Skip to content

Skip to table of contents

ਅਧਿਐਨ ਲੇਖ 5

ਕਿਹੜੇ ਗੁਣ ਸਾਨੂੰ ਸਭਾਵਾਂ ਵਿਚ ਹਾਜ਼ਰ ਹੋਣ ਲਈ ਪ੍ਰੇਰਦੇ ਹਨ?

ਕਿਹੜੇ ਗੁਣ ਸਾਨੂੰ ਸਭਾਵਾਂ ਵਿਚ ਹਾਜ਼ਰ ਹੋਣ ਲਈ ਪ੍ਰੇਰਦੇ ਹਨ?

‘ਪ੍ਰਭੂ ਦੇ ਆਉਣ ਤਕ ਉਸ ਦੀ ਮੌਤ ਦਾ ਐਲਾਨ ਕਰਦੇ ਰਹੋ।’​—1 ਕੁਰਿੰ. 11:26.

ਗੀਤ 149 ਰਿਹਾਈ ਲਈ ਅਹਿਸਾਨਮੰਦ

ਖ਼ਾਸ ਗੱਲਾਂ *

1-2. (ੳ) ਪ੍ਰਭੂ ਦੇ ਭੋਜਨ ਵਿਚ ਹਾਜ਼ਰ ਹੋਏ ਲੱਖਾਂ ਲੋਕਾਂ ਵਿਚ ਯਹੋਵਾਹ ਕੀ ਦੇਖਦਾ ਹੈ? (ਪਹਿਲੇ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ।) (ਅ) ਇਸ ਲੇਖ ਵਿਚ ਅਸੀਂ ਕਿਸ ਗੱਲ ’ਤੇ ਗੌਰ ਕਰਾਂਗੇ?

ਗੌਰ ਕਰੋ ਕਿ ਪੂਰੀ ਦੁਨੀਆਂ ਵਿਚ ਪ੍ਰਭੂ ਦੇ ਭੋਜਨ ਵਿਚ ਹਾਜ਼ਰ ਹੋਏ ਲੱਖਾਂ ਲੋਕਾਂ ਵਿਚ ਯਹੋਵਾਹ ਕੀ ਦੇਖਦਾ ਹੈ। ਉਹ ਸਿਰਫ਼ ਲੋਕਾਂ ਦੀ ਇਕ ਵੱਡੀ ਭੀੜ ਹੀ ਨਹੀਂ ਦੇਖਦਾ, ਸਗੋਂ ਉਹ ਹਾਜ਼ਰ ਹੋਏ ਹਰ ਵਿਅਕਤੀ ’ਤੇ ਧਿਆਨ ਦਿੰਦਾ ਹੈ। ਮਿਸਾਲ ਲਈ, ਉਹ ਉਨ੍ਹਾਂ ਲੋਕਾਂ ਨੂੰ ਦੇਖਦਾ ਹੈ ਜੋ ਹਰ ਸਾਲ ਵਫ਼ਾਦਾਰੀ ਨਾਲ ਮੈਮੋਰੀਅਲ ’ਤੇ ਆਉਂਦੇ ਹਨ। ਇਨ੍ਹਾਂ ਵਿਚ ਸ਼ਾਇਦ ਉਹ ਲੋਕ ਵੀ ਹੁੰਦੇ ਹਨ ਜੋ ਸਖ਼ਤ ਅਜ਼ਮਾਇਸ਼ ਦੇ ਬਾਵਜੂਦ ਵੀ ਮੈਮੋਰੀਅਲ ’ਤੇ ਆਉਂਦੇ ਹਨ। ਹੋਰ ਲੋਕ ਬਾਕਾਇਦਾ ਸਭਾਵਾਂ ’ਤੇ ਨਹੀਂ ਆਉਂਦੇ ਹਨ, ਪਰ ਉਹ ਮੈਮੋਰੀਅਲ ਨੂੰ ਇਕ ਅਹਿਮ ਸਭਾ ਮੰਨਦੇ ਹਨ ਜਿਸ ’ਤੇ ਉਨ੍ਹਾਂ ਨੂੰ ਹਾਜ਼ਰ ਹੋਣਾ ਜ਼ਰੂਰੀ ਲੱਗਦਾ ਹੈ। ਯਹੋਵਾਹ ਉਨ੍ਹਾਂ ਲੋਕਾਂ ’ਤੇ ਵੀ ਧਿਆਨ ਦਿੰਦਾ ਹੈ ਜੋ ਸ਼ਾਇਦ ਪਹਿਲੀ ਵਾਰ ਮੈਮੋਰੀਅਲ ’ਤੇ ਆਉਂਦੇ ਹਨ ਕਿਉਂਕਿ ਉਹ ਜਾਣਨਾ ਚਾਹੁੰਦੇ ਹਨ ਕਿ ਇਸ ਸਭਾ ਵਿਚ ਕੀ ਹੁੰਦਾ ਹੈ।

2 ਇੰਨੇ ਸਾਰੇ ਲੋਕਾਂ ਨੂੰ ਮੈਮੋਰੀਅਲ ’ਤੇ ਦੇਖ ਕੇ ਯਹੋਵਾਹ ਨੂੰ ਜ਼ਰੂਰ ਖ਼ੁਸ਼ੀ ਹੁੰਦੀ ਹੋਣੀ। (ਲੂਕਾ 22:19) ਪਰ ਯਹੋਵਾਹ ਲਈ ਇਹ ਗੱਲ ਇੰਨੀ ਅਹਿਮੀਅਤ ਨਹੀਂ ਰੱਖਦੀ ਕਿ ਕਿੰਨੇ ਲੋਕ ਆਉਂਦੇ ਹਨ। ਉਸ ਲਈ ਇਹ ਗੱਲ ਜ਼ਿਆਦਾ ਅਹਿਮੀਅਤ ਰੱਖਦੀ ਹੈ ਕਿ ਲੋਕ ਕਿਉਂ ਆਉਂਦੇ ਹਨ। ਇਸ ਲੇਖ ਵਿਚ ਅਸੀਂ ਇਸ ਅਹਿਮ ਸਵਾਲ ’ਤੇ ਗੌਰ ਕਰਾਂਗੇ: ਅਸੀਂ ਕਿਉਂ ਹਰ ਸਾਲ ਮੈਮੋਰੀਅਲ ’ਤੇ ਹੀ ਨਹੀਂ, ਸਗੋਂ ਹਰ ਹਫ਼ਤੇ ਸਭਾਵਾਂ ’ਤੇ ਵੀ ਜਾਂਦੇ ਹਾਂ ਜਿਨ੍ਹਾਂ ਦਾ ਪ੍ਰਬੰਧ ਯਹੋਵਾਹ ਨੇ ਉਨ੍ਹਾਂ ਲਈ ਕੀਤਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ?

ਪੂਰੀ ਦੁਨੀਆਂ ਵਿਚ ਲੱਖਾਂ ਹੀ ਲੋਕਾਂ ਦਾ ਪ੍ਰਭੂ ਦੇ ਭੋਜਨ ’ਤੇ ਆਉਣ ’ਤੇ ਸੁਆਗਤ ਕੀਤਾ ਜਾਂਦਾ ਹੈ (ਪੈਰੇ 1-2 ਦੇਖੋ)

ਨਿਮਰਤਾ ਸਾਨੂੰ ਹਾਜ਼ਰ ਹੋਣ ਲਈ ਪ੍ਰੇਰਦੀ ਹੈ

3-4. (ੳ) ਅਸੀਂ ਸਭਾਵਾਂ ’ਤੇ ਕਿਉਂ ਜਾਂਦੇ ਹਾਂ? (ਅ) ਸਭਾਵਾਂ ’ਤੇ ਜਾਣ ਨਾਲ ਸਾਡੇ ਬਾਰੇ ਕੀ ਪਤਾ ਲੱਗਦਾ ਹੈ? (ੲ) 1 ਕੁਰਿੰਥੀਆਂ 11:23-26 ਅਨੁਸਾਰ ਸਾਨੂੰ ਹਮੇਸ਼ਾ ਮੈਮੋਰੀਅਲ ’ਤੇ ਹਾਜ਼ਰ ਕਿਉਂ ਹੋਣਾ ਚਾਹੀਦਾ ਹੈ?

3 ਸਭਾਵਾਂ ਵਿਚ ਹਾਜ਼ਰ ਹੋਣ ਦਾ ਸਭ ਤੋਂ ਮੁੱਖ ਕਾਰਨ ਹੈ ਕਿ ਇਹ ਸਾਡੀ ਭਗਤੀ ਦਾ ਹਿੱਸਾ ਹਨ। ਸਭਾਵਾਂ ਵਿਚ ਹਾਜ਼ਰ ਹੋਣ ਕਰਕੇ ਸਾਨੂੰ ਯਹੋਵਾਹ ਤੋਂ ਸਿੱਖਿਆ ਵੀ ਮਿਲਦੀ ਹੈ। ਘਮੰਡੀ ਲੋਕ ਮੰਨਦੇ ਹਨ ਕਿ ਉਨ੍ਹਾਂ ਨੂੰ ਕਿਸੇ ਤੋਂ ਕੁਝ ਵੀ ਸਿੱਖਣ ਦੀ ਲੋੜ ਨਹੀਂ ਹੈ। (3 ਯੂਹੰ. 9) ਪਰ ਇਸ ਤੋਂ ਉਲਟ, ਅਸੀਂ ਯਹੋਵਾਹ ਤੇ ਉਸ ਦੇ ਸੰਗਠਨ ਤੋਂ ਸਿੱਖਿਆ ਲੈਣ ਲਈ ਉਤਸੁਕ ਹਾਂ।​—ਯਸਾ. 30:20; ਯੂਹੰ. 6:45.

4 ਸਭਾਵਾਂ ਵਿਚ ਸਾਡੀ ਹਾਜ਼ਰੀ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਤੇ ਨਿਮਰਤਾ ਨਾਲ ਸਿੱਖਿਆ ਲੈਣ ਲਈ ਤਿਆਰ ਹਾਂ। ਅਸੀਂ ਮੈਮੋਰੀਅਲ ’ਤੇ ਸਿਰਫ਼ ਇਸ ਲਈ ਹਾਜ਼ਰ ਨਹੀਂ ਹੁੰਦੇ ਕਿਉਂਕਿ ਇੱਦਾਂ ਕਰਨਾ ਸਾਡਾ ਫ਼ਰਜ਼ ਹੈ, ਸਗੋਂ ਅਸੀਂ ਯਿਸੂ ਦਾ ਇਹ ਹੁਕਮ ਵੀ ਨਿਮਰਤਾ ਨਾਲ ਮੰਨਦੇ ਹਾਂ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।” (1 ਕੁਰਿੰਥੀਆਂ 11:23-26 ਪੜ੍ਹੋ।) ਇਸ ਸਭਾ ਦੇ ਜ਼ਰੀਏ ਭਵਿੱਖ ਲਈ ਸਾਡੀ ਉਮੀਦ ਹੋਰ ਪੱਕੀ ਹੁੰਦੀ ਹੈ ਅਤੇ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਪਰ ਯਹੋਵਾਹ ਨੂੰ ਪਤਾ ਹੈ ਕਿ ਸਾਨੂੰ ਸਾਲ ਵਿਚ ਸਿਰਫ਼ ਇਕ ਵਾਰ ਹੀ ਹੌਸਲੇ ਅਤੇ ਹਿੰਮਤ ਦੀ ਲੋੜ ਨਹੀਂ ਹੁੰਦੀ। ਇਸ ਲਈ ਉਹ ਹਰ ਹਫ਼ਤੇ ਸਭਾਵਾਂ ਰਾਹੀਂ ਸਾਨੂੰ ਹੌਸਲਾ ਅਤੇ ਹਿੰਮਤ ਦਿੰਦਾ ਹੈ ਅਤੇ ਸਾਨੂੰ ਇਨ੍ਹਾਂ ਵਿਚ ਹਾਜ਼ਰ ਹੋਣ ਦੀ ਹੱਲਾਸ਼ੇਰੀ ਦਿੰਦਾ ਹੈ। ਨਿਮਰਤਾ ਸਾਨੂੰ ਕਹਿਣਾ ਮੰਨਣ ਲਈ ਪ੍ਰੇਰਦੀ ਹੈ। ਅਸੀਂ ਹਰ ਹਫ਼ਤੇ ਸਭਾਵਾਂ ਦੀ ਤਿਆਰੀ ਤੇ ਇਨ੍ਹਾਂ ਵਿਚ ਹਾਜ਼ਰ ਹੋਣ ਲਈ ਕਾਫ਼ੀ ਘੰਟੇ ਬਿਤਾਉਂਦੇ ਹਾਂ।

5. ਨਿਮਰ ਲੋਕ ਯਹੋਵਾਹ ਦੇ ਸੱਦੇ ਪ੍ਰਤੀ ਹੁੰਗਾਰਾ ਕਿਉਂ ਭਰਦੇ ਹਨ?

5 ਹਰ ਸਾਲ ਬਹੁਤ ਸਾਰੇ ਨਿਮਰ ਲੋਕ ਯਹੋਵਾਹ ਤੋਂ ਸਿੱਖਿਆ ਲੈਣ ਦਾ ਸੱਦਾ ਸਵੀਕਾਰ ਕਰਦੇ ਹਨ। (ਯਸਾ. 50:4) ਉਨ੍ਹਾਂ ਨੂੰ ਮੈਮੋਰੀਅਲ ’ਤੇ ਆ ਕੇ ਖ਼ੁਸ਼ੀ ਹੁੰਦੀ ਹੈ ਜਿਸ ਕਰਕੇ ਉਹ ਬਾਕੀ ਸਭਾਵਾਂ ’ਤੇ ਵੀ ਆਉਣਾ ਸ਼ੁਰੂ ਕਰ ਦਿੰਦੇ ਹਨ। (ਜ਼ਕ. 8:20-23) ਸਾਨੂੰ ਨਵੇਂ ਲੋਕਾਂ ਨਾਲ ਮਿਲ ਕੇ ਯਹੋਵਾਹ ਤੋਂ ਸਿੱਖਿਆ ਤੇ ਹਿਦਾਇਤਾਂ ਲੈ ਕੇ ਖ਼ੁਸ਼ੀ ਹੁੰਦੀ ਹੈ। ਯਹੋਵਾਹ ‘ਸਾਡਾ ਸਹਾਇਕ ਅਤੇ ਸਾਡਾ ਛੁਡਾਉਣ ਵਾਲਾ ਹੈ।’ (ਜ਼ਬੂ. 40:17) ਵਾਕਈ, ਯਹੋਵਾਹ ਤੇ ਉਸ ਦੇ ਪਿਆਰੇ ਪੁੱਤਰ ਯਿਸੂ ਤੋਂ ਸਿਖਾਏ ਜਾਣ ਦੇ ਸੱਦੇ ਨੂੰ ਸਵੀਕਾਰ ਕਰਨ ਤੋਂ ਇਲਾਵਾ ਹੋਰ ਕਿਹੜੀ ਗੱਲ ਅਹਿਮ ਤੇ ਖ਼ੁਸ਼ੀ ਦੇਣ ਵਾਲੀ ਹੋ ਸਕਦੀ ਹੈ?​—ਮੱਤੀ 17:5; 18:20; 28:20.

6. ਨਿਮਰਤਾ ਦੇ ਗੁਣ ਕਰਕੇ ਇਕ ਆਦਮੀ ਮੈਮੋਰੀਅਲ ’ਤੇ ਕਿਉਂ ਹਾਜ਼ਰ ਹੋ ਸਕਿਆ?

6 ਹਰ ਸਾਲ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮੈਮੋਰੀਅਲ ’ਤੇ ਆਉਣ ਦਾ ਸੱਦਾ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸਾਰੇ ਨਿਮਰ ਲੋਕਾਂ ਨੂੰ ਇਹ ਸੱਦਾ ਸਵੀਕਾਰ ਕਰ ਕੇ ਫ਼ਾਇਦਾ ਹੋਇਆ ਹੈ। ਇਕ ਮਿਸਾਲ ’ਤੇ ਗੌਰ ਕਰੋ। ਕੁਝ ਸਾਲ ਪਹਿਲਾਂ ਇਕ ਆਦਮੀ ਨੂੰ ਮੈਮੋਰੀਅਲ ਦਾ ਸੱਦਾ-ਪੱਤਰ ਮਿਲਿਆ ਸੀ। ਪਰ ਉਸ ਨੇ ਸੱਦਾ-ਪੱਤਰ ਦੇਣ ਵਾਲੇ ਭਰਾ ਨੂੰ ਕਿਹਾ ਕਿ ਉਹ ਆ ਨਹੀਂ ਸਕਦਾ। ਪਰ ਮੈਮੋਰੀਅਲ ਵਾਲੀ ਸ਼ਾਮ ਭਰਾ ਉਸ ਆਦਮੀ ਨੂੰ ਕਿੰਗਡਮ ਹਾਲ ਵਿਚ ਦੇਖ ਕੇ ਹੈਰਾਨ ਰਹਿ ਗਿਆ। ਭੈਣਾਂ-ਭਰਾਵਾਂ ਵੱਲੋਂ ਚੰਗੇ ਤਰੀਕੇ ਨਾਲ ਪੇਸ਼ ਆਉਣ ਕਰਕੇ ਉਹ ਆਦਮੀ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਹਰ ਹਫ਼ਤੇ ਸਭਾਵਾਂ ’ਤੇ ਆਉਣਾ ਸ਼ੁਰੂ ਕਰ ਦਿੱਤਾ। ਦਰਅਸਲ, ਪੂਰੇ ਸਾਲ ਵਿਚ ਉਹ ਸਿਰਫ਼ ਤਿੰਨ ਵਾਰੀ ਸਭਾਵਾਂ ’ਤੇ ਨਹੀਂ ਆਇਆ ਸੀ। ਕਿਹੜੀ ਗੱਲ ਕਰਕੇ ਉਹ ਸਾਰੀਆਂ ਸਭਾਵਾਂ ਵਿਚ ਹਾਜ਼ਰ ਹੋਣ ਦਾ ਫ਼ੈਸਲਾ ਕਰ ਸਕਿਆ? ਨਿਮਰ ਹੋਣ ਕਰਕੇ ਉਹ ਆਪਣਾ ਮਨ ਬਦਲਣ ਲਈ ਤਿਆਰ ਸੀ। ਜਿਸ ਭਰਾ ਨੇ ਉਸ ਨੂੰ ਸੱਦਾ-ਪੱਤਰ ਦਿੱਤਾ ਸੀ, ਉਸ ਨੇ ਬਾਅਦ ਵਿਚ ਕਿਹਾ ਸੀ, “ਉਹ ਆਦਮੀ ਬਹੁਤ ਨਿਮਰ ਹੈ।” ਬਿਨਾਂ ਸ਼ੱਕ, ਯਹੋਵਾਹ ਨੇ ਇਸ ਆਦਮੀ ਨੂੰ ਆਪਣੀ ਭਗਤੀ ਕਰਨ ਲਈ ਖਿੱਚਿਆ ਸੀ। ਉਹ ਆਦਮੀ ਹੁਣ ਬਪਤਿਸਮਾ-ਪ੍ਰਾਪਤ ਭਰਾ ਹੈ।​—2 ਸਮੂ. 22:28; ਯੂਹੰ. 6:44.

7. ਸਭਾਵਾਂ ਵਿੱਚੋਂ ਸਿੱਖੀਆਂ ਅਤੇ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਸਾਡੀ ਨਿਮਰ ਬਣਨ ਵਿਚ ਕਿਵੇਂ ਮਦਦ ਕਰ ਸਕਦੀਆਂ ਹਨ?

7 ਸਭਾਵਾਂ ਵਿੱਚੋਂ ਸਿੱਖੀਆਂ ਅਤੇ ਬਾਈਬਲ ਵਿੱਚੋਂ ਪੜ੍ਹੀਆਂ ਗੱਲਾਂ ਸਾਡੀ ਨਿਮਰ ਬਣਨ ਵਿਚ ਮਦਦ ਕਰ ਸਕਦੀਆਂ ਹਨ। ਮੈਮੋਰੀਅਲ ਤੋਂ ਕੁਝ ਹਫ਼ਤੇ ਪਹਿਲਾਂ ਸਾਡੀਆਂ ਸਭਾਵਾਂ ਵਿਚ ਅਕਸਰ ਯਿਸੂ ਤੇ ਉਸ ਦੀ ਨਿਮਰਤਾ ਦੀ ਮਿਸਾਲ ’ਤੇ ਗੌਰ ਕੀਤਾ ਜਾਂਦਾ ਹੈ ਜੋ ਉਸ ਨੇ ਆਪਣੀ ਰਿਹਾਈ ਦੀ ਕੀਮਤ ਦੇ ਕੇ ਜ਼ਾਹਰ ਕੀਤੀ ਸੀ। ਮੈਮੋਰੀਅਲ ਤੋਂ ਕੁਝ ਦਿਨ ਪਹਿਲਾਂ ਸਾਨੂੰ ਬਾਈਬਲ ਵਿੱਚੋਂ ਉਨ੍ਹਾਂ ਘਟਨਾਵਾਂ ਨੂੰ ਪੜ੍ਹਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਜੋ ਯਿਸੂ ਦੀ ਮੌਤ ਅਤੇ ਉਸ ਦੇ ਜੀਉਂਦੇ ਹੋਣ ਦੇ ਨੇੜੇ-ਤੇੜੇ ਵਾਪਰੀਆਂ ਸਨ। ਇਨ੍ਹਾਂ ਸਭਾਵਾਂ ਵਿੱਚੋਂ ਸਿੱਖੀਆਂ ਗੱਲਾਂ ਅਤੇ ਬਾਈਬਲ ਵਿੱਚੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਪੜ੍ਹ ਕੇ ਯਿਸੂ ਦੀ ਕੁਰਬਾਨੀ ਪ੍ਰਤੀ ਸਾਡੀ ਸ਼ੁਕਰਗੁਜ਼ਾਰੀ ਹੋਰ ਵਧਦੀ ਹੈ। ਅਸੀਂ ਉਸ ਦੀ ਨਿਮਰਤਾ ਦੀ ਮਿਸਾਲ ਦੀ ਰੀਸ ਕਰਨ ਅਤੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ, ਉਦੋਂ ਵੀ ਜਦੋਂ ਇੱਦਾਂ ਕਰਨਾ ਸਾਡੇ ਲਈ ਔਖਾ ਹੁੰਦਾ ਹੈ।​—ਲੂਕਾ 22:41, 42.

ਦਲੇਰੀ ਸਾਡੀ ਹਾਜ਼ਰ ਹੋਣ ਵਿਚ ਮਦਦ ਕਰਦੀ ਹੈ

8. ਯਿਸੂ ਨੇ ਦਲੇਰੀ ਕਿਵੇਂ ਦਿਖਾਈ?

8 ਅਸੀਂ ਦਲੇਰੀ ਦਿਖਾ ਕੇ ਵੀ ਯਿਸੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜ਼ਰਾ ਸੋਚੋ ਕਿ ਉਸ ਨੇ ਆਪਣੀ ਮੌਤ ਤੋਂ ਪਹਿਲਾਂ ਕਿੰਨੀ ਦਲੇਰੀ ਦਿਖਾਈ। ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਦੇ ਦੁਸ਼ਮਣ ਉਸ ਦਾ ਮਜ਼ਾਕ ਉਡਾਉਣਗੇ, ਉਸ ਨੂੰ ਮਾਰਨ-ਕੁੱਟਣਗੇ ਅਤੇ ਸੂਲ਼ੀ ’ਤੇ ਟੰਗ ਦੇਣਗੇ। (ਮੱਤੀ 20:17-19) ਪਰ ਫਿਰ ਵੀ ਉਸ ਨੇ ਖ਼ੁਸ਼ੀ-ਖ਼ੁਸ਼ੀ ਮੌਤ ਦਾ ਸਾਮ੍ਹਣਾ ਕੀਤਾ। ਜਦੋਂ ਉਹ ਸਮਾਂ ਆਇਆ, ਤਾਂ ਉਸ ਨੇ ਗਥਸਮਨੀ ਵਿਚ ਆਪਣੇ ਵਫ਼ਾਦਾਰ ਰਸੂਲਾਂ ਨੂੰ ਕਿਹਾ: “ਉੱਠੋ, ਚਲੋ ਚਲੀਏ। ਔਹ ਦੇਖੋ! ਮੈਨੂੰ ਫੜਵਾਉਣ ਵਾਲਾ ਧੋਖੇਬਾਜ਼ ਆ ਗਿਆ ਹੈ।” (ਮੱਤੀ 26:36, 46) ਜਦੋਂ ਹਥਿਆਰਾਂ ਨਾਲ ਲੈਸ ਭੀੜ ਉਸ ਨੂੰ ਗਿਰਫ਼ਤਾਰ ਕਰਨ ਆਈ, ਤਾਂ ਉਸ ਨੇ ਅੱਗੇ ਆ ਕੇ ਆਪਣੀ ਪਛਾਣ ਕਰਾਈ ਅਤੇ ਫ਼ੌਜੀਆਂ ਨੂੰ ਹੁਕਮ ਦਿੱਤਾ ਕਿ ਉਹ ਉਸ ਦੇ ਰਸੂਲਾਂ ਨੂੰ ਜਾਣ ਦੇਣ। (ਯੂਹੰ. 18:3-8) ਯਿਸੂ ਨੇ ਕਿੰਨੀ ਦਲੇਰੀ ਦਿਖਾਈ! ਅੱਜ ਚੁਣੇ ਹੋਏ ਮਸੀਹੀ ਤੇ ਹੋਰ ਭੇਡਾਂ ਦਲੇਰੀ ਦਿਖਾਉਣ ਵਿਚ ਯਿਸੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਵੇਂ?

ਜਦੋਂ ਤੁਸੀਂ ਦਲੇਰੀ ਦਿਖਾ ਕੇ ਸਭਾਵਾਂ ਵਿਚ ਹਾਜ਼ਰ ਹੁੰਦੇ ਹੋ, ਤਾਂ ਇਸ ਤੋਂ ਦੂਜਿਆਂ ਨੂੰ ਹਿੰਮਤ ਮਿਲਦੀ ਹੈ (ਪੈਰਾ 9 ਦੇਖੋ) *

9. (ੳ) ਬਾਕਾਇਦਾ ਸਭਾਵਾਂ ਵਿਚ ਹਾਜ਼ਰ ਹੋਣ ਲਈ ਸ਼ਾਇਦ ਸਾਨੂੰ ਦਲੇਰੀ ਦੀ ਕਿਉਂ ਲੋੜ ਹੋਵੇ? (ਅ) ਉਨ੍ਹਾਂ ਭੈਣਾਂ-ਭਰਾਵਾਂ ’ਤੇ ਸਾਡੀ ਮਿਸਾਲ ਦਾ ਕੀ ਅਸਰ ਪੈ ਸਕਦਾ ਹੈ ਜੋ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਹਨ?

9 ਮੁਸ਼ਕਲ ਹਾਲਾਤਾਂ ਵਿਚ ਬਾਕਾਇਦਾ ਸਭਾਵਾਂ ’ਤੇ ਜਾਣ ਲਈ ਸਾਨੂੰ ਸ਼ਾਇਦ ਦਲੇਰੀ ਦਿਖਾਉਣ ਦੀ ਲੋੜ ਪਵੇ। ਕੁਝ ਭੈਣ-ਭਰਾ ਗਮ, ਨਿਰਾਸ਼ਾ ਜਾਂ ਸਿਹਤ ਸਮੱਸਿਆਵਾਂ ਦੇ ਬਾਵਜੂਦ ਵੀ ਸਭਾਵਾਂ ’ਤੇ ਆਉਂਦੇ ਹਨ। ਕਈ ਜਣੇ ਪਰਿਵਾਰ ਜਾਂ ਸਰਕਾਰਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਦਲੇਰੀ ਨਾਲ ਸਭਾਵਾਂ ਵਿਚ ਹਾਜ਼ਰ ਹੁੰਦੇ ਹਨ। ਜ਼ਰਾ ਸੋਚੋ ਕਿ ਸਾਡੀ ਮਿਸਾਲ ਦਾ ਉਨ੍ਹਾਂ ਭੈਣਾਂ-ਭਰਾਵਾਂ ’ਤੇ ਕੀ ਅਸਰ ਪੈਂਦਾ ਹੋਣਾ ਜੋ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਹਨ। (ਇਬ. 13:3) ਜਦੋਂ ਉਹ ਸੁਣਦੇ ਹਨ ਕਿ ਅਸੀਂ ਅਜ਼ਮਾਇਸ਼ਾਂ ਦੇ ਬਾਵਜੂਦ ਵੀ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਤਾਂ ਉਨ੍ਹਾਂ ਨੂੰ ਆਪਣੀ ਨਿਹਚਾ ਮਜ਼ਬੂਤ ਰੱਖਣ, ਦਲੇਰ ਬਣੇ ਰਹਿਣ ਅਤੇ ਵਫ਼ਾਦਾਰੀ ਬਣਾਈ ਰੱਖਣ ਦੀ ਹਿੰਮਤ ਮਿਲਦੀ ਹੈ। ਪੌਲੁਸ ਰਸੂਲ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਰੋਮ ਦੀ ਜੇਲ੍ਹ ਵਿਚ ਹੁੰਦਿਆਂ ਉਸ ਨੂੰ ਇਹ ਸੁਣ ਕੇ ਖ਼ੁਸ਼ੀ ਹੁੰਦੀ ਸੀ ਕਿ ਉਸ ਦੇ ਭਰਾ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਹੇ ਸਨ। (ਫ਼ਿਲਿ. 1:3-5, 12-14) ਕੈਦ ਤੋਂ ਰਿਹਾ ਹੋਣ ਤੋਂ ਕੁਝ ਸਮਾਂ ਪਹਿਲਾਂ ਜਾਂ ਥੋੜ੍ਹੀ ਦੇਰ ਬਾਅਦ ਪੌਲੁਸ ਨੇ ਇਬਰਾਨੀਆਂ ਨੂੰ ਚਿੱਠੀ ਲਿਖੀ। ਉਸ ਨੇ ਚਿੱਠੀ ਵਿਚ ਵਫ਼ਾਦਾਰ ਮਸੀਹੀਆਂ ਨੂੰ ਸਲਾਹ ਦਿੱਤੀ ਕਿ ਉਹ “ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ” ਰਹਿਣ ਅਤੇ ਕਦੇ ਵੀ ਇਕੱਠੇ ਹੋਣਾ ਨਾ ਛੱਡਣ।​—ਇਬ. 10:24, 25; 13:1.

10-11. (ੳ) ਸਾਨੂੰ ਕਿਨ੍ਹਾਂ ਨੂੰ ਮੈਮੋਰੀਅਲ ’ਤੇ ਹਾਜ਼ਰ ਹੋਣ ਦਾ ਸੱਦਾ ਦੇਣਾ ਚਾਹੀਦਾ ਹੈ? (ਅ) ਅਫ਼ਸੀਆਂ 1:7 ਵਿਚ ਇਸ ਤਰ੍ਹਾਂ ਕਰਨ ਦੇ ਕਿਹੜੇ ਕਾਰਨ ਦਿੱਤੇ ਗਏ ਹਨ?

10 ਅਸੀਂ ਦਲੇਰੀ ਦਿਖਾਉਂਦੇ ਹਾਂ ਜਦੋਂ ਅਸੀਂ ਆਪਣੇ ਰਿਸ਼ਤੇਦਾਰਾਂ, ਆਪਣੇ ਨਾਲ ਕੰਮ ਕਰਨ ਵਾਲਿਆਂ ਤੇ ਗੁਆਂਢੀਆਂ ਨੂੰ ਮੈਮੋਰੀਅਲ ’ਤੇ ਆਉਣ ਦਾ ਸੱਦਾ ਦਿੰਦੇ ਹਾਂ। ਅਸੀਂ ਇਨ੍ਹਾਂ ਨੂੰ ਸੱਦਾ ਕਿਉਂ ਦਿੰਦੇ ਹਾਂ? ਯਹੋਵਾਹ ਤੇ ਯਿਸੂ ਨੇ ਸਾਡੇ ਲਈ ਜੋ ਕੀਤਾ, ਉਸ ਲਈ ਦਿਲੋਂ ਸ਼ੁਕਰਗੁਜ਼ਾਰੀ ਜ਼ਾਹਰ ਕਰਨ ਲਈ ਅਸੀਂ ਹੋਰਨਾਂ ਨੂੰ ਮੈਮੋਰੀਅਲ ’ਤੇ ਆਉਣ ਦਾ ਸੱਦਾ ਦੇਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ਸਿੱਖਣ ਕਿ ਉਹ ਵੀ ਯਹੋਵਾਹ ਦੀ “ਅਪਾਰ ਕਿਰਪਾ” ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹਨ ਜੋ ਉਸ ਨੇ ਰਿਹਾਈ ਦੀ ਕੀਮਤ ਦੇ ਜ਼ਰੀਏ ਦਿਖਾਈ ਹੈ।​—ਅਫ਼ਸੀਆਂ 1:7 ਪੜ੍ਹੋ; ਪ੍ਰਕਾ. 22:17.

11 ਜਦੋਂ ਅਸੀਂ ਸਭਾਵਾਂ ਵਿਚ ਇਕੱਠੇ ਹੋ ਕੇ ਦਲੇਰੀ ਦਿਖਾਉਂਦੇ ਹਾਂ, ਤਾਂ ਅਸੀਂ ਇਕ ਹੋਰ ਵਧੀਆ ਗੁਣ ਦਿਖਾਉਂਦੇ ਹਾਂ ਜੋ ਪਰਮੇਸ਼ੁਰ ਤੇ ਉਸ ਦਾ ਪੁੱਤਰ ਸ਼ਾਨਦਾਰ ਤਰੀਕਿਆਂ ਨਾਲ ਜ਼ਾਹਰ ਕਰਦੇ ਹਨ।

ਪਿਆਰ ਸਾਨੂੰ ਹਾਜ਼ਰ ਹੋਣ ਲਈ ਪ੍ਰੇਰਦਾ ਹੈ

12. (ੳ) ਸਭਾਵਾਂ ਰਾਹੀਂ ਯਹੋਵਾਹ ਤੇ ਯਿਸੂ ਨਾਲ ਸਾਡਾ ਪਿਆਰ ਹੋਰ ਗੂੜ੍ਹਾ ਕਿਵੇਂ ਹੁੰਦਾ ਹੈ? (ਅ) ਜੇ ਅਸੀਂ ਯਿਸੂ ਦੀ ਰੀਸ ਕਰਨੀ ਚਾਹੁੰਦੇ ਹਾਂ, ਤਾਂ 2 ਕੁਰਿੰਥੀਆਂ 5:14, 15 ਤੋਂ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ?

12 ਯਹੋਵਾਹ ਤੇ ਯਿਸੂ ਲਈ ਪਿਆਰ ਸਾਨੂੰ ਸਭਾਵਾਂ ’ਤੇ ਹਾਜ਼ਰ ਹੋਣ ਲਈ ਪ੍ਰੇਰਦਾ ਹੈ। ਸਭਾਵਾਂ ਵਿਚ ਸਿੱਖੀਆਂ ਗੱਲਾਂ ਕਰਕੇ ਯਹੋਵਾਹ ਤੇ ਉਸ ਦੇ ਪੁੱਤਰ ਲਈ ਸਾਡਾ ਪਿਆਰ ਹੋਰ ਗੂੜ੍ਹਾ ਹੁੰਦਾ ਹੈ। ਸਭਾਵਾਂ ਵਿਚ ਸਾਨੂੰ ਬਾਕਾਇਦਾ ਯਾਦ ਕਰਾਇਆ ਜਾਂਦਾ ਹੈ ਕਿ ਉਨ੍ਹਾਂ ਨੇ ਸਾਡੇ ਲਈ ਕੀ ਕੀਤਾ ਹੈ। (ਰੋਮੀ. 5:8) ਖ਼ਾਸ ਕਰਕੇ ਮੈਮੋਰੀਅਲ ’ਤੇ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਉਹ ਸਾਡੇ ਨਾਲ ਕਿੰਨਾ ਪਿਆਰ ਕਰਦੇ ਹਨ, ਇੱਥੋਂ ਤਕ ਕਿ ਉਨ੍ਹਾਂ ਨਾਲ ਵੀ ਜੋ ਅਜੇ ਰਿਹਾਈ ਦੀ ਕੀਮਤ ਦੀ ਅਹਿਮੀਅਤ ਨਹੀਂ ਸਮਝਦੇ। ਦਿਲੋਂ ਸ਼ੁਕਰਗੁਜ਼ਾਰ ਹੋ ਕੇ ਅਸੀਂ ਹਰ ਰੋਜ਼ ਆਪਣੇ ਜੀਉਣ ਦੇ ਤਰੀਕੇ ਰਾਹੀਂ ਯਿਸੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। (2 ਕੁਰਿੰਥੀਆਂ 5:14, 15 ਪੜ੍ਹੋ।) ਨਾਲੇ ਸਾਡਾ ਦਿਲ ਸਾਨੂੰ ਯਹੋਵਾਹ ਦੀ ਮਹਿਮਾ ਕਰਨ ਲਈ ਪ੍ਰੇਰਿਤ ਕਰਦਾ ਹੈ ਕਿਉਂਕਿ ਉਸ ਨੇ ਸਾਡੇ ਲਈ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ। ਸਭਾਵਾਂ ਵਿਚ ਦਿਲੋਂ ਜਵਾਬ ਦੇ ਕੇ ਅਸੀਂ ਪਰਮੇਸ਼ੁਰ ਦੀ ਮਹਿਮਾ ਕਰ ਸਕਦੇ ਹਾਂ।

13. ਅਸੀਂ ਕਿਵੇਂ ਜ਼ਾਹਰ ਕਰ ਸਕਦੇ ਹਾਂ ਕਿ ਅਸੀਂ ਯਹੋਵਾਹ ਤੇ ਉਸ ਦੇ ਪੁੱਤਰ ਨੂੰ ਕਿੰਨਾ ਪਿਆਰ ਕਰਦੇ ਹਾਂ? ਸਮਝਾਓ।

13 ਅਸੀਂ ਯਹੋਵਾਹ ਤੇ ਉਸ ਦੇ ਪੁੱਤਰ ਲਈ ਦਿਲੋਂ ਕੁਰਬਾਨੀਆਂ ਕਰ ਕੇ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਾਂ। ਅਸੀਂ ਸਭਾਵਾਂ ’ਤੇ ਹਾਜ਼ਰ ਹੋਣ ਲਈ ਅਕਸਰ ਕਈ ਕੁਰਬਾਨੀਆਂ ਕਰਦੇ ਹਾਂ। ਕਈ ਮੰਡਲੀਆਂ ਵਿਚ ਇਕ ਸਭਾ ਸ਼ਾਮ ਨੂੰ ਹੁੰਦੀ ਹੈ ਜਦੋਂ ਜ਼ਿਆਦਾਤਰ ਜਣੇ ਕੰਮ ਕਰ ਕੇ ਥੱਕੇ ਹੁੰਦੇ ਹਨ। ਇਕ ਸਭਾ ਸ਼ਨੀ ਜਾਂ ਐਤਵਾਰ ਨੂੰ ਹੁੰਦੀ ਹੈ ਜਦੋਂ ਹੋਰ ਲੋਕ ਆਰਾਮ ਕਰਦੇ ਹਨ। ਕੀ ਯਹੋਵਾਹ ਦੇਖਦਾ ਹੈ ਕਿ ਅਸੀਂ ਥੱਕੇ ਹੋਣ ਦੇ ਬਾਵਜੂਦ ਸਭਾਵਾਂ ’ਤੇ ਜਾਂਦੇ ਹਾਂ? ਬਿਲਕੁਲ! ਦਰਅਸਲ ਅਸੀਂ ਸਭਾਵਾਂ ’ਤੇ ਜਾਣ ਦੀਆਂ ਜਿੰਨੀਆਂ ਕੋਸ਼ਿਸ਼ਾਂ ਕਰਦੇ ਹਾਂ, ਉੱਨੀ ਜ਼ਿਆਦਾ ਯਹੋਵਾਹ ਸਾਡੇ ਪਿਆਰ ਦੀ ਕਦਰ ਕਰਦਾ ਹੈ।​—ਮਰ. 12:41-44.

14. ਯਿਸੂ ਨੇ ਨਿਰਸੁਆਰਥ ਪਿਆਰ ਦਿਖਾਉਣ ਵਿਚ ਵਧੀਆ ਮਿਸਾਲ ਕਿਵੇਂ ਰੱਖੀ?

14 ਯਿਸੂ ਨੇ ਨਿਰਸੁਆਰਥ ਪਿਆਰ ਦਿਖਾਉਣ ਵਿਚ ਸਾਡੇ ਲਈ ਵਧੀਆ ਮਿਸਾਲ ਰੱਖੀ। ਉਹ ਆਪਣੇ ਚੇਲਿਆਂ ਲਈ ਸਿਰਫ਼ ਮਰਨ ਲਈ ਹੀ ਤਿਆਰ ਨਹੀਂ ਸੀ, ਸਗੋਂ ਉਸ ਨੇ ਆਪਣੇ ਜੀਉਣ ਦੇ ਤਰੀਕੇ ਤੋਂ ਵੀ ਦਿਖਾਇਆ ਕਿ ਉਹ ਆਪਣੀਆਂ ਲੋੜਾਂ ਨਾਲੋਂ ਪਹਿਲਾਂ ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਦਾ ਸੀ। ਮਿਸਾਲ ਲਈ, ਉਹ ਆਪਣੇ ਚੇਲਿਆਂ ਨੂੰ ਉਦੋਂ ਵੀ ਮਿਲਿਆ ਜਦੋਂ ਉਹ ਥੱਕਿਆ ਹੋਇਆ ਜਾਂ ਨਿਰਾਸ਼ ਸੀ। (ਲੂਕਾ 22:39-46) ਨਾਲੇ ਉਸ ਨੇ ਆਪਣਾ ਧਿਆਨ ਇਸ ਗੱਲ ’ਤੇ ਲਾਇਆ ਕਿ ਉਹ ਦੂਜਿਆਂ ਨੂੰ ਕੀ ਦੇ ਸਕਦਾ ਸੀ, ਨਾ ਕਿ ਦੂਜਿਆਂ ਤੋਂ ਕੀ ਲੈ ਸਕਦਾ ਸੀ। (ਮੱਤੀ 20:28) ਜਦੋਂ ਯਹੋਵਾਹ ਤੇ ਆਪਣੇ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਇੰਨਾ ਗੂੜ੍ਹਾ ਹੋਵੇਗਾ, ਤਾਂ ਅਸੀਂ ਆਪਣੀ ਪੂਰੀ ਵਾਹ ਲਾ ਕੇ ਮੈਮੋਰੀਅਲ ਅਤੇ ਬਾਕੀ ਸਭਾਵਾਂ ਵਿਚ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗੇ।

15. ਅਸੀਂ ਖ਼ਾਸ ਕਰਕੇ ਕਿਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ?

15 ਅਸੀਂ ਸੱਚੇ ਮਸੀਹੀ ਭਾਈਚਾਰੇ ਦਾ ਹਿੱਸਾ ਹਾਂ। ਇਸ ਕਰਕੇ ਸਾਨੂੰ ਖ਼ੁਸ਼ੀ ਮਿਲਦੀ ਹੈ ਜਦੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਨਵੇਂ ਲੋਕਾਂ ਨੂੰ ਸੱਦਾ ਦੇਣ ’ਤੇ ਲਾਉਂਦੇ ਹਾਂ। ਪਰ ਅਸੀਂ ਖ਼ਾਸ ਕਰਕੇ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ ਜੋ “ਸਾਡੇ ਮਸੀਹੀ ਭੈਣ-ਭਰਾ ਹਨ,” ਪਰ ਸੱਚਾਈ ਵਿਚ ਢਿੱਲੇ ਪੈ ਚੁੱਕੇ ਹਨ। (ਗਲਾ. 6:10) ਉਨ੍ਹਾਂ ਨੂੰ ਸਭਾਵਾਂ, ਖ਼ਾਸ ਕਰਕੇ ਮੈਮੋਰੀਅਲ ’ਤੇ ਆਉਣ ਦੀ ਹੱਲਾਸ਼ੇਰੀ ਦੇ ਕੇ ਅਸੀਂ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ। ਯਹੋਵਾਹ ਤੇ ਯਿਸੂ ਵਾਂਗ ਸਾਨੂੰ ਬੇਹੱਦ ਖ਼ੁਸ਼ੀ ਹੁੰਦੀ ਹੈ ਜਦੋਂ ਸੱਚਾਈ ਵਿਚ ਢਿੱਲਾ ਪੈ ਚੁੱਕਾ ਕੋਈ ਵਿਅਕਤੀ ਸਾਡੇ ਪਿਆਰੇ ਪਿਤਾ ਤੇ ਚਰਵਾਹੇ ਯਹੋਵਾਹ ਵੱਲ ਵਾਪਸ ਆਉਂਦਾ ਹੈ।​—ਮੱਤੀ 18:14.

16. (ੳ) ਅਸੀਂ ਇਕ-ਦੂਜੇ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ ਅਤੇ ਸਭਾਵਾਂ ਦਾ ਸਾਡੇ ’ਤੇ ਕੀ ਅਸਰ ਪੈਂਦਾ ਹੈ? (ਅ) ਯੂਹੰਨਾ 3:16 ਵਿਚ ਦਰਜ ਯਿਸੂ ਦੇ ਸ਼ਬਦ ਯਾਦ ਕਰਨ ਦਾ ਸਾਲ ਦਾ ਇਹ ਵਧੀਆ ਸਮਾਂ ਕਿਉਂ ਹੈ?

16 ਆਉਣ ਵਾਲੇ ਹਫ਼ਤਿਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮੈਮੋਰੀਅਲ ’ਤੇ ਹਾਜ਼ਰ ਹੋਣ ਦਾ ਸੱਦਾ ਦਿਓ ਜੋ 19 ਅਪ੍ਰੈਲ 2019 ਸ਼ੁੱਕਰਵਾਰ ਸ਼ਾਮ ਨੂੰ ਮਨਾਇਆ ਜਾਵੇਗਾ। (“ ਕੀ ਤੁਸੀਂ ਉਨ੍ਹਾਂ ਨੂੰ ਸੱਦਾ ਦਿਓਗੇ?” ਨਾਂ ਦੀ ਡੱਬੀ ਦੇਖੋ।) ਆਓ ਆਪਾਂ ਇਕ-ਦੂਜੇ ਨੂੰ ਹੌਸਲਾ ਦੇਣ ਲਈ ਪੂਰੇ ਸਾਲ ਦੌਰਾਨ ਸਭਾਵਾਂ ਵਿਚ ਹਾਜ਼ਰ ਹੋਈਏ ਜਿਨ੍ਹਾਂ ਦਾ ਪ੍ਰਬੰਧ ਯਹੋਵਾਹ ਨੇ ਕੀਤਾ ਹੈ। ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਸਾਨੂੰ ਸਾਰੀਆਂ ਸਭਾਵਾਂ ’ਤੇ ਹਾਜ਼ਰ ਹੋਣ ਦੀ ਲੋੜ ਹੈ ਤਾਂਕਿ ਅਸੀਂ ਨਿਮਰਤਾ, ਦਲੇਰੀ ਤੇ ਪਿਆਰ ਦਿਖਾਉਂਦੇ ਰਹੀਏ। (1 ਥੱਸ. 5:8-11) ਆਓ ਆਪਾਂ ਪੂਰੇ ਦਿਲ ਨਾਲ ਦਿਖਾਈਏ ਕਿ ਅਸੀਂ ਯਹੋਵਾਹ ਤੇ ਉਸ ਦੇ ਪੁੱਤਰ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ ਜੋ ਸਾਨੂੰ ਇੰਨਾ ਪਿਆਰ ਕਰਦੇ ਹਨ!​—ਯੂਹੰਨਾ 3:16 ਪੜ੍ਹੋ।

ਗੀਤ 43 ਖ਼ਬਰਦਾਰ ਰਹੋ, ਦਲੇਰ ਬਣੋ

^ ਪੈਰਾ 5 19 ਅਪ੍ਰੈਲ 2019 ਨੂੰ ਸ਼ੁੱਕਰਵਾਰ ਸ਼ਾਮ ਨੂੰ ਮਸੀਹ ਦੀ ਮੌਤ ਦੀ ਯਾਦਗਾਰ ਮਨਾਈ ਜਾਵੇਗੀ ਜੋ ਪੂਰੇ ਸਾਲ ਵਿਚ ਸਭ ਤੋਂ ਅਹਿਮ ਸਭਾ ਹੋਵੇਗੀ। ਕਿਹੜੀ ਗੱਲ ਸਾਨੂੰ ਇਸ ਸਭਾ ਵਿਚ ਹਾਜ਼ਰ ਹੋਣ ਲਈ ਪ੍ਰੇਰਿਤ ਕਰਦੀ ਹੈ? ਬਿਨਾਂ ਸ਼ੱਕ, ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਇਸ ਲੇਖ ਵਿਚ ਅਸੀਂ ਗੌਰ ਕਰਾਂਗੇ ਕਿ ਅਸੀਂ ਮੈਮੋਰੀਅਲ ਅਤੇ ਹਰ ਹਫ਼ਤੇ ਸਭਾਵਾਂ ਵਿਚ ਕਿਉਂ ਹਾਜ਼ਰ ਹੁੰਦੇ ਹਾਂ।

^ ਪੈਰਾ 52 ਤਸਵੀਰ ਬਾਰੇ ਜਾਣਕਾਰੀ: ਆਪਣੀ ਨਿਹਚਾ ਕਰਕੇ ਜੇਲ੍ਹ ਵਿਚ ਬੰਦ ਇਕ ਭਰਾ ਨੂੰ ਆਪਣੇ ਪਰਿਵਾਰ ਦੀ ਚਿੱਠੀ ਪੜ੍ਹ ਕੇ ਹੌਸਲਾ ਮਿਲਿਆ। ਉਸ ਨੂੰ ਇਹ ਜਾਣ ਕੇ ਖ਼ੁਸ਼ੀ ਮਿਲੀ ਕਿ ਉਸ ਦਾ ਪਰਿਵਾਰ ਉਸ ਨੂੰ ਭੁੱਲਿਆ ਨਹੀਂ ਹੈ ਤੇ ਇਲਾਕੇ ਵਿਚ ਹੁੰਦੇ ਦੰਗੇ-ਫ਼ਸਾਦਾਂ ਦੇ ਬਾਵਜੂਦ ਉਸ ਦਾ ਪਰਿਵਾਰ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰ ਰਿਹਾ ਹੈ