋਸਾ ਕਰਨ ਲਈ ਉਸ ਨੇ ਦੂਸਰੇ ਬਜ਼ੁਰਗ ਤੋਂ ਮਦਦ ਮੰਗੀ। ਦੂਸਰੇ ਬਜ਼ੁਰਗ ਦੀ ਮਦਦ ਨਾਲ ਉਹ ਭੈਣ ਫਿਰ ਤੋਂ ਸਾਰੇ ਬਜ਼ੁਰਗਾਂ ʼਤੇ ਭਰੋਸਾ ਕਰ ਸਕੀ।
14. ਇਕ ਭਰਾ ਕਿਵੇਂ ਦੋ ਬਜ਼ੁਰਗਾਂ ʼਤੇ ਫਿਰ ਤੋਂ ਭਰੋਸਾ ਕਰ ਸਕਿਆ?
14 ਇਕ ਭਰਾ ਕਾਫ਼ੀ ਲੰਬੇ ਸਮੇਂ ਤੋਂ ਦੋ ਬਜ਼ੁਰਗਾਂ ਨਾਲ ਨਾਰਾਜ਼ ਰਿਹਾ। ਉਸ ਨੂੰ ਲੱਗਦਾ ਸੀ ਕਿ ਉਹ ਬਜ਼ੁਰਗ ਭਰੋਸੇ ਦੇ ਲਾਇਕ ਨਹੀਂ ਸਨ। ਪਰ ਇਕ ਦਿਨ ਉਸ ਨੂੰ ਇਕ ਭਰਾ ਦੀ ਕਹੀ ਗੱਲ ਯਾਦ ਆਈ ਜਿਸ ਦੀ ਉਹ ਬਹੁਤ ਇੱਜ਼ਤ ਕਰਦਾ ਸੀ। ਉਸ ਭਰਾ ਨੇ ਕਿਹਾ ਸੀ: “ਸ਼ੈਤਾਨ ਸਾਡਾ ਦੁਸ਼ਮਣ ਹੈ, ਨਾ ਕਿ ਸਾਡੇ ਭੈਣ-ਭਰਾ।” ਭਰਾ ਨੇ ਪ੍ਰਾਰਥਨਾ ਕਰ ਕੇ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਜਿਸ ਕਰਕੇ ਉਹ ਉਨ੍ਹਾਂ ਦੋ ਬਜ਼ੁਰਗਾਂ ਨਾਲ ਫਿਰ ਤੋਂ ਸ਼ਾਂਤੀ ਕਾਇਮ ਕਰ ਸਕਿਆ।
15. ਕਈ ਵਾਰ ਕਿਸੇ ʼਤੇ ਦੁਬਾਰਾ ਭਰੋਸਾ ਕਰਨ ਵਿਚ ਸਮਾਂ ਕਿਉਂ ਲੱਗ ਸਕਦਾ ਹੈ? ਮਿਸਾਲ ਦਿਓ।
15 ਕੀ ਤੁਹਾਡੇ ਕੋਲੋਂ ਮੰਡਲੀ ਵਿਚ ਕੋਈ ਜ਼ਿੰਮੇਵਾਰੀ ਲੈ ਲਈ ਗਈ ਹੈ? ਇਸ ਤਰ੍ਹਾਂ ਹੋਣ ਤੇ ਸੱਚੀਂ ਬਹੁਤ ਦੁੱਖ ਲੱਗਦਾ। ਗ੍ਰੇਟਾ ਤੇ ਉਸ ਦੀ ਮੰਮੀ ਨਾਲ ਵੀ ਕੁਝ ਅਜਿਹਾ ਹੀ ਹੋਇਆ। ਸਾਲ 1930 ਵਿਚ ਜਦੋਂ ਜਰਮਨੀ ਵਿਚ ਨਾਜ਼ੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੇ ਕੰਮ ʼਤੇ ਪਾਬੰਦੀ ਲਾਈ ਹੋਈ ਸੀ, ਤਾਂ ਉਸ ਸਮੇਂ ਇਹ ਦੋਵੇਂ ਭੈਣਾਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੀਆਂ ਸਨ। ਗ੍ਰੇਟਾ ਭੈਣਾਂ-ਭਰਾਵਾਂ ਲਈ ਪਹਿਰਾਬੁਰਜ ਦੀਆਂ ਕਾਪੀਆਂ ਟਾਈਪ ਕਰਦੀ ਹੁੰਦੀ ਸੀ। ਜਦੋਂ ਭਰਾਵਾਂ ਨੂੰ ਪਤਾ ਲੱਗਾ ਕਿ ਗ੍ਰੇਟਾ ਦਾ ਪਿਤਾ ਸੱਚਾਈ ਦਾ ਵਿਰੋਧ ਕਰਦਾ ਸੀ, ਤਾਂ ਭਰਾਵਾਂ ਨੇ ਗ੍ਰੇਟਾ ਤੋਂ ਇਹ ਸਨਮਾਨ ਵਾਪਸ ਲੈ ਲਿਆ। ਉਨ੍ਹਾਂ ਨੂੰ ਡਰ ਸੀ ਕਿ ਕਿਤੇ ਗ੍ਰੇਟਾ ਦਾ ਪਿਤਾ ਵਿਰੋਧੀਆਂ ਨੂੰ ਮੰਡਲੀ ਦੀ ਸਾਰੀ ਜਾਣਕਾਰੀ ਨਾ ਦੇ ਦੇਵੇ। ਗ੍ਰੇਟਾ ਦੀਆਂ ਮੁਸ਼ਕਲਾਂ ਇੱਥੇ ਹੀ ਖ਼ਤਮ ਨਹੀਂ ਹੋਈਆਂ। ਦੂਜੇ ਵਿਸ਼ਵ ਯੁੱਧ ਦੌਰਾਨ ਭਰਾਵਾਂ ਨੇ ਗ੍ਰੇਟਾ ਅਤੇ ਉਸ ਦੀ ਮੰਮੀ ਨੂੰ ਪੜ੍ਹਨ ਲਈ ਪਹਿਰਾਬੁਰਜ ਦੀਆਂ ਕਾਪੀਆਂ ਤਕ ਦੇਣੀਆਂ ਬੰਦ ਕਰ ਦਿੱਤੀਆਂ। ਨਾਲੇ ਜੇ ਕਦੇ ਉਹ ਇਨ੍ਹਾਂ ਭੈਣਾਂ ਨੂੰ ਰਸਤੇ ਵਿਚ ਮਿਲ ਜਾਂਦੇ ਸਨ, ਤਾਂ ਉਹ ਉਨ੍ਹਾਂ ਨੂੰ ਬੁਲਾਉਂਦੇ ਵੀ ਨਹੀਂ ਸਨ। ਗ੍ਰੇਟਾ ਦੱਸਦੀ ਹੈ ਕਿ ਭਰਾਵਾਂ ਦੇ ਇਸ ਰਵੱਈਏ ਕਰਕੇ ਉਨ੍ਹਾਂ ਦੇ ਦਿਲ ʼਤੇ ਗਹਿਰੇ ਜ਼ਖ਼ਮ ਹੋ ਗਏ ਜਿਨ੍ਹਾਂ ਨੂੰ ਭਰਨ ਲਈ ਕਾਫ਼ੀ ਸਮਾਂ ਲੱਗ ਗਿਆ। ਇਸ ਸਮੇਂ ਦੌਰਾਨ ਗ੍ਰੇਟਾ ਨੇ ਸੋਚਿਆ ਕਿ ਯਹੋਵਾਹ ਨੇ ਜ਼ਰੂਰ ਇਨ੍ਹਾਂ ਭਰਾਵਾਂ ਨੂੰ ਮਾਫ਼ ਕਰ ਦਿੱਤਾ ਹੋਣਾ, ਇਸ ਲਈ ਉਸ ਨੇ ਵੀ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। *
“ਸ਼ੈਤਾਨ ਸਾਡਾ ਦੁਸ਼ਮਣ ਹੈ, ਨਾ ਕਿ ਸਾਡੇ ਭੈਣ-ਭਰਾ”
16. ਸਾਨੂੰ ਭੈਣਾਂ-ਭਰਾਵਾਂ ʼਤੇ ਫਿਰ ਤੋਂ ਭਰੋਸਾ ਕਰਨ ਦੀ ਕਿਉਂ ਕੋਸ਼ਿਸ਼ ਕਰਨੀ ਚਾਹੀਦੀ ਹੈ?
16 ਜੇ ਤੁਹਾਨੂੰ ਵੀ ਕਿਸੇ ਨੇ ਨਿਰਾਸ਼ ਕੀਤਾ ਹੈ, ਤਾਂ ਉਸ ʼਤੇ ਦੁਬਾਰਾ ਭਰੋਸਾ ਕਰਨ ਲਈ ਮਿਹਨਤ ਕਰੋ। ਇਸ ਤਰ੍ਹਾਂ ਕਰਨ ਵਿਚ ਸ਼ਾਇਦ ਸਮਾਂ ਲੱਗੇ, ਪਰ ਤੁਹਾਡੀ ਮਿਹਨਤ ਬੇਕਾਰ ਨਹੀਂ ਜਾਵੇਗੀ। ਉਦਾਹਰਣ ਲਈ, ਜਦੋਂ ਕੋਈ ਖਾਣਾ ਖਾ ਕੇ ਸਾਡਾ ਪੇਟ ਖ਼ਰਾਬ ਹੋ ਜਾਂਦਾ ਹੈ, ਤਾਂ ਅਸੀਂ ਖਾਣ-ਪੀਣ ਦਾ ਹੋਰ ਵੀ ਜ਼ਿਆਦਾ ਧਿਆਨ ਰੱਖਦੇ ਹਾਂ, ਪਰ ਅਸੀਂ ਖਾਣਾ-ਪੀਣਾ ਨਹੀਂ ਛੱਡ ਦਿੰਦੇ। ਬਿਲਕੁਲ ਇਸੇ ਤਰ੍ਹਾਂ ਜੇ ਕੋਈ ਭੈਣ-ਭਰਾ ਸਾਡਾ ਭਰੋਸਾ ਤੋੜ ਦਿੰਦਾ ਹੈ, ਤਾਂ ਸਾਨੂੰ ਬਾਕੀ ਸਾਰੇ ਭੈਣਾਂ-ਭਰਾਵਾਂ ʼਤੇ ਭਰੋਸਾ ਕਰਨਾ ਨਹੀਂ ਛੱਡ ਦੇਣਾ ਚਾਹੀਦਾ। ਅਸੀਂ ਜਾਣਦੇ ਹਾਂ ਕਿ ਸਾਡੇ ਸਾਰੇ ਭੈਣ-ਭਰਾ ਨਾਮੁਕੰਮਲ ਹਨ। ਜਦੋਂ ਅਸੀਂ ਕਿਸੇ ʼਤੇ ਦੁਬਾਰਾ ਭਰੋਸਾ ਕਰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਮਿਲਦੀ ਹੈ ਅਤੇ ਅਸੀਂ ਆਪਣਾ ਧਿਆਨ ਇਸ ਗੱਲ ʼਤੇ ਲਾ ਪਾਉਂਦੇ ਹਾਂ ਕਿ ਅਸੀਂ ਮੰਡਲੀ ਵਿਚ ਭਰੋਸੇ ਵਾਲਾ ਮਾਹੌਲ ਕਿਵੇਂ ਬਣਾਈ ਰੱਖ ਸਕਦੇ ਹਾਂ।
17. ਭਰੋਸਾ ਕਰਨਾ ਕਿਉਂ ਜ਼ਰੂਰੀ ਹੈ ਅਤੇ ਅਗਲੇ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?
17 ਸ਼ੈਤਾਨ ਦੀ ਦੁਨੀਆਂ ਵਿਚ ਕਿਸੇ ʼਤੇ ਭਰੋਸਾ ਕਰਨਾ ਬਹੁਤ ਔਖਾ ਹੈ। ਪਰ ਅਸੀਂ ਆਪਣੇ ਭੈਣਾਂ-ਭਰਾਵਾਂ ʼਤੇ ਭਰੋਸਾ ਕਰ ਸਕਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਨੂੰ ਅਤੇ ਉਹ ਸਾਨੂੰ ਪਿਆਰ ਕਰਦੇ ਹਨ। ਇਕ-ਦੂਜੇ ʼਤੇ ਭਰੋਸਾ ਹੋਣ ਕਰਕੇ ਸਾਡੇ ਵਿਚ ਖ਼ੁਸ਼ੀ ਅਤੇ ਏਕਤਾ ਹੋਰ ਵਧੇਗੀ ਅਤੇ ਭਵਿੱਖ ਵਿਚ ਮੁਸ਼ਕਲਾਂ ਸਹਿਣ ਵੇਲੇ ਸਾਡੀ ਰਾਖੀ ਹੋਵੇਗੀ। ਪਰ ਜਦੋਂ ਕੋਈ ਸਾਡਾ ਭਰੋਸਾ ਤੋੜ ਦਿੰਦਾ ਹੈ, ਤਾਂ ਸਾਨੂੰ ਬਹੁਤ ਦੁੱਖ ਲੱਗਦਾ ਹੈ। ਉਦੋਂ ਅਸੀਂ ਕੀ ਕਰਾਂਗੇ? ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋ, ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰੋ, ਭੈਣਾਂ-ਭਰਾਵਾਂ ਲਈ ਗਹਿਰਾ ਪਿਆਰ ਪੈਦਾ ਕਰੋ ਅਤੇ ਬਾਈਬਲ ਵਿਚ ਦਿੱਤੀਆਂ ਮਿਸਾਲਾਂ ਤੋਂ ਸਿੱਖੋ। ਅਸੀਂ ਉਸ ਗੱਲ ਨੂੰ ਭੁਲਾ ਕੇ ਫਿਰ ਤੋਂ ਆਪਣੇ ਭੈਣਾਂ-ਭਰਾਵਾਂ ʼਤੇ ਭਰੋਸਾ ਕਰ ਸਕਦੇ ਹਾਂ। ਇੱਦਾਂ ਕਰ ਕੇ ਸਾਡੇ ਬਹੁਤ ਸਾਰੇ ਦੋਸਤ ਹੋਣਗੇ ਜੋ ਦੁੱਖ ਦੇ ਵੇਲੇ ‘ਭਰਾ ਨਾਲੋਂ ਵੱਧ ਕੇ ਵਫ਼ਾ ਨਿਭਾਉਂਣਗੇ।’ (ਕਹਾ. 18:24) ਇਹ ਸੱਚ ਹੈ ਕਿ ਅਸੀਂ ਭੈਣਾਂ-ਭਰਾਵਾਂ ਤੋਂ ਭਰੋਸੇਯੋਗ ਹੋਣ ਦੀ ਉਮੀਦ ਰੱਖਦੇ ਹਾਂ, ਪਰ ਸਾਨੂੰ ਖ਼ੁਦ ਵੀ ਭਰੋਸੇਯੋਗ ਇਨਸਾਨ ਬਣਨਾ ਚਾਹੀਦਾ ਹੈ। ਅਗਲੇ ਲੇਖ ਵਿਚ ਅਸੀਂ ਇਸੇ ਗੱਲ ʼਤੇ ਚਰਚਾ ਕਰਾਂਗੇ ਕਿ ਅਸੀਂ ਭਰੋਸੇ ਦੇ ਲਾਇਕ ਕਿਵੇਂ ਬਣ ਸਕਦੇ ਹਾਂ।
ਗੀਤ 99 ਲੱਖਾਂ-ਲੱਖ ਭੈਣ-ਭਰਾ
^ ਸਾਨੂੰ ਆਪਣੇ ਭੈਣਾਂ-ਭਰਾਵਾਂ ʼਤੇ ਭਰੋਸਾ ਕਰਨਾ ਚਾਹੀਦਾ ਹੈ। ਪਰ ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਕਿਉਂ? ਕਿਉਂਕਿ ਕਈ ਵਾਰ ਕਿਸੇ ਵਜਾ ਕਰਕੇ ਭੈਣਾਂ-ਭਰਾਵਾਂ ਤੋਂ ਸਾਡਾ ਭਰੋਸਾ ਉੱਠ ਜਾਂਦਾ ਹੈ। ਇਸ ਲੇਖ ਵਿਚ ਅਸੀਂ ਕੁਝ ਅਸੂਲਾਂ ਅਤੇ ਪੁਰਾਣੇ ਜ਼ਮਾਨੇ ਦੀਆਂ ਕੁਝ ਮਿਸਾਲਾਂ ʼਤੇ ਗੌਰ ਕਰਾਂਗੇ। ਅਸੀਂ ਦੇਖਾਂਗੇ ਕਿ ਇਨ੍ਹਾਂ ਦੀ ਮਦਦ ਨਾਲ ਅਸੀਂ ਭੈਣਾਂ-ਭਰਾਵਾਂ ʼਤੇ ਭਰੋਸਾ ਕਿਵੇਂ ਰੱਖ ਸਕਦੇ ਹਾਂ। ਨਾਲੇ ਜੇ ਕਿਸੇ ਵਜਾ ਕਰਕੇ ਸਾਡਾ ਭਰੋਸਾ ਟੁੱਟ ਜਾਂਦਾ ਹੈ, ਤਾਂ ਵੀ ਅਸੀਂ ਫਿਰ ਤੋਂ ਭੈਣਾਂ-ਭਰਾਵਾਂ ʼਤੇ ਭਰੋਸਾ ਕਿਵੇਂ ਕਰ ਸਕਦੇ ਹਾਂ।
^ ਬਾਈਬਲ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਮੰਡਲੀਆਂ ਵਿਚ ਕੁਝ ਅਜਿਹੇ ਲੋਕ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ʼਤੇ ਭਰੋਸਾ ਨਹੀਂ ਕੀਤਾ ਜਾ ਸਕਦਾ। (ਯਹੂ. 4) ਹੋ ਸਕਦਾ ਹੈ ਕਿ ਕੁਝ ਜਣੇ ਦੂਜਿਆਂ ਨੂੰ ਗੁਮਰਾਹ ਕਰਨ ਲਈ “ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼” ਕਰਨ। (ਰਸੂ. 20:30) ਸਾਨੂੰ ਅਜਿਹੇ ਲੋਕਾਂ ʼਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਉਨ੍ਹਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ।
^ ਗ੍ਰੇਟਾ ਦੇ ਤਜਰਬੇ ਬਾਰੇ ਹੋਰ ਜਾਣਨ ਲਈ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰਜ਼ੀ) 1974 ਦੇ ਸਫ਼ਾ 129-131 ਦੇਖੋ।