Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਧਰਤੀ ʼਤੇ ਕਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਨ੍ਹਾਂ ਨਾਲ ਕੀ ਹੋਵੇਗਾ?

ਆਓ ਦੇਖੀਏ ਕਿ ਬਾਈਬਲ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿੰਦੀ ਹੈ।

ਰਸੂਲਾਂ ਦੇ ਕੰਮ 24:15 ਵਿਚ ਦੱਸਿਆ ਗਿਆ ਹੈ ਕਿ “ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ” ਕੀਤਾ ਜਾਵੇਗਾ। ਧਰਮੀ ਲੋਕ ਉਹ ਹਨ ਜੋ ਮੌਤ ਤਕ ਪਰਮੇਸ਼ੁਰ ਦੇ ਵਫ਼ਾਦਾਰ ਰਹੇ, ਇਸ ਕਰਕੇ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ। (ਮਲਾ. 3:16) ਕੁਧਰਮੀ ਲੋਕਾਂ ਵਿਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਜੀਉਂਦੇ-ਜੀ ਯਹੋਵਾਹ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ, ਇਸ ਕਰਕੇ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਲਿਖੇ ਗਏ।

ਰਸੂਲਾਂ ਦੇ ਕੰਮ 24:15 ਵਿਚ ਜਿਨ੍ਹਾਂ ਦੋ ਸਮੂਹਾਂ ਦੇ ਲੋਕਾਂ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਬਾਰੇ ਯੂਹੰਨਾ 5:28, 29 ਵਿਚ ਵੀ ਗੱਲ ਕੀਤੀ ਗਈ ਹੈ। ਇਨ੍ਹਾਂ ਆਇਤਾਂ ਵਿਚ ਯਿਸੂ ਨੇ ਕਿਹਾ ਸੀ ਕਿ “ਜਿਹੜੇ ਚੰਗੇ ਕੰਮ ਕਰਦੇ ਹਨ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ ਅਤੇ ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹਿੰਦੇ ਹਨ, ਉਹ ਸਜ਼ਾ ਪਾਉਣਗੇ।” ਧਰਮੀ ਲੋਕਾਂ ਨੇ ਮਰਨ ਤੋਂ ਪਹਿਲਾਂ ਚੰਗੇ ਕੰਮ ਕੀਤੇ ਸਨ। ਜੀਉਂਦੇ ਹੋਣ ਤੋਂ ਬਾਅਦ ਉਨ੍ਹਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਹੋਵੇਗਾ ਕਿਉਂਕਿ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਲਿਖੇ ਗਏ ਹਨ। ਪਰ ਕੁਧਰਮੀ ਲੋਕ ਮਰਨ ਤੋਂ ਪਹਿਲਾਂ ਨੀਚ ਕੰਮਾਂ ਵਿਚ ਲੱਗੇ ਰਹੇ। ਜੀਉਂਦੇ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਹੋਣਗੇ। ਇਸ ਦੀ ਬਜਾਇ, ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ ਯਾਨੀ ਉਨ੍ਹਾਂ ਦੇ ਕੰਮਾਂ ਤੇ ਰਵੱਈਏ ਦੀ ਪਰਖ ਕੀਤੀ ਜਾਵੇਗੀ। ਉਸ ਸਮੇਂ ਦੌਰਾਨ ਉਨ੍ਹਾਂ ਨੂੰ ਯਹੋਵਾਹ ਬਾਰੇ ਸਿੱਖਣ ਅਤੇ ਜੀਵਨ ਦੀ ਕਿਤਾਬ ਵਿਚ ਆਪਣਾ ਨਾਂ ਲਿਖਾਉਣ ਦਾ ਮੌਕਾ ਦਿੱਤਾ ਜਾਵੇਗਾ।

ਪ੍ਰਕਾਸ਼ ਦੀ ਕਿਤਾਬ 20:12, 13 ਵਿਚ ਦੱਸਿਆ ਗਿਆ ਹੈ ਕਿ “ਇਨ੍ਹਾਂ ਕਿਤਾਬਾਂ ਵਿਚ ਜੋ ਵੀ ਲਿਖਿਆ ਗਿਆ” ਹੈ, ਜੀਉਂਦੇ ਕੀਤੇ ਗਏ ਸਾਰੇ ਲੋਕਾਂ ਨੂੰ ਉਨ੍ਹਾਂ ਮੁਤਾਬਕ ਚੱਲਣਾ ਪਵੇਗਾ। ਇਸ ਦਾ ਮਤਲਬ ਹੈ ਕਿ ਨਵੀਂ ਦੁਨੀਆਂ ਵਿਚ ਪਰਮੇਸ਼ੁਰ ਜੋ ਵੀ ਨਵੇਂ ਹੁਕਮ ਦੇਵੇਗਾ, ਉਹ ਸਾਰੇ ਉਨ੍ਹਾਂ ਨੂੰ ਮੰਨਣੇ ਪੈਣਗੇ। ਉਨ੍ਹਾਂ ਹੁਕਮਾਂ ਨੂੰ ਨਾ ਮੰਨਣ ਵਾਲਿਆਂ ਨੂੰ ਨਾਸ਼ ਕਰ ਦਿੱਤਾ ਜਾਵੇਗਾ।​—ਯਸਾ. 65:20.

ਦਾਨੀਏਲ 12:2 ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਮੌਤ ਦੀ ਨੀਂਦ ਸੁੱਤੇ ਪਏ ਲੋਕ ਜਾਗ ਉੱਠਣਗੇ। ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ “ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਅਤੇ ਕੁਝ ਲੋਕ ਸ਼ਰਮਿੰਦਗੀ ਅਤੇ ਹਮੇਸ਼ਾ ਲਈ ਘਿਰਣਾ ਦੇ ਲਾਇਕ ਠਹਿਰਾਏ ਜਾਣਗੇ।” ਇਸ ਆਇਤ ਵਿਚ ਦੱਸਿਆ ਗਿਆ ਹੈ ਕਿ ਦੁਬਾਰਾ ਜੀਉਂਦੇ ਕੀਤੇ ਗਏ ਲੋਕਾਂ ਦਾ ਆਖ਼ਰੀ ਅੰਜਾਮ ਕੀ ਹੋਵੇਗਾ। “ਹਮੇਸ਼ਾ ਦੀ ਜ਼ਿੰਦਗੀ” ਜਾਂ “ਹਮੇਸ਼ਾ ਲਈ ਘਿਰਣਾ।” ਇਸ ਦਾ ਮਤਲਬ ਹੈ ਕਿ 1,000 ਸਾਲ ਦੇ ਅਖ਼ੀਰ ਵਿਚ ਕੁਝ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਅਤੇ ਕੁਝ ਲੋਕਾਂ ਦਾ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ।​—ਪ੍ਰਕਾ. 20:15; 21:3, 4.

ਇਸ ਨੂੰ ਸਮਝਣ ਲਈ ਆਓ ਆਪਾਂ ਇਕ ਉਦਾਹਰਣ ʼਤੇ ਗੌਰ ਕਰੀਏ। ਅਸੀਂ ਦੁਬਾਰਾ ਜੀਉਂਦੇ ਕੀਤੇ ਗਏ ਲੋਕਾਂ ਦੀ ਤੁਲਨਾ ਉਨ੍ਹਾਂ ਲੋਕਾਂ ਨਾਲ ਕਰ ਸਕਦੇ ਹਾਂ ਜੋ ਕਿਸੇ ਹੋਰ ਦੇਸ਼ ਜਾ ਕੇ ਰਹਿਣਾ ਚਾਹੁੰਦੇ ਹਨ। ਧਰਮੀ ਲੋਕ ਉਨ੍ਹਾਂ ਲੋਕਾਂ ਵਰਗੇ ਹਨ ਜਿਨ੍ਹਾਂ ਨੂੰ ਦੂਜੇ ਦੇਸ਼ ਵਿਚ ਜਾ ਕੇ ਕੰਮ ਕਰਨ ਜਾਂ ਰਹਿਣ ਦਾ ਵੀਜ਼ਾ ਮਿਲਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਉਸ ਦੇਸ਼ ਵਿਚ ਕੁਝ ਅਧਿਕਾਰ ਤੇ ਆਜ਼ਾਦੀ ਵੀ ਮਿਲਦੀ ਹੈ। ਇਸ ਤੋਂ ਉਲਟ, ਕੁਧਰਮੀ ਲੋਕ ਉਨ੍ਹਾਂ ਲੋਕਾਂ ਵਰਗੇ ਹਨ ਜਿਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਜਾਂ ਘੁੰਮਣ-ਫਿਰਨ ਲਈ ਵੀਜ਼ਾ ਮਿਲਦਾ ਹੈ। ਜੇ ਪਰਦੇਸੀ ਉਸ ਦੇਸ਼ ਵਿਚ ਜ਼ਿਆਦਾ ਸਮੇਂ ਲਈ ਰਹਿਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕੁਝ ਮੰਗਾਂ ਪੂਰੀਆਂ ਕਰਨੀਆਂ ਪੈਣੀਆਂ। ਬਿਲਕੁਲ ਇਸੇ ਤਰ੍ਹਾਂ ਦੁਬਾਰਾ ਜੀਉਂਦੇ ਕੀਤੇ ਗਏ ਕੁਧਰਮੀਆਂ ਨੂੰ ਯਹੋਵਾਹ ਦੇ ਕਾਨੂੰਨਾਂ ਨੂੰ ਮੰਨਣਾ ਪਵੇਗਾ ਅਤੇ ਨਵੀਂ ਦੁਨੀਆਂ ਵਿਚ ਰਹਿਣ ਲਈ ਆਪਣੇ ਆਪ ਨੂੰ ਧਰਮੀ ਸਾਬਤ ਕਰਨਾ ਪਵੇਗਾ। ਨਾਲੇ ਪਰਦੇਸੀ ਚਾਹੇ ਜਿਹੜੇ ਮਰਜ਼ੀ ਵੀਜ਼ੇ ʼਤੇ ਉਸ ਦੇਸ਼ ਵਿਚ ਗਏ ਹੋਣ, ਅਖ਼ੀਰ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਉੱਥੇ ਦੀ ਨਾਗਰਿਕਤਾ ਮਿਲ ਜਾਂਦੀ ਹੈ ਅਤੇ ਕੁਝ ਜਣਿਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਇਹ ਆਖ਼ਰੀ ਫ਼ੈਸਲਾ ਉਸ ਦੇਸ਼ ਵਿਚ ਉਨ੍ਹਾਂ ਦੇ ਰਵੱਈਏ ਅਤੇ ਚਾਲ-ਚਲਣ ਦੇ ਆਧਾਰ ʼਤੇ ਕੀਤਾ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਜੀਉਂਦੇ ਕੀਤੇ ਗਏ ਲੋਕਾਂ ਦਾ ਆਖ਼ਰੀ ਨਿਆਂ ਨਵੀਂ ਦੁਨੀਆਂ ਵਿਚ ਉਨ੍ਹਾਂ ਦੀ ਵਫ਼ਾਦਾਰੀ ਅਤੇ ਚਾਲ-ਚਲਣ ਦੇ ਆਧਾਰ ʼਤੇ ਕੀਤਾ ਜਾਵੇਗਾ।

ਯਹੋਵਾਹ ਨਾ ਸਿਰਫ਼ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ, ਸਗੋਂ ਉਹ ਨਿਆਂ-ਪਸੰਦ ਪਰਮੇਸ਼ੁਰ ਵੀ ਹੈ। (ਬਿਵ. 32:4; ਜ਼ਬੂ. 33:5) ਉਹ ਧਰਮੀਆਂ ਅਤੇ ਕੁਧਰਮੀਆਂ ਨੂੰ ਦੁਬਾਰਾ ਜੀਉਂਦਾ ਕਰ ਕੇ ਆਪਣਾ ਪਿਆਰ ਜ਼ਾਹਰ ਕਰੇਗਾ। ਪਰ ਉਹ ਚਾਹੇਗਾ ਕਿ ਸਾਰੇ ਜਣੇ ਉਸ ਦੇ ਸਹੀ ਤੇ ਗ਼ਲਤ ਬਾਰੇ ਠਹਿਰਾਏ ਉੱਚੇ-ਸੁੱਚੇ ਮਿਆਰਾਂ ਮੁਤਾਬਕ ਚੱਲਣ। ਜੋ ਲੋਕ ਉਸ ਨਾਲ ਪਿਆਰ ਕਰਨਗੇ ਅਤੇ ਉਸ ਦੇ ਮਿਆਰਾਂ ਮੁਤਾਬਕ ਜੀਉਣਗੇ, ਸਿਰਫ਼ ਉਹੀ ਲੋਕ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀ ਸਕਣਗੇ।